.

ਬਾਬਾ ਨਾਨਕ ਬਨਾਮ ਉੱਚਾ ਦਰ

ਸਿਖ ਮੱਤ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਾਨਵਵਾਦੀ ਪਹੁੰਚ ਅਤੇ ਸਾਦ-ਮੁਰਾਦੀ ਜੀਵਨ-ਜਾਚ ਸਦਕਾ ਆਪਣੇ ਆਲੇ-ਦੁਆਲੇ ਦੇ ਹੀ ਨਹੀਂ ਸਗੋਂ ਦੂਰ-ਦੁਰਾਡੇ ਦੇ ਵੀ ਸਾਰੇ ਸਮਾਜਿਕ ਵਰਗਾਂ ਵਿੱਚ ਬੇਹੱਦ ਮਕਬੂਲ ਹੋ ਗਏ ਸਨ। ਇਹਨਾਂ ਵਰਗਾਂ ਦੇ ਲੋਕਾਂ ਵਿੱਚ ਉਹਨਾਂ ਸਬੰਧੀ ਲੋਕ-ਗੀਤਾਂ ਦੀ ਤਰਜ਼ ਤੇ ਕਈ ਕਾਵਿ-ਪੰਕਤੀਆਂ ਵੀ ਪਰਚਲਤ ਹੋ ਗਈਆਂ ਸਨ ਜਿਹਨਾਂ ਵਿੱਚੋਂ ਉਹਨਾਂ ਦੀ ਹਰਮਨਪਿਆਰਤਾਂ ਝਲਕਾਂ ਮਾਰਦੀ ਸੀ ਜਿਵੇਂ ਕਿ

ਬਾਬਾ ਨਾਨਕਸ਼ਾਹ ਫਕੀਰ,

ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ।

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਜੀਵਨ-ਕਾਲ ਵਿੱਚ ਵਿੱਢੀ ਮਾਨਵਵਾਦੀ ਲਹਿਰ ਉਹਨਾਂ ਤੋਂ ਅਗਲੇ ਸਮੇਂ ਵਿੱਚ ਇੱਕ ਸੰਸਥਾਗਤ ਧਰਮ ਭਾਵ ਸਿਖ ਮੱਤ ਵਿੱਚ ਵਟ ਗਈ ਤਾਂ ਉਹਨਾਂ ਦੇ ਅਨਿੰਨ ਸ਼ਰਧਾਲੂਆਂ ਵੱਲੋਂ ਉਹਨਾਂ ਨੂੰ ਇਸ ਮੱਤ ਦੇ ਬਾਨੀ ਦੇ ਤੌਰ ਤੇ ਵੀ ਸਤਿਕਾਰਿਆ ਜਾਣ ਲੱਗਾ। ਉਹਨਾਂ ਪ੍ਰਤੀ ਆਪਣੀ ਸ਼ਰਧਾ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਹਿਤ ਇਸ ਮੱਤ ਦੇ ਪੈਰੋਕਾਰਾਂ ਵੱਲੋਂ ਵੀ ਕਈ ਕਾਵਿ-ਬੰਦ ਰਚ ਲਏ ਗਏ ਜਿਹਨਾਂ ਵਿਚੋਂ ਇੱਕ ਹੇਠਾਂ ਦਿੱਤੇ ਅਨੁਸਾਰ ਹੈ:

ਮੈਂ ਸੋਭਾ ਸੁਣ ਕੇ ਆਇਆ

ਉੱਚਾ ਦਰ ਬਾਬੇ ਨਾਨਕ ਦਾ।

ਪਰੰਤੂ ਧਿਆਨ ਨਾਲ ਵਾਚਦਿਆਂ ਉਪਰੋਕਤ ਦੋ ਸਥਿਤੀਆਂ ਵਿੱਚ ਬਹੁਤ ਵੱਡਾ ਫਰਕ ਨਜ਼ਰੀਂ ਪੈਂਦਾ ਹੈ। ਪਹਿਲੀ ਸਥਿਤੀ ਵਿਚਲਾ ਬਾਬਾ ਨਾਨਕ ਆਮ ਲੋਕਾਂ ਦੇ ਐਨ ਵਿਚਾਲੇ ਹੋ ਕੇ ਵਿਚਰ ਰਿਹਾ ਉਹਨਾਂ ਦਾ ਇੱਕ ਹਮਦਰਦ ਫਕੀਰ ਹੈ ਅਤੇ ਦੂਸਰੀ ਸਥਿਤੀ ਵਿਚਲਾ ਬਾਬਾ ਨਾਨਕ ਆਮ ਲੋਕਾਂ ਤੋਂ ਦੂਰ ਕਿਸੇ ‘ਉੱਚੇ ਦਰ’ ਵਾਲੇ ਸਥਾਨ ਤੇ ਬਿਰਾਜਮਾਨ ਦੈਵੀ ਹਸਤੀ ਹੈ।

ਇਸੇ ਤਰ੍ਹਾਂ ਦਾ ਹੀ ਫਰਕ ਉਸ ਵਕਤ ਵੀ ਵੇਖਣ ਨੂੰ ਮਿਲਦਾ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਪਾਤਸ਼ਾਹ’ ਕਹਿਕੇ ਸੰਬੋਧਿਤ ਹੁੰਦੇ ਹਾਂ ਜਦੋਂ ਕਿ ਗੁਰੂ ਜੀ ਨੇ ਤਾਂ ਆਪਣੇ ਬਾਰੇ ਹੇਠਾਂ ਦਿੱਤੇ ਅਨੁਸਾਰ ਹੀ ਦਾਵਾ ਕੀਤਾ ਸੀ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

ਇਥੇ ਵੀ ਫਰਕ ੳਪਰੋਕਤ ਅਨੁਸਾਰ ਹੀ ਹੈ ਭਾਵ ਆਪਣੇ ਆਪ ਨੂੰ ‘ਅਤਿ ਨੀਚ’ ਵਰਗ ਵਿੱਚ ਸ਼ਾਮਲ ਕਰਦੇ ਹੋਏ ਗੁਰੂ ਜੀ ਨੇ ਵੱਡੇ ਲੋਕਾਂ ਤੋਂ ਦੂਰ ਰਹਿ ਕੇ ਆਮ ਲੋਕਾਂ ਦੇ ਵਿਚਕਾਰ ਵਿਚਰਦੇ ਰਹਿਣ ਨੂੰ ਤਰਜੀਹ ਦਿੱਤੀ ਸੀ ਪਰੰਤੂ ਸ਼ਰਧਾਲੂ ਜਨ ਗੁਰੂ ਜੀ ਨੂੰ ‘ਪਾਤਸ਼ਾਹ’ ਦੇ ਰੂਪ ਵਿੱਚ ਦਰਸਾਉਂਦੇ ਹੋਏ ਉਹਨਾਂ ਅਤੇ ਆਮ ਲੋਕਾਂ ਵਿਚਕਾਰ ਵੱਡਾ ਫਾਸਲਾ ਪੈਦਾ ਕਰ ਦਿੰਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ‘ਉੱਚਾ ਦਰ’ ਕੀ ਹੋ ਸਕਦਾ ਹੈ -- ਉਹਨਾਂ ਦਾ ਨਿਵਾਸ-ਅਸਥਾਨ ਜਾਂ ਕਿ ਉਹਨਾਂ ਦਾ ਕਾਰਜ-ਅਸਥਾਨ? ਗੁਰੂ ਜੀ ਦਾ ਜੀਵਨ ਭਰ ਕੋਈ ਪੱਕਾ ਟਿਕਾਣਾ ਤਾਂ ਕਦੀ ਹੋਇਆ ਨਹੀਂ ਸੀ। ਆਪਣੀ ਉਮਰ ਦਾ ਬਹੁਤਾ ਹਿੱਸਾ ਉਦਾਸੀਆਂ ਦੇ ਰੂਪ ਵਿੱਚ ਸੰਸਾਰ ਦੇ ਵੱਖ-ਵੱਖ ਹਿੱਸਿਆਂ ਦਾ ਭ੍ਰਮਣ ਕਰਦੇ ਹੋਏ ਜੀਵਨ ਦੇ ਅਖੀਰਲੇ ਪੜਾ ਤੇ ਆ ਕੇ ਉਹ ਰਾਵੀ ਦਰਿਆ ਦੇ ਕੰਢੇ ਉੱਤੇ ਕਰਤਾਰਪੁਰ (ਅਜ-ਕਲ ਪਾਕਿਸਤਾਨ ਵਿਚ) ਵਿਖੇ ਆ ਟਿਕੇ ਸਨ। ਇਸ ਥੋੜ-ਚਿਰੇ ਨਿਵਾਸ-ਅਸਥਾਨ/ਕਾਰਜ ਅਸਥਾਨ ਨੂੰ ‘ਉੱਚਾ ਦਰ’ ਕਹਿਣਾਂ ਤਾਂ ਸ਼ੋਭਦਾ ਨਹੀਂ ਕਿਉਂਕਿ ਇਥੇ ਤਾਂ ਉਹ ਇੱਕ ਹੱਥੀਂ ਕਿਰਸਾਣੀ ਕਰਨ ਵਾਲੇ ਸਧਾਰਨ ਇਨਸਾਨ ਵਾਲਾ ਜੀਵਨ ਬਸਰ ਕਰਦੇ ਰਹੇ ਸਨ। ਨਿਸਚੇ ਹੀ ਉਪਰੋਕਤ ਸਤਰਾਂ ਰਚਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਗੁਰੂ ਜੀ ਦਾ ‘ਉੱਚਾ ਦਰ’ ਪਹਾੜਾਂ ਦੀਆਂ ਚੋਟੀਆਂ ਤੇ ਬਿਰਾਜਮਾਨ ਦੇਵੀ/ਦੇਵਤਿਆਂ ਵਾਲਾ ਹੀ ਹੋਵੇਗਾ। ਗੁਰੂ ਜੀ ਨੂੰ ‘ਪਾਤਸ਼ਾਹ’ ਕਿਆਸਣ ਵਾਲੇ ਸ਼ਰਧਾਲੂ ਜਨ ਗੁਰੂ ਜੀ ਦੇ ‘ਉੱਚੇ ਦਰ’ ਨੂੰ ਮਹਿਲਾਂ-ਮਾੜੀਆਂ ਅਤੇ ਕਿਲ੍ਹਿਆਂ ਨਾਲ ਜੋੜ ਕੇ ਵੇਖਦੇ ਹੋਣਗੇ। ਪਰੰਤੂ ਇਹ ਤਾਂ ਨਿਸਚਤ ਹੀ ਹੈ ਕਿ ਕਿਸੇ ਵੀ ‘ਉੱਚੇ ਦਰ’ ਵਾਲੇ ਗੁਰੂ-ਬਾਬੇ ਦਾ ਆਮ ਲੋਕਾਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਗੁਰੂ ਨਹੀਂ ਸਨ। ਜਾਂ ਇਉਂ ਕਹਿ ਲਵੋ ਕਿ ‘ਬਾਬਾ ਨਾਨਕ’ ਸਿਖ ਮੱਤ ਦੇ ਪਹਿਲੇ ਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਕਿਸੇ ਭਿੰਨ ਰੂਪ ਨੂੰ ਸਾਕਾਰ ਕਰਦਾ ਹੈ।

ਹੁਣ ਇੱਕੀਵੀਂ ਸਦੀ ਵਿੱਚ ਆ ਕੇ ‘ਬਾਬੇ ਨਾਨਕ’ ਦਾ ਇੱਕ ਨਵੀਂ ਕਿਸਮ ਦਾ ‘ਉੱਚਾ ਦਰ’ ਈਜਾਦ ਕਰ ਲਿਆ ਗਿਆ ਹੈ। ਇਹ ‘ਉੱਚਾ ਦਰ’ ਜਰਨੈਲੀ ਸੜਕ ਦੇ ਕੰਢੇ ਉੱਤੇ ਸਥਾਪਿਤ ਕੀਤਾ ਜਾ ਰਿਹਾ ਇੱਕ ਅਤਿ ਆਧੁਨਿਕ ਅਤੇ ਪੰਜ-ਤਾਰਾ (five-star) ਕਿਸਮ ਦਾ ਬਹੁ-ਵਿਭਾਗੀ ਇਦਾਰਾ ਹੋਵੇਗਾ। ਸਪਸ਼ਟ ਹੈ ਕਿ ਨਵੀਂ ਕਿਸਮ ਦੇ ਇਸ ‘ਉੱਚੇ ਦਰ’ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਦੀ ਜੀਵਨ-ਜਾਚ ਅਤੇ ਫਲਸਫੇ ਦੇ ਨੇੜੇ-ਤੇੜੇ ਵੀ ਨਹੀਂ ਹੋ ਸਕਦਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਦੂਰ ਰਹਿਣ ਵਾਲਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਬਣਾਇਆ ‘ਧਾਰਮਿਕ’ ਦਿੱਖ ਵਾਲਾ ਕੋਈ ਜੁਗਾੜ ਤਾਂ ਇੱਕ ਡੇਰਾ ਹੀ ਹੋ ਸਕਦਾ ਹੈ। ਹੋਵੇ ਵੀ ਕਿਉਂ ਨਾਂ, ਜੇਕਰ ਗੁਰੂ ਜੀ ਦੇ ਨਾਮ ਨਾਲ ਜੁੜੇ ਹੋਏ ਸ਼ਬਦ-ਜੁੱਟ ‘ਸੱਚਾ-ਸੌਦਾ’ ਨੂੰ ਵਰਤ ਕੇ ਕੋਈ ਵਪਾਰਕ ਕਿਸਮ ਦਾ ਕਾਮਯਾਬ ਡੇਰਾ ਬਣਾਇਆ ਜਾ ਸਕਦਾ ਹੈ ਤਾਂ ਗੁਰੂ ਜੀ ਨਾਲ ਜੁੜੇ ਹੋਏ ਸ਼ਬਦ-ਜੁੱਟ ‘ਉੱਚਾ ਦਰ’ ਦੇ ਅਧਾਰ ਤੇ ਇਸ ਡੇਰੇ ਦੇ ਬਰਾਬਰ ਦਾ ਅਤੇ ਗੁਰੂ ਜੀ ਦੇ ਫਲਸਫੇ ਦੇ ਵਿਪਰੀਤ ਭਾਵਨਾਂ ਵਾਲਾ ਇੱਕ ਹੋਰ ਨਵਾਂ ਡੇਰਾ ਕਿਉਂ ਨਹੀਂ ਸਥਾਪਿਤ ਕੀਤਾ ਜਾ ਸਕਦਾ?

ਜੇਕਰ ਕੋਈ ਡੇਰਾ ਹੋਂਦ ਵਿੱਚ ਆਉਂਦਾ ਹੈ ਤਾਂ ਇਸ ਦਾ ਕੋਈ ਡੇਰੇਦਾਰ ਭਾਵ ਮੁਖੀ ਵੀ ਜ਼ਰੂਰ ਹੋਵੇਗਾ। ਡੇਰਾ ‘ਉੱਚਾ ਦਰ’ ਦਾ ਮੁਖੀ ਇੱਕ ਪੰਜਾਬੀ ਦਾ ਅਖਬਾਰ ਵੀ ਚਲਾਉਂਦਾ ਹੈ। ਪੰਜ ਸਾਲ ਪਹਿਲਾਂ ਤੋਂ ਚਾਲੂ ਹੋਇਆ ਇਹ ਅਖਬਾਰ ਪਹਿਲਾਂ ਤਾਂ ਇਹ ਪਰਭਾਵ ਲੈ ਕੇ ਆਇਆ ਕਿ ਇਹ ਸਿਖ ਮੱਤ ਦੇ ਹਿਤਾਂ ਲਈ ਕੰਮ ਕਰੇਗਾ ਅਤੇ ਸਿਖ ਕੌਮ ਨੂੰ ਆਪਣੀ ਗੱਲ ਅਸਰਦਾਰ ਢੰਗ ਨਾਲ ਪਰਸਾਰਿਤ ਕਰਨ ਦਾ ਸ਼ਕਤੀਸ਼ਾਲੀ ਮਾਧਿਅਮ ਮਿਲ ਜਾਵੇਗਾ। ਪਰੰਤੂ ਛੇਤੀ ਹੀ ਸਿਖ ਕੌਮ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਹੁਣ ਸਪਸ਼ਟ ਤੌਰ ਤੇ ਇਹ ਅਖਬਾਰ ਡੇਰਾ ‘ਉੱਚਾ ਦਰ’ ਦਾ ਅਖਬਾਰ ਬਣ ਕੇ ਰਹਿ ਗਿਆ ਹੈ ਜਾਪਦਾ ਹੈ। ਬਣਦਾ ਵੀ ਕਿਉਂ ਨਾਂ। ਅਸਲ ਵਿੱਚ ਇਸ ਅਖਬਾਰ ਦਾ ਉਤਪਤੀ-ਕਾਂਡ ਇਸ ਦੇ ਪ੍ਰੇਰਣਾ-ਸਰੋਤ ਡੇਰੇ ਦੇ ਸੰਕਲਪ ਨਾਲ ਹੀ ਜਾ ਜੁੜਦਾ ਹੈ। ਜੇਕਰ ਡੇਰਾ ‘ਸੱਚਾ ਸੌਦਾ’ ਦਾ ‘ਸੱਚ ਕਹੂੰ’ ਨਾਮ ਦਾ ਅਖਬਾਰ ਹੋ ਸਕਦਾ ਹੈ ਤਾਂ ਡੇਰਾ ‘ਉੱਚਾ ਦਰ’ ਦਾ “ਸਚ ਸੁਣਾਇਸੀ ਸਚ ਕੀ ਬੇਲਾ” ਦੇ ਮੌਟੋ (motto ) ਵਾਲਾ ਅਖਬਾਰ ਕਿਉਂ ਨਹੀਂ ਹੋ ਸਕਦਾ?

ਡੇਰਾ ‘ਉੱਚਾ ਦਰ’ ਦੀ ਮੁਖੀ ਦੀ ਮਾੜੀ ਨੀਅਤ (intentions) ਦਾ ਪਤਾ ਇਸ ਗੱਲ ਤੋਂ ਵੀ ਲਗ ਜਾਂਦਾ ਹੈ ਕਿ ਉਹ ਆਪਣੀ ਅਖਬਾਰ ਰਾਹੀਂ ਪੰਜਾਬੀ ਭਾਸ਼ਾ ਦੇ ਹਿੰਦੀਕਰਣ ਕਰਨ ਵਿੱਚ ਪੂਰਾ ਵਾਹ ਲਗਾ ਰਿਹਾ ਹੈ। ਇੱਕ ਪਾਸੇ ਉਹ ਪੰਜਾਬੀ ਭਾਸ਼ਾ ਨੂੰ ਉਰਦੂ ਦੇ ਸਾਹਵੇਂ ਨੀਵਾਂ ਵਿਖਾਉਣ ਲਈ ਪੂਰੀ ਵਾਹ ਲਾਉਂਦਾ ਹੈ ਅਤੇ ਦੂਸਰੇ ਪਾਸੇ ਉਹ (ਪੰਜਾਬੀਆਂ ਵਿੱਚ ਆਪਣੀ ਭਾਸ਼ਾ ਪ੍ਰਤੀ ਹੀਣ-ਭਾਵਨਾਂ ਪੈਦਾ ਕਰਨ ਤੋਂ ਬਾਦ) ਪੰਜਾਬੀ ਭਾਸ਼ਾ ਵਿੱਚ ਹਿੰਦੀ ਸ਼ਬਦਾਵਲੀ ਨੂੰ ਘਸੋੜਨ ਵੱਲ ਪੂਰੀ ਤਰਾਂ ਰੁਚਿਤ ਹੈ। ਅਜਿਹਾ ਕਿਸੇ ਪੂਰਵ-ਨਿਰਧਾਰਤ ਯੋਜਨਾਂ ਤੋਂ ਬਿਨਾਂ ਨਹੀਂ ਹੋ ਸਕਦਾ।

ਵਿਚਾਰ-ਅਧੀਨ ‘ਉੱਚੇ ਦਰ’ ਦੀ ਸਥਾਪਤੀ ਕੇਵਲ ਸਿਧਾਂਤਕ ਤੌਰ ਤੇ ਗੈਰਵਾਜਿਬ ਨਹੀਂ ਸਗੋਂ ਇਸਦੇ ਡੇਰੇਦਾਰ ਦੇ ਮਨ ਵਿੱਚ ਇਸ ਡੇਰੇ ਦਾ ਜੋ ਸੰਕਲਪ ਹੈ ਉਹ ਬੜਾ ਹੀ ਖਤਰਨਾਕ ਕਿਸਮ ਦਾ ਹੈ। ਡੇਰੇਦਾਰ ਦੇ ਆਪਣੇ ਅਖਬਾਰ ਰਾਹੀਂ ਵਿਅਕਤ ਹੁੰਦੇ ਉਸਦੇ ਪਰਵਚਨਾਂ ਅਨੁਸਾਰ ਇਸ ਡੇਰੇ ਦੇ ਮਨੋਰਥ ਦਾ ਵੇਰਵਾ (agenda) ਹੇਠਾਂ ਦਿੱਤੇ ਅਨੁਸਾਰ ਬਣਦਾ ਹੈ:

1. ਇਸ ਡੇਰੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸਲੀ ਬਾਣੀ ਵਾਲੀ ਪੋਥੀ ਸ੍ਰੀ ਚੰਦ ਦੇ ਪੈਰੋਕਾਰਾਂ ਵੱਲੋਂ ਸਾੜ ਦਿੱਤੀ ਗਈ ਸੀ।

2. ਕਿਸੇ ਨੇ ਉਸ ‘ਅਸਲੀ’ ਪੋਥੀ ਦਾ ਉਤਾਰਾ ਵੀ ਨਹੀਂ ਕਰਵਾਇਆ ਸੀ।

3. ਇਸ ਡੇਰੇ ਦਾ ਸਬੰਧ ਕੇਵਲ ਅਤੇ ਕੇਵਲ ‘ਬਾਬਾ ਨਾਨਕ’ ਨਾਲ ਹੈ।

4. ਇਸ ਡੇਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੇਵਲ ‘ਬਾਬਾ ਨਾਨਕ’ ਕਹਿ ਕੇ ਸੰਬੋਧਨ ਕੀਤਾ ਜਾਵੇ ਨਾ ਕਿ ‘ਗੁਰੂ’ ਕਹਿ ਕੇ।

5. ਇਹ ਡੇਰਾ ਮਨੁੱਖੀ ਰੂਪ ਵਿੱਚ ਆਏ ਸਿਖ ਮੱਤ ਦੇ ਦੂਸਰੇ ਤੋਂ ਲੈਕੇ ਦਸਵੇਂ ਗੁਰੂ ਸਾਹਿਬਾਨ ਨੂੰ ਨਹੀਂ ਮੰਨਦਾ।

6. ਇਹ ਡੇਰਾ ਸਿੱਖਾਂ ਦੇ ਪਵਿੱਤਰ ਗ੍ਰੰਥ ਜੀ ਵਿੱਚ ਸ਼ਾਮਲ ਦੂਜੇ ਗੁਰੂ ਜੀ ਤੋਂ ਲੈਕੇ ਪੰਜਵੇਂ ਗੁਰੂ ਜੀ ਦੀ ਰਚੀ ਹੋਈ ਬਾਣੀ, ਨੌਵੇਂ ਗੁਰੂ ਜੀ ਦੀ ਰਚੀ ਹੋਈ ਬਾਣੀ ਅਤੇ ਇਕੱਤੀ ਸੰਤਾਂ-ਭਗਤਾਂ ਦੀ ਬਾਣੀ ਨੂੰ ਮਾਨਤਾ ਨਹੀਂ ਦਿੰਦਾ।

7. ਇਹ ਡੇਰਾ ਸਿਖ ਮੱਤ ਦੇ ‘ਸ਼ਬਦ-ਗੁਰੂ’ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ।

8. ਇਹ ਡੇਰਾ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ (ਸ੍ਰੀ ਗੁਰੂ ਗ੍ਰੰਥ ਜੀ) ਨੂੰ ਕੋਈ ਮਾਨਤਾ ਨਹੀਂ ਦਿੰਦਾ।

9. ਇਸ ਡੇਰੇ ਦਾ ਇੱਕ ਟੀਚਾ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਅਸਲੀ’ ਬਾਣੀ ਨੂੰ ਲਭ ਕੇ ਉਸ ਨੂੰ ‘ਬਾਬਾ ਨਾਨਕ’ ਦੇ ਨਾਮ ਹੇਠ ਜਾਰੀ ਕੀਤਾ ਜਾਵੇ।

10. ਇਸ ਡੇਰੇ ਦੇ ਮੁਖੀ ਦਾ ਪੱਕਾ ਦਾਵਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਅਸਲੀ’ ਬਾਣੀ ਨੂੰ ਲਭ ਕੇ ਪੇਸ਼ ਕਰ ਸਕਦਾ ਹੈ।

11. ਇਸ ਡੇਰੇ ਰਾਹੀਂ ਕੇਵਲ ਇਸ ਬਾਬਾ ਨਾਨਕ ਦੇ ਨਾਮ ਹੇਠ ਨਵੀਂ ਲਭੀ ਜਾਣ ਵਾਲੀ ਬਾਣੀ ਦੇ ਫਲਸਫੇ ਦਾ ਹੀ ਪਰਚਾਰ ਕੀਤਾ ਜਾਵੇਗਾ।

12. ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੋ ਪਰਮਾਤਮਾਂ ਕੋਲੋਂ ਸਿੱਧੇ ਰੂਪ ਵਿੱਚ ਸ਼ਬਦ-ਗਿਆਨ ਪਰਾਪਤ ਹੋਇਆ ਸੀ ਉਸ ਬਾਰੇ ਕਿਸੇ ਨੂੰ ਵੀ ਇਲਮ ਨਹੀਂ (ਸਿਵਾਏ ਇੱਕ ਵਿਅਕਤੀ ਦੇ)।

13. ਕਿਉਂਕਿ ਕਰਤਾਰਪੁਰੀ ਬੀੜ ਨਕਲੀ ਹੈ, ਸਿਖ ਮੱਤ ਦਾ ਮੌਜੂਦਾ ਪਰਚਲਤ ਧਾਰਮਿਕ ਗ੍ਰੰਥ ਵੀ ਪ੍ਰਮਾਣਿਕ ਨਹੀਂ।

14. ਕਿਉਂਕਿ ਸਿਖ ਮੱਤ ਦਾ ਮੌਜੂਦਾ ਪਰਚਲਤ ਧਾਰਮਿਕ ਗ੍ਰੰਥ ਪ੍ਰਮਾਣਿਕ ਨਹੀਂ ਇਸ ਲਈ ‘ਬਾਬੇ ਨਾਨਕ’ ਦੀ ਅਸਲ਼ੀ ਬਾਣੀ ਲੱਭ ਕੇ ਪੇਸ਼ ਕਰਨ ਦੀ ਸਖਤ ਜ਼ਰੂਰਤ ਹੈ।

15. ਪੰਜਾਬੀ ਭਾਸ਼ਾ ਦਾ ਸਰੂਪ ਬਦਲ ਕੇ ਹਿੰਦੀ ਦਿੱਖ ਵਾਲਾ ਕਰ ਦਿੱਤਾ ਜਾਵੇ।

‘ਉੱਚਾ ਦਰ’ ਡੇਰੇ ਦੇ ਮਨੋਰਥ ਦੇ ਵੇਰਵੇ (agenda) ਦੇ ਕੁੱਝ ਅਣਐਲਾਨੇ ਨੁਕਤੇ ਵੀ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:

1.’ਜਨਮ-ਸਾਖੀਆਂ’, ‘ਗੁਰਬਿਲਾਸ ਪਾਤਸ਼ਾਹੀ 6’ ਅਤੇ ਅਖੌਤੀ ‘ਦਸਮ ਗ੍ਰੰਥ’ ਦੀ ਤਰਜ਼ ਤੇ ਕਿਸੇ ਵਿਸ਼ੇਸ਼ ਜਗਹ ਤੇ ‘ਬਾਬੇ ਨਾਨਕ’ ਦੀ ‘ਅਸਲ਼ੀ’ ਪੋਥੀ ਵੀ ਤਿਆਰ ਕਰਵਾਈ ਜਾ ਰਹੀ ਹੈ।

2. ਬਾਬੇ ਨਾਨਕ ਦੀ ‘ਅਸਲੀ’ ਪੋਥੀ ਨੂੰ ਲਭ ਕੇ ਪੇਸ਼ ਕਰਨ ਦਾ ਸਿਹਰਾ ਡੇਰੇਦਾਰ ਦੇ ਸਿਰ ਹੋਵੇਗਾ।

3. ਬਾਬੇ ਨਾਨਕ ਨੂੰ ਪਰਮਾਤਮਾਂ ਵੱਲੋਂ ਪਰਾਪਤ ਹੋਏ ਦੇ ਸ਼ਬਦ-ਗਿਆਨ ਦੇ ਭੇਤ ਦੀ ਜਾਣਕਾਰੀ ਕੇਵਲ ‘ਉੱਚਾ ਦਰ’ ਦੇ ਡੇਰੇਦਾਰ ਨੂੰ ਹੀ ਹੈ।

4. ਬਾਬੇ ਨਾਨਕ ਦੇ ਸ਼ਬਦ-ਗਿਆਨ ਦਾ ਭੇਤ ਜਾਣਨ ਵਾਲਾ ਇੱਕੋ-ਇਕ ਵਿਅਕਤੀ ‘ਉੱਚਾ ਦਰ’ ਦਾ ਡੇਰੇਦਾਰ ਇੱਕ ਦਿਨ ਗੁਰੂ ਨਾਨਕ ਦੇ ਅਵਤਾਰ ਦੇ ਰੂਪ ਵਿੱਚ ਪਰਗਟ ਹੋਵੇਗਾ (ਜਿਵੇਂ ਡੇਰਾ ‘ਸੱਚਾ ਸੌਦਾ’ ਦੇ ਮੁਖੀ ਨੇ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਅਤੇ ਹੁਣ ਆਪਣੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਵਾ ਰਿਹਾ ਹੈ)।

5. ਲਭ ਕੇ ਲਿਆਂਦੀ ਬਾਬੇ ਨਾਨਕ ਦੀ ‘ਅਸਲੀ’ ਪੋਥੀ ਨੂੰ ਅਖੌਤੀ ਦਸਮ ਗ੍ਰੰਥ ਵਾਂਗ ਸਿੱਖ ਮੱਤ ਦੇ ‘ਪ੍ਰਥਮ ਗ੍ਰੰਥ’ ਦੇ ਤੌਰ ਤੇ ਸਥਾਪਤ ਕਰ ਦਿੱਤਾ ਜਾਵੇਗਾ।

6. ਲਭ ਕੇ ਲਿਆਂਦੀ ਬਾਬੇ ਨਾਨਕ ਦੀ ‘ਅਸਲੀ’ ਪੋਥੀ ਹਿੰਦੀ-ਨੁਮਾ ਪੰਜਾਬੀ ਵਿੱਚ ਹੀ ਹੋਵੇਗੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਪੰਜਾਬੀ ਤਾਂ ਹੁਣ ਕਿਸੇ ਨੇ ਲਿਖ/ਸਮਝ ਨਹੀਂ ਸਕਣੀ।

7. ਬਾਬੇ ਨਾਨਕ ਦੀ ‘ਅਸਲੀ’ ਪੋਥੀ ਲੱਭ ਲੈਣ ਤੋਂ ਪਿੱਛੋਂ ਸਿੱਖ ਮੱਤ ਨੂੰ ਪਵਿੱਤਰ ਸ੍ਰੀ ਗ੍ਰੰਥ ਜੀ ਦੀ ਲੋੜ ਨਹੀਂ ਰਹੇਗੀ।

8. ਸਿੱਟੇ ਦੇ ਤੌਰ ਤੇ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਦੀ ਹੋਂਦ ਵੀ ਮਿਟਾ ਦਿੱਤੀ ਜਾਵੇਗੀ (ਜੋ ਕਿ ਡੇਰਾ ‘ਉੱਚਾ ਦਰ’ ਦਾ ਅੰਤਿਮ ਟੀਚਾ ਹੈ।

ਹੁਣ ਲੋੜ ਹੈ ਸਿੱਖਾਂ ਵੱਲੋਂ ਸਥਿਤੀ ਦਾ ਮੁਲਾਂਕਣ ਕਰਨ ਦੀ ਅਤੇ ਆਪਣਾ ਬਚਾ ਕਰਨ ਬਾਰੇ ਸੋਚਣ ਦੀ। ਉਂਜ ਸਿਖ ਕਦੀ ਵੀ ਕਿਸੇ ਖਤਰੇ ਤੋਂ ਬਚਣ ਦੀ ਕੋਈ ਅਗਾਊਂ ਤਿਆਰੀ ਜਾਂ ਯੋਜਨਾਬੰਦੀ ਨਹੀਂ ਕਰਦੇ। ਸਗੋਂ ਉਹ ਆਪਸੀ ਚੁੰਝ-ਚਰਚਾ ਵਿੱਚ ਹੀ ਸਮਾਂ ਅਤੇ ਸ਼ਕਤੀ ਵਿਅਰਥ ਗੁਆ ਦਿੰਦੇ ਹਨ। ਡੇਰਿਆਂ ਦੀ ਤਾਂ ਪੰਜਾਬ ਵਿੱਚ ਪਹਿਲਾਂ ਹੀ ਕਮੀ ਨਹੀਂ। ਪੰਜਾਬ ਵਿੱਚ ਉਤਨੇ ਪਿੰਡ ਨਹੀਂ ਜਿਤਨੇ ਡੇਰੇ ਹਨ। ਪ੍ਰਾਂਤੋਂ ਬਾਹਰ ਦੇ ਡੇਰੇ ਅਤੇ ਤੀਰਥ-ਅਸਥਾਨ ਵੀ ਕਾਫੀ ਲੋਕਾਂ ਨੂੰ ਖਿੱਚ ਪਾਉਂਦੇ ਹਨ। ਇਸ ਸਾਰੇ ਕੁੱਝ ਦਾ ਸਿਖ ਮੱਤ ਉੱਤੇ ਕੀ ਪਰਭਾਵ ਹੈ ਇਹ ਕਿਸੇ ਤੋਂ ਲੁਕਿਆ-ਛਿਪਿਆ ਨਹੀਂ। ਉਧਰ ਅਖੌਤੀ ਅਕਾਲ-ਤਖਤ ਦੀ ਸਾਰੀ ਕਾਰਗੁਜ਼ਾਰੀ ਡੇਰੇ ਵਾਲੀ ਹੀ ਹੈ ਅਤੇ ਇਸਦਾ ਮੁਖੀ ‘ਜਥੇਦਾਰ’ ਗਿਆਰ੍ਹਵੇਂ ਗੁਰੂ ਜੀ ਦਾ ਸਥਾਨ ਲੈ ਚੁੱਕਾ ਹੋਇਆ ਹੈ। ਸਿਖ ਮੱਤ ਦੇ ਦੇਸ-ਪਰਦੇਸ ਦੇ ਸਾਰੇ ਗੁਰਦੁਆਰੇ ਅਖੌਤੀ ਅਕਾਲ ਤਖਤ ਰਾਹੀਂ ਸਥਾਪਤ ਹੋਈ ਮਨਮੱਤ ਦੇ ਅਧਾਰ ਤੇ ਹੀ ਚਲਾਏ ਜਾ ਰਹੇ ਹਨ। ਫਿਰ ਵੀ ‘ਉੱਚਾ ਦਰ’ ਨਾਮ ਦੇ ਇਸ ਨਵੇਂ ਡੇਰੇ ਦੀ ਸਥਾਪਤੀ ਦਾ ਸਿਖ ਮੱਤ ਲਈ ਕਿਹੋ ਜਿਹਾ ਪਰਭਾਵ ਬਣੇਗਾ, ਇਹ ਸਿਖ ਜਗਤ ਲਈ ਵੱਡੀ ਚਿੰਤਾ ਦਾ ਸਬੱਬ ਹੋਣਾ ਹੀ ਚਾਹੀਦਾ ਹੈ।

‘ਉੱਚਾ ਦਰ’ ਡੇਰੇ ਦੇ ਮੁਖੀ ਦਾ ਇਹ ਦਾਵਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲੀ ਪੋਥੀ ਕਿਸੇ ਵੱਲੋਂ ( ‘ਉੱਚਾ ਦਰ’ ਡੇਰੇ ਦੇ ਮੁਖੀ ਮੁਤਾਬਿਕ ਸ੍ਰੀ ਚੰਦੀਆਂ ਵੱਲੋਂ) ਸਾੜ ਦਿੱਤੀ ਗਈ ਸੀ, ਕੋਰਾ ਝੂਠ ਹੈ। ਹਰੇਕ ਗੁਰੂ ਸਾਹਿਬ ਨੇ ਆਪਣੇ ਜੀਂਦੇ ਜੀ ਹੀ ਗੁਰਗੱਦੀ ਆਪਣੇ ਤੋਂ ਅਗਲੇ ਗੁਰੂ ਸਾਹਿਬ ਨੂੰ ਸੌਂਪ ਦਿੱਤੀ ਸੀ। ਜ਼ਾਹਰ ਹੈ ਕਿ ਹਰੇਕ ਗੁਰੂ ਸਾਹਿਬ ਨੇ ਆਪਣੀ ਬਾਣੀ ਅਤੇ ਪਹਿਲੇ ਗੁਰੂ ਸਾਹਿਬ ਕੋਲੋਂ ਪਰਾਪਤ ਹੋਈ ਬਾਕੀ ਬਾਣੀ ਦੇ ਖਰੜੇ ਵੀ ਆਪਣੇ ਤੋਂ ਅਗਲੇ ਗੁਰੂ ਸਾਹਿਬ ਨੂੰ ਆਪਣੇ ਹੱਥੀਂ ਸੌਂਪ ਦਿੱਤੇ ਸਨ। ਇਸੇ ਪਰੰਪਰਾ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਗਲੇ ਗੁਰੂ ਸਾਹਿਬਾਨ ਤੋਂ ਹੁੰਦੀ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੀ ਸੀ ਜੋ ਉਹਨਾਂ ਨੇਂ ਹੂਬਹੂ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕਰ ਲਈ ਸੀ ਅਤੇ ਇਹ ਬਾਣੀ ਦਮਦਮੀ ਬੀੜ ਵਿੱਚ ਵੀ ਹੂਬਹੂ ਰੂਪ ਵਿੱਚ ਸ਼ਾਮਲ ਸੀ। ਇਹ ਵੀ ਸੋਚਿਆ ਜਾ ਸਕਦਾ ਹੈ ਕਿ ਜੇਕਰ ਧਰਿਮੱਲੀਆ ਪਰਿਵਾਰ ਮੂਲ ਗ੍ਰੰਥ (ਸ੍ਰੀ ਆਦਿ ਗ੍ਰੰਥ) ਨੂੰ ਖੁਰਦ-ਬੁਰਦ ਕਰ ਸਕਦਾ ਸੀ ਤਾਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਗੁਰਬਾਣੀ ਦਾ ਸੰਕਲਨ ਤਿਆਰ ਹੋ ਜਾਣ ਤੋਂ ਬਾਦ ਪਹਿਲਾਂ ਇਕੱਤਰ ਕੀਤੀ ਗਈ ਬਾਣੀ ਦੇ ਖਰੜੇ ਵੀ ਉਹਨਾਂ ਦੇ ਹੱਥੋਂ ਕਿਵੇਂ ਬਚ ਸਕੇ ਹੋਣਗੇ। ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀ ਗੈਰ-ਮੌਜੂਦਗੀ ਵਿੱਚ ਜੋ ਬੀੜਾਂ (ਹੱਥ-ਲਿਖਤ ਜਾਂ ਛਾਪੇਖਾਨੇ ਦੀਆਂ) ਸਤਾਰ੍ਹਵੀਂ ਤੋਂ ਲੈਕੇ ਵੀਹਵੀਂ ਸਦੀ ਈਸਵੀ ਦੇ ਅਰਸੇ ਵਿੱਚ ਤਿਆਰ ਹੋਈਆਂ ਉਹਨਾਂ ਵਿੱਚ ਸ਼ਾਮਲ ਗੁਰੂ ਨਾਨਕ ਜੀ ਦੀ ਬਾਣੀ ਬਾਰੇ ਕਦੀ ਵੀ ਕਿਸੇ ਵੱਲੋਂ ਕੋਈ ਕਿੰਤ-ਪ੍ਰੰਤੂ ਨਹੀਂ ਕੀਤਾ ਗਿਆ। ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਦਾ ਹੀ ਹੂਬਹੂ ਰੂਪ ਵਿੱਚ ਮੌਜੂਦ ਰਹੀ ਹੈ। ਫਿਰ ‘ਉਚਾ ਦਰ’ ਦੇ ਡੇਰੇਦਾਰ ਵੱਲੋਂ ਇਹ ਕਿਵੇਂ ਪਰਚਾਰਿਆ ਜਾ ਰਿਹਾ ਹੈ ਕਿ ਗੁਰੂ ਜੀ ਦੀ ਬਾਣੀ ਦੀ ‘ਅਸਲ਼ੀ ਪੋਥੀ’ ਲਭਣ ਦੀ ਲੋੜ ਪੈ ਗਈ ਹੈ ਜਦੋਂ ਕਿ ਸ੍ਰੀ ਆਦਿ ਗ੍ਰੰਥ ਦੇ ਤਿਆਰ ਹੋ ਜਾਣ ਪਿੱਛੋਂ ਉਸ ‘ਅਸਲੀ ਪੋਥੀ’ ਦੇ ਖਰੜੇ ਦੀ ਕੋਈ ਮਹੱਤਤਾ ਅਤੇ ਪ੍ਰਸੰਗਤਾ ਹੀ ਨਹੀਂ ਰਹਿ ਜਾਂਦੀ। ਖੁਸ਼ਕਿਸਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਪਵਿੱਤਰ ਗ੍ਰੰਥ ਜੀ ਦੀ ਅਜੋਕੀ ਬੀੜ ਰਾਹੀਂ ਭਲੀ-ਭਾਂਤ ਉਪਲਭਦ ਹੈ ਅਤੇ ਅਜ ਉਹਨਾਂ ਵਾਲੀ ਆਪਣੀ ਪੋਥੀ ਦੇ ਖਰੜੇ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ‘ਅਸਲੀ’ ਪੋਥੀ ਦੇ ਖਰੜੇ ਦੀ ਗੱਲ ਤਾਂ ਬਾਕੀ ਪੰਜ ਗੁਰੂਆਂ ਅਤੇ ਬਾਕੀ ਸਾਰੇ ਸੰਤਾਂ ਭਗਤਾਂ ਦੀ ਬਾਣੀ ਬਾਰੇ ਵੀ ਕੀਤੀ ਜਾ ਸਕਦੀ ਹੈ ਜੋ ਅਜੋਕੀ ਪਰਚਲਤ ਬੀੜ ਵਿੱਚ ਸ਼ਾਮਲ ਕੀਤੀ ਗਈ ਹੋਈ ਹੈ (ਸ਼ਾਇਦ ਇਸੇ ਕਰਕੇ ‘ਉੱਚਾ ਦਰ’ ਡੇਰੇ ਦੇ ਮੁਖੀ ਵੱਲੋਂ ਬਾਕੀ ਦੀ ਸਾਰੀ ਬਾਣੀ ਨੂੰ ਮਾਨਤਾ ਹੀ ਨਹੀਂ ਦਿੱਤੀ ਜਾ ਰਹੀ।)

‘ਉੱਚਾ ਦਰ’ ਡੇਰੇ ਦੇ ਸੰਕਲਪ ਦਾ ਮੁਖ ਅਧਾਰ ਸਿਖ ਸ਼ਰਧਾਲੂਆਂ ਅਤੇ ਵਿਦਵਾਨਾਂ ਦੇ ਉਸ ਵਿਚਾਰ ਤੇ ਟਿਕਿਆ ਹੋਇਆ ਹੈ ਜਿਸ ਰਾਹੀਂ ਉਹ ਕਰਤਾਰਪੁਰੀ ਬੀੜ ਨੂੰ ਸ੍ਰੀ ਗੁਰੂ ਗ੍ਰੰਥ ਜੀ ਦਾ ਦਰਜਾ ਦੇ ਰਹੇ ਹਨ। ਜਿਵੇਂ ਕਿ ਇਹ ਸਭ ਨੂੰ ਪਤਾ ਹੈ ਕਿ ਕਰਤਾਰਪੁਰੀ ਬੀੜ ਕੇਵਲ ਇੱਕ ਉਤਾਰਾ ਹੀ ਨਹੀਂ ਸਗੋਂ ਇੱਕ ਜਾਅਲ੍ਹੀ ਗ੍ਰੰਥ ਹੈ। ਇਸ ਬੀੜ ਨੂੰ ਸਿੱਖ ਮੱਤ ਦੇ ਮੁੱਢਲੇ ਗ੍ਰੰਥ ਵਜੋਂ ਮਾਨਤਾ ਦੇਣ ਨਾਲ ‘ਉਚਾ ਦਰ’ ਡੇਰੇ ਦੇ ਮੁਖੀ ਨੂੰ ਇਹ ਦਾਵਾ ਕਰਨ ਦਾ ਮੌਕਾ ਮਿਲਦਾ ਹੈ ਕਿ ਸਿਖ ਮੱਤ ਦਾ ਗ੍ਰੰਥ ਜਿਸਨੂੰ ਉਹ ਗੁਰੂ ਦਾ ਦਰਜਾ ਦਿੰਦੇ ਹਨ ਖੁਦ ਹੀ (ਕਰਤਾਰਪੁਰੀ ਬੀੜ ਦੇ ਤੌਰ ਤੇ ਜਾਂ ਇਸ ਦੇ ਉਤਾਰੇ ਦੇ ਤੌਰ ਤੇ) ਪ੍ਰਮਾਣਿਕ ਨਹੀਂ ਹੈ। ਜੇਕਰ ਸਿੱਖਾਂ ਵੱਲੋਂ ਇਹ ਮੱਤ ਪੇਸ਼ ਕੀਤਾ ਜਾਵੇ ਕਿ ਉਹਨਾਂ ਦੇ ਧਾਰਮਿਕ ਗ੍ਰੰਥ ਦੀ ਪਰਚਲਤ ਬੀੜ ਕਰਤਾਰਪੁਰੀ ਬੀੜ ਦਾ ਉਤਾਰਾ ਮਾਤਰ ਨਹੀਂ ਸਗੋਂ ਇਹ ਉਨ੍ਹੀਵੀਂ ਸਦੀ ਵਿੱਚ ਲਿਖਾਰੀਆ ਦੀ ਮਿਹਨਤ ਨਾਲ ਹੋਂਦ ਵਿੱਚ ਆਇਆ ਹੈ ਜੋ ਉਹਨਾਂ ਨੇ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਲੈਕੇ ਸੰਪੂਰਨ ਕੀਤਾ ਹੈ ਭਾਵੇਂ ਕਿ ਇਸ ਵਿੱਚ ਜਾਣੇ-ਅਣਜਾਣੇ ਰਾਗਮਾਲਾ ਅਤੇ ਕੁੱਝ ਹੋਰ ਅਣਚਾਹੇ ਅੰਸ਼ ਕਰਤਾਰਪੁਰੀ ਬੀੜ ਵਿੱਚੋਂ ਵੀ ਆ ਗਏ ਹਨ ਜੋ ਕਿ ਸਹਿਜੇ ਹੀ ਦੂਰ ਕੀਤੇ ਜਾ ਸਕਦੇ ਹਨ ਤਾਂ ‘ਉੱਚਾ ਦਰ’ ਡੇਰੇ ਦੇ ਮੁਖੀ ਨੂੰ ਪਰਚਲਤ ਬੀੜ ਦੀ ਪ੍ਰਮਾਣਿਕਤਾ ਤੇ ਉਂਗਲੀ ਉਠਾਉਣ ਦਾ ਮੌਕਾ ਨਹੀਂ ਮਿਲੇਗਾ। ਕਰਤਾਰਪੁਰੀ ਬੀੜ ਗੈਰ ਸਿੱਖ ਅਤੇ ਸਵਾਰਥੀ ਤੱਤਾਂ ਵੱਲੋਂ ਸਿਖ ਮੱਤ ਵਿੱਚ ਨਾਜਾਇਜ਼ ਤੌਰ ਤੇ ਅਖੌਤੀ ਅਕਾਲ ਤਖਤ ਵਾਂਗ ਹੀ ਘਸੋੜੀ ਹੋਈ ਹੈ। ਜੇਕਰ ਸਿਖ ਜਗਤ ਕਰਤਾਰਪੁਰੀ ਬੀੜ ਨੂੰ ਮੂਲੋਂ ਹੀ ਨਕਾਰ ਦਿੰਦਾ ਹੈ ਤਾਂ ‘ਉਚਾ ਦਰ’ ਡੇਰੇ ਦੇ ਸਾਰੇ ਸੰਕਲਪ ਵਿੱਚੋਂ ਫੂਕ ਨਿਕਲ ਸਕਦੀ ਹੈ ਨਹੀਂ ਤਾਂ ਸਿਖ ਜਗਤ ਨੂੰ ਅਖੌਤੀ ‘ਪ੍ਰਥਮ ਗ੍ਰੰਥ’ ਅਤੇ ਇਸ ਡੇਰੇ ਵੱਲੋਂ ਫੈਲਾਈ ਜਾਣ ਵਾਲੀ ਮਨਮੱਤ ਦਾ ਸਾਹਮਣਾਂ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

ਬਾਕੀ, ਸਿੱਖ ਜਗਤ ਨੂੰ ਇਸ ਉਭਰ ਰਹੇ ‘ਉੱਚਾ ਦਰ’ ਡੇਰੇ ਬਾਰੇ ਹੁਣ ਤੋਂ ਹੀ ਜਾਗਰੂਕ ਕਰਨ ਦੀ ਵੀ ਲੋੜ ਹੈ। ‘ਸੱਚਾ ਸੌਦਾ’ ਡੇਰੇ ਦੇ ਮੁਖੀ ਖਿਲਾਫ ਸਿਖ ਸੰਘਰਸ਼ ਤਾਂ ਪਤਲਾ ਪੈ ਗਿਆ ਲਗਦਾ ਹੈ। ਜੇਕਰ ਸਿਖ ਵਿਦਵਾਨਾਂ ਦੀ ਕਾਰਗੁਜ਼ਾਰੀ ਕੁੱਝ ਠੋਸ ਕਰਨ ਦੀ ਬਜਾਇ ਤਰਕਹੀਣ ਅਤੇ ਪਰਭਾਵਹੀਣ ਚੁੰਝ-ਚਰਚਾ ਤਕ ਹੀ ਸੀਮਿਤ ਰਹੀ ਤਾਂ ‘ਉਚਾ ਦਰ’ ਡੇਰੇ ਦੇ ਖਿਲਾਫ ਕੋਈ ਸੰਘਰਸ਼ ਸ਼ੁਰੂ ਵੀ ਹੋ ਸਕੇਗਾ ਕਿ ਨਹੀਂ, ਇਸ ਬਾਰੇ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.