.

ਮੰਗਾਂ ਅਤੇ ਗੁਰੂ ਕੀਆਂ ਸੰਗਤਾਂ

(ਭਾਗ ਦੂਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਦਾ ਭਾਗ ਪਹਿਲਾ ਵੀ ਜ਼ਰੂਰ ਪੜੋ ਜੀ)

“ਮਾਨੁ ਮਾਂਗਉ ਤਾਨੁ ਮਾਂਗਉ…” -ਇਹ ਨਹੀਂ ਕਿ ਇਸ ਪੱਖੋਂ ਸੰਗਤਾਂ ਨੂੰ ਗੁਰੂਦਰ `ਤੇ ਆਉਣ ਤੋਂ ਨਕਾਰਨਾ ਹੈ ਜਾਂ ਕਹਿਣਾ ਹੈ ਕਿ ਮੰਗਾਂ ਵਾਲਾ ਸੁਭਾਅ ਲੈ ਕੇ ਗੁਰੂਦਰ `ਤੇ ਆਉਣ ਦਾ ਕੋਈ ਲਾਭ ਨਹੀਂ। ਫ਼ਿਰ ਇਹ ਕਹਿਣਾ ਕਿ ਗੁਰੂ ਦਰ `ਤੇ ਕੇਵਲ, ਗੁਰੂ ਤੋਂ ਗੁਣ ਲੈਣ ਲਈ ਹੀ ਆਉਣਾ ਹੈ। ਹਾਲਾਂਕਿ ਗੁਰੂਦਰ `ਤੇ ਆਉਣ ਦਾ ਮਕਸਦ ਤਾਂ ਇਸੇ ਆਤਮਕ ਅਵਸਥਾ ਨੂੰ ਪ੍ਰਾਪਤ ਕਰਣਾ ਹੁੰਦਾ ਹੈ। ਫ਼ਿਰ ਵੀ ਇਹ ਵਿਸ਼ਾ ਗੁਰੂਦਰ ਤੇ ਆਉਂਦੇ ਸਾਰ ਜਾਂ ਅਰੰਭ ਦਾ ਨਹੀਂ। ਅਸਲੀਅਤ ਇਹ ਹੈ ਕਿ ਗੁਰਬਾਣੀ ਦੇ ਯੋਗ ਤੇ ਮਜ਼ਬੂਤ ਪ੍ਰਚਾਰ ਰਾਹੀਂ ਪ੍ਰਚਾਰਕਾਂ ਨੇ, ਗੁਰੂ ਕੀਆਂ ਸੰਗਤਾਂ ਨੂੰ, ਮੰਗਾਂ ਪੱਖੋਂ ਉਨ੍ਹਾਂ ਦੀ ਇੱਕ ਤੇ ਦੋ ਨੰਬਰ ਵਾਲੀ ਮੂਲ ਮਾਨਸਿਕ ਅਵਸਥਾ `ਚੋਂ ਕੱਢ ਕੇ, ਤਿੰਨ ਤੇ ਫ਼ਿਰ ਤਿੰਨ ਤੋਂ ਵੀ ਚਾਰ ਨੰਬਰ ਵਾਲੀ ਮਾਨਸਿਕ ਅਵਸਥਾ `ਚ ਹੀ ਪਹੁਚਾਉਣਾ ਹੁੰਦਾ ਹੈ।

ਦੂਜੇ ਪਾਸੇ, ਗੁਰਬਾਣੀ `ਚ ਗੁਰਦੇਵ ਉੱਕਾ ਨਹੀਂ ਕਹਿੰਦੇ ਕਿ ਤੂੰ ਆਪਣੇ ਮਨ `ਚ ਮੰਗਾਂ ਲੈ ਕੇ ਗੁਰੂਦਰ `ਤੇ ਨਾ ਆ। ਬਲਕਿ ਗੁਰਦੇਵ ਸੇਧ ਦਿੰਦੇ ਹਨ ਕਿ ਐ ਭਾਈ! ਜਦੋਂ ਤੇਰੇ ਮਨ ਅੰਦਰ ਮੰਗਾਂ ਹਨ ਤਾਂ ਤੂੰ ਇਹ ਕਰ ਕਿ ਤੂੰ ਆਪਣੀ ਮੰਗ ਕੇਵਲ ਗੁਰੂ ਤੇ ਅਕਾਲਪੁਰਖ ਦੇ ਚਰਨਾਂ `ਚ ਹੀ ਕਰ; ਇਧਰ ਉਧਰ ਨਾ ਭਟਕ। ਕਿਉਂਕਿ ਸਿਵਾਏ ਅਕਾਲਪੁਰਖ ਦੇ ਇਹ ਸਮ੍ਰਥਾ ਹੋਰ ਕਿਸੇ ਕੋਲ ਹੈ ਹੀ ਨਹੀਂ ਕਿ ਉਹ ਤੈਨੂੰ ਕੁੱਝ ਦੇ ਸਕੇ।

ਬਲਕਿ ਗੁਰਦੇਵ ਤਾਂ ਸਮਝਾਉਂਦੇ ਹਨ ਕਿ “ਮਾਨੁ ਮਾਂਗਉ ਤਾਨੁ ਮਾਂਗੳ ਧਨੁ ਲਖਮੀ ਸੁਤ ਦੇਹ” (ਪੰ: ੧੩੦੭) ਭਾਵ ਐ ਸਤਸੰਗੀ ਜਨ! ਤੂੰ ਆਪਣੀਆਂ ਲੋੜੀਂਦੀਆਂ ਮੰਗਾਂ ਬੇਸ਼ਕ ਕਰ। ਸੁਆਲ ਇਹ ਨਹੀਂ ਕਿ ਤੂੰ ਮੰਗਾਂ ਨਹੀਂ ਕਰਣੀਆਂ। ਸੁਆਲ ਇਤਨਾ ਹੈ ਕਿ ਤੈਨੂੰ ਪਤਾ ਹੋਵੇ ਕਿ ਆਖਿਰ ਤੂੰ ਮੰਗਣਾ ਕਿਸ ਕੋਲੋਂ ਹੈ? ਆਪਣੀਆਂ ਮੰਗਾਂ ਦੇ ਨਾਲ ਨਾਲ ਤੂੰ ਇਹ ਜ਼ਰੂਰ ਚੇਤੇ ਰਖ ਕਿ “ਜਨ ਕੋ ਪ੍ਰਭੁ ਸੰਗੇ ਅਸਨੇਹੁ॥ ਸਾਜਨੋ ਤੂ ਮੀਤੁ ਮੇਰਾ, ਗ੍ਰਿਹਿ ਤੇਰੈ ਸਭੁ ਕੇਹੁ” (ਉਹੀ ਪੰ: ੧੩੦੭)) ਭਾਵ ਜੇ ਤੂੰ ਮੰਗਨਾ ਹੈ ਜਾਂ ਸਨੇਹ ਵੀ ਕਰਨਾ ਹੈ ਤਾਂ ਕੇਵਲ ਪ੍ਰਭੂ ਪ੍ਰਮਾਤਮਾ ਨਾਲ ਕਰ। ਤੂੰ ਕੇਵਲ ਉਸੇ ਕਰਤੇ ਕੋਲੌਂ ਮੰਗ, ਕਿਸੇ ਹੋਰ ਕੋਲੋਂ ਨਹੀਂ। ਉਹ ਵੀ ਇਸ ਲਈ ਕਿਉਂਕਿ “ਗ੍ਰਿਹਿ ਤੇਰੈ ਸਭੁ ਕੇਹੁ” (ਉਹੀ) ਇਹ ਤਾਂ ਕੇਵਲ ਪ੍ਰਭੂ ਹੀ ਹੈ ਜਿਸ ਦੇ ਘਰ `ਚ ਸਭਕੁਝ ਹੈ।

“ਸਭਿ ਤੁਧੈ ਪਾਸਹੁ ਮੰਗਦੇ” -ਗੁਰਬਾਣੀ `ਚ ਗੁਰਦੇਵ ਨੇ ਅਕਾਲਪੁਰਖ ਨੂੰ ਸੰਬੋਧਨ ਕਰਕੇ ਮੰਗਾਂ ਵਾਲੇ ਵਿਸ਼ੇ ਸਬੰਧੀ ਲੋਕਾਈ ਨੂੰ ਇਥੋਂ ਤੱਕ ਸਪਸ਼ਟ ਕੀਤਾ ਹੈ “ਸਭੁ ਕੋ ਤੇਰਾ, ਤੂੰ ਸਭਸੁ ਦਾ, ਤੂੰ ਸਭਨਾ ਰਾਸਿ॥ ਸਭਿ ਤੁਧੈ ਪਾਸਹੁ ਮੰਗਦੇ, ਨਿਤ ਕਰਿ ਅਰਦਾਸਿ॥ ਜਿਸੁ ਤੂੰ ਦੇਹਿ, ਤਿਸੁ ਸਭੁ ਕਿਛੁ ਮਿਲੈ, ਇਕਨਾ ਦੂਰਿ ਹੈ ਪਾਸਿ॥ ਤੁਧੁ ਬਾਝਹੁ ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ, ਮਨਿ ਵੇਖਹੁ ਕੋ ਨਿਰਜਾਸਿ॥ ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ (ਪੰ: ੮੬)।

ਇਸ ਤਰ੍ਹਾਂ ਮਨੁੱਖ ਨੂੰ ਜਦੋਂ ਸਮਝ ਆ ਜਾਂਦੀ ਹੈ ਕਿ “ਤੁਧੁ ਬਾਝਹੁ ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ, ਮਨਿ ਵੇਖਹੁ ਕੋ ਨਿਰਜਾਸਿ” ਤਾਂ ਇਸਦੇ ਨਾਲ ਇਹ ਸਮਝ ਵੀ ਆਉਣ ਲਗ ਜਾਂਦੀ ਹੈ ਕਿ ਆਖਿਰ ਪ੍ਰਭੂ ਕੋਲੋਂ ਮੰਗਣਾ ਕੀ ਹੈ? ਇਸ ਲਈ ਬੇਸ਼ੱਕ ਆਪਣੀਆਂ ਮੰਗਾਂ ਕਾਰਨ ਹੀ ਸਹੀ, ਪਰ ਜਦੋਂ ਮਨੁੱਖ ਗੁਰੂਦਰ ਨਾਲ ਜੁੜਦਾ ਹੈ, ਗੁਰਦੇਵ ਸਪਸ਼ਟ ਕਰਦੇ ਹਨ ਕਿ ਬਹੁਤੀ ਵਾਰ ਉਹੀ ਮਨੁੱਖ ਜੋ ਪਹਿਲਾਂ ਕੇਵਲ ਮੰਗਾਂ ਕਾਰਨ ਗੁਰੂਦਰ `ਤੇ ਆਇਆ ਸੀ “ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ” ਭਾਵ ਜੀਵਨ ਪੱਖੋਂ ਗੁਰਮੁਖਾਂ ਵਾਲੀ ਜੀਵਨ ਪਦਵੀ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ।

ਇਸ ਦੇ ਉਲਟ ਜੇ ਆਪਣੀਆਂ ਮੰਗਾਂ ਲਈ ਅਸੀਂ ਗੁਰੂਦਰ `ਤੇ ਨਹੀਂ ਬਲਕਿ ਇਧਰ ਉਧਰ ਭਟਕਦੇ ਰਹੇ। ਜਾਂ ਗੁਰੂਦਰ `ਤੇ ਗਏ ਤੇ ਉਥੇ ਇਹੀ ਪ੍ਰਚਾਰਿਆ ਜਾ ਰਿਹਾ ਹੋਵੇ, ਗੁਰਦੁਆਰੇ ਮੰਗਾਂ ਲੈ ਕੇ ਆਉਣਾ ਹੀ ਨਹੀਂ ਚਾਹੀਦਾ, ਗੁਰਦੁਆਰੇ ਮੰਗਾਂ ਨਾਲ ਲੈ ਕੇ ਆਉਣ ਦਾ ਕੋਈ ਲਾਭ ਨਹੀਂ ਆਦਿ। ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ ਕਿ ਇਸ ਪੱਖੋਂ ਸੰਗਤਾਂ ਜੋ ਅਰੰਭ `ਚ ਆਉਂਦੀਆਂ ਹੀ ਮੰਗਾਂ ਪੱਖੋਂ ਪਹਿਲੇ ਜਾਂ ਦੂਜੇ ਨੰਬਰ ਦੀ ਆਤਮਕ ਅਵਸਥਾ `ਚ ਹਨ, ਉਨ੍ਹਾਂ ਨਾਲ ਅਸਾਂ ਇਨਸਾਫ਼ ਕੀਤਾ ਤਾਂ ਕੀ ਕੀਤਾ?

ਮੰਗਾਂ ਬਾਰੇ ਮਨੁੱਖੀ ਮਨ ਦੀ ਉਹ ਮੂਲ ਅਵਸਥਾ ਜਿਸਨੂੰ ਗੁਰੂ ਸਾਹਿਬ ਵੀ ਗੁਰਬਾਣੀ `ਚ ਬਾਰ ਬਾਰ ਸੁਭਾਵਕ ਤੇ ਕੁਦਰਤੀ ਦੱਸ ਰਹੇ ਹਨ। ਸਪਸ਼ਟ ਹੈ ਕਿ ਇਸ ਤਰ੍ਹਾਂ ਤਾਂ ਉਲਟਾ ਅਸਾਂ. ਗੁਰੂ ਆਸ਼ੇ ਵਿਰੁਧ ਅਜਿਹੀਆਂ ਸੰਗਤਾਂ ਦੀ ਮੰਗਾਂ ਪੱਖੋਂ, ਆਤਮਕ ਅਵਸਥਾ ਦੇ ਤੀਜੇ ਜਾਂ ਚੋਥੇ ਨੰਬਰ `ਤੇ ਪਹੁੰਚਣ ਵਾਲੀ ਜੜ੍ਹ ਹੀ ਕੱਟ ਦਿੱਤੀ। ਦੂਜੇ ਲਫ਼ਜ਼ਾਂ `ਚ ਇਸ ਤਰ੍ਹਾਂ ਫ਼ਿਰ ਸੰਗਤਾਂ ਦੀ ਅਧੋਗਤੀ ਲਈ ਜ਼ਿਮੇਵਾਰ ਕੌਣ ਹੋਇਆ? ਜਦਕਿ ਗੁਰਬਾਣੀ ਅਨੇਕਾਂ ਵਾਰ, ਗੁਰੂ ਅਕਾਲਪੁਰਖ ਦਾ ਲੜ ਛਡ ਕੇ ਮੰਗਾਂ ਲਈ ਇਧਰ ਉਧਰ, ਕੱਚੇ ਦਰਾਂ `ਤੇ ਭਟਕਣ ਤੋਂ ਮਨ੍ਹਾਂ ਕਰ ਰਹੀ ਤੇ ਸਪਸ਼ਟ ਕਰ ਰਹੀ ਕਿ ਜੇ ਕਰ ਮੰਗਣਾ ਹੀ ਹੈ ਤਾਂ ਗੁਰੂ ਅਕਾਲਪੁਰਖ ਦੇ ਸਿਵਾਏ ਕਿਸੇ ਹੋਰ ਕੋਲੋਂ ਨਾ ਮੰਗ।

ਗੁਰਬਾਣੀ ਸਪਸ਼ਟ ਕਰ ਰਹੀ ਹੈ ਕਿ ਸਿਵਾਏ ਅਕਾਲਪੁਰਖ ਦੇ ਇਹ ਸਮ੍ਰਥਾ ਕਿਸੇ ਹੋਰ ਕੋਲ ਹੈ ਹੀ ਨਹੀਂ। ਬਲਕਿ ਅਕਾਲਪੁਰਖ ਨੂੰ ਛਡ ਕੇ ਪਖੰਡੀ ਦਰਾਂ ਦੀ ਅਸਲੀਅਤ ਤਾਂ ਇਸ ਤਰ੍ਹਾਂ ਹੈ ਜਿਵੇਂ “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ” (ਪੰ: ੧੨੮੬) ਭਾਵ ਜਿਹੜੇ ਆਪ ਪਦਾਰਥਵਾਦ ਤੇ ਕਾਮਨਾਵਾਂ ਦੇ ਗ਼ੁਲਾਮ ਹਨ। ਜਿਹੜੇ ਆਪ ਵਿਕਾਰਾਂ `ਚ ਡੁੱਬੇ ਹੁੰਦੇ ਹਨ, ਉਹ ਦੂਜਿਆਂ ਨੂੰ ਕੀ ਦੇਣਗੇ, ਉਹ ਤਾਂ ਉਲਟਾ ਦੂਜਿਆਂ ਦੇ ਜੀਵਨ ਨੂੰ ਤਬਾਹ ਹੀ ਕਰਣਗੇ। ਇਹ ਸਭ ਇਵੇਂ ਹੁੰਦਾ ਹੈ ਜਿਵੇਂ ਚੂਹਾ ਖ਼ੁਦ ਤਾਂ ਆਪਣੇ ਬਿਲ `ਚ ਸਮਾਉਂਦਾ ਨਹੀਂ, ਪਰ ਖੁੱਡ `ਚ ਜਾਣ ਲਈ ਆਪਣੇ ਲੱਕ ਨਾਲ ਛਜ ਵੀ ਬੰਨ ਲੈਂਦਾ ਹੈ।

ਗੁਰਬਾਣੀ ਅਨੁਸਾਰ ਅਜਿਹੇ ਦਰ ਤਾਂ “ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੧੨੮੬) ਭਾਵ ਮਾਲਕ ਤੋਂ ਇਲਾਵਾ, ਇਹੋ ਜਿਹੇ ਦੁਆਵਾਂ ਦੇਣ ਵਾਲੇ ਪਾਖੰਡੀ, ਆਪ ਤਾਂ ਆਤਮਕ ਮੌਤੇ ਮਰੇ ਹੀ ਹੁੰਦੇ ਹਨ ਤੇ ਦੂਜਿਆਂ ਨੂੰ ਵੀ ਆਤਮਕ ਮੌਤੇ ਮਾਰਦੇ ਹਨ। ਗੁਰਦੇਵ ਫ਼ੁਰਮਾਉਂਦੇ ਹਨ ਕਿ ਇਸ ਲਈ, ਕਰਤਾ ਹੀ ਜਾਣਦਾ ਹੈ ਕਿ ਪਹਿਲਾਂ ਤੋਂ ਇਨ੍ਹਾਂ ਆਤਮਕ ਮੌਤੇ ਮਰਿਆਂ ਦਾ, ਸਰੀਰਕ ਮੌਤ ਬਾਅਦ ਕੀ ਹਸ਼ਰ ਹੁੰਦਾ ਹੈ? ਤਾਂ ਤੇ ਇਕੋ ਇੱਕ ਕਰਤੇ ਅਕਾਲਪੁਰਖ ਦੇ ਦਰ ਤੋਂ ਭਟਕੇ “ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤ, ੇ ਕੇਤੇ ਮੰਗਿ ਮੰਗਿ ਜਾਹਿ” (ਪੰ: ੧੨੮੬) ਅਜਿਹੇ ਲੋਕਾਂ ਨੂੰ ਆਪਣੀਆਂ ਮੰਗਾਂ ਪੱਖੋਂ ਦਰ ਦਰ ਦੀਆਂ ਠੋਕਰਾਂ ਹੀ ਖਾਣੀਆਂ ਪੈਂਦੀਆਂ ਹਨ।

ਕੁਦਰਤੀ ਤੌਰ `ਤੇ ਚੂੰਕਿ ਹਰੇਕ ਦਾ ਜੀਵਨ ਸ਼ੁਰੂ ਹੀ ਮੰਗਾਂ ਤੋਂ ਹੁੰਦਾ ਹੈ, ਗੁਰਦੇਵ ਨੇ ਸੰਪੂਰਣ ਗੁਰਬਾਣੀ `ਚ ਇਸ ਸਚਾਈ ਤੋਂ ਕਿਧਰੇ ਵੀ ਇਨਕਾਰ ਨਹੀਂ ਕੀਤਾ ਤੇ ਨਾ ਹੀ ਇਹ ਕਿਹਾ ਹੈ ਕਿ ਗੁਰੂਦਰ `ਤੇ ਆਪਣੀਆਂ ਮੰਗਾਂ ਲੈ ਕੇ ਨਹੀਂ ਆਉਣਾ ਜਾਂ ਅਜਿਹਾ ਕਰਣਾ ਤੇਰੇ ਵੱਲੋਂ ਗੁਰੂ ਨਾਲ ਸੌਦਾ ਤੇ ਵਪਾਰ ਕਰਣ ਤੁੱਲ ਹੈ। ਬਲਕਿ ਇਹੀ ਦ੍ਰਿੜ ਕਰਵਾਇਆ ਹੈ ਕਿ ਸਿਵਾਏ ਕਰਤੇ ਅਕਾਲਪੁਰਖ ਦੇ, ਤੂੰ ਕਿਸੇ ਹੋਰ ਦਰ `ਤੇ ਨਹੀਂ ਜਾਣਾ।

ਗੁਰਬਾਣੀ ਅਨੁਸਾਰ ਮੰਗਾਂ ਬਾਰੇ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਬੇਸ਼ਕ ਮੰਗਾਂ ਰਸਤੇ ਹੀ ਸਹੀ, ਜੋ ਲੋਕਾਈ ਗੁਰੂਦਰ ਕਾਰਨ, ਗੁਰਬਾਣੀ ਜੀਵਨ ਨੇੜੇ ਆ ਜਾਂਦੀ ਹੈ ਤਾਂ ਇਸ ਚੋਂ ਵੀ ਅਨੇਕਾਂ ਦੇ ਜੀਵਨ ਸੁਧਰ ਜਾਂਦੇ ਹਨ। ਇਸ ਤਰ੍ਹਾਂ ਕਈ ਵਾਰੀ, ਇੱਕ ਦਿਨ ਉਨ੍ਹਾਂ ਦੀਆਂ ਉਹ ਮੰਗਾਂ ਹੀ, ਉਨ੍ਹਾਂ ਦੇ ਜੀਵਨ `ਚ ਗੁਰਬਾਣੀ ਜੀਵਨ ਜਾਚ ਦੇ ਪ੍ਰਕਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਇਸੇ ਵਾਸਤੇ ਗੁਰਬਾਣੀ `ਚ, ਮੰਗਾਂ ਵਾਲੇ ਵਿਸ਼ੇ ਨੂੰ ਨਕਾਰਿਆ ਨਹੀਂ। ਗੁਰਦੇਵ ਨੇ ਤਾਂ ਗੁਰਬਾਣੀ `ਚ ਮਨੁੱਖ ਦੀਆਂ ਮੰਗਾਂ ਨੂੰ ਹੀ ਆਧਾਰ ਬਣਾ ਕੇ, ਕਰਤਾਰ ਨਾਲ ਜੋੜਣ ਦੀ ਗੱਲ ਅਨੇਕਾਂ ਵਾਰੀ ਸਮਝਾਈ ਤੇ ਪੱਕੀ ਕੀਤੀ ਹੈ।

ਇਸ ਲਈ ਵੱਡੀ ਲੋੜ ਤਾਂ ਅਜੋਕੀ ਗੁਰਮੱਤ ਪ੍ਰਚਾਰ ਪ੍ਰਣਾਲੀ `ਚ ਖਾਸ ਤੌਰ `ਤੇ ਇਸ ਪੱਖੋਂ ਸੁਧਾਰ ਦੀ ਹੈ। ਇਹ ਨਹੀਂ ਕਿ ਜਿਹੜੀਆਂ ਸੰਗਤਾਂ ਗੁਰਦੁਆਰਿਆਂ `ਚ ਮੰਗਾਂ ਕਾਰਨ ਆ ਰਹੀਆਂ ਹਨ ਉਨ੍ਹਾਂ ਨੂੰ ਵੀ ਉਲਟਾ ਹਤੋ-ਉਤਸਾਹ ਕਰਣ ਦੀ। ਅਣਜਾਨੇ `ਚ ਹੀ ਸਹੀ, ਪਰ ਇਸ ਤਰ੍ਹਾਂ ਗੁਰਬਾਣੀ ਸਿਧਾਂਤ ਵਿਰੁਧ ਆਪਣੇ ਪ੍ਰਵਚਣਾ ਨਾਲ, ਅਸੀਂ ਉਨ੍ਹਾਂ ਨੂੰ ਉਲਟਾ ਗੁਰੂ ਤੋਂ ਦੂਰ ਕਰਕੇ, ਪਖੰਡੀ ਬਾਬਿਆਂ, ਡੇਰਿਆਂ ਤੇ ਦੰਭੀ ਗੁਰੂਆਂ ਵੱਲ ਜਾਣ ਲਈ ਉਤਸਾਹਿਤ ਕਰਦੇ ਹਾਂ। ਉਨ੍ਹਾਂ ਨੂੰ ਇਹ ਕਹਿਣਾ ਦੀ ਕਿ ਮੰਗਾ ਲੈ ਕੇ ਗੁਰਦੁਆਰੇ ਆਉਣ ਦਾ ਲਾਭ ਨਹੀਂ। ਮੰਗਾਂ ਲੈ ਕੇ ਗੁਰਦੁਆਰੇ ਆਉਣਾ, ਗੁਰੂ ਨਾਲ ਸੌਦਾ ਜਾਂ ਬਿਜ਼ਨਸ ਕਰਣਾ ਹੈ ਆਦਿ। ਇਸ ਤਰ੍ਹਾਂ ਪ੍ਰਚਾਰਕਾਂ ਰਾਹੀਂ ਗੁਰਦੁਆਰਿਆਂ `ਚ ਅਜਿਹੀਆਂ ਬਾਤਾਂ ਤੇ ਪ੍ਰਵਚਣ ਹੀ ਬਹੁਤਾ ਕਰਕੇ ਇਸ ਪੱਖੋਂ ਸੰਗਤਾਂ ਨੂੰ ਕੁਰਾਹੇ ਪਾਉਣ ਦਾ ਕਾਰਨ ਵੀ ਬਣਦੇ ਹਨ।

ਇਹ ਵੱਖਰੀ ਗੱਲ ਹੈ ਕਿ ਗੁਰਮੱਤ ਪ੍ਰੱਚਾਰ ਪ੍ਰਬੰਧ `ਚ ਇਤਨੀ ਮਜ਼ਬੂਤੀ ਹੋਵੇ ਕਿ ਬਹੁਤੀਆਂ ਸੰਗਤਾਂ ਖ਼ੁਦ-ਬ-ਖ਼ੁਦ ਮੰਗਾਂ ਪੱਖੋਂ ਇੱਕ ਤੇ ਦੋ ਵਾਲੀ ਮੂਲ ਆਤਮਕ ਪਧਰ ਤੋਂ ਉਭਰ ਕੇ ਤਿੰਨ ਅਥਵਾ ਤਿੰਨ ਤੋਂ ਵੀ ਚਾਰ ਵਾਲੀ ਆਤਮਕ ਅਵਸਥਾ `ਚ ਪੁਜਦੀਆਂ ਜਾਣ। ਫ਼ਿਰ ਵੀ ਅਜਿਹਾ ਨਤੀਜਾ ਸੌ ਪ੍ਰਤੀਸ਼ਤ ਸਾਬਤ ਹੋ ਜਾਵੇ, ਇਹ ਕਦੇ ਵੀ ਸੰਭਵ ਨਹੀਂ।

ਮਨੁੱਖਾ ਜੂਨ ਅਤੇ ਮੰਗਾਂ? - ਖ਼ੂਬੀ ਇਹ ਹੈ ਕਿ ਮੰਗਾਂ ਵਾਲੇ ਵਿਸ਼ੇ ਦਾ ਸਬੰਧ ਕੇਵਲ ਮਨੁੱਖਾ ਜੂਨ ਨਾਲ ਹੀ ਹੈ। ਇਸ ਤੋਂ ਬਾਅਦ, ਕਰਤੇ ਦੀ ਰਚਨਾ `ਚ ਹੋਰ ਵੀ ਅਰਬਾਂ-ਖ਼ਰਬਾਂ ਤੇ ਅਣਗਿਣਤ ਜੂਨਾਂ ਹਨ, ਜਦਕਿ ਮੰਗਾਂ ਵਾਲੇ ਵਿਸ਼ੇ ਦਾ ਸਬੰਧ ਹੋਰ ਕਿਸੇ ਵੀ ਜੂਨ ਨਾਲ ਨਹੀਂ। ਉਂਝ ਮਨੁੱਖ ਦੇ ਜੀਵਨ `ਚ ਵੀ ਜਿਉਂ ਜਿਉਂ ਗੁਰਬਾਣੀ ਦੇ ਗਿਆਨ ਵਾਲਾ ਚਾਨਣ ਹੁੰਦਾ ਜਾਂਦਾ ਹੈ। ਅਜਿਹੇ ਜੀਵਨ ਅੰਦਰੋਂ ਵੀ ਮੰਗਾ ਵਾਲੀ ਪ੍ਰਵਰਿਤੀ ਘਟਦੀ ਤੇ ਮੁੱਕਦੀ ਜਾਂਦੀ ਹੈ।

ਦਰਅਸਲ ਮਨੁੱਖਾ ਜੂਨ ਹੋਵੇ ਜਾਂ ਕੋਈ ਵੀ, ਮੰਗਾਂ ਜੀਵ ਦਾ ਵਿਸ਼ਾ ਹੈ ਹੀ ਨਹੀਂ। “ਅਣਮੰਗਿਆ ਦਾਨੁ ਦੇਵਣਾ, ਕਹੁ ਨਾਨਕ ਸਚੁ ਸਮਾਲਿ ਜੀਉ” (ਪੰ: ੭੩) ਅਨੁਸਾਰ ਮੰਗਾਂ ਤਾਂ ਕੇਵਲ ਮਨੁੱਖ ਦੇ ਮਨ ਅੰਦਰ, ਪ੍ਰਭੂ ਦੀ ਦੇਣ ਬਾਰੇ ਅਗਿਆਨਤਾ ਤੇ ਬੇਵਿਸ਼ਵਾਸੀ ਦੀ ਉਪਜ ਹੀ ਹੁੰਦੀਆਂ ਹਨ। ਫ਼ਰਕ ਕੇਵਲ ਇਤਨਾ ਹੁੰਦਾ ਹੈ ਕਿ ਬਾਕੀ ਜੂਨੀਆਂ `ਚ ਮੰਗਾਂ ਵਾਲਾ ਵਿਸ਼ਾ ਹੈ ਹੀ ਨਹੀਂ। ਉਹ ਜੂਨੀਆਂ ਤਾਂ ਪਿਛਲੇ, ਬਿਰਥਾ ਹੋਏ ਮਨੁੱਖਾ ਜਨਮ `ਚ ਕੀਤੇ ਚੰਗੇ-ਮਾੜੇ ਕਰਮਾ ਦਾ ਲੇਖਾ ਜੋਖਾ, ਭਿੰਨ ਭਿੰਨ ਸਜ਼ਾਵਾਂ ਲਈ ਕੋਠੜੀਆਂ ਮਾਤ੍ਰ ਹੀ ਹੁੰਦੀਆਂ ਹਨ ਜਿਥੇ ਜੀਵ ਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ। ਜਦਕਿ ਮਨੁੱਖਾ ਜਨਮ ਦਾ ਕੁੱਝ ਵਿਸ਼ੇਸ਼ ਮਕਸਦ ਹੁੰਦਾ ਹੈ। ਮਕਸਦ ਹੁੰਦਾ ਹੈ, ਅੰਦਰ ਵੱਸ ਰਹੇ ਪ੍ਰਭੂ ਨਾਲ ਇੱਕ ਮਿਕ ਹੋ ਕੇ, ਸੰਤੋਖੀ ਅਤੇ ਅਨੰਦ ਮਈ ਜੀਵਨ ਬਤੀਤ ਕਰਣਾ ਤੇ ਜਨਮਾਂ ਵਾਲੇ ਗੇੜਾਂ ਤੋਂ ਸਦਾ ਲਈ ਛੁਟਕਾਰਾ ਪਾਉਣਾ।

ਜਦਕਿ ਬਹੁਤਾ ਕਰਕੇ ਮਨੁੱਖਾ ਜੂਨ `ਚ ਵੀ ਜੀਵ, ਗੁਰਬਾਣੀ ਗਿਆਨ ਤੇ ਜੀਵਨ ਤੋਂ ਦੂਰ ਰਹਿਣ ਕਰਕੇ ਆਪਣੇ ਜੀਵਨ ਨੂੰ ਤ੍ਰਿਸ਼ਨਾ ਦੀ ਭਠੀ ਬਣਾ ਲੈਂਦਾ ਹੈ। ਇਸੇ ਤੋਂ ਆਸ਼ਾ, ਮਨਸ਼ਾ, ਮੰਗਾਂ ਵਿਕਾਰ ਇਸ ਦੇ ਜੀਵਨ `ਤੇ ਹਾਵੀ ਰਹਿੰਦੇ ਤੇ ਇਸ ਦੇ ਜੀਵਨ ਨੂੰ ਬਰਬਾਰ ਕਰ ਦਿੰਦੇ ਹਨ। ਮਨੁੱਖ ਗੁਰਮੁਖ ਬਣਨ ਦੀ ਬਜਾਏ ਮਨਮੁਖ ਹੀ ਬਣਦਾ ਹੈ। ਇਸ ਤਰ੍ਹਾਂ ਆਪਣੇ ਇਸ ਦੁਰਲਭ ਤੇ ਅਮੁਲੇ ਮਨੁੱਖਾ ਜਨਮ ਨੂੰ ਵੀ ਫ਼ਿਰ ਤੋਂ ਅਸਫ਼ਲ ਤੇ ਬਿਰਥਾ ਕਰਕੇ ਜਾਂਦਾ ਹੈ। ਫ਼ੁਰਮਾਨ ਹੈ “ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਭਾਵ ਸੰਸਾਰ `ਚੋਂ ਖਾਲੀ ਹੱਥ (ਨੰਗਾ) ਜਾਂਦਾ ਹੈ। ਉਸੇ ਦਾ ਨਤੀਜਾ, ਇਸ ਨੂੰ ਫ਼ਿਰ ਤੋਂ ਜਨਮਾਂ ਦੇ ਗੇੜ (ਦੌਜ਼ਖ) `ਚ ਪਾ ਦਿੱਤਾ ਜਾਂਦਾ ਹੈ। ਉਸ ਸਮੇਂ ਸਿਵਾਏ ਬਿਰਥਾ ਕੀਤੇ ਜਾ ਚੁੱਕੇ ਮਨੁੱਖਾ ਜਨਮ ਵਾਲੇ ਅਵਸਰ ਲਈ ਪਛਤਾਉਣ ਦੇ, ਇਹ ਕੁੱਝ ਵੀ ਨਹੀਂ ਕਰ ਸਕਦਾ ਅਤੇ ਸਭ ਭੁਗਤਣਾ ਹੀ ਪੈਂਦਾ ਹੈ।

ਕਰਤੇ ਦੀ ਬਖ਼ਸ਼ਿਸ਼, ਗੁਰਬਾਣੀ ਗਿਆਨ ਤੇ ਜੀਵਨ ਰਾਹੀਂ ਜੇ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਦੋਂ ਮਨੁੱਖ ਦੇ ਜੀਵਨ ਅੰਦਰੋਂ ਮੰਗਾਂ ਵਾਲਾ ਰੁਝਾਣ ਹੀ ਮੁੱਕ ਜਾਂਦਾ ਹੈ। ਉਸ ਸਮੇਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਜਿਸ ਪ੍ਰਭੂ ਨੇ ੳੇੁਸ ਨੂੰ ਪੈਦਾ ਕੀਤਾ ਹੈ ਉਹ ਕੇਵਲ ਉਸ ਦੀਆਂ ਹੀ ਨਹੀਂ ਬਲਕਿ ਅਰਬਾਂ-ਖਰਬਾਂ ਦੂਜੀਆਂ ਜੂਨੀਆਂ ਦੀਆਂ ਲੋੜਾਂ ਵੀ ਬਿਨਾ ਮੰਗਿਆਂ, ਆਪਣੇ ਆਪ ਪੂਰੀਆਂ ਕਰ ਰਿਹਾ ਹੈ। ਇਸ ਤਰ੍ਹਾਂ ਮੰਗਾਂ, ਉਸ ਦੇ ਜੀਵਨ ਦਾ ਵਿਸ਼ਾ ਹੀ ਨਹੀਂ ਹਨ ਅਤੇ ਇਸ ਤਰ੍ਹਾਂ ਫ਼ਿਰ ਉਹ ਅਮੁਲੇ ਜੀਵਨ ਦੀ ਸੰਭਾਲ ਵਾਲੇ ਪਾਸੇ ਟੁਰ ਪੈਂਦਾ ਹੈ।

ਦਰਅਸਲ ਮਨੁੱਖ ਦੀ ਪ੍ਰਭੂ ਬਾਰੇ ਅਗਿਆਨਤਾ, ਉਸ ਦੀਆਂ ਦੇਣਾਂ ਬਾਰੇ ਦ੍ਰਿੜਤਾ ਤੇ ਵਿਸ਼ਵਾਸ ਦਾ ਘਾਟਾ ਹੀ, ਮੰਗਾਂ ਸਮੇਤ ਮਨੁੱਖਾ ਜੀਵਨ ਦੇ ਸਾਰੇ ਉਖਾੜਾਂ ਦਾ ਕਾਰਨ ਹੁੰਦਾ ਹੈ। ਇਸ ਲਈ ਮੰਗਾਂ, ਮਨੁੱਖਾ ਜੂਨ ਸਮੇਂ ਵੀ ਕਮਜ਼ੋਰ ਮਨ ਦੀ ਉਪਜ ਤੇ ਕਮਜ਼ੋਰ ਆਤਮਕ ਅਵਸਥਾ ਦਾ ਹੀ ਪ੍ਰਗਟਾਵਾ ਹੁੰਦੀਆਂ ਹਨ। ਮਨੁੱਖ ਆਪਣੇ ਆਪ ਨੂੰ ਜਦੋਂ ਪ੍ਰਭੂ ਤੋਂ ਵੱਖਰੀ ਤੇ ਅੱਡਰੀ ਹਸਤੀ ਮੰਨ ਰਿਹਾ ਹੁੰਦਾ ਤਾਂ ਉਹ ਹਉਮੈ ਅਥਵਾ ਮੈਂ ਮੇਰਾ ਵਾਲੀ ਅਵਸਥਾ `ਚ ਹੀ ਜੀਅ ਰਿਹਾ ਹੁੰਦਾ ਹੈ। ਇਸੇ ਤੋਂ. ਜਨਮ ਦੇ ਨਾਲ ਉਸ ਅੰਦਰ ਪੈਦਾ ਹੋਈ ਤ੍ਰਿਸ਼ਨਾ ਹੀ, ਉਸ `ਤੇ ਲਗਾਤਾਰ ਆਪਣਾ ਜ਼ੋਰ ਪਾਊੇਂਦੀ ਜਾਂਦੀ ਹੈ। ਇਸ ਦੇ ਮਨ ਅੰਦਰ ਦਿਨੋ ਦਿਨ ਤ੍ਰਿਸ਼ਨਾ ਦੀ ਭੜਕ ਰਹੀ ਅੱਗ ਹੀ, ਉਸ ਦੇ ਚੰਗੇ ਭਲੇ ਸ਼ਾਂਤ ਤੇ ਸੰਤੋਖੀ ਬਨਣ ਵਾਲੇ ਜੀਵਨ ਨੂੰ ਮੰਗਾਂ ਤੇ ਕੂੜ ਦੀ ਭਠੀ ਬਣਾ ਦਿੰਦੀ ਹੈ।

ਇਸ ਦੇ ਉਲਟ, ਮਨੁੱਖ ਦਾ ਮੰਗਾਂ ਨਾਲ ਭਰਿਆ ਹੋਇਆ ਇਹੀ ਮਨ, ਜਦੋਂ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ ਤਾਂ ਆਤਮਕ ਪੱਖੋਂ ਮਜ਼ਬੂਤ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵਨ ਦੀ ਅਜਿਹੀ ਸਫ਼ਲ ਅਵਸਥਾ `ਚ ਇਸ ਅੰਦਰੋਂ ਮੰਗਾਂ ਦਾ ਮੂਲ ਹਉਮੈ ਤੇ ਮੈਂ ਮੇਰਾ, ਆਪਣੇ ਆਪ ਖੰਬ ਲਾ ਕੇ ਉੱਡ ਜਾਂਦਾ ਹੈ। ਅਜਿਹੇ ਪ੍ਰਭੂ ਰੰਗ `ਚ ਰੰਗੇ ਜਾ ਚੁੱਕੇ ਜੀਵਨ `ਚੋਂ ਆਸ਼ਾਵਾਂ-ਤ੍ਰਿਸ਼ਨਾ ਤੇ ਮੰਗਾਂ ਵਾਲੀ ਪ੍ਰਵਰਿਤੀ ਆਪਣੇ ਆਪ ਸ਼ਾਂਤ ਹੁੰਦੀ ਜਾਂਦੀ ਤੇ ਅੰਤ ਮੁੱਕ ਜਾਂਦੀ ਹੈ। ਫ਼ਿਰ ਵੀ ਜੀਵਨ ਦੀ ਇਸ ੳੇੁੱਤਮ ਆਤਮਕ ਅਵਸਥਾ `ਚ ਪਹੁੰਚਣ ਵਾਲੇ “ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥ ਅੰਤਰਿ ਪਰਗਾਸੁ ਮਹਾ ਰਸੁ ਪੀਵੈ, ਦਰਿ ਸਚੈ ਸਬਦੁ ਵਜਾਵਣਿਆ” (ਪੰ: ੧੧੩) ਵਿਰਲੇ ਹੀ ਹੁੰਦੇ ਹਨ। ਇਸੇ ਤਰ੍ਹਾਂ ਇਸ ਬਾਰੇ ਮਨ ਨੂੰ ਸੰਬੋਧਣ ਕਰ ਕੇ ਇਸ ਵਿਸ਼ੇ `ਤੇ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ ਜਿਵੇਂ “ਮਨ ਰੇ ਅਹਿਨਿਸਿ ਹਰਿ ਗੁਣ ਸਾਰਿ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ, ਤੇ ਜਨ ਵਿਰਲੇ ਸੰਸਾਰਿ” (ਪੰ: ੨੧)। ਸਪਸ਼ਟ ਹੈ ਜੀਵਨ ਦੀ ਅਜਿਹੀ ਟਿਕਾਅ ਤੇ ਸੰਤੋਖ ਵਾਲੀ, ਮੰਗਾਂ ਰਹਿਤ ਆਤਮਕ ਅਵਸਥਾ ਵਿਰਲਿਆਂ ਦੇ ਹਿਸੇ ਹੀ ਆਉਂਦੀ ਹੈ।

ਏਹ ਕਿਨੇਹੀ ਦਾਤਿ. .”-ਇਥੇ ਹੀ ਬੱਸ ਨਹੀਂ ਗੁਰਬਾਣੀ `ਚ ਗੁਰਦੇਵ ਨੇ ਇਹ ਕਿਧਰੇ ਨਹੀਂ ਕਿਹਾ ਕਿ ਮਨੁੱਖ ਨੇ ਕਿਹੜੀ ਮੰਗ ਕਰਣੀ ਹੈ ਤੇ ਕਿਹੜੀ ਨਹੀਂ ਕਰਣੀ। ਕਿਉਂਕਿ ਉਸ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ “ਜੈਸੀ ਮਤਿ ਦੇਇ ਤੈਸਾ ਪਰਗਾਸ” (ਪੰ: ੨੭੫)। ਸਪਸ਼ਟ ਹੈ, ਹਰ ਕਿਸੇ ਦੀ ਆਤਮਕ ਅਵਸਥਾ ਅਨੁਸਾਰ ਹੀ ਜਿਤਨੀ ਕਿਸੇ ਦੀ ਜੀਵਨ ਪੱਖੋਂ ਤਿਆਰੀ ਹੋਵੇਗੀ, ਉਸ ਦੀ ਸੋਚਣੀ ਅਥਵਾ ਸੁਰਤ ਵਿੱਚੋਂ ਮੰਗਾਂ ਵੀ ਉਹੋ ਜਿਹੀਆਂ ਹੀ ਨਿਕਲਣ ਗੀਆਂ। ਇਸ ਲਈ ਮੰਗਾਂ ਪ੍ਰਤੀ ਕਿਸੇ ਦਾ ਆਪਣਾ ਦੋਸ਼ ਨਹੀਂ। ਦੋਸ਼ ਹੈ ਤਾਂ ਗੁਰਮੱਤ ਪੱਖੋਂ ਕਿਸੇ ਦੀ ਸੁਰਤ ਤੇ ਮੱਤ ਦੀ ਤਿਆਰੀ ਦਾ ਅਤੇ ਵਿਸ਼ਾ ਹੈ ਗੁਰਮੱਤ ਪ੍ਰਚਾਰ ਦੀ ਮਜ਼ਬੂਤੀ ਤੇ ਯੋਗਤਾ ਦਾ।

ਇਸ ਤਰ੍ਹਾਂ ਇਹ ਕੰਮ ਗੁਰਮੱਤ ਪ੍ਰਚਾਰ ਦਾ ਹੈ ਕਿ ਸੰਗਤਾਂ ਦੀ “ਸੁਰਤਿ, ਮਤਿ, ਮਨਿ ਤੇ ਬੁਧ” ਨੂੰ ਗੁਰਬਾਣੀ ਆਦੇਸ਼ਾਂ ਤੇ ਗੁਰਬਾਣੀ ਜੀਵਨ ਜਾਚ ਅਨੁਸਾਰ ਘੜਣਾ। ਉਨ੍ਹਾਂ ਦੀ ਆਤਮਕ ਤੇ ਮਾਨਸਿਕ ਅਵਸਥਾ ਨੂੰ ਇਨਾਂ ਉੱਚਾ ਚੁੱਕਣ ਦਾ ਯਤਣ ਕਰਣਾ ਕਿ ਉਹ ਜੀਵਨ ਦੀ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਣ, ਜਿਸ ਲਈ ਫ਼ੁਰਮਾਣ ਹੈ “ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੈ ਨਿਰਾਸਾ” (ਪੰ: ੬੩੩)। ਫ਼ਿਰ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ ਪ੍ਰਚਾਰ ਪ੍ਰਣਾਲੀ ਕਿਸੇ ਸਮੇਂ ਭਾਵੇਂ ਕਿਨੀਂ ਵੀ ਮਜ਼ਬੂਤ ਕਿਉਂ ਹੋ ਜਾਵੇ ਤਾਂ ਵੀ ਇਸ ਪੱਖੌ ਬਹੁਤੇ ਆਤਮਕ ਅਵਸਥਾ ਦੇ ਤੀਜੇ ਤੇ ਚੌਥੇ ਨੰਬਰ ਤੱਕ ਤਾਂ ਪੁੱਜ ਸਕਦੇ ਹਨ, ਪਰ ਮੰਗਾਂ ਵਾਲੀ ਪ੍ਰਵਰਿਤੀ ਸਾਰਿਆਂ `ਚੌ ਕਦੇ ਵੀ ਨਹੀਂ ਮੁੱਕ ਸਕਦੀ। ਉਪ੍ਰੰਤ ਇਸ ਪੱਖੋਂ ਬਿਲਕੁਲ ਹੀ ਉੱਤਮ ਆਤਮਕ ਅਵਸਥਾ `ਚ ਤਾਂ ਵਿਰਲਿਆਂ ਨੇ ਹੀ ਪਹੁੰਚਣਾ ਹੈ।

ਸਪਸ਼ਟ ਹੈ ਕਿ ਗੁਰਬਾਣੀ ਨੇ ਇਹ ਪਾਬੰਦੀ ਬਿਲਕੁਲ ਨਹੀਂ ਲਗਾਈ ਕਿ ਕਿਸੇ ਦਾ ਮੰਗਾਂ ਦਾ ਸਤੱਰ ਕਿਹੋ ਜਿਹਾ ਹੋਵੇ ਬਲਕਿ ਉਸ ਦੇ ਲਈ ਤਾਂ ਗੁਰਦੇਵ ਨੇ ਸਿਧਾਂਤ ਦਿੱਤਾ ਹੈ। ਗੁਰਬਾਣੀ ਦਾ ਇਸ ਬਾਰੇ ਸਿਧਾਂਤ ਹੈ “ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ॥ ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ” (ਪੰ: ੪੭੪) ਅਰਥ ਹਨ ਕਿ ਮਨੁੱਖ ਕੋਲ ਪ੍ਰਭੂ ਵੱਲੋਂ ਦਾਤ ਉਹੀ ਹੁੰਦੀ ਹੈ ਜੋ ਕਰਤੇ ਦੀ ਰਜ਼ਾ ਤੇ ਭਾਣੇ `ਚ ਉਸ ਨੂੰ ਆਪਣੇ ਆਪ ਮਿਲੇ। ਇਸ ਦੇ ਉਲਟ, “ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ” ਅਨੁਸਾਰ ਜਿਹੜੀ ਵਸਤ ਮਨੁੱਖ ਨੇ ਆਪ ਮੰਗਾਂ, ਮੰਗ ਕੇ ਪ੍ਰਭੂ ਕੋਲੋਂ ਲਈ ਹੋਵੇ ਉਸ ਨੂੰ ਪ੍ਰਭੂ ਦਾ ਕਰਮ, ਬਖ਼ਸ਼ਿਸ਼ ਅਥਵਾ ਦਾਤ ਨਹੀਂ ਕਿਹਾ ਜਾ ਸਕਦਾ।

ਇਸ ਤਰ੍ਹਾਂ ਗੁਰਦੇਵ ਸਪਸ਼ਟ ਕਰਦੇ ਹਨ, ਐ ਮਨੁੱਖ! ਜੇਕਰ ਅਜੇ ਤੇਰੀ ਇਨੀਂ ਤਿਆਰੀ ਨਹੀਂ ਕਿ ਤੇਰੇ ਅੰਦਰੋਂ ਆਸ਼ਾਵਾਂ ਮੰਗਾਂ ਖਤਮ ਹੋਈਂਆਂ ਹੋਣ। ਜੇਕਰ ਤੈਨੂੰ ਅਜੇ ਇਹ ਭਰੋਸਾ ਨਹੀਂ ਬੱਝਾ ਕਿ ਤੇਰੇ ਹਿੱਸੇ ਮੁਤਾਬਕ ਤੇਰੀਆਂ ਲੋੜਾਂ ਪ੍ਰਭੂ ਆਪ ਪੂਰੀਆਂ ਕਰ ਰਿਹਾ ਹੈ। ਫ਼ਿਰ ਵੀ ਚੇਤੇ ਰਖ ਕਿ ਤੇਰੀ ਆਪਣੀ ਮੱਤ ਤੇ ਸੁਰਤ ਦੀ ਤਿਆਰੀ ਮੁਤਾਬਕ ਜੋ ਤੂੰ ਗੁਰੂ-ਅਕਾਲਪੁਰਖ ਤੋਂ ਮੰਗ ਕੀਤੀ। ਉਪ੍ਰੰਤ, ਜੇਕਰ ਗੁਰੂ ਨੇ ਤੇਰੀ ਉਹ ਮੰਗ ਪੂਰੀ ਵੀ ਕਰ ਦਿੱਤੀ ਤਾਂ ਉਹ ਤੇਰੀ ਆਪਣੀ ਮੰਗ ਸੀ ਤੇ ਇਸ ਲਈ ਪ੍ਰਭੂ ਨੇ ਤੈਨੂੰ ਉਹ ਦੇ ਦਿੱਤੀ। ਪਰ ਉਸ ਨੂੰ ਪ੍ਰਭੂ ਦੀ ਦਾਤ, ਕਰਮ ਜਾਂ ਬਖ਼ਸ਼ਸ਼ ਫ਼ਿਰ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਮੰਗ ਤੇਰੀ ਆਪਣੀ ਹੀ ਸੀ।

ਇਸ ਤੋਂ ਇਲਾਵਾ ਅਸਾਂ ਇਹ ਵੀ ਦ੍ਰਿੜ ਕਰਕੇ ਸਮਝਣਾ ਤੇ ਸਚਾਈ ਵੀ ਇਹੀ ਹੈ ਕਿ ਇਹ ਕੇਵਲ ਗੁਰੂ ਦਾ ਦਰ ਹੀ ਹੈ ਜਿੱਥੇ ਕੀਤੀਆਂ ਮੰਗਾਂ ਬਹੁਤਾ ਕਰਕੇ ਪੂਰੀਆਂ ਵੀ ਹੋ ਜਾਂਦੀਆਂ ਹਨ। ਜਦਕਿ ਇਸ ਬਾਰੇ ਗੁਰਬਾਣੀ ਦਾ ਕੁੱਝ ਆਪਣਾ ਫ਼ੈਸਲਾ ਵੀ ਹੈ। ਗੁਰਦੇਵ ਫ਼ੁਰਮਾਉਂਦੇ ਹਨ “ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ. .” (ਪੰ: ੪੬੭) ਭਾਵ ਮਨੁੱਖ ਸਮੇਤ ਹਰੇਕ ਜੀਵ ਦੀਆਂ ਬੇਅੰਤ ਲੋੜਾਂ ਹਨ ਤੇ ਨਾਲ ਨਾਲ ਪ੍ਰਭੂ ਦੀਆਂ ਦਾਤਾਂ ਦਾ ਵੀ ਅੰਤ ਨਹੀਂ। ਇਸ ਤਰ੍ਹਾਂ ਜੋ ਕਿਸੇ ਦੇ ਹਿੱਸੇ `ਚ ਹੁੰਦਾ ਹੈ, ਹਰੇਕ ਜੀਵ ਨੂੰ ਪ੍ਰਭੂ ਦੇ ਨਿਯਮ `ਚ ਆਪਣੇ ਆਪ ਤੇ ਬਿਨਾ ਮੰਗੇ ਮਿਲਦਾ ਹੈ। ਅਜਿਹਾ ਕੇਵਲ ਮਨੁੱਖਾ ਜੂਨ `ਚ ਹੀ ਨਹੀਂ, ਬਲਕਿ ਅਰਬਾਂ-ਖਰਬਾਂ ਦੂਜੀਆਂ ਜੂਨਾਂ `ਚ ਵੀ।

ਇਸੇ ਤਰ੍ਹਾਂ ਦੂਜੀਆਂ ਜੂਨੀਆਂ ਵਾਂਗ ਮਨੁੱਖ ਵੀ, ਪ੍ਰਭੂ ਦੀਆਂ ਦਾਤਾਂ ਨੂੰ, ਜਨਮ ਤੋਂ ਲੈ ਕੇ ਆਪਣੇ ਸਰੀਰ ਦੇ ਅੰਤ ਤੱਕ ਭੋਗਦਾ ਹੈ। ਉਨ੍ਹਾਂ ਕੁਦਰਤੀ ਤੇ ਆਪਣੇ ਆਪ ਪ੍ਰਾਪਤ ਹੋ ਰਹੀਆਂ ਦਾਤਾਂ ਬਾਰੇ ਫ਼ੁਰਮਾਨ ਹੈ “ਦੇਦਾ ਦੇ, ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ” ਭਾਵ ਦੂਜੀਆਂ ਜੂਨੀਆਂ ਵਾਂਗ ਮਨੁੱਖ ਵੀ ਜਨਮ ਤੋਂ ਲੈ ਕੇ ਅੰਤ ਤੱਕ, ਬਲਕਿ ਜਦ ਤੋਂ ਸੰਸਾਰ ਦੀ ਰਚਨਾ ਹੋਈ ਹੈ, ਲਗਾਤਾਰ ਕਰਤੇ ਦੀਆਂ ਦਾਤਾਂ ਨੂੰ ਭੋਗਦਾ ਆ ਰਿਹਾ ਹੈ। ਮਨੁੱਖ ਤਾਂ ਪ੍ਰਭੂ ਦੀਆਂ ਦਾਤਾਂ ਨੂੰ ਭੋਗਦਾ ਥੱਕ ਜਾਂਦਾ ਭਾਵ ਉਸ ਦੀ ਮੌਤ ਹੋ ਜਾਂਦੀ ਹੈ, ਉਸਦੇ ਸਰੀਰ ਦਾ ਅੰਤ ਹੋ ਜਾਂਦਾ ਹੈ ਜਦਕਿ ਪ੍ਰਭੂ ਦੀਆਂ ਦਾਤਾਂ `ਚ ਫ਼ਿਰ ਵੀ ਕਮੀ ਨਹੀਂ ਆਉਂਦੀ।

ਇਸੇ ਲੜੀ `ਚ ਗੁਰਦੇਵ ਇਹ ਵੀ ਸਪਸ਼ਟ ਕਰਦੇ ਹਨ “ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ” ਪ੍ਰਭੂ ਦੀਆਂ ਦਾਤਾਂ ਕੇਵਲ ਉਹ ਹੁੰਦੀਆਂ ਹਨ ਜੋ ਪ੍ਰਭੂ ਦੀ ਰਜ਼ਾ `ਚ ਆਪਣੇ ਆਪ, ਬਿਨਾ ਮੰਗੇ ਮਿਲਦੀਆਂ ਹਨ। ਇਸ ਦੇ ਉਲਟ ਜਦੋਂ ਕਿਸੇ ਵਸਤ ਨੂੰ ਮਨੁੱਖ, ਪ੍ਰਭੂ ਤੋਂ ਮੰਗ ਕੇ ਪ੍ਰਾਪਤ ਕਰਦਾ ਹੈ; ਗੁਰਦੇਵ ਫ਼ੁਰਮਾਉਂਦੇ ਹਨ ਕਿ ਉਹ ਮਿਲ ਤਾਂ ਭਾਂਵੇਂ ਜਾਵੇ ਪਰ ਉਹ ਪ੍ਰਾਪਤੀ, ਮਨੁੱਖ ਲਈ ਪ੍ਰਭੂ ਦੀ ਦਾਤ ਨਹੀਂ ਹੁੰਦੀ। ਕਿਉਂਕਿ ਉਹ ਤਾਂ ਮਨੁੱਖ ਨੇ ਆਪਣੀ ਸਮਝ ਤੇ ਮੱਤ ਅਨੁਸਾਰ, ਪ੍ਰਭੂ ਤੋਂ ਆਪ ਮੰਗ ਕੇ ਲਈ ਹੈ। ਉਸ ਨੂੰ ਅਮੁੱਕੀ ਵਸਤ, ਕਰਤੇ ਨੇ ਆਪਣੀ ਰਜ਼ਾ ਤੇ ਭਾਣੇ `ਚ ਨਹੀਂ ਦਿੱਤੀ ਹੁੰਦੀ। ਇਸੇ ਲਈ, ਉਸ ਵਸਤ ਦੇ ਵਾਧੇ ਘਾਟੇ ਦਾ ਜ਼ਿਮੇਵਾਰ ਵੀ ਖ਼ੁਦ ਮਨੁੱਖ ਹੀ ਹੁੰਦਾ ਹੈ, ਅਕਾਲਪੁਰਖ ਨਹੀਂ।

ਮਿਸਾਲ ਵੱਜੋਂ ਜੇ ਕਿਸੇ ਮਨੁੱਖ ਨੇ ਗੁਰੂਦਰ ਤੋਂ ਮੰਗ ਮੰਗ ਕੇ ਧਨ-ਪਦਾਰਥ ਤੇ ਜਾਇਦਾਦਾਂ ਪ੍ਰਾਪਤ ਕੀਤੀਆਂ। ਉਪ੍ਰੰਤ ਪ੍ਰਭੂ ਨੇ ਉਹ ਸਭ ੳੇੁਸ ਦੀ ਝੋਲੀ ਪਾ ਵੀ ਦਿੱਤੀਆਂ। ਹੁਣ ਇਸ ਤਰ੍ਹਾਂ ਉਸ ਕੋਲ ਧਨ ਪਦਾਰਥ, ਜਾਇਦਾਦ ਤਾਂ ਬਹੁਤ ਹੋ ਗਈ। ਪਰ ਹੋਇਆ ਇਹ ਕਿ ਉਸੇ ਤੋਂ, ਉਸ ਦੇ ਪ੍ਰਵਾਰ ਤੇ ਔਲਾਦ `ਚ ਇਆਸ਼ੀ, ਵਿਭਚਾਰ ਨੇ ਆ ਡੇਰਾ ਲਾਇਆ ਜਾਂ ਹੋਰ ਕਲੇਸ਼ ਪੈਦਾ ਹੋ ਗਏ। ਜੇ ਕਰ ਇਹ ਨਹੀਂ ਤਾਂ ਕਿਸੇ ਕਾਰਨ ਉਹ ਆਪ ਕੁਸੰਗਤ ਆਦਿ `ਚ ਪੈ ਗਿਆ। ਜਿਸ ਤੋਂ ਪ੍ਰਵਾਰ `ਚ ਟਿਕਾਅ ਤੇ ਆਪਸੀ ਪਿਆਰ ਨਾ ਰਿਹਾ। ਸ਼ਰਾਬਾਂ ਤੇ ਨਸ਼ਿਆਂ ਆਦਿ ਦੇ ਦੌਰ ਵੀ ਚੱਲ ਪਏ।

ਅਜਿਹੀ ਹਾਲਤ `ਚ ਜੇਕਰ ਉਹੀ ਮਨੁੱਖ ਹੁਣ ਆਪਣੀ ਪਿਛਲੀ ਜ਼ਿੰਦਗੀ ਨੂੰ ਯਾਦ ਕਰ ਕਰ ਕੇ ਕਲਪਦਾ ਹੈ। ਹਰ ਸਮੇਂ ਇਹੀ ਕਹਿੰਦਾ ਹੈ ਕਿ ਉਹ ਵੱਕਤ ਬੜਾ ਚੰਗਾ ਹੁੰਦਾ ਸੀ। ਉਦੋਂ ਭਾਵੇਂ ਮਾਇਕ ਅਵਸਥਾ ਬਹੁਤੀ ਚੰਗੀ ਨਹੀਂ ਸੀ; ਜਾਇਦਾਦ ਵੀ ਇਨੀਂ ਨਹੀਂ ਸੀ; ਰਹਿਣ ਨੂੰ ਵੀ ਛੋਟਾ ਜਿਹਾ ਮਕਾਨ ਸੀ ਪਰ ਉਦੋ ਬੜੇ ਸੁਖ ਚੈਣ ਦਾ ਜੀਵਨ ਬਤੀਤ ਕਰ ਰਿਹਾ ਸੀ ਆਦਿ। ਤਾਂ ਫ਼ਿਰ ਹੁਣ ਕਲਪਣ ਦਾ ਕੀ ਲਾਭ, ਆਖ਼ਿਰ ਉਸ ਨੇ ਪ੍ਰਭੂ ਕੋਲੌ ਇਹ ਸਭ ਮੰਗਿਆ ਵੀ ਤਾਂ ਆਪ ਹੀ ਸੀ।

ਇਹ ਤਾਂ ਕੇਵਲ ਮਿਸਾਲ ਹੈ, ਪਰ ਇਸ ਤਰ੍ਹਾਂ, ਮੰਗ ਮੰਗ ਕੇ ਕੀਤੀਆਂ ਪ੍ਰਾਪਤੀਆਂ, ਕਈ ਪੱਖਾਂ ਤੋਂ ਮਨੁੱਖ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ ਹੀ ਬਣਦੀਆਂ ਹਨ। ਫ਼ਿਰ ਚਾਹੇ ਇਨਸਾਨ ਰੋਂਦਾ ਚਿਲਾਂਦਾ ਰਹੇ ਕਿਉਂਕਿ ਉਸ ਸਮੇਂ ਉਸ ਕੋਲ, ਉਸ ਦਾ ਦੂਜਾ ਹੱਲ ਵੀ ਨਹੀਂ ਹੁੰਦਾ। ਇਸ ਤਰ੍ਹਾਂ ੳੇੁਹ ਪ੍ਰਾਪਤੀਆਂ ਮਾਇਕ ਪਦਾਰਥਾਂ ਦੇ ਰੂਪ `ਚ ਹੋਣ, ਜਾਇਦਾਦਾਂ ਦੇ ਰੂਪ `ਚ, ਔਲਾਦ ਦੇ ਰੂਪ `ਚ, ਗਿਆਨ ਦੇ ਰੂਪ `ਚ, ਔਹਦਿਆਂ ਦੇ ਰੂਪ `ਚ ਜਾਂ ਕਿਸੇ ਵੀ। ਜਦਕਿ ਅਕੱਟ ਸਚਾਈ ਹੈ ਕਿ ਇਸ ਅਨੁਸਾਰ ਜੇ ਕੋਈ ਸੱਜਨ ਕਦੋਂ ਤੇ ਸੰਸਾਰ ਦੇ ਕਿਸੇ ਵੀ ਹਿੱਸੇ `ਚ ਨਿਜੀ ਜਾਂ ਸੰਸਥਾ ਪਧਰ `ਤੇ ਨਿਰੀਖਣ ਕਰਕੇ ਦੇਖ ਲਵੇ, ਨਤੀਜੇ ਆਪਣੇ ਆਪ ਸਾਹਮਣੇ ਆ ਜਾਣਗੇ।

ਇਸ ਦੇ ਉਲਟ ਜੇ ਉਹੀ ਧਨ ਪਦਾਰਥ ਤੇ ਪ੍ਰਾਪਤੀਆਂ ਕਰਤੇ ਵੱਲੋਂ ਕਿਸੇ ਦੇ ਹਿੱਸੇ `ਚ ਹਨ। ਜੇਕਰ ਉਹੀ ਸਭਕੁਝ ਕਿਸੇ ਨੂੰ ਕਰਤੇ ਦੀ ਰਜ਼ਾ ਤੇ ਭਾਣੇ `ਚ ਆਪਣੇ ਆਪ ਮਿਲਦਾ ਹੈ ਤਾਂ ਅਜਿਹੇ ਪ੍ਰਵਾਰਾਂ `ਚ ਅਜਿਹੇ ਉਖਾੜ ਨਹੀਂ ਆਉਂਦੇ। ਪ੍ਰਵਾਰਕ ਸੁਖ ਸ਼ਾਂਤੀ ਤੇ ਟਿਕਾਅ ਬਣਿਆ ਰਹਿੰਦਾ ਹੈ ਫ਼ਿਰ ਚਾਹੇ ਕਿਸੇ ਪੱਖੋਂ ਪ੍ਰਾਪਤੀਆਂ ਘਟ ਹੋਣ ਜਾਂ ਵਧ। ਅਜਿਹੇ ਪ੍ਰਵਾਰਾਂ ਦੀ ਮਾਨਸਕ ਅਵਸਥਾ “ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ” (ਪੰ: ੫੨੫) ਅਨੁਸਾਰ ਟਿਕਾਅ ਵਾਲੀ ਬਣੀ ਰਹਿੰਦੀ ਹੈ। ਉਥੇ ਨਾ ਫ਼ਿਕਰ ਹੁੰਦੇ ਹਨ ਨਾ ਗ਼ਮ, ਨਾ ਭਟਕਣਾ, ਨਾ ਝੋਰਾ, ਨਾ ਡਰ, ਨਾ ਸਹਿਮ ਤੇ ਨਾ ਹਾਇ ਤੋਬਾ। ਬਲਕਿ ਅਜਿਹੇ ਸੱਜਨ ਤੇ ਪ੍ਰਵਾਰ ਬਹੁਤਾ ਕਰਕੇ ਪਰਉਪਕਾਰੀ ਤੇ ਸੰਤੋਖੀ ਸੁਭਾਅ ਦੇ ਹੁੰਦੇ ਹਨ। ਅਜਿਹੇ ਪ੍ਰਵਾਰਾਂ `ਚ ਨਾ ਵਿਭਚਾਰ ਆਦਿ ਨੇੜੇ ਆਉਂਦਾ ਹੈ ਤੇ ਨਾ ਬਹੁਤਾ ਕਰਕੇ ਸਮਾਜਿਕ ਅਉਗੁਣ, ਵਿਤਕਰੇ ਤੇ ਮੇਰ ਤੇਰ।

ਇਸ ਲਈ ਵੱਡੀ ਲੋੜ ਹੈ ਤਾਂ ਅਜੋਕੀ ਗੁਰਮੱਤ ਪ੍ਰਚਾਰ ਪ੍ਰਣਾਲੀ `ਚ ਉਂਜ ਤਾਂ ਹਰ ਪੱਖੋਂ ਪਰ ਖਾਸ ਕਰ ਮੰਗਾਂ ਵਾਲੇ ਪੱਖੌਂ ਸੁਧਾਰ ਦੀ। ਇਹ ਨਹੀਂ ਕਿ ਜਿਹੜੀਆਂ ਸੰਗਤਾਂ ਆਪਣੀਆਂ ਮੰਗਾਂ ਲੈ ਕੇ ਗੁਰਦੁਆਰਿਆਂ ਆ ਰਹੀਆਂ ਹਨ ਉਨ੍ਹਾਂ ਨੂੰ ਵੀ ਉਲਟਾ ਹਤੋ-ਉਤਸਾਹ ਕੀਤਾ ਜਾਵੇ। ਉਨ੍ਹਾਂ ਨੂੰ ਕਿਹਾ ਜਾਵੇ ਕਿ ਮੰਗਾ ਵਾਲੀ ਧਾਰਣਾ ਲੈ ਕੇ ਗੁਰਦੁਆਰੇ ਆਉਣ ਦਾ ਲਾਭ ਨਹੀਂ। ਇਸੇ ਤਰ੍ਹਾਂ ਇਹ ਕਹਿਣਾ ਕਿ ਮੰਗਾਂ ਲੈ ਕੇ ਗੁਰਦੁਆਰੇ ਆਉਣਾ, ਗੁਰੂ ਨਾਲ ਸੌਦਾ, ਬਿਜ਼ਨਸ ਤੇ ਵਪਾਰ ਕਰਣ ਤੁੱਲ ਹੈ ਆਦਿ। ਦੇਖਣ ਦੀ ਗੱਲ ਹੈ ਕਿ ਮੰਗਾਂ ਵਾਲੇ ਵਿਸ਼ੇ `ਤੇ ਜਦੋਂ ਗੁਰੂ ਸਾਹਿਬ ਨੇ ਇਹੋ ਜਹੀਆਂ ਪਾਬੰਦੀਆਂ ਤੇ ਮਾਪਦੰਡ ਲਾਗੂ ਹੀ ਨਹੀਂ ਕੀਤੇ ਤਾਂ ਸਾਨੂੰ ਇਸ ਬਾਰੇ ਇਸਦਾ ਹੱਕ ਕਿਵੇਂ ਮਿਲ ਗਿਆ? ਗੁਰਬਾਣੀ `ਚ ਜਿਥੋਂ ਵੀ ਦਰਸ਼ਨ ਕਰੋ, ਗੁਰਦੇਵ ਨੇ ਇਸ ਬਾਰੇ ਸਿਧਾਂਤ ਪੇਸ਼ ਕੀਤਾ ਹੈ ਤੇ ਸੰਗਤਾਂ ਦੀ ਆਤਮਕ ਅਵਸਥਾ ਨੂੰ ਇਤਨਾ ਵਧ ਉੱਚਾ ਚੁੱਕਿਆ ਹੈ, ਜਦੋਂ ਉਨ੍ਹਾਂ ਨੂੰ ਕਰਤੇ `ਤੇ ਇਤਨਾ ਵਧ ਭਰੋਸਾ ਬਣ ਆਵੇ ਕੇ ਮੰਗਾਂ ਉਨ੍ਹਾਂ ਦੇ ਜੀਵਨ ਦਾ ਵਿਸ਼ਾ ਹੀ ਨਾ ਰਹਿ ਜਾਣ।

ਇਹ ਵੱਖਰੀ ਗੱਲ ਹੈ ਕਿ ਗੁਰਮੱਤ ਪ੍ਰੱਚਾਰ ਪ੍ਰਬੰਧ `ਚ ਇਤਨੀ ਮਜ਼ਬੂਤੀ ਹੋਵੇ ਕਿ ਬਹੁਤਾ ਕਰਕੇ ਸੰਗਤਾਂ ਖ਼ੁਦ-ਬ-ਖ਼ੁਦ ਮੰਗਾਂ ਵਾਲੀ ਉਸ ਇੱਕ ਤੇ ਦੋ ਵਾਲੀ ਮੂਲ ਆਤਮਕ ਪਧਰ ਚੋਂ ਉਭਰ ਕੇ ਤਿੰਨ ਜਾਂ ਚਾਰ ਪਧਰ ਵਾਲੀ ਅਵਸਥਾ `ਚ ਪੁਜਦੀਆਂ ਜਾਣ। ਫ਼ਿਰ ਵੀ ਇਹ ਨਤੀਜਾ ਸੌ ਪ੍ਰਤੀਸ਼ਤ ਸੰਗਤਾਂ ਲਈ ਹੋ ਜਾਵੇ, ਅਜਿਹਾ ਕਦੇ ਵੀ ਸੰਭਵ ਨਹੀਂ ਹੋਵੇਗਾ। #74s98.03s11# (ਸਮਾਪਤ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 74-II

ਮੰਗਾਂ ਅਤੇ ਗੁਰੂ ਕੀਆਂ ਸੰਗਤਾਂ (ਭਾਗ ਦੂਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.