.

ਗੁਲਾਮ ਹਿੰਦੋਸਤਾਨ ਨੂੰ ਅਸਲੀ ਅਜ਼ਾਦੀ ਦਾ ਰਾਹ ਦਿਖਾਉਣ ਵਾਲੇ ਅਸਲੀ ਰਾਹਨੁਮਾ (ਪੱਥ ਪ੍ਰਦਰਸ਼ਕ) –ਗੁਰੂ ਨਾਨਕ ਸਾਹਿਬ ਜੀ।

ਰਾਮ ਸਿੰਘ, ਗ੍ਰੇਵਜ਼ੈਂਡ

ਗੁਲਾਮੀ ਦਾ ਜੀਵਨ ਜੀਉਣ ਵਾਲੇ ਭਾਵੇਂ ਬੜੇ ਬੜੇ ਮਹੱਲਾਂ ਵਿੱਚ ਰਹਿੰਦੇ ਹੋਣ, ਧੀਆਂ ਭੈਣਾਂ ਦੇ ਡੋਲੇ ਹੁਕਮਰਾਨਾਂ ਨੂੰ ਦੇ ਕੇ ਬੜੇ ਬੜੇ ਅਹੁਦਿਆਂ ਤੇ ਸੁਭਾਇਮਾਨ ਹੋਣ ਅਤੇ ਚੰਗੇ ਚੋਸੇ ਖਾਣੇ ਖਾਂਦੇ ਹੋਣ ਤੇ ਸ਼ਾਹਾਨਾਂ ਲਿਬਾਸ ਪਹਿਨਦੇ ਹੋਣ, ਉਨ੍ਹਾਂ ਦੇ ਜੀਵਨ ਦਾ ਕੰਡਿਆਲੀ ਝਾੜੀਆਂ ਵਿੱਚ ਰਹਿੰਦੇ ਮਸਤ ਲੰਗਰਾਂ ਦਾ ਸਵਾਦ ਮਾਨਣ ਅਤੇ ਟਾਕੀਆਂ ਨਾਲ ਨੰਗ ਢੱਕ ਕੇ ਅਪਣਾ ਹੀ ਨਹੀਂ ਹੋਰਨਾਂ ਦੇ ਜੀਵਨ ਨੂੰ ਅਜ਼ਾਦੀ ਨਾਲ ਜੀਉਣ ਲਈ ਸੀਨੇ ਵਿੱਚ ਤੜਫ ਰੱਖਣ ਵਾਲੇ ਅਣਖੀ ਦੂਲਿਆਂ ਦੇ ਜੀਵਨ ਦਾ ਹੈ ਕੋਈ ਮੁਕਾਵਲਾ? ਸ਼ਾਇਦ ਨਹੀਂ! ਕਿਉਂਕਿ ਪਹਿਲੀ ਸ਼੍ਰੇਣੀ ਖੁਦਗਰਜ਼ੀ, ਪਤਿ-ਹੀਣਤਾ, ਕਠੋਰਤਾ, ਬੇਰਹਿਮੀ, ਅਸਮਾਨਤਾ, ਅਸ਼ਾਂਤੀ, ਅਯੋਗ ਦਬਾ ਆਦਿ ਦਾ ਸ਼ਿਕਾਰ ਹੁੰਦੀ ਹੈ। ਜਦਿ ਕਿ ਦੂਜੀ ਸ਼੍ਰੇਣੀ ਸੱਚ ਦੀ ਉਪਾਸ਼ਕ ਹੁੰਦੀ ਹੈ ਅਤੇ ਸੱਚ ਲਈ ਮਰ ਮਿਟ ਸਕਦੀ ਹੈ, ਪਰ ਦਇਆ, ਸੰਤੋਖ, ਸਾਂਝੀਵਾਲਤਾ, ਨਿਡਰਤਾ, ਸੁਤੰਤਰਤਾ ਆਦਿ ਦਾ ਪੱਲਾ ਨਹੀਂ ਛੱਡਦੀ।
ਗੁਲਾਮੀ ਭੀ ਕਈ ਤਰਾਂ ਦੀ ਹੂੰਦੀ ਹੈ। ਬਾਹਰਲੇ ਦੇਸ ਦੀ ਗੁਲਾਮੀ, ਆਪਣੇ ਦੇਸ ਦੇ ਤੰਗ ਦਿਲ, ਨਾਅਹਿਲ, ਫਿਰਕੂ ਹੁਕਮਰਾਨਾਂ ਵਲੋਂ ਘੱਟ-ਗਿਣਤੀਆਂ ਲਈ ਗੁਲਾਮੀ, ਧਾਰਮਿਕ ਆਗੂਆਂ ਵਲੋਂ, ਆਪਣਾ ਹਲਵਾ ਮੰਡਾ (ਰੋਟੀਆਂ ਕਾਰਨ ਪੂਰਹਿ ਤਾਲ) ਰੇੜਣ ਲਈ ਭੋਲੀ ਭਾਲੀ ਜੰਤਾ ਨੂੰ ਵਹਿਮਾਂ ਭਰਮਾਂ ਵਿੱਚ ਪਾਈ ਗੁਲਾਮੀ ਆਦਿ। ਹਿੰਦੋਸਤਾਨ ਦੀ ਬਹੁਤ ਪੁਰਾਣੇ ਕਈ ਬਾਹਰਲੇ ਹਮਲਾਆਵਰਾਂ ਵਲੋਂ ਗੁਲਾਮੀ ਨੂੰ ਛੱਡ ਕੇ ਮੁਹੰਮਦ ਬਿਨ ਕਾਸਿਮ ਦੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੱਕ ਦੀ ਬਾਹਰਲੇ ਪਠਾਣਾਂ ਤੇ ਮੁਗਲਾਂ ਅਤੇ ਦੇਸੀ ਤੇ ਬਦੇਸੀ ਧਾਰਮਿਕ ਆਗੂਆਂ ਵਲੋਂ ਹਿੰਦੋਸਤਾਨੀਆਂ ਦੀ ਗੁਲਾਮੀ ਐਸੀ ਦਿਲ-ਚੀਰਵੀਂ ਦਾਸਤਾਨ ਹੈ ਜੋ ਅੱਜ ਦੇ ਉੱਸ ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਹਿੰਦੋਸਤਾਨ ਵਿੱਚ ਹੰਢਾਣੀ ਪੈ ਰਹੀ ਹੈ, ਜਿੱਸ ਗੁਰੂ ਸਾਹਿਬ ਜੀ ਨੇ ਹਿੰਦੋਸਤਾਨੀਆਂ ਨੂੰ ਐਸੀ ਹਰ ਤਰਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸਿਰਫ ਸਬਕ ਹੀ ਨਹੀਂ ਦਿੱਤਾ, ਸਗੋਂ ਆਪ ਅੱਗੇ ਹੋ ਕੇ ਰਾਹ ਵੀ ਦੱਸਿਆ ਕਿ ਕਿੱਸ ਤਰਾਂ ਐਸੀਆਂ ਹਰ ਤਰਾਂ ਦੀਆਂ ਗੁਲਾਮੀਆਂ ਭਾਵ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਮ ਜੰਤਾ ਜੋ ਇੱਕ ਕਿਸਮ ਦੇ ਖਾਬ (ਭਾਵ ਸੁਪਨੇ) ਵਿੱਚ ਸੁੱਤੀ ਪਈ ਸੀ ਕਿਵੇਂ ਉੱਸ ਨੂੰ ਖਾਬ ਵਿੱਚੋਂ ਜਗਾਇਆ, ਉਸ ਤੋਂ ਪਹਿਲਾਂ ਉਸ ਸਮੇਂ ਦੀ ਹਾਲਤ ਨੂੰ ਜਾਨਣਾਂ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਆਪ ਅਪਣੀ ਅੱਖੀਂ-ਦੇਖੀ ਰਾਜ-ਸੱਤਾ, ਪ੍ਰਾਧੀਨ ਪਰਜਾ, ਪਰਜਾ ਦੀ ਹਰ ਸ਼੍ਰੇਣੀ ਬ੍ਰਾਹਮਣਾਂ, ਖੱਤਰੀਆਂ, ਜੋਗੀਆਂ, ਜੈਨੀਆਂ ਤੇ ਮੁਸਲਮਾਨਾਂ ਦੀ ਦਸ਼ਾ, ਧਰਮ ਤੇ ਅਧਰਮ ਦੀ ਦਸ਼ਾ, ਧਰਮ-ਅਸਥਾਨਾਂ ਦੀ ਦੁਰਦਸ਼ਾ, ਕੌਮੀ ਜ਼ਮੀਰ ਤੇ ਕੌਮੀ ਅਣਖ ਦੀ ਦਸ਼ਾ ਅਤੇ ਮਾਤ ਭਾਸ਼ਾ ਦੀ ਦਸ਼ਾ ਦਾ ਭਰਪੂਰ ਪਰ ਬੜੀ ਨਿਡਰਤਾ ਨਾਲ ਆਪਣੀ ਬਾਣੀ ਵਿੱਚ ਚਿਤਰ ਉਲੀਕਿਆ ਹੈ।
ਰਾਜ ਸੱਤਾ ਦੀ ਦਸ਼ਾ:- ਰਾਜੇ ਸੀਹ ਮੁਕੱਦਮ ਕੱਤੇ॥ ਜਾਇ ਜਗਾਇਨਿ ਬੈਠੇ ਸੁੱਤੇ॥ --- ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥ (ਪੰਨਾ ੧੪੨)
ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥ (ਪੰਨਾ ੧੪੫)
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ (ਪੰ. ੪੬੮)

ਪ੍ਰਾਧੀਨ ਪਰਜਾ ਦੀ ਦਸ਼ਾ:- ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਪੰਨਾ ੪੬੯) ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ ੧੪੨)
ਬ੍ਰਾਹਮਣ:- ਗਿਅਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥ –ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗਲ ਸਮਾਧੰ॥ (ਪੰਨਾ ੪੭੦) ਛੁਰੀ ਵਗਾਇਨਿ ਤਿਨ ਗਲਿ ਤਾਗ॥ (ਪੰਨਾ ੪੭੧)
ਖੱਤਰੀ:- ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ॥ (ਪੰ. ੬੬੩)
ਜੋਗੀ:- ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥ ----ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ -----ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ (ਪੰਨਾ ੬੬੨)
ਮੁਸਲਮਾਨ:- ਮੁਸਲਮਾਣੁ ਕਹਾਵਨੁ ਮੁਸਕਲ ਜਾ ਹੋਇ ਤਾ ਮੁਸਲਮਾਨ ਕਹਾਵੈ॥ (ਪੰ. ੫੬੭)
ਮਾਣਸ ਖਾਣੇ ਕਰਹਿ ਨਿਵਾਜ॥ (ਪੰਨਾ ੪੭੧)

ਕੌਮੀ ਜ਼ਮੀਰ ਤੇ ਅਣਖ ਦੀ ਦਸ਼ਾ:- ਗਊ ਬਿਰਾਹਮਣ ਕਉ ਕਰੁ ਲਾਵਹੁ … …. . ਅੰਤਰਿ ਪੂਜਾ ਪੜਿਹ ਕਤੇਬਾ ਸੰਜਮ ਤੁਰਕਾ ਭਾਈ॥ —ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣਿ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ (ਪੰਨਾ ੪੭੨) ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ (ਪੰਨਾ ੪੭੧) ਆਦਿ।
ਸਰਮ ਤੇ ਧਰਮ ਦੀ ਦਸ਼ਾ:- ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ (ਪੰਨਾ ੪੭੧) ਸਰਮੁ ਧਰਮੁ ਦੋਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ … … ਅਗਦੁ ਪੜੈ ਸੈਤਾਨੁ ਵੇ ਲਾਲੋ॥ (ਪੰਨਾ ੭੨੨) ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ … … ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥ (ਪੰਨਾ ੧੨੪੨)
ਧਰਮ ਅਸਥਾਨਾਂ ਦੀ ਦਸ਼ਾ:-
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ (ਪੰਨਾ ੬੬੨)
ਮਾਤ ਭਾਸ਼ਾ ਦੀ ਦਸ਼ਾ:- ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰੁ ਤੁਮਾਰੀ॥ (ਪੰਨਾ ੧੧੯੧)
ਐਡੇ ਬੜੇ ਦੇਸ ਦੀ ਐਡੀ ਬੜੀ ਆਬਾਦੀ ਪਰ ਸੈਂਕੜੇ ਸਾਲਾਂ ਤੋਂ ਦੇਸ ਵਾਸੀਆਂ ਦੀ ਅਣਖ ਤੇ ਗੈਰਤ ਖਤਮ ਹੋ ਚੁੱਕੀ ਸੀ ਭਾਵ ਮਰ ਚੁੱਕੀ ਸੀ। ਕਿਸੇ ਵਿੱਚ ਕਿਸੇ ਤਰਾਂ ਦਾ ਬਲਵਾਨ ਕਦਮ ਚੁੱਕਣ ਦੀ ਹਿੰਮਤ ਨਹੀਂ ਸੀ, ਸਗੋਂ ਲਾਲਚ ਵੱਸ ਹੋ ਕੇ ਬਦੇਸੀ ਹਾਕਮਾਂ ਦਾ ਦਬਾ ਸਵੀਕਾਰ ਕਰ ਰਹੇ ਸੀ। ਧਰਮ ਅਸਥਾਨਾਂ ਦੀ ਪਵਿਤਰਤਾ ਨੂੰ ਸਥਿਰ ਰੱਖਣ ਦੇ ਅਸਮਰਥ ਹੋਣ ਦੇ ਨਾਲ ਨਾਲ ਮਾਤ ਬੋਲੀ ਦਾ ਤਿਆਗ ਕਰਕੇ ਗੈਰ ਬੋਲੀ ਨੂੰ ਅਪਨਾਉਣ ਵਿੱਚ ਫਖਰ ਮਹਿਸੂਸ ਕਰ ਰਹੇ ਸਨ ਅਤੇ ਅਪਣੀ ਪੁਸ਼ਾਕ ਦੀ ਥਾਂ ਬਦੇਸੀ ਪੁਸ਼ਾਕ ਨੂੰ ਚੰਗਾ ਹੀ ਨਹੀਂ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਅੰਦਰ ਖਾਤੇ ਭਾਰਤੀ ਧਰਮ ਗ੍ਰੰਥਾਂ ਦੀ ਪੂਜਾ ਕੀਤੀ ਜਾਂਦੀ ਸੀ ਪਰ ਬਾਹਰੋਂ ਮੁਸਲਮਾਨੀ ਧਾਰਮਿਕ ਪੁਸਤਕਾਂ ਦਾ ਸਤਿਕਾਰ ਕਰਨਾ ਹੀ ਨਹੀਂ ਉਨ੍ਹਾਂ ਵਿੱਚੋਂ ਪਰਮਾਣ ਦੇਣੇ ਮਾਣ ਤੇ ਵਿਦਵਿਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਸੀ। ਉੱਧਰ ਹਾਕਮ ਸ਼੍ਰੇਣੀ ਨਸ਼ਈ ਤੇ ਵੇਸਵਾ-ਗਾਮੀ ਹੋ ਚੁੱਕੀ ਸੀ। ਰਿਸ਼ਵਤ ਅਤੇ ਅਨਿਆਂ ਦਾ ਬੋਲ ਬਾਲਾ ਸੀ। ਧਰਮ ਵਾਲੇ ਪਾਸੇ ਭਰਮਾਂ, ਵਹਿਮਾਂ, ਪਾਖੰਡ ਅਤੇ ਪਾਪ ਦਾ ਖੂਬ ਪਸਾਰਾ ਸੀ। ਐਸੀ ਹਰ ਤਰਾਂ ਦੀ ਦੁਰਦਸ਼ਾ ਵਿੱਚੋਂ ਕੱਢਣ ਲਈ ਕੋਈ ਭੀ ਨਜ਼ਰ ਨਹੀਂ ਆ ਰਿਹਾ ਸੀ, ਸਗੋਂ ਯੋਗ ਅਤੇ ਕਾਬਲ ਧਾਰਮਿਕ ਆਗੂ ਸੰਸਾਰ ਨੂੰ ਛੱਡ ਕੇ ਜੰਗਲਾਂ, ਪਹਾੜਾਂ ਤੇ ਮਠਾਂ ਵਿੱਚ ਜਾ ਵਸੇ ਸਨ। ਪੜ੍ਹੇ ਲਿਖੇ ਹਿੰਦੂ ਬੁੱਧੀਵਾਨ ਹਾਕਮ ਸ਼੍ਰੇਣੀ ਦਾ ਹੱਥ-ਠੋਕਾ ਇਸ ਤਰਾਂ ਬਣ ਚੁੱਕੇ ਸਨ ਜਿੱਸ ਤਰਾਂ ਸਿਖਾਲੇ ਹੋਏ ਬਾਜ ਤੇ ਹਿਰਨ ਅਪਣਿਆਂ ਨੂੰ ਫਹਾਉਣ ਵਿੱਚ ਸ਼ਿਕਾਰੀ ਦੀ ਮਦਦ ਕਰਦੇ ਹਨ। ਬਾਅਦ ਵਿੱਚ ਇਹ ਲੋਕ ਹਾਕਮਾਂ ਨੂੰ ਪ੍ਰਸੰਨ ਰੱਖਣ ਲਈ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਤੱਕ ਹਾਕਮਾਂ ਨੂੰ ਦੇਣ ਲੱਗ ਪਏ। ਇਸ ਸਾਰੇ ਦਾ ਭਾਵ ਇਹ ਕਿ ਹਕੂਮਤ ਦੇ ਭੈ ਤੇ ਜ਼ੁਲਮ ਨੇ ਦੇਸ-ਵਾਸੀਆਂ ਨੂੰ ਇੰਨਾਂ ਡਰਾ ਅਤੇ ਧਮਕਾ ਦਿੱਤਾ ਸੀ ਕਿ ਉਨ੍ਹਾਂ ਦੀ ਮਰਦਾਨਗੀ ਬੇਬਸੀ ਦਾ ਰੂਪ ਧਾਰ ਗਈ ਸੀ। ਹੋਰ ਤਾਂ ਹੋਰ, ਹਿੰਦੋਸਤਾਨੀ ਅਪਣੀ ਸ਼ਕਲ ਸੂਰਤ ਵਿੱਚ ਵੀ ਨਹੀਂ ਰਹਿ ਸਕਦੇ ਸਨ, ਸ਼ਾਹੀ ਹੁਕਮ ਅਨੁਸਾਰ ਉਨ੍ਹਾਂ ਦੇ ਸਿਰ ਮੂੰਹ ਮੁੰਨ ਦਿੱਤੇ ਜਾਂਦੇ ਜਾ ਕਤਲ ਕਰ ਦਿੱਤੇ ਜਾਂਦੇ। ਜਾਨ ਬਚਾਉਣ ਲਈ ਲੋਕਾ ਨੇ ਅਪਣੇ ਸਿਰ ਮੂੰਹ ਮੁਨਾ ਦਿੱਤੇ, ਭਾਵ ਕੁਦਰਤ ਵਲੋਂ ਦਿੱਤੀ ਸ਼ਕਲ ਵੀ ਵਿਗਾੜ ਦਿੱਤੀ। ਇਸ ਅਸਲੀ ਇਨਸਾਨੀ ਸ਼ਕਲ ਨੂੰ ਕੇਸ ਕੱਟ ਕੇ ਤੇ ਦਾੜ੍ਹੀ ਮੁਨਾ ਕੇ ਵਗਿਾੜਨਾ ਜੇ ਉਸ ਸਮੇਂ ਗੁਲਾਮੀ ਤੇ ਬੁਜ਼ਦਿਲੀ ਦੀ ਨਿਸ਼ਾਨੀ ਸੀ ਤਾਂ ਹੁਣ ਵੀ ਗੁਲਾਮੀ, ਬੁਜ਼ਦਿਲੀ, ਕਮਜ਼ੋਰੀ, ਹਾਂ ਜੀ ਕਮਜ਼ੋਰੀੌ, ਹੀਣਤਾ ਆਦਿ ਦੀ ਸਿੱਧੀ ਨਿਸ਼ਾਨੀ ਹੈ, ਜੋ ਸਾਰੇ ਹਿੰਦੋਸਤਾਨੀਆਂ ਲਈ ਆਮ ਕਰਕੇ ਤੇ ਸਿੱਖ ਘਰਾਣਿਆਂ ਵਿੱਚ ਪੈਦਾ ਹੋਏ ਨੌਜਵਾਨਾਂ ਲਈ ਖਾਸ ਕਰਕੇ ਬੜੀ ਵੰਗਾਰ ਹੈ।
ਅਜਿਹੀ ਦੁਰਦਸ਼ਾ ਵਿੱਚੋਂ ਕੱਢਣ ਲਈ ਕੋਈ ਕਦਮ ਚੁੱਕਣਾ ਇੱਕ ਕਿਸਮ ਦਾ ਆਪਣਾ ਤੇ ਆਪਣੇ ਪਰਵਾਰ ਦਾ ਘਾਣ ਬਚਾ ਪੀੜੇ ਜਾਣ ਵਾਲਾ ਕਦਮ ਸੀ। ਐਸੇ ਡਰ ਅਤੇ ਸਹਿਮ ਕਰਕੇ ਉਸ ਵੇਲੇ ਸਾਰੇ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿੱਚੋਂ ਕੋਈ ਵੀ ਮਹਾਤਮਾ, ਰਿਸ਼ੀ, ਮੁਨੀ ਸਵਾਮੀ ਆਦਿ ਹਿੰਦੋਸਤਾਨੀਆਂ ਦੀ ਬਾਂਹ ਫੜਨ ਨੂੰ ਅੱਗੇ ਨਾ ਆਇਆ। ਆਖਰ ਅਨੰਤ ਕਲਾ ਦੇ ਮਾਲਕ ਮਰਦੇ ਕਾਮਲ ਤੇ ਮਰਦੇ ਕਮਾਲ ਧੁਰੋਂ ਥਾਪੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਜਲਦੀ ਬਲਦੀ ਦੁਨੀਆਂ ਨੂੰ ਠਾਰਨ ਅਤੇ ਸਿੱਧੇ ਰਾਹੇ ਪਾਉਣ ਲਈ ਪ੍ਰਗਟ ਹੋਏ, ਜਿਨ੍ਹਾਂ ਨੇ ਬਾਲ ਬਿਵਸਥਾ ਤੋਂ ਹੀ ਪੈਰ ਪੈਰ ਤੇ ਸ੍ਹਾਮਣੇ ਆਂਉਦੀ ਹਰ ਗਲਤ ਅਦਾ ਤੇ ਸੋਚ ਨੂੰ ਸਹੀ ਦਿਸ਼ਾ ਦੇਣ ਦੀ ਐਸੀ ਵੰਗਾਰ ਪਾਉਣੀ ਸ਼ੁਰੂ ਕੀਤੀ ਕਿ ਬਹੁਤ ਕੁਛ ਸੁਧਰਨਾ ਸ਼ੁਰੂ ਹੋ ਗਿਆ। ਪਰ ਇਹ ਕੋਈ ਸੌਖਾ ਕੰਮ ਨਹੀਂ ਸੀ, ਕਿਉਂਕਿ ਹਾਕਮਾਂ ਨੂੰ ਵੰਗਾਂਰ ਸਮੇਂ ਜੋ ਗੁਰੂ ਸਾਹਿਬ ਜੀ ਨੇ ਹੌਂਸਲਾ, ਅਣਖ ਤੇ ਗੈਰਤ ਦਾ ਪ੍ਰਗਟਾਵਾ ਕੀਤਾ ਉਸ ਵਾਸਤੇ ਉਨ੍ਹਾਂ ਨੂੰ ਕਾਫੀ ਤਕਲੀਫਾਂ ਕਸ਼ਟ ਤੇ ਮੁਸੀਬਤਾਂ ਹੀ ਨਹੀਂ ਝਲਣੀਆਂ ਪਈਆਂ ਜੇਲ੍ਹ ਵੀ ਜਾਣਾ ਪਿਆ ਪਰ ਜਾਵਰਾਂ, ਜਰਵਾਣਿਆਂ ਦੀ ਗੁਲਾਮੀ ਪ੍ਰਵਾਨ ਨਹੀਂ ਕੀਤੀ। ਇਹ ਸੱਭ ਕੁੱਛ ਗੁਰੂ ਸਾਹਿਬ ਜੀ ਨੇ ਇਸ ਕਰਕੇ ਕੀਤਾ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਰੱਬ ਜੀ ਦੀ ਸਮੁੱਚੀ ਖਲਕਤ ਲਈ ਦਿਲੋਂ ਪਿਆਰ ਸੀ, ਕੋਈ ਦਿਖਾਵਾ ਨਹੀਂ ਸੀ ਅਤੇ ਉਨ੍ਹਾਂ ਨੂੰ ਕੂੜ ਤੇ ਅਨਿਆਂ ਬਿਲਕੁੱਲ ਹੀ ਪਸੰਦ ਨਹੀਂ ਸੀ, ਜੰਤਾ ਵੀ ਇਸ ਕੂੜ ਤੇ ਅਨਿਆਂ ਦੀ ਸਥਿਤੀ ਤੋਂ ਬਹੁਤ ਦੁਖੀ ਸੀ। ਮਨੁੱਖਤਾ ਦੀ ਪੀੜਾ ਨੂੰ ਵੰਡਾਉਣ ਤੇ ਹਰਨ ਵਾਸਤੇ ਹੀ ਗੁਰੂ ਜੀ ਨੇ ਧਰਤਿ ਲੁਕਾਈ ਨੂੰ ਸੋਧਣ ਦਾ ਨਿਰਣਾ ਕੀਤਾ ਸੀ ਤੇ ਸਿਰਫ ਦੇਸ ਦਾ ਰਟਨ ਹੀ ਨਹੀਂ ਦੂਰ ਦੁਰਾਡੇ ਦੇਸਾਂ ਦਾ ਰਟਨ ਭੀ ਧਰਤਿ ਲੁਕਾਈ ਨੂੰ ਸੱਚ ਨਾਲ ਜੋੜਨ ਲਈ ਕੀਤਾ ਭਾਵੇਂ ਕਈ ਤਰਾਂ ਦੇ ਕਸ਼ਟ ਵੀ ਸਹਿਣੇ ਪਏ।
ਜੋ ਗੁਰੂ ਸਾਹਿਬ ਜੀ ਨੇ ਗੁਲਮੀ ਨਾਲ ਨਿਢਾਲ ਹੋਏ ਅਤੇ ਉਸ ਰਾਹੀਂ ਲਾਚਾਰਗੀ ਦੀ ਗੂੜ੍ਹੀ ਨੀਂਦ ਵਿੱਚ ਸੁੱਤੇ ਹਿੰਦੋਸਤਾਨੀਆਂ ਲਈ ਕੀਤਾ, ਉਹ ਲਾਮਿਸਾਲ ਹੈ, ਉਸ ਤਰਾਂ ਨਾ ਕੋਈ ਹਾਲੇ ਤੱਕ ਕਰ ਸਕਿਆ ਹੈ ਨਾ ਕੋਈ ਕਰ ਸਕੇਗਾ। ਗੁਰੂ ਸਾਹਿਬ ਜੀ ਦੀ ਐਸੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਮੁਹੰਮਦ ਇਕਬਾਲ ਨੇ ਬੜੇ ਜਲਾਲ ਵਿੱਚ ਆ ਕੇ ਕਿਹਾ ਸੀ ਕਿ ਇੱਕ ਮਰਦੇ ਕਾਮਲ ਨੇ ਹਿੰਦੋਸਤਾਨ ਨੂੰ ਗੂੜ੍ਹੀ ਨੀਂਦ ਵਿੱਚੋਂ ਜਗਾ ਦਿੱਤਾ ਹੈ ਤੇ ਰੱਬ ਜੀ ਨਾਲ ਜੋੜ ਦਿੱਤਾ ਹੈ, ਭਾਵ ਨਿਡਰ ਬਣਾ ਦਿੱਤਾ ਹੈ। ਸੋ ਨਿਡਰ ਹੋ ਕੇ ਅਣਖ ਤੇ ਗੈਰਤ ਨਾਲ ਆਜ਼ਾਦੀ ਦਾ ਜੀਵਨ ਜੀਉਣ ਲਈ ਜਦ ਗੁਰੂ ਸਾਹਿਬ ਜੀ ਨੇ ਸਾਹਸਹੀਨ ਹੋਈ ਲੁਕਾਈ ਨੂੰ ਵੰਗਾਰ ਪਾਈ ਤਾਂ ਸੱਭ ਤੋਂ ਪਹਿਲਾਂ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਪੰ. ੧੪੨) ਵਾਲੇ ਜੀਵਨ ਵਿੱਚੋਂ ਨਿਕਲਨ ਲਈ “ਜਉ ਤਉ ਪਰੇਮ ਖੇਲਨ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥” (ਪੰਨਾ ੧੪੧੨) ਅਨੁਸਾਰ, ਅਜ਼ਾਦਾਨਾਂ ਜੀਵਨ ਜੀਉਣ ਦੇ ਹੱਕਾਂ ਦੀ ਪ੍ਰਾਪਤੀ ਲਈ ਸਾਹਸ ਤੇ ਦਲੇਰੀ ਨਾਲ, ਭਾਵ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਕੇ ਮੈਦਾਨ ਵਿੱਚ ਆਉਣਾ ਹੋਵੇਗਾ। ਇਸ ਵੰਗਾਰ ਦਾ ਅਸਰ ਹੋਣਾਂ ਸ਼ੁਰੂ ਹੋਇਆ। ਲੁਕਾਈ ਦੇ ਲਹੂ-ਚੂਸ ਮਲਕ ਭਾਗੋ ਨੂੰ ਪਾਈ ਫਿਟਕਾਰ ਨੇ ਲੋਕਾਂ ਵਿੱਚ ਕਾਫੀ ਹੌਸਲਾ ਭਰ ਦਿੱਤਾ। ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਅਜ਼ਾਦ ਤੌਰ ਤੇ ਰੱਬ ਜੀ ਦੀ ਸਿਫਤ ਸਲਾਹ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਪਰ ਸੱਜਣ ਠੱਗ ਵਰਗਿਆਂ ਦਾ ਪੋਲ ਖੁਲਣ ਤੇ ਅਜ਼ਾਦੀ ਨਾਲ ਅਪਣੇ ਅਪਣੇ ਤਰੀਕੇ ਨਾਲ ਪੂਜਾ ਪਾਠ ਕਰਨ ਦੇ ਸਾਹਸ ਨੇ ਲੋਕਾਂ ਵਿੱਚ ਕਾਫੀ ਨਿਡਰਤਾ ਭਰ ਦਿੱਤੀ।
ਪਰ ਜਿਸ ਖਾਸ ਕਦਮ ਨੇ ਹਿੰਦੋਸਤਾਨੀ ਜੰਤਾ ਨੂੰ ਜਗਾਇਆ ਉਹ ਸੀ ਗੁਰੂ ਜੀ ਦੇ ਸੱਚੇ ਪਾਤਿਸ਼ਾਹ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਰਾਜ-ਸੱਤਾ ਦੀਆਂ ਜ਼ਿਆਦਤੀਆਂ ਦਾ ਨਿਧੜਕ ਹੋ ਕੇ ਖੰਡਨ ਕਰਨ ਦਾ ਕਦਮ। ਗੁਰੂ ਜੀ ਵਲੋਂ ਲਾਈ ਅਧਿਆਤਮਕ ਚਿਣਗ ਨੇ ਸੰਗਤੀ ਰੂਪ ਵਿੱਚ ਸੰਗਤ ਤੇ ਪੰਗਤ ਦਾ ਅਨੰਦ ਮਾਣ ਰਹੇ ਲੋਕਾਂ ਨੂੰ ਸਮਾਜਕ ਅਤੇ ਰਾਜਨੀਤਕ ਤੌਰ ਤੇ ਵੀ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਅੱਜ ਜਿਨ੍ਹਾਂ ਇਨਸਾਨੀ ਹੱਕਾਂ ਲਈ ਯੂ. ਐਨ. ਓ. ਬੜੇ ਜ਼ੋਰ ਸ਼ੋਰ ਨਾਲ ਗੱਲ ਕਰਦੀ ਹੈ ਉੱਸ ਦੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਦੁਨੀਆਂ ਵਿੱਚ ਫਿਰ ਕੇ ਅਤੇ ਅਮਲੀ ਰੂਪ ਵਿੱਚ ਸੰਗਤ ਅਤੇ ਪੰਗਤ ਰਾਹੀਂ ਸੋਲਵੀਂ ਸਦੀ ਵਿੱਚ ਬੁਲੰਦ ਆਵਾਜ਼ ਦੇ ਕੇ ਹਿੰਦੋਸਤਾਨ ਦੀ ਆਜ਼ਾਦੀ ਦੀ ਨੀਂਹ ਰੱਖ ਦਿੱਤੀ ਅਤੇ ਨੌ ਜਾਮੇ ਹੋਰ ਧਾਰ ਕੇ ਆਖਰ ਐਸੀ ਕੌਮ ਪੈਦਾ ਕਰ ਦਿੱਤੀ ਜਿੱਸ ਨੇ ਪਹਿਲਾਂ ਮੁਗਲਾਂ ਤੋਂ ਰਾਜ ਖੋਹ ਕੇ ਆਪਣਾ ਰਾਜ ਕਾਇਮ ਕਰ ਲਿਆ ਅਤੇ ਫਿਰ ਹਿੰਦੋਸਤਾਨੀ ਜ਼ਹਿਨੀਅਤ ਦੁਆਰਾ ਕੀਤੇ ਗਏ ਵਿਸਾਹ-ਘਾਤ ਦੀ ਬਦੌਲਤ ਉਸ ਰਾਜ ਦੇ ਖੁੱਸ ਜਾਣ ਬਾਅਦ ਸਾਰੇ ਹਿੰਦੋਸਤਾਨ ਦੀ ਆਜ਼ਾਦੀ ਲਈ ਜੋ ਹਿੱਸਾ ਪਾਇਆ ਉਹ ਬੇਮਿਸਾਲ ਹੈ ਭਾਵੇਂ ਉੱਸ ਦਾ ਮੁੱਲ ਉਲਟੀ ਗੁਲਾਮੀ ਵਿੱਚ ਮਿਲਿਆ। ਇਹ ਹੀ ਨਹੀਂ ਗੁਰੂ ਸਾਹਿਬ ਜੀ ਦੀ ਜਿੱਸ ਹਰ ਤਰਾਂ ਦੀ ਆਜ਼ਾਦੀ ਦੀ ਸੋਚ ਨੇ ਕਦੇ ਦੇਸ-ਵਾਸੀਆਂ ਨੂੰ ਬਾਬਰ ਦੀ ਜੇਲ੍ਹ ਵਿੱਚੋਂ ਛਡਾਇਆ, ਕਦੇ ਗਊ ਤੇ ਕਰ ਅਤੇ ਜਜ਼ੀਏ ਤੋਂ ਰਾਹਤ ਦੁਆਈ, ਕਦੇ ਗਵਾਲੀਅਰ ਦੇ ਕਿਲੇ ਵਿੱਚੋਂ ਸਮੁੱਚੇ ਦੇਸ ਭਰ ਦੇ ਰਾਜਿਆਂ ਨੂੰ ਅਜ਼ਾਦ ਕਰਵਾਇਆ, ਕਦੇ ਤਿਲਕ ਜੰਜੂ ਲਈ ਕੁਰਬਾਨੀ ਦਿੱਤੀ, ਕਦੇ ਦੇਸ ਦੀ ਲੁੱਟੀ ਜਾਂਦੀ ਇੱਜ਼ਤ (ਬਹੂ ਬੇਟੀਆਂ) ਨੂੰ ਜਾਨਾਂ ਹੂਲ ਕੇ ਬਚਾਇਆ। ਇਸ ਸੱਭ ਕੁੱਛ ਲਈ ਚਾਰ ਲਫਜ਼ ਲਿਖਣੇ ਜਾ ਕਿਸੇ ਸਟੇਜ ਤੋਂ ਕਹਿਣੇ ਤਾਂ ਇੱਕ ਪਾਸੇ ਸਗੋਂ ਇਨ੍ਹਂ, (ਮਿਥਿਹਾਸਿਕ ਨਹੀਂ), ਨਰੋਲ ਇਤਿਹਾਸਿਕ ਤੱਥਾਂ ਨੂੰ ਤਰੋੜ ਮਰੋੜ ਕੇ ਲਿਖਿਆ ਜਾ ਰਿਹਾ ਹੈ ਤੇ ਹਿੰਦੋਸਤਾਨ ਨੂੰ ਹਰ ਪੱਖੋਂ ਠੀਕ ਸੇਧ ਦੇਣ ਵਾਲੇ ਮਹਾਨ ਗੁਰੂ ਸਾਹਿਬਾਨ ਨੂੰ ਬੇਤਾਲੇ, ਡਾਕੂ, ਕੁਰਾਹੇ ਪਏ ਦੇਸਭਗਤ ਆਦਿ ਕਹਿਣ ਦਾ ਹੀਆ ਤੱਕ ਕਰਨ ਲਈ ਮਜਬੂਰ ਹਨ। ਗੁਰੂ ਸਾਹਿਬ ਜੀ ਨੂੰ ਕੁਰਾਹੇ ਪਿਆ ਦੇਸਭਗਤ ਉਹ ਬੰਦਾ ਕਹਿ ਰਿਹਾ ਹੈ ਜੋ ਸਮਝਦਾ ਹੈ ਕਿ ਹਿੰਦੋਸਤਾਨ ਨੂੰ ਆਜ਼ਾਦੀ ਸਿਰਫ ਚਰਖੇ ਦੀ ਗੂੰਜ ਤੇ ਇੱਕ ਦੋ ਲੂਣ ਆਦਿ ਲਈ ਮਾਰਚਾਂ ਕਰਕੇ ਤੇ ਜੇ ਜੇਲ੍ਹ ਜਾਣਾ ਪਿਆ ਤਾਂ ਉੱਥੇ ਏ ਕਲਾਸ ਵਿੱਚ ਰਹਿ ਕੇ ਹੀ, ਮਿਲ ਗਈ ਹੈ, ਜਦਿ ਕਿ ਉਸ ਗੁਰੂ ਸਾਹਿਬ ਨੇ ਹਿੰਦੋਸਤਾਨ ਨੂੰ ਆਜ਼ਾਦ ਦੇਸ ਦੇ ਰੂਪ ਵਿੱਚ ਪੱਕੇ ਪੈਰਾਂ ਤੇ ਖੜਾ ਕਰਨ ਲਈ ਸਣੇ ਪ੍ਰਵਾਰ ਆਪਣਾ ਸੱਭ ਕੁਛ ਵਾਰ ਦਿੱਤਾ ਅਤੇ ਉਸ ਮਹਾਨ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਅਕਹਿ ਤੇ ਅਸਹਿ ਕਸ਼ਟ ਸਹਿ ਕੇ ਦੇਸ ਲਈ ਉਹ ਕੁਛ ਕੀਤਾ ਜੋ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਇਸ ਦੇ ਉਲਟ ਜਿਨ੍ਹਾਂ ਲੋਕਾਂ ਦੀ ਦੇਸ ਨੂੰ ਪਾਂ ਪਾਸਕ ਵੀ ਦੇਣ ਨਹੀਂ ਉਨ੍ਹਾਂ ਨੂੰ ਦੇਸ ਦੇ ਬਾਪੂ, ਬੱਚਿਆਂ ਦੇ ਚਾਚਾ, ਜਾ ਇੱਕ ਬੰਦਾ ਹੀ ਦੇਸ ਹੈ ਆਦਿ ਕਹਿ ਕੇ ਪੁਰਾਣਿਕ, ਚਾਣਕੀਆ, ਰਾਣਾਡੇ ਆਦਿ ਦੀ ਸਿੱਖਿਆ ਅਨੁਸਾਰ, ਮਹਾਤਮਾ ਆਦਿ ਕਹਿ ਕੇ ਮਸ਼ਹੂਰ ਕਰਨ ਦੀ ਵਿਉਂਤ ਖੂਬ ਸਫਲ ਹੋ ਰਹੀ ਹੈ। ਕੀ ਪਹਿਲਾਂ ਇਹ ਅਕ੍ਰਿਤਘਣਤਾ ਅਤੇ ਫਿਰ ਬਹੁਤ ਬੜਾ ਪਾਪ ਨਹੀਂ? ਪਰ ਸ਼ਰਮ ਧਰਮ ਨੂੰ ਬੈ ਰੱਖੀ ਬੈਠੇ ਇਹ ਲੋਕ, ਕਰਮ ਸਿਧਾਂਤ ਵਿੱਚ ਵੀ ਵਿਸ਼ਵਾਸ਼ ਰੱਖਦੇ ਹੋਏ, ਪਾਪ ਨੂੰ ਪਾਪ ਸਮਝਣ ਦੀ ਥਾਂ ਇਨ੍ਹਾਂ ਨੂੰ ਇੱਸ ਬਾਰੇ ਦੱਸਣ ਵਾਲੇ ਨੂੰ ਜੀਂਦੇ ਤੱਕ ਸਾੜ ਸਕਦੇ ਹਨ, ਇਹ ਭੁੱਲ ਕੇ ਕਿ “ਮਾਣਸਾ ਕਿਅਹੁ ਦੀਬਾਣਹੁ ਕੋਈ ਨਸ ਭਜ ਨਿਕਲੇ ਹਰਿ ਕਿਅਹੁ ਦੀਬਾਣਹੁ ਕੋਈ ਕਿਥੈ ਜਾਇਆ॥” (ਪੰਨਾ ੫੯)। ਰੱਬ ਜੀ ਦੇ ਦਰਬਾਰ ਵਿੱਚ ਤਾਂ “ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥” (ਪੰਨਾ ੯੫੨) ਅਨੁਸਾਰ ਹਰ ਤਰਾਂ ਦੇ ਪਾਪ ਕਰਮਾਂ ਦਾ ਸੱਭ ਨੂੰ ਲੇਖਾ ਦੇਣਾ ਪੈਣਾ ਹੈ। ਪਰ ਜਿਹੜੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਵੱਧ ਤੋਂ ਵੱਧ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰ ਸਕਦੇ ਹਨ ਅਤੇ ਸ਼ੇਰ ਨੂੰ ਬੱਕਰੀ ਕਹਿਣ ਵਾਲੇ, ਸਿੱਖਾਂ ਨੂੰ, ਮਿਲਾਵਟ ਕਰਨ ਵਾਲੇ ਜ਼ਮੀਰ ਦੇ ਮਾਲਕ, ਹਿੰਦੂ ਹਿੰਦੂ ਕਹਿਣ ਦੀ ਰਟ ਲਾਈ ਜਾਂਦੇ ਹਨ ਇਨ੍ਹਾਂ ਨੂੰ ਕਿਸੇ ਤਰਾਂ ਦੇ ਪਾਪ ਦਾ ਲੇਖਾ ਦੇਣ ਦਾ ਕੋਈ ਡਰ ਸ਼ਾਇਦ ਹੈ ਹੀ ਨਹੀਂ। ਇਨ੍ਹਾਂ ਦਾ ਭਲਾ ਹੋ ਸਕਦਾ ਹੈ ਜੇ ਇਨ੍ਹਾਂ ਭੱਦਰ-ਪੁਰਸ਼ਾਂ ਦੀ ਜ਼ਮੀਰ ਜਾਗ ਪਵੇ, ਕਾਹਦੇ ਲਈ? ਸੱਚ ਨੂੰ ਸੱਚ ਕਹਿਣ ਲਈ ਤਾਂ ਇਹ ਮਿਸਟਰ ਗਾਂਧੀ ਨੂੰ ਰਾਸ਼ਟਰ ਪਿਤਾ ਕਹਿਣ ਦੀ ਥਾਂ “ਸੱਭ ਤੋਂ ਵੱਡੇ ਸਤਿਗੁਰ ਨਾਨਕ” ਸਾਹਿਬ ਜੀ ਨੂੰ ਰਾਸ਼ਟਰ ਪਿਤਾ ਘੋਸ਼ਤ ਕਰਕੇ ਅਪਣਾ ਲੋਕ ਪ੍ਰਲੋਕ ਵੀ ਸੰਵਾਰ ਸਕਦੇ ਹਨ। ਇਹ ਇਸ ਲਈ ਕਿ ਗੁਰੂ ਸਾਹਿਬ ਜੀ ਦੀ ਦੇਣ ਦੇਸ ਦੇ ਹਰ ਵਰਗ ਦੇ ਹਰ ਤਰਾਂ ਦੇ ਹੱਕਾਂ ਲਈ ਹੈ ਜਦਕਿ ਗਾਂਧੀ ਜੀ ਦੀ ਸੋਚ ਹਿੰਦੂਤਵ ਅਤੇ ਵਰਨ-ਵੰਡ ਦੀ ਹੀ ਹਾਮੀ ਸੀ ਅਤੇ ਪਛੜੀਆਂ ਜਾਤੀਆਂ ਨੂੰ ਉਨ੍ਹਾਂ ਦੀ ਜਾਤ ਨਾਲ ਬੰਨ੍ਹੀਂ ਰੱਖਣ ਲਈ ਇੱਕ ਨਵਾਂ ਲਫਜ਼ “ਹਰੀਜਨ” ਘੜਨ ਦੀ ਚਲਾਕੀ ਕਰ ਸਕਦੀ ਸੀ। ਚਲਾਕੀ ਕਰਨ ਵਾਲੇ ਵਾਸਤੇ ਮਹਾਤਮਾ ਲਫਜ਼ ਵੀ ਢੁਕਵਾਂ ਨਹੀਂ। ਅੱਜ ਕੱਲ ਦੇ ਅੰਦੋਲਨਕਾਰੀ ਮਿਸਟਰ ਅੰਨਾਂ ਹਜ਼ਾਰੇ ਬਾਰੇ ਬੀਬੀ ਅਰੁੰਧਤੀ ਰਾਇ ਵਲੋਂ ਲਿਖੇ ਲੇਖ “ਅੰਨਾ ਦਾ ਲੋਕਪਾਲ ਬਿੱਲ ਇੱਕ ਡਰਾਮਾ” ਵਿੱਚ ਲਿਖਿਆ ਸੀ ਕਿ “ਇਸ ਦੀ ਮਦਦ ਖੁਸ਼ਹਾਲ ਲੋਕ ਕਰ ਰਹੇ ਹਨ, ਅਤੇ ਅੰਨਾਂ ਨੇ ਆਪਣੇ ਗਵਾਂਢ ਵਿੱਚ ਕਿਸਾਨਾਂ ਦੀਆਂ ਖੁੱਦਕੁਸ਼ੀਆਂ ਬਾਰੇ ਕੁਛ ਵੀ ਨਹੀਂ ਕਿਹਾ, ਸਗੋਂ ਉਹ ਰਾਜ ਠਾਕਰੇ “ਮਰਾਠੀ ਮਾਨਸ” ਦੇ ਝੱਲ ਦੀ ਜ਼ਰੂਰ ਹਮਾਇਤ ਕਰਦਾ ਹੈ ਅਤੇ ਉਸਨੇ ਗੁਜਰਾਤ ਦੇ ਮੁਖ ਮੰਤਰੀ ਦੇ “ਵਿਕਾਸ ਮਾਡਲ” ਦੀ ਤਾਰੀਫ ਕੀਤੀ ਹੈ, ਜਿੱਸ ਨੇ ੨੦੦੨ ਦੇ ਮੁਸਲਮਾਨਾਂ ਦੇ ਕਤਲੇਆਮ ਦੀ ਸਰਕਾਰੀ ਤੌਰ ਤੇ ਸਰਪ੍ਰਸਤੀ ਕੀਤੀ ਸੀ”।
ਇਸ ਦੇਸ ਵਿੱਚ ਐਸੇ ਲੋਕ ਤਾਂ ਬਿਨਾਂ ਸੋਚੇ ਸਮਝੇ ਸਲਾਹੇ ਜਾਂਦੇ ਹਨ ਅਤੇ ਦੇਸ ਦੇ ਬਾਪੂ ਤੱਕ ਬਣਾ ਦਿੱਤੇ ਜਾਂਦੇ ਹਨ, ਪਰ ਜਿਹੜੇ ਇਸ ਪਦਵੀ ਦੇ ਹੱਕਦਾਰ ਹਨ, ਭਾਵ ਗੁਰੂ ਨਾਨਕ ਸਾਹਿਬ ਜੀ, ਜੋ ਮਾਣਸ ਜਾਤ ਨੂੰ ਇੱਕ ਸਮਝਦੇ ਹਨ, ਅਤੇ ਜਿਨ੍ਹਾਂ ਨੂੰ ਸੱਚੇ ਸੁੱਚੇ ਲੋਕ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਸਮਝਦੇ ਹਨ, ਉਨ੍ਹਾਂ ਦੀ ਬਾਰੀ ਇਹ ਗੁੰਗੇ, ਬਹਿਰੇ ਆਦਿ ਕਿਉਂ ਬਣ ਜਾਂਦੇ ਹਨ? ਇਹ ਲੋਕ ਜਾਗਣ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦੋਸਤਾਨ ਦੀ ਅਜ਼ਾਦੀ ਦਾ ਅਸਲੀ ਰਾਹਨੁਮਾ ਕਹਿਕੇ ਘੋਸ਼ਤ ਕਰਨ। ਇਹ ਹੀ ਨਹੀਂ ਹਿੰਦੋਸਤਾਨ ਦੇ ਕਰੰਸੀ ਨੋਟਾਂ ਤੇ ਗਾਂਧੀ ਜੀ ਦੀ ਫੋਟੋ ਦੀ ਥਾਂ ਮਹਾਨ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੀ ਵਲੋਂ ਕੁੱਲ ਸਰਿਸਟੀ ਦੇ ਮਾਲਿਕ ਬਾਰੇ ਦਰਸਾਏ “੧ਓ” ਛਾਪ ਕੇ ਗੁਰੂ ਸਾਹਿਬ ਬਾਰੇ ਢੁੱਕਵਾਂ ਇਨਸਾਫ ਕਰਨ ਦੀ ਦਲੇਰੀ ਕਰਨ। ਫਿਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹੀ ਖੁਸ਼ੀਆਂ ਹਨ। ਪਰ ਲੱਗਦਾ ਹੈ ਕਿ ਮਰੀ ਹੋਈ ਜ਼ਮੀਰ ਨੂੰ ਜਗਾਉਣ ਲਈ ਇਹ ਕਦੇ ਸੋਚਣ ਦਾ ਹੀਆ ਹੀ ਨਹੀਂ ਕਰ ਸਕਦੇ। ਪਰ ਸਰਬੱਤ ਦਾ ਭਲਾ ਚਾਹੁਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਚਾਹੁੰਦੇ ਹਨ ਕਿ ਸੱਭ ਦਾ ਭਲਾ ਹੀ ਭਲਾ ਹੋਵੇ।




.