.

ਜਸਬੀਰ ਸਿੰਘ ਵੈਨਕੂਵਰ

ਧਰਮੁ ਪੰਖ ਕਰਿ ਉਡਰਿਆ

ਵਿਸ਼ਵ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਦੀ ਵੀ ਧਰਮ ਦਾ ਬੋਲ ਬਾਲਾ ਨਹੀਂ ਰਿਹਾ ਹੈ। ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ, ਰਸਮੀ ਧਾਰਮਕ ਰਹੁ-ਰੀਤ ਨਿਭਾਉਣ ਵਾਲਿਆਂ ਅਤੇ ਧਰਮ ਦੇ ਨਾਮ `ਤੇ ਮਰਨ ਮਾਰਨ ਲਈ ਹਮੇਸ਼ਾਂ ਤੱਤਪਰ ਰਹਿਣ ਵਾਲਿਆਂ ਦੀ ਜ਼ਰੂਰ ਭਰਮਾਰ ਰਹੀ ਹੈ। ਪਰ ਧਰਮ ਦੇ ਬੁਨਿਆਦੀ ਸਿਧਾਂਤ ਨੂੰ ਸਮਝ ਕੇ ਇਨ੍ਹਾਂ ਅਨੁਸਾਰ ਜੀਵਨ ਗੁਜ਼ਾਰਨ ਵਾਲਿਆਂ ਦੀ ਕਦੀ ਵੀ ਬਹੁ ਗਿਣਤੀ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਹਕੀਕਤ ਨੂੰ ਇਉਂ ਦਰਸਾਇਆ ਗਿਆ ਹੈ:
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ॥ ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ॥ (ਪੰਨਾ ੧੩੭੩)
ਅਰਥ: ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; ਪਰ ਪਰਮਾਤਮਾ ਦੇ ਸਿਮਰਨ {ਪਰਮਾਤਮਾ ਦੇ ਗੁਣਾਂ ਅਨੁਸਾਰੀ ਜੀਵਨ ਬਿਤਾਉਣ} ਦਾ ਰਸਤਾ, ਮਾਨੋ, ਇੱਕ ਔਖਾ ਪਹਾੜੀ ਰਸਤਾ ਹੈ, (ਇਹਨਾਂ ਪੰਡਿਤ ਲੋਕਾਂ ਨੂੰ ਛੱਡ ਕੇ) ਕਬੀਰ ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ।
ਗੁਰੂ ਨਾਨਕ ਸਾਹਿਬ ਵੱਖ ਵੱਖ ਧਰਮਾਂ ਨਾਲ ਸਬੰਧਤ ਧਾਰਮਕ ਸਥਾਨਾਂ `ਤੇ ਖ਼ਾਸ ਉਤਸਵਾਂ ਦੇ ਸਮੇਂ ਗਏ। ਗੁਰਦੇਵ ਨੂੰ ਇਨ੍ਹਾਂ ਧਰਮ ਸਥਾਨਾਂ `ਤੇ ਇਹ ਗੱਲ ਹੀ ਦੇਖਣ ਨੂੰ ਮਿਲੀ ਕਿ ਲੋਕੀਂ ਆਪੋ ਆਪਣੇ ਧਰਮ ਨਾਲ ਸਬੰਧਤ ਪੂਰਬਾਂ ਨੂੰ ਤਾਂ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾ ਰਹੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਭਾਵਨਾ ਅਲੋਪ ਹੈ। ਜਨ-ਸਾਧਾਰਨ ਦੈਵੀ ਗੁਣਾਂ ਨੂੰ ਅਪਣਾਉਣ ਦੀ ਥਾਂ ਕੇਵਲ ਰਸਮੀ ਪੂਜਾ ਪਾਠ, ਕਰਮ ਕਾਂਡ ਅਤੇ ਭੇਖ ਆਦਿ ਨੂੰ ਧਰਮ ਸਮਝ ਰਿਹਾ ਹੈ। ਧਰਮ ਸਥਾਨਾਂ `ਤੇ ਹਜ਼ਾਰਾਂ ਨਹੀਂ ਲੱਖਾਂ ਦੀ ਭੀੜ ਵਿੱਚ ਗੁਰੂ ਨਾਨਕ ਸਾਹਿਬ ਨੂੰ ਇੱਕ ਵੀ ਅਜਿਹਾ ਸੱਚਾ ਧਰਮੀ ਨਜ਼ਰ ਨਹੀਂ ਆਇਆ। ਭਾਈ ਗੁਰਦਾਸ ਇਸ ਸਬੰਧ ਵਿੱਚ ਲਿਖਦੇ ਹਨ:
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ॥ (ਵਾਰ ੧, ਪਉੜੀ ੨੬)
ਮਨੁੱਖਤਾ ਦੇ ਇਤਿਹਾਸ ਵਿੱਚ ਐਸਾ ਸਮਾਂ ਕਦੀ ਨਹੀਂ ਆਇਆ ਜਦੋਂ ਸਮੁੱਚੀ ਮਨੁੱਖਤਾ ਨੇ ਧਰਮ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਅਮਲੀ ਰੂਪ ਵਿੱਚ ਅਪਣਾ ਕੇ ਸੱਚੀ-ਸੁੱਚੀ ਇਨਸਾਨੀਅਤ ਦੇ ਰੂਪ ਵਿੱਚ ਪੇਸ਼ ਕੀਤਾ ਹੋਵੇ। ਇਹ ਹੀ ਕਾਰਨ ਹੈ ਕਿ ਸਦੀਆਂ ਪੁਰਾਣੀਆਂ ਲਿਖਤਾਂ ਵਿੱਚ ਵੀ ਇਹ ਕੁੱਝ ਹੀ ਪੜ੍ਹਣ ਸੁਣਨ ਨੂੰ ਮਿਲਦਾ ਹੈ ਕਿ ਲੋਕੀਂ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਰਹੇ ਹਨ, ਚੋਰ, ਜਾਰ ਅਤੇ ਬੇਈਮਾਨ ਹੋ ਗਏ ਹਨ, ਆਦਿ। ਹਰੇਕ ਕਾਲ ਵਿੱਚ ਮਨੁੱਖ ਨੇ ਆਪਣੇ ਤੋਂ ਪਹਿਲੇ ਸਮੇਂ ਨੂੰ ਸਲਾਹਿਆ ਹੈ। ਸਦੀਆਂ ਤੋਂ ਹੀ ਇਹੋ ਜਿਹਾ ਵਰਤਾਰਾ ਮਨੁੱਖੀ ਇਤਿਹਾਸ ਵਿੱਚ ਦੇਖਣ `ਚ ਆ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਜਨ-ਸਾਧਾਰਨ ਦੀ ਇਸ ਸੋਚ ਨੂੰ ਨਕਾਰਦਿਆਂ ਹੋਇਆਂ, ਇਹ ਸਪਸ਼ਟ ਕੀਤਾ ਹੈ ਕਿ ਆਪਣੇ ਆਪ ਵਿੱਚ ਕੋਈ ਵੀ ਸਮਾਂ ਚੰਗਾਂ ਜਾਂ ਮਾੜਾ ਨਹੀਂ ਹੈ। ਜੁਗਾਂ ਸਬੰਧੀ ਪ੍ਰਚਲਤ ਧਾਰਨਾ ਤੋਂ ਐਨ ਉਲਟ ਇਹ ਕਿਹਾ ਹੈ ਕਿ ਕਲਜੁਗ ਕਥਿੱਤ ਸਤਜੁਗ, ਤ੍ਰੇਤੇ, ਅਤੇ ਦੁਆਪਰ ਤੋਂ ਕਿਤੇ ਵਧੀਕ ਚੰਗੇਰਾ ਹੈ:
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ (ਪੰਨਾ ੪੦੬)
ਅਰਥ: ਹੇ ਭਾਈ! ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿਚੋਂ ਸ੍ਰੇਸ਼ਟ ਹੈ (ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ।
ਕਿਸੇ ਵੀ ਸਮੇਂ ਨੂੰ ਮਾੜਾ ਜਾਂ ਚੰਗਾ ਆਖਣ ਦੀ ਥਾਂ ਇਹ ਹੀ ਕਿਹਾ ਹੈ ਕਿ ਜਦੋਂ ਵੀ ਕਿਸੇ ਮਨੁੱਖ ਨੇ ਸੱਚ ਦਾ ਪੱਲਾ ਛੱਡਿਆ, ਉਹ ਇਨਸਾਨੀਅਤ ਤੋਂ ਹੇਠਾਂ ਡਿੱਗ ਪਿਆ। ਸੱਚ ਤੋਂ ਮੂੰਹ ਫੇਰਨ ਵਾਲਾ ਭਾਵੇਂ ਕਥਿੱਤ ਕਿਸੇ ਸਤਿਜੁਗ ਵਿੱਚ ਸੀ ਜਾਂ ਕਿਸੇ ਹੋਰ ਜੁਗ ਵਿਚ, ਉਹ ਮਨੁੱਖਤਾ ਨੂੰ ਕਲੰਕਤ ਹੀ ਕਰਦਾ ਰਿਹਾ ਹੈ। ਤਾਂਹੀਓ ਗੁਰੂ ਗ੍ਰੰਥ ਸਾਹਿਬ ਵਿੱਚ ਜੁਗਾਂ ਬਾਰੇ ਪ੍ਰਚਲਤ ਧਾਰਨਾ ਦਾ ਵਰਣਨ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ:
ਕਲਿ ਮਹਿ ਪ੍ਰੇਤ ਜਿਨੀੑ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ॥ ੧॥ ਕਲਿ ਮਹਿ ਰਾਮ ਨਾਮਿ ਵਡਿਆਈ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ॥ ੧॥ ਰਹਾਉ॥ (ਪੰਨਾ ੧੧੩੧)
ਅਰਥ: ਹੇ ਭਾਈ! (ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿੱਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ। (ਇਸ ਤਰ੍ਹਾਂ) ਕਲਜੁਗ ਵਿੱਚ ਭੀ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ। ੧। ਰਹਾਉ।
ਹੇ ਭਾਈ! ਕਲਜੁਗ ਵਿੱਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿੱਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿੱਚ ਸਭ ਤੋਂ ਉੱਚੇ ਜੀਵਨ ਵਾਲੇ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿੱਚ ਭੀ ਪਰਮ ਹੰਸ ਨਹੀਂ ਸਨ)। ਦੁਆਪੁਰ ਵਿਚ, ਤ੍ਰੇਤੇ ਵਿੱਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਸਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ। ੧।
ਇਤਨਾ ਹੀ ਨਹੀਂ ਜੁਗਾਂ ਬਾਰੇ ਪ੍ਰਚਲਤ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ:
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ ੧॥ ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ ੧॥ ਰਹਾਉ॥ ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥ ੨॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥ ੩॥ (ਪੰਨਾ ੯੦੨)
ਅਰਥ: (ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ। ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ—ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ। ੧। ਰਹਾਉ।
(ਜਿਸ ਅਸਲ ਕਲਿਜੁਗ ਦਾ ਜ਼ਿਕਰ ਅਸਾਂ ਕੀਤਾ ਹੈ ਉਸ) ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿੱਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿੱਚ ਨਹੀਂ ਖੇਡ ਸਕਦਾ (ਕਿਉਂਕਿ ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ੧।
ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿੱਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ। ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਵੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ। ੨।
ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿੱਚ ਨਹੀਂ ਹਨ, ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿੱਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿੱਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ—) ਇਹ ਹਨ ਕਲਿਜੁਗ ਦੇ ਲੱਛਣ। ੩।
ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦ੍ਰਿੜ ਕਰਵਾਈ ਗਈ ਹੈ ਕਿ ਜਦੋਂ ਵੀ ਕੋਈ ਮਨੁੱਖ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਰਮ ਹੀ ਕਰਦਾ ਹੈ। ਉਸ ਦੇ ਅੰਦਰੋਂ ਸ਼ੁਭ ਗੁਣ ਖੰਭ ਲਾ ਕੇ ਉੱਡ-ਪੁੱਡ ਜਾਂਦੇ ਹਨ। ਅਜਿਹੇ ਪ੍ਰਾਣੀ ਜਿੱਥੇ ਵੀ ਹਨ, ਜਿਸ ਵੀ ਪ੍ਰਸਥਿੱਤੀ ਵਿੱਚ ਹਨ, ਆਪਣੀ ਖ਼ੁਦਗ਼ਰਜ਼ੀ ਨੂੰ ਹੀ ਮੁੱਖ ਰੱਖਦੇ ਹਨ। ਇਸ ਤਰ੍ਹਾਂ ਦੇ ਮਨੁੱਖ ਭਾਵੇਂ ਧਾਰਮਕ ਆਗੂ ਦੀ ਹੈਸੀਅਤ ਵਿੱਚ ਹੋਣ ਚਾਹੇ ਰਾਜਨੀਤਕ ਆਗੂ ਦੀ ਹੈਸੀਅਤ ਵਿੱਚ ਜਾਂ ਕਿਸੇ ਹੋਰ ਰੂਪ ਵਿੱਚ ਪਾਪ ਹੀ ਕਮਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸੱਚ ਨੂੰ ਇਉਂ ਬਿਆਨ ਕੀਤਾ ਗਿਆ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (ਪੰਨਾ ੧੪੫)
ਅਰਥ:- ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ।
(ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ।
ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਿ:
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨॥ (ਪੰਨਾ ੧੪੫)
ਅਰਥ: ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤਿ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤਿ-ਸਾਲਾਹ) ਜਗਤ ਵਿੱਚ ਉੱਘਾ ਚਾਨਣ ਹੈ, (ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।
ਹੇ ਨਾਨਕ! ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ। ੨।
ਜੇਕਰ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੀ ਰਾਜਨੀਤਕ, ਸਮਾਜਿਕ ਅਤੇ ਧਾਰਮਕ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਇਹ ਕਹਿੰਦੇ ਹਨ:
(ੳ) ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥ ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ ੨॥ (ਪੰਨਾ ੧੨੮੮)
ਅਰਥ: ਹਰਨ, ਬਾਜ਼ ਤੇ ਅਹਲਕਾਰ—ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ‘ਨਾਮ’ ਬੀਜੇ)।
(‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)।
(ਅ) ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥ (ਪੰਨਾ ੧੨੪੩)
ਅਰਥ: (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
(ੲ) ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ ੬੬੨)
ਅਰਥ: ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ–ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਨ੍ਹਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।
ਗੁਰੂ ਸਾਹਿਬ ਇਨ੍ਹਾਂ ਉਪਰੋਕਤ ਫ਼ਰਮਾਨਾਂ ਵਿੱਚ ਕੇਵਲ ਆਪਣੀ ਸਮੇਂ ਦੀ ਹੀ ਨਹੀਂ ਸਗੋਂ ਹਰੇਕ ਸਮੇਂ ਦੀ ਗੱਲ ਕਰਦਿਆਂ ਹੋਇਆਂ ਇਹ ਦਰਸਾ ਰਹੇ ਹਨ ਕਿ ਜਦ ਕਦੀ ਵੀ ਕੋਈ ਪ੍ਰਾਣੀ ਮਨੁੱਖੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਭਾਵੇਂ ਉਹ ਰਾਜਨੀਤਕ ਖੇਤਰ ਵਿੱਚ ਵਿਚਰ ਰਿਹਾ ਹੈ ਜਾਂ ਧਾਰਮਕ ਜਾਂ ਸਮਾਜਕ ਖੇਤਰ ਵਿੱਚ ਉਹ ਪਸ਼ੂਪੁਣੇ ਦਾ ਹੀ ਪ੍ਰਗਟਾਵਾ ਕਰੇਗਾ। ਇਸ ਲਈ ਵਰਤਮਾਨ ਰਾਜਨੀਤਕ ਦੁਨੀਆਂ ਵਿੱਚ ਅੱਜ ਵੀ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ; ਪਾਤਰ ਅਤੇ ਢੰਗ ਜ਼ਰੂਰ ਬਦਲ ਗਏ ਹਨ ਪਰੰਤੂ ਅਨਿਆਂ ਅਤੇ ਧੱਕੇ ਸ਼ਾਹੀ ਅੱਜ ਵੀ ਬਰਕਰਾਰ ਹੈ। ਜਿਨ੍ਹਾਂ ਦੇ ਹੱਥ ਵਿੱਚ ਕਿਸੇ ਤਰ੍ਹਾਂ ਦੀ ਵੀ ਤਾਕਤ ਹੈ ਉਹ ਅਤੇ ਇਨ੍ਹਾਂ ਦੇ ਸੰਗੀ ਸਾਥੀਆਂ ਦੇ ਵਤੀਰੇ ਤੋਂ ਇਹ ਗੱਲ ਚੰਗੀ ਤਰ੍ਹਾਂ ਉਘੜ ਕੇ ਸਾਹਮਣੇ ਆਉਂਦੀ ਹੈ।
ਅੱਜ ਵੀ ਧਾਰਮਕ ਆਗੂਆਂ ਦਾ ਇਹ ਹੀ ਹਾਲ ਹੈ। ਅਸੀਂ ਸਿੱਖ ਜਗਤ ਵਲ ਹੀ ਨਿਗਾਹ ਮਾਰ ਕੇ ਦੇਖੀਏ ਇਸ ਦਾ ਉੱਤਰ ਸਾਨੂੰ ਮਿਲ ਜਾਵੇਗਾ। ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਪਰਵਾਰਕ ਜੀਵਨ ਦਾ ਇਹੋ ਜਿਹਾ ਹੀ ਹਾਲ ਹੈ। ਆਲੇ-ਦੁਆਲੇ ਵਲ ਝਾਤੀ ਮਾਰਿਆਂ ਇਸ ਦੀਆਂ ਇੱਕ ਨਹੀਂ ਅਨੇਕਾਂ ਉਦਾਹਰਣ ਮਿਲਦੀਆਂ ਹਨ।
ਸੋ, ਧਰਮ ਕੇਵਲ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਨਹੀਂ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਅਤੇ ਅੱਜ ਵੀ ਅਲੋਪ ਹੈ। ਕੋਈ ਟਾਵਾਂ ਟਾਵਾਂ ਮਨੁੱਖ ਹੀ ਧਰਮ ਦੀਆਂ ਉੱਚ ਕਦਰਾਂ-ਕੀਮਤਾਂ ਦਾ ਸਹੀ ਅਰਥਾਂ ਵਿੱਚ ਧਾਰਨੀ ਹੈ:
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥ (ਪੰਨਾ ੧੪੧੩)
ਜਸਬੀਰ ਸਿੰਘ ਵੈਨਕੂਵਰ




.