.

ਗੁਰਮਤਿ ਅਨੁਸਾਰ ਸਗੁਨ, ਅਪਸਗੁਨ

ਅਤੇ ਮਹੂਰਤ, ਸਾਹੇ ਆਦਿ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ” (ਪੰ: ੧੪੧੦) - ਵਿਸ਼ੇ ਵੱਲ ਵਧਣ ਤੋਂ ਪਹਿਲਾਂ, ਧਿਆਨ ਦੇਣਾ ਕਿ ਗੁਰਬਾਣੀ ਰਾਹੀਂ ਪ੍ਰਗਟ ‘ਸਿੱਖ ਧਰਮ’ ਨਿਰੋਲ ਅਕਾਲਪੁਰਖੀ ਤੇ ਸਹਿਜ ਦਾ ਮਾਰਗ ਹੈ। ਇਥੇ ਕਿਸੇ ਪ੍ਰਕਾਰ ਦੀ ਦੇਵੀ ਦੇਵ ਪੂਜਾ, ਅਵਤਾਰ ਵਾਦ, ਭਗਵਾਨ ਵਾਦ, ਅਨਪੂਜਾ, ਹਠਕਰਮਾਂ, ਵਹਿਮਾ-ਭਰਮਾਂ ਆਦਿ ਨੂੰ ਕੋਈ ਥਾਂ ਨਹੀਂ। ਜਦਕਿ ਸਗੁਨ, ਅਪਸਗੁਣ, ਮੁਹੂਰਤ, ਸਾਹੇ, ਟੇਵਿਆਂ, ਕੁੰਡਲਣੀਆਂ, ਰਾਸ਼ੀਫਲਾਂ, ਹਸਤ ਰੇਖਾਵਾਂ ਆਦਿ ਸਾਰਿਆਂ ਦਾ ਮੂਲ ਹੀ ਦੇਵੀ ਦੇਵ ਪੂਜਾ, ਅਵਤਾਰ ਵਾਦ, ਭਗਵਾਨ ਵਾਦ ਤੇ ਅਨਪੂਜਾ ਹੈ। ਫ਼ਿਰ ਇਸੇ ਤੋਂ ਵਾਧਾ ਹੁੰਦਾ ਹੈ ਬੇਅੰਤ ਤੇ ਅਨੰਤ ਵਹਿਮਾਂ-ਭਰਮਾਂ, ਡਰਾਂ-ਸਹਿਮਾਂ ਦਾ। ਉਪ੍ਰੰਤ ਇਸੇ ਤੋਂ ਹੋਰ ਅੱਗੇ ਰਸਤਾ ਖੁਲਦਾ ਹੈ ਬ੍ਰਾਹਮਣ ਪਾਸੋਂ ਅਨੇਕਾਂ ਪ੍ਰਕਾਰ ਦੇ ਉਪਾਅ ਕਰਵਾਉਣ ਤੇ ਆਪਣਾ ਘਰ-ਕੁਲਾ ਲੁਟਾਉਣ ਵਾਲੇ ਨਵੇਂ ਤੋਂ ਨਵੇਂ ਅਣਡਿਠੇ ਢੰਗਾਂ ਦਾ।

ਇਸ ਤਰ੍ਹਾਂ ਸਪਸ਼ਟ ਹੈ ਜਦੋਂ ਗੁਰੂਦਰ `ਚ ਦੇਵੀ ਦੇਵ ਪੂਜਾ, ਅਵਤਾਰ ਵਾਦ, ਭਗਵਾਨ ਵਾਦ ਤੇ ਅਨਪੂਜਾ ਆਦਿ ਨੂੰ ਹੀ ਕੋਈ ਥਾਂ ਨਹੀਂ ਤਾਂ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਇਨ੍ਹਾਂ ਸਗੁਨਾਂ ਮੁਹੂਰਤਾਂ, ਵਹਿਮਾਂ ਭਰਮਾਂ ਤੇ ਬ੍ਰਾਹਮਣੀ ਉਪਾਵਾਂ ਦਾ ਇਥੇ ਕੀ ਮਤਲਬ? ਭਾਵ ਗੁਰੂਦਰ `ਤੇ ਇਨ੍ਹਾਂ ਸਭ ਗੱਲਾਂ ਦਾ ਉਕਾ ਕੋਈ ਮੁਲ ਨਹੀਂ।

ਸਚਮੁਚ ਜੇਕਰ ਗੁਰਬਾਣੀ ਦੀ ਰੋਸ਼ਨੀ `ਚ ਇਸ ਸਚਾਈ ਨੂੰ ਸਮਝਿਆ ਜਾਵੇ ਤਾਂ ਜ਼ਿੰਦਗੀ ਨੂੰ ਚਲਾਉਣ ਲਈ ਜ਼ਿੰਦਗੀ ਦੇ ਇਹ ਦੋਵੇਂ ਰਾਹ ਹੀ ਵੱਖ-ਵੱਖ ਹਨ। ਇੱਕ ਪਾਸੇ ਹੈ ਇਕੋ ਇੱਕ ਅਕਾਲਪੁਰਖ ਦਾ ਉਟ ਆਸਰਾ, ਉਸ ਦੀ ਰਜ਼ਾ ਤੇ ਸ਼ੁਕਰਾਣੇ `ਚ ਉਸ ਦੇ ਦਰ ਦਾ ਅਰਦਾਸੀਆ ਬਣ ਕੇ ਜੀਵਨ ਨੂੰ ਸੰਤੋਖ ਤੇ ਟਿਕਾਅ `ਚ ਚਲਾਉਣਾ। ਜਦਕਿ ਦੂਜੇ ਪਾਸੇ ਹੈ ਪ੍ਰਭੂ ਬਾਰੇ ਪੂਰਣ ਅਗਿਆਨਤਾ ਤੇ ਬੇਵਿਸ਼ਵਾਸੀ ਅਤੇ ਹਰ ਸਮੇਂ ਸਗੁਨਾ, ਮੁਹੂਰਤਾ ਆਦਿ ਦੇ ਭਰਮ ਭੁਲੇਖਿਆਂ, ਉਪਾਵਾਂ ਦਾ ਸ਼ਿਕਾਰ ਹੋਏ ਰਹਿਣਾ।

ਕਮਾਲ ਤਾਂ ਇਹ, ਇੱਕ ਪਾਸੇ, ਇਕੋ ਇੱਕ ਕਰਤੇ ਬਾਰੇ ਦ੍ਰਿੜਤਾ ਅਤੇ ਵਿਸ਼ਵਾਸ ਜਦਕਿ ਦੂਜੇ ਪਾਸੇ ਹੈ ਨਿਰੋਲ ਕਿਰਤਮ ਦੀ ਪੂਜਾ, ਜਿਸ ਨੂੰ ਗੁਰੂਦਰ ਦੀ ਉੱਕਾ ਪ੍ਰਵਾਣਗੀ ਨਹੀਂ। ਇਸ ਤਰ੍ਹਾਂ ਆਪ ਮੁਹਾਰੇ ਸਾਫ਼ ਹੋ ਜਾਂਦਾ ਹੈ ਕਿਦੇ ਵਿਸ਼ਵਾਸ `ਚ ਵਿਚਰਣ ਵਾਲੀਆਂ ਗੁਰੂ ਕੀਆਂ ਸੰਗਤਾਂ ਦਾ ਇਨ੍ਹਾਂ ਸਗੁਨਾਂ, ਮੁਹੂਰਤਾਂ, ਸਾਹਿਆਂ, ਟੇਵਿਆਂ, ਕੁੰਡਲਣੀਆਂ, ਰਾਸ਼ੀਫਲਾਂ, ਹਸਤ ਰੇਖਾਵਾਂ ਆਦਿ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ। ਇਸ ਲਈ ਆਪਣੇ ਆਪ ਨੂੰ ਗੁਰੂ ਕੀਆਂ ਸੰਗਤਾਂ ਅਖਵਾਉਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਇਸ ਪਾਸਿਉਂ ਸੰਭਲ ਕੇ ਚਲਣ; ਗੁਰੂ ਤੋਂ ਬੇਮੁਖ ਹੋ ਕੇ ਅਤੇ ਮਨਮਤੀਏ ਬਣ ਕੇ ਨਾ ਚਲਣ।

ਜਨੇਊ ਪਾਉਣ ਤੋਂ ਇਨਕਾਰ- ਪਿਤਾ ਪੁਰਖੀ ਨਿਯਮਾਂ ਅਨੁਸਾਰ, ਦਸ ਸਾਲ ਦੀ ਉਮਰ `ਚ ਜਦੋਂ ਪੰਡਤ ਹਰਦਿਆਲ, ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਆਏ ਤਾਂ ਭਰੀ ਸਭਾ `ਚ, ਆਪ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਆਪ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਬ੍ਰਾਹਮਣੀ, ਵੈਦਿਕ ਅਥਵਾ ਹਿੰਦੂ ਧਰਮ `ਚ ਪ੍ਰਵੇਸ਼ ਲਈ ਜਨੇਉ ਵਾਲਾ ਰਸਤਾ, ਉਨ੍ਹਾਂ ਰਾਹੀਂ ਪ੍ਰਗਟ ਕੀਤੇ ਜਾ ਰਹੇ ਸਿੱਖ ਧਰਮ `ਤੇ ਉੱਕਾ ਲਾਗੂ ਨਹੀਂ ਹੁੰਦਾ।

ਆਪ ਨੇ ਗੁਰਬਾਣੀ ਰਾਹੀਂ ਇਹ ਵੀ ਸਪਸ਼ਟ ਕੀਤਾ ਕਿ ਬ੍ਰਾਹਮਣ ਦੂਜਿਆਂ ਨੂੰ ਜਨੇੳੇੂ ਪਾ ਕੇ ਧਰਮ `ਚ ਪ੍ਰਵੇਸ਼ ਨਹੀਂ ਕਰਵਾਉਂਦਾ, ਬਲਕਿ ਅਕਾਲਪ੍ਰੁਖ ਨਾਲੋਂ ਤੋੜ ਕੇ, ਨਿਤਾਂਤ ਆਪਣੀ ਗ਼ੁਲਾਮੀ ਦਿੰਦਾ ਅਤੇ ਆਪਣੇ ਕਰਮਕਾਂਡੀ ਤੇ ਵਰਣ ਵੰਡ ਨੂੰ ਜਨਮ ਦੇਣ ਵਾਲੇ ਜਾਲ `ਚ ਹੀ ਫ਼ਸਾਉਂਦਾ ਹੈ। ਗੁਰਦੇਵ ਦਾ ਜੰਜੂ ਬਾਰੇ ਫ਼ੁਰਮਾਇਆ “ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ” (ਪੰ: ੪੭੧) ਭਾਵ “ਐ ਬ੍ਰਾਹਮਣ! ਇਹ ਜੰਜੂ ਤੂੰ ਚਾਰ ਕਉਡੀਆਂ ਦਾ ਮੰਗਵਾਉਂਦਾ ਤੇ ਚੋਂਕੇ ਕਾਰਾਂ ਕਢ ਕੇ ਜਜਮਾਨ ਦੇ ਗੱਲ `ਚ ਪਾ ਦਿੰਦਾ ਹੈਂ। ਉਪ੍ਰੰਤ ਇਸ ਕਿਰਿਆ ਨੂੰ ਤੂੰ ਨਾਮ ਦਿੰਦਾ ਹੈਂ, ਧਰਮ `ਚ ਪ੍ਰਵੇਸ਼ ਕਰਵਾਉਣ ਦਾ। ਜਦਕਿ ਬਦਲੇ `ਚ ਤੂੰ ਜਜਮਾਨ ਨੂੰ ਆਪਣੀ ਗੁਲਾਮੀ ਦੇ ਸਿਵਾ ਕੁੱਝ ਵੀ ਨਹੀਂ ਦਿੰਦਾ। ਇਸ ਸੰਬਧ `ਚ ਗੁਰਦੇਵ ਨੇ ਚਾਰ ਸਲੋਕ ਉਚਾਰਣ ਕੀਤੇ ਤੇ ਇਨ੍ਹਾਂ ਸਲੋਕਾਂ `ਚ ਸਪਸ਼ਟ ਕੀਤਾ ਕਿ ਧਰਮ ਦਾ ਸਬੰਧ ਜੀਵਨ ਨੂੰ ਅਕਾਲਪੁਰਖ ਨਾਲ ਜੋੜਣਾ ਅਤੇ ਮਨੁੱਖ ਦੇ ਆਤਮਕ ਜੀਵਨ ਦੀ ਸੰਭਾਲ ਨਾਲ ਹੈ। ਜਦਕਿ ਜੰਜੂ ਵਾਲੀ ਸਮੂਚੀ ਕਿਰਿਆ `ਚ ਇਸ ਦਾ ਵਜੂਦ ਤੱਕ ਨਹੀਂ।

“ਦਇਆ ਕਪਾਹ ਸੰਤੋਖੁ ਸੂਤੁ” - ਗੁਰਦੇਵ ਨੇ ਉਥੇ ਸਪਸ਼ਟ ਕਰ ਦਿੱਤਾ ਕਿ ਬ੍ਰਾਹਮਣ, ਮਨੁੱਖ ਨੂੰ ਜੰਜੂ ਰਸਤੇ ਕਰਤਾਰ ਨਾਲੋਂ ਤੋੜਦਾ ਤੇ ਨਿਤਾਂਤ ਆਪਣੀ ਗ਼ੁਲਾਮੀ ਹੀ ਦਿੰਦਾ ਹੈ। ਇਸ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਜੰਜੂ ਵਾਲਾ ਜੋ ਰਸਤਾ ਗੁਰੂ ਜੀ ਨੇ ਆਪ ਨਹੀਂ ਅਪਨਾਇਆ ਤਾਂ ਇਸ ਤਰੀਕੇ ਗੁਰੂ ਜੀ ਨੇ ਬ੍ਰਾਹਮਣ ਤੇ ਉਸ ਦੇ ਜਨੇਊ ਵਾਲੇ ਰਸਤੇ ਨੂੰ, ਗੁਰੂ ਕੀਆਂ ਸੰਗਤਾਂ ਲਈ ਵੀ ਸਦਾ ਲਈ ਬੰਦ ਕਰ ਦਿੱਤਾ। ਉਪ੍ਰੰਤ ਇਹੀ ਨਹੀਂ, ਗੁਰਦੇਵ ਨੇ ਗੁਰਬਾਣੀ ਰਾਹੀਂ ਇਹ ਵੀ ਸਮਝਾ ਦਿੱਤਾ ਕਿ ਸੱਚਾ ਧਰਮੀ ਹੋਣਾ, ਆਪਣੇ ਜੀਵਨ ਅੰਦਰ ਆਤਮਕ ਤੇ ਇਲਾਹੀ ਗੁਣਾਂ ਨੂੰ ਧਾਰਣ ਕਰਣਾ ਹੁੰਦਾ ਹੈ।

ਦਇਆ, ਸੰਤੋਖ, ਉੱਚ ਆਚਰਣ, ਸਦਾਚਾਰਕ ਜੀਵਨ ਆਦਿ ਉਨ੍ਹਾਂ ਬੇਅੰਤ ਆਤਮਕ ਗੁਣਾਂ `ਚੋਂ ਕੁੱਝ ਗੁਣ ਹਨ ਜਿਨ੍ਹਾਂ ਦੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਅਰੰਭ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਭਰਪੂਰ ਵਿਆਖਿਆ ਕੀਤੀ ਹੋਈ ਹੈ। ਉਪੱੰਤ ਇਹੀ ਗੱਲ ਉਸ ਭਰੀ ਸਭਾ `ਚ ਗੁਰਦੇਵ ਨੇ ਬ੍ਰਾਹਮਣ ਨੂੰ ਵੀ ਸਮਝਾਈ। ਆਪ ਨੇ ਫ਼ੁਰਮਾਇਆ “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ” (ਪੰ: ੪੭੧) ਇਸ ਤਰ੍ਹਾਂ ਗੁਰਦੇਵ ਨੇ ਸਪਸ਼ਟ ਕੀਤਾ ਕਿ ਉਹ ਮਨੁੱਖ ਸਚਮੁਚ ਨੀ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੇ ਆਤਮਕ ਗੁਣਾ ਵਾਲੇ ਅਜਿਹੇ ਜੰਜੂ ਨੂੰ ਧਾਰਨ ਕੀਤਾ ਹੋਇਆ ਹੈ ਭਾਵ ਜੀਵਨ `ਚ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਤੇ ਆਤਮਕ ਗੁਣਾਂ ਨੂੰ ਅਪਨਾਇਆ ਹੋਇਆ ਹੈ। ਇਸ ਆਤਮਕ ਗੁਣਾਂ ਰਾਹੀਂ ਆਪਣੇ ਜੀਵਨ ਨੂੰ ਸਵਾਰਿਆ ਤੇ ਸ਼ਿੰਗਾਰਿਆ ਹੈ।

ਤਾਂ ਤੇ ਇਹ ਪੱਕਾ ਕਰਕੇ ਸਮਝਣਾ ਇਹ ਹੈ ਕਿ ਵੈਦਕ ਅਥਵਾ ਬ੍ਰਾਹਮਣ ਮੱਤ ਦੀ ਦੇਣ ਜਿਸ ਜੰਜੂ ਵਾਲੇ ਰਸਤੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪ ਆਪਣੇ ਲਈ ਪ੍ਰਵਾਣ ਨਹੀਂ ਕੀਤਾ, ਤਾਂ ਗੁਰੂ ਕੀਆਂ ਸੰਗਤਾਂ ਦਾ ਉਨ੍ਹਾਂ ਬ੍ਰਾਹਮਣੀ ਵਿਸ਼ਵਾਸਾਂ ਨਾਲ ਕੀ ਸੰਬਧ? ਜਦਕਿ ਦੇਵੀ ਦੇਵਤਾ, ਅਵਤਾਰ ਤੇ ਭਗਵਾਨ ਵਾਦ ਆਦਿ ਉਸੇ ਬ੍ਰਾਹਮਣ ਅਥਵਾ ਵੈਦਿਕ ਮੱਤ ਦੀ ਹੀ ਦੇਣ ਹਨ। ਉਪ੍ਰੰਤ ਯਗਾਂ-ਹਵਣਾ ਸਮੇਤ ਇਨ੍ਹਾਂ ਸਾਰਿਆਂ ਕਰਮਕਾਂਡਾ ਲਈ, ਇਕੋ ਇੱਕ ਜੰਜੂ ਵਾਲੀ ਕਿਰਿਆ ਤੋਂ ਹੀ ਇਹ ਰਸਤਾ ਅੱਗੇ ਟੁਰਦਾ ਹੈ। ਉਪ੍ਰੰਤ ਇਸੇ ਹੀ ਦੇਵੀ ਦੇਵਤਾ ਭਗਵਾਨ ਤੇ ਅਵਤਾਰ ਵਾਦ ਦਾ ਵਿਸਤਾਰ ਹਨ ਸਗੁਨ, ਅਪਸਗੁਨ, ਮੁਹੂਰਤ, ਸਾਹੇ, ਕੁੰਡਲਣੀਆਂ, ਟੇਵੇ, ਥਿਤਵਾਰ, ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ, ਸੂਰਜ-ਚੰਦ ਗ੍ਰਿਹਣ, ਇਕਾਦਸ਼ੀਆਂ, ਦੁਆਦਸ਼ੀਆਂ, ਮੰਗਲ, ਸਨੀਚਰ, ਨੌਮੀਆਂ, ਪੰਚਮੀਆਂ, ਸਰਾਧ, ਨੌਰਾਤੇ, ਯਗ ਹੋਮ ਆਦਿ।

ਦੂਜੇ ਲਫ਼ਜ਼ਾਂ `ਚ ਸਗੁਨ, ਅਪਸਗੁਨ, ਮੁਹੂਰਤ ਆਦਿ ਇਹ ਸਭ ਉਸੇ ਜੰਜੂ ਵਾਲੇ ਪ੍ਰਵਾਰ ਨਾਲ ਹੀ ਸਬੰਧਤ ਹਨ ਜਿਨ੍ਹਾਂ ਨੂੰ ਗੁਰਦੇਵ ਨੇ ਸਿਰੇ ਤੋਂ ਪ੍ਰਵਾਨ ਨਹੀਂ ਕੀਤਾ। ਬਲਕਿ ਇਨ੍ਹਾਂ ਨੂੰ ਅਕਾਲਪੁਰਖ ਬਾਰੇ ਅਗਿਆਨਤਾ ਹੀ ਬਿਆਣਿਆ ਹੈ। ਤਾਂ ਤੇ ਜ਼ਰੂਰੀ ਹੈ, ਗੁਰਬਾਣੀ ਵਿੱਚੋਂ ਸਗਨਾ, ਅਪਸਗਨਾਂ ਬਾਰੇ ਹੋਰ ਕੁੱਝ ਪ੍ਰਮਾਣਾ ਨੂੰ ਲੈ ਕੇ ਇਸ ਵਿਸ਼ੇ ਸਬੰਧੀ ਗੁਰਬਾਣੀ ਉਪਦੇਸ਼ਾਂ ਨਾਲ ਸਾਂਝ ਪਾਈ ਜਾਵੇ ਤੇ ਇਸ ਬਾਰੇ ਗੁਰਬਾਣੀ ਵਾਲੇ ਸੱਚ ਨੂੰ ਸਮਝਣ ਦਾ ਕੁੱਝ ਹੋਰ ਯਤਨ ਕੀਤਾ ਜਾਵੇ।

“ੲੈਕੋ ਕਹੀਐ ਨਾਨਕਾ, ਦੂਜਾ ਕਾਹੇ ਕੂ” - ਸਿੱਖ ਦੇ ਇਕੋ ਇੱਕ ਇਸ਼ਟ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹਨ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਕੇਵਲ ਤੇ ਕੇਵਲ ਦੀ ਵਿਆਖਿਆ ਹੀ ਕੀਤੀ ਗਈ ਹੈ। ਇਥੇ ਮਨੁੱਖ ਨੂੰ ਕੇਵਲ ‘ਇਕੋ ਇੱਕ ਕਰਤੇ’ ਨਾਲ ਜੁੜਣ ਲਈ ਹੀ ਹਿਦਾਦਿਤਾਂ ਹਨ। ਇਸ ਤਰ੍ਹਾਂ ਸੰਪੂਰਣ ਗੁਰਬਾਣੀ `ਚ ਇਕੋ ਇੱਕ ਅਕਾਲਪੁਰਖ ਦੀ ਗੱਲ ਹੀ ਕੀਤੀ ਤੇ ਸਮਝਾਈ ਗਈ ਹੈ। ਗੁਰਬਾਣੀ ਰਾਹੀਂ ਮਨੁੱਖ ਨੂੰ ਇਕੋ ਇੱਕ ਕਰਤੇ; ਰੂਪ, ਰੰਗ, ਰੇਖ ਤੋਂ ਨਿਆਰੇ, ਅਜੂਨੀ, ਸੈਭੰ ਤੇ ਸਰਵ-ਵਿਆਪਕ ਅਕਾਲਪੁਰਖ ਨਾਲ ਜੋੜਿਆ ਗਿਆ ਹੈ, ਕਿਸੇ ਕਿਰਤਮ ਨਾਲ ਨਹੀਂ। ਉਪ੍ਰੰਤ ਇਥੇ ਇਕੋ ਇੱਕ ਸਦਾ ਥਿਰ ਗੁਰੂ ਅਤੇ ਇਕੋ ਇੱਕ ਸਚ ਧਰਮ ਲਈ ਸੇਧ ਵੀ ਦਿੱਤੀ ਗਈ ਹੈ। ਇਸ ਦੇ ਉਲਟ, ਗੁਰਬਾਣੀ `ਚ ਮਨੁੱਖ ਰਾਹੀਂ ਆਪ ਮਿਥੇ ਹਜ਼ਾਰਹਾਂ ਗੁਰੂਆਂ ਤੇ ਭਿੰਨ ਭਿੰਨ ਧਰਮਾਂ ਨੂੰ ਵੀ ਸੱਚ ਧਰਮ ਦੀ ਕਸੌਟੀ `ਤੇ ਪ੍ਰਵਾਣ ਨਹੀਂ ਕੀਤਾ ਗਿਆ। ਜਦਕਿ ਇਨ੍ਹਾਂ ਹਜ਼ਾਰਹਾਂ ਧਰਮਾਂ ਤੇ ਸੰਸਾਰੀ ਗੁਰੂਆਂ ਵਿੱਚੋਂ ਹੀ ਇੱਕ ਧਰਮ ਹੈ ਬ੍ਰਾਹਮਣ ਮੱਤ ਅਤੇ ਬ੍ਰਹਾਮਣ ਗੁਰੂ ਵੀ, ਜਿਵੇਂ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ” (ਪ: ੧੩੭੭) ਅਤੇ ਬ੍ਰਾਹਮਣ ਰਾਹੀਂ ਦਿੱਤੇ ਤੇ ਵੰਡੇ ਜਾ ਰਹੇ ਕਰਮਕਾਂਡੀ ਤੇ ਦੇਵ ਪੂਜਾ ਆਦਿ ਵਾਲੇ ਧਰਮ ਬਾਰੇ “ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ” ਤੋਂ ਇਲਾਵਾ ਕਬੀਰ ਸਾਹਿਬ ਦੀ ਰਸਨਾ ਤੋਂ “ਪਡੀਆ ਕਵਨ ਕੁਮਤਿ ਤੁਮ ਲਾਗੇ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ” (ਪੰ: ੧੧੦੨)

ਇਤਨਾ ਹੀ ਨਹੀਂ, ਗੁਰਬਾਣੀ `ਚ, ਇਕੋ ਇੱਕ ‘ਅਕਾਲਪਰਖ’, ਮਨੁੱਖ ਮਾਤ੍ਰ ਲਈ ਇਕੋ ਇੱਕ ‘ਗੁਰੂ’ ਤੇ ਇਕੋ ਇੱਕ ‘ਧਰਮ’ ਤੋਂ ਬਾਅਦ ਇਕੋ ਇੱਕ ‘ਮਨੁੱਖੀ ਭਾਈਚਾਰੇ’ ਨੂੰ ਵੀ ਪੂਰੀ ਤਰ੍ਹਾਂ ਉਜਾਗਰ ਤੇ ਸਪਸ਼ਟ ਕੀਤਾ ਗਿਆ ਹੈ। ਇਸ ਬਾਰੇ ਵੀ ਫ਼ੁਰਮਾਇਆ ਹੈ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ” (ਪੰ: ੬੧੧) ਅਥਵਾ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)। ਸਪਸ਼ਟ ਹੈ, ਇਥੇ ਬ੍ਰਾਹਮਣ ਦੀ ਚਾਰ ਵਰਣਾ ਵਾਲੀ ਵੰਡ; ਉਪ੍ਰੰਤ ਉਸੇ ਤੋਂ ਪੈਦਾ ਹੋਣ ਵਾਲੀ ਛੂਤ ਛਾਤ, ਸੁੱਚ-ਭਿਟ ਨੂੰ ਵੀ ਪ੍ਰਵਾਣ ਨਹੀਂ ਕੀਤਾ ਗਿਆ। ਉਂਜ ਇਸ ਸਗੁਨਾ, ਅਪਸਗੁਨਾਂ ਆਦਿ ਵਾਲੀ ਵਿਚਾਰਧਾਰਾ ਨਾਲ ਇਸ ਬ੍ਰਾਹਮਣੀ ਵਰਣ ਵੰਡ ਦਾ ਹੀ ਗਹਿਰਾ ਸਬੰਧ ਹੈ। ਇਨ੍ਹਾਂ ਸਚਾਈਆਂ ਦੀ ਪ੍ਰੌੜਤਾ `ਚ ਗੁਰਬਾਣੀ `ਚ ਇੱਕ ਨਹੀਂ ਬਲਕਿ ਹਜ਼ਾਰਹਾਂ ਪ੍ਰਮਾਣ ਮੌਜੂਦ ਹਨ। ਇਥੇ ਤਾਂ “ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥” ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ” (ਪੰ: ੧੨੯੧)। ਭਾਵ ਗੁਰੂਦਰ `ਤੇ ਇੱਕ ਅਕਾਲਪੁਰਖ ਨੂੰ ਛਡ ਕੇ ਕਿਸੇ ਦੇਵੀ ਦੇਵਤੇ ਤੇ ਅਨਪੂਜਾ ਦਾ ਸੁਆਲ ਹੀ ਨਹੀਂ ਰਹਿ ਜਾਂਦਾ।

ਜਦਕਿ ਦੂਜੇ ਪਾਸੇ ਬ੍ਰਾਹਮਣ ਅਥਵਾ ਵੈਦਕ ਮੱਤ ਦੀ ਬੁਨਿਆਦ ਹੀ ਕਰੋੜਾਂ ਦੇਵੀ ਦੇਵਤਿਆਂ ਭਾਵ ਕਿਰਤਮ ਦੀ ਪੂਜਾ `ਤੇ ਹੈ। ਉਪ੍ਰੰਤ ਇਹ ਸਾਰੇ ਸਗਨ, ਅਪਸਗਨ, ਮਹੂਰਤ, ਸਾਹੇ, ਲਗਣ, ਕੁੰਡਲਣੀਆਂ, ਟੇਵਿਆਂ, ਜਨਮਪਤ੍ਰੀਆਂ, ਰਾਸ਼ੀਫਲ, ਹਸਤਰੇਖਾਵਾਂ ਵਾਲੇ ਵਿਸ਼ਵਾਸ ਉਪ੍ਰੰਤ ਯਗ-ਹੋਮ ਆਦਿ ਬ੍ਰਾਹਮਣ ਮੱਤ ਦੇ ਇਸੇ ਦੇਵੀ ਦੇਵਤਾ ਵਾਦ ਦੀ ਹੀ ਦੇਣ ਤੇ ਉਪਜ ਹਨ। ਜਦਕਿ ਦੇਵੀ ਦੇਵਤਾ ਵਾਦ ਸਬੰਧੀ ਹੋਰ ਵੇਰਵੇ ਲਈ, ਸੰਗਤਾਂ ਦੀ ਸੇਵਾ `ਚ ਅਸੀਂ ਦੋ ਹੋਰ ਤੇ ਵੱਖਰੇ ਗੁਰਮੱਤ ਪਾਠ ਵੀ ਦੇ ਚੁੱਕੇ ਹਾਂ। ਇਹ ਪਾਠ ਹਨ, ਗੁਰਮੱਤ ਪਾਠ ਨੰ: ੩੪ “ਦੇਵੀਆਂ ਦੇਵਤੇ ਅਤੇ ਸਿੱਖ ਧਰਮ?” ਹੈ ਅਤੇ ਦੂਜਾ ਗੁਰਮੱਤ ਪਾਠ ਨੰ: ੧੮੨ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯)।

“ਸਗੁਨ ਅਪਸਗੁਨ ਤਿਸ ਕਉ ਲਗਹਿ” - ਜਿਵੇਂ ਵਰਨਣ ਆ ਚੁੱਕਾ ਹੈ ਕਿ ਸਗਨ, ਅਸਗਨ, ਮਹੂਰਤ, ਸਾਹੇ, ਜਨਮਪਤ੍ਰੀਆਂ, ਲਗਣ, ਟੇਵੇ, ਰਾਸ਼ੀਫਲ, ਯਗ-ਹੋਮ ਤੇ ਹਸਤ ਰੇਖਾਵਾਂ ਆਦਿ ਵਾਲੇ ਵਿਸ਼ਵਾਸ ਇਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ-ਅਰਚਾ ਨਾਲ ਹੀ ਸਬੰਧਤ ਹਨ। ਫ਼ਿਰ ਇਨ੍ਹਾਂ ਸਗਨਾ, ਮਹੂਰਤਾਂ ਆਦਿ ਦੇ ਵਿਰੋਧ `ਚ ਵੀ ਗੁਰਬਾਣੀ `ਚ ਵੱਖਰੇ ਤੌਰ `ਤੇ ਅਨੇਕਾਂ ਫ਼ੁਰਮਾਨ ਹਨ ਜਿਵੇਂ “ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ” “(ਪੰ: ੪੦੧) ਭਾਵ ਅਜਿਹੇ ਸਗਨਾਂ, ਅਪਸਗਨਾਂ ਆਦਿ ਦੇ ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ `ਚ ਉਹੀ ਪੈਂਦੇ ਹਨ ਜਿਨ੍ਹਾਂ ਨੂੰ ਅਕਾਲਪੁਰਖ ਵਿਸਰਿਆ ਹੁੰਦਾ ਹੈ। ਇਸਤੋਂ ਬਾਅਦ, ਗੁਰਦੇਵ ਨੇ ਇਹ ਵੀ ਸਪਸ਼ਟ ਕੀਤਾ “ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ” (ਪੰ: ੪੦੧ਉਹੀ) ਭਾਵ ਜਿਹੜੇ ਇਨ੍ਹਾਂ ਸਗੁਨਾ ਆਦਿ ਵਾਲੇ ਵਿਸ਼ਵਾਸਾਂ `ਚ ਨਹੀਂ ਪੈਂਦੇ। ਜਿਨ੍ਹਾਂ ਦੇ ਜੀਵਨ ਕਰਤੇ ਅਕਾਲਪੁਰਖ ਨਾਲ ਇੱਕ ਮਿਕ ਹੋ ਜਾਂਦੇ ਹਨ ਅਤੇ ਜਿਹੜੇ ਇਸ ਤਰ੍ਹਾਂ ਪ੍ਰਭੂ ਦਰ `ਤੇ ਪ੍ਰਵਾਣ ਹੋ ਜਾਂਦੇ ਹਨ, ਉਹ ਜੀਊੇਂਦੇ ਜੀਅ ਵਿਕਾਰਾਂ `ਚ ਗ਼ਰਕ ਨਹੀਂ ਹੁੰਦੇ। ਫ਼ਿਰ ਅਜਿਹੇ ਸਫ਼ਲ ਜੀਵਨ, ਮੌਤ ਤੋਂ ਬਾਅਦ ਵੀ ਮੁੜ ਜਨਮ ਮਰਣ, ਜੂਨਾਂ, ਗਰਭਾਂ ਦੇ ਗੇੜ੍ਹ `ਚ ਨਹੀਂ ਪੈਂਦੇ, ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ।

“ਮਾਹਾ ਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ” - ਭਲੀ ਪ੍ਰਕਾਰ ਦੇਖ ਚੁੱਕੇ ਹਾਂ ਕਿ ਗੁਰਮੱਤ `ਚ ਇਨ੍ਹਾਂ ਸਗਨਾਂ, ਅਪਸਗਨਾਂ ਤੇ ਮਹੂਰਤਾਂ ਆਦਿ ਦਾ ਉੱਕਾ ਮਹਤਵ ਨਹੀਂ। ਗੁਰਮੱਤ ਅਨੁਸਾਰ ਤਾਂ “ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ” (ਪੰ: ੮੧੯) ਭਾਵ ਸਮਾਂ ਤੇ ਘੜੀ ਉਹੀ ਚੰਗੀ ਹੈ ਜਦੋਂ ਮਨੁੱਖ ਦੀ ਸੁਰਤ, ਕਾਰ ਵਿਹਾਰ ਤੇ ਦੁਨੀਆਂਦਾਰੀ ਕਰਦੇ, ਕਰਤੇ ਪ੍ਰਭੂ ਨਾਲ ਜੁੜੀ ਹੋਵੇ। ਬਲਕਿ ਗੁਰਬਾਣੀ `ਚ ਤਾਂ ਇਸ ਬਾਰੇ ਇਥੋਂ ਤੱਕ ਫ਼ੁਰਮਾਇਆ ਹ“ਮਾਹਾ ਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ”॥ ਤੂੰ ਗਣਤੈ ਕਿਨੈ ਨ ਪਾਇਓ, ਸਚੇ ਅਲਖ ਅਪਾਰਾ॥ ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ, ਗੁਰਮਤੀ ਵੀਚਾਰਾ॥ ਗੁਰਮਤੀ ਨਾਮੁ ਧਨੁ ਖਟਿਆ, ਭਗਤੀ ਭਰੇ ਭੰਡਾਰਾ॥ ਨਿਰਮਲੁ ਨਾਮੁ ਮੰਨਿਆ, ਦਰਿ ਸਚੈ ਸਚਿਆਰਾ॥ ਜਿਸ ਦਾ ਜੀਉ ਪਰਾਣੁ ਹੈ, ਅੰਤਰਿ ਜੋਤਿ ਅਪਾਰਾ॥ ਸਚਾ ਸਾਹੁ ਇਕੁ ਤੂੰ, ਹੋਰੁ ਜਗਤੁ ਵਣਜਾਰਾ” (ਪੰ: ੧੪੦)

ਅਰਥ ਭਾਵ ਹਨ “ਹੇ ਪ੍ਰਭੂ! ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ `ਚ ਹੀ ਤੈਨੂੰ ਸਿਮਰਿਆ ਤੇ ਤੇਰੀ ਵਿਚਾਰ ਕੀਤੀ ਜਾ ਸਕੀਾ ਹੈ। ਜਿਸਦਾ ਸਪਸ਼ਟ ਮਤਲਬ ਹੈ ਕਿ ਪ੍ਰਭੂ ਦੀ ਸਿਫ਼ਤ ਸਲਾਹ ਲਈ ਕਿਸੇ ਖ਼ਾਸ ਰੁੱਤ, ਥਿੱਤ, ਸਗੁਨ, ਮਹੂਰਤ ਦੀ ਲੋੜ ਨਹੀਂ ਹੁੰਦੀ। ਤਾਂ ਤੇ ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਪਾਇਆ, ਇਹੋ ਜਿਹੀਆਂ ਥਿੱਤਾਂ ਆਦਿ ਦੀ ਵਿੱਦਿਆ ਪੜ੍ਹੇ ਹੋਏ ਨੂੰ ਮੂਰਖ ਹੀ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਜੀਵਨ ਅੰਦਰ ਤਾਂ ਲੋਭ, ਅਹੰਕਾਰ ਆਦਿ ਹੀ ਭਾਰੂ ਹੁੰਦਾ ਹੈ।

ਇਸੇ ਵਿਸ਼ੇ ਨੂੰ ਗੁਰਬਾਣੀ `ਚ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ “ਸਤਿਗੁਰ ਬਾਝਹੁ ਅੰਧੁ
ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ”
(ਪੰ: ੮੪੩)। ਬਲਕਿ ਜਿਸ ਬ੍ਰਾਹਮਣ ਤੋਂ ਇਹ ਥਿਤਾਂ ਵਾਰਾਂ, ਸਗਨਾਂ, ਅਪਸਗਨਾਂ, ਮਹੂਰਤਾਂ, ਸਾਹਿਆਂ ਦੇ ਭਰਮ ਪੈਦਾ ਹੁੰਦੇ ਹਨ, ਸਿਧਾ ਉਸ ਬ੍ਰਾਹਮਣ ਨੂੰ ਸੰਬੋਧਨ ਕਰਕੇ ਕਬੀਰ ਜੀ ਇਥੋਂ ਤੱਕ ਕਹਿੰਦੇ ਹਨ “ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ” (ਪੰ: ੯੭੦) ਕਿ ਐ ਬ੍ਰਾਹਮਣ! ਆਪਣੀਆਂ ਖ਼ੁਦ ਦੀਆਂ ਖੜੀਆਂ ਕੀਤੀਆਂ ਵਰਣ ਵੰਡ ਦੀਆਂ ਦਿਵਾਰਾਂ ਅਨੁਸਾਰ ਇੱਕ ਪਾਸੇ ਤਾਂ ਤੂੰ ਆਪਣੇ ਆਪ ਨੂੰ ਉੱਚ ਵਰਣ ਦਾ ਕਹਿੰਦਾ ਹੈਂ। ਫ਼ਿਰ ਭੋਜਨ ਕਰਣ ਉਨ੍ਹਾਂ ਦੇ ਘਰਾਂ `ਚ ਜਾਂਦਾ ਹੈਂ ਜਿਨ੍ਹਾਂ ਨੂੰ ਆਪਣੇ ਤੋਂ ਨੀਵੀਆਂ ਜਾਤਾਂ ਦੇ ਦਸਦਾ ਹੈ। ਇਹੀ ਨਹੀਂ ਇੱਕ ਪਾਸੇ ਤਾਂ ਤੂੰ ਆਪਣੀ ਉਦਰ ਪੂਰਤੀ ਲਈ ਥਿਤਾਂ ਵਾਰਾਂ ਦੇ ਭਰਮ ਪੈਦਾ ਕਰਦਾ ਹੈ। ਜ਼ਾਹਿਰ ਕਰਦਾ ਹੈਂ ਕਿ ਗਿਆਨ ਦਾ ਦੀਵਾ ਹੈ ਹੀ ਕੇਵਲ ਤੇਰੇ ਹੱਥ `ਚ ਭਾਵ ਤੂੰ ਹੀ ਧਰਮ ਦਾ ਆਗੂ ਹੈਂ ਜਦਕਿ ਅਗਿਆਨਤਾ ਦੇ ਹਨੇਰੇ ਦੀ ਖੱਡ `ਚ ਵੀ ਤੂੰ ਹੀ ਡਿਗਾ ਪਿਆਂ ਹੈਂ।

ਇਸੇ ਤਰ੍ਹਾਂ “ਮਾਹਾ ਰੁਤੀ ਸਭ ਤੂੰ” ਵਾਲੇ ਸਲੋਕ `ਚ ਵੀ ਗੁਰਦੇਵ ਸਪਸ਼ਟ ਕਰਦੇ ਹਨ ਕਿ ਕਿਸੇ ਵੀ ਥਿੱਤਾਂ ਮੁਹੂਰਤਾਂ ਆਦਿ ਵਾਲੇ ਭਰਮ ਦੀ ਲੋੜ ਨਹੀਂ। ਲੋੜ ਹੈ ਤਾਂ ਕੇਵਲ ਸਤਿਗੁਰੂ ਦੀ ਮੱਤ ਨੂੰ ਵਿਚਾਰ ਕੇ ਪ੍ਰਭੂ ਦੀ ਸਿਫ਼ਤ ਸਲਾਹ `ਚ ਸੁਰਤਿ ਜੋੜਣ ਦੀ। ਤਾਂ ਤੇ ਜਿਨ੍ਹਾਂ, ਗੁਰੂ ਦੀ ਸਿੱਖਿਆ ਤੇ ਟੁਰ ਕੇ ਆਪਣੇ ਜੀਵਨ `ਚ ਨਾਮ ਧਨ ਨੂੰ ਕਮਾਇਆ ਹੈ, ਉਨ੍ਹਾਂ ਦੇ ਜੀਵਨ ਰੂਪ ਖ਼ਜ਼ਾਨੇ ਭਗਤੀ ਭਾਵ ਫ੍ਰਭੂ ਦੀ ਸਿਫ਼ਤ ਸਲਾਹ ਨਾਲ ਭਰਪੂਰ ਹੋ ਗਏ। ਜਿਨ੍ਹਾਂ ਨੇ ਪ੍ਰਭੂ ਦੇ ਪਵਿਤ੍ਰ ਨਾਮ ਨੂੰ ਜੀਵਨ `ਚ ਕਬੂਲਿਆ ਹੈ, ਕੇਵਲ ਉਹੀ ਪ੍ਰਭੂ ਦਰ `ਤੇ ਸੁਰਖ਼ਰੂ ਹੁੰਦੇ ਹਨ।

ਸਬੰਧਤ ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ, ਹੇ ਪ੍ਰਭੂ! ਤੂੰ ਸਦਾ ਥਿਰ ਰਹਿਣ ਵਾਲਾ ਸ਼ਾਹ ਭਾਵ ਸਾਰੀਆਂ ਦਾਤਾਂ ਦਾ ਮਾਲਿਕ ਤੇ ਸ਼ਭ ਨੂੰ ਦਾਤਾਂ ਦੇਣ ਵਾਲਾ ਹੈਂ। ਜਦਕਿ ਹੋਰ ਸਾਰਾ ਸੰਸਾਰ, ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਵਰਤਦਾ ਹੈ ਇਸ ਲਈ ਇਹ ਸੰਸਾਰ ਇੱਕ ਵਣਜਾਰਾ ਹੈ। ਭਾਵ ਤੇਰੇ ਸਿਵਾ, ਸਾਰੇ ਜੀਵ ਇਸ ਸੰਸਾਰ `ਚ ਫੇਰੀ ਲਾ ਕੇ ਜੀਵਨ ਦਾ ਸਉਦਾ ਕਰਨ ਆਉਂਦੇ ਤੇ ਵਾਪਿਸ, ਕਰਕੇ ਵਾਪਿਸ ਚਲੇ ਜਾਂਦੇ ਹਨ। ਖੂਬੀ ਇਹ ਹੈ ਕਿ ਉਨ੍ਹਾਂ ਸਾਰਿਆਂ ਕੋਲ ਤੇਰੀ ਹੀ ਬਖ਼ਸ਼ੀ ਹੋਈ ਜਿੰਦ ਤੇ ਪ੍ਰਾਣ ਹੁੰਦੇ ਹਨ, ਅਤੇ ਸਾਰਿਆਂ ਅੰਦਰ ਜੋਤਿ ਵੀ ਤੇਰੀ ਹੀ ਹੁੰਦੀ ਹੈ” ਭਾਵ ਤੇਰੇ ਤੋਂ ਬਿਨਾਂ ਹੈ ਹੀ ਕੁੱਝ ਨਹੀਂ ਤਾਂ ਫ਼ਿਰ ਇਹ ਵੇਲਾ, ਘੜੀ, ਮਹੂਰਤਾਂ ਆਦਿ ਵਾਲੇ ਵਿਚਾਰ ਕਿਸ ਲਈ?

“ਜੇ ਵੇਲਾ ਵਖਤੁ ਵੀਚਾਰੀਐ” -ਬਲਕਿ ਗੁਰਬਾਣੀ ਦਾ ਤਾਂ ਇਨ੍ਹਾਂ ਸਗਨਾਂ, ਅਪਸਗਨਾਂ, ਮੁਹੂਰਤਾਂ. ਸਾਹਿਆਂ ਆਦਿ ਬਾਰੇ ਇਥੋਂ ਤੱਕ ਫ਼ੈਸਲਾ ਹੈ “ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਅ, ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ, ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ, ਸਾਸੁ ਨ ਬਿਰਥਾ ਕੋਇ” (ਪੰ: ੩੫) ਭਾਵ ਜੇ ਕਰ ਮਨੁੱਖ ਨੇ ਇਨ੍ਹਾਂ ਸਗਨਾਂ, ਮੁਹੂਰਤਾਂ, ਸਾਹਿਆਂ ਆਦਿ ਦੇ ਭਰਮਾਂ `ਚ ਹੀ ਪਏ ਰਹਿਣਾ ਹੈ ਤਾਂ ਸੁਰਤ ਨੂੰ ਪ੍ਰਭੂ ਨਾਲ ਜੋੜਣਾ ਕਿਸ ਸਮੇਂ ਹੈ? ਕਿਉਂਕਿ ਗੁਰਬਾਣੀ ਦਾ ਇਸ ਬਾਰੇ ਹੌਰ ਵੀ ਕਈ ਥਾਵੇਂ ਸਪਸ਼ਟ ਫ਼ੈਸਲਾ ਹੈ ਜਿਵੇਂ “ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ” (ਪੰ: ੧੩੭੩) ਕਿ ਐ ਮਨੁੱਖ! ਤੂੰ ਆਪਣੇ ਸਰੀਰਕ ਇੰਦ੍ਰਿਆਂ ਨਾਲ ਕੰਮ ਕਰ, ਜਦਕਿ ਹਰ ਸਮੇਂ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਰਖ। ਇਸ ਤਰ੍ਹਾਂ ਹੱਥਲੇ ਪ੍ਰਮਾਣ `ਚ ਵੀ ਗੁਰਦੇਵ “ਅਨਦਿਨੁ ਨਾਮੇ ਰਤਿਆ” ਵਾਲੀ ਗੱਲ ਹੀ ਕਹਿ ਰਹੇ ਹਨ। ਅਨਦਿਨ ਦੇ ਅਰਥ ਹਨ ਚੌਵੀ ਘੰਟੇ ਭਾਵ ਦਿਨ ਰਾਤ ਤੇ ਸੁਆਸ ਸੁਆਸ, ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਚਲਣਾ।

ਫ਼ਿਰ ਜੇਕਰ ਇਸ ਪ੍ਰਮਾਣ ਨੂੰ ਹੀ ਵਿਚਾਰ ਕੇ ਪੜ੍ਹੀਏ ਤਾਂ ਇਥੇ ਵੀ ਗੁਰਦੇਵ, ਇੱਕ ਇੱਕ ਸੁਆਸ ਨੂੰ ਸੰਭਾਲਣ ਦੀ ਗੱਲ ਹੀ ਦ੍ਰਿੜ ਕਰਵਾ ਰਹੇ ਹਨ। ਗੁਰਦੇਵ ਫ਼ੁਰਮਾਅ ਰਹੇ ਹਨ, ਐ ਮਨੁੱਖ! ਜੇ ਕਰ ਤੂੰ ਆਪਣੇ ਜੀਵਨ ਨੂੰ ਸੁਆਰਣਾ ਤੇ ਸਫ਼ਲ ਕਰਣਾ ਹੈ ਤਾਂ “…ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ, ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ, ਸਾਸੁ ਨ ਬਿਰਥਾ ਕੋਇ” ਭਾਵ ਪ੍ਰਭੂ ਮਿਲਾਪ ਲਈ ਤੈਨੂੰ ਆਪਣੇ ਇੱਕ ਇੱਕ ਸੁਆਸ ਦੇ ਮੁਲ ਨੂੰ ਪਹਿਚਾਨਣ ਦੀ ਲੋੜ ਹੈ।

ਦੂਜੇ ਲਫ਼ਜ਼ਾਂ `ਚ ਜੇ ਕਰ ਅਸਾਂ ਉਸ ਬ੍ਰਾਹਮਣੀ ਵਿਚਾਰਧਾਰਾ `ਤੇ ਚੱਲ ਕੇ ਸਗਨਾਂ, ਮਹੂਰਤਾਂ, ਸਾਹਿਆਂ ਦੇ ਭਰਮਾਂ `ਚ ਹੀ ਪਏ ਰਹਿਣਾ ਹੈ ਤਾਂ ਸਪਸ਼ਟ ਹੈ ਸਾਨੂੰ ਆਪਣੇ ਅਮੁਲੇ ਸੁਆਸਾਂ ਦੀ ਦੁਰਲਭਤਾ ਬਾਰੇ ਸਾਨੂੰ ਸੋਝੀ ਹੀ ਨਹੀਂ। ਕਿਂਉਕਿ ਜੀਵਨ ਦੀ ਸੰਭਾਲ ਵਾਲੇ ਪੱਖੋਂ ਤਾਂ “ਇਕੁ ਦਮੁ ਸਾਚਾ ਵੀਸਰੈ, ਸਾ ਵੇਲਾ ਬਿਰਥਾ ਜਾਇ॥ ਸਾਹਿ ਸਾਹਿ ਸਦਾ ਸਮਾਲੀਐ, ਆਪੇ ਬਖਸੇ ਕਰੇ ਰਜਾਇ” (ਪੰ: ੫੦੬) ਅਤੇ “ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ, ਸਦਾ ਰਹਿਆ ਲਿਵ ਲਾਇ॥ ਦਮਿ ਦਮਿ ਸਦਾ ਸਮਾਲਦਾ, ਦੰਮੁ ਨ ਬਿਰਥਾ ਜਾਇ” (ਪੰ: ੫੫੫) ਵਰਗੀਆਂ ਗੁਰਬਾਣੀ ਚੇਤਾਵਣੀਆਂ ਬੇਅੰਤ ਹਨ ਜੋ ਇੱਕ ਇੱਕ ਸੁਆਸ ਨੂੰ ਸੰਭਾਲਣ ਦੀ ਗੱਲ ਹੀ ਸਮਝਾ ਰਹੀਆਂ ਹਨ।

“ਮਨਮੁਖੁ ਅੰਧਾ ਦੂਜੈ ਭਾਇ” -ਇਸ ਲਈ ਗੁਰਮੱਤ ਅਨੁਸਾਰ ਇਹ ਸਗੁਨਾਂ, ਅਪਸਗੁਨਾਂ, ਮਹੂਰਤਾਂ, ਸਾਹਿਆਂ ਆਦਿ ਦੇ ਭਰਮਾਂ `ਚ ਪੈਣਾ ਤਾਂ ਇਸ ਤਰ੍ਹਾਂ ਹੈ ਜਿਵੇਂ “ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਹਉਮੈ ਮੇਰਾ ਭਰਮੈ ਸੰਸਾਰੁ॥ ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰ ਬਾਧਾ ਚੋਟਾ ਖਾਇ” (ਪੰ: ੮੪੧) ਮਤਲਬ ਇਹ ਕਿ ਇਸ ਤਰ੍ਹਾਂ ਤਾਂ ਨਿਰੋਲ ਅਗਿਆਨਤਾ ਦੇ ਚੱਕਰ `ਚ ਹੀ ਪਏ ਰਹਿਣਾ ਹੈ। ਜਿਸਦਾ ਨਤੀਜਾ ਜੀਊਂਦੇ ਜੀਅ ਵੀ ਵਿਕਾਰਾਂ `ਚ ਡੁੱਬੇ ਰਹਿਣਾ ਹੈ ਤੇ ਮੌਤ ਤੋਂ ਬਾਅਦ ਵੀ ਜਨਮਾਂ, ਜੂਨਾਂ ਦੇ ਚੱਕਰ `ਚ ਪੈਣਾ।

“ਸੋਈ ਸਾਸਤੁ ਸਉਣੁ ਸੋਇ” -ਇਸ ਲਈ ਗੁਰੂ ਕੀਆਂ ਸੰਗਤਾਂ ਲਈ ਤਾਂ “ਸੋਈ ਸਾਸਤੁ ਸਉਣੁ ਸੋਇ, ਜਿਤੁ ਜਪੀਐ ਹਰਿ ਨਾਉ” (ਪੰ: ੪੮)। ਅਥਵਾ ਗੁਰੂ ਦਰ `ਤੇ ਤਾਂ “ਸਾ ਵੇਲਾ ਪਰਵਾਣੁ, ਜਿਤੁ ਸਤਿਗੁਰੁ ਭੇਟਿਆ” (ਪੰ: ੫੨੦) ਅਤੇ “ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ, ਮੇਰੀ ਜਿੰਦੁੜੀਏ, ਜਿਤੁ ਹਰਿ ਮੇਰਾ ਚਿਤਿ ਆਵੈ ਰਾਮ” (ਪੰ: ੫੪੦) ਕਿਉਂਕਿ ਗੁਰੂ ਕੀਆਂ ਸੰਗਤਾਂ ਲਈ ਤਾਂ “ਪ੍ਰਭੂ ਹਮਾਰੈ ਸਾਸਤ੍ਰ ਸਉਣ॥ ਸੂਖ ਸਹਜ ਆਨੰਦ ਗ੍ਰਿਹ ਭਉਣ” (ਪੰ: ੧੧੩੭) ਵਾਲੀ ਗੱਲ ਤੇ ਗੁਰਦੇਵ ਦਾ ਆਦੇਸ਼ ਹੈ। ਇਸ ਜੀਵਨ `ਚ ਸੁਆਸ ਸੁਆਸ ਅਕਾਲਪੁਰਖ ਨਾਲ ਸੁਰਤ ਨੂੰ ਜੋੜ ਕੇ ਵਿਚਰਣਾ ਹੀ ਮਨੁੱਖ ਲਈ ਸਾਸਤ ਸਉਣ ਤੇ ਸਗਨ, ਮਹੂਰਤ ਆਦਿ ਹਨ। ਇਸ ਤਰ੍ਹਾਂ, ਗੁਰਬਾਣੀ ਦੀ ਸਖ਼ਤ ਹਿਦਾਇਤ ਹੈ ਕਿ ਗੁਰੂ ਕੀਆਂ ਸੰਗਤਾਂ ਨੇ ਇਨ੍ਹਾਂ ਸਗਨਾਂ, ਮਹੂਰਤਾਂ, ਸਹਿਆਂ ਆਦਿ ਵਾਲੇ ਵਹਿਮਾਂ ਭਰਮਾਂ `ਚ ਉੱਕਾ ਨਹੀਂ ਪੈਣਾ।

ਸਗੁਨ, ਮਹੂਰਤ ਤੇ ਸਾਹੇ ਆਦਿ ਤੇ ਸੰਸਾਰ? - ਅੰਤ `ਚ ਜਿਨ੍ਹਾਂ ਲੋਕਾਂ ਦੇ ਸਗੁਨਾਂ ਆਦਿ ਬਾਰੇ ਅਜਿਹੇ ਵਿਸ਼ਵਾਸ ਹੋਏ ਹਨ, ਉਹ ਜੰਮ ਜੰਮ ਇਨ੍ਹਾਂ ਵਿਸ਼ਵਾਸਾਂ ਨੂੰ ਨਿਭਾਉਣ, ਉਸ `ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਦੂਜੇ ਪਾਸੇ, ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਖਵਾਉਣ ਵਾਲਿਆਂ ਲੲਰੀ ਜ਼ਰੂਰੀ ਹੈ ਕਿ ਇਸ ਪਾਸਿਉਂ ਆਪਣੀ ਸੰਭਾਲ ਜ਼ਰੂਰ ਕਰਣ। ਕਿਉਂਕਿ ਗੁਰਬਾਣੀ ਅਨੁਸਾਰ ਇਹ ਮਨੁੱਖਾ ਜਨਮ ਦੁਰਲਭ, ਕੀਮਤੀ ਤੇ ਅਮੁਲਾ ਹੈ ਅਤੇ ਇਸ ਦਾ ਕੁੱਝ ਵਿਸ਼ੇਸ਼ ਮਕਸਦ ਹੈ ਜਿਸ ਨੂੰ ਪਹਿਚਾਨਣ ਦੀ ਲੋੜ ਹੈ।

ਇਥੇ ਵੱਡਾ ਫ਼ਰਕ ਹੈ ਕਿ ਬ੍ਰਾਹਮਣ ਅਨੁਸਾਰ ਸ਼ੁਭ ਤੇ ਅਸ਼ੁਭ, ਸਗਨਾਂ ਵਾਲੇ ਤੇ ਮਨਹੂਸਤਾਂ ਜਾਂ ਨਿਰਾਸ਼ਾ ਵਾਲੇ ਕੰਮਾਂ ਦੀ ਵੰਡ ਬਹੁਤ ਲੰਮੀ ਚੌੜੀ ਹੈ। ਉਸ ਰਾਹੀਂ ਮਿਥੇ ਗਏ ਹਰੇਕ ਸ਼ੁਭ ਕੰਮ ਲਈ ਪਹਿਲਾਂ ਬ੍ਰਾਹਮਣ ਕੋਲੋਂ ਮਹੂਰਤ ਘਡਵਾਉਣਾ ਹੁੰਦਾ ਹੈ। ਇਸ `ਤੇ ਉਸ ਰਾਹੀਂ ਜਜਮਾਨਾਂ ਨੂੰ ਇਹ ਵੀ ਪੱਕਾ ਕੀਤਾ ਹੁੰਦਾ ਹੈ ਕਿ ਮਹੂਰਤ ਵਾਲਾ ਨਿਯਤ ਸਮਾਂ, ਕਿਸੇ ਵੀ ਹਾਲਤ `ਚ ਅਗੇ ਪਿਛੇ ਨਹੀਂ ਹੋ ਸਕਦਾ। ਇਸ ਦੇ ਬਾਵਜੂਦ ਉਸ ਅਨੁਸਾਰ, ਜੇ ਕਿਸੇ ਮੁਹੂਰਤ ਵਾਲੇ ਮਿਥੇ ਸਮੇਂ `ਚ ਅਜਿਹਾ ਹੋ ਜਾਂਦਾ ਹੈ ਤਾਂ ਉਸ ਨਾਲ ਵੀ ਉਸ ਨੇ ਕਈ ਵਹਿਮਾਂ, ਭਰਮਾਂ, ਡਰਾਂ-ਸਹਿਮਾਂ, ਬਦਸਗਨੀਆਂ-ਅਪਸਗਨਾਂ ਆਦਿ ਦੀਆਂ ਗੱਲਾਂ ਨੂੰ ਜੋੜਿਆ ਹੋਇਆ ਹੈ। ਇਸ ਤੋਂ ਬਾਅਦ ਉਸ ਦੇ ਹਿਸਾਬ, ਬਹੁਤ ਸਾਰੇ ਸਮੇਂ ਮਨਹੂਸਤਾ ਤੇ ਨਿਰਾਸ਼ਾ ਆਦਿ ਵਾਲੇ ਸਮੇਂ ਤੇ ਕੰਮ ਵੀ ਹੋ ਜਾਂਦੇ ਹਨ। ਮਿਸਾਲ ਵਜੋਂ ਦਿਨ ਦੇ ਬਾਰਾਂ ਤੋਂ ਪਹਿਲਾਂ ਦਾ ਸਮਾਂ ਸਗੁਨਾ ਵਾਲਾ ਤੇ ਬਾਰਾਂ ਤੋਂ ਬਾਅਦ ਦਾ ਅਥਵਾ ਸ਼ਾਮਾਂ ਸਮਾਂ ਬਦਸਗੁਨੀ ਤੇ ਨਿਰਾਸ਼ਾ ਵਾਲਾ। ਇਸੇ ਤਰ੍ਹਾਂ ਸਰਾਧਾਂ ਦੇ ਦਿਨ ਅਥਵਾ ਵਾਰਾਂ ਵਿੱਚੋਂ ਸਨੀਚਰਵਾਰ ਆਦਿ। ਫ਼ਿਰ ਉਨ੍ਹਾਂ ਸਮਿਆਂ ਤੇ, ਉਸ ਅਨਸੁਾਰ ਦਸੇ ਗਏ ਕੁੱਝ ਸ਼ੁਭ ਕੰਮ ਵੀ ਆਪਣੇ ਆਪ ਜਾਂ ਕਿਸੇ ਕਾਰਨ ਹੋ ਜਾਂਦੇ ਹਨ।

ਇਹ ਵੱਖਰੀ ਗੱਲ ਹੈ ਕਿ ਉਸ ਅਨੁਸਾਰ ਵੀ ਜੇਕਰ ਮਹੂਰਤ ਆਦਿ ਵਾਲਾ ਮਿਥਿਆ ਹੋਇਆ ਸ਼ੁਭ ਸਮਾਂ ਕਿਸੇ ਕਾਰਨ ਟੱਪ ਜਾਵੇ ਜਾਂ ਉਸ ਅਨੁਸਾਰ ਕਿਸੇ ਅਸ਼ੁਭ ਸਮੇਂ `ਚ ਹੀ ਕਿਸੇ ਕਾਰਜ ਨੂੰ ਜ਼ਰੂਰੀ ਕਰਣਾ ਹੋਵੇ ਤਾਂ ਉਸ ਦੇ ਲਈ ਵੀ ਉਸ ਕੋਲੋਂ ਉਪਾਅ ਹੋ ਜਾਂਦੇ ਹਨ ਤੇ ਅਜਿਹੇ ਉਪਾਅ ਉਹ ਕਰ ਵੀ ਦਿੰਦਾ ਹੈ। ਇਸੇ ਤਰ੍ਹਾਂ, ੳੇੁਸ ਅਨੁਸਾਰ ਕਿਸੇ ਅਸ਼ੁਭ ਨਖਤ੍ਰ `ਚ ਕਿਸ ਬੱਚੇ ਦਾ ਜਨਮ ਹੋ ਜਾਵੇ ਜਿਹੜੇ ਕਿ ਹੁੰਦੇ ਹੀ ਹਣ ਜਾਂ ਕੋਈ ਬਦਸਗਨੀ-ਅਪਸਗਨੀ ਆਦਿ ਹੋ ਜਾਵੇ ਤਾਂ ਉਸ ਦੇ ਲਈ ਵੀ ਉਸੇ ਕੋਲੋਂ ਉਪਾਅ ਕਰਵਾਉਣ ਵਾਲੀਆਂ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਸੇ ਰਸਤੇ, ਉਸ ਰਾਹੀਂ ਆਪਣੇ ਜਜਮਾਨ ਕੋਲੋਂ ਲੁੱਟ ਲਈ ਨਵੇਂ ਰਸਤੇ ਵੀ ਖੁੱਲਦੇ ਹਨ। ਦਰਅਸਲ ਇਥੋਂ ਹੀ ਉਸ ਵਲੋਂ ਉਪਾਵਾਂ ਦਾ ਲੰਮਾ ਚੌੜਾ ਸਿਲਸਿਲਾ ਚਾਲੂ ਹੁੰਦਾ ਹੈ। ਕੁੱਝ ਲੋਕਾਂ ਅਨੁਸਾਰ ਤਾਂ ਅਜਿਹੇ ਉਪਾਵਾਂ ਦੀ ਲੋੜ ਤਾਂ ਉਸ ਨੂੰ ਮਹੂਰਤਾਂ ਦੇ ਕਢਣ ਤੋਂ ਵੀ ਜ਼ਿਆਦਾ ਹੁੰਦੀ ਹੈ। ਕਿਉਂਕਿ ਇਥੋਂ ਹੀ ਉਸ ਦੇ ਜਜਮਾਨਾ ਨੇ ਪੂਰੀ ਤਰ੍ਹਾਂ ਉਸ ਦੀਆਂ ਉਂਗਲੀਆਂ ‘ਤੁੇ ਨਚਣਾ ਹੁੰਦਾ ਹੈ।

ਸਪਸ਼ਟ ਹੈ ਜਦੋ ਗੁਰੂ ਕੀਆਂ ਸੰਗਤਾਂ ਨੇ ਗੁਰੂ-ਗੁਰਬਾਣੀ ਦੀ ਆਗਿਆ, ਸਿਖਿਆ, ਆਦੇਸ਼ਾਂ `ਤੇ ਚੱਲ ਕੇ, ਇਨ੍ਹਾਂ ਸਗਨਾਂ, ਮੁਹੂਰਤਾਂ ਸਾਹਿਆਂ ਆਦਿ ਵਾਲੇ ਪਾਸੇ ਹੀ ਨਹੀਂ ਮੁੜਣਾ ਤਾਂ ਉਨ੍ਹਾਂ ਨੇ ਅਜਿਹੇ ਉਪਾਵਾਂ `ਚੋ ਲੈਣਾ ਵੀ ਕੀ? ਇਹ ਤਾਂ, ‘ਨਾ ਰਵੇ ਬਾਂਸ ਨਾ ਵਜੇ ਬੰਸਰੀ’ ਵਾਲੀ ਗੱਲ ਹੈ। ਚੂਂਕਿ ਗੁਰੂ ਕੀਆਂ ਸੰਗਤਾਂ ਨੇ ਜਦੋਂ ਸਗਨਾਂ, ਮੁਹੂਰਤਾਂ, ਸਾਹਿਆਂ ਆਦਿ ਵਾਲੇ ਪਾਸੇ ਜਾਣਾ ਹੀ ਨਹੀਂ ਤਾਂ ਅਪਸਗਣ ਕਾਹਦੇ ਤੇ ਉਪਾਅ ਕਿਸ ਲਈ? ਸਪਸ਼ਟ ਹੈ ਗੁਰੂ ਗੁਰਬਾਣੀ ਦੇ ਮਾਰਗ `ਤੇ ਚੱਲ ਕੇ, ਗੁਰੂ ਕੀਆਂ ਸੰਗਤਾਂ ਲਈ ਇਹ ਝਮੇਲਾ ਵੀ ਆਪਣੇ ਆਪ ਹੀ ਮੁੱਕ ਜਾਂਦਾ ਹੈ।

“ਜਾਨਤ ਹੀ ਅਉਗਨੁ ਕਰੈ” -ਇਸ ਤੋਂ ਵੱਡਾ ਦੁਖ ਉਸ ਵੱਕਤ ਹੁੰਦਾ ਹੈ ਜਦੋ ਉਹ ਲੋਕ ਜੋ ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਅਖਵਾ ਕੇ ਵੀ ਆਪਣੇ ਪ੍ਰਵਾਰਾਂ `ਚ ਅਨੰਦਕਾਰਜਾਂ ਆਦਿ ਸਮੇਂ ਅਨਗਿਣਤ ਸਗਨਾਂ-ਰੀਤਾਂ `ਚ ਫ਼ਸੇ ਨਜ਼ਰ ਆਉਂਦੇ ਹਨ। ਜਦਕਿ ਰੀਤਾਂ-ਅਪਰੀਤਾਂ ਜੋ ਕਿ ਸਗਨਾ, ਮਹੂਰਤਾਂ ਆਦਿ ਦਾ ਹੀ ਮਿਲਦਾ ਜੁਲਦਾ ਰੂਪ ਹਨ। ਜਦਕਿ ਗੁਰਬਾਣੀ ਦਾ ਰੀਤਾਂ ਬਾਰੇ ਵੀ ਉਹੀ ਫ਼ੈਸਲਾ ਹੈ ਜੋ ਸਗਨਾਂ ਆਦਿ ਬਾਰੇ। ਫ਼ੁਰਮਾਨ ਹੈ “ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ” (ਪੰ: ੫੯੦)।

ਫ਼ਿਰ ਅਨੰਦ ਕਾਰਜਾਂ ਆਦਿ ਸਮੇਂ ਹੀ ਨਹੀਂ ਬਲਕਿ ਚਲਾਣੇ ਸਮੇਂ ਵੀ ਅਜਿਹੇ ਕਈ ਸਿੱਖ ਪ੍ਰਵਾਰ ਇਤਵਾਰ, ਬੁਧ ਤੇ ਸਵੇਰ ਸ਼ਾਮ ਆਦਿ ਵਾਲੇ ਬ੍ਰਾਹਮਣੀ ਵਹਿਮਾਂ ਭਰਮਾਂ ਵਾਲਾ ਭਾਰ ਹੀ ਢੋਅ ਰਹੇ ਦੇਖੇ ਜਾਂਦੇ ਹਨ।

ਜ਼ਰੂਰੀ ਹੈ ਕਿ ਅਜਿਹੇ ਸੱਜਨ ਆਪਣੀਆਂ ਅਜਿਹੀਆਂ ਕਰਣੀਆ ਵੱਲ ਧਿਆਨ ਦੇਣ। ਨਹੀਂ ਤਾਂ ਅਜਿਹੇ ਲੋਕ ਇੱਕ ਪਾਸੇ ਗੁਰਮੱਤ ਪੱਖੋਂ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਨ ਤੇ ਨਾਲ ਨਾਲ ਸੰਸਾਰ ਨੂੰ ਪੰਥਕ ਤੇ ਗੁਰੂ ਕੀ ਸਿੱਖੀ ਦਾ ਵਿਰੋਧੀ ਪ੍ਰਭਾਵ ਦੇ ਰਹੇ ਹੁੰਦੇ ਹਨ। ਜਦਕਿ ਗੁਰਬਾਣੀ ਦਾ ਵੀ ਇਸ ਬਾਰੇ ਫ਼ੈਸਲਾ ਹੈ “ਕਬੀਰ ਮਨੁ ਜਾਨੈ ਸਭ ਬਾਤ, “ਜਾਨਤ ਹੀ ਅਉਗਨੁ ਕਰੈ”॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ” (ਪੰ: ੧੩੭੬)। ਜੇ ਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਸਚਾਈ ਵੀ ਇਹੀ ਹੈ ਕਿ ਅੱਜ ਬਹੁਤੇ ਸਿੱਖ ਪ੍ਰਵਾਰਾਂ ਦੀ ਅੰਦਰੂਨੀ ਹਾਲਤ ਵੀ, ਦੂਜੇ ਅਨਧਰਮੀ ਪ੍ਰਵਾਰਾਂ ਤੋਂ ਵੱਖਰੀ ਤੇ ਵਧੀਆ ਨਹੀ। ਪ੍ਰਵਾਰਾ ਅੰਦਰ ਉਹੀ ਕਲੇਸ਼ ਤੇ ਉਹੀ ਉਖਾੜ ਹਨ ਜੋ ਬਹੁਤਾ ਕਰਕੇ ਦੂਜੇ ਪ੍ਰਵਾਰਾਂ `ਚ ਵੀ ਮਿਲਦੇ ਹਨ। ਕਿਧਰੇ ਨੂੰਹ-ਸਸ ਦੇ ਚੱਕਰ, ਕਿਧਰੇ ਬਾਪ-ਬੇਟੇ ਵਿਚਕਾਰ ਝਗੜੇ, ਕਿਧਰੇ ਪਤੀ-ਪਤਨੀਆਂ ਵਿਚਕਾਰ ਤਲਾਕ ਦੀਆਂ ਨੋਬਤਾਂ ਤੇ ਹੋਰ ਬਹੁਤ ਕੁਝ।

ਇਸ ਸਾਰੇ ਦਾ ਮੁਖ ਕਾਰਨ ਇੱਕੋ ਹੀ ਹੈ ਕਿ ਆਪਣੀਆਂ ਹੂੜਮਤਾਂ ਤੇ ਮਨਮੱਤਾ ਬਲਕਿ ਕਈ ਦੁਰਮੱਤਾਂ ਕਾਰਨ, ਅਸੀ ਵੀ ਬਹੁਤਾ ਕਰਕੇ ਗੁਰਬਾਣੀ ਜੀਵਨ ਤੋਂ ਖਾਲੀ ਹੋਏ ਪਏ ਹਨ। ਉਸੇ ਦਾ ਨਤੀਜਾ ਅਜੋਕਾ ਗੁਰੂ ਕਾ ਸਿੱਖ ਅਖਵਾਉਣ ਵਾਲਾ ਪਰ ਬੇਮੁਖ ਤੇ ਮਨਮਤੀਆ ਹੋ ਚੁੱਕਾ ਵੀ ਗੁਰੂ ਤੇ ਅਕਾਲਪੁਰਖ ਦੀ ਬਖ਼ਸ਼ਿਸ਼ ਤੋਂ ਵਾਂਝਾ ਹੋਇਆ ਪਿਆ ਹੈ, ਜਿਸਨੂ ਸੰਬਲਣ ਦੀ ਲੋੜ ਹੈ। #193s011.02s011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 193

ਗੁਰਮੱਤ ਅਨੁਸਾਰ ਸਗੁਨ, ਅਪਸਗੁਨ ਅਤੇ ਮਹੂਰਤ, ਸਾਹੇ ਆਦਿ?

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.