.

ਆਸਤਕ ਨਾਸਤਕ- 1

“ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤ ਮਾਰਤੰਡ ਦੇ ਪੰਨਾ 619 ਤੇ ਨਾਸਤਿਕ ਦੀ ਵਿਆਖਿਆ ਕਰਦਿਆਂ ਲਿਖਿਆ ਹੈ: ਜੋ ਸਰਬ ਵਿਆਪੀ ਕਰਤਾਰ ਦੀ ਹੋਂਦ ਅਤੇ ਕਰਮ ਫਲ਼ ਦਾ ਵਿਸ਼ਵਾਸ਼ੀ ਨਹੀਂ ਉਹ ਨਾਸਤਿਕ ਹੈ, ਪਰ ਸਭ ਨਾਸਤਿਕਾਂ ਦਾ ਸਰਦਾਰ ਉਹ ਹੈ ਜੋ ਆਪਣੇ ਤਾਂਈ ਆਸਤਿਕ ਪ੍ਰਗਟ ਕਰਦਾ ਹੋਇਆ ਪੂਰਾ ਨਾਸਤਿਕ ਹੈ”।

ਨਾਸਤਿਕ (ਮਹਾਨ ਕੋਸ਼) - ‘ਈਸ਼ਵਰ ਹੈ ਨਹੀਂ, ਇਹ ਮੰਨਣ ਵਾਲਾਜੋ ਪਰਲੋਕ ਅਤੇ ਪਰਮੇਸ਼੍ਵਰ ਨੂੰ ਨਹੀਂ ਮੰਨਦਾ Athiest.

ਆਸਤਿਕ (ਮਹਾਨ ਕੋਸ਼) - ਕਰਤਾਰ ਦੀ ਹਸਤੀ ਨੂੰ ਮੰਨਣ ਵਾਲਾ ਪਰਲੋਕ ਦਾ ਨਿਸਚਾ ਰੱਖਣ ਵਾਲਾTheist.

ਸੋ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ:

‘ਪਰਮੇਸ਼ਰ ਦੀ ਹਸਤੀ’, ‘ਪਰਲੋਕ’, ‘ਕਰਮਫਲ਼’ ਨੂੰ ਮੰਨਣ ਵਾਲ਼ਾ ਆਸਤਿਕ ਹੈ ਅਤੇ ਪਰਮੇਸ਼ਰ ਦੀ ਹਸਤੀ, ਪਰਲੋਕ, ਕਰਮ-ਫਲ਼ ਨੂੰ ਨਾ ਮੰਨਣ ਵਾਲਾ ਨਾਸਤਿਕ ਹੈ।

ਵੈਸੇ ਤਾਂ ਪਰਮੇਸ਼੍ਵਰ, ਪਰਲੋਕ, ਕਰਮਫਲ਼ ਆਦਿ ਲਫਜ਼ਾਂ ਵਿੱਚ ਲੁਕਵੇਂ ਜਾਂ ਗੁੱਝੇ ਅਰਥ ਕੋਈ ਨਹੀਂ ਬੜੇ ਸਾਫ਼ ਅਤੇ ਸਿੱਧੇ ਜਿਹੇ ਅਰਥ ਹਨ, ਜੋ ਕਿ ਇੱਥੇ ਦੁਹਰਾਉਣ ਦੀ ਵੀ ਕੋਈ ਜਰੂਤ ਨਹੀਂ ਲੱਗਦੀ। ਪਰ ਜਿਸ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਹੈ- ‘ਸਭ ਨਾਸਤਿਕਾਂ ਦਾ ਸਰਦਾਰ ਉਹ ਹੈ ਜੋ ਆਪਣੇ ਤਾਈਂ ਆਸਤਿਕ ਪ੍ਰਗਟ ਕਰਦਾ ਹੋਇਆ ਪੂਰਾ ਨਾਸਤਿਕ ਹੈ’

ਅਜੋਕੇ ਕਈ ਗੁਰਬਾਣੀ ਦੇ ਵਿਆਖਿਆਕਾਰ ਵਿਦਵਾਨ ਜਾਹਰਾ ਤੌਰ ਤੇ ਤਾਂ ਇਨ੍ਹਾਂ ਤਿੰਨਾਂ ਗੱਲਾਂ ਨੂੰ ਮੰਨਦੇ ਲੱਗਦੇ ਹਨ। ਅਰਥਾਤ ਆਪਣੇ ਆਪ ਨੂੰ ‘ਪੂਰੇ ਆਸਤਕ ਦਰਸਾਉਂਦੇ ਹਨ ਪਰ ਅਸਲ ਵਿੱਚ ਉਹ ਇਨ੍ਹਾਂ ਤਿੰਨਾਂ ਹੀ ਗੱਲਾਂ ਤੋਂ ਮੁਨਕਰ ਹਨ। ਜਿੱਥੇ ਵੀ ਗੁਰਬਾਣੀ ਵਿੱਚ ‘ਪਰਮੇਸ਼੍ਵਰ ਦੀ ਹਸਤੀ, ਕਰਮ-ਫਲ਼, ਪਰਲੋਕ ਆਦਿ ਦਾ ਜ਼ਿਕਰ ਆਉਂਦਾ ਹੈ ਉਨ੍ਹਾਂ ਦੇ ਆਪਣੇ ਹੀ ਅਰਥ/ ਭਾਵਾਰਥ ਪੇਸ਼ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਅਰਥ ਅਸਲ ਅਰਥਾਂ ਤੋਂ ਉਲਟ ਹੀ ਨਿਕਲਦਾ ਹੈ। ਸੋ ਇਨ੍ਹਾਂ ਤਿੰਨਾਂ ਹੀ ਲਫਜ਼ਾਂ ਬਾਰੇ ਵਿਚਾਰ ਕਰਨੀ ਜਰੂਰੀ ਹੈ।

ਪਰਮੇਸ਼੍ਵਰ- ਗੁਰਮਤਿ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼੍ਵਰ ਹੈ। ਪਰ ਅਜੋਕੇ ਕਈ ਵਿਦਵਾਨਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ। ਉਹ ਹਰ ਗੱਲ ਨੂੰ ਵਿਗਿਆਨ ਦੀ ਨਜ਼ਰ ਨਾਲ ਦੇਖਣਾ ਚਾਹੁੰਦੇ ਹਨ। ਉਨ੍ਹਾਂ ਅਨੁਸਾਰ ਪਰਮਾਤਮਾ ਦੇ ਕੋਈ ਹੱਥ-ਪੈਰ ਨਹੀਂ ਹਨ ਇਸ ਲਈ ਉਹ ‘ਕਰਤਾ’ ਅਤੇ ‘ਪੁਰਖ’ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਲਈ ਕਿਸੇ ਮਜਬੂਰੀ ਕਾਰਣ ਇਹ ਅਜੋਕੇ ਵਿਦਵਾਨ ਪਰਮਾਤਮਾ ਦੀ ਹਸਤੀ ਨੂੰ ਮੰਨਣ ਦੀ ਗੱਲ ਤਾਂ ਕਰਦੇ ਹਨ, ਪਰ ਨਾਲ ਹੀ ਪਰਮਾਤਮਾ ਕੀ ਹੈ ਅਤੇ ਕਿਹੋ ਜਿਹਾ ਹੈ ਇਸ ਦੀ ਪਰਿਭਾਸ਼ਾ ਸਮਝਾਉਣ ਲੱਗੇ ਉਹ ‘ਰੱਬ’ ਨੂੰ ‘ਰੱਬੀ ਨਿਯਮਾਵਲੀ’ ਜਾਂ ‘ਰੱਬੀ ਕਾਨੂੰਨ’ ਆਦਿ ਕਹਿਣਾ ਜਿਆਦਾ ਪਸੰਦ ਕਰਦੇ ਹਨ। ਜਿਸ ਨਾਲ ਉਹ ਇਹ ਪ੍ਰਭਾਵ ਪਾਉਣਾ ਚਾਹੁੰਦੇ ਹਨ ਕਿ ਸਭ ਕਾਸੇ ਦਾ ਕਰਤਾ (ਕੋਈ) ਪਰਮਾਤਮਾ ਨਹੀਂ, ਬਲਕਿ ਸਭ ਕੁੱਝ ਨਿਯਮਬੱਧ ਤਰੀਕੇ ਨਾਲ ਆਪਣੇ ਆਪ ਹੀ ਹੋਈ ਜਾਂਦਾ ਹੈ।

ਗੁਰਮਤਿ ਅਨੁਸਾਰ ਪਰਮਾਤਮਾ-

ਕਰਤਾ ਹੈ, ਪੁਰਖ ਹੈ- “…. ਕਰਤਾ ਪੁਰਖੁ

ਉਹ, ਆਪਣੇ ਆਪ ਤੋਂ ਹੀ ਪਰਗਟ ਹੋਇਆ ਹੈ- “ਅਜੂਨੀ ਸੈਭੰ

ਉਹ, ਜਗ ਰਚਨਾ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਤੋਂ ਹੈ, ਹੁਣ ਭੀ ਹੈ, ਹਮੇਸ਼ਾਂ ਰਹੇਗਾ- “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”

ਉਹ, ਅੰਤਰਜਾਮੀ ਹੈ- “ਤੂ ਘਟਿ ਘਟਿ ਰਵਿਆ ਅੰਤਰਜਾਮੀ॥” ਪ-96

ਸਰਬ ਵਿਆਪਕ ਹੈ- “ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋਊ” ਪ-535

ਅਵਿਨਾਸ਼ੀ ਹੈ- “ਪ੍ਰਭ ਅਵਿਨਾਸੀ ਅਲਖ ਅਭੇਵਾ॥” ਪ-805

ਸਾਰੇ ਗੁਣਾਂ ਨਾਲ ਭਰਪੂਰ ਹੈ- “ਸਭ ਗੁਣ ਕਿਸ ਹੀ ਨਾਹਿ ਹਰਿ ਪੂਰਿ ਭੰਡਾਰੀਆ॥” ਪ-241

ਕਰਮ/ ਰਹਿਮਤ/ ਮਿਹਰ ਕਰਨ ਵਾਲ਼ਾ ਹੈ-

“ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ॥” ਪ-159

“ਰਹਿਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥” ਪ-724

“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜ ਆਵੈ ਰਾਸ॥” ਪ-44

ਦਾਤਾ ਹੈ- “ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ॥” ਪ-45

ਕੀਤੇ ਚੰਗੇ ਮਾੜੇ ਕਰਮਾਂ ਦਾ ਨਿਆਉਂ ਕਰਨ ਵਾਲਾ ਹੈ- “ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥” ਪ-89

ਬਖਸ਼ੰਦ ਹੈ- “ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ ਰਹਾਉ॥” ਪ-681

ਰਖਿਆ ਕਰਨ ਵਾਲਾ ਹੈ- “ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥” ਪ-103

ਸੂਖਮ ਵੀ ਹੈ ਅਤੇ ਸਥੂਲ ਵੀ ਹੈ- “ਆਪਹਿ ਸੂਖਮ ਆਪਹਿ ਅਸਥੂਲਾ॥” ਪ-250

ਕਿਸੇ ਦੀ ਸਲਾਹ ਨਾਲ, ਜਾਂ ਕਿਸੇ ਤੋਂ ਪੁੱਛ ਕੇ ਕੋਈ ਕੰਮ ਨਹੀਂ ਕਰਦਾ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ- “ਬੀਓ ਪੂਛਿ ਨ ਮਸਲਤਿ ਧਰੈ॥ ਜੋ ਕਿਛੁ ਕਰੈ ਸੁ ਆਪਹਿ ਕਰੈ॥” ਪ- 863

ਉਸ ਤੋਂ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ- “ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ॥” ਪ-36

“ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ॥” ਪ-48

ਸੋ; ਕਰਤਾ, ਸੈਭੰ, ਅੰਤਰਜਾਮੀ, ਸਾਰੇ ਗੁਣਾਂ ਦਾ ਮਾਲਕ, ਰਹਿਮ-ਕਰਮ-ਮਿਹਰ ਕਰਨ ਵਾਲ਼ਾ, ਦਾਤਾ, ਬਖਸ਼ੰਦ ਆਦਿ ਸਾਰੇ ਗੁਣ ਕਿਸੇ ਪੁਰਖ ਦੇ ਹੀ ਹੋ ਸਕਦੇ ਹਨ, ਅਤੇ ਗੁਰਮਤਿ ਅਨੁਸਾਰ ਉਹ ਆਕਾਰ ਰਹਿਤ ਹੈ, ਪਰ ‘ਪੁਰਖ’ ਹੈ। ਬੱਸ ਇਹੀ ਇੱਕ ਛੋਟੀ ਜਿਹੀ ਗੱਲ ਕਿ ਉਹ ‘ਪੁਰਖ’ ਹੈ ਇਹ ਗੱਲ ਕੁੱਝ ਅਜੋਕੇ ਵਿਦਵਾਨ ਪ੍ਰਚਾਰਕ ਮੰਨਣ ਲਈ ਤਿਆਰ ਨਹੀਂ। ਜਿਸ ਦੇ ਕਾਰਣ ਉਨ੍ਹਾਂਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਆਪਣੇ ਹੀ ਅਰਥ ਘੜ ਕੇ ਵਿਖਿਆਨ ਕਰਨੇ ਪੈ ਰਹੇ ਹਨ। ਇੱਥੇ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਉੱਪਰ ਦੱਸੇ ਗਏ ਪਰਮਾਤਮਾ ਦੇ ਸਾਰੇ ਗੁਣ ਨਾ ਤਾਂ ਕੋਈ ‘ਨਿਯਮ’ ਹਨ ਅਤੇ ਨਾਂ ਹੀ ਕਿਸੇ ‘ਨਿਯਮ ਅਧੀਨ’ ਹਨ।

ਅਜੋਕੇ ਗੁਰਮਤਿ ਪ੍ਰਚਾਰਕ ਵਿਦਵਾਨਾਂ ਅਨੁਸਾਰ ਪਰਮਾਤਮਾ ਦਾ ਕੀ ਸਰੂਪ ਹੈ, (ਪੇਸ਼ ਹਨ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਕੁੱਝ ਅੰਸ਼):-

“ਸਿੱਖੀ ਵਿੱਚ ਪਰਮਾਤਮਾ ਨਾ ਤਾਂ ਜੰਮਦਾ ਹੈ, ਨਾ ਹੀ ਉਸਦਾ ਕੋਈ ਸਰੂਪ ਹੈ। ਤੇ ਨਾ ਹੀ ਉਸ ਦੀ ਕੋਈ ਮੂਰਤ ਹੈ। ਪਰਮਾਤਮਾ ਦੀ ਵਿਆਖਿਆ ਗੁਰੂ ਸਾਹਿਬ ਜੀ ਨੇ ਸਦੀਵਕਾਲ ਨਿਯਮਾਵਲੀ ਦੇ ਰੂਪ ਵਿੱਚ ਕੀਤੀ ਹੈ”।

“ਹਾਥਿ ਦੇਇ ਰਾਖੈ ਅਪਨੇ ਕਉ’ - ਅਰਥ: ਜਦੋਂ ਪਰਮਾਤਮਾ ਦਾ ਕੋਈ ਸਰੂਪ ਹੀ ਨਹੀਂ ਹੈ ਤਾਂ ਫਿਰ ਉਸ ਦਾ ਹੱਥ ਕਿਵੇਂ ਹੋ ਸਕਦਾ ਹੈ? ਤਾਂ ਫਿਰ ਇਸ ਦਾ ਭਾਵ ਅਰਥ ਲਵਾਂਗੇ ਪਰਮਾਤਮਾ ਦਾ ‘ਇਸ਼ਾਰਾ’ ਜਾਂ ਉਸ ਦੀ ਬਣਾਈ ਹੋਈ ਸਦੀਵਕਾਲ ਨਿਯਮਾਵਲੀ। ਜਿਸ ਵਿੱਚ ਚੱਲਿਆਂ ਰੱਬ ਜੀ ਦੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ। ਰੱਬ ਜੀ ਦੇ ਕਾਨੂੰਨ ਅਨੁਸਾਰ ਸਾਡੀ ਹਰ ਸਵਾਸ ਨਾਲ ਸੰਭਾਲ ਹੋ ਰਹੀ ਹੈ। ਅਸੀਂ ਰੱਬੀ ਨਿਯਮਾਵਲੀ ਨੂੰ ਜਾਂ ਉਸ ਦੇ ਬਣਾਏ ਹੋਏ ਕਨੂੰਨਾਂ ਨੂੰ ਸਮਝ ਲਿਆ ਹੈ ਤਾਂ ਫਿਰ ਦੁਖਾਂ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ”।

“ਰੱਬੀ ਗੁਣਾਂ ਜਾਂ ਉਸ ਦੇ ਨਿਯਮਾਂ ਵਿੱਚ ਚੱਲਣ ਵਾਲੇ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹਰ ਖੁਸ਼ੀ-ਗ਼ਮੀ, ਝੱਖੜ-ਹਨੇਰੀ, ਹੜ੍ਹ-ਤੁਫ਼ਾਨ, ਵਾਧਾ-ਘਾਟਾ, ਜਨਮ-ਮੌਤ, ਸਭ ਰੱਬ ਦੀ ਸਦੀਵ-ਕਾਲ ਬਣਾਈ ਨਿਯਮਾਵਲੀ ਵਿੱਚ ਹੀ ਚੱਲਦੇ ਹਨ”।

(ਨੋਟ ਕੀਤਾ ਜਾਵੇ ਕਿ ਹਨੇਰੀ, ਝੱਖੜ, ਤੁਫਾਨ ਆਦਿ ਇਹੀ ਹੈ ਰੱਬੀ ਨਿਯਮਾਵਲੀ ਇਨ੍ਹਾਂ ਅਜੋਕੇ ਵਿਦਵਾਨਾਂ ਅਨੁਸਾਰ। ਇਹੀ ਗੁਣ ਔਗੁਣ ਪਛਾਣ ਕੇ ਉਸ ਤੇ ਚੱਲਣਾ। ਜੇ ਇਹੀ ਰੱਬ ਦੀ ਪਰਿਭਾਸ਼ਾ ਹੈ ਤਾਂ ਇਹ ਗੱਲਾਂ ਤਾਂ ਨਾਸਤਿਕ ਵੀ ਮੰਨਦੇ ਹਨ, ਜੋ ਇਹ ਕਹਿੰਦੇ ਹਨ ਕਿ ਕੋਈ ‘ਰੱਬ’ ਨਹੀਂ ਹੈ, ਸਭ ਕੁਦਰਤੀ ਨਿਯਮਾਂ ਅਧੀਨ ਆਪੇ ਹੀ ਚੱਲ ਰਿਹਾ ਹੈ। ਤਾਂ ਫੇਰ ਰੱਬ ਨੂੰ ਮੰਨਣ ਵਾਲਿਆਂ ਆਸਤਕਾਂ ਅਤੇ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ਨਾਸਤਕਾਂ ਵਿੱਚ ਕੀ ਫਰਕ ਹੈ? ਇਹੀ ਕਿ ਅਜੋਕੇ ਗੁਰਮਤਿ ਦੇ ਵਿਦਵਾਨ ਲਫਜ ‘ਰੱਬੀ’ ਨਿਯਮਾਵਲੀ ਵਰਤਦੇ ਹਨ ਪਰ ਅਸਲ ਭਾਵ ਤਾਂ ਬਣੇ ਬਣਾਏ ਨਿਯਮ ਹੀ ਨਿਕਲਦਾ ਹੈ)।

“ਆਪੇ ਕਾਰਣੁ ਜਿਨਿ ਕੀਆ, ਕਰਿ ਕਿਰਪਾ ਪਗੁ ਧਾਰਿ॥” ਤੁਕ ਵਿੱਚ “ਕਰਿ ਕਿਰਪਾ” ਦੇ ਅਰਥ ਸਮਝਾਏ ਜਾਂਦੇ ਹਨ- “ਕਰਿ ਕਿਰਪਾ = ਰੱਬੀ ਕਨੂੰਨ ਅਨੁਸਾਰੀ ਹੋ ਕੇ ਚੱਲਣਾ ਉਸ ਦੀ ਕਿਰਪਾ ਹੈ”।

(ਨੋਟ ਕੀਤਾ ਜਾਵੇ ਕਿ ਅਰਥ ਕਰਨ ਲੱਗਿਆਂ ਇੱਥੇ ‘ਰੱਬੀ’ ਅਤੇ ‘ਕਿਰਪਾ’ ਲਫ਼ਜ਼ ਜਰੂਰ ਵਰਤ ਲਏ ਗਏ ਹਨ ਅਸਲ ਵਿੱਚ ਇਨ੍ਹਾਂ ਲਫਜ਼ਾਂ ਦਾ ਕੋਈ ਮਕਸਦ ਇੱਥੇ ਨਹੀਂ ਬਣਦਾ। ਅਤੇ ਪਾਠਕਾਂ /ਸ਼ਰੋਤਿਆਂ ਤੇ ਵੀ ਇਹੀ ਪ੍ਰਭਾਵ ਪੈਂਦਾ ਹੈ ਕਿ ‘ਰੱਬ’ ਅਤੇ ਉਸ ਦੀ ‘ਕਿਰਪਾ’ ਕੁੱਝ ਨਹੀਂ, ਜੋ ਕੁਦਰਤੀ ਨਿਯਮ ਹਨ ਉਨ੍ਹਾਂ ਦਾ ਪਾਲਣ ਕਰਨਾ ਹੈ। ਪਰ ਯਾਦ ਰਹੇ ਕਿ ਕਿਰਪਾ ਕਿਸੇ ਕਾਨੂੰਨ ਅਧੀਨ ਨਹੀਂ ਹੁੰਦੀ)।

“ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥” ਦੇ ਅਰਥ ਸਮਝਾਏ ਜਾਂਦੇ ਹਨ- “ਕਰਤਾਰ ਦੀ ‘ਨਦਰ’ ਉਹਦਾ ਆਪਣਾ ਕਨੂੰਨ ਹੈ। ਸ਼ਬਦ ਦੀ ਵਿਚਾਰ ਨਾਲ ਕੁਦਰਤ ਦੀਆਂ ਰਮਜ਼ਾਂ ਦੇ ਗੁਣਾਂ ਦਾ ਪਤਾ ਚੱਲਦਾ ਹੈ। ਨਦਰਿ ਤੇਰੀ ਵਿੱਚ ਸੁਖ ਪਾਇਆ’ ਗੁਰ ਦੀ ਮੱਤ ਜੋ ਸ਼ਬਦ ਦੀ ਵਿਚਾਰ ਵਿੱਚੋਂ ਨਿਕਲਦੀ ਹੈ, ਅਨੁਸਾਰੀ ਹੋ ਤੁਰਨ ਵਿੱਚ ਸੁੱਖ ਦੀ ਪਰਾਪਤੀ ਹੈ”।

ਇੱਥੇ ਵੀ ਨੋਟ ਕੀਤਾ ਜਾਵੇ ਕਿ- ‘ਨਦਰ’ ਨੂੰ ਵੀ ਬਣੇ ਬਣਾਏ ਕੁਦਰਤੀ ਨਿਯਮਾਂ, ਕਾਨੂੰਨਾਂ ਵਿੱਚ ਬੰਨ੍ਹ ਦਿੱਤਾ ਗਿਆ ਹੈ। ਜਾਣੀ ਕਿ ਕੁਦਰਤ ਜਾਂ ਦੇਸ਼ ਸਮਾਜ ਦੇ ਜੋ ਕਾਨੂੰਨ/ ਨਿਯਮ ਬਣੇ ਹੋਏ ਹਨ ਉਹੀ ਸਭ ਕੁੱਝ ਪਛਾਣ ਕੇ ਵਿਚਰਨਾ ਹੈ। ਰੱਬ (ਪੁਰਖ) ਦੀ ਆਪਣੀ ਕੋਈ ਮਰਜੀ ਜਾਂ ਹੋਰ ਕੋਈ ‘ਨਦਰ’ ਨਹੀਂ ਹੈ। ਅਤੇ ਕੁਦਰਤ ਦੇ ਨਿਯਮ, ਕਾਨੂੰਨ ਸਮਝਣ ਲਈ ਵਿਗਿਆਨ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਹੈ, ਜੋ ਕਿ ਬਹੁਤ ਸਾਰੇ ਨਾਸਤਿਕ ਪੜ੍ਹ ਵੀ ਰਹੇ ਹਨ ਅਤੇ ਉਨ੍ਹਾਂ ਨਿਯਮਾਂ ਤੇ ਚੱਲਦੇ ਹੋਏ ਬ੍ਰਹਮੰਡ ਦੀਆਂ ਖੋਜਾਂ ਵੀ ਕਰ ਰਹੇ ਹਨ। ਜਿਨ੍ਹਾਂਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ। ਦੂਸਰੇ ਲਫ਼ਜ਼ਾਂ ਵਿੱਚ ਰੱਬੀ/ ਕੁਦਰਤੀ ਨਿਯਮ ਸਮਝਣ ਲਈ ਵਿਗਿਆਨਕ ਬਣਨ ਦੀ ਜਰੂਰਤ ਹੈ। ਗੁਰਬਾਣੀ ਪੜ੍ਹਕੇ ਗੁਰਮੁਖ ਬਣਨ ਦੀ ਨਹੀਂ। ਇੱਥੇ ਥੋੜ੍ਹੀ ਜਿਹੀ ਗੁਰਮੁਖ ਅਤੇ ਮਨਮੁਖ ਬਾਰੇ ਵੀ ਵਿਚਾਰ ਦੇਣੀ ਜਰੂਰੀ ਹੈ। ਗੁਰਮੁਖ ਅਤੇ ਮਨਮੁਖ ਦੀ ਪਰਿਭਾਸ਼ਾ ਸਮਝਾਉਂਦੇ ਹੋਏ ਇੱਕ ਵਿਦਵਾਨ ਜੀ ਲਿਖਦੇ ਹਨ- “ਭਾਰਤ ਵਿੱਚ ਸੜਕੀ ਆਵਾਜਾਈ ਲਈ ਖੱਬੇ ਹੱਥ ਤੁਰਨ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਆਪਣੀ ਮੱਤ ਪਿੱਛੇ ਤੁਰਨ ਵਾਲਾ ਖੱਬੇ ਹੱਥ ਤੁਰਨ ਦੀ ਬਜਾਏ ਸੱਜੇ ਹੱਥ ਤੁਰਨ ਦਾ ਯਤਨ ਕਰੇਗਾ ਤਾਂ ਕੁਦਰਤੀ ਤੇਜ਼ ਗੱਡੀਆਂ ਦੀ ਮਾਰ ਹੇਠਾਂ ਆ ਕੇ ਹਸਪਤਾਲ ਦੇ ਬਿਸਤਰਿਆਂ ਨੂੰ ਭਾਗ ਲਾਏਗਾ- ‘ਮਨਮੁੱਖ’ ਭੁਲੇ ਪਚਿ ਮੁਏ ਉਬਰੇ ਗੁਰ ਬੀਚਾਰਿ॥” ਜਾਣੀ ਕਿ ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਤੇ ਚੱਲਣ ਵਾਲਾ ਗੁਰਮੁੱਖ ਅਤੇ ਦੇਸ਼ ਸਮਾਜ ਦੇ ਕਾਨੂੰਨ ਤੋੜਨ ਵਾਲਾ ਮਨਮੁੱਖ।

‘ਅੰਤਰਜਾਮੀ ਪੁਰਖ ਬਿਧਾਤੇ’ ਦੇ ਅਰਥ ਸਮਝਾਏ ਜਾਂਦੇ ਹਨ- “ਕੋਈ ਡਾਕਟਰ ਆਪਣੀ ਕੀਤੀ ਹੋਈ ਪੜ੍ਹਾਈ ਦੇ ਜਰੀਏ, ਮਰੀਜ ਦੀ ਨਬਜ਼ ਫੜ ਕੇ ਉਸ ਦੀ ਬਿਮਾਰੀ ਬਾਰੇ ਦੱਸ ਦਿੰਦਾ ਹੈ, ਇਹ ਉਸ ਡਾਕਟਰ ਦੀ ਅੰਤਰਜਾਮਤਾ ਹੈ। ਕੋਈ ਅਧਿਆਪਕ ‘ਆਪਣੇ ਤਜਰਬੇ ਦੇ ਆਧਾਰ ਤੇ’ ਦੱਸ ਦਿੰਦਾ ਹੈ ਕਿ ਏਸ ਸਾਲ ਕਿੰਨੇ ਬੱਚੇ ਪਾਸ ਹੋਣਗੇ। ਇਹ ਉਸ ਅਧਿਆਪਕ ਦੀ ਅੰਤਰਜਾਮਤਾ ਹੈ”।

(ਨੋਟ ਕਰੋ- ਇੱਥੇ ਵੀ ਜੋ ਵਿਅਕਤੀ ਜਿਹੜੀ ਪੜ੍ਹਾਈ ਕਰਕੇ ਉਸ ਦਾ ਮਾਹਰ ਹੋ ਜਾਂਦਾ ਹੈ ਇਹੀ ਉਸ ਦੀ ਅੰਤਰਜਾਮਤਾ ਹੈ, ਜਾਣੀ ਕਿ ਦੁਨਿਆਵੀ ਪੜ੍ਹਾਈਆਂ ਪੜ੍ਹਕੇ ਉਸ ਪੜ੍ਹਾਈ ਦੇ ਮਾਹਰ, ਅੰਤਰਜਾਮੀ ਬਣਨਾ ਹੈ। (ਕਿਸੇ) ਪਰਮਾਤਮਾ ਦੀ ਕੋਈ ਅੰਤਰਜਾਮਤਾ ਨਹੀਂ।

‘ਰੱਬ’ ਨੂੰ ‘ਰੱਬੀ ਨਿਯਮਾਵਲੀ’ ਦੱਸਣ ਵਾਲੇ ਵਿਦਵਾਨਾਂ ਦੇ ਸੰਬੰਧ ਵਿੱਚ ਨਰੈਣ ਸਿੰਘ ਸਾਬਕਾ ਮੈਨੇਜਰ ਗੁ: ਨਨਕਾਣਾ ਸਾਹਿਬ, ਆਪਣੀ ਪੁਸਤਕ ‘ਸਿੱਖ ਵੀਰਾਂ ਨੂੰ ਹਲੂਣਾ-1987’ ਵਿੱਚ ਲਿਖਦੇ ਹਨ:

“ਦੂਜੇ ਬੰਨੇ ਸਾਡੇ ਅਜੋਕੇ ਵਿਦਵਾਨ ਅਤੇ ਸਿੱਖ ਸਿਧਾਂਤ ਅਤੇ ਇਤਿਹਾਸ ਦੀ ਰੀਸਰਚ ਕਰ ਰਹੇ ਸੱਜਣ ਹਨ, ਜਿਨ੍ਹਾਂਦੀ ਵਿਦਵਤਾ ਦਾ ਸਾਡੇ ਮਨਾਂ ਵਿੱਚ ਸਤਿਕਾਰ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਥਾਹ ਭੰਡਾਰ ਅੰਦਰ ਗੁਹਜ ਪਏ ਅਮੋਲਕ ਰਤਨਾਂ ਤੇ ਲਾਲਾਂ ਨੂੰ ਖੋਜ ਕੇ ਗੁਰਮਤਿ ਬਾਰੇ ਜਨਤਾ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਗੁਰ-ਇਤਿਹਾਸ ਅੰਦਰ ਘੁਲ-ਮਿਲੀਆਂ ਐਸੀਆਂ ਗੱਲਾਂ, ਜੋ ਗੁਰੂ ਸਿਧਾਂਤ ਦੇ ਵਿਰੋਧ ਵਾਲੀਆਂ ਹਨ, ਦੀ ਛਾਂਟਾ-ਛਾਂਟੀ ਕੀਤੀ ਜਾਣ ਦੇ ਸੁਝਾਵ ਦੇਣ। ਪਰ ਜੇਕਰ ਇਹ ਵਿਦਵਾਨ ਕੇਵਲ ਆਪਣੀ ਵਿਦਵਤਾ ਚਮਕਾਉਣ ਲਈ ਕੋਈ ਨਵੀਨ ਪਰ ਸਿੱਧੀ ਪੁੱਠੀ ਗੱਲ ਕਰਨ, ਜੋ ਗੁਰਮਤਿ ਦੇ ਮੁੱਢਲੇ ਅਸੂਲਾਂ ਦਾ ਹੀ ਘਾਣ ਕਰਦੀ ਹੋਵੇ, ਤਾਂ ਇਹ ਉਨ੍ਹਾਂ ਦੀ ਵਿਦਵਤਾ ਨਹੀਂ ਸਗੋਂ ਆਪਣੀ ਜਹਾਲਤ ਦਰਸਾਉਣ ਦੀ ਗੱਲ ਹੋਵੇਗੀ। ਦੁਨੀਆਂ ਜਾਣਦੀ ਹੈ ਕਿ ਗੁਰੂ ਨਾਨਕ ਦਾ ਧਰਮ ਵਾਹਿਦ, ਲਾ-ਸ਼ਰੀਕ, ਇੱਕ ਅਕਾਲ ਦੀ ਉਪਾਸ਼ਨਾ ਦ੍ਰਿੜ ਕਰਵਾਉਂਦਾ ਹੈ, ਜੋ ਸਭ ਕਿਸੇ ਦਾ ਕਰਤਾ ਹਰਤਾ ਹੈ, ਜੋ ਕੁਦਰਤ ਦਾ ਕਾਦਰ ਹੈ, ਅਜੂਨੀ ਹੈ ਅਤੇ ਕਿਸੇ ਦਾ ਪੈਦਾ ਕੀਤਾ ਜਾਂ ਬਣਾਇਆ ਹੋਇਆ ਨਹੀਂ, ਜਿਸ ਦਾ ਨਿਰੂਪਣ ਗੁਰੂ ਜੀ ਨੇ ‘ੴ’ ਕਹਿਕੇ ਕੀਤਾ ਹੈ। ਪਰ ਜੇ ਕੋਈ ਵਿਦਵਾਨ ਆਪਣੀ ਨਵੀਨਤਾ ਦੱਸਣ ਲਈ ‘ੴ’ ਦਾ ਅਰਥ ਇੱਕ ਕੁਦਰਤ (One Nature) ਕਹਿਕੇ ਅਤੇ ਗੁਰੂ ਨਾਨਕ ਸਿਧਾਂਤ ਨੂੰ ਪ੍ਰਸਾਰਨ ਦੀਆਂ ਦਾਅਵੇਦਾਰ ਸੰਸਥਾਵਾਂ ‘ੴ’ ਦੇ ਅਜਿਹੇ ਅਰਥਾਉਣ ਨੂੰ ਪ੍ਰਚਾਰਨ ਤਾਂ ਇਹ ਗੁਰੂ ਨਾਨਕ ਦੇ ਸਿਧਾਂਤ ਨਾਲ ਕਿੰਨਾ ਅਨਿਆਂ ਹੋਵੇਗਾ। ਗੁਰੂ ਨਾਨਕ ਦਾ ਤਾਂ ਫੁਰਮਾਨ ਹੈ:

ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥

ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੁੰਨ ਉਪਾਇਦਾ॥ 1॥ (1037) ਅਤੇ

“ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿੱਠੋ ਚਾਉ॥ 1॥ (463)

ਤਾਂ ਉਕਤ ਵਿਆਖਿਆਕਾਰ ਦੀ ‘ੴ ‘ਦੀ ਵਿਆਖਿਆ ‘(One Nature)’ ਕਹਿਕੇ ਕਰਨੀ ਸਿੱਖੀ ਦੇ ਮੁਢਲੇ ਤੱਤ ਨੂੰ ਉਲਟ ਪੁਲਟ ਕਰਨਾ ਨਹੀਂ ਤਾਂ ਹੋਰ ਕੀ ਹੈ? ਅਜਿਹੇ ਵਿਦਵਾਨਾਂ ਦੀ ਸਿੱਖੀ ਦੀ ਰੂਪ-ਰੇਖਾ ਵਿਗਾੜਨ ਵਾਲੀ ਖੋਜ ਦੀ ਕਰੜੀ ਅਲੋਚਨਾ ਸਾਰੇ ਸਿੱਖ ਸੰਸਾਰ ਅੰਦਰ ਹੋਣੀ ਚਾਹੀਦੀ ਹੈ, ਤਾਂ ਕਿ ਹੋਰ ਖੋਜੀ ਸੱਜਣ ਗੁਰਮਤਿ ਦੇ ਸਿਧਾਂਤ ਇਸ ਤਰ੍ਹਾਂ ਗ਼ਲਤ ਪੇਸ਼ ਕਰਨ ਦਾ ਹੌਂਸਲਾ ਨਾ ਕਰ ਸਕਣ”।

ਇਸ ਉੱਪਰ ਦਿੱਤੇ ਕਥਨ ਅਨੁਸਾਰ ਹੀ ਅਜੋਕੇ ਕਈ ਵਿਦਵਾਨ ‘ੴ’ ਨੂੰ ਆਪਣੇ ਹੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਸੱਜਣ (ਡਾ: … ਸਿੰਘ ਜੀ) ਮੁਤਾਬਕ ‘ੴ’ ਨੂੰ ‘ਇਕ ਓਅੰਕਾਰ’ ਨਾ ਉਚਾਰ ਕੇ ‘ਇੱਕ ਓ ਬੇਅੰਤ/ ਇੱਕ ਓਹ ਬੇਅੰਤ ਜਾਂ ਇੱਕ ਓਹ ਅਨੰਤ’ ਉਚਾਰਨਾ ਚਾਹੀਦਾ ਹੈ। ਇੱਕ ਹੋਰ ਸੱਜਣ ਜੀ ਮੁਤਾਬਕ ‘ੴ’ ਨੂੰ ‘ਇੱਕੋ ੋ ੋ ੋ’ ਉਚਾਰਨਾ ਚਾਹੀਦਾ ਹੈ।

ਜੇ ਰੱਬ ਦੀ ਪਰਿਭਾਸ਼ਾ ਦੱਸਣ ਲੱਗੇ ਅਰਥ “ਰੱਬੀ ਨਿਯਮਾਵਲੀ” ਕਰੀਏ ਤਾਂ ਗੁਰਬਾਣੀ ਦੇ ਬਹੁਤ ਸਾਰੇ ਸਿਧਾਂਤ ਝੂਠੇ ਸਾਬਤ ਹੁੰਦੇ ਹਨ। ਜਿਵੇਂ ਕਿ ‘ਕਰਤਾ’ ‘ਪੁਰਖ’ ‘ਸੈਭੰ’ ‘ਅੰਤਰਯਾਮੀ’ ‘ਰਹਿਮ, ਮਿਹਰ, ਕਰਮ ਕਰਨ ਵਾਲ਼ਾ’ ‘ਦਾਤਾ’ ਬਖਸ਼ੰਦ’ ‘ਆਪੇ ਸੂਖਮ ਆਪੇ ਅਸਥੂਲ’ ਆਦਿ ਬਹੁਤ ਸਾਰੇ ਗੁਰਬਾਣੀ ਵਿੱਚ ਦਰਸਾਏ ਗਏ ਪ੍ਰਭੂ ਦੇ ਗੁਣ ‘ਨਿਯਮਾਵਲੀ’ ਅਧੀਨ ਨਹੀਂ ਆਉਂਦੇ।

‘ਰੱਬ’ ਨੂੰ ‘ਰੱਬੀ ਨਿਯਮਾਵਲੀ’ ਜਾਂ ‘(One Nature)’ ਦੱਸਣ ਵਾਲੇ ਇਨ੍ਹਾਂ ਵਿਦਵਾਨ ਸੱਜਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਕੁਦਰਤ ਦੀ (ਰੱਬੀ) ਨਿਯਮਾਵਲੀ’, ਬ੍ਰਹਮੰਡ ਦਾ ਪਸਾਰਾ ਹੋਣ ਵੇਲੇ ਹੋਂਦ ਵਿੱਚ ਆਈ ਸੀ (ਪਸਾਰਾ ਹੋਣ ਤੋਂ ਪਹਿਲਾਂ ਕੋਈ ਕੁਦਰਤ ਨਹੀਂ ਸੀ), ਜਦਕਿ ਗੁਰਮਤਿ ਅਨੁਸਾਰ ਪ੍ਰਭੂ ਸੰਸਾਰ ਰਚਨਾ ਤੋਂ ਪਹਿਲਾਂ ਤੋਂ ਹੀ ਮੌਜੂਦ ਹੈ। ਬਲਕਿ ‘ਕੁਦਰਤੀ ਨਿਯਮਾਵਲੀ’ ਬਨਾਉਣ ਵਾਲਾ ਵੀ ਪਰਮਾਤਮਾ ਹੈ। ਅਜੋਕੇ ਕਈ ਪੜ੍ਹੇ ਲਿਖੇ ਵਿਦਵਾਨ ਇਸ ਗੱਲ ਨੂੰ ਸਮਝਣ ਵਿੱਚ ਉਕਾਈ ਖਾ ਰਹੇ ਹਨ ਜਾਂ ਆਪਣੀ ਬਣ ਚੁੱਕੀ ਕਿਸੇ ਸੋਚ ਅਧੀਨ ਜਾਣਬੁੱਝ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਪਰਮਾਤਮਾ ‘ਕਰਤਾ’ ਹੈ, ਅਤੇ ‘ਕੁਦਰਤੀ ਨਿਯਮਾਵਲੀ’ ਉਸ ਦੀ ‘ਕ੍ਰਿਤ’ ਹੈ।

ਅਜੋਕੇ ਵਿਦਵਾਨਾਂ ਅਨੁਸਾਰ ਜੇ ਕਿਸੇ ਚੀਜ ਦਾ ਪ੍ਰਤੱਖ ਸਬੂਤ ਨਹੀਂ ਹੈ ਤਾਂ ਇਸ ਦਾ ਮਤਲਬ ਉਸ ਚੀਜ ਦੀ ਕੋਈ ਹੋਂਦ ਹੀ ਨਹੀਂ ਹੈ।

ਪਰ ਜਿਸ ਦਾ ਕੋਈ ਭੌਤਿਕ ਵਜੂਦ ਜਾਂ ਕੋਈ ਆਕਾਰ ਹੀ ਨਹੀਂ ਹੈ ਉਸ ਨੂੰ ਭੌਤਿਕ ਤਰੀਕੇ ਨਾਲ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ? ਦੂਸਰੇ ਪਾਸੇ ਇਹ ਵੀ ਸਵਾਲ ਉਠਾਇਆ ਜਾ ਸਕਦਾ ਹੈ ਕਿ ਜੇ ਉਸ ਨੂੰ ਕਿਸੇ ਭੌਤਿਕ ਤਰੀਕੇ ਨਾਲ ਦੇਖਿਆ ਜਾਂ ਸਾਬਿਤ ਹੀ ਨਹੀਂ ਕੀਤਾ ਜਾ ਸਕਦਾ ਤਾਂ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਉਸ ਦੀ ਕੋਈ ਹੋਂਦ ਹੈ, ਜਦ ਕਿ ਜਾਹਰਾ ਤੌਰ ਤੇ ਸਭ ਕੁੱਝ ਕੁਦਰਤ ਦੇ ਬਝਵੇਂ ਨਿਯਮਾਂ ਅਧੀਨ ਆਪੇ ਹੁੰਦਾ ਪ੍ਰਤੱਖ ਨਜ਼ਰ ਆ ਰਿਹਾ ਹੈ?

ਵੈਸੇ ਤਾਂ ਇਹ ਜਿਆਦਾ ਕਰਕੇ ਵਿਸ਼ਵਾਸ਼ ਦੀ ਗੱਲ ਹੈ ਪਰ ਮੈਂ ਇੱਥੇ ਕੋਰੇ ਵਿਸ਼ਵਾਸ਼ ਦੀ ਗੱਲ ਨਹੀਂ ਕਰਾਂਗਾ।

ਇਹ ਬ੍ਰਹਮੰਡ ਰਚਨਾ ਬਿੱਗ-ਬੈਂਗ ਨਾਲ ਹੋਂਦ ਵਿੱਚ ਆਈ। ਕਰੋੜਾਂ ਸਾਲ ਪਹਿਲਾਂ ਹੋਏ ਬਿੱਗ-ਬੈਂਗ ਨੂੰ ਕਿਸੇ ਨੇ ਨਹੀਂ ਦੇਖਿਆ, ਪਰ ਫਿਰ ਵੀ ਸਾਰੇ ਵਿਦਵਾਨ ਇਸ ਗੱਲ ਨੂੰ ਸਹੀ ਮੰਨਦੇ ਹਨ। ਵਿਗਿਆਨੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਬ੍ਰਹਮੰਡ ਰਚਨਾ ਬਿੱਗ-ਬੈਂਗ ਤੋਂ ਹੋਂਦ ਵਿੱਚ ਆਈ? ਉਸ ਇਸ ਤਰ੍ਹਾਂ ਕਿ ਵਿਗਿਆਨ ਦੀ ਪੜ੍ਹਾਈ ਮੁਤਾਬਕ ਇਹੀ ਤੱਥ ਸਾਹਮਣੇ ਆਉਂਦੇ ਹਨ।

ਜਿਸ ਤਰ੍ਹਾਂ ‘ਬਿੱਗ-ਬੈਂਗ’ ਵਰਗੀਆਂ ਅਣਦੇਖੀਆਂ ਗੱਲਾਂ ਮੰਨਣ ਲਈ ਵਿਗਿਆਨ ਦੀ ਆਪਣੀ ਪੜ੍ਹਾਈ ਹੈ। ਇਸੇ ਤਰ੍ਹਾਂ ਅਧਿਆਤਮ ਅਤੇ ਸੂਖਮਤਾ ਨਾਲ ਸੰਬੰਧਤ ਗੱਲਾਂ ਬਾਰੇ ਆਪਣੀ ਵੱਖਰੀ ਪੜ੍ਹਾਈ, ਵੱਖਰੀ ਸੋਚ ਹੈ। ਦੋਨਾਂ ਪੜ੍ਹਾਈਆਂ ਨੂੰ ਆਪਸ ਵਿੱਚ ਮਿਕਸ ਨਹੀਂ ਕੀਤਾ ਜਾ ਸਕਦਾ। ਵਿਗਿਆਨ ਅਤੇ ਅਧਿਆਤਮ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ ਪਰ ਆਪਸ ਵਿੱਚ ਕੋਈ ਵਿਰੋਧ ਵੀ ਨਹੀਂ ਹੈ। ਦੋਨੋਂ ਵਿੱਸ਼ੇ ਹੀ ਵੱਖ ਵੱਖ ਹਨ। ਯਾਦ ਰਹੇ ਕਿ ਉਸ ਪਰਮਾਤਮਾ ਨੂੰ ਇਸ ਕੁਦਰਤ ਦੇ ਜਰੀਏ ਹੀ ਪਛਾਨਣਾ ਹੈ ਪਰ ਕੁਦਰਤ ਹੀ ਰੱਬ ਨਹੀਂ ਕੁਦਰਤ ਨੂੰ ਬਨਾਉਣ ਵਾਲਾ ਰੱਬ ਹੈ। ਅਰਥਾਤ ‘ਰੱਬ’ ਇਸ ਕੁਦਰਤ ਤੋਂ ਵੀ ਅੱਗੇ ਦੀ ਗੱਲ ਹੈ। ਉਸ ਦੇ ਦਿੱਤੇ ਹੋਏ ਨੂੰ ਹੀ ਰੱਬ ਨਹੀਂ ਸਮਝਣਾ, ਦੇਣ ਵਾਲੇ ਨੂੰ ਪਛਾਨਣਾ ਹੈ।

ਪਰਮਾਤਮਾ ਦਾ ਕੋਈ ਭੌਤਿਕ ਵਜੂਦ ਹੀ ਨਹੀਂ ਤਾਂ ਕਿਸ ਤਰ੍ਹਾਂ ਸਾਬਤ ਹੋਵੇ ਕਿ ਉਸ ਦੀ ਕੋਈ ਹੋਂਦ ਵੀ ਹੈ?

ਸਭ ਤੋਂ ਪਹਿਲੀ ਅਹਿਮ ਅਤੇ ਵੱਡੀ ਗੱਲ ਇਹ ਹੈ ਕਿ ਵਿਗਿਆਨ ਮੁਤਾਬਕ ਸੰਸਾਰ ਤੇ ਕੁੱਝ ਵੀ ਆਪਣੇ ਆਪ ਤੋਂ ਹੋਂਦ ਵਿੱਚ ਨਹੀਂ ਆ ਸਕਦਾ ਪਰ ਬ੍ਰਹਮੰਡ ਦਾ ਅਰਬਾਂ ਖਰਬਾਂ ਟਨ ਭਾਰ ਦਾ ਪਦਾਰਥ ਅਤੇ ਹਜਾਰਾਂ ਹੀ ਪ੍ਰਕਾਸ਼ ਸਾਲ ਦੂਰੀ ਤੱਕ ਫੈਲੇ ਹੋਏ ਪਦਾਰਥ ਨੂੰ ਆਪਾਂ ਪ੍ਰਤੱਖ ਦੇਖ ਰਹੇ ਹਾਂ। ਪਰ ਵਿਗਿਆਨੀਆਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਏਨਾਂ ਪਦਾਰਥ ਕਿੱਥੋਂ ਆ ਗਿਆ? (ਨੋਟ- ਅਰਬਾਂ ਖਰਬਾਂ ਬਹੁਤ ਬਹੁਤ ਛੋਟਾ ਲਫਜ਼ ਹੈ ਬ੍ਰਹਮੰਡ ਦੇ ਸਾਰੇ ਪਦਾਰਥ ਅਤੇ ਪਸਾਰੇ ਬਾਰੇ ਬਿਆਨ ਕਰਨ ਲਈ)। ਏਨਾਂ ਪਦਾਰਥ ਕਿਤੋਂ ਤਾਂ ਆਇਆ ਹੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਾਰੀ ਰਚਨਾ ਉਸ ਪ੍ਰਭੂ ਨੇ ਹੀ ਆਪਣੇ ਆਪ ਤੋਂ ਕੀਤੀ ਹੈ। “ਆਪੀਨ੍ਹੇ ਆਪ ਸਾਜਿਓ”। ਅਤੇ ਸਾਰੀ ਰਚਨਾ ਸੁੰਨ/ ਸ਼ੂਨ੍ਯ/ ਜ਼ੀਰੋ/ ਕੁੱਝ ਵੀ ਨਹੀਂ, ਤੋਂ ਪੈਦਾ ਕੀਤੀ ਹੈ। ਸੋ ਇਸ ਬ੍ਰਹਮੰਡ ਦੀ ਰਚਨਾ ਕਰਨ ਵਾਲਾ ‘ਪਰਮਾਤਮਾ’ ਹੈ।

ਜੀਵਾਂ ਦੇ ਸਰੀਰਾਂ ਦੀਆਂ ਬਣਤਰਾਂ ਦੇਖੋ, ਅੱਖਾਂ, ਨੱਕ, ਕੰਨ, ਮੂੰਹ, ਸਰੀਰਾਂ ਦੇ ਅੰਦਰ ਦੀ ਬਣਤਰ, ਭੋਜਨ ਖਾਣ ਦੀ, ਇਸ ਨੂੰ ਹਜਮ ਕਰਨ ਦੀ, ਹਜਮ ਹੋ ਕੇ ਸਰੀਰ ਦੇ ਹਰ ਹਿੱਸੇ ਨੂੰ ਜਰੂਰਤ ਅਨੁਸਾਰ ਪੂਰੀ ਮਿਕਦਾਰ ਵਿੱਚ ਹਰ ਚੀਜ ਦੇ ਪਹੁੰਚਣ ਦੀ ਵਿਵਸਥਾ, …, ਇਨਸਾਨੀ ਦਿਮਾਗ਼, ਜੋ ਆਪਣੇ ਆਪ ਸੋਚ ਕੇ ਨਿਰਣੇ ਲੈ ਸਕਦਾ ਹੈ। ਦੁਨੀਆਂ ਵਿੱਚ ਅੱਜ ਤੱਕ ਇਨਸਾਨੀ ਦਿਮਾਗ ਵਰਗਾ ਕੰਪੀਊਟਰ ਕੋਈ ਤਿਆਰ ਨਹੀਂ ਕਰ ਸਕਿਆ। ਮਨ ਦੁਆਰਾ ਦਿਮਾਗ਼ ਨੂੰ ਪਹੁੰਚ ਚੁੱਕੇ ਸੰਕੇਤਾਂ (Impulses) ਨਾਲ ਬਨਾਵਟੀ ਹੱਥ, ਪੈਰ ਆਦਿ ਚਲਾਏ ਜਾ ਸਕਣ ਬਾਰੇ ਤਾਂ ਤਜਰਬੇ ਚੱਲ ਰਹੇ ਹਨ, ਜਿਸ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਵੀ ਹੋ ਚੁੱਕੀ ਹੈ। ਪਰ ਆਪਣੇ ਆਪ ਤੋਂ ਫੁਰਨੇ ਫੁਰ ਸਰਣ ਐਸੀ ਕੋਈ ਮਸ਼ੀਨ/ Robot ਅਜੇ ਤੱਕ ਹੋਂਦ ਵਿੱਚ ਨਹੀਂ ਆਇਆ ਅਤੇ ਨਾ ਹੀ ਮੇਰੇ ਵਿਚਾਰ ਅਨੁਸਾਰ ਐਸਾ ਹੋਣਾ ਸੰਭਵ ਹੈ।

ਬਹੁਤ ਸਾਰੇ ਵਿਦਵਾਨਾਂ ਨੂੰ ਇਸ ਗੱਲ ਬਾਰੇ ਗ਼ਲਤ-ਫਹਿਮੀ ਹੈ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਤੇ ਜੀਵਨ ਪਾਣੀ ਵਿੱਚੋਂ ‘ਕਾਈ’ ਦੇ ਰੂਪ ਵਿੱਚ ਪੈਦਾ ਹੋਇਆ। ਜੋ ਕਿ ਵਿਕਸਿਤ ਹੁੰਦਾ ਹੋਇਆ ਅੱਜ ਦੇ ਇਨਸਾਨ ਦੇ ਰੂਪ ਵਿੱਚ ਬਦਲ ਗਿਆ।

ਡਾਰਵਿਨ ਦੀ ਵਿਕਾਸ ਫਲੌਸਫੀ (Evolution theory) ਵਿੱਚ ਬਹੁਤ ਸਾਰੀਆਂ ਖਾਮੀਆਂ ਹਨ। ਸਾਰੀਆਂ ਖਾਮੀਆਂ ਬਾਰੇ ਇੱਥੇ ਗੱਲ ਕਰਨੀ ਵਾਜਿਬ ਨਹੀਂ। ਕੇਵਲ ਇੱਕ ਨੁਕਤੇ ਤੇ ਹੀ ਗੱਲ ਕਰ ਰਿਹਾ ਹਾਂ। ਜੇ ਇਨਸਾਨੀ ਸਰੀਰ ਅਤੇ ਦਿਮਾਗ ਕਿਸੇ ਹੋਰ ਜੀਵ ਤੋਂ ਵਿਕਸਿਤ ਹੋ ਕੇ ਅੱਜ ਦੇ ਰੂਪ ਵਿੱਚ ਬਦਲਿਆ ਹੁੰਦਾ ਤਾਂ, ਇਨਸਾਨੀ ਦਿਮਾਗ ਅੱਜ ਜਿਸ ਸਥਿਤੀ ਵਿੱਚ ਹੈ, ਇਹ ਵਿਕਸਿਤ ਹੋਣ ਦੀ ਚਰਮ ਸੀਮਾਂ ਤੇ ਹੋਣਾ ਚਾਹੀਦਾ ਸੀ, ਲੇਕਿਨ ਐਸਾ ਨਹੀਂ ਹੈ। ਵਿਦਵਾਨਾਂ ਦੀਆਂ ਖੋਜਾਂ ਅਨੁਸਾਰ ਇਨਸਾਨ ਦਾ ਦਿਮਾਗ ਜਿੰਨਾਂ ਹੈ ਇਹ ਇਸ ਦਾ ਵੱਧ ਤੋਂ ਵੱਧ 10% ਹੀ ਇਸਤੇਮਾਲ ਕਰਦਾ ਹੈ, ਉਹ ਵੀ ਕੋਈ ਕੋਈ ਵਿਰਲਾ ਹੀ ਬਹੁਤ ਜਿਆਦਾ ਸੂਝਵਾਨ ਵਿਅਕਤੀ ਹੀ ਅੱਠ-ਦਸ ਪ੍ਰਤੀਸ਼ਤ ਦਿਮਾਗ ਇਸਤੇਮਾਲ ਕਰਦਾ ਹੈ। ਜੇ ਇਨਸਾਨੀ ਦਿਮਾਗ ਕਿਸੇ ਹੋਰ ਜੀਵ ਤੋਂ ਵਿਕਸਿਤ ਹੋ ਕੇ ਅੱਜ ਦੇ ਰੂਪ ਵਿੱਚ ਆਇਆ ਹੁੰਦਾ ਤਾਂ 90% ਹਿੱਸਾ ਜੋ ਕਿ ਅੱਜ ਤੱਕ ਕਦੇ ਕਿਸੇ ਜੀਵ ਜਾਂ ਇਨਸਾਨ ਨੇ ਇਸਤੇਮਾਲ ਹੀ ਨਹੀਂ ਕੀਤਾ ਉਹ Evolution theory ਅਨੁਸਾਰ ਕਿਸ ਤਰ੍ਹਾਂ Evolve, ਵਿਕਸਿਤ ਹੋ ਗਿਆ?

ਇਹ ਗੱਲ ਜਰੂਰ ਹੈ ਕਿ ਇਨਸਾਨ ਨੂੰ ਪਹਿਲਾਂ ਬਹੁਤ ਹੀ ਘੱਟ ਸੋਝੀ ਰਹੀ ਹੋਵੇਗੀ, ਅਤੇ ਸਰੀਰ ਦੀ ਬਣਤਰ ਵੀ ਅੱਜ ਦੀ ਬਣਤਰ ਨਾਲੋਂ ਬਹੁਤ ਭਿੰਨ ਰਹੀ ਹੋਵੇਗੀ। ਬਾਅਦ ਵਿੱਚ ਹੌਲੀ ਹੌਲੀ ਇਸ ਦੇ ਸਰੀਰ ਦੀ ਬਣਤਰ ਵਿੱਚ ਫਰਕ ਆ ਗਿਆ ਅਤੇ ਸੋਚਣ ਸ਼ਕਤੀ ਵਿੱਚ ਵਾਧਾ ਹੋ ਗਿਆ। ਜੇ ਮੈਂ ਠੀਕ ਸੋਚ ਰਿਹਾ ਹਾਂ ਕਿ ਇਨਸਾਨ ਕਿਸੇ ਹੋਰ ਜੀਵ ਤੋਂ ਵਿਕਸਿਤ ਹੋ ਕੇ ਇਨਸਾਨ ਨਹੀਂ ਬਣਿਆ ਤਾਂ ਜਾਹਰ ਹੈ ਕਿ ਹੋਰ ਜੀਵ ਵੀ ਵਿਕਾਸ ਸਿਧਾਂਤ ਅਨੁਸਾਰ ਕਿਸੇ ਇੱਕ ਸੈੱਲ ਵਾਲੇ ਜੀਵ ਤੋਂ ਵਿਕਸਿਤ ਹੋ ਕੇ ਅੱਜ ਦੇ ਰੂਪ ਵਿੱਚ ਨਹੀਂ ਆਏ। ਤਾਂ ਫੇਰ ਸੋਚਣ ਵਾਲੀ ਗੱਲ ਹੈ ਕਿ ਏਨੇ ਕਿਸਮ ਕਿਸਮ ਦੇ ਜੀਵ ਕਿਸ ਤਰ੍ਹਾਂ ਹੋਂਦ ਵਿੱਚ ਆ ਗਏ?

ਬਿਨਾਂ ਕਿਸੇ ਉਚੇਚ ਦੇ ਅਤੇ ਬਿਨਾਂ ਧਿਆਨ ਦਿੱਤਿਆਂ ਆਪਣੀਆਂ ਅੱਖਾਂ ਆਪਣੇ ਆਪ ਸੁਤੇ ਹੀ ਝਪਕਦੀਆਂ ਰਹਿੰਦੀਆਂ ਹਨ। ਉਹ ਕਿਉਂ? ਉਹ ਇਸ ਲਈ ਕਿ ਖੁੱਲੀਆਂ ਅੱਖਾਂ ਵਿੱਚ ਹਵਾ ਦੇ ਨਾਲ ਬਰੀਕ ਬਰੀਕ ਕਣ ਵੀ ਅੱਖਾਂ ਦੇ ਸੰਪਰਕ ਵਿੱਚ ਆਉਂਦੇ ਰਹਿੰਦੇ ਹਨ। ਅੱਖਾਂ ਵਿੱਚ ਉੱਪਰਲੇ ਪਾਸਿਓਂ ਪਾਣੀ ਆ ਕੇ ਅਤੇ ਅੱਖਾਂ ਝਪਕਣ ਨਾਲ ਇਨ੍ਹਾਂ ਦੇ ਲੈਂਸ ਸਾਫ ਹੁੰਦੇ ਰਹਿੰਦੇ ਹਨ। ਏਨਾਂ ਹੀ ਨਹੀਂ ਇਹ ਪਾਣੀ ਕੁੱਝ ਨਮਕੀਨ ਜਿਹਾ ਹੁੰਦਾ ਹੈ, ਜੋ ਕਿ ਅੱਖਾਂ ਦੇ ਸੰਪਰਕ ਵਿੱਚ ਆਏ ਛੋਟੇ ਛੋਟੇ ਜੀਵਾਣੂਆਂ ਨੂੰ ਮਾਰਨ ਦਾ ਗੁਣ ਰੱਖਦਾ ਹੈ ਅਤੇ ਜੀਵਾਣੂ ਨਾਲ ਦੀ ਨਾਲ ਮਰ ਕੇ ਡਰੇਨ ਹੁੰਦੇ ਰਹਿੰਦੇ ਹਨ। ਅੱਖਾਂ ਦੀ ਬਣਤਰ, ਇਨ੍ਹਾਂ ਦਾ ਕੰਮ ਕਰਨਾ, ਇਨ੍ਹਾਂ ਦੀ ਆਪਣੇ ਆਪ ਦੇਖ-ਭਾਲ ਹੁੰਦੀ ਰਹਿਣੀ, ਇਹ ਸਭ ਕੁੱਝ ਕਿਸੇ ਵਿਕਾਸ ਪ੍ਰਣਾਲੀ ਦਾ ਨਤੀਜਾ ਨਹੀਂ ਬਲਕਿ ਕਿਸੇ ਸੂਜਵਾਨ ਕਾਰੀਗਰ (ਕਰਤਾ ਪੁਰਖ) ਦਾ ਹੀ ਕੰਮ ਹੋ ਸਕਦਾ ਹੈ।

ਇਕ ਮਿਸਾਲ ਹੋਰ- ਤਕਰੀਬਨ ਸਾਰੇ ਜੀਵਾਂ ਦੇ ਦੋ ਅੱਖਾਂ ਦੋ ਕੰਨ ਹਨ। ਜਦੋਂ ਕਿ ਆਪਾਂ ਇੱਕ ਅੱਖ ਨਾਲ ਵੀ ਦੇਖ ਸਕਦੇ ਹਾਂ ਅਤੇ ਇੱਕ ਕੰਨ ਨਾਲ ਵੀ ਸੁਣ ਸਕਦੇ ਹਾਂ, ਤਾਂ ਫਿਰ ਇਹ ਦੋ-ਦੋ ਕਿਉਂ ਹਨ? ਉਹ ਇਸ ਲਈ ਕਿ ਜਦੋਂ ਆਪਣੀ ਨਜ਼ਰ ਕਿਸੇ ਚੀਜ ਤੇ ਪੈਂਦੀ ਹੈ ਤਾਂ ਉਸ ਚੀਜ ਨੂੰ ਇੱਕ ਅੱਖ ਨੇ ਕਿੰਨੇ ਸਮੇਂ ਵਿੱਚ ਦੇਖਿਆ ਅਤੇ ਦੂਸਰੀ ਨੇ ਕਿੰਨੇ ਸਮੇਂ ਵਿੱਚ ਅਤੇ ਦੋਨਾਂ ਅੱਖਾਂ ਦਾ ਆਪਸ ਵਿੱਚ ਕਿੰਨਾ ਫਾਸਲਾ ਹੈ, ਇਸ ਸਭ ਕਾਸੇ ਬਾਰੇ ਦਿਮਾਗ (ਟ੍ਰਿਗਨੋਮੈਟਰੀ ਦੇ ਹਿਸਾਬ ਨਾਲ) ਕੈਲਕੁਲੇਸ਼ਨ ਕਰਕੇ ਦੱਸਦਾ ਹੈ ਕਿ ਸਾਹਮਣੇ ਦੇਖੀ ਗਈ ਚੀਜ ਕਿੰਨੇਂ ਕੁ ਫਾਸਲੇ ਤੇ ਹੈ। ਇਹੀ ਗੱਲ ਕੰਨਾਂ ਦੀ ਹੈ ਅਤੇ ਇਸੇ ਤਰੀਕੇ ਨਾਲ ਆਪਾਂ ਅੰਦਾਜਾ ਲਗਾਂਦੇ ਹਾਂ ਕਿ ਕੋਈ ਸੁਣੀ ਗਈ ਆਵਾਜ ਕਿੰਨੀ ਕੁ ਦੂਰੋਂ ਅਤੇ ਕਿਸ ਪਾਸਿਓਂ ਆਈ ਹੈ।

ਤਿੰਨ ਚਾਰ ਸਾਲ ਦੀ ਉਮਰ ਵਿੱਚ ਬੱਚਾ ਜਿਸ ਨੇ ਅਜੇ ਕੋਈ ਪੜ੍ਹਾਈ ਨਹੀਂ ਸਿੱਖੀ ਹੁੰਦੀ, ਇਹ ਅੰਦਾਜਾ ਲਗਾਣਾ ਸਿੱਖ ਜਾਂਦਾ ਹੈ ਕਿ ਸਾਹਮਣੇ ਕੋਈ ਚੀਜ ਕਿੰਨੀ ਕੁ ਦੂਰੀ ਤੇ ਹੈ। ਅੱਜ ਤੋਂ ਚਾਲੀ ਕੁ ਸਾਲ ਪਹਿਲਾਂ ਦੀ ਗੱਲ ਹੈ, ਕਿਸੇ ਹਾਦਸੇ ਵਿੱਚ ਇੱਕ ਚਾਰ-ਪੰਜ ਸਾਲ ਦੇ ਬੱਚੇ ਦੀ ਨਿਗਾਹ ਚਲੀ ਗਈ। ਹੁਣ ਚਾਲੀ ਸਾਲਾਂ ਬਾਅਦ ਡਾਕਟਰਾਂ ਨੇ ਉਸ ਦੀ ਨਿਗਾਹ ਠੀਕ ਕਰ ਦਿੱਤੀ। ਪਰ ਨਿਗਾਹ ਬਿਲਕੁਲ ਠੀਕ ਹੋ ਜਾਣ ਦੇ ਬਾਵਜੂਦ ਅਜੇ ਵੀ ਉਹ ਬਿਨਾਂ ਸੋਟੀ ਦੇ ਸਹਾਰੇ ਤੋਂ ਚੱਲ ਨਹੀਂ ਸਕਦਾ। ਉਸ ਦਾ ਕਾਰਣ ਇਹ ਹੈ ਕਿ ਸਾਹਮਣੇ ਦਿਵਾਰ ਕਿੰਨੀਂ ਕੁ ਦੂਰੀ ਤੇ ਹੈ? ਪੌੜੀਆਂ, ਉੱਚਾ ਨੀਵਾਂ ਥਾਂ ਕੀ ਹੁੰਦਾ ਹੈ? ਇਸ ਬਾਰੇ ਅੱਖਾਂ ਨਾਲ ਦੇਖ ਕੇ ਉਹ ਕੁੱਝ ਵੀ ਨਹੀਂ ਸਮਝ ਸਕਦਾ ਕਿ ਇਹ ਸਭ ਕੀ ਹੈ। ਬਚਪਨ ਵਿੱਚ ਇਸ ਸਭ ਕਾਸੇ ਦੇ ਫਰਕ ਬਾਰੇ ਉਸ ਨੂੰ ਜੋ ਥੋੜ੍ਹਾ ਬਹੁਤ ਪਤਾ ਸੀ ਉਹ ਭੁੱਲ ਚੁੱਕਾ ਸੀ, ਹੁਣ ਨਵੇਂ ਸਿਰੇ ਤੋਂ ਉਸ ਨੂੰ ਸਭ ਕੁੱਝ ਸਿੱਖਣ ਦੀ ਜਰੂਰਤ ਹੈ। ਤਾਂ ਫੇਰ ਉਹ ਸਭ ਕੁੱਝ ਦੇਖ ਕੇ ਹੌਲੀ ਹੌਲੀ ਸਭ ਕਾਸੇ ਦੇ ਫਰਕ ਬਾਰੇ ਸਮਝਣ ਦੇ ਕਾਬਲ ਹੋ ਸਕੇਗਾ। ਅਤੇ ਬਿਨਾ ਸੋਟੀ ਦੇ ਸਹਾਰੇ ਤੋਂ ਚੱਲ ਸਕੇਗਾ।

ਇਹ ਹਿਸਾਬੀ ਕਿਤਾਬੀ ਗੱਲਾਂ ਕਿਸੇ ਇਨਸਾਨ ਨੇ ਜਾਂ ਕਿਸੇ ਹੋਰ ਜੀਵ ਨੇ ਦਿਮਾਗ ਵਿੱਚ ਫੀਡ ਨਹੀਂ ਕੀਤੀਆਂ ਅਤੇ ਨਾ ਹੀ ਕੁਦਰਤੀ ਨਿਯਮਾਵਲੀ ਇਸ ਤਰ੍ਹਾਂ ਦੀਆਂ ਸੋਚ-ਸਮਝ ਵਾਲੀਆਂ ਗੱਲਾਂ ਆਪ ਕਰ ਸਕਦੀ ਹੈ। ਇਹ ਦਿਮਾਗ ਦੀ ਬਣਤਰ ਅਤੇ ਇਸ ਵਿੱਚ ਭਰੇ ਗਏ ਗੁਣਾਂ ਦਾ ਨਤੀਜਾ ਹੈ। ਤਕਰੀਬਨ ਸਾਰੇ ਜੀਵਾਂ ਦੇ ਅੱਖਾਂ ਲੱਗੀਆਂ ਹਨ ਅਤੇ ਸਾਰੇ ਜੀਵ ਅੰਦਾਜਾ ਲਗਾ ਸਕਦੇ ਹਨ ਕਿ ਉਨ੍ਹਾਂ ਦਾ ਸ਼ਿਕਰ ਜਾਂ ਕੋਈ ਖਤਰਾ ਉਨ੍ਹਾਂ ਤੋਂ ਕਿੰਨੀਂ ਕੁ ਦੂਰੀ ਤੇ ਹੈ। ਇਹ ਕਿਸੇ ਵਿਕਾਸ ਪਰਣਾਲੀ (Evolution theory) ਦਾ ਨਤੀਜਾ ਨਹੀਂ, ਸਿਰਫ ਅਤੇ ਸਿਰਫ ਕਿਸੇ ਅਤਿਅੰਤ ਸੋਝੀ ਵਾਲੇ ‘ਕਰਤਾ ਪੁਰਖ’ ਦਾ ਕੰਮ ਹੋ ਸਕਦਾ ਹੈ।

ਕਿਸੇ ਭੌਤਿਕ ਤਰੀਕੇ ਨਾਲ ਰੱਬ ਨੂੰ ਦੇਖਣ ਦੀ ਬਜਾਏ, ਉੱਪਰ ਦਿੱਤੀਆਂ ਉਦਾਹਰਣਾਂ ਅਨੁਸਾਰ ਸੋਚਿਆਂ ਪਤਾ ਲੱਗਦਾ ਹੈ ਕਿ ਰੱਬ ਹੈ। ਰੱਬ ਇਨ੍ਹਾਂ ਅੱਖਾਂ ਨਾਲ ਦੇਖਣ ਦਾ ਵਿਸ਼ਾ ਨਹੀਂ, ‘ਸੁਰਤ’ ਦਾ ਵਿਸ਼ਾ ਹੈ। ਕੁਦਰਤ ਦੀ ਨਿਯਮਾਵਲੀ ‘ਰੱਬ’ ਨਹੀਂ ਕੁਦਰਤ ਦੀ ਨਿਯਮਾਵਲੀ ਦੇ ਜਰੀਏ ਰੱਬ ਨੂੰ ਦੇਖਿਆ ਜਾ ਸਕਦਾ ਹੈ।

ਸੋ ਜਿਸ ਤਰ੍ਹਾਂ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਹੈ ਕਿ: ‘ਸਭ ਨਾਸਤਿਕਾਂ ਦਾ ਸਰਦਾਰ ਉਹ ਹੈ ਜੋ ਆਪਣੇ ਤਾਈਂ ਆਸਤਿਕ ਪ੍ਰਗਟ ਕਰਦਾ ਹੋਇਆ ਪੂਰਾ ਨਾਸਤਿਕ ਹੈ’।

ਆਸਤਿਕ, ਨਾਸਤਿਕ ਅਤੇ ਨਾਸਤਿਕਾਂ ਦੇ ਸਰਦਾਰ ਦੀ ਪਛਾਣ ਕਰਨ ਦੀ ਜਰੂਰਤ ਹੈ।

ਅਤੇ ‘ਨਰੈਣ ਸਿੰਘ ਜੀ’ ਦੇ ਉੱਪਰ ਦਿੱਤੇ ਹਵਾਲੇ ਵੱਲ ਧਿਆਨ ਦੇਣ ਦੀ ਜਰੂਰਤ ਹੈ।

(ਜਰੂਰੀ ਨੋਟ- ਅੱਜ ਦੇ ਸਮੇਂ ਵਿੱਚ ਮਿਸ਼ਨਰੀ ਕਾਲਜਾਂ ਵਾਲੇ ਸੱਜਣ ਗੁਰਮਤਿ ਦਾ ਬਹੁਤ ਪ੍ਰਚਾਰ ਕਰ ਰਹੇ ਹਨ। ਬੜੀ ਚੱਗੀ ਗੱਲ ਹੈ। ਪਰ ਮੇਰੇ ਅੰਦਾਜੇ ਮੁਤਾਬਕ ਸਾਰੇ ਮਿਸ਼ਨਰੀ ਕਾਲਜਾਂ ਵਾਲੇ ਗੁਰਮਤਿ ਨੂੰ ਇਸ ਦੇ ਸਹੀ ਅਰਥਾਂ ਵਿੱਚ ਨਹੀਂ ਪ੍ਰਚਾਰ ਰਹੇ। ਮੇਰੇ ਅੰਦਾਜੇ ਮੁਤਾਬਕ ਕੁੱਝ ਮਿਸ਼ਨਰੀ ਕਾਲੇਜਾਂ ਵਾਲੇ, ਆਪਣੀ ਹੀ ਸੋਚ ਮੁਤਾਬਕ ਗੁਰਬਾਣੀ ਦੇ ਅਰਥ ਕਰ ਕੇ ਪ੍ਰਚਾਰ ਰਹੇ ਹਨ, ਜੋ ਕਿ ਅਸਲ ਵਿੱਚ ਗੁਰਮਤਿ ਦੇ ਉਲਟ ਹਨ। ਹਰ ਗੁਰਸਿੱਖ ਵੀਰ ਭੈਣ ਨੂੰ ਇਹ ਫਰਕ ਆਪ ਪਛਾਨਣ ਦੀ ਜਰੂਰਤ ਹੈ। ਇਹ ਇੱਕ ਚੰਗੀ ਗੱਲ ਹੈ ਕਿ ਤਕਰੀਬਨ ਸਾਰੇ ਹੀ ਮਿਸ਼ਨਰੀ ਕਾਲਜਾਂ ਵਾਲੇ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਨੂੰ ਸਹੀ ਮੰਨਦੇ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਦਿੰਦੇ ਹਨ। ਪਰ ਗੰਭੀਰਤਾ ਨਾਲ ਪਰਖ ਕਰਨ ਦੀ ਜਰੂਰਤ ਹੈ ਕਿ ਕਿਧਰੇ ਅਜੋਕੇ ਵਿਦਵਾਨ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਦੇ ਥੋੜ੍ਹੇ ਜਿਹੇ ਹਵਾਲੇ ਦੇ ਕੇ ਉਨ੍ਹਾਂ ਦਾ ਨਾਮ ਇਸਤੇਮਾਲ ਕਰਕੇ, ਬਾਕੀ ਦੀ ਸਾਰੀ ਆਪਣੀ ਹੀ ਘੜੀ ਹੋਈ ਵਿਆਖਿਆ ਤਾਂ ਪੇਸ਼ ਨਹੀਂ ਕਰ ਰਹੇ। ਇਸ ਲਈ ਹਰ ਗੁਰਸਿੱਖ ਵੀਰ ਭੈਣ ਨੂੰ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਅਤੇ ਅਜੋਕੇ ਕੀਤੇ ਗਏ ਅਰਥ ਆਪ ਵਾਚਣੇ ਚਾਹੀਦੇ ਹਨ)।

ਜਸਬੀਰ ਸਿੰਘ (ਕੈਲਗਰੀ)




.