.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪਾਹੁਲ ਸਬੰਧੀ ਸਾਰਥਿਕ ਯਤਨ

ਸਿੱਖ ਕੌਮ ਨੇ ਸੰਸਾਰ ਦੇ ਇਤਿਹਾਸ ਵਿੱਚ ਨਵੇਕਲੀਆਂ ਪੈੜਾਂ ਪਾਈਆਂ ਹਨ। ਹਲੇਮੀ ਰਾਜ ਦੀ ਸਥਾਪਨਾ ਵਲ ਨੂੰ ਆਪਣੇ ਕਦਮ ਵਧਾਉਣ ਦਾ ਹਮੇਸ਼ਾਂ ਯਤਨ ਕਰਦਾ ਰਿਹਾ ਹੈ। ਕੁੱਝ ਸਤਰਾਂ ਵਿੱਚ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਅਦਰਸ਼ ਸਚਿਆਰ ਮਨੁੱਖਤਾ ਦੀ ਅੰਦਰਲੀ ਘਾੜਤ ਹੈ ਜੋ ਸਤ-ਸੰਤੋਖ, ਸੇਵਾ-ਭਾਵਨਾ, ਪ੍ਰੇਮ ਤੇ ਤਿਆਗ `ਤੇ ਖੋਲਤੀ ਹੋਈ ਦਿਸਦੀ ਹੈ।

ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦਸ ਜਾਮਿਆਂ ਵਿੱਚ ਇਕਸਾਰ ਰੂਪ ਵਿੱਚ ਚੱਲੀ ਹੈ। ਕਈਆਂ ਨੇ ਭੁਲੇਖੇ ਵੀ ਖਾਧੇ ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਗੁਰ ਗੋਬਿੰਦ ਸਿੰਘ ਜੀ ਨੂੰ ਵੱਖ ਵੱਖ ਰੂਪਾਂ ਵਿੱਚ ਦੱਸਣ ਦਾ ਯਤਨ ਵੀ ਕੀਤਾ ਹੈ। ਅਸਲ ਵਿੱਚ ਉਹਨਾਂ ਲੋਕਾਂ ਦਾ ਕਸੂਰ ਘੱਟ ਹੈ ਤੇ ਸਿੱਖ ਕੌਮ ਦਾ ਆਪਣਾ ਕਸੂਰ ਜ਼ਿਆਦਾ ਹੈ। ਸਮੁੱਚੇ ਜਗਤ ਨੂੰ ਪਿਆਰ ਗਲਵੱਕੜੀ ਵਿੱਚ ਲੈਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਫਲਸਲ਼ੇ ਨੂੰ ਅਸਾਂ ਕੇਵਲ ਰੁਮਾਲਿਆਂ ਤੀਕ ਸੀਮਤ ਕਰਕੇ ਰੱਖ ਦਿੱਤਾ ਹੈ। ਸਭ ਤੋਂ ਵੱਡਾ ਦੁਖਾਂਤ ਹੈ ਕਿ ਇਸ ਮਹਾਨ ਗ੍ਰੰਥ ਦੀ ਗੋਦ ਵਿੱਚ ਬੈਠ ਕੇ ਅਸਾਂ ਉਹ ਇਤਿਹਾਸ ਸੁਣਿਆ ਜਾਂ ਸੁਣਾਇਆ ਗਿਆ ਜੋ ਬਿਗਾਨਿਆਂ ਨੇ ਲਿਖਿਆ ਹੈ। ਆਮ ਹਾਲਤਾਂ ਵਿੱਚ ਇਤਿਹਾਸ ਲਿਖਣ ਵਾਲਿਆਂ ਨੇ ਗੁਰਬਾਣੀ ਦੇ ਸਿਧਾਂਤ ਪ੍ਰਤੀ ਪਹੁੰਚ ਨਹੀਂ ਕੀਤੀ।

ਇਸ ਨੂੰ ਬਦ ਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਕਦੇ ਵੀ ਸਵੈ-ਪੜਚੋਲ ਕਰਨ ਦਾ ਯਤਨ ਨਹੀਂ ਕੀਤਾ। ਜੇ ਕਿਸੇ ਨੇ ਕੁੱਝ ਯਤਨ ਅਰੰਭਿਆ ਵੀ ਤਾਂ ਡੇਰੇਵਾਦ ਦੀ ਉਪਜ ਸਾਧ ਲਾਣੇ ਨੇ ਭੂੰਡਾਂ ਦੀ ਖੱਖਰ ਵਾਂਗ ਉਸ ਨੂੰ ਡੰਗ ਮਾਰੇ। ਸਿੱਖ ਸਿਧਾਂਤ ਜਾਂ ਇਤਿਹਾਸ ਜੋ ਸੁਣਾਇਆ, ਸੁਣਿਆਂ ਜਾਂ ਲਿਖਿਆ ਗਿਆ ਹੈ ਬਹੁਤੀ ਵਾਰੀ ਉਹ ਗੁਰਬਾਣੀ ਦੀ ਕਸਵੱਟੀ `ਤੇ ਪੂਰਾ ਨਹੀਂ ਉੱਤਰਦਾ ਰਿਹਾ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਤ ਹੋ ਗਈਆਂ। ਅਣਸਿਖਾਂਦਰੂ ਪ੍ਰਚਾਰਕਾਂ ਨੇ ਮੰਦਰਾਂ ਦੀ ਤਰਜ਼ `ਤੇ ਗੁਰਦੁਆਰਿਆਂ ਨੂੰ ਵਰਤਿਆ ਤੇ ਰੱਜ ਕਿ ਮਿਥਹਾਸ ਸੁਣਾਇਆ ਹੈ ਜੋ ਸਾਡੇ ਦਿੱਲੋ-ਦਿਮਾਗ਼ ਵਿੱਚ ਬੈਠ ਗਿਆ ਹੈ। ਭੇਡਾਂ ਦਾ ਲਗਾਤਾਰ ਦੁੱਧ ਪੀਣ ਕਰਕੇ, ਸ਼ੇਰਾਂ ਵਾਲਾ ਸਰੂਪ ਭੇਡਾਂ ਦੀ ਹੀ ਬੋਲੀ, ਬੋਲਣ ਲੱਗ ਪਿਆ। ਕਹਿੰਦੇ ਨੇ ਭੇਡਾਂ ਦਾ ਦੁੱਧ ਪੀ ਕੇ ਪਲਣ ਵਾਲੇ ਸ਼ੇਰ ਨੂੰ ਕਿਸੇ ਸਿਆਣੇ ਸ਼ੇਰ ਨੇ ਆਣ ਕੇ ਸਮਝਾਇਆਂ, ਕਿ ਤੂੰ ਭੇਡਾਂ ਵਾਲੀ ਬੋਲੀ ਬੋਲ ਰਿਆਂ ਏਂ, ਜਦ ਕਿ ਤੇਰਾ ਪਿਛੋਕੜ ਤਾਂ ਇਹ ਦੱਸਦਾ ਹੈ, ਕਿ ਤੂੰ ਇੱਕ ਭਬਕ ਮਾਰੇ ਤਾਂ ਸਾਰੇ ਜੰਗਲ ਦੇ ਜਨਵਰ, ਤੇਰੀ ਇੱਕ ਅਵਾਜ਼ ਸੁਣ ਕੇ ਹੀ ਆਪਣਾ ਰਾਹ ਬਦਲ ਲੈਂਦੇ ਹਨ ਪਰ ਤੂੰ ਤਾਂ ਧੋਣ ਨੀਵੀਂ ਪਾਈ ਚੱਲੀ ਜਾ ਰਿਆ ਏਂ? ਭੇਡਾਂ ਦਾ ਦੁੱਧ ਪੀਣ ਵਾਲੇ ਸ਼ੇਰ ਨੇ ਆਪਣੀ ਸਵੈ ਪੜਚੋਲ ਕੀਤੀ ਤਾਂ ਉਸ ਨੂੰ ਆਪਣੀ ਅਸਲੀਅਤ ਦਾ ਅਹਿਸਾਸ ਹੋਇਆ ਕਿ ਮੈਂ ਤਾਂ ਅਪਣੀ ਅਸਲੀ ਪਹਿਛਾਣ ਹੀ ਭੁੱਲ ਗਿਆ ਸੀ। ਕੁੱਝ ਸਾਡੀ ਕੌਮ ਨਾਲ ਵੀ ਐਸਾ ਹੀ ਹੋਇਆ ਹੈ। ਬੇ-ਸ਼ੱਕ ਸਾਡਾ ਸਰੂਪ ਸਿੱਖਾਂ ਵਾਲਾ ਹੈ ਪਰ ਸਾਡੀ ਵਰਤੋਂ ਵਿਹਾਰ ਸਮਾਜਕ ਤਾਣਾ-ਬਾਣਾ ਧਰਾਮਕ ਰੀਤੀ ਰਿਵਾਜ ਸਾਰੇ ਬ੍ਰਹਾਮਣੀ ਕਰਮ-ਕਾਂਡ ਦੀ ਅਗਵਾਈ ਕਰਦੇ ਦਿਸਦੇ ਹਨ।

ਗੁਰਦੁਆਰਿਆਂ ਵਿਚੋਂ ਮੂਰਤੀਆਂ ਚੁਕਵਾ ਤਾਂ ਲਈਆਂ ਪਰ ਖਾਲਸਈ ਦੇ ਨਿਆਰੇਪਨ ਨੂੰ ਸਮੁੱਚੇ ਰੂਪ ਵਿੱਚ ਕਾਇਮ ਨਾ ਕਰ ਸਕੇ। ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਦੇ ਇਖਲਾਕ ਵਿੱਚ ਨਿਤਾਪ੍ਰਤੀ ਗਿਰਾਵਟ ਆਈ। ਸੂਝਵਾਨ ਬਜ਼ੁਰਗਾਂ ਨੇ ਗੁਰਦੁਆਰਿਆਂ ਨੂੰ ਅਜ਼ਾਦ ਤਾਂ ਕਰਾ ਲਿਆ ਪਰ ਗੁਰਬਾਣੀ ਵਾਲੀ ਵਿਚਾਰਧਾਰਾ ਲਾਗੂ ਕਰਾਉਣ ਵਿੱਚ ਕਈ ਥਾਈਂ ਉਕਾਈਆਂ ਖਾ ਗਏ। ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਨਾਲ ਕੁੱਝ ਰਾਹਤ ਮਹਿਸੂਸ ਹੋਈ ਕਿ ਕੌਮ ਨੂੰ ਨਵੇਂ ਸਿਰੇ ਤੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਜਗਾਏਗੀ। ਨਿਰਸੰਦੇਹ ਉਹਨਾਂ ਬਹੁਤ ਸਾਰੇ ਉਪਰਾਲੇ ਕੀਤੇ ਜੋ ਸਮਾਂ ਪਾ ਕੇ ਅਧੂਰੇ ਹੀ ਦਿਸਣ ਲੱਗੇ।

ਕੌਮ ਨੂੰ ਏਕਤੇ ਵਿੱਚ ਪਰੋਣ ਲਈ ਸਿੱਖ ਰਹਿਤ ਮਰਯਾਦਾ ਹੋਂਦ ਵਿੱਚ ਲਿਆਂਦੀ ਗਈ। ਅੱਜ ਤੀਕ ਜ਼ਿਆਦਾਤਰ ਸੂਝਵਾਨ ਸਿੱਖ ਏਸੇ ਮਰਯਾਦਾ ਅਨੁਸਾਰ ਹੀ ਚੱਲਣ ਦਾ ਯਤਨ ਕਰਦੇ ਹਨ। ਇਸ ਦਾ ਦੂਸਰਾ ਪਹਿਲੂ ਕਿ ਕਿਸੇ ਵੀ ਡੇਰੇਦਾਰ ਨੇ ਇਸ ਸਿੱਖ ਰਹਿਤ ਮਰਯਾਦਾ ਨੂੰ ਆਪਣੇ ਡੇਰੇ ਵਿੱਚ ਕਦੇ ਵੀ ਲਾਗੂ ਨਹੀਂ ਕੀਤਾ ਸਗੋਂ ਉਹਨਾਂ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਮਰਯਾਦਾਵਾਂ ਬਣਾਈਆਂ ਹੋਈਆਂ ਹਨ ਜੋ ਪੂਰੀ ਤਰ੍ਹਾਂ ਬ੍ਰਹਾਮਣੀ ਗਲੇਫ ਵਿੱਚ ਲਿਬੜੀਆਂ ਪਈਆਂ ਹਨ।

ਭਾਂਵੇਂ ਸਿੱਖ ਰਹਿਤ ਮਰਯਾਦਾ ਇੱਕ ਬੜਾ ਮਹੱਤਵ ਪੂਰਨ ਇਤਿਹਾਸਕ ਦਸਤਾਵੇਜ਼ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਅੱਜ ਦੇ ਸਮੇਂ ਵਿੱਚ ਇਸ ਨੂੰ, ਗੁਰਬਾਣੀ ਦੀ ਕਸਵੱਟੀ `ਤੇ ਜਾ ਕੇ, ਨਵੇਂ ਸਿਰੇ ਤੋਂ ਪੜਚੋਲ ਕਰਨੀ ਕੋਈ ਅਵੱਗਿਆ ਨਹੀਂ ਹੈ। ਮਜ਼ਬੂਰੀ ਵੱਸ ਜਾਂ ਸੁੱਤੇ ਸਿੱਧ ਸਿੱਖ ਰਹਿਤ ਮਰਯਾਦਾ ਵਿੱਚ ਅਜੇਹਾ ਕੁੱਝ ਪੈ ਗਿਆ ਹੈ ਜੋ ਗੁਰਬਾਣੀ ਦੇ ਸਿਧਾਂਤ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਭਾਰਤ ਦੇ ਸੰਵਿਧਾਨ ਵਿੱਚ ਜੇ ੧੮੮ ਵਾਰੀ ਸੋਧਾਂ ਹੋ ਸਕਦੀਆਂ ਹਨ ਤਾਂ ਕੀ ਸਿੱਖ ਰਹਿਤ ਮਰਯਾਦਾ ਨੂੰ ਗੁਰਬਾਣੀ ਦੀ ਕਸਵੱਟੀ ਤੇ ਦੁਬਾਰਾ ਕਿਉਂ ਨਹੀਂ ਵਿਚਾਰਿਆ ਜਾ ਸਕਦਾ? ਦੁਖਾਂਤ ਹੀ ਆਖਾਂਗੇ ਵਿਚਾਰ ਵਾਲਿਆਂ ਨੁਕਤਿਆਂ ਨੂੰ ਸਮੇਂ ਸਿਰ ਨਾ ਵਿਚਾਰ ਕੇ ਡੰਗ ਟਪਾਊ ਨੀਤੀ ਨਾਲ ਕਈ ਸ਼ੰਕੇ ਆਪਣੇ ਆਪ ਹੀ ਖੜੇ ਹੋ ਗਏ ਹਨ।

ਵੀਰ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਵਾਲਿਆਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਹਮੇਸ਼ਾਂ ਸਮਾਂ ਕੱਢਦਿਆਂ ਸਿੱਖ ਕੌਮ ਦੇ ਅਦੁੱਤੀ ਸਿਧਾਂਤ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਦਾ ਸਾਰਥਿਕ ਯਤਨ ਕੀਤਾ ਹੈ। ਪਾਹੁਲ ਇੱਕ ਅਦੁੱਤੀ ਬਖਸ਼ਿਸ (ਸਵੈ ਪੜਚੋਲ ਅਤੇ ਵਿਆਖਿਆ) ਪੁਸਤਕ ਦੇ ਖਰੜੇ ਨੂੰ ਪੜ੍ਹਨ ਉਪਰੰਤ ਇੱਕ ਗੱਲ ਮੈਂ ਦਾਵ੍ਹੇ ਨਾਲ ਕਹਿ ਸਕਦਾ ਹਾਂ ਕਿ ਇਹਨਾਂ ਨੇ ਪਾਹੁਲ ਦੀਆਂ ਬਰੀਕੀਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਜਾ ਕੇ ਨਵੇਂ ਸਿਰੇ ਤੋਂ ਕੁੱਝ ਚਿਤਵਿਆ ਹੈ। ਪਾਹੁਲ ਦੇ ਸਬੰਧ ਵਿੱਚ ਸਾਡੀ ਹਮੇਸ਼ਾਂ ਪੇਸ਼ਕਸ਼ ਅਜੇਹੀ ਰਹੀ ਹੈ ਕਿ ਕੇਵਲ ਭਾਵਕ ਗੱਲਾਂ ਹੀ ਸੁਣਾਈਆਂ ਜਾਂ ਲਿਖੀਆਂ ਗਈਆਂ ਹਨ। ਕਿਸੇ ਨੇ ਕਿਹਾ ਪਾਹੁਲ ਲੈਣ ਨਾਲ ਹੀ ਸਾਰੀਆਂ ਨਿਆਮਤਾਂ ਮਿਲ ਜਾਂਦੀਆਂ ਹਨ। ਕਿਸੇ ਨੇ ਕੁੱਝ ਤੇ ਕਿਸੇ ਨੇ ਕੁੱਝ ਕਿਹਾ ਹੈ। ਪਰ ਜਦੋਂ ਅੰਮ੍ਰਿਤਧਾਰੀਆਂ ਦਾ ਜੀਵਨ ਦੇਖੀਦਾ ਹੈ ਤਾਂ ਉਹਨਾਂ ਦਾ ਸੰਸਾਰ ਨਾਲੋਂ ਕੁੱਝ ਵੀ ਵੱਖਰਾਪਨ ਨਹੀਂ ਹੈ। ਉਹੀ ਠੱਗੀਆਂ-ਠੋਰੀਆਂ, ਰਾਜਨੀਤਿਕ ਕਲਾ ਬਾਜੀਆਂ, ਧਰਮ ਦੇ ਨਾਂ `ਤੇ ਡਰਾਮੇ ਬਾਜੀਆਂ ਜਨੀ ਕੇ ਕੁੱਝ ਵੀ ਨਿਵੇਕਲਾਪਨ ਨਜ਼ਰ ਨਹੀਂ ਅਉਂਦਾ। ਇਸ ਦਾ ਉੱਤਰ ਦੇਣਾ ਬਣਦਾ ਹੈ ਕਿ ਨਿਰਾ ਪਾਹੁਲ ਲੈਣ ਨਾਲ ਕੁੱਝ ਨਹੀਂ ਬਣਨਾ ਜੇ ਗੁਰਬਾਣੀ ਦੇ ਮਿੱਠੜੇ ਬੋਲਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਨਾ ਕੀਤਾ।

ਇਸ ਪੁਸਤਕ ਵਿੱਚ ਵਿਸਥਾਰ ਨਾਲ ਹਰ ਗੱਲ ਨੂੰ ਗੁਰਬਾਣੀ ਦੀ ਕਸਵੱਟੀ `ਤੇ ਪਰਖਣ ਦਾ ਯਤਨ ਕੀਤਾ ਗਿਆ ਹੈ। ਮਿਸਾਲ ਦੇ ਤੌਰ `ਤੇ ਜਨੇਊ ਪਹਿਨਣ ਦੀ ਰਸਮ ਨੂੰ ਹੀ ਲੈ ਲਈਏ, ਜੇ ਗੁਣ ਹੀਣ ਜਨੇਊ ਨੂੰ ਕਰਮ-ਕਾਂਡ ਕਿਹਾ ਹੈ ਤਾਂ ਕੀ ਜੇ ਅਸੀਂ ਦਇਆਂ (ਸੇਵਾ), ਸੰਤੋਖ, ਜਤ-ਸਤ ਦੇ ਧਾਰਨੀ ਨਹੀਂ ਹਾਂ ਤਾਂ ਫਿਰ ਕਕਾਰਾਂ ਤੇ ਜਨੇਊ ਵਿੱਚ ਕੋਈ ਬਹੁਤਾ ਅੰਤਰ ਨਹੀਂ ਰਹਿ ਜਾਂਦਾ। ਇਸ ਵਿਚਾਰ ਨੂੰ ਪਰਖਣ ਦਾ ਯਤਨ ਕੀਤਾ ਗਿਆ ਹੈ ਗੁਣਵੱਤਾ ਤੋਂ ਬਿਨਾ ਅਸੀਂ ਕੇਵਲ ਕਕਾਰੀ ਸਿੱਖ ਹੀ ਹੋ ਰਹੇ ਹਾਂ।

ਇਸ ਸਬੰਧੀ ਲੇਖਕ ਦਾ ਆਪਣਾ ਵਿਚਾਰ ਹੈ “ਸਤਿਗੁਰੂ ਨੇ ਵਿਖਾਵੇ ਦਾ ਧਾਰਮਕ ਚਿੰਨ੍ਹ ਪਾਉਣ ਤੋਂ ਇਨਕਾਰ ਕਰਦੇ ਹੋਏ ਸਾਫ਼ ਕਿਹਾ ਹੈ ਕਿ ਮੈਨੂੰ ਤਾਂ ਜੀਵਨ ਵਿੱਚ ਸ਼ੁਭ ਗੁਣਾਂ ਦੀ ਲੋੜ ਹੈ---ਸਤਿਗੁਰ ਨਾਨਕ ਪਾਤਸ਼ਾਹ ਨੇ ਜੇ ਵਿਖਾਵੇ ਦਾ ਇੱਕ ਚਿੰਨ੍ਹ ਧਾਰਨ ਕਰਨ ਤੋਂ ਇਨਕਾਰ ਕੀਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਹੋਰ ਪਹਿਨਾ ਦਿੱਤੇ—ਸਾਨੂੰ ਗੁਣਾਂ ਦੇ ਪ੍ਰਤੀਕ ਕਕਾਰ ਪਹਿਨਾਏ ਤਾਂ ਕਿ ਸੰਸਾਰ ਦੇ ਲੋਕਾਂ ਨੂੰ ਖਾਲਸੇ ਨਾਲ ਮਿਲਣ ਕਰਕੇ ਹੀ ਪਤਾ ਲੱਗ ਜਾਏ ਕਿ ਇਹ ਵਿਆਕਤੀ ਇਹਨਾਂ ਸ਼ੁਭ ਗੁਣਾਂ ਦਾ ਧਾਰਨੀ ਹੈ”।

ਪਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਸਬੰਧੀ ਪਏ ਝੁਮੇਲੇ ਨੂੰ ਵੱਖ ਵੱਖ ਗ੍ਰੰਥਾਂ ਦੇ ਹਵਾਲੇ ਦੇ ਕੇ ਲੇਖਕ ਜੀ ਵਲੋਂ ਦੱਸਿਆ ਗਿਆ ਹੈ—” ਉਪਰੋਕਤ ਸਾਰੀਆਂ ਲਿਖਤਾਂ ਤੋਂ ਖੰਡੇ ਬਾਟੇ ਦੀ ਪਾਹਲ ਛਕਾਉਣ ਦੇ ਸੰਸਕਾਰ ਦੀ ਪ੍ਰੋੜਤਾ ਤਾਂ ਹੁੰਦੀ ਹੈ ਪਰ ਜਿੱਥੋਂ ਤਕ ਇਸ ਗੱਲ ਦਾ ਸਬੰਧ ਕਿ ਉਸ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆ ਗਈਆਂ ਬਾਰੇ ਦੁਬਿਧਾ ਹੀ ਮਿਲਦੀ ਹੈ। ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਕੋਈ ਐਸਾ ਪ੍ਰਮਾਣੀਕ ਸ੍ਰੋਤ ਨਹੀਂ ਹੈ ਜਿਸ `ਤੇ ਪੂਰਨ ਭਰੋਸਾ ਕੀਤਾ ਜਾ ਸਕੇ---ਜੇ ਇਹਨਾਂ ਦੇ ਹੋਂਦ ਵਿੱਚ ਆਉਣ ਵਾਲੇ ਸਮੇਂ ਨੂੰ ਪ੍ਰਮਾਣਕ ਮੰਨ ਲਿਆ ਜਾਏ, ਤਾਂ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਇਹਨਾਂ ਵਿੱਚ ਤਬਦੀਲੀਆਂ ਅਤੇ ਮਿਲਾਵਟਾਂ ਕੀਤੀਆਂ ਗਈਆਂ ਹਨ, ਨਹੀਂ ਤਾਂ ਕੁੱਝ ਪੁਰਾਤਨ ਗ੍ਰੰਥਾਂ ਵਿੱਚ ਇਕ-ਸਾਰਤਾ ਜ਼ਰੂਰ ਹੁੰਦੀ। ਇਸ ਨਾਲ ਉਹਨਾਂ ਲੋਕਾਂ ਦੀ ਅਗਿਆਨਤਾ ਕਹੀਏ ਜਾਂ ਕੋਰਾ ਝੂਠ, ਵੀ ਉਭਰ ਕੇ ਸਾਹਮਣੇ ਆਉਂਦਾ ਹੈ, ਜੋ ਇਹ ਕਹਿੰਦੇ ਹਨ ਕਿ ਮੌਜੂਦਾ ਮਰਯਾਦਾ ਗੁਰੂ ਜੀ ਤੋਂ ਚਲੀ ਆਉਂਦੀ ਹੈ। ਪੁਰਾਤਨ ਕਹੇ ਜਾਂਦੇ ਰਹਿਤਨਾਮਿਆਂ ਅਤੇ ਇਤਿਹਾਸਕ ਪੁਸਤਕਾਂ ਗੁਰਮਤ ਵਿਰੋਧੀ, ਗੈਰ ਸਿਧਾਂਤਕ ਗੱਲਾਂ ਦੀ ਭਰਪੂਰ ਮਿਲਾਵਟ ਕੀਤੀ ਗਈ ਹੈ”। ਅੱਗੇ ਉਹਨਾਂ ਨੇ ਪੁਸਤਕ ਵਿੱਚ ਕੁੱਝ ਹੋਰ ਹਵਾਲੇ ਦੇ ਕੇ ਗੁਰਮਤ ਦੇ ਨਜ਼ਰੀਏ ਨੂੰ ਤੇ ਆਪਣੀ ਗੱਲ ਨੂੰ ਸਮਝਾਉਣ ਦੇ ਪੁਖਤੇ ਸਬੂਤ ਵੀ ਦਿੱਤੇ ਹਨ। ਆਪਣੀ ਦਲੀਲ ਨੂੰ ਚਾਲੂ ਰੱਖਦਿਆਂ ਅੱਗੇ ਲਿਖਦੇ ਹਨ ਕਿ— “ਪਰ ਇਸ ਕਮੇਟੀ ਦੇ ਵਿਦਵਾਨ ਵੀ ਇਸ ਬਚਿਤ੍ਰ ਨਾਟਕ ਅਤੇ ਪੁਰਾਣੇ ਰਹਿਤਨਾਮਿਆਂ ਦੇ ਪ੍ਰਭਾਵ ਤੋਂ ਬੱਚ ਨਾ ਸਕੇ ਅਤੇ ਭੁਲ ਇਥੋਂ ਤੱਕ ਹੋਈ ਕਿ ਨਵੀਂ ਮਰਯਾਦਾ ਵਿੱਚ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਦੋ ਬਾਣੀਆਂ ਲਈਆਂ ਪਰ ਬਚਿੱਤ੍ਰ ਨਾਟਕ ਵਿੱਚੋਂ ਤਿੰਨ। ਬਹੁਤ ਸਾਰੇ ਫੈਸਲੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੂੰ ਅਧਾਰ ਬਨਾਉਣ ਦੀ ਬਜਾਏ, ਇਸ ਸੋਚ ਨਾਲ ਕੀਤੇ ਗਏ ਕਿ ਸਭ ਨੂੰ ਖੁਸ਼ ਰਖਣਾ ਹੈ ਅਤੇ ਸਭ ਨੂੰ ਇਕੱਠਾ ਕਰਨਾ ਹੈ। ਐਸੇ ਗੈਰ ਸਿਧਾਂਤਕ ਫੈਸਲੇ ਏਕਤਾ ਨਹੀਂ ਲਿਆ ਸਕਦੇ---ਅੱਜ ਬਚਿਤ੍ਰ ਨਾਟਕ ਦੇ ਹਿਮਾਇਤੀ ਇਸ ਸਿੱਖ ਰਹਿਤ ਮਰਯਾਦਾ ਨੂੰ ਇੱਕ ਵੱਡੇ ਹਥਿਆਰ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਇਨ੍ਹਾਂ ਲਿਖਤਾਂ ਬਾਰੇ ਗੱਲ ਕਰੇ ਇਹ ਰੋਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਦੇਖੋ ਜੀ! ਸਿੱਖ ਰਹਿਤ ਮਰਯਾਦਾ ਖਿਲਾਫ ਬੋਲਦੇ ਹਨ। ਹਾਲਾਂਕਿ ਗੱਲ ਬਿਲਕੁਲ ਉਲਟ ਹੈ। ਇਹ ਜਿਤਨੇ ਡੇਰੇ ਹਨ, ਸਭ ਦੀਆਂ ਆਪਣੀਆਂ ਅਲੱਗ ਅਲੱਗ ਮਰਯਾਦਾ ਹਨ ਅਤੇ ਇਹ ਸਿੱਖ ਰਹਿਤ ਮਰਿਯਾਦਾ ਨੂੰ ਬਿਲਕੁਲ ਨਹੀਂ ਮੰਨਦੇ। ਕੁੱਝ ਗੱਲਤੀ ਸੁਚੇਤ ਸਿੱਖਾਂ ਕੋਲੋਂ ਵੀ ਹੋਈ ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ”

ਇਸ ਦਾ ਅਰਥ ਇਹ ਨਹੀਂ ਲੇਖਕ ਕੋਈ ਰਹਿਤ ਮਰਯਾਦਾ ਤੋਂ ਮੁਨਕਰ ਹੋ ਰਿਹਾ ਹੈ ਸਗੋਂ ਉਹ ਤਾਂ ਕਹਿੰਦੇ ਹਨ ਕਿ ਇਸ ਦਾ ਸਥਾਨ ਕਿਸੇ ਕੌਮ ਦੇ ਸੰਵਿਧਾਨ ਵਰਗਾ ਹੈ ਜਿਸ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ।

ਆਮ ਹਾਲਤਾਂ ਵਿੱਚ ਕਿਤੇ ਕੰਘਾ ਵਿਸਰ ਗਿਆ ਜਾਂ ਬਾਹਰਲੇ ਮੁਲਕ ਨੂੰ ਜਾਣ ਲੱਗਿਆਂ ਕਿਰਪਾਨ ਦਾ ਜਮ੍ਹਾਂ ਕਰਾਉਣ ਨਾਲ ਪਾਹੁਲ (ਅੰਮ੍ਰਿਤ) ਵੀ ਨਾ ਟੁਟਦੀ ਹੈ ਤੇ ਨਾ ਹੀ ਭੰਗ ਹੁੰਦੀ ਹੈ। ਪਾਹੁਲ ਏੱਡੀ ਕੋਈ ਕੱਚੀ ਚੀਜ਼ ਨਹੀਂ ਹੈ ਜੋ ਮਿੰਟੋ ਮਿੰਟੀ ਟੁੱਟ ਜਾਏਗੀ। ਹਰ ਵਿਚਾਰ ਦੀ ਡੂੰਘਾਈ ਵਿੱਚ ਜਾਂਦਿਆਂ ਲੇਖਕ ਨੇ ਗੈਰਕੁਦਰਤੀ ਮੱਦਾਂ ਨੂੰ ਬੇਬਾਕ ਟਿੱਪਣੀਆਂ ਨਾਲ ਰੱਦ ਕੀਤਾ ਹੈ। ਜੇਹਾ ਕਿ “ਅਕਸਰ ਇਹ ਆਖਿਆ ਜਾਂਦਾ ਹੈ ਕਿ ਬਾਣੀ ਨੂੰ ਪਾਣੀ ਵਿੱਚ ਘੋਲ਼ ਕੇ ਪਿਲਾਇਆ ਗਿਆ ਹੈ। ਐਸੀ ਗੈਰ ਸਿਧਾਂਤਕ ਅਤੇ ਗੈਰ ਵਿਗਿਆਨਕ ਗੱਲ ਦਾ, (ਸਾਹਿਬੇ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਗਿਆਨ ਦੇ ਅਧਾਰਤ) ਕੌਮ ਵਿੱਚ ਪ੍ਰਚੱਲਤ ਹੋਣਾ ਅਤ ਮੰਦ ਭਾਗਾ ਅਤੇ ਦੁਖਦਾਈ ਹੀ ਕਿਹਾ ਜਾ ਸਕਦਾ ਹੈ। ਗੁਰਬਾਣੀ ਪੜ੍ਹ ਕੇ ਜਾਂ ਸੁਣ ਕੇ ਜੀਵਨ ਵਿੱਚ ਅਪਨਾਈ ਜਾ ਸਕਦੀ ਹੈ। ਸਤਿਗੁਰ ਜੀ ਦੇ ਪਾਵਨ ਬਚਨ ਹਨ—

ਸੁਣਿਆ ਮੰਨਿਆ ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ ਮਲਿ ਨਾਉ।। (ਜਪੁ)

ਨੇਤਰਾਂ ਵਿੱਚ ਛੱਟੇ ਮਾਰਨ ਵਾਲੀ ਘਟਨਾ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ ਕਿ ਜਿਵੇਂ ਕੇਵਲ ਛਿੱਟੇ ਵੱਜਣ ਨਾਲ ਹੀ ਰੱਬ ਦਾ ਦੀਦਾਰ ਹੀ ਜਾਏਗਾ। ਅਸਲ ਵਿੱਚ ਅੱਖਾਂ ਵਿੱਚ ਗੁਰਬਾਣੀ ਗਿਆਨ ਦੇ ਛਿੱਟੇ ਮਾਰਨ ਦੀ ਜ਼ਰੂਰਤ ਹੈ। ਸਵੈ ਪੜਚੋਲ ਕਰਦਿਆਂ ਲੇਖਕ ਨੇ ਸਿਰ ਵਿੱਚ ਚੁਲ਼ੇ ਪਉਣ ਤੇ ਅੱਖਾਂ ਵਿੱਚ ਛਿੱਟੇ ਮਾਰਨ ਦੀ ਪ੍ਰਕਿਰਿਆ ਨੂੰ ਗੁਰਮਤ ਦੇ ਨਾ ਅਨੁਕੂਲ ਹੋਣਾ ਸਮਝਾਉਣ ਦਾ ਯਤਨ ਕੀਤਾ ਹੈ। ਇਹ ਵੀ ਦੱਸਿਆ ਹੈ ਕਿ ਜੇ ਇਸ ਵਿੱਚ ਸੋਧ ਹੋ ਜਾਏ ਤਾਂ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ।

ਅੰਮ੍ਰਿਤ ਸ਼ਬਦ ਦੀ ਵਿਚਾਰ ਦੇਂਦਿਆਂ ਲੇਖਕ ਜੀ ਲਿਖਦੇ ਹਨ ਕਿ “ਗੁਰਬਾਣੀ ਦੇ ਜਿਸ ਨਾਮ ਅੰਮ੍ਰਿਤ ਨੂੰ ਸਰੋਸ਼ਾਰ ਕਰਨਾ ਸੀ ਉਹ ਤਾਂ ਰੁਮਾਲਿਆਂ ਦੇ ਥੱਲੇ ਹੀ ਦੱਬਿਆ ਰਹਿ ਗਿਆ। ਕਿਸੇ ਅਖੰਡ ਪਾਠ ਨੇੜੇ ਰੱਖੇ ਕੁੰਭ ਦਾ ਪਾਣੀ ‘ਅੰਮ੍ਰਿਤ`, ਕਿਸੇ ਪਖੰਡੀ ਸਾਧ ਦਾ ਮੰਤ੍ਰਿਆ ਹੋਇਆ ਜਲ ‘ਅੰਮ੍ਰਿਤ`, ਕਿਸੇ ਤਲਾ ਜਾਂ ਵੱਧ ਤੋਂ ਵੱਧ ਸਰੋਵਰ ਕਹਿ ਲਓ ਦਾ ਪਾਣੀ ‘ਅੰਮ੍ਰਿਤ` ਹੋਰ ਤਾਂ ਹੋਰ ਗੁਰਦੁਆਰੇ ਦੇ ਦਰਵਾਜ਼ੇ ਦੇ ਅੱਗੇ ਪੈਰ ਧੋਣ ਲਈ ਬਣੇ ਚੁਬੱਚੇ ਦਾ ਗੰਦਲਾ ਪਾਣੀ ‘ਅੰਮ੍ਰਿਤ`---ਏਨੀਆਂ ਪਹੁਲਾਂ ਦੇ ਰਲ਼ੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤੀ ਖੰਡੇ ਦੀ ਪਹੁਲ ਤਾਂ ਜਿਵੇਂ ਕਿਤੇ ਗੁਆਚ ਹੀ ਗਈ ਹੈ। ਸ਼ਾਇਦ ਏਸੇ ਕਰਕੇ ਬਹੁਤੀ ਕੌਮ ਇਸ ਨੂੰ ਛੱਕਣ ਤੋਂ ਮੁਨਕਰ ਹੋ ਰਹੀ ਹੈ। ਜਿਹੜੇ ਛੱਕ ਵੀ ਰਹੇ ਹਨ, ਉਹਨਾਂ ਵਿਚੋਂ ਬਹੁਤੇ ਕਰਮ-ਕਾਂਡ ਦੇ ਧਾਰਨੀ ਹੋ ਚੁੱਕੇ ਹਨ”।

ਲੇਖਕ ਜੀ ਨੇ ਸਿੱਖ ਕੌਮ ਅੱਗੇ ਦੋ ਵੱਡੇ ਮੁੱਦੇ ਰੱਖੇ ਹਨ ਕਿ ਬਚਿੱਤ੍ਰ ਨਾਟਕ ਰਾਂਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਪੱਖ ਤੇ ਹਮਲਾ ਦੂਸਰਾ ਖੰਡੇ ਦੀ ਪਾਹੁਲ ਰਾਂਹੀ ਨਿਭਾਏ ਜਾ ਰਹੇ ਕਰਮ-ਕਾਂਡ ਦੀਆਂ ਬਰੀਕ ਤੰਦਾਂ ਜਿੰਨ੍ਹਾਂ ਨੂੰ ਗੁਰਬਾਣੀ ਦੀ ਮਜ਼ਬੂਤੀ ਦੁਆਰਾ ਉਦੇੜਨ ਦਾ ਇੱਕ ਸਾਰਥਿਕ ਯਤਨ ਕੀਤਾ ਹੈ। ਸਵੈ ਪੜਚੋਲ ਪੁਸਤਕ ਵਿੱਚ ਇੱਕ ਤਰਲਾ ਮਾਰਿਆ ਹੈ ਖਬਰੇ ਕਿਤੇ ਕੌਮ ਜਾਗ ਪਏ---” ਅੱਜ ਸਿੱਖੀ ਦੇ ਦੋਵੇਂ ਪ੍ਰਮੁੱਖ ਥੰਮ ਗੁਰੂ ਗ੍ਰੰਥ ਸਾਹਿਬ ਅਤੇ ਖੰਡੇ ਬਾਟੇ ਦੀ ਪਾਹੁਲ ਦੀ ਸੰਸਥਾ ਤੇ ਵੱਡੇ ਹਮਲੇ ਅਧੀਨ ਹਨ---ਭੇਖੀ ਸਾਧਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ ਜੋ ਸਿੱਖੀ ਦੇ ਪ੍ਰਚਾਰ ਦਾ ਭੇਖ ਧਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦੇ ਕੇ ਸਤਿਗੁਰ ਦੇ ਸਰੂਪ ਦੀ ਪੂਜਾ ਕਰਾ ਰਹੇ ਹਨ। ਏਹੀ ਲੋਕ ਹਨ ਜੋ ਨਾਲ ਇਸ ਸਾਕਤੀ ਕਿਤਾਬ ਨੂੰ ਵੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉਸ ਦੀ ਵੀ ਬਰਾਬਰ ਪੂਜਾ ਕਰਾਉਂਦੇ ਹਨ—ਤਾਂ ਕਿ ਸਿਧਾਂਤਕ ਦੁਬਿਧਾ ਦੇ ਬੀਜ ਬੀਜੇ ਜਾ ਸਕਣ---ਦੂਸਰਾ ਖੰਡੇ ਦੀ ਪਾਹੁਲ ਨੂੰ ਇੱਕ ਜਾਦੂਈ ਪਾਣੀ ਦੇ ਤੌਰ; ਤੇ ਪੇਸ਼ ਕੀਤਾ ਗਿਆ ਤੇ ਇਸ ਨੂੰ ਇੱਕ ਕਰਮ-ਕਾਂਡ ਬਣ ਦਿੱਤਾ ਗਿਆ ਹੈ”।

ਮੇਰੀ ਸਮਝ ਅਨੁਸਾਰ ਵੀਰ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਵਾਲਿਆਂ ਨੇ ਜਿਸ ਤਰ੍ਹਾਂ ਮਕੈਨੀਕਲ ਸਿਮਰਣ ਸਬੰਧੀ ਪਏ ਹੋਏ ਭੁਲੇਖਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਦੂਰ ਕਰਨ ਦਾ ਯਤਨ ਕਰਦਿਆਂ ਇੱਕ ਪੁਸਤਕ ਹੋਂਦ ਵਿੱਚ ਲਿਆਂਦੀ ਸੀ। ਕੁੱਝ ਏਸੇ ਤਰ੍ਹਾਂ ਹੀ ਪਾਹੁਲ ਸਬੰਧੀ ਜੋ ਕਰਮ-ਕਾਂਡ ਫੈਲਾਇਆ ਜਾ ਰਿਹਾ ਹੈ ਜਾਂ ਬਚ੍ਰਿਤ ਨਾਟਕ ਦੇ ਬੇ-ਲੋੜੇ ਬੋਲ ਬਾਲੇ ਨੂੰ ਵਧਾਇਆ ਜਾ ਰਿਹਾ ਹੈ ਉਸਨੂੰ ਠੱਲ੍ਹ ਪਉਣ ਲਈ ਸਵੈ ਪੜਚੋਲ ਕਰਨ ਦਾ ਇੱਕ ਵਧੀਆ ਉਦਮ ਕੀਤਾ ਹੈ। ਜਨ ਸਧਾਰਣ ਲੋਕਾਂ ਨੂੰ ਜਾਗੁਰਕ ਕਰਨ ਲਈ ਇਹ ਪੁਸਤਕ ਬਹੁਤ ਕਾਰਗਰ ਸਾਬਤ ਹਏਗੀ। ਇੱਕ ਦੋ ਥਾਵਾਂ ਤੇ ਕੁੱਝ ਸਤਰਾਂ ਦੀ ਤਬਦੀਲੀ ਕਰਨ ਲਈ ਕਿਹਾ ਸੀ ਜੋ ਉਹਨਾਂ ਨੇ ਨਵੇਂ ਸਿਰੇ ਤੋਂ ਫਿਰ ਵਿਚਾਰ ਕਰ ਲਈਆਂ ਹਨ। ਆਮ ਲੋਕਾਂ ਵਿੱਚ ਖੰਡੇ ਦੀ ਪਾਹੁਲ ਨੂੰ ਇੱਕ ਹਊਆ ਬਣਾ ਕੇ ਪੇਸ਼ ਕੀਤਾ ਹੈ ਜਿਸ ਤੋਂ ਖਾਲਸਾ ਜੀ ਨੇ ਛੁਟਕਾਰਾ ਪਉਣ ਦਾ ਗੁਰਬਾਣੀ ਦੇ ਚਾਨਣੇ ਵਿੱਚ ਹੱਲ ਵੀ ਦੱਸਿਆ ਹੈ। ਲੇਖਕ ਜੀ ਗੁਰਮਤ ਸਿਧਾਂਤ ਨੂੰ ਸਟੇਜ `ਤੇ ਬਾਖੂਬੀ ਢੰਗ ਨਾਲ ਸੰਗਤਾਂ ਸਾਹਮਣੇ ਰੱਖਦੇ ਹਨ ਓੱਥੇ ਉਹ ਕਲਮ ਨਾਲ ਵੀ ਕੌਮ ਦੀ ਨਿਗਰ ਤੇ ਨਿਰੋਈ ਸੇਵਾ ਕਰ ਰਹੇ ਹਨ। ਮੇਰੀ ਦਿਲੀ ਭਾਵਨਾ ਹੈ ਕਿ ਇਹ ਕਲਮ ਦਾ ਸਫਰ ਏਸੇ ਤਰ੍ਹਾਂ ਚਲਦਾ ਰਹੇ। ਦੂਸਰੀ ਇੱਕ ਬੇਨਤੀ ਵੀ ਕੀਤੀ ਸੀ ਕਿ ਮੈਦਾਨ ਖਾਲੀ ਨਾ ਛੱਡਿਆ ਜਾਏ ਨਵੇਂ ਸਿਰੇ ਤੋਂ ਕੁੱਝ ਹੋਰ ਕਰਨ ਦਾ ਇੱਕ ਹੋਰ ਭਰਵਾਂ ਹੰਭਲ਼ਾ ਮਾਰਨ ਦੀ ਜ਼ਰੂਰਤ ਹੈ—

ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ।।

ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ।। ੧।।

ਸਲੋਕ ਮ: ੫ ਪੰਨਾ ੧੦੯੬

ਅਤੇ

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।। ੧

ਮਾਰੂ ਮਹਲਾ ੫ ਪੰਨਾ ੧੦੦੨

ਗੁਰਬਚਨ ਸਿੰਘ ‘ਥਾਈਲੈਂਡ`

ਪ੍ਰਿੰਸੀਪਲ

ਗੁਰਮਤਿ ਗਿਆਨ ਮਿਸ਼ਨਰੀ ਕਾਲਜ,

ਪੰਜਾਬੀ ਬਾਗ, ਜਵੱਦੀ ਕਲਾਂ, ਲੁਧਿਆਣਾ

੯੧-੯੯੧੫੫੨੯੭੨੫




.