.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ ੧)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਘੜੀ ਚਸੇ ਕਾ ਲੇਖਾ ਲੀਜੈ--ਗੁਰਬਾਣੀ `ਚ ਇਸ ਸਬੰਧੀ ਬੇਅੰਤ ਸ਼ਬਦ ਤੇ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ਮਨੁੱਖਾ ਜਨਮ, ਇਕੋ ਇੱਕ ਅਜਿਹੀ ਜੂਨ ਹੈ, ਜਿਸ ਦਾ ਪ੍ਰਭੂ ਦੀ ਦਰਗਾਹ ਅਥਵਾ ਉਸ ਦੇ ਨਿਆਂ `ਚ, ਪਲ-ਪਲ ਤੇ ਸੁਆਸ-ਸੁਆਸ ਦਾ ਲੇਖਾ-ਜੋਖਾ ਨਾਲੋ ਨਾਲ ਹੁੰਦਾ ਹੈ। ਇਸ ਤਰ੍ਹਾਂ ਮਨੁੱਖਾ ਜਨਮ ਹੀ, ਇਕੋ ਇੱਕ ਅਤੇ ਅਜਿਹੀ ਜੂਨ ਹੈ ਜਿਸ `ਚ ਮਨੁੱਖ ਦੇ ਸੁਆਸ ਸੁਆਸ ਤੇ ਪਲ ਪਲ ਦੀ ਸੁਵਰਤੋ ਵੀ ਹੋ ਸਕਦੀ ਤੇ ਕੁਵਰਤੋਂ ਵੀ, ਜਦਕਿ ਇਸ ਦਾ ਧੁਰਾ ਹੁੰਦਾ ਹੈ ਮਨੁੱਖਾ ਸਰੀਰ ਅੰਦਰ ਇਸ ਦਾ ‘ਮਨ’। ਇਹੀ ਕਾਰਨ ਹੈ ਕਿ ਸਮੂਚੀ ਗੁਰਬਾਣੀ `ਚ ਇਸੇ ‘ਮਨ’ ਨੂੰ ਸੰਬੋਧਨ ਕਰਕੇ ਹੀ ਮਨੁੱਖ ਦੇ ਜੀਵਨ ਨੂੰ ਸਿਧੇ ਰਾਹ ਪਾਉਣ ਦੀ ਗੱਲ ਕੀਤੀ ਗਈ ਹੈ ਤੇ ਜੀਵਨ ਦੇ ਬਿਰਥਾ ਹੋਣ ਤੋਂ ਸੁਚੇਤ ਵੀ ਅਨੰਤ ਤੇ ਬੇਅੰਤ ਵਾਰੀ ਕੀਤਾ ਗਿਆ ਹੈ।

ਤਾਂ ਤੇ ਇਸ ਸਬੰਧ `ਚ ਕੁੱਝ ਫ਼ੁਰਮਾਨ ਜਿਵੇਂ “ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ॥ ਨਾਵਹੁ ਭੂਲੇ ਦੇਇ ਸਜਾਏ॥ ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ” (ਪੰ: ੧੨੭) ਭਾਵ ਜਿਹੜੇ ਮਨੁੱਖ ਪ੍ਰਭੂ ਦਾ ਦਰ ਛਡ ਕੇ ਇਧਰ ਉਧਰ ਭਟਕ ਜਾਂਦੇ ਹਨ। ਜਿਹੜੇ ਮਾਇਕ ਪਦਾਰਥਾਂ ਦੇ ਪਿਆਰ `ਚ ਫਸੇ ਰਹਿੰਦੇ ਹਨ। ਮਸੂਲੀਆ ਜਮ ਉਨ੍ਹਾਂ ਪਾਸੋਂ ਕਰ ਵਸੂਲ ਕਰਦਾ ਹੈ। ਉਨ੍ਹਾਂ ਨੂੰ ਪ੍ਰਮਾਤਮਾ ਦੀ ਸਿਫ਼ਤ ਸਲਾਹ ਤੋਂ ਖੁੰਝੇ ਰਹਿਣ ਦੀ ਸਜ਼ਾ ਦਿੰਦਾ ਹੈ। ਜਮਰਾਜ ਮਸੂਲੀਆ ਉਨ੍ਹਾਂ ਪਾਸੋਂ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਇੱਕ ਤੇ ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇੱਕ ਇੱਕ ਰੱਤੀ ਤੇ ਇੱਕ ਇੱਕ ਮਾਸਾ ਕਰ ਕੇ ਜਮਰਾਜ ਉਨ੍ਹਾਂ ਦੇ ਜੀਵਨ `ਚ ਕੀਤੇ ਜਾ ਰਹੇ ਕਰਮਾਂ ਦਾ ਤੋਲ ਕਰਾਂਦਾ ਹੈ।

ਧਿਆਨ ਰਹੇ ਇਥੇ ਜਮਰਾਜ ਤੋਂ ਭਾਵ ਹੈ ਕਿ ਪ੍ਰਭੂ ਨੂੰ ਵਿਸਾਰਣ ਕਰਕੇ ਜੀਊਂਦੇ ਜੀ ਵੀ ਮਨੁੱਖ ਵਿਕਾਰਾਂ `ਚ ਡੁਬਿਆ ਸੁਆਸ ਸੁਆਸ ਕਰਕੇ ਜੀਵਨ ਗੁਆ ਰਿਹਾ ਹੁੰਦਾ ਹੈ, ਉਪ੍ਰੰਤ ਬਿਰਥਾ ਜਨਮ ਦਾ ਨਤੀਜਾ ਵੀ ਗੁਰਬਾਣੀ ਅਨੁਸਾਰ ਫ਼ਿਰ ਤੋਂ ਜੂਨਾਂ ਦੇ ਗੇੜੇ ਹਨ, ਪ੍ਰਭੂ `ਚ ਅਭੇਦ ਹੋਣਾ ਨਹੀਂ।

ਇਸੇ ਤਰ੍ਹਾਂ ਇਸ ਬਾਰੇ ਇੱਕ ਹੋਰ ਗੁਰਬਾਣੀ ਫ਼ੁਰਮਾਨ ਜਿਵੇਂ “ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ॥ ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ” (ਪੰ: ੧੨੯੦) ਅਰਥ ਹਨ- (ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ `ਚ ਤੋਰ ਰਿਹਾ ਹੈਂ (ਕਿਤੇ ਭੇਖੀ ਲੋਕ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ; ਇਨ੍ਹਾਂ ਦੇ ਕੀਤੇ ਕਰਮਾਂ ਅਨੁਸਾਰ ਕਿਸੇ ਨੂੰ ‘ਆਵਾਗਾਉਣ’ ਅਤੇ ਕਿਸੇ ਨੂੰ ਤੇਰਾ ਪਿਆਰ, ਇਹ ਵੀ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ)। ਸਾਰਾ ਫ਼ੈਸਲਾ ਤੇਰੇ ਹੱਥ ਵਿੱਚ ਹੈ, ਤੂੰ ਹੀ (ਮੇਰੇ) ਮਨ ਵਿੱਚ ਪਿਆਰਾ ਲੱਗਦਾ ਹੈਂ। ਭਾਵ ਜਿਸ ਤਰ੍ਹਾਂ ਕੋਈ ਮਨੁੱਖ ਅਪਣੇ ਜੀਵਨ ਨੂੰ ਚਲਾਂਦਾ ਹੈ ਉਸ ਦੇ ਜੀਵਨ ਦਾ ਨਿਬੇੜਾ ਵੀ ਨਾਲੋ ਨਾਲ ਤੇ ਤੇਰੇ ਹੀ ਨਿਆਂ `ਚ ਹੁੰਦਾ ਜਾਂਦਾ ਹੈ।

ਇਸੇ ਤਰ੍ਹਾਂ ਹੋਰ “ਬਾਬਾ, ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ” (ਪੰ: ੧੧੦੪) ਪ੍ਰੋ: ਸਾਹਿਬ ਸਿੰਘ ਜੀ ਸਬੰਧਤ ਪੂਰੇ ਸ਼ਬਦ ਦੇ ਅਰਥ ਇਸ ਪ੍ਰਕਾਰ ਕਰਦੇ ਹਨ। ਉਨ੍ਹਾਂ ਅਨੁਸਾਰ ਸ਼ਬਦ `ਚ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ “ਹੇ ਬਾਬਾ! ਹੁਣ ਮੈਂ ਇਸ ਪਿੰਡ ਰੂਪ ਸਰੀਰ `ਚ ਨਹੀਂ ਵੱਸਣਾ, ਜਿੱਥੇ ਰਿਹਾਂ ਉਹ ਪਟਵਾਰੀ, ਘੜੀ ਘੜੀ ਦਾ ਲੇਖਾ ਮੰਗਦਾ ਹੈ। ੧। ਰਹਾਉ।

ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿੱਚ ਪੰਜ ਕਿਸਾਨ ਵੱਸਦੇ ਹਨ—ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ)। ੧।

(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ ਭਾਵ ਅਕਾਲਪੁਰਖ (ਇਸ ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁੱਝ ਦੇਣਾ ਨਿਕਲਦਾ ਹੈ। (ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ। ੨।

ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿੱਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ—ਹੇ ਪ੍ਰਭੂ! ਇਸੇ ਹੀ ਵਾਰੀ ਭਾਵ, ਇਸੇ ਹੀ ਜਨਮ `ਚ ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ `ਚ ਮੇਰਾ ਮੁੜ ਫੇਰਾ ਨਾਹ ਹੋਵੇ। ੩। ੭। ਸ਼ਬਦ ਦਾ ਭਾਵ ਹੇ ਕਿ ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਨ੍ਹਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ—ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ ਕਰਨੀ ਚਾਹੀਦੀ ਹੈ।

ਇਹੀ ਨਹੀਂ ਬਲਕਿ ਇੱਕ ਹੋਰ ਸਬੰਧਤ ਗੁਰਬਾਣੀ ਫ਼ੁਰਮਾਨ “ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ” (ਪੰ: ੧੧੧੦) ਪੁਨਾ “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ” (ਪੰ: ੪੦੬)। ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਅਸੀਂ ਇਥੇ ਪੰਜਵੇਂ ਪਾਤਸ਼ਾਹ ਦੀ ਰਚਨਾ ਵਿਚੋਂ ਇੱਕ ਸ਼ਬਦ ਲੈਣਾ ਚਾਹਾਂਗੇ। ਇਹ ਸ਼ਬਦ ਹੈ

“ਆਸਾ ਮਹਲਾ ੫॥ ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ॥ ੧ ॥ ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ॥ ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ॥ ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ॥ ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ॥ ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ॥ ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ॥ ੨ ॥ ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ॥ ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ॥ ਸੰਸਾਰੁ ਸਾਗਰੁ ਤਿਨੀੑ ਤਰਿਆ ਜਿਨੀੑ ਏਕੁ ਧਿਆਇਆ॥ ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ॥ ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ॥ ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ॥ ੩ ॥ ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ॥ ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ॥ ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ॥ ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ॥ ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ॥ ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ॥ ੪ ॥ ੪ ॥ ੧੩ ॥” (ਪੰ: ੪੬੧) ਇਸ ਸ਼ਬਦ `ਚ ਗੁਰਮੱਤ ਦੇ ਦੋ ਮਿਲਵੇਂਤੇ ਇੱਕ ਦੂਜੇ ਦੇ ਪੂਰਕ ਸਿਧਾਂਤ ਸਪਸ਼ਟ ਹਨ। ਇੱਕ ਇਹ ਕਿ ਮਨੁੱਖਾ ਜਨਮ ਦੌਰਾਨ ਮਨੁੱਖ ਦੀ ਸੁਆਸ ਸੁਆਸ ਦੀ ਕਰਣੀ ਦਾ ਲੇਖਾ ਜੋਖਾ ਨਾਲ ਨਾਲ ਹੋ ਰਿਹਾ ਹੁੰਦਾ ਹੈ। ਦੂਜਾ ਇਸ ਜਨਮ ਨੂੰ ਸੁਆਰਨ, ਸੰਭਾਲਣ ਤੇ ਸਫ਼ਲ ਕਰਣ ਲਈ ਇਸ ਜਨਮ ਵਿਚਲੀ ਸੁਆਸਾਂ ਵਾਲੀ ਪੂੰਜੀ ਬਹੁਤ ਕੀਮਤੀ ਹੈ ਜਿਸ ਦੀ ਜੀਵਨ ਭਰ ਸੰਭਾਲ ਕਰਣੀ ਜ਼ਰੂਰੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਇਹੀ ਅਮੁਲਾ ਤੇ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋ ਜਾਣ ਤੋਂ ਬਾਅਦ ਵੀ ਇਸ ਨੂੰ ਮੁੜ ਭਿੰਨ ਭਿੰਨ ਜੂਨਾਂ ਤੇ ਗਰਭਾਂ ਵਾਲੇ ਗੇੜ੍ਹ `ਚ ਹੀ ਪਾ ਦਿੱਤਾ ਜਾਂਦਾ ਹੈ।

ਇਸ ਤੋਂ ਬਾਅਦ ਸ਼ਬਦ ਦੇ ਚਾਰਾਂ ਬੰਦਾਂ ਦੇ ਨੰਬਰਵਾਰ ਅਰਥ ਭਾਵ ਇਸ ਪ੍ਰਕਾਰ ਹਨ “ਆਸਾ ਮਹਲਾ ੫॥ ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ॥ ੧ ਅਰਥ ਭਾਵ ਹਨ ਕਿ ਹੇ ਭਾਈ! ਤੂੰ ਜੋ ਕੁੱਝ ਦਿਨ ਰਾਤ ਤੇ ਹਰ ਵੇਲੇ ਤੂੰ ਚੰਗੇ ਜਾਂ ਮੰਦੇ ਕੰਮ ਕਰਦਾ ਹੈ, ਤੇਰੀ ਉਹ ਸਾਰੀ ਦੀ ਸਾਰੀ ਕਰਣੀ, ਤੇਰੇ ਸੰਸਕਾਰ ਤੇ ਕਰਮ ਬਣ ਕੇ ਤੇਰੇ ਮਨ `ਤੇ ਉੱਕਰਦੇ ਜਾਂਦੇ ਹਨ। ਇਹ ਤਰ੍ਹਾਂ ਐ ਭਾਈ! ਜਿਸ ਪ੍ਰਭੂ ਪਾਸੋਂ ਤੂੰ ਆਪਣੇ ਕੀਤੇ ਉਨ੍ਹਾਂ ਕੁਕਰਮਾ ਨੂੰ ਲੁਕਾਉਂਦਾ ਹੈਂ ਉਹ ਪ੍ਰਭੂ ਤਾਂ ਤੇਰੇ ਅੰਦਰ ਬੈਠਾ ਹੋਇਆ ਇਹ ਸਭਕੁਝ ਦੇਖ ਰਿਹਾ ਹੁੰਦਾ ਹੈ।

ਇਸ ਤਰ੍ਹਾਂ ਸਿਰਜਣਹਾਰ ਅਕਾਲਪੁਰਖ ਤਾਂ ਹਰੇਕ ਮਨੁੱਖ ਦੇ ਅੰਦਰ ਬੈਠਾ, ਮਨੁੱਖ ਰਾਹੀਂ ਕੀਤੇ ਹਰੇਕ ਕੰਮ ਨੂੰ ਦੇਖਦਾ ਹੈ। ਇਸ ਲਈ ਮਨੁੱਖ ਨੂੰ ਕਦੇ ਕੋਈ ਮੰਦਾ ਕਰਮ ਨਹੀਂ ਕਰਨਾ ਚਾਹੀਦਾ। ਸਗੋਂ ਇਸ ਨੂੰ ਸੁਕ੍ਰਿਤ ਕਰਮ ਹੀ ਕਰਣੇ ਚਾਹੀਦੇ ਹਨ। ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਤੇ ਗੁਣ ਵਿਹਾਜਣੇ ਚਾਹੀਦੇ ਹਨ ਹਨ। ਜਿਨ੍ਹਾਂ ਇਲਾਹੀ ਗੁਣਾਂ ਦੀ ਬਦੋਲਤ ਇਸ ਨੂੰ ਨਰਕਿ ਮੂਲਿ ਨ ਜਾਈਐ ਭਾਵ ਜੀਊਂਦੇ ਜੀਅ ਵੀ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਕਾਰਨ ਅਨੰਦਮਈ, ਟਿਕਾਅ ਵਾਲਾ ਜੀਵਨ ਪ੍ਰਾਪਤ ਹੋਵੇ। ਉਪ੍ਰੰਤ ਸਰੀਰ ਬਿਨਸਨ ਬਾਅਦ ਵੀ ਮੁੜ ਜਨਮ ਮਰਣ ਦੇ ਗੇੜ੍ਹ ਚ ਨਾ ਪੈਣਾ ਪਵੇ।

ਐ ਭਾਈ! ਤੈਨੂੰ ਹਰ ਸਮੇਂ ਪ੍ਰਭੂ ਦਾ ਗੁਣ ਗਾਣ ਕਰਣਾ ਚਾਹੀਦਾ ਹੈ। ਪ੍ਰਭੂ ਦੀ ਸਿਫ਼ਤ ਸਲਾਹ ਜਿਹੜੀ ਜੀਊਂਦੇ ਜੀਅ ਵੀ ਤੇ ਸਰੀਰ ਦੇ ਮੁੱਕਣ ਬਾਅਦ ਵੀ ਤੇਰਾ ਸਾਥ ਦੇਵੇਗੀ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਐ ਭਾਈ! ਤੂੰ ਸਾਧ ਸੰਗਤ `ਚ ਟਿਕ ਕੇ, ਪ੍ਰਮਾਤਮਾ ਦਾ ਭਜਨ (ਗੁਣ ਗਾਣ) ਕਰਿਆ ਕਰ, ਕਿਉਂਕਿ ਇਸ ਸਿਫ਼ਤ ਸਲਾਹ ਦੀ ਬਰਕਤਿ ਨਾਲ ਤੇਰੇ ਪਿਛਲੇ ਕੀਤੇ ਸਾਰੇ ਮੰਦ ਕਰਮ, ਜੀਵਨ ਵਿਚਲੇ ਵਿਕਾਰ ਤੇ ਅਉਗੁਣ ਵੀ ਮਿਟ ਜਾਣਗੇ।। ੧।

ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ॥ ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ॥ ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ॥ ਮਿਲੁ ਸਾਧ ਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ॥ ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ॥ ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ॥ ੨॥ ਅਰਥ ਭਾਵ ਹਨ-ਕਿ ਹੇ ਮੂਰਖ! ਹੇ ਗਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ। ਤੈਨੂੰ ਇਹ ਗੱਲ ਭੁੱਲ ਚੁਕੀ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ। ਹੇ ਭਾਈ! ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਵੀ ਆਪਣੇ ਮਨ ਤੋਂ ਨਹੀਂ ਭੁਲਾਣਾ ਚਾਹੀਦਾ।

ਇਸ ਲਈ ਹੇ ਭਾਈ! ਸਾਧ ਸੰਗਤਿ `ਚ ਮਿਲ ਬੈਠ ਕੇ ਤੇ ਲਾਝੱਕ ਹੋ ਕੇ ਉਸ ਪ੍ਰਭੂ ਦਾ ਭਜਨ ਕਰਿਆ ਕਰ ਕਿਉਂਕਿ ਪ੍ਰਭੂ ਦੀ ਸਿਫ਼ਤ ਸਲਾਹ ਦੀ ਬਰਕਤਿ ਨਾਲ ਹੀ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲਈਦੀਆਂ ਹਨ। ਚੇਤੇ ਰਖ ਕਿ ਜੋਗ-ਸਾਧਨਾਂ `ਚ ਪੁੱਗੇ ਹੋਏ ਜੋਗੀ, ਜੋਗ-ਸਾਧਨਾਵਾਂ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ ਲੋਕ, ਭਗਤ ਜਨ ਆਦਿ ਸਭਨਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਦੀ ਸਿਫ਼ਤ ਸਲਾਹ ਹੀ ਹੈ।

ਗੁਰੂ ਨਾਨਕ ਪਾਤਸ਼ਾਹ ਆਪਣੇ ਵੱਲੋਂ ਅਕਾਲਪੁਰਖ ਦੇ ਚਰਨਾਂ `ਚ ਬੇਨਤੀ ਕਰਦੇ ਹੋਏ ਫ਼ੁਰਮਾਉਂਦੇ ਕਿ ਹੇ ਭਾਈ! ਤੈਨੂੰ ਸਦਾ ਉਸ ਪ੍ਰਮਾਤਮਾ ਦਾ ਹੀ ਭਜਨ ਕਰਨਾ ਚਾਹੀਦਾ ਹੈ, ਉਸ ਪ੍ਰਭੂ ਦਾ ਜੋ ਸਾਰੇ ਸੰਸਾਰ ਦਾ ਕਰਤਾ ਧਰਤਾ ਤੇ ਪਾਲਣਹਾਰ ਹੈ। ੨।

ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ॥ ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ॥ ਸੰਸਾਰੁ ਸਾਗਰੁ ਤਿਨੀੑ ਤਰਿਆ ਜਿਨੀੑ ਏਕੁ ਧਿਆਇਆ॥ ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ॥ ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ॥ ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ॥ ੩॥ ਅਰਥ ਭਾਵ ਹਨ-ਹੇ ਭਾਈ! ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਕਉਂਕਿ ਪ੍ਰਮਾਤਮਾ ਖਰੇ ਖੋਟੇ ਦੀ ਪਛਾਣ ਕਰਨ ਦੀ ਸਮ੍ਰਥਾ ਰੱਖਦਾ ਹੈ। ਜਿਹੜੇ ਮਨੁੱਖ ਹੋਰਨਾਂ ਨੂੰ ਠੱਗਣ ਵਾਸਤੇ ਧੋਖੇ ਫ਼ਰੇਬ ਕਰਦੇ ਹਨ, ਉਹ ਸੰਸਾਰ `ਚ ਫ਼ਸੇ ਰਹਿ ਕੇ ਸਦਾ ਜਨਮ ਮਰਣ ਦੇ ਗੇੜ੍ਹ `ਚ ਹੀ ਪਏ ਰਹਿੰਦੇ ਹਨ।

ਹੇ ਭਾਈ! ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਭਾਵ ਜੋ ਕਰਤੇ ਦੇ ਰੰਗ `ਚ ਰੰਗੇ ਰਹਿੰਦੇ ਹਨ। ਜਿਹੜੇ ਮਨੁੱਖਾਂ ਨੇ ਜੀਵਨ ਵਿੱਚੋਂ ਕਾਮ ਕ੍ਰੋਧ ਆਦਿ ਵਿਕਾਰ ਤੇ ਭਲੇ ਪੁਰਖਾਂ ਦੀ ਨਿੰਦਾ ਆਦਿ ਕਰਣ ਵਾਲੀ ਬਿਰਤੀ ਨੂੰ ਤਿਆਗ ਦਿੱਤਾ ਹੈ। ਜਿਹੜੇ ਪ੍ਰਭੂ ਦੀ ਸ਼ਰਨ `ਚ ਆ ਗਏ ਹਨ ਭਾਵ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸ਼ਬਦ ਗੁਰੂ ਦੀ ਕਮਾਈ ਨਾਲ ਤਿਆਰ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ ਭਾਵ ਵਿਕਾਰ ਉਨ੍ਹਾਂ ਦੇ ਜੀਵਨ `ਤੇ ਭਾਰੂ ਨਹੀਂ ਹੋ ਸਕਦੇ।

ਗੁਰੂ ਨਾਨਕ ਪਾਤਸ਼ਾਹ ਅਕਾਲਪੁਰਖ ਦੇ ਚਰਨਾਂ `ਚ ਬੇਨਤੀ ਕਰਦੇ ਹਨ ਤੇ ਮਨੁੱਖ ਮਾਤ੍ਰ ਨੂੰ ਸਪਸ਼ਟ ਕਰਦੇ ਹਨ ਕਿ ਹੇ ਭਾਈ! ਜਿਹੜਾ ਅਕਾਲਪਰਖ ਪਾਣੀ `ਚ, ਧਰਤੀ `ਚ ਆਕਾਸ਼ `ਚ ਭਾਵ ਹਰ ਥਾਂ ਮੌਜੂਦ ਹੈ। ਜੋ ਪ੍ਰਭੂ ਸਭ ਤੋਂ ਉੱਚਾ, ਅਪਹੁੰਚ ਤੇ ਬੇਅੰਤ ਹੈ, ਉਹ ਪ੍ਰਭੂ ਹੀ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ। ਉਸ ਦੇ ਸੋਹਣੇ ਕੋਮਲ ਚਰਨ ਹੀ ਉਸ ਦੇ ਸੇਵਕਾਂ ਦੀ ਜ਼ਿਦਗੀ ਦਾ ਆਸਰਾ ਤੇ ਸਹਾਰਾ ਹੁੰਦੇ ਹਨ। ੩।

ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ॥ ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ॥ ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ॥ ਹਰਿ ਏਕ ਬਿਨੁ ਕਛੁ ਅਵਰੁ ਨਾਹੀ, ਭਾਉ ਦੁਤੀਆ ਜਾਲੀਐ॥ ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ॥ ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ॥ ੪॥ ੪॥ ੧੩॥ ਅਰਥ ਭਾਵ ਹਨ- (ਹੇ ਭਾਈ! ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ ਧੂਏਂ ਦਾ ਪਹਾੜ ਕਰ ਕੇ ਦੇਖ, ਇਸ `ਚ ਕੁੱਝ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ। ਮਾਇਆ ਦੇ ਜਿਤਨੇ ਵੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਨਿਭਦੇ।

ਹੇ ਭਾਈ! ਤੇਰੇ ਨਾਲ ਕੇਵਲ ਪ੍ਰਮਾਤਮਾ ਹੀ ਸਦਾ ਨਿਭਣ ਵਾਲਾ ਤੇਰੇ ਜੀਵਨ ਦਾ ਸਾਥੀ ਹੈ। ਇਸ ਲਈ ਦਿਨ ਰਾਤ, ਹਰ ਸਮੇਂ, ਉਸ ਪ੍ਰਭੂ ਨੂੰ ਹੀ ਆਪਣੇ ਹਿਰਦੇ `ਚ ਸਾਂਭ ਕੇ ਰੱਖਣਾ ਚਾਹੀਦਾ ਹੈ ਭਾਵ ਸੰਸਾਰਕ ਕਾਰ ਵਿਹਾਰ ਕਰਦੇ ਹੋਏ ਵੀ ਆਪਣਾ ਚਿੱਤ ਸਦਾ ਪ੍ਰਭੂ ਚਰਨਾਂ ਨਾਲ ਜੋੜ ਕੇ ਰਖਣਾ ਚਾਹੀਦਾ ਹੈ।

ਇੱਕ ਪ੍ਰਮਾਤਮਾ ਤੋਂ ਬਿਨਾ, ਕੁੱਝ ਵੀ ਸਦੀਵੀ ਨਹੀਂ, ਇਸ ਲਈ ਅਕਾਲਪੁਰਖ ਤੋਂ ਬਿਨਾ ਜੇ ਕਿਸੇ ਹੋਰ ਪਾਸੇ ਵੀ ਮਨ ਦੀ ਲਗਣ ਅਥਵਾ ਪਿਆਰ ਹੋਵੇ ਤਾਂ ਉਸ ਨੂੰ ਆਪਣੇ ਮਨ `ਚੋਂ ਸਾੜ ਦੇਣਾ ਚਾਹੀਦਾ ਹੈ।

ਹੇ ਭਾਈ! ਮਿੱਤਰ, ਜਵਾਨੀ, ਧਨ ਤੇ ਹੋਰ ਸਭ ਕੁਝ, ਇਸ ਸਭ ਦੇ ਬਦਲੇ ਇੱਕ ਪ੍ਰਮਾਤਮਾ ਨੂੰ ਹੀ ਆਪਣੇ ਮਨ `ਚ ਵਸਾ।

ਇਸ ਤਰ੍ਹਾਂ ਸ਼ਬਦ ਦੀ ਸਮਾਪਤੀ `ਤੇ ਗੁਰੂ ਨਾਨਕ ਪਾਤਸ਼ਾਹ ਅਕਾਲਪੂਰਖ ਦੇ ਚਰਨਾਂ `ਚ ਬੇਨਤੀ ਕਰਦੇ ਹਨ ਕਿ ਹੇ ਭਾਈ! ਜੇ ਕਰਤੇ ਦੀ ਹੀ ਵੱਡੀ ਬਖ਼ਸ਼ਿਸ਼ ਹੋਵੇ ਤਾਂ ਹੀ ਜੀਵਨ `ਚ ਪ੍ਰਭੂ ਵਾਲੀ ਪ੍ਰਾਪਤੀ ਹੁੰਦੀ ਹੈ। ਭਾਵ ਮਨੁੱਖ ਦੇ ਜੀਵਨ ਅੰਦਰੋਂ ਇਲਾਹੀ ਗੁਣ ਪ੍ਰਗਟ ਹੋ ਜਾਂਦੇ ਹਨ ਤੇ ਉਸ ਦੇ ਜੀਵਨ ਅੰਦਰੋਂ ਅਉਗੁਣਾ ਦਾ ਨਾਸ ਹੋ ਜਾਂਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਜੀਵਨ `ਚ ਅਜਿਹੀ ਪ੍ਰਾਪਤੀ ਹੋ ਜਾਂਦੀ ਹੈ ਉਹ ਸੁਆਸ ਸੁਆਸ, ਆਨੰਦਮਈ ਤੇ ਆਤਮਕ ਅਡੋਲਤਾ ਨੂੰ ਆਪਣੇ ਜੀਵਨ `ਚ ਪ੍ਰਾਪਤ ਹੋ ਜਾਂਦੇ ਹਨ। ੪। ੪। ੧੩।

ਉਪ੍ਰੰਤ ਜੇਕਰ ਇਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਸ਼ਬਦ ਦੇ ਅਤੀ ਸੰਖੇਪ ਅਰਥ ਭਾਵ ਅਤੇ ਇਸ `ਚ ਦੋ ਮਿਲਵੇਂ ਤੇ ਜੁੜਵੇਂ ਪੱਖ ਹਨ ਪਹਿਲਾ ਇਹ ਕਿ, ਪ੍ਰਭੂ ਦਰ `ਤੇ ਮਨੁੱਖਾ ਜਨਮ ਦੇ ਸੁਆਸ ਸੁਆਸ ਦਾ ਲੇਖਾ ਜੋਖਾ ਹੁੰਦਾ ਹੈ। ਦੂਜਾ ਇਸ ਦੇ ਨਾਲ ਨਾਲ, ਇਸੇ ਕਾਰਨ ਇਹ ਵੀ ਜ਼ਰੂਰੀ ਹੈ ਕਿ ਅਰਬਾਂ-ਖਰਬਾਂ ਜੂਨਾ ਵਿੱਚੋਂ ਕਰਤੇ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਇਸ ਮਨੁੱਖਾ ਜੂਨ ਸਮੇਂ, ਇਸ `ਚ ਪ੍ਰਾਪਤ ਅਮੁਲੀ ਸੁਆਸਾਂ ਦੀ ਪੂੰਜੀ ਵਾਲੀ ਦਾਤ ਦੀ, ਗੁਰਬਾਣੀ ਗੁਰੂ ਦੀ ਆਗਿਆ `ਚ ਸੰਭਾਲ ਕੀਤੀ ਜਾਵੇ।

ਦਰਅਸਲ ਇਹ ਉਹ ਵਿਸ਼ਾ ਤੇ ਗੁਰਬਾਣੀ ਵਾਲਾ ਉਹ ਸੱਚ ਹੈ ਜਿਸਦੀ ਗੁਰਬਾਣੀ `ਚ ਸੈਂਕੜੇ ਹੀ ਨਹੀਂ ਬਲਕਿ ਹਜ਼ਾਰਾਂ ਵਾਰੀ ਪ੍ਰੋੜਤਾ ਤੇ ਜਿਸ ਦੇ ਲਈ ਆਦੇਸ਼ ਕੀਤਾ ਗਿਆ ਹੈ। ਬਲਕਿ ਇਹੀ ਵਿਸ਼ਾ ਹੈ ਜਦੋਂ ਬਾਣੀ ਜਪੁ `ਚ ਅਸੀਂ ਰੋਜ਼ ਪੜ੍ਹਦੇ ਹਾਂ “ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ” (ਪਉ: ੭) ਅਤੇ “ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ” (ਪਉ: ੧੧) ਉਪ੍ਰੰਤ ਬਾਣੀ ਜਪੁ ਦੀਆਂ ਹੀ ਪਉੜੀ ਨੰ: ੧੨ ਤੋਂ ੧੫ ਤੱਕ ਵੀ ਜਿਵੇਂ “ਮੰਨੇ ਕੀ ਗਤਿ ਕਹੀ ਨ ਜਾਇ॥ ਜੇ ਕੋ ਕਹੈ ਪਿਛੈ ਪਛੁਤਾਇ॥ ਕਾਗਦਿ ਕਲਮ ਨ ਲਿਖਣਹਾਰੁ॥ ਮੰਨੇ ਕਾ ਬਹਿ ਕਰਨਿ ਵੀਚਾਰੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੨ 

ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥ ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੩ 

ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥ ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੪ 

ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੈ ਸਾਧਾਰੁ॥ ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੫ 

ਇਨ੍ਹਾਂ ਪੰਕਤੀਆਂ ਤੇ ਪਉੜੀਆਂ ਰਾਹੀਂ ਇਹੀ ਸਾਬਤ ਕੀਤਾ ਹੋਇਆ ਹੈ ਕਿ ਮਨੁੱਖਾ ਜੀਵਨ ਦਾ ਹਰੇਕ ਪਲ ਤੇ ਸੁਆਸ ਪ੍ਰਭੂ ਮਿਲਾਪ, ਜਨਮ ਮਰਣ ਵਾਲੇ ਗੇੜ੍ਹਾਂ `ਚੋਂ ਨਿਕਲਣ ਤੇ ਪ੍ਰਭੂ ਮਿਲਾਪ ਲਈ ਲਾਹੇਵੰਦ ਤੇ ਅਮੁਲਾ ਹੈ। ਇਹੀ ਇਕੱਲਾ ਜਨਮ ਤੇ ਜੂਨ ਹੋ ਜਦੋਂ ਜੀਵ ਆਪਣੀ ਸੰਭਾਲ ਕਰਣ ਤੇ ਆਪਣੇ ਅਸਲੇ `ਚ ਅਭੇਦ ਹੋਣ ਦੇ ਯੋਗ ਹੋ ਸਕਦਾ ਹੈ।

“ਨਾਨਕ ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ” -ਮਨੁੱਖਾ ਸਰੀਰ ਅੰਦਰਲੇ ਇਸੇ ‘ਮਨ’ `ਚ, ਜੀਵਨ ਦੇ ਸੁਆਸ ਸੁਆਸ ਰਾਹੀਂ ਹੋਣ ਵਾਲੇ ਬਦਲਾਵ ਤੇ ਉਸੇ ਦਾ ਨਤੀਜਾ ਸੀ, ਜਦੋਂ ਉਹੀ ਇਨਸਾਨ ਜਦੋਂ ਆਪਣੇ ਉਸੇ ਜੀਵਨ `ਚ ਇੱਕ ਤੋਂ ਬਾਅਦ ਇੱਕ, ਤਿੰਨ ਤਿੰਨ ਦੁਨਿਆਵੀ ਗੁਰੂ ਵੀ ਬਦਲ ਤੇ ਧਾਰਨ ਕਰ ਲੈਂਦਾ ਹੈ ਤਾਂ ਵੀ ਉਸ ਦਾ ਜੀਵਨ, ਜ਼ਿੰਦਗੀ ਦੇ ਸਿਧੇ ਰਾਹ ਨਹੀਂ ਮੁੜਦਾ।

ਫ਼ਿਰ ਜਦੋਂ ਉਹੀ ਇਨਸਾਨ, ਕਾਮਲ ਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ `ਚ ਆ ਜਾਂਦਾ ਹੈ ਤਾਂ ਉਹ ਇੱਕ ਤਾਂਤ੍ਰਿਕ ਤੇ ਮਾਮੂਲੀ ਬੈਰਾਗੀ ਜੀਵਨ ਤੋਂ ਉਭਰ ਕੇ ‘ਬਾਬਾ ਬੰਦਾ ਸਿੰਘ ਬਹਾਦੁਰ” ਹੋ ਨਿਪਟਦਾ ਹੈ। ਉਹ “ਬਾਬਾ ਬੰਦਾ ਸਿੰਘ ਬਹਾਦੁਰ” ਜੋ ਜ਼ਾਲਮਾਂ ਨੂੰ ਪਛਾੜ ਕੇ ਖਾਲਸਾ ਸਲਤਨਤ ਤੇ ਬਲਸ਼ਾਲੀ ਸਿੱਖ ਰਾਜ ਕਾਇਮ ਕਰ ਲੈਂਦਾ ਹੈ। ਉਹੀ ਬਾਬਾ ਬੰਦਾ ਸਿੰਘ ਬਹਾਦੁਰ ਜਿਸ ਦੀ ਗੁਰੂਦਰ `ਤੇ ਆਉਣ ਤੋਂ ਬਾਅਦ, ਗੁਰਬਾਣੀ ਨਾਲ ਘੜੀ ਜਾ ਚੁੱਕੀ ਮਜ਼ਬੂਤ ਆਤਮਕ ਅਵਸਥਾ ਨੂੰ ਵੱਡੇ ਤੋਂ ਵੱਡੇ ਤੇ ਘਿਨਾਉਣੇ ਜ਼ੁਲਮ ਵੀ ਨਹੀਂ ਡੋਲਾ ਸਕਦੇ।

ਇਸ ਤਰ੍ਹਾਂ ਫ਼ਿਰ ਇਹ ਸਾਖੀ ਭਾਵੇਂ ਕਿਸੇ ਸੱਜਨ ਠਗ ਤੋਂ ਕਿਸੇ ਮਾਨੁਖ ਤੱਲ-ਖਾਨੇ ਤੋਂ ਤਬਦੀਲ ਹੋਏ ਅਤੇ ਗੁਰਮੱਤ ਦੇ ਪ੍ਰਚਾਰਕ ਸਾਬਤ ਹੋਣ ਵਾਲੇ ਭਾਈ ਸੱਜਨ ਤੇ ਭਾਵੇਂ ਕੌਡਾ ਭੀਲ ਦੀ ਲੈ ਲਵੋ। ਉਪ੍ਰੰਤ ਭਾਈ ਮਨਸੁਖ, ਭਾਈ ਬਿਧੀ ਚੰਦ, ਭਾਈ ਕਲਿਆਣਾ ਜੀ, ਭਾਈ ਮੰਝ, ਭਾਈ ਲੰਗਾਹ ਜਾਂ ਅਜਿਹੀ ਕਿਸੇ ਵੀ ਅਜਿਹੀ ਹਸਤੀ ਦੀ ਸਾਖੀ ਲੈ ਲਵੋ। ਇਸ ਤੋਂ ਬਾਅਦ ਭਾਵੇਂ ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ, ਭਾਈ ਇਆਲਾ, ਭਾਈ ਸਤੀਦਾਸ, ਭਾਈ ਸ਼ਾਹਬਾਜ਼ ਸਿੰਘ ਸੁਬੇਗ ਸਿੰਘ, ਭਾਈ ਸੁਖਾ ਸਿੰਘ ਮਤਾਬ ਸਿੰਘ, ਛੋਟੇ ਤੇ ਵੱਡੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਜੀ ਸ਼ਹਾਦਤ ਤੋਂ ਪਹਿਲਾਂ ਸ਼ਹੀਦੀਆਂ ਪਾਉਣ ਵਾਲੇ ੭੬੦ ਜਾਨਬਾਜ਼ ਸ਼ਹੀਦ ਸਿੰਘ, ਉਪ੍ਰੰਤ ਅਣਗਿਣਤ ਸੂਰਮੇ ਤੇ ਬਹਾਦੁਰ ਸਿੰਘਾਂ ਤੇ ਸਿੰਘਣੀਆਂ ਦਾ ਇਤਿਹਾਸ। ਦਰਅਸਲ ਅਜਿਹੀਆਂ ਸਾਰੀਆਂ ਸਾਖੀਆਂ ਤੇ ਸ਼ਹਾਦਤਾਂ ਦਾ ਮੂਲ, ਉਨ੍ਹਾਂ ਦੇ ਸਰੀਰ ਵਿਚਲੇ ਮਨ `ਚ, ਗੁਰੂ ਗਿਆਨ ਤੇ ਕਰਤੇ ਦੀ ਬਖ਼ਸ਼ਿਸ ਨਾਲ ਹੋ ਚੁੱਕੀ ਤਬਦੀਲੀ ਅਤੇ ਉਨ੍ਹਾਂ ਦੇ ਜੀਵਨ ਵਿਚਲੇ ਬਾਕੀ ਰਹਿੰਦੇ ਸੁਆਸਾਂ ਦੀ ਸੰਭਾਲ `ਤੇ ਹੀ ਖੜਾ ਹੈ।

ਉਪ੍ਰੰਤ ਇਸ ਵਿਸ਼ੇ ਨਾਲ ਸਬੰਧਤ ਇਹੀ ਕੁੱਝ ਮਿਸਾਲਾਂ ਨਹੀਂ ਹਨ, ਬਲਕਿ ਅਜਿਹੇ ਮਰਜੀਵੜਿਆਂ ਤੇ ਸ਼ਹੀਦਾਂ ਦੀਆਂ ਮਿਸਾਲਾਂ ਦੇ ਨਾਲ ਤਾਂ ਅੱਜ ਤੱਕ ਦਾ ਸਿੱਖ ਇਤਿਹਾਸ ਭਰਿਆ ਪਿਆ ਹੈ। ਮਨੁੱਖ ਦੇ ਸਰੀਰ ਅੰਦਰਲਾ ਇਹੀ ‘ਮਨ’ ਹੈ ਜਿਸ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਅਤੇ ਜਿਸ ਰਾਹੀਂ ਇਸ ਮਨੁਖਾਂ ਜਨਮ ਦੀ ਸੰਭਾਲ ਲਈ ਤੋਂ ਤਨੁ ਮਨੁ ਥੀਵੈ ਹਰਿਆ” ਤੱਕ ਸਾਰੀ ਗੁਰਬਾਣੀ `ਚ ਸੇਧ ਹੈ।

“ਹਉਮੈ ਵਿਚਿ ਜਗੁ ਬਿਨਸਦਾ, ਮਰਿ ਜੰਮੈ ਆਵੈ ਜਾਇ” - ਫ਼ਿਰ ਮਨੁੱਖ ਦਾ ਸਰੀਰ ਵੀ ਇਹੀ ਹੁੰਦਾ ਹੈ ਇਸ ਵਿਚਲਾ ਮਨ ਵੀ ਇਹੀ ਹੁੰਦਾ ਹੈ। ਫ਼ਿਰ ਵੀ ਜਦੋਂ ਮਨੁੱਖ ਰਾਹੀਂ ਇਸਦੀ, ਇਸੇ ਮਨੁੱਖਾ ਜੂਨ ਤੇ ਇਸੇ ਜਨਮ ਦੌਰਾਨ ਇਸੇ ਮਨ ਦੀ, ਮਨਮਤੀ ਤੇ ਹਊਮੈ ਅਧੀਨ ਕੁਵਰਤੋਂ ਹੁੰਦੀ ਤਾਂ ਇਸ ਦੀ ਅਵਸਥਾ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮) ਵਾਲੀ ਬਣ ਜਾਂਦੀ ਹੈ। ਇਸ ਤਰ੍ਹਾਂ ਇਸੇ ਮਨ ਦੀ ਵਰਤੋਂ ਕਰਕੇ ਮਨੁੱਖ ਸਮਾਜਕ ਤੌਰ `ਤੇ ਬੇਸ਼ਕ ਚੰਗੇ ਤੇ ਧਾਰਮਿਕ ਕੰਮ ਪਿਆ ਕਰਦਾ ਹੋਵੇ, ਤਾਂ ਵੀ ਆਪਣੇ ਜੀਵਨ ਤੇ ਆਪਣੇ ਇਸ ਮਨ ਅੰਦਰ ਹਉਮੈ ਕਾਰਨ ਇਹ ਆਪਣੇ ਚੰਗੇ ਭਲੇ ਤੇ ਸੰਭਲਣ ਜੋਗ ਜੀਵਨ ਨੂੰ ਅਸਫ਼ਲ ਤੇ ਬਿਰਥਾ ਕਰਕੇ ਫ਼ਿਰ ਤੋੰ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ੍ਹਾਂ `ਚ ਫਸ ਜਾਂਦਾ ਹੈ।

ਨੌਂਵੇਂ ਪਾਤਸ਼ਾਹ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਹਨ। ਫ਼ੁਰਮਾਉਂਦੇ ਹਨ “ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨੁ” (ਪੰ: ੧੪੨੯)। ਇਥੋਂ ਤੱਕ ਵੀ ਕਿ “ਹਉਮੈ ਵਿਚਿ ਜਗੁ ਬਿਨਸਦਾ, ਮਰਿ ਜੰਮੈ ਆਵੈ ਜਾਇ॥ ਮਨਮੁਖ ਸਬਦੁ ਨ ਜਾਣਨੀ, ਜਾਸਨਿ ਪਤਿ ਗਵਾਇ” (ਪੰ: ੩੩)। ਇਸ ਤਰ੍ਹਾਂ ਮਨੁਖਾ ਜੀਵਨ `ਚ ਹਊਮੈ ਦੀ ਉਪਜ ਦਾ ਮੂਲ ਮਨੁੱਖ ਦਾ ਮਨਮਤੀ ਜੀਵਨ ਹੀ ਹੁੰਦਾ ਹੈ। ਇਸੇ ਹਉਮੈ ਤੋਂ ਹੀ ਮਨੁੱਖ ਦੇ ਜੀਵਨ ਅੰਦਰ, ਬਾਕੀ ਵਿਕਾਰਾਂ ਨੂੰ ਵੀ ਸਿਧਾ ਤੇ ਸੌਖਾ ਰਸਤਾ ਮਿਲ ਜਾਂਦਾ ਹੈ। ਇਸੇ ਤੋਂ ਇਹ ਮਨੁੱਖ ਜਿਸ ਦੇ ਜੀਵਨ ਅੰਦਰੋਂ ਬੜੀਆਂ-ਬੜੀਆਂ ਉਘੀਆਂ ਹਸਤੀਆਂ ਨੇ ਵੀ ਜਨਮ ਲੈਣਾ ਹੁੰਦਾ ਹੈ, ਇਸੇ ਹਉਮੈ ਦੇ ਪ੍ਰਵੇਸ਼ ਕਾਰਨ, ਉਹੀ ਮਨੁੱਖ ਵੱਡੇ ਤੋਂ ਵੱਡਾ ਜ਼ਾਲਮ, ਠਗ ਤੇ ਅਤਿ ਘਟੀਆ ਜੀਵਨ ਵਾਲਾ ਇਨਸਾਨ ਵੀ ਸਾਬਤ ਹੋ ਜਾਂਦਾ ਹੈ।

ਇਸ ਤਰ੍ਹਾਂ ਮਨੁੱਖਾ ਜਨਮ ਦੋਰਾਨ ਇਸ ਦੇ ਜੀਵਨ ਅੰਦਰਲੇ “ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ” (ਪੰ: ੪੬੧) ਅਥਵਾ “ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ” (ਪੰ: ੧੨੭) ਇਸ ਤਰ੍ਹਾਂ “ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ” (ਪੰ: ੧੧੧੦) ਅਥਵਾ “ਬਾਬਾ, ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ” (ਪੰ: ੧੧੦੪) ਹੋਰ “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ” (ਪੰ: ੪੦੬) ਪੁਨਾ “ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ॥ ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ” (ਪੰ: ੧੨੯੦) ਭਾਵ ਇਸ ਦੇ ਜੀਵਨ `ਚ ਇਸ ਦੇ ਘੜੀ ਘੜੀ ਤੇ ਸੁਆਸ ਸੁਆਸ ਨਾਲ ਇਸ ਦੇ ਇਸ ਦੁਰਲ਼ਭ ਤੇ ਅਮੁਲੇ ਮਨੁੱਖਾ ਜਨਮ ਦੇ ਹੋਣ ਵਾਲੇ ਲੇਖੇ-ਜੋਖੇ ਦਾ ਹੀ ਦੂਜਾ ਪੱਖ ਹੈ ਇਸ ਦੀ ਸੁਆਸ ਸੁਆਸ ਤੇ ਪਲ-ਪਲ ਦੀ ਸੰਭਾਲ। ਇਹੀ ਉਹ ਪੱਖ ਹੈ ਜਿਸ `ਤੇ ਇਸ ਦੁਰਲਭ ਤੇ ਅਮੁਲੇ ਮਨੁੱਖਾ ਜਨਮ ਦੀ ਸੰਭਾਲ ਅਥਵਾ ਬਰਬਾਦੀ ਤੇ ਤਬਾਹੀ, ਦੋਨਾਂ ਪੱਖਾਂ ਦਾ ਦਾਰੋਮਦਾਰ ਹੈ। # G0105-Is011.02.011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0105

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ ੧)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.