.

ਆਪਣਾ ਮੂਲੁ ਪਛਾਣੁ

ਸਮੁੱਚਾ ਸੰਸਾਰ ਸੱਚ ਮੁੱਚ ਹੀ ਕਾਦਰ ਦਾ ਰਚਿਆ ਇੱਕ ਖੇਲ ਤਮਾਸ਼ਾ ਹੈ (ਆਪੇ ਕੀਤੋ ਖੇਲੁ ਤਮਾਸਾ॥ 1033) ਜਿਵੇਂ ਪੜਦੇ ਤੇ ਕੋਈ ਫਿਲਮ ਚਲ ਰਹੀ ਹੋਵੇ। ਇਰਦ ਗਿਰਦ ਨਿਗ੍ਹਾ ਮਾਰਿਆਂ ਇਸ ਵਿੱਚ ਅਨੇਕ ਤਰਾਂ ਦੀਆਂ ਕਹਾਣੀਆਂ ਹਰ ਪਲ ਵਾਪਰ ਰਹੀਆਂ ਹਨ, ਅਣਗਿਣਤ ਕਲਾਕਾਰ ਭਾਂਤ ਭਾਂਤ ਦੀਆਂ ਬੋਲੀਆਂ ਵਿੱਚ ਹਿੱਸਾ ਲੈ ਰਹੇ ਹਨ, ਅਨੇਕ ਤਰਾਂ ਦੇ ਦ੍ਰਿਸ਼ ਤੇ ਕੌਤਕ, ਪੜਦੇ ਤੇ ਨਹੀ ਬਲਿਕੇ, ਪ੍ਰਤੱਖ ਵਾਪਰ ਰਹੇ ਹਨ। ਗੌਰ ਨਾਲ ਵੇਖਿਆਂ ਪਤਾ ਚਲੇਗਾ ਕਿ ਹਰ ਮਨੁੱਖ ਆਪਣੀ ਆਪਣੀ ਭੁਮਿਕਾ ਵਿੱਚ ਕਿਤਨਾ ਲੀਨ ਹੈ। ਕਦੇ ਮਾਂ/ਬਾਪ ਦੀ, ਕਦੇ ਪਤੀ/ਪਤਨੀ ਦੀ, ਕਦੇ ਭੇਣ/ਭਰਾ ਦੀ, ਕਦੇ ਦੋਸਤ/ਦੁਸ਼ਮਨ, ਕਦੇ ਪਾਪੀ ਕਦੇ ਪੁੰਨੀ, … ਆਦਿਕ ਦੀਆਂ ਭੁਮਿਕਾਵਾਂ ਨਿਭਾਉਣ ਵਿੱਚ ਮਨੁੱਖ ਇਤਨਾ ਰੁੱਝਾ ਹੋਇਆ ਹੈ ਕਿ ਉਸਨੂੰ ਆਪਣੀ ਅਸਲੀਅਤ ਹੀ ਭੁੱਲ ਗਈ ਹੈ। ਜਿਵੇਂ ਇੱਕ ਫਿਲਮੀ ਅਦਾਕਾਰ ਵੀ ਆਪਣੀ ਫਿਲਮੀ ਭੂਮਿਕਾ ਨਿਭਾਉਂਦਾ ਹੋਇਆ ਆਪਣੀ ਦੁਨਿਆਵੀ ਜ਼ਿੰਦਗੀ ਨੂੰ ਨਹੀ ਵਿਸਾਰਦਾ ਤਿਵੇਂ ਮਨੁੱਖ ਨੂੰ ਵੀ ਜ਼ਿੰਦਗੀ ਦੀ ਭੁਮਿਕਾ ਨਿਭਾਉਂਦਿਆਂ ਆਪਣੀ ਅਸਲੀਅਤ ਨੂੰ ਨਹੀ ਭੁਲਣਾ ਚਾਹੀਦਾ। ਜੋ ਮਨੁੱਖ ਆਪਣੀ ਅਸਲੀਅਤ ਨੂੰ ਭੁਲਾ ਕੇ ਕੇਵਲ ਦੁਨਿਆਵੀ ਅਦਾਕਾਰੀ ਦੀ ਭੁਮਿਕਾ ਵਿੱਚ ਹੀ ਰੁੱਝ ਜਾਂਦਾ ਹੈ ਉਹ ਫਿਰ ਅਨੇਕ ਦੁੱਖਾਂ ਮੁਸੀਬਤਾਂ ਦੀ ਉਲਝਣ ਵਿੱਚ ਫਸ ਜਾਂਦਾ ਹੈ। ਗੁਰੂ ਮਨੁੱਖ ਨੂੰ ਆਪਣੀ ਅਸਲੀਅਤ ਸਮਝਣ, ਜਾਨਣ, ਜਾਂ ਪਛਾਨਣ ਲਈ ਸੁਚੇਤ ਕਰਦਾ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (441), ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ (63)। ਤੇ ਜੋ ਫਿਰ ਆਪਣੀ ਅਸਲੀਅਤ ਨੂੰ ਪਛਾਣ ਲੈਂਦਾ ਹੈ ਉਹ ਮਹੱਤਵ ਪੂਰਨ ਹੋ ਜਾਂਦਾ ਹੈ। ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ (229)। ਭਾਵ: ਹੇ ਨਾਨਕ, ਜੋ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸੰਸਾਰ ਵਿੱਚ ਦੋ ਹੀ ਤਾਂ ਧਿਰ ਹਨ, ਇੱਕ ਨਿਰੰਕਾਰ ਤੇ ਦੂਜਾ ਸੰਸਾਰ। ਜਦ ਤੱਕ ਸੰਸਾਰ ਦੀ ਕਿਸੇ ਵੀ ਵਸਤੂ ਨਾਲ ਮੋਹ ਜਾਂ ਪਕੜ ਹੈ, ਤਦ ਤਕ ਨਿਰੰਕਾਰ ਨਾਲ ਸਾਂਝ ਪੈਣੀ ਅਸੰਭਵ ਹੈ ਕਿਉਂਕਿ ਮੋਹ ਹੀ ਵਿਚਕਾਰ ਦੀਵਾਰ ਹੈ। ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ (810)। ਜਗਤ ਵਿੱਚ ਆਕਾਰ ਵਾਲੀਆਂ ਵਸਤੂਆਂ ਦਾ ਮੋਹ ਹੀ ਮਨ ਦੀ ਮੈਲ ਹੈ ਜਿਸ ਦੇ ਕਾਰਨ ਮਨੁੱਖ ਮੁੜ ਮੁੜ ਆਤਮਕ ਮੌਤੇ ਮਰਦਾ ਜੰਮਦਾ ਰਹਿੰਦਾ ਹੈ। ਸਭੋ ਸੂਤਕੁ ਜੇਤਾ ਮੋਹੁ ਆਕਾਰੁ॥ ਮਰਿ ਮਰਿ ਜੰਮੈ ਵਾਰੋ ਵਾਰੁ॥ (229)। ਇਸ ਲਈ ਜਦ ਤਕ ਸੰਸਾਰ ਹੈ ਤਦ ਤਕ ਨਿਰੰਕਾਰ ਨਹੀ। ਪ੍ਰਭੂ ਨੇ ਆਪ ਹੀ ਕੁਦਰਤ ਨੂੰ ਸਾਜ ਕੇ ਦੁਯੈਤ ਪੈਦਾ ਕੀਤੀ ਹੈ, ਇੱਕ ਖੇਲ ਤਮਾਸ਼ਾ ਰਚ ਦਿੱਤਾ ਹੈ ਤੇ ਆਪ ਹੀ ਬੈਠ ਕੇ ਇਹ ਜਗਤ ਤਮਾਸ਼ਾ ਵੇਖ ਰਿਹਾ ਹੈ। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (463)। ਹੁਣ ਇਹ ਮਨੁੱਖ ਲਈ ਇੱਕ ਗੋਰਖ ਧੰਧਾ ਹੀ ਬਣ ਗਿਆ ਹੈ। ਸੰਸਾਰੀ ਜੀਵਨ ਲਈ ਸੰਸਾਰੀ ਵਸਤੂਆਂ ਦਾ ਭੋਗਣਾ ਜ਼ਰੂਰੀ ਹੈ, ਇਹਨਾਂ ਬਿਨਾ ਜੀਵਨ ਸੰਭਵ ਨਹੀ ਪਰ ਜਦੋਂ ਮਨੁੱਖ ਸੁਭਾਵਕ ਇਹਨਾਂ ਵਲ ਖਿਚਿਆ ਜਾਂਦਾ ਹੈ ਤਾਂ ਪਰਮਾਤਮਾ ਨਾਲੋਂ ਸਾਂਝ ਟੁੱਟਦੀ ਹੈ, ਤੇ ਜੇ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ ਤਾਂ ਸੰਸਾਰੀ ਵਸਤੂਆਂ ਦੇ ਰਸਾਂ ਦੇ ਖੋਹਣ ਦਾ ਡਰ ਸਤਾਉਂਦਾ ਹੈ। ਦੂਸਰੇ ਪੱਖੋਂ ਵੇਖਿਆਂ, ਜੇ ਸੰਸਾਰੀ ਦੀ ਭੁਮਿਕਾ ਨਿਭਾਉਂਦਾ ਹੈ ਤਾਂ ਆਪਣੀ ਅਸਲੀਅਤ ਭੁਲ ਬੈਠਦਾ ਹੈ ਪਰ ਜੇ ਆਪਣੀ ਅਸਲੀਅਤ ਨੂੰ ਪਛਾਣਦਾ ਹੈ ਤਾਂ ਸੰਸਾਰੀ ਰਸਾਂ ਦੇ ਖੋਹਣ ਦਾ ਡਰ ਮਾਰਦਾ ਹੈ। ਇਸ ਗੋਰਖ ਧੰਧੇ ਵਿਚੋਂ ਨਿਕਲਣ ਦੇ ਰਾਹ ਨੂੰ ਹੀ ਨਿਰਮਲ ਪੰਥ “ਪਵਿਤਰ ਰਾਹ” ਆਖਿਆ ਹੈ ਜੋ ਅੱਜ ਤਕਰੀਬਨ ਅਲੋਪ ਹੀ ਹੁੰਦਾ ਜਾ ਰਿਹਾ ਹੈ। ਹੁਣ ਆਪਣੇ ਆਪ ਨੂੰ ਪਛਾਨਣ ਲਈ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀ, “ਆਪਾ” ਤਾਂ ਅੰਦਰ “ਮਨ” ਹੀ ਹੈ। ਮਨ ਨੂੰ ਹੀ ਪਛਾਨਣਾ ਤੇ ਸੋਧਣਾ “ਨਿਰਮਲ ਪੰਥ” ਹੈ। ਪਰ ਬੜੀ ਅਜੀਬ ਗਲ ਹੈ ਕਿ ਨਿਰਆਕਾਰ ਤੇ ਅੰਦਰੂਨੀ ਮਨ ਨੂੰ ਸੋਧਣ ਲਈ ਮਨੁੱਖ ਬਾਹਰੋਂ ਕਰਮ ਕਾਂਡ ਕਰਨ ਲੱਗ ਪਿਆ। ਜਪ, ਤਪ, ਸੰਜਮ, ਪਾਠ, ਪੂਜਾ, ਡੰਡਉਤ, ਵਰਤ, ਦਾਨ, ਪੁੰਨ, ਤੀਰਥ ਯਾਤਰਾ ਤੇ ਇਸ਼ਨਾਨ ਆਦਿਕ ਸਭ ਮਨ ਦੀ ਸਾਧਨਾ ਦੇ ਮੰਨੇ ਜਾਂਦੇ ਤਰੀਕੇ ਹੀ ਸਨ ਜੋ ਕੇਵਲ ਰੀਤਾਂ, ਰਸਮਾ ਤੇ ਕਰਮ ਕਾਂਡ ਬਣ ਕੇ ਹੀ ਰਹਿ ਗਏ ਪਰ ਮਨ ਫਿਰ ਵੀ ਕਾਬੂ ਨਾ ਆਇਆ। ਗੁਰੂ ਦਾ ਤਾਂ ਅਟੱਲ ਫੈਸਲਾ ਹੈ ਕਿ ਬਾਹਰਲਾ ਕੋਈ ਵੀ ਕਰਮ ਅੰਦਰੂਨੀ ਮਨ ਦੀ ਮੈਲ ਨੂੰ ਨਹੀ ਧੋ ਸਕਦਾ।

1. ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲ ਭੁਅੰਗਮ ਸਾਧੇ॥ (641)

2. ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥

3. ਤਟ ਤੀਰਥ ਸਭ ਧਰਤੀ ਭਰਮਿਓ ਦੁਬਿਧਾ ਛੁਟਕੈ ਨਾਹੀ॥

4. ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥

5. ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥

6. ਅੰਨ ਬਸਤ੍ਰ ਭੁਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ॥

7. ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥

8. ਜੋਗ ਸਿਧ ਆਸਣ ਚਉਰਾਸੀਹ ਏਹ ਭੀ ਕਰਿ ਕਰਿ ਰਹਿਆ॥

ਇਤਨੇ ਬਾਹਰਲੇ (ਕਰਮ ਕਾਂਡਾਂ ਦੇ) ਯਤਨ ਕਰਕੇ ਵੀ ਮਨ ਦੀ ਮੈਲ ਨਹੀ ਉਤਰਨੀ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥ ਪਰ ਹਉਮੈ ਦੇ ਰੋਗ ਕਾਰਨ, ਕਰਮ ਕਾਂਡਾਂ ਵਿੱਚ ਫਸਣ ਦਾ ਡਰ ਜ਼ਰੂਰ ਹੈ ਤੇ ਪਰਮਾਤਮਾ ਨਾਲ ਸਾਂਝ ਫਿਰ ਵੀ ਨਹੀ ਪੈਣੀ। ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ॥ ਇਹ ਮਿਥੇ ਹੋਏ ਕਰਮ ਕਾਂਡਾਂ ਨਾਲ ਅਹੰਕਾਰ ਹੀ ਪੈਦਾ ਹੁੰਦਾ ਹੈ ਇਸ ਲਈ ਪਰਮਾਤਮਾ ਇਹਨਾ ਕਰਮ ਕਾਂਡਾਂ ਨਾਲ ਨਹੀ ਮਿਲਦਾ (ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ 39)। ਅਹੰਕਾਰ ਨਾਲ, ਪਰਮਾਤਮਾ ਨਾਲੋਂ, ਹੋਰ ਦੂਰੀ ਤਾਂ ਹੋ ਜਾਵੇਗੀ ਪਰ ਨੇੜਤਾ ਨਹੀ। ਮਨ ਦੀ ਮੈਲ, ਅਹੰਕਾਰ ਕਾਰਨ, ਦੁਗਣੀ ਤਾਂ ਭਾਵੇਂ ਹੋ ਜਾਵੇ ਪਰ ਧੋਤੀ ਨਹੀ ਜਾਣੀ। ਪਿਆਰੇ ਇਨ ਬਿਧਿ ਮਿਲਨ ਨ ਜਾਈ ਮੈ ਕੀਏ ਕਰਮ ਅਨੇਕਾ॥ ਲੋਕ ਅਨੇਕ ਤਰਾਂ ਦੇ ਮਿਥੇ ਹੋਏ ਧਾਰਮਕ ਕਰਮ ਕਾਂਡ ਕਰਦੇ ਹਨ ਪਰ ਇਹਨਾਂ ਕਰਮ ਕਾਂਡਾਂ ਦੁਆਰਾ ਪਰਮਾਤਮਾ ਨਾਲ ਸਾਂਝ ਨਹੀ ਪੈ ਸਕਦੀ। ਇਹ ਕਰਮ ਕਾਂਡ ਬਾਹਰੋਂ ਕੇਵਲ ਇੱਕ ਲੋਕ ਪਚਾਰਾ ਹੀ ਹੈ, ਧਰਮੀ ਹੋਣ ਦਾ ਨਾਟਕ ਹੈ, ਇੱਕ ਕਲਪਨਿਕ ਧਰਮੀ ਪੁਰਸ਼ ਦੀ ਭੂਮਿਕਾ ਹੈ ਜਿਸ ਨਾਲ ਆਪਣੇ ਆਪ ਨੂੰ ਧਰਮੀ ਹੋਣ ਦਾ ਧੋਖਾ ਦਿੱਤਾ ਜਾ ਰਿਹਾ ਹੈ ਤੇ ਇਸ ਤਰਾਂ ਆਪਾ ਨਹੀ ਪਛਾਣਿਆ ਜਾਣਾ। ਆਪਾ ਪਛਾਨਣਾ ਜਾਂ ਆਪਾ ਚੀਨਣਾ ਆਪਣੇ ਜੋਤ ਸਰੂਪੀ ਮਨ ਨੂੰ ਜਾਨਣਾ ਤੇ ਸੋਧਣਾ (ਪਵਿੱਤ੍ਰ ਕਰਨਾ) ਹੀ ਹੈ। ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ (651)। ਜਨਮ ਤੋਂ ਹੀ, ਜੀਵਨ ਦੀ ਮਨੁੱਖੀ ਭੂਮਿਕਾ ਨਿਭਾਉਣ ਲਈ, ਇਸ ਮਨ ਨੂੰ ਦੁਨਿਆਵੀ (ਮੋਹ ਮਾਇਆ ਦੀਆਂ) ਸੋਚ ਵਿਚਾਰਾਂ ਦੀ ਮੈਲ ਨੇ ਕਾਲਾ ਕੀਤਾ ਹੈ ਜਿਸ ਨੂੰ ਧੋਣਾ ਕੋਈ ਖਾਲਾ ਜੀ ਦਾ ਵਾੜਾ ਨਹੀ ਤੇ ਕੋਈ ਵਿਰਲਾ ਹੀ ਐਸਾ ਕਰ ਪਾਉਂਦਾ ਹੈ। (ਮਨੁ ਅਸਾਧੁ ਸਾਧੈ ਜਨੁ ਕੋਈ॥ ਅਚਰ ਚਰੈ ਤਾ ਨਿਰਮਲ ਹੋਈ॥ 665)। ਇਹ ਆਪਾ ਚੀਨਣ ਦਾ, ਆਪਾ ਪਛਾਨਣ ਦਾ, ਆਪਾ ਜਾਨਣ ਦਾ ਖੇਲ ਬਹੁਤ ਕਠਨ ਹੋਣ ਦੇ ਕਾਰਨ ਮਨੁੱਖ ਨੇ ਧਰਮ ਦੇ ਬਾਹਰਲੇ ਦਿਖਾਵੇ ਦੀ ਸੌਖੀ ਭੁਮਿਕਾ ਨੂੰ ਹੀ ਅਪਨਾ ਲਿਆ ਤੇ ਹੌਲੀ ਹੌਲੀ ਇਸ ਵਿੱਚ ਇਤਨਾ ਲੀਨ ਹੋ ਗਿਆ ਕਿ ਆਪਣੀ ਅਸਲੀਅਤ ਨੂੰ ਹੀ ਭੁੱਲ ਗਿਆ। ਆਪਾ ਵਿਸਾਰ ਕੇ ਹੁਣ ਇਸ (ਮੋਹ ਮਾਇਆ ਵਿੱਚ ਗ੍ਰੱਸੇ) ਮੈਲੇ ਮਨ ਨਾਲ ਜੋ ਵੀ ਕਰਮ ਕਰੇਗਾ ਉਹ ਮੈਲਾ ਤੇ ਦੁਖਦਾਈ ਹੀ ਹੋਵੇਗਾ। ਮਨੁ ਮੈਲਾ ਹੈ ਦੂਜੈ ਭਾਇ॥ ਮੈਲਾ ਚਉਕਾ ਮੈਲੈ ਥਾਇ॥ ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮਨੁਖ ਮੈਲੁ ਦੁਖੁ ਪਾਵਣਿਆ॥ (121)। ਇਸ ਅੰਦਰੂਨੀ ਮਨ ਨੂੰ ਲੱਗੀ (ਮੋਹ ਮਾਇਆ ਦੀ) ਮੈਲ ਬਾਹਰਲੇ ਪਾਣੀ ਨਾਲ ਨਹੀ ਧੋਤੀ ਜਾ ਸਕਦੀ ਕਿਉਂਕਿ ਪਾਣੀ ਮਨ ਨੂੰ ਸਪਰਸ਼ ਨਹੀ ਕਰ ਸਕਦਾ। ਇਹਨਾ ਹੀ ਭੁਲੇਖਿਆਂ ਵਿੱਚ ਪਿਆ ਮਨੁੱਖ ਤੀਰਥਾਂ ਤੇ ਇਸ਼ਨਾਨ ਤੇ ਦਿਖਾਵੇ ਦਾ ਦਾਨ ਪੁੰਨ ਕਰੀ ਜਾ ਰਿਹਾ ਹੈ ਤੇ ਕੋਈ ਵਿਰਲਾ ਹੀ ਗੁਰੂ ਦੇ ਬਚਨਾ ਦੀ ਵਿਚਾਰ ਕਰਦਾ ਹੈ।

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ (558)। ਭਰਮ ਭੁਲੇਖਿਆਂ ਵਿੱਚ ਪੈ ਕੇ ਇਹ ਮਨੁੱਖ ਸਦਾ ਧਰਮੀ ਹੋਣ ਦੀ ਇੱਕ ਕਲਪਨਿਕ ਭੁਮਿਕਾ ਹੀ ਨਿਭਾਉਂਦਾ ਰਹਿੰਦਾ ਹੈ। ਲੋੜ ਤਾਂ ਮਨੁੱਖ ਨੂੰ ਆਪਣੇ ਮਨ ਨੂੰ (ਨਿਜੀ ਤੌਰ ਤੇ) ਪਛਾਨਣ ਤੇ ਨਿਰਮਲ ਕਰਨ ਦੀ ਸੀ ਪਰ ਇਹ ਹੋਰਨਾਂ ਦੇ ਮਨਾ ਨੂੰ ਸਵਾਰਨ ਦੀ ਭੂਮਿਕਾ ਵਿੱਚ ਆਪ ਹੀ ਵਿਕਾਰਾਂ ਦੀ ਮੈਲ ਵਿੱਚ ਖੁੱਭ ਗਿਆ। ਇਸ ਦਾ ਪ੍ਰਗਟਾਵਾ ਨਿੱਤ ਦਿਨ ਖਬਰਾਂ ਵਿੱਚ ਪੜਿਆ ਤੇ ਸੁਣਿਆ ਜਾ ਸਕਦਾ ਹੈ ਜਦੋਂ ਧਰਮ ਦੇ ਆਗੂ ਆਪ ਤਾਂ ਭਰਮ ਭੁਲੇਖਿਆਂ ਤੇ ਵਿਕਾਰਾਂ ਦਾ ਸ਼ਿਕਾਰ ਹਨ ਪਰ ਦੂਸਰਿਆਂ ਨੂੰ ਨਿਰਮਲ ਪੰਥ ਦਾ ਆਦੇਸ ਕਰਦੇ ਹਨ। ਮਨ ਨੂੰ ਪਛਾਨਣਾ ਤੇ ਸਾਧਨਾ ਇੱਕ ਨਿਜੀ ਕਿਰਿਆ ਹੈ ਤੇ ਇਹ ਕੋਈ ਸੰਗਠਨ ਜਾਂ ਸੰਪਰਦਾ ਨਹੀ ਹੋ ਸਕਦੀ। ਆਪਾ ਪਛਾਨਣ ਵਾਲੇ ਨੂੰ ਹੀ ਗੁਰੁ ਅਸਲੀ ਸੂਰਮਾ ਮੰਨਦਾ ਹੈ: ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ॥ (1089)। ਭਾਵ: ਜੋ ਮਨੁੱਖ ਆਪਣੇ ਮਨ ਨਾਲ ਲੜਦੇ (ਪਛਾਣਦੇ ਤੇ ਸੋਧਦੇ) ਹਨ ਉਹ ਮੰਨੇ ਪ੍ਰਮੰਨੇ ਸੂਰਮੇ ਬਣ ਜਾਂਦੇ ਹਨ। ਜਿਨ੍ਹਾ ਨੇ ਆਪਣੇ ਮਨ ਨੂੰ ਪੜਚੋਲਿਆ ਹੈ, ਪਛਾਣਿਆ ਹੈ, ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ। ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ॥ ਆਪੇ ਆਇ ਮਿਲਿਆ ਸੁਖਦਾਤਾ॥ (1045)। ਭਾਵ: ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ਤੇ ਸਾਰੇ ਸੁੱਖਾਂ ਦਾ ਦਾਤਾ, ਪਰਮਾਤਮਾ, ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ। ਸੋ ਗੁਰਮਤਿ ਅਨੁਸਾਰ ਪੜਤਾਲ ਤਾਂ ਹਰ ਕਿਸੇ ਨੇ ਆਪਣੇ ਆਪਣੇ ਮਨ ਦੀ ਕਰਕੇ ਉਸ ਨੂੰ ਸੁਧਾਰਨਾ ਸੀ ਪਰ ਬੜਾ ਹੀ ਅਜਬ ਤਮਾਸ਼ਾ ਹੈ ਕਿ ਮਨੁੱਖ ਦੂਸਰਿਆਂ ਦੇ ਮਨਾਂ ਦੀ ਸੁਧਾਰ ਵਿੱਚ ਆਪਾ ਹੀ ਭੁਲਾ ਬੈਠਾ। ਜੋ ਅਜੇ ਆਪ ਨਹੀ ਸੁਧਰਿਆ ਉਹ ਦੂਸਰੇ ਨੂੰ ਕੀ ਸੁਧਾਰੇਗਾ? ਅਵਰ ਉਪਦੇਸੈ ਆਪਿ ਨ ਬੂਝੈ॥ ਐਸਾ ਬ੍ਰਾਹਮਣੁ ਕਹੀ ਨ ਸੀਝੈ॥ (372)। ਭਾਵ: ਜੋ ਮਨੁੱਖ ਹੋਰਨਾ ਨੂੰ ਤਾਂ ਉਪਦੇਸ਼ ਕਰਦਾ ਹੈ ਪਰ ਆਪਾ ਪਛਾਣਦਾ ਨਹੀ ਉਹ (ਆਤਮਕ ਤੌਰ ਤੇ) ਕਦੇ ਕਾਮਯਾਬ ਨਹੀ ਹੁੰਦਾ। ਇਹ ਅਖੌਤੀ, ਧਰਮ ਆਗੂ ਤੇ ਸਾਧ, ਸੰਤ, ਬਾਬੇ ਤੇ ਪੀਰ ਜਿਨ੍ਹਾ ਨੇ ਆਪਣੇ ਮਨਾ ਨੂੰ ਕਦੇ ਪੜਚੋਲਿਆਂ ਹੀ ਨਹੀ, ਆਪਣੇ ਮਨਾਂ ਨੂੰ ਕਦੇ ਪੜ੍ਹਿਆ ਹੀ ਨਹੀ, ਕਦੇ ਆਪਾ ਚੀਨਿਆ ਹੀ ਨਹੀ ਉਹ ਬਾਹਰਲੇ ਧਾਰਮਕ ਦਿਖਾਵਿਆਂ ਨਾਲ ਲੁਕਾਈ ਨੂੰ ਧੋਖਾ ਦੇ ਕੇ ਲੁੱਟ ਰਹੇ ਹਨ। ਉਹ ਭੁਮੀਏ ਤੇ ਸੱਜਣ ਠੱਗ ਦੀ ਭੁਮਿਕਾ ਹੀ ਨਿਭਾ ਰਹੇ ਹਨ। ਅੰਦਰੋਂ ਕੁਛ ਹੋਰ ਤੇ ਬਾਹਰੋਂ ਕੁਛ ਹੋਰ। ਇਹ ਗੁਰਮਤਿ ਵਿੱਚ ਪ੍ਰਵਾਨ ਨਹੀ:

ਦਿਲਹੁ ਮੁਹਬਤਿ ਜਿੰਨ ਸੇਈ ਸਚਿਆ॥ ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ (488)। ਭਾਵ: ਜਿਨ੍ਹਾ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ (ਭਾਵ ਜੋ ਆਪਾ ਪਛਾਣ ਲੈਂਦੇ ਹਨ) ਉਹੀ ਸੱਚੇ ਆਸ਼ਕ ਹਨ, ਪਰ ਜਿਨ੍ਹਾ ਦੇ ਮਨ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਹੈ ਉਹ ਕੱਚੇ ਆਸ਼ਕ ਆਖੇ ਜਾਂਦੇ ਹਨ। ਕਿਸੇ ਵਿਰਲੇ ਨੂੰ ਛੱਡ ਕੇ ਸਭ ਕੱਚੇ ਆਸ਼ਕ ਹੀ ਹਨ ਕਿਉਂਕਿ ਮਨੁੱਖ ਜੋ ਬਾਹਰ ਦਿਸਦਾ ਹੈ ਉਹ ਅੰਦਰ ਨਹੀ ਹੈ। ਇਸ ਮਨ ਨੂੰ ਜਨਮ ਤੋਂ ਹੀ ਜੋ ਵਿਕਾਰਾਂ (ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ) ਦੀ ਮੈਲ ਲੱਗੀ ਹੈ (ਜਿਸ ਨਾਲ ਇਹ ਕਾਲਾ ਸੁਆਹ ਹੋਇਆ ਹੈ) ਉਹ ਅਉਗਣਾ ਦੀ ਮੈਲ ਹੈ ਜੋ ਬਾਹਰਲੇ ਪਾਣੀ ਨਾਲ ਨਹੀ ਧੋਤੀ ਜਾਣੀ। ਗੁਣ ਤੇ ਅਉਗਣ ਪਰਮਾਤਮਾ ਨੇ ਹਰ ਮਨੁੱਖ ਦੇ ਅੰਦਰ ਜਨਮ ਤੋਂ ਹੀ ਪਾਏ ਹਨ ਪਰ ਮੋਹ ਮਾਇਆ ਦੀ ਗ੍ਰਿਫਤ ਵਿੱਚ ਆਇਆ ਮਨੁੱਖ ਅਉਗਣਾ ਨੂੰ ਹੀ ਧਾਰਨ ਕਰਦਾ ਰਹਿੰਦਾ ਹੈ। ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥ ਵਿਣੁ ਸਤਿਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ॥ (936)। ਭਾਵ: (ਮਾਇਆ ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ ਨੱਕ ਭਰਿਆ ਰਹਿੰਦਾ ਹੈ (ਉਂਝ) ਗੁਣ ਭੀ ਉਸ ਦੇ ਅੰਦਰ ਹੀ ਵਸਦੇ ਹਨ ਪਰ ਸਤਿਗੁਰ ਦੇ ਸ਼ਬਦ ਦੀ ਵੀਚਾਰ ਤੋਂ ਬਿਨਾ ਇਹਨਾ ਦੀ ਸਮਝ ਨਹੀ ਪੈਂਦੀ। ਗੁਰਮਤਿ ਦੁਆਰਾ ਆਪਣੇ ਅੰਦਰੋਂ ਅਉਗਣਾ ਦੀ ਪਛਾਣ ਕਰਕੇ, ਪੜਚੋਲ ਕਰਕੇ ਇਹਨਾ ਨੂੰ ਅੰਦਰੋਂ ਕੱਢਣਾ ਹੈ ਤੇ ਰੱਬੀ ਗੁਣਾ ਨੂੰ ਧਾਰਨ ਕਰਨਾ ਹੀ ਆਪਾ ਚੀਨਣਾ ਹੈ। ਇਸ ਨਾਲ ਨਾਲ ਮਨ ਦੀ ਮੈਲ ਉੱਤਰ ਜਾਵੇਗੀ, ਪਵਿੱਤ੍ਰ ਹੋਏ ਮਨ ਦੀ (ਜਗਤ ਖੇਲ ਤਮਾਸ਼ੇ ਦੇ) ਕਰਤਾ ਨਾਲ ਸਾਂਝ ਪੈ ਜਾਵੇਗੀ, ਮਨ ਤੇ ਮੁੱਖ ਦੀ ਏਕਤਾ ਹੋ ਜਾਵੇਗੀ, ਤੇ ਮਨੁੱਖ ਸੰਸਾਰ ਵਿੱਚ ਹਰ ਤਰਾਂ ਦੀ ਭੁਮਿਕਾ ਨਿਭਾਉਂਦਾ ਹੋਇਆ ਵੀ ਆਪਣੀ ਅਸਲੀਅਤ ਨੂੰ ਨਹੀ ਭੁਲੇਗਾ। ਜੋਲਾਹੇ ਘਰੁ ਅਪਨਾ ਚੀਨਾ ਘਟ ਹੀ ਰਾਮੁ ਪਛਾਨਾ॥ (484)। ਜਿਸ ਦੀ ਭਾਲ ਵਿੱਚ ਬਾਹਰ ਇਨੇ ਪਾਪੜ ਵੇਲੇ ਜਾ ਰਹੇ ਹਨ ਉਹ ਤਾਂ ਅੰਦਰ ਹੀ ਹੈ, ਕੇਵਲ ਆਪਾ ਚੀਨਣ ਦੀ ਹੀ ਲੋੜ ਹੈ। ਬਾਹਰ ਦੂਸਰਿਆਂ ਨਾਲ ਸਿੰਙ ਫਸਾਉਣ ਨਾਲ ਕੁੱਝ ਪ੍ਰਾਪਤ ਨਹੀ ਹੋਣਾ। ਕਬੀਰ ਜੁਲਾਹੇ ਨੇ ਆਪਾ ਚੀਨਣ ਨਾਲ ਹੀ ਕੰਮ ਬਣਾ ਲਿਆ ਪਰ ਮਨੁੱਖ ਦਾ (ਆਪਾ ਭੁਲਾ ਕੇ) ਅੱਜ ਸਾਰਾ ਜ਼ੋਰ ਦੂਸਰਿਆਂ ਦੇ ਮਨਾ ਨੂੰ ਸੋਧਣ ਵਿੱਚ ਹੀ ਲੱਗਾ ਹੋਇਆ ਹੈ। ਮਨੁੱਖ ਦੇ ਸਾਰੇ ਮਨ ਨੂੰ ਸੋਧਣ ਦੇ ਸਾਧਨ ਬਾਹਰਲੇ ਹੀ ਹਨ ਜੋ ਕੇਵਲ ਕਰਮ ਕਾਂਡ ਬਣ ਕੇ ਹੀ ਰਹਿ ਜਾਂਦੇ ਹਨ। ਜਿਸ ਮਨੁੱਖ ਨੇ ਗੁਰ ਸਿਖਿਆ ਤੇ ਚਲ ਕੇ ਆਪਾ ਨਹੀ ਚੀਨਿਆ, ਅਉਗਣਾ ਨੂੰ ਤਿਆਗ ਕੇ ਗੁਣਾ ਨੁੰ ਧਾਰਨ ਕਰਕੇ ਆਪਣੇ ਮਨ ਨੂੰ ਨਹੀ ਸੋਧਿਆ, ਉਹ ਬਾਹਰੋਂ ਜਿਵੇਂ ਮਰਜ਼ੀ ਧਰਮੀ ਹੋਣ ਦਾ ਪ੍ਰਗਟਾਵਾ ਕਰਦਾ ਫਿਰੇ, ਲੋਕ ਪਚਾਰਾ ਕਰਦਾ ਫਿਰੇ ਪਰ ਪਰਮਾਤਮਾ (ਗੁਰੂ) ਦੇ ਦਰ ਪ੍ਰਵਾਨ ਨਹੀ ਚੜ੍ਹ ਸਕਦਾ। ਕਾਦਰ ਦੇ ਖੇਲ ਤਮਾਸ਼ੇ ਵਿੱਚ ਇੱਕ ਨਾਇਕ ਦੀ ਭੂਮਿਕਾ ਨਿਭਾਉਣ ਦਾ ਮਾਣ ਕੇਵਲ ਆਪਾ ਚੀਨਣ ਵਾਲੇ ਵਿਰਲੇ ਅਦਾਕਾਰ ਨੂੰ ਹੀ ਮਿਲਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.