.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨)

Gurmat and Science in present scenario (Part-2)

ਅਕਾਲ ਪੁਰਖੁ ਦੀ ਪਰਿਭਾਸ਼ਾ ਤੇ ਉਸ ਦਾ ਹੁਕਮੁ

Definition of Akal Purkh and His Hukam (System)

ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖੁ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖੁ ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਹੋਰ ਜੀਵ ਜੰਤੂ ਜਾ ਸਥਾਨ ਨੂੰ ਦੇ ਦਿਤਾ। ਪਰੰਤੂ ਇਹ ਸੱਭ ਕੁੱਝ ਤਾਂ ਖੁਦ ਅਕਾਲ ਪੁਰਖੁ ਦੇ ਆਪਣੇ ਬਣਾਏ ਹੋਏ ਹਨ, ਜੋ ਕਿ ਨਾਸ਼ਵੰਤ ਹਨ। ਜੇ ਅਕਾਲ ਪੁਰਖੁ ਹੀ ਨਾਸ ਹੋ ਗਿਆ ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਮੂਲ ਮੰਤਰ ਅਕਾਲ ਪੁਰਖੁ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖੁ ਸਬੰਧੀ ਸਾਇੰਸ ਦਾ ਮੁੱਢ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖੁ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧)

ਇਸ ਸੰਸਾਰ ਨੂੰ ਚਲਾਉਂਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਅਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ, ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖੁ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾਂ ਬੇਅੰਤ ਹੈ, ਇਸ ਲਈ ਦੁਨਿਆਵੀ ਲਫਜ਼ਾਂ ਵਿੱਚ ਕਿਸੇ ਖਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅਜੇਹਾ ਧਰਮ ਜਿਸ ਨਾਲ ਸੱਚੀ ਜਾਣਕਾਰੀ ਹਾਸਲ ਹੋਵੇ ਅਤੇ ਜੀਵਨ ਸਬੰਧੀ ਸਹੀ ਸੇਧ ਮਿਲ ਸਕੇ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਸਬਦ ਦਾ ਨਾਮੁ ਦਿੱਤਾ। ਅਕਾਲ ਪੁਰਖੁ ਦੇ ਹੁਕਮੁ ਵਿੱਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ। ਨਾਸ ਤੋਂ ਬਾਅਦ ਫਿਰ ਅਕਾਲ ਪੁਰਖੁ ਦੇ ਹੁਕਮ ਵਿੱਚ ਫਿਰ ਜਗਤ ਦੀ ਉਤਪੱਤੀ ਹੁੰਦੀ ਰਹਿੰਦੀ ਹੈ। ਸਬਦ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਸੋਝੀ ਮਿਲਣ ਨਾਲ ਇਹ ਨਿਸਚਾ ਹੋ ਜਾਂਦਾ ਹੈ, ਕਿ ਅਕਾਲ ਪੁਰਖੁ ਸਦਾ-ਥਿਰ ਰਹਿੰਣ ਵਾਲਾ ਹੈ, ਤੇ ਹਰੇਕ ਥਾਂ ਆਪ ਹੀ ਮੌਜੂਦ ਹੈ, ਉਹ ਜਗਤ ਨੂੰ ਪੈਦਾ ਕਰ ਕੇ ਉਸ ਵਿੱਚ ਲੀਨ ਹੋ ਰਿਹਾ ਹੈ।

ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥ (੧੧੭)

ਸਬਦ ਦਾ ਭਾਵ ਸਾਡੇ ਆਮ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰ ਨਹੀਂ ਹਨ। ਇਹ ਅਕਾਲ ਪੁਰਖੁ ਦਾ ਹੁਕਮੁ, ਨਿਯਮ, ਅਸੂਲ, ਸਿਸਟਮ ਜਾਂ ਧਰਮ ਹੈ, ਜਿਸ ਅਨੁਸਾਰ ਸਭ ਕੁੱਝ ਹੋ ਰਿਹਾ ਹੈ। ਸਬਦ ਰੌਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਜੀਵਨ ਵਿੱਚ ਚਲਣ ਲਈ ਸੋਝੀ ਪ੍ਰਾਪਤ ਹੁੰਦੀ ਹੈ। ਸਬਦ ਸੁਣ ਸਕਦੇ ਹਾਂ, ਪਰ ਵੇਖ ਨਹੀਂ ਸਕਦੇ, ਇਸੇ ਲਈ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਕੋਈ ਮਹੱਤਵ ਨਹੀਂ ਹੈ। ਜੋਗੀਆਂ ਦੇ ਧਰਮ ਦਾ ਮੰਤਵ ਗਿਆਨ ਪ੍ਰਾਪਤ ਕਰਨਾ ਹੈ। ਬ੍ਰਾਹਮਣਾਂ ਦੇ ਧਰਮ ਦਾ ਮੰਤਵ ਵੇਦਾਂ ਦੀ ਵਿਚਾਰ ਹੈ। ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ। ਗੁਰੂ ਸਾਹਿਬ ਨੇ ਸਾਰਿਆਂ ਦਾ ਮੁੱਖ-ਧਰਮ, ਉਸ ਅਕਾਲ ਪੁਰਖੁ ਨੂੰ ਹਰੇਕ ਜੀਵ ਵਿੱਚ ਵਸਦਾ ਵੇਖਣਾ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਣਾਂ ਤੇ ਗੁਰਬਾਣੀ ਦੁਆਰਾ ਉਸ ਦੇ ਗੁਣ ਗਾਇਨ ਕਰਨਾ ਦੱਸਿਆ ਹੈ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਰੂਪ ਹੈ। ਗੁਰੂ ਸਾਹਿਬਾਂ ਨੇ ਸਮੁੱਚੀ ਮਨੁੱਖਤਾ ਲਈ ਇਕੋ ਧਰਮ ਹੀ ਮੰਨਿਆ ਹੈ, ਉਹ ਹੈ ‘ਸਬਦ”। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਸਬਦ ਦਾ ਭੇਦ ਹੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਅਸਲੀਅਤ ਨੂੰ ਸਮਝ ਸਕੀਏ।

ਮਃ ੨॥ ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (੪੬੯)

ਸਕੂਲਾਂ ਦੀ ਪੜ੍ਹਾਈ ਸਿਰਫ ਦੁਨਿਆਵੀ ਸਿਖਿਆ ਤੱਕ ਸੀਮਿਤ ਰਹਿ ਗਈ ਹੈ। ਲੋਕ ਪੱਛਮੀ ਸਭਿਅਤਾ ਦੀ ਹਰੇਕ ਗੱਲ ਜਾਂ ਰੀਤੀ ਰਿਵਾਜ਼ ਨੂੰ ਉੱਤਮ ਦਰਜੇ ਦਾ ਤਗਮਾਂ ਦੇ ਦਿੰਦੇ ਹਨ, ਅਤੇ ਸਿੱਖ ਧਰਮ ਦੇ ੨੩੮ ਸਾਲ ਪਰਖੇ ਹੋਏ ਅਸੂਲਾਂ ਨੂੰ ਬਿਨਾਂ ਵਿਚਾਰੇ, ਸੋਚੇ, ਸਮਝੇ ਅਤੇ ਪਰਖੇ ਘਟੀਆ ਜਾ ਪੁਰਾਤਨ ਕਹਿ ਕੇ ਠੁਕਰਾ ਦਿੰਦੇ ਹਨ। ਪਰੰਤੂ ਅਸਲੀਅਤ ਇਸ ਦੇ ਉਲਟ ਹੈ। ਨਿਊਟਨ ਨੇ ਗੁਰਤਾ ਖਿੱਚ (Gravitational force) ਦੀ ਕਾਢ ੧੬੮੬ ਦੇ ਕਰੀਬ ਕੀਤੀ ਸੀ। ਪਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਬਾਰੇ ਜਪੁਜੀ ਸਾਹਿਬ ਵਿੱਚ ੫੦੦ ਸਾਲ ਪਹਿਲਾਂ ਕਹਿ ਦਿਤਾ ਸੀ। ਗੈਲੀਲੀਓ ਨੇ ਪਹਿਲੀ ਟੈਲੀਸਕੋਪ ੧੬੦੯ ਵਿੱਚ ਬਣਾਈ। ਗੁਰੂ ਸਾਹਿਬ ਨੇ ਬਿਨਾ ਟੈਲੀਸਕੋਪ ਦੇ ਕਈ ਸਾਲ ਪਹਿਲਾਂ ਲਿੱਖ ਦਿਤਾ ਸੀ ਕਿ ਧਰਤੀਆਂ ਅਣਗਿਣਤ ਹਨ। ਅੱਜ ਦੀ ਸਾਇੰਸ ਕੁੱਝ ਦਹਾਕੇ ਪਹਿਲਾਂ ਤੋਂ ਹੀ ਅਨੇਕ ਗੈਲੈਕਸੀਆਂ ਬਾਰੇ ਗੱਲ ਕਰ ਰਹੀ ਹੈ।

ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੂਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (੩) (ਜਪੁਜੀ)

ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸੁੰਦਰ ਉਧਾਰਨ ਦੇ ਕੇ ਪੁਰਾਤਨ ਵਹਿਮ ਦਾ ਨਿਪਟਾਰਾ ਕੀਤਾ ਹੈ। ਫਰਜ਼ ਕਰ ਲਉ ਜੇ ਕਰ ਧਰਤੀ ਇੱਕ ਬਲਦ ਦੇ ਆਸਰੇ ਤੇ ਖੜੀ ਹੈ ਤਾਂ ਉਸ ਬਲਦ ਨੂੰ ਖੜਾ ਹੋਣ ਲਈ ਇੱਕ ਹੋਰ ਧਰਤੀ ਦੀ ਜ਼ਰੂਰਤ ਪਵੇਗੀ। ਫਿਰ ਉਸ ਧਰਤੀ ਨੂੰ ਖੜਾ ਹੋਣ ਲਈ ਇੱਕ ਹੋਰ ਬਲਦ ਦੀ ਜ਼ਰੂਰਤ ਪਵੇਗੀ। ਫਿਰ ਇਸ ਬਲਦ ਨੂੰ ਖੜਾ ਹੋਣ ਲਈ ਇੱਕ ਹੋਰ ਧਰਤੀ ਦੀ ਜ਼ਰੂਰਤ ਪਵੇਗੀ। ਇਸ ਦਾ ਕੋਈ ਅੰਤ ਨਹੀਂ ਹੋ ਸਕਦਾ ਹੈ। ਕਿਉਕਿ ਧਰਤੀਆਂ ਤਾਂ ਅਨੇਕ ਹਨ। ਅਸਲ ਵਿੱਚ ਧਰਤੀ ਨੂੰ ਆਸਰਾ ਦੇਣ ਵਾਲਾ ਕੋਈ ਬਲਦ ਨਹੀਂ ਬਲਕਿ ਇਹ ਧਰਮ ਹੈ, ਨਿਯਮ ਹੈ, ਅਸੂਲ ਹੈ। ਜਿਸ ਨੇ ਸਾਰੇ ਬ੍ਰਹਿਮੰਡ ਵਿੱਚ ਸਥਿਰਤਾ (ਸੰਤੋਖੁ) ਕਾਇਮ ਰੱਖਿਆ ਹੈ। ਅੱਜ ਅਸੀਂ ਇਸ ਅਸੂਲ ਨੂੰ ਗਰੂਤਾਂ ਸ਼ਕਤੀ ਕਰਕੇ ਜਾਣਦੇ ਹਾਂ (ਨਿਊਟਨ ਲਾ ਆਫ ਗਰੈਵੀਟੇਸ਼ਨ) (Gravitational force)। ਗੁਰੂ ਸਾਹਿਬ ਨੇ ਕੁਦਰਤ ਦੀ ਸਚਾਈ ਨੂੰ ਬਿਲਕੁਲ ਲਾਜ਼ੀਕਲ (Logical) ਤਰੀਕੇ ਨਾਲ ਸਮਝਾਇਆ।

ਗੁਰੂ ਨਾਨਕ ਸਾਹਿਬ ਅਨੁਸਾਰ ਤਾਂ ਪੂਰੀ ਸ੍ਰਿਸ਼ਟੀ ਦਾ ਹਰ ਕਾਰਜ਼ ਅਕਾਲ ਪੁਰਖੁ ਦੇ ਬਣਾਏ ਗਏ ਨਿਯਮਾਂ ਅਨੁਸਾਰ ਹੀ ਚਲ ਰਿਹਾ ਹੈ। ਅੱਜ ਦੀ ਸਾਇੰਸ ਤਾਂ ਗਰੈਵੀਟੇਸ਼ਨ, ਇਲੈਕਟਰੋਮੈਗਨੈਟਿਕ ਜਾਂ ਨਿਉਕਲੀਅਰ ਫੋਰਸ (Gravitational, Electromagnetic, Nuclear force) ਤੱਕ ਹੀ ਸੀਮਿਤ ਹੈ। ਇਸ ਤੋਂ ਅੱਗੇ ਸਾਇੰਸ ਅਜੇ ਤੱਕ ਨਹੀਂ ਜਾ ਸਕੀ ਹੈ। ਕੁਦਰਤ ਇਸ ਤੋਂ ਵੀ ਬਹੁਤ ਅੱਗੇ ਹੋ ਸਕਦੀ ਹੈ। ਸਾਇੰਸ ਦੀ ਪਹੁੰਚ ਪਦਾਰਥ ਤੱਕ ਹੈ, ਆਤਮਿਕ ਆਧਾਰ ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, ਅੱਜ ਦੀ ਸਾਇੰਸ ਦੀ ਪਹੁੰਚ ਤੋਂ ਦੂਰ ਹਨ।

ਹਰੇਕ ਚੀਜ਼ ਜਾਂ ਕਿਰਿਆ ਅਕਾਲ ਪੁਰਖੁ ਦੇ ਹੁਕਮੁ ਭਾਵ ਅਕਾਲ ਪੁਰਖੁ ਦੇ ਬਣਾਏ ਗਏ ਨਿਯਮਾਂ, ਅਸੂਲਾਂ, ਧਰਮ ਅਨੁਸਾਰ ਹੁੰਦੀ ਹੈ। ਅਕਾਲ ਪੁਰਖੁ ਦੇ ਹੁਕਮੁ ਦੇ ਬਾਹਰ ਕੁੱਝ ਵੀ ਨਹੀਂ ਹੈ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥ (੧, ੨)

ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਨਿਯਮਾ ਨੂੰ ਬਿਆਨ ਕਰਨ ਲਈ ਹੁਕਮੁ ਸਬਦ ਦੀ ਵਰਤੋਂ ਕੀਤੀ ਹੈ। ਹੁਕਮੁ ਸਬੰਧੀ ਗੁਰਬਾਣੀ ਵਿੱਚ ਬਹੁਤ ਸਾਰੇ ਸਬਦ ਅੰਕਿਤ ਕੀਤੇ ਗਏ ਹਨ। ਕੁੱਝ ਕੁ ਸਬਦ ਹੇਠਾਂ ਅੰਕਿਤ ਕੀਤੇ ਗਏ ਹਨ।

ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ੩॥ (੧, ੨)

ਸਿਰੀਰਾਗੁ ਮਹਲਾ ੧॥ ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥ ੮॥ ੪॥ (੫੫)

ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥ (੧੪੭)

ਹੁਕਮੀ ਸਗਲ ਕਰੇ ਆਕਾਰ॥ ਆਪੇ ਜਾਣੈ ਸਰਬ ਵੀਚਾਰ॥ (੧੫੦)

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥ ੭॥ ੧੨॥ (੪੧੭, ੪੧੮)

ਹੁਕਮੁ ਬਾਰੇ ਵਿਸਥਾਰ ਅਤੇ ਹੋਰ ਸਬਦਾਂ ਸਬੰਧੀ ਜਾਣਕਾਰੀ ਲਈ ਦਾਸ ਦਾ ਲੇਖ (ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ) ਪੜ੍ਹ ਸਕਦੇ ਹੋ ਜੀ।

http://www.sikhmarg.com/2006/0430-bani-hukam.html, http://sarbjitsingh.bravehost.com/Bani3510GurMag200604.pdf,

ਹੁਕਮੁ ਨੂੰ ਬਿਆਨ ਕਰਨ ਲਈ ਗੁਰੂ ਸਾਹਿਬ ਨੇ ਭੈ ਸਬਦ ਦੀ ਵਰਤੋਂ ਵੀ ਕੀਤੀ ਹੈ। ਸ੍ਰਿਸ਼ਟੀ ਦੀ ਹਰੇਕ ਕਿਰਿਆ, ਉਸ ਦੇ ਨਿਯਮ ਅਨੁਸਾਰ ਹੋ ਰਹੀ ਹੈ। ਗੈਲੀਲਿਉ ਨੇ ਤਾਂ ਕਈ ਸਾਲ ਬਾਅਦ ਧਰਤੀ ਤੇ ਹੋਰ ਗ੍ਰਹਿਆਂ ਬਾਰੇ ਘੁੱਮਣ ਦੀ ਗੱਲ ਕੀਤੀ। ਪਰ ਗੁਰੂ ਸਾਹਿਬ ਨੇ ਤਾਂ ਕਈ ਸਾਲ ਪਹਿਲਾਂ ਦੱਸ ਦਿੱਤਾ ਕਿ ਇਹ ਹਵਾ, ਦਰੀਆ, ਅੱਗ, ਧਰਤੀ, ਬੱਦਲ, ਸੂਰਜ, ਚੰਦ੍ਰਮਾਂ, ਕੁਦਰਤ ਦੇ ਮਿਥੇ ਹੋਏ ਨਿਯਮ ਅਨੁਸਾਰ ਚਲ ਰਹੇ ਹਨ। ਇਥੇ ਤਕ ਹੀ ਨਹੀਂ, ਇਹ ਸਾਰੇ ਰਾਜੇ, ਉਨ੍ਹਾਂ ਦੇ ਦਰਬਾਰ, ਆਕਾਸ਼, ਸਾਰੇ ਮਨੁੱਖ, ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਰਹੇ ਹਨ।

ਸਲੋਕ ਮਃ ੧॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ ੧॥ (੪੬੪)

ਗੁਰਬਾਣੀ ਦੇ ਹੇਠ ਲਿਖੇ ਸਬਦ ਸਮਝਾਂਉਂਦੇ ਹਨ ਕਿ ਸਾਰੇ ਗ੍ਰਹ, ਚੰਨ, ਸੂਰਜ, ਤਾਰੇ, ਖੰਡ ਬ੍ਰਹਮੰਡ, ਜੀਵ ਜੰਤੂ, ਸਭ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਰਹੇ ਹਨ, ਹੁਕਮੁ ਅਨੁਸਾਰ ਪੈਦਾ ਹੁੰਦੇ ਹਨ, ਤੇ ਹੁਕਮੁ ਅਨੁਸਾਰ ਖਤਮ ਹੋ ਜਾਂਦੇ ਹਨ। ਅਕਾਲ ਪੁਰਖੁ ਦੀ ਮਿਹਰ ਸਦਕਾ ਸਾਰੀ ਸ੍ਰਿਸ਼ਟੀ ਤੇ ਉਸ ਵਿੱਚ ਰਹਿ ਰਹੇ ਸਾਰੇ ਜੀਵ ਜੰਤੂ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਰਹੇ ਹਨ, ਉਹ ਵੱਖਰੀ ਗੱਲ ਹੈ ਕਿ ਅਸੀਂ ਹੁਕਮੁ ਨੂੰ ਸਮਝ ਸਕੀਏ ਜਾਂ ਨਾ ਸਮਝ ਸਕੀਏ।

ਗੁਰੂ ਸਾਹਿਬ ਨੇ ਕੁਦਰਤ ਵਿੱਚ ਹੋ ਰਹੀਆਂ ਕਿਰਿਆਵਾਂ ਨੂੰ ਸਮਝਾਂ ਕੇ, ਮਨੁੱਖਤਾ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਪ੍ਰੇਰਤ ਕੀਤਾ ਹੈ, ਤਾਂ ਜੋ ਅਸੀਂ ਅਸਾਨੀ ਨਾਲ ਸਮਝ ਸਕੀਏ। ਰਾਸਾਂ ਪਾ ਪਾ ਕੇ ਨੱਚਣ ਵਾਲੇ ਭਗਤ ਨਹੀਂ ਅਖਵਾ ਸਕਦੇ ਹਨ, ਭਗਤ ਉਹ ਹੈ ਜੋ ਸਰੀਰ ਨੂੰ ਨਚਾਣ ਦੀ ਥਾਂ ਆਪਣੇ ਮਨ ਨੂੰ ਨਚਾਂਦਾ ਹੈ, ਭਾਵ, ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਤਾਂ ਜੋ ਹੁਕਮੁ ਨੂੰ ਸਮਝ ਸਕੇ। ਸਾਰੇ ਜੀਵ ਜੰਤੂ ਮਾਇਆ ਦੇ ਹੱਥਾਂ ਤੇ ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿੱਚ ਨੱਚ ਰਹੇ ਹਨ। ਪਰੰਤੂ ਜਿਨ੍ਹਾਂ ਨੂੰ ਅਕਾਲ ਪੁਰਖੁ ਦੇ ਚਰਨਾਂ ਦੀ ਲਗਨ ਲੱਗ ਜਾਂਦੀ ਹੈ, ਉਹ ਉਸ ਦੀ ਰਜ਼ਾ ਵਿੱਚ ਤੁਰਨ ਦਾ ਨਾਚ ਨੱਚਦੇ ਹਨ। ਇਸ ਲਈ ਐ ਮਨੁੱਖ ਤੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਨੱਚ, ਗੁਰੂ ਦੇ ਹੁਕਮੁ ਅਨੁਸਾਰ ਚਲ। ਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ, ਭਾਵ ਜੇ ਤੂੰ ਗੁਰੂ ਦੇ ਹੁਕਮੁ ਵਿੱਚ ਚੱਲੇਗਾ, ਤਾਂ ਜੀਵਨ ਵਿੱਚ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ ਵੀ ਤੈਥੋਂ ਦੂਰ ਭੱਜ ਜਾਇਗਾ।

ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ॥ ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ॥ ੫॥ (੫੦੬)

ਅਕਾਲ ਪੁਰਖੁ ਨੇ ਆਪਣੇ ਹੁਕਮੁ ਅਨੁਸਾਰ ਇਹ ਸ੍ਰਿਸ਼ਟੀ ਸਾਜੀ ਤੇ ਜੀਵਾਂ ਦੀ ਆਤਮਾ ਵਿੱਚ ਆਪਣੀ ਜੋਤਿ ਰਲਾਈ। ਇਹ ਸਾਰਾ ਪ੍ਰਕਾਸ਼ ਅਕਾਲ ਪੁਰਖੁ ਦੀ ਜੋਤਿ ਤੋਂ ਹੀ ਹੋਇਆ ਹੈ, ਜਿਸ ਕਰਕੇ ਇਹ ਸਾਰੇ ਜੀਵ ਜੰਤੂ ਵਿਚਰ ਰਹੇ ਹਨ। ਬੇਅੰਤ ਅਕਾਲ ਪੁਰਖੁ ਦੇ ਇਸ ਭੇਦ ਨੂੰ ਸਤਿਗੁਰੂ ਨੇ ਆਪਣੇ ਸਬਦ ਦੁਆਰਾ ਸੁਣਾਇਆ, ਤੇ ਇਹ ਸਬਦ ਹੀ ਹੈ, ਜਿਸ ਦੁਆਰਾ ਇਹ ਕੁਦਰਤ ਦਾ ਖੇਲ ਸਮਝਿਆ ਜਾ ਸਕਦਾ ਹੈ।

ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥ (੫੦੯)

ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ॥ (੭੮੬)

ਹੁਕਮੀ ਸਹਜੇ ਸ੍ਰਿਸਟਿ ਉਪਾਈ॥ ਕਰਿ ਕਰਿ ਵੇਖੈ ਅਪਣੀ ਵਡਿਆਈ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ॥ ੧॥ (੧੦੪੩, ੧੦੪੪)

ਕੁਦਰਤ ਦੇ ਹੁਕਮੁ ਨਾਲ ਬਣੀਆਂ ਚੀਜ਼ਾਂ ਤੇ ਸਾਇੰਸ ਦੇ ਤਜਰਬੇ ਨਾਲ ਬਣੀਆਂ ਚੀਜ਼ਾਂ ਵਿੱਚ ਅੰਤਰ ਹੈ। ਪ੍ਰਯੋਗਸ਼ਾਲਾ ਵਿੱਚ ੨, ੩ ਜਾਂ ਉਸ ਤੋਂ ਵੱਧ ਤੱਤਾਂ ਨੂੰ ਮਿਲਾ ਕੇ ਬਣਾਈ ਗਈ ਚੀਜ਼ ਹਰ ਵਾਰੀ ਇਕੋ ਜਿਹੀ ਹੁੰਦੀ ਹੈ। ਪਰ ਉਸ ਦੇ ਅੰਦਰ ਕੋਈ ਆਤਮਾਂ ਨਹੀਂ ਹੁੰਦੀ ਹੈ, ਕੋਈ ਚੇਤਨਾਂ ਨਹੀਂ, ਕੋਈ ਦੁਖ ਸੁਖ ਨਹੀਂ। ਜਿਸ ਤਰ੍ਹਾਂ ਮਨੁੱਖ ਦੇ ਸਾਧਨ ਸੀਮਿਤ ਹਨ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਮੁਕਾਬਲੇ ਸਾਇੰਸ ਦੀ ਪਹੁੰਚ ਵੀ ਸੀਮਿਤ ਹੈ। ਹਵਾ ਪਾਣੀ ਤੇ ਅੱਗ ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਅਕਾਲ ਪੁਰਖੁ ਨੇ ਜੀਵ ਬਣਾਇਆ, ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ ਮਿਲ ਰਹੇ ਹਨ। ਕਈ ਧਰਤੀ ਤੇ ਹਨ, ਭਾਵ, ਸਾਧਾਰਨ ਜਿਹੀ ਹਾਲਤ ਵਿੱਚ ਹਨ, ਕਈ ਮਾਨੋ ਪਤਾਲ ਵਿੱਚ ਪਏ ਹਨ, ਭਾਵ ਕਈ ਨਿੱਘਰੇ ਹੋਏ ਹਨ, ਕਈ ਮਾਨੋ ਅਕਾਸ਼ ਵਿੱਚ ਹਨ, ਭਾਵ ਕਈ ਹੁਕਮ ਕਰ ਰਹੇ ਹਨ, ਤੇ ਕਈ ਰਾਜਿਆਂ ਦੇ ਦਰਬਾਰ ਵਿੱਚ ਵਜ਼ੀਰ ਬਣੇ ਹੋਏ ਹਨ। ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ ਘਟ ਉਮਰੇ ਮਰ ਕੇ ਦੁਖੀ ਹੁੰਦੇ ਹਨ। ਕਈ ਬੰਦੇ ਹੋਰਨਾਂ ਨੂੰ ਦੇ ਕੇ ਆਪ ਵਰਤਦੇ ਹਨ, ਪਰ ਉਹਨਾਂ ਦਾ ਧਨ ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ। ਅਕਾਲ ਪੁਰਖੁ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿੱਚ ਲੱਖਾਂ ਜੀਵ ਪੈਦਾ ਕਰਦਾ ਹੈ, ਲੱਖਾਂ ਨਾਸ ਕਰਦਾ ਹੈ, ਹਰੇਕ ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਹੁਕਮੁ ਵਿੱਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ, ਉਸ ਦੇ ਬੰਧਨ ਤੋੜ ਦਿੰਦਾ ਹੈ। ਪਰ ਅਕਾਲ ਪੁਰਖੁ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ, ਤੇ ਕੋਈ ਚਿਹਨ ਚੱਕ੍ਰ ਨਹੀਂ। ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ। ਜੀਵ ਜੋ ਕੁੱਝ ਕਰ ਰਹੇ ਹਨ ਤੇ ਬੋਲ ਰਹੇ ਹਨ, ਉਹ ਸਭ ਅਕਾਲ ਪੁਰਖੁ ਦੀ ਪਾਈ ਹੋਈ ਕਾਰ ਹੀ ਹੈ, ਪਰ ਉਹ ਆਪ ਐਸਾ ਹੈ, ਕਿ ਜਿਸ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁੱਖ ਉਸ ਅਕੱਥ ਅਕਾਲ ਪੁਰਖੁ ਦੀਆਂ ਗੱਲਾਂ ਸੁਣਦਾ ਹੈ, ਗੁਣ ਗਾਉਂਦਾ ਹੈ, ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਨੂੰ ਸੁਖ ਮਿਲਦਾ ਹੈ, ਮਾਨੋ ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ।

ਸਲੋਕ ਮਃ ੧॥ ਪਉਣੈ ਪਾਣੀ ਅਗਨਿ ਜੀਉ ਤਿਨ ਕਿਆ ਖੁਸੀਆ ਕਿਆ ਪੀੜ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ (੧੨੮੯)

ਗੁਰਬਾਣੀ ਦੇ ਹੇਠ ਲਿਖੇ ਸਬਦ ਸਪੱਸ਼ਟ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਵਿੱਚ ਚਲ ਰਹੇ ਸਾਰੇ ਜੀਵ ਜੰਤੂ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਪੈਦਾ ਹੁੰਦੇ ਹਨ, ਤੇ ਮਰਦੇ ਹਨ ਤੇ ਉਨ੍ਹਾਂ ਦਾ ਨਿਬੇੜਾ ਵੀ ਹੁਕਮੁ ਅਨੁਸਾਰ ਹੋ ਰਿਹਾ ਹੈ।

ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ॥ (੬੮੮)

ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ॥ (੮੫੧)

ਹੁਕਮੀ ਹੋਇ ਨਿਬੇੜੁ ਗਇਆ ਜਾਣੀਐ॥ ਭਉਜਲ ਤਾਰਣਹਾਰੁ ਸਬਦਿ ਪਛਾਣੀਐ॥ (੧੨੮੭, ੧੨੮੮)

ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ॥ ੨੩॥ (੧੨੮੮)

ਕਬੀਰ ਸਾਹਿਬ ਆਪਣੀ ਰਚਨਾ ਵਿੱਚ ਸਮਝਾਉਂਦੇ ਹਨ ਕਿ ਅਸਲੀ ਮਨੁੱਖ ਉਹੀ ਹੈ, ਜੋ ਕਿ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦੀ ਦਿਸ਼ਾ ਵਲ ਜਾਂਦਾ ਹੈ।

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥ (੧੩੫੦)

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਇਸ ਲਈ ਜੇ ਕਰ ਅਸੀਂ ਨਾਮੁ, ਹੁਕਮੁ ਅਤੇ ਸਚੁ ਨੂੰ ਸਮਝਣਾਂ ਚਾਹੁੰਦੇ ਹਾਂ ਤਾਂ ਸਾਨੂੰ ਸੱਚੀ ਬਾਣੀ ਉਪਰ ਵਿਸ਼ਵਾਸ ਕਰਨਾ ਪਵੇਗਾ ਅਤੇ ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ ਤੇ ਰੋਜ਼ਾਨਾ ਜੀਵਨ ਵਿੱਚ ਅਪਨਾਉਂਣੀ ਪਵੇਗੀ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ, ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ, ਏਹ ਸਚੀ ਬਾਣੀ॥ ੨੩॥ (੯੨੦)

ਗੁਰਬਾਣੀ ਸਿਰਫ ਪੜ੍ਹਨੀ ਹੀ ਨਹੀਂ ਇਸ ਵਿੱਚ ਤਿੰਨ ਚੀਜ਼ਾ ਹੋਰ ਪਾਉਣੀਆਂ ਹਨ। (੧) ਭੈ (ਹੁਕਮੁ ਵਿਚ) (੨) ਭਾਉ (ਪ੍ਰੇਮ, ਪਿਆਰ, ਪ੍ਰੀਤ, ਮਾਨ), (੩) ਭਾਵਨੀ (ਭਾਵਨਾ, ਖ਼ਿਆਲ, ਸੰਕਲਪ, ਧਿਆਨ, ਚਿੰਤਨ, ਸ਼ਰਧਾ, ਭਾਵ ਦੇ ਅਨੁਸਾਰ ਅਮਲ)

ਇਸ ਲਈ ਆਓ ਸਾਰੇ ਜਾਣੇ ਰੋਜਾਨਾਂ, ਗੁਰੂ ਸਾਹਿਬ ਅੱਗੇ ਹੁਕਮੁ ਦੀ ਪਹਿਚਾਨ ਲਈ ਅਰਦਾਸ ਕਰੀਏ ਅਤੇ ਗੁਰਬਾਣੀ ਰਾਹੀਂ ਦੱਸੇ ਹੋਏ ਮਾਰਗ ਤੇ ਚੱਲ ਕੇ ਉਸ ਅਕਾਲੁ ਪੁਰਖੁ ਦੇ ਹੁਕਮੁ ਅਨੁਸਾਰ ਆਪਣਾ ਜੀਵਨ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮,
ਵਾਸ਼ੀ, ਨਵੀਂ ਮੁੰਬਈ - ੪੦੦੭੦੩.




.