.

ਅਜ਼ਾਦੀ: ਹਕੀਕਤ ਜਾਂ ਭਰਮ
ਸਤਿੰਦਰਜੀਤ ਸਿੰਘ ਗਿੱਲ

‘ਅਜ਼ਾਦੀ’ ਇੱਕ ਐਸਾ ਸ਼ਬਦ ਜਿਸਦਾ ਖਿਆਲ ਆਉਂਦਿਆਂ ਹੀ ਹਰ ਇੱਕ ਮਨ ਨੂੰ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਹੋਂਦ, ਚਾਹਤ, ਸੋਚ ਅਤੇ ਖਿਆਲਾਂ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰਨ ਦੇ ਮਿਲ ਰਹੇ ਮੌਕੇ ਦਾ ਚਾਅ ਹੁੰਦਾ ਹੈ। ਇਨਸਾਨ ਹੋਵੇ ਜਾਂ ਜਾਨਵਰ ਹਰ ਕੋਈ ਬੰਦਿਸ਼ਾਂ ਤੋਂ ਮੁਕਤ ਅਜ਼ਾਦ ਜੀਵਨ ਜਿਉਣਾ ਲੋਚਦਾ ਹੈ। ਇਹ ਅਜ਼ਾਦੀ ਕਿਸੇ ਵੀ ਪ੍ਰਕਾਰ ਦੀ ਜਾਂ ਕਿਸੇ ਦੀ ਵੀ ਗੁਲਾਮੀ ਤੋਂ ਮੁਕਤ ਹੋਣ ਦੀ ਹੋ ਸਕਦੀ ਹੈ। ਅਜ਼ਾਦੀ ਦੀ ਪਰਿਭਾਸ਼ਾ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਆਪਣੇ-ਆਪਣੇ ਸੁਭਾਅ ਮੁਤਾਬਕ ਹੋ ਸਕਦੀ ਹੈ। ਪਰ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਲਈ ਅਜ਼ਾਦੀ ਵਧੇਰੇ ਕਰਕੇ ਤਕਰੀਬਨ 100 ਸਾਲ ਭਾਰਤ ਉੱਪਰ ਰਾਜ ਕਰਨ ਵਾਲੀ ਅੰਗਰੇਜ਼ੀ ਕੌਮ ਜੋ ਕਿ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਭਾਰਤ ਵਿੱਚ ਦਾਖਿਲ ਹੋਈ ਅਤੇ ਮਾਲਕ ਬਣ ਬੈਠੀ ਤੋਂ 1947 ਵਿੱਚ ਮਿਲੀ ਅਜ਼ਾਦੀ ਹੈ। ਅੰਗਰੇਜਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਇੱਥੋਂ ਦੇ ਲੋਕਾਂ ਦੇ ਬੁਨਿਆਦੀ ਹੱਕ ਖੋਹ ਲਏ ਅਤੇ ਸਾਰੇ ਪ੍ਰਬੰਧ ਨੂੰ ਆਪਣੇ ਅਧੀਨ ਕਰ ਲਿਆ। ਬੇਕਸੂਰ ਲੋਕਾਂ ਨਾਲ ਧੱਕੇਸ਼ਾਹੀਆਂ ਹੋਣ ਲੱਗੀਆਂ ਤਾਂ ਕੁਝ ਅਣਖੀ ਲੋਕਾਂ ਦੇ ਖੂਨ ਨੇ ਉਬਾਲਾ ਖਾਧਾ ਅਤੇ ਉਹਨਾਂ ਨੇ ਦੇਸ਼ ਨੂੰ ਅੰਗਰੇਜਾਂ ਦੇ ਚੁੰਗਲ ਵਿੱਚੋਂ ਛੁਡਵਾਉਣ ਲਈ ਤਰਕੀਬਾਂ ਅਤੇ ਸੰਘਰਸ਼ ਸ਼ੁਰੂ ਕਰ ਦਿੱਤਾ। ਕੁਝ ਕੁ ਲੋਕਾਂ ਤੋਂ ਸ਼ੁਰੂ ਹੋਇਆ ਇਹ ਕਾਫਲਾ ਇੱਕ ਬਹੁਤ ਵੱਡੇ ਇਕੱਠ ਦਾ ਰੂਪ ਧਾਰਨ ਕਰ ਗਿਆ। ਗਾਂਧੀ, ਨਹਿਰੂ ਵਰਗੇ ਲੋਕ ਜੋ ਵਲਾਇਤ ਵਿੱਚੋਂ ਡਿਗਰੀਆਂ ਕਰ ਕੇ ਆਏ ਸਨ, ਬੜੇ ਦੂਰਅੰਦੇਸ਼ ਅਤੇ ਚਾਲਾਕ ਨਿਕਲੇ। ਉਹਨਾਂ ਨੇ ਸਮੇਂ ਦੇ ਵੇਗ ਨੂੰ ਭਾਂਪਦਿਆਂ ਕ੍ਰਾਂਤੀਕਾਰੀਆਂ ਦੇ ਹਥਿਆਰਬੰਦ ਸੰਘਰਸ਼ ਦੇ ਪਿੱਛੇ ਆਪਣਾ ਅਹਿੰਸਾ ਦਾ ਰਸਤਾ ਚੁਣ ਲਿਆ ਕਿਉਂਕਿ ਉਹ ਜਾਣਦੇ ਸਨ ਕਿ ਅੰਗਰੇਜਾਂ ਦੀ ਗੋਲੀ ਦਾ ਨਿਸ਼ਾਨਾ ‘ਦੂਸਰੇ’ ਬਣਨਗੇ ਅਤੇ ਅੱਗੇ ਜਾ ਕੇ ਸੱਤਾ ਦਾ ਸੁੱਖ ਉਹ ਭੋਗਣਗੇ। ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਕ੍ਰਾਂਤੀਕਾਰੀਆਂ ਦੇ ਯੋਗਦਾਨ ਤੋਂ ਬਿਨਾਂ ਅਜ਼ਾਦੀ ਬਾਰੇ ਸੋਚਣਾ ਵੀ ਕਲਪਨਾ ਹੀ ਹੋ ਨਿਬੜਦਾ। ਸਿੱਖਾਂ ਨੇ ਇਸ ਅਜ਼ਾਦੀ ਦੀ ਲੜਾਈ ਵਿੱਚ ਬਹੁਤ ਹੀ ਸ਼ਲਾਘਾਯੋਗ ਅਤੇ ਮੋਹਰੀ ਭੂਮਿਕਾ ਨਿਭਾਈ ਜਿਸਨੂੰ ਇਤਿਹਾਸ ਦੇ ਵਰਕੇ ਫਰੋਲਦਿਆਂ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਗਦਰ ਲਹਿਰ, ਕੂਕਾ ਲਹਿਰ,ਨੌਜਵਾਨ ਸਭਾ, ਪਗੜੀ ਸੰਭਾਲ ਲਹਿਰ ਆਦਿ ਅਜ਼ਾਦੀ ਵੱਲ ਨੂੰ ਤੇਜ਼ ਵੇਗ ਨਾਲ ਵਗ ਰਹੀਆਂ ਲਹਿਰਾਂ ਸਿੱਖ ਕੌਮ ਦੀ ਹੀ ਦੇਣ ਸਨ ਜਿੰਨ੍ਹਾਂ ਦੇ ਨਤੀਜੇ ਦੁਨੀਆਂ ਦੇ ਸਾਹਮਣੇ ਹਨ। ਇਸ ਅਜ਼ਾਦੀ ਦੀ ਲੜਾਈ ਵਿੱਚ ਨਿਸ਼ਾਨੇ ਦੀ ਪ੍ਰਾਪਤੀ ਲਈ ਅਨੇਕਾਂ ਹੀ ਦੇਸ਼ ਭਗਤਾ ਨੇ ਰੰਗ-ਜਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਕੁਰਬਾਨੀਆਂ ਦਿੱਤੀਆਂ। ਬਹੁਤ ਸਾਰੇ ਜਾਗਦੀ ਜ਼ਮੀਰ ਅਤੇ ਅਣਖ ਨਾਲ ਜਿਉਣ ਲਈ ਤਤਪਰ ਯੋਧਿਆਂ ਨੇ ਫਾਂਸੀਆਂ ਦੇ ਰੱਸਿਆਂ ਨੂੰ ਹੱਸ-ਹੱਸ ਕੇ ਗਲ ਵਿੱਚ ਪਾਇਆ,ਸ਼ੌਕ ਨਾਲ ਕਾਲੇ ਪਾਣੀਆਂ ਵੱਲ ਨੂੰ ਤੁਰ ਪਏ ਸਿਰਫ ਦੇਸ਼ ਨੂੰ ਅਜ਼ਾਦ ਕਰਵਾਉਣ ਲਈ।
ਪਰ ਅਫਸੋਸ ਉਹਨਾਂ ਸ਼ਹੀਦਾਂ ਦੇ ਸੁਪਨੇ ਹਕੀਕਤ ਦਾ ਰੂਪ ਨਾ ਲੈ ਸਕੇ ਬਸ ਮਹਿਜ਼ ਸੁਪਨੇ ਹੀ ਰਹਿ ਗਏ। ਸ਼ਹੀਦਾਂ ਦੇ ਸਿਰਾਂ ਦੇ ਮੁੱਲ ਬਦਲੇ ਮਿਲੀ ਅਜ਼ਾਦੀ ਦਾ ਅਜੋਕੇ ਭਾਰਤ ਦੇ ਲੀਡਰਾਂ, ਸਰਕਾਰਾਂ,ਅਫਸਰਸ਼ਾਹੀ ਨੇ ਮਿਲ ਕੇ ‘ਚੀਰ-ਹਰਣ’ ਕਰ ਦਿੱਤਾ ਹੈ। ਲੋਕਾਂ ਦੇ ਦਿਲਾਂ ਵਿੱਚ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ ਸੰਗਲਾਂ ਨਾਲ ਬੰਨ੍ਹ ਕੇ ਹੰਝੂ ਕੇਰਦੀ ਬਣਾਈ ਗਈ ‘ਭਾਰਤ-ਮਾਤਾ’ ਜੇ ਸੱਚੀਂ ਹੁੰਦੀ ਤਾਂ ਸੱਚ-ਮੁੱਚ ਹੀ ਕੁਰਲਾ ਉੱਠਦੀ ਅਤੇ ਸ਼ਾਇਦ ਇਹ ਕਹਿਣੋ ਵੀ ਸੰਕੋਚ ਨਾ ਕਰਦੀ ਕਿ ‘ਇਹਨਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸਨ’...!
ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ ਆਮ ਵਰਗ ਕਾਨੂੰਨ ਅਤੇ ਸੰਵਿਧਾਨ ਦੇ ਨਾਲ-ਨਾਲ ਇਹਨਾਂ ਲਾਲਚੀ ਅਤੇ ਮੱਕਾਰ ਲੀਡਰਾਂ ਦਾ ਗੁਲਾਮ ਹੋ ਗਿਆ ਹੈ। ਅਜ਼ਾਦੀ ਦਾ ਅਸਲ ਆਨੰਦ ਤਾਂ ਹਾਕਮ ਜਮਾਤ ਹੀ ਮਾਣ ਰਹੀ ਹੈ ਭਾਵੇਂ ਕਿ ਇਹ ਹਾਕਮ ਜਮਾਤ ਵੀ ਸੁੱਖ-ਸਹੂਲਤਾਂ ਅਤੇ ਐਸ਼ੋ-ਅਰਾਮ ਭਰਪੂਰ ਮਹਿੰਗੇ ਜੀਵਨ ਦੀ ਗੁਲਾਮ ਹੈ ਪਰ ਇਸ ਨੂੰ ਇਸ ਗੁਲਾਮੀ ਦਾ ਅਜ਼ਾਦੀ ਨਾਲੋਂ ਵੀ ਜ਼ਿਆਦਾ ਲਾਭ ਹੋ ਰਿਹਾ ਹੈ।
ਅੰਗਰੇਜਾਂ ਤੋਂ ਅਜ਼ਾਦੀ ਤੋਂ ਬਾਅਦ ਇਸ ਦੇਸ਼ ਵਿੱਚ ਘੱਟ-ਗਿਣਤੀ ਕੌਮਾਂ, ਗਰੀਬ ਤਬਕੇ ਅਤੇ ਮਜ਼ਲੂਮਾਂ ਦੀ ਜੋ ਦੁਰਦਸ਼ਾ ਹੋਈ ਹੈ ਉਹ ਸ਼ਾਇਦ ਅੰਗਰੇਜਾਂ ਨੇ ਵੀ ਨਹੀਂ ਕੀਤੀ ਹੋਵੇਗੀ। ਇਸ ਸਭ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਭਾਰਤ ਦੀਆਂ ਸਰਕਾਰਾਂ, ਸੰਵਿਧਾਨ ਅਤੇ ਕਾਨੂੰਨ ਹਨ। ਕਾਨੂੰਨ ਅੰਨ੍ਹਾਂ-ਬੋਲਾਂ ਹੋਣ ਦੇ ਨਾਲ-ਨਾਲ ਹੀ ਪੈਸੇ ਵਾਲੇ ਅਮੀਰ ਲੋਕਾਂ ਅਤੇ ਰਾਜਨੇਤਾਵਾਂ ਦਾ ਹੱਥ-ਠੋਕਾ ਬਣ ਕੇ ਰਹਿ ਗਿਆ ਹੈ ਅਤੇ ਇਸ ਦੇਸ਼ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਣਾਇਆ ਗਿਆ ਸੰਵਿਧਾਨ ਹੀ ਇਸ ਦੁਰਦਸ਼ਾ ਦਾ ਭਾਗੀਦਾਰ ਬਣ ਗਿਆ ਹੈ। ਭਾਰਤ ਦਾ ਲੋਕਤੰਤਰ ਨਕਾਰਾ ਹੋ ਚੁੱਕਿਆ ਹੈ। ਜਿੱਥੇ ਇੱਕ ਪਾਸੇ ਬਹੁ-ਗਿਣਤੀ ਲੋਕਾਂ ਦੇ ਸਭ ਹੱਕ ਰਾਖਵੇਂ ਹਨ ਉੱਥੇ ਹੀ ਘੱਟ ਗਿਣਤੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੂੰ ‘ਦੇਸ਼ ਲਈ ਖਤਰਾ’ ਗਰਦਾਨਿਆ ਜਾਂਦਾ ਹੈ। ਸੰਸਦ ‘ਤੇ ਹਮਲਾ ਕਰਨ ਵਾਲਿਆਂ ਦਾ ਕੇਸ ਹੱਲ ਕਰਕੇ ਦੋਸ਼ੀਆਂ ਨੂੰ ਸਜਾਵਾਂ ਵੀ ਸੁਣਾ ਦਿੱਤੀਆਂ ਗਈਆਂ ਹਨ ਪਰ 1984 ਵਿੱਚ ਦਿੱਲੀ ਵਿੱਚ ਵਾਪਰੇ ਸਿੱਖ ਕਤਲੇਆਮ ਅਤੇ ਉਸਤੋਂ ਬਾਅਦ ਗੁਜਰਾਤ ਵਿੱਚ ਮੁਸਮਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਅਜੇ ਵੀ ‘ਭਾਲ’ ਜਾਰੀ ਹੈ। ਹਜ਼ਾਰਾਂ ਹੀ ਬੇਦੋਸ਼ਿਆਂ ਨੂੰ ਦਿਨ-ਦਿਹਾੜੇ ਜਿੰਦਾਂ ਤੇਲ ਪਾ ਕੇ ਸਾੜ ਦਿੱਤਾ ਗਿਆ, ਧੀਆਂ-ਭੈਣਾਂ ਦੀ ਬੇਪੱਤੀ ਕੀਤੀ ਗਈ ਪਰ ਕਾਤਲ ਜਾਂ ਦੋਸ਼ੀ ਕੋਈ ਵੀ ਨਹੀਂ। ਹਰ ਵਾਰ ਨਵੇਂ ਤੋਂ ਨਵੇਂ ਕਮਿਸ਼ਨ ਬਣਾ ਕੇ ਸਮਾਂ ਖਰਾਬ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਤੋਂ ਉਲਟ ਹਿਰਨ ਦਾ ਸ਼ਿਕਾਰ ਕਰਨ ਵਾਲੇ ਸਲਮਾਨ ਖਾਨ ਨੂੰ ਵੀ ਦੋਸ਼ੀ ਗਰਦਾਨਦਿਆਂ ਸਜ਼ਾ ਸੁਣਾ ਦਿੱਤੀ ਗਈ ਪਰ ਇਨਸਾਨਾਂ ਦੇ ਕਾਤਲਾਂ ਨੂੰ ਸਾਫ ਅਕਸ ਵਾਲੇ ਸਾਬਿਤ ਕਰਨ ਲਈ ਜੋਰ ਲਗਾਇਆ ਜਾ ਰਿਹਾ ਹੈ। ਬਿਨ੍ਹਾਂ ਗਵਾਹਾਂ ਅਤੇ ਸਬੂਤਾਂ ਤੋਂ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ‘ਤੇ ਲਟਕਾਉਣ ਦੀ ਕਾਹਲ ਹੈ ਪਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਅਨੇਕਾਂ ਚਸ਼ਮਦੀਦ ਗਵਾਹ ਅਤੇ ਗਵਾਹਾਂ ਦੇ ਹਲਫੀਆਂ ਬਿਆਨਾਂ ਨੂੰ ਅੱਖੋਂ ਪਰੋਖੇ ਕਰਕੇ ਕਾਨੂੰਨ ਅੰਨ੍ਹਾਂ ਅਤੇ ਬੇਵੱਸ ਬਣਾ ਦਿੱਤਾ ਹੈ। ਇਹਨਾਂ ਵੱਡੀਆਂ ਘਟਨਾਵਾਂ ਤੋਂ ਇਲਾਵਾ ਨਿਤਾਪ੍ਰਤੀ ਕਿੰਨੀਆਂ ਹੀ ਐਸੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨਾਲ ਆਮ ਵਰਗ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖਬਰ ਛਪੀ ਸੀ ਕਿ ਬੁਢਾਪਾ ਪੈਨਸ਼ਨ ਲਗਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੇ ਬਜ਼ੁਰਗ ਜੋੜੇ ਨੂੰ ਸਰਕਾਰੀ ਦਫਤਰ ਵਿੱਚ ਹੀ ਬੇਇੱਜ਼ਤੀ ਝੱਲਣੀ ਪਈ। ਅਜ਼ਾਦ ਭਾਰਤ ਦੇ ਨਾਗਰਿਕ ਹੋਣ ਦੇ ਬਾਵਜੂਦ ਵੀ ਉਹ ਅਫਸਰਸ਼ਾਹੀ ਦੀ ਮਰਜ਼ੀ ਦੇ ਗੁਲਾਮ ਹੀ ਹਨ। ਸਾਡੇ ਦੇਸ਼ ਵਿੱਚ ਦੋ ਦਿਨ ਦਾ ਭੁੱਖਾ ਜੇ ਰੋਟੀ ਖਾਣ ਲਈ ਕੁਝ ਪੈਸੇ ਚੋਰੀ ਕਰ ਲਵੇ ‘ਤੇ ਫਿਰ ਫੜਿਆ ਜਾਣ ‘ਤੇ ਉਸਨੂੰ ਕਈ ਚੋਰੀਆਂ ਦਾ ਜ਼ੁਰਮ ਕਬੂਲਣਾ ਪੈ ਜਾਂਦਾ ਹੈ ਪਰ ਦੂਸਰੇ ਪਾਸੇ ਕਰੋੜਾਂਪਤੀ ਸਾਡੇ ਨੇਤਾ ਕਰੋੜਾਂ ਦੇ ਘੁਟਾਲੇ ਕਰਦੇ ਹਨ ਅਤੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਕੁਝ ਸਮਾਂ ਚਰਚਾ ਚਲਦੀ ਹੈ, ਸਬੂਤ ਇਕੱਠੇ ਕੀਤੇ ਜਾਂਦੇ ਹਨ ਪਰ ਸਮਾਂ ਪੈਣ ਨਾਲ ਸਭ ਭੁਲ-ਭੁਲਾ ਜਾਂਦਾ ਹੈ। ਜੋ ਪੈਸੇ ਲੈਂਦੇ ਫੜੇ ਗਏ ਉਹ ਪੈਸੇ ਦੇ ਕੇ ਹੀ ਬਚ ਨਿਕਲਦੇ ਹਨ ਪਰ ਗਰੀਬ ਕਾਨੂੰਨ ਦੇ ਸ਼ਿਕੰਜੇ ਦਾ ਗੁਲਾਮ ਹੋ ਜਾਂਦਾ ਹੈ।
26 ਜਨਵਰੀ 1950 ਨੂੰ ਲਾਗੂ ਹੋਏ ਸੰਵਿਧਾਨ ਨੇ ਸਾਡੇ ਸਮਾਜ ਦੀ ਜਾਤਾਂ-ਪਾਤਾਂ ਦੀ ਵੰਡ ਨੂੰ ਹੋਰ ਵੀ ਪੱਕਾ ਕਰ ਦਿੱਤਾ ਫਰਕ ਸਿਰਫ ਐਨਾ ਹੀ ਹੀ ਹੈ ਕਿ ਖੱਤਰੀ,ਵੈਸ,ਸ਼ੂਦਰ ਆਦਿ ਨਾਮ ਬਦਲ ਕੇ ਥੋੜ੍ਹੀ ਤਬਦੀਲੀ ਨਾਲ
S.C.(S.C.RO), B.C. ਆਦਿ ਨਾਮ ਦੇ ਦਿੱਤੇ ਗਏ ਹਨ ਮਤਲਬ ਕਿ ‘ਕਿਰਦਾਰ ਬਦਲ ਗਏ ਹਨ ਪਰ ਕਹਾਣੀ ਉਹੀ ਹੈ’। ਸਾਡੇ ਗਲ ਆਪਣੀ ਹੀ ਗੱਲ ‘ਤੇ ਪੱਕਾ ਨਾ ਰਹਿਣ ਵਾਲੇ ਸੰਵਿਧਾਨ ਦਾ ਜੂਲਾ ਪਾ ਦਿੱਤਾ ਗਿਆ ਹੈ। ਆਪਣੀ ਧਾਰਾ 14 ਅਤੇ 15 ਵਿੱਚ ਸਭ ਨੂੰ ਬਰਾਬਰੀ ਦਾ ਹੱਕ ਦੇਣ ਵਾਲਾ ਸੰਵਿਧਾਨ ਲੋਕਾਂ ਨੂੰ ਇਸ ਜਾਤ-ਪਾਤ ਨਾਮੀ ਬਿਮਾਰੀ ਤੋਂ ਮੁਕਤ ਵੀ ਨਹੀਂ ਹੋਣ ਦਿੰਦਾ। ਕੋਈ ਜਿੰਨ੍ਹੀਆਂ ਮਰਜ਼ੀ ਟਾਹਰਾਂ ਮਾਰਦਾ ਫਿਰੇ ਕਿ ਉਹ ਜਾਤ-ਪਾਤ ਨੂੰ ਨਹੀਂ ਮੰਨਦਾ ਪਰ ਜਦੋਂ ਉਹੀ ਇਨਸਾਨ ਕਿਸੇ ਨੌਕਰੀ ਲਈ ਜਾਂ ਦਾਖਲੇ ਲਈ ਫਾਰਮ ਭਰਦਾ ਹੈ ਤਾਂ ਉਸ ਦੇ ‘ਸਭ ਨੂੰ ਬਰਾਬਰ’ ਮੰਨਣ ਦੇ ਦਾਅਵੇ ਧੂੰਏਂ ਵਾਂਗ ਹਵਾ ਵਿੱਚ ਉੱਡਦੇ ਪ੍ਰਤੀਤ ਹੁੰਦੇ ਹਨ। ਦਾਖਲੇ ਅਤੇ ਨੌਕਰੀਆਂ ਜਾਤ-ਪਾਤ ਦੇ ਅਧਾਰ ‘ਤੇ ਲੈਣ ਵਾਲੇ ਲੋਕ ਇਸ ਗੁਲਾਮੀ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦੇ ਹਨ? ਇਸ ਸਵਾਲ ਦਾ ਜਵਾਬ ਸ਼ਾਇਦ ਹੀ ਕਿਸੇ ਕੋਲ ਹੋਵੇ। ਜਾਤ-ਪਾਤ ਦੇ ਅਧਾਰ ‘ਤੇ ਰਾਖਵਾਂਕਰਨ ਇਸ ਦੇਸ਼ ਦੇ ਅਖੌਤੀ ਮਹਾਤਮਾ ਕਰਮ ਚੰਦ ਗਾਂਧੀ ਦੀ ਦੇਣ ਹੈ। ਜਦੋਂ ਡਾਂ:ਅੰਬੇਦਕਰ ਨੇ ਆਪਣੇ ਸਾਥੀਆਂ ਨਾਲ ਸਿੱਖ ਧਰਮ ਅਪਨਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਸ ਸਮੇਂ ਗਾਂਧੀ ਨੇ ਪਛੜੀਆਂ ਸ਼੍ਰੇਣੀਆਂ ਨੂੰ ਕੁਝ ਵਿਸ਼ੇਸ਼ ਅਧਿਕਾਰ ਦਿਵਾਉਣ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਇਸ ਰਾਖਵੇਂਕਰਨ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ‘ਸਭੇ ਸਾਂਝੀਵਾਲਤਾ’ ਦੇ ਪ੍ਰਤੀਕ ਗੁਰੂਦਾਰਿਆਂ ਵਿੱਚ ਵੀ ਜਾਤਾਂ ਦੇ ਅਧਾਰ ‘ਤੇ ਹੋ ਰਹੇ ਵਿਤਕਰੇ ਵਿੱਚੋਂ ਵੀ ਸੰਵਿਧਾਨ ਦੇ ਇਸ ਦੋਗਲੇ ਕਿਰਦਾਰ ਦੀ ਸੜਾਂਦ ਮਾਰਦੀ ਹੈ। ਇਸ ਸੰਵਿਧਾਨ ਨੇ ਸਾਨੂੰ ਮਾਨਸਿਕ ਗੁਲਾਮੀ ਵੱਲ ਨੂੰ ਧੱਕ ਦਿੱਤਾ ਹੈ।
ਅੱਜ ਅਸੀਂ ਗੁਲਾਮ ਹੋ ਚੁੱਕੇ ਹਾਂ ਭ੍ਰਿਸ਼ਟਾਚਾਰ ਦੇ, ਰਿਸ਼ਵਤਖੋਰੀ ਦੇ,ਅਨਪੜ੍ਹਤਾ ਅਤੇ ਬੇਰੁਜ਼ਗਾਰੀ ਦੇ। ਇਹਨਾਂ ਅਲਾਮਤਾਂ ਦੀ ਗੁਲਾਮੀ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਕਿਉਂਕਿ ‘ਵਾੜ ਹੀ ਖੇਤ ਨੂੰ ਖਾ ਰਹੀ ਹੈ’। ਜਿਸ ਦੇਸ਼ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਧਰਨੇ ਦੇਣੇ ਪੈ ਰਹੇ ਹੋਣ ਉਸਨੂੰ ਕਿਵੇਂ ਅਜ਼ਾਦ ਕਿਹਾ ਜਾ ਸਕਦਾ ਹੈ...? ਜਿੰਨ੍ਹਾਂ ਨੇ ਦੇਸ਼ ਨੂੰ ਤਰੱਕੀ ਦੇ ਰਸਤੇ ‘ਤੇ ਤੋਰਨਾ ਸੀ ਉਹ ਆਪਣੀ ਹੀ ਤਰੱਕੀ ਵੱਲ ਨੂੰ ਤੁਰ ਪਏ ਹਨ। ਸਾਰਾ ਸਰਕਾਰੀ ਤੰਤਰ ਭ੍ਰਿਸ਼ਟ ਹੋ ਚੁੱਕਿਆ ਹੈ। ਹਰ ਦਿਨ ਨਵੇਂ ਹੀ ਘੋਟਾਲੇ ਦੀ ਖਬਰ ਅਖਬਾਰਾਂ ਦਾ ਸ਼ਿੰਗਾਰ ਬਣਦੀ ਹੈ। ਰਿਸ਼ਵਤਖੋਰੀ ਦੇ ‘ਮੁਕਾਬਲੇ’ ਵਿੱਚ ਸਮਾਜ ਦੀ ਰਖਵਾਲੀ ਦੀ ਜ਼ਿੰਮੇਵਾਰੀ ‘ਤੇ ਤੈਨਾਤ ਪੁਲੀਸ ਦਾ ਮਹਿਕਮਾ ਸਭ ਨਾਲੋਂ ਮੋਹਰੀ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਛੋਟੇ ਤੋਂ ਲੈ ਕੇ ਉਪਰਲੇ ਦਰਜੇ ਦੇ ਮੁਲਾਜ਼ਮ ‘ਮੁਲਜ਼ਮ’ ਬਣ ਰਹੇ ਹਨ। ਸਰਕਾਰੀ ਅਹੁਦਿਆਂ ‘ਤੇ ਤੈਨਾਤ ਅਫਸਰ ਅਤੇ ਮੁਲਾਜ਼ਮ ਆਪਣੇ ਹੀ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਜੁਟੇ ਹੋਏ ਹਨ।
ਸਿੱਖਿਆ ਪ੍ਰਣਾਲੀ ਨੂੰ ਗ੍ਰਹਿਣ ਲੱਗ ਚੁੱਕਾ ਹੈ। ਸਕੂਲ ਅਤੇ ਕਾਲਜ ਖੁੰਬਾਂ ਵਾਂਗ ਉੱਗ ਰਹੇ ਹਨ, ਜਿੰਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਕਰਦੇ ਪਰ ਸਰਕਾਰੀ ਮਾਨਤਾ ਲੈਣ ਵਿੱਚ ਹਰ ਕੋਈ ਸਫਲ ਹੋ ਜਾਂਦਾ ਹੈ। ਇਹਨਾਂ ਸਕੂਲਾਂ/ਕਾਲਜਾਂ ਵਿੱਚ ਹੁਣ ਕਾਬਲੀਅਤ ਦੇ ਅਧਾਰ ‘ਤੇ ਵਿਦਿਆਰਥੀਆਂ ਦੇ ਨੰਬਰ ਨਹੀਂ ਆਉਂਦੇ ਸਗੋਂ ਨੰਬਰ ਅਤੇ ਦਰਜਾ ਪੈਸੇ ਨਾਲ ਮਾਪਿਆ ਜਾਂਦਾ ਹੈ। ਹਰ ਕੋਈ ਆਪਣੇ ਸਕੂਲ/ਕਾਲਜ ਦਾ ਨਾਮ ਚਮਕਾਉਣ ਲਈ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਨੰਬਰ ਦੇ ਰਿਹਾ ਹੈ। ਸਰਕਾਰ ਨੂੰ ਇਸ ਸਭ ਦਾ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਗੋਂ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਦਾ ਨੌਕਰੀਆਂ ਦੇਣ ਸਮੇਂ ਫਿਰ ਤੋਂ ਟੈਸਟ ਲਿਆ ਜਾਂਦਾ ਹੈ ਅਤੇ ਉਹ ਵੀ ਮੋਟੀਆਂ ਫੀਸਾਂ ਲੈ ਕੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਟੈਸਟ ਵਿੱਚੋਂ ਘੱਟ ਹੀ ਪਾਸ ਹੋਣ। ਟੈਸਟ ਪਾਸ ਕਰਾਉਣ ਲਈ ਵੀ ਬੰਦੋਬਸਤ ਮਹਿਕਮਿਆਂ ਵੱਲੋਂ ਕੀਤਾ ਜਾਂਦਾ ਹੈ ਜਿਸਦੀ ਤਾਜ਼ਾ ਉਦਾਹਰਨ ਸਾਹਮਣੇ ਆਈ ਜਦੋਂ ਪੰਜਾਬ ਦੈ ਐਲੀਮੈਂਟਰੀ ਵਿਭਾਗ ਦੇ ਡੀ.ਪੀ.ਆਈ. ਨੂੰ ਅਧਿਆਪਕ ਯੂਨੀਅਨ ਦੇ ਪ੍ਰਧਾਨ ਨਾਲ ਮਿਲ ਕੇ ਟੀ.ਈ.ਟੀ. ਪੈਸੇ ਲੈ ਕੇ ਪਾਸ ਕਰਵਾਉਣ ਲਈ ਰਿਸ਼ਵਤ ਦੇ ਕੇਸ ਵਿੱਚ ਸੀ.ਬੀ.ਆਈ. ਨੇ ਹਿਰਾਸਤ ਵਿੱਚ ਲੈ ਲਿਆ। ਅਮੀਰ ਤਾਂ ਪੈਸੇ ਦੇ ਕੇ ਪਾਸ ਹੋ ਗਏ ਪਰ ਗਰੀਬ ਤਾਂ ਫਿਰ ਗਰੀਬੀ ਦਾ ਗੁਲਾਮ ਹੀ ਰਹਿ ਗਿਆ। ਸੱਚ ਕੀ ਹੈ ਉਹ ਤਾਂ ਬਾਅਦ ਵਿੱਚ ਸਾਹਮਣੇ ਆਵੇਗਾ ਪਰ ਸਿਸਟਮ ਵਿੱਚ ਖਾਮੀਆਂ ਤਾਂ ਜੱਗ ਜਾਹਿਰ ਹੋ ਹੀ ਗਈਆਂ ਹਨ।
ਸਾਰਾ ਦੇਸ਼ ਬੜਾ ਖੁਸ਼ ਹੋ ਕੇ 15 ਅਗਸਤ ਨੂੰ ਅਜ਼ਾਦੀ ਦਿਵਸ ਮਨਾਉਂਦਾ ਹੈ ਪਰ ਇੱਕ ਵਾਰ ਜ਼ਰੂਰ ਸੋਚਣਾ ਕਿ ਕੀ ਅਸੀਂ ਸੱਚ-ਮੁੱਚ ਅਜ਼ਾਦ ਹਾਂ...? ਕਿਤੇ ਅਸੀਂ ਅਜ਼ਾਦ ਹੋਣ ਦੇ ਭਰਮ ਵਿੱਚ ਹੀ ਅਜ਼ਾਦੀ ਦੇ ਜਸ਼ਨ ਤਾਂ ਨਹੀਂ ਮਨਾ ਰਹੇ...?
ਸਾਡੇ ਦੇਸ਼ ਦਾ ਸਾਰਾ ਹੀ ਤਾਣਾ-ਬਾਣਾ ਸਮਾਜ ਵਿਰੋਧੀ ਅਲਾਮਤਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਨਾਲ ਉਲਝਿਆ ਪਿਆ ਹੈ ਜਿਸਦੇ ਸੁਲਝਣ ਦੀ ਨੇੜ ਭਵਿੱਖ ਵਿੱਚ ਤਾਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਵਾਹਿਗੁਰੂ ਭਲੀ ਕਰਨ ਸਾਰੇ ਲੋਕ ਜਾਗਰੂਕ ਹੋਣ ਅਤੇ ਏਕਤਾ ਨਾਲ ਸਮਾਜ ਨੂੰ ਲੱਗੀ ਇਸ ਸਿਉਂਕ ਤੋਂ ਦੇਸ਼ ਨੂੰ ਅਮਲੀ ਰੂਪ ਵਿੱਚ ਅਜ਼ਾਦ ਕਰਾਉਣ ਵਿੱਚ ਸਫਲ ਹੋ ਜਾਣ।




.