.

ਰਤਨੁ ਲੁਕਾਇਆ ਲੂਕੈ ਨਾਹੀ

ਸਿੱਖ ਜਗਤ ਵਿੱਚ “ਵਾਹਿਗੁਰੂ” ਸ਼ਬਦ ਦੇ ਅਖੌਤੀ ਜਾਪ ਨੇ ਗੁਰਸ਼ਬਦ ਵੀਚਾਰ ਨੂੰ ਬਹੁਤ ਠੇਸ ਪਹੁੰਚਾਈ ਹੈ। ਜਿਸ ਸਿਮਰਨ ਦੇ ਕਰਮ ਕਾਂਡ ਨੂੰ ਗੁਰਬਾਣੀ ਪ੍ਰਵਾਨ ਹੀ ਨਹੀ ਕਰਦੀ ਉਹੀ ਗੁਰਬਾਣੀ ਤੇ ਹਾਵੀ ਹੋ ਗਿਆ ਹੈ। ਅੱਜ ਗੁਰਬਾਣੀ ਵੀਚਾਰ ਦੀ ਜਗ੍ਹਾ ਕਈ ਤਰਾਂ ਦੇ ਪਾਠਾਂ ਦੀਆਂ ਲੜੀਆਂ, ਅਖੌਤੀ ਨਾਮ ਸਿਮਰਨ ਤੇ ਹੋਰ ਕਰਮ ਕਾਂਡਾਂ ਨੇ ਮਲ ਲਈ ਹੈ। ਇਹ ਜਾਪ ਬੜਾ ਸੁਖੱਲਾ ਕੰਮ ਹੈ ਜਿਸ ਵਿੱਚ ਕਿਸੇ ਮਿਹਨਤ ਦੀ ਜ਼ਰੂਰਤ ਨਹੀ ਤੇ ਅਗਿਆਨਤਾ ਕਾਰਨ ਸੰਗਤਾਂ ਵੀ ਖੂਬ ਇਸ ਕਰਮ ਕਾਂਡ ਵਿੱਚ ਦਿਲਚਸਪੀ ਰੱਖਦੀਆਂ ਹਨ। ਬੜੀ ਅਸਚਰਜਤਾ ਦੀ ਗਲ ਹੈ ਕਿ ਜਿਸ ਕੰਮ ਨੂੰ ਗੁਰਬਾਣੀ ਬੜਾ ਔਖਾ ਆਖਦੀ ਹੈ ਉਹ ਇਤਨਾ ਸੌਖਾ ਕਿਵੇਂ ਹੋ ਗਿਆ? ਗੁਰਬਾਣੀ ਦਾ ਕਥਨ ਹੈ: ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ (ਜਪ)।

ਚੌਂਕੜਾ ਮਾਰ ਕੇ, ਅੱਖਾਂ ਬੰਦ ਕਰਕੇ “ਵਾਹਿਗੁਰੂ” ਨਾਮ ਦੇ ਉਚਾਰਨ ਵਿੱਚ ਤਾਂ ਕੋਈ ਔਖਿਆਈ ਨਜ਼ਰ ਨਹੀ ਆਉਂਦੀ। ਇਹੋ ਜਿਹੇ ਨਾਵਾਂ ਦੇ ਜਾਪ ਜਾਂ ਸਿਮਰਨ ਤਾਂ ਪਹਿਲਾਂ ਹਿੰਦੂ ਮੱਤ ਵਿੱਚ ਵੀ ਚਲਦੇ ਸਨ ਪਰ ਕਿਉਂਕਿ ਇਸ ਕਰਮ ਕਾਂਡ ਨੇ ਕਦੇ ਕਿਸੇ ਦਾ ਕੁੱਝ ਨਹੀ ਸਵਾਰਿਆ ਇਸੇ ਲਈ ਗੁਰਮਤਿ ਵਿੱਚ ਅਜੇਹੇ ਕਰਮ ਕਾਡਾਂ ਨੂੰ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ। ਅਸਲ ਵਿੱਚ ਧਰਮ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਸਭ ਲੋਕ ਪਚਾਰਾ ਹੀ ਹੈ। ਹਰ ਮਨੁੱਖ ਇਹਨਾਂ ਕਰਮਾਂ ਦੁਆਰਾ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਧਰਮ ਕੋਈ ਦਿਖਾਵਾ ਨਹੀ ਹੋ ਸਕਦਾ ਅਤੇ ਜੋ ਦਿਖਾਵਾ ਹੈ ਉਹ ਧਰਮ ਨਹੀ ਹੋ ਸਕਦਾ। ਧਰਮ ਅੰਦਰੂਨੀ ਮਨ ਦੀ ਸਾਧਨਾ ਹੈ ਜਿਸਦਾ ਪ੍ਰਗਟਾਵਾ ਨਹੀ ਹੋ ਸਕਦਾ ਪਰ ਕਿਉਂਕਿ ਧਰਮ ਨੂੰ ਬਾਹਰਲੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਨਿਰਭਰ ਕਰ ਲਿਆ ਗਿਆ ਹੈ ਇਸ ਲਈ ਧਰਮ ਦਾ ਹਰ ਕੰਮ, ਧਨ ਜਾਂ ਪ੍ਰਤਿਸ਼ਠਾ ਦੀ ਖਾਤਰ, ਇੱਕ ਦਿਖਾਵਾ (ਹਉਮੈ ਰਪੂ) ਹੀ ਹੈ। ਉਸ ਸਿਮਰਨ, ਪਾਠ, ਕੀਰਤਨ ਅਤੇ ਸੇਵਾ ਆਦਿਕ ਦਾ ਮਜ਼ਾ ਹੀ ਕੀ, ਜਿਸਦੀ ਵਾਹ ਵਾਹ ਹੀ ਨਾ ਮਿਲੇ? ਅੱਜ ਡੇਰਿਆਂ, ਟਕਸਾਲਾਂ, ਠਾਠਾਂ ਤੇ ਗੁਰਦੁਆਰਿਆਂ ਵਿੱਚ ਇਸ ਦਿਖਾਵੇ ਦੇ ਸਿਮਰਨ (ਜਿਸ ਦੀਆਂ ਵਿਧੀਆਂ ਇਹਨਾਂ ਵਿਹਲੜ ਤੇ ਆਲਸੀ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀਆਂ ਹੀ ਕਾਢਾਂ ਹਨ) ਦਾ ਹੀ ਬੋਲ ਬਾਲਾ ਹੈ। ਗੁਰਬਾਣੀ ਅਨੁਸਾਰ ਸਿਮਰਨ (ਜੋ ਕੋਈ ਕਰਮ ਕਾਂਡ ਨਹੀ) ਨੂੰ ਤਾਂ ਕੋਈ ਜਾਨਣਾ ਹੀ ਨਹੀ ਚਹੁੰਦਾ ਕਿਉਂਕਿ ਇਹ ਕੰਮ ਬੜਾ ਔਖਾ ਜਾਪਦਾ ਹੈ ਪਰ ਗੁਰਬਾਣੀ ਦਾ ਕਥਨ ਹੈ:

ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ॥ ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ॥ (829)। ਭਾਵ: ਸਿਮਰਨ ਕਰਨ ਦੀ ਜਾਚ ਆਉਂਦੀ ਨਹੀ ਤੇ ਮਾਇਆ ਦੇ ਨਸ਼ੇ ਵਿੱਚ ਮਸਤ, ਰੰਗਿਆ ਹੋਇਆ ਇਉਂ ਭਟਕਦਾ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ। ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ ਵਿਕਾਰਾਂ ਦੇ ਹੱਥੀਂ ਵਧੀਕ ਲੁੱਟੇ ਜਾਂਦੇ ਹਨ। ਬੱਸ, ਇਉਂ ਹੀ ਪਾਪ ਕਰਦੇ ਕਰਦੇ ਸੰਸਾਰ ਸਮੁੰਦਰ ਵਿੱਚ ਡੁਬਦੇ ਜਾਂਦੇ ਹਨ। ਇਥੋਂ ਇਹ ਗਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਜਿਨਾ ਚਿਰ ਮੋਹ ਮਾਇਆ ਦੀ ਰੰਗਤ ਹੈ (ਵਿਕਾਰਾਂ, ਭਾਵ ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ ਵਿੱਚ ਗ੍ਰਸਿਆ ਹੋਇਆ ਹੈ) ਉਤਨੀ ਦੇਰ ਤੱਕ ਸਿਮਰਨ ਨਹੀ ਹੋ ਸਕਦਾ ਬਲਿਕੇ ਗੁਰਬਾਣੀ ਅਨੁਸਾਰ (ਹਲਕੇ) ਕੁੱਤੇ ਦੀ ਭਟਕਣਾ ਵਾਙੂੰ ਹੀ ਮਨੁੱਖ ਭਟਕਦਾ ਰਹਿੰਦਾ ਹੈ। ਫਿਰ ਇਹ, ਜੋ ਧਰਮ ਅਸਥਾਨਾਂ, ਰੇਡੀਓ, ਸੀ. ਡੀ, ਡੀ ਵੀ ਡੀ, ਟੈਲੀਵੀਯਨਾਂ, ਡੇਰਿਆਂ, ਟਕਸਾਲਾਂ ਤੇ ਠਾਠਾਂ ਉਤੇ ਜਪਣ ਦਾ ਕਰਮ ਕਾਂਡ ਹੋ ਰਿਹਾ ਹੈ ਇਹ ਕੀ ਹੈ? ਗੁਰੂ ਸਪਸ਼ਟ ਕਰਦਾ ਹੈ:

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥ (422)। ਭਾਵ: ਹੇ ਪ੍ਰਭੂ, ਆਵਾਗਵਨ ਵਿੱਚ ਪਈ ਹੋਈ ਸ੍ਰਿਸ਼ਟੀ ਵਿੱਚ ਆਪਣੇ ਵਲੋਂ (ਹਰ ਕੋਈ) ਤੇਰਾ ਨਾਮ ਲੈ ਰਿਹਾ ਹੈ, (ਜਪ ਰਿਹਾ ਹੈ, ਸਿਮਰਨ ਕਰ ਰਿਹਾ ਹੈ) ਪਰ ਜਦੋਂ ਤੈਨੂੰ ਚੰਗਾ ਲਗਦਾ ਹੈ ਤਾਂ ਕੋਈ (ਵਿਰਲਾ) ਜੀਵ ਗੁਰੂ ਦੀ ਸ਼ਰਨ ਪੈ ਕੇ ਇਸ (ਨਾਮ ਜਪਣ ਦੇ ਭੇਦ) ਨੂੰ ਸਮਝਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੋਰ ਸਭ ਮੂਰਖ ਲੋਕਾਈ ਤਾਂ ਭਟਕਦੀ ਹੀ ਫਿਰਦੀ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਗੁਰ ਉਪਦੇਸ਼ ਤੇ ਚੱਲੇ ਬਿਨਾ) ਜਪਿਆ ਜਾਂ ਸਿਮਰਿਆ ਨਾਮ ਸਭ ਮੂਰਖਤਾਈ ਤੇ ਮਨ ਦੀ ਭਟਕਣਾ ਹੀ ਹੈ। ਗੁਰੂ ਤਾੜਨਾ ਕਰਦਾ ਹੈ ਕਿ:

ਗਿਆਨੀ ਗੁਰ ਬਿਨ ਭਗਤਿ ਨ ਹੋਈ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ॥ (732)। ਭਾਵ: ਹੇ ਗਿਆਨਵਾਨ, ਗੁਰੂ (ਗੁਰਬਾਣੀ) ਦੀ ਸ਼ਰਨ ਪੈਣ ਤੋਂ ਬਿਨਾ ਭਗਤੀ ਨਹੀ ਹੋ ਸਕਦੀ ਭਾਵੇਂ ਹਰੇਕ ਮਨੁੱਖ ਪਿਆ ਤਰਲੇ ਕਰੇ, ਕਦੇ ਕੋਰੇ ਕੱਪੜੇ ਉੱਤੇ (ਪਾਹ ਦੇਣ ਤੋਂ ਪਹਿਲਾਂ) ਰੰਗ ਨਹੀ ਚੜਦਾ। ਪਰ ਇਹੀ ਕਰਨ ਦੇ ਤਾਂ ਤਰਲੇ ਹੋ ਰਹੇ ਹਨ, ਪਾਹ ਦੇਣ ਤੋਂ ਪਹਿਲਾਂ ਹੀ ਰੰਗ ਝੜਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੀ ਅਖੌਤੀ ਨਾਮ ਜਪਣ ਦਾ ਢੌਂਗ ਕੀਤਾ ਜਾ ਰਿਹਾ ਹੈ ਪਰ ਗੁਰੂ ਸੁਚੇਤ ਕਰਦਾ ਹੈ ਕਿ:

ਹਰਿ ਹਰਿ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸੁਧੁ ਨ ਹੋਈ। ਅਨਦਿਨ ਕਰਮ ਕਰਹਿ ਬਹੁਤੇਰੇ ਸੁਪਨੇ ਸੁਖੁ ਨ ਹੋਈ। (732)। ਭਾਵ: ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੂਹੋਂ ਰਾਮ ਰਾਮ ਉਚਾਰਦੇ ਹਨ ਪਰ ਸਦਾ ਧੋਖਾ ਫਰੇਬ ਵੀ ਕਰਦੇ ਰਹਿੰਦੇ ਹਨ, ਉਹਨਾ ਦਾ ਦਿਲ ਪਵਿੱਤ੍ਰ ਨਹੀ ਹੋ ਸਕਦਾ। ਉਹ ਮਨੁੱਖ ਅਨੇਕਾਂ ਕਰਮ ਧਰਮ ਕਰਦੇ ਸੁਪਨੇ ਵਿੱਚ ਵੀ ਕਦੇ ਅਨੰਦਤ ਨਹੀ ਹੋ ਸਕਦੇ। ਅਖੌਤੀ ਨਾਮ ਜਪਣ ਵਾਲਿਆਂ ਦਾ ਇਹ ਵਿਸ਼ਵਾਸ ਹੈ ਕਿ ਨਾਮ ਜਪਣ ਨਾਲ ਹੀ ਮਨ ਪਵਿੱਤ੍ਰ ਹੋਵੇਗਾ ਪਰ ਉਪਰੋਕਤ ਗੁਰਪ੍ਰਮਾਣ ਸਪਸ਼ਟ ਕਰਦਾ ਹੈ ਕਿ ਗੁਰੂ ਦੀ ਸਿਖਿਆ ਤੇ ਚੱਲੇ ਬਿਨਾ ਹਿਰਦਾ ਸ਼ੁੱਧ ਨਹੀ ਹੋ ਸਕਦਾ ਤੇ ਸ਼ੁੱਧ ਹਿਰਦੇ ਨੂੰ ਕਿਸੇ ਜਾਪ ਦੇ ਕਰਮ ਕਾਂਡ ਦੀ ਜ਼ਰੂਰਤ ਹੀ ਨਹੀ ਰਹਿ ਜਾਂਦੀ।

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥ (555)। ਭਾਵ: ਸਾਰਾ ਸੰਸਾਰ ਮੂਹੋਂ ਰਾਮ ਰਾਮ ਆਖਦਾ ਫਿਰਦਾ ਹੈ ਪਰ ਇਸ ਤਰਾਂ ਉਹ ਪਾਇਆ ਨਹੀ ਜਾ ਸਕਦਾ ਕਿਉਂਕਿ ਉਹ ਅਪਹੁੰਚ ਇੰਦ੍ਰੀਆਂ ਦੀ ਪਕੜ ਤੋਂ ਪਰੇ ਹੈ। ਬੜਾ ਵਡ੍ਹਾ ਤੇ ਅਤੁਲ ਹੈ ਜੋ ਤੋਲਿਆ ਨਹੀ ਜਾ ਸਕਦਾ। ਅਗਰ ਇਤਨੀ ਸਪਸ਼ਟ ਕੀਤੀ ਗਲ ਵੀ ਸਮਝ ਨਹੀ ਆ ਰਹੀ ਕਿ ਇੱਕ ਸ਼ਬਦ ਦੇ ਰੱਟਣ ਨਾਲ ਉਹ ਅਗਮ ਅਗੋਚਰ ਪਾਇਆ ਨਹੀ ਜਾ ਸਕਦਾ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅੰਧੇ ਏਕ ਨ ਲਾਗਈ ਜਿਉਂ ਬਾਂਸੁ ਬਜਾਈਐ ਫੂਕ। ਅਗਲੀਆਂ ਪੰਗਤੀਆਂ ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਕਿਵੇਂ ਪਾਇਆ ਜਾ ਸਕਦਾ ਹੈ। ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ॥ ਭਾਵ: ਕਿਸੇ ਉਸਦੀ ਕੀਮਤ ਨਹੀ ਪਾਈ ਤੇ ਨਾ ਉਹ ਕਿਤੋਂ ਖਰੀਦਿਆ ਜਾ ਸਕਦਾ ਹੈ। ਅਗਰ ਗੁਰੂ ਦੇ ਸ਼ਬਦ ਨਾਲ ਮਨ ਵਿਨ੍ਹਿਆ ਜਾਇ (ਭਾਵ ਗੁਰਬਾਣੀ ਮਨ ਵਿੱਚ ਵਸ ਜਾਇ) ਤਾਂ ਉਹ ਪ੍ਰਭੂ ਮਨ ਵਿੱਚ ਆ ਵਸਦਾ ਹੈ। ਇਸ ਤੋਂ ਹੋਰ ਸਿੱਧੀ ਗਲ ਕਿਵੇਂ ਕੀਤੀ ਜਾਵੇ? ਕੀ ਇਹ ਗਲ ਸਮਝਣੀ ਬੜੀ ਕਠਨ ਹੈ ਕਿ ਗੁਰੂ (ਗੁਰਬਾਣੀ) ਦਾ ਮਨ ਵਿੱਚ ਵਸ ਜਾਣਾ ਹੀ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਪਾਉਣਾ ਹੈ, ਇਹੀ ਨਾਮ ਦੀ ਪ੍ਰਾਪਤੀ ਹੈ ਤੇ ਇਹ ਕੋਈ ਕਰਮ ਕਾਂਡ ਨਹੀ ਹੈ? ਕਾਹੂ ਬੋਲ ਨ ਪਹੁਚਤ ਪ੍ਰਾਨੀ॥ ਅਗਮ ਅਗੋਚਰ ਪ੍ਰਭ ਨਿਰਬਾਨੀ॥ (287)। ਭਾਵ: ਮਨੁੱਖ ਕਿਸੇ ਬੋਲਾਂ ਦੁਆਰਾ ਪ੍ਰਭੂ ਤਕ ਨਹੀ ਪਹੁੰਚ ਸਕਦਾ। ਉਹ ਵਡ੍ਹਾ, ਵਾਸਨਾ ਰਹਿਤ ਤੇ ਸ੍ਰੀਰਕ ਇੰਦ੍ਰੀਆਂ ਦੀ ਪਕੜ ਤੋਂ ਬਾਹਰ ਹੈ। ਜਦੋਂ ਕੁਛ ਬੋਲਣ ਨਾਲ ਉਹ ਪਾਇਆ ਹੀ ਨਹੀ ਜਾ ਸਕਦਾ ਤਾਂ ਮੂੰਹ ਨਾਲ ਕੀਤਾ ਜਾਪ ਕਿਸ ਅਰਥ? ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਨੀ॥ ਚਿਤ ਜਿਨ ਕਾ ਹਿਰਿ ਲਇਆ ਮਾਇਆ ਬੋਲਣ ਪਏ ਰਵਾਣੀ॥ (920)। ਭਾਵ: ਹਰੀ ਨਾਮ ਜੀਭ ਨਾਲ ਨਿਤ ਬੋਲਿਆਂ ਭੀ ਉਸ (ਪ੍ਰਭੂ) ਨਾਲ ਸਾਂਝ ਨਹੀ ਪੈਂਦੀ ਕਿਉਂਕਿ ਮਨ ਤਾਂ ਮੋਹ ਮਾਇਆ ਵਿੱਚ ਹੀ ਉਲਝਿਆ ਹੋਇਆ ਹੈ। ਉਹ ਜੋ ਕੁੱਝ ਵੀ ਬੋਲਦੇ ਹਨ ਕੇਵਲ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ। ਸਪਸ਼ਟ ਹੈ ਕਿ ਮੂੰਹ ਨਾਲ ਕੀਤਾ ਜਪਣ ਦਾ ਕਰਮ ਕਾਂਡ ਨਿਸਫਲ ਕਰਮ ਹੈ ਕਿਉਂਕਿ ਜਿਨਾ ਚਿਰ ਮਨ ਗੁਰੂ ਦੀ ਮੱਤ ਤੇ ਚਲ ਕੇ ਪਵਿੱਤ੍ਰ ਨਹੀ ਹੁੰਦਾ, ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਨਹੀ ਹੁੰਦਾ, ਅਉਗਣ ਛੱਡ ਕੇ ਗੁਣਾਂ ਨੂੰ ਧਾਰਨ ਨਹੀ ਕਰਦਾ ਉਤਨੀ ਦੇਰ ਤੱਕ ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ, ਨਾਮ ਜਪਿਆ ਨਹੀ ਜਾ ਸਕਦਾ। ਅਨੇਕਾਂ ਗੁਰ ਪ੍ਰਮਾਣ ਨਾਮ ਦੀ ਪ੍ਰਾਪਤੀ ਦਾ ਸਾਧਨ ਦਰਸਾਉਂਦੇ ਹਨ ਪਰ ਜਿਨ੍ਹਾ ਨੂੰ ਮੋਹ ਮਾਇਆ ਤੇ ਆਪਣੀ ਪ੍ਰਭਤਾ ਦਾ ਰੰਗ ਚੜਿਆ ਹੋਵੇ ਉਹ ਕਦ ਗੁਰੂ ਦੀ ਗਲ ਨੂੰ ਸੁਣਦੇ ਹਨ। ਗੁਰਬਾਣੀ ਫੁਰਮਾਨ ਹੈ:

ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ (759)। ਭਾਵ: ਹੇ ਭਾਈ, ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਹੀ ਇੱਕ ਕੀਮਤੀ ਹਰਿ ਨਾਮ ਪਦਾਰਥ ਹੈ ਜੋ ਗੁਰੂ ਉਸ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ। ਜਿਸਦੇ ਭਾਗਾਂ ਵਿੱਚ ਇਹ ਪ੍ਰਾਪਤੀ ਲਿਖੀ ਹੈ (ਜੋ ਇਸ ਦੀ ਪ੍ਰਾਪਤੀ ਲਈ ਉਦਮ ਕਰਦਾ ਹੈ) ਅਤੇ ਜੋ ਉਸ ਦੀ (ਚਰਣੀ) ਸ਼ਰਨ ਵਿੱਚ ਆਉਂਦਾ ਹੈ ਉਸਨੂੰ ਹੀ ਪ੍ਰਾਪਤ ਹੁੰਦਾ ਹੈ। ਭਾਵ ਇਹੀ ਹੈ ਕਿ ਗੁਰੂ ਦਾ ਗਿਆਨ (ਗੁਰਬਾਣੀ) ਹੀ ਨਾਮ ਹੈ। ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ॥ (37)। ਭਾਵ: ਹੇ ਮੇਰੇ ਮਨ, ਗੁਰੂ ਦੇ ਹੁਕਮ ਵਿੱਚ ਤੁਰ (ਗੁਰਬਾਣੀ ਤੇ ਚੱਲ)। ਜਿਹੜਾ ਮਨੁੱਖ ਗੁਰਬਾਣੀ ਤੇ ਚਲਦਾ ਹੈ ਉਸ ਦਾ ਮਨ ਤੇ ਸਰੀਰ ਸ਼ਾਂਤ (ਅਡੋਲ) ਹੋ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ। ਅਗਰ ਗੁਰਬਾਣੀ ਦਾ ਮਨ ਵਿੱਚ ਵਸ ਜਾਣਾ ਹੀ ਨਾਮ ਦੀ ਪ੍ਰਾਪਤੀ ਹੈ ਤਾਂ ਇੱਕ ਸ਼ਬਦ ਦੇ ਰੱਟਣ ਨਾਲ ਨਾਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਭਾਵ ਇਹੀ ਕਿ ਗੁਰਬਾਣੀ ਹੀ ਨਾਮ ਹੈ। ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥ (797)। ਭਾਵ: ਹੇ ਭਾਈ, ਜਿਸ ਮਨੁੱਖ ਨੂੰ ਗੁਰੂ ਦੀ ਸਿਖਿਆ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਗੁਰੂ ਵਿੱਚ ਲੀਨ ਰਹਿੰਦਾ ਹੈ। ਜੋ ਮਨੁੱਖ ਗੁਰੂ ਦੀ ਬਾਣੀ ਨਾਲ ਸਾਂਝ ਪਾ ਲੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ। ਕੀ ਇਸ ਸਾਧਾਰਨ ਜਿਹੀ ਗਲ ਨੂੰ ਸਮਝਣਾ ਬਹੁਤ ਕਠਨ ਹੈ? ਗੁਰਬਾਣੀ ਹੀ ਨਾਮ ਹੈ ਜਿਸਨੂੰ ਪੜ੍ਹ, ਬੁੱਝ ਕੇ ਮਨ ਵਸਾਉਣਾ (ਭਾਵ ਉਸਤੇ ਚਲਣਾ) ਹੀ ਨਾਮ ਦੀ ਪ੍ਰਾਪਤੀ ਹੈ। ਹੋਰ ਜੰਤ੍ਰ, ਮੰਤ੍ਰ ਤੇ ਤੰਤ੍ਰਾਂ ਦਾ ਜਾਪ ਜਾਂ ਸਿਮਰਨ ਇੱਕ ਵਿਅਰਥ ਕਰਮ ਕਾਂਡ ਤੋਂ ਬਿਨਾ ਹੋਰ ਕੁੱਝ ਵੀ ਨਹੀ। ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ॥ ਨਾਵੈ ਨੋ ਸਭੁ ਲੋਚਦੀ ਗੁਰਮਤੀ ਪਾਇਆ॥ (789)। ਭਾਵ: ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ ਪਰ (ਸ਼ਰਨ ਆਏ ਮਨੁੱਖ ਦਾ ਮਨ) ਗੁਰੂ ਨੇ ਹੀ ਰੋਕ ਕੇ ਰਖਿਆ ਹੈ। ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਲੋਚਾਂ ਕਰਦੀ ਹੈ ਪਰ ਮਿਲਦਾ ਗੁਰੂ ਦੀ ਮਤ ਤੇ ਚੱਲਿਆਂ ਹੀ ਹੈ। ਅਗਰ ਗੁਰੂ ਦਾ ਇਹ ਅਟੱਲ ਫੇਸਲਾ ਹੈ ਕਿ ਗੁਰਮਤਿ ਤੇ ਚੱਲੇ ਬਿਨਾ ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ ਤਾਂ ਇਹ ਅਖੌਤੀ ਨਾਮ ਜਪਣ ਦਾ ਢਕਵੰਜ ਇੱਕ ਥੋਥਾ ਕਰਮ ਕਾਂਡ ਨਹੀ ਤਾਂ ਕੀ ਹੈ?

ਗੁਰਮਤਿ ਨਾਮੁ ਪਰਾਪਤਿ ਹੋਇ॥ ਵਡਭਾਗੀ ਹਰਿ ਪਾਵੈ ਸੋਇ॥ (1175)। ਭਾਵ: ਜਿਹੜਾ ਮਨੁੱਖ ਗੁਰੂ ਦੀ ਮਤ ਲੈਂਦਾ ਹੈ ਉਸ ਨੂੰ ਹੀ ਨਾਮ ਪ੍ਰਾਪਤ ਹੁੰਦਾ ਹੈ। ਉਹ ਵਡਭਾਗੀ (ਉਦਮੀ) ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ। ਅਗਰ ਬਾਰ ਬਾਰ, ਗੁਰਬਾਣੀ ਫੁਰਮਾਨ ਨਾਮ ਦੀ ਵਿਆਖਿਆ “ਗੁਰਬਾਣੀ” ਕਰਦੇ ਹਨ ਤੇ ਗੁਰਬਾਣੀ ਤੇ ਚੱਲਣ ਨੂੰ ਹੀ ਨਾਮ ਜਪਣਾ ਆਖਦੇ ਹਨ ਤਾਂ ਚੌਂਕੜਾ ਮਾਰ ਕੇ ਤੇ ਅੱਖਾਂ ਮੀਟ ਕੇ ਇਹ ਨਾਮ ਜਪਣ ਦਾ ਪਾਖੰਡ ਗੁਰ ਬਚਨਾਂ ਦੀ ਵਿਰੋਧਤਾ ਨਹੀ ਤਾਂ ਕੀ ਹੈ? ਗੁਰ ਉਪਦੇਸਿ ਦਇਆ ਸੰਤੋਖੁ॥ ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ॥ (1152)। ਭਾਵ: ਹੇ ਭਾਈ, ਗੁਰੂ ਦੀ ਸਿਖਿਆ ਉਤੇ ਤੁਰ ਕੇ (ਮਨੁੱਖ ਦੇ ਹਿਰਦੇ ਵਿਚ) ਦਇਆ ਤੇ ਸੰਤੋਖ ਪੈਦਾ ਹੁੰਦਾ ਹੈ ਤੇ ਨਾਮ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ। ਇਹ (ਨਾਮ ਖਜ਼ਾਨਾ ਅਜੇਹਾ) ਪਦਾਰਥ ਹੈ ਜੋ ਜੀਵਨ ਨੂੰ ਪਵਿਤ੍ਰ ਕਰ ਦਿੰਦਾ ਹੈ। ਜਾਂ ਇਉਂ ਕਹਿ ਲਉ ਕਿ ਗੁਰੂ ਦੀ ਸਿਖਿਆ ਹੀ ਨਾਮ ਦਾ ਖਜ਼ਾਨਾ ਹੈ ਕਿਉਂਕਿ ਇਸ ਤੋਂ ਬਿਨਾ ਨਾਮ ਪਦਾਰਥ ਪਾਇਆ ਨਹੀ ਜਾ ਸਕਦਾ ਤੇ ਜੀਵਨ ਪਵਿਤ੍ਰ ਨਹੀ ਹੋ ਸਕਦਾ। ਗੁਣ ਸੰਗ੍ਰਹਿ ਅਉਗਣ ਸਬਦਿ ਜਲਾਇ॥ ਗੁਰਮੁਖਿ ਨਾਮੁ ਪਦਾਰਥ ਪਾਏ॥ (222)। ਭਾਵ: ਜੋ ਮਨੁੱਖ ਗੁਰੂ ਦੀ ਸਿਖਿਆ ਰਾਹੀਂ ਗੁਣਾਂ ਨੂੰ ਧਾਰਨ ਕਰਕੇ ਅਉਗਣਾਂ ਨੂੰ ਆਪਣੇ ਅੰਦਰੋਂ ਸਾੜ ਦਿੰਦਾ ਹੈ ਉਹ ਨਾਮ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ। ਅਗਰ ਗੁਰਬਾਣੀ ਦੁਆਰਾ ਗੁਣਾਂ ਨੂੰ ਧਾਰਨ ਕਰਕੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਅਖੌਤੀ ਨਾਮ ਜਪਣ ਜਾਂ ਸਿਮਰਨ ਦਾ ਕਰਮ ਕਾਂਡ ਨਿਰਾਰਥ ਹੈ। ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ॥ ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ॥ (538)। ਭਾਵ: ਹੇ ਮੇਰੀ ਸੋਹਣੀ ਜਿੰਦੇ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ ਤੇ ਇਹ ਨਾਮ-ਜਲ ਗੁਰੂ ਦੀ ਮਤ ਉਤੇ ਤੁਰਿਆਂ ਹੀ ਮਿਲਦਾ ਹੈ। ਹਉਮੈ ਤੇ ਮੋਹ ਮਾਇਅ ਜ਼ਹਿਰ ਹੈ ਅਤੇ ਇਹ ਜ਼ਹਿਰ ਆਤਮਕ-ਜਲ ਨਾਲ ਲਹਿ ਜਾਂਦੀ ਹੈ। ਹੁਣ ਇਹ ਸਮਝਣ ਵਿੱਚ ਕਿਹੜੀ ਗੁੰਜਲ ਰਹਿ ਜਾਂਦੀ ਹੈ ਕਿ ਗੁਰਬਾਣੀ ਹੀ ਨਾਮ (ਅੰਮ੍ਰਿਤ-ਜਲ) ਹੈ ਜਿਸ ਦੁਆਰਾ ਮੋਹ ਮਾਇਆ ਦੀ ਜ਼ਹਿਰ ਲਹਿਣੀ ਹੈ। ਗੁਰਬਾਣੀ ਨੂੰ ਜਪਣਾ ਜਾਂ ਸਿਮਰਨਾ ਨਹੀ ਬਲਿਕੇ ਪੜ੍ਹ, ਬੁਝ ਕੇ ਮਨ ਵਸਾਵਣਾ (ਉਸ ਉਤੇ ਚਲਣਾ) ਹੈ।

ਘਘੈ ਘਾਲ ਸੇਵਕੁ ਜੋ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥ (432) ਭਾਵ: ਜੇ ਮਨੁੱਖ ਕਰੜੀ ਮਿਹਨਤ ਨਾਲ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜੇ (ਭਾਵ ਗੁਰਬਾਣੀ ਤੇ ਚੱਲਦਿਆਂ) ਸੁਖ ਦੁਖ ਨੂੰ ਇਕੋ ਜਿਹਾ ਜਾਣੇ (ਬੱਸ) ਇਹੀ ਇੱਕ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਤਰੀਕੇ ਨਾਲ) ਜਪਿਆ ਜਾਂ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਇਸ ਫੇਸਲੇ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ। ਨਾਮ ਦੀ ਪ੍ਰਾਪਤੀ ਵਾਲਿਆਂ ਨੂੰ ਸਵਾਲ ਹੋਇਆ: ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੀ ਕੰਤੁ॥ (1384) ਸਵਾਲ ਬੜਾ ਹੀ ਅਹਿਮ ਤੇ ਸਪਸ਼ਟ ਹੈ ਕਿ ਉਹ ਕਿਹੜਾ ਅੱਖਰ ਹੈ, ਕਿਹੜਾ ਗੁਣ ਹੈ, ਕਿਹੜਾ ਸ਼ਰੋਮਣੀ ਮੰਤ੍ਰ ਹੈ ਤੇ ਕਿਹੜਾ ਵੇਸ ਹੈ ਜਿਸ ਦੇ ਕਰਨ ਨਾਲ ਮੇਰਾ ਖਸਮ (ਪ੍ਰਭੂ) ਮੇਰੇ ਵੱਸ ਵਿੱਚ ਆ ਜਾਏ? ਹੁਣ ਇਸ ਦੇ ਜਵਾਬ ਵਿੱਚ ਨਾਮ ਅਤੇ ਉਸਦੇ ਜਪਣ ਦੀ ਵਿਧੀ ਆ ਜਾਣੀ ਚਾਹੀਦੀ ਹੈ ਪਰ ਜਵਾਬ ਵਿੱਚ ਫੁਰਮਾਨ ਹੈ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ ਭਾਵ: ਨਿਉਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਰੋਮਣੀ ਮੰਤ੍ਰ ਹੈ। ਜੇ ਇਹ ਤਿੰਨ ਵੇਸ ਕਰ ਲਵੇਂ ਤਾਂ ਖਸਮ (ਪ੍ਰਭੂ) ਤੇਰੇ ਵਸ ਵਿੱਚ ਆ ਜਾਏਗਾ। ਇਥੇ ਤਾਂ ਕਿਤੇ ਕਿਸੇ ਅਖੌਤੀ ਨਾਮ ਜਪਣ ਜਾਂ ਸਿਮਰਨ ਦਾ ਵਰਨਨ ਨਹੀ ਹੋਇਆ ਹਾਲਾਂ ਕੇ ਸਵਾਲ ਨਾਮ ਤੇ ਉਸਦੇ ਜਪਣ ਦੀ ਵਿਧੀ ਦੀ ਮੰਗ ਕਰਦਾ ਹੈ। ਜਿਸ ਨੇ ਅੱਖਾਂ ਹੀ ਬੰਦ ਕਰ ਲਈਆਂ ਹੋਵਣ ਉਸਨੂੰ ਰੌਸ਼ਨੀ ਕਿਵੇਂ ਨਜ਼ਰ ਆ ਸਕਦੀ ਹੈ? ਕਿਸੁ ਹਉ ਸੇਵੀ ਕਿਅ ਜਪੁ ਕਰੀ ਸਤਗੁਰ ਪੂਛਉ ਜਾਇ॥ (34)। ਸਵਾਲ ਫਿਰ ਸਿੱਧਾ ਉਹੀ ਹੈ ਜੋ ਪਹਿਲਾਂ ਸੀ। ਮੈ ਕਿਸ ਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ? ਪਰ ਬੜੀ ਅਜੀਬ ਗਲ ਹੈ ਕਿ ਇਥੇ ਵੀ “ਵਾਹਿਗੁਰੂ” ਸ਼ਬਦ ਦੇ ਰੱਟਣ ਦਾ ਆਦੇਸ਼ ਨਹੀ ਦਿੱਤਾ ਗਿਆ। ਗੁਰ ਫੁਰਮਾਨ ਹੈ: ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ ਭਾਵ: ਗੁਰੂ ਦੇ ਹੁਕਮ (ਗੁਰਬਾਣੀ) ਤੇ ਚੱਲ ਕੇ ਅੰਦਰੋਂ ਹੳਮੈ ਨੂੰ ਦੂਰ ਕਰਨਾ ਹੈ। ਇਹੀ ਸੇਵਾ ਤੇ ਚਾਕਰੀ ਹੈ ਜਿਸ ਦੁਆਰਾ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਅਜੇਹੇ ਹੋਰ ਅਨੇਕਾਂ ਗੁਰ ਪ੍ਰਮਾਣ ਹਨ ਜੋ ਸਪਸ਼ਟ ਕਰਦੇ ਹਨ ਕਿ ਗੁਰਬਾਣੀ ਅਨੁਸਾਰ ਚੱਲਣਾ ਹੀ ਗੁਰਸਿੱਖ ਦਾ ਨਾਮ ਜਪਣਾ ਜਾਂ ਸਿਮਰਨਾ ਹੈ ਜੋ ਕੋਈ ਕਰਮ ਕਾਂਡ ਨਹੀ ਹੈ ਅਤੇ ਜੋ ਅਨਦਿਨ ਤੇ ਅੱਠੇ ਪਹਿਰ ਹੋ ਸਕਦਾ ਹੈ। ਅਖੌਤੀ ਨਾਮ ਜਪਣ ਵਾਲੇ ਐਸੇ ਗੁਰ ਪ੍ਰਮਾਣਾਂ ਨੂੰ ਜਾਨਣਾ ਵੀ ਨਹੀ ਚਹੁੰਦੇ ਕਿਉਂਕਿ ਇਸ ਨਾਲ ਉਹਨਾਂ ਦੀ ਹਉਮੈ ਤੇ ਪ੍ਰਤਿਸ਼ਟਾ ਨੂੰ ਬਹੁਤ ਚੋਟ ਪਹੁੰਚਦੀ ਹੈ ਪਰ ਇਹ ਸਚਾਈ ਸਦਾ ਨਹੀ ਛੁਪੀ ਰਹਿ ਸਕਦੀ “ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ” ਤੇ ਅੱਜ ਨਹੀ ਤਾਂ ਕੱਲ ਇਹ ਪਾਜ ਖੁਲ ਕੇ ਹੀ ਰਹੇਗਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ ਯੂ. ਕੇ.




.