.

ਸਿੱਖ ਕੌਮ ਲਈ ਜਿੰਦਗੀ-ਮੌਤ ਤੇ ਅਣਖ-ਇੱਜ਼ਤ ਦਾ ਸੁਆਲ ਬਣੇ ਮਸਲੇ, ਸਿੱਖਾਂ ਦੇ ਮੀਰੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਵਲੌਂ ਕਿਵੇਂ ਵਿਚਾਰੇ ਜਾਂਦੇ ਨੇ! ! !

ਜਦ ਕਦੇ ਵੀ ਕੌਮ ਤੇ ਭੀੜ ਬਣਦੀ ਹੈ ਤਾਂ ਸਾਰੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਵੱਲ ਅਗਵਾਈ ਲਈ ਵੇਖਣ ਲੱਗ ਪੈਂਦੀ ਹੈ। ਅਗਰ 18ਵੀਂ ਸਦੀ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਕੌਮ ਨੇ ਵੱਡੀਆਂ-ਵੱਡੀਆਂ ਚਣੌਤੀਆਂ ਦਾ ਸਾਹਮਣਾ ਇਸੇ ਮੀਰੀ ਦੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਰ ਜੋੜ ਕੇ ਕੀਤੇ ਗੁਰਮਤਿਆਂ ਦੀ ਰੌਸ਼ਨੀ `ਚ ਕੀਤਾ ਹੀ ਨਹੀਂ ਸਗੋਂ ਚਣੌਤੀਆਂ ਦੇਣ ਵਾਲੇ ਦਾ ਅਜਿਹਾ ਬੁਥਾੜ ਭੰਨਿਆਂ ਕੇ ਅਗਲੇ ਨੂੰ ਨਾਨੀ ਚੇਤੇ ਆ ਗਈ।
ਪਰ ਜੇ ਅੱਜ ਦੇ ਹਲਾਤ ਵਲ ਵੇਖੀਏ ਤਾਂ ਮਨ ਜ਼ਰੂਰ ਨਿਰਾਸ਼ਾ `ਚ ਚਲਾ ਜਾਂਦਾ ਹੈ ਤੇ ਸੋਚਣ ਤੇ ਮਜ਼ਬੂਰ ਹੋ ਜਾਂਦਾ ਹੈ ਕਿ ਅਜ ਕਮੀ ਕਿੱਥੇ ਹੈ? ? ? ਕੀ ਕੌਮ ਅਪਣੇ ਪਿਛੋਕੜ ਬਾਰੇ ਭੁਲਦੀ ਜਾ ਰਹੀ ਹੈ ਜਾਂ ਕੌਮ ਨੇ ਕਦੇ ਆਪਣੇ ਪਿਛੋਕੜ ਬਾਰੇ ਪੜ੍ਹਨ ਦੀ ਖੇਚਲ ਹੀ ਨਹੀਂ ਕੀਤੀ? ? ? ਕੀ ਕੌਮ ਆਪਣੇ ਗੁਰਮਤਿ ਦੇ ਸਿਧਾਂਤਾਂ ਤੋਂ ਥਿੜਕਦੀ ਜਾ ਰਹੀ ਹੈ ਜਾਂ ਕਿਸੇ ਸਾਜ਼ਿਸ ਤਹਿਤ ਇਸ ਨੂੰ ਇਹਨਾਂ ਸਿਧਾਂਤਾਂ ਤੋਂ ਦੂਰ ਕੀਤਾ ਜਾ ਰਿਹਾ ਹੈ? ? ? ਜਾਂ ਸਿਧਾਂਤਾਂ ਨੂੰ ਕੌਮ ਵਿਰੋਧੀਆਂ ਵਲੋਂ ਗੰਦਲਾ ਹੀ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਕੌਮ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਕੌਮ ਆਪਣੇ ਸਿਧਾਂਤਾਂ ਤੇ ਖੜ੍ਹੀ ਹੈ ਜਾਂ ਇਹਨਾਂ ਤੋਂ ਜਾਣੇ-ਅਨਜਾਣੇ ਦੂਰ ਹੁੰਦੀ ਜਾ ਰਹੀ ਹੈ ਜਾਂ ਕੀਤੀ ਜਾ ਰਹੀ ਹੈ। ਹੁਣ ਜਦ ਕਦੇ ਵੀ ਕੌਮ ਲਈ ਕੋਈ ਮਸਲਾ ਪੈਦਾ ਹੁੰਦਾ ਹੈ ਤਾਂ ਕੌਮ ਮੁੜ-ਮੁੜ ਕਿ ਇਹਨਾਂ ਭਾੜੇ ਦੇ ਟੱਟੂਆਂ (ਅਖੌਤੀ ਜਥੇਦਾਰਾਂ) ਵੱਲ ਅਗਵਾਈ ਲਈ ਵੇਖਦੀ ਹੈ ਕਿ ਇਹ ਕੀ ਫੈਸਲਾ ਕਰਦੇ ਹਨ ਜਾਂ ਕੌਮ ਨੂੰ ਕੀ ਪ੍ਰੋਗਰਾਮ ਦਿੰਦੇ ਹਨ ਤਾਂ ਦਾਸ ਨੂੰ ਇਹਨਾਂ ਮਿੱਟੀ ਦੇ ਮਾਧੋਆਂ ਦੀ ਇੱਕ ਮੀਟਿੰਗ ਦਾ (ਜਿਸ `ਚ ਦਾਸ ਵੀ ਆਪਣੇ ਇੱਕ ਦੋਸਤ ਕਿਰਪਾਲ ਸਿੰਘ ਨਾਲ ਹਾਜ਼ਰ ਸੀ) ਖਿਆਲ ਆਉਦਾ ਹੈ ਤਾਂ ਕੌਮ ਝੋਟੇ ਵਾਲੇ ਘਰੋਂ ਲੱਸੀ ਮੰਗਦੀ ਪ੍ਰਤੀਤ ਹੁੰਦੀ ਹੈ।
ਅਸਲ ਤਾਰੀਕ ਤਾਂ ਹੁਣ ਯਾਦ ਨਹੀਂ ਪਰ ਗੱਲ 2002 ਦੀ ਹੈ ਜਦੋ ਬਿਹਾਰੀ ਭਈਏ ਆਸ਼ੂਤੋਸ਼ ਦੇ ਇੱਕ ਚੇਲੇ ਸ਼ਰਧਾ ਨੰਦ ਵਲੋਂ ਤਰਨ ਤਾਰਨ ਸਾਹਿਬ ਵਿਖੇ ਸਿੱਖੀ ਤੇ ਗੁਰੂ ਸਾਹਿਬਾਨ ਬਾਰੇ ਕੀਤੀ ਬਕਵਾਸ ਦਾ ਨੋਟਿਸ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਮੀਟਿੰਗ ਸੱਦੀ ਗਈ ਸੀ। ਦਾਸ ਵੀ ਆਪਣੇ ਦੋਸਤ ਕਿਰਪਾਲ ਸਿੰਘ ਨਾਲ ਇੱਕ ਲੇਖਕ ਨੂੰ ਆਖ ਵੇਖ ਕੇ ਚਲਾ ਗਿਆ। ਅਸੀ ਦੋਵਾਂ ਦੋਸਤਾਂ ਨੇ ਲੇਖਕ ਵੀਰ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ ਕਿ ਜੇ ਕਿਤੇ ਹੋ ਸਕੇ ਤਾਂ ਸਾਨੂੰ ਵਿਖਾਉ ਕਿ ਕੌਮ ਦੇ ਮਸਲਿਆਂ ਤੇ ਕੌਮ ਦੇ ਇਹ “ਮਹਾਨ ਜਥੇਦਾਰ” ਕਿਵੇਂ ਫੈਸਲੇ ਲੈਂਦੇ ਹਨ। ਚਲੋ ਉਹ ਲੇਖਕ ਵੀਰ ਉਸ ਵਾਰ ਸਾਨੂੰ ਵੀ ਨਾਲ ਹੀ ਲੈ ਗਿਆ। ਅਸੀ ਦੋਵੇਂ ਦੋਸਤ ਕਾਫੀ ਉਤਸ਼ਾਹਤ ਸੀ ਕਿ ਚਲੋ ਇਸ ਵਾਰ ਇਹਨਾਂ ਦੀ ਕਾਰਗੁਜਾਰੀ ਨੇੜਿਉ ਵੇਖਣ ਦਾ ਮੋਕਾ ਮਿਲਿਆ ਹੈ, ਦੇਖਦੇ ਹਾਂ ਕੀ ਬਣਦਾ ਤੇ ਅੰਦਰ ਕੀ-ਕੀ ਗੁਲ ਖਿਲਾਉਦੇ ਹਨ।
ਚਲੋ ਖੈਰ! ਮੀਟਿੰਗ ਸ਼ੁਰੂ ਹੋਈ ਤੇ ਸਾਡੇ ਅਰਮਾਨ ਧਰੇ ਧਰਾਏ ਰਹਿ ਗਏ, ਸਾਡਾ ਸਾਰਾ ਉਤਸ਼ਾਹ ਰੇਤ ਦੇ ਮਹਿਲ ਵਾਂਗ ਡਹਿ ਡੇਰੀ ਹੋ ਗਿਆ ਜਦੋ ਉਹ ਲੇਖਕ ਸਾਨੂੰ ਦੋਵਾਂ ਦੋਸਤਾਂ ਨੂੰ ਬਾਹਰ ਹੀ ਛੱਡ ਕੇ ਮੀਟਿੰਗ `ਚ ਚਲਿਆ ਗਿਆ। ਸ਼ਾਇਦ ਇਸ ਲਈ ਕਿ ਉਹ ਸਮਝਦਾ ਹੋਵੇ ਕਿ ਇਹ ਨਾ ਤਾਂ ਉਸ ਵਾਂਗ ਕੋਈ ਲੇਖਕ ਨੇ, ਨਾ ਇਹ ਵਿਦਵਾਨ ਨੇ, ਨਾ ਕਿਸੇ ਜ਼ਥੇਬੰਦੀ ਦੇ ਪ੍ਰਧਾਨ ਜਾਂ ਮੈਂਬਰ ਨੇ, ਇਹਨਾਂ ਨੂੰ ਕੌਣ ਪੁਛਦਾ ਹੈ। ਅਸੀਂ ਦੋਵੇਂ ਦੋਸਤ ਇੱਕ ਦੂਸਰੇ ਦੇ ਮੂੰਹ ਵੱਲ ਵੇਖੀ ਜਾਈਏ ਕਿ ਇਸ ਲੇਖਕ ਨੇ ਸਾਡੇ ਨਾਲ ਚੰਗੀ ਕੀਤੀ? ? ? ਚਲੋ ਅਸੀਂ ਉਥੇ ਬੈਠੇ ਹੀ ਸੀ ਕਿ ਚਾਹ-ਪਕੌੜੇ ਆ ਗਏ। ਇਹ ਸ਼ਾਇਦ ਮੀਟਿੰਗ `ਚ ਆਏ ਮਹਾਂਰਥੀਆਂ ਲਈ ਪਹਿਲੀ ‘ਰਿਫਰੈਸ਼ਮੈਂਟ’ ਸੀ। ਝੋਨੇ ਨਾਲ ਲਿੱਧਣ ਨੂੰ ਪਾਣੀ ਆਉਣ ਵਾਂਗ ਅਸੀ ਵੀ ਛਕਣ ਲੱਗ ਪਏ। ਇਨ੍ਹੇ ਚਿਰ ਨੂੰ ਵੇਦਾਂਤੀ ਸਾਹਿਬ ਦੇ ਪੀ. ਏ ਸਾਹਿਬ (ਪ੍ਰਿਥੀਪਾਲ ਸਿੰਘ) ਗੋਡਿਆਂ ਤੋਂ ਹੇਠਾਂ ਤੱਕ ਪਹਿਰੇਦਾਰ (ਪਜਾਮੇ ਦਾ ਨਾੜਾ) ਲਮਕਾਉਦੇ ਆ ਗਏ। ਵੀਰ ਕਿਰਪਾਲ ਸਿੰਘ ਕਹਿਣ ਲੱਗਾ, ਜਤਿੰਦਰ ਯਾਰ ਜਿਸ ਬੰਦੇ ਕੋਲੋ ਆਪਣਾ ਪਹਿਰੇਦਾਰ ਹੀ ਨਹੀਂ ਸੰਭਾਲ ਹੁੰਦਾ, ਉਹ ਕੌਮ ਸੰਭਾਲਣ ਦੀਆਂ ਟਾਹਰਾਂ ਮਾਰਦੇ ਨੇ। ਉਹਨਾਂ ਸਾਨੂੰ ਪੁਛਿਆ ਕੇ ਤੁਸੀ ਕੌਣ ਹੋ ਤੇ ਕਿਧਰ ਆਏ ਹੋ? ? ? ਜਦ ਅਸੀਂ ਆਪਣੇ ਬਾਰੇ ਦੱਸਿਆ ਤਾਂ ਉਹਨਾਂ ਕਿਹਾ ਕੇ ਫਿਰ ਏਥੇ ਬੈਠੇ ਕੀ ਕਰਦੇ ਹੋ, ਅੰਦਰ ਕਿਉਂ ਨਹੀਂ ਗਏ? ? ? ਅਸੀਂ ਦੱਸਿਆ ਕਿ ਸਾਨੂੰ ਨਾਲ ਲੈ ਕੇ ਆਉਣ ਵਾਲਾ ਹੀ ਛੱਡ ਗਿਆ ਹੈ। ਉਸ ਨੇ ਸਾਨੂੰ ਅੰਦਰ ਜਾਣ ਲਈ ਕਹਿ ਦਿੱਤਾ। ਅਸੀਂ ਤਾਂ ਗਏ ਹੀ ਇਸੇ ਕੰਮ ਸੀ, ਪਰ ਦਰਵਾਜ਼ੇ ਤੇ ਖੜ੍ਹੇ ਪਹਿਰੇਦਾਰਾਂ ਨੇ ਸਾਨੂੰ ਰੋਕ ਲਿਆ। ਅਸੀਂ ਕਿਹਾ ਕਿ ਸਾਨੂੰ ਪੀ. ਏ. ਸਾਹਿਬ ਨੇ ਘੱਲਿਆਂ ਹੈ ਭਾਵੇਂ ਤੁਸੀਂ ਉਹਨਾਂ ਤੋਂ ਪੁੱਛ ਲਵੋਂ। ਇਨੇ ਚਿਰ ਨੂੰ ਪੀ. ਏ. ਸਾਹਿਬ ਨੇ ਪਿਛੋ ਅਵਾਜ਼ ਦੇ ਕੇ ਪਹਿਰੇਦਾਰਾਂ ਨੂੰ ਸਾਨੂੰ ਅੰਦਰ ਲੰਘ ਜਾਣ ਲਈ ਕਹਿ ਦਿੱਤਾ। ਅਸੀਂ ਜਦੋਂ ਹੀ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਏ ਤਾਂ ਸਾਰਿਆਂ ਨੇ ਸਾਨੂੰ ਇੰਝ ਦੇਖਿਆ ਜਿਵੇਂ ਅਸੀ ਆਈ. ਐੱਸ. ਆਈ ਦੇ ਏਂਜੰਟ ਹੋਈਏ। ਅਸੀਂ ਦੋਵੇਂ ਦੋਸਤ ਡਰਦੇ-ਡਰਦੇ ਅੰਦਰ ਬੈਠ ਗਏ। ਅੰਦਰ ਜੋ ਨਜ਼ਾਰਾ ਅਸੀਂ ਦੋਵਾਂ ਦੋਸਤਾਂ ਨੇ ਦੇਖਿਆ ਉਹ ਦੇਖਕੇ ਅਸੀਂ ਸੋਚਿਆ ਇਸ ਨਾਲੋਂ ਤਾਂ ਨਾ ਹੀ ਆਉਂਦੇ, ਘਟੋ-ਘੱਟ ਇੱਕ ਵਹਿਮ ਤਾਂ ਬਣਿਆਂ ਰਹਿੰਦਾ ਕਿ ਕੌਮ ਦੇ ਇਹ ਰਹਿਬਰ ਕੌਮ ਲਈ ਬੰਦ ਕਮਰੇ `ਚ ਬਹੁਤ ਘਾਲਣਾ ਘਾਲਦੇ ਨੇ।
ਮੀਟਿੰਗ `ਚ ਸਾਡੇ ਉਸ ਵੇਲੇ ਦੇ “ਮਹਾਨ ਜਥੇਦਾਰ” ਗਿਆਨੀ ਜੋਗਿੰਦਰ ਸਿਘ ਵੇਦਾਂਤੀ ਜੀ, (ਦਾਸ ਨੂੰ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਗਿਆਨੀ ਤੇ ਵੇਦਾਂਤ ਦਾ ਕੀ ਮੇਲ ਹੈ? ? ? ਕਿਸੇ ਪਾਠਕ ਸੱਜਣ ਨੂੰ ਆਵੇ ਤਾਂ ਦਾਸ ਨੂੰ ਜ਼ਰੂਰ ਸਮਝਾਉਣ ਦੀ ਖੇਚਲ ਕਰੇ), ਪ੍ਰੌ. ਦਰਸ਼ਨ ਸਿੰਘ ਜੀ, ਮਨਜੀਤ ਸਿੰਘ ਕਲਕੱਤਾ ਜੀ, ਸਾਡੇ ਲੇਖਕ ਭਾਈ ਸਾਹਿਬ ਤੇ 4-5 ਹੋਰ ਪਤਵੰਤੇ, ਕੌਮ ਦੇ ਵਿਦਵਾਨ (ਨਾਮ ਹੁਣ ਯਾਦ ਨਹੀਂ ਆ ਰਹੇ) ਬੈਠੇ ਸਨ। ਬਿਹਾਰੀ ਭਈਏ ਦੇ ਡੇਰੇ ਵੱਲੋਂ ਕੁੱਝ ਸੀਡੀਜ਼ ਤੇ ਕੁੱਝ ਕਿਤਾਬਾਂ ਭੇਜੀਆਂ ਗਈਆਂ ਸਨ ਕਿ ਦੇਖੋ ਜੀ ਅਸੀਂ ਤਾਂ ਕੁੱਝ ਵੀ ਮਾੜਾ ਨਹੀਂ ਕਹਿੰਦੇ ਸਿੱਖੀ ਤੇ ਗੁਰੂ ਸਾਹਿਬਾਨ ਬਾਰੇ। ਮੀਟਿੰਗ `ਚ ਹਾਜ਼ਰ ਕੁੱਝ ਵੀਰਾਂ ਦਾ ਕਹਿਣਾ ਸੀ ਕਿ ਸੀ ਕਿ ਕਿਤਾਬਾਂ ਤੇ ਸੀਡੀਜ਼ ਵੰਡ ਲਈਆਂ ਜਾਣ ਤਾਂ ਕਿ ਇਹਨਾਂ ਦਾ ਚੰਗੀ ਤਰ੍ਹਾਂ ਚੀਰ-ਫਾੜ ਕਰ ਕੇ ਬਿਹਾਰੀ ਭਈਏ ਨੂੰ ਮੂੰਹ ਤੋੜ ਜੁਵਾਬ ਦਿੱਤਾ ਜਾ ਸਕੇ, ਪਰ ਸਾਡੇ “ਮਹਾਨ ਜਥੇਦਾਰ” ਵੇਦਾਂਤੀ ਜੀ ਭਈਏ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਬਲ ਕਰਨ ਲਈ ਕਹਿ ਰਹੇ ਸਨ ਤਾਂ ਪ੍ਰੌ. ਦਰਸ਼ਨ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਸਿੱਖ ਹੀ ਨਹੀਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਸੱਦਿਆ ਜਾ ਸਕਦਾ। ਕਿਉਂ ਨਾ ਆਪਾਂ ਚੋਰ ਨੂੰ ਫੜਨ ਦੀ ਬਜਾਏ ਚੋਰ ਦੀ ਮਾਂ ਨੂੰ ਫੜੀਏ। ਆਸ਼ੂਤੋਸ਼ ਨੂੰ ਜਦ ਬੀਬੀ ਬਾਦਲ ਦੀ ਪੁਸ਼ਤ ਪਨਾਹੀ ਹੈ ਤਾਂ ਸਾਨੂੰ ਪਹਿਲਾਂ ਬਾਦਲ ਸਾਹਿਬ ਦੇ ਪਰਿਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਣਾ ਚਾਹੀਦਾ ਹੈ ਕਿ ਉਹ ਕਿਉਂ ਇੱਕ ਕੌਮ ਵਿਰੋਧੀ ਦਾ ਸਾਥ ਦੇ ਕੇ ਕੌਮੀ ਨੁਕਸਾਨ ਕਰ ਰਹੇ ਹਨ, ਬਾਦਲਾਂ ਨੂੰ ਇਸ ਬਾਰੇ ਜੁਵਾਬ ਤਲਬੀ ਕਰਨੀ ਚਾਹੀਦੀ ਹੈ। ਵੇਦਾਂਤੀ ਸਾਹਿਬ ਜੀ ਦੇ ਆਪਣੇ ਆਕਾ, ਅੰਨਦਾਤਾ ਦਾ ਨਾਮ ਸੁਣ ਕੇ ਜਿਵੇਂ ਦੰਦ ਹੀ ਜੁੜ ਗਏ ਕਿ ਪ੍ਰੌ. ਸਾਹਿਬ ਇਹ ਕੀ ਭਸੂੜੀ ਪਾਈ ਜਾਂਦੇ ਨੇ? ? ? ਲੱਗਦਾ ਇਹ ਮੇਰੀ ਨੌਰਕੀ ਛਡਵਾਉਣਗੇ? ? ? ਵੇਦਾਂਤੀ ਸਾਹਿਬ ਕਹਿਣ ਲੱਗੇ ਜੀ ਸਾਡਾ ਅੱਜ ਦਾ ਮਸਲਾ ਤਾਂ ਬਿਹਾਰੀ ਭਈਏ ਬਾਰੇ ਹੈ, ਗੱਲ ਸਿਰਫ ਤੇ ਸਿਰਫ ਉਸ ਤੇ ਹੀ ਕੇਂਦਰਤ ਕਰੋ। ਗੱਲ ਫਿਰ ਭਈਏ ਤੇ ਆ ਗਈ। ਪਰ ਹਰ ਵਾਰ ਜਦੋਂ ਕਦੇ ਵੀ ਸਾਰੇ ਕਿਸੇ ਇੱਕ ਗੱਲ ਤੇ ਸਹਿਮਤ ਹੋਣ ਲੱਗਦੇ ਤਾਂ ਕਲਕੱਤਾ ਸਾਹਿਬ ਜੀ ਵਿੱਚ ਹੀ ਟਿੰਡ `ਚ ਕਾਨਾ ਪਾ ਬੈਠਦੇ ਤੇ ਗੱਲ ਫਿਰ ਮੁੜ-ਘੁੜ ਜਿੱਥੋਂ ਸ਼ੁਰੂ ਹੁੰਦੀ ਉੱਥੇ ਹੀ ਪਹੁੰਚ ਜਾਂਦੀ। ਜਦ 3-4 ਵਾਰ ਕਲਕੱਤਾ ਸਾਹਿਬ ਨੇ ਇਸੇ ਤਰ੍ਹਾਂ ਹੀ ਕੀਤਾ ਤਾਂ ਦਾਸ ਦਾ ਦੋਸਤ ਖਿਝ ਕੇ ਦਾਸ ਨੂੰ ਕਹਿੰਦਾ ਕਿ ਜਤਿੰਦਰ ਵੇਦਾਂਤੀ ਅੱਗੋ ਕਿਰਪਾਨ ਚੁੱਕ ਕੇ ਮੈਨੂੰ ਫੜਾ ਮੈਂ ਇਸ ਡਿੱਢਲ ਜਿਹੇ (ਇਸ਼ਾਰਾ ਕਲਕੱਤਾ ਸਾਹਿਬ ਵੱਲ ਸੀ) ਨੂੰ ਤਾਂ ਨਬੇੜਾਂ ਇਹ ਗੱਲ ਨੂੰ ਕਿਸੇ ਬੰਨੇ ਹੀ ਨਹੀਂ ਲੱਗਣ ਦਿੰਦਾ। ਹਰ ਵਾਰ ਆਪਣਾ ਹੀ ਧੂੜ `ਚ ਟੱਟੂ ਨਠਾਈ ਜਾਂਦਾ ਕਿਸੇ ਦੀ ਸੁਣਦਾ ਹੀ ਨਹੀਂ। ਉਹੀ ਕਲਕੱਤਾ ਸਾਹਿਬ ਅਜ-ਕਲ ਜਦੋਂ ਕੁਰਸੀ ਖੁਸ ਜਾਣ ਕਰਕੇ ਸ੍ਰੋਮਣੀ ਕਮੇਟੀ ਤੋਂ ਬਾਹਰ ਹਨ ਤਾਂ ਇਸ ਤਰ੍ਹਾਂ ਬਿਆਨ ਦਿੰਦੇ ਹਨ ਜਿਵੇਂ ਕੌਮ ਦਾ ਸਭ ਨਾਲੋਂ ਜ਼ਿਆਦਾ ਦਰਦ ਹੀ ਇਹਨਾਂ ਨੂੰ ਹੈ। ਜਿਵੇਂ ਜਦੋਂ ਦੇ ਇਹ ਬਾਹਰ ਆਏ ਨੇ ਉਦੋਂ ਦੀ ਹੀ ਸ੍ਰੋਮਣੀ ਕਮੇਟੀ ਸਿੱਖ ਵਿਰੋਧੀ ਕੰਮ ਕਰ ਰਹੀ ਹੈ। ਇਹਨਾਂ ਦੇ ਹੁੰਦਿਆਂ ਤਾਂ ਕਦੇ ਕੋਈ ਕੌਮ ਵਿਰੋਧੀ ਕੰਮ ਹੋਇਆ ਹੀ ਨਹੀਂ ਸੀ? ? ? ? ਕਿਉਂ ਕਲਕੱਤਾ ਸਾਹਿਬ … … …. ਦਾਸ ਕੁੱਝ ਗਲਤ ਤਾਂ ਨਹੀਂ ਕਹਿ ਰਿਹਾ? ? ? ? ? ਇਹੀ ਹਾਲ ਸਾਡੇ ਵੇਦਾਂਤੀ ਸਾਹਿਬ ਦਾ ਹੈ ਜਦੋਂ ਦੀ ਕੁਰਸੀ ਛੁੱਟੀ ਹੈ ਉਦੋਂ ਦਾ ਸਿੱਖੀ ਦਾ ਕੁੱਝ ਜ਼ਿਆਦਾ ਹੀ ਹੇਝ ਜਾਗਿਆ ਹੈ ਵਰਨਾ ਕੁਰਸੀ ਤੇ ਬੈਠਿਆਂ ਤਾਂ ਇਹਨਾਂ ਦੇ ਅੱਖੀਂ ਚਿੱਟਾ ਮੋਤੀਆ ਉਤਰਿਆ ਹੋਇਆ ਸੀ ਜੋ ਇਹਨਾਂ ਨੂੰ ਕੌਮ ਵਿਰੋਧੀ ਕੰਮ ਦਿੱਸਦੇ ਹੀ ਨਹੀਂ ਸਨ। ਦਿੱਸਦੇ ਵੀ ਕਿਵੇਂ ਉਦੋਂ ਤਾਂ ਵੇਦਾਂਤੀ ਸਾਹਿਬ ਖੁਦ ਵੱਧ ਚੜ ਕਿ ਇਸ “ਪਵਿੱਤਰ ਕਾਰਜ” `ਚ ਹਿੱਸਾ ਲੈਂਦੇ ਸਨ। ਹੁਣ ਵੀ ਪਿਛੇ ਜਿਹੇ ਵੇਦਾਂਤੀ ਸਾਹਿਬ ਨੇ ਦਿੱਲੀ ਕਮੇਟੀ ਦੇ ਕੁੱਛੜ ਚੜਕੇ ਇੱਕ ਗਿੱਦੜ ਭਬਕੀ ਜਿਹੀ ਮਾਰੀ ਸੀ ਕਿ ਮੈਂ ਸਭ ਦੇ ਪਰਦੇ ਫਰੋਲ ਦੇਵਾਂਗਾ, ਪਰ ਜਦੋਂ ਬਾਦਲ ਸਾਹਿਬ ਵੱਲੋਂ ਇੱਕ ਕਾਰ ਮਿਲ ਗਈ ਤਾਂ ਵੇਦਾਂਤੀ ਸਾਹਿਬ ਨੇ ਫਿਰ ਮੂੰਹ `ਚ ਘੁੰਗਣਈਆਂ ਪਾ ਲਈਆਂ। ਉਪਰੋਂ ਇਹ ਵੀ ਕਹਿੰਦੇ ਨੇ ਮੈਂ ਗੁਰਬਾਣੀ ਦਾ ਸਭ ਨਾਲੋ ਸਟੀਕ ਟੀਕਾ ਲਿਖਾਂਗਾ, ਕੌਮ ਦਾ ਤਾਂ ਵਾਹਿਗੁਰੂ ਹੀ ਰਾਖਾ ਹੁਣ! ! ! ! ! ਵੇਦਾਂਤੀ ਸਾਹਿਬ ਤੁਹਾਡੀਆਂ ਪਹਿਲਾਂ ਹੀ ਬਹੁਤ ਮਿਹਰਬਾਨੀਆਂ ਨੇ ਕੌਮ ਤੇ ਹੁਣ ਹੋਰ ਨਾ ਕਰਿਉ, ਹੱਥ ਜੋੜ ਕੇ ਬੇਨਤੀ ਹੈ। ਸੋ ਮੀਟਿੰਗ `ਚ ਇਸੇ ਤਰ੍ਹਾਂ ਹੀ ਜਾਬਾਂ ਦਾ ਭੇੜ ਹੁੰਦਾ ਰਿਹਾ। ਕਦੇ ਕਲਕੱਤਾ ਸਾਹਿਬ ਤੇ ਕਦੇ ਵੇਦਾਂਤੀ ਸਾਹਿਬ ਦੀ ਮਿਹਰਬਾਨੀ ਸਦਕਾ, ਇਸ ਅਹਿਮ ਮਸਲੇ ਦਾ ਟੱਟੂ ਧੂੜ `ਚ ਰੁਲਦਾ ਰਿਹਾ। ਗੱਲ ਕਿਸੇ ਸਿਰੇ ਨਾ ਲੱਗੀ ਜਾਂ ਲੱਗਣ ਹੀ ਨਾ ਦਿੱਤੀ ਗਈ। ਭਈ ਵੇਦਾਂਤੀ ਸਾਹਿਬ ਆਪਣੀ “ਵਫਾਦਾਰੀ” ਨੂੰ ਦਾਗ ਕਿਵੇਂ ਲੱਗਣ ਦਿੰਦੇ … … … …. ਆਪਣੇ ਆਕਾ ਨਾਲ … …. ਕੌਮ ਨਾਲ ਵਫਾਦਾਰੀ ਕਮਾ ਕੇ ਕੀ ਮਿਲਦਾ? ? ? ? ਡਾਂਗਾਂ, ਸੋਟੇ, ਕੇਸ, ਥਾਣੇ, ਜੇਲ਼ਾਂ, ਉਮਰ ਕੈਦਾਂ, ਫਾਂਸੀਆਂ। ਫਿਰ ਸਾਡੇ ਜਥੇਦਾਰ ਸਾਹਿਬ ਇਨ੍ਹੇ ਕਮਲੇ ਥੋੜਾ ਈ ਨੇ। ਇਹ “ਕਮਲ” ਤਾਂ ਕੌਮੀ ਪ੍ਰਵਾਨਿਆਂ ਨੂੰ ਹੀ ਹੈ ਤੇ ਹਮੇਸ਼ਾਂ ਰਹੇਗਾ ਜਦ ਤੱਕ ਕੌਮ ਨੂੰ ਪੰਥ-ਦੋਖੀ ਕੋਈ ਵੀ ਚੈਲ਼ੰਜ਼ ਦੇਦੇ ਰਹਿਣਗੇ।
ਸੋ ਇਸੇ ਰੋਲੇ-ਰੱਪੇ `ਚ ਜਦ ਘੰਟਾ ਦੋ ਘੰਟੇ ਗੁਜ਼ਰੇ ਤਾਂ ਮੇਰੀ ਕੌਮ ਦੇ ਜਥੇਦਾਰ ਤੇ ਵਿਦਾਵਾਨਾਂ ਨੂੰ ਭੁੱਖ ਲਗ ਗਈ। ਸੋ ਆ ਗਿਆ `ਚ ਲੰਗਰ ਆ ਗਿਆ। ਪਰ ਇਹ ਕੀ ਦਾਸ ਤੇ ਵੀਰ ਕਿਰਪਾਲ ਸਿੰਘ ਹੈਰਾਨ ਸਾਂ ਕਿ ਲੰਗਰ `ਚ ਮਟਰ-ਪਨੀਰ ਵੀ ਹੁੰਦਾ ਹੈ? ? ? ਅਸੀਂ ਤਾਂ ਹਮੇਸ਼ਾਂ ਮੂੰਗੀ ਮਸਰਾਂ ਦੀ ਜਾਂ ਮਾਂਹ ਦੀ ਦਾਲ ਹੀ ਵੇਖੀ ਸੀ ਤੇ ਹਰ ਗੁਰਦੁਆਰੇ ਇਹੀ ਬਣਦੀ ਹੈ ਜਿਵੇਂ ਸੰਗਤ ਨੂੰ ਬਾਕੀ ਚੀਜ਼ਾਂ ਵਾਈ ਹੁੰਦੀਆਂ ਨੇ ਪਰ ਨਹੀਂ ਜੀ ਇਹ ਤਾਂ ਕੌਮ ਦੀ ਮਹਾਨ ਹਸਤੀਆਂ ਲਈ ਹਨ ਜੋ ਕੌਮ ਤੋਂ “ਉੱਚੇ” ਹੁੰਦੇ ਨੇ! ! ! ਫਿਰ ਲ਼ੰਗਰ `ਚ ਵੀ ਤਾਂ ਕੁੱਝ ਫਰਕ … … … … … … … ਅਜੇ ਲੰਗਰ ਛੱਕ ਹੀ ਰਹੇ ਸਾਂ ਤਾਂ ਦੇਸੀ ਘਿਉ `ਚ ਨੁੱਚੜਦੀਆਂ ਸੇਵੀਆਂ ਆ ਗਈਆਂ। ਵਾਹ ਜੀ ਵਾਹ! ! ! ਅਸੀ ਦੋਵੇ ਦੋਸਤ ਫਿਰ ਇੱਕ ਦੂਸਰੇ ਦੇ ਮੂੰਹ ਵੱਲ ਵੇਖ ਰਹੇ ਸੀ ਕੀ ਇਹ ਗੁਰੂ ਰਾਮਦਾਸ ਜੀ ਦਾ ਹੀ ਲੰਗਰ ਹੈ? ? ? ਨਹੀਂ ਨਹੀਂ ਜੀ ਇਹ ਤਾਂ ਜਥੇਦਾਰਾਂ ਦਾ ਲੰਗਰ ਹੈ ਜੋ ਕੌਮ ਲਈ ਇਨ੍ਹੀ ਘਾਲਣਾ ਘਾਲ ਰਹੇ ਨੇ। ਕੌਮ ਲਈ ਜੋ ਡੇੜ ਦੋ ਘੰਟੇ ਬੈਠ ਕੇ ਸਿਰ-ਖਪਤੀ ਵੀ ਤਾਂ ਇਹਨਾਂ ਨੇ ਹੀ ਕੀਤੀ ਹੈ। ਕੀ ਇਹ ਘੱਟ ਹੈ? ? ? ਇਨ੍ਹਾਂ ਕੁ ਤਾਂ ਇਹਨਾਂ ਦਾ ਹੱਕ ਬਣਦਾ ਹੈ ਨਾਲੇ ਕੌਮ ਦਾ ਵੀ ਤਾਂ ਕੋਈ ਫਰਜ਼ ਹੈ ਨਾ … … … ਸਾਰਾ ਮਸਲਾ ਸਾਨੂੰ ਇਸ ਮਟਰ-ਪਨੀਰ ਤੇ ਘਿਉ ਨੁੱਚੜਦੀਆਂ ਸੇਵੀਆਂ `ਚ ਵਹਿੰਦਾ ਹੀ ਦਿਸਿਆ।
ਤਰਸ ਆਉਦਾ ਹੈ ਉਹਨਾਂ ਜਥੇਬੰਦੀਆਂ ਤੇ ਜੋ ਆਏ ਦਿਨ ਇਹਨਾਂ ਕੌਮ-ਘਾਤੀ ਜਥੇਦਾਰਾਂ ਨੂੰ ਇੱਕ ਪਾਸੇ ਤਾਂ ਗੁਲਾਮਾਂ ਦੇ ਗੁਲਾਮ ਕਹੀ ਜਾਂਦੀਆਂ ਨੇ ਤੇ ਨਾਲੇ ਦੂਸਰੇ ਪਾਸੇ ਇਹਨਾਂ ਨੂੰ ਹੀ ਯਾਦ ਪੱੱਤਰ ਦੇ ਕੇ ਕੌਮੀ ਮਲਸੇ ਹੱਲ ਕਰਵਾਉਣ ਲਈ ਲੇਲ੍ਹੜੀਆਂ ਵੀ ਕੱਢੀ ਜਾਂਦੀਆਂ ਨੇ। ਇਹਨਾਂ ਨੂੰ ਕਦ ਸਮਝ ਆਊ ਕਿ ਇਹਨਾਂ ਅਖੌਤੀ ਜਥੇਦਾਰਾਂ ਦੀ ਹਾਲਤ ਤਾਂ ਗਾਂਧੀ ਦੇ ਤਿੰਨ ਬਾਂਦਰਾਂ ਵਾਂਗਰੀ ਹੀ ਹੈ … … … ਨਾ ਤਾਂ ਇਹਨਾਂ ਨੂੰ ਕੋਈ ਕੌਮ ਦੋਖੀ, ਗਦਾਰ, ਨਾ ਹੀ ਕੋਈ ਕੌਮੀ ਮਸਲਾ ਨਜ਼ਰ ਆਉਦਾ ਹੈ, ਨਾ ਹੀ ਇਹਨਾਂ ਨੂੰ ਪੰਥਕ ਜਥੇਬੰਦੀਆਂ ਤੇ ਕੌਮ ਦਰਦੀਆਂ ਦੀ ਹਾਲ ਪਾਹਰਿਆ ਹੀ ਸੁਣਦੀ ਹੈ ਤੇ ਨਾ ਹੀ ਇਹ ਗੂੰਗੇ ਆਪਣੇ ਮਲਾਕਾਂ ਤੋਂ ਪੁਛੇ ਤੋਂ ਬਿਨਾਂ ਕੁਛ ਬੋਲ ਹੀ ਸਕਦੇ ਹਨ। ਸੋ ਹੁਣ ਪਾਠਕ ਹੀ ਅੰਦਾਜ਼ਾ ਲਗਾਉਣ ਕੇ ਇਹਨਾਂ ਅਖੌਤੀ ਜਥੇਦਾਰਾਂ ਤੇ ਗਾਂਧੀ ਦੇ ਤਿੰਨ ਬਾਂਦਰਾਂ `ਚ ਕਿਨ੍ਹਾਂ ਕੁ ਫਰਕ ਹੈ? ? ? ?
ਆਉ ਸਾਰੇ ਮਿਲ ਕੇ ਆਉਣ ਵਾਲੀਆਂ ਸ੍ਰੋਮਣੀ ਕਮੇਟੀ ਦੀਆਂ ਵੋਟਾਂ `ਚ ਇਹਨਾਂ ਪੰਥ-ਦੋਖੀਆਂ ਦਾ ਕੁੜਾ ਕਰਕਰ ਹੂੰਝ ਸੁਟੀਏ ਤੇ ਗੁਰਬਾਣੀ ਨੂੰ ਪ੍ਰਣਾਏ ਹੋਏ ਗੁਰਸਿਖ ਵੀਰਾਂ, ਭੈਣਾਂ ਨੂੰ ਅੱਗੇ ਕਰੀਏ ਤਾਂ ਇਹ ਕੌਮ ਦਾ ਸਰਮਾਇਆਂ ਜੋ ਇਹ ਕੌਮ-ਦੋਖੀ ਅਖੌਤੀ ਪ੍ਰਧਾਨਾਂ, ਜਥੇਦਾਰਾਂ ਰੂਪੀ ਘੁਣ ਖਾ ਰਿਹਾ ਹੈ, ਕੌਮ ਦੇ ਭਲੇ ਲਈ ਵਰਤਿਆ ਜਾ ਸਕੇ ਤੇ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਬਾਹੁੜੀ ਕਰੋ ਤੇ ਕੌਮ ਨੂੰ ਇਹਨਾਂ ਬੁੱਕਲ ਦੇ ਸੱਪਾਂ ਤੋਂ ਬਚਾ ਲਵੋਂ।
ਗੁਰਮਤਿ ਪਾਂਧੀ ਗੁਰਸਿਖਾਂ ਦੀ ਚਰਨ ਧੂੜ,
ਜਤਿੰਦਰਪਾਲ ਸਿੰਘ, ਗੁਰਦਾਸਪੁਰ,
9803141381




.