.

ਆਰਤੀ

(1)

(ਨੋਟ:- ਆਰਤੀ ਦਾ ਕਰਮਕਾਂਡ ਮੂਰਤੀ-ਪੂਜਾ ਦੀ ਵਿਆਪਕ ਧਰਮ-ਰੀਤੀ ਦਾ ਹੀ ਇੱਕ ਰੂਪ ਹੈ। ਇਸ ਲੇਖ-ਲੜੀ ਵਿੱਚ ਆਰਤੀ ਦੇ ਕਰਮਕਾਂਡ ਦੇ ਖੰਡਨ ਲਈ ਲਿਖੇ ਗਏ ਗੁਰ-ਸ਼ਬਦਾਂ ਦੀ ਵਿਆਖਿਆ ਹੈ। ਬੁੱਤ-ਪਰਸਤੀ ਅਥਵਾ ਮੂਰਤੀ-ਪੂਜਾ ਦੇ ਵਿਸ਼ੇ `ਤੇ ਵਿਸਤਾਰਪੂਰਵਕ ਲੇਖ ਅਲੱਗ ਲਿਖਿਆ ਜਾਵੇ ਗਾ।)

ਸੰਸਕ੍ਰਿਤ ਕੋਸ਼ ਵਿੱਚ ਆਰਤੀ ਦੇ ਅਰਥ ਹਨ: ਪ੍ਰਤਿਮਾ (ਮੂਰਤੀ/ਬੁੱਤ) ਦੇ ਸਾਹਮਨੇ ਦੀਪ-ਦਾਨ ਜਾਂ ਕਪੂਰ-ਦੀਪਕ ਘੁਮਾਣਾਂ; ਆਰਤੀ ਉਤਾਰਣਾਂ। ਆਰਾਤ੍ਰਿਕਮ ਦੇ ਅਰਥ ਹਨ ਰਾਤ ਦੇ ਵੇਲੇ ਭਗਵਾਨ ਜਾਂ ਇਸ਼ਟ-ਦੇਵਤੇ ਦੀ ਮੂਰਤੀ ਦੀ ਆਰਤੀ ਉਤਾਰਣਾਂ। ਆਰਤੀ ਉਤਾਰਣ ਲਈ ਇੱਕ ਕੀਮਤੀ ਥਾਲ ਵਿੱਚ, ਪੁਜਾਰੀ ਦੇ ਆਦੇਸ਼ ਅਨੁਸਾਰ, ਸਾਮਗ੍ਰੀ ਸਜਾਈ ਜਾਂਦੀ ਹੈ; ਇਸ ਸਾਮਗ੍ਰੀ ਵਿੱਚ, ਵਧੇਰੇ ਕਰਕੇ, ਘੀ ਜਾਂ ਕਪੂਰ ਨਾਲ ਜਗਾਈਆਂ ਜੋਤਾਂ/ਦੀਵੇ, ਫੁੱਲ-ਪੱਤੀਆਂ, ਫੁੱਲ ਤੇ ਫੁੱਲ-ਮਾਲਾ, ਧੂਪ ਤੇ ਸੁਗੰਧੀਆਂ (ਕਸਤੂਰੀ, ਕੁੰਗੂ, ਅਗਰ ਤੇ ਚੰਦਨ ਆਦਿ) ਅਤੇ ਪੂਜਾ-ਭੇਟਾ ਦੇ ਨਾਮ `ਤੇ ਪੁਜਾਰੀ ਵਾਸਤੇ ਰੱਖੀ ਜਾਂਦੀ ਦੱਛਣਾਂ ਹੁੰਦੀ ਹੈ। ਮੰਦਿਰਾਂ ਵਿੱਚ ਇਸ਼ਟ-ਦੇਵ ਦੀ ਮੂਰਤੀ ਅੱਗੇ ਕਈ ਤਰੀਕਿਆਂ ਨਾਲ ਥਾਲੀ ਘੁਮਾਣ ਦੇ ਨਾਲ ਨਾਲ ਇਸ਼ਟ-ਦੇਵ ਦੇ ਗੁਣ-ਗਾਇਣ ਕਰਦਿਆਂ ਹੋਇਆਂ ਮੰਗਲ-ਕਾਮਨਾਵਾਂ ਦੀ ਪ੍ਰਾਪਤੀ ਲਈ ਪ੍ਰਾਰਥਨਾਂ ਕੀਤੀ ਜਾਂਦੀ ਹੈ। ਆਰਤੀ ਉਤਾਰਣ ਸਮੇ ਇੱਕ ਸੇਵਕ ਮੂਰਤੀ ਨੂੰ ਚੌਰ ਝੱਲਦਾ ਰਹਿੰਦਾ ਹੈ। ਇਸੇ ਧਾਰਮਿਕ ਰੀਤ/ਕਰਮ-ਕਾਂਡ ਨੂੰ ਆਰਤੀ ਉਤਾਰਣਾਂ ਕਿਹਾ ਜਾਂਦਾ ਹੈ। ਆਰਤੀ ਦੀ ਇਹ ਰੀਤੀ ਹਿੰਦੂ ਮਤਿ ਦੀ ਰੀੜ੍ਹ ਦੀ ਹੱਡੀ ਹੈ। ਅੱਜ ਦੇ ਯੁੱਗ ਵਿੱਚ, ਕਈ ਪਰਿਵਾਰ ਆਪਣੀ ਸਹੂਲਤ ਲਈ ਘਰ ਵਿੱਚ ਹੀ ਪੱਥਰ ਜਾਂ ਕਾਗ਼ਜ਼ ਦੀਆਂ ਛੋਟੀਆਂ ਮੂਰਤੀਆਂ ਅੱਗੇ ਹੀ ਆਰਤੀ ਦਾ ਨਿਤ ਨੇਮ ਕਰਦੇ ਹਨ। ਕਈ ਅਮੀਰ ਪਰਿਵਾਰ ਇਸ ਧਰਮ-ਕਰਮ ਵਾਸਤੇ ਭਾੜੇ ਦੇ ਪੁਜਾਰੀ ਦੀ ਸਹਾਇਤਾ ਵੀ ਲੈ ਲੈਂਦੇ ਹਨ।

ਹਿੰਦੂ ਮੱਤਿ ਬਹੁ-ਈਸ਼ਵਰਵਾਦੀ ਅਥਵਾ ਦ੍ਵੈਤਵਾਦੀ ਹੈ, ਅਰਥਾਤ ਇਸ ਧਰਮ ਵਿੱਚ ਅਕਾਲ ਪੁਰਖ ਤੋਂ ਬਿਨਾਂ ਅਨੇਕ ਦੇਵੀ ਦੇਵਤੇ ਅਤੇ ਅਵਤਾਰ ਆਦਿ ਵੀ ਇਸ਼ਟ ਮੱਨੇਂ ਜਾਂਦੇ ਹਨ। ਇਹ ਦੇਵੀ/ਦੇਵਤੇ ਕਿਸੇ ਨਾ ਕਿਸੇ ਵਰਦਾਨ ਦੇ ਸੁਆਮੀ ਮਿਥੇ ਹੋਏ ਹਨ। ਅਭਿਲਾਸ਼ੀ ਦੀ ਜੋ ਕਾਮਨਾਂ ਹੋਵੇ ਉਸੇ ਵਰ ਦੇ ਦੇਵਤੇ/ਦੇਵੀ ਦੀ ਮੂਰਤੀ ਅੱਗੇ ਆਰਤੀ ਉਤਾਰੀ ਜਾਂਦੀ ਹੈ। ਜਿਵੇਂ, ਧੰਨ ਦੀ ਇੱਛਾ-ਪੂਰਤੀ ਵਾਸਤੇ ਲੱਛਮੀ ਦੇਵੀ ਦੀ, ਵਰਖਾ ਵਾਸਤੇ ਇੰਦਰ ਦੇਵਤੇ ਦੀ, ਸ਼ਕਤੀ ਵਾਸਤੇ ਭਗਉਤੀ/ਦੁਰਗਾ ਦੀ, ਵਿੱਦਿਆ-ਪ੍ਰਾਪਤੀ ਲਈ ਸਰਸਵਤੀ ਦੇਵੀ ਦੀ, ਇਸੇ ਤਰ੍ਹਾਂ ਗਣੇਸ਼, ਰਾਮ ਚੰਦਰ, ਕ੍ਰਿਸ਼ਨ ਤੇ ਹਨੂਮਾਨ ਆਦਿ ਦੀ……ਆਦਿ। ਮੰਦਿਰਾਂ ਵਿੱਚ ਮੂਰਤੀਆਂ ਦੀ ਆਰਤੀ ਉਤਾਰਣ ਦੀ ਰੀਤੀ ਵਿੱਚੋਂ ਪਰਮਈਸ਼ਵਰ ਪਰਮਾਤਮਾ ਦੇ ਸਰਬ-ਸ਼ਕਤੀਮਾਨਤਾ ਅਤੇ ਸਰਵਵਿਆਪਕਤਾ ਦੇ ਸਿਧਾਂਤਾਂ ਪ੍ਰਤਿ ਅਵਿਸ਼ਵਾਸ ਦੀ ਭਾਵਨਾਂ ਨਜ਼ਰ ਆਉਂਦੀ ਹੈ।

ਪਾਠਕ ਸਜਨੋਂ, ਆਓ! ਹੁਣ ਆਰਤੀ ਦੇ ਲੋਕਾਚਾਰੀ ਰਿਵਾਜ ਨੂੰ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵਿਸਤਾਰ ਨਾਲ ਵਿਚਾਰੀਏ। ਗੁਰਮਤਿ ਅਨੁਸਾਰ ਮਿਥਿਹਾਸਿਕ ਸ਼ਕਤੀਆਂ ਦੇ ਖ਼ਿਆਲੀ ਬੁੱਤਾਂ ਦੀ ਆਰਤੀ ਉਤਾਰਣ ਪਿੱਛੇ ਪਰਮਾਰਥ ਦੀ ਭਾਵਨਾਂ ਨਹੀਂ ਹੁੰਦੀ ਉਲਟਾ, ਸੰਸਾਰਕ ਸੁਆਰਥ, ਅੰਧਵਿਸ਼ਵਾਸ ਅਤੇ ਅਗਿਆਨਤਾ ਹੁੰਦੀ ਹੈ। ਇਸ ਲਈ ਨਿਰਗੁਣ ਸਿਧਾਂਤ ਦੇ ਧਾਰਨੀ ਤੇ ਪ੍ਰਚਾਰਕ ਬਾਣੀਕਾਰਾਂ ਨੇ ਆਰਤੀ ਉਤਾਰਣ ਦੇ ਵਿਆਪਕ ਹੋ ਚੁੱਕੇ ਇਸ ਲੋਕਾਚਾਰੀ ਨਿਰਾਰਥਕ ਪਾਖੰਡ-ਕਰਮ ਦਾ ਖੰਡਨ ਕੀਤਾ ਹੈ। ਅਦ੍ਵੈਤਵਾਦ (Monotheism) ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਇਸ ਵਾਸਤੇ ਗੁਰਬਾਣੀ ਵਿੱਚ ਇੱਕ ਅਕਾਲ ਪੁਰਖ ਦੀ ਹੀ ਉਪਾਸਨਾਂ/ਭਗਤੀ ਕਰਨ ਦਾ ਸੰਦੇਸ਼ ਹੈ। ਈਸ਼ਵਰ ਇੱਕ ਅਸੀਮ ਅਦ੍ਰਿਸ਼ਟ ਅਦੁੱਤੀ ਸ਼ਕਤੀ ਦਾ ਨਾਮ ਹੈ ਅਤੇ ਇਸ ਸ਼ਕਤੀ ਦਾ ਆਕਾਰ ਜਾਂ ਰੂਪ-ਰੇਖਾ ਨਹੀਂ ਹੈ। ਇਸ ਵਾਸਤੇ ਪਰਮਾਤਮਾ ਦੀ ਸਥੂਲ਼ ਮੂਰਤੀ ਹੋ ਹੀ ਨਹੀਂ ਸਕਦੀ ਜਿਸ ਦੀ ਆਰਤੀ ਉਤਾਰੀ ਜਾ ਸਕੇ! ਮਨੁੱਖਤਾ ਵਾਸਤੇ ਲੋੜੀਂਦੀਆਂ ਸਾਰੀਆਂ ਦਾਤਾਂ ਦਾ ਦਾਤਾਰ ਓਹ ਅਕਾਲਪੁਰਖ ਪਰਮਾਤਮਾ ਆਪ ਹੀ ਹੈ। ਇਸ ਲਈ ਕਿਸੇ ਵੀ ਮੰਗ ਵਾਸਤੇ ਉਸੇ ਅੱਗੇ ਅਰਦਾਸ ਕਰਨੀ ਹੀ ਸਹੀ ਹੈ।

ਗੁਰਬਾਣੀ ਵਿੱਚ ਕਈ ਤੁਕਾਂ ਤੇ ਕੁੱਝ ਸ਼ਬਦ ਹਨ ਜਿਨ੍ਹਾਂ ਵਿੱਚ ਸੰਸਾਰਕ ਆਰਤੀ ਦਾ ਬਿਬੇਕਤਾ ਨਾਲ ਖੰਡਨ ਕਰਦਿਆਂ ਸੱਚੀ ਅਧਿਆਤਮਿਕ ਆਰਤੀ ਦਾ ਤਰਕ-ਮਈ ਮੰਡਨ ਤੇ ਸਮਰਥਨ ਹੈ। ਇਸ ਲੇਖ ਵਿੱਚ, ਇਨ੍ਹਾਂ ਸ਼ਬਦਾਂ ਨੂੰ ਸ਼ਬਦ-ਕਾਰਾਂ ਦੇ ਜੀਵਨ-ਕਾਲ-ਕ੍ਰਮ (chronological order) ਅਨੁਸਾਰ ਵਿਚਾਰਿਆ ਗਿਆ ਹੈ।

ਸਤਿਨਾਮ ਅਕਾਲਪੁਰਖ ਦੀ ਆਰਤੀ/ਉਪਾਸਨਾ ਮਨ-ਮੰਦਿਰ ਅੰਦਰ ਉਸ ਦੇ ਨਾਮ-ਸਿਮਰਨ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਅਧਿਆਤਮਿਕ ਆਰਤੀ ਲਈ ਕਿਸੇ ਪੱਥਰ/ਕਾਗ਼ਜ਼ ਦੀ ਕਾਲਪਨਿਕ ਮੂਰਤੀ ਜਾਂ ਸਾਮਗ੍ਰੀ ਦੀ ਲੋੜ ਨਹੀਂ। ਇਸ ਵਿਚਾਰ ਦਾ ਪ੍ਰਗਟਾਵਾ ਰਵਿਦਾਸ ਜੀ (1376-1491) ਆਪਣੇ ਨਿਮਨ ਲਿਖਿਤ ਸ਼ਬਦ ਰਾਹੀਂ ਕਰਦੇ ਹਨ:-

“ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ॥ ੧॥ ਰਹਾਉ॥

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥

ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥ ੧॥

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥

ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ ੨॥

ਨਾਮੁ ਤੇਰੋ ਤਾਗਾ ਨਾਮੁ ਫੁਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥

ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥ ੩॥

ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ॥

ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥ ੪॥ ਧਨਾਰਸੀ ਰਵਿਦਾਸ ਜੀ

ਸ਼ਬਦ-ਅਰਥ:- ਨਾਮੁ=ਕਰਤਾਰ, ਹੁਕਮ ਏ ਇਲਾਹੀ, ਰੱਬੀ ਹੁਕਮ। ਮਜਨੁ=ਇਸ਼ਨਾਨ। ਉਰਸਾ=ਚੰਦਨ ਆਦਿ ਸੁਗੰਧੀਆਂ ਰਗੜਣ ਵਾਲੀ ਸਿੱਲ। ਅੰਭੁਲਾ=ਜਲ, ਪਾਣੀ। ਚਾਰੇ=ਚੜ੍ਹਾਉਂਦਾ ਹਾਂ। ਭਾਰ ਅਠਾਰਹ=ਸਾਰੀ ਬਨਸਪਤੀ। ਦਸ ਅਠਾ=ਅਠਾਰਾਂ (ਪੁਰਾਣ)। ਅਠਸਠੇ=ਹਿੰਦੂਆਂ ਦੇ ਅਠਾਹਠ ਤੀਰਥ। ਚਾਰੇ ਖਾਣੀ= ਜਨਮ ਮਰਨ ਦੇ ਚੱਕਰ ਦਾ ਜ਼ਰੀਆ (ਅੰਡਜ, ਜੇਰਜ, ਸੇਤਜ ਤੇ ਉਤਪਜ)। ਭੋਗ=ਪ੍ਰਸਾਦ, ਨੈਵੇਦ੍ਯ (ਭੋਜਨ ਜੋ ਸ਼੍ਰਧਾਲੂਆਂ ਵੱਲੋਂ ਮੂਰਤੀ ਨੂੰ ਅਰਪਿਤ ਕੀਤਾ ਜਾਂਦਾ ਹੈ ਪਰੰਤੂ, ਬਾਅਦ ਵਿੱਚ ਉਹ ਪੁਜਾਰੀ ਦਾ ਹੀ ਹੁੰਦਾ ਹੈ)।

ਭਾਵਅਰਥ:- ਰਵਿਦਾਸ ਜੀ ਪ੍ਰਭੂ ਨੂੰ ਸੰਬੋਧਿਤ ਹੋ ਕੇ ਬਿਨਤੀ ਕਰਦੇ ਹਨ ਕਿ ਹੇ ਹਰੀ! ਤੇਰਾ ਨਾਮ-ਸਿਮਰਨ ਹੀ ਮੇਰੇ ਵੱਲੋਂ ਤੇਰੀ ਆਰਤੀ ਹੈ; ਅਤੇ ਨਾਮ-ਸਿਮਰਨ ਦਾ ਅਧਿਆਤਮ-ਕਰਮ 68 ਤੀਰਥਾਂ ਦੇ ‘ਸਨਾਨ ਤੋਂ ਸ੍ਰੇਸ਼ਟ ਹੈ। ਹਰਿ-ਨਾਮ-ਸਿਮਰਨ ਤੋਂ ਬਿਨਾਂ ਕੀਤੇ ਗਏ ਸਾਰੇ ਧਰਮ-ਕਰਮ ਅਸਲ ਵਿੱਚ ਫੋਕਟ ਕਰਮ ਹਨ।

ਨਾਮ-ਸਿਮਰਨ ਰੂਪੀ ਤੇਰੀ ਆਰਤੀ ਉਤਾਰਣ ਲਈ ਲੋੜੀਂਦੀ ਸਾਮਗ੍ਰੀ ਵੀ ਕੇਵਲ ਨਾਮ ਹੀ ਹੈ। ਨਾਮ-ਸਿਮਰਨ ਹੀ ਮੇਰੇ ਵਾਸਤੇ ਪੁਜਾਰੀ ਦੇ ਬੈਠਣ ਦਾ ਵਸਤ੍ਰ, ਸੁਗੰਧੀਆਂ ਰਗੜਨ ਵਾਲੀ ਸਿੱਲ ਤੇ ਕੇਸਰ ਚੰਦਨ ਆਦਿ ਸੁਗੰਧੀਆਂ ਹਨ, ਅਤੇ ਮੈਂ ਨਾਮ-ਜਲ ਵਿੱਚ ਨਾਮ-ਰੂਪੀ ਕੇਸਰ ਘੋਲ ਕੇ ਇਸ ਦੇ ਛੱਟੇ ਦਿੰਦਾ ਹਾਂ; ਅਤੇ ਨਾਮ-ਜਲ ਵਿੱਚ ਨਾਮ ਰੂਪੀ ਦੈਵੀ ਚੰਦਨ ਰਗੜ ਕੇ ਤੈਨੂੰ ਚੜ੍ਹਾਉਂਦਾ ਹਾਂ।

ਹੇ ਹਰੀ! ਮੈਂ ਤੇਰੇ ਨਾਮ-ਦੀਵੇ ਵਿੱਚ ਨਾਮ ਦੀ ਹੀ ਬੱਤੀ ਤੇ ਤੇਲ ਪਾਇਆ ਹੈ ਅਤੇ ਇਸ ਆਤਮਿਕ ਦੀਵੇ ਵਿੱਚ ਉਸੇ ਨਾਮ (ਹਰਿ-ਹੁਕਮ) ਦੀ ਹੀ ਉਹ ਜੋਤ ਜਗਾਈ ਹੈ ਜਿਸ ਸਦਕਾ ਸਾਰੀ ਸ੍ਰਿਸ਼ਟੀ ਅੰਦਰ ਪ੍ਰਕਾਸ਼ ਪਸਰਿਆ ਹੋਇਆ ਹੈ।

ਨਾਮ ਦੇ ਮੁਕਾਬਲੇ ਸਾਰੀ ਬਨਸਪਤੀ ਦੇ ਫੁੱਲ, ਫਲ ਤੇ ਪੱਤੇ ਆਦਿ ਤੁੱਛ ਹਨ, ਕਿਉਂਕਿ ਇਹ ਸਾਰੇ ਸੰਸਾਰੀਆਂ ਦੀ ਸੁਆਰਥੀ ਛੁਹ ਕਾਰਣ ਜੂਠੇ ਹਨ; ਇਸ ਵਾਸਤੇ ਮੈਂ ਨਾਮ ਦੇ ਧਾਗੇ ਨਾਲ ਨਾਮ-ਰੂਪੀ ਸ੍ਵੱਛ ਫੁੱਲਾਂ ਦੀ ਮਾਲਾ ਗੁੰਦ ਕੇ ਤੈਨੂੰ ਭੇਟ ਕਰਦਾ ਹਾਂ। ਦ੍ਰਿਸ਼ਟਮਾਨ ਸੰਸਾਰ ਦਾ ਸਾਰਾ ਕੁੱਝ ਤੇਰੀ ਹੀ ਕ੍ਰਿਤ/ਦਾਤ ਹੈ, ਇਸ ਲਈ ਤੈਨੂੰ ਮੈਂ ਮੇਰਾ ਆਪਣਾ ਕੁੱਝ ਵੀ ਅਰਪਿਤ ਕਰਨ ਦੇ ਸਮਰੱਥ ਨਹੀਂ। ਮੈਂ ਤੇਰੇ ਨਾਮ ਦਾ ਹੀ ਚੌਰ ਤੇਰੇ `ਤੇ ਝੁਲਾ ਰਿਹਾ ਹਾਂ।

ਸਾਰੇ ਲੋਕ, ਪੁਜਾਰੀਆਂ ਮਗਰ ਲੱਗ ਕੇ, ਅਠਾਰਾਂ ਪੁਰਾਣਾਂ ਦੀਆਂ ਮਿਥਿਹਾਸਕ ਕਥਾ ਕਹਾਣੀਆਂ ਵਿੱਚ ਉਲਝੇ ਹੋਏ ਹਨ ਅਤੇ ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਧਰਮ-ਕਰਮ ਸਮਝ ਕੇ ਜਨਮ ਮਰਨ ਦੇ ਸਦੀਵੀ ਚੱਕਰ ਵਿੱਚ ਭਟਕ ਰਹੇ ਹਨ।

ਰਵਿਦਾਸ ਕਥਨ ਕਰਦਾ ਹੈ ਕਿ ਹੇ ਪ੍ਰਭੂ! ਤੇਰੇ ਨਾਮ ਦਾ ਚਿੰਤਨ ਹੀ ਮੇਰੀ ਆਰਤੀ ਹੈ। ਅਤੇ ਮੈਂ ਤੇਰੇ ਸਤਿ ਨਾਮੁ ਦਾ ਭੋਗ ਹੀ ਤੈਨੂੰ ਲਵਾਉਂਦਾ ਹਾਂ।

ਸੰਖੇਪ ਵਿੱਚ, ਆਰਤੀ ਦੀ ਪ੍ਰਥਾ ਪੁਜਾਰੀਆਂ ਦੁਆਰਾ ਫੈਲਾਇਆ ਇੱਕ ਨਿਰਾਰਥਕ ਪਾਖੰਡ-ਕਰਮ ਹੈ ਜਿਸ ਵਿੱਚ ਉਲਝਾ ਕੇ ਉਨ੍ਹਾਂ ਨੇ, ਆਪਣੇ ਸੁਆਰਥ ਲਈ, ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਜੀਵਨ-ਮਨੋਰਥ ਦੀ ਪੂਰਤੀ ਵਾਸਤੇ ਹਰਿ-ਨਾਮ-ਅਭਿਆਸ ਹੀ ਇੱਕੋ ਇੱਕ ਸਹੀ ਸਾਧਨ ਹੈ।

ਚਲਦਾ……

ਗੁਰਇੰਦਰ ਸਿੰਘ ਪਾਲ

ਸਤੰਬਰ 11, 2011.
.