.

“ਮਨ ਕੀ ਹੈ?”

ਅੱਜ ਕਲ੍ਹ ਗੁਰਮਤ ਦੇ ਕਈ ਵਿਦਵਾਨ ਪ੍ਰਚਾਰਕ ਸੱਜਣ ਸਿੱਖ ਮੱਤ ਵਿੱਚ ਆ ਵੜੀਆਂ “ਮਨ-ਮਤਾਂ” ਪ੍ਰਤੀ ਸਿੱਖਾਂ ਨੂੰ ਜਾਗਰੁਕ ਕਰਨ ਲਈ ਬਹੁਤ ਹੀ ਸੋਹਣਾ ਉਪਾਲਾ ਕਰ ਰਹੇ ਹਨ। ਪਰ ਉਹ “ਮਨ” ਨੂੰ ਸਮਝਣ ਵਿੱਚ ਕੁੱਝ ਭੁਲੇਖਾ ਖਾ ਰਹੇ ਹਨ।

ਵਿਚਾਰ ਏਥੋਂ ਸ਼ੁਰੂ ਕਰ ਰਿਹਾ ਹਾਂ ਕਿ, ਮੰਨ ਲਵੋ ਕੋਈ ਜਾਣਦਾ ਬੁਝਦਾ ਹੋਇਆ, ਪਰ ਲਾ ਪਰਵਾਹੀ ਨਾਲ ਆਪਣਾ ਹੱਥ ਮਸ਼ੀਨ ਵਿੱਚ ਦੇ ਦਿੰਦਾ ਹੈ ਅਤੇ ਹੱਥ ਕੁਤਰਿਆ ਜਾਂਦਾ ਹੈ, ਤਾਂ ਇਸ ਵਿੱਚ ਰੱਬ ਦਾ ਕੀ ਕਸੂਰ ਹੈ? ਕੀ ਉਸ ਦਾ ਹੱਥ ਰੱਬ ਨੇ ਕੁਤਰਿਆ ਹੈ?

ਜਵਾਬ ਹੈ- ਰੱਬ ਕਦੇ ਕਿਸੇ ਦਾ ਹੱਥ ਨਹੀਂ ਕੁਤਰਦਾ। ਅਤੇ ਹਾਂ ਹੱਥ ਰੱਬ ਜੀ ਨੇ ਹੀ ਕੁਤਰਿਆ ਹੈ।

ਇਹ ਦੋਨੋਂ ਗੱਲਾਂ ਆਪਾ ਵਿਰੋਧੀ ਲੱਗਦੀਆਂ ਹਨ ਪਰ ਹਨ ਦੋਨੋਂ ਹੀ ਠੀਕ।

ਪਹਿਲਾਂ;

ਜੀ ਹਾਂ ਹੱਥ ਰੱਬ ਜੀ ਨੇ ਹੀ ਕੁਤਰਿਆ ਹੈ-

ਸੰਸਾਰ ਤੇ ਜੋ ਕੁੱਝ ਵੀ ਹੋ ਰਿਹਾ ਹੈ ਸਭ ਉਸ ਦੇ ਭਾਣੇ ਉਸ ਦੀ ਰਜ਼ਾ, ਉਸ ਦੇ ਹੁਕਮ ਵਿੱਚ ਹੋ ਰਿਹਾ ਹੈ:

“ਕਰਮ ਸੁਕਰਮ ਕਰਾਏ ਆਪੇ ਇਸ ਜੰਤੈ ਵਸਿ ਕਿਛੁ ਨਾਹਿ॥” (ਪ-77)

“ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਸੁਣਾਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ(418)

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥” (ਪ-12)

“ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ॥” (ਪ-125)

ਸਭ ਕੁੱਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ ਤਾਂ ਇਸ ਦਾ ਮਤਲਬ ਸਾਫ ਹੈ ਕਿ ਕਿਸੇ ਦਾ ਆਪਣੀ ਲਾ ਪਰਵਾਹੀ ਕਾਰਣ ਹੱਥ ਕੁਤਰਿਆ ਜਾਂਦਾ ਹੈ ਤਾਂ ਵੀ ਉਸ ਪ੍ਰਭੂ ਦੇ ਭਾਣੇ, ਉਸ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ ਅਤੇ ਹੋਇਆ ਹੈ।

ਦੂਸਰਾ;

ਰੱਬ ਕਦੇ ਕਿਸੇ ਦਾ ਹੱਥ ਨਹੀਂ ਕੁਤਰਦਾ-

ਜੀਵ ਨੂੰ ਦੁਖ ਸੁਖ ਉਸ ਪ੍ਰਭੂ ਦੇ ਹੁਕਮ ਨਾਲ ਮਿਲਦੇ ਹਨ ਪਰ ਸਭ ਮਿਲਦੇ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਹਨ। ਇਸ ਵਿੱਚ ਰੱਬ ਦਾ ਜਾਂ ਕਿਸੇ ਹੋਰ ਦਾ ਕੋਈ ਦੋਸ਼ ਨਹੀਂ ਹੈ।

“ਤੇਹਾ ਹੋਵੈ ਜੇਹੇ ਕਰਮ ਕਮਾਇ” (363)।

“ਜੇਹੇ ਕਰਮ ਕਮਾਇ ਤੇਹਾ ਹੋਇਸੀ॥” (730)।

“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥” (433)।

ਦੁਖ ਸੁਖ ਜੀਵ ਨੂੰ ਉਸ ਦੇ ਆਪਣੇ ਪਿਛਲੇ ਜਨਮ ਦੇ ਕੀਤੇ ਕਰਮਾਂ ਦੇ ਆਧਾਰ ਤੇ, ਉਸ ਪ੍ਰਭੂ ਦੇ ਹੁਕਮ ਵਿੱਚ ਹੀ ਹੁੰਦੇ ਹਨ।

“ਸੁਖ ਦੁਖ ਪੂਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਹੁ ਤੂ ਪ੍ਰਾਣੀ ਸਹੁ ਅਪਨਾ ਕੀਆ ਕਰਾਰਾ ਹੇ॥ 14॥” (ਪ-1030)।

ਪ੍ਰਭੂ ਦਾ ਕੋਈ ਭੌਤਿਕ ਸਰੀਰ ਨਹੀਂ ਹੈ। ਫੇਰ ਨਾ ਤਾਂ ਉਸ ਨੇ ਕਿਸੇ ਦਾ ਹੱਥ ਫੜ ਕੇ ਮਸ਼ੀਨ ਵਿੱਚ ਦਿੱਤਾ ਹੈ ਅਤੇ ਨਾ ਹੀ ਉਸ ਨੂੰ ਪ੍ਰਭੂ ਨੇ ਕਿਹਾ ਸੀ ਕਿ ਤੂੰ ਆਪਣਾ ਹੱਥ ਮਸ਼ੀਨ ਵਿੱਚ ਦੇ ਦੇਹ। ਫੇਰ ਮਸ਼ੀਨ ਵਿੱਚ ਹੱਥ ਆ ਕੇ ਕੁਤਰੇ ਜਾਣ ਵਿੱਚ ਪ੍ਰਭੂ ਕਿਵੇਂ ਜਿੰਮੇਵਾਰ ਹੈ?

ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਅਸੀਂ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਵੀ ਹਾਂ ਕਿ ਨਹੀਂ? ਜੇ ਮੰਨਦੇ ਹਾਂ ਤਾਂ ਕਿਸ ਰੂਪ ਵਿੱਚ? ਕਿਤੇ ਐਸਾ ਤਾਂ ਨਹੀਂ ਕਿ ਅਸੀਂ ਰੱਬ ਦੀ ਹੋਂਦ ਉਤਲੇ ਮਨੋਂ ਹੀ ਕਹੀ ਜਾਂਦੇ ਹਾਂ, ਪਰ ਅਸਲ ਵਿੱਚ ਅਸੀਂ ਰੱਬ ਦੀ ਹੋਂਦ ਤੋਂ ਹੀ ਮੁਨਕਰ ਹਾਂ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਸਭ ਕੁੱਝ ਰੱਬ ਹੀ ਕਰਨ ਕਰਾਉਣ ਵਾਲਾ ਹੈ, ਇਸ ਲਈ ਇਹ ਤਾਂ ਮੰਨਣਾ ਹੀ ਪੈਣਾ ਹੈ ਕਿ ਰੱਬ ਹੈ। ਪਰ ਇਸ ਗੱਲ ਲਈ ਦਿਲ ਨਹੀਂ ਮੰਨਦਾ ਕਿ ਕੋਈ ਰੱਬ ਹੈ ਵੀ? ਇਸੇ ਲਈ ਗੁਰਬਾਣੀ ਵਿੱਚ ਜਿੱਥੇ ਕਿਤੇ ਵੀ ਰੱਬ ਦੀ ਹੋਂਦ ਬਾਰੇ ਜ਼ਿਕਰ ਆਉਂਦਾ ਹੈ, ਕੁੱਝ ਵਿਦਵਾਨਾਂ ਵੱਲੋਂ ਰੱਬ ਦੀ ਹੋਂਦ ਸਵਿਕਾਰ ਤਾਂ ਕੀਤੀ ਜਾਂਦੀ ਹੈ ਪਰ ਇਸ ਦੇ ਅਰਥ ‘ਰੱਬੀ ਨਿਯਮ’ ਕਰ ਦਿੱਤੇ ਜਾਂਦੇ ਹਨ। ਸੰਸਾਰ ਤੇ ਜੋ ਸਭ ਕੁੱਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ ਉਨ੍ਹਾਂ ਨਿਯਮਾਂ ਨੂੰ ਹੀ ਰੱਬ ਕਹਿ ਦਿੱਤਾ ਜਾਂਦਾ ਹੈ।

ਪਰ ਸਾਨੂੰ ਜਾਂ ਤਾਂ ਰੱਬ ਦੀ ਹੋਂਦ ਤੋਂ ਪੂਰੀ ਤਰ੍ਹਾਂ ਮੁਨਕਰ ਹੋਣਾ ਪਏਗਾ। ਜਾਂ ਫੇਰ ਉਸ ਦੀ ਹੋਂਦ ਨੂੰ ਪੂਰੀ ਤਰ੍ਹਾਂ ਸਵਿਕਾਰ ਕਰਨਾ ਪਏਗਾ। ਇਹ ਮੰਨਣਾ ਪਏਗਾ ਕਿ ਉਹ ਸਭ ਦੇ ਨਾਲ ਹਰ ਵਕਤ ਮੌਜੂਦ ਹੈ। ਸਭ ਦੀਆਂ ਕਹੀਆਂ ਹੋਈਆਂ ਅਤੇ ਮਨ ਵਿੱਚ ਚਿਤਵੀਆਂ ਹੋਈਆਂ ਗੱਲਾਂ ਸੁਣਦਾ ਅਤੇ ਜਾਣਦਾ ਹੈ। ਉਸ ਦਾ ਹੁਕਮ ਸੱਚ-ਮੁੱਚ ਵਰਤ ਰਿਹਾ ਹੈ। ਇੱਥੇ ਹੁਕਮ ਅਤੇ ਕਾਨੂੰਨ/ਨਿਯਮ ਦਾ ਫਰਕ ਵੀ ਸਮਝਣ ਦੀ ਜਰੂਰਤ ਹੈ। ਨਿਯਮਾਵਲੀ ਦਾ ਅਰਥ ਹੈ ਜੋ ਭੌਤਿਕ ਸੰਸਾਰ ਤੇ ਕੁਦਰਤੀ ਨਿਯਮਾਂ ਦੇ ਰੂਪ ਵਿੱਚ ਵਰਤ ਰਹੀ ਹੈ। ਜਿਸ ਅਧੀਨ ਸਾਰਾ ਭੌਤਿਕ ਸੰਸਾਰ ਚੱਲ ਰਿਹਾ ਹੈ। ਅਤੇ ਹੁਕਮ ਦਾ ਅਰਥ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ, ਉਸ ਦਾ ਭਾਣਾ, ਉਸ ਦੀ ਇੱਛਾ। ਅਤੇ ਇੱਛਾ ਨਿਯਮ-ਬਧ ਨਹੀਂ ਹੁੰਦੀ। ਜਦੋਂ ਅਸੀਂ ਰੱਬ ਨੂੰ ‘ਰੱਬੀ ਨਿਯਮ’ ਕਹਿ ਕੇ ਬਿਆਨ ਕਰਦੇ ਹਾਂ ਤਾਂ ਸਹਿਜੇ ਹੀ ਪ੍ਰਭਾਵ ਇਹ ਪੈਂਦਾ ਹੈ ਕਿ ਰੱਬ ਕੋਈ ਨਹੀਂ ਹੈ, ਸੰਸਾਰ ਤੇ ਜੋ ਕੁੱਝ ਵੀ ਹੋ ਰਿਹਾ ਹੈ ਸਭ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋ ਰਿਹਾ ਹੈ। ਇਸ ਵਿੱਚ ਰੱਬ ਜੀ ਕਿੱਥੋਂ ਆ ਗਏ। ਜਾਂ ਫੇਰ ਇਹ ਪ੍ਰਭਾਵ ਪੈਂਦਾ ਹੈ ਕਿ (ਕਿਸੇ) ਰੱਬ ਨੇ ਇੱਕ ਵਾਰੀਂ ਕੁਦਰਤ ਦੀ ਨਿਯਮਾਵਲੀ ਬਣਾ ਦਿੱਤੀ ਬੱਸ ਉਸ ਤੋਂ ਬਾਅਦ ਹੁਣ ਉਸ ਦੀ ਕੋਈ ਹੋਂਦ ਨਹੀਂ ਹੈ। ਜਾਂ ਫੇਰ ਰੱਬ ਦੀ ਆਪਣੀ ਕੋਈ ਮਰਜੀ ਨਹੀਂ ਚੱਲਦੀ ਉਹ ‘ਬਝਵੇਂ ਨਿਯਮਾਂ’ ਅਧੀਨ ਹੀ ਚੱਲਦਾ ਹੈ. . ਆਦਿ।

ਮਿਸਾਲ ਦੇ ਤੌਰ ਤੇ ਜਦੋਂ ਗੁਰਬਾਣੀ ਵਿੱਚ ਕਿਤੇ ਆਉਂਦਾ ਹੈ ‘ਹਾਥਿ ਦੇਇ ਰਾਖੈ ਅਪਨੇ ਕਉ …’ ਤਾਂ ਇਸ ਦੇ ਅਰਥ ਜਾਂ ਭਾਵਾਰਥ ਇਹ ਸਮਝਾ ਦਿੱਤੇ ਜਾਂਦੇ ਹਨ ਕਿ “ਜਦੋਂ ਪਰਮਾਤਮਾ ਦਾ ਕੋਈ ਸਰੂਪ ਹੀ ਨਹੀਂ ਹੈ ਤਾਂ ਫਿਰ ਉਸ ਦਾ ਹੱਥ ਕਿਵੇਂ ਹੋ ਸਕਦਾ ਹੈ? ਇਸ ਦਾ ਭਾਵਾਰਥ ਹੈ ਕਿ ਇਹ ਸੰਸਾਰ ਰੱਬ ਦੀ ਬਣਾਈ ਹੋਈ ਸਦੀਵ-ਕਾਲ ਨਿਯਮਾਵਲੀ ਅਧੀਨ ਚੱਲਣਾ ਹੈ। ਜਿਸ ਤੇ ਚੱਲਿਆਂ ‘ਰੱਬ ਜੀ ਦੀ ਰਜ਼ਾ’ ਮਿੱਠੀ ਲੱਗਣ ਲੱਗ ਪੈਂਦੀ ਹੈ।

ਇਹ ਗੱਲ ਬਿਲਕੁਲ ਠੀਕ ਹੈ ਕਿ ਰੱਬ ਦੇ ਹੱਥ ਨਹੀਂ ਹਨ ਇਸ ਲਈ ਹੱਥ ਦਾ ਅਰਥ ਭੌਤਿਕ ਹੱਥ ਨਾ ਲੈ ਕੇ ਇਸ ਦੇ ਭਾਵਾਰਥ ਲੈਣੇ ਹਨ। ਪਰ ਨਾਲ ਹੀ ਇਹ ਗੱਲ ਵੀ ਵਿਚਾਰਨ ਦੀ ਜਰੂਰਤ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ “ਰੱਬ ਦੀ ਬਣਾਈ ਸਦੀਵ ਕਾਲ ਨਿਯਮਾਵਲੀ” “ਰੱਬ ਜੀ ਦੀ ਰਜ਼ਾ” ਤਾਂ ਨਿਯਮਾਵਲੀ ਬਨਾਉਣ ਵੇਲੇ ਕੀ ਉਸ ਨੇ ਕਿਸੇ ਭੌਤਿਕ ਹੱਥਾਂ ਦਾ ਪ੍ਰਯੋਗ ਕੀਤਾ ਸੀ? ਨਹੀਂ; ਇਸ ਲਈ ਜਿਸ ਤਰ੍ਹਾਂ ਉਸ ਦੇ ਹੁਕਮ ਨਾਲ ਸਦੀਵ-ਕਾਲ ਨਿਯਮਾਵਲੀ ਬਣੀ ਹੈ ਉਸੇ ਤਰ੍ਹਾਂ ਉਸ ਦਾ ਹੁਕਮ ਚੱਲ ਰਿਹਾ ਹੈ। ਉਸੇ ਤਰ੍ਹਾਂ ਉਹ ਹੁਣ ਵੀ ਆਪਣੇ ਸੇਵਕ ਦੀ ਹੱਥ ਦੇ ਕੇ ਰੱਖਿਆ ਕਰਦਾ ਹੈ। ਉਸੇ ਤਰ੍ਹਾਂ ਹੁਣ ਵੀ ਉਸ ਦੀ ਰਜ਼ਾ ਵਿੱਚ ਚੰਗੇ ਮਾੜੇ ਹਾਦਸੇ ਹੁੰਦੇ ਹਨ ਅਤੇ ਜੀਵ ਨੂੰ ਦੁਖ-ਸੁਖ ਮਿਲਦੇ ਹਨ।

ਇਸ ਭੌਤਿਕ ਸੰਸਾਰ ਅਤੇ ਭੌਤਿਕ ਸਰੀਰ ਉੱਤੇ ਕੁਦਰਤੀ ਨਿਯਮ ਲਾਗੂ ਹੁੰਦੇ ਹਨ ਪਰ, ਪ੍ਰਭੂ ਅਤੇ ਇਸ ਦੀ ਅੰਸ਼ ਮਨ ਤੇ ਕੋਈ ਨਿਯਮ ਲਾਗੂ ਨਹੀਂ ਹੈ। ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਦੋ ਦੂਣੀ ਕਿੰਨੇ ਹੁੰਦੇ ਹਨ ਤਾਂ ਇਸ ਦੇ ਜਵਾਬ ਵਜੋਂ `ਚਾਰ’ ਕਹੇ ਜਾਣ ਦੀ ਪੂਰੀ ਉਮੀਦ ਕੀਤੀ ਜਾ ਸਕਦੀ ਹੈ। ਜੇ ਹਜਾਰ ਬੰਦਿਆ ਤੇ ਇਹ ਸਵਾਲ ਕੀਤਾ ਜਾਵੇ ਤਾਂ ਸਾਰੇ ਦੇ ਸਾਰੇ ਹਜਾਰ ਬੰਦਿਆਂ ਤੋਂ ਇਸ ਇੱਕੋ ਹੀ ਜਵਾਬ ਦੀ ਉਮੀਦ ਕੀਤੀ ਜਾ ਸਕਦੀ ਹੈ। ਕਿਉਂ ਕਿ ਇਹ ਦਿਮਾਗ ਨਾਲ ਸੋਚੇ ਜਾਣ ਦਾ ਵਿਸ਼ਾ ਹੈ। ਪਰ ਜੇ ਕੋਈ ਕਿਸੇ ਨੂੰ ਪੁੱਛੇ ਕਿ ਕੀ ਉਹ ਕਿਸੇ ਗਰੀਬ ਦੀ ਮਦਦ ਕਰਨੀ ਚਾਹੁੰਦਾ ਹੈ? ਤਾਂ ਇਸ ਦੇ ਜਵਾਬ ਵਜੋਂ ਪੱਕੇ ਤੌਰ ਤੇ ‘ਹਾਂ’ ਜਾਂ ‘ਨਾਂਹ’ ਦੇ ਜਵਾਬ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਤੇ ਦੋ ਬੰਦਿਆ ਦੇ ਜਵਾਬ ਵੀ ਵੱਖ ਵੱਖ ਹੋ ਸਕਦੇ ਹਨ। ਕਿਉਂਕਿ ਇਹ ਮਨ ਨਾਲ ਸੰਬੰਧਤ ਵਿਸ਼ਾ ਹੈ ਅਤੇ ਇਸ ਦਾ ਕੋਈ ਨਿਯਮ-ਬਧ ਜਵਾਬ ਨਹੀਂ ਹੋ ਸਕਦਾ।

ਜੇ ਅਸੀਂ ‘ਰੱਬ ਦੀ ਹੋਂਦ’ ਨੂੰ ਸਿਰਫ ਕੁਦਰਤੀ ਨਿਯਮ, ਜਾਂ ਦੇਸ਼ ਸਮਾਜ ਦੇ ਬਣਾਏ ਹੋਏ ਕਾਨੂੰਨਾਂ/ਨਿਯਮਾਂ ਤੱਕ ਹੀ ਸੀਮਿਤ ਸਮਝਦੇ ਹਾਂ ਤਾਂ ‘ਗੁਰਮਤਿ ਅਤੇ ਪਦਾਰਥ-ਵਾਦ (materialism, ਸਮਾਜ-ਵਾਦ) ‘ਵਿੱਚ ਕੀ ਫਰਕ ਰਹਿ ਜਾਂਦਾ ਹੈ? ਫੇਰ ਤਾਂ ਦੇਸ਼ ਸਮਾਜ ਦੇ ਕਾਨੂੰਨਾਂ ਅਤੇ ਸਾਇੰਸ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਹੈ, ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਤਾਂ ਕੋਈ ਲੋੜ ਹੀ ਨਹੀਂ ਰਹਿ ਜਾਂਦੀ।

ਦਿਮਾਗ ਇੱਕ ਵਾਰੀਂ ਵਿਕਸਿਤ ਹੋ ਕੇ ਫੇਰ ਅਵਿਕਸਿਤ ਨਹੀਂ ਹੁੰਦਾ ਪਰ ਮਨ ਇੱਕ ਪਲ ਆਤਮਕ ਉਚਾਈਆਂ ਤੇ ਹੈ ਤਾਂ ਦੂਸਰੇ ਹੀ ਪਲ ਨੀਵੀਆਂ ਹਰਕਤਾਂ ਤੇ ਉੱਤਰ ਸਕਦਾ ਹੈ। ਜਾਂ ਇਸ ਦੇ ਉਲਟ ਜੇ ਇੱਕ ਪਲ ਮਨ ਆਤਮਕ ਨਿਘਾਰ ਤੇ ਹੈ ਤਾਂ ਦੂਸਰੇ ਹੀ ਪਲ ਨੀਵੀਆਂ ਹਰਕਤਾਂ ਤਿਆਗ ਕੇ ਆਤਮਕ ਉਚਾਈਆਂ ਵੱਲ ਕਦਮ ਪੁੱਟ ਸਕਦਾ ਹੈ। ਮਨ ਉੱਚੇ ਤੋਂ ਨੀਚੇਂ ਅਤੇ ਨੀਵੇਂ ਤੋਂ ਉੱਚੇ ਆਚਰਣ ਵੱਲ ਨੂੰ ਜਾ ਸਕਦਾ ਹੈ। ਪਰ ਦਿਮਾਗ ਤੇ ਇਹ ਗੱਲ ਲਾਗੂ ਨਹੀਂ ਹੁੰਦੀ।

ਪਰਮਾਤਮਾ ਨੇ ਕੁਦਰਤ ਦੀ ਨਿਯਮਾਵਲੀ ਬਣਾਈ ਹੈ ਪਰ ਉਸ ਉੱਪਰ ਕੋਈ ਨਿਯਮ ਲਾਗੂ ਨਹੀਂ ਹੈ। ਉਹ ‘ਦੋ ਦੂਣੀ ਚਾਰ’ ਵਰਗੇ ਕਿਸੇ ਬਝਵੇਂ ਨਿਯਮ ਅਧੀਨ ਕੰਮ ਨਹੀਂ ਕਰਦਾ। ਪਰ ਇੱਕ ਗੱਲ ਜਰੂਰ ਹੈ ਕਿ ਭੌਤਿਕ ਸੰਸਰ ਚਲਾਉਣ ਲਈ ਆਪਣੀ ਹੀ ਬਣਾਈ ਹੋਈ ਸਦੀਵ-ਕਾਲ ਨਿਯਮਾਵਲੀ ਨੂੰ ਉਹ ਕਦੇ ਨਹੀਂ ਤੋੜਦਾ। ਮਿਸਾਲ ਦੇ ਤੌਰ ਤੇ ਉਹ ਇਹ ਨਹੀਂ ਕਰਦਾ ਕਿ ਬਿਨਾਂ ਬੱਦਲਾਂ ਤੋਂ ਬਰਸਾਤ ਕਰ ਦੇਵੇ। ਪਰ ਉਹ ਇਹ ਕਰ ਸਕਦਾ ਹੈ ਕਿ ਕਿਸੇ ਨੂੰ ਉਮੀਦ ਵੀ ਨਾ ਹੋਵੇ ਅਤੇ ਕਿਤੋਂ ਬੱਦਲ ਆ ਕੇ ਬਰਸਾਤ ਹੋ ਜਾਵੇ। ਭੌਤਿਕ ਨਿਯਮਾਂ ਅਨੁਸਾਰ ਕੋਈ ਅੱਗ ਵਰਗੇ ਤਪਦੇ ਥੰਮ੍ਹ ਨੂੰ ਠੰਡਾ ਸਮਝ ਕੇ ਵੀ ਜੱਫੀ ਪਾਏਗਾ ਤਾਂ ਵੀ ਜਰੂਰ ਸੜ ਜਾਏਗਾ, ਪਰ ਅਧਿਆਤਮ ਦੀ ਦੁਨੀਆਂ ਵਿੱਚ ਗੁਰਮਤ ਅਨੁਸਾਰ “ਜੇ ਬਾਹਰੋਂ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ॥” ਭੌਤਿਕ ਨਿਯਮਾਂ ਅਨੁਸਾਰ ਕੋਈ ਉਬਲਦੇ ਪਾਣੀ ਵਿੱਚ ਹੁਣ ਹੱਥ ਪਾਏਗਾ ਤਾਂ ਹੁਣੇ ਉਸ ਦਾ ਹੱਥ ਸੜ ਜਾਏਗਾ, ਪਰ ਅਧਿਆਤਮ ਦੀ ਦੁਨੀਆਂ ਵਿੱਚ ਕੋਈ ਜੀਵ ਆਪਣੇ ਕਿਹੜੇ ਅਤੇ ਕਦੋਂ ਦੇ ਕਰਮਾਂ ਕਰਕੇ ਕਿਸੇ ਜੂਨੀਂ ਵਿੱਚ ਪਿਆ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ “ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ ਆਪਣਾ ਪਾਵਏ॥” (ਪ-705) (ਨੋਟ ਕਰੋ- ਪਸ਼ੂ ਪੰਛੀਆਂ ਨੇ ਆਪਣੇ ਇਸੇ ਪਸ਼ੂ ਪੰਛੀਆਂ ਵਾਲੀ ਜੂਨ ਵਿੱਚ ਕੋਈ ਚੰਗੇ ਮਾੜੇ ਕੰਮ ਨਹੀਂ ਕੀਤੇ ਹੁੰਦੇ, ਤਾਂ ਫੇਰ ਉਹ ਇਨ੍ਹਾਂ ਜੂਨੀਆਂ ਵਿੱਚ ਕਿਉਂ ਪਏ ਹਨ?)

ਗੱਲ ਚੱਲ ਰਹੀ ਸੀ ਕਿ ਕਿਸੇ ਨੂੰ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਵੀ (ਲਾ-ਪਰਵਾਹੀ ਵੱਸ ਹੀ ਸਹੀ) ਜੇ ਕੋਈ ਆਪਣਾ ਹੱਥ ਟੋਕਾ ਮਸ਼ੀਨ ਵਿੱਚ ਦੇ ਦੇਵੇ ਤਾਂ ਇਸ ਵਿੱਚ ਰੱਬ ਜੀ ਦਾ ਕੀ ਕਸੂਰ ਹੈ?

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਦੁਨੀਆਂ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਨੂੰ ਦੁੱਖ ਸਹਾਰਨੇ ਪੈਣ। ਸਾਰੇ ਸੁੱਖ ਹੀ ਸੁੱਖ ਭਾਲਦੇ ਹਨ। ਪਰ ਫੇਰ ਵੀ ਦੁਖ-ਸੁਖ ਸਾਰਿਆਂ ਨਾਲ ਜੁੜੇ ਹੋਏ ਹਨ।

“ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥” (ਪ-1428)

ਪਤਾ ਹੁੰਦਿਆਂ ਹੋਇਆਂ ਵੀ ਕੋਈ ਗ਼ਲਤ ਕਦਮ ਚੁੱਕਕੇ ਆਪਣੇ ਆਪ ਲਈ ਦੁਖ ਕਿਉਂ ਸਹੇੜਦਾ ਹੈ?

ਉਹ ਇਸ ਲਈ ਕਿ ਪ੍ਰਭੂ ਦਾ ਹੁਕਮ ‘ਪ੍ਰੇਰਣਾ’ ਰੂਪ ਵਿੱਚ ਕੰਮ ਕਰਦਾ ਹੈ। ਬੰਦਾ ਕਰਨਾ ਕੁੱਝ ਹੋਰ ਚਾਹੁੰਦਾ ਹੈ ਪਰ ਹੁੰਦਾ ਉਹੀ ਹੈ ਜੋ ਪ੍ਰਭੂ ਚਾਹੁੰਦਾ ਹੈ।

“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ॥ 1॥ ਸਿਆਨਪ ਕਾਹੂ ਕਾਮਿ ਨ ਆਤ॥ ਜੋ ਅਨਰੂਪਿਓ ਠਾਕਰ ਮੇਰੈ ਰਹੀ ਉਹਿ ਬਾਤ॥ ਰਹਾਉ॥” (ਪ-496)

ਜੇ ਕੋਈ ਸੋਚਦਾ ਹੈ ਕਿ ਮੈਂ ਆਪਣੀ ਸਿਆਣਪ ਨਾਲ ਚੰਗੇ ਕੰਮ ਕਰਦਾ ਹਾਂ, ਤਾਂ ਸੁਖ ਭੋਗਦਾ ਹਾਂ, ਇਹ ਹੈ ‘ਹਉਮੈ’। ਐਸੇ ਬੰਦੇ ਲਈ ਗੁਰੂ ਸਾਹਿਬ ਕਹਿੰਦੇ ਹਨ- “ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬੁਆੜ ਜਿਉ ਸੁੰਞੇ ਅੰਦਰਿ ਖੇਤ॥” (ਪ- 463)

“ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥

ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗ ਗਰਭ ਜੋਨਿ ਮਹਿ ਫਿਰਤਾ॥” (ਪ-278)

ਹੁੰਦਾ ਉਹੀ ਹੈ ਜੋ ਉਸ ਦਾ ਹੁਕਮ ਹੈ। ਟਾਇਟੈਨਿਕ ਜਹਾਜ ਬਨਾਉਣ ਵਾਲਾ ਦਿਮਾਗ ਪੱਖੋਂ ਕੋਈ ਘੱਟ ਸਿਆਣਾ ਨਹੀਂ ਸੀ।

ਸੰਸਾਰ ਤੇ ਜੋ ਕੁੱਝ ਹੋ ਰਿਹਾ ਹੈ ਪ੍ਰਭੂ ਦੇ ਹੁਕਮ ਵਿੱਚ ਹੁੰਦਾ ਹੈ। ਪ੍ਰਭੂ ਦਾ ਹੁਕਮ ਪ੍ਰੇਰਣਾ ਰੂਪ ਵਿੱਚ ਕੰਮ ਕਰਦਾ ਹੈ।

ਇੱਕ ਮਿਸਾਲ-

ਇੰਡੀਆ ਮੈਂ ਆਪਣੀ ਵਰਕਸ਼ਾਪ ਵਿੱਚ ਕੰਮ ਕਰਿਆ ਕਰਦਾ ਸੀ। ਮੇਰਾ ਇੱਕ ਦੋਸਤ, ਜਦੋਂ ਉਸ ਕੋਲ ਸਮਾਂ ਹੁੰਦਾ ਸੀ ਮੇਰੇ ਕੋਲ ਆ ਕੇ ਬੈਠ ਜਾਂਦਾ ਸੀ। ਇੱਕ ਦਿਨ ਮੈਂ ਮਸ਼ੀਨ ਤੇ ਕੰਮ ਕਰ ਰਿਹਾ ਸੀ। ਮੇਰਾ ਉਹ ਦੋਸਤ ਮੇਰੇ ਕੋਲ ਬੈਠਾ ਮੇਰੇ ਨਾਲ ਗੱਲਾਂ ਕਰੀ ਜਾ ਰਿਹਾ ਸੀ ਅਤੇ ਮੈਨੂੰ ਕੰਮ ਕਰਦੇ ਨੂੰ ਦੇਖੀ ਜਾ ਰਿਹਾ ਸੀ। ਕੁੱਝ ਦੇਰ ਬਾਅਦ ਮੈਨੂੰ ਪਿਆਸ ਲੱਗੀ, ਮੈਂ ਪਾਣੀ ਪੀਣ ਚਲਾ ਗਿਆ। ਮੇਰੇ ਉਸ ਦੋਸਤ ਨੂੰ ਪਤਾ ਨਹੀਂ ਕੀ ਸੁੱਝੀ, ਮੇਰੇ ਜਾਂਦਿਆ ਸਾਰ ਪਿੱਛੋਂ ਉਹ ਮਸ਼ੀਨ ਤੇ ਬੈਠ ਗਿਆ ਅਤੇ ਮਸ਼ੀਨ ਤੇ ਅਜੇ ਪਹਿਲੀ ਹੀ ਸਟਰੋਕ ਮਾਰੀ ਸੀ ਕਿ ਉਸ ਦਾ ਹੱਥ ਪ੍ਰੈਸ ਦੀ ਡਾਈ ਥੱਲੇ ਆ ਗਿਆ ਅਤੇ ਉਸ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ। ਮੈਂ ਵਾਪਸ ਆ ਕੇ ਉਸ ਤੋਂ ਪੁੱਛਿਆ, ਇਹ ਕਿਸ ਤਰ੍ਹਾਂ ਹੋਇਆ? ਉਹ ਅੱਗੋਂ ਕਹਿਣ ਲੱਗਾ ਪਤਾ ਨਹੀਂ ਮੇਰੇ ਦਿਮਾਗ਼ ਵਿੱਚ ਕੀ ਸੁੱਝੀ, ਮੈਂ ਸੋਚਿਆ ਕਿ ਇਹ ਬੜਾ ਸੌਖਾ ਜਿਹਾ ਕੰਮ ਹੈ, ਮੈਂ ਵੀ ਕਰ ਕੇ ਦੇਖਾਂ”।

ਉਹ ਕੰਮ ਕਰਨ ਵਿੱਚ ਉਸ ਦਾ ਕੋਈ ਲਾਲਚ ਵੀ ਨਹੀਂ ਸੀ, ਨਾ ਹੀ ਕੋਈ ਮਜਬੂਰੀ ਸੀ ਅਤੇ ਨਾ ਹੀ ਤਜੱਰਬਾ। ਬੱਸ ਕਿਸੇ ਅੰਦਰੂਨੀ ਪ੍ਰੇਰਣਾ ਅਧੀਨ ਕੰਮ ਕਰਨ ਲੱਗਾ ਅਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ।

ਕੁੱਝ ਕੁ ਸਾਲਾਂ ਦੀ ਗੱਲ ਹੈ, ਦੋ ਭਰਾਵਾਂ ਦੀ ਇੱਕ ਸ਼ਾਪ ਸੀ ਉਹ ਦੋਵੇਂ ਭਰਾ ਕੰਮ ਕਰਿਆ ਕਰਦੇ ਸੀ। ਕੰਮ ਬਹੁਤ ਸੋਹਣਾ ਚੱਲਦਾ ਸੀ। ਪੈਸੇ ਵੱਲੋਂ ਕਿਸੇ ਕਿਸਮ ਦੀ ਕੋਈ ਕਮੀਂ ਨਹੀਂ ਸੀ। ਉਨ੍ਹਾਂ ਦਾ ਬਜੁਰਗ ਵੀ ਸ਼ਾਪ ਤੇ ਮੁੰਡਿਆ ਦੇ ਨਾਲ ਚਲਿਆ ਜਾਇਆ ਕਰਦਾ ਸੀ। ਜਦੋਂ ਬਜੁਰਗ ਦਾ ਜੀ ਕਰਨਾ ਸ਼ਾਪ ਦੇ ਬਾਹਰ ਟਹਿਲਣ ਚਲਿਆ ਜਾਇਆ ਕਰਦਾ ਸੀ। ਇੱਕ ਦਿਨ ਉਹ ਆਪਣੀ ਸ਼ਾਪ ਦੇ ਬਾਹਰ ਨਿਕਲਿਆ ਤਾਂ ਨਾਲ ਦੀ ਪੜੋਸੀਆਂ ਦੀ ਸ਼ਾਪ ਦੇ ਬਾਹਰ ਉਸ ਨੂੰ ਇੱਕ ਪਰਸ ਨਜਰ ਆਇਆ। ਉਸ ਨੇ ਏਧਰ-ਓਧਰ ਦੇਖਿਆ, ਕੋਈ ਉਸ ਨੂੰ ਦੇਖ ਨਹੀਂ ਸੀ ਰਿਹਾ। ਉਸ ਨੇ ਚੁੱਪ ਚੁਪੀਤੇ ਪਰਸ ਚੁੱਕਿਆ ਅਤੇ ਆਪਣੀ ਜੇਬ ਵਿੱਚ ਛੁਪਾ ਲਿਆ। ਜਦੋਂ ਪੜੋਸੀਆਂ ਨੂੰ ਪਰਸ ਗਵਾਚਣ ਬਾਰੇ ਪਤਾ ਲੱਗਾ ਤਾਂ ਥੋੜ੍ਹੀ ਦੇਰ ਬਾਅਦ ਉਹ ਇਸ ਬਜੁਰਗ ਨੂੰ ਪੁੱਛਣ ਆ ਗਏ। ਪਰ ਉਹ ਮੁੱਕਰ ਗਿਆ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਨੇ ਉਸ ਬਜੁਰਗ ਨੂੰ ਫੇਰ ਤੋਂ ਪੁੱਛਿਆ, ਪਰ ਉਹ ਫੇਰ ਮੁੱਕਰ ਗਿਆ। ਅਖੀਰ ਪੁਲਿਸ ਨੇ ਕੈਮਰੇ ਦੀ ਰਿਕਾਰਡਿੰਗ ਉਸ ਨੂੰ ਦਿਖਾਈ ਜੋ ਕਿ ਪੜੋਸੀਆਂ ਦੀ ਸ਼ੌਪ ਦੇ ਬਾਹਰ ਲਗਾਏ ਛੁਪੇ ਹੋਏ ਕੈਮਰੇ ਦੁਆਰਾ ਕੀਤੀ ਗਈ ਸੀ। ਮਜਬੂਰੀ ਵਿੱਚ ਉਸ ਨੂੰ ਆਪਣੀ ਗ਼ਲਤੀ ਸਵਿਕਾਰ ਕਰਨੀ ਹੀ ਪਈ। ਬਜੁਰਗ ਤੋਂ ਪੁੱਛਿਆ ਗਿਆ ਕਿ ਤੂੰ ਇਹ ਕੰਮ ਕਿਉਂ ਕੀਤਾ, ਜਦਕਿ ਤੈਨੂੰ ਪੈਸਿਆਂ ਦੀ ਕੋਈ ਕਮੀਂ ਨਹੀਂ ਹੈ? ਅੱਗੋਂ ਉਸ ਨੇ ਜਵਾਬ ਦਿੱਤਾ “ਮੇਰੀ ਮੱਤ ਮਾਰੀ ਗਈ ਸੀ”

ਇਸ “ਮੱਤ ਮਾਰੀ ਜਾਣ ਦਾ ਅਸਲੀ ਕਾਰਣ ਕੀ ਹੈ? ਦਿਮਾਗ ਨੇ ਉਸ ਨੂੰ ਸੁਚੇਤ ਕਰ ਦਿੱਤਾ ਕਿ ਇਹ ਕੰਮ ਠੀਕ ਨਹੀਂ ਹੈ, ਇਸੇ ਲਈ ਉਸ ਨੇ ਏਧਰ-ਓਧਰ ਦੇਖਿਆ ਕਿ ਕੋਈ ਉਸ ਨੂੰ ਦੇਖ ਤਾਂ ਨਹੀਂ ਰਿਹਾ। ਪਰ ਮਨ ਨੇ ਇਹ ਕੰਮ ਕਰਨ ਲਈ ਉਸ ਨੂੰ ਮਜਬੂਰ ਕਰ ਦਿੱਤਾ।

ਦਿਮਾਗ ਦਾ ਕੰਮ ਸੋਚਣ ਦਾ ਹੈ ਅਤੇ ਮਨ ਸੰਸਕਾਰਾਂ ਅਧੀਨ ਦਿਮਾਗ ਨੂੰ ਪ੍ਰੇਰਿਤ ਕਰ ਕੇ ਉਸ ਤੋਂ ਕੰਮ ਕਰਵਾਂਦਾ ਹੈ। ਮਨ ਚੰਚਲ ਹੈ। ਦਿਮਾਗ਼ ਆਪਣੀ ਸਮਝ ਮੁਤਾਬਕ ਸਾਨੂੰ/ ਸਾਡੇ ਮਨ ਨੂੰ ਕਿਸੇ ਕੰਮ ਦੇ ਭਲੇ ਬੁਰੇ, ਨਫੇ ਨੁਕਸਾਨ ਬਾਰੇ ਸੁਚੇਤ ਕਰ ਦਿੰਦਾ ਹੈ। ਪਰ ਕੋਈ ਕੰਮ ਕਰਨਾ ਜਾਂ ਨਾ ਕਰਨਾ ਇਸ ਬਾਰੇ ਫੈਸਲਾ ਮਨ ਨੇ ਕਰਨਾ ਹੈ। ਮਨ ਦਿਮਾਗ ਨੂੰ ਪ੍ਰੇਰਿਤ ਕਰ ਕੇ ਆਪਣੀ ਮਰਜੀ ਦੇ ਕੰਮ ਕਰਨ ਲਈ ਮਜਬੂਰ ਕਰ ਦਿੰਦਾ ਹੈ। ਪ੍ਰਭੂ ਸਾਡੇ ਮਨ ਨੂੰ ਪ੍ਰੇਰਣਾ ਸਾਡੇ ਕੀਤੇ ਕਰਮਾਂ ਅਨੁਸਾਰ ਦੁੱਖ ਸੁਖ ਭੋਗਣ ਲਈ ਕਰਦਾ ਹੈ। ਕਿਉਂਕਿ ਸਾਡੇ ਤੇ ਹੁਕਮ ਸਾਡੇ ਮਨ ਦਾ ਹੀ ਚੱਲਦਾ ਹੈ ਦਿਮਾਗ਼ ਨੂੰ ਗੱਲ ਮਨ ਦੀ ਹੀ ਮੰਨਣੀ ਪੈਂਦੀ ਹੈ। ਇਸੇ ਲਈ ਸਾਡੇ ਨਾਲ ਚੰਗੇ ਮਾੜੇ ਹਾਦਸੇ ਵਾਪਰਦੇ ਹਨ।

ਸਾਰੇ ਭੁਲੇਖੇ ਅਤੇ ਗੁਰਬਾਣੀ ਦੀਆਂ ਗ਼ਲਤ ਵਿਆਖਿਆਵਾਂ, ਮਨ ਨੂੰ ਦਿਮਾਗ ਦਾ ਹਿੱਸਾ ਮੰਨਣ ਨਾਲ ਹੋ ਰਹੀਆਂ ਹਨ। ਜਦ ਕਿ ਗੁਰਮਤਿ ਅਨੁਸਾਰ ਮਨ, ਆਤਮਾ ਵੱਖਰੀ ਚੀਜ ਹੈ ਅਤੇ ਦਿਮਾਗ ਵੱਖਰੀ। ਜੀਵਨ ਸਮਾਪਤ ਹੋ ਜਾਣ ਤੇ ਦਿਮਾਗ ਸਰੀਰ ਦੇ ਨਾਲ ਖ਼ਤਮ ਹੋ ਜਾਂਦਾ ਹੈ ਪਰ ਮਨ, ਆਤਮਾ ਕਦੇ ਖ਼ਤਮ ਨਹੀਂ ਹੁੰਦੇ। ਪਰਮਾਤਮਾ ਦੀ ਤਰ੍ਹਾਂ ਇਸ ਮਨ, ਆਤਮਾ ਦਾ ਕੋਈ ਭੌਤਿਕ ਵਜੂਦ ਨਹੀਂ ਹੈ। ਜਿਸ ਤਰ੍ਹਾਂ ਦਾ ਅਤੇ ਜਿਹੜਾ ਸਰੀਰ ਜਨਮ ਵੇਲੇ ਇਸ ਮਨ, ਆਤਮਾ ਨੂੰ ਮਿਲਦਾ ਹੈ ਇਹ ਉਹੀ ਹੁੰਦਾ ਹੈ।

“ਨਾ ਇਹੁ ਮਾਨਸੁ ਨਾ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥ ਨਾ ਇਹੁ ਜੋਗੀ ਨਾ ਅਵਧੂਤਾ॥ ਨਾ ਇਸੁ ਮਾਇ ਨ ਕਾਹੂ ਪੂਤਾ॥ 1॥ ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤੁ ਨ ਕੋਊ ਪਾਈ॥ ਰਹਾਉ॥ ਨਾ ਇਹੁ ਗਿਰਹੀ ਨਾ ਓਦਾਸੀ॥ ਨਾ ਇਹੁ ਰਾਜ ਨ ਭੀਖ ਮੰਗਾਸੀ॥ ਨਾ ਇਸੁ ਪਿੰਡੁ ਨ ਰਕਤੂ ਰਾਤੀ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ॥ 2॥ ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ ਨ ਮਰਤਾ ਦੇਖੁ॥ ਇਸੁ ਮਰਤੇ ਕਉ ਕੋਈ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥ 3॥ ਗੁਰ ਪ੍ਰਸਾਦਿ ਮੈ ਡਗਰੌ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥ 4॥ (ਪ-871)

ਅਰਥ- (ਸਾਡੇ) ਇਸ ਸਰੀਰ-ਰੂਪ ਘਰ ਵਿੱਚ ਕੌਣ ਵਸਦਾ ਹੈ? ਉਸ ਦਾ ਕੀ ਅਸਲਾ ਹੈ? ਇਸ ਗੱਲ ਦੀ ਤਹਿ ਤੱਕ ਕੋਈ ਨਹੀਂ ਅਪੜਿਆ। ਰਹਾਉ।

(ਕੀਹ ਮਨੁੱਖ, ਕੀਹ ਦੇਵਤਾ, ਕੀਹ ਜਤੀ, ਤੇ ਕੀਹ ਸ਼ਿਵ ਉਪਾਸ਼ਕ, ਕੀਹ ਜੋਗੀ, ਤੇ ਕੀਹ ਤਿਆਗੀ, ਹਰੇਕ ਵਿੱਚ ਇੱਕ ਉਹੀ ਵੱਸਦਾ ਹੈ, ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਂਹ ਜਤੀ ਹੈ ਨਾਂਹ ਸ਼ਿਵ ਉਪਾਸ਼ਕ, ਨਾਂਹ ਜੋਗੀ ਹੈ, ਨਾਹ ਤਿਆਗੀ, ਨਾਂਹ ਇਸ ਦੀ ਕੋਈ ਮਾਂ ਹੈ, ਨਾਹ ਇਹ ਕਿਸੇ ਦਾ ਪੁੱਤਰ। 1.

(ਗ੍ਰਿਹਸਤੀ, ਉਦਾਸੀ, ਰਾਜਾ, ਕੰਗਾਲ, ਬ੍ਰਹਮਣ, ਖੱਤਰੀ; ਸਭ ਵਿੱਚ ਇਹੀ ਵੱਸਦਾ ਹੈ, ਫਿਰ ਭੀ ਇਹਨਾਂ ਵਿੱਚ ਰਹਿਣ ਕਰਕੇ ਸਦਾ ਲਈ) ਨਾਂਹ ਇਹ ਗ੍ਰਿਹਸਤੀ ਹੈ, ਨਾਂਹ ਉਦਾਸੀ, ਨਾਂਹ ਇਹ ਰਾਜਾ, ਨਾਂਹ ਮੰਗਤਾ; ਨਾਂਹ ਇਹ ਬ੍ਰਹਮਣ ਹੈ ਨਾਂਹ ਖੱਤ੍ਰੀ; ਨਾਂਹ ਇਸ ਦਾ ਕੋਈ ਸਰੀਰ ਹੈ ਨਾਂਹ ਇਸ ਵਿੱਚ ਰਤਾ ਭਰ ਭੀ ਲਹੂ ਹੈ। 2.

(ਤਪੇ, ਸ਼ੇਖ ਸਭ ਵਿੱਚ ਇਹੀ ਹੈ, ਸਭ ਸਰੀਰਾਂ ਵਿੱਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਂਹ ਇਹ ਕੋਈ ਤਪਸ੍ਵੀ ਹੈ ਨਾਂਹ ਕੋਈ ਸ਼ੇਖ ਹੈ; ਨਾਂਹ ਇਹ ਜੰਮਦਾ ਹੈ ਨਾਂਹ ਇਹ ਮਰਦਾ ਹੈ। ਜਿਹੜਾ ਕੋਈ ਜੀਵ ਇਸ (ਇਸ ਅੰਦਰ ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ ਉਹ ਖਵਾਰ ਹੀ ਹੁੰਦਾ ਹੈ। 3.

ਹੇ ਕਬੀਰ ਆਖ- (ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜਿੰਦਗ਼ੀ ਦਾ ਸਹੀ) ਰਸਤਾ ਲੱਭਾ ਹੈ, ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ; ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ਼ ਹੈ, ਤੇ ਇਹ ਦੋਵੇਂ ਆਪੋ ਵਿੱਚ ਇਉਂ ਜੁੜੇ ਹੋਏ ਹਨ ਜਿਵੇਂ ਕਾਗਜ਼ ਅਤੇ (ਕਾਗਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ। 4. (ਅਰਥ- ਪ੍ਰੋ: ਸਾਹਿਬ ਸਿੰਘ)

“ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੈ ਮਨੁ ਕਹਾ ਸਮਾਈ॥ 4॥ … ਇਸੁ ਮਨ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ॥ 6॥ ਇਸੁ ਮਨ ਕਉ ਰੂਪ ਨ ਰੇਖਿਆ ਕਾਈ॥ ਹੁਕਮੈ ਹੋਇਆ ਹੁਕਮੁ ਬੂਝਿ ਸਮਾਈ॥ 7॥ ਇਸੁ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਖਦੇਉ॥ 8॥ ਜੀਉ ਏਕੁ ਅਰੁ ਸਗਲ ਸਰੀਰਾ॥ ਇਸ ਮਨ ਕਉ ਰਵਿ ਰਹੇ ਕਬੀਰਾ॥ 9॥

ਅਰਥ- ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ। 4. …. ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ); ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਨਹੀਂ ਪੈਂਦਾ। 6.

(ਅਸਲ ਵਿੱਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ। 7.

ਜੋ ਮਨੁੱਖ ਇਸ ਭੇਦ ਨੂੰ ਜਾਣ ਲੈਂਦਾ ਹੈ, ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। 8.

ਕਬੀਰ ਉਸ (ਸਰਬ ਵਿਆਪਕ) ਮਨ (ਭਾਵ ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿੱਚ ਮੌਜੂਦ ਹੈ। 9.

ਮਨ ਸੰਬੰਧੀ ਭੁਲੇਖਾ ਅੱਜ ਦਾ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜੇ ਡੁੰਘਾਈ ਨਾਲ ਨਾ ਸੋਚੀਏ ਤਾਂ ਇਹ ਮਨ ਦਿਮਾਗ਼ ਦਾ ਹੀ ਹਿੱਸਾ ਪ੍ਰਤੀਤ ਹੁੰਦਾ ਹੈ ਪਰ ਅਸਲ ਵਿੱਚ ਦਿਮਾਗ਼ ਭੌਤਿਕ ਸਰੀਰ ਦਾ ਹਿੱਸਾ ਹੈ ਅਤੇ ਮਨ ਉਸ ਨਿਰਾਕਾਰ ਪ੍ਰਭੂ ਦੀ ਅੰਸ਼।

ਸਾਰੇ ਭੁਲੇਖੇ ਇਸ ਲਈ ਪੈ ਰਹੇ ਹਨ ਜੇ ਆਪਾਂ ਇਸ ਦਿਸਦੇ ਸੰਸਾਰ ਨੂੰ ਅਤੇ ਦਿਸਦੇ ਸਰੀਰ ਨੂੰ ਹੀ ਸਭ ਕੁੱਝ ਸਮਝੀ ਬੈਠੇ ਹਾਂ। ਅਤੇ ਐਕਸ਼ਨ-ਰਿਐਕਸ਼ ਦੀ ਤਰ੍ਹਾਂ ਹੀ ਕਰਮ-ਕਰਮਫਲ਼ ਨੂੰ ਮੰਨਦੇ ਹਾਂ

Victor J Zammit ਅਸਟ੍ਰੇਲੀਆ ਦਾ ਇੱਕ ਮਸ਼ਹੂਰ ਵਕੀਲ ‘ਮਨ/ਦਿਮਾਗ਼ ਸੰਬੰਧੀ ਆਪਣੇ ਵਿਚਾਰ ਇਸ ਤਰ੍ਹਾਂ ਲਿਖਦਾ ਹੈ:

The mind/brain debate has been going for more than twenty centuries.

I state in absolute terms that there is overwhelming objective evedence that physical brain is NOT the mind. The physical brain dies when the physical body dies, but the mind SRUVIVES physical death. To-day without any objective evedence, materialists claim that mind and brain are the same.

Empirical research- admissible evidence- has shown that whereas the physical brain is destroyed at the moment of death the MIND continues to survive. (ਮਰਣਹਾਰੁ ਇਹੁ ਜੀਅਰਾ ਨਾਹੀ) - (ਓਹ ਬੈਰਾਗੀ ਮਰੈ ਨ ਜਾਇ ਹੁਕਮੈ ਬਾਧਾ ਕਾਰ ਕਮਾਏ)

Mind has no beginning, no end in the afterlife dimensions. (ਨਾ ਇਹੁ ਜੀਵੈ ਨ ਮਰਤਾ ਦੇਖੁ॥)

It is eternal because it is part of the “universal cosmic Mind”. (ਸਭ ਏਕਾ ਜੋਤਿ ਜਾਣੈ ਜੇ ਕੋਇ॥) - (ਜੀਉ ਏਕੁ ਅਰੁ ਸਗਲ ਸਰੀਰਾ॥)

It is as a ‘spark’ of the Divine. (ਕਹੁ ਕਬੀਰ ਇਹੁ ਰਾਮ ਕੀ ਅੰਸੁ॥) - (ਪ੍ਰਭ ਕੀ ਜੋਤਿ ਸਗਲ ਘਟ ਸੋਹੈ” )

(www.victor zammit.com/articles/mindbrain.html)

ਸੋ ਸਾਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਇਹ ਦਿਸਦਾ ਸੰਸਾਰ ਹੀ ਸਭ ਕੁੱਝ ਨਹੀਂ ਹੈ ਇਸ ਦੇ ਉੱਪਰ ਵੀ ਇਸ ਨੂੰ ਕੰਟਰੋਲ ਕਰਨ ਵਾਲਾ ਕੋਈ ‘ਪਰਮਾਤਮਾ’ ਹੈ। ‘ਰੱਬੀ ਨਿਯਮਾਵਲੀ’ ਹੀ ਨਹੀਂ ‘ਰੱਬ’ ਖੁਦ ਵੀ ਹੈ ਜੋ ਕਿਸੇ ਨਿਯਮਾਵਲੀ ਦੇ ਅਧੀਨ ਨਹੀਂ ਹੈ।

ਦਿਮਾਗ ਸਮੇਤ ਇਹ ਸਰੀਰ ਹੀ ਸਭ ਕੁੱਝ ਨਹੀਂ ਹੈ ਇਸ ਤੇ ਹੁਕਮ ਚਲਾਉਣ ਵਾਲਾ ਵੀ ਕੋਈ ‘ਮਨ’ ਹੈ। ਸਥੂਲ ਦਿਮਾਗ ਅਤੇ ਸੂਖਮ ਮਨ ਦੋ ਵੱਖ ਵੱਖ ਚੀਜਾਂ ਹਨ।

ਜਸਬੀਰ ਸਿੰਘ (ਕੈਲਗਰੀ)




.