.

ਸ਼ੋਸ਼ਾ ਨਹੀਂ ਅਸਲੀਅਤ

ਸਰਵਜੀਤ ਸਿੰਘ ਸੈਕਰਾਮੈਂਟੋ

ਆਖੇ ਜਾਂਦੇ ਦਸਮ ਗ੍ਰੰਥ ਦੇ ਹਮਾਇਤੀ ਵਿਦਵਾਨ ਤੇਜਵੰਤ ਕਵਲਜੀਤ ਸਿੰਘ ਦਾ ਇਕ ਲੇਖ, ‘Validity of date of Charitropakhian’ ਪਿਛਲੇ ਦਿਨੀਂ ਈ-ਮੇਲ ਰਾਹੀਂ ਪ੍ਰਾਪਤ ਹੋਇਆ। ਈ-ਮੇਲ ਰਾਹੀਂ ਲੇਖ ਭੇਜਣ ਵਾਲੇ ਸੱਜਣ ਨੇ ਮੇਰੇ ਲੇਖ ‘ਕਬ੍ਯੋ ਬਾਚ ਬੇਨਤੀ ਚੌਪਈ ਦਾ ਸਰੋਤ’ ਦਾ ਹਵਾਲਾ ਦੇ ਕੇ ਮੈਨੂੰ ਆਪਣੇ ਵਿਚਾਰ ਦੇਣ ਦਾ ਫੁਰਮਾਣ ਵੀ ਜਾਰੀ ਕੀਤਾ ਸੀ। ਵਿਦਵਾਨ ਲੇਖਕ ਨੇ ਆਪਣੇ ਲੇਖ ‘Validity of date of Charitropakhian’ ਵਿਚ ਚਰਿਤ੍ਰੋ ਪਖਯਾਨ ਦੀ ਸਮਾਪਤੀ ਤੇ ਦਰਜ ਤਾਰੀਖ ਦੇ ਹਵਾਲੇ ਨਾਲ ਲਿਖਿਆ ਹੈ, “ਸ੍ਰੀ ਦਸਮ ਗਰੰਥ ਵਿਰੋਧੀਆਂ ਵਲੋਂ ਹਾਲ ਹੀ ਵਿਚ ਇਕ ਨਵਾਂ ਸ਼ੋਸ਼ਾ ਛਡਿਆ ਗਿਆ ਕਿ ਸ੍ਰੀ ਦਸਮ ਗਰੰਥ ਵਿਚ ਅੰਕਿਤ ਚਰਿਤ੍ਰੋ ਪਾਖਯਾਨ ਦੀ ਮਿਤੀ ਤੇ ਵਾਰ ਮੇਲ ਨਹੀਂ ਖਾਂਦੇ। ਕਿਹਾ ਗਿਆ ਹੈ ਕੇ ਚਰਿਤ੍ਰੋ ਪਾਖਯਾਨ ਦੀ ਸਮਾਪਤੀ ਦਾ ਸਮਾ ਜੋ ਸ੍ਰੀ ਦਸਮ ਗਰੰਥ ਮੁਤਾਬਿਕ ਰਵਿਵਾਰ ਬਣਦਾ ਹੈ ਓਹ ਗਲਤ ਹੈ ਤੇ ਅਸਲੀ ਵਾਰ ਓਸ ਮਿਤੀ ਨੂੰ ਮੰਗਲ ਵਾਰ ਬਣਦਾ ਹੈ… ਹੁਣ ਦੇਖਣ ਵਾਲੀ ਗਲ ਹੈ ਕੇ ਸ੍ਰੀ ਦਸਮ ਗਰੰਥ ਵਿਰੋਧੀਆਂ ਨੇ ਸਿਰਫ ਚਰਿਤ੍ਰੋ ਪਾਖਯਾਨ ਦੀਆਂ ਤਰੀਕਾਂ ਤੇ ਕਿੰਤੂ ਕੀਤਾ ਤੇ ਬਾਕੀ ਦੀ ਕਿਸੇ ਵੀ ਬਾਣੀ ਦੀ ਤਾਰੀਕ ਤੇ ਕਿੰਤੂ ਨਹੀਂ ਕੀਤਾ ਭਾਵੇਂ ਕੇ ਓਹ ਖੁਲ ਕੇ ਇਹਨਾ ਬਾਣੀਆਂ ਦਾ ਵੀ ਵਿਰੋਧ ਕਰਦੇ ਹਨ। ਓਸ ਦਾ ਸਿਧਾ ਸਿਧਾ ਇਕ ਕਾਰਣ ਹੈ ਕੇ ਬਾਕੀ ਸਾਰੀਆਂ ਤਰੀਕਾਂ ਬਿਲਕੁਲ ਠੀਕ ਨੇ ਤੇ ਓਹਨਾ ਤਰੀਕਾਂ ਤੇ ਵਾਰ ਵੀ ਓਹੀ ਬਣਦੇ ਨੇ। ਜਿਵੇ;
ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥
ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥2490॥
This work has been completed) in the year 1745 of the Vikrami era in the Sudi aspect of the moon in the month of Sawan, (July 1688 A.D.) in the town of Paonta at the auspicious hour, on banks of the flowing Yamuna. (Sri Guru Gobind Singh Sahib in 'Krishnavtar')”।
ਇਹ ਠੀਕ ਹੈ ਕਿ ਮੈਂ ਆਪਣੇ ਲੇਖ ‘ਕਬ੍ਯੋ ਬਾਚ ਬੇਨਤੀ ਚੌਪਈ ਦਾ ਸਰੋਤ’ `ਚ ਸਿਰਫ ਇਕ ਤਾਰੀਖ਼ ਦੀ ਪੜਤਾਲ ਹੀ ਕੀਤੀ ਸੀ। ਇਸ ਦਾ ਕਾਰਨ ਇਹ ਸੀ ਕਿ ਮੇਰਾ ਉਹ ਲੇਖ ਦਸਮ ਗ੍ਰੰਥ ਵਿਚ ਦਰਜ ਆਖਰੀ ਚਰਿਤ੍ਰ ਨਾਲ ਸਬੰਧਿਤ ਸੀ। ਉਂਝ ਵੀ ਸਿਰਫ ਇਸੇ ਤਾਰੀਖ ਦੀ ਪੜਤਾਲ ਹੀ ਕੀਤੀ ਜਾ ਸਕਦੀ ਹੈ ਬਾਕੀ ਤਾਰੀਖਾਂ ਦੀ ਪੜਤਾਲ ਤਾਂ ਕੀਤੀ ਹੀ ਨਹੀਂ ਜਾ ਸਕਦੀ। ਚਰਿਤ੍ਰੋ ਪਖਯਾਨ ਦੇ ਅੰਤ ਤੇ ਦਰਜ ਤਾਰੀਖ਼ `ਚ ਹੀ ਜਾਣਕਾਰੀ ਪੂਰੀ ਹੈ ਬਾਕੀ ਤਰੀਖਾਂ `ਚ ਦਰਜ ਜਾਣਕਾਰੀ ਅਧੂਰੀ ਹੈ। ਕਿਸੇ ਵੀ ਤਾਰੀਖ਼ ਅਤੇ ਦਿਨ ਦੀ ਪੜਤਾਲ ਕਰਨ ਲਈ ਸਾਲ, ਮਹੀਨਾ, ਤਾਰੀਖ਼ ਅਤੇ ਦਿਨ ਦੀ ਜਾਣਕਾਰੀ ਹੋਣੀ ਜਰੂਰੀ ਹੈ। ਲੇਖਕ ਵੱਲੋਂ ਲਿਖੀ ਗਈ ਸਭ ਤੋਂ ਪਹਿਲੀ ਤਾਰੀਖ਼ ਦਸਮ ਗ੍ਰੰਥ ਦੇ ਪੰਨਾ 570 ਤੇ ਦਰਜ ਹੈ। ਇਸ ਤਾਰੀਖ਼ ਦੀ ਪੜਤਾਲ ਕੀਤੀ ਹੀ ਨਹੀ ਜਾ ਸਕਦੀ ਕਿਉਂਕਿ ਇਹ ਜਾਣਕਾਰੀ ਅਧੂਰੀ ਹੈ। ਪੜ੍ਹੋ, ਲੇਖਕ ਵੱਲੋਂ ਕੀਤੇ ਗਏ ਅਰਥ “This work has been completed in the year 1745 of the Vikrami era in the Sudi aspect of the moon in the month of Sawan” ਇਸ ਪੰਗਤੀ ਵਿਚ ਸਿਰਫ ਸੰਮਤ 1745 ਬਿਕ੍ਰਮੀ ਦੇ ਸਾਵਣ ਮਹੀਨੇ ਦੀ ਸੁਦੀ ਦਾ ਜਿਕਰ ਹੈ। ਇਸ ਪੰਗਤੀ ਵਿਚ ਨਾ ਤਾਂ ਤਾਰੀਖ਼ ਦਰਜ ਹੈ ਅਤੇ ਨਾ ਹੀ ਦਿਨ। ਸੋ ਸਪੱਸ਼ਟ ਹੈ ਕਿ ਇਸ ਤਾਰੀਖ਼ ਦੀ ਪੜਤਾਲ ਨਹੀ ਕੀਤੀ ਜਾ ਸਕਦੀ।
“ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥
ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥
In Samvat 1745 (1688 A.D.), this 'katha' (composition) was improved and if there is any error and omission in it, then the poets may still improve it.755. (Sri Guru Gobind Singh Sahib in 'Krishnavtar')”।
ਦੂਜੀ ਤਾਰੀਖ, ਜੋ ਦਸਮ ਗ੍ਰੰਥ ਦੇ ਪੰਨਾ 345 ਤੇ ਦਰਜ ਹੈ, ਵੀ ਅਧੂਰੀ ਹੈ। ਇਸ ਵਿਚ ਤਾਂ ਸਿਰਫ ਸਾਲ (1745) ਦਾ ਹੀ ਜਿਕਰ ਹੈ।
“ਸੰਮਤ ਸੱਤ੍ਰਹ ਸਹਸ ਪਚਾਵਨ॥ ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥
ਤ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥860॥
This Granth has been completed (and improved) in Vadi first in the month of Haar in the year 1755 Bikrami (July 1698); if there has remained any error in it, then kindly correct it.(Sri Guru Gobind Singh Sahib in 'Ramavtaar')”।
ਤੀਜੀ ਤਾਰੀਖ, ਜੋ ਦਸਮ ਗ੍ਰੰਥ ਦੇ ਪੰਨਾ 254 ਤੇ ਦਰਜ ਹੈ, ਵੀ ਅਧੂਰੀ ਹੈ। ਇਸ ਵਿਚ ਸਾਲ 1755, ਅਤੇ ਤਾਰੀਖ ਹਾੜ ਵਦੀ ਇਕ ਦਰਜ ਹੈ। ਇਸ ਵਿਚ ਦਿਨ ਦਰਜ ਨਹੀ ਹੈ ਇਸ ਲਈ ਇਸ ਦੇ ਠੀਕ ਜਾਂ ਗਲਤ ਹੋਣ ਵਾਰੇ ਪੜਤਾਲ ਨਹੀ ਕੀਤੀ ਜਾ ਸਕਦੀ।
“ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ ॥੯੮੩ ॥
This (part of the) Granth has been prepared after revision in Paonta city on Wednesday in Sawan Sudi Samvat 1744 (August 1687 AD). 983.(Sri Guru Gobind Singh Sahib in 'Krishnavtar')”।
ਚੌਥੀ ਤਾਰੀਖ ਦਸਮ ਗ੍ਰੰਥ ਦੇ ਪੰਨਾ 386 ਤੇ ਦਰਜ ਹੈ। ਇਸ ਵਿਚ ਵੀ ਸਾਲ (1744) ਮਹੀਨਾ ਸਾਵਣ ਅਤੇ ਦਿਨ ਬੁਧੱਵਾਰ ਦਰਜ ਹੈ, ਪਰ ਸਾਵਣ ਦੀ ਤਾਰੀਖ ਦਰਜ ਨਹੀ ਹੈ । ਸੰਮਤ 1744 ਬਿਕ੍ਰਮੀ `ਚ ਵਿਚ ਸਾਵਣ ਦਾ ਸੁਦੀ ਪੱਖ 30 ਜੁਲਾਈ ਤੋਂ 13 ਅਗਸਤ ਤਾਈਂ ਸੀ। ਇਸ ਮੁਤਾਬਕ ਬੁਧੱਵਾਰ ਸੁਦੀ 5 (3 ਅਗਸਤ) ਅਤੇ ਸੁਦੀ 12 (10 ਅਗਸਤ) ਨੂੰ ਸੀ । ਉਪ੍ਰੋਕਤ ਪੰਗਤੀ `ਚ ਵੀ ਤਾਰੀਖ (ਸੁਦੀ 5 ਜਾਂ ਸੁਦੀ 12) ਦਰਜ ਨਹੀਂ ਹੈ ਇਸ ਲਈ, ਇਸ ਤਾਰੀਖ ਨੂੰ ਠੀਕ ਜਾਂ ਗਲਤ ਕਹਿਣਾ ਵੀ ਸੰਭਵ ਨਹੀ ਹੈ। ਇਸ ਲਈ ਲੇਖਕ ਦਾ ਇਹ ਲਿਖਣਾ, “ਓਸ ਦਾ ਸਿਧਾ ਸਿਧਾ ਇਕ ਕਾਰਣ ਹੈ ਕੇ ਬਾਕੀ ਸਾਰੀਆਂ ਤਰੀਕਾਂ ਬਿਲਕੁਲ ਠੀਕ ਨੇ ਤੇ ਓਹਨਾ ਤਰੀਕਾਂ ਤੇ ਵਾਰ ਵੀ ਓਹੀ ਬਣਦੇ ਨੇ” ਹੀ ਬੇਬੁਨਿਆਦ ਹੈ।
ਦਸਮ ਗ੍ਰੰਥ ਵਿਚ ਸਿਰਫ ਇਕ ਤਾਰੀਖ ਹੀ ਅਜੇਹੀ ਹੈ ਜਿਸ ਦੀ ਪੜਤਾਲ ਕੀਤੀ ਜਾ ਸਕਦੀ ਹੈ। (ਲੇਖਕ ਨੇ ਇਹ ਤਾਰੀਖ ਦੋ ਨੰਬਰ ਤੇ ਦਰਜ ਕੀਤੀ ਹੈ) ਹੇਠ ਲਿਖੀ ਤਾਰੀਖ ਚਰਿਤ੍ਰੋ ਪਖਯਾਨ ਦੇ ਅੰਤ ਤੇ (ਪੰਨਾ 1388) ਦਰਜ ਹੈ।
ਸੰਬਤ ਸਤ੍ਰਹ ਸਹਸ ਭਣਿਜੈ ॥ਅਰਧ ਸਹਸ ਫੁਨਿ ਤੀਨਿ ਕਹਿਜੈ ॥
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥
The Granth was completed on Sunday, the 18th day of month of Bhadon, in 1753 Bikrami Sammat (September 14, 1696 A.D.) on the banks of river Satluj.(Sri Guru Gobind Singh Sahib in 'Charitropakhyan')
ਸਿਰਫ ਇਹ ਤਾਰੀਖ ਹੀ ਪੂਰੀ ਹੈ ਜਿਸ `ਚ ਸਾਲ (1753) ਮਹੀਨਾ (ਭਾਦ੍ਰਵ) ਤਾਰੀਖ (ਅਸਟਮੀ) ਅਤੇ ਦਿਨ (ਰਵਿ ਵਾਰਾ) ਦਰਜ ਹੈ। ਇਸ ਤਾਰੀਖ ਦੀ ਪੜਤਾਲ ਕੀਤੀ ਜਾ ਸਕਦੀ ਹੇ। ਇਸ ਪੰਗਤੀ ਦੇ ਵਿਦਵਾਨ ਲੇਖਕ ਵੱਲੋਂ ਕੀਤੇ ਹੋਏ ਅਰਥ “the 18th day of month of Bhadon” ਪੜ੍ਹ ਕੇ ਬਹੁਤ ਹੈਰਾਨੀ ਹੋਈ ਹੈ। ਅਸਲ ਲਿਖਤ `ਚ ਤਾਂ ‘ਭਾਦ੍ਰਵ ਸੁਦੀ ਅਸਟਮੀ’ ਦਰਜ ਹੈ ਪਰ ਲੇਖਕ ਲਿਖ ਰਿਹਾ ਹੈ 18 ਭਾਦੋਂ। ਜਦੋਂ ਕਿ ਸੁਦੀ ਪੱਖ ਦੇ ਸਿਰਫ 15 ਦਿਨ ਹਨ। ਇਸੇ ਤਰਾਂ ਹੀ ਬਿਕ੍ਰਮੀ ਸੰਮਤ ਦੀ ਤਾਰੀਖ ਨੂੰ ਯੂਲੀਅਨ ਕੈਲੰਡਰ ਦੀ ਤਾਰੀਖ `ਚ ਬਦਲ ਕੇ ਵਿਦਵਾਨ ਲੇਖਕ ਨੇ “September 14, 1696 A.D” ਲਿਖਿਆ ਹੈ। ਬੇਨਤੀ ਹੈ ਕਿ 14 ਸਤੰਬਰ 1669 ਨੂੰ ਅੱਸੂ ਵਦੀ 13, ਅੱਸੂ 14 ਦਿਨ ਸੋਮਵਾਰ ਸੀ। ਉਪ੍ਰੋਕਤ ਪੰਗਤੀ ਦੇ ਭਾਵ ਅਰਥ, ਇਹ ਗ੍ਰੰਥ ਭਾਦੋਂ ਸੁਦੀ 8, ਦਿਨ ਐਤਵਾਰ ਸੰਮਤ 1753 ਨੂੰ ਸਤਲੁਜ ਦੇ ਕੰਢੇ ਪੂਰਾ ਹੋਇਆ। ਹੁਣ ਜਦੋਂ ਅਸੀਂ ਇਸ ਤਾਰੀਖ ਦੀ ਪੜਤਾਲ ਕਰਦੇ ਹਾਂ ਤਾਂ ਇਹ ਤਾਰੀਖ ਗਲਤ ਸਾਬਤ ਹੋ ਜਾਂਦੀ ਹੈ। ਜੇ ਤਾਂ ਅਸੀਂ ‘ਭਾਦ੍ਰਵ ਸੁਦੀ ਅਸਟਮੀ’ ਨੂੰ ਠੀਕ ਮੰਨਦੇ ਹਾਂ ਤਾ ਉਸ ਦਿਨ ਐਤਵਾਰ ਨਹੀ ਮੰਗਲਵਾਰ ਸੀ। ਜੇ ਅਸੀਂ ‘ਰਵਿ ਵਾਰਾ’ ਨੂੰ ਠੀਕ ਮੰਨੀਏ ਤਾਂ ਉਸ ਦਿਨ ਭਾਦ੍ਰਵ ਸੁਦੀ ਅਸਟਮੀ ਨਹੀ ਭਾਦ੍ਰਵ ਸੁਦੀ ਖਸਟਮੀ ਸੀ। ਸੋ ਸਪੱਸ਼ਟ ਹੈ ਕਿ ਇਹ ਤਾਰੀਖ ਅੱਟੇ-ਸੱਟੇ ਨਾਲ ਹੀ ਲਿਖ ਦਿੱਤੀ ਗਈ ਹੈ।
ਲੇਖਕ ਦੇ ਬਚਨ, “ ਜੇ ਇਹ ਗਰੰਥ ਕਿਸੇ ਲਿਖਾਰੀ ਨੇ ਕੋਈ ੧੦੦ ਸਾਲ ਬਾਅਦ ਲਿਖਿਆ ਹੋਵੇ ਓਹ ਕਦੀਂ ਵੀ ਤਰੀਕ ਤੇ ਵਾਰ ਇਕਠਿਆਂ ਲਿਖਣ ਦੀ ਗਲਤੀ ਨਹੀਂ ਕਰੇਗਾ ਕਿਓਂ ਕੇ ਓਸ ਨੂੰ ਪਕੜੇ ਜਾਣ ਦਾ ਦਰ ਹੁੰਦਾ ਹੈ, ਤੇ ਜੇ ਕਿਸੇ ਲਿਖਾਰੀ ਨੇ ਚਲਾਕੀ ਵਰਤ ਵੀ ਲਈ ਤਾਂ ਓਹ ਇਕ ਗਲ ਦਾ ਖਿਆਲ ਰਖੇਗਾ ਕੇ ਘਟੋ ਘਟ ਜੰਤਰੀ ਇਕ ਹੀ ਹੋਵੇ। ਹੁਣ ਦੇਖਣ ਵਾਲੀ ਗਲ ਹੈ ਕੇ ਸ੍ਰੀ ਦਸਮ ਗਰੰਥ ਵਿਰੋਧੀਆਂ ਨੇ ਸਿਰਫ ਚਰਿਤ੍ਰੋ ਪਾਖਯਾਨ ਦੀਆਂ ਤਰੀਕਾਂ ਤੇ ਕਿੰਤੂ ਕੀਤਾ ਤੇ ਬਾਕੀ ਦੀ ਕਿਸੇ ਵੀ ਬਾਣੀ ਦੀ ਤਾਰੀਕ ਤੇ ਕਿੰਤੂ ਨਹੀਂ ਕੀਤਾ ਭਾਵੇਂ ਕੇ ਓਹ ਖੁਲ ਕੇ ਇਹਨਾ ਬਾਣੀਆਂ ਦਾ ਵੀ ਵਿਰੋਧ ਕਰਦੇ ਹਨ”।
ਆਓ ਹੁਣ ਆਪਾ ਵਿਦਵਾਨ ਲੇਖਕ ਦੇ ਉਪ੍ਰੋਕਤ ਬਚਨਾਂ ਨੂੰ ਮੁਖ ਰੱਖ ਕੇ ਦਸਮ ਗ੍ਰੰਥ `ਚ ਦਰਜ ਤਾਰੀਖਾਂ ਦੀ ਪੜਤਾਲ ਕਰੀਏ। ਇਹ ਗ੍ਰੰਥ ਗੁਰੂ ਜੀ ਦੀ ਰਚਨਾ ਨਹੀ ਹੈ । ਇਹ ਬਹੁਤ ਪਿਛੋਂ ਲਿਖਿਆ ਗਿਆ ਹੈ ਇਹ ਹੀ ਕਾਰਨ ਹੈ ਕਿ ਇਸ ਗ੍ਰੰਥ ਦੇ ਲਿਖਾਰੀ ਨੇ ਕੋਈ ਵੀ ਤਾਰੀਖ ਪੂਰੀ (ਸਾਲ, ਮਹੀਨਾ, ਤਾਰੀਖ ਅਤੇ ਦਿਨ) ਨਹੀਂ ਲਿਖੀ। ਪਹਿਲੀ ਤਾਰੀਖ ਵਿਚ ਮਹੀਨੇ ਦੀ ਤਾਰੀਖ ਅਤੇ ਦਿਨ ਨਹੀ ਹਨ। ਦੂਜੀ ਤਾਰੀਖ `ਚ ਮਹੀਨਾ, ਤਾਰੀਖ ਅਤੇ ਦਿਨ ਨਹੀ ਹਨ। ਤੀਜੀ ਤਾਰੀਖ `ਚ ਦਿਨ ਅਤੇ ਚੌਥੀ ਤਾਰੀਖ ਵਿਚ ਮਹੀਨੇ ਦੀ ਤਾਰੀਖ ਦਰਜ ਨਹੀ ਹੈ। ਦਸਮ ਗ੍ਰੰਥ ਦਾ ਲਿਖਾਰੀ, ਗਲਤੀ ਨਾਲ ਇਕ ਤਾਰੀਖ ਪੂਰੀ ਲਿਖ ਬੈਠਾ ਜਿਸ ਤੋਂ ਸਾਰਾ ਝੂਠ ਫੜਿਆ ਗਿਆ। ਕਿਉਂਕਿ ਇਸ ਲੇਖ ਦਾ ਲੇਖਕ ਦਸਮ ਗ੍ਰੰਥ ਦਾ ਉਪਾਸ਼ਕ ਹੈ ਇਸ ਲਈ ਜੋ ਅਧੂਰੀਆਂ ਤਾਰੀਖਾਂ, ਜਿਨ੍ਹਾਂ ਦੀ ਪੜਤਾਲ ਕੀਤੀ ਹੀ ਨਹੀ ਜਾ ਸਕਦੀ, ਨੂੰ ਵੀ ਪੂਰੀਆਂ ਮੰਨਦਾ ਹੈ, ਨੇ ਪੂਰੀ ਤਾਰੀਖ ਨੂੰ ਤਾਂ ਪੂਰੀ ਮੰਨਣਾ ਹੀ ਹੈ। ਇਸ ਪੂਰੀ ਪਰ ਗਲਤ ‘ਸੰਬਤ ਸਤ੍ਰਹ ਸਹਸ ਭਣਿਜੈ ॥ਅਰਧ ਸਹਸ ਫੁਨਿ ਤੀਨਿ ਕਹਿਜੈ ॥ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ’ ਤਾਰੀਖ ਨੂੰ ਠੀਕ ਸਾਬਤ ਕਰਨ ਲਈ ਵਿਦਵਾਨ ਲੇਖਕ ਲਿਖਦਾ ਹੈ, “ਹੁਣ ਧਿਆਨਯੋਗ ਰਖਣ ਵਾਲੀ ਗਲ ਹੈ ਕੇ ਚਰਿਤ੍ਰੋਪਾਖਯਾਨ ਨੂੰ ਛੱਡ ਕੇ ਬਾਕੀ ਦੀਆਂ ਤਰੀਕਾਂ ਚ੍ਰਿਤਾਦਿਕ ਜੰਤਰੀ ਵਿਚੋਂ ਹਨ ਤੇ ਓਹਨਾ ਦੀਆਂ ਮਿਤੀਆਂ ਤੇ ਵਾਰ ਵੀ ਚ੍ਰਿਤਾਦਿਕ ਜੰਤਰੀ ਮੁਤਾਬਿਕ ਬਿਲਕੁਲ ਸਹੀ ਤੇ ਠੀਕ ਹਨ । ਜਿਥੋਂ ਤਕ ਚਰਿਤ੍ਰੋਪਾਖਯਾਨ ਦਾ ਸੰਬੰਧ ਹੈ, ਇਸ ਵਿਚ ਕ੍ਰਿਤਾਦਿਕ ਜੰਤਰੀ ਨੂੰ ਵਰਤਿਆ ਗਿਆ ਹੈ ਨਾ ਕੇ ਚਿਤ੍ਰਾਦਿਕ ਜੰਤਰੀ ਨੂੰ ਤੇ ਓਸ ਮੁਤਾਬਿਕ ਓਹ ਦਿਨ ਰਵਿਵਾਰ ਹੀ ਬਣਦਾ ਸੀ ਨਾ ਕੇ ਮੰਗਲਵਾਰ । ਤੇ ਇਸ ਦਾ ਕਾਰਣ ਬਹੁਤ ਸਪਸ਼ਟ ਹੈ ਕੇ ਗੁਰੂ ਸਾਹਿਬ ਨੂੰ ਪਤਾ ਸੀ ਕਿ ਏਸ ਰਚਨਾ ਤੇ ਕਿੰਤੂ ਕਾਰਣ ਵਾਲੇ ਵੀ ਉਠਣਗੇ, ਸੋ ਜੇ ਏਸ ਦੀ ਰਚਨਾ ਦੀ ਮਿਤੀ ਤੇ ਵਾਰ ਸਰਕਾਰੀ ਤੋਰ ਤੇ ਪ੍ਰਮਾਣਿਕ ਜੰਤਰੀ ਤੋਂ ਲਈ ਜਾਵੇ ਤਾਂ ਦੁਬਿਦਾ ਘਟੇਗੀ”
ਕਿੰਨੀ ਹਾਸੋ-ਹੀਣੀ ਦਲੀਲ ਪੇਸ਼ ਕੀਤੀ ਹੈ ਦਸਮ ਗ੍ਰੰਥ ਨੂੰ ਗੁਰੂ ਜੀ ਦੀ ਲਿਖਤ ਸਾਬਤ ਕਰਨ ਲਈ। ਸਾਰੇ ਗ੍ਰੰਥ ਦੀਆਂ ਤਾਰੀਖਾਂ ਤਾ ਚ੍ਰਿਤਾਦਿਕ ਜੰਤਰੀ ਦੀਆਂ ਹਨ ਪਰ ਚਰਿਤ੍ਰੋਪਾਖਯਾਨ ਦੀ ਤਾਰੀਖ ਕ੍ਰਿਤਾਦਿਕ ਜੰਤਰੀ ਦੀ, ਤਾਂ ਜੋ ਕੋਈ ਦੁਬਿਧਾ ਪੈਦਾ ਨਾ ਹੋਵੇ। ਦਸਮ ਗ੍ਰੰਥ ਦਾ ਲਿਖਾਰੀ ਆਪ ਕਿਤੇ ਨਹੀ ਲਿਖਦਾ ਕਿ ਮੈਂ ਤਾਰੀਖਾਂ ਲਿਖਣ ਵੇਲੇ ਕਿਸ ਜੰਤਰੀ ਨੂੰ ਮੁੱਖ ਰੱਖਿਆ ਹੈ। ਦਸਮ ਗ੍ਰੰਥ ਦੇ ਲਿਖਾਰੀ ਵੱਲੋਂ ਵਰਤੀਆਂ ਗਈਆਂ ਜੰਤਰੀਆਂ ਦੀ ਜਾਣਕਾਰੀ ਤਾਂ ਦਸਮ ਗ੍ਰੰਥ `ਚ ਨਹੀ ਮਿਲਦੀ ਪਰ ਇਸ ਦੇ ਲਿਖੇ ਜਾਣ ਦੇ ਅਸਥਾਨ ਬਾਰੇ ਸਪੱਸ਼ਟ ਜਾਣਕਾਰੀ ਮਿਲਦੀ ਹੈ, “ਤੀਰ ਸਤੁਦ੍ਰਵ ਗ੍ਰੰਥ ਸੁਧਾਰਾ”। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਵੀ ਸੰਮਤ 1753 ਬਿ: ਵਿਚ ਉਤਰੀ ਭਾਰਤ `ਚ ਸਤਲੁਜ ਦਰਿਆ ਦੇ ਕੰਢੇ ਬੈਠਾ ਹੈ ਪਰ ਤਾਰੀਖ ਲਈ ਦੱਖਣੀ ਭਾਰਤ ਦੀ ਜੰਤਰੀ ਨੂੰ ਮੁੱਖ ਰੱਖਦਾ ਹੈ। ਜਦੋਂ ਕਿ ਇਸ ਤੋਂ 9 ਸਾਲ ਪਹਿਲਾ ਭਾਵ ਸੰਮਤ 1744 ਬਿ: (ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ) ਵਿਚ ਵੀ ਕਵੀ ਉਤਰੀ ਭਾਰਤ `ਚ ਸੀ ਤੇ ਜੰਤਰੀ ਵੀ ਉਤਰੀ ਭਾਰਤ ਦੀ। ਇਸ ਤੋਂ ਦੋ ਸਾਲ ਪਿਛੋਂ ਭਾਵ (ਸੰਮਤ ਸੱਤ੍ਰਹ ਸਹਸ ਪਚਾਵਨ॥ ਹਾੜ ਵਦੀ ਪ੍ਰਿਥਮੈ ਸੁਖ ਦਾਵਨ) ਸੰਮਤ 1755 ਬਿ: ਵਿਚ ਵੀ ਕਵੀ ਉਤਰੀ ਭਾਰਤ ਦੀ ਜੰਤਰੀ ਹੀ ਮੁਖ ਰੱਖਦਾ ਹੈ ਜਦੋਂ ਕੇ ਲੇਖ ਦੇ ਲੇਖਕ ਦੀ ਖੋਜ ਮੁਤਾਬਕ ਦਸਮ ਗ੍ਰੰਥ ਦਾ ਲਿਖਾਰੀ ਇਹ ਹੀ ਹੈ। ਕਰੋ ਦਰਸ਼ਨ, “ਸੋ ਜਿਵੇਂ ਅਸੀਂ ਸਾਬਿਤ ਕੀਤਾ ਹੈ ਕੇ ਬਚਿਤਰ ਨਾਟਕ ਤੇ ਚਰਿਤ੍ਰੋਪਾਖਯਾਨ ਦੀਆਂ ਰਚਨਾਵਾਂ ਇਕੋ ਰਚਨ ਹਾਰੇ ਦੀਆਂ ਹਨ, ਸੋ ਇਸ ਵਿਚ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਜੇ ਬਚਿਤਰ ਨਾਟਕ ਦੇ ਕਵੀ ਗੁਰੂ ਸਾਹਿਬ ਹਨ ਤਾਂ ਚਰਿਤ੍ਰੋਪਾਖਯਾਨ ਦੇ ਕਵੀ ਵੀ ਓਹੀ ਹਨ”।
ਦਸਮ ਗ੍ਰੰਥ `ਚ ਜਿਨ੍ਹਾਂ ਤਾਰੀਖਾਂ ਦਾ ਹਵਾਲਾ ਦਿੱਤਾ ਗਿਆ ਹੇ ਉਨ੍ਹਾਂ `ਚ ਇਕ ਚਰਿਤ੍ਰੋ ਪਖਯਾਨ ਦੇ ਲਿਖੇ ਜਾਣ ਦੀ ਹੇ ਅਤੇ ਬਾਕੀ ‘ਚਉਬੀਸ ਅਉਤਾਰ’ ਦੇ ਲਿਖੇ ਜਾਣ ਦੀਆ। ‘ਚਉਬੀਸ ਅਉਤਾਰ’ ਦਸਮ ਗ੍ਰੰਥ ਦੇ ਪੰਨਾ 155 ਤੋਂ 709 ਤਕ ਦਰਜ ਹੈ, ਦੇ ਅਰੰਭ ਵਿਚ ਹੀ ਇਸ ਦੇ ਲੇਖਕ ਨੇ ਆਪਣਾ ਨਾਮ ‘ਸ੍ਯਾਮ’ ਲਿਖਿਆ ਹੈ।
‘ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ਸ੍ਯਾਮ ਜਥਾ ਮਤ ਭਾਈ॥੧॥ (ਪੰਨਾ 155)
‘ਮਿਲਿ ਦੇਵ ਅਦੇਵਨ ਸਿੰਧ ਮਥ੍ਯੋ॥ ਕਬ ਸ੍ਯਾਮ ਕਵਿੱਤਨ ਮੱਧ ਕਥ੍ਯੋ॥1॥ (ਪੰਨਾ 160)
ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ॥1148॥ (ਪੰਨਾ 408)
ਪੁੰਨ ਕਥਾ ਮੁਨਿ ਨੰਦਨ ਕੀ ਕਹਿਕੈ ਮੁਖ ਸੋ ਕਬਿ ਸ੍ਯਾਮ ਬਖਾਨੀ॥
ਪੂਰਣ ਧਿਆਇ ਭਯੋ ਤਬ ਹੀ ਜਯ ਸ਼੍ਰੀ ਜਗਨਾਥ ਭਵੇਸ ਬਵਾਨੀ॥੪੯੮॥(ਪੰਨਾ 669)
ਇਸੇ ਤਰ੍ਹਾਂ ਹੀ ਚਰਿਤ੍ਰੋ ਪਖਯਾਨ (ਪੰਨਾ 809-1388) ਕਵੀ ਦੇ ਨਾਮ ਦਾ ਹਵਾਲੇ;
ਕਥਾ ਸਤ੍ਰਵੀ ਰਾਮ ਕਬਿ ਉਚਾਰਿ ਹਿਤ ਚਿਤ ਲਾਇ॥
ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹ੍ਯੋ ਉਪਾਇ॥੧॥(ਪੰਨਾ 835)
ਹੋ ਸੁ ਕਬਿ ਸ੍ਯਾਮ ਇਹ ਕਥਾ ਤਬੇ ਪੂਰਨ ਭਈ॥੧੧॥ (ਪੰਨਾ 1138)
ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸਮਗ॥੧੦॥ (ਪੰਨਾ 1355)
ਇਹ ਸਾਬਤ ਕਰਨ ਲਈ ਕਿ ਦਸਮ ਗ੍ਰੰਥ ਵਾਮ ਮਾਰਗੀ ਕਵੀ ਰਾਮ ਅਤੇ ਸ੍ਯਾਮ ਦੀ ਰਚਨਾ ਹੈ, ਦਸਮ ਗ੍ਰੰਥ `ਚ ਅਜੇਹੇ ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਹਨ। ਰਾਮ-ਸ੍ਯਾਮ ਬਾਰੇ ਵੀ ਦਸਮ ਗ੍ਰੰਥ ਦੇ ਹਮਾਇਤੀਆਂ ਨੇ ਕੋਈ ਹਾਸੋ-ਹੀਣੀ ਦਲੀਲ ਪੇਸ਼ ਕਰ ਦੇਣੀ ਹੈ ਕਿ ਇਹ ਤਾ ਗੁਰੂ ਜੀ ਦੇ ਹੀ ਉਪ ਨਾਮ ਹਨ। ਪਰ ਉਪ੍ਰੋਕਤ ਤਾਰੀਖਾਂ `ਚ ਹੀ ‘ਝੂਠ ਦੀ ਪੈੜ’ ਉਘੱੜ ਕੇ ਸਾਡੇ ਸਾਹਮਣੇ ਆ ਜਾਂਦੀ ਹੈ। ਇਕ ਹੋਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਇਹ ਲਿਖਤ ਗੁਰੂ ਜੀ ਦੀ ਹੈ ਤਾਂ “ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ’ ॥੭੫੫॥
( if there is any error and omission in it, then the poets may still improve it.) ਅਤੇ ‘ਭੂਲ ਪਰੀ ਲਹੁ ਲੇਹੁ ਸੁਧਾਰਾ” ॥860॥ ( if there has remained any error in it, then kindly correct it.) ਲਿਖਣ ਵਾਲਾ ਫਿਰ ਕੌਣ ਹੋਇਆ? ਦਸਮ ਗ੍ਰੰਥ ਦਾ ਲਿਖਾਰੀ ਭੁਲਣਹਾਰ ਹੈ ਇਸ ਦੀਆ ਦੋ ਉਧਾਰਨਾ ਤਾ ਲੇਖਕ ਨੇ ਆਪ ਹੀ ਅਰਥਾਂ ਸਮੇਤ ਦੇ ਦਿੱਤੀਆਂ ਹਨ। ਦਸਮ ਗ੍ਰੰਥ ਦਾ ਲਿਖਾਰੀ ਹੋਰ ਵੀ ਕਈ ਥਾਂ ਅਜੇਹਾ ਲਿਖਦਾ ਹੈ ਕਿ ਜੇ ਮੇਰੇ ਤੋਂ ਕੋਈ ਭੁਲ ਹੋ ਗਈ ਹੋਵੇ ਤਾ ਮੇਰੇ ਤੇ ਹੱਸਿਓ ਨਾ, ਮੇਰੀ ਭੁਲ ਨੂੰ ਸੁਧਾਰ ਲੈਣਾ!
ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥28॥ (ਪੰਨਾ 181)
ਭੂਲ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੇ ਸੁਧਾਰ॥੯੮੪॥ (ਪੰਨਾ 386)
ਤਾਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥੧੦॥ (ਪੰਨਾ 1273)
ਹੁਣ ਇਸ ਸਵਾਲ ਦਾ ਜਵਾਬ ਕੋਣ ਦੇਵੇ ਕਿ ਇਹ ਭੁੱਲੜ ਲਿਖਾਰੀ ਕੋਣ ਹੈ? ਸ਼ਾਇਦ ਦਸਮ ਗ੍ਰੰਥ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਹੀ ਪਿਆਰ ਸਿੰਘ ਪਦਮ ਨੇ ‘ਭਾਦ੍ਰਵ ਸੁਦੀ ਅਸਟਮੀ’ ਨੂੰ ਸੋਧ ਕੇ ਭਾਂਦੋ ਸੁਦੀ 6 ਲਿਖਿਆ ਹੋਵੇਗਾ। “1753 ਬਿ; ਭਾਦੋਂ ਸੁਦੀ 6-ਚਰਿਤ੍ਰੋਪਖਯਾਨ ਗ੍ਰੰਥ ਸੰਪੂਰਨ ਕੀਤਾ”।(ਦਸਮ ਗ੍ਰੰਥ ਦਰਸ਼ਨ-ਪੰਨਾ 20)
ਅਖੀਰ ਤੇ
‘Validity of date of Charitropakhian’ ਦਾ ਲੇਖਕ ਲਿਖਦਾ ਹੈ, “ਇਕ ਹੋਰ ਮਹਤਵਪੂਰਣ ਜਾਣਕਾਰੀ ਇਹ ਹੈ ਕੇ ਚਰਿਤ੍ਰੋਪਾਖਯਾਨ ਦੀ ਮਿਤੀ ਭਾਈ ਚੋਪਾ ਸਿੰਘ ਨੇ ਆਪਣੇ ਰਹਿਤਨਾਮੇ ਵਿਚ ਲਿਖੀ ਹੈ। ਭਾਈ ਚੋਪਾ ਸਿੰਘ ਜੀ ਗੁਰੂ ਸਾਹਿਬ ਨੇ ਖਿਡਾਵੇ ਵੀ ਰਹੇ ਨੇ ਤੇ ਸਾਰੀ ਉਮਰ ਗੁਰੂ ਸਾਹਿਬ ਦੇ ਨਾਲ ਰਹਿ ਕੇ ਗੁਜਾਰੀ ਹੈ”। ਲੇਖਕ ਵੱਲੋਂ ਦਿੱਤੀ ਗਈ ‘ਇਕ ਹੋਰ ਮਹਤਵਪੂਰਣ ਜਾਣਕਾਰੀ’ ਦਾ ਵਸੀਲਾ ਹੈ ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ ‘ਰਹਿਤਨਾਮੇ’ । ਇਸ ਕਿਤਾਬ `ਚ ਦਰਜ ਭਾਈ ਚਉਪਾ ਸਿੰਘ ਦੇ ਰਹਿਹਤਨਾਮੇ `ਚ ਕੁਝ ਅੰਸ਼, “ਸੰਮਤ ੧੭੪੮ ਇਕ ਖਤ੍ਰਾਣੀ ਰੂਪ ਕੌਰ ਸਰੀਰ ਦੀ, ਮੇਲੇ ਵੈਸਾਖੀ ਦੇ ਲਾਹੌਰੋਂ ਨਾਲ ਸੰਗਿਤ ਦੇ ਆਈ। ਉਸ ਨੇ ਸਾਹਿਬ ਨਾਲ ਵੱਡਾ ਛਲ ਕੀਤਾ ਪਰ ਭੇਸ ਨਾ ਗਿਆ। ਉਸ ਦੇ ਪ੍ਰਥਾਇ ‘ਚਰਿਤ੍ਰ’ ਉਚਾਰ ਹੋਏ। ਸੰਮਤ ੧੭੫੩ ਭਾਦ੍ਰੋਂ ਸੁਦੀ ਅਸ਼ਟਮੀ ਭੋਗ ਪਾਇਆ”। (ਰਹਿਹਤਨਾਮੇ, ਪੰਨਾ 94)
ਭਾਈ ਚਉਪਾ ਸਿੰਘ ਦੇ ਰਹਿਹਤਨਾਮੇ `ਚ ਸਾਨੂੰ ਇਕ ਹੋਰ ਬਹੁਤ ਹੀ ਮਹੱਤਵਪੂਰਣ ਜਾਣਕਾਰੀ ਮਿਲ ਗਈ ਹੈ ਉਹ ਹੈ, “ਸੰਮਤ ੧੭੪੮ ਇਕ ਖਤ੍ਰਾਣੀ ਰੂਪ ਕੌਰ ਸਰੀਰ ਦੀ, ਮੇਲੇ ਵੈਸਾਖੀ ਦੇ ਲਾਹੌਰੋਂ ਨਾਲ ਸੰਗਿਤ ਦੇ ਆਈ। ਉਸ ਨੇ ਸਾਹਿਬ ਨਾਲ ਵੱਡਾ ਛਲ ਕੀਤਾ”। ਇਸ ਤੋਂ ਇਹ ਸਪੱਸ਼ਟ ਹੈ ਕਿ ਭਾਈ ਚਉਪਾ ਸਿੰਘ ਜੀ ਵੀ ਇਸ ਗੱਲ ਦੀ ਲਿਖਤੀ ਤਸਦੀਕ ਕਰਦੇ ਹਨ ਕਿ ਰੂਪ ਕੌਰ ਵਾਲੀ ਕਹਾਣੀ (ਚਰਿਤ੍ਰ 21, 22 ਅਤੇ 23) ਗੁਰੂ ਜੀ ਦੀ ਆਪ ਬੀਤੀ ਹੈ। ਇਸੇ ਲਿਖਤ ਤੋਂ ਉਤਸ਼ਾਹਿਤ ਹੋ ਕੇ ਹੀ ਪੋ. ਰਾਮਪ੍ਰਕਾਸ਼ ਸਿੰਘ, ਰਣਧੀਰ ਸਿੰਘ, ਗਿਆਨੀ ਹਰਬੰਸ ਸਿੰਘ, ਡਾ. ਹਰਭਜਨ ਸਿੰਘ ਆਦਿ ਨੇ ਇਸ ਅੱਤ ਘਟੀਆ ਅਤੇ ਬੇਹੂਦਾ ਕਹਾਣੀ ਨੂੰ ਗੁਰੂ ਜੀ ਦੀ ਹੱਡ ਬੀਤੀ ਲਿਖ ਦਿੱਤਾ ਹੈ। ਪਿਆਰਾ ਸਿੰਘ ਪਦਮ ਨੇ ਤਾਂ ਇਨ੍ਹਾਂ ਤੋਂ ਵੀ ਚਾਰ ਕਦਮ ਅਤੇ ਵੱਧ ਕੇ ਚਰਿਤ੍ਰ 16 (ਛਜੀਆ ਵਾਲੀ ਕਹਾਣੀ) ਅਤੇ 71 (ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲੀ ਕਹਾਣੀ) ਨੂੰ ਵੀ ਗੁਰੂ ਜੀ ਆ ਆਪ ਬੀਤੀ ਲਿਖ ਦਿੱਤਾ ਹੈ। ਇਥੇ ਅਸੀਂ ਇਸ ਕਹਾਣੀ ਦੀ ਪੜਤਾਲ ਨਾ ਕਰਦੇ ਹੋਏ ਸਿਰਫ ਇਸ ਰਹਿਤਨਾਮੇ `ਚ ਦਰਜ ਤਾਰੀਖ ਦੀ ਪੜਤਾਲ ਹੀ ਕਰਨੀ ਹੈ। ਇਹ ਤਾਰੀਖ “ਸੰਮਤ ੧੭੫੩ ਭਾਦ੍ਰੋਂ ਸੁਦੀ ਅਸ਼ਟਮੀ ਭੋਗ ਪਾਇਆ” ਵੀ ਪੂਰੀ ਨਹੀ ਹੈ। ਇਸ ਤਾਰੀਖ `ਚ ਦਿਨ ਦਾ ਜਿਕਰ ਨਹੀਂ ਹੈ। ਇਸ ਤਾਰੀਖ ਦੇ ਠੀਕ ਜਾਂ ਗਲਤ ਹੋਣ ਬਾਰੇ ਤਾਂ ਪੜਤਾਲ ਨਹੀ ਕੀਤੀ ਜਾ ਸਕਦੀ ਪਰ ਉਪਲੱਬਧ ਜਾਣਕਾਰੀ ਨਾਲ ਦਿਨ ਦਾ ਪਤਾ ਲਗਾਇਆ ਜਾ ਸਕਦਾ ਹੈ। ਉਹ ਦਿਨ ਹੈ ਮੰਗਲਵਾਰ।
ਸੰਬਤ ਸਤ੍ਰਹ ਸਹਸ ਭਣਿਜੈ ॥ ਅਰਧ ਸਹਸ ਫੁਨਿ ਤੀਨਿ ਕਹਿਜੈ ॥
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥(ਪੰਨਾ 1388)
ਚਰਿਤ੍ਰੋ ਪਖਯਾਨ ਦੇ ਅੰਤ ਤੇ ਦਰਜ ਉਪ੍ਰੋਕਤ ਤਾਰੀਖ ਦੀ ਪੜਤਾਲ ਕਰਨ ਤੇ ਤਾਂ ਇਹੀ ਜਾਣਕਾਰੀ ਮਿਲਦੀ ਹੈ ਕਿ ਭਾਂਦੋ ਸੁਦੀ 8 ਸੰਮਤ 1753, 25 ਭਾਦੋਂ, 25 ਅਗਸਤ 1696 ਯੂਲੀਅਨ ਨੂੰ ਦਿਨ ਮੰਗਲ ਵਾਰ ਸੀ। (ਯਾਦ ਰਹੇ ਲੇਖਕ ਨੇ
the 18th day of month of Bhadon, September 14 ਲਿਖਿਆ ਹੈ) ਸਪੱਸ਼ਟ ਹੈ ਕਿ ਇਨ੍ਹਾਂ ਪੰਗਤੀਆਂ `ਚ ਦਰਜ ਮਹੀਨੇ ਦੀ ਤਾਰੀਖ ਅਤੇ ਦਿਨ ਦਾ ਕੋਈ ਸਬੰਧ ਨਹੀਂ ਹੈ। ਭਾਂਦੋ ਸੁਦੀ 8 ਨੂੰ ਐਤਵਾਰ ਨਹੀਂ ਮੰਗਲਵਾਰ ਸੀ। ਇਹ ਕੋਈ ਸ਼ੋਸ਼ਾ ਨਹੀਂ ਸਗੋਂ ਤੱਥਾ ਤੇ ਅਧਾਰਿਤ ਅਸਲੀਅਤ ਹੈ।




.