.

“ਇਕਿ ਆਵਹਿ ਇਕਿ ਜਾਹਿ ਉਠਿ

ਬਿਨੁ ਨਾਵੈ ਮਰਿ ਜਾਤੀ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁਲ ਬਾਈ ਵਾਰਾਂ ਹਨ। ਇਨਾਂ `ਚੋਂ ਦੋ ਵਾਰਾਂ ਅਜਿਹੀਆਂ ਹਨ ਜਿਨ੍ਹਾਂ `ਚ ਸਲੋਕ ਦਰਜ ਨਹੀਂ ਹੋਏ। ਉਨ੍ਹਾਂ ਦੋ ਵਾਰਾਂ `ਚੋਂ ਇੱਕ ਹੈ ‘ਸਤੈ ਬਲਵੰਡ ਕੀ ਵਾਰ’ ਪੰ: ੯੬੬ ਅਤੇ ਦੂਜੀ ਹੈ “ਬਸੰਤ ਕੀ ਵਾਰ” ਮ: ੫, ਪੰ: ੧੧੯੩। ਜਦਕਿ ਬਾਕੀ ਵੀਹ ਵਾਰਾਂ `ਚ ਪਉੜੀਆਂ ਤੋਂ ਪਹਿਲਾਂ ਦੋ ਤੋਂ ਲੈ ਕੇ ਸੱਤ ਦੀ ਗਿਣਤੀ ਤੱਕ ਸਲੋਕ ਵੀ ਆਏ ਹਨ। ਇਨ੍ਹਾਂ ਵਾਰਾਂ `ਚ ਆਦਿ ਬੀੜ ਦੀ ਸੰਪਾਦਨਾ ਤੇ ਆਦਿ ਬੀੜ ਨੂੰ ਤਰਤੀਬ ਦੇਣ ਸਮੇਂ ਪਉੜੀਆਂ ਨਾਲ ਸਲੋਕ ਪੰਜਵੇਂ ਪਾਤਸ਼ਾਹ ਨੇ ਆਪ ਦਰਜ ਕੀਤੇ ਹਨ।

ਵਾਰਾਂ ਸਬੰਧੀ ਵਿਚਾਰ ਕਰਦੇ ਸਾਨੂੰ ਇਹ ਨੁੱਕਤਾ ਧਿਆਨ ਗੋਚਰੇ ਰਖਣਾ ਹੈ ਕਿ ਵਾਰਾਂ ਦਾ ਮੂਲ ਰੂਪ, ਪਉੜੀਆਂ ਹੀ ਹੈ।। ਇਸੇ ਤਰ੍ਹਾਂ ਹਰੇਕ ਵਾਰ ਦਾ ਕੇਂਦਰੀ ਭਾਵ ਵੀ ਵੱਖ-ਵੱਖ ਤੇ ਆਪਣਾ-ਆਪਣਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਬਾਣੀ ਆਸਾ ਕੀ ਵਾਰ ਦਾ ਕੇਂਦਰੀ ਭਾਵ ਅਥਵਾ ਮੂਲ ਵਿਸ਼ਾ ਹੈ ‘ਜੀਵਨ ਮਨੋਰਥ’। ਦੂਜਾ ਇਹ ਕਿ, ਹਰੇਕ ਵਾਰ ਵਿਚਲੀਆਂ ਪਉੜੀਆਂ ਵੀ ਇੱਕ-ਇਕ ਲੜੀ `ਚ ਹਨ। ਇਸੇ ਲਈ ਹਰੇਕ ਵਾਰ `ਚ ਕਿਸੇ ਵੀ ਪਉੜੀ ਦੇ ਅਰਥ ਆਜ਼ਾਦ ਨਹੀਂ। ਹਰੇਕ ਵਾਰ `ਚ ਹਰੇਕ ਪਉੜੀ ਦੇ ਅਰਥ ਉਸ ਤੋਂ ਪਿਛਲੀ ਪਉੜੀ ਦੇ ਅਰਥਾਂ ਨੂੰ ਹੀ ਅੱਗੇ ਚਲਾ ਰਹੇ ਹਨ। ਇਸੇ ਤਰ੍ਹਾਂ ਹਰੇਕ ਪਉੜੀ ਤੋਂ ਬਾਅਦ ਆਉਣ ਵਾਲੀ ਪਉੜੀ `ਚ ਵੀ, ਉਸ ਤੋਂ ਪਿਛਲੀ ਪਉੜੀ ਦੇ ਅਰਥਾਂ ਨੂੰ ਹੀ ਅੱਗੇ ਲਿਆ ਰਹੀ ਹੈ। ਠੀਕ ਇਸੇ ਤਰ੍ਹਾਂ, ਜਿਵੇਂ ਕਿਸੇ ਮੰਜ਼ਿਲ ਉਪਰ ਪਹੁੰਚਣ ਲਈ ਪਉੜੀ ਦਰ ਪਉੜੀ ਚੜ੍ਹਣਾ ਤੇ ਉਸ ਤੋਂ ਉਤਰਣ ਸਮੇਂ ਵੀ ਪਉੜੀ ਦਰ ਪਉੜੀ ਹੀ ਵਾਪਿਸ ਉਤਰਣਾ ਹੁੰਦਾ ਹੈ।

ਇਸ ਤੋਂ ਬਾਅਦ ਹਰੇਕ ਵਾਰ `ਚ ਇਹ ਖੂਬੀ ਵੀ ਹੈ ਕਿ ਗੁਰਦੇਵ ਨੇ ਜਿੱਥੇ ਵਾਰਾਂ ਵਿਚਲੀਆਂ ਪਉੜੀਆਂ ਦੇ ਮਜ਼ਮੂਨਾਂ ਨੂੰ ਲੜੀਵਾਰ ਚਲਾਇਆ ਹੈ। ਉਸ ਦੇ ਨਾਲ ਨਾਲ, ਜਿਸ ਪਉੜੀ ਲਈ ਜਿਨ੍ਹਾਂ ਵੀ ਸਲੋਕਾਂ ਦੀ ਚੋਣ ਕੀਤੀ ਤੇ ਉਨ੍ਹਾਂ ਸਲੋਕਾਂ ਨੂੰ ਜਿਸ ਵੀ ਪਉੜੀ ਨਾਲ ਜੋੜਿਆ, ਉਥੇ ਵੀ ਗੁਰਦੇਵ ਦੀ ਵਿਦਵਤਾ ਕਮਾਲ ਦਰਜੇ ਦੀ ਹੈ। ਹਰੇਕ ਇਕੱਲੀ-ਇਕੱਲੀਪਉੜੀ `ਚ ਜੋ ਵਿਸ਼ਾ ਹੈ ਉਥੇ ਅਮੁੱਕੀ ਪਉੜੀ ਨਾਲ ਸਲੋਕ ਵੀ ਉਹ ਜੋੜੇ ਹਨ, ਜਿਹੜੇ ਆਪਣੇ ਆਪ `ਚ ਉਸ ਪਉੜੀ ਦੀ ਵਿਆਖਿਆ ਜਾਂ ਉਸੇ ਵਿਸ਼ੇ ਨਾਲ ਸਬੰਧਤ ਹਨ ਤੇ ਅਮੁੱਕੀ ਪਉੜੀ ਦੇ ਅਰਥਾਂ ਨੂੰ ਹੀ ਖੋਲਦੇ ਹੋਣ। ਇਹ ਖ਼ੂਬੀ ਵੀ ਹਰੇਕ ਵਾਰ ਵਿਚਲੀ ਹਰੇਕ ਪਉੜੀ ਨਾਲ ਜੋੜੇ ਗਏ ਸਲੋਕਾਂ `ਚ ਸਹਿਜੇ ਹੀ ਦੇਖੀ ਤੇ ਪਹਿਚਾਣੀ ਜਾ ਸਕਦੀ ਹੈ।

ਗੁਰਦੇਵ ਰਾਹੀਂ ਵਾਰਾਂ `ਚ ਪਉੜੀਆਂ ਨਾਲ ਜੋੜੇ ਹੋਏ ਸਲੋਕਾਂ ਦੀ ਇਸੇ ਵਿਸ਼ੇਸ਼ਤਾ ਨੂੰ ਪਹਿਚਾਨਣ ਲਈ ਇਥੇ ਅਸੀਂ ਪਹਿਲੇ ਪਾਤਸ਼ਾਹ ਦੀ ਰਚਨਾ ‘ਮਾਝ ਕੀ ਵਾਰ’ `ਚੋਂ ਪਹਿਲੀ ਪਉੜੀ ਲੈ ਰਹੇ ਹਾਂ। ਇਸ ਪਉੜੀ `ਚ ਗੁਰਦੇਵ ਨੇ ਜਿਸ ਮਜ਼ਮੂਨ ਨੂੰ ਛੂਹਿਆ ਹੈ ਉਹ ਇਹ ਹੈ ਕਿ ਸੰਸਾਰ ਤੱਲ ਤੇ ਮਨਮੁਖ ਵੀ ਇੱਕ ਪਧਰ ਦੇ ਨਹੀਂ। ਇਸ ਤਰ੍ਹਾਂ ਮਨਮੁਖਾਂ `ਚੋਂ ਵੀ ਜੇਕਰ ਅਤਿ ਦਰਜੇ ਦੇ ਵਿਕਾਰੀ, ਵਿਭਚਾਰੀ, ਵੱਡੇ ਵੱਡੇ ਜੁਰਮਾਂ `ਚ ਡੁੱਬੇ ਹੋਏ, ਕਿਡਨੈਪਰ (ਉਧਾਲੇ ਕਰਣ ਵਾਲੇ) ਤੇ ਤਸਕਰ ਆਦਿ ਭਾਵ ਸਮਾਜਿਕ ਤੌਰ `ਤੇ ਬਹੁਤ ਗੰਦੀ ਰਹਿਣੀ ਵਾਲੇ ਮਨਮੁਖਾਂ ਦੀ ਗੱਲ ਨਾ ਵੀ ਕੀਤੀ ਜਾਵੇ ਤਾਂ ਸਾਧਾਰਨ ਲੋਕਾਂ `ਚ ਵੀ ਬਹੁਤੇ ਲੋਕ ਮਨਮੁਖਤਾ ਭਰਪੂਰ ਜੀਵਨ ਹੀ ਬਤੀਤ ਕਰਦੇ ਹਨ।

ਸਾਧਾਰਨ ਲੋਕਾਈ ਵਿਚਕਾਰ ਵੀ ਬਹੁਤੇ ਲੋਕ ਉਹੀ ਹੁੰਦੇ ਹਨ ਜਿਹੜੇ ਇਸ ਅਮੁਲੇ ਮਨੁੱਖਾ ਜਨਮ ਦੇ ਮਕਸਦ ਤੋਂ ਕੇਵਲ ਅਨਜਾਣ ਹੀ ਨਹੀਂ ਬਲਕਿ ਇਸ ਬਾਰੇ ਲਾਪਰਵਾਹ ਵੀ ਹੁੰਦੇ ਹਨ। ਹੋਰ ਤਾਂ ਹੋਰ, ਅਜਿਹੇ ਮਨਮੁਖ ਰਹਿਣੀ ਵਾਲੇ ਲੋਕ ਤਾਂ ਇਸ ਜਨਮ ਦੇ ਮਕਸਦ ਨੂੰ ਜਾਨਣ ਲਈ ਤਿਆਰ ਵੀ ਨਹੀਂ ਹੁੰਦੇ। ਇਸੇ ਕਾਰਨ ਅਜਿਹੇ ਲੋਕ, ਸਮਾਜਕ ਪੱਖੋ ਬਹੁਤਾ ਕਰਕੇ ਅਉਗੁਣ ਰਹਿਤ ਤੇ ਸਤਿਕਾਰ ਜੋਗ ਹੁੰਦੇ ਹੋਏ ਵੀ ਆਪਣਾ ਜਨਮ, ਮਨਮੁਖਤਾ ਤੇ ਅਗਿਆਨਤਾ `ਚ ਹੀ ਬਤੀਤ ਕਰਦੇ ਹਨ। ਇਸ ਤਰ੍ਹਾਂ ਅਜਿਹੇ ਮਨਮੁਖ ਮਨੁੱਖਾ ਜਨਮ ਪਾਉਣ ਤੋਂ ਬਾਅਦ ਵੀ ਮੁੜ ਜੂਨਾਂ, ਜਨਮਾਂ, ਗਰਭਾਂ ਦੇ ਚੱਕਰਾਂ `ਚ ਹੀ ਪੈਂਦੇ ਹਨ। ਬੇਸ਼ਕ ਅਨਜਾਣ ਪੁਣੇ `ਚ ਹੀ ਸਹੀ, ਪਰ ਅਜਿਹੇ ਮਨਮੁਖ ਕਿਸੇ ਨਾ ਕਿਸੇ ਹੱਦ `ਚ ਵਿਕਾਰਾਂ ਦੀ ਦੱਬ ਤੋਂ ਵੀ ਨਹੀਂ ਬਚੇ ਹੁੰਦੇ।

ਅਜਿਹੇ ਮਨਮੁਖਾਂ ਦੇ ਜੀਵਨ ਦੀ ਬਹੁਤਾ ਕਰਕੇ ਪਹਿਚਾਣ ਹੁੰਦੀ ਹੈ, ਕਿ ਜੇਕਰ ਉਹ ਸਮਝਦੇ ਵੀ ਹੋਣ ਕਿ ਉਨ੍ਹਾਂ ਨੂੰ ਜੀਵਨ ਦਾ ਰਸ ਤੇ ਟਿਕਾਅ, ਸ਼ਬਦ ਗੁਰੂ ਦੀ ਆਗਿਆ ਤੇ ਆਦੇਸ਼ਾਂ `ਚ ਚੱਲ ਕੇ ਪ੍ਰਾਪਤ ਹੋ ਸਕਦਾ ਹੈ। ਜੇਕਰ ਅਜਿਹੇ ਲੋਕ ਸਮਝਦੇ ਵੀ ਹੋਣ ਕਿ ਜੇ ਉਹ ਆਪਣੇ ਜੀਵਨ ਨੂੰ ਗਿਆਨ ਅਥਵਾ ਸ਼ਬਦ ਗੁਰੂ ਦੇ ਮਾਰਗ `ਤੇ ਚਲਾਉਣ ਤਾਂ ਉਨ੍ਹਾਂ ਦੇ ਜੀਵਨ `ਚ ਜਿਤਣੀ ਵੀ ਭਟਕਣਾ, ਚਿੰਤਾਵਾਂ, ਮਾਨਸਿਕ ਤਨਾਵ ਤੇ ਉਖਾੜ ਹਨ, ਸਾਰੇ ਦਾ ਇਲਾਜ, ਜੀਵਨ `ਚ ਗਿਆਨ ਗੁਰੂ ਦਾ ਪ੍ਰਕਾਸ਼ ਤੇ ਰੋਸ਼ਨੀ ਹੀ ਹੈ। ਇਸ ਦੇ ਬਾਵਜੂਦ ਉਨ੍ਹਾਂ `ਚੋਂ ਵਿਰਲੇ ਹੀ ਹੁੰਦੇ ਹਨ ਜੋ ਗੁਰਮੁਖ ਜੀਵਨ `ਚ ਆ ਕੇ ਆਤਮਕ ਸੁਖ ਨੂੰ ਪ੍ਰਾਪਤ ਕਰਦੇ ਹਨ। ਇਸ ਲਈ ਅਜਿਹੇ ਮਨਮੁਖ ਜੀਊਂਦੇ ਜੀਅ ਵੀ ਜੀਵਨ ਭਰ ਪ੍ਰੇਸ਼ਾਨੀਆਂ `ਚ ਰਹਿੰਦੇ ਹਨ ਤੇ ਗੁਰਬਾਣੀ ਅਨੁਸਾਰ ਉਂਝ ਵੀ ਜਨਮ ਬਿਰਥਾ ਕਰਕੇ ਹੀ ਜਾਂਦੇ ਹਨ। ਭਾਵ ਸਰੀਰਕ ਮੋਤ ਬਾਅਦ ਵੀ ਜੂਨਾਂ-ਜਨਮਾਂ ਦੇ ਗੇੜ੍ਹਾਂ `ਚ ਹੀ ਪੈਂਦੇ ਹਨ।

ਅਜਿਹੇ ਲੋਕਾਂ `ਚੋਂ ਬਹੁਤਿਆਂ ਦੇ ਜੀਵਨ ਦੀ ਸੂਈ, ਜੀਵਨ ਭਰ ਉਲਟੇ ਪਾਸੇ ਹੀ ਚਲਦੀ ਹੈ। ਉਨ੍ਹਾਂ ਦਾ ਜੀਵਨ ਆਪਣੇ ਆਪ ਜਿਧਰ ਚਲਦਾ ਜਾਂਦਾ ਹੈ, ਉਧਰ ਨੂੰ ਹੀ ਚਲਾਈ ਜਾਂਦੇ ਹਨ। ਅਜਿਹੇ ਲੋਕਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ “ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨੁ ਗਿਰਾਵਹਿ” (ਪੰ: ੩੩੨) ਅਥਵਾ “ਪ੍ਰਾਨੀ ਕਉ ਹਰਿ ਜਸੁ, ਮਨਿ ਨਹੀ ਆਵੈ॥ ਅਹਿਨਿਸਿ ਮਗਨੁ ਰਹੈ ਮਾਇਆ ਮੈ, ਕਹੁ ਕੈਸੇ ਗੁਨ ਗਾਵੈ” (ਪੰ: ੨੧੯)। ਦਰਅਸਲ ਗੁਰਬਾਣੀ ਅਨੁਸਾਰ ਅਜਿਹੇ ਲੋਕ “ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕੁ ਛਾਨੈ” (ਪੰ: ੩੮੦) ਭਾਵ ਸੰਸਾਰ `ਚ ਜਿਵੇਂ ਖਾਲੀ ਹੱਥ ਆਉਂਦੇ ਹਨ ਤਿਵੇਂ ਹੀ ਸੰਸਾਰ ਤੋਂ ਖਾਲੀ ਹੱਥ ਚਲੇ ਜਾਂਦੇ ਹਨ। ਅਕਾਲਪੁਰਖ ਨੇ ਬਖ਼ਸ਼ਿਸ਼ ਕਰਕੇ, ਜੀਵ ਨੂੰ ਭਿੰਨ ਭਿੰਨ ਜੂਨਾਂ-ਜਨਮਾਂ ਵਾਲੇ ਦੁਖਾਂ `ਚੋਂ ਕੱਢ ਕੇ, ਜਿਹੜਾ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ, ਅਜਿਹੇ ਜੀਵ ਉਸ ਦਾ ਲਾਭ ਵੀ ਨਹੀਂ ਲੈਂਦੇ।

ਗੁਰਬਾਣੀ ਅਨੁਸਾਰ ਅਜਿਹੇ ਲੋਕ “ਭਾਈ ਰੇ! ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮੁ ਗਵਾਇਆ” (ਪੰ: ੩੨) ਭਾਵ ਫ਼ਿਰ ਤੋਂ ਆਪਣਾ ਮਨੁੱਖਾ ਜਨਮ ਅਜ਼ਾਈ ਗੁਆ ਜਾਂਦੇ ਹਨ। ਦੇਖਿਆ ਜਾਵੇ ਤਾਂ, ਵਿਰਲਿਆਂ ਨੂੰ ਛੱਡ ਕੇ ਸਾਡੇ `ਚੋਂ ਬਹੁਤਿਆਂ ਦੀ ਹਾਲਤ ਇਹੀ ਹੁੰਦੀ ਹੈ। ਇਸੇ ਲਈ ਗੁਰਬਾਣੀ ਅਨੁਸਾਰ ਸਾਡੇ `ਚੋਂ ਬਹੁਤਿਆਂ ਦਾ ਮਨੁੱਖਾ ਜਨਮ ਪ੍ਰਾਪਤ ਕਰਣਾ ਜਾਂ ਕਿਸੇ ਹੋਰ ਜੂਨ ਨੂੰ ਭੋਗਣਾ, ਬਰਾਬਰ ਹੀ ਰਹਿੰਦਾ ਹੈ। ਸਾਡੇ ਅਜਿਹੇ ਮਨਮੁਖੀ ਜੀਵਨ ਲਈ ਹੀ ਗੁਰਦੇਵ ਨੇ ਇਥੋਂ ਤੱਕ ਵੀ ਫ਼ੁਰਮਾਇਆ ਹੈ ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ” (ਪੰ: ੧੮੮)

ਦਰਅਸਲ ਮਨਮੁਖਤਾ ਭਰਪੂਰ ਜੀਵਨ ਤੋਂ ਬਚਣ ਲਈ ਹੀ ਗੁਰਦੇਵ ਨੇ ਸਾਨੂੰ ਗੁਰਬਾਣੀ `ਚ ਬੇਅੰਤ ਵਾਰੀ ਸੁਚੇਤ ਕੀਤਾ ਹੈ ਜਿਵੇਂ “ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀ” (ਪੰ: ੬੩੧) ਕਿ ਐ ਭਾਈ! ਪਿਛਲਾ ਮਨੁੱਖਾ ਜਨਮ ਤਾਂ ਤੂੰ “ਬਹੁਤੇ ਜੁਗ ਹਾਰਿਓ” ਬਿਰਥਾ ਕੀਤਾ ਹੀ ਸੀ ਜਿਸ ਨੂੰ ਤੂੰ ਅੱਜ ਤਾਈਂ ਭੋਗ ਰਿਹਾਂ ਹੈ। ਤਾਂ ਤੇ ਫ਼ਿਰ ਤੋਂ ਪ੍ਰਾਪਤ ਹੋਏ ਇਸ ਅਵਸਰ ਦੀ ਸੰਭਾਲ ਕਰ, ਤਾ ਕਿ ਤੇਰਾ ਫ਼ਿਰ ਤੋਂ ਉਹੀ ਹਾਲ ਨਾ ਹੋਵੇ।

ਦਰਅਸਲ ਇਹੀ ਮਜ਼ਮੂਨ ਹੈ ਜੋ ‘ਮਾਝ ਕੀ ਵਾਰ’ ਮ: ੧ ਦੀ ਪਹਿਲੀ ਪਉੜੀ `ਚ ਗੁਰਦੇਵ ਨੇ ਨਿਭਾਇਆ ਹੈ। ਉਸ ਪਉੜੀ ਨਾਲ ਗੁਰਦੇਵ ਨੇ ਤਿੰਨ ਸਲੋਕ ਵੀ ਬਖ਼ਸ਼ੇ ਹਨ। ਪਉੜੀ ਦੇ ਅਰਥਾ ਵੱਲ ਵਧਣ ਦੇ ਨਾਲ ਨਾਲ ਅਸਾਂ ਖਾਸ ਕਰਕੇ ਇਸ ਪਾਸੇ ਧਿਆਨ ਦੇਣਾ ਹੈ ਕਿ ਇਸ ਪਉੜੀ `ਚ ਮਨਮੁਖ ਦੇ ਜੀਵਨ ਦਾ ਭਰਵਾਂ ਜ਼ਿਕਰ ਹੈ। ਜਦਕਿ ਮਨਮੁਖ ਦੇ ਜੀਵਨ ਦਾ ਜ਼ਿਕਰ ਕਰਣ ਸਮੇਂ ਵੀ ਮਨਮੁਖਤਾ ਦੇ ਉਸ ਪੱਖ ਨੂੰ ਉੱਕਾ ਨਹੀਂ ਛੂਹਿਆ ਜਿਸ ਗਿਣਤੀ `ਚ ਸਾਰੇ ਮਨਮੁਖ ਤਾਂ ਨਹੀਂ ਆਉਂਦੇ ਬਲਕਿ ਮਨਮੁਖਾਂ ਚੋਂ ਵੀ ਕੁੱਝ ਹੀ ਉਸ ਪਧਰ ਦੇ ਮਨਮੁਖ ਹੁੰਦੇ ਹਨ। ਕਿਉਂਕਿ ਸੰਸਾਰ ਭਰ ਦੇ ਇਤਿਹਾਸ `ਚ ਵੀ ਸਾਰੇ ਮਨਮੁਖ ਕਦੇ ਵੀ ਜ਼ਾਲਮ, ਵਿਭਚਾਰੀ, ਵੱਡੇ ਜੁਰਮਾਂ `ਚ ਡੁੱਬੇ ਹੋਏ, ਕਿਡਨੈਪਰ (ਉਧਾਲੇ ਕਰਣ ਵਾਲੇ) ਤੇ ਤਸਕਰ ਆਦਿ ਨਹੀਂ ਹੁੰਦੇ। ਫ਼ਿਰ ਆਮ ਲੋਕਾਈ `ਚ ਵੀ ਵੱਡੀ ਗਿਣਤੀ ਗੁਰਮੁਖਾਂ ਦੀ ਨਹੀਂ ਬਲਕਿ ਮਨਮੁਖਾਂ ਦੀ ਹੀ ਹੁੰਦੀ ਹੈ।

ਬੇਸ਼ਕ ਵੱਡੇ ਕੁਕਰਮੀ ਮਨਮੁਖ ਵੀ ਸਧਾਰਨ ਮਨਮੁਖਾਂ ਦੇ ਜੀਵਨ ਦਾ ਹੀ ਵਿਗੜਿਆ ਰੂਪ ਹੁੰਦੇ ਹਨ। ਜਦਕਿ ਗੁਰਮੁਖਾਂ `ਚੋਂ ਕਦੇ ਕੋਈ ਜੀਵਨ ਦੇ ਉਸ ਬਦਨਾਮ ਪਾਸੇ ਵੱਲ ਨਹੀਂ ਮੁੜਦਾ। ਇਸ ਲਈ ਸਮਾਜ ਤੇ ਕਾਨੂੰਨ ਪੱਖੋਂ ਗੰਦੇ ਤੇ ਬਦਨਾਮ ਅਨਸਰ ਦੀ ਜੜ੍ਹ `ਚ ਵੀ, ਅਜਿਹੇ ਬਹੁਗਿਣਤੀ `ਚ ਵਿਚਰ ਰਹੇ ਮਨਮੁਖ ਹੀ ਹੁੰਦੇ ਹਨ। ਉਨ੍ਹਾਂ ਬਹੁਗਿਣਤੀ ਮਨਮੁਖਾਂ ਦੇ ਜੀਵਨ ਦੇ ਵਿਗਾੜ ਦਾ ਹੀ ਅੱਗੇ ਤੋਂ ਅੱਗੇ ਪ੍ਰਗਟਾਵਾ ਹੁੰਦੇ ਹਨ, ਬਦਨਾਮ ਤੇ ਕੁਕਰਮੀ ਮਨਮੁਖ। ਤਾਂ ਵੀ ਸੰਸਾਰ ਭਰ ਦੇ ਸਾਰੇ ਮਨਮੁਖ ਸੁਭਾਅ ਵਾਲੇ ਲੋਕ, ਉਨ੍ਹਾਂ ਜੁਰਮਾਂ ਦੀ ਸੀਮਾ ਤੱਕ ਕਦੇ ਨਹੀਂ ਪੁਜਦੇ। ਫ਼ਿਰ ਵੀ ਸੰਸਾਰ `ਚ ਮਨਮੁਖਤਾ ਵਾਲਾ ਜੀਵਨ ਬਿਤਾਉਣ ਵਾਲੇ ਲੋਕ ਹੀ ਬਹੁਗਿਣਤੀ `ਚ ਹੁੰਦੇ ਹਨ। ਜਦਕਿ ਗੁਰਬਾਣੀ ਅਨੁਸਾਰ ਵੀ “ਦਰਸਨਿ ਰੂਪਿ ਅਥਾਹ, ਵਿਰਲੇ ਪਾਈਅਹਿ” (ਪੰਨਾ ੧੪੬) ਅਤੇ “ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ।। ਗੁਰਮੁਖਿ ਕੋਈ ਉਤਰੈ ਪਾਰਿ” (ਪੰਨਾ ੧੪੫) ਗੁਰਮੁਖਾਂ ਦੀ ਗਿਣਤੀ ਘਟ ਹੀ ਹੁੰਦੀ ਹੈ।

ਦੇਖਾਂਗੇ ਕਿ ਵਿਚਾਰ ਅਧੀਨ ਪਉੜੀ ਤੇ ਸਲੋਕਾਂ `ਚ ਗੁਰਦੇਵ ਨੇ ਬਹੁਤਾ ਕਰਕੇ ਸਾਧਾਰਨ ਪਰ ਮਨਮੁਖਾਂ ਦੀ ਜੀਵਨ ਰਹਿਣੀ ਨੂੰ ਹੀ ਪ੍ਰਗਟਾਇਆ ਹੈ। ਸਪਸ਼ਟ ਹੈ ਕਿ ਮੂਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਸ ਸਾਰੀ ਪਉੜੀ `ਚ ਅਤਿ ਦਰਜੇ ਦੇ ਬਦਨਾਮ ਤੇ ਬਿਰਥਾ ਜਨਮ ਮਨਮੁਖਾਂ ਨੂੰ ਵੱਖ ਕਰਕੇ ਸਾਧਾਰਣ ਤੇ ਸਮਾਜਿਕ ਮਨਮੁਖਾਂ ਪ੍ਰਤੀ ਹੀ ਗੱਲ ਕੀਤੀ ਗਈ ਹੈ, ਸ਼ਾਇਦ ਇਸ ਲਈ ਕਿ ਮੂਲ ਵਿਸ਼ਾ ਪੂਰੀ ਤਰ੍ਹਾਂ ਉਘੜ ਸਕੇ। ਫ਼ਿਰ ਵੀ ਇਸ ਦਾ ਇਹ ਮਤਲਬ ਕਦੇ ਨਹੀਂ ਕਿ ਅਤਿ ਦਰਜੇ ਦੇ ਵਿਕਾਰੀ, ਵਿਭਚਾਰੀ, ਜ਼ਾਲਮ ਆਦਿ ਪ੍ਰਵਰਿਤੀ ਦੇ ਲੋਕ ਇਸ ਗਿਣਤੀ `ਚ ਨਹੀਂ ਆਉਂਦੇ। ਸਪਸ਼ਟ ਹੈ ਜਦੋਂ ਸਾਧਾਰਣ ਮਨਮੁਖ ਉਸ ਗਿਣਤੀ `ਚ ਆ ਰਿਹਾ ਹੈ ਤਾਂ ਸਮਾਜਿਕ ਤੌਰ `ਤੇ ਬਦਨਾਮ ਬੰਦਾ ਤਾਂ ਇਸ ਪੱਖੋਂ ਉਸ ਤੋਂ ਵੀ ਬਹੁਤ ਅੱਗੇ ਖੜਾ ਹੈ।

ਉਪ੍ਰੰਤ ਉਸ ਦੇ ਨਾਲ ਨਾਲ ਇਸ ਪਉੜੀ ਤੇ ਸਬੰਧਤ ਸਲੋਕਾਂ `ਚ ਗੁਰਦੇਵ ਨੇ ਗੁਰਮੁਖ ਦੇ ਜੀਵਨ ਬਾਰੇ ਵੀ ਸਪਸ਼ਟ ਕੀਤਾ ਹੈ ਜਿਵੇਂ “ਗੁਰਮੁਖਿ ਰੰਗਿ ਚਲੂਲਿਆ, ਰੰਗਿ ਹਰਿ ਰੰਗਿ ਰਾਤੀ” (ਪੰ: ੧੩੮)। ਸਪਸ਼ਟ ਕੀਤਾ ਹੈ ਕਿ ਗੁਰਮੁਖ ਦੇ ਜੀਵਨ ਤੇ ਮਨਮੁਖ ਦੇ ਜੀਵਨ `ਚ ਫ਼ਰਕ ਦੀ ਜੜ੍ਹ ਕਿੱਥੇ ਹੈ। ਕਾਰਨ ਦੱਸਿਆ ਹੈ ਕਿ ਮਨਮੁਖ ਗੁਰੂ-ਗੁਰਬਾਣੀ ਦੀ ਆਗਿਆ ਤੇ ਆਦੇਸ਼ਾਂ ਅਨੁਸਾਰ ਜੀਵਨ ਦੀ ਕਮਾਈ ਨਹੀਂ ਕਰਦਾ। ਜਿਸ ਤੋਂ ਉਸ ਦਾ ਜੀਵਨ ਇਲਾਹੀ ਗੁਣਾਂ ਤੋਂ ਵਾਂਝਾ ਰਹਿੰਦਾ ਹੈ। ਜਦਕਿ ਦੂਜੇ ਪਾਸੇ ਗੁਰਮੁਖ ਨੇ ਆਪਣੇ ਜੀਵਨ ਦੀ ਕਮਾਈ, ਸ਼ਬਦ ਗੁਰੂ ਦੇ ਆਦੇਸ਼ਾਂ ਤੇ ਉਪਦੇਸ਼ਾਂ ਤੋਂ ਸੇਧ ਲੈ ਕੇ ਕੀਤੀ ਹੁੰਦੀ ਹੈ। ਇਸ ਲਈ ਉਸ ਦਾ ਜੀਵਨ ਮੰਦੇ ਪਾਸੇ ਜਾਂਦਾ ਹੀ ਨਹੀਂ।

ਇਤਨਾ ਹੀ ਨਹੀਂ, ਬਲਕਿ ਪਉੜੀ ਦੇ ਅਰੰਭਕ ਸਲੋਕ `ਚ ਤਾਂ ਗੁਰਦੇਵ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਗੁਰਬਾਣੀ ਅਨੁਸਾਰ ਗੁਰੂ ਹਸਤੀ ਹੈ ਕੀ? ਇਥੇ ‘ਗੁਰੂ ਪਦ’ ਕਿਸੇ ਬਿਨਸਨਹਾਰ ਸਰੀਰ ਦਾ ਨਾਮ ਨਹੀਂ। ਬਲਕਿ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਸਦੀਵੀ, ਸਰਵ ਵਿਆਪਕ, ਮਨੁੱਖਾ ਜੀਵਨ ਲਈ ਮਾਨਸਿਕ ਠੰਡਕ ਦਾ ਸੋਮਾ ਤੇ ਜੀਵਨ ਅੰਦਰ ਇਲਾਹੀ ਗਿਆਨ ਦਾ ਪ੍ਰਕਾਸ਼ ਕਰਣ ਵਾਲਾ ਹੁੰਦਾ ਹੈ। ਯਯਯਯਯਯ

ਤਾਂ ਤੇ ਸਲੋਕਾਂ ਸਹਿਤ ਪਉੜੀ ਤੇ ਇਸ ਦੇ ਅਰਥ ਭਾਵ ਇਸ ਤਰ੍ਹਾਂ ਹਨ:-

ਸਲੋਕੁ ਮਃ ੧॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹੁ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ॥  

ਪਉੜੀ ਨਾਲ ਸਬੰਧਤ ਪਹਿਲੇ ਸਲੋਕ `ਚ ਹੀ ਗੁਰਦੇਵ ਨੇ ਸਪਸ਼ਟ ਕਰ ਦਿੱਤਾ ਹੈ ਕਿ (ਗੁਰਬਾਣੀ ਰਾਹੀਂ ਪ੍ਰਗਟ) ਆਤਮਕ ਗੁਰੂ ਹੀ ਮਨੁੱਖਾ ਜੀਵਨ ਨੂੰ ‘ਨਾਮ ਵਾਲੀ ਦਾਤ’ (ਪ੍ਰਭੂ ਦੀ ਸਿਫ਼ਤ ਸਲਾਹ) ਨਾਲ ਜੋੜਦਾ ਹੈ। ਉਹ ਗੁਰੂ, ਮਨੁੱਖਾ ਜੀਵਨ ਲਈ ਮਾਨਸਿਕ ਠੰਡਕ, ਟਿਕਾਅ ਤੇ ਸਦੀਵੀ ਅਨੰਦ ਦਾ ਸੋਮਾ ਵੀ ਹੈ। (ਹਿਵੈ ਘਰੁ)

ਉਹ ਗੁਰੂ ਤ੍ਰਿਲੋਕੀ ਭਾਵ ਸੰਪੂਰਣ ਰਚਨਾ `ਚ ਮਨੁੱਖ ਮਾਤ੍ਰ ਲਈ ਗਿਆਨ ਅਥਵਾ ਰੱਬੀ ਗੁਣਾਂ ਦਾ ਚਾਨਣ ਕਰਨ ਵਾਲਾ ਹੈ। (ਗੁਰੁ ਦੀਪਕੁ ਤਿਹੁ ਲੋਇ)

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਮਨੁੱਖ ਨੂੰ ਆਤਮਕ ਜੀਵਨ (ਅਮਰ ਪਦਾਰਥੁ) ਵੀ ਅਜਿਹੇ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਤੋਂ ਹੀ ਪ੍ਰਾਪਤ ਹੁੰਦਾ ਹੈ। ਉਹ ਆਤਮਕ ਜੀਵਨ ਜਿਸ ਬਿਨਾ ਮਨੁੱਖ, ਆਤਮਕ ਪੱਖੋਂ ਮੁਰਦਾ ਰਹਿ ਕੇ ਅਮੁਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਵੀ ਅਜ਼ਾਈ ਗੁਆ ਦਿੰਦਾ ਹੈ। ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਇਸ ਨੂੰ ਸਫ਼ਲ ਨਹੀਂ ਕਰ ਪਾਂਦਾ ਅਤੇ ਫ਼ਿਰ ਤੋਂ ਜਨਮ ਮਰਣ, ਜੂਨਾਂ, ਗਰਭਾਂ ਦੇ ਗੇੜ੍ਹ `ਚ ਹੀ ਪੈਂਦਾ ਹੈ।

ਸਲੋਕ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਮਨੁੱਖ ਨੂੰ, ਅਜਿਹੇ ਗੁਰੂ ਦੀ ਆਗਿਆ `ਚ ਚੱਲੇ ਬਿਨਾ ਅਥਵਾ ਗੁਰੂ ਆਦੇਸ਼ਾਂ ਦੀ ਕਮਾਈ ਕੀਤੇ ਬਿਨਾ (ਮਨ ਮਾਨਿਐ), ਗੁਰੂ `ਚ ਮਨ ਦੇ ਪਤੀਜੈ ਬਿਨਾ ਜੀਵਨ ਦੇ ਇਸ ਇਕੋ ਇੱਕ ਸੱਚ ਦੀ ਪਹਿਚਾਣ ਆ ਵੀ ਨਹੀਂ ਸਕਦੀ। ੧।

(ਇਥੇ ਇਹ ਵੀ ਧਿਆਨ ਦੇਣਾ ਹੈ ਕਿ ਗੁਰੁ ਦਾਤਾ `ਚ ਗੁਰੁ ਦੇ ਰ ਹੇਠਾਂ (ੁ) ਇੱਕ ਵਚਨ ਦਾ ਤੇ ਮਨੁੱਖ ਮਾਤ੍ਰ ਦੇ ਇਕੋ ਇੱਕ ਗੁਰੂ ਦਾ ਲਖਾਇਕ ਹੈ। ਇਥੇ ਗੁਰੂ ਲਫ਼ਜ਼ ਕਿਸੇ ਪੁਰਾਤਨ ਤੇ ਗੁਰੂ ਪਦ ਲਈ ਪ੍ਰਚਲਤ ਅਰਥਾਂ `ਚ ਨਹੀਂ ਇਸੇ ਤਰ੍ਹਾਂ ਲਫ਼ਜ਼ ਦੀਪਕੁ ਵੀ)

“ਨਾਨਕ ਮਨਮੁਖਿ ਅੰਧੁ ਪਿਆਰੁ” - ਇਸ ਪਉੜੀ ਨਾਲ ਦੂਜਾ ਸਲੋਕ ਹੈ-ਮਃ ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮੁ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੇ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨ ॥

ਪਉੜੀ ਨਾਲ ਸਬੰਧਤ ਇਸ ਦੂਜੇ ਸਲੋਕ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ “ਨਾਨਕ ਮਨਮੁਖਿ ਅੰਧੁ ਪਿਆਰੁ” ਭਾਵ ਮਨਮੁਖਤਾ `ਚ ਡੁਬਿਆ ਰਹਿਕੇ ਮਨੁੱਖ ਸਾਰਾ ਜੀਵਨ ਇਸੇ ਤਰ੍ਹਾਂ ਬਤੀਤ ਕਰ ਦਿੰਦਾ ਹੈ। ਗੁਰਦੇਵ ਫ਼ੁਰਮਾਉਂਦੇ ਹਨ “ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ `ਚ ਵੰਡ ਲਵੀਏ, ਤਾਂ ਮਨਮੁਖ ਦੀ ਸਾਰੀ ਉਮਰ `ਚ ਕੀਤੇ ਸਾਰੇ ਉੱਦਮਾਂ ਦੀ ਤਸਵੀਰ ਇਉਂ ਹੀ ਬਣਦੀ ਹੈ:

ਜੀਵਨ ਦੀ ਪਹਿਲੀ ਅਵਸਥਾ, ਜਨਮ ਲੈਂਦੇ ਸਾਰ ਮਨੁੱਖ ਦਾ ਪਿਆਰ, ਆਪਣੀ ਖ਼ੁਰਾਕ (ਰੋਜ਼ੀ) ਨਾਲ ਹੁੰਦਾ ਹੈ। ਇਸ ਦੀ ਪ੍ਰਾਪਤੀ ਲਈ ਉਹ ਸਿਧਾ ਆਪਣੀ ਮਾਂ ਦੀਆਂ ਛਾਤੀਆਂ ਵੱਲ ਵਧਦਾ ਹੈ। ਇਸ ਤੋਂ ਬਾਅਦ ਇਸਦੇ ਜੀਵਨ ਦੀ ਦੂਜੀ ਅਵਸਥਾ, ਜਦੋਂ ਕੁੱਝ ਸਿਆਣਾ ਹੁੰਦਾ ਹੈ ਤਾਂ ਇਸ ਨੂੰ ਆਪਣੇ ਮਾਤਾ-ਪਿਤਾ ਦੀ ਸੋਝੀ ਹੁੰਦੀ ਹੈ। ਇਸ ਦੇ ਜੀਵਨ ਦੀ ਤੀਜੀ ਅਵਸਥਾ, ਇਸ ਨੂੰ ਆਪਣੇ ਭਰਾ, ਭਾਬੀ, ਭੈਣ ਭਾਵ ਕੁੱਝ ਰਿਸ਼ਤਿਆਂ ਦੀ ਪਛਾਣ ਆਉਣ ਲੱਗਦੀ ਹੈ। ਜੀਵਨ ਦੀ ਚੌਥੀ ਅਵਸਥਾ `ਚ ਇਸ ਦਾ ਰੁਝਾਣ ਬਚਪਣ ਦੀਆਂ ਖੇਡਾਂ ਵੱਲ ਹੁੰਦਾ ਹੈ ਤੇ ਇਸ ਅੰਦਰ ਖੇਡਾਂ ਲਈ ਰੁਚੀ ਉਪਜਦੀ ਹੈ। ਇਸ ਦੇ ਜੀਵਨ ਦੀ ਪੰਜਵੀਂ ਅਵਸਥਾ, ਇਸ `ਚ ਖਾਣ ਪੀਣ ਦੀ ਇਛਾ ਜਨਮ ਲੈ ਲੈਂਦੀ ਹੈ ਭਾਵ ਅਜਿਹੀ ਵੰਡ ਕਿ ਇਹ ਖਾਣਾ-ਪੀਣਾ ਹੈ ਤੇ ਇਹ ਖਾਣਾ-ਪੀਣਾ ਨਹੀਂ ਭਾਵ ਸੁਆਦਾਂ ਵਾਲੀ ਪ੍ਰਵਰਿਤੀ।

ਇਹ ਇਸ ਮਨੁੱਖ ਦੇ ਜੀਵਨ ਦੀ ਛੇਵੀਂ ਅਵਸਥਾ ਹੁੰਦੀ ਹੈ ਕਿ ਇਸ ਅੰਦਰ ਕਾਮ ਦੇ ਉਛਾਲੇ ਸ਼ੁਰੂ ਹੋ ਜਾਂਦੇ ਹਨ। ਜ਼ਿੰਦਗੀ ਦੇ ਇਸ ਪੜਾਅ `ਚ ਕਾਮ ਵੱਸ ਹੋਇਆ ਮਨੁੱਖ ਜਾਤਿ-ਕੁਜਾਤਿ ਵੀ ਨਹੀਂ ਦੇਖਦਾ। ਜੀਵਨ ਦੀ ਸਤਵੀਂ ਅਵਸਥਾ `ਚ ਮਨੁੱਖ ਅੰਦਰ ਪਦਾਰਥਵਾਦ ਦੀ ਪ੍ਰਵਰਿਤੀ ਵਧ ਜਾਂਦੀ ਹੈ ਤੇ ਘਰ-ਪ੍ਰਵਾਰ ਵਾਲਾ ਵਸੇਵਾ ਬਣਾਂਦਾ ਹੈ। ਅਠਵੀਂ ਅਵਸਥਾ ਭਾਵ ਢਲਵੀਂ ਉਮਰ `ਚ ਇਸ ਅੰਦਰ ਗੁੱਸੇ ਵਾਲੀ ਪ੍ਰਵਰਿਤੀ ਪ੍ਰਬਲ ਹੋ ਜਾਂਦੀ ਹੈ ਜੋ ਇਸ ਦੇ ਸਰੀਰ ਦਾ ਵੀ ਨਾਸ ਕਰਦੀ ਹੈ। ਇਸ ਤਰ੍ਰਾਂ ਉਮਰ ਦੇ ਨਾਂਵੇਂ ਹਿੱਸੇ `ਚ ਪੁੱਜ ਕੇ ਇਸ ਦੇ ਕੇਸ ਚਿੱਟੇ ਹੋ ਜਾਂਦੇ ਹਨ, ਸਾਹ `ਚ ਖਿੱਚ ਆ ਜਾਂਦੀ ਹੈ ਤੇ ਸਾਹ ਚੜ੍ਹਨ ਲਗ ਜਾਂਦਾ ਹੈ। ਇਸ ਦੇ ਜੀਵਨ ਦੀ ਅੰਤਮ ਤੇ ਦਸਵੀਂ ਅਵਸਥਾ ਹੁੰਦੀ ਹੈ ਜਦੋਂ ਇਸ ਦਾ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ। ਭਾਵ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਸਰੀਰ ਦਾ ਸਸਕਾਰ ਆਦਿ ਕਰ ਦਿੱਤਾ ਜਾਂਦਾ ਹੈ।

ਅਜਿਹੇ ਆਖਰੀ ਸਮੇਂ ਭਾਵ ਇਸ ਦੀ ਮੌਤ ਬਾਅਦ, ਇਸ ਦੇ ਸੰਗੀ-ਸਾਥੀ ਇਸ ਨੂੰ ਮਸਾਣਾਂ ਤੱਕ ਨਾਲ ਜਾਂਦੇ ਹਨ, ਢਾਹਾਂ ਮਾਰਦੇ ਹਨ। ਜਦਕਿ ਜੀਵਾਤਮਾ ਸਰੀਰ `ਚੋਂ ਨਿਕਲ ਕੇ ਅਗਾਂਹ ਦਾ ਰਾਹ ਪੁੱਛਦੀ ਹੈ। ਇਸ ਤਰ੍ਹਾਂ ਗੁਰਦੇਵ ਫ਼ੁਰਮਾਉਂਦੇ ਹਨ ਕਿ ਕੁਲ ਮਿਲਾ ਕੇ ਹਰੇਕ ਮਨੁੱਖ ਦੀ ਇਹੀ ਕਹਾਣੀ ਹੈ। ਜੀਵ ਸੰਸਾਰ `ਚ ਆਇਆ ਤੇ ਟੁਰ ਗਿਆ, ਫ਼ਿਰ ਕੁੱਝ ਸਮੇਂ ਬਾਅਦ ਲੋਕਾਂ ਨੂੰ ਉਸ ਦਾ ਨਾਂ ਵੀ ਭੁੱਲ ਜਾਂਦਾ ਹੈ। ਮਨੁੱਖ ਦੇ ਮਰਨ ਪਿਛੋਂ ਪਿੰਡ ਪੱਤਲ ਆਦਿ ਭਰਾ ਕੇ ਕਾਂਵਾਂ ਨੂੰ ਸੱਦੀਦਾ ਹੈ (ਭਾਵ ਸਮਾਜਕ-ਧਾਰਮਕ ਰੀਤੀ ਰਿਵਾਜ ਤੇ ਕਰਮਕਾਂਡ ਕੀਤੇ ਜਾਂਦੇ ਹਨ ਜਦਕਿ ਜਾਣ ਵਾਲੇ ਉਸ ਜੀਵ ਤੱਕ ਇਸ ਸਾਰੇ `ਚੋਂ ਕੁੱਝ ਵੀ ਨਹੀਂ ਪੁਜਦਾ)।

“ਬਾਝੁ ਗੁਰੂ ਡੁਬਾ ਸੰਸਾਰੁ” - ਇਸ ਤਰ੍ਹਾਂ ਸਲੋਕ ਦੀ ਸਮਾਪਤੀ `ਤੇ “ਬਾਝੁ ਗੁਰੂ ਡੁਬਾ ਸੰਸਾਰੁ” ਇਹ ਸ਼ਬਦਾਵਲੀ ਖਾਸ ਧਿਆਨ ਮੰਗਦੀ ਹੈ। ਇਥੇ ਗੁਰਦੇਵ ਫ਼ੁਰਮਾਉਂਦੇ ਹਨ, ਇਸ ਤਰ੍ਹਾਂ “ਮਨਮੁਖਿ ਅੰਧੁ ਪਿਆਰੁ” ਭਾਵ ਮਨ ਪਿੱਛੇ ਟੁਰਨ ਵਾਲੇ (ਮਨਮੁਖ) ਮਨੁੱਖ ਦਾ ਸੰਸਾਰ ਨਾਲ ਅੰਨ੍ਹਿਆਂ ਵਾਲਾ ਪਿਆਰ ਬਨਿਆ ਰਹਿੰਦਾ ਹੈ। ਕਿਉਂਕਿ ਗੁਰੂ ਦੀ ਸ਼ਰਣ `ਚ ਨਾ ਆਉਣ ਕਰਕੇ, ਅਗਿਆਨੀ ਮਨੁੱਖ, ਜੀਵਨ ਭਰ ਸੰਸਾਰ ਪ੍ਰਤੀ ਇਸ ‘ਅੰਨੇ ਪਿਆਰ’ `ਚ ਹੀ ਡੁੱਬਿਆ ਤੇ ਖਚਤ ਰਹਿਕੇ ਜੀਵਨ ਨੂੰ ਬਤੀਤ ਤੇ ਬਿਰਥਾ ਕਰ ਦਿੰਦਾ ਹੈ। ੨।

“ਜਗੁ ਧੂਏ ਕਾ ਧਵਲਹਰ” - ਉਪੰਤ ਇਸ ਪਉੜੀ ਨਾਲ ਤੀਜਾ ਸਲੋਕ ਹੈ-ਮਃ ੧॥ ਦਸ ਬਾਲਤਣਿ ਬੀਸ ਰਵਣਿ, ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ, ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ, ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ, ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ ਢੂਢਿਮੁ ਡਿਠੁ ਮੈ, ਨਾਨਕ ਜਗੁ ਧੂਏ ਕਾ ਧਵਲਹਰੁ॥ ੩ ॥

ਪਉੜੀ ਨਾਲ ਜੋੜੇ ਇਸ ਤੀਸਰੇ ਤੇ ਆਖਰੀ ਸਲੋਕ `ਚ ਗੁਰਦੇਵ, ਮਨੁੱਖ ਨੂੰ ਸੰਸਾਰ ਦੀ ਨਸ਼ਵਰਤਾ ਬਾਰੇ ਸਚਾਈ ਦ੍ਰਿੜ ਕਰਵਾ ਰਹੇ ਹਨ। ਫ਼ੁਰਮਾਉਂਦੇ ਹਨ, ਜੇਕਰ ਮਨੁੱਖ ਨੂੰ ਕਰਤਾਰ ਵੱਲੋਂ ਜੀਵਨ ਲਈ ਸੌ ਸਾਲ ਵੀ ਮਿਲ ਜਾਣ, ਤਾਂ ਵੀ ਮਨੁੱਖ ਇਸ ਦੀ ਅਸਲੀਅਤ ਨੂੰ ਸਮਝੇ ਬਿਨਾ, ਉਹ ਸੌ ਸਾਲ ਵੀ ਅਜ਼ਾਈ ਮੁਕਾਅ ਦਿੰਦਾ ਹੈ। ਫ਼ਿਰ ਵੀ, ਬਹੁਤਾ ਕਰਕੇ ਇਸ ਮਨੁੱਖਾ ਜਨਮ ਦੀ ਅਮੁਲਤਾ ਨੂੰ ਨਹੀਂ ਪਛਾਣਦਾ।

ਗੁਰਦੇਵ ਫ਼ੁਰਮਾਉਂਦੇ ਹਨ ਕਿ ਇਸ ਤਰ੍ਹਾਂ ਮਨੁੱਖ ਜੀਵਨ ਦੇ ਉਨ੍ਹਾਂ ਸੋ ਸਾਲਾਂ `ਚੋਂ ਪਹਿਲੇ ਦਸ ਸਾਲ ਤਾਂ ਬਾਲਪਨ `ਚ ਹੀ ਬਤੀਤ ਕਰ ਦਿੰਦਾ ਹੈ। ਵੀਹ ਸਾਲਾਂ ਦੀ ਉਮਰ, ਤੱਕ ਇਸ `ਚ ਕਾਮ ਵੀ ਪ੍ਰਬਲ ਹੋ ਜਾਂਦਾ ਹੈ। ਫ਼ਿਰ ਤੀਹ ਸਾਲਾਂ ਦੀ ਉਮਰ ਤੱਕ ਇਸ ਦਾ ਸਾਰਾ ਜ਼ੋਰ ਸਰੀਰ ਨੂੰ ਦਿਖਾਵੇ ਵਜੋਂ ਸੋਹਣਾ ਬਨਾੳੇੁਣ ਤੇ ਦਿਖਾਉਣ `ਚ ਲਗਦਾ ਹੈ। ਇਸ ਸਮੇਂ ਇਸਦਾ ਬਹੁਤਾ ਝੁਕਾਅ ਹੀ ਆਪਣੇ ਸਰੀਰ ਦੀ ਟੱਸ-ਮਸ ਤੇ ਬਨਾਉ-ਸ਼ਿੰਗਾਰ ਵੱਲ ਲਗਾ ਰਹਿੰਦਾ ਹੇ। ਇਸ ਤਰ੍ਹਾਂ ਚਾਲੀ ਦੀ ਉਮਰ ਤੱਕ ਤਾਂ ਇਸ `ਤੇ ਜੁਆਨੀ ਵਾਲਾ ਨਸ਼ਾ ਹੀ ਛਾਇਆ ਰਹਿੰਦਾ ਹੈ।

ਫ਼ਿਰ ਪੰਜਾਹ ਤੇ ਅੱਪੜ ਕੇ ਇਸ ਦਾ ਸਰੀਰ ਢਲਣਾ ਸ਼ੁਰੂ ਹੋ ਜਾਂਦਾ ਹੈ। ਜੁਆਨੀ ਵਾਲੀ ਗੱਲ ਵੀ ਮੁੱਕਦੀ ਤੇ ਪਿਛੇ ਰਹਿੰਦੀ ਜਾਂਦੀ ਹੈ। ਸੱਠ ਸਾਲਾਂ ਉਮਰ `ਚ ਬੁਢੇਪਾ ਆ ਪ੍ਰਗਟ ਹੁੰਦਾ ਹੈ। ਸੱਤਰ ਸਾਲਾਂ ਦਾ ਹੋਣ ਤੱਕ ਮਨੁੱਖ ਦੀ ਸੋਚ ਤੇ ਯਾਦ ਸ਼ਕਤੀ ਵੀ ਘਟਣ ਲੱਗ ਜਾਂਦੀ ਹੈ। ਅੱਸੀ ਤੱਕ ਪਹੁੰਚਦੇ ਇਸ ਦਾ ਸਰੀਰ ਕੰਮ ਕਾਰ ਜੋਗਾ ਵੀ ਹੀ ਨਹੀਂ ਰਹਿੰਦਾ ਤੇ ਬਹੁਤ ਕਮਜ਼ੋਰ ਪੈ ਜਾਂਦਾ ਹੈ। ਜਿਸ ਤੋਂ ਬਾਅਦ ਨੰਬੇ ਸਾਲਾਂ ਦਾ ਤਾਂ ਮੰਜੇ ਤੋਂ ਉਠਣ ਜੋਗਾ ਵੀ ਨਹੀਂ ਰਹਿੰਦਾ ਭਾਵ ਆਪਣਾ ਆਪ ਵੀ ਨਹੀਂ ਸੰਭਾਲ ਸਕਦਾ।

ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਮੈਂ ਇਸ ਬਾਰੇ ਢੂੰਢ, ਭਾਲ ਲਿਆ ਹੈ। ਇਹ ਵੇਖ ਲਿਆ ਹੈ ਕਿ ਇਹ ਸੰਸਾਰ ਕੇਵਲ ਚਿੱਟਾ ਪਲਸਤਰੀ ਭਵਨ ਹੀ ਹੈ ਜੋ ਵੇਖਣ ਨੂੰ ਤਾਂ ਸੋਹਣਾ ਹੁੰਦਾ ਹੈ ਪਰ ਹੈ ਧੂਏਂ ਦੇ ਪਹਾੜ ਵਾਂਗ। ਭਾਵ ਇਸ ਦੀ ਆਪਣੀ ਕੋਈ ਹੋਂਦ ਨਹੀਂ, ਇਹ ਰਹਿਣ ਵਾਲਾ ਨਹੀਂ।

ਧੂਆਂ ਦਿਖਾਈ ਤਾਂ ਦਿੰਦਾ ਹੈ ਪਰ ਜਿਉਂ ਜਿਉਂ ਉਪਰ ਜਾਂਦਾ ਹੈ ਇਸ ਦੀ ਹੋਂਦ ਵੀ ਮੁੱਕਦੀ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ `ਚੋਂ ਜਾਣ ਵਾਲੇ ਲੋਕ ਤਾਂ ਅਗੋਂ ਆਉਣ ਵਾਲਿਆ ਨੂੰ ਭੁਲਦੇ ਜਾਂਦੇ ਹਨ ਜਦਕਿ ਇਨ੍ਹਾਂ ਅਗੋਂ ਆਉਣ ਵਾਲਿਆ ਕਾਰਨ ਸੰਸਾਰ ਦੀ ਕੇਵਲ ਹੋਂਦ ਹੀ ਬਣੀ ਰਹਿੰਦੀ ਤੇ ਦਿਖਾਈ ਦਿੰਦੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਨਾਲ ਨਾਲ ਉਠ ਰਿਹਾ ਧੁੰਆਂ ਤਾਂ ਬੜਾ ਭਰਵਾਂ ਦਿਖਾਈ ਦਿੰਦਾ ਹੈ ਪਰ ਜਿਉਂ ਜਿਉਂ ਉਪਰ ਜਾਂਦਾ ਹੈ ਇਸਦਾ ਵਜੂਦ ਵੀ ਮੁਕਦਾ ਜਾਂਦਾ ਹੈ। ੩।

ਇਸ ਤੋਂ ਬਾਅਦ ਦਰਸ਼ਨ ਕਰਦੇ ਹਾਂ ਪਉੜੀ ਦੇ, ਤਾਂ ਤੇ ਇਹ ਪਉੜੀ ਹੈ- ਤੂੰ ਕਰਤਾ ਪੁਰਖੁ ਅਗੰਮੁ ਹੈ, ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ, ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ, ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ, ਬਿਨੁ ਨਾਵੈ ਮਰਿ ਜਾਤੀ॥ ਗੁਰਮੁਖਿ ਰੰਗਿ ਚਲੂਲਿਆ, ਰੰਗਿ ਹਰਿ ਰੰਗਿ ਰਾਤੀ॥ ਸੋ ਸੇਵਹੁ ਸਤਿ ਨਿਰੰਜਨੋ, ਹਰਿ ਪੁਰਖੁ ਬਿਧਾਤੀ॥ ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ॥ ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ, ਬਲਿ ਬਲਿ ਹਉ ਤਿਨ ਜਾਤੀ॥ ੧ ॥

ਹੁਣ ਤੱਕ ਸਲੋਕਾਂ `ਚ ਦੇਖ ਚੁੱਕੇ ਹਾਂ ਕਿ ਗੁਰਬਾਣੀ ਅਨੁਸਾਰ ਗੁਰੂ ਕਿਸ ਹਸਤੀ ਦਾ ਨਾਮ ਹੈ? ਉਪ੍ਰੰਤ ਗੁਰਦੇਵ ਨੇ ਸਲੋਕਾਂ `ਚ ‘ਮਨਮੁਖ’ ਤੇ ‘ਗੁਰਮੁਖ’ ਦੇ ਜੀਵਨ ਨੂੰ ਬਿਤਾਉਣ ਵਿਚਲੇ ਵੱਡੇ ਫ਼ਰਕ ਨੂੰ ਕੇਵਲ ਉਘਾੜਿਆ ਹੀ ਨਹੀਂ ਬਲਕਿ ਉਸ ਤੋਂ ਆਉਣ ਵਾਲੇ ਵੱਖ ਵੱਖ ਨਤੀਜਿਆਂ ਨੂੰ ਵੀ ਸਪਸ਼ਟ ਕੀਤਾ ਹੈ। ਦਰਅਸਲ ਉਸੇ ਦਾ ਹੀ ਹੋਰ ਤੇ ਭਰਵਾਂ ਵਿਸਤਾਰ ਇਸ ਪਉੜੀ `ਚ ਵੀ ਹੈ।

ਜਿਵੇਂ ਸਲੋਕਾਂ `ਚ ਗੁਰਦੇਵ ਨੇ ਮਨੁੱਖਾ ਜੀਵਨ ਦੇ ‘ਅਸਫ਼ਲ’ ਤੇ ‘ਸਫ਼ਲ’ ਦੋਨਾਂ ਪੱਖਾਂ ਦੇ ਮੂਲ ਕਾਰਨਾਂ ਨੂੰ “ਨਾਨਕ ਮਨਮੁਖਿ ਅੰਧੁ ਪਿਆਰੁ” ਅਤੇ “ਬਾਝੁ ਗੁਰੂ ਡੁਬਾ ਸੰਸਾਰੁ” ਵੇਰਵੇ ਨਾਲ ਇੱਕ ਦੂਜੇ ਦੇ ਸਾਹਮਣੇ ਰਖ ਕੇ ਖੋਲਿਆ ਹੈ। ਇਥੌ ਤੱਕ ਫ਼ੁਰਮਾਇਆ, ਜੇਕਰ ਮਨੁੱਖ ਨੂੰ ਸੋ ਸਾਲ ਦੀ ਉਮਰ ਵੀ ਮਿਲ ਜਾਏ ਤਾਂ ਵੀ ਸੰਸਾਰ ਦੀ ਅਸਲੀਅਤ “ਜਗੁ ਧੂਏ ਕਾ ਧਵਲਹਰੁ” ਹੀ ਰਵੇਗੀ। ਇਸ ਲਈ ਦੇਖਣਾ ਤਾਂ ਇਹ ਹੈ ਕਿ ਬੇਅੰਤ ਜੂਨਾ-ਜਨਮਾਂ ਤੋਂ ਬਾਅਦ ਜੀਵ ਨੂੰ ਜੋ ਦੁਰਲਭ ਤੇ ਅਮੋਲਕ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੁੰਦਾ ਹੈ, ਇਸ ਦੇ ਇਹ ਸੋ ਸਾਲ ਜਾ ਕਿਸ ਪਾਸੇ ਰਹੇ ਹਨ ਭਾਵ ‘ਸਫ਼ਲ ਜੀਵਨ’ ਵੱਲ ਜਾਂ ‘ਅਸਫ਼ਲ ਜੀਵਨ’ ਵੱਲ?

ਤਾਂ ਤੇ ਪਉੜੀ ਦੇ ਅਰਥ ਹਨ- ਹੇ ਪ੍ਰਭੂ ! ਤੂੰ ਸਿਰਜਣਹਾਰ ਹੈਂ, ਸਭ `ਚ ਮੌਜੂਦ ਹੈਂ, ਫਿਰ ਵੀ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ। ਇਹ ਸਾਰੀ ਰਚਨਾ ਤੂੰ ਆਪ ਰਚੀ ਹੋਈ ਹੈ।

ਹੇ ਅਕਾਲਪੁਰਖ! ਤੂੰ ਇਹ ਰਚਨਾ, ਕਈ ਰੰਗਾਂ, ਕਈ ਕਿਸਮਾਂ ਤੇ ਕਈ ਢੰਗਾਂ ਦੀ ਰਚੀ ਹੋਈ ਹੈ। ਸੰਸਾਰ ਦੀ ਇਹ ਸਾਰੀ ਖੇਡ ਤੇਰੀ ਹੀ ਬਣਾਈ ਹੋਈ ਹੈ ਤੇ ਇਸ ਲਈ ਇਸ ਦੇ ਸਾਰੇ ਭੇਤਾਂ ਨੂੰ ਤੂੰ ਹੀ ਜਾਣਦਾ ਹੈਂ। ਤੇਰੀ ਇਸ ਖੇਡ `ਚ ਕਈ ਜੀਵ ਆ ਰਹੇ ਹਨ, ਤੇ ਕਈ ਜਾ ਰਹੇ ਹਨ। ਭਾਵ ਤੇਰੀ ਇਸ ਖੇਡ `ਚ ਹਰ ਸਮੇਂ ਜਨਮ-ਮਰਣ ਚੱਕਰ ਚੱਲ ਰਿਹਾ ਹੈ।

ਫ਼ਿਰ ਇਨ੍ਹਾਂ ਸਾਰਿਆਂ `ਚ ਉਹ ਵੀ ਹਨ ਜੋ “ਬਿਨੁ ਨਾਵੈ ਮਰਿ ਜਾਤੀ” ਭਾਵ ਜੀਵਨ (ਮਨੁੱਖਾ ਜਨਮ) ਦਾ ਮਕਸਦ ਸਮਝੇ ਬਿਨਾ ਪ੍ਰਭੂ ਦੀ ਸਿਫ਼ਤ ਸਲਾਹ ਤੋਂ ਵਿਹੂਣੇ ਰਹਿਕੇ “ਬਿਨੁ ਨਾਵੈ” ਤੇ ਦੁਖੀ ਹੋ ਕੇ ਮਰਦੇ ਹਨ। ਭਾਵ ਜੀਉਂਦੇ ਜੀਅ ਵੀ ਦੁਖੀ ਰਹਿੰਦੇ ਹਨ ਤੇ ਮੌਤ ਤੋਂ ਬਾਅਦ ਵੀ ਦੁਖੀ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਸੰਸਾਰ `ਚ ਆਉਣਾ ਜਾਂ ਨਾ ਆਉਣਾ ਬਰਾਬਰ ਹੀ ਰਹਿੰਦਾ ਹੈ ਅਤੇ ਉਹ ਲੋਕ ਇਸੇ ਆਉਣ ਜਾਣ ਦੇ ਚੱਕਰ `ਚ ਹੀ ਫਸੇ ਰਹਿੰਦੇ ਹਨ “ਮਰਿ ਜਾਤੀ”

ਜਦਕਿ ਇਸ ਦੇ ਨਾਲ ਉਹ ਵੀ ਮਨੁੱਖ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਜੀਉਂਦੇ ਹਨ, ਉਨ੍ਹਾਂ ਦੇ ਜੀਵਨ `ਚ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਚੜਿਆਂ ਰਹਿੰਦਾ ਹੈ। ਉਹ ਨਿਰੋਲ ਪ੍ਰਭੂ ਰੰਗੇ `ਚ ਹੀ ਰੰਗੇ ਰਹਿਕੇ ਜੀਵਨ ਬਤੀਤ ਕਰਦੇ ਹਨ।

ਤਾਂ ਤੇ ਐ ਇਨਸਾਨ! ਜੋ ਪ੍ਰਭੂ ਸਭ `ਚ ਵਿਆਪਕ (ਪੁਰਖ) ਹੈ, ਰਚਨਾ ਦਾ ਰਚਣਹਾਰ ਹੈ, ਸਦਾ-ਥਿਰ ਰਹਿਣ ਵਾਲਾ, ਮਾਇਆ ਤੋਂ ਨਿਰਲੇਪ ਹੈ, ਤੂੰ ਉਸ ਦੀ ਸਿਫ਼ਤ ਸਲਾਹ ਨਾਲ ਜੁੜ।

ਤਾਂ ਤੇ ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਸਭ ਕੁੱਝ ਜਾਣਨ ਵਾਲਾ ਹੈਂ; ਹੇ ਮੇਰੇ ਸੱਚੇ ਸਾਹਿਬ! ਜੋ ਤੈਨੂੰ ਮਨ ਤੇ ਚਿੱਤ ਲਾ ਕੇ ਸਿਮਰਦੇ ਹਨ, (ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ) ਮੈਂ ਉਨ੍ਹਾਂ ਤੋਂ ਸਦਕੇ ਹਾਂ। ੧। #0G 0103s011.02.011

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 0G0103

“ਇਕਿ ਆਵਹਿ ਇਕਿ ਜਾਹਿ ਉਠਿ

ਬਿਨੁ ਨਾਵੈ ਮਰਿ ਜਾਤੀ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.