.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧)

Gurmat and science in present scenario (Part-1)

ਗੁਰਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਖੋਜ਼ ਕਰਨੀ ਜਰੂਰੀ ਹੈ

Research on Guru Granth Sahib is important for a Gursikh

ਗੁਰਬਾਣੀ ਵਿੱਚ ਅਣਗਿਣਤ ਖਜ਼ਾਨੇ ਛਿਪੇ ਹੋਏ ਹਨ, ਜੀਵਨ ਦੇ ਹਰ ਪਹਿਲੂ ਬਾਬਤ ਰਹਿਨੂਮਾਈ ਮਿਲਦੀ ਹੈ, ਵਿਦਿਆ ਦੇ ਹਰ ਖੇਤਰ ਬਾਰੇ ਸੇਧ ਮਿਲਦੀ ਹੈ। ਗੁਰੂ ਗਰੰਥ ਸਾਹਿਬ ਵਿੱਚ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨਕ, ਆਦਿ ਸੱਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਆਉ ਅਸੀਂ ਗੁਰੂ ਨਾਨਕ ਸਾਹਿਬ ਦੀ ਆਰੰਭ ਕੀਤੀ ਹੋਈ ਗੁਰਬਾਣੀ ਅਤੇ ਅੱਜ ਦੀ ਸਾਇੰਸ ਦੀ ਖੋਜ ਸਬੰਧੀ ਕੁੱਝ ਸਾਂਝ ਕਰੀਏ।

ਤਰਤੀਬ ਅਨੁਸਾਰ ਕੁਦਰਤ, ਉਸ ਦੇ ਨਿਯਮ ਅਤੇ ਵਿਧੀਆਂ ਦੇ ਬਾਰੇ ਇਕੱਠੇ ਕੀਤੇ ਗਏ ਗਿਆਨ ਨੂੰ ਸਾਇੰਸ ਕਿਹਾ ਜਾਂਦਾ ਹੈ। ਸਾਇੰਸ ਪਦਾਰਥ ਤੇ ਉਸ ਨਾਲ ਹੋ ਰਹੀਆਂ ਕਿਰਿਆਵਾਂ ਨੂੰ ਸਮਝ ਕੇ ਦੁਨੀਆਂ ਦੀ ਅਸਲੀਅਤ, ਭਾਵ ਅਕਾਲ ਪੁਰਖੁ ਨੂੰ ਖੋਜਣ ਲਈ ਕੀਤੀ ਜਾਂਦੀ ਹੈ। ਸਾਇੰਸ ਪੰਜ ਇੰਦਰੀਆਂ, ਜਾਨਵਰਾਂ ਅਤੇ ਜੰਤਰਾਂ ਦੀ ਸਹਾਇਤਾ ਨਾਲ ਪਦਾਰਥ ਦੀ ਖੋਜ ਕਰਦੀ ਹੈ। ਸੀਮਿਤ ਸਾਧਨ ਅਤੇ ਪੰਜ ਇੰਦਰੀਆਂ (ਅੱਖ, ਕੰਨ, ਨੱਕ, ਜਬਾਨ ਅਤੇ ਚਮੜੀ) ਕਰਕੇ, ਸਾਇੰਸ ਸਚਾਈ ਦੀ ਕੁੱਝ ਹੱਦ ਤੱਕ ਹੀ ਪਹੁੰਚ ਸਕੀ ਹੈ।

ਧਰਮ ਅਕਾਲ ਪੁਰਖੁ ਬਾਰੇ ਨਿਯਮ ਅਤੇ ਅਸੂਲਾਂ ਨੂੰ ਬਿਆਨ ਕਰਕੇ ਜੀਵਨ ਦੀ ਰੌ, ਮਨੁੱਖਤਾ ਅਤੇ ਦੁਨਿਆਵੀ ਜੀਵਨ ਤੱਕ ਪਹੁੰਚਦਾ ਹੈ। ਧਰਮ ਉਹੀ ਸਫਲ ਹੈ ਜਿਹੜਾ ਅਕਾਲ ਪੁਰਖੁ ਤੋਂ ਇੱਕ ਸਫਲ ਮਨੁੱਖਾ ਜੀਵਨ ਤੱਕ ਪੂਰਨ ਤੌਰ ਤੇ ਲਿਜਾ ਸਕਦਾ ਹੈ।

ਸਾਇੰਸ ਦੀ ਖੋਜ ਪਦਾਰਥ ਤੱਕ ਸੀਮਿਤ ਹੈ। ਇਸ ਲਈ ਸਾਇੰਸ ਪਦਾਰਥ ਦੀ ਗੱਲ ਕਰਦੀ ਹੈ। ਸਾਇੰਸ ਪਦਾਰਥ ਤੋਂ ਜੀਵ ਨਹੀਂ ਪੈਦਾ ਕਰ ਸਕਦੀ ਹੈ। ਧਰਮ ਪਦਾਰਥ ਅਤੇ ਜੀਵਨ ਦੋਹਾਂ ਦੀ ਗੱਲ ਕਰਦਾ ਹੈ। ਜੀਵ ਵਿਗਿਆਨ (Biology) ਤੇ ਭੌਤਿਕ ਵਿਗਿਆਨ (Botony) ਭਾਵੇਂ ਜੀਵਾਂ ਅਤੇ ਬਨਸਪਤੀ ਬਾਰੇ ਖੋਜ ਕਰਦੀ ਹੈ, ਪਰ ਇਹ ਸਾਰੀ ਖੋਜ ਸਾਰੇ ਜੀਵ ਜੰਤੂਆਂ ਦੇ ਵਿਵਹਾਰ ਤੇ ਉਨ੍ਹਾਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਆਧਾਰ ਤੇ ਹੁੰਦੀ ਹੈ।

ਸਾਇੰਸ ਮਨੁੱਖਾ ਸੁਭਾ, ਇਮਾਨਦਾਰੀ, ਮਨ ਦੀ ਸ਼ਾਂਤੀ, ਦੋਸਤੀ, ਸਹਿਣ ਸ਼ਕਤੀ, ਸਬਰ, ਦੂਸਰਿਆਂ ਦਾ ਦੁੱਖ ਦਰਦ ਸਮਝਣਾਂ, ਸੋਚਣ ਸ਼ਕਤੀ, ਮਾਣ, ਲਾਲਚ, ਗੁਸਾ, ਅਸਹਿਣਤਾ, ਕੱਟੜਪੁਣਾਂ, ਲੁਟਮਾਰ ਆਦਿ ਬਾਰੇ ਕੁੱਝ ਨਹੀਂ ਦੱਸ ਸਕਦੀ ਹੈ। ਵਿਗਿਆਨ ਮਨੁੱਖ ਦਾ ਸੁਭਾਅ ਨਹੀਂ ਬਦਲ ਸਕਦੀ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਕਾਬੂ ਪਾਉਂਣਾਂ ਨਹੀਂ ਸਿਖਾ ਸਕਦੀ।

ਦੁਨੀਆਂ ਦੀ ਕਿਹੜੀ ਤਾਕਤ ਜਾਂ ਨਿਯਮ ਅਨੁਸਾਰ ਜੀਵ ਪੈਦਾ ਹੁੰਦੇ ਹਨ, ਇਹ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ। ਸਾਇੰਸ ਦੀ ਖੋਜ਼ ਪਦਾਰਥ ਤੱਕ ਸੀਮਿਤ ਹੈ। ਸਾਇੰਸ ਇੱਕ ਕੀੜੀ ਵੀ ਆਪ ਪੈਦਾ ਨਹੀਂ ਕਰ ਸਕਦੀ। ਪਹਿਲਾਂ ਪਹਿਲ ਪੰਜ ਤੱਤ (ਅੱਗ, ਹਵਾ, ਪਾਣੀ, ਧਰਤੀ, ਆਕਾਸ਼) ਸਮਝੇ ਜਾਂਦੇ ਸਨ। ਕਿਉਂਕਿ ਇਹ ਜੀਵਨ ਦਾ ਆਧਾਰ ਸਨ। ਸਾਇੰਸ ਦੀ ਖੋਜ ਨਾਲ ਹੁਣ ਤੱਕ ੯੨ ਤੱਤ (ਐਲੀਮੈਂਟ) ਧਰਤੀ ਵਿੱਚ ਮਿਲਦੇ ਹਨ। ਮਨੁੱਖੀ ਕਾਢਾਂ ਨਾਲ ਇਹ ਗਿਣਤੀ ੧੧੮ ਤੱਕ ਪਹੁੰਚ ਗਈ ਹੈ। ਲੇਕਿਨ ਅੱਜ ਦੇ ਤੱਤ (ਐਲੀਮੈਂਟ) ਦੀ ਪ੍ਰੀਭਾਸ਼ਾਂ ਕੁੱਝ ਹੋਰ ਹੈ, ਉਸ ਦਾ ਭਾਵ ਹੈ ਉਹ ਚੀਜ਼ ਜਿਹੜੀ ਹੋਰ ਹਿਸਿਆਂ ਵਿੱਚ ਨਾ ਵੰਡੀ ਜਾ ਸਕੇ। ਪੁਰਾਤਨ ਸਮੇਂ ਅਨੁਸਾਰ ਪੰਜ ਤੱਤਾਂ ਦੀ ਪ੍ਰੀਭਾਸ਼ਾਂ ਕੁੱਝ ਹੋਰ ਸੀ, ਉਹ ਜੀਵਨ ਦੇ ਆਧਾਰ ਅਨੁਸਾਰ ਸਨ। ਕਈ ਸਦੀਆਂ ਤੋਂ ਚਲ ਰਹੀਆਂ ਖੋਜਾਂ ਅਨੁਸਾਰ ਸਾਇੰਸ ਦੀ ਪਹੁੰਚ ਹੁਣ ਤੱਕ ਇਸ ਤਰ੍ਹਾਂ ਹੈ।

Element ® Atom, Nucleus ® Electron, Proton, Neutron ® Elementary Particles® Rest unknown

Gravitational force ® Electromagnetic force ® Nuclear force ® Rest not known

ਜਿਸ ਤਰ੍ਹਾਂ ਖੋਜ਼ ਹੁੰਦੀ ਰਹਿੰਦੀ ਹੈ, ਸਾਇੰਸ ਦੀਆਂ ਥਿਊਰੀਆਂ ਬਦਲਦੀਆਂ ਰਹਿੰਦੀਆਂ ਹਨ।

Light = Corpuscular theory (Newton) ® Wave theory (Diffraction) (Huygens) ® Quantum Theory (Photoelectric Effect) ® Duality of Wave & Particle Theory (Debroglie)

ਧਰਮ ਦੇ ਅਸੂਲ ਤੇ ਨਿਯਮ ਬਦਲਦੇ ਨਹੀਂ, ਲੋਕ ਆਪਣੇ ਸਵਾਰਥ ਹੱਲ ਕਰਨ ਲਈ ਉਸ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਜਰੂਰ ਕਰਦੇ ਰਹਿੰਦੇ ਹਨ। ਇਸ ਚਲਾਕੀ ਤੋਂ ਗੁਰੂ ਸਾਹਿਬ ਬਹੁਤ ਚੰਗੀ ਤਰ੍ਹਾਂ ਵਾਕਿਫ ਸਨ। ਇਸ ਤਰ੍ਹਾਂ ਦੀ ਮਿਲਾਵਟ ਰੋਕਣ ਲਈ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਇਕੱਠੀ ਕਰਕੇ ਤਰਤੀਬ ਅਨੁਸਾਰ ਕੀਤੀ ਅਤੇ ਭਾਈ ਗੁਰਦਾਸ ਜੀ ਕੋਲੋ ਆਪ ਗੁਰੂ ਗਰੰਥ ਸਾਹਿਬ ਤਿਆਰ ਕਰਵਾਇਆ ਤੇ ਦਰਬਾਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ (੧੬੦੪) ਕੀਤਾ। ਤਰਤੀਬ ਵੀ ਇਸ ਤਰ੍ਹਾਂ ਦੀ ਕੀਤੀ ਕਿ ਭਵਿੱਖ ਵਿੱਚ ਕੋਈ ਮਿਲਾਵਟ ਨਾ ਕਰ ਸਕੇ। ਇਸੇ ਲਈ ਗੁਰੂ ਗਰੰਥ ਸਾਹਿਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਤਰਮੀਮ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।

ਗੁਰੂ ਸਾਹਿਬਾਂ ਦਾ ਮੰਤਵ ਪਦਾਰਥ ਸਬੰਦੀ ਸਾਇੰਸ ਸਮਝਾਉਣ ਦਾ ਨਹੀਂ ਸੀ। ਉਨ੍ਹਾਂ ਦਾ ਮੰਤਵ ਤਾਂ ਜੀਵਨ ਜਾਚ ਸਿਖਾਉਣਾਂ ਸੀ। ਜੇ ਕਰ ਕਿਤੇ ਕੋਈ ਵਿਸ਼ਾ ਆਇਆ ਤਾਂ ਉਸ ਸਬੰਧੀ ਗਿਆਨ ਦੇਣ ਲਈ ਪਦਾਰਥਾਂ ਦੀ ਸਾਇੰਸ ਰਾਹੀਂ ਉਦਾਹਰਣ ਦੇ ਕੇ ਸਮਝਾਇਆ। ਗੁਰੂ ਸਾਹਿਬਾਂ ਨੇ ਚਲ ਰਹੇ ਅੰਧ ਵਿਸ਼ਵਾਸ ਨੂੰ ਖਤਮ ਕਰਨ ਲਈ ਸਾਇੰਸ ਦੀਆਂ ਬਹੁਤ ਸਾਰੀਆਂ ਅਸਲੀਅਤਾਂ ਵੀ ਦੱਸ ਦਿਤੀਆਂ ਸਨ।

ਸਾਇੰਸ ਨਵੀਆਂ ਨਵੀਆਂ ਖੋਜਾਂ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ, ਪਰ ਮੱਤ ਦੇਣ ਲਈ ਨਹੀਂ। ਸਾਇੰਸ ਦੁਆਰਾ ਐਟਮ ਬੰਬ ਦੀ ਕਾਢ ਜਪਾਨ ਵਿੱਚ ਤਬਾਹੀ ਦਾ ਕਾਰਨ ਬਣੀ। ਜੇ ਕਰ ਸਾਇੰਸ ਦੇ ਨਾਲ ਨਾਲ ਧਰਮ ਦੀ ਮਤ ਵੀ ਹੁੰਦੀ ਤਾਂ ਉਹ ਤਬਾਹੀ ਮਚਾਉਂਣ ਦੀ ਬਜਾਏ ਨਿਊਕਲੀਅਰ ਰਿਐਕਟਰ ਵਿੱਚ ਪਾ ਕੇ ਦੁਨੀਆਂ ਨੂੰ ਬਿਜਲੀ ਦੇਣ ਕਈ ਵਰਤਦੇ। ਇਹੀ ਕਾਰਨ ਹੈ ਕਿ ਸਿੱਖ ਧਰਮ ਵਿੱਚ ਧਰਮ ਪਹਿਲਾਂ ਹੈ ਤੇ ਰਾਜਨੀਤੀ ਬਾਅਦ ਵਿਚ। ਦਰਬਾਰ ਸਾਹਿਬ ਦਾ ਨਿਸ਼ਾਨ ਸਾਹਿਬ, ਅਕਾਲ ਤੱਖਤ ਸਾਹਿਬ ਦੇ ਨਿਸ਼ਾਨ ਸਾਹਿਬ ਤੋਂ ਇੱਕ ਫੁੱਟ ਜਿਆਦਾ ਉੱਚਾ ਹੈ। ਦਰਬਾਰ ਸਾਹਿਬ ਧਰਮ ਦਾ ਪਰਤੀਕ ਹੈ ਤੇ ਅਕਾਲ ਤੱਖਤ ਸਾਹਿਬ ਰਾਜਨੀਤੀ ਦਾ ਪਰਤੀਕ ਹੈ। ਜੀਵਨ ਵਿੱਚ ਦੋਵੇਂ ਜਰੂਰੀ ਹਨ, ਇਸੇ ਲਈ ਦੋਵੇਂ ਦਰਬਾਰ ਸਾਹਿਬ ਤੇ ਅਕਾਲ ਤੱਖਤ ਸਾਹਿਬ ਇੱਕ ਦੂਜੇ ਦੇ ਸਾਹਮਣੇ ਬਣਾਏ ਗਏ ਸਨ।

ਪਤਾ ਨਹੀਂ ਕੀ ਕਾਰਣ ਹੈ ਕਿ ਅੱਜਕਲ ਦੇ ਲੋਕ ਆਪਣੇ ਆਪ ਨੂੰ ਕਿਸ ਆਧਾਰ ਤੇ ਐਡਵਾਨਸਡ ਸਮਝਦੇ ਹਨ। ਪੱਛਮੀ ਸੱਭਿਅਤਾ, ਕੁਟਲਨੀਤੀ ਜਾਂ ਹੋਰ ਕਲਪਿਤ ਆਧਾਰਾਂ ਤੇ ਕਹੀ ਹੋਈ ਗੱਲ ਨੂੰ ਹੀ ਠੀਕ ਸਮਝਦੇ ਹਨ। ਭਾਵ ਕੂੜ ਅਤੇ ਝੂਠ ਮਿੱਠਾ ਲਗਦਾ ਹੈ। ਅਸਲੀਅਤ ਤਾਂ ਇਹ ਹੈ, ਕਿ ਗੁਰਬਾਣੀ ਵਿੱਚ ੫੦੦ ਸਾਲ ਪਹਿਲਾਂ ਕਹੀਆਂ ਹੋਈਆਂ ਸਚਾਈਆਂ ਸਾਇੰਸ ਦੀ ਸਹਾਇਤਾ ਨਾਲ ਹੁਣ ਸਮਝ ਵਿੱਚ ਆ ਰਹੀਆਂ ਹਨ। ਇਹ ਵੀ ਹੋ ਸਕਦਾ ਹੈ, ਕਿ ਗੁਰਬਾਣੀ ਵਿੱਚ ਅੰਕਿਤ ਹੋਰ ਅਨੇਕਾਂ ਸਚਾਈਆਂ ਨੂੰ ਸਾਇੰਸ ਦੇ ਆਧਾਰ ਤੇ ਸਮਝਣ ਲਈ ਕਈ ਸਦੀਆਂ ਲੱਗ ਜਾਣ। ਸੱਚ ਦੀ ਪਛਾਣ ਉਹੀ ਕਰ ਸਕਦਾ ਹੈ, ਜਿਸ ਦੇ ਹਿਰਦੇ ਵਿੱਚ ਸੱਚਾ ਅਕਾਲ ਪੁਰਖੁ ਵਸਦਾ ਹੋਵੇ, ਜਿਸ ਨੂੰ ਸੱਚ ਨਾਲ ਪਿਆਰ ਹੋਵੇ, ਜਿਸ ਨੂੰ ਜੀਵਨ ਦੀ ਜਾਚ ਹੋਵੇ, ਜਿਸ ਅੰਦਰ ਸੱਚ ਦਾ ਨਿਵਾਸ ਹੋਵੇ।

ਮਃ ੧॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥   ॥ (ਆਸਾ ਕੀ ਵਾਰ) (੪੬੮)

ਜੇ ਕਰ ਜੀਵਨ ਦੀ ਸਚਾਈ ਜਾਨਣਾਂ ਚਾਹੁੰਦੇ ਹਾਂ ਤਾਂ ਗੁਰਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ, ਤੇ ਆਪਣੇ ਨਿਜੀ ਜੀਵਨ ਵਿੱਚ ਅਪਨਾਉਂਣਾ ਪਵੇਗਾ। ਆਪਣੇ ਹਿਰਦੇ ਅੰਦਰ ਵਸਦੇ ਅਕਾਲ ਪੁਰਖੁ ਬਾਰੇ ਖੋਜਣਾਂ ਪਵੇਗਾ। ਗੁਰੂ ਦਾ ਸਿੱਖ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ ਨੂੰ ਦੁਹਰਾਉਂਦਾ ਹੈ। ਜਿਸ ਵਿੱਚ ਅਕਾਲ ਪੁਰਖੁ ਨੂੰ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚੋਂ ਖੋਜਣ ਲਈ ਹਦਾਇਤ ਕੀਤੀ ਗਈ ਹੈ।

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ॥

ਸਾਇੰਸ ਵੀ ਖੋਜ ਦੀ ਹੀ ਗੱਲ ਕਰਦੀ ਹੈ। ਗੁਰੂ ਮਹਾਰਾਜ ਨੇ ਵੀ ਅਕਾਲ ਪੁਰਖੁ ਨੂੰ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚੋਂ ਖੋਜਣ ਲਈ ਹੁਕਮ ਕੀਤਾ ਹੈ। ਗੁਰਮਤਿ ਦਾ ਆਧਾਰ, ਫੋਕਟ ਵਹਿਮ ਅਤੇ ਝੂਠੀਆਂ ਜਾਂ ਕਲਪਿਤ ਕਹਾਣੀਆਂ ਅਨੁਸਾਰ ਨਹੀਂ ਹੈ, ਬਲਕਿ ਗੁਰਮਤਿ ਦਾ ਆਧਾਰ ਸੱਚ ਤੇ ਅਸਲੀਅਤ ਅਨੁਸਾਰ ਹੈ। ਇਹੀ ਕਾਰਨ ਹੈ, ਕਿ ਗੁਰਸਿੱਖ ਨੂੰ ਬਾਰ ਬਾਰ ਖੋਜ਼ਣ ਲਈ ਕਿਹਾ ਗਿਆ ਹੈ।

ਖੋਜਣ ਸਬੰਧੀ ਗੁਰਬਾਣੀ ਵਿੱਚ ਬਹੁਤ ਸ਼ਬਦ ਹਨ। ਕੁੱਝ ਸ਼ਬਦਾਂ ਦੀ ਵਿਚਾਰ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਸਿੱਖਾਂ ਦੇ ਅੰਦਰ ਬਾਹਰਲੇ ਪ੍ਰਚਾਰ ਨਾਲ ਜੋ ਸ਼ੰਕੇ ਪਾਏ ਜਾ ਰਹੇ ਹਨ, ਉਹ ਦੂਰ ਹੋ ਸਕਣ। ਸਾਡੀ ਗਿਰਾਵਟ ਦਾ ਕਾਰਨ ਇਹੀ ਹੈ ਕਿ ਅਸੀਂ ਗੁਰੂ ਗਰੰਥ ਸਾਹਿਬ ਦੀ ਖੋਜ ਤਿਆਗ ਕੇ ਮਨਮਤਿ ਵਾਲੀਆਂ ਕਹਾਣੀਆਂ ਮਗਰ ਚਲ ਪਏ ਹਾਂ। ਜੇ ਕਰ ਅਸੀਂ ਅਨਪੜ੍ਹ ਹਾਂ ਤੇ ਖੋਜ ਨਹੀਂ ਕਰਦੇ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਚਲ ਰਹੇ ਹਾਂ, ਫਿਰ ਸਾਨੂੰ ਸਿੱਖ ਕਹਿਲਾਉਂਣ ਦਾ ਵੀ ਕੋਈ ਹੱਕ ਨਹੀਂ।

ਗੁਰੂ ਸਾਹਿਬ ਇਹੀ ਸਮਝਾਂਉਂਦੇ ਹਨ ਕਿ ਮੈਂ ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਅੰਤ ਵਿੱਚ ਅਕਾਲ ਪੁਰਖੁ ਨੂੰ ਲੱਭ ਲਿਆ ਹੈ। ਇਸ ਕਾਰਜ ਨੂੰ ਪੂਰਾ ਕਰਨ ਲਈ ਮੈਨੂੰ ਮੇਰਾ ਸਤਿਗੁਰੂ ਮਿਲ ਪਿਆ, ਜਿਸ ਨੇ ਮੇਰੇ ਤੇ ਅਕਾਲ ਪੁਰਖੁ ਵਿੱਚ ਵਿਚੋਲੇ (ਵਿਸਟੁ) ਦਾ ਕੰਮ ਕੀਤਾ ਤੇ ਮੈਨੂੰ ਅਕਾਲ ਪੁਰਖੁ ਨਾਲ ਮਿਲਾ ਦਿੱਤਾ। ਜੇ ਕਰ ਅਸੀਂ ਅਕਾਲ ਪੁਰਖੁ ਨਾਲ ਮਿਲਣਾਂ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਆਪਣੇ ਮਨ ਤੇ ਤਨ ਬਾਰੇ ਖੋਜਣਾਂ ਪਵੇਗਾ ਤਾਂ ਜੋ ਇਨ੍ਹਾਂ ਨੂੰ ਠੀਕ ਦਿਸ਼ਾ ਵੱਲ ਲਿਜਾ ਸਕੀਏ।

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ॥ ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ॥ ੧॥ (੩੧੩)

ਅਜੇ ਵੀ ਸਾਡੀ ਸੁਰਤਿ ਮਾਇਆ ਵਿੱਚ ਹੀ ਲੱਗੀ ਹੋਈ ਹੈ ਤੇ ਇਸ ਮਾਇਆ ਤੋਂ ਹੀ ਸੁਖਾਂ ਦੀ ਆਸ ਲਾਈ ਬੈਠੇ ਹਾਂ, ਫਿਰ ਇਸ ਸੁਰਤਿ ਵਿੱਚ ਅਕਾਲ ਪੁਰਖੁ ਦਾ ਨਿਵਾਸ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਲਈ ਮਨ ਬਾਰੇ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ। ਜਿਸ ਦਿਨ ਮਨ ਦੇ ਟਿਕਾਣੇ ਦੀ ਸਮਝ ਆ ਗਈ, ਉਸ ਦਿਨ ਸਾਨੂੰ ਜੀਵਨ ਜਿਉਂਣ ਦੀ ਜਾਚ ਵੀ ਆ ਜਾਵੇਗੀ।

ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥ ੪॥ (੩੩੦)

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਅਕਾਲ ਪੁਰਖੁ ਦਾ ਨਾਮੁ ਹੀ ਮਨੁੱਖਾ ਜੀਵਨ ਦੀ ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਨੂੰ ਚਿਤ ਵਿੱਚ ਚਸਾਉਂਣ ਨਾਲ, ਗੁਰਮੁਖਿ ਬਣ ਕੇ ਹੁਕਮੁ ਵਿੱਚ ਚਲਣ ਨਾਲ, ਇਹ ਨਾਮੁ ਅੱਖ ਦੇ ਫੋਰ ਵਿੱਚ ਸਾਰੇ ਪਾਪ ਕੱਟ ਦੇਂਦਾ ਹੈ, ਤੇ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਅਕਾਲ ਪੁਰਖੁ ਦੇ ਦਰ ਤੋਂ ਕੋਈ ਜੀਵ ਖ਼ਾਲੀ ਹੱਥ ਨਹੀਂ ਜਾਂਦਾ। ਗੁਰਬਾਣੀ ਵਿੱਚ ਦਰਸਾਏ ਗਏ ਨਾਮੁ ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਇਨ ਕਰਨਾ ਚਾਹੀਦਾ ਹੈ, ਹਿਰਦੇ ਵਿੱਚ ਅੰਮ੍ਰਿਤ ਬਾਣੀ ਨੂੰ ਵਸਾਉਂਣਾ ਚਾਹੀਦਾ ਹੈ। ਤਾਂ ਜੋ ਸਾਡੇ ਮਨ ਦੀ ਮਾਇਆ ਵੱਲੋਂ ਤ੍ਰਿਪਤੀ ਹੋ ਜਾਵੇ ਤੇ ਸਾਡਾ ਜੀਵਨ ਸਬਰ ਸੰਤੋਖ ਵਾਲਾ ਹੋ ਜਾਵੇ।

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ॥ ੧॥ (੬੧੧)

ਉਹੀ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਕਿਹਾ ਜਾ ਸਕਦਾ ਹੈ, ਜਿਹੜਾ ਸਤਿਗੁਰੂ ਦੇ ਸ਼ਬਦ ਅਨੁਸਾਰ ਆਪਣੀ ਵਿਚਾਰਧਾਰਾ ਬਣਾਉਂਦਾ ਹੈ, ਗੁਰਬਾਣੀ ਦੀ ਸਹਾਇਤਾ ਨਾਲ ਆਪਣੇ ਮਨ ਨੂੰ ਖੋਜਦਾ ਹੈ ਤੇ ਆਪਣੇ ਅੰਦਰੋਂ ਹਰੀ ਨੂੰ ਲੱਭ ਲੈਂਦਾ ਹੈ। ਆਪਣੇ ਵਿਕਾਰਾ ਤੇ ਕਾਬੂ ਪਾ ਲੈਂਦਾ ਹੈ, ਗੁਰਬਾਣੀ ਦੁਆਰਾ ਤ੍ਰਿਸ਼ਨਾ ਤੋਂ ਬਚਣ ਲਈ ਜੀਵਨ ਦਾ ਸਹੀ ਰਸਤਾ ਲਭ ਲੈਂਦਾ ਹੈ।

ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ (੬੫੦)

ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਖੋਜਣ ਦਾ ਤਰੀਕਾ ਵੀ ਸਮਝਾਂ ਦਿੱਤਾ ਹੈ, ਜੇ ਕਰ ਅਕਾਲ ਪੁਰਖੁ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੈ ਤਾਂ ਉਸ ਨੂੰ ਅਸੀਂ ਜੰਗਲ ਵਿੱਚ ਕਿਸ ਤਰ੍ਹਾਂ ਲੱਭ ਸਕਦੇ ਹਾਂ? ਗੁਰੂ ਸਾਹਿਬ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਅਕਾਲ ਪੁਰਖੁ ਨੂੰ ਲੱਭਣ ਲਈ ਤੁਸੀਂ ਜੰਗਲਾਂ ਵਿੱਚ ਕਿਉਂ ਜਾਂਦੇ ਹੋ? ਅਕਾਲ ਪੁਰਖੁ ਸਭ ਵਿੱਚ ਵੱਸਦਾ ਹੈ, ਪਰ ਉਹ ਆਪ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਅਕਾਲ ਪੁਰਖੁ ਤੇਰੇ ਨਾਲ ਵੀ ਵੱਸਦਾ ਹੈ। ਇਸ ਲਈ ਆਪਣੇ ਅੰਦਰੋਂ ਉਸ ਅਕਾਲ ਪੁਰਖੁ ਨੂੰ ਖੋਜ ਤਾਂ ਜੋ ਤੇਰੇ ਅੰਦਰ ਉਸ ਵਰਗੇ ਗੁਣ ਪੈਦਾ ਹੋ ਜਾਣ ਤੇ ਜੀਵਨ ਦੀ ਅਸਲੀਅਤ ਸਮਝ ਆ ਸਕੇ।

ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ੧॥ ਰਹਾਉ॥ (੬੮੪)

ਭਗਤ ਪੀਪਾ ਜੀ ਨੇ ਵੀ ਆਪਣੇ ਅੰਦਰੋਂ ਖੋਜਣ ਦੀ ਸਿਖਿਆ ਦਿੱਤੀ ਹੈ। ਸ੍ਰਿਸ਼ਟੀ ਦਾ ਰਚਣਹਾਰ ਅਕਾਲ ਪੁਰਖੁ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹ ਮਨੁੱਖਾ ਸਰੀਰ ਵਿੱਚ ਵੀ ਹੈ। ਜੋ ਮਨੁੱਖ ਖੋਜ ਕਰਦਾ ਹੈ, ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ ਅੰਦਰ ਹੀ ਦਰਸ਼ਨ ਕਰਾ ਦੇਂਦਾ ਹੈ। ਜਿਸ ਮਨੁੱਖ ਦੇ ਸਰੀਰ ਵਿੱਚ ਅਕਾਲ ਪੁਰਖੁ ਦੀ ਯਾਦ ਵਸ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੀ ਥਾਂ ਅਕਾਲ ਪੁਰਖੁ ਨੂੰ ਆਪਣੇ ਸਰੀਰ ਵਿਚੋਂ ਹੀ ਲੱਭ ਲੈਂਦਾ ਹੈ। ਇਸ ਲਈ ਉਸ ਅਕਾਲ ਪੁਰਖੁ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ ਭਾਲ ਹੈ, ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ ਅਕਾਲ ਪੁਰਖੁ ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾ ਸਮਝ ਰੱਖਣਾ, ਸਾਰੇ ਬ੍ਰਹਮੰਡ ਵਿਚ, ਹਰੇਕ ਹਿਰਦੇ ਵਿਚ, ਉਹੀ ਵੱਸਦਾ ਵੇਖੋ। ਇਹ ਸੂਝ ਸਾਨੂੰ ਸਰਬ ਸਾਂਝੀ ਗੁਰਬਾਣੀ ਤੋਂ ਹੀ ਮਿਲ ਸਕਦੀ ਹੈ।

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ ੨॥ ੩॥ (੬੯੫)

ਸਾਰੇ ਸੁਖਾਂ ਦੇ ਖ਼ਜ਼ਾਨੇ ਅਕਾਲ ਪੁਰਖੁ ਦੇ ਗੁਣ ਗਾਉਂਣ ਨਾਲ ਮਿਲ ਜਾਂਦੇ ਹਨ, ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਖੋਜ ਕਰਦਿਆਂ ਕਰਦਿਆਂ ਅਕਾਲ ਪੁਰਖੁ ਦੇ ਦਾਸ ਗੁਰਬਾਣੀ ਦੁਆਰਾ ਜੀਵਨ ਦੀ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਉਹ ਸਦਾ ਅਕਾਲ ਪੁਰਖੁ ਦਾ ਓਟ ਆਸਰਾ ਲੈ ਕੇ ਰਹਿੰਦੇ ਹਨ। ਜੇਕਰ ਅਸੀਂ ਕਦੇ ਨਾ ਮੁੱਕਣ ਵਾਲਾ ਸੁਖ ਚਾਹੁੰਦੇ ਹਾਂ ਤਾਂ ਸਾਨੂੰ ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਖੋਜਣਾ ਪਵੇਗਾ ਤੇ ਉਸ ਨੂੰ ਸਦਾ ਹਿਰਦੇ ਵਿੱਚ ਚੇਤੇ ਰੱਖਣਾਂ ਪਵੇਗਾ।

ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ॥ ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ॥ ੨॥ ੫॥ ੧੦॥ (੭੧੩-੭੧੪)

ਗੁਰੂ ਸਾਹਿਬ ਤਾਂ ਲਗਾਤਾਰ ਇਹੀ ਪ੍ਰੇਰਤ ਕਰਦੇ ਹਨ ਕਿ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਰੱਖਣ ਵਾਲੇ ਸੰਤ ਜਨੋ, ਸਦਾ ਅਕਾਲ ਪੁਰਖੁ ਦੀ ਖੋਜ ਕਰਦੇ ਰਹੋ। ਅਕਾਲ ਪੁਰਖੁ ਨੂੰ ਸਦਾ ਯਾਦ ਕਰਦੇ ਰਹੋ, ਉਸ ਦੀ ਯਾਦ ਹਿਰਦੇ ਵਿੱਚ ਵਸਾਉਂਣ ਨਾਲ ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਵੇਗੀ, ਤੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੋਗੇ।

ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ॥ ੧॥ ਰਹਾਉ॥ (੮੯੩)

ਆਤਮਕ ਆਨੰਦ ਇੱਕ ਐਸਾ ਅੰਮ੍ਰਿਤ ਹੈ, ਜਿਸ ਨੂੰ ਦੇਵਤੇ, ਮਨੁੱਖ, ਮੁਨੀ ਲੋਕ, ਸੱਭ ਲੱਭਦੇ ਫਿਰਦੇ ਹਨ। ਪਰ ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ। ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ, ਉਸ ਨੇ ਇਹ ਅੰਮ੍ਰਿਤ ਪ੍ਰਾਪਤ ਕਰ ਲਿਆ,  ਕਿਉਂਕਿ ਉਸ ਨੇ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਆਪਣੇ ਮਨ ਵਿੱਚ ਟਿਕਾ ਲਿਆ। ਜੇ ਕਰ ਅਸੀਂ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਆਪਣੇ ਮਨ ਵਿੱਚ ਟਿਕਾਉਂਣਾ ਪਵੇਗਾ।

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥ ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥ (੯੧੮)

ਗੁਰੂ ਨਾਨਕ ਸਾਹਿਬ ਨੇ ਸਿਧਾ ਦੇ ਸਵਾਲ ਦੇ ਉੱਤਰ ਵਿੱਚ ਇਹੀ ਕਿਹਾ ਸੀ, ਕਿ ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ, ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ ਉਦਾਸੀ ਭੇਖ ਧਾਰਿਆ ਸੀ। ਅਸੀਂ ਸੱਚੇ ਅਕਾਲ ਪੁਰਖੁ ਦੇ ਨਾਮ ਦੇ ਸੌਦੇ ਦੇ ਵਪਾਰੀ ਹਾਂ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਵਰਗੇ ਗੁਰਮੁੱਖ ਦੀ ਖੋਜ ਕੀਤੀ ਤੇ ਆਪਣੀ ਥਾਂ ਗੁਰਗੱਦੀ ਦਾ ਵਾਰਸ ਬਣਾ ਦਿਤਾ। ਜੇ ਕਰ ਅਸੀਂ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਸਾਹਿਬਾਂ ਦੇ ਦੱਸੇ ਰਾਹ ਤੇ ਤੁਰਨਾ ਪਵੇਗਾ ਤੇ ਉਸ ਮਾਰਗ ਨੂੰ ਪਹਿਚਾਨਣ ਲਈ ਗੁਰਬਾਣੀ ਦੁਆਰਾ ਜੀਵਨ ਦੀ ਸਚਾਈ ਨੂੰ ਖੋਜਣਾਂ ਪਵੇਗਾ।

ਗੁਰਮੁਖਿ ਖੋਜਤ ਭਏ ਉਦਾਸੀ॥ ਦਰਸਨ ਕੈ ਤਾਈ ਭੇਖ ਨਿਵਾਸੀ॥ ਸਾਚ ਵਖਰ ਕੇ ਹਮ ਵਣਜਾਰੇ॥ ਨਾਨਕ ਗੁਰਮੁਖਿ ਉਤਰਸਿ ਪਾਰੇ॥ ੧੮॥ (੯੩੯)

ਭਾਈ ਲਹਿਣਾ ਜੀ ਨੇ ਆਪਣੇ ਮਨ ਨੂੰ ਗੁਰਬਾਣੀ ਦੁਆਰਾ ਖੋਜਿਆ ਤੇ ਗੁਰੂ ਅੰਗਦ ਸਾਹਿਬ ਬਣ ਗਏ। ਇਸ ਲਈ ਆਪਣੇ ਮਨ ਨੂੰ ਖੋਜਦੇ ਰਹੋ। ਮਨ ਦੀ ਦੌੜ ਭੱਜ ਦੀ ਪੜਤਾਲ ਕਰਦਿਆਂ ਜੀਵਨ ਦਾ ਸਹੀ ਰਸਤਾ ਮਿਲ ਜਾਂਦਾ ਹੈ, ਉਸ ਅਕਾਲ ਪੁਰਖੁ ਦਾ ਨਾਮੁ ਮਿਲ ਜਾਂਦਾ ਹੈ, ਤੇ ਇਹ ਨਾਮੁ ਹੀ ਮਾਨੋ ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹਨ।

ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ॥ ੧॥ ਰਹਾਉ॥ (੧੧੨੮, ੧੨੨੯)

ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਵਿਚੋਂ ਸਾਰੇ ਖ਼ਜ਼ਾਨੇ ਖੋਜਣ ਲਈ ਕਿਹਾ ਹੈ। ਕੀਮਤੀ ਮੋਤੀ ਲੱਭਣ ਲਈ ਸਮੁੰਦਰ ਨੂੰ ਖੋਜ਼ਣਾਂ ਪੈਂਦਾ ਹੈ, ਹੀਰੇ ਤੇ ਕੀਮਤੀ ਪੱਥਰ ਲੱਭਣ ਲਈ ਪਹਾੜ ਨੂੰ ਖੋਦਣਾਂ ਪੈਂਦਾ ਹੈ, ਸੁਗੰਧੀ ਵਾਲੇ ਬੂਟੇ ਲੱਭਣ ਲਈ ਸਾਰਾ ਜੰਗਲ ਗਾਹੁਣਾ ਪੈਂਦਾ ਹੈ, ਇਸੇ ਤਰ੍ਹਾਂ ਆਤਮਿਕ ਅਨੰਦ ਹਾਸਲ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਨੂੰ ਖੋਜਣਾਂ ਪੈਂਦਾ ਹੈ।

ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ ਖਨਵਾਰਾ ਖਨਿ ਜਗਿ ਪ੍ਰਗਟਾਵਹੀ। ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ। ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ॥ ੫੪੬॥ (ਕਬਿਤ)

ਕਿਹਾ ਜਾਂਦਾ ਹੈ ਕਿ ਪਾਰਸ ਨਾਲ ਕੋਈ ਵੀ ਧਾਤ ਰਗੜੀ ਜਾਵੇ ਤਾਂ ਉਹ ਸੋਨਾ ਬਣ ਜਾਂਦੀ ਹੈ। ਇਹ ਉਦਾਹਰਣ ਤਾਂ ਕਹਾਵਤ ਦੇ ਤੌਰ ਤੇ ਬਹੁਤ ਪ੍ਰਸਿਧ ਹੈ, ਪਰ ਅਸਲੀਅਤ ਵਿੱਚ ਐਸੀ ਕੋਈ ਚੀਜ ਨਹੀਂ ਜੋ ਕਿ ਰਗੜਨ ਨਾਲ ਸੋਨਾ ਬਣਾ ਸਕੇ। ਪਰੰਤੂ ਆਪਣੇ ਮਨ ਨੂੰ ਗੁਰਬਾਣੀ ਨਾਲ ਰਗੜਨ ਨਾਲ ਭਾਵ ਗੁਰੂ ਸਾਹਿਬ ਦੇ ਦਰਸਾਏ ਗਏ ਮਾਰਗ ਤੇ ਚਲ ਕੇ ਨੇ ਸੋਨੇ ਵਰਗਾ ਸ਼ੁਧ ਬਣਾਇਆ ਜਾ ਸਕਦਾ ਹੈ।

ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਰਤਨਾਂ ਨਾਲ ਨਕਾ ਨਕ ਭਰਿਆ ਹੋਇਆ ਹੈ। ਜਿਵੇਂ ਹੰਸ ਸਰੋਵਰ ਵਿਚੋਂ ਮੋਤੀ ਚੁਗਦੇ ਹਨ, ਤਿਵੇਂ ਗੁਰਸਿੱਖ ਗੁਰਬਾਣੀ ਵਿਚੋਂ ਆਤਮਕ ਜੀਵਨ ਦੇਣ ਵਾਲੀ ਖ਼ੁਰਾਕ ਪ੍ਰਾਪਤ ਕਰਦੇ ਹਨ। ਜਿਸ ਤਰ੍ਹਾਂ ਹੰਸ ਸਰੋਵਰ ਦੇ ਲਾਗੇ ਰਹਿੰਦੇ ਹਨ ਇਸੇ ਤਰ੍ਹਾਂ ਗੁਰਸਿੱਖ ਗੁਰੂ ਤੋਂ ਦੂਰ ਨਹੀਂ ਰਹਿੰਦੇ, ਉਹ ਗੁਰਬਾਣੀ ਨੂੰ ਹਮੇਸ਼ਾਂ ਆਪਣੇ ਅੰਗ ਸੰਗ ਰੱਖਦੇ ਹਨ। ਅਕਾਲ ਪੁਰਖੁ ਦੀ ਮੇਹਰ ਅਨੁਸਾਰ ਸੰਤ ਹਰਿ ਨਾਮ ਰਸ ਦੀ ਚੋਗ ਚੁਗਦੇ ਹਨ। ਗੁਰਸਿੱਖ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ, ਤੇ ਜਿੰਦ ਦੇ ਮਾਲਕ ਅਕਾਲ ਪੁਰਖੁ ਨੂੰ ਸਬਦ ਗੁਰੂ ਵਿਚੋਂ ਲੱਭ ਲੈਂਦਾ ਹੈ। ਵਿਚਾਰਾ ਬਗਲਾ ਛਪੜੀ ਵਿੱਚ ਕਾਹਦੇ ਲਈ ਨ੍ਹਾਉਂਦਾ ਹੈ? ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ, ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ। ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਮਨੁੱਖਾਂ ਦੇ ਆਸਰੇ ਭਾਲਦਾ ਹੈ, ਉਹ, ਮਾਨੋ, ਛਪੜੀ ਵਿੱਚ ਹੀ ਨਹਾ ਰਿਹਾ ਹੈ। ਉਸ ਦੀ ਮਨ ਦੀ ਮੈਲ ਤਾਂ ਕੀ ਦੂਰ ਹੋਣੀ ਉਹ ਸਗੋਂ ਹੋਰ ਮਾਇਆ ਤੇ ਮੋਹ ਦੀ ਮੈਲ ਸਹੇੜ ਲੈਂਦਾ ਹੈ।

ਗੁਰੁ ਸਾਗਰੁ ਰਤਨੀ ਭਰਪੂਰੇ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ॥ ੧॥ ਕਿਆ ਬਗੁ ਬਪੁੜਾ ਛਪੜੀ ਨਾਇ॥ ਕੀਚੜਿ ਡੂਬੈ ਮੈਲੁ ਨ ਜਾਇ॥ ੧॥ ਰਹਾਉ॥ (੬੮੫, ੬੮੬)

ਸਾਨੂੰ ਆਪਣੇ ਵਿਚਾਰ ਮੰਡਲ ਵਿੱਚ ਗੁਰਬਾਣੀ ਨੂੰ ਵਿਚਾਰਦੇ ਰਹਿੰਣਾਂ ਚਾਹੀਦਾ ਹੈ, ਹਮੇਸ਼ਾਂ ਖੋਜ਼ ਚਲਦੀ ਰਹਿੰਣੀ ਚਾਹੀਦੀ ਹੈ। ਆਪਣੇ ਔਗੁਣ ਗੁਰਬਾਣੀ ਦੁਆਰਾ ਪਹਿਚਾਣ ਕੇ ਦੂਰ ਕਰਨੇ ਚਾਹੀਦੇ ਹਨ ਤੇ ਗੁਣ ਹਾਸਲ ਕਰਨੇ ਚਾਹੀਦੇ ਹਨ। ਜਿਨੀ ਟੁੱਬੀ ਲਾਵਾਗੇ ਉਤਨਾਂ ਹੀ ਗੁਰਬਾਣੀ ਸਮੁੰਦਰ ਬਾਰੇ ਪਤਾ ਲਗ ਸਕੇਗਾ। ਗੁਰੂ ਸਾਹਿਬ ਤਾਂ ਸਪੱਸ਼ਟ ਤੌਰ ਤੇ ਸਮਝਾਂਉਂਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਗੁਰਮੁਖਾਂ ਨੂੰ ਢੂੰਡਦਿਆਂ ਉਨ੍ਹਾਂ ਨੇ ਉਸ ਅਕਾਲ ਪੁਰਖੁ ਨੂੰ ਆਪਣੇ ਅੰਦਰ ਹੀ ਲੱਭ ਲਿਆ।

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ॥ (੪੪੯)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ ਕਿ ਗੁਰਬਾਣੀ ਰਵਾਇਤਾ ਪੂਰੀਆਂ ਕਰਨ ਲਈ ਨਹੀਂ ਹੈ। ਗੁਰਬਾਣੀ ਦੁਆਰਾ ਜੀਵਨ ਦੀ ਅਸਲੀਅਤ ਨੂੰ ਸਮਝਣਾਂ ਹੈ, ਖੋਜਣਾ ਹੈ, ਹੁਕਮੁ ਨੂੰ ਪਹਿਚਾਨਣਾ ਹੈ ਤੇ ਅਮਲੀ ਜੀਵਨ ਵਿੱਚ ਅਪਨਾ ਕੇ ਇਹ ਮਨੁੱਖਾ ਜੀਵਨ ਸਫਲ ਕਰਨਾ ਹੈ। ਇਸ ਲਈ ਆਓ ਸਾਰੇ ਜਾਣੇ ਸਬਦ ਗੁਰੂ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸੱਚੀ ਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ, ਖੋਜੀਏ ਤੇ ਜੀਵਨ ਦੀ ਅਸਲੀਅਤ ਨੂੰ ਸਮਝੀਏ। ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਬਦ ਗੁਰੂ ਦੁਆਰਾ ਆਪਣੇ ਅੰਦਰ ਚਾਨਣ ਪੈਦਾ ਕਰੀਏ ਅਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ ਉਪਰਾਲਾ ਕਰੀਏ।

ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ ੧॥ ਰਹਾਉ॥ (੬੬੭, ੬੬੮)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

 

(ਡਾ: ਸਰਬਜੀਤ ਸਿੰਘ)

(Dr. Sarbjit Singh)

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.




.