.

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਾਮਵਾਦ ਅਥਵਾ ਕਮਿਉਨਿਜ਼ਮ? -ਸਾਮਵਾਦ ਅਥਵਾ ਕਮਿਉਨਿਜ਼ਮ ਦੇ ਅਰਥ ਹਨ ਮਨੁੱਖੀ ਬਰਾਬਰੀ। ਅਜਿਹਾ ਸਮਾਜ ਜਿਸ `ਚ ਨਾ ਕੋਈ ਵੱਡਾ ਹੈ ਤੇ ਨਾ ਛੌਟਾ। ਨਾ ਕਿਸੇ ਦੀ ਜਾਤ ਉੱਚੀ ਹੈ ਤੇ ਨਾ ਕੋਈ ਨੀਵੀਂ ਜਾਤ ਦਾ। ਨਾ ਕੋਈ ਅਰਬਾਂ ਪਤੀ ਤੇ ਨਾ ਦੂਜਾ ਇਤਨਾ ਗ਼ਰੀਬ ਕਿ ਦੂਜੇ ਵੱਕਤ ਦੀ ਰੋਟੀ ਤੋਂ ਵੀ ਆਜਿਜ਼ ਹੋਵੇ। ਇਸੇ ਤਰ੍ਹਾਂ ਸਾਮਵਾਦ ਅਥਵਾ ਕਮਿਉਨਿਜ਼ਮ ਦੋਨਾਂ ਲਫ਼ਜ਼ਾਂ ਦੇ ਅੱਖਰੀ ਅਰਥ ਵੀ ਇੱਕੋ ਹੀ ਹਨ ਫ਼ਰਕ ਹੈ ਤਾਂ ਭਾਸ਼ਾ ਦਾ। ਸਾਮਵਾਦ, ਭਾਰਤੀ ਲਫ਼ਜ਼ ਹੈ ਜਦਕਿ ਕਮਿਉਨਿਜ਼ਮ ਅੰਗ੍ਰੇਜ਼ੀ ਭਾਸ਼ਾ ਦਾ ਲਫ਼ਜ਼ ਹੈ।

ਬਿਨਾ ਸ਼ੱਕ ਜੇਕਰ ਸਿੱਖ ਧਰਮ ਨੇ ਆਪਣੇ ਆਪ ਨੂੰ ਉਨ੍ਹਾਂ ਹੀ ਲੀਹਾਂ `ਤੇ ਕਾਇਮ ਰਖਿਆ ਹੁੰਦਾ ਜਿਨ੍ਹਾਂ ਲੀਹਾਂ `ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਲਹਿਰ ਦਾ ਅਰੰਭ ਕੀਤਾ ਸੀ। ਉਨ੍ਹਾਂ ਹੀ ਲੀਹਾਂ `ਤੇ ਜਿਨ੍ਹਾਂ ਲੀਹਾਂ `ਤੇ ਦਸਾਂ ਪਾਤਸ਼ਾਹੀਆਂ ਨੇ ਇਸ ਨੂੰ ਸੀਂਚਿਆ ਸੀ। ਉਪ੍ਰੰਤ ਉਨ੍ਹਾਂ ਹੀ ਲੀਹਾਂ `ਤੇ ਜਿਨ੍ਹਾਂ ਲੀਹਾਂ `ਤੇ ਦੀ ਛਤਰ ਛਾਇਆ ਹੇਠ ਇਸ ਦਾ ਪ੍ਰਗਟਾਵਾ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਕਰ ਰਹੇ ਹਨ ਤੇ ਕਰਦੇ ਵੀ ਰਹਿਣਗੇ ਤਾਂ ਯਕੀਨਣ ਅੱਜ ਸੰਸਾਰ ਦਾ ਵੱਡਾ ਹਿੱਸਾ ਇਸ ਸੱਚੇ, ਇਲਾਹੀ ਤੁ ਕੁਦਰਤੀ ਸਾਮਵਾਦ ਅਥਵਾ ਕਮਿਉਨਿਜ਼ਮ ਦਾ ਆਨੰਦ ਮਾਨ ਰਿਹਾ ਹੁੰਦਾ।

ਬਲਕਿ ਇਥੋਂ ਤੱਕ ਕਿ ਅੱਜ ਸੰਸਾਰ ਪੱਧਰ `ਤੇ ਜਿਨ੍ਹਾਂ ਸਾਮਵਾਦੀ ਅਥਵਾ ਕਮਿਉਨਿਸਟ ਨਾਮ ਦੀਆਂ ਰਾਜਨੀਤਕ ਪਾਰਟੀਆਂ ਨੇ ਜਨਮ ਲਿਆ ਹੈ, ਕਿਸੇ ਨੂੰ ਇਨ੍ਹਾਂ ਦੀ ਲੋੜ ਵੀ ਮਹਿਸੂਸ ਨਹੀਂ ਸੀ ਹੋਣੀ। ਸਚਾਈ ਵੀ ਇਹੀ ਹੈ, ਜੇਕਰ ਅੱਜ ਵੀ ਸਿੱਖ, ਜੀਵਨ ਕਰਕੇ ਆਪਣੇ ਧੁਰੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ ਨਾਲ ਜੁੜ ਕੇ, ਚੱਲਣ ਅਤੇ ਉਸੇ ਤਰ੍ਹਾਂ ਆਪਣੇ ਮੂਲ, ਸਿੱਖ ਲਹਿਰ ਦੇ ਰੂਪ `ਚ ਫ਼ਿਰ ਤੋਂ ਸੰਸਾਰ `ਚ ਪ੍ਰਗਟ ਹੋ ਜਾਣ ਤਾਂ ਯਕੀਣ ਨਾਲ ਕਿਹਾ ਜਾ ਸਕਦਾ ਹੈ ਕਿ ਸੰਸਾਰ ਭਰ ਨੂੰ ਉਹ ਸਕੂਨ ਤੇ ਠੰਡਕ ਪ੍ਰਾਪਤ ਹੋ ਜਾਵੇਗੀ, ਜਿਸ ਸਕੂਨ ਦੀ ਮਨੁੱਖ ਮਾਤ੍ਰ ਨੂੰ ਸਦਾ ਲੋੜ ਹੁੰਦੀ ਹੈ। ਉਹ ਮਾਨਸਿਕ ਠੰਡਕ ਤੇ ਸਕੂਨ ਜਿਸ ਨੂੰ ਮਨੁੱਖ, ਅਜੋਕੀਆਂ ਸੰਸਾਰ ਪੱਧਰ ਦੀਆਂ ਸਾਮਵਾਦੀ ਅਥਵਾ ਕਮਿਉਨਿਸਟ ਪਾਰਟੀਆਂ ਨੂੰ ਕਾਇਮ ਕਰਕੇ ਅਤੇ ਕੁੱਝ ਦੇਸ਼ਾਂ `ਤੇ ਰਾਜ ਕਾਇਮ ਕਰਕੇ ਵੀ ਨਹੀਂ ਦੇ ਪਾ ਰਿਹਾ।

ਅਸਲ ਸਾਮਵਾਦ ਅਥਵਾ ਕਮਿਉਨਿਜ਼ਮ ਦਾ ਅਸਲ ਮੋਢੀ ਕੌਣ? -ਇਸ ਤੋਂ ਬਾਅਦ ਦੇਖਿਆ ਜਾਵੇ ਤਾਂ ਕੇਵਲ ਭਾਰਤ ਹੀ ਨਹੀਂ ਬਲਕਿ ਸੰਸਾਰ ਪੱਧਰ ਮਨੁੱਖੀ ਸਮਾਨਤਾ ਦਾ ਜੇ ਕੋਈ ਜਨਮਦਾਤਾ ਤੇ ਅਲੰਮਬਰਦਾਰ ਹੈ ਤਾਂ ਉਹ ਹਨ ਗੁਰੂ ਨਾਨਕ ਪਾਤਸ਼ਾਹ। ਉਪ੍ਰੰਤ ਸਮੂਚੇ ਤੌਰ `ਤੇ ਗੁਰੂਦਰ; ਦਸ ਪਾਤਸ਼ਾਹੀਆਂ ਦਾ ਸੰਪੂਰਨ ਜੀਵਨ ਕਾਲ ਅਤੇ ਉਨ੍ਹਾਂ ਰਾਹੀਂ ਸਦੀਵ ਕਾਲ ਲਈ ਪ੍ਰਗਟਾਵਾ, ਜਾਗਦੀ ਜੋਤ, ਜੁਗੋ ਜੁਗ ਅਟੱਲ “ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ” ਜੀ ਹੀ ਹਨ।

ਇਸ ਤੋਂ ਬਾਅਦ ਸਿੱਖ ਧਰਮ ਦੇ ਬਿਅੰਤ ਸ਼ਹੀਦ ਵੀ ਇਸੇ ਗਿਣਤੀ `ਚ ਆਉਂਦੇ ਹਨ। ਜੇਕਰ ਸਿੱਖ ਇਤਿਹਾਸ ਨੂੰ ਠੀਕ ਤਰੀਕੇ ਨਾਲ ਵਾਚਿਆ ਤੇ ਇਮਾਨਦਾਰੀ ਨਾਲ ਸੰਸਾਰ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਉਨ੍ਹਾਂ ਵਿੱਚੋਂ ਵੀ ੯੯% ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਖ ਕਾਰਨ ਮਨੁੱਖੀ ਸਮਾਨਤਾ ਤੁ ਮਨੁੱਖੀ ਹੱਕ ਭਾਵ ਅੱਜ ਦੀ ਬੋਲੀ `ਚ ਅਸਲ ਸਾਮਵਾਦ ਤੇ ਕਮਿਉਨਿਜ਼ਮ ਹੀ ਹੋਵੇਗਾ। ਫ਼ਰਕ ਹੋਵੇਗਾ ਕਿ ਇਹ ਸਭ ਇੱਕ ਅਕਾਲਪੁਰਖ ਦੀ ਛੱਤਰ ਛਾਇਆ ਹੇਠ ਤੇ ਉਸ ਦੇ ਓਟ ਆਸਰੇ ਹੋਇਆ ਜਦਕਿ ਅਜੋਕਾ ਕਮਿਉਨਿਜ਼ਮ ਇਸ ਇਲਾਹੀ ਸੱਚ ਤੋਂ ਖਾਲੀ ਤੇ ਕੋਰਾ ਹੈ। ਫ਼ਿਰ ਸਿੱਖ ਧਰਮ ਦੇ ਇਨ੍ਹਾਂ ਬੇਅੰਤ ਸ਼ਹੀਦਾਂ `ਚ ਕੇਵਲ ਜੁਆਨ ਹੀ ਨਹੀਂ ਬਲਕਿ ਬੱਚੇ, ਬਿਰਧ ਤੇ ਬੀਬੀਆਂ ਵੀ ਪੂਰੀ ਤਰ੍ਹਾਂ ਸ਼ਾਮਿਲ ਹਨ।

ਪੰਜਵੇਂ ਤੇ ਨੌਵੇਂ ਪਾਤਸ਼ਾਹ ਦੀਆਂ ਮਹਾਨ ਸ਼ਹਾਦਤਾਂ ਤੇ ਸਾਮਵਾਦ- ਇਥੋਂ ਤੱਕ ਕਿ ਸੰਸਾਰ ਪੱਧਰ `ਤੇ ਪੰਚਮ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਮੂਲ ਕਾਰਨ ਵੀ ਮਨੁੱਖੀ ਸਮਾਨਤਾ ਦੇ ਅਲੰਬਰਦਾਰ “ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਸ਼ੁਧਤਾ ਨੂੰ ਸਦੀਵ ਕਾਲ ਲਈ ਕਾਇਮ ਰਖਣਾ ਹੀ ਸੀ ਬਾਕੀ ਤਾਂ ਵੱਕਤੀ ਤੇ ਸਰਕਾਰੀ ਸ਼ੋਸ਼ੇ ਹੀ ਸਨ। ਫ਼ਿਰ ਇਸ ਤੋਂ ਬਾਅਦ ਨੌਵੇਂ ਸਤਿਗੁਰੂ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਵੀ, ਮਨੁੱਖੀ ਅਧੀਕਾਰਾਂ ਦੀ ਰਾਖੀ ਕਰਣਾ ਸੀ। ਉਹ ਵੀ ਉਸ ਸਮੇਂ ਜਦੋਂ ਮਨੁੱਖੀ ਅਧਿਕਾਰਾਂ `ਤੇ ਅਮਲ ਕਰਣਾ ਤਾਂ ਦੂਰ, ਮਨੁੱਖੀ ਅਧਿਕਾਰਾਂ ਦੇ ਨਾਮ ਤੇ ਅਰਥਾਂ ਨੂੰ ਵੀ ਕੋਈ ਨਹੀਂ ਸੀ ਜਾਣਦਾ।

ਨੌਵੇ ਪਾਤਸ਼ਾਹ ਨੇ ਆਪਣੀ ਮਹਾਨ ਸ਼ਹਾਦਤ ਦਿੱਤੀ ਵੀ ਤਾਂ ਉਨ੍ਹਾਂ ਹਿੰਦੂਆਂ ਲਈ ਜੋ ਉਸ ਸਮੇਂ ਰਾਜਸੀ ਜ਼ੁਲਮਾਂ ਕਾਰਨ ਨਿਤਾਂਤ ਮਜ਼ਲੂਮ, ਅਸਹਾਇ ਤੇ ਨਿਤਾਨੇ ਹੋ ਚੁੱਕੇ ਹੋਏ ਸਨ। ਇਹ ਮਹਾਨ ਸ਼ਹਾਦਤ ਉਨ੍ਹਾਂ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਲਈ ਸੀ ਜਿਨ੍ਹਾਂ ਦੀ ਬ੍ਰਾਹਮਣੀ ਅਤੇ ਕਰਮਕਾਂਡੀ ਜੀਵਨ ਰਹਿਣੀ ਦੇ ਵਿਰੁਧ ਖ਼ੁਦ ਗੁਰੂਦਰ ਲਗਾਤਾਰ ਪਹਿਲੇ ਜਾਮੇ ਤੋਂ ਪ੍ਰਚਾਰ ਕਰਦਾ ਆ ਰਿਹਾ ਸੀ।

ਉਪ੍ਰੰਤ ਜਦੋ ਉਨ੍ਹਾਂ ਹਿੰਦੂਆਂ ਨੂੰ ਹੀ ਲੋੜ ਪਈ ਤਾਂ ਮਨੁੱਖੀ ਅਧਿਕਾਰਾਂ (Humen Rights) ਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਸਾਹਿਬ ਸ੍ਰੀ ਗੁਰੂ ਤੇਗ਼ਬਹਾਦੁਰ ਜੀ ਨੇ ਆਪਣੀ ਸ਼ਹਾਦਤ ਤੱਕ ਦੇ ਦਿੱਤੀ। ਦਰਅਸਲ ਇਹ ਸੀ ਸੰਸਾਰ ਤੱਲ `ਤੇ ਸਭ ਤੋਂ ਪਹਿਲੀ ਤੇ ਆਪਣੇ ਆਪ `ਚ ਮਨੁੱਖੀ ਅਧਿਕਾਰਾਂ (Humen Rights) ਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬੇਮਿਸਾਲ ਸ਼ਹਾਦਤ। ਇਹ ਸ਼ਹਾਦਤ ਸੀ ਸਾਹਿਬ ਸ੍ਰੀ ਗੁਰੂ ਤੇਗ਼ਬਹਾਦੁਰ ਜੀ ਦੀ।

ਇਹ ਸ਼ਹਾਦਤ ਬੇਮਿਸਾਲ ਇਸ ਲਈ ਵੀ ਸੀ ਕਿ ਇਥੇ ਖ਼ੁਦ ਮਕਤੂਲ ਚੱਲ ਕੇ ਕਾਤਿਲ ਕੋਲ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਹਾਲਾਤਾਂ `ਚ ਸ਼ਹਾਦਤ ਦਿੱਤੀ ਜਦੋਂ ਇਨ੍ਹਾਂ ਰਾਜਸੀ ਜ਼ੁਲਮਾਂ ਦਾ ਰਤੀ ਭਰ ਵੀ ਸੇਕ ਗੁਰੂ ਦਰਬਾਰ `ਤੇ ਨਹੀਂ ਸੀ। ਕਰਤਾਰ ਪੁਰ ਸਾਹਿਬ ਤੋਂ ਅਰੰਭ ਕਰਕੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਕਰਤਾਰ ਪੁਰ ਸਾਹਿਬ (ਦੂਜਾ), ਉਪ੍ਰੰਤ ਅੰਮ੍ਰਿਤਸਾਰ ਸਾਹਿਬ, ਬਾਉਲੀ ਸਾਹਿਬ ਲਾਹੌਰ, ਤਰਨਤਾਰਨ ਸਾਹਿਬ, ਕੀਰਤਪੁਰ ਸਾਹਿਬ ਕਹਿਣ ਤੋਂ ਭਾਵ ਗੁਰਮੱਤ ਤੇ ਗੁਰਬਾਣੀ ਪ੍ਰਚਾਰ ਦੇ ਨਿਤ ਨਵੇਂ ਕੇਂਦਰ ਖੁਲਦੇ ਆ ਰਹੇ ਸਨ ਤੇ ਉਨ੍ਹਾਂ `ਤੇ ਕੋਈ ਰੋਕ ਵੀ ਨਹੀਂ ਸੀ। ਹੋਰ ਤਾਂ ਹੋਰ ਬਾਬਾ ਬਕਾਲਾ, ਅਨੰਦਪੁਰ ਸਾਹਿਬ ਤਾਂ ਅਜੇ ਉਨ੍ਹਾਂ ਦਿਨਾਂ `ਚ ਨਵੇਂ ਨਵੇਂ ਹੀ ਸਿੱਖ ਧਰਮ ਦੇ ਪ੍ਰਚਾਰ ਕੇਂਦਰ ਵੱਸੇ ਸਨ।

ਇਸ ਤੋਂ ਵਧ, ਉਸ ਸਮੇਂ ਭਾਰਤ ਭਰ `ਚ ਜੇ ਕਰ ਕੋਈ ਸਭ ਤੋਂ ਵਧ ਸੁਰਖਿਅਤ ਇਲਾਕਾ ਸੀ ਤਾਂ ਉਹ ਅਨੰਦਪੁਰ ਸਾਹਿਬ ਹੀ ਸੀ। ਇਹੀ ਕਾਰਨ ਸੀ ਜਦੋਂ ਗੁਰਦੇਵ ਪੂਰਬ ਦੇਸ਼ ਦੇ ਆਪਣੇ ਪ੍ਰਚਾਰ ਦੌਰੇ `ਤੇ ਸਨ ਤਾਂ ਇਸ ਦੋਰਾਨ ਇਸ ਨਵੀਂ ਵਸਾਈ ਨਗਰੀ ਦੀ ਆਬਾਦੀ `ਚ ਭਰਵਾਂ ਵਾਧਾ ਹੋਇਆ ਸੀ। ਬਲਕਿ ਖ਼ੁਦ ਗੁਰੂ ਤੇਗ਼ ਬਹਾਦਰ ਪਾਤਸ਼ਾਹ ਆਪ ਲੰਮੇਂ ਪ੍ਰਚਾਰ ਦੌਰਿਆਂ ਤੋਂ ਬਾਅਦ, ਆਪਣੀ ਖ਼ੁਦ ਦੀ ਵਸਾਈ ਇਸ ਨਗਰੀ, ਅਨੰਦਪੁਰ ਸਾਹਿਬ `ਚ ਆ ਕੇ ਟਿਕੇ ਸਨ।

ਗੁਰਦੇਵ ਨੇ ਪੂਰਬ ਦੇਸ਼ ਦੇ ਇਹ ਪ੍ਰਚਾਰ ਦੌਰੇ ਵੀ ਉਸ ਸਮੇਂ ਦੇ ਮਜ਼ਲੂਮ, ਨਿਤਾਨੇ ਤੇ ਅਸਹਾਇ ਹੋ ਚੁੱਕੇ ਹਿੰਦੂਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਹੀ ਲਗਾਏ ਸਨ। ਫ਼ਿਰ ਉਨ੍ਹੀ ਦਿਨੀਂ ਹੀ ਪੰਡਤ ਕਿਰਪਾ ਰਾਮ ਦੀ ਅਗਵਾਈ `ਚ ੫੦੦ ਕਸ਼ਮੀਰੀ ਪੰਡਿਤਾਂ ਦਾ ਜੱਥਾ ਫ਼ਰਿਆਦੀ ਹੋ ਕੇ, ਅਨੰਦਪੁਰ ਸਾਹਿਬ, ਗੁਰਦੇਵ ਦੀ ਸ਼ਰਣ `ਚ ਮਦਦ ਲਈ ਪੁੱਜਾ। ਪਾਤਸ਼ਾਹ ਚਾਹੁੰਦੇ ਤਾਂ ਸ਼ਾਹੀ ਠਾਠ ਨਾਲ ਅਨੰਦਪੁਰ ਸਾਹਿਬ `ਚ ਟਿਕੇ ਰਹਿ ਸਕਦੇ ਸਨ ਇਸ ਤਰ੍ਹਾਂ ਉਨ੍ਹਾਂ ਲਈ ਇਹ ਕੋਈ ਮਜਬੂਰੀ ਵੀ ਨਹੀਂ ਸੀ। ਫ਼ਿਰ ਵੀ ਮਨੁਖ਼ਤਾ ਦੇ ਸੱਚੇ ਦਰਦੀ ਤੇ ਹਮਦਰਦ ਗੁਰੂ ਦਰ ਵਾਸਤੇ ਅਜਿਹਾ ਕਰਣਾ ਸੰਭਵ ਨਹੀਂ ਸੀ। ਦਰ ਅਸਲ ਸੰਸਾਰ ਪੱਧਰ ਤੇ ਇਹ ਸਭ ਤੋਂ ਪਹਿਲੀ ਸ਼ਹਾਦਤ ਸੀ ਮਨੁੱਖੀ ਅਧਿਕਾਰਾਂ (Humen Rights) ਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ। ਕਾਸ਼, ਸਿੱਖ ਕੌਮ ਇਸ ਵੇਰਵੇ ਤੇ ਸੱਚ ਨੂੰ ਇਸ ਦੇ ਠੀਕ ਪਰੀਪੇਖ `ਚ ਸੰਸਾਰ ਸਾਹਮਣੇ ਰਖ ਸਕਦੀ।

ਕੁਝ ਬਰਟਰਡ ਰਸਲ ਬਾਰੇ-ਇਸ ਸਚਾਈ ਦਾ ਵੱਡਾ ਸਬੂਤ ਹੈ ਸ੍ਰੀ ਬਰਟਰਡ ਰਸਲ (Mr, Bertrand Russel) ਜੋ ਪਹਿਲਾਂ ਆਪ ਇਸਾਈ ਮੱਤ ਨਾਲ ਸਬੰਧਤ ਸੀ ਤੇ ਫ਼ਿਰ ਵੱਡਾ ਕਮਿਉਨਿਸਟ। ਕਿਸੇ ਕਾਰਨ ਜਦੋਂ ਉਸ ਨੇ ਆਪ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅਧਿਯਨ ਕੀਤਾ ਤਾਂ ਉਸ ਦੇ ਹੀ ਲਫ਼ਜ਼ਾਂ `ਚ:

“ਅਸਾਂ ਇਸਾਈ ਮੱਤ, ਜੂਡਿਜ਼ਮ, ਇਸਲਾਮ, ਹਿੰਦੂ ਮੱਤ, ਬਹਾਈ ਇਥੋਂ ਤੱਕ ਕਿ ਬੁਧ ਮੱਤ ਆਦਿ ਧਰਮਾਂ ਨੂੰ ਬਾਰੇ ਸਮਝਣ ਦਾ ਯਤਣ ਕੀਤਾ ਤਾ ਇਸੇ ਤਰ੍ਹਾਂ ਸਾਡੀ ਪਹੁੰਚ ਸਿੱਖ ਧਰਮ ਤੱਕ ਵੀ ਹੋ ਗਈ”

ਬਾਕੀ ਗੱਲਾਂ ਤੋਂ ਇਲਾਵਾ ਤੁਸੀਂ ਜਦੋਂ ਇਸ ਧਰਮ ਅੰਦਰ ਮਨੁੱਖ ਮਾਤ੍ਰ ਲਈ ਸੇਵਾ ਭਾਵਨਾ ਨੂੰ ਦੇਖੌਗੇ ਤਾਂ ਤੁਹਾਨੂੰ “ਮਨੁੱਖ ਮਾਤ੍ਰ ਲਈ ਸੇਵਾ ਦਾ” ਠੀਕ ਅਰਥਾਂ `ਚ ਪਤਾ ਲਗ ਜਾਵੇਗਾ ਕਿ ਇਸ ਧਰਮ `ਚ ਲੋਕਾਈ ਲਈ ਕਿਤਨਾ ਪਿਆਰ ਦਾ ਜਜ਼ਬਾ ਹੈ? ਬਲਕਿ ਤੁਹਾਨੂੰ ਉਸ ਅਕਾਲਪੁਰਖ (God) ਦੀ ਹੋਂਦ ਬਾਰੇ ਵੀ ਵਿਸ਼ਵਾਸ ਪੱਕਾ ਹੋ ਜਾਵੇਗਾ, ਜਦੋਂ ਤੁਸੀਂ ਇਨ੍ਹਾਂ ਲੋਕਾਂ ਨੂੰ ਜ਼ਰੂਰਤ ਮੰਦਾ ਦੀ ਜ਼ਰੂਰਤ ਪੂਰੀ ਕਰਦੇ ਤੱਕੋ ਗੇ।

ਇਹ ਵਿਸ਼ਾ ਇਤਨਾ ਸੁਆਦਲਾ ਕਿਉਂ ਹੈ? ਕਿਉਂਕਿ ਅਸਾਂ ਜਦੋਂ ਸਿੱਖ ਧਰਮ ਨੂੰ ਇਸ ਸਚਾਈ ਨਾਲ ਜੁੜੇ ਦੇਖਿਆ ਤਾਂ ਇਸੇ ਤੌਂ ਸਾਨੂੰ ਸ਼ੋਕ ਪੈਦਾ ਹੋਇਆ ਕਿ ਅਸੀਂ ਵੀ ਇਨ੍ਹਾਂ ਦੀ ਮੂਲ ਵਿਚਾਰਧਾਰਾ {ਆਦਿ ਗ੍ਰੰਥ (ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)} ਦਾ ਅਧਿਅਣ ਕਰੀਏ। ਇਸ ਤਰ੍ਹਾਂ ਹੋਇਆ ਇਹ ਕਿ ਜੋ ਬੇਕਾਰ ਤੇ ਬੇਸਿਰਪੈਰ ਦੀਆਂ ਗੱਲਾਂ (usual absurdities) ਸਾਨੂੰ ਦੂਜੇ ਧਰਮਾਂ ਦੀਆਂ ਕਿਤਾਬਾਂ `ਚ ਮਿਲੀਆਂ ਉਹ ਇਸ ਗ੍ਰੰਥ `ਚ ਨਹੀਂ ਸਨ। ਦਰਅਸਲ ਇਹ ਗ੍ਰੰਥ (ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਇਨਸਾਨ ਦੇ ਦਿਮਾਗ਼ ਨੂੰ ਟਿਕਾਅ `ਚ ਲੈ ਆਉਂਦੇ ਹਨ, ਮਾਨਸਿਕ ਤਸੱਲੀ ਦਿੰਦੇ ਹਨ ਤੇ ਬਹੁਤ ਹੀ ਵਧੀਆ ਦੇਣ ਹਨ।

ਬਰਟਰਡ ਰਸਲ ਦੇ ਲਫ਼ਜ਼ਾਂ `ਚ ਹੀ “ਕੀ ਤੁਸੀਂ ਜਾਣਦੇ ਹੋ ਕਿ ਉਹ ਲੋਕ (ਭਾਵ ਸਿੱਖ) ਪ੍ਰਜਾ ਤੰਤਰ, ਬੋਲ ਚਾਲ ਤੇ ਵਿਚਾਰਾਂ ਦੀ ਆਜ਼ਾਦੀ, ਨਿਜੀ ਪਸੰਦ ਤੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਣ ਦੀ ਆਜ਼ਾਦੀ, ਧਾਰਮਿਕ ਆਜ਼ਾਦੀ, ਮਨੁੱਖੀ ਅਧੀਕਾਰਾਂ ਦੀ ਆਜ਼ਾਦੀ, ਭਿੰਨ ਭਿੰਨ ਧਰਮਾਂ ਵਾਲਿਆਂ ਨੂੰ ਆਪਣੇ ਆਪਣੇ ਧਰਮ ਵਿਸ਼ਵਾਸਾਂ ਮੁਤਾਬਕ ਜੀਊਣ ਦੀ ਆਜ਼ਾਦੀ, ਇਸਤ੍ਰੀ ਤੇ ਪੁਰਖ ਵਿਚਕਾਰ ਸਮਾਨਤਾ, ਮਨੁੱਖ-ਮਨੁੱਖ ਵਿਚਕਾਰ ਬਿਨਾ ਵਿਤਕਰਾ ਧਰਮ, ਜਾਤ, ਗੋਤ, ਪਦਵੀ ਆਦਿ ਮਨੁੱਖੀ ਸਮਾਨਤਾ `ਚ ਵਿਸ਼ਵਾਸ ਰਖਦੇ ਹਨ।

ਯੂ. ਐਸ. ਏ ਦੀ ਹੋਂਦ ਵਿੱਚ ਆਉਣ ਤੋਂ ਤਿੰਨ ਸੌ ਸਾਲ ਪਹਿਲਾਂ ਇਹ (ਸਿੱਖ ਧਰਮ) ਇਕੋ ਇੱਕ ਧਰਮ ਸੀ ਜਿਸ ਦਾ ਧਾਰਮਿਕ ਗ੍ਰੰਥ ਇਹ ਕਹਿ ਰਿਹਾ ਸੀ ਕਿ ਇਸਤ੍ਰੀਆਂ ਵੀ ਪੁਰਖ ਦੇ ਬਰਾਬਰ ਦੀਆਂ ਹੱਕਦਾਰ ਹਨ। ਇਥੋ ਤੱਕ ਕਿ ਯੁਧ ਖੇਤ੍ਰ `ਚ ਇਸਤ੍ਰੀਆਂ ਵੀ ਉਨ੍ਹਾਂ ਦੀਆਂ ਬਰਾਬਰ ਦੀਆਂ ਹਿਸੇਦਾਰ ਹੁੰਦੀਆਂ ਹਨ ਤੇ ਮੋਹਰੇ ਹੋ ਕੇ ਜੰਗਾਂ ਲੜਦੀਆਂ ਹਨ।

ਉਨ੍ਹਾਂ (ਸਿੱਖਾਂ) ਦਾ ਇਤਿਹਾਸ ਵੀ ਗੌਰਵਮਈ ਹੈ ਤੇ ਉਨ੍ਹਾਂ ਨੇ ਦੋਨਾਂ ਵਿਸ਼ਵ ਧੁਧਾਂ `ਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਇਥੋਂ ਤੱਕ ਕਿ ਹਿਟਲਰ ਨੇ ਵੀ ਉਨ੍ਹਾਂ ਦੀ ਬਹਾਦੁਰੀ ਤੇ ਸੰਸਕ੍ਰਿਤੀ ਦੀ ਤਾਰੀਫ਼ ਕੀਤੀ ਹੈ”।

ਮਿਸਟਰ ਬਰਟਰਡ ਰਸਲ ਦੇ ਇਨ੍ਹਾਂ ਵਿਚਾਰਾਂ ਨੂੰ ਲੋਕਾਈ ਤੱਕ ਪਹੁਚਾਉਣ ਵਾਲਾ ਸੱਜਨ ਕਹਿੰਦਾ ਹੈ ਕਿ ਇਸ ਗੱਲ `ਤੇ ਪੂਰਾ ਧਿਆਣ ਦੇਣ ਦੀ ਲੋੜ ਹੈ ਕਿ ਬਰਟਰਡ ਰਸਲ ਇੱਕ ਬਹੁਤ ਵੱਡਾ ਵਿਚਾਰਵਾਨ ਤੇ ਖੁੱਲੇ ਵਿਚਾਰਾਂ ਵਾਲਾ ਇਨਸਾਨ ਸੀ।

ਇਸ ਤੋਂ ਅੱਗੇ ਉਹ ਲਿਖਦਾ ਹੈ ਕਿ ਅਸੀਂ ਤਾਂ ਕਈ ਹਫ਼ਤਿਆਂ ਤੋਂ ਕੋਸ਼ਿਸ਼ ਕਰ ਰਹੇ ਸਾਂ ਕਿ ਸਿੱਖ ਵਿਚਾਰਧਾਰਾ `ਚੋਂ ਵੀ ਕੁੱਝ ਊਣਤਾਈਆਂ ਲਭੀਆਂ ਜਾਣ। ਇਸ ਤਰ੍ਹਾਂ ਕਿਸੇ ਤਰੀਕੇ ਇਸ (ਸਿੱਖ) ਧਰਮ ਵਿੱਚੋਂ ਵੀ ਅਜਿਹੀਆਂ ਬੇਸਿਰਪੈਰ ਬਾਤਾਂ ਤੇ ਗਪ-ਸ਼ਪ ਨਾਲ ਭਰਪੂਰ ਕਹਾਣੀਆਂ ਢੂੰਡੀਆਂ ਜਾਣ ਤਾ ਕਿ ਇਸ ਧਰਮ `ਤੇ ਵੀ ਨੁਕਤਾਚੀਨੀ ਕੀਤੀ ਜਾ ਸਕੇ ਅਤੇ ਇਸ `ਚੋਂ ਵੀ ਨੁਕਸ ਕਢੇ ਜਾ ਸਕਣ ਪਰ ਅਸੀਂ ਇਸ ਕਾਰਜ `ਚ ਸਫ਼ਲ ਨਹੀਂ ਹੋ ਸਕੇ।

ਬਲਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੱਡੀ ਗਿਣਤੀ `ਚ ਯੂ. ਐਸ. ਏ, ਯੋਰਪੀਅਣ ਦੇਸ਼ਾ ਤੇ ਰੂਸ ਆਦਿ `ਚੋਂ ਵੀ ਖਾਸ ਕਰ ਬਹੁਤ ਪੜ੍ਹੇ ਲਿਖੇ, ਸਿਆਣੇ ਤੇ ਸੋਝੀਵਾਨ ਗੋਰੇ ਲੋਕ ਵੀ ਇਸ (ਸਿੱਖ) ਧਰਮ ਨੂੰ ਤੇਜ਼ੀ ਨਾਲ ਅਪਨਾਅ ਰਹੇ ਹਨ।

ਮਿਸਟਰ ਬਰਟਰਡ ਰਸਲ ਦੇ ਇਨ੍ਹਾਂ ਵਿਚਾਰਾਂ ਨੂੰ ਲੋਕਾਈ ਤੱਕ ਪਹੁਚਾਉਣ ਵਾਲਾ ਸੱਜਨ ਹੋਰ ਅੱਗੇ ਕਹਿੰਦਾ ਹੈ ਕਿ ਬਰਟਰਡ ਰਸਲ ਜੋ ਕਿ ਇੱਕ ਬਹੁਤ ਵੱਡਾ ਵਿਚਾਰਵਾਨ ਸੀ, ਉਸ ਨੇ ਇਸਾਈਅਤ ਹੀ ਨਹੀਂ ਬਲਕਿ ਇਹੀ ਚਪਤ ਇਸਲਾਮ ਤੇ ਜੂਰਡਿਜ਼ਮ ਨੂੰ ਵੀ ਲਗਾਈ ਹੈ ਤੇ ਕਿਹਾ ਹੈ ਕਿ ਇਨ੍ਹਾਂ ਅੰਦਰ ਵੀ ਬੇਸਿਰਪੈਰ ਦੀਆਂ ਕਹਾਣੀਆਂ ਹਨ।

ਫ਼ਿਰ ਵੀ ਇਸ ਸਤਿਕਾਰ ਜੋਗ ਇਨਸਾਨ ਮਿਸਟਰ ਬਰਟਰਡ ਰਸਲ ਨੇ ਅਜੋਕੇ ਸਿੱਖ ਧਰਮ `ਤੇ ਵੀ ਉਦੋਂ ਭਰਵੀਂ ਚੋਟ ਕੀਤੀ ਜਦੋਂ ਉਸ ਨੇ ਕਿਹਾ ਕਿ “ਤੀਜੇ ਵਿਸ਼ਵ ਯੁਧ `ਚ ਐਟਮ ਬੰਮਾਂ ਤੇ ਹਾਇਡਰੋਜਨ ਬੰਮਾਂ ਦੀ ਮਾਰ ਤੋਂ ਬਾਅਦ ਵੀ ਜੇ ਕੁੱਝ ਲੋਕ ਬੱਚ ਗਏ ਤਾਂ ਉਨ੍ਹਾਂ ਨੂੰ ਵੀ ਜੀਵਨ ਦੇ ਸਿਧੇ ਰਸਤੇ `ਤੇ ਪਾਉਣ ਲਈ ਕੇਵਲ ਇਕੋ ਇੱਕ ਵਿਚਾਰਧਾਰਾ ਹੀ ਬਚੇਗੀ ਤੇ ਉਹ ਵਿਚਾਰਧਾਰਾ ਹੋਵੇਗੀ ਸਿੱਖ ਧਰਮ ਦੀ।

ਉਸ ਸੱਜਨ ਅਨੁਸਾਰ ਇਸ `ਤੇ ਮਿਸਟਰ ਰਸਲ ਨੂੰ ਜਦੋਂ ਇਹ ਪੁਛਿਆ ਗਿਆ ਕਿ ਅਜਿਹੀ ਅਵਸਥਾ `ਚ ਤੀਜੀ ਵਿਸ਼ਵ ਜੰਗ ਦੀ ਗੱਲ ਉਹ ਕਿਉਂ ਕਰਦਾ ਹੈ? ਜੇ ਕਰ ਸਚਮੁਚ ਇਹੀ ਗੱਲ ਹੈ ਤਾਂ ਸਿੱਖ ਧਰਮ ਅਥਵਾ ਸਿੱਖ ਵਿਚਾਰਧਾਰਾ ਤੀਜੀ ਜੰਗ ਤੋਂ ਪਹਿਲਾਂ ਤੇ ਇਸ ਵੱਕਤ ਹੀ ਇਸ ਬਰਬਾਦੀ ਨੂੰ ਬਚਾਉਣ ਦੇ ਸਮ੍ਰਥ ਕਿਉਂ ਨਹੀਂ?

ਤਾਂ ਇਸ ਦੇ ਉੱਤਰ `ਚ ਮਿਸਟਰ ਰਸਲ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਇਸ ਵਿਚਾਰਧਾਰਾ `ਚ ਇਹ ਸਮ੍ਰਥਾ ਹੈ ਪਰ ਸਿੱਖ ਲੋਕਾਂ ਨੇ ਗੁਰਬਾਣੀ ਦੀ ਇਸ ਅਮੁਲੀ ਰੌਸ਼ਨੀ ਤੇ ਗੁਰਬਾਣੀ ਦੇ ਆਦੇਸ਼ਾ ਨੂੰ ਸੰਸਾਰ ਤੱਕ ਨਹੀਂ ਪਹੁੰਚਾਇਆ। ਉਸ ਧਰਮ ਨੂੰ ਨਹੀਂ ਪ੍ਰਚਾਇਆ ਜਿਹੜਾ ਕਿ ਬਣਿਆ ਹੀ ਸਾਰੀ ਮਾਨਵਤਾ ਦੇ ਲਾਭ ਲਈ ਹੈ।

ਇਸ ਲਈ ਇਹ ਸਾਰਾ ਦੋਸ਼ ਕੇਵਲ ਸਿੱਖਾਂ ਦਾ ਹੀ ਹੈ ਜਿਸ ਤੋਂ ਇਨ੍ਹਾਂ ਨੂੰ ਬਖ਼ਸ਼ਿਆ ਵੀ ਨਹੀਂ ਜਾ ਸਕਦਾ।

ਉਸ ਅਨੁਸਾਰ ਜਿਸ ਗੱਲ ਦਾ ਮਿਸਟਰ ਬਰਟਰਡ ਰਸਲ `ਤੇ ਬਹੁਤਾ ਪ੍ਰਭਾਵ ਪਿਆ ਉਹ ਇਹ ਸੀ ਕਿ ਸਿੱਖ ਦੂਜਿਆਂ ਨੂੰ ਤੱਬਾਹ ਤੇ ਬਰਬਾਦ ਕਰਣ ਦੀ ਅਤੇ ਬਨਾਲ ਹੀ ਕਿਸੇ ਤੋਂ ਬਦਲੇ ਦੀ ਭਾਵਨਾ `ਚ ਬਿਲਕੁਲ ਵਿਸ਼ਵਾਸ ਨਹੀਂ ਰਖਦੇ। ਇਸ ਤੋਂ ਇਲਾਵਾ ਇਹ ਦੂਜਿਆਂ ਨੂੰ ਨੀਵਾਂ ਦਿਖਾਉਣ ਜਾਂ ਦੂਜਿਆਂ ਨੂੰ ਬਦੋ ਬਦੀ ਆਪਣੇ ਧਰਮ ਅੰਦਰ ਜਜ਼ਬ ਕਰਣ ਦੀ ਭਾਵਨਾ ਵੀ ਨਹੀਂ ਰਖਦੇ।

ਆਖ਼ਿਰ ਉਸ ਦਾ ਵਿਚਾਰ ਸੀ ਕਿ ਦਰਅਸਲ ਸਿੱਖਾਂ ਨੂੰ ਆਪਣੇ ਸਭ ਤੋਂ ਵਧੀਆ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਚਾਰਣ ਲਈ ਖ਼ੁਦ ਅੱਗੇ ਆਉਣਾ ਚਾਹੀਦਾ ਹੈ। (ਨੋਟ:-ਇਸ ਸਾਰੀ ਲਿਖ਼ਤ ਆਪਣੇ ਮੂਲ ਰੂਪ ਭਾਵ ਅੰਗ੍ਰੇਜ਼ੀ ਭਾਸ਼ਾ ਚ ਇਸ ਗੁਰਮੱਤ ਪਾਠ ਨੰ: ੧੯੭ ਦੀ ਸਮਾਪਤੀ `ਤੇ ਪ੍ਰਾਪਤ ਹੈ ਜੀ) ੦੦੦੦੦੦੦

ਇਤਨਾ ਹੀ ਨਹੀਂ ਬਲਕਿ ਇਹ ਵੀ ਪਤਾ ਲਗਾ ਹੈ ਕਿ ਇੱਕ ਵੱਡਾ ਦਰਸ਼ਨਵੇਤਾ ਤੇ ਖੁੱਲੀ ਸੋਚ ਵਾਲਾ ਇਨਸਾਨ (philosopher and free thinker) ਹੋਣ ਦੇ ਨਾਤੇ ਆਪਣੀ ਵਿਚਾਰਧਾਰਾ ਬਦਲਣ ਤੋਂ ਬਾਅਦ ਸ੍ਰੀ ਬਰਟਰਡ ਰਸਲ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੇ ਸਿੱਖ ਧਰਮ ਪ੍ਰਤੀ ਆਪਣੀਆਂ ਹੋਰ ਵੀ ਲਿਖਤਾਂ ਦਿੱਤੀਆਂ ਹਨ, ਕੌਮ ਨੂੰ ਉਨ੍ਹਾਂ ਦਾ ਲਾਭ ਲੈਣ ਦੀ ਲੋੜ ਹੈ।

ਅਜੋਕਾ ਸਾਮਵਾਦ ਅਥਵਾ ਕਮਿਉਨਿਜ਼ਮ ਕੀ ਹੈ? - ਅਜੋਕੀ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ ਸੰਸਾਰ ਪੱਧਰ ਦੀ ਰਾਜਨੀਤਕ ਪਾਰਟੀ ਹੈ। ਠੀਕ ਜਾਂ ਗ਼ਲਤ, ਪਰ ਅਕੱਟ ਸਚਾਈ ਹੈ ਕਿ ਅੱਜ ਇਹ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ ਸੰਸਾਰ `ਚ ਆਪਣਾ ਵਿਸ਼ੇਸ਼ ਸਥਾਨ ਰਖਦੀ ਹੈ। ਹੋਰ ਤਾਂ ਹੋਰ ਚੀਨ ਤੇ ਰੂਸ ਵਰਗੇ ਦੇਸ਼ਾਂ `ਚ ਤਾਂ ਅੱਜ ਰਾਜਸੱਤਾ ਹੀ ਇਸੇ ਪਾਰਟੀ ਕੋਲ ਹੈ। ਭਾਰਤ `ਚ ਵੀ ਇਸ ਪਾਰਟੀ ਦਾ ਰਾਜਨੀਤੀ `ਚ ਵਿਸ਼ੇਸ਼ ਸਥਾਨ ਹੈ।

ਮੂਲ ਰੂਪ `ਚ ਅਜੋਕੀ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ ਦੀ ਸੋਚ ਦਾ ਆਧਾਰ, ਸਿੱਖ ਵਿਚਾਰਧਾਰਾ ਦੇ ਬਿਲਕੁਲ ਉਲਟ ਭਾਵ ਨਾਸਤਿਕਤਾ ਹੀ ਹੈ। ਇਹ ਲੋਕ ਪ੍ਰਮਾਤਮਾ-ਅਕਾਲਪੁਰਖ ਦੀ ਹੋਂਦ ਤੋਂ ਹੀ ਇਨਕਾਰੀ ਹਨ। ਇਸ ਪਾਰਟੀ ਦੇ ਅਜੋਕੇ ਸਮੇਂ `ਚ ਦੋ ਸੰਚਾਲਕ ਹੋ ਗੁਜ਼ਰੇ ਹਨ, ਲੈਨਿਨ ਤੇ ਕਾਰਲ ਮਾਰਕਸ। ਇਸ ਲਈ ਅਜੋਕੇ ਸਮੇਂ ਇਸ ਪਾਰਟੀ ਦੇ ਵੀ ਦੋ ਮੁੱਖ ਧੜੇ ਹਨ ਲੈਨਿਨਵਾਦ ਤੇ ਮਾਰਕਸਿਸਟਸ। ਬੇਸ਼ੱਕ ਇਨ੍ਹਾਂ ਦੋਨਾਂ ਦੀ ਆਪਸੀ ਵਿਚਾਰਧਾਰਾ `ਚ ਭਰਵਾਂ ਵਿਰੋਧ ਹੈ, ਇਸ ਦੇ ਬਾਵਜੂਦ ਦੋਨਾਂ ਦਾ ਮੂਲ ਨਾਸਤਿਕਤਾ ਹੀ ਹੈ।

ਅਜੋਕਾ ਸਾਮਵਾਦ ਅਤੇ ਨਾਸਤਿਕਤਾ- ਜਦੋਂ ਅਜੋਕੇ ਸਾਮਵਾਦੀਆਂ ਦਾ ਅਕਾਲਪੁਰਖ ਦੀ ਹੋਂਦ `ਚ ਹੀ ਵਿਸ਼ਵਾਸ ਨਹੀਂ ਤਾਂ ਉਨ੍ਹਾਂ ਦੀ ਸੋਚ `ਚ ਰੱਬ ਜੀ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ? ਇਸ ਦੇ ਵਿਸ਼ੇਸ਼ ਕਾਰਨ ਵੀ ਸਨ ਤੇ ਉਨ੍ਹਾਂ ਕਾਰਨਾਂ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਸਚਾਈ ਇਹ ਹੈ ਕਿ ਅਜੋਕੇ ਕਮਿਉਨਿਜ਼ਮ (ਸਾਮਵਾਦ) ਦਾ ਜਨਮ ਹੀ ਦੋ ਮੁਖ ਕਾਰਨਾਂ ਤੋਂ ਹੋਇਆ ਸੀ। ਪਹਿਲਾ, ਭਿੰਨ ਭਿੰਨ ਧਰਮਾਂ ਦੀਆਂ ਭਿੰਨ ਭਿੰਨ ਪੂਜਾਰੀ ਸ਼੍ਰੇਣੀਆਂ ਰਾਹੀਂ ਕੀਤੀ ਜਾ ਰਹੀ ਧਾਰਮਿਕ ਤੱਲ `ਤੇ ਲੁੱਟ-ਖੋਹ, ਫੈਲਾਏ ਜਾਂਦੇ ਅੰਧਵਿਸ਼ਵਾਸਾਂ ਤੇ ਨਾਲ ਹੀ ਦੂਜੇ ਪਾਸੇ ਜਾਗੀਰਦਾਰੀ ਨਿਜ਼ਾਮ, ਵੱਡੇ ਵੱਡੇ ਮਿਲ ਮਾਲਿਕ ਤੇ ਧਨਾਡ ਆਦਿ।

ਇਸ ਤਰ੍ਹਾਂ ਇਨ੍ਹਾਂ ਦੋਨਾਂ ਪਾਸਿਆਂ ਤੋਂ ਗ਼ਰੀਬਾਂ, ਮਜ਼ਦੂਰਾਂ `ਤੇ ਕੀਤੇ ਜਾ ਰਹੇ ਬੇਇੰਤਹਾ ਜ਼ੁਲਮਾਂ ਤੇ ਇਨ੍ਹਾਂ ਦੇ ਸ਼ੋਸ਼ਣ ਦਾ ਹੀ ਨਤੀਜਾ ਸੀ ਇਹ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ। ਬੇਦੋਸ਼ਾਂ ਦੱਬੇ-ਕੁਚਲੇ ਤੇ ਬੇਬੱਸੀ ਦੀ ਹਾਲਤ `ਚ ਪਹੁੰਚਾ ਕੇ, ਨੀਚਤਾ ਦੀ ਹੱਦ ਤੱਕ ਦੋਨਾਂ ਪਾਸਿਆਂ ਤੋਂ ਉਨ੍ਹਾਂ ਰਾਹੀਂ ਆਪਣੇ ਆਪਣੇ ਸੁਆਰਥਾਂ ਲਈ ਤੇ ਆਪਣੇ ਆਪਣੇ ਢੰਗ ਨਾਲ ਵਰਤੇ ਜਾ ਰਹੇ ਇਹ ਬੇਬਸ ਤੇ ਦਲਿਤ ਲੋਕ। ਇਸ ਤਰ੍ਹਾਂ ਇਨ੍ਹਾਂ ਦੇ ਚੂਸੇ ਜਾ ਰਹੇ ਖੂਨ `ਚੋਂ ਬਗ਼ਾਵਤ ਦੀ ਹੀ ਉਪਜ ਸੀ, ਅਜੋਕਾ ਸਾਮਵਾਦ ਅਥਵਾ ਕਮਿਉਨਿਸਟ ਪਾਰਟੀ।

ਇਸ ਤਰ੍ਹਾਂ ਚੂੰਕਿ ਮੂਲ ਰੂਪ `ਚ ਜ਼ੁਲਮਾਂ ਦੀ ਬਰਬਰਤਾ ਦੇ ਵਿਰੋਧ ਦੀ ਉਪਜ ਸੀ ਅਜੋਕੀ ਕਮਿਉਨਿਸਟ ਪਾਰਟੀ। ਇਸੇ ਲਈ ਇਸ ਲਹਿਰ ਦਾ ਅਰੰਭ ਹੀ ਅਮੀਰਾਂ ਦੀ ਲੁੱਟ-ਖੋਹ, ਕਤਲੋਗ਼ਾਰਤ ਤੇ ਉਨ੍ਹਾਂ ਦੀ ਤੱਬਾਹੀ ਅਤੇ ਨਾਲ ਭਿੰਨ ਭਿੰਨ ਧਰਮਾਂ `ਚ ਪੁਜਾਰੀਆਂ ਵੱਲੌਂ ਹੋ ਰਹੇ ਜ਼ੁਲਮਾਂ ਕਾਰਨ ਧਰਮ ਤੇ ਰੱਬ ਦੀ ਵਿਰੋਧਤਾ `ਚੋਂ ਹੀ ਹੋਇਆ ਸੀ।

ਅਸਲ `ਚ ਇਹ ਸਾਰਾ ਉਹੀ ਢੰਗ ਸੀ, ਜਿਸ ਬਣੇ ਬਣਾਏ ਢੰਗ ਨੂੰ, ਰੂਸ ਦੇ ਹੱਥਠੋਕੇ ਬਣ ਕੇ ਭਾਰਤ `ਚ ਜਨੂੰਨੀ ਤੇ ਸਿੱਖ ਵਿਰੋਧੀ ਤੱਤਵ ਨੇ, ਸੰਨ ੧੯੮੪ `ਚ ਸਾਂਝੀ ਵਾਲਤਾ ਦੇ ਪੁਜਾਰੀ ਤੇ ਦਲਿਤਾਂ-ਕੁਚਲਿਆਂ-ਪਛੜਿਆਂ ਦੇ ਅਸਲੀ ਹਮਦਰਦ ਹਜ਼ਾਰਾਂ ਨਿਰਦੋਸ਼ ਸਿੱਖਾਂ `ਤੇ ਕਤਲੇਆਮ ਕੀਤਾ। ਸਿੱਖਾਂ ਦੀ ਅਰਬਾਂ ਦੀ ਸੰਪਤੀ ਬਰਬਾਦ ਕੀਤੀ ਤੇ ਹਜ਼ਾਰਾਂ ਦੀ ਗਿਣਤੀ `ਚ “ਗੁਰੁ ਗ੍ਰੰਥ ਸਾਹਿਬ ਜੀ” ਦੀਆਂ ਬੀੜਾਂ ਸਾੜੀਆਂ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ `ਤੇ ਅਕਾਲਤਖ਼ਤ ਸਾਹਿਬ `ਤੇ ਟੈਕਾਂ, ਤੋਪਾਂ ਤੇ ਭਾਰਤੀ ਫ਼ੌਜਾਂ ਨਾਲ ਹਮਲਾ ਕਰਕੇ ਉਸ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੈਰੀ ਸਹਿਤ ਢਹਿ ਢੇਰੀ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿਤ੍ਰ ਸਰੋਵਰ ਨੂੰ ੬ ਜੂਨ ਵਾਲੇ ਦਿਨ ਗੁਰਪੁਰਬ ਮਨਾਉਣ ਗਈਆਂ ਸੰਗਤਾਂ ਦੇ ਖੂਨ ਨਾਲ ਰੰਗ ਦਿੱਤਾ ਤੇ ਹੋਰ ਬਹੁਤ ਕੁੱਝ ਹੋਇਆ। ਇਸ ਤਰ੍ਹਾਂ ਉਨ੍ਹਾਂ ਜਨੂੰਨੀਆਂ ਨੇ ਆਪਣੀ ਮਾਨਸਿਕ ਕਾਲਖ ਦਾ ਨੰਗਾ ਨਾਚ ਕੀਤਾ ਤੇ ਉਸ ਦਾ ਨੰਗਾ ਸਬੂਤ ਵੀ ਦਿੱਤਾ ਸੀ।

ਇਥੇ ਨਾਸਤਿਕਤਾ ਕਿਉਂ ਤੇ ਕਿਥੋਂ ਆਈ? ਸਪਸ਼ਟ ਹੈ ਚੂੰਕਿ ਇਸ ਲਹਿਰ ਦਾ ਜਨਮ ਹੀ ਮਨੁੱਖੀ ਭਾਈਚਾਰੇ `ਚੋਂ ਨਹੀਂ ਬਲਕਿ ਵਿਰੋਧ ਤੇ ਬਦਲੇ ਦੀ ਅੱਗ `ਚੋਂ ਤੇ ਨਾਸਤਿਕਤਾ ਦੇ ਰੂਪ `ਚ ਹੋਇਆ ਸੀ। ਇਨ੍ਹਾਂ ਲੋਕਾਂ ਅੰਦਰ ਨਾਸਤਿਕਤਾ ਵੀ ਇਸ ਲਈ ਪੈਦਾ ਹੋਈ ਸੀ ਕਿ ਜਿਸ-ਜਿਸ ਨੂੰ ਇਹ ਲੋਕ ਆਪਣੇ ਆਪਣੇ ਧਰਮ ਮੰਣਦੇ ਆ ਰਹੇ ਸਨ ਉੇਥੇ-ਉਥੇ ਹੀ ਧਰਮਾਂ ਦੇ ਨਾਂ `ਤੇ ਲੋਕਾਈ ਦਾ ਸ਼ੋਸ਼ਨ ਹੀ ਹੋ ਰਿਹਾ ਸੀ। ਇਸੇ ਲਈ ਇਨ੍ਹਾਂ ਦੀ ਸਮੂਚੀ ਬੋਲੀ `ਚ ਧਰਮ ਅਫ਼ੀਮ ਤੇ ਰੱਬ ਦੀ ਹੋਂਦ, ਮਨੁੱਖ ਨਾਲ ਭਿੰਨ ਭਿੰਨ ਧਾਰਮਿਕ ਆਗੂਆਂ ਵੱਲੋਂ ਕੇਵਲ ਇੱਕ ਧੋਖਾ ਤੇ ਠੱਗੀ ਹੀ ਸੀ।

“ਕਾਦੀ ਕੂੜੁ ਬੋਲਿ ਮਲੁ ਖਾਇ” -ਇਥੇ ਇਨ੍ਹਾਂ ਲੋਕਾਂ ਨਾਲ ਵੀ ਠੀਕ ਉਹੀ ਚੀਜ਼ ਹੋਈ ਸੀ। ਉਹੀ ਪੁਜਾਰੀਵਾਦ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਸੰਸਾਰ ਸਾਹਮਣੇ ਨੰਗਾ ਕੀਤਾ ਹੈ। ਇਸ ਵਿਸ਼ੇ `ਤੇ ਗੁਰਦੇਵ ਦਾ ਫ਼ੁਰਮਾਨ ਹੈ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪ: ੬੬੨)। ਬਲਕਿ ਗੁਰਬਾਣੀ `ਚ ਖਾਸ ਕਰ ਉਸ ਸਮੇਂ ਦੇ ਬ੍ਰਾਹਮਣਾਂ, ਪੰਡਿਤਾਂ, ਖਤ੍ਰੀਆਂ, ਕਾਜ਼ੀਆਂ, ਮੌਲਵੀਆਂ ਤੇ ਜੋਗੀਆਂ ਆਦਿ ਨੂੰ ਸੰਬੋਧਨ ਕਰਕੇ, ਉਨ੍ਹਾਂ ਲੋਕਾਂ ਰਾਹੀਂ ਕੀਤੀ ਜਾ ਰਹੀਂ ਗ਼ਰੀਬਾਂ, ਮਜ਼ਲੂਮਾਂ, ਦਲਿਤਾਂ, ਬੇਬਸਾਂ, ਨਿਤਾਣਿਆਂ ਦੀ ਲੁੱਟ ਖੋਹ ਤੇ ਸ਼ੋਸ਼ਨ ਨੂੰ ਪ੍ਰਗਟ ਕਰਣ ਵਾਲੇ ਬੇਅੰਤ ਸ਼ਬਦ ਹਨ। ਜਦਕਿ ਅੱਜ ਸਿੱਖਾਂ `ਚ ਵੀ ਇਹੀ ਪੁਜਾਰੀ ਸ਼੍ਰੇਣੀ ਅਥਵਾ ਪੁਰਜਾਰੀਵਾਦ ਕੇਵਲ ਆਪਣਾ ਨਾਮ ਬਦਲ ਕੇ ਆਪਣੇ ਪੈਰ ਜਮਾ ਰਿਹਾ ਹੈ ਤੇ ਉਥੇ ਵੀ ਬਹੁਤਾ ਕਰਕੇ, ਇਹ ਸ਼੍ਰੈਣੀ ਇਹੀ ਕੁੱਝ ਹੀ ਕਰ ਰਹੀ ਹੈ ਜੋ ਉਦੋਂ ਹੋ ਰਿਹਾ ਸੀ।

ਅਸਲ `ਚ ਅੱਜ ਦੀ ਤਰ੍ਹਾਂ ਓਦੋਂ. ਜਦੋਂ ਕਿ ਇਸ ਲਹਿਰ ਦਾ ਜਨਮ ਹੋਇਆ, ਜੀਵਨ ਦੀ ਅਸਲੀਅਤ ਤੋਂ ਦੂਰ ਬੈਠੀ ਲੋਕਾਈ ਨੂੰ ਪ੍ਰਮਾਤਮਾ ਤੇ ਸੱਚ ਧਰਮ ਤੋਂ ਬਾਗ਼ੀ ਕਰਣ ਦਾ ਮੂਲ ਕਾਰਨ ਭਿੰਨ ਭਿੰਨ ਧਰਮਾਂ `ਚ ਫੈਲਿਆ ਹੋਇਆ ਇਹ ਪੁਜਾਰੀਵਾਦ ਤੇ ਸਬੰਧਤ ਧਰਮਾਂ `ਤੇ ਉਨ੍ਹਾਂ ਦਾ ਜਫਾ ਹੀ ਸੀ। ਉਪ੍ਰੰਤ ਇਸ ਪੁਜਾਰੀ ਸ਼੍ਰੇਣੀ ਰਾਹੀਂ ਕੀਤੀ ਜਾ ਰਹੀ ਰੱਬ ਦੀ ਠੇਕੇਦਾਰੀ ਆਦਿ ਹੀ ਸੀ। ਇਸ ਤਰ੍ਹਾਂ ਧਾਰਮਿਕ ਤੇ ਦੂਜਾ ਸਮਾਜਕ ਪੱਧਰ `ਤੇ ਇਨ੍ਹਾਂ ਦੱਬੇ, ਕੁਚਲੇ, ਨਿਤਾਣੇ, ਬੇਬੱਸ ਲੋਕਾਂ `ਤੇ ਜ਼ੁਲਮਾਂ ਤੇ ਇਨ੍ਹਾਂ ਲੋਕਾਂ ਨਾਲ ਬੇਇਨਸਾਫ਼ੀਆਂ ਦਾ ਹੀ ਦਾ ਨਤੀਜਾ ਸੀ ਕਿ ਇਨ੍ਹਾਂ ਸਾਮਵਦੀਆਂ ਦੇ ਮਨਾਂ ਅੰਦਰ ਵੀ ਕਿਸੇ ਲਈ ਇਨਸਾਨੀ ਹਮਦਰਦੀ, ਦਇਆ, ਪਰਉਪਕਾਰ, ਸੰਤੋਖ, ਮਿਲਵਰਤਨ ਤੇ ਆਪਣੇ-ਪਣ ਆਦਿ ਵਾਲੀ ਭਾਵਨਾ ਦੀ ਹੋਂਦ ਹੀ ਨਹੀਂ ਸੀ ਬਣ ਪਾਈ। ਇਸ ਤਰ੍ਹਾਂ ਇਹ ਲੋਕ ਜਨਮ ਤੋਂ ਹੀ ਅਜਿਹੇ ਰੱਬੀ ਗੁਣਾਂ ਤੋਂ ਖਾਲੀ ਸਨ। ਬਲਕਿ ਇਨ੍ਹਾਂ ਅੰਦਰ ਬਦਲੇ ਦੀ ਭਾਵਨਾ ਅੰਤਾਂ ਦੀ ਸੀ। ਜਦਕਿ ਇਨ੍ਹਾਂ ਅੰਦਰ ਅਜਿਹੇ ਅਉਗੁਣਾਂ ਦਾ ਹੀ ਨਤੀਜਾ ਸੀ ਕਿ ਜਨਮ ਲੈਂਦੇ ਸਾਰ ਰੂਸ, ਚੀਨ ਆਦਿ `ਚ ਇਸ ਲਹਿਰ ਦੇ ਅੰਦਰੂਨੀ ਹਾਲਾਤ ਤੇ ਲਹਿਰ ਦੀ ਤੱਬਾਹੀ ਵੀ ਸੰਸਾਰ ਸਾਹਮਣੇ ਕਈ ਵਾਰੀ ਉਭਰ ਕੇ ਆ ਚੁੱਕੀ ਹੈ।

ਰੱਬੀ ਗੁਣ-ਸਾਮਵਾਦ ਤੇ ਸਿੱਖ ਮੱਤ- ਇਹ ਕਾਰਨ ਸਨ ਕਿ ਇਕੋ ਇੱਕ ਕਰਤੇ ਤੋਂ ਅਣਜਾਣ ਅਜੋਕੇ ਸ਼ਾਮਵਾਦੀ ਅਥਵਾ ਕਮਿਉਨਿਸਟ “ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦ” (ਪੰ: ੧੩੪੯) ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ” (ਪੰ: ੧੩) ਵਾਲੇ ਰੱਬੀ ਸੱਚ ਨੂੰ ਕਿਵੇਂ ਸਮਝ ਸਕਦੇ ਸਨ?

ਇਨ੍ਹਾਂ ਲੋਕਾਂ ਨੂੰ ਗੁਰਬਾਣੀ ਵਿਚਲੇ ਤੇ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ, ਸੱਚੇ ਸਾਮਵਾਦ ਤੇ ਭਰਾਤ੍ਰੀਭਾਵ ਨਾਲ ਪਿਆਰ ਤਾਂ ਜਾਗਿਆ। ਇਸੇ ਤਰ੍ਹਾਂ ਸਿੱਖੀ ਜੀਵਨ ਅੰਦਰ ਸਾਰਿਆਂ ਲਈ ਅਪਣਤ ਤਾਂ ਦਿਖਾਈ ਦਿੱਤੀ ਪਰ ਰੱਬ ਦੀ ਅਣਹੋਂਦ ਬਾਰੇ ਆਪਣੇ ਪੱਕ ਚੁੱਕੇ ਵਿਚਾਰਾਂ ਤੋਂ ਇਹ ਲੋਕ ਫ਼ਿਰ ਵੀ ਨਾ ਉਭਰ ਸਕੇ।

ਇਸ `ਚ ਦੋਸ਼ ਇਨ੍ਹਾਂ ਲੋਕਾਂ ਦਾ ਨਹੀਂ ਬਲਕਿ ਦੇਖ ਚੁੱਕੇ ਹਾਂ ਕਿ ਭਾਰਤ ਭੂਮੀ `ਚ ਜੜ੍ਹਾਂ ਜਮਾ ਚੁੱਕੇ ਧਰਮ ਦੇ ਨਾਮ ਹੇਠ ਤੇ ਧਰਮ ਦੇ ਪਰਦੇ `ਚ ਅਧਰਮ, ਅੰਧਵਿਸ਼ਵਾਸਾਂ ਤੇ ਗਰੀਬਾਂ, ਮਜ਼ਲੂਮਾ, ਦਲਿਤਾਂ, ਪਛੜਿਆਂ `ਤੇ ਹੋ ਰਹੇ ਜ਼ੁਲਮਾਂ ਦਾ ਹੀ ਸੀ। ਉਪ੍ਰੰਤ ਇਹੀ ਹੋ ਰਿਹਾ ਸੀ ਹਰੇਕ ਦੇਸ਼ `ਚ ਈਸਾਈ ਤੇ ਦੂਜੇ ਧਰਮਾਂ ਦੇ ਆਗੂਆਂ ਤੇ ਉਥੋਂ ਉਥੋਂ ਦੇ ਧਨਾਢਾ ਆਦਿ ਵੱਲੋਂ ਵੀ। ਇਸ ਤਰ੍ਹਾਂ ਅਸਲ `ਚ ਇਹ ਕਸੂਰ ਭਿੰਨ ਭਿੰਨ ਧਰਮਾਂ `ਚ ਰੱਬ ਤੇ ਮਨੁੱਖ ਵਿਚਕਾਰ, ਰੱਬ ਦੇ ਆਪਹੁੱਦਰੇ ਠੇਕੇਦਾਰ ਬਣੀ ਬੈਠੀਆਂ ਪੁਜਾਰੀ ਸ਼੍ਰੇਣੀਆਂ ਤੇ ਧਨਾਢਾਂ ਆਦਿ ਤੋਂ ਪ੍ਰਗਟ ਹੋ ਰਹੀਆਂ ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਸੀ। ਇਸੇ ਅਧਰਮ ਤੇ ਅੰਧਵਿਸ਼ਵਾਸ, ਗ਼ਰੀਬ ਮਾਰ ਦੇ ਘੁੱਪ ਹਨੇਰੇ `ਚ ਇਨ੍ਹਾਂ ਮਜ਼ਲੂਮਾਂ ਤੇ ਦਲਿਤਾਂ `ਤੇ ਹੋ ਰਹੀ ਬਰਬਰਤਾ ਤੇ ਜ਼ੁਲਮਾਂ ਦਾ ਨਤੀਜਾ ਸੀ, ਜਿਸ ਵਿਚਾਰਧਾਰਾ `ਚੋਂ ਇਹ ਸਹਿਜੇ ਨਿਕਲ ਵੀ ਨਹੀਂ ਸਨ ਸਕਦੇ।

ਇਕੋ ਇੱਕ ਕਾਦਿਰ ਬਾਰੇ ਅਗਿਆਨਤਾ ਦਾ ਨਤੀਜਾ, ਇਹ ਵਿਚਾਰੇ ਇਨਸਾਨੀ ਹਮਦਰਦੀ, ਦਇਆ, ਪਰਉਪਕਾਰ, ਸੰਤੋਖ, ਮਿਲਵਰਤਨ ਤੇ ਆਪਣੇ-ਪਣ ਵਰਗੇ ਰੱਬੀ ਗੁਨਾਂ ਤੋਂ ਖਾਲੀ ਰਹਿ ਗਏ ਤੇ ਇਸੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਧਰਮ ਵੱਲ ਵੀ ਨਾ ਵੱਧ ਸਕੇ। ਇਹ ਲੋਕ ਨਾ ਤਾਂ ਮਨੁੱਖਾ ਜੀਵਨ ਦੀ ਅਸਲੀਅਤ ਤੱਕ ਪਹੁੰਚ ਸੱਕੇ ਤੇ ਨਾ ਹੀ ਇਸ ਦੀ ਪਛਾਣ ਹੀ ਕਰ ਸੱਕੇ। ਕਾਸ਼! ਗੁਰੂ ਕੇ ਸਿੱਖ, ਗੁਰਬਾਣੀ ਆਧਾਰਿਤ ਆਪਣੀ ਸੱਚ ਦੀ ਕਰਣੀ ਰਾਹੀਂ, ਉਨ੍ਹਾਂ ਅੰਦਰ ਇਸ ਰੱਬੀ ਸੱਚ ਦਾ ਉਜਾਲਾ ਕਰ ਸਕਦੇ।

ਠੀਕ, ਜਿਵੇਂ ਮਿਸਟਰ ਰਸਲ ਦੀ ਜ਼ਬਾਨੀ ਵੀ ਇਸ ਸਚਾਈ ਲਈ ਉਲਾਮਾ ਲੈ ਚੁੱਕੇ ਹਾਂ। ਉਹ ਸਚਾਈ ਹੈ ਕਿ ਗੁਰਬਾਣੀ ਵਾਲੇ ਇਹ ਸੱਚ ਦੀ ਕਰਣੀ, ਅੱਜ ਤਾਂ ਬਹੁਤਾ ਕਰਕੇ ਖੁਦ ਸਿੱਖ ਅਖਵਾਉਣ ਵਾਲਿਆਂ ਦੇ ਜੀਵਨ ਅੰਦਰੋਂ ਵੀ ਗੁਆਚੀ ਪਈ ਸੀ। ਇਸ ਲਈ ਅਜਿਹੇ ਪੰਥਕ ਵਾਤਾਵਰਣ `ਚ ਅਜੋਕੇ ਸਿੱਖ ਵੀ ਉਨ੍ਹਾਂ ਦੀ ਸੰਭਾਲ ਕਰਦੇ ਤੇ ਉਨ੍ਹਾਂ ਨੂੰ ਆਪਣੀ ਗਲਵਕੜੀ `ਚ ਲੈ ਕੇ, ਉਨ੍ਹਾਂ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਧਰਮ ਠੰਡਕ ਤੇ ਰੋਸ਼ਨੀ ਪਹੁਚਾਂਉਦੇ ਵੀ, ਤਾਂ ਕਿਵੇਂ?

ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਦੀ ਉਤਮਤਾ- ਗੁਰਬਾਣੀ ਅਨੁਸਾਰ ਅਕਾਲਪੁਰਖ ਬਖ਼ਸ਼ਿਸ਼ ਕਰਦਾ ਹੈ ਤਾਂ ਅਰਬਾਂ-ਖਰਬਾਂ ਜੂਨੀਆਂ ਚੋਂ ਕੱਢ ਕੇ ਸਾਨੂੰ ਮਨੁੱਖਾ ਸਰੀਰ (ਮਨੁੱਖਾ ਜੂਨ) ਬਖ਼ਸ਼ਦਾ ਹੈ। ਇਹ ਮਨੁੱਖਾ ਜੂਨ ਸਾਨੂੰ ਇਸ ਲਈ ਮਿਲਦੀ ਹੈ ਕਿ ਸਾਧਸੰਗਤ `ਚ ਆ ਕੇ ਗੁਰੂ-ਗੁਰਬਾਣੀ ਦੀ ਸਿਖਿਆ ਅਨੁਸਾਰ ਇਸ ਜੀਵਨ ਦੀ ਸੰਭਾਲ ਕਰੀਏ। ਇਸ ਜੀਵਨ ਅੰਦਰੋਂ ਹਊਮੇ ਆਦਿ ਵਿਕਾਰਾਂ ਦਾ ਨਾਸ ਕਰੀਏ। ਇਸ ਤਰ੍ਹਾਂ ਸੰਸਾਰਕ ਤੇ ਮਾਇਕ ਅਉਗੁਣਾਂ ਤੋਂ ਛੁਟਕਾਰਾ ਪਾ ਕੇ ਜੀਵਨ ਨੂੰ ਕੁੰਦਨ ਬਣਾਈਏ। ਉਹ ਇਸ ਲਈ ਬਣਾਇਏ ਤਾ ਕਿ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਅਨੁਸਾਰ ਇਸ ਮਨੁੱਖਾ ਜਨਮ ਦਾ ਲਾਭ ਲੈ ਕੇ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੀਏ। ਉੱਤਮ ਆਤਮਕ ਅਵਸਥਾ `ਚ ਜੀਵਨ ਵੀ ਜੀਵੀਏ ਤਾ ਕਿ “ਪੁਨਰਪਿ ਜਨਮਿ ਨ ਆਵੈ” (ਪੰ: ੪੭੬) ਅਨੁਸਾਰ ਸਾਨੂੰ ਮੁੜ ਜਨਮਾਂ ਦੇ ਗੇੜ੍ਹ `ਚ ਨਾ ਪੈਣਾ ਪਵੇ। ਜਨਮ ਮਰਣ ਦੇ ਉਸ ਗੇੜ੍ਹ ਅਥਵਾ ਨਰਕ `ਚੋਂ ਨਿਕਲ ਸਕੀਏ, ਜਿਸ ਜਨਮ ਮਰਣ ਦੇ ਗੇੜ ਤੇ ਨਰਕ `ਚ ਅਸੀਂ ਅੱਜ ਪਏ ਹੋਏ ਹਾਂ।

ਇਸ ਦੇ ਉਲਟ, ਗੁਰਬਾਣੀ ਅਨੁਸਾਰ ਹੀ ਜੇ ਪ੍ਰਾਪਤ ਮਨੁੱਖਾ ਜਨਮ ਵੀ ਅਸਫ਼ਲ ਹੋ ਜਾਵੇ ਤਾਂ ਜੀਵ ਨੂੰ ਫ਼ਿਰ ਤੋਂ ਭਿੰਨ ਭਿੰਨ ਜੂਨਾਂ ਹੀ ਭੋਗਣੀਆਂ ਤੇ ਜਨਮ-ਮਰਣ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ। ਇਸ ਤਰ੍ਹਾਂ ਇਹ ਕ੍ਰਮ ਫ਼ਿਰ ਤੋਂ ਉਦੋਂ ਤੱਕ ਚਲਦਾ ਹੈ, ਜਦੋਂ ਤੱਕ ਜੀਵ ਪ੍ਰਭੂ ਮਿਲਾਪ ਵਾਲੀ ਅਵਸਥਾ ਨੂੰ ਹੀ ਪ੍ਰਾਪਤ ਨਹੀਂ ਕਰ ਲੈਂਦਾ। ਜਦਕਿ ਅਜਿਹੀ ਸਫ਼ਲ ਅਵਸਥਾ ਦੀ ਪ੍ਰਾਪਤੀ ਲਈ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ ਹੁੰਦਾ ਹੈ। ਬਾਕੀ ਬੇਅੰਤ ਜੂਨੀਆਂ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮਾੜੇ ਕਰਮਾਂ ਦਾ ਲੇਖਾ-ਜੋਖਾ ਹੀ ਹੁੰਦੀਆਂ ਹਨ, ਕੇਵਲ ਉਸ ਸਮੇਂ ਕੀਤੇ ਜਾ ਚੁੱਕੇ ਕਰਮਾ ਦੀਆਂ ਸਜ਼ਾਵਾਂ ਭੋਗਣ ਲਈ ਭਿੰਨ ਭਿੰਨ ਕੋਠੜੀਆਂ ਹੀ ਹੁੰਦੀਆਂ ਹਨ, ਇਸ ਤੋਂ ਵੱਧ ਕੁੱਝ ਨਹੀਂ। ਉਨ੍ਹਾਂ ਜੂਨੀਆਂ ਸਮੇਂ ਜੀਵ ਸੱਜੇ-ਖਬੇ ਵੀ ਨਹੀਂ ਹੋ ਸਕਦਾ ਤੇ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ।

“ਗੁਰਮੁਖਾ ਮਨਿ ਪਰਗਾਸੁ ਹੈ” - ਗੁਰਬਾਣੀ, ਬਿਨਾ ਵਿਤਕਰਾ ਹਰੇਕ ਮਨੁੱਖ ਲਈ ਇਕੋ ਜਿਹੀ ਸੇਧ ਤੇ ਸਿਖਿਆ ਹੈ। ਗੁਰਬਾਣੀ ਹਰੇਕ ਮਨੁੱਖ ਨੂੰ ਪੁਕਾਰ, ਪੁਕਾਰ ਕੇ, ਮਨੁੱਖਾ ਜੂਨ ਦੇ ਇਸ ਸੱਚ ਵੱਲ ਪ੍ਰੇਰ ਰਹੀ ਹੈ। ਗੁਰਬਾਣੀ ਹਰੇਕ ਮਨੁੱਖ ਨੂੰ ਚੇਤਾਵਣੀ ਦਿੰਦੀ ਹੈ ਕਿ “ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀ” (ਪੰ: ੬੩੧) ਭਾਵ ਮਨੁੱਖਾ ਜਨਮ ਵਾਲਾ ਇਹ ਅਵਸਰ ਤੇ ਵਾਰੀ ਗੁਆਉਣ ਤੇ ਬਿਰਥਾ ਕਰਣ ਵਾਲੀ ਨਹੀਂ। ਸਪਸ਼ਟ ਹੈ, ਗੁਰਬਾਣੀ `ਚ ਮਨੁੱਖਾ ਜੂਨ ਦੀ ਸਫ਼ਲਤਾ ਲਈ ਪ੍ਰੇਰਣਾ, ਹਰੇਕ ਲਈ ਇਕੋ ਜਹੀ ਹੈ, ਨਾ ਕਿ ਵਿਰਲਿਆਂ ਲਈ। ਜਦਕਿ, ਗੁਰਬਾਣੀ ਅਨੁਸਾਰ ਹੀ ਇਹ ਸੁ-ਅਵਸਰ ਤਾਂ ਚਾਹੇ ਹਰੇਕ ਲਈ ਹੁੰਦਾ ਹੈ, ਤਾਂ ਵੀ “ਗੁਰਮੁਖਾ ਮਨਿ ਪਰਗਾਸੁ ਹੈ, ਸੇ ਵਿਰਲੇ ਕੇਈ ਕੇਇ” (ਪ: ੮੨) ਭਾਵ ਇਸ ਅਮੁਲੇ ਤੇ ਦੁਰਲਭ ਜਨਮ ਨੂੰ ਸੰਭਾਲਣ ਵਾਲੇ ਵਿਰਲੇ ਹੀ ਹੁੰਦੇ ਹਨ। ਨਹੀਂ ਤਾਂ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: ੪੬੮) ਜਾਂ “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ” (ਪੰ: ੬੯੨) ਮਨੁੱਖਾ ਜਨਮ ਪ੍ਰਾਪਤ ਕਰਣ ਤੋਂ ਬਾਅਦ ਵੀ, ਇਸ ਨੂੰ ਬਿਰਥਾ ਕਰ ਕੇ ਮੁੜ ਜੂਨਾਂ-ਗਰਭਾਂ ਦੇ ਗੇੜ੍ਹ `ਚ ਪੈਣ ਵਾਲੇ ਹੀ ਬਹੁਤੇ ਹੁੰਦੇ ਹਨ।

ਮਨਮੁਖ ਹਾਰ, ਗੁਰਮੁਖ ਸਦ ਜੀਤਿ- ਇਸ ਤਰ੍ਹਾਂ ਦੇਖਣਾ ਤੇ ਸਮਝਣਾ ਹੈ ਕਿ ਗੁਰਮੱਤ ਅਨੁਸਾਰ ਮਨੁੱਖਾ ਜੀਵਨ ਦੇ ਦੋ ਪੱਖ ਹਨ। ਇੱਕ ਗੁਰਮੁਖ ਹੁੰਦੇ ਹਨ ਭਾਵ ਉਹ ਸੱਜਨ, ਜਿਨ੍ਹਾਂ ਨੇ ਗੁਰਬਾਣੀ ਦੀ ਆਗਿਆ ਸਿਖਿਆ `ਚ ਜੀਵਨ ਦੀ ਕਮਾਈ ਕੀਤੀ ਹੁੰਦੀ ਹੈ। ਅਜਿਹੇ ਸੱਜਨ ਇਸ ਸੰਸਾਰ ਤੋਂ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ। ਅਜਿਹੇ ਜੀਊੜੇ “ਮਿਲਿਆ ਹੋਇ ਨ ਵੀਛੁੜੈ, ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ, ਹੈ ਸਾਚਾ ਸੋਈ” (ਪੰ: ੭੨੯) ਅਨੁਸਾਰ ਸਰੀਰ ਤਿਆਗਣ ਬਾਅਦ ਮੁੜ ਜਨਮ ਮਰਣ `ਚ ਨਹੀਂ ਆਉਂਦੇ ਪ੍ਰਭੂ `ਚ ਹੀ ਸਮਾ ਜਾਂਦੇ ਹਨ।

ਦੂਜੇ ‘ਮਨਮੁਖ’ ਹੁੰਦੇ ਹਨ ਜੋ ਜੀਵਨ ਭਰ ਗੁਰੂ ਗਿਆਨ ਦੀ ਕਮਾਈ ਨਹੀਂ ਕਰਦੇ। ਆਪਣੇ ਮਨ ਦੇ ਪਿਛੇ ਹੀ ਚਲਦੇ ਹਨ। ਅਜਿਹੇ ਲੋਕ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਇਹ ਵੀ ਠੀਕ ਹੈ ਕਿ ਉਨ੍ਹਾਂ ਮਨਮੁਖਾਂ `ਚੋ ਵੀ ਜੇ ਕੁੱਝ ਗੁਰਮੁਖ ਜੀਵਨ `ਚ ਤਬਦੀਲ ਹੋ ਜਾਣ, ਤਾਂ ਤੇ ਠੀਕ। ਨਹੀਂ ਤਾਂ ਅਜਿਹੇ ਮਨਮੁਖ ਜੀਵਨ ਭਰ ਤ੍ਰਿਸ਼ਨਾ ਵਿਕਾਰਾਂ ਦੀ ਪਕੜ `ਚ ਰਹਿ ਕੇ ਹੀ ਜੀਵਨ ਭਰ ਖੁਆਰ ਹੁੰਦੇ ਹਨ। ਉਪ੍ਰੰਤ ਸਰੀਰਕ ਮੌਤ ਬਾਅਦ ਫ਼ਿਰ ਤੋਂ “ਮਨਮੁਖ ਹਾਰ, ਗੁਰਮੁਖ ਸਦ ਜੀਤਿ” (ਪੰ: ੮੬੭) ਅਨੁਸਾਰ ਜਨਮ ਹਾਰ ਕੇ ਜਾਂਦੇ ਹਨ ਭਾਵ ਫ਼ਿਰ ਤੋਂ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਂਦੇ ਹਨ। .

ਸਪਸ਼ਟ ਹੈ ਅੱਜ ਜਦੋਂ ਸਾਡੇ ਕਮਿਉਨਿਸਟ ਅਥਵਾ ਸਾਮਵਾਦੀ ਵੀਰ, ਰੱਬ ਦੀ ਹੋਂਦ ਤੋਂ ਹੀ ਇਨਕਾਰੀ ਹਨ ਤਾਂ ਮਨੁੱਖਾ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਵਾਲਾ ਵਿਸ਼ਾ ਉਨ੍ਹਾਂ ਲਈ ਕੁੱਝ ਵੀ ਮਹਤਵ ਨਹੀਂ ਰਖਦਾ। ਉਨ੍ਹਾਂ ਅਨੁਸਾਰ ਇਸ ਸਰੀਰ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂ। ਉਨ੍ਹਾਂ ਲਈ ਬਸ ਇਹ ਸਰੀਰ ਹੀ ਸਬਕੁਝ ਹੈ ਜਨਮ ਭੁਗਤਾਇਆ ਤੇ ਖਤਮ ਹੋ ਗਏ। ਇਸੇ ਲਈ ਗੁਰਬਾਣੀ ਵਿਚਲੇ ਮਨੁੱਖਾ ਜੀਵਨ ਨਾਲ ਸੰਬੰਧਤ ਸਫ਼ਲ ਜਾਂ ਅਸਫ਼ਲ; ਗੁਰਮੁਖ ਜਾਂ ਮਨਮੁਖ; ਵਡਭਾਗੀ ਜਾਂ ਅਭਾਗਾ, ਸਚਿਆਰ ਜਾਂ ਕੁੜਿਆਰ ਆਦਿ ਪੱਦ ਵੀ ਉਨ੍ਹਾਂ ਲਈ ਕੁੱਝ ਅਰਥ ਨਹੀਂ ਰਖਦੇ। ਜਦਕਿ ਇਹ ਸਾਰੇ ਗੁਰਬਾਣੀ ਵਿਚਲੇ ਮਨੁੱਖਾ ਜਨਮ ਨਾਲ ਸੰਬੰਧਤ ਮੁੱਖ ਵਿਸ਼ੇ ਹਨ।

ਇਹੀ ਵਿਸ਼ੇ ਜਿਨ੍ਹਾਂ ਨੂੰ ਕੁਲ ਮਿਲਾਕੇ ਗੁਰਮੱਤ `ਚ ਮਨੁੱਖਾ ਜਨਮ ਲਈ ਜਨਮ ਮਰਣ ਦਾ ਵਿਸ਼ਾ ਵੀ ਕਿਹਾ ਹੈ, ਇਨ੍ਹਾਂ ਲਈ ਕੁੱਝ ਮਹਤਵ ਨਹੀਂ ਰਖਦਾ। ਫ਼ਿਰ ਇਹ ਜਨਮ-ਮਰਨ ਦੀ ਵਿਚਾਰਧਾਰਾ ਚਾਹੇ ਬ੍ਰਾਹਮਣੀ ਹੋਵੇ, ਜਿਸ ਨੂੰ ਕਿ ਖ਼ੁਦ ਗੁਰੂ ਸਾਹਿਬ ਨੇ ਗੁਰਬਾਣੀ ਚ ਪੂਰੀ ਤਰ੍ਹਾਂ ਨਕਾਰਿਆ ਹੈ। ਜਾਂ ਇਹੀ ਵਿਸ਼ਾ ਭਾਵੇਂ ਇਸਾਈ, ਇਸਲਾਮ ਜਾਂ ਸੰਸਾਰ ਭਰ ਦੇ ਕਿਸੇ ਵੀ ਮੱਤ ਨਾਲ ਸੰਬੰਧਤ ਹੋਵੇ ਇਨ੍ਹਾਂ ਨੂੰ ਕੀ?

ਇਹੀ ਕਾਰਨ ਹੈ ਕਿ ਇਨ੍ਹਾਂ ਨੇ, ਗੁਰਮੱਤ-ਗੁਰਬਾਣੀ ਰਾਹੀਂ ਪ੍ਰਗਟ ਜਨਮ ਮਰਣ ਵਾਲਾ ਵਿਸ਼ਾ ਜੋ ਕਿ ਸਦੀਵੀ ਸੱਚ `ਤੇ ਆਧਰਤ, ਦਲੀਲ ਭਰਪੂਰ, ਨਿਵੇਕਲਾ ਤੇ ਸੰਸਾਰ ਪੱਧਰ `ਤੇ ਇਕੋ ਇੱਕ ਹੈ। ਆਪਣੀ ਬਣ ਚੁੱਕੀ ਇਸ ਬਾਰੇ ਸੰਕੁਚਿਤ ਵਿਚਾਰਧਾਰਾ ਕਾਰਨ, ਇਨ੍ਹਾਂ ਨੇ ਉਸ ਨੂੰ ਵੀ ਸਮਝਣ ਦਾ ਕਦੇ ਯਤਣ ਨਹੀਂ ਕੀਤਾ।

ਕਾਸ਼! ਮਿਸਟਰ ਬਰਟਰਡ ਰਸਲ ਵਾਂਙ ਅਜੋਕੇ ਕਮਿਉਨਿਸਟ ਅਥਵਾ ਸਾਮਵਾਦੀ ਵੀਰ ਵੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ `ਚ ਆ ਕੇ, ਸਿੱਖ ਧਰਮ ਦੀ ਮੂਲ ਵਿਚਾਰਧਾਰਾ ਨੂੰ ਸਮਝ ਸਕਣ। ਜੇ ਕਰ ਉਹ ਨਹੀਂ ਤਾਂ ਅਜੋਕੇ ਸਿੱਖ, “ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ `ਤੇ ਆਧਾਰਤ ਜੀਵਨ ਦਾ ਪ੍ਰਗਟਾਵਾ ਬਣ ਕੇ, ਸਿੱਖ ਧਰਮ ਦੀ ਸਚਾਈ ਨੂੰ ਇਨ੍ਹਾਂ ਦੇ ਜੀਵਨ ਅੰਦਰ ਵੀ ਭਰ ਸਕਣ ਤਾਂ ਸੰਸਾਰ ਦਾ ਇਹ ਵੱਡਾ ਹਿੱਸਾ ਵੀ ਸਿੱਖ ਸਜ ਸਕਦਾ ਹੈ। ਬਲਕਿ ਸਿੱਖਾਂ ਰਾਹੀਂ ਅਜਿਹਾ ਨਾ ਕਰਣਾ ਇਨ੍ਹਾਂ ਦੇ ਅਮੁਲੇ ਮਨੁੱਖਾ ਜਨਮ ਨਾਲ ਤੇ ਆਪਣੇ ਜੀਵਨ ਨਾਲ ਵੀ ਵੱਡਾ ਅਨਿਯਾਯਿ ਤੇ ਖਿਲਵਾੜ ਹੈ।

ਉਹ ਮਿਸਟਰ ਬਰਟਰਡ ਰਸਲ, ਜਿਸ ਨੇ ਸਪਸ਼ਟ ਲਫ਼ਜ਼ਾਂ ਇਸ ਸੱਚ ਨੂੰ ਸੰਸਾਰ ਸਾਹਮਣੇ ਲਿਆਂਦਾ ਤੇ ਕਿਹਾ ਹੈ ਕਿ “ਜੇ ਤੁਸੀਂ ਇਸ ਧਰਮ (ਸਿੱਖ ਧਰਮ) ਅੰਦਰ ਮਨੁੱਖ ਮਾਤ੍ਰ ਲਈ ਸੇਵਾ ਭਾਵਨਾ ਨੂੰ ਦੇਖੋਗੇ ਤਾਂ ਤੁਹਾਨੂੰ “ਮਨੁੱਖ ਮਾਤ੍ਰ ਲਈ ਸੇਵਾ ਦਾ” ਠੀਕ ਅਰਥਾਂ `ਚ ਪਤਾ ਲਗ ਜਾਵੇਗਾ ਕਿ ਇਸ ਧਰਮ `ਚ ਲੋਕਾਈ ਲਈ ਕਿਤਨਾ ਪਿਆਰ ਦਾ ਜਜ਼ਬਾ ਹੈ?

ਬਲਕਿ ਤੁਹਾਨੂੰ ਉਸ ਅਕਾਲਪੁਰਖ (God) ਦੀ ਹੋਂਦ ਬਾਰੇ ਵੀ ਵਿਸ਼ਵਾਸ ਪੱਕਾ ਹੋ ਜਾਵੇਗਾ, ਜਦੋਂ ਤੁਸੀਂ ਇਨ੍ਹਾਂ ਸਿਖਾਂ ਨੂੰ ਜ਼ਰੂਰਤ ਮੰਦਾ ਦੀ ਜ਼ਰੂਰਤ ਪੂਰੀ ਕਰਦੇ ਤੱਕੋ ਗੇ।

ਇਹ ਵਿਸ਼ਾ ਇਤਨਾ ਸੁਆਦਲਾ ਕਿਉਂ ਹੈ? ਕਿਉਂਕਿ ਅਸਾਂ ਜਦੋਂ ਸਿੱਖ ਧਰਮ ਨੂੰ ਇਸ ਸਚਾਈ ਨਾਲ ਜੁੜੇ ਦੇਖਿਆ ਤਾਂ ਇਸੇ ਤੌਂ ਸਾਨੂੰ ਸ਼ੋਕ ਪੈਦਾ ਹੋਇਆ ਕਿ ਅਸੀਂ ਵੀ ਇਨ੍ਹਾਂ ਦੀ ਮੂਲ ਵਿਚਾਰਧਾਰ {ਆਦਿ ਗ੍ਰੰਥ (ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)} ਦਾ ਅਧਿਅਣ ਕਰੀਏ। ਇਸ ਤਰ੍ਹਾਂ ਹੋਇਆ ਇਹ ਜੋ ਬੇਕਾਰ ਤੇ ਬੇਸਿਰਪੈਰ ਦੀਆਂ ਗੱਲਾਂ (usual absurdities) ਸਾਨੂੰ ਦੂਜੇ ਧਰਮਾਂ ਦੀਆਂ ਕਿਤਾਬਾਂ `ਚ ਮਿਲੀਆਂ ਉਹ ਇਸ ਗ੍ਰੰਥ `ਚ ਨਹੀਂ ਸਨ। ਦਰਅਸਲ ਇਹ ਗ੍ਰੰਥ (ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਇਨਸਾਨ ਦੇ ਦਿਮਾਗ਼ ਨੂੰ ਟਿਕਾਅ `ਚ ਲੈ ਆਉਂਦੇ ਹਨ, ਮਾਨਸਿਕ ਤਸੱਲੀ ਦਿੰਦੇ ਹਨ ਤੇ ਬਹੁਤ ਹੀ ਵਧੀਆ ਹਨ” ਅਤੇ ਇਸੇ ਤਰ੍ਹਾਂ ਹੋਰ ਬਹੁਤ ਕੁੱਝ ਜਿਸ ਦਾ ਵੇਰਵਾ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ ਤੇ ਉਸ ਨੂੰ ਉਥੋ ਇਸੇ ਹੀ ਗੁਰਮੱਤ ਪਾਠ ਵਿੱਚੋਂ ਸਹਿਜੇ ਹੀ ਪੜਿਆ ਜਾ ਸਕਦਾ ਹੈ। #197P=Is10.04s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 197-I@

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.