.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੋਲਕ ਲੁਟਾਊ ਪ੍ਰਧਾਨ

ਸੱਠ ਸਾਲ ਦੀ ਉਮਰ ਵਿਚੋਂ ਜੇ ਵੀਹ ਕੁ ਸਾਲ ਮਨਫੀ ਕਰ ਦਈਏ ਤਾਂ ਬਾਕੀ ਚਾਲੀ ਕੁ ਸਾਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵਿਚਰਦਿਆਂ ਹੀ ਲੰਘ ਗਏ ਹਨ। ਖੱਟੇ-ਮਿੱਠੇ ਤੇ ਕੁਸੈਲੇ ਤਜਰਬਿਆਂ ਦੀਆਂ ਕਿਤਾਬਾਂ ਦਾ ਥੱਬਾ ਲਿਖਿਆ ਜਾ ਸਕਦਾ ਹੈ। ਕੌਮ ਨੂੰ ਸਮਰਪਤ ਪ੍ਰਬੰਧਕ ਬਹੁਤ ਥੋੜੇ ਹੈਣ ਪਰ ਕੌਮ ਦੀ ਤਬਾਹੀ ਕਰਨ ਵਾਲੇ ਪ੍ਰਬੰਧਕਾਂ ਦੀ ਗਿਣਤੀ ਹਜ਼ਾਰਾਂ ਲੱਖਾਂ ਵਿੱਚ ਹੋ ਸਕਦੀ ਹੈ। ਨਿਊਜਰਸੀ ਯੂ. ਐਸੇ. ਏ. ਬੈਠਿਆਂ ਡਾਕਟਰ ਸੁਰਜੀਤ ਸਿੰਘ ਜੀ ਹੁਰਾਂ ਨੇ ਬੜਾ ਪਿਆਰਾ ਟੋਟਕਾ ਛੱਡਿਆ ਕਿ ਸੈਕਟਰੀ ਕਈ ਪ੍ਰਕਾਰ ਦੇ ਹੁੰਦੇ ਹਨ। ਮੈਂ ਪੁੱਛਿਆ, ਕਿ “ਕਿਹੜੇ ਕਿਹੜੇ ਸਕੱਤਰ ਹੁੰਦੇ ਹਨ”। ਤਾਂ ਉਹਨਾਂ ਨੇ ਕਿਹਾ ਕਿ “ਇਕ ਜਨਰਲ ਸਕੱਤਰ, ਦੂਜਾ ਸਟੇਜ ਸਕੱਤਰ ਤੀਜਾ ਬੁਕਿੰਗ ਸਕੱਤਰ ਤੇ ਚੌਥਾ ਨੁਕਤਾ ਚੀਨ ਸਕੱਤਰ ਹੁੰਦਾ ਹੈ”। ਜਿਸ ਨੂੰ ਗੁਰਮਤ ਦੀ ਏ ਬੀ ਸੀ ਵੀ ਨਹੀਂ ਆਉਂਦੀ ਉਹ ਵੀ ਪ੍ਰਚਾਰਕ ਨੂੰ ਦਫਤਰੇ ਸੱਦ ਕੇ ਘੂਰ ਰਿਹਾ ਹੁੰਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਥਾਲੀ ਰੱਖ ਕੇ ਭੋਗ ਲਗਾਉਣ ਦੀ ਵਿਰੋਧਤਾ ਕਿਉਂ ਕਰਦੇ ਹੋ।
ਜਿਸ ਗੁਰਦੁਆਰੇ ਵੀ ਗਏ ਹਾਂ ਉਸ ਗੁਰਦੁਆਰੇ ਦਾ ਪ੍ਰਧਾਨ, ਸਕੱਤਰ, ਖ਼ਜ਼ਾਨਚੀ ਤੇ ਬਾਕੀ ਲੰਮ-ਲੀਰ ਪਾਸੋਂ ਇਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ, ਕਿ ਪਹਿਲਾ ਪ੍ਰਧਾਨ ਦਾਰੂ ਬਹੁਤ ਪੀਂਦਾ ਹੁੰਦਾ ਸੀ। ਉਹਨਾਂ ਨੇ ਗੁਰਦੁਆਰੇ ਦੀ ਗੋਲਕ ਦਾ ਪੂਰਾ ਉਜਾੜਾ ਕੀਤਾ ਸੀ। ਉਹਨੇ ਕਈ ਟਰੱਕ ਪਾ ਲਏ ਜੇ। ਅੰਦਰੋਂ ਕਹਿਣ ਦਾ ਭਾਵ ਤਾਂ ਏਹੀ ਹੁੰਦਾ ਹੈ ਕਿ ਹੁਣ ਅਸੀਂ ਵੀ ਇਹੀ ਕੰਮ ਕਰਕੇ ਦਿਖਾਵਾਂਗੇ। ਜਦੋਂ ਦੇ ਅਸੀਂ ਆਏ ਹਾਂ ਗੁਰਦੁਆਰੇ ਦਾ ਬਹੁਤ ਸੁਧਾਰ ਕੀਤਾ ਹੈ। ਜੇ ਪੁੱਛਿਆ ਜਾਏ ਕਿ ਭਾਈ ਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪਾਠ ਵੀ ਕੀਤਾ ਹੈ ਕਿ ਨਹੀਂ ਤਾਂ ਅੱਗੋਂ ਬਣਾ ਸਵਾਰ ਕੇ ਕਹਿਣਗੇ ਕਿ ਵੱਡੇ ਮਹਾਂਰਾਜ ਜੀ ਕਿਆ ਕਰਤੇ ਤੀ ਕਿ ਭਈ ਤੁਸਾਂ ਪਾਠ ਨਹੀਂ ਪੜ੍ਹਨਾ ਤੁਹਾਡੇ ਪਾਸੋਂ ਗਲਤੀਆਂ ਹੋ ਜਾਣਗੀਆਂ ਤਾਂ ਤੁਹਾਨੂੰ ਬਹੁਤ ਵੱਡਾ ਪਾਪ ਲੱਗੇਗਾ। ਜੇ ਪਿੰਡ ਦਾ ਪ੍ਰਧਾਨ ਹੋਵੇਗਾ ਤਾਂ ਉਸ ਨੂੰ ਇਹ ਡਰ ਪਾ ਦੇਣਗੇ ਤੁਹਾਡੀ ਫਸਲ ਦਾ ਝਾੜ ਘੱਟ ਸਕਦਾ ਹੈ, ਤੁਹਾਡੀ ਮੱਝ ਮਰ ਸਕਦੀ ਹੈ, ਜਾਂ ਤੁਹਾਡੇ ਕਿਸੇ ਬੱਚੇ ਦਾ ਐਕਸੀਡੈਂਟ ਹੋ ਸਕਦਾ ਹੈ ਇਸ ਲਈ ਤੁਸਾਂ ਜ਼ਿੰਦਗੀ ਭਰ ਕਦੇ ਵੀ ਗੁਰਬਾਣੀ ਨੂੰ ਨਹੀਂ ਪੜ੍ਹਨਾ। ਨਿਰਾ ਪ੍ਰਬੰਧਕੀ ਢਾਂਚੇ ਨੂੰ ਹੀ ਨਹੀਂ ਆਮ ਲੋਕਾਈ ਨੂੰ ਵੀ ਸਾਧ-ਲਾਣੇ ਦੇ ਆਪੇ ਬਣਾਏ ਫਲਸਫੇ ਤੋਂ ਡਰਦੀ ਹੈ ਕਿਤੇ ਸਾਡੇ ਪਾਸੋਂ ਕੋਈ ਅਵੱਗਿਆ ਨਾ ਹੋ ਜਾਏ। ਉਂਝ ਵੀ ਪ੍ਰਬੰਧਕ ਆਪਣੇ ਆਪ ਨੂੰ ਸਮਾਜ ਨਾਲੋਂ ਨਿਖੇੜ ਕੇ ਦੇਖਦੇ ਹਨ। ਪ੍ਰਬੰਧਕ ਕਹਿੰਦੇ ਹਨ ਕਿ ਅਸੀਂ ਨਿੰਮ੍ਰਤਾ ਦੇ ਪੁਜਾਰੀ ਹਾਂ ਪਰ ਹੰਕਾਰ ਦੀ ਸਤਵੀਂ ਟੀਸੀ `ਤੇ ਬਰਾਜਮਾਨ ਹੁੰਦੇ ਹਨ।
ਬਾਹਰਲੇ ਮੁਲਕ ਵਾਲੇ ਪ੍ਰਧਾਨਾਂ ਸਕੱਤਰਾਂ ਵਿਚੋਂ ਬਹੁਤਿਆਂ ਨੇ ਗੁਰਦੁਆਰਿਆ ਦੀ ਸਪੌਂਸਿਰਸ਼ਿਪ `ਤੇ ਆਪਣੇ ਰਿਸ਼ਤੇਦਾਰ ਹੀ ਢੋਏ ਹਨ। ਹਰ ਨਵੀਂ ਕਮੇਟੀ ਦੀ ਚੋਣ ਵੇਲੇ ਕੁਕੜ ਖੋਈ, ਇੱਕ ਦੂਜੇ ਪ੍ਰਤੀ ਗੰਦੀ ਭਾਸ਼ਾ ਦਾ ਖੁਲ੍ਹ ਕੇ ਇਸਤੇਮਾਲ ਕਰਨਾ ਧਰਮ ਦਾ ਸਭ ਤੋਂ ਵੱਡਾ ਕਰਮ ਸਮਝਿਆ ਜਾਂਦਾ ਹੈ। ਗੁਰਬਾਣੀ ਦੀ ਸਿਧਾਂਤਕ ਵਿਚਾਰ ਕਰਨ ਵਾਲੇ ਨੂੰ ਪੂਰਾ ਜ਼ਲੀਲ ਕੀਤਾ ਜਾਂਦਾ ਹੈ। ਆਪੇ ਬਣੇ ਪਰਚਾਰਕਾਂ ਦੀ ਅੰਦਰ ਖਾਤੇ ਟੁੱਟੇ ਭੱਜੇ ਸਕੱਤਰਾਂ ਨਾਲ ਪੂਰੀ ਗੰਢ ਤੁਪ ਹੁੰਦੀ ਹੈ। ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਕਈ ਸਕੱਤਰ ਤਾਂ ਆਪ ਹੀ ਮੂੰਹੋਂ ਕੁੱਝ ਨਾ ਕੁੱਝ ਮੰਗ ਲੈਂਦੇ ਹਨ। ਦਲੀਲ ਨਾਲ ਗੱਲ ਕਰਨ ਵਾਲੇ ਦੀਆਂ ਵੀਕਾਂ ਕੱਟੀਆਂ ਜਾਂਦੀਆਂ ਹਨ। ਕਈ ਥਾਂਵਾਂ `ਤੇ ਗ੍ਰੰਥੀਆਂ ਨੇ ਧਰਮ ਦਾ ਕਰਮ ਕਰਦਿਆ ਆਪਣਾ ਪੂਰਾ ਨੈੱਟ ਵਰਕ ਬਣਾਇਆ ਹੁੰਦਾ ਹੈ ਤੇ ਮੁੜ ਮੁੜ ਓਸੇ ਕਰਮ-ਕਾਂਡੀ ਰਾਗੀ ਪ੍ਰਚਾਰਕ ਨੂੰ ਹੀ ਬੁਲਾਇਆ ਜਾਂਦਾ ਹੈ। ਕਿਸੇ ਨਾ ਕਿਸੇ ਢੰਗ ਦੀ ਹਿੱਸਾ ਪੱਤੀ ਪ੍ਰਤੱਖ ਨਜ਼ਰ ਆਉਂਦੀ ਦਸਦੀ ਹੈ। ਦਾਵ੍ਹੇ ਨਾਲ ਕਿਹਾ ਜਾ ਸਕਦਾ ਹੈ ਕਿ ਧਰਮ ਦੇ ਨਾਂ `ਤੇ ਕਿਰਤੀ ਦੀ ਲੁੱਟ ਨੂੰ ਪੂਰਾ ਲੁੱਟਿਆ ਜਾ ਰਿਹਾ ਹੈ। ਸਿੱਖ ਧਰਮ ਦੇ ਸਿਧਾਂਤ ਵਿੱਚ ਨਿਘਾਰ ਲਿਆਉਣ ਦਾ ਸਭ ਤੋਂ ਵੱਧ ਜ਼ਿੰਮੇਵਾਰ ਗੁਰਦੁਆਰਿਆ ਦਾ ਪ੍ਰਬੰਧਕੀ ਢਾਂਚਾ ਹੈ। ਦੂਸਰੇ ਨੰਬਰ ਤੇ ਅਣ-ਸਿਖਾਂਦਰੂ ਗ੍ਰੰਥੀ, ਢਾਡੀ, ਰਾਗੀ ਤੇ ਪ੍ਰਚਾਰਕ ਸ਼੍ਰੇਣੀ ਆਉਂਦੀ ਹੈ।
ਇਕ ਯਤਨ ਅਰੰਭਿਆ ਹੈ ਕਿ ਪਰਚਾਰ ਖੇਤਰ ਵਿੱਚ ਵਿਚਰਦਿਆਂ ਉਸ ਪ੍ਰਬੰਧਕੀ ਢਾਂਚੇ ਦੀ ਅਸਲੀ ਤਸਵੀਰ ਪੇਸ਼ ਕੀਤੀ ਜਾਏ ਜੋ ਗੁਰੂ ਦੀ ਗੋਲਕ ਨੂੰ ਦਿਨ ਦੀਵੀਂ ਲੁਟਾ ਰਹੇ ਹਨ, ਇਸ ਲਈ ਕੇ ਸਟੇਜ `ਤੇ ਕੋਈ ਕੱਚ-ਘਰੜ ਮੰਨਿਆ-ਪ੍ਰਮੰਨਿਆਂ ਰਾਗੀ ਸਾਡੀ ਪੂਛਲ ਉਤਾਂਹ ਚੁੱਕ ਕੇ ਚੱਡੀ ਦੇ ਜਾਏ ਤੇ ਸਾਡੀ ਹਉਮੇ ਦਾ ਭਕਾਨਾ ਫੁੱਲ ਕੇ ਅਸਮਾਨ ਵਿੱਚ ਉੱਡਦਾ ਹੋਇਆ ਲੋਕਾਂ ਨੂੰ ਦਿਸੇ।
ਪਿੱਛਲੇ ਸਮੇਂ ਦਿੱਲੀ ਸ਼ਹਿਰ ਦੇ ਰਾਣੀ ਬਾਗ ਦੀ ਸ਼ਕੂਰ ਬਸਤੀ ਦੇ ਇੱਕ ਗੁਰਦੁਆਰਾ ਵਿਖੇ ਤਿੰਨ ਦਿਨ ਰਹਿ ਕੇ ਛੇ ਕੁ ਕਥਾ ਕਰਨ ਦਾ ਮੌਕਾ ਮਿਲਿਆ। ਗੁਰਦੁਆਰਾ ਪਹੁੰਚਣ `ਤੇ ਪ੍ਰਧਾਨ ਜੀ ਆਪਣੇ ਘਰ ਲੈ ਗਏ। ਰਸਮੀ ਚਾਹ ਆਦ ਪੀਣ ਦੇ ਉਪਰੰਤ ਹਰ ਪ੍ਰਧਾਨ ਦੀ ਤਰ੍ਹਾਂ ਬੜੀ ਤੀਬਰਤਾ ਨਾਲ ਕਹਿਣ ਲੱਗੇ, ਕਿ “ਭਾਈ ਸਾਹਿਬ ਜੀ ਪਹਿਲੇ ਪ੍ਰਧਾਨ ਨੇ ਕੋਈ ਵੀ ਚੱਜਦਾ ਕੰਮ ਨਹੀਂ ਕੀਤਾ ਸੀ ਅਸੀਂ ਧਰਮ ਦਾ ਪ੍ਰਚਾਰ ਬੜੀ ਜ਼ੋਰ-ਸ਼ੋਰ ਨਾਲ ਕਰ ਰਹੇ ਹਾਂ। ਪਹਿਲਾ ਪ੍ਰਧਾਨ ਦਾਰੂ ਬਹੁਤ ਪੀਂਦਾ ਸੀ, ਤੇ ਉਹ ਹੁਣ ਕਦੀ ਗੁਰਦੁਆਰੇ ਵੀ ਨਹੀਂ ਵੜਿਆ ਜੇ। ਅਸੀਂ ਅੱਠ ਕੀਰਤਨ ਦਰਬਾਰ ਕਰਾਏ ਜੇ। ਹੁਣ ਅਸਾਂ ਭਾਈ ਫਲਾਣੇ ਰਾਗੀ ਜੱਥੇ ਨੂੰ ਬੁੱਕ ਕੀਤਾ ਹੈ। ਉਸ ਪਾਸੋਂ ਤਰੀਕ ਲੈਂਦਿਆ ਲੈਂਦਿਆਂ ਛੇ ਮਹੀਨੇ ਹੋ ਗਏ ਹਨ। ਅਸੀਂ ਸੋਚਦੇ ਸੀ, ਉਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਕਰਾਏ ਜਾਣ, ਪਰ ਉਹਨਾਂ ਪਾਸ ਵਿਹਲ ਹੀ ਕਿੱਥੇ ਹੈ।
ਭਾਈ ਸਾਹਿਬ ਜੀ ਸਾਡਾ ਏਰਿਆ ਕੰਡੀਸ਼ਨ ਸਾਰੇ ਕਮਰਿਆਂ ਨੂੰ ਠੰਡਾ ਕਰ ਦੇਂਦਾ ਜੇ। ਭਾਈ ਸਾਹਿਬ ਜੀ ਰਹਾਇਸ਼ ਤੁਹਾਡੀ ਗੁਰਦੁਆਰੇ ਹੋਵੇਗੀ”। ਪ੍ਰਧਾਨ ਜੀ ਆਪਣੇ ਘਰ ਵਾਲਿਆਂ ਨਾਲ ਹਿੰਦੀ ਵਿੱਚ ਗੱਲ ਕਰਨ ਲਈ ਮੈਨੂੰ ਜਾਪਦਾ ਏ ਉਹ ਬਜ਼ਿੱਦ ਸਨ।
ਮੇਰਾ ਇੱਕ ਸੁਭਾਅ ਹੈ ਕਿ ਫ਼ਜੂਲ ਦੀਆਂ ਗੱਲਾਂ ਦਾ ਨਾ ਹੁੰਗਾਰਾ ਦਿੱਤਾ ਜਾਏ ਤੇ ਨਾ ਹੀ ਇਨਾਂ ਬੇਲੋੜੀਆਂ ਗੱਲਾਂ ਵਲ ਤਵੱਜੋਂ ਦਿੱਤੀ ਜਾਏ। ਜਦੋਂ ਮੈਂ ਗੁਰਦੁਆਰੇ ਰਹਿਣ ਲਈ ਆਇਆ, ਤਾਂ ਰਹਾਇਸ਼ ਦੇਖ ਕੇ ਇੰਜ ਮਹਿਸੂਸ ਕੀਤਾ, ਕਿ ਜੇ ਪੁਸ਼ੂਆਂ ਨੂੰ ਬੋਲੀ ਆਉਂਦੀ ਹੁੰਦੀ, ਤਾਂ ਉਹਨਾਂ ਨੇ ਵੀ ਇਨਕਾਰ ਕਰ ਦੇਣਾ ਸੀ, ਕੇ ਅਜੇਹੀ ਗੰਦੀ ਥਾਂ `ਤੇ ਅਸਾਂ ਨਹੀਂ ਰਹਿਣਾ। ਸਾਲਾਂ ਤੋਂ ਅਣਧੋਤੀਆਂ ਮੁਸ਼ਕ ਮਾਰਦੀਆਂ ਚਾਦਰਾਂ, ਤੁਰਦੇ ਮਾਂਗਣੂ, ਬੋਅ ਮਾਰਦੇ ਸੁਰੈਣ੍ਹੇ ਪ੍ਰਧਾਨ ਦੇ ਪ੍ਰਬੰਧ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਸਨ। ਸਾਰੇ ਸਟਾਫ਼ ਲਈ ਕੇਵਲ ਇੱਕ ਟੌਇਲੈੱਟ ਸੀਟ ਸੀ ਤੇ ਨਹਾਉਣ ਲਈ ਉਹ ਵੀ ਕੋਈ ਪ੍ਰਬੰਧ ਨਹੀਂ ਸੀ। ਟੂਟੀਆਂ ਸਾਰੀਆਂ ਪਲਾਸਟਿਕ ਦੀਆਂ ਲੱਗੀਆਂ ਹੋਈਆਂ ਸਨ। ਟੂਟੀਆਂ ਦਾ ਪਾਣੀ ਰਾਹ ਸਿਰ ਅਉਣ ਦੀ ਬਜਾਏ ਊਪਰ ਨੂੰ ਤਤਰੀ ਵੱਖਰੀ ਚਲ ਕੇ ਮੂੰਹ ਸਿਰ ਭਿਉਂ ਦੇਂਦੀ ਸੀ। ਧੰਨ ਵਿਚਾਰੇ ਰਾਗੀ ਗ੍ਰੰਥੀ ਤੇ ਸੇਵਾਦਾਰ ਜੋ ਮਜ਼ਬੂਰੀ ਵੱਸੀ ਦਿਨ ਕੱਟੀ ਕਰ ਰਹੇ ਸਨ। ਉਂਝ ਪਰਚਾਰ ਖੇਤਰ ਵਿੱਚ ਵਿਚਰਦਿਆਂ ਮੈਂ ਕਦੀ ਰਹਾਇਸ਼ ਵਲ ਬਹੁਤਾ ਧਿਆਨ ਨਹੀਂ ਦਿੱਤਾ ਹੈ ਕਿਉਂ ਕਿ ਸਾਡਾ ਮਕਸਦ ਗੁਰ-ਸ਼ਬਦ ਦੀ ਵਿਚਾਰ ਨਾਲ ਹੈ ਨਾ ਕਿ ਆਪਣੇ ਸੁੱਖ ਅਰਾਮ ਲਈ। ਮੁਸਾਫ਼ਰ ਬਣ ਕੇ ਹੀ ਵਿਚਰੇ ਹਾਂ। ਜੇ ਸੁੱਖ ਲੈਣਾ ਹੀ ਹੈ ਤਾਂ ਫਿਰ ਆਪਣੇ ਘਰ ਬੈਠ ਜਾਣਾ ਚਾਹੀਦਾ ਹੈ। ਦੁੱਖ ਆਉਂਦਾ ਹੈ ਜਦੋਂ ਗੁਰੂ ਦੀ ਗੋਲਕ ਨੂੰ ਸਨਾਤਨੀ ਮਤ ਦਾ ਪਰਚਾਰ ਕਰਨ ਵਾਲਿਆਂ ਤੋਂ ਲੁਟਾਈ ਜਾਏ। ਬੇ-ਗ਼ੈਰਤ, ਬੇ-ਅਣਖੇ ਤੇ ਅਖੌਤੀ ਪਰਚਾਰਕਾਂ ਦੀਆਂ ਜੇਬਾਂ ਭਰੀਆਂ ਜਾਣ।
ਸਾਰੇ ਗੁਰਦੁਆਰੇ ਵਿੱਚ ਮਾਰਬਲ ਲੱਗਿਆ ਹੋਇਆ ਸੀ। ਹੁਣ ਪ੍ਰਬੰਧਕਾਂ ਵਲੋਂ ਛੱਤ ਨੂੰ ਮਾਰਬਲ ਲਗਾਉਣ ਦੀ ਤਿਆਰੀ ਸੀ। ਰਾਗੀਆਂ ਪਰਚਾਰਕਾਂ ਦੀ ਰਹਾਇਸ਼ ਵਲ ਕਦੇ ਵੀ ਕਿਸੇ ਦਾ ਖ਼ਿਆਲ ਨਹੀਂ ਆਇਆ ਸੀ। ਰਾਗੀ ਜੱਥਾ ਬਹੁਤ ਨਿੱਘੇ ਸੁਭਾਅ ਵਾਲਾ ਸੀ। ਵਿਚਾਰੇ ਤਬਲੇ ਵਾਲੇ ਨੇ ਮੇਰੇ ਵਲ ਦੇਖ ਕੇ ਨਵੀਂ ਚਾਦਰ ਲਿਆਂਦੀ ਜ਼ਰੂਰ ਸੀ ਪਰ ਗੰਦਗੀ ਦੀਆਂ ਤੂਸਾਂ ਉਹ ਵਿਚਾਰਾ ਦੂਰ ਨਾ ਕਰ ਸਕਿਆ। ਅਗਲੇ ਦਿਨ ਪ੍ਰਧਾਨ ਜੀ ਦਾ ਸੁਨੇਹੇ ਤੇ ਸੁਨੇਹਾ ਆਈ ਜਾਏ ਕਿ ਮੇਰੇ ਘਰੋਂ ਚਾਹ ਜ਼ਰੂਰ ਪੀਤੀ ਜਾਏ। ਮੈਂ ਤੇ ਰਾਗੀ ਸਿੰਘ ਪ੍ਰਧਾਨ ਜੀ ਦੇ ਘਰੋਂ ਚਾਹ ਪੀਣ ਲਈ ਚਲੇ ਗਏ। ਪ੍ਰਧਾਨ ਜੀ ਦਾ ਉਹ ਹੀ ਪੁਰਾਣਾ ਰਾਗ ਕਿ “ਮੈਂ ਜਦੋਂ ਦਾ ਪ੍ਰਧਾਨ ਬਣਿਆਂ ਹਾਂ ਅੱਠ ਕੀਰਤਨ ਦਰਬਾਰ ਕਰਾਏ ਹਨ। ਸੰਗਤਾਂ ਦਾ ਬਹੁਤ ਇਕੱਠ ਸੀ। ਜਿਹੜੀਆਂ ਅਸੀਂ ਲਾਈਟਾਂ ਲਗਵਾਈਆਂ ਸਨ ਲੋਕ ਉਸ ਵਲ ਦੇਖੀ ਹੀ ਜਾਂਦੇ ਸਨ। ਲੰਗਰ ਦਾ ਪੁੱਛੋ ਕੁੱਝ ਨਾ ਜੀ ਪਤਾ ਹੀ ਨਹੀਂ ਕਿੰਨੇ ਪਕਵਾਨ ਬਣ ਕੇ ਤਿਆਰ ਹੋਣੇ ਹਨ ਜੀ। ਕਲ੍ਹ ਨੂੰ ਵੀ ਪਾਉ-ਭਾਜੀ ਤਹਾਨੂੰ ਖਲਾਇਆ ਜਾਏਗਾ ਜੀ। ਮੈਂ ਤੇ ਸੱਚੀ ਬੜਾ ਥੱਕ ਜਾਂਦਾ ਹਾਂ ਜੀ ਪਰ ਕੀ ਕਰੀਏ ਸੰਗਤ ਨੇ ਸੇਵਾ ਜੁ ਲਗਾਈ ਹੋਈ ਹੈ ਜੀ”। ਪਤਾ ਨਹੀਂ ਕਿੰਨਾ ਚਿਰ ਹੋਰ ਜਭਲ਼ੀਆਂ ਦਾ ਪ੍ਰਸਾਦ ਮਿਲਦਾ ਰਹਿੰਦਾ ਜੇ ਮੈਂ ਰਤਾ ਕੁ ਅੱਗੋਂ ਨਾ ਬੋਲਦਾ। ਮੈਂ ਅਚਾਨਕ ਪ੍ਰਧਾਨ ਜੀ ਨੂੰ ਕਿਹਾ, ਕਿ “ਜੇ ਤੁਸੀਂ ਥੱਕ ਜਾਂਦੇ ਹੋ ਤਾਂ ਇਹ ਸੇਵਾ ਕਿਸੇ ਹੋਰਸ ਨੂੰ ਦੇ ਦਿਓ ਤੁਸਾਂ ਜ਼ਰੂਰ ਅੱਕ ਚੱਬਣਾ ਹੈ” ਇੰਜ ਜਾਪ ਰਿਹਾ ਸੀ ਕਿ ਪ੍ਰਧਾਨ ਜੀ ਦਾ ਸਾਰਾ ਨਸ਼ਾ ਹੀ ਉੱਤਰ ਗਿਆ ਹੋਵੇ ਤੇ ਮੈਨੂੰ ਬਾਂਹੋਂ ਫੜ ਕੇ ਹੁਣੇ ਹੀ ਬਾਹਰ ਕੱਢ ਦੇਵੇ। ਇੱਕ ਦਮ ਪਾਰਾ ਚੜਦਾ ਦਿਸ ਰਿਹਾ ਸੀ। ਪਰ ਮਜ਼ਬੂਰੀ ਵੱਸ ਢੀਠਾਂ ਵਾਂਗ ਝੂਠਾ ਜੇਹਾ ਹਾਸਾ ਹੱਸਦਾ ਰਿਹਾ। ਤੇ ਕਹੀ ਜਾਏ ਜੀ ਨਹੀਂ ਨਹੀਂ ਅਸੀਂ ਸੰਗਤਾਂ ਦਾ ਕਿਹਾ ਥੋੜਾ ਮੋੜ ਸਕਦੇ ਹਾਂ। ਲੱਗਦੇ ਹੱਥ ਪ੍ਰਧਾਨ ਜੀ ਤੋਂ ਇੱਕ ਹੋਰ ਸਵਾਲ ਪੁੱਛ ਲਿਆ ਕਿ ਪ੍ਰਧਾਨ ਹੀ ਇਹਨਾਂ ਕੀਰਤਨ ਦਰਬਾਰਾਂ ਵਿੱਚ ਇੱਕ ਰਾਗੀ ਜੱਥੇ ਨੂੰ ਕਿੰਨੇ ਪੈਸੇ ਦੇਂਦੇ ਹੋ ਤਾਂ ਉਹਨਾਂ ਨੇ ਛਾਤੀ ਚੌੜੀ ਕਰਦਿਆ ਕਿਹਾ ਕਿ ਏਹੀ ਕੋਈ ਇਕੱਤੀ ਹਜ਼ਾਰ। ਤੇ ਇਸ ਵਾਰੀ ਭਾਈ ਗੁਰਇਕਬਾਲ ਸਿੰਘ ਜੀ ਨਿਸ਼ਕਾਮ ਸੇਵਾ ਵਾਲੇ ਕੀਰਤਨ ਕਰਨ ਆ ਰਹੇ ਹਨ ਅਸਾਂ ਉਹਨਾਂ ਨੂੰ ਵੀ ਇਕੱਤੀ ਹਜ਼ਾਰ ਰੁਪਇਆ ਦੇਣਾ ਹੈ। ਬਾਕੀ ਇਸ਼ਤਿਆਰ ਲਾਈਟਾਂ ਤੇ ਲਾਉਡ ਸਪੀਕਰ ਪਾ ਲਾ ਕੇ ਪੰਜਾਹ ਸੱਠ ਹਜ਼ਾਰ ਦਾ ਖਰਚਾ ਵੱਖਰਾ ਹੋ ਜਾਂਦਾ ਹੈ। ਭਾਈ ਜੀ ਗੁਰੂ ਦਾ ਕੰਮ ਹੈ ਅਸਾਂ ਕਦੇ ਖਰਚੇ ਵਲੋਂ ਕਦੇ ਪ੍ਰਵਾਹ ਨਹੀਂ ਕੀਤੀ। ਤੁਸੀਂ ਵੇਖਿਆ ਜੇ ਕਿੰਨੀ ਸੰਗਤ ਆਉਂਦੀ ਹੈ। ਵਾਕਿਆ ਹੀ ਦੇਖਿਆ ਗਿਆ ਕਿ ਸਬੰਧਤ ਨਿਸ਼ਕਾਮਕਤਾ ਦੇ ਪੁੰਜ ਰਾਗੀ ਜੱਥੇ ਨਾਲ ਬਾਹਰੋਂ ਉਹਨਾਂ ਦੇ ਹੀ ਚੋਲ਼ਿਆਂ ਵਿੱਚ ਵਾਧੂ ਦਿਸ ਰਹੇ ਸੀ ਬਾਕੀ ਲੋਕਲ ਸੰਗਤ ਤਾਂ ਉਹੀ ਸੀ ਜਿਹੜੀ ਆਮ ਕਥਾ ਸੁਣਨ ਲਈ ਆ ਰਹੀ ਸੀ।
ਪ੍ਰਧਾਨ ਜੀ ਨੂੰ ਮੈਂ ਪੁਛਿਆ ਕਿ ਪ੍ਰਧਾਨ ਜੀ ਏਨ੍ਹੇ ਪੈਸੇ ਦਿੱਤੇ ਜੇ ਇਸ ਦੀ ਆਉਟ ਪੁੱਟ ਕੀ ਨਿਕਲੀ ਹੈ। ਅੱਗੋਂ ਪ੍ਰਧਾਨ ਜੀ ਕਹਿੰਦੇ ਕਿ ਸੰਗਤ ਚਾਹੁੰਦੀ ਹੈ ਕਿ ਅੱਗੋਂ ਵੀ ਮੈਂ ਹੀ ਪ੍ਰਧਾਨ ਬਣਾ। ਕਰਦਿਆਂ ਕਤਰਦਿਆਂ ਸ਼ਾਮ ਦੀ ਕਥਾ ਦਾ ਸਮਾਂ ਹੋ ਗਿਆ ਪ੍ਰਧਾਨ ਜੀ ਵੀ ਚਾਹੁੰਦੇ ਸੀ ਇਹ ਹੁਣ ਏੱਥੋਂ ਚਲਿਆ ਹੀ ਜਾਏ ਤਾਂ ਚੰਗਾ ਹੈ। ਸ਼ਾਮ ਦੀ ਕਥਾ ਕਰਦਿਆਂ ਸੰਗਤਾਂ ਦੇ ਸਾਹਮਣੇ ਇਹ ਮੈਂ ਸਾਰੇ ਸਵਾਲ ਰੱਖ ਦਿੱਤੇ ਕਿ ਜ਼ਰਾ ਕੁ ਦੱਸਿਆ ਜਾਏ ਜੇ ਤੁਸੀਂ ਕਿਸੇ ਰਾਗੀ ਨੂੰ ਪ੍ਰਧਾਨ ਜੀ ਦੇ ਕਹੇ ਅਨੁਸਾਰ ਇਕੱਤੀ ਹਜ਼ਾਰ ਰੁਪਿਆ ਦੇਂਦੇ ਹੋ ਤਾਂ ਉਹ ਸਟੇਜ `ਤੇ ਕੇਵਲ ਵਾਹਿਗੁਰੂ ਵਾਹਿਗੁਰੂ ਹੀ ਕਹੀ ਜਾਏ ਤੇ ਉਹਦੇ ਪਿੱਛੇ ਸਾਰੀ ਸੰਗਤ ਵਾਹਿਗੁਰੂ ਕਹੀ ਜਾਏ ਕੀ ਇਹ ਕੀਰਤਨ ਹੈ? ਸੰਗਤ ਨੇ ਸਿਰ ਹਿਲਾ ਕਿ ਕਿਹਾ ਇਹ ਕੀਰਤਨ ਨਹੀਂ ਹੈ। ਦੂਸਰਾ ਵਿਚਾਰ ਰਾਗੀਆਂ ਤੋਂ ਤਾਂ ਹੁਣ ਆਪਣੇ ਵਾਜੇ ਵੀ ਨਹੀਂ ਚੁੱਕੇ ਜਾਂਦੇ। ਉਹ ਵੀ ਨੌਜਵਾਨ ਹੀ ਚੁੱਕਦੇ ਹਨ। ਫਿਰ ਤੁਸੀਂ ਇਹਨਾਂ ਰਾਗੀਆਂ ਨੂੰ ਇਕੱਤੀ ਹਜ਼ਾਰ ਕਿਉਂ ਦੇ ਰਹੇ ਹੋ? ਲ਼ੱਗਦੇ ਹੱਥ ਹੀ ਸੰਗਤ ਦੇ ਸਾਹਮਣੇ ਰਾਗੀਆਂ ਦੇ ਰਹਿਣ ਵਾਲੀ ਜਗ੍ਹਾ ਤੇ ਉਹਨਾਂ ਦੀ ਵਰਤੋਂ ਵਾਲੇ ਬਾਥਰੂਮ ਦੀ ਵਿਚਾਰ ਕਰ ਦਿੱਤੀ ਪ੍ਰਬੰਧਕ ਕਮੇਟੀ ਇੱਕ ਘੰਟੇ ਦਾ ਕੇਵਲ ਵਾਹਿਗੁਰੂ ਕਹਿਣ ਵਾਲੇ ਨੂੰ ਇਕੱਤੀ ਹਜ਼ਾਰ ਤਾਂ ਦੇ ਰਹੀ ਹੈ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਨਿਤਾ ਪ੍ਰਤੀ ਗੁਰਬਾਣੀ ਕੀਰਤਨ ਕਰਨ ਵਾਲੇ ਸਾਰੇ ਰਾਗੀ ਜੱਥੇ ਨੂੰ ਕੇਵਲ ਅੱਠ ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਇੱਕ ਘੰਟੇ ਲਈ ਕੇਵਲ ਵਾਹਿਗੁਰੂ ਵਾਹਿਗੁਰੂ ਦਾ ਰਟਨ ਕਰਾਉਣ ਵਾਲੇ ਨੂੰ ਇਕੱਤੀ ਹਜ਼ਾਰ ਦਿੱਤਾ ਜਾਏ ਕੀ ਇਹ ਇਨਸਾਫ਼ ਦਾ ਤਰਾਜ਼ੂ ਹੈ? ਦੂਸਰਾ ਸਵਾਲ ਪ੍ਰਬੰਧਕਾਂ ਨੂੰ ਕੀਤਾ ਕਿ ਤੁਸੀਂ ਗੁਰਦੁਆਰੇ ਦੀਆਂ ਦੀਵਾਰਾਂ `ਤੇ ਤਾਂ ਹੋਰ ਮਾਰਬਲ ਲਗਾਉਣ ਦੀ ਸੋਚ ਰਹੇ ਹੋ ਜ਼ਰਾ ਤੁਹਾਡੇ ਗੁਰਦੁਆਰੇ ਵਿੱਚ ਰਹਿਣ ਵਾਲੇ ਰਾਗੀਆਂ ਸੇਵਾਦਾਰਾਂ ਦੀ ਰਹਾਇਸ਼ ਦੇ ਦਰਸ਼ਨ ਵੀ ਕਰ ਲਓ ਤਾਂ ਕਿ ਤੂਹਾਨੂੰ ਆਪਣੀ ਅਸਲੀ ਤਸਵੀਰ ਵੀ ਦਿੱਸ ਪਏ। ਕੀ ਤੁਹਡੇ ਘਰਾਂ ਵਿੱਚ ਇਸ ਤਰ੍ਹਾਂ ਦੇ ਬਾਥ ਰੂਮ ਹਨ ਜਿਸ ਤਰ੍ਹਾਂ ਦੇ ਗੁਰਦੁਆਰੇ ਵਿੱਚ ਹਨ?
ਸੰਗਤ ਦੇ ਸਾਹਮਣੇ ਸਵਾਲ ਰੱਖਿਆ ਗਿਆ ਕਿ ਕੀ ਪ੍ਰਧਾਨ ਨੂੰ ਹੱਕ ਹੈ ਕਿ ਉਹ ਗੁਰੂ ਦੀ ਗੋਕਲ ਨੂੰ ਇਸ ਤਰ੍ਹਾਂ ਲੁਟਾਵੇ? ਕੀਰਤਨ ਕਰਦਿਆਂ ਰਾਗੀਆਂ ਦੇ ਗਲਾਂ ਵਿੱਚ ਜੋਗੀਆਂ ਰੰਗ ਦਾ ਪਰਨਾ ਪਾਉਣ ਨਾਲ ਕੌਮ ਦਾ ਕੋਈ ਕਲਿਆਣ ਹੋ ਸਕਦਾ ਹੈ? ਇਸ ਪ੍ਰਧਾਨ ਜਾਂ ਏੱਥੋਂ ਦੇ ਪ੍ਰਬੰਧਕੀ ਢਾਂਚੇ ਦੀ ਗੱਲ ਨਹੀਂ ਰਹੀ ਆਮ ਗੁਰਦੁਆਰੇ ਪਿੱਛਲੇ ਕਈ ਸਾਲਾਂ ਤੋਂ ਏਸੇ ਤਰ੍ਹਾਂ ਹੀ ਕੌਮੀ ਸਰਮਾਏ ਨੂੰ ਖੂਹ ਖਾਤੇ ਪਾ ਰਹੇ ਹਨ ਕੋਈ ਵੀ ਇਸ ਪ੍ਰਬੰਧਕੀ ਢਾਂਚੇ ਨੂੰ ਪੁੱਛਣ ਵਾਲਾ ਨਹੀਂ ਹੈ। ਇੱਕ ਕੀਰਤਨ ਦਰਬਾਰ `ਤੇ ਲਾਈਟਾਂ ਰਾਗੀਆਂ ਦੀਆਂ ਅਦਮ ਕੱਦ ਦੀਆਂ ਤਸਵੀਰਾਂ ਇਸ਼ਤਿਆਰਬਾਜ਼ੀ ਸਟੇਜ ਦੀ ਸਜਾਵਟ, ਸਾਉਂਡ ਸਿਸਟਿਮ ਮਹਿੰਗੇ ਭਾਅ ਦੇ ਫੁੱਲਾਂ ਦੀ ਵਰਖਾ, ਨਿਸ਼ਕਾਮ ਜੱਥਿਆਂ ਦੀ ਰਹਾਇਸ਼ ਆਦ ਦਾ ਪਰਬੰਧ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦਿਨ ਦੀਵੀਂ ਪ੍ਰਧਾਨ ਕੌਮੀ ਸਰਮਾਏ ਨੂੰ ਘੱਟੇ ਕੌਡੀਆਂ ਗਵਾ ਕੇ ਬੇਸ਼ਰਮੀ ਦਾ ਹਾਸਾ ਹੱਸ ਰਹੇ ਹਨ। ਦੂਸਰੇ ਪਾਸੇ ਗਰੀਬ ਗੁਰਬਾ ਆਪਣੀ ਗਰੀਬੀ ਤੇ ਰੋਅ ਰਿਹਾ ਹੈ।
ਸਵੇਰੇ ਦੀਵਾਨ ਦੀ ਸਮਾਪਤੀ ਵੇਲੇ ਇੱਕ ਹੋਰ ਨਜ਼ਾਰਾ ਦੇਖਿਆ ਕਿ ਇੱਕ ਸੇਵਾਦਾਰ ਹੱਥ ਵਿੱਚ ਮੋਟਾ ਸਾਰਾ ਸੋਟਾ ਲਈ ਖੜਾ ਸੀ ਮੈਂ ਸਹਿ ਸੁਭਾਅ ਪੱਛਿਆ, ਕਿ “ਭਾਊ ਤਹਾਨੂੰ ਕੀ ਬਿਪਤਾ ਪਈ ਆ ਤੁਸੀਂ ਸੋਟਾ ਫੜ ਕੇ ਖੜੇ ਹੋ”, ਤਾਂ ਅੱਗਾ ਬਣਾ ਸਵਾਰ ਕੇ ਕਹਿਣ ਲੱਗਾ, ਕਿ “ਆ ਮੰਗਤੇ ਸਾਹ ਈ ਨਹੀਂ ਲੈਣ ਦੇਣ ਡਏ ਅਗਾਂਹ ਅਗਾਂਹ ਹੀ ਵਧੀ ਆ ਰਹੇ ਹਨ, ਮੈਂ ਇਸ ਲਈ ਖਲੋਤਾ ਹਾਂ ਕਿ ਭਈ ਜੇ ਲੰਗਰ ਵੱਧੇਗਾ ਤਾਂ ਤੁਸੀਂ ਵੀ ਖਾ ਲਿਆ ਜੇ ਨਹੀਂ ਪਹਿਲਾਂ ਸੰਗਤ ਖਾਏ”। ਅੱਗੇ ਸੰਗਤ ਦਾ ਨਜ਼ਾਰਾ ਦੇਖਿਆ ਤਾਂ ਉਹ ਹੋਰ ਵੀ ਚੰਦ ਚਾੜ ਰਿਹਾ ਸੀ। ਥੈੱਲ਼ੀਆਂ ਬਣਾ ਬਣਾ ਕੇ ਲੋਕ ਘਰਾਂ ਨੂੰ ਸ਼ਰੇਆਮ ਲੰਗਰ ਲਿਜਾ ਰਹੇ ਸਨ ਪਰ ਵੱਗਦੀਆਂ ਲੀਰਾਂ ਤੇ ਪੇਟੋਂ ਭੁਖਿਆਂ ਨੂੰ ਸੋਟੇ ਨਾਲ ਦਰਕਾਰਿਆ ਹੀ ਨਹੀਂ ਜਾ ਰਿਹਾ ਸੀ ਸਗੋਂ ਧੌਲ਼ ਧੱਫਾ ਵੀ ਕੀਤਾ ਜਾ ਰਿਹਾ ਸੀ।
ਅੱਖੀਂ ਦੇਖਿਆ ਕਿ ਕੀਰਤਨ ਦਰਬਾਰ ਦੇ ਨਾਂ `ਤੇ ਕਿਵੇਂ ਇੱਕ ਰਾਗੀ ਜੱਥੇ ਨੂੰ ਭਾਰੀਆਂ ਰਕਮਾਂ ਦੇ ਕੇ ਗੋਲਕ ਨੂੰ ਲੁਟਾਇਆ ਜਾ ਰਿਹਾ ਸੀ ਅੱਜ ਜੇ ਧਰਮ ਨੂੰ ਖਤਰਾ ਹੈ ਅਜੇਹੇ ਅਕਲ ਦੇ ਅੰਨ੍ਹੇ ਪ੍ਰਧਾਨਾਂ ਤੋਂ ਹੈ ਜੋ ਕੇਵਲ ਆਪਣੀ ਉਪਮਾ ਸੁਣਨ ਲਈ ਗੋਲਕਾਂ ਦੇ ਪੈਸੇ ਨੂੰ ਬਰਬਾਦ ਕਰ ਰਹੇ ਹਨ।
ਪ੍ਰਧਾਨਾਂ ਦੇ ਕਰਨ ਯੋਗ ਕੰਮ
ਗੁਰਦੁਆਰੇ ਅੰਦਰ ਲਾਇਬ੍ਰੇਰੀ ਬਣਾਉਣੀ।
ਸਾਫ਼ ਸੁੱਥਰੇ ਬਾਥਰੂਮ ਬਣਾੳਣੇ। ਰਾਗੀਆਂ, ਗ੍ਰੰਥੀਆਂ, ਸੇਵਾਦਾਰਾਂ ਤੇ ਪ੍ਰਚਾਰਕਾਂ ਦੀ ਰਹਾਇਸ਼ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਏ।
ਬੱਚਿਆਂ ਲਈ ਜ਼ਿੰਮ ਹੋਵੇ। ਦਿਨੇ ਬਜ਼ੁਰਗਾਂ ਦੇ ਬੈਠਣ ਲਈ ਢੁੱਕਵਾਂ ਪ੍ਰਬੰਧ ਹੋਵੇ।
ਗੁਰਮਤ ਸਿਖਲਾਈ ਦੀਆਂ ਕਲਾਸਾਂ ਲਗਾਉਣ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਬੱਚੀਆਂ ਦੀਆਂ ਸਿਖਲਾਈ ਕਢਾਈ ਦਾ ਪ੍ਰਬੰਧ ਕਰਨਾ।
ਸਫ਼ਾਈ ਦਾ ਪ੍ਰਬੰਧ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ।
ਯੋਗਤਾ ਭਰਪੂਰ ਪਰਚਾਰਕਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਹਨ।
ਸਮਾਜ ਭਲਾਈ ਦੇ ਕੰਮ ਕਰਨੇ ਯੋਗ ਹਨ।
ਅੱਜ ਗੁਰਦੁਆਰਿਆਂ ਵਿੱਚ ਭਲਾਈ ਕੇਂਦਰਾਂ ਲਈ ਨਿਸ਼ਕਾਮਤਾ ਦੇ ਨਾਂ `ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਪਰ ਆਪਣਿਆਂ ਗੁਰਦੁਆਰਿਆਂ ਵਿੱਚ ਰਾਗੀਆਂ ਪਰਚਾਰਕਾਂ ਨੂੰ ਪੂਰੀ ਢਿੱਡ ਬਰਵੀਂ ਰੋਟੀ ਵੀ ਨਹੀਂ ਦੇ ਰਹੇ ਹਾਂ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।।
ਸੂਹੀ ਮਹਲਾ ੧ ਪੰਨਾ ੭੬੭




.