.

ਆਸਤਕ ਨਾਸਤਕ- 2

ਗੁਰਬਾਣੀ ਪਰਮਾਤਮਾ ਦੀ ਹੋਂਦ ਤੋਂ ਬਿਨਾ ਇੱਕ ਕਦਮ ਵੀ ਅੱਗੇ ਨਹੀਂ ਪੁੱਟਦੀ। ਬਲਕਿ ਪਰਮਾਤਮਾ ਦਾ ਜੋ ਸਰੂਪ ਗੁਰਬਾਣੀ ਵਿੱਚ ਦਰਜ ਹੈ ਉਹ ਕਿਸੇ ਇੱਕ ਲੇਖ ਵਿੱਚ ਬਿਅਨ ਨਹੀਂ ਕੀਤਾ ਜਾ ਸਕਦਾ। ਅਜੋਕੇ ਸਮੇਂ ਵੀ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹੋਏ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ, ਪਰ ਇਨ੍ਹਾਂ ਵਿਆਖਿਆਵਾਂ ਵਿੱਚ ਪਰਮਾਤਮਾ ਦਾ ਜੋ ਸਰੂਪ ਬਿਆਨ ਕੀਤਾ ਜਾ ਰਿਹਾ ਹੈ ਉਸ ਤੋਂ ਪਰਮਾਤਮਾ ਦੀ ਅਣਹੋਂਦ/ਨਾਸਤਿਕਤਾ ਦਾ ਝਾਉਲ਼ਾ ਪੈਂਦਾ ਹੈ। ਇਨ੍ਹਾਂ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਅਨੁਸਾਰ ਲੱਗਦਾ ਹੈ ਕਿ ਗੁਰਮਤਿ ਵਿੱਚ ਪਰਮਾਤਮਾ ਦੀ ਕੋਈ ਹੋਂਦ ਨਹੀਂ ਮੰਨੀ ਗਈ। ਜਾਂ ਫੇਰ ਉਹ ਕਰਨ-ਕਾਰਨ ਸਮਰੱਥ ਨਹੀਂ ਬਲਕਿ ਬਝਵੇਂ ਕੁਦਰਤੀ ਨਿਯਮਾਂ ਅਧੀਨ ਸਭ ਕੁੱਝ ਆਪੇ ਹੀ ਹੋ ਰਿਹਾ ਹੈ। ਜਾਂ ਫੇਰ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਨੇ ਇੱਕ ਵਾਰੀ ਕੁਦਰਤ ਦੇ ਨਿਯਮ ਬਣਾ ਦਿੱਤੇ ਅਤੇ ਸਭ ਕੁੱਝ ਬੱਝਵੇਂ ਨਿਯਮਾਂ ਅਧੀਨ ਆਪੇ ਹੋਈ ਜਾਂਦਾ ਹੈ ਅਤੇ ਕੁਦਰਤ ਦੇ ਨਿਯਮ ਇੱਕ ਵਾਰੀਂ ਬਾਣਾ ਕੇ, ਉਹ ਆਪ ਸੌਂ ਗਿਆ ਹੈ ਜਾਂ ਕਿਤੇ ਚਲਾ ਗਿਆ ਹੈ, ਹੁਣ ਉਸ ਦਾ ਕੋਈ ਕੰਮ ਜਾਂ ਦਖਲ ਬਾਕੀ ਨਹੀਂ ਰਿਹਾ। ‘ਰੱਬ’ ਨੂੰ ਆਮ ਤੌਰ ਤੇ ‘ਰੱਬੀ ਨਿਯਮਾਵਲੀ’ ਜਾਂ ‘ਕੁਦਰਤੀ ਨਿਯਮਾਵਲੀ’ ਆਦਿ ਨਾਮ ਨਾਲ ਬਿਆਨਿਆ ਜਾਂਦਾ ਹੈ।

ਇਸ ਸੋਚ ਦੇ ਪਿੱਛੇ ਇੱਕ ਕਾਰਣ ਜੋ ਮੈਨੂੰ ਨਜ਼ਰ ਆ ਰਿਹਾ ਹੈ, ਉਸ ਬਾਰੇ ਵਿਚਾਰ ਸਾਂਝੇ ਕਰ ਰਿਹਾ ਹਾਂ। ਹੇਠਾਂ ਮੈਂ ‘ਦੇਵ ਸਮਾਜ’ ਅਤੇ ‘ਬੁੱਧ ਧਰਮ’ ਬਾਰੇ ਆਪਣੇ ਕੁੱਝ ਵਿਚਾਰ ਪੇਸ਼ ਕਰ ਰਿਹਾ ਹਾਂ। ‘ਦੇਵ ਸਮਾਜ ਅਤੇ ਬੁੱਧ ਧਰਮ’ ਬਾਰੇ ਵਿਚਾਰ ਪੇਸ਼ ਕਰਨ ਦਾ ਮੇਰਾ ਮਕਸਦ ਕਿਸੇ ਦੇ ਮੱਤ ਨੂੰ ਠੀਕ ਜਾਂ ਗ਼ਲਤ ਸਾਬਤ ਕਰਨਾ ਨਹੀਂ, ਬਲਕਿ ਗੁਰਮਤਿ ਵਿੱਚ ਅੱਜ ਕਲ੍ਹ ਵੱਖਰੇ ਕਿਸਮ ਦੀਆਂ ਵਿਆਖਿਆਵਾਂ ਦਾ ਜੋ ਚਲਨ ਚੱਲ ਪਿਆ ਹੈ, ਉਸ ਕਾਰਣ ਦਾ ਪਤਾ ਲਗਾਣ ਦੀ ਇੱਕ ਕੋਸ਼ਿਸ਼ ਹੈ।

‘ਦੇਵ ਸਮਾਜ’ ਬਾਰੇ-

“ਦੇਵ ਸਮਾਜ 19ਵੀਂ ਸਦੀ ਦਾ ਇੱਕ ਨਾਸਤਕ ਮੱਤ ਹੈ। ਇਸ ਮੱਤ ਦਾ ਬਾਨੀ ਇੱਕ ਕਾਨ੍ਯ ਕੁਬਜ ਬ੍ਰਹਮਣ ਸਤਿਆਨੰਦ ਅਗਨੀਹੋਤਰੀ/ਸ੍ਰੀ ਸ਼ਿਵ ਨਰਾਇਣ ਅਗਨੀਹੋਤਰੀ (ਧਾਰਮਿਕ ਨਾਮ-ਭਗਵਾਨ ਦੇਵ ਆਤਮਾ) ਸੀ। ਅਗਨੀਹੋਤਰੀ ਪਹਿਲਾਂ ਆਸਤਕ ਸੀ ਕਿਸੇ ਮੁਕੱਦਮੇ ਦੇ ਹਾਰ ਜਾਣ ਦੇ ਕਾਰਣ ਨਾਸਤਕ ਹੋ ਗਿਆ। ਕੁੱਝ ਚਿਰ ਬ੍ਰਹਮੂ ਸਮਾਜ ਵਿੱਚ ਰਹਿ ਕੇ ਧਰਮ ਦਾ ਪ੍ਰਚਾਰ ਕੀਤਾ। ਪਰ 16 ਫਰਵਰੀ 1887 ਨੂੰ ਲਾਹੌਰ ਵਿਖੇ ‘ਦੇਵ ਸਮਾਜ’ ਨਾਮ ਦਾ ਆਪਣਾ ਵੱਖਰਾ ਮੱਤ ਜਾਰੀ ਕੀਤਾ। ਇਸ ਨੂੰ ਵਿਗਿਆਨ ਮੂਲ ਧਰਮ (Science grounded universal religion, based upon immutable laws and facts of nature) ਵੀ ਕਿਹਾ ਜਾਂਦਾ ਹੈ। ਏਸ ਵਕਤ ਇਸ ਦਾ ਮੁਖ ਪ੍ਰਚਾਰ ਕੇਂਦਰ 36-B Chandi Garh ਵਿਖੇ ਹੈ।

ਸਤਿਆਨੰਦ ਅਗਨੀਹੋਤਰੀ ਦੇ ‘ਦੇਵ ਸਮਾਜ/ ਦੇਵ ਧਰਮ ਦਾ ਮੁੱਖ ਸਿਧਾਂਤ ਹੈ:

‘ਨੇਚਰ, ਕੁਦਰਤ’ ਦੇ ਆਧਾਰ ਤੇ ਜੋ ਸਹੀ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਉਹੀ ਧਰਮ ਦਾ ਸੱਚਾ ਗਿਆਨ ਹੈ।

ਦੇਵ ਸਮਾਜ, ਸਾਂਖ ਮੱਤ ਦੀ ਤਰ੍ਹਾਂ ਸ੍ਰਿਸ਼ਟੀ ਰਚਨਾ ਮਾਦੇ (ਜੜ੍ਹ ਪਦਾਰਥ) ਤੇ ਸ਼ਕਤੀ ਤੋਂ ਮੰਨਦਾ ਹੈ। ਅਰਥਾਤ ਦੇਵ ਮੱਤ ਅਨੁਸਾਰ ਸ੍ਰਿਸ਼ਟੀ ਅਤੇ ਸ਼ਕਤੀ ਅਨਾਦੀ ਹਨ।

ਦੇਵ ਧਰਮ ਡਾਰਵਿਨ ਦੇ ਵਿਕਾਸ ਤੇ ਹਕਸਲੇ ਦੇ ਸ਼ਕਤੀ ਸਿਧਾਂਤਾਂ ਤੋਂ ਪ੍ਰੇਰਿਤ ਧਰਮ ਹੈ।

ਨੇਚਰ, ਕੁਦਰਤ ਦਾ ਅਰਥ ਸਮਝਾਉਣ ਲਈ ਸਤਿਆਨੰਦ ਕਹਿੰਦਾ ਹੈ- ਜੜ੍ਹ (ਮਾਦੇ) ਅਤੇ ਸ਼ਕਤੀ ਤੋਂ ਮਿਲਕੇ ਸਭ ਤਰ੍ਹਾਂ ਦੇ ਨਿੱਕੇ ਵਡੇ, ਜਾਨ ਤੇ ਬੇਜਾਨ ਵਜੂਦਾਂ ਨੂੰ ਰੱਖਣ ਵਾਲੀ ਹਸਤੀ ਦਾ ਨਾਂ ਨੇਚਰ ਹੈ

ਜੜ੍ਹ- ਚੇਤਨ ਰਾਹੀਂ ਬਣੇ ਹੋਏ ਰੂਪ ਬਦਲਣਹਾਰ ਹਨ ਉਹ ਬਿਨਾ ਕਿਸੇ ਮੁਦਾਖਲਤ (ਦਖਲ) ਦੇ ਆਪ-ਮੁਹਾਰੇ ਬਦਲਦੇ ਰਹਿੰਦੇ ਹਨ। ਨੇਚਰ ਹੀ ਚੀਜਾਂ ਨੂੰ ਪ੍ਰਗਟ ਵੀ ਕਰਦੀ ਹੈ ਤੇ ਅਲੋਪ ਵੀ। ਇਹ ਅਨਾਦੀ ਹੈ।

ਦੇਵਤਿਆਂ ਦੀ ਪੂਜਾ ਮਿਥਿਆ ਹੈ। ਜੋ ਪੁਜਾਰੀਆਂ ਨੇ ਪੂਜਾ ਭੇਟ ਲੈਣ ਦਾ ਇੱਕ ਪੱਜ ਬਣਾਇਆ ਹੋਇਆ ਹੈ। ਪੁਰਾਤਨ ਧਰਮਾਂ ਦੇ ਆਗੂ ਸੱਚੀਆਂ ਦੇਵ ਸ਼ਕਤੀਆਂ ਤੋਂ ਖਾਲੀ ਸਨ। ਉਨ੍ਹਾਂ ਵਿੱਚ ਨਾ ਤਾਂ ਦੇਵ-ਤੇਜ ਸੀ ਤੇ ਨਾ ਹੀ ਜੋਤੀ ਦਾ ਪ੍ਰਕਾਸ਼। ਇਸ ਕਰਕੇ ਉਨ੍ਹਾਂਨੂੰ ਸਹੀ ਗਿਆਨ ਪਰਾਪਤ ਨਹੀਂ ਹੋ ਸਕਿਆ।

ਨੇਚਰ ਦੇ ਵਿਕਾਸ ਰਾਹੀਂ ਹੁਣ ਸੱਚੀਆਂ ਦੇਵ ਸ਼ਕਤੀਆਂ ਦਾ ਪ੍ਰਕਾਸ਼ ਹੋਇਆ ਹੈ ਉਨ੍ਹਾਂਨੂੰ ਜਾਣਕੇ ਕੋਈ ਦੇਵ ਆਤਮਾ ਹੋ ਸਕਦਾ ਹੈ।

ਸਵਰਗ-ਨਰਕ, ਪੁਨਰ-ਜਨਮ, ਤੇ ਆਵਾਗਉਣ, ਵਰ ਸਰਾਪ, ਕਰਾਮਾਤਾਂ ਤੇ ਚਮਤਕਾਰ, ਸਭ ਝੂਠੀਆਂ ਗੱਪਾਂ ਹਨ। ਸਾਰੀਆਂ ਦੈਵੀ ਸ਼ਕਤੀਆਂ ਦੀ ਜ਼ਹੂਰ ਦੇਵ ਭਗਵਾਨ ਗੁਰੂ (ਸਤਿਆਨੰਦ ਅਗਨੀਹੋਤਰੀ) ਵਿੱਚ ਹੋਇਆ ਹੈ। ਉਹ ਪੂਜਣ ਯੋਗ ਹੈ। ਆਪਣੀ ਆਤਮਿਕ ਉੱਨਤੀ ਲਈ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ”।

(ਨੋਟ:- ਇਹ ਜਾਣਕਾਰੀ- ਭਗਤ ਸਿੰਘ ਹੀਰਾ ਜੀ ਦੀ ਪੁਸਤਕ- ਗੁਰਮੱਤ ਵਿਚਾਰਧਾਰਾ ਤੋਂ ਲਈ ਗਈ ਹੈ)।

Internet ਤੋਂ ਲਈ ਜਾਣਕਾਰੀ ਅਨੁਸਾਰ:

Bhagwan Dev Atma has concluded that Nature alone is the great reality.Nature is the name of that one and complete entity.Which is comprised of all living and non-living existences.There is nothing beyond or outside Nature.

It is a false notion that anything or being which is believed to be incorporeal could ever exist. All believes of Supernaturalism are not true.

According to Dev Dharma as man has originated from the animal world he has inherited the sense of pleasure or comfort from them.

ਬੁੱਧ ਧਰਮ ਬਾਰੇ-

ਰੱਬ ਦੀ ਹੋਂਦ ਸੰਬੰਧੀ ਇਹ ਆਪਣੀ ਕੋਈ ਸਪੱਸ਼ਟ ਵਿਚਾਰ ਨਹੀਂ ਰੱਖਦੇ। ਬੁੱਧ ਜੀ ਪਾਸੋਂ ਰੱਬ ਦੀ ਹੋਂਦ ਬਾਰੇ ਪੁੱਛਿਆ ਗਿਆ ਤਾਂ ਉੱਤਰ ਵਿੱਚ ਉਨ੍ਹਾਂਨੇ ਚੁੱਪ ਹੀ ਧਾਰ ਲਈ। ਇਸ ਚੁੱਪ ਤੋਂ ਇਹੀ ਅੰਦਾਜਾ ਲਗਾਇਆ ਗਿਆ ਹੈ ਕਿ ਬੁੱਧ ਜੀ ਰੱਬ ਦੀ ਹੋਂਦ ਤੋਂ ਇਨਕਾਰੀ ਹਨ। ਅਤੇ ਇਸ ਅਰੰਭਕ ਭੁਲੇਖੇ ਕਾਰਣ ਇਹ ਮੱਤ ਨਾਸਤਕ ਗਿਣਿਆ ਜਾਂਦਾ ਹੈ।

ਬੁੱਧ ਧਰਮ ਅਨੁਸਾਰ ‘ਆਤਮਾ ਖਿੰਨ-ਖਿੰਨ ਬਦਲਦੀ ਰਹਿੰਦੀ ਹੈ। ਮਨੁੱਖ ਦੇ ਮਾਨਸਕ ਅੰਗ ਨਦੀ ਦੇ ਪਰਵਾਹ ਵਾਂਗ ਸਾਡੇ ਵਿੱਚ ਤੁਰੇ ਰਹਿੰਦੇ ਹਨ। ਜਿਸ ਤਰ੍ਹਾਂ ਹਰ ਖਿਨ ਨਦੀ ਦੇ ਪਰਵਾਹ ਵਿੱਚ ਜਲ ਬਦਲਦਾ ਰਹਿੰਦਾ ਹੈ, ਉਸੇ ਤਰ੍ਹਾਂ ਉਨ੍ਹਾਂ ਵਿੱਚ ਵੀ ਤਬਦੀਲੀ ਆਉਂਦੀ ਹੀ ਰਹਿੰਦੀ ਹੈ।

‘ਆਵਾਗਉਣ’ ਕਿਸੇ ਸਦੀਵੀ ਆਤਮਾ ਦਾ ਨਹੀਂ। ਪੁਰਾਣੇ ਹਰਦਮ ਬਦਲਦੇ ਜੀਵਨ ਵਿੱਚੋਂ ਇੱਕ ਨਵਾਂ ਜੀਵਨ ਉੱਸਰ ਪੈਂਦਾ ਹੈ। ਰਾਤ ਨੂੰ ਅਸੀਂ ਦੀਵਾ ਜਗਾਂਦੇ ਹਾਂ, ਉਸ ਦੀ ਵਟੀ ਤੇ ਤੇਲ ਖਿਨ ਖਿਨ ਬਦਲਦਾ ਰਹਿੰਦਾ ਹੈ, ਤੇ ਚਾਨਣ ਠੀਕ ਉਸੇ ਤਰ੍ਹਾਂ ਦਾ ਦਿਸਦਾ ਰਹਿੰਦਾ ਹੈ, ਜਿਹੋ ਜਿਹਾ ਦੀਵਾ ਜਗਾਣ ਵੇਲ਼ੇ ਸੀ। ਤਾਂ ਅਸੀਂ ਇਹ ਨਤੀਜਾ ਭਾਂਪ ਲੈਂਦੇ ਹਾਂ ਕਿ ਉਹੋ ਦੀਵਾ ਜਲ ਰਿਹਾ ਹੈ। ਪਰ ਅਸਲੋਂ ਇਹ ਗੱਲ ਨਹੀਂ।

ਮਨੁੱਖ ਦਾ ਵਿਅਕਤੀਤ੍ਵ ਭਾਵੇਂ ਸਦੀਵੀ ਨਹੀਂ ਪਰ ਫਿਰ ਵੀ ਇੱਕ ਸਿਕੰਧ ਦੇ ਕੀਤੇ ਕਰਮ, ਉਸ ਤੋਂ ਉਪਜੇ ਸਿਕੰਧ ਲਈ ਦੁੱਖ ਜਾਂ ਸੁਖ ਪੈਦਾ ਕਰ ਸਕਦੇ ਹਨ। ਇਸ ਲਈ ਮਨੁੱਖ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਆਪਣੇ ਕਰਮਾਂ ਦੁਆਰਾ, ਅੱਗੋਂ ਉਪਜਣ ਵਾਲ਼ੇ ਸਿਕੰਧ ਲਈ ਦੁਖਾਂ ਦਾ ਕਾਰਣ ਨਾ ਬਣੇ।

ਬੁੱਧ ਜੀ ਅਨੁਸਾਰ ਕਰਮਾਂ ਦੇ ਫਲੀਭੂਤ ਹੋਣ ਲਈ ਕਿਸੇ ਦੈਵੀ ਸ਼ਕਤੀ ਧਰਮਰਾਜ ਆਦਿ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਆਤਮਾ ਦੇ ਮੁੜ-ਮੁੜ ਜਨਮ ਲੈਣ ਤੇ ਸਰੀਰ ਧਾਰਨ ਵਿੱਚ ਹੈ।

ਸਦਾਚਾਰਕ ਨਿਯਮ ਆਪਣੇ ਆਪ ਹੀ ਕੰਮ ਕਰਦੇ ਰਹਿੰਦੇ ਹਨ।

ਸੋ ਬੁੱਧ ਮੱਤ ਅਨੁਸਾਰ:

ਆਤਮਾ ਕੋਈ ਸਦੀਵੀ ਹੋਂਦ ਨਹੀਂ, ਇਹ ਖਿੰਨ-ਖਿੰਨ ਬਦਲਦੀ ਰਹਿੰਦੀ ਹੈ।

ਆਵਾਗਉਣ ਇੱਕ ਸਦੀਵੀ ਆਤਮਾ ਨੂੰ ਨਹੀਂ ਸਗੋਂ ਪੁਰਾਣੇ ਹਰਦਮ ਬਦਲਦੇ ਜੀਵਨ ਵਿੱਚੋਂ ਇੱਕ ਨਵਾਂ ਜੀਵਨ ਉਸਰ ਪੈਂਦਾ ਹੈ।

ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਪਾਣਾ ਤੇ ਮੋਹ ਰਾਗ ਦ੍ਵੈਖ ਆਦਿ ਇਛਾਵਾਂ ਤੋਂ ਮੁਕਤ ਹੋਣਾ ਹੀ ਨਿਰਵਾਣ ਪਦ ਦੀ ਪਰਾਪਤੀ ਹੈ।

ਗੁਰਮਤਿ ਦੇ ਅਸੂਲ-

ਹਉਮੈ ਆਦਿ ਉਪਾਧੀਆਂ ਦੇ ਕਾਰਨ ਗੁਮਰਾਹ ਹੋਇਆ ਮਨੁੱਖ ਆਪ ਦੁੱਖ ਸਹੇੜਦਾ ਹੈ। ਸੱਚੇ ਗੁਰੂ ਦੀ ਅਗਵਾਈ ਤੇ ਸਹਾਇਤਾ ਇਸ ਵਿਛੜੀ ਹੋਈ ਜੀਵਾਤਮਾ ਨੂੰ ਮੁੜ ਆਪਣੇ ਜੀਵਨ ਸੋਮੇ ਨਾਲ ਜੋੜ ਦਿੰਦੀ ਹੈ ਤੇ ਉਹ ਦੁਖਾਂ ਕਲੇਸ਼ਾਂ ਦੇ ਸੇਕ ਤੋਂ ਬਚ ਜਾਂਦਾ ਹੈ ਤੇ ਅੰਤ ਪਰਮਅਨੰਦ ਦੀ ਪਰਾਪਤੀ ਕਰ ਲੈਂਦਾ ਹੈ।

ਆਤਮਾ ਪਰਮ ਆਤਮਾ ਦੀ ਅੰਸ਼ ਹੈ ਜੋ ਪਰਮਾਤਮਾ ਵਾਂਗ ਹੀ ਸਦੀਵੀ ਹੈ, ਇਹ ਅਬਿਨਾਸ਼ੀ ਤੇ ਅਬਚਲ ਹੈ।

ਸੰਸਾਰ ਪਰਵਾਹ ਰੂਪ ਹੈ। ਇਸ ਵਿੱਚ ਅਦਲਾ ਬਦਲੀ ਦਾ ਨਿਯਮ ਅਟੱਲ ਹੈ। ਮਾਨਸਿਕ ਤੇ ਪ੍ਰਕਿਰਤਿਕ ਪਦਾਰਥ, ਜੜ ਤੇ ਚੇਤਨ ਸਭ ਇਸ ਨਿਯਮ ਦੇ ਅਧੀਨ ਹਨ। ਪੁਰਾਣਿਆਂ ਦੇ ਥਾਂ ਨਵੇਂ ਲੈ ਲੈਂਦੇ ਹਨ। ਮਨੁੱਖ ਚਲਾਇਮਾਨ ਵਸਤਾਂ ਨੂੰ ਸਦੀਵੀ ਆਪਣੀਆਂ ਸਮਝ ਬੈਠਦਾ ਹੈ। ਇਹ ਹਉਂ ਦਾ ਸੰਬੰਧ ਇਸ ਨੂੰ ਦੁਖ ਰੂਪ ਬਣਾ ਦਿੰਦਾ ਹੈ। ਦੁਖਾਂ ਕਲੇਸ਼ਾਂ ਦਾ ਕਾਰਣ ਇਹ ਦਿਸਦਾ ਸੰਸਾਰ ਨਹੀਂ, ਸਗੋਂ ਚੇਤੰਨ ਆਤਮਾ ਨੂੰ ਸਰੀਰ ਅਥਵਾ ਦਿਸਦੇ ਸੰਸਾਰ ਦੇ ਸੰਗ ਕਰਕੇ ਉਪਜੀ ਹਉਮੈ ਰੂਪ ਉਪਾਧੀ ਕਰਕੇ ਹੈ। ਹਉਮੈ ਨੂੰ ਮਾਰਨਾ ਹੀ ਦੁਖਾਂ ਦਾ ਨਾਸ ਕਰਨਾ ਹੈ। ਹਉਮੈ ਵੱਖਰੀ ਸ਼ਕਸੀਅਤ ਨੂੰ ਦ੍ਰਿੜ ਕਰਾਂਦੀ ਹੈ। ਇਹੀ ਵੱਖਰਾ ਵਿਅਕਤੀਤਵ ਦੁਬਿਧਾ ਨੂੰ ਜਨਮ ਦੇਂਦਾ ਹੈ। ਇਹੀ ਦੁਬਿਧਾ, ਮੋਹ, ਰਾਗ, ਦ੍ਵੈਖ ਆਦਿ ਇਛਾਵਾਂ ਨੂੰ ਉਪਜਾਂਦੀ ਹੈ ਤੇ ਮਨੁੱਖ ਦੁੱਖ ਜਾਲ ਵਿੱਚ ਫਸ ਜਾਂਦਾ ਹੈ। ਸੋ ਦੁਬਿਧਾ ਨੂੰ ਮਾਰਨ ਨਾਲ ਮੋਹ, ਰਾਗ, ਦ੍ਵੈਖ, ਆਸ਼ਾ, ਤ੍ਰਿਸ਼ਨਾ ਆਪੇ ਹੀ ਮੁੱਕ ਜਾਂਦੀਆਂ ਹਨ।

ਵਾਹਿਗੁਰੂ ਜੇ ਆਪਣੀ ਮਿਹਰ ਦੁਆਰਾ ਗੁਰੂ ਉਪਦੇਸ਼ ਤੇ ਚੱਲਣ ਦੀ ਹਿੰਮਤ ਬਖਸ਼ੇ ਤਦ ਇਹ ਹਉਮੈ ਮਰ ਜਾਂਦੀ ਹੈ।

ਪ੍ਰਸ਼ਨ- “ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥

ਉੱਤਰ- “ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕ ਕਹੈ ਸੁਣਹੁ ਜਨਹੁ ਇਤੁ ਜੰਜਮਿ ਦੁਖ ਜਾਹਿ॥ 2॥ 7॥

ਗੁਰਮਤਿ ਦਾ ਪਰਮ ਪਦ ਦ੍ਵੈਤ ਦਾ ਨਾਸ਼ ਕਰਨਾ ਤੇ ਉਸ ਇੱਕ ਓਅੰਕਾਰ ਵਿੱਚ ਅਭੇਦ ਹੋ ਜਾਣਾ ਹੈ। ਗੁਰਮਤਿ ਦਾ ਨਿਸ਼ਾਨਾ ਅਦ੍ਵੈਤ ਹੈਗਿਆਨ ਕੇਵਲ ਸਹਾਇਕ ਹੈ, ਸਦਾਚਾਰ ਵੀ ਜਰੂਰੀ ਹੈ

ਗੁਰਮਤਿ; ਗਿਆਨ, ਭਗਤੀ ਤੇ ਕਰਮ (ਮਿਹਰ) ਮਾਰਗ ਦੀ ਸਾਂਝੀ ਨੀਂਹ ਤੇ ਕਾਇਮ ਹੈ। ਇਸ ਦਾ ਨਿਸ਼ਾਨਾ- ਅਦ੍ਵੈਤ,

ਸਹਾਇਤਾ- ਗਿਆਨ ਦੀ, ਅਤੇ

ਮਾਰਗ- ਵਿਸਮਾਦ ਦਾ।

ਗੁਰਮਤਿ ਦਾ ਨਿਸ਼ਾਨਾ ਮੁਕਤੀ ਹੈ। ਇਹ ਮੁਕਤੀ ਅਭੇਦਤਾ ਦਾ ਹੀ ਦੂਜਾ ਨਾਮ ਹੈ। ਗੁਰਸਿੱਖ ਅਕਾਲਪੁਰਖ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਦਾ ਹੈ ਤੇ ਜੀਵਨ ਮੁਕਤ ਹੋ ਜਾਂਦਾ ਹੈ। (ਗੁਰਮੱਤ ਵਿਚਾਰਧਾਰਾ, ਦੁਆਰਾ-ਭਗਤ ਸਿੰਘ ਹੀਰਾ, ਵਿੱਚੋਂ ਧੰਨਵਾਦ ਸਹਿਤ)

ਸਾਡੇ ਅੱਜ ਦੇ ਗੁਰਬਾਣੀ ਵਿਆਖਿਆਕਾਰ ਸਿੱਧੇ ਤੌਰ ਤੇ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ (ਅਤੇ ਨਾ ਹੀ ਹੋ ਸਕਦੇ ਹਨ। ਅਗਰ ਇਹ ਸਿੱਧਾ ਹੀ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਕੇ ਗੁਰਬਾਣੀ ਵਿਆਖਿਆ ਕਰਦੇ ਹਨ ਤਾਂ ਬਹੁ ਗਿਣਤੀ ਸਿੱਖਾਂ ਨੇ ਇਨ੍ਹਾਂ ਦੇ ਮਗ਼ਰ ਤਾਂ ਕੀ ਲੱਗਣਾ ਹੈ, ਇਨ੍ਹਾਂ ਦੀਆਂ ਵਿਆਖਿਆਵਾਂ ਸੁਣਨੀਆਂ ਵੀ ਪਸੰਦ ਨਹੀਂ ਕਰਨਗੇ। ਇਸ ਲਈ ਇਹ ‘ਰੱਬ’ ਦੀ ਹੋਂਦ ਨੂੰ ਮੰਨਣ ਦੀ ਗੱਲ ਤਾਂ ਕਰਦੇ ਹਨ ਪਰ ਜਿੱਥੇ ਵੀ ਕਿਤੇ ਰੱਬ ਦੀ ਹੋਂਦ ਬਾਰੇ ਜਾਂ ਇਸ ਨਾਲ ਸੰਬੰਧਤ ਵਿਸ਼ੇ ਬਾਰੇ ਗੁਰਬਾਣੀ ਤੁਕਾਂ ਆਉਂਦੀਆਂ ਹਨ ਉਨ੍ਹਾਂ ਸਭ ਦਾ ਅਰਥ ਬੜੇ ਸਹੀ ਢੰਗ ਨਾਲ ਪਰਮਾਤਮਾ ਦੀ ਹੋਂਦ ਨੂੰ ਹਾਂ ਪੱਖੀ ਅਰਥ ਕਰ ਦਿੰਦੇ ਹਨ। ਪਰ ਨਾਲ ਹੀ ਗੁੱਝੇ ਢੰਗ ਨਾਲ ਰੱਬ, ਪਰਮਾਤਮਾ ਕੀ ਹੈ, ਕੌਣ ਹੈ ਇਸ ਦੀ ਵਿਆਖਿਆ ਜੋ ਕੀਤੀ ਜਾਂਦੀ ਹੈ ਉਹ ਹੇਠ ਦਿੱਤੀਆਂ ਉਦਾਹਰਣਾਂ ਅਨੁਸਾਰ ਹਨ। ਅਤੇ ਪਾਠਕ ਇਹ ਵੀ ਦੇਖ ਲੈਣ ਕਿ ਇਨ੍ਹਾਂ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਦੇ ਵਿਚਾਰ ‘ਦੇਵ ਸਮਾਜ ਅਤੇ ਬੁੱਧ ਧਰਮ’ ਨਾਲ ਕਿੰਨੇ ਮਿਲਦੇ ਹਨ।

ਪੇਸ਼ ਹਨ ਇਨ੍ਹਾਂ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਦੀਆਂ ਲਿਖਤਾਂ ਦੇ ਕੁੱਝ ਅੰਸ਼:

“ਮਨੁੱਖਾ ਜੀਵਨ ਬਾਕੀ ਦੀਆਂ ਜੂਨਾਂ ਦੇ ਬਾਅਦ ਵਿੱਚ ਬਣਿਆ ਹੈ। ਸਾਇੰਸ ਇਸ ਨੂੰ ਕਰਮ ਵਿਕਾਸ (Evolution theory) ਆਖਦੀ ਹੈ। ਕੁਦਰਤੀ ਨਿਯਮਾਂ ਅਨੁਸਾਰ ਮਨੁੱਖ ਹੋਂਦ ਵਿੱਚ ਆਇਆ ਹੈ। ਆਦਮੀ ਮਨੁੱਖੀ ਸਰੀਰ ਵਿੱਚ ਹੁੰਦਾ ਹੋਇਆ ਆਪਣਾ ਸੁਭਾਅ ਤੇ ਕਰਮ ਬਦਲਣ ਲਈ ਤਿਆਰ ਨਹੀਂ ਹੁੰਦਾ। ਕਈ ਵਾਰੀਂ ਇਹ ਵੀ ਸੁਣਨ ਨੂੰ ਮਿਲਦਾ ਹੈ -- ਹੈ ਤੇ ਬੰਦਾ ਪਰ ਕੰਮ ਬਾਂਦਰਾਂ ਵਾਲੇ ਕਰਦਾ ਹੈ। ਮਨੁੱਖ ਹੁੰਦਾ ਹੋਇਆ ਵੀ ਪਸ਼ੂ ਬਿਰਤੀ ਵਿੱਚ ਬੈਠਾ ਹੈ।

(ਦੇਵ ਸਮਾਜ: man has originated from the animal world he has inherited the sense of pleasure or comfort from them.)

ਅਜੋਕੇ ਗੁਰਬਾਣੀ ਅਰਥਾਂ ਦੇ ਸੰਬੰਧ ਵਿੱਚ ਪੇਸ਼ ਹਨ ਕੁੱਝ ਉਦਾਹਰਣਾਂ:

“ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ 1॥ ਰਹਾਉ॥” ਅਜੋਕੇ ਅਰਥ:- ਜੇ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ ਗੁਰੂ ਦੇ ਸਨਮੁੱਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖ। ਅਰਥਾਤ ਸਦੀਵਕਾਲ ਪਰਮਾਤਮਾ ਦੀ ਨਿਯਮਾਵਲੀ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਸ਼ਬਦ ਵਿੱਚ ਜੁੜਨ ਦਾ ਅਰਥ ਹੈ ਨਿਯਮਬੱਧ ਹੋਣਾ। (ਨੋਟ- ‘ਸ੍ਰਿਸ਼ਟੀ ਦੇ ਮਾਲਕ ਪਰਮਾਤਮਾ’ ਦੀ ਵਿਆਖਿਆ ਵੱਲ ਧਿਆਨ ਦਿੱਤਾ ਜਾਵੇ)।

“ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥” ਅਜੋਕੇ ਅਰਥ:- ਕਰਤਾਰ ਦਾ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ। ਭਾਵ ਉਸ ਦੀ ਸਦਾ ਚੱਲ ਰਹੀ ਨਿਯਮਾਵਲੀ ਨੂੰ ਅਸੀਂ ਤਬਦੀਲ ਨਹੀਂ ਕਰ ਸਕਦੇ। ਸਾਰਾ ਸੰਸਾਰ ਇੱਕ ਬਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਬਰਸਾਤ, ਗਰਮੀ, ਸਰਦੀ, ਹਨੇਰੀ, ਤੁਫਾਨ, ਬਸੰਤ ਰੁੱਤ, ਪਤਝੜ, ਦਿਨ-ਰਾਤ, ਕੁਦਰਤੀ ਪਦਾਇਸ਼ ਦਾ ਸਿਲਸਿਲੇ ਵਾਂਗ ਹੀ ਚੱਲ ਰਿਹਾ ਹੈ। ਉਸ ਦੇ ਚੱਲ ਰਹੇ ਸਿਲਸਿਲੇ ਵਿੱਚ ਅਸੀਂ ਖਲਰ ਨਹੀਂ ਪਾ ਸਕਦੇ। ਕਰਤਾਰੀ ਲੇਖ ਭਾਵ ਕੁਦਰਤੀ ਨਿਯਮਾਵਲੀ ਨੂੰ ਅਸੀਂ ਬਦਲ ਨਹੀਂ ਸਕਦੇ। ਲਿਖਿਆ ਹੋਇਆ ਲੇਖ ਭਾਵ ਸਦੀਵਕਾਲ ਨਿਯਮਾਵਲੀ ਅਨੁਸਾਰ ਹੀ ਸਾਰਾ ਸੰਸਾਰ ਚੱਲ ਰਿਹਾ ਹੈ।

(ਦੇਵ ਸਮਾਜ- The process or law of operation of change in all existences of Nature are invariable, Uniform and immutable. ਨੋਟ:- ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਇੱਥੇ ਤੁਕ ਵਿੱਚ ਸਥੂਲ ਸੰਸਾਰ ਦੇ ਕੁਦਰਤੀ ਨਿਯਮਾਂ ਬਾਰੇ ਜ਼ਿਕਰ ਨਹੀਂ ਹੈ। ਅਤੇ ਦੇਵ ਸਮਾਜ ਤੇ ਅਜੋਕੇ ਵਿਦਵਾਨਾਂ ਦੇ ਵਿਚਾਰ ਆਪਸ ਵਿੱਚ ਕਿੰਨੇ ਮਿਲਦੇ ਜੁਲਦੇ ਹਨ, ਇਹ ਦੱਸਣ ਲਈ ਉਦਾਹਰਣ ਪੇਸ਼ ਕੀਤੀ ਗਈ ਹੈ। ਅਜੋਕੀ ਗੁਰਮਤਿ ਵਿਆਖਿਆ ਅਨੁਸਾਰ ‘ਲੇਖ ਨਾ ਮਿਟਈ’ ਦੇ ਅਰਥ ਦੇਖੋ ‘ਕੁਦਰਤ ਦੇ ਨਿਯਮ ਨਹੀਂ ਬਦਲੇ ਜਾ ਸਕਦੇ’।

“ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗੁ॥”

ਅਜੋਕੇ ਅਰਥ- “ਸਾਰਾ ਸੰਸਾਰ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਜਿਨ੍ਹਾਂ ਮੁਲਕਾਂ ਨੇ ਇਸ ਬੱਝਵੇਂ ਨਿਯਮ ਦੀ ਪਾਲਣਾ ਕੀਤੀ ਹੈ ਉਹ ਤਰੱਕੀ ਦੀਆਂ ਮੰਜਿਲਾਂ ਤਹਿ ਕਰਕੇ ਨਿਸ਼ਾਨੇ ਤੇ ਪਹੁੰਚਣੋਂ ਨਹੀਂ ਖੂੰਝੇ। ਜਿਹੜੇ ਦੇਸ਼, ਸਮਾਜ, ਪਰਵਾਰ, ਜਾਂ ਕੌਮਾਂ ਰੱਬ ਜੀ ਦੇ ਇਸ ਬਝਵੇਂ ਨਿਯਮ ਨੂੰ ਭੁੱਲ ਗਏ ਓੱਥੇ ਸਮਾਜਕ, ਰਾਜਨੀਤਕ, ਆਰਥਕ, ਧਾਰਮਕਤਾ ਦੀਆਂ ਕਦਰਾਂ ਕੀਮਤਾਂ ਤਬਾਹ ਹੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇੱਕ ਸਕੂਲ ਵਿੱਚ ਪੜ੍ਹ ਰਹੇ ਬੱਚੇ ਦੇ ਮਨ ਵਿੱਚ ਪਰਮਾਤਮਾ ਕਿਵੇਂ ਵੱਸੇ? ਇਸ ਦਾ ਉੱਤਰ ਹੈ ਕਿ ਬੱਚਾ ਆਪਣੇ ਸਕੂਲ ਦੇ ਕੰਮ ਨੂੰ ਧਿਆਨ ਨਾਲ ਕਰਨ ਦਾ ਯਤਨ ਕਰੇ”।

(ਅਰਥਾਤ- ਦੁਨਿਆਵੀ ਪੜ੍ਹਾਈ ਅਤੇ ਦੁਨਿਆਵੀ ਕੰਮ ਕਾਰ ਕਰਨ ਦੇ ਨਿਯਮ ਚੇਤੇ ਰੱਖਣੇ ਰੱਬ ਨੂੰ ਯਾਦ ਕਰਨਾ ਹੈ ਅਤੇ ਇਨ੍ਹਾਂ ਦੁਨਿਆਵੀ ਪੜ੍ਹਾਈ ਅਤੇ ਕੰਮ ਕਾਰ ਦੇ ਨਿਯਮਾਂ ਨੂੰ ਭੁੱਲਣਾ ਰੱਬ ਨੂੰ ਭੁੱਲਣਾ ਹੈ)।

“ਨਾਨਕ ਰਾਖਿ ਲੇਹੁ ਆਪਨ ਕਰਿ ਕਰਮ॥” ਅਜੋਕੇ ਅਰਥ- ਮੈਂ ਅਰਦਾਸ ਕਰਦਾ ਹਾਂ ਕਿ ਹੇ ਪ੍ਰਭੂ ਜੀ! ਮੈਨੂੰ ਹੁਣ ਸੋਝੀ ਦਿਉ ਕਿ ਮੈਂ ਅਜਿਹੀਆਂ ਮੰਦਭਾਗੀਆਂ ਜੂਨਾਂ ਵਿੱਚੋਂ ਬਾਹਰ ਆ ਸਕਾਂ। (ਗੁਰਬਾਣੀ ਵਿੱਚ) ਪਰਮਾਤਮਾ ਨੂੰ ਮਾਤਾ ਪਿਤਾ ਕਿਹਾ ਗਿਆ ਹੈ। (ਨੋਟ-ਪਹਿਲਾਂ ਹੇ ਪ੍ਰਭੂ ਜੀ! ਲਿਖ ਕੇ ਬਾਅਦ ਵਿੱਚ ਵਿਆਖਿਆ ਕਰਦਿਆਂ ਅਰਥ ਬਦਲ ਕੇ ‘ਮਾਤਾ ਪਿਤਾ’ ਕਰ ਦਿੱਤੇ ਗਏ ਹਨ)।

ਨੋਟ- ਪਰਮਾਤਮਾ ਨਾਲ ਸਾਂਝ ਕੁਦਰਤ ਦੇ ਜਰੀਏ ਹੀ ਪੈਣੀ ਹੈ। ਪਰ ਕੁਦਰਤ ਪਰਮਾਤਮਾ ਨਹੀਂ। ਬਲਕਿ ਗੁਰਮਤ ਅਨੁਸਾਰ ਕੁਦਰਤ ਨੂੰ ਵੀ ਪਰਮਾਤਮਾ ਨੇ ਬਣਾਇਆ ਹੈ। ਪ੍ਰਭੂ ਨੂੰ ਸਿਮਰਨ ਦਾ ਮਤਲਬ ਕੁਦਰਤ ਦੇ ਨਿਯਮਾਂ ਨੂੰ ਸਿਮਰਨਾ ਨਹੀਂ, ਪ੍ਰਭੂ ਨੂੰ ਸਿਮਰਨਾ ਹੈ। ਮੰਨ ਲਵੋ ਬਹੁਤ ਸਾਰੇ ਗੁਣਾਂ ਦਾ ਮਾਲਕ ਸਾਡਾ ਕੋਈ ਸੱਜਣ ਮਿੱਤਰ ਸਾਡੇ ਤੋਂ ਦੂਰ ਗਿਆ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਮੈਨੂੰ ਆਪਣੇ ਮਿੱਤਰ ਦੇ ਗੁਣਾਂ ਦੀ ਬਹੁਤ ਯਾਦ ਆ ਰਹੀ ਹੈ। ਸਾਡੀ ਕਿਸੇ ਵਿਅਕਤੀ ਨਾਲ ਇੰਟਰਨੈਟ ਤੇ ਦੋਸਤੀ ਬਣ ਜਾਏ, ਜਿਸਦੀ ਅਸੀਂ ਕਦੇ ਸ਼ਕਲ ਵੀ ਨਹੀਂ ਦੇਖੀ ਹੁੰਦੀ, ਫੇਰ ਵੀ ਉਹ ਸਾਡਾ ਸੱਜਣ ਮਿੱਤਰ ਹੈ। ਇਸੇ ਤਰ੍ਹਾਂ ਪ੍ਰਭੂ ਦੀ ਕੋਈ ਸ਼ਕਲ ਸੂਰਤ ਨਹੀਂ ਫੇਰ ਵੀ ਉਹ ਹੈ। ਜੇ ਅਸੀਂ ਇਹ ਗੱਲ ਪੂਰੀ ਇਮਾਨਦਾਰੀ ਨਾਲ ਕਹਿੰਦੇ ਹਾਂ ਕਿ ‘ਰੱਬੀ ਗੁਣ’ ਜਾਂ ‘ਰੱਬੀ ਨਿਯਮਾਵਲੀ’ ਤਾਂ ਇਸ ਦਾ ਮਤਲਬ ਉਹ ਕੋਈ ਹੈ ਜਿਸ ਦੇ ਗੁਣ ਅਤੇ ਜਿਸ ਦੀ ਨਿਯਮਾਵਲੀ ਹੈ। ਸੋ ਪਰਮਾਤਮਾ ਨੂੰ ਪਰਮਾਤਮਾ ਕਹਿਣ ਵਿੱਚ ਹਿਚਕਿਚਾਹਟ ਕਿਉਂ? ਕਿਤੇ ਐਸਾ ਤਾਂ ਨਹੀਂ ਕਿ ਇਨ੍ਹਾਂ ਅਜੋਕੇ ਵਿਆਖਿਆਕਾਰਾਂ ਉੇੱਪਰ ਅਨਮਤਾਂ ਦੀ ਵਿਚਾਰਧਾਰਾ ਨੇ ਪ੍ਰਭਾਵ ਪਾ ਦਿੱਤਾ ਹੈ ਜਾਂ ਸਾਇੰਸ ਦੀ ਤਰੱਕੀ ਦੇਖ ਕੇ ਇਨ੍ਹਾਂ ਨੂੰ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ, ਇਸ ਲਈ ਗੁਰਬਾਣੀ ਦੇ ਅਰਥ ਬਦਲਣ ਦੀ ਜਰੂਰਤ ਮਹਿਸੂਸ ਹੋ ਰਹੀ ਹੈ? ਐਸਾ ਨਹੀਂ ਹੈ ਵਿਗਿਆਨ ਆਪਣੇ ਥਾਂ ਠੀਕ ਹੈ, ਵਿਗਿਆਨ ਪਰਮਾਤਮਾ ਦੇ ਸਥੂਲ ਰੂਪ ਨਾਲ ਹੀ ਸੰਬੰਧ ਰੱਖਦੀ ਹੈ ਅਤੇ ਉਸ ਦੇ ਸਥੂਲ ਰੂਪ ਤੱਕ ਹੀ ਪਹੁੰਚ ਸਕਦੀ ਹੈ, ਇਸ ਤੋਂ ਅੱਗੇ ਉਸਦੇ ਸੂਖਮ ਰੂਪ ਤੱਕ ਨਹੀਂ।

ਕਰਮ ਅਤੇ ਕਰਮ-ਫਲ਼ ਬਾਰੇ ਵੀ ਅਜੋਕੇ ਵਿਆਖਿਆਕਰਾਂ ਦੇ ਵਿਚਾਰਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ। ਇਨ੍ਹਾਂ ਮੁਤਾਬਕ ਕੋਈ ਕਿਸੇ ਬੇ-ਕਸੂਰ ਦਾ ਕਤਲ ਕਰਦਾ ਹੈ ਤਾਂ ਕਤਲ ਕਰਨਾ ‘ਕਰਮ’ ਹੈ ਅਤੇ ਕਤਲ ਹੋਣਾ ‘ਕਰਮ-ਫਲ਼’ ਹੈ। ਕੋਈ ਵਹਿਸ਼ੀ ਦਰਿੰਦਾ ਕਿਸੇ ਮਾਸੂਮ ਬੱਚੀ ਨਾਲ ਵਹਿਸ਼ੀਆਨਾ ਹਰਕਤ ਕਰਦਾ ਹੈ ਤਾਂ ਵਹਿਸ਼ੀਆਨਾ ਹਰਕਤ ਕਰਨਾ ਕਰਮ ਹੈ ਅਤੇ ਮਾਸੂਮ ਬੱਚੀ ਦੁਆਰਾ ਸੰਤਾਪ ਭੋਗਤਣਾ ਕਰਮ-ਫਲ਼ ਹੈ। ਇਸੇ ਫਾਰਮੁਲੇ ਦੇ ਆਧਾਰ ਤੇ ਇਨ੍ਹਾਂ ਵਿਦਵਾਨਾਂ ਅਨੁਸਾਰ ਕਰਮਾਂ ਦਾ ਫਲ਼ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ। ਜਾਣੀ ਕਿ ਸਭ ਕੁੱਝ ਦਿਸਦੇ ਸੰਸਾਰ ਪਧੱਰ ਤੇ ਹੀ ਹੋ ਰਿਹਾ ਹੈ। ਐਕਸ਼ਨ-ਰਿਐਕਸ਼ਨ ਦੀ ਤਰ੍ਹਾਂ ਸਭ ਕੁੱਝ ਨਾਲ ਦੀ ਨਾਲ ਹੀ ਵਾਪਰੀ ਜਾਂਦਾ ਹੈ। ਇਨ੍ਹਾਂ ਅਨੁਸਾਰ, ਕਰਮ ਕੋਈ ਕਰੇ ਫਲ਼ ਕੋਈ ਭੁਗਤੇ। ਦੇਸ਼ ਸਮਾਜ ਦੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਕੇ ਜੋ ਮਰਜ਼ੀ ਕਰਮ ਕਰੀ ਜਾਵੋ ਕੋਈ ਪੁੱਛਣ ਵਾਲਾ ਨਹੀਂ।

ਇੱਕ ਗੱਲ ਹੋਰ- ਗੁਰਬਾਣੀ ਸਾਨੂੰ ਇਹ ਮੌਜੂਦਾ ਮਨੁੱਖਾ ਜਨਮ ਸਵਾਰਨ ਦੀ ਹਦਾਇਤ ਕਰਦੀ ਹੈ, ਗੁਰਮੁੱਖ ਬਣਨ ਦੀ ਹਦਾਇਤ ਕਰਦੀ ਹੈ। ਮਨੁੱਖਾ ਜਨਮ ਤੋਂ ਬਿਨਾਂ ਕਿਸੇ ਹੋਰ ਜੂਨ ਵਿੱਚ ਇਸ ਬਾਰੇ ਸੋਝੀ ਵੀ ਨਹੀਂ ਅਤੇ ਨਾ ਹੀ ਕਿਸੇ ਹੋਰ ਜੂਨ ਵਿੱਚ ਜਨਮ ਸਵਾਰਨ ਦੀ ਗੱਲ ਕੀਤੀ ਹੀ ਜਾ ਸਕਦੀ ਹੈ। ਪਰ ਗੁਰਬਾਣੀ ਇਹ ਵੀ ਤਾਂ ਦੱਸਦੀ ਹੈ ਕਿ ਜੇ ਇਹ ਮਨੁੱਖਾ ਜਨਮ ਨਾ ਸਵਾਰਿਆ, ਜਨਮ ਵਿਅਰਥ ਹੀ ਗਵਾ ਲਿਆ ਤਾਂ ਫੇਰ ਕੀ ਹੋਣਾ ਹੈ। ਬੱਚੇ ਨੇ ਇਸ ਮੌਜੂਦਾ ਕਲਾਸ ਵਿੱਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨੀ ਹੈ, ਜੇ ਨਹੀਂ ਕੀਤੀ ਤਾਂ ਸਾਲ ਦੇ ਅਖੀਰ’ ਚ ਰਜ਼ਲਟ ਆਉਣ ਤੇ ਕੀ ਹੋਣਾ ਹੈ? ਇਸੇ ਕਲਾਸ ਵਿੱਚ ਹੀ ਫੇਰ ਧੱਕੇ ਖਾਣੇ ਪੈਣਗੇ। ਅਜੋਕੇ ਵਿਆਖਿਆਕਾਰ ਇਸ ਨੁਕਤੇ ਤੇ ਚੁੱਪੀ ਧਾਰ ਲੈਂਦੇ ਹਨ ਕਿ ਜੇ ਕੋਈ ਸਾਰੀ ਉਮਰ ਨਾਜਾਇਜ਼ ਤਰੀਕੇ ਨਾਲ ਦੌਲਤ ਇਕੱਠੀ ਕਰਕੇ ਐਸ਼ੋ-ਇਸ਼ਰਤ ਦੀ ਜ਼ਿੰਦਗ਼ੀ ਬਸਰ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਗੁਰਬਾਣੀ ਇਸ ਬਾਰੇ ਕੀ ਸੁਨੇਹਾ ਦਿੰਦੀ ਹੈ?

ਨੋਟ- (ਭਗਤ ਸਿੰਘ ਹੀਰਾ ਜੀ ਅਨੁਸਾਰ-) “ਪਰਾ ਗਿਆਨ ਉਚੇਰਾ ਗਿਆਨ ਹੈ ਜਿਸ ਨੂੰ ਅਸੀਂ ਅਕਸਰ ਬ੍ਰਹਮ ਦਾ ਗਿਆਨ ਕਹਿ ਸਕਦੇ ਹਾਂ।

‘ਅਪਰਾ ਗਿਆਨ’ ਵਿੱਚ ਖੋਜ ਤੇ ਤਜਰਬੇ ਦੇ ਆਧਾਰ ਤੇ ਉਸਰੇ ਸਾਇੰਸ ਤੇ ਕਲਾ ਵੀ ਸ਼ਾਮਲ ਹਨ। ਨਾਸ਼ਵਾਨ ਪਦਾਰਥਾਂ ਅਤੇ ਸੁਖਾਂ ਨਾਲ ਸੰਬੰਧਤ ਗਿਆਨ ਵੀ ‘ਅਪਰਾ’ ਹੈ। ਵੇਦਾਂ ਨੂੰ ਇਸੇ ਨੀਵੇਂ ਦਰਜੇ ਦੇ ਗਿਆਨ ਵਿੱਚ ਗਿਣਿਆ ਗਿਆ ਹੈ”।

ਸੋ ਯਾਦ ਰੱਖਣਾ ਚਾਹੀਦਾ ਹੈ ਕਿ ਅਜੋਕੇ ਵਿਆਖਿਆਕਾਰਾਂ ਦੀਆਂ ਵਿਆਖਿਆਵਾਂ ਸਿਰਫ ‘ਅਪਰਾ ਗਿਆਨ’ ‘ਨੀਵੇਂ ਦਰਜੇ ਦੇ ਗਿਆਨ’ ਤੱਕ ਹੀ ਸੀਮਿਤ ਹਨ।

ਨੋਟ- ਦੇਵ ਧਰਮ ਅਨੁਸਾਰ ਦੇਵਤਿਆਂ ਦੀ ਪੂਜਾ ਮਿਥਿਆ ਹੈ, ਇਹ ਆਮ ਲੋਕਾਂ ਨੂੰ ਲੁੱਟਣ ਲਈ ਪੁਜਾਰੀਆਂ ਦੁਆਰਾ ਚਲਾਇਆ ਗਿਆ ਢਕਵੰਜ ਹੈ। ਦੇਵ ਸਮਾਜ ਵਾਲੇ ਕਿਸੇ ਕਰਮ-ਕਾਂਡ ਸਵਰਗ-ਨਰਕ, ਵਰ-ਸਰਾਪ, ਕਰਾਮਾਤਾਂ ਤੇ ਚਮਤਕਾਰ ਨੂੰ ਨਹੀਂ ਮੰਨਦੇ।

ਇਸ ਸੰਬੰਧ ਵਿੱਚ ਇਹੀ ਵਿਚਾਰ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਦੇ ਵੀ ਹਨ। ਜੋ ਕਿ ਗੁਰਮਤਿ ਦੇ ਬਿਲਕੁਲ ਅਨੁਕੂਲ ਹਨ। ਬਲਕਿ ਅਜੋਕੇ ਗੁਰਬਾਣੀ ਵਿਆਖਿਆਕਾਰ ਇਨ੍ਹਾਂ ਕਰਮ-ਕਾਂਡਾਂ ਖਿਲਾਫ ਭਰਪੂਰ ਪ੍ਰਚਾਰ ਕਰ ਰਹੇ ਹਨ, ਜੋ ਕਿ ਬਹੁਤ ਸ਼ਲਾਂਘਾਯੋਗ ਕੰਮ ਹੈ। ਪਰ ਜੇ ਕੋਈ ਵਿਦਵਾਨ ਇਨ੍ਹਾਂ ਕਰਮ-ਕਾਂਡਾਂ ਦੇ ਖਿਲਾਫ ਪ੍ਰਚਾਰ ਦੇ ਦੌਰਾਨ ਜਾਂ ਕਰਮ-ਕਾਂਡਾਂ ਦੇ ਖਿਲਾਫ ਪ੍ਰਚਾਰ ਦੀ ਆੜ ਵਿੱਚ ‘ਪਰਮਾਤਮਾ ਦੀ ਹੋਂਦ’ ਅਤੇ ਆਵਾਗਉਣ ਬਾਰੇ ਆਪਣੀ ਬਣੀ ਕਿਸੇ ਸੋਚ ਅਨੁਸਾਰ ਪ੍ਰਚਾਰ ਕਰਦੇ ਹਨ ਤਾਂ ਇਸ ਬਾਰੇ ਠੀਕ ਗ਼ਲਤ ਦਾ ਫੈਸਲਾ ਪਾਠਕਾਂ/ ਸ਼ਰੋਤਿਆਂ ਨੂੰ ਆਪ ਕਰਨਾ ਚਾਹੀਦਾ ਹੈ। ਠੀਕ ਗ਼ਲਤ ਦਾ ਫੈਸਲਾ ਕਰਨ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਤੋਂ ਮਦਦ ਲਈ ਜਾ ਸਕਦੀ ਹੈ। ਜੋ ਕਿ Internet ਤੇ ਵੀ ਉਪਲਭਦ ਹੈ- www.gurugranthdarpan.com . ਯਾਦ ਰਹੇ ਕਿ ਅਜੋਕੇ ਗੁਰਬਾਣੀ ਦੇ ਵਿਆਖਿਆਕਾਰ ਵਿਦਵਾਨ ਵੀ ਪ੍ਰੋ: ਸਾਹਿਬ ਸਿੰਘ ਜੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੀਆਂ ਲਿਖਤਾਂ ਨੂੰ ਸਹੀ ਮੰਨਦੇ ਹੋਏ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਦਿੰਦੇ ਹਨ। ਪਰ ਧਿਆਨ ਦੇਣ ਦੀ ਜਰੂਰਤ ਹੈ ਕਿ ਇਹ ਵਿਦਵਾਨ ਪ੍ਰੋ: ਸਾਹਿਬ ਅਤੇ ਭਾਈ ਸਾਹਿਬ ਜੀ ਦੀਆਂ ਲਿਖਤਾਂ ਵਿੱਚ ਕੁੱਝ ਸ਼ਬਦ ਆਪਣੇ ਕੋਲੋਂ ਮਿਲਾ ਦਿੰਦੇ ਹਨ। ਜਿਸ ਨਾਲ ਅਰਥ ਹੋਰ ਦੇ ਹੋਰ ਹੀ ਬਣ ਜਾਂਦੇ ਹਨ ਅਤੇ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਅਜੋਕੇ ਵਿਦਵਾਨ ਵੀ ਓਹੀ ਗੱਲ ਕਹਿ ਰਹੇ ਹਨ ਜਿਹੜੀ ਪ੍ਰੋ: ਸਾਹਿਬ ਅਤੇ ਭਾਈ ਸਾਹਿਬ ਨੇ ਕਹੀ ਹੈ। ਜੇ ਪਾਠਕਾਂ/ਸ਼ਰੋਤਿਆ ਨੂੰ ਗੁਰਬਾਣੀ ਨਾਲ ਪਿਆਰ ਹੈ ਅਤੇ ਚਾਹੁੰਦੇ ਹਨ ਕਿ ਇਸ ਵਿੱਚ ਮਿਲਾਵਟ ਨਾ ਹੋਵੇ, ਜਾਂ ਗ਼ਲਤ ਬਿਆਨੀ ਨਾ ਹੋਵੇ ਤਾਂ ਉਹ ਖੁਦ ਪ੍ਰੋ: ਸਾਹਿਬ ਅਤੇ ਭਾਈ ਸਾਹਿਬ ਜੀ ਦੇ ਹਵਾਲੇ ਦੇਖਣ ਅਤੇ ਗੁਰਬਾਣੀ ਦੇ ਅਰਥ ਆਪ ਵਾਚਣ ਦੀ ਆਦਤ ਪਾਉਣ।

ਜਸਬੀਰ ਸਿੰਘ (ਕੈਲਗਰੀ)




.