.

ਕਰਤਾਰਪੁਰੀ ਬੀੜ ਨਾਲ ਸਬੰਧਿਤ ਕੁੱਝ ਅਹਿਮ ਨੁਕਤੇ

ਪਿੱਛੇ ਜਿਹੇ ਸਿਖਮਾਰਗ ਵੈਬਸਾਈਟ ਉੱਤੇ ਕਰਤਾਰਪੁਰੀ ਬੀੜ ਸਬੰਧੀ ਗੰਭੀਰ ਵਿਚਾਰ-ਚਰਚਾ ਚੱਲ਼ੀ। ਇਸ ਵਿਚਾਰ-ਚਰਚਾ ਦੀ ਵੱਡੀ ਦੇਣ ਇਹ ਰਹੀ ਹੈ ਕਿ ਇਸ ਰਾਹੀਂ ਵਿਚਾਰਵਾਨਾਂ ਅਤੇ ਵਿਦਵਾਨਾਂ ਦਾ ਇਸ ਬੀੜ ਬਾਰੇ ਚਰਚਾ ਕਰਨ ਦਾ ਝਾਕਾ ਦੂਰ ਹੋਇਆ ਹੈ ਅਤੇ ਇਸ ਬੀੜ ਬਾਰੇ ਖੁਲ੍ਹ ਕੇ ਗੱਲ ਕਰਨ ਦਾ ਰੁਝਾਨ ਬਣਨ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਇਸ ਵਿਚਾਰ-ਚਰਚਾ ਤੋਂ ਪਿਛੋਂ ਜਲਦੀ ਹੀ ਇਸ ਵੈਬਸਾਈਟ ਤੇ ਕਰਤਾਰਪੁਰੀ ਬੀੜ ਦੇ ਵਿਸ਼ੇ ਤੇ ਦੋ ਲੇਖ ਪਾਏ ਗਏ ਹਨ, ਇੱਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਲਿਖਿਆ ਹੋਇਆ ‘ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਦਾ ਅਧਾਰ ਅਤੇ ਉਸਦਾ ਸਦੀਵੀ ਹਲ’ ਅਤੇ ਦੂਸਰਾ ਸਰਵਜੀਤ ਸਿੰਘ ਜੀ ਦਾ ਲਿਖਿਆ ਹੋਇਆ ‘ਕਰਤਾਰਪੁਰੀ ਬੀੜ ਦੀ ਅਸਲੀਅਤ’।

ਆਪਣੇ ਉਪਰੋਕਤ ਲੇਖ ਵਿੱਚ ਗਿਆਨੀ ਜਾਚਕ ਜੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਸ਼ਬਦਾਂ ਰਾਹੀਂ ਸਵੀਕਾਰ ਕਰਦੇ ਨਜ਼ਰ ਆਉਂਦੇ ਹਨ ਕਿ ਕਰਤਾਰਪੁਰੀ ਬੀੜ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਇਆ ਹੋਇਆ ਆਦਿ ਗ੍ਰੰਥ (ਪੋਥੀ ਸਾਹਿਬ) ਨਹੀਂ ਸਗੋਂ ਇਹ ਮਹਿਜ਼ ਇੱਕ ਉਤਾਰਾ ਹੈ। ਉਹ ਪ੍ਰਿੰਸੀਪਲ ਸਾਹਿਬ ਨੂੰ ਹੇਠ ਲਿਖੇ ਅਨੁਸਾਰ ਕਹਿੰਦੇ ਹੋਏ ਦਰਸਾਉਂਦੇ ਹਨ:

“ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੱਲੋਂ ਭਾਈ ਗੁਰਦਾਸ ਜੀ ਦੁਆਰਾ ਲਿਖਾਈ ਅਤੇ ਸੰਪਾਦਿਤ ਕਰਵਾਈ ਗਈ ਬੀੜ ਦੇ ਹੁਣ ਤੱਕ ਦੀ ਹੋਈ ਖੋਜ ਤੇ ਮੇਰੀ ਤੁੱਛ ਬੁੱਧੀ ਮੁਤਾਬਿਕ ਕੇਵਲ ਦੋ ਹੀ ਨਿਕਟਵਰਤੀ ਉਤਾਰੇ ਹੋਏ ਹਨ; ਇੱਕ ਹੈ ਕਰਤਾਰਪੁਰੀ ਬੀੜ ਤੇ ਦੂਜੀ ਹੈ ਸਿੱਖ ਰੈਫਰੈਂਸ (ਲਾਇਬਰੇਰੀ) ਵਿੱਚਲੀ ਸ੍ਰੀ ਹਰਗੋਬਿੰਦ ਸਾਹਿਬ ਵਾਲੀ ਲਹੌਰੀ ਬੀੜ।”

(ਗਿਆਨੀ ਜਾਚਕ ਜੀ ਨੇ ਸਿਖਮਾਰਗ ਵੈਬਸਾਈਟ ਤੇ ਪਹਿਲਾਂ ਆ ਚੁੱਕੇ ਆਪਣੇ ਲੇਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਮਦਮੀ ਸਰੂਪ ਦਾ ਇਤਿਹਾਸਕ ਸੱਚ’ ਵਿੱਚ ਕਰਤਾਰਪੁਰੀ ਬੀੜ ਦਾ ਆਦਿ ਗ੍ਰੰਥ ਦੇ ਤੌਰ ਤੇ ਜ਼ਿਕਰ ਕੀਤਾ ਹੈ ਪਰੰਤੂ ਹੁਣ ਵਾਲੇ ਲੇਖ ਵਿੱਚ ਉਹਨਾਂ ਵੱਲੋਂ ਕਰਤਾਰਪੁਰੀ ਬੀੜ ਨੂੰ ਇੱਕ ‘ਉਤਾਰਾ’ ਸਵੀਕਾਰ ਕਰਦੇ ਹੋਏ ਆਪਣੀ ਧਾਰਨਾ ਵਿੱਚ ਤਬਦੀਲੀ ਕਰ ਲਈ ਸਾਬਿਤ ਹੁੰਦੀ ਹੈ।)

ਦੂਸਰੇ ਪਾਸੇ ਸਰਵਜੀਤ ਸਿੰਘ ਜੀ ਨੇ ਆਪਣੇ ਲੇਖ ਵਿੱਚ ਬੇਝਿਜਕ ਹੋਕੇ ਐਲਾਨਿਆਂ ਹੈ ਕਿ “ਹੁਣ ਇਹ ਸਪੱਸ਼ਟ ਹੈ ਕਿ ਕਰਤਾਰਪੁਰੀ ਬੀੜ ਦੀ ਪਰਮਾਣਿਕਤਾ ਸਾਬਿਤ ਕਰਨੀ ਸੰਭਵ ਨਹੀਂ।” ਆਪਣੇ ਲੇਖ ਵਿੱਚ ਉਹਨਾਂ ਨੇ ਭਾਈ ਜੋਧ ਸਿੰਘ ਸਮੇਤ ਕਰਤਾਰਪੁਰੀ ਬੀੜ ਸਬੰਧੀ ਡੂੰਘੀ ਖੋਜ ਕਰ ਚੁੱਕੇ ਕਈ ਵਿਦਵਾਨਾਂ ਦੀਆਂ ਲਿਖਤਾਂ ਵਿੱਚੋਂ ਢੁੱਕਵੇਂ ਹਵਾਲੇ ਦਿੰਦੇ ਹੋਏ ਭਲੀ-ਭਾਤ ਸਪਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰੀ ਬੀੜ ਅਸਲੀ ਆਦਿ ਗ੍ਰੰਥ ਨਹੀਂ।

ਸਿਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਵੱਲੋਂ ਇਨ੍ਹੀਂ ਦਿਨੀਂ ਪਾਠਕਾਂ ਦੇ ਪੱਧਰ ਤੇ ਵਿਚਾਰ-ਚਰਚਾ ਬੰਦ ਕੀਤੀ ਹੋਈ ਹੋਣ ਕਰਕੇ ਉਪਰੋਕਤ ਲੇਖਾਂ ਸਬੰਧੀ ਵਿਦਵਾਨ ਪਾਠਕਾਂ ਦੀਆਂ ਟਿੱਪਣੀਆਂ ਸਾਹਮਣੇ ਨਹੀਂ ਆ ਸਕੀਆਂ। ਜੇਕਰ ਵੈਬਸਾਈਟ ਉੱਤੇ ਵਿਚਾਰ-ਚਰਚਾ ਦਾ ਸਿਲਸਿਲਾ ਜਾਰੀ ਰਹਿੰਦਾ ਤਾਂ ਨਿਰਸੰਦੇਹ ਹੋਰ ਕਈ ਸੱਜਣਾਂ ਨੂੰ ਕਰਤਾਰਪੁਰੀ ਬੀੜ ਦੇ ਵਿਸ਼ੇ ਸਬੰਧੀ ਆਪਣੇ ਵਿਚਾਰ ਪਰਗਟ ਕਰਨ ਦਾ ਮੌਕਾ ਮਿਲਦਾ ਅਤੇ ਸਥਿਤੀ ਵਧੇਰੇ ਚੰਗੀ ਤਰ੍ਹਾਂ ਸਪਸ਼ਟ ਹੋਣ ਦੀ ਸੰਭਾਵਨਾਂ ਬਣਦੀ।

ਹੁਣ, ਇੱਥੇ ਅਸੀਂ ਕਰਤਾਰਪੁਰੀ ਬੀੜ ਬਾਰੇ ਕੁੱਝ ਅਹਿਮ ਨੁਕਤਿਆਂ ਸਬੰਧੀ ਗੱਲ ਕਰਾਂਗੇ।

1. ਹੁਣ ਤਕ ਤਾਂ ਕਰਤਾਰਪੁਰੀ ਬੀੜ ਦੇ ਅੰਨ੍ਹੇ ਸਮਰਥਕਾਂ ਵੱਲੋਂ ਇਸ ਬੀੜ ਬਾਰੇ ਗੱਲ ਕਰਨਾ ਇੱਕ ਵਿਵਰਜਤ ਕਾਰਜ (taboo ) ਬਣਾ ਦਿੱਤਾ ਗਿਆ ਹੋਇਆ ਸੀ ਖਾਸ ਕਰਕੇ 1992 ਈਸਵੀ ਵਿੱਚ ਅਖੌਤੀ ਅਕਾਲ-ਤਖਤ ਦੇ ਉਸ ਵੇਲੇ ਦੇ ਜਥੇਦਾਰ ਅਤੇ ਉਸਦੇ ਸਾਥੀਆਂ ਵੱਲੋਂ ਵਿਦਵਾਨ ਡਾ. ਪਿਆਰ ਸਿੰਘ ਨੂੰ ਤਨਖਾਹੀਆਂ ਕਰਾਰ ਦੇਣ ਪਿੱਛੋਂ। ਸਿਖ ਮਾਨਸਿਕਤਾ ਵਿੱਚ ਅਜਿਹੀ ਸਹਿਮ ਦੀ ਭਾਵਨਾ (phobia) ਪੈਦਾ ਕਰ ਦਿੱਤੀ ਗਈ ਸੀ ਕਿ ਕੋਈ ਕਰਤਾਰਪੁਰੀ ਬੀੜ ਬਾਰੇ ਜ਼ੁਬਾਨ ਖੋਲ੍ਹਣ ਲਈ ਤਿਆਰ ਹੀ ਨਹੀਂ ਸੀ ਭਾਵੇਂ ਕਿ ਇਹ ਕਿਸੇ ਨੂੰ ਵੀ ਸਪਸ਼ਟ ਨਹੀਂ ਸੀ ਕਿ ਕਰਤਾਰਪੁਰੀ ਬੀੜ ਬਾਰੇ ਗੱਲ ਕਰਨ ਉੱਤੇ ਇਤਰਾਜ਼ ਕਿਉਂ ਹੈ। ਪਰੰਤੂ ਸਿਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਨੇ ਭੈ-ਮੁਕਤ ਹੋ ਕੇ ਕਰਤਾਰਪੁਰੀ ਬੀੜ ਦੇ ਵਿਸ਼ੇ ਤੇ ਲਿਖਤਾਂ ਅਤੇ ਵਿਚਾਰ-ਚਰਚਾ ਪ੍ਰਕਾਸ਼ਿਤ ਕਰਦੇ ਹੋਏ ਕਰਤਾਰਪੁਰੀ ਬੀੜ ਬਾਰੇ ਖੁਲ੍ਹ ਕੇ ਵਿਚਾਰ ਪਰਗਟ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ।

ਇਸ ਵਿਸ਼ੇ ਤੇ ਡੂੰਘਾਈ ਨਾਲ ਵਿਚਾਰ ਕਰਨ ਤੇ ਇਹ ਸਾਹਮਣੇ ਆਉਂਦਾ ਹੈ ਕਿ ਕਰਤਾਰਪੁਰੀ ਬੀੜ ਬਾਰੇ ਚਰਚਾ ਕਰਨ ਸਬੰਧੀ ਡਰ ਇਸ ਕਰਕੇ ਰਿਹਾ ਹੈ ਕਿ ਕਰਤਾਰਪੁਰੀ ਬੀੜ ਨੂੰ ਸਤਾਰ੍ਹਵੀਂ ਸਦੀ ਦੇ ਪਿਛਲੇ ਹਿੱਸੇ ਤੋਂ ਲੈਕੇ ਆਦਿ ਗ੍ਰੰਥ (ਪੋਥੀ ਸਾਹਿਬ) ਦੇ ਤੌਰ ਤੇ ਪਰਚਾਰਿਆ ਜਾਂਦਾ ਆ ਰਿਹਾ ਹੈ ਅਤੇ ਸਿਖ ਮਾਨਸਿਕਤਾ ਨੂੰ ਇਸ ਤਰ੍ਹਾਂ ਸੰਮੋਹਿਤ (hypnotize) ਕਰ ਦਿੱਤਾ ਗਿਆ ਹੈ ਕਿ ਉਹ ਕਰਤਾਰਪੁਰੀ ਬੀੜ ਦੀ ਉਤਪਤੀ, ਇਤਹਾਸ ਅਤੇ ਪਾਠ ਬਾਰੇ ਕੋਈ ਵੀ ਟੀਕਾ-ਟਿੱਪਣੀ ਕਰਨ ਨੂੰ ਨਾਂ ਕੇਵਲ ਆਦਿ ਗ੍ਰੰਥ ਉੱਤੇ ਕਿੰਤੂ-ਪ੍ਰੰਤੂ ਕਰਨ ਦੇ ਤੌਰ ਤੇ ਲਵੇ ਸਗੋਂ ਅਜਿਹੀ ਕਾਰਵਾਈ ਨੂੰ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਮਾਣਕਿਤਾ ਤੇ ਉਂਗਲੀ ਉਠਾਉਣ ਦੇ ਤੁੱਲ ਸਮਝੇ।

2. ਉਪਰੋਕਤ ਸਥਿਤੀ ਵਿੱਚ ਬੜੀ ਵੱਡੀ ਅਸੰਗਤੀ ਹੈ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਜੀ ਦੇ ਤੌਰ ਤੇ ਪੇਸ਼ ਕਰਨਾ। ਉਂਜ ਵੀ ਸਿਖ ਮਾਨਸਿਕਤਾ ਵਿੱਚ ਆਦਿ ਗ੍ਰੰਥ ਨੂੰ ਸ੍ਰੀ ਗੁਰੁ ਗ੍ਰੰਥ ਜੀ ਦੇ ਤੌਰ ਤੇ ਕਿਆਸਣ ਦੀ ਅਨਉਚਿਤ ਰੁਚੀ ਸਮਾਈ ਹੋਈ ਹੈ ਜਿਵੇਂ ਕਿ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ “ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਜੀ ਦਾ ਪਹਿਲਾ ਪਰਕਾਸ਼ 1604 ਈਸਵੀ ਵਿੱਚ ਹੋਇਆ ਸੀ” ਭਾਵੇਂ ਕਿ ਇਸ ਅਸਲੀਅਤ ਨੂੰ ਸਾਰੇ ਹੀ ਜਾਣਦੇ ਹਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 1604 ਈਸਵੀ ਵਿੱਚ ਪਰਕਾਸ਼ ‘ਆਦਿ ਗ੍ਰੰਥ’ (ਉਸ ਵਕਤ ਦਾ ਨਾਮ ‘ਪੋਥੀ ਸਾਹਿਬ’ ) ਦਾ ਹੋਇਆ ਸੀ ਨਾ ਕਿ ‘ਸ੍ਰੀ ਗੁਰੂ ਗ੍ਰੰਥ ਜੀ’ ਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਜੀ ਸਿੱਖਾਂ ਦੇ ਗਿਆਰ੍ਹਵੇਂ ਗੁਰੁ ਜੀ ਦੇ ਤੌਰ ਤੇ 1708 ਈਸਵੀ ਵਿੱਚ ਪਰਗਟ ਹੋਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੰਸਾਰਕ ਯਾਤਰਾ ਸਮਾਪਤੀ ਤੇ ਆਈ ਮਹਿਸੂਸ ਕਰਦਿਆਂ ਨੰਦੇੜ ਵਿਖੇ ਦਮਦਮੀ ਬੀੜ ਨੂੰ ਆਪਣੇ ਤੋਂ ਅਗਲੇ ਗੁਰੂ ਜੀ ਵੱਜੋਂ ਗੁਰਗੱਦੀ ਪਰਦਾਨ ਕੀਤੀ ਸੀ। ਦਮਦਮੀ ਬੀੜ ਆਦਿ ਗ੍ਰੰਥ ਨਹੀਂ ਸੀ। ਫਿਰ ਕਰਤਾਰਪੁਰੀ ਬੀੜ ਦੀ ਆਦਿ ਗ੍ਰੰਥ ਦੇ ਤੌਰ ਤੇ ਪੜਚੋਲ ਕਰਨ ਵਿੱਚ ਕਿਸੇ ਕਿਸਮ ਦਾ ਭੈ ਮਹਿਸੂਸ ਕਰਨ ਦੀ ਤਾਂ ਕੋਈ ਗੱਲ ਨਹੀਂ ਹੋ ਸਕਦੀ। ਆਦਿ ਗ੍ਰੰਥ ਤਾਂ ਸਿਖਾਂ ਦਾ ਸਤਿਕਾਰਿਤ ਧਾਰਮਿਕ ਗ੍ਰੰਥ (scripture) ਰਿਹਾ ਹੈ। ਜੇਕਰ ਕੋਈ ਧਿਰ ਆਦਿ ਗ੍ਰੰਥ ਦੇ ਆਪਣੇ ਕੋਲ ਹੋਣ ਦਾ ਦਾਵਾ ਕਰੇ ਅਤੇ ਇਹ ਦਾਵਾ ਸ਼ੱਕੀ ਜਾਪੇ ਤਾਂ ਇਸ ਬਾਰੇ ਪੜਤਾਲ ਅਤੇ ਵਿਚਾਰ-ਚਰਚਾ ਕਰਨ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ। ਸਿੱਖਾਂ ਨੂੰ ਤਾਂ ਇਹ ਵੀ ਹੱਕ ਹੈ ਕਿ ਉਹ ਆਪਣੇ ਗੁਰੂ ਜੀ ਨੂੰ ਵੀ ਕਿਸੇ ਵਿਸ਼ੇਸ਼ ਸਥਿਤੀ ਵਿੱਚ ਟੋਕ ਸਕਦੇ ਹਨ ਅਤੇ ਦੰਡ ਵੀ ਦੇ ਸਕਦੇ ਹਨ ਜਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਖਣ ਨੂੰ ਜਾਂਦਿਆਂ ਰਾਜਪੁਤਾਨੇ ਵਿੱਚ ਮਹਾਤਮਾ ਦਾਦੂ ਜੀ ਦੀ ਸਮਾਧ ਤੇ ਆਪਣੀ ਕਮਾਨ ਦੇ ਕੋਨੇ ਨਾਲ ਪਰਣਾਮ ਕਰਨ ਤੇ ਵਾਪਰਿਆ ਸੀ। ਹੁਣ, ਇਤਹਾਸਿਕ ਪ੍ਰਸਥਿਤੀਆਂ ਨੂੰ ਸਾਹਮਣੇ ਰੱਖਦੇ ਹੋਏ ਇਹ ਸਵਾਲ ਉੱਠਣਾ ਤਾਂ ਸੁਭਾਵਕ ਹੀ ਹੈ ਕਿ ਕਰਤਾਰਪੁਰੀ ਬੀੜ ਅਸਲੀ ਆਦਿ ਗ੍ਰੰਥ ਹੈ ਵੀ ਕਿ ਨਹੀਂ ਜਦੋਂ ਕਿ ਬਹੁਤ ਸਾਰੇ ਵਿਦਵਾਨ ਇਸ ਨੂੰ ਆਪ ਘੋਖਣ ਉਪਰੰਤ ਇਹ ਦਾਵਾ ਕਰ ਚੁੱਕੇ ਹਨ ਕਿ ਇਹ ਬੀੜ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਇਆ ਹੋਇਆ ਆਦਿ ਗ੍ਰੰਥ ਨਹੀਂ। ਇਹਨਾਂ ਵਿਦਵਾਨਾਂ ਵਿੱਚ ਭਾਈ ਕਾਹਨ ਸਿੰਘ ਨਾਭਾ ਵੀ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ ਜਾਗਰੂਕ ਕਹਾਉਂਦੀਆਂ ਧਿਰਾਂ ਵੱਲੋਂ ਜਗਿਆਸੂਆਂ ਨੂੰ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ (authenticity) ਨੂੰ ਪਰਖਣ ਦੀ ਮੰਗ ਕਰਨ ਤੋਂ ਰੋਕਣ ਨਾਲੋਂ ਇਹ ਯਤਨ ਕਰਨਾ ਚਾਹੀਦਾ ਹੈ ਕਿ ਇਸ ਬੀੜ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਸਿਖ ਕੌਮ ਨਾਲ ਸਦੀਆਂ ਤੋਂ ਕੀਤੇ ਜਾ ਰਹੇ ਫਰੇਬ ਨੂੰ ਨੰਗਿਆਂ ਕੀਤਾ ਜਾਵੇ।

3. ਕਰਤਾਰਪੁਰੀ ਬੀੜ ਨੂੰ ਆਦਿ ਗ੍ਰੰਥ ਦੇ ਤੌਰ ਤੇ ਪੇਸ਼ ਕਰਨ ਦੀ ਰਵਾਇਤ ਦੇ ਸਮਰਥਕ ਇਸ ਬੀੜ ਨੂੰ ‘ਨਕਲੀ’ ਗਰਦਾਨੇ ਜਾਣ ਤੇ ਤਾਂ ਲੋਹੇ-ਲਾਖੇ ਹੋ ਜਾਂਦੇ ਹਨ ਅਤੇ ਮਰਨ-ਮਾਰਨ ਤਕ ਪਹੁੰਚ ਜਾਂਦੇ ਹਨ। ਪਰੰਤੂ ਜੇਕਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਉਹ ਕਰਤਾਰਪੁਰ ਜਾ ਕੇ ਸੋਢੀ ਪਰਿਵਾਰ (ਸ੍ਰੀ ਧੀਰਮੱਲ ਦੇ ਵੰਸ਼ਜਾਂ) ਤਕ ਪਹੁੰਚ ਕਰਨ ਅਤੇ ਕਰਤਾਰਪੁਰੀ ਬੀੜ ਨੂੰ ਜਨਤਕ ਕਰਵਾਉਣ ਤਾਂ ਉਹਨਾਂ ਨੂੰ ਸੱਪ ਸੁੰਘ ਜਾਂਦਾ ਹੈ। ਕੇਵਲ ਇਸ ਬੀੜ ਨੂੰ ਜਨਤਕ ਕਰਵਾਉਣ ਨਾਲ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਅਤੇ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ। ਕਰਤਾਰਪੁਰ ਜਲੰਧਰ ਤੋਂ ਕੇਵਲ ਪੰਦਰਾਂ-ਵੀਹ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਅੱਜ ਤਾਂ ਮਨੁੱਖ ਚੰਦ ਤੋਂ ਵੀ ਅਗਾਂਹ ਤਕ ਪਹੁੰਚ ਗਿਆ ਹੈ। ਸਿਖ ਕੌਮ ਕਰਤਾਰਪੁਰ ਦੇ ਸੋਢੀ ਪਰਿਵਾਰ ਤੱਕ ਵੀ ਨਹੀਂ ਪਹੁੰਚ ਸਕਦੀ। ਪਹਿਲਾਂ ਤਾਂ ਕਿਸੇ ਦੋਖੀ ਨੇ ਆਦਿ ਗ੍ਰੰਥ ਨੂੰ ਖੁਰਦ-ਬੁਰਦ ਕਰਕੇ ਸਿਖ ਕੌਮ ਨਾਲ ਧਰੋਹ ਕਮਾਇਆ। ਫਿਰ ਸੋਢੀ ਪਰਿਵਾਰ ਵੱਲੋਂ ਕਿਸੇ ਜਾਲ੍ਹੀ ਗ੍ਰੰਥ ਨੂੰ ਆਦਿ ਬੀੜ ਦੇ ਤੌਰ ਤੇ ਪੇਸ਼ ਕਰਕੇ ਤਿੰਨ ਸਦੀਆਂ ਤੋਂ ਸਿਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਉਧਰ ਗੁਲਾਮ ਮਾਨਸਿਕਤਾ ਦੇ ਮਾਰੇ ਹੋਏ ਸਿਖ ਸ਼ਰਧਾਲੂ ਹਨ ਕਿ ਚੁਪ-ਚਾਪ ਦੂਰੋਂ ਹੀ ਇਸ ਬੀੜ ਨੂੰ ਪਰਣਾਮ ਕਰ ਛੱਡਦੇ ਹਨ। ਕਿਸੇ ਨੂੰ ਇਹ ਫੁਰਨਾਂ ਨਹੀਂ ਫੁਰਦਾ ਕਿ ਭਲਾ ਆਪਣੀਆਂ ਅੱਖਾਂ ਨਾਲ ਵੇਖਿਆਂ ਤਾਂ ਜਾਵੇ ਕਿ ਇਸ ਬੀੜ ਦੀ ਅਸਲੀਅਤ ਕੀ ਹੈ। ਉਂਜ ਭਾਵੇਂ ਉਹ ਹੇਮ-ਕੁੰਟ ਜਿਹੇ ਗੁਰਮਤ ਵਿਰੋਧੀ ਸਥਾਨ ਦੇ ਕਈ-ਕਈ ਚੱਕਰ ਕਟ ਲਵੇ। ਅਖੌਤੀ ਜੱਥੇਦਾਰ ਵੀ ਸਾਰੇ ਸੰਸਾਰ ਵਿੱਚ ਉਡਾਰੀਆਂ ਲਾਉਂਦੇ ਫਿਰਦੇ ਹਨ ਪਰੰਤੂ ਕਰਤਾਰਪੁਰੀ ਬੀੜ ਦੀ ਪੜਤਾਲ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਸੋਢੀ ਪਰਿਵਾਰ ਦੇ ਮੁਹੱਲੇ ਵਿੱਚ ਗੇੜਾ ਨਹੀਂ ਮਾਰ ਸਕਦੇ।

4. ਹੁਣ ਜਦੋਂ ਕਿ ਕਰਤਾਰਪੁਰੀ ਬੀੜ ਬਾਰੇ ਬਹੁਤੇ ਵਿਦਵਾਨ ਇਸ ਨੁਕਤੇ ਤੇ ਸਹਿਮਤ ਹੋ ਗਏ ਹਨ ਕਿ ਇਹ ਬੀੜ ਅਸਲੀ ਆਦਿ ਗ੍ਰੰਥ ਨਹੀਂ ਫਿਰ ਵੀ ਕੁੱਝ ਧਿਰਾਂ ਨੂੰ ਇਹ ਇਤਰਾਜ਼ ਹੈ ਕਿ ਇਸ ਨੂੰ ‘ਨਕਲੀ’ ਕਿਉਂ ਕਿਹਾ ਜਾ ਰਿਹਾ ਹੈ। ਬੀੜ ਦੇ ਇਸ ਪੱਖ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਕਰਤਾਰਪੁਰੀ ਬੀੜ ਆਦਿ ਗ੍ਰੰਥ ਦੀ ਨਕਲ ਨਹੀਂ ਸਗੋਂ ਇਹ ਭਾਈ ਬੰਨੋਂ ਵਾਲੀ ਬੀੜ ਦੀ ਅੱਗੇ ਨਕਲ ਦਰ ਨਕਲ ਉੱਤੇ ਅਧਾਰਿਤ ਇੱਕ ਖਾਸ ਮਕਸਦ ਨਾਲ ਤਿਆਰ ਕੀਤਾ ਗਿਆ ਗ੍ਰੰਥ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਈ ਬੰਨੋਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਚੋਰੀ ਆਦਿ ਗ੍ਰੰਥ ਦਾ ਇੱਕ ਉਤਾਰਾ ਕਰ ਲਿਆ ਸੀ ਅਤੇ ਇਸ ਵਿੱਚ ਦੋ ਵਾਧੂ ਸ਼ਬਦ ਪਾ ਲਏ ਸਨ ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਨੇ ਇਸ ਉਤਾਰੇ ਉੱਤੇ ‘ਖਾਰੀ ਬੀੜ’ ਭਾਵ ‘ਅਸ਼ੁਧ ਬੀੜ’ ਅੰਕਿਤ ਕਰ ਦਿੱਤਾ ਸੀ। ਬਾਦ ਵਿੱਚ ਭਾਈ ਬੰਨੋਂ ਵਾਲੀ ਬੀੜ ਜੋ ਕਿ ਭਾਈ ਬੰਨੋਂ ਦੇ ਪਰਿਵਾਰ ਨੇ ਆਪਣੇ ਪਿੰਡ ਖਾਰਾ ਮਾਂਗਟ (ਹੁਣ ਪਾਕਿਸਤਾਨ ਵਿਚ) ਵਿਖੇ ਰੱਖੀ ਹੋਈ ਸੀ, ਅਲੋਪ ਹੋ ਗਈ ਸੀ। ਪਰੰਤੂ ਉਸ ਵੇਲੇ ਤਕ ਇਸ ਬੀੜ ਦੇ ਕੁੱਝ ਉਤਾਰੇ ਹੋ ਚੁੱਕੇ ਸਨ ਅਤੇ ਇਹਨਾਂ ਉਤਾਰਿਆਂ ਵਿੱਚ ਕਈ ਹੋਰ ਵਾਧੂ ਰਚਨਾਵਾਂ ਸ਼ਾਮਲ ਕਰ ਲਈਆਂ ਗਈਆਂ ਸਨ। ਆਦਿ ਗ੍ਰੰਥ ਅਤੇ ਆਦਿ ਗ੍ਰੰਥ ਦੇ ਕਿਸੇ ਹੂਬਹੂ ਉਤਾਰੇ ਦੀ ਗੈਰਮੌਜੂਦਗੀ ਵਿੱਚ ਸ੍ਰੀ ਧੀਰਮੱਲ ਜੀ ਦੇ ਵੰਸ਼ਜਾਂ ਨੇ ਭਾਈ ਬੰਨੋਂ ਵਾਲੀ ਬੀੜ ਦੇ ਸਮਝੇ ਜਾਂਦੇ ਕਿਸੇ ਉਤਾਰੇ ਨੂੰ ਆਦਿ ਬੀੜ ਦੇ ਤੌਰ ਤੇ ਪਰਚਾਰਨ ਹਿਤ ਹੱਥਿਆ ਲਿਆ। ਇਸ ਤੋਂ ਅੱਗੇ ਇਸ ਉਤਾਰੇ ਨੂੰ ਆਦਿ ਗ੍ਰੰਥ ਵਰਗਾ ਰੂਪ ਦੇਣ ਲਈ ਉਸ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ (tamperings) ਵੀ ਕੀਤੀਆਂ ਗਈਆਂ ਜਿਹਨਾਂ ਦੇ ਕਰਕੇ ਇਹ ਉਤਾਰਾ ਜਾਲ੍ਹੀ ਦਸਤਾਵੇਜ਼ਾਂ (forged documents) ਦੀ ਸ਼ੇਣੀ ਵਿੱਚ ਆ ਜਾਂਦਾ ਹੈ। ਡਾ. ਪਿਆਰ ਸਿੰਘ ਆਪਣੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਕਰਤਾਰਪੁਰੀ ਬੀੜ ਬਾਰੇ ਆਪਣਾ ਨਿਰਨਾ ਹੇਠ ਦਿੱਤੇ ਅਨੁਸਾਰ ਪੇਸ਼ ਕਰਦਾ ਹੈ:

“ਇਹ ਇੱਕ ਸੁਤੰਤਰ ਸੰਕਲਨ ਹੈ, ਜੋ ਬਾਅਦ ਵਿੱਚ ਆਦਿ ਬੀੜ ਦੇ ਸੱਚੇ ਵਿਚ, ਸੰਭਵ ਹੱਦ ਤਕ, ਢਾਲ ਲਿਆ ਗਿਆ।”

ਸਥਿਤੀ ਨੂੰ ਸਪਸ਼ਟ ਕਰਨ ਹਿਤ ਅਸੀਂ ਕਿਸੇ ਲਿਖਤ/ਦਸਤਾਵੇਜ਼ ਦੀ ਨਕਲ-ਪ੍ਰਕਿਰਿਆ ਦੇ ਹੇਠਾਂ ਦੱਸੇ ਚਾਰ ਰੂਪ ਦਰਸਾ ਸਕਦੇ ਹਾਂ:

ੳ: ਹੱਥ-ਲਿਖਤ ਦਾ ਹੂਬਹੂ ਉਤਾਰਾ (true copy) ਜਿਸ ਵਿੱਚ ਕਿਸੇ ਇੱਕ ਅੱਖਰ ਜਾਂ ਲਗ-ਮਾਤਰਾ ਨੂੰ ਵੀ ਨਾ ਬਦਲਿਆ ਗਿਆ ਹੋਵੇ ਅਤੇ ਨਾ ਹੀ ਸਮੱਗਰੀ ਦੀ ਕੋਈ ਵਾਧ-ਘਾਟ ਕੀਤੀ ਗਈ ਹੋਵੇ।

ਅ: ਫੋਟੋ-ਕਾਪੀ, ਜਿਸ ਤਰ੍ਹਾਂ ਦੀ ਅਜ-ਕਲ ਫੋਟੋਸਟੈਟ ਮਸ਼ੀਨ ਜਾਂ ਕੈਮਰੇ ਦੀ ਮਦਦ ਨਾਲ ਬਣਾਈ ਜਾਂਦੀ ਹੈ।

ੲ: ਅਜਿਹਾ ਨਕਲੀ ਦਸਤਾਵੇਜ਼ ਜੋ ਕੇਵਲ ਸ਼ੁਗਲ ਵਜੋਂ ਹੀ ਅਸਲੀ ਦਾ ਭੁਲੇਖਾ ਪਾਉਣ ਵਾਸਤੇ ਬਣਾਇਆ ਗਿਆ ਹੋਵੇ ਅਤੇ ਉਸਦੀ ਦੁਰਵਰਤੋਂ ਕਰਨ ਦਾ ਮਨਸ਼ਾ ਨਾ ਹੋਵੇ ਜਿਸ ਤਰ੍ਹਾਂ ਆਮ ਕਾਗਜ਼ ਦੇ ਨਕਲੀ ਕਰੰਸੀ ਨੋਟ ਛਾਪ ਲਏ ਜਾਂਦੇ ਹਨ।

ਸ: ਅਜਿਹਾ ਨਕਲੀ ਦਸਤਾਵੇਜ਼ ਜਿਸ ਨੂੰ ਅਸਲੀ ਦੇ ਤੌਰ ਤੇ ਚਲਾਉਣ ਦੇ ਮਨਸ਼ੇ ਨਾਲ ਤਿਆਰ ਕੀਤਾ ਗਿਆ ਹੋਵੇ ਜਿਸ ਤਰ੍ਹਾਂ ਕਈ ਸਰਟੀਫੀਕੇਟ ਬਣਾ ਲਏ ਜਦੇ ਹਨ ਜਾਂ ਕਈ ਤਰ੍ਹਾਂ ਦੇ ਨਕਲੀ ਕਰੰਸੀ ਨੋਟ ਬਜ਼ਾਰ ਵਿੱਚ ਚੱਲ ਰਹੇ ਹਨ। ਅਜਿਹੇ ਸਰਟੀਫੀਕੇਟਾਂ ਜਾਂ ਕਰੰਸੀ ਨੋਟਾਂ ਨੂੰ ਕੇਵਲ ਨਕਲੀ ਹੀ ਨਹੀਂ ਸਗੋਂ ਜਾਲ੍ਹੀ ਦਸਤਾਵੇਜ਼ (forged documents) ਕਿਹਾ ਜਾਵੇਗਾ ਅਤੇ ਇਸ ਤਰ੍ਹਾਂ ਦਾ ਜਾਲ੍ਹੀ ਦਸਤਾਵੇਜ਼ ਬਣਾਉਣਾ ਬੜਾ ਭਾਰੀ ਕਾਨੂੰਨੀ ਅਪਰਾਧ ਹੈ ਜਿਸ ਲਈ ਭਾਰਤੀ ਦੰਡਾਵਲੀ (I.P.C.) ਅਧੀਨ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ।

ਕਰਤਾਰਪੁਰੀ ਬੀੜ ਨੂੰ ਘੋਖਦਿਆਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਉਪਰੋਕਤ ਵਿੱਚੋਂ ਅਖੀਰਲੀ ਭਾਵ ਸ. ਵਾਲ਼ੀ ਸ਼੍ਰੇਣੀ ਦਾ ਨਕਲੀ ਦਸਤਾਵੇਜ਼ ਹੈ ਕਿਉਂਕਿ ਇਸ ਨੂੰ ਪਿਛਲੀਆਂ ਸਾਢੇ ਤਿੰਨ ਸਦੀਆਂ ਦੇ ਅਰਸੇ ਤੋਂ ਅਸਲੀ ਦੇ ਤੌਰ ਤੇ ਚਲਾਇਆ ਗਿਆ ਹੋਇਆ ਹੈ। ਇਸ ਤਰ੍ਹਾਂ ਇਸ ਵਿੱਚ ਕੋਈ ਸ਼ਕ ਨਹੀਂ ਰਹਿ ਜਾਂਦਾ ਕਿ ਕਰਤਾਰਪੁਰੀ ਬੀੜ ਇੱਕ ਜਾਲ੍ਹੀ ਦਸਤਾਵੇਜ਼ ਹੈ।

5. ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅਜੋਕੇ ਸਮੇਂ ਵਿੱਚ ਆਦਿ ਗ੍ਰੰਥ ਮੌਜੂਦ ਨਹੀਂ ਕਿਉਂਕਿ ਸੰਭਵ ਤੌਰ ਤੇ ਇਸ ਨੂੰ ਸ੍ਰੀ ਧੀਰਮੱਲ ਜੀ ਨੂੰ ਸੱਤਵੇਂ ਗੁਰੂ ਵਜੋਂ ਗੁਰਗੱਦੀ ਨਾ ਮਿਲਣ ਤੇ ਨਰਾਜ਼ਗੀ ਤਹਿਤ ਉਹਨਾਂ ਵੱਲੋਂ ਨਸ਼ਟ ਕਰ ਦਿੱਤਾ ਗਿਆ ਸੀ। ਜੇਕਰ ਆਦਿ ਗ੍ਰੰਥ ਦੇ ਲੋਪ ਹੋਣ ਦਾ ਕੋਈ ਹੋਰ ਕਾਰਨ ਵੀ ਰਿਹਾ ਹੋਵੇ, ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਇਆ ਹੋਇਆ ਆਦਿ ਗ੍ਰੰਥ (ਪੋਥੀ ਸਾਹਿਬ) ਅਜ ਉਪਲਭਦ ਨਹੀਂ ਅਤੇ ਕਰਤਾਰਪੁਰ ਦੇ ਸੋਢੀ ਪਰਿਵਾਰ ਵੱਲੋਂ ਇਸ ਸਬੰਧੀ ਕੀਤਾ ਜਾਂਦਾ ਦਾਵਾ ਸਰਾਸਰ ਝੂਠ ਹੈ। ਅਜਿਹੀ ਸਥਿਤੀ ਵਿੱਚ ਕੁਦਰਤੀ ਹੈ ਕਿ ਸਾਡਾ ਧਿਆਨ ਉਹਨਾਂ ਪ੍ਰਮਾਣਿਕ ਬੀੜਾਂ ਵੱਲ ਜਾਵੇਗਾ ਜੋ ਕਿ ਆਦਿ ਗ੍ਰੰਥ ਦੇ ਸਰੂਪ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਸਕਦੀਆਂ ਹਨ। ਉਂਜ ਤਾਂ ਪੁਰਾਤਨ ਬੀੜਾਂ ਦੀ ਗਿਣਤੀ ਸੈਂਕੜਿਆਂ ਵਿੱਚ ਰਹੀ ਹੈ (ਪੰਜ ਸੌ ਬੀੜਾਂ ਤਾਂ ਸਿੱਖ ਰੈਫੇਰੈਂਸ ਲਾਇਬਰੇਰੀ, ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਹੀ ਮੌਜੂਦ ਸਨ ਜੋ 1984 ਈਸਵੀ ਦੀ ਫੌਜੀ ਕਾਰਵਾਈ ਦੌਰਾਨ ਤਬਾਹ ਹੋ ਗਈਆਂ ਦੱਸੀਆਂ ਜਾਂਦੀਆਂ ਹਨ)। ਉਂਜ ਕਦੀ ਵੀ ਕੋਈ ਅਜਿਹੀ ਬੀੜ ਮੌਜੂਦ ਨਹੀਂ ਰਹੀ ਜੋ ਆਦਿ ਗ੍ਰੰਥ ਜਾਂ ਦਮਦਮੀ ਬੀੜ ਦਾ ਹੂਬਹੂ ਉਤਾਰਾ (true copy) ਹੋਵੇ। ਫਿਰ ਵੀ ਕੁੱਝ ਕੁ ਮਹੱਤਵਪੂਰਨ ਪੁਰਾਤਨ ਬੀੜਾਂ ਦਾ ਡਾ. ਪਿਆਰ ਸਿੰਘ ਰਚਿਤ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਜ਼ਿਕਰ ਆਉਂਦਾ ਹੈ ਜਿਹਨਾਂ ਦੇ ਅਧਾਰ ਤੇ ਆਦਿ ਗ੍ਰੰਥ ਜਾਂ ਦਮਦਮੀ ਬੀੜ ਦੇ ਸਰੂਪ ਨੂੰ ਭਲੀ-ਭਾਂਤ ਕਿਆਸਿਆ ਜਾਂ ਪੁਨਰਨਿਰਮਿਤ ਕੀਤਾ ਜਾ ਸਕਦਾ ਹੈ। ਇਹ ਬੀੜਾਂ ਹੇਠਾਂ ਦਿੱਤੇ ਅਨੁਸਾਰ ਹਨ:

ੳ. ਪੁਰਾਤਨ ਬੀੜ: (ਲਿਖਣ ਦਾ ਸਮਾਂ ਸੰਨ 1610 ਈਸਵੀ)

ਡਾ. ਪਿਆਰ ਸਿੰਘ ਇਸ ਬੀੜ ਨੂੰ ‘ਵਿਲੱਖਣ ਤੇ ਪ੍ਰਾਚੀਨ’ ਬੀੜ ਦਾ ਨਾਮ ਦਿੰਦੇ ਹਨ। ਉਹਨਾਂ ਅਨੁਸਾਰ ਇਹ ਬੀੜ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੀ ਲਾਇਬਰੇਰੀ ਵਿੱਚ ਮੌਜੂਦ ਹੈ (Accession No. MS 1245)। ਇਸ ਬੀੜ ਦੇ ਸੰਕਲਨ-ਕਰਤਾ ਦੇ ਨਾਮ ਦਾ ਤਾਂ ਪਤਾ ਨਹੀਂ ਲਗਦਾ ਪਰੰਤੂ ਬੀੜ ਵਿੱਚੋਂ ਮਿਲਦੇ ਸੰਕੇਤਾਂ ਅਨੁਸਾਰ ਉਹ ਸਿੱਖੀ ਦੀ ਮੂਲ ਧਾਰਾ ਨਾਲ ਜੁੜਿਆ ਹੋਇਆ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਉੱਤੇ ਅਪਾਰ ਸ਼ਰਧਾ ਰੱਖਣ ਵਾਲਾ ਕੋਈ ਅਨਿੰਨ ਸੇਵਕ ਸੀ।

ਅ. ਡੇਹਰਾਦੂਨ ਵਾਲੀ ਬੀੜ (ਲਿਖਣ ਦਾ ਸਮਾਂ 1659 ਈਸਵੀ)

ਇਹ ਬੀੜ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਇ ਜੀ ਨੇ ਤਿਆਰ ਕਰਵਾਈ ਸੀ ਜਦੋਂ ਉਹਨਾਂ ਨੂੰ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਵੱਲੋਂ ਦਿੱਲੀ ਬੁਲਾਇਆ ਗਿਆ ਸੀ। ਗੁਰੂ ਜੀ ਨੇ ਆਪਣੀ ਜਗਹ ਤੇ ਆਪਣੇ ਸਪੁੱਤਰ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਭੇਜਣ ਦਾ ਫੈਸਲਾ ਕੀਤਾ ਅਤੇ ਇਹ ਨਵੀਂ ਤਿਆਰ ਕੀਤੀ ਬੀੜ ਉਹਨਾਂ ਨੂੰ ਆਪਣੇ ਨਾਲ ਲੈਕੇ ਜਾਣ ਲਈ ਦਿੱਤੀ। ਇਹ ਬੀੜ ਡੇਹਰਾਦੂਨ ਵਿਖੇ ਬਾਬਾ ਰਾਮਰਾਇ ਜੀ ਦੇ ਡੇਰੇ ਅੰਦਰ ਮੌਜੂਦ ਸਮਝੀ ਜਾਂਦੀ ਹੈ।

ੲ. ਭਾਈ ਰਾਮ ਰਾਇ ਲਿਖਤ ਬੀੜ (ਲਿਖਣ ਦਾ ਸਮਾਂ 1693 ਈਸਵੀ)

ਇਹ ਬੀੜ ਗੁਰਦੁਆਰਾ ਹਰਮੰਦਿਰ ਸਾਹਿਬ, ਪਟਨਾ ਦੇ ਤੋਸ਼ੇਖਾਨੇ ਵਿੱਚ ਮੌਜੂਦ ਦੱਸੀ ਜਾਂਦੀ ਹੈ। ਭਾਈ ਰਾਮ ਰਾਇ ਨੌਵੇਂ ਗੁਰੂ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਅਨਿੰਨ ਸ਼ਰਧਾਲੂ ਅਤੇ ਨਿਕਟਵਰਤੀ ਸੀ। ਸਿਖ ਇਤਹਾਸ ਵਿੱਚ ਇਹ ਪਹਿਲਾ ਗ੍ਰੰਥ ਹੈ ਜਿਸ ਵਿੱਚ ਆਦਿ ਗ੍ਰੰਥ (ਪੋਥੀ ਸਾਹਿਬ) ਦਾ ਭਾਈ ਗੁਰਦਾਸ ਜੀ ਦੇ ਹੱਥੀਂ ਲਿਖੇ ਹੋਏ ਹੋਣ ਦਾ ਜ਼ਿਕਰ ਹੈ।

ਉਪਰੋਕਤ ਅਤੇ ਹੋਰ ਪੁਰਾਤਨ ਬੀੜਾਂ ਸਬੰਧੀ ਜਾਣਕਾਰੀ ਡਾ: ਪਿਆਰ ਸਿੰਘ ਸਮੇਤ ਵੱਖ-ਵੱਖ ਲੇਖਕਾਂ ਵੱਲੋਂ ਉਪਲਭਦ ਕਰਵਾਈ ਗਈ ਹੋਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ 1977 ਈਸਵੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ’ ਵਿੱਚੋਂ ਵੀ ਕਾਫੀ ਲਾਹੇਵੰਦ ਜਾਣਕਾਰੀ ਪਰਾਪਤ ਕੀਤੀ ਜਾ ਸਕਦੀ ਹੈ।

ਇਸ ਸਮੁੱਚੀ ਜਾਣਕਾਰੀ ਦੇ ਅਧਾਰ ਤੇ ਆਦਿ ਗ੍ਰੰਥ ਦੀ ਪ੍ਰਤੀਕ੍ਰਿਤੀ (replica) ਅਤੇ ਉਸ ਤੋਂ ਅੱਗੇ ਦਮਦਮੀ ਬੀੜ ਦੀ ਪ੍ਰਤੀਕ੍ਰਿਤੀ ਅਸਾਨੀ ਨਾਲ ਤਿਆਰ ਕੀਤੀ ਜਾ ਸਕਦੀ ਹੈ। ਪਰੰਤੂ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਇਸ ਕਾਰਜ ਵਿੱਚ ਕਰਤਾਰਪੁਰੀ ਬੀੜ ਵਰਗੇ ਜਾਲ੍ਹੀ ਗ੍ਰੰਥ ਨੂੰ ਕਿਸੇ ਤਰ੍ਹਾਂ ਵੀ ਭਾਗੀਦਾਰ ਨਾ ਬਣਾਇਆ ਜਾਵੇ।

6. ਇੱਥੇ ਇੱਕ ਨੁਕਤਾ ਇਹ ਵੀ ਉਭਰਦਾ ਹੈ ਕਿ ਹੱਥ-ਲਿਖਤ ਬੀੜਾਂ ਦੇ ਪਾਠ ਵਿਚਲੇ ਭੇਦਾਂ ਅਤੇ ਪਰਚਲਤ ਛਾਪੇ ਦੀ ਬੀੜ ਦੇ ਪਾਠ ਦੀਆਂ ਤਰੁੱਟੀਆਂ ਦੇ ਮਸਲੇ ਨੂੰ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਹਾ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਆਪਣੇ ਲੇਖ ਵਿੱਚ ਕੀਤਾ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਪਰਖਣਾ-ਪੜਚੋਲਣਾ ਇੱਕ ਵੱਖਰੀ ਗੱਲ ਹੈ ਅਤੇ ਪਾਠਾਂ ਦੇ ਭੇਦ ਅਤੇ ਤਰੁੱਟੀਆਂ ਦੇ ਮਸਲੇ ਨੂੰ ਸੁਲਝਾਉਣਾ ਇੱਕ ਵੱਖਰੀ ਗੱਲ। ਸਾਨੂੰ ਇਹਨਾਂ ਦੋ ਸਥਿਤੀਆਂ ਨੂੰ ਰਲਗੱਢ ਨਹੀਂ ਕਰਨਾ ਚਾਹੀਦਾ। ਇਹ ਸਹੀ ਹੈ ਕਿ ਅਜੋਕੀ ਪਰਚਲਤ ਬੀੜ ਦੇ ਪਾਠ ਦੀਆਂ ਤਰੁੱਟੀਆਂ ਜ਼ਿਆਦਾ ਕਰਕੇ ਕਰਤਾਰਪੁਰੀ ਬੀੜ ਦੇ ਕਰਕੇ ਹੀ ਹਨ ਕਿਉਂਕਿ ਲਿਖਾਰੀਆਂ ਅਤੇ ਵਿਦਵਾਨਾਂ ਵੱਲੋਂ ਜਾਣੇ-ਅਣਜਾਣੇ ਇਸ ਬੀੜ ਨੂੰ ਮਾਡਲ ਦੇ ਤੌਰ ਤੇ ਸਵੀਕਾਰ ਕਰ ਲੈਣ ਦਾ ਰੁਝਾਨ ਰਿਹਾ ਹੈ। ਇਹ ਇੱਕ ਸ਼ੁਭ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ ਕਿ ਪਰਚਲਤ ਬੀੜ ਦੀ ਸੁਧਾਈ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣ ਲੱਗਾ ਹੈ। ਇਸ ਰੁਝਾਨ ਤਹਿਤ ਜੇਕਰ ਕਿਸੇ ਸਮੇਂ ਅਜੋਕੀ ਪਰਚਲਤ ਬੀੜ ਦੀ ਸੁਧਾਈ ਕਰਨਾ ਸੰਭਵ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਵਿੱਚ ਕਰਤਾਰਪੁਰੀ ਬੀੜ ਵਿੱਚੋਂ ਆਈਆਂ ਸਾਰੀਆਂ ਤਰੁਟੀਆਂ ਨੂੰ ਦੂਰ ਕਰਨ ਦਾ ਕਾਰਜ ਹੱਥ ਵਿੱਚ ਲੈਣਾ ਚਾਹੀਦਾ ਹੈ ਕਿਉਂਕਿ ਇਹ ਬੀੜ ਇੱਕ ਜਾਲ੍ਹੀ ਬੀੜ ਸਾਬਿਤ ਹੁੰਦੀ ਹੈ।

ਦੂਸਰੇ ਪਾਸੇ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਜੱਗ-ਜ਼ਾਹਰ ਕਰਨ ਦੇ ਯਤਨ ਨੂੰ ਇੱਕ ਨਿਵੇਕਲੇ ਕਾਰਜ ਤੇ ਤੌਰ ਤੇ ਲੈਣਾ ਚਾਹੀਦਾ ਹੈ ਅਤੇ ਪਰਚਲਤ ਬੀੜ ਦੀ ਸੁਧਾਈ ਦੇ ਕਾਰਜ ਨੂੰ ਵੱਖਰੇ ਤੌਰ ਤੇ ਕਿਆਸਣਾ ਚਾਹੀਦਾ ਹੈ।

7. ਭਵਿਖ ਵਾਸਤੇ ਕਰਤਾਰਪੁਰੀ ਬੀੜ ਸਬੰਧੀ ਸਿਖ ਕੌਮ ਦੇ ਸਾਹਮਣੇ ਹੇਠ ਲਿਖੀ ਕਾਰਜ-ਯੋਜਨਾ ਹੋਣੀ ਚਾਹੀਦੀ ਹੈ:

ੳ. ਕਰਤਾਰਪੁਰੀ ਬੀੜ ਨੂੰ ਇੱਕ ਜਾਲ੍ਹੀ ਬੀੜ ਦੇ ਤੌਰ ਤੇ ਮੂਲੋਂ ਹੀ ਨਕਾਰਿਆ ਜਾਵੇ।

ਅ. ਕਰਤਾਰਪੁਰੀ ਬੀੜ ਨੂੰ ਆਦਿ ਗ੍ਰੰਥ ਦੇ ਤੌਰ ਤੇ ਪਰਚਾਰਨ ਵਾਲੇ ਨੂੰ ਸਿਖ ਧਰੋਹੀ ਗਰਦਾਨਿਆ ਜਾਵੇ।

ੲ. ਕਰਤਾਰਪੁਰ ਦੇ ਸੋਢੀ ਪਰਿਵਾਰ ਉਤੇ ਕਰਤਾਰਪੁਰੀ ਬੀੜ ਦੇ ਅਸਲੀ ਆਦਿ ਗ੍ਰੰਥ ਹੋਣ ਦਾ ਝੂਠਾ ਦਾਵਾ ਕਰਨ ਬਦਲੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸ. ਕਰਤਾਰਪੁਰੀ ਬੀੜ ਦੇ ਸਮਰਥਕਾਂ ਲਈ ਲਾਜ਼ਮੀ ਕੀਤਾ ਜਾਵੇ ਕਿ ਉਹ ਇਸ ਬੀੜ ਨੂੰ ਜਨਤਕ ਕਰਵਾਉਣਾਂ ਯਕੀਨੀ ਕਰਵਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਹ. ਉਪਲਭਦ ਭਰੋਸੇਯੋਗ ਅਤੇ ਪ੍ਰਮਾਣਿਕ ਸਰੋਤਾਂ ਦੇ ਅਧਾਰ ਤੇ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀਆਂ ਪ੍ਰਤੀਕ੍ਰਿਤੀਆਂ (replicas ) ਤਿਆਰ ਕੀਤੀਆਂ ਜਾਣ।

ਕ. ਇਹਨਾਂ ਪ੍ਰਤੀਕ੍ਰਿਤੀਆਂ ਦੇ ਅਧਾਰ ਤੇ ਅੱਗੋਂ ਅਜੋਕੀ ਪਰਚਲਤ ਬੀੜ ਵਿੱਚ ਸੋਧਾਂ ਕਰ ਲਈਆਂ ਜਾਣ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

(ਸੰਪਾਦਕੀ ਟਿੱਪਣੀ:- ਭਾਈ ਜੋਧ ਸਿੰਘ ਦੀ ਲਿਖੀ ਕਿਤਾਬ, ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਮੈਂ ਕੋਈ ੩੦ ਕੁ ਸਾਲ ਪਹਿਲਾਂ ਪੜ੍ਹੀ ਸੀ ਪਰ ਹੁਣ ਇਸ ਬਾਰੇ ਹੋਰ ਵੀ ਕਈ ਨਵੀਆਂ ਗੱਲਾਂ ਦਾ ਪਤਾ ਲੱਗਾ ਹੈ। ਜਦੋਂ ਜਿੰਦਗੀ ਵਿੱਚ ਪਹਿਲੀ ਵਾਰੀ ਰਾਗਮਾਲਾ ਅਤੇ ਚੌਪਈ ਪੜ੍ਹੀ ਸੀ ਤਾਂ ਮਨ ਨੇ ਇਹੀ ਮਹਿਸੂਸ ਕੀਤਾ ਸੀ ਕਿ ਇਹ ਲਿਖਤਾਂ ਗੁਰੂ ਬਾਣੀ ਨਹੀਂ ਹੋ ਸਕਦੀਆਂ। ਰਾਗਮਾਲਾ ਬਾਰੇ ਸਵਾਲ ਪੁੱਛਣ ਤੇ ਬਹੁਤੇ ਅੰਨੇ ਸ਼ਰਧਾਲੂਆਂ/ਗਿਆਨੀਆਂ ਵਲੋਂ ਗੁਰਬਿਲਾਸ ਛੇਵੀਂ ਦੀ ਲਿਖਤ ਦਾ ਹਵਾਲਾ ਦਿੱਤਾ ਜਾਂਦਾ ਸੀ ਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਬੀੜ ਤਿਆਰ ਕਰਵਾ ਲਈ ਤਾਂ ਸਾਰੇ ਰਾਗ ਸਰੀਰ ਧਾਰਨ ਕਰਕੇ ਗੁਰੂ ਜੀ ਕੋਲ ਆ ਗਏ ਕਿ ਤੁਸੀਂ ਬਾਣੀ ਤਾਂ ਰਾਗਾਂ ਵਿੱਚ ਲਿਖੀ ਹੈ ਸਾਨੂੰ ਵੀ ਇਕੱਠਿਆਂ ਨੂੰ ਥਾਂ ਦਿਓ, ਤਾਂ ਉਹਨਾ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਅਖੀਰ ਤੇ ਰਾਗਮਾਲਾ ਦਰਜ ਕਰ ਦਿੱਤੀ। ਇਹ ਗੱਲ ਠੀਕ ਹੈ ਕਿ ਤਕਰੀਬਨ ਸਾਰੇ ਹੀ ਵਿਦਵਾਨ ਲਿਖਾਰੀ ਇਸ ਗੱਲ ਨਾਲ ਸਹਿਮਤ ਹਨ ਕਿ ਭਾਈ ਬੰਨੋ ਵਾਲੀ ਬੀੜ ਵਿੱਚ ਕਈ ਫਾਲਤੂ ਬਾਣੀਆਂ ਦਰਜ ਹਨ। ਹੁਣ ਤੱਕ ਦੀ ਵਿਚਾਰ ਤੋਂ ਬਹੁਤੇ ਪਾਠਕ/ਲੇਖਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਕਰਤਾਰਪੁਰੀ ਬੀੜ ਆਦਿ ਬੀੜ ਨਹੀਂ ਹੈ। ਇਹ ਭਾਈ ਬੰਨੋ ਵਾਲੀ ਬੀੜ ਦਾ ਉਤਾਰਾ ਹੈ ਜਾਂ ਉਸ ਦੇ ਉਤਾਰੇ ਦਾ ਉਤਾਰਾ ਇਹ ਵੀ ਬਹੁਤੇ ਪਾਠਕਾਂ/ਲੇਖਕਾ ਲਈ ਸ਼ਾਇਦ ਕੋਈ ਬਹੁਤੀ ਮਹੱਤਤਾ ਨਾ ਰੱਖਦੀ ਹੋਵੇ, ਪਰ ਜੋ ਇੱਕ ਗੱਲ ਤੁਸੀਂ ਆਪਣੇ ਇਸ ਲੇਖ ਵਿੱਚ ਲਿਖੀ ਹੈ ਉਸ ਬਾਰੇ ਹੋਰ ਸਪਸ਼ਟ ਕਰੋ। ਕਿਉਂਕਿ ਹੁਣ ਇੱਥੇ ਵਿਚਾਰ ਚਰਚਾ ਤਾਂ ਹੁੰਦੀ ਨਹੀਂ ਇਸ ਲਈ ਕਈ ਪਾਠਕਾਂ ਦੇ ਮਨਾ ਵਿੱਚ ਜੋ ਸਵਾਲ ਆਵੇਗਾ ਉਸ ਨੂੰ ਮੈਂ ਹੀ ਦੁਹਰਾ ਕੇ ਤੁਹਾਡੇ ਕੋਲੋਂ ਪੁੱਛ ਰਿਹਾ ਹਾਂ, ਉਹ ਹੈ ਤੁਹਾਡੀਆਂ ਇਹ ਕੁੱਝ ਲਾਈਨਾ, “ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਈ ਬੰਨੋਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਚੋਰੀ ਆਦਿ ਗ੍ਰੰਥ ਦਾ ਇੱਕ ਉਤਾਰਾ ਕਰ ਲਿਆ ਸੀ ਅਤੇ ਇਸ ਵਿੱਚ ਦੋ ਵਾਧੂ ਸ਼ਬਦ ਪਾ ਲਏ ਸਨ ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਨੇ ਇਸ ਉਤਾਰੇ ਉੱਤੇ ‘ਖਾਰੀ ਬੀੜ’ ਭਾਵ ‘ਅਸ਼ੁਧ ਬੀੜ’ ਅੰਕਿਤ ਕਰ ਦਿੱਤਾ ਸੀ”। ਇਹ ਜੋ ਚੋਰੀ ਉਤਾਰਾ ਕਰਨ ਵਾਲੀ ਗੱਲ ਤੁਸੀਂ ਕੀਤੀ ਹੈ, ਕੀ ਇਹ ਠੀਕ ਹੈ? ਇਹ ਚੋਰੀਂ ਉਤਾਰਾ ਕਦੋਂ ਕੀਤਾ ਗਿਆ? ਕਿਰਪਾ ਕਰਕੇ ਇਸ ਨੂੰ ਦਲੀਲ ਨਾਲ ਵਿਸਥਾਰ ਸਹਿਤ ਸਪਸ਼ਟ ਕਰਨ ਦੀ ਖੇਲਚ ਕਰਨੀ ਤਾਂ ਕਿ ਤੁਹਾਡੇ ਸਪਸ਼ਟੀਕਰਨ ਤੋਂ ਹੋਰ ਸਵਾਲ ਪੈਦਾ ਨਾ ਹੋਣ)
.