.

“ਅਖੀ ਦੇਖੈ ਜਿਹਵਾ ਬੋਲੈ…”

(ਭਾਗ ਤੀਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਨੂੰ ਪਹਿਲੇ ਦੋ ਭਾਗਾਂ ਨਾਲ ਮਿਲਾ ਕੇ ਪੜ੍ਹੌ ਜੀ)

ਰਿਜ਼ਕ ਹੋਵੇ ਜਾਂ ਧੰਦਾ-– ਚਲਦੇ ਆ ਰਹੇ ਪ੍ਰਕਰਣ ਅਨੁਸਾਰ ਪ੍ਰਭੂ ਦੇ ਨੂਰ ਤੋਂ ਬਾਅਦ ਬੇਜਾਨ ਮਿੱਟੀ `ਚ ਕੇਵਲ ਸੁਰਤ ਪੈਣ ਨਾਲ ਹੀ ਨਸਲ ਅਨੁਸਾਰ ਜੀਵ `ਚ ਹਿਲਜੁਲ ਤੇ ਮਹਿਸੂਸ ਕਰਣ ਦੀ ਤਾਕਤ ਪੈਦਾ ਹੋ ਜਾਂਦੀ ਹੈ। ਉਪ੍ਰੰਤ ਇਸ ਮਿੱਟੀ ਤੇ ਸੁਰਤ ਦੇ ਮਿਲਾਪ ਵਾਲੇ ਸਰੀਰ ਨੇ ਅੱਗੇ ਵੱਧਣਾ ਹੁੰਦਾ ਹੈ। ਇਸ ਦੇ ਲਈ ਪ੍ਰਭੂ ਨੇ ਜੀਵ ਨੂੰ ਦੋ (੨) ਦਾਤਾਂ ਬਖ਼ਸ਼ੀਆਂ ਹੋਈਆਂ ਹਨ; ਇੱਕ ‘ਰਿਜ਼ਕ’ ਤੇ ਦੂਜੀ ‘ਧੰਦੇ’ ਵਾਲੀ‘ਰਿਜ਼ਕ’ ਹਰੇਕ ਜੂਨੀ ਸਮੇਂ ਸਰੀਰ ਦੇ ਵਾਧੇ ਲਈ ਤਾਕਤ ਤੇ ਖ਼ੁਰਾਕ ਦੀ ਲੋੜ ਪੂਰੀ ਕਰਦਾ ਹੈ। ‘ਧੰਦਾ’ ਉਸ ਖ਼ੁਰਾਕ ਨੂੰ ਹਜ਼ਮ ਕਰਵਾ ਕੇ ਸਰੀਰਾਂ `ਚ ਜੀਵਨ ਭਰ ਵਾਧੇ ਦਾ ਕੰਮ ਕਰਦਾ ਹੈ। ਮਨੁੱਖ ਸਮੇਤ ਜੀਵ ਚਾਹੇ ਕੋਈ ਤੇ ਕਿਸੇ ਵੀ ਜੂਨ ਤੇ ਸ਼੍ਰੇਣੀ ਦਾ ਹੋਵੇ, ‘ਰਿਜ਼ਕ’ ਤੇ ਧੰਦੇ ਤੱਕ ਸਾਰਿਆਂ ਦਾ ਮੂਲ ਇਕੋ ਹੀ ਹੈ। ਇਸੇ ‘ਧੰਦੇ’ ਤੇ ‘ਰਿਜ਼ਕ’ ਵਾਲੀ ਸਾਂਝ ਤੋਂ ਹਰੇਕ ਜੂਨੀ `ਚ ਗਰਭ ਕਾਲ, ਜਨਮ, ਬਚਪਣ, ਜੁਆਨੀ, ਬੁਢੇਪਾ ਅੰਤ ਮੌਤ ਤੱਕ ਦੀਆਂ ਤਬਦੀਲੀਆਂ ਆਉਂਦੀਆਂ ਹਨ। ਇਸੇ ਲਈ ਗੁਰ ਫ਼ੁਰਮਾਨ ਹੈ “ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ” (ਪੰ: ੧੧੨) ਭਾਵ ਹਰੇਕ ਜੂਨ `ਚ ‘ਰਿਜ਼ਕ’ ਤੇ ‘ਧੰਦੇ’ ਵਾਲੀਆਂ ਦੋਵੇਂ ਲੋੜਾਂ ਪ੍ਰਭੂ ਆਪ ਪੂਰੀਆਂ ਕਰਦਾ ਹੈ।

ਇਸ ਤਰ੍ਹਾਂ ਕੇਵਲ ‘ਗੁਰਮੁਖ’ ਦੇ ‘ਸਦਾਚਾਰੀ’ ਨੂੰ ਹੀ ਨਹੀਂ ਬਲਕਿ ‘ਮਨਮੁਖ’, ‘ਕੁਕਰਮੀ’ ਤੇ ‘ਵਿਭਚਾਰੀ’ ਮਨੁੱਖ ਸਮੇਤ ਹਰੇਕ ਜੂਨੀ `ਚ ਪ੍ਰਭੂ ਵੱਲੋਂ ‘ਰਿਜ਼ਕ’ ਵੀ ਤੇ ‘ਧੰਦਾ’ ਵੀ, ਹਰੇਕ ਨੂੰ ਪ੍ਰਾਪਤ ਰਹਿੰਦਾ ਹੈਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਇਸੇ ‘ਰਿਜ਼ਕ’ ਤੇ ‘ਧੰਦੇ’ ਤੋਂ ਉਭਰੇ ਕਿਸੇ ‘ਗੁਰਮੁਖ’ ਦੇ ਧੰਦੇ ਲਈ, ਗੁਰਦੇਵ ਨੇ ਉਚੇਚੇ ਲਫ਼ਜ਼ ‘ਉੱਦਮ’ ਵੀ ਵਰਤਿਆ ਹੈ ਨਹੀਂ ਤਾਂ ਸਾਂਝਾ ਤੇ ਸਾਰਿਆਂ ਲਈ ਲਫ਼ਜ਼ ‘ਆਹਰ’ ਤੇ ‘ਧੰਦਾ’ ਹੀ ਵਰਤਿਆ ਹੈ। ਕਰਤੇ ਪ੍ਰਭੂ ਨੂੰ ਵਿਸਾਰ ਕੇ ਮਨੁੱਖ ਰਾਹੀਂ ਕੀਤੇ ਜਾ ਰਹੇ ਕਿਸੇ ਵੀ ‘ਆਹਰ’ ਤੇ ‘ਧੰਦੇ’ ਲਈ ਗੁਰਬਾਣੀ `ਚ ਕਿਧਰੇ ਵੀ ਲਫ਼ਜ਼ ‘ਉੱਦਮ’ ਨਹੀਂ ਆਇਆ। ਦੂਜੇ ਲਫ਼ਜ਼ਾਂ `ਚ ਗੁਰਬਾਣੀ `ਚ ਕਿਸੇ ‘ਮਨਮੁਖ’ ਦੇ ‘ਧੰਦੇ’ ਜਾਂ ‘ਆਹਰ’ ਲਈ ਲਫ਼ਜ਼ ‘ਉੱਦਮ’ ਨਹੀਂ ਆਇਆ। ਬਲਕਿ ਇਥੋਂ ਤੱਕ ਵੀ ਫ਼ੁਰਮਾਇਆ ਹੈ ਜਿਵੇਂ “ਆਹਰ ਸਭਿ ਕਰਦਾ ਫਿਰੈ, ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ, ਜਗੁ ਉਧਰੈ ਵਿਰਲਾ ਬੂਝੈ ਕੋਇ” (ਪੰ: ੯੬੫)। ਇਸ ਤਰ੍ਹਾਂ ਸ਼ੰਸਾਰਕ ‘ਆਹਰਾਂ’ ਤੇ ‘ਧੰਦਿਆਂ’ ਲਈ ਇਹ ਵੀ ਕਿਹਾ ਹੈ “ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ, ਸਭ ਮਿਥਿਆ ਮੋਹੁ ਮਾਇ” (ਪੰ: ੪੪)

ਚੂੰਕਿ ਮਨੁੱਖ ਸਮੇਤ, ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡਾ ਸਰੀਰ ਵੀ ਜੂਨਾਂ ਅਨੁਸਾਰ ‘ਰਿਜ਼ਕ’ ਤੇ ‘ਧੰਦੇ’ `ਤੇ ਹੀ ਖੜਾ ਹੈ। ਜੇਕਰ ਇਨ੍ਹਾਂ ਦੋਨਾਂ ‘ਰਿਜ਼ਕ’ ਜਾਂ ‘ਧੰਦੇ’ ਕਿਸੇ ਵਿੱਚੋਂ ਇੱਕ ਦੀ ਵੀ ਘਾਟ ਹੋਵੇ ਤਾਂ ਅਰਬਾਂ-ਖਰਬਾਂ ਜੂਨਾਂ `ਚੋਂ ਇੱਕ ਵੀ ਸਰੀਰ ਨਹੀਂ ਚੱਲ ਸਕਦਾ। ਹਰੇਕ ਜੀਵ ਦੇ ‘ਧੰਦੇ’ ਤੋਂ ਹੀ ਉਸ ਦੇ ਸਰੀਰ ਨੇ ਅੱਗੇ ਵੱਧਣਾ ਹੈ ਅਤੇ ਹਰੇਕ ਸਰੀਰ ਦੇ ਵਾਧੇ ਲਈ ਪਭੂ ਨੇ ਹਰੇਕ ਜੀਵ ਨੂੰ ‘ਧੰਦੇ’ ਦੇ ਨਾਲ-ਨਾਲ ‘ਰਿਜ਼ਕ’ ਵਾਲੀ ਦਾਤ ਵੀ ਬਖ਼ਸ਼ੀ ਹੋਈ ਹੈ। ਇਸੇ ਤੋਂ ਹਰੇਕ ਸਰੀਰ ਗਰਭ ਅਵਸਥਾ ਉਪ੍ਰੰਤ ਜਨਮ, ਫ਼ਿਰ ਬਚਪਣ, ਜੁਆਨੀ, ਬੁਢਾਪਾ ਅਤੇ ਇਸ ਤਰ੍ਹਾਂ ਆਪਣੇ ਜੀਵਨ ਦੇ ਅੰਤ ਤੱਕ ਪੁੱਜਦਾ ਹੈ।

“ਪਹਿਲੋ ਦੇ ਤੈਂ ਰਿਜਕੁ ਸਮਾਹਾ” - ਅਜਿਹੇ ਗੁਰਬਾਣੀ ਫ਼ੁਰਮਾਨ ਵੀ ਬੇਅੰਤ ਹਨ ਜੋ ਹਰੇਕ ਜੂਨੀ `ਚ ਪ੍ਰਭੂ ਵੱਲੋਂ ਹਰੇਕ ਜੀਵ ਨੂੰ ਰਿਜ਼ਕ ਤੇ ੳੇੁਸ ਦੇ ਲਈ ਧੰਦੇ ਦੀ ਸੂਚਨਾ ਦਿੰਦੇ ਹਨ। ਇਸ ਲਈ ਪਹਿਲਾਂ ਅਸੀਂ ਹਰੇਕ ਜੀਵ ਨੂੰ ਰਿਜ਼ਕ ਪਹੁਚਾਉਣ ਸਬੰਧੀ ਕੁੱਝ ਗੁਰਬਾਣੀ ਪ੍ਰਮਾਣ ਲੈਣ ਦਾ ਯਤਣ ਕਰਾਂਗੇ। ਜਿਵੇਂ “ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ” (ਪੰ: ੯੫੬)। ਇਥੋਂ ਤੱਕ ਕਿ “ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ” (ਪੰ: ੧੨੩੫) ਜਾਂ “ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ” (ਪੰ: ੧੩੦)।

ਹੋਰ “ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ, ਪੰਖ ਖੀਰੁ ਤਿਨ ਨਾਹੀ॥ ਪੂਰਨ ਪਰਮਾਨੰਦ ਮਨੋਹਰ, ਸਮਝਿ ਦੇਖੁ ਮਨ ਮਾਹੀ” (ਪੰ: ੪੮੮) ਅਰਥ ਹਨ ਕਿ ਕਛੂ-ਕੁੰਮੀ ਪਾਣੀ `ਚ ਰਹਿੰਦੀ ਹੈ ਅਤੇ ਉਸ ਦੇ ਬੱਚੇ ਬਾਹਰ ਰੇਤੇ `ਤੇ ਰਹਿੰਦੇ ਹਨ। ਨਾ ਉਨ੍ਹਾਂ ਬੱਚਿਆਂ ਕੋਲ ਖੰਭ ਹੁੰਦੇ ਹਨ ਜਿਸ ਤੋਂ ਉਹ ਉੱਡ ਕੇ ਕੁੱਝ ਖਾ ਸਕਣ। ਨਾ ਕਛੂ-ਕੁੰਮੀ ਕੋਲ ਥਣ ਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਆਵੇ। ਫ਼ਿਰ ਵੀ ਵਿਚਾਰਣ ਦਾ ਵਿਸ਼ਾ ਹੈ ਕਿ ਉਹ ਸੁੰਦਰ ਪਰਮਾਨੰਦ ਕਰਤਾ ਪ੍ਰਭੂ, ਕਛੁਕੁੰਮੀ ਦੇ ਉਨ੍ਹਾਂ ਬੱਚਿਆਂ ਦੀ ਪਾਲਣਾ ਵੀ ਆਪ ਹੀ ਕਰਦਾ ਹੈ।

ਇਸੇ ਤਰ੍ਹਾਂ “ਪਾਖਣਿ ਕੀਟੁ ਗੁਪਤੁ ਹੋਇ ਰਹਤਾ, ਤਾ ਚੋ ਮਾਰਗੁ ਨਾਹੀ” (ਪੰ: ੪੮੮) ਭਾਵ ਪੱਥਰਾਂ `ਚ ਵੀ ਕੀੜਾ ਲੁਕਿਆ ਰਹਿੰਦਾ ਹੈ। ਜਦਕਿ ਉਸ ਪੱਥਰ `ਚੋਂ ਬਾਹਰ ਜਾਣ ਲਈ ਉਸ ਕੋਲ ਕੋਈ ਰਾਹ ਵੀ ਨਹੀਂ ਹੁੰਦਾ; ਪਰ ਉਸ ਦੀ ਪਾਲਣਾ ਵੀ ਪ੍ਰਭੂ ਆਪ ਹੀ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਮਿਸਾਲ “ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ ਆਗੈ ਕਰਿ ਧਰਿਆ” (ਪੰ: ੧੦) ਅਰਥ ਹਨ, “ਪੱਥਰਾਂ ਤੇ ਚਟਾਣਾ `ਚ ਪੈਦਾ ਹੋਣ ਵਾਲੇ ਜੀਵਾਂ ਨੂੰ ਵੀ ਰਿਜ਼ਕ ਪੁਜਦਾ ਹੈ ਤੇ ਭੁਖੇ ਉਹ ਵੀ ਨਹੀਂ ਮਰਦੇ। ਕਿਉਂਕਿ ਉਨ੍ਹਾਂ ਪੱਥਰਾਂ ਤੇ ਚੱਟਾਣਾਂ `ਚ ਪੈਦਾ ਹੋਣ ਵਾਲੇ ਜੀਵਾਂ ਨੂੰ ਉਨ੍ਹਾਂ ਦਾ ਰਿਜ਼ਕ ਵੀ ਪ੍ਰ੍ਰਭੂ ਉਨ੍ਹਾਂ ਨੂੰ ਉਥੇ ਹੀ ਭੇਜਦਾ ਹੈ”।

ਹੋਰ ਤਾਂ ਹੋਰ, ਅੱਜ ਦਾ ਵਿਗਿਆਨ ਵੀ ਅਜੇ ਜਿੱਥੋਂ ਤੱਕ ਨਹੀਂ ਪੁੱਜ ਸਕਿਆ ਗੁਰਦੇਵ ਤਾਂ ਸੈਂਕੜੇ ਸਦੀਆਂ ਪਹਿਲਾਂ ਇਹ ਸੂਚਨਾ ਵੀ ਦੇ ਰਹੇ ਹਨ ਕਿ ਜੀਵਾਂ ਲਈ ਰਿਜ਼ਕ ਵੀ ਅਜਿਹੀ ਦਾਤ ਹੈ ਜਿਹੜੀ ਕਿ ਅੱਜ ਦੀ ਬੋਲੀ `ਚ ਰਿਮੋਟ ਕੰਟ੍ਰੋਲ ਦੇ ਢੰਗ ਨਾਲ ਵੀ ਦੂਰ ਦੁਰੇਡੇ ਜੀਵਾਂ ਤੱਕ ਪੁੱਜ ਜਾਂਦੀ ਹੈ। ਫ਼ੁਰਮਾਨ ਹੈ “ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ” (ਪੰ: ੧੦)। ਵਿਚਾਰਣ ਦੀ ਗੱਲ ਹੈ ਕਿ ਕੁਦਰਤੀ ਨਿਯਮਾਂ `ਚ ਕੂੰਜਾਂ ਆਪਣੇ ਬਚਿਆਂ ਨੂੰ ਜਨਮ ਹੀ ਉਸ ਸਮੇਂ ਦਿੰਦੀਆਂ ਹਨ ਜਦੋਂ ਨਾਲ ਹੀ ਮੌਸਮ `ਚ ਵੀ ਤਬਦੀਲੀ ਹੋ ਜਾਂਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਕੂੰਜਾਂ ਨੂੰ ਆਪਣੇ ਘੋਂਸਲੇ ਤਿਆਗ ਕੇ, ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਨਵ ਜਨਮੇਂ ਬੱਚਿਆਂ ਨੂੰ ਵੀ ਉਥੇ ਹੀ ਛਡ ਕੇ ਇੱਕ ਦੰਮ, ਸੈਂਕੜੇ ਕੋਹਾਂ (ਕਿਲੋਮੀਟਰਾਂ) ਦੀ ਦੂਰੀ `ਤੇ ਜਾਣਾ ਪੈ ਜਾਂਦਾ ਹੈ।

ਜਦਕਿ ਇਹ ਵੀ ਕੁਦਰਤ ਦੇ ਨੇਮ `ਚ ਹੀ ਹੈ ਕਿ ਇਨ੍ਹਾਂ ਕੂੰਜਾਂ ਅੰਦਰ ਵੀ ਆਪਣੇ ਬਚਿਆਂ ਪ੍ਰਤੀ ‘ਮੋਹ’ ਤਾਂ ਉਹੀ ਹੁੰਦਾ ਹੈ ਜੋ ਮਨੁੱਖ ਸਮੇਤ ਦੂਜੀਆਂ ਅਨੇਕਾਂ ਸ਼੍ਰੇਣੀਆਂ `ਚ ਆਪਣੇ ਬੱਚਿਆਂ ਲਈ। ਇਸ ਤਰ੍ਹਾਂ ਕੂੰਜਾਂ ਨੂੰ ਵੀ ਆਪਣੇ ਨਵਜਨਮੇ ਬੱਚਿਆਂ ਦੀ “ਮਨ ਮਹਿ ਸਿਮਰਨੁ ਕਰਿਆ” ਅਨੁਸਾਰ ਯਾਦ ਤਾਂ ਸਤਾਅ ਹੀ ਰਹੀ ਹੁੰਦੀ ਹੈ। ਇਸ ਲਈ ੳੇੁਨ੍ਹਾਂ ਨੂੰ ਉਨ੍ਹਾਂ ਬੱਚਿਆਂ ਦੀ ਚਿੰਤਾ ਵੀ ਹੁੰਦੀ ਹੈ ਅਤੇ ਉਨ੍ਹਾਂ ਦੇ ‘ਮੋਹ’ ਵਾਲੀ ਤਾਰ ਵੀ ਆਪਣੇ ਬੱਚਿਆਂ ਨਾਲ ਜੁੜੀ ਹੁੰਦੀ ਹੈ। ਖ਼ੂਬੀ ਇਹ ਕਿ ਅਕਾਲਪੁਰਖ ਹੀ ਜਾਣਦਾ ਹੈ ਕਿ ਕਿਵੇਂ ਉਨ੍ਹਾਂ ਕੂੰਜਾਂ ਦੇ ਬੱਚਿਆਂ ਦੀ ਪਾਲਨਾ ਵੀ ਆਪਣੇ ਆਪ ਹੀ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਲੋੜੀਦਾ ਭੋਜਨ ਵੀ ਆਪਣੇ ਆਪ ਪੁੱਜ ਜਾਂਦਾ ਹੈ। ਫ਼ਿਰ ਕੂੰਜਾਂ ਹੀ ਨਹੀਂ ਕਰਤੇ ਦੀ ਰਚਨਾ `ਚ ਤਾਂ ਇਸੇ ਤਰ੍ਹਾਂ ਅਰਬਾਂ-ਖਰਬਾਂ ਹੋਰ ਜੂਨੀਆਂ ਵੀ ਹਨ।

ਉਪ੍ਰੰਤ ਜਿਥੋਂ ਤੱਕ ਮਨੁੱਖਾ ਜੂਨ ਦਾ ਸਬੰਧ ਹੈ ਇਸ ਸਬੰਧੀ ਵਿਸ਼ੇਸ਼ ਤੌਰ `ਤੇ ਉਸ ਦੇ ਰੋਜ਼ੀ ਰੋਟੀ ਦੇ ਮਸਲੇ ਸੰਬੰਧੀ ਅਸੀਂ ਇੱਕ ਪੂਰਾ ਗੁਰਮੱਤ ਪਾਠ ਨੰ: ੧੨੫ “ਰੋਟੀ ਰੋਜ਼ੀ ਦਾ ਮੱਸਲਾ ਅਤੇ ਸਿੱਖ ਧਰਮ” ਪਹਿਲਾਂ ਹੀ ਦੇ ਚੁੱਕੇ ਹਾਂ। ਗੁਰੂ ਕੀਆਂ ਸੰਗਤਾਂ, ਅਭਿਲਾਖੀ ਸੱਜਨ ਤੇ ਪਾਠਕ ਜਨ ਉਸ ਦਾ ਲਾਭ ਲੈ ਸਕਦੇ ਹਨ। ਇਸ ਲਈ ਇਥੇ ਇਸ ਵਿਸ਼ੇ ਨੂੰ ਹੋਰ ਲੰਮਾਂ ਕਰਣ ਦੀ ਲੋੜ ਨਹੀਂ।

“ਤੇ ਭਾਗਹੀਣ ਜਮ ਪਾਸਿ” - ਰੋਜ਼ਾਨਾ ਸੋਪੁਰਖ ਦੇ ਸ਼ਬਦਾਂ `ਚ ਅਸੀਂ ਪੜ੍ਹਦੇ ਹਾਂ ਕਿ “ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ॥ ੨ ॥ ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ, ਤੇ ਭਾਗਹੀਣ ਜਮ ਪਾਸਿ” (ਪੰ: ੧੦)। ਵਿਸ਼ੇ ਨੂੰ ਸਮਝਣ ਲਈ ਇਸੇ ਸ਼ਬਦ ਵਿੱਚੋਂ ਹੀ ਇਹ ਸੰਬੰਧਤ ਟੂਕ “ਤੇ ਭਾਗਹੀਣ ਜਮ ਪਾਸਿ” ਵੀ ਲਈ ਗਈ ਹੈ।

ਉਪ੍ਰੰਤ ਇਸ ਦੇ ਸੰਖੇਪ ਅਰਥ ਹਨ ਕਿ ਜਿਹੜੇ ਮਨੁੱਖ, ਦੁਰਲਭ ਮਨੁੱਖਾ ਜਨਮ ਪਾ ਕੇ ਵੀ ਗੁਰੂ (ਗੁਰਬਾਣੀ) ਦੀ ਸਿਖਿਆ ਅਨੁਸਾਰ ਇਸ ਜਨਮ ਦੀ ਸੰਭਾਲ ਨਹੀਂ ਕਰਦੇ। ਅਜਿਹੇ ‘ਮਨਮੁਖ’ ਜਿਹੜੇ ਜੀਵਨ ਭਰ ਪ੍ਰਭੂ ਦੀ ਬਖ਼ਸ਼ਿਸ਼ ਨੂੰ ਹਾਸਲ ਨਹੀਂ ਕਰ ਸਕਦੇ ਤੇ ਮਨਮਤਾਂ `ਚ ਹੀ ਰੁਝੇ ਰਹਿੰਦੇ ਹਨ। ਨਤੀਜਾ ਹੁੰਦਾ ਹੈ ਕਿ ਅਜਿਹੇ “ਮਨਮੁਖ ਗੁਣ ਤੈ ਬਾਹਰੇ, ਬਿਨੁ ਨਾਵੈ ਮਰਦੇ ਝੂਰਿ” (ਪੰ: ੨੭)। ਪਹਿਲਾਂ ਤਾਂ ਅਜਿਹੇ ‘ਮਨਮੁਖ’ ਜੀਉਂਦੇ ਜੀਅ ‘ਜਮ ਪਾਸਿ’ ਭਾਵ ਹਰ ਸਮੇਂ ਵਿਕਾਰਾਂ ਦੀ ਮਾਰ ਹੀ ਸਹਿੰਦੇ ਹਨ। ਉਨ੍ਹਾਂ ਦਾ ਜੀਵਨ ਇਸ ਜਨਮ `ਚ ਵੀ ਤ੍ਰਿਸ਼ਨਾਵਾਂ, ਚਿੰਤਾਂਵਾਂ, ਭਟਕਣਾ, ਸਹਿਮਾਂ, ਭਰਮਾਂ, ਹਉਮੈ ਬਲਕਿ ਕਈ ਵਾਰੀ ਤਾਂ ਅਉਗੁਣਾਂ, ਜੁਰਮਾਂ ਤੇ ਕੁਕਰਮਾਂ ਆਦਿ `ਚ ਹੀ ਬਤੀਤ ਹੋ ਜਾਂਦੇ ਹਨ।

ਇਸ ਤਰ੍ਹਾਂ ਅਜਿਹੇ ‘ਮਨਮੁਖ’ ਜੀਉਂਦੇ ਵੀ ‘ਜਮ ਪਾਸਿ’ ਉਪ੍ਰੰਤ ਸਰੀਰ ਤਿਆਗਣ ਭਾਵ ਮੌਤ ਤੋਂ ਬਾਅਦ ਵੀ ‘ਜਮ ਪਾਸਿ’ ਭਾਵ ਫ਼ਿਰ ਤੋਂ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ੍ਹ `ਚ ਹੀ ਪੈਂਦੇ ਹਨ। ਅਜਿਹੇ ‘ਮਨਮੁਖਾਂ’ ਲਈ ਹੀ ਫ਼ੁਰਮਾਨ ਹੈ “ਭਾਗਹੀਨ ਸਤਿਗੁਰੁ ਨਹੀ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” (ਪੰ: ੯੫)।

ਇਹ ਵੀ ਚੇਤਾ ਰਹੇ ਕਿ ਗੁਰਬਾਣੀ `ਚ ‘ਭਾਗ’ ਦਾ ਮਤਲਬ ਬ੍ਰਾਹਮਣੀ ਕਿਸਮਤ ਨਹੀਂ। ਬਲਕਿ ਗੁਰਮੱਤ ਤਾਂ ਉਸ ਬ੍ਰਾਹਮਣੀ ਕਿਸਮਤ ਵਾਲੀ ਵਿਚਾਰਧਾਰਾ ਨੂੰ ਹੀ ਪ੍ਰਵਾਨ ਨਹੀਂ ਕਰਦੀ। ਗੁਰਬਾਣੀ `ਚ ‘ਭਾਗ’ ਦਾ ਅਰਥ ਕਰਤੇ ਦੀ ਬਖ਼ਸ਼ਿਸ਼ ਹੀ ਹੁੰਦਾ ਹੈ ਫ਼ਿਰ ਚਾਹੇ ਸ਼ਬਦਾਵਲੀ, ਵਡਭਾਗੀ, ਭਾਗਠ, ਅਭਾਗਾ ਜਾਂ ਭਾਗਹੀਨ ਆਦਿ ਕੁੱਝ ਵੀ ਕਿਉਂ ਨਾ ਹੋਵੇ। ਵੈਸੇ ਵੀ ਇਸ ਵਿਸ਼ੇ `ਤੇ ਅਸੀਂ ਗੁਰਮੱਤ ਪਾਠ ਨੰ: ੧੫੦ “ਕਿਸਮਤ ਅਤੇ ਭਾਗ `ਚ ਫ਼ਰਕ” ਦੇ ਚੁੱਕੇ ਹਾਂ। ਗੁਰੂ ਕੀਆਂ ਸੰਗਤਾਂ, ਅਭਿਲਾਖੀ ਸੱਜਨ ਤੇ ਪਾਠਕ ਜਨ ਉਸ ਦਾ ਲਾਭ ਲੈ ਸਕਦੇ ਹਨ।

ਇਸ ਤਰ੍ਹਾਂ “ਤੇ ਭਾਗਹੀਣ ਜਮ ਪਾਸਿ” ਤੋਂ ਦੂਜੇ ਪਾਸੇ ਜਿਹੜੇ ‘ਗੁਰਮੁਖ’ ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਜੀੳਂੂ ਕੇ ਜੀਵਨ ਦੀ ਸੰਭਾਲ ਕਰਦੇ ਹਨ। ਉਹ ਜੀਉਂਦੇ ਜੀਅ ਵੀ ਪ੍ਰਭੂ `ਚ ਅਭੇਦ ਰਹਿੰਦੇ ਹਨ। ਉਨ੍ਹਾਂ ਦਾ ਜੀਉਂਦੇ ਜੀਅ ਵੀ ਜੀਵਨ ਅਨੰਦ ਮਈ, ਟਿਕਾਅ ਵਾਲਾ ਤੇ ਇਲਾਹੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਰੀਰ ਤਿਆਗਣ ਬਾਅਦ ਵੀ “ਨਾਨਕ ਤਤੁ ਤਤ ਸਿਉ ਮਿਲਿਆ, ਪੁਨਰਪਿ ਜਨਮਿ ਨ ਆਹੀ” (ਪੰ: ੧੬੨) ਅਥਵਾ “ਸੁਭ ਬਚਨ ਰਮਣੰ, ਗਵਣੰ ਸਾਧ ਸੰਗੇਣ ਉਧਰਣਹ॥ ਸੰਸਾਰ ਸਾਗਰੰ, ਨਾਨਕ ਪੁਨਰਪਿ ਜਨਮ ਨ ਲਭ੍ਯ੍ਯਤੇ” (ਪੰ: ੧੩੬੧) ਹੋਰ “ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ” (ਪੰ: ੪੭੬) ਅਨੁਸਾਰ ਅਜਿਹੇ ‘ਗੁਰਮੁਖ’ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ ਅਤੇ ਇਸ ਵਿਸ਼ੇ ਤੇ ਹੋਰ ਵੀ ਅਨੇਕਾਂ ਗੁਰਬਾਣੀ ਪ੍ਰਮਾਣ ਦਿੱਤੇ ਜਾ ਸਕਦੇ ਹਨ।

“ਆਪਿ ਉਪਾਏ ਧੰਧੈ ਲਾਏ” -ਇਸ ਤਰ੍ਹਾਂ ਪ੍ਰਕਰਣ ਅਨੁਸਾਰ ਵਿਸ਼ਾ ਹਰੇਕ ਜੂਨ `ਚ ਹਰੇਕ ਜੀਵ ਨੂੰ ਕੇਵਲ ‘ਰਿਜ਼ਕ’ ਪਹੁੰਚਾਉਣ ਤੱਕ ਹੀ ਸੀਮਿਤ ਨਹੀਂ। ‘ਧੰਦਿਆਂ’ ਬਾਰੇ ਵੀ ਗੁਰਦੇਵ ਨੇ ਫ਼ੁਰਮਾਇਆ ਹੈ ਕਿ ਪ੍ਰਭੂ ਨੇ ‘ਰਿਜ਼ਕ’ ਦੇ ਨਾਲ ਨਾਲ ਜੂਨੀਆਂ ਮੁਤਾਬਕ ਹਰੇਕ ਜੀਵ ਨੂੰ ‘ਧੰਦਿਆਂ’ `ਚ ਵੀ ਲਗਾਇਆ ਹੋਇਆ ਹੈ। ਫ਼ੁਰਮਾਣ ਹੈ “ਰਾਰੈ ਰਵਿ ਰਹਿਆ ਸਭ ਅੰਤਰਿ, ਜੇਤੇ ਕੀਏ ਜੰਤਾ॥ ਜੰਤ ਉਪਾਇ, ਧੰਧੈ ਸਭ ਲਾਏ, ਕਰਮੁ ਹੋਆ ਤਿਨ ਨਾਮੁ ਲਇਆ” (ਪੰ: ੪੩੪)। ਭਾਵ ਪ੍ਰਭੂ ਨੇ ‘ਧੰਦਿਆਂ’ `ਚ ਵੀ ਸਾਰੀਆਂ ਹੀ ਜੂਨੀਆਂ ਨੂੰ ਲਗਾਇਆ ਹੋਇਆ ਹੈ।

ਜਦਕਿ ਮਨੁੱਖਾ ਜੂਨੀ ਸਮੇਂ ਇਨ੍ਹਾਂ ‘ਧੰਦਿਆਂ’ ਸਬੰਧੀ ਵੀ ਵਿਸ਼ੇਸ਼ ਗੱਲ ਇਹ ਹੈ ਕਿ “ਕਰਮੁ ਹੋਆ ਤਿਨ ਨਾਮੁ ਲਇਆ” (ਪੰ: ੪੩੪)। ਇਸ ਮਨੁੱਖਾ ਜਨਮ ਸਮੇਂ ਵੀ ਪ੍ਰਭੂ ਨਾਲ ਜੁੜਣ ਤੇ ਜੀਵਨ ਨੂੰ ਸਫ਼ਲਾ ਕਰਣ ਵਾਲੀ ਗੱਲ ਵੀ ਤਾਂ ਹੀ ਬਣਦੀ ਹੈ ਜੇ ਕਰ ਕਰਤੇ ਦੀ ਆਪਣੀ ਮਿਹਰ ਵੀ ਪ੍ਰਾਪਤ ਕਰ ਸਕੀਏ ਤਾਂ ਭਾਵ ‘ਧੰਦਿਆਂ’ ਦੌਰਾਨ ਵੀ ‘ਧੰਦਿਆਂ’ `ਚ ਲਗਾਉਣ ਵਾਲਾ ਅਕਾਲਪੁਰਖ ਵੀ “ਚੀਤੁ ਨਿਰੰਜਨੁ ਨਾਲਿ” (ਪ: ੧੩੭੬) ‘ਧੰਦਾ’ ਕਰਣ ਵਾਲੇ ਦੇ ਚਿਤ `ਚ ਹੋਵੇ ਤਾਂ।

ਨਹੀਂ ਤਾਂ ਮਨੁੱਖਾ ਜੂਨ ਪਾ ਕੇ ਵੀ “ਹਉਮੈ ਕਰਤ ਭੇਖੀ ਨਹੀ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ” (ਪੰ: ੨੨੬) ਅਨੁਸਾਰ ਸਪਸ਼ਟ ਹੈ ਕਿ ਵਿਰਲੇ ਹੀ ਸੰਭਲਦੇ ਹਨ ਜਦਕਿ ਆਪਣੀ ਹਉਮੈ ਕਾਰਨ ਮਨੁੱਖ ਇਸ ਜੀਵਨ ਦੀ ਸਚਾਈ ਨੂੰ ਫ਼ਿਰ ਵੀ ਨਹੀਂ ਪਹਿਚਾਣਦਾ। ਇਸੇ ਲਈ ਗੁਰਦੇਵ ਦਾ ਫ਼ੁਰਮਾਨ ਹੈ ਕਿ “ਤਨੁ ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ, ਦੁਬਿਧਾ ਡੋਬੇ ਪੂਰੁ(ਪੰ: ੧੯) ਭਾਵ ਰਿਹੀ ਕਾਰਨ ਹੈ ਕਿ ਮਨੁੱਖਾ ਜੂਨ ਪਾ ਕੇ ਵੀ ਇਸ ਤਰ੍ਹਾਂ ਪੂਰਾਂ ਦੇ ਪੂਰ ‘ਮਨਮੁਖਤਾ’ ਵਾਲਾ ਜੀਵਨ ਜੀਊ ਕੇ ਇਸ ਜਨਮ ਨੂੰ ਵੀ ਅਜ਼ਾਈ ਕਰਕੇ ਹੀ ਜਾਂਦੇ ਤੇ ਮੁੜ ਜੂਨਾਂ `ਚ ਪੈਂਦੇ ਹਨ।

ਬਲਕਿ ਗੁਰਦੇਵ ਤਾਂ ਇਸ ਸੰਬਧ `ਚ ਇੱਥੋਂ ਤੱਕ ਸਪਸ਼ਟ ਕਰਦੇ ਹਨ ਕਿ “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ …. ਸੂਕਰ ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ” (ਪੰ: ੬੯੨)। ਅਰਥ ਹਨ ਕਿ ਬਹੁਤੇ ਲੋਕ ਤਾਂ ਮਨੁੱਖਾ ਜਨਮ ਪਾ ਕੇ ਵੀ ਕਰਤੇ ਨਾਲ ਇੱਕ ਮਿਕ ਹੋਏ ਬਿਨਾ ਹੀ ਇਸ ਜਨਮ ਨੂੰ ਵੀ ਬਿਰਥਾ ਕਰਕੇ ਜਾਂਦੇ ਹਨ। …. . ਜਦਕਿ ਗੁਰਦੇਵ ਇਸਦੇ ਨਾਲ ਮਨੁੱਖ ਨੂੰ ਉਲਾਮਾ ਵੀ ਦਿੰਦੇ ਕਿ ਐ ਇਨਸਾਨ! ਤੈਨੂੰ ਤਾਂ ਵੀ ਸ਼ਰਮ ਨਹੀਂ ਕਿ ਪਿਛਲਾ ਮਨੁੱਖਾ ਜਨਮ ਬਿਰਥਾ ਕਰਣ ਕਰਕੇ ਹੀ ਤੂੰ ਸੂਅਰਾਂ, ਕੁਤਿਆਂ ਆਦਿ ਵਾਲੀਆਂ ਅਨੇਕਾਂ ਜੂਨਾਂ (ਭ੍ਰਮੇ) ਭੁਗਤਾਅ ਕੇ ਆਇਆ ਹੈ ਅਤੇ ਤਾਂ ਜਾ ਕੇ ਤੈਨੂੰ ਇਹ ਮਨੁਖਾ ਸਰੀਰ ਮਿਲਿਆ ਹੈ। ਇਸ ਲਈ ਬੇਸ਼ਕ ਤੈਨੂੰ ਫ਼ਿਰ ਤੋਂ ਮਨੁੱਖਾ ਜਨਮ ਮਿਲਿਆ ਹੋਇਆ ਹੈ ਪਰ ਤੂੰ ਇਸ ਨੂੰ ਵੀ ਪ੍ਰਭੂ ਤੋਂ ਟੁੱਟਾ ਰਹਿ ਕੇ ਬਿਰਥਾ ਹੀ ਗੁਆ ਰਿਹਾਂ ਹੈ।

ਤਾਂ ਤੇ “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ” (ਪੰ: ੧੩) ਐ ਭਾਈ! ਗੁਰੂ ਦੀ ਸ਼ਰਨ `ਚ ਆ ਤੇ ਇਸ ਜਨਮ ਦੀ ਸੰਭਾਲ ਕਰ। ਤਾ ਕਿ ਤੈਨੂੰ ਫ਼ਿਰ ਤੋਂ ਜਨਮ-ਮਰਨ ਦੇ ਗੇੜ `ਚ ਨਾ ਪੈਣਾ ਪਵੇ।

ਇਸੇ ਤਰ੍ਹਾਂ ਅਤੇ ਲਗਭਗ ਇਸੇ ਸ਼ਬਦਾਵਲੀ `ਚ ਚੌਥੇ ਪਾਤਸ਼ਾਹ ਤਾਂ ਇਥੋਂ ਤੱਕ ਵੀ ਚੇਤਾਵਣੀ ਦਿੰਦੇ ਹਨ ਕਿ “ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ, ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ, ਦਯਿ ਮਾਰੇ ਮਹਾ ਹਤਿਆਰੇ” (ਪੰ: ੪੯੩)। ਅਰਥ ਹਨ ਕਿ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਕਰਤੇ ਦੀ ਸਿਫ਼ਿਤ ਸਲਾਹ ਨਾਲ ਨਹੀਂ ਜੁੜਦੇ ਅਤੇ ਇਸ ਅਮੋਲਕ ਜਨਮ ਦੀ ਸੰਭਾਲ ਨਹੀਂ ਕਰਦੇ। ਇਸ ਤਰ੍ਹਾਂ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਨਹੀਂ ਬਣ ਸਕਦੇ ਤੇ ਭਾਗਹੀਨ ਹੀ ਰਹਿ ਜਾਂਦੇ ਹਨ। ਉਹ ਜਨਮ ਵਿਹਾਜਣ ਬਾਅਦ ਫ਼ਿਰ ਤੋਂ ‘ਜਮਿ ਮਾਰੇ’ ਭਾਵ ਫ਼ਿਰ ਤੋਂ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਤਰੂਾਂ ਉਨ੍ਹਾਂ ਨੂੰ ਫ਼ਿਰ ਤੋਂ ਕੁਤਿਆਂ, ਸੂਰਾਂ, ਗਧਿਆਂ ਆਦਿ ਵਾਲੇ ਗਰਭਾਂ ਤੇ ਜੂਨੀਆਂ `ਚ ਪੈਣਾ ਪੈਂਦਾ ਹੈ।

ਫ਼ਿਰ ਇਸੇ ਸ਼ਬਦਾਵਲੀ `ਚ ਪੰਚਮ ਪਾਤਸ਼ਾਹ ਉਨ੍ਹਾਂ ਲਈ ਫ਼ੁਰਮਾਂਉਂਦੇ ਹਨ ਜਿਹੜੇ ਮਨੁੱਖਾ ਜਨਮ `ਚ ਤਾਂ ਹਨ ਪਰ ਫ਼ਿਰ ਵੀ ਪ੍ਰਭੂ ਦੀ ਸਿਫ਼ਿਤ ਸਲਾਹ (ਨਾਮ) ਨਾਲ ਨਹੀਂ ਜੁੜਦੇ ਅਤੇ ਜਨਮ ਦੀ ਸੰਭਾਲ ਨਹੀਂ ਕਰ ਰਹੇ। ਫ਼ੁਰਮਾਣ ਹੈ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” (ਪੰ: ੧੩੫੬) ਪ੍ਰਭੂ ਦੀ ਸਿਫ਼ਤ ਸਲਾਹ ਤੋਂ ਟੁੱਟੇ ਰਹਿਣ ਕਰਕੇ, ਅਜਿਹੇ ਲੋਕ ਮਨੁੱਖਾ ਜੂਨ `ਚ ਹੁੰਦੇ ਹੋਏ ਵੀ ਕੁਤਿਆਂ, ਸੂਰਾਂ, ਗਧਿਆਂ, ਕਾਂਵਾਂ ਤੇ ਸਪਾਂ ਆਦਿ ਵਾਲੀਆ ਜੂਨਾਂ ਹੀ ਭੁਗਤਾਅ ਰਹੇ ਹਨ। ਇਸ ਲਈ ਐ ਮਨੁੱਖ! ਤੇਰੇ ਲਈ ਤਾਂ ਇਹ ਜਨਮ ਵੀ ਧ੍ਰਿਗਾਕਾਰ ਹੈ ਕਿਉਂਕਿ ਤੂੰ ਮਨੁੱਖਾ ਜਨਮ ਦੇ ਅਸਲ ਮਕਸਦ ਤੋਂ ਭ੍ਰਸ਼ਟਿਆ ਹੋਇਆ ਤੇ ਕੁਰਾਹੇ ਪਿਆ ਹੋਇਆ ਹੈਂ।

ਨੋਟ- ਉਪਰ ਵਰਤੇ ਤਿੰਨਾਂ ਗੁਰਬਾਣੀ ਪ੍ਰਮਾਣਾਂ `ਚ ਲਗਭਗ ਇਕੋ ਜਹੀ ਸ਼ਬਦਾਵਲੀ ਹੋਣ ਦੇ ਬਾਵਜੂਦ ਸਭ ਤੋਂ ਵੱਧ ਗੁਰੂ ਕੀਆਂ ਸੰਗਤਾਂ ਦੇ ਸਮਝਣ ਵਾਲੀ ਤੇ ਸੁਆਦਲੀ ਗੱਲ ਇਹ ਹੈ ਕਿ ਲਗਾਤਾਰ ਵਰਤੇ ਗਏ ਇਨ੍ਹਾਂ ਤਿਨ੍ਹਾਂ ਪ੍ਰਮਾਣਾ ਵਿੱਚੋਂ ਇੱਕ ਪ੍ਰਮਾਣ ਭੂਤ ਕਾਲ ਨਾਲ ਸਬੰਧਤ ਹੈ ਇੱਕ ਭਵਿਖਤ ਨਾਲ ਤੇ ਇੱਕ ਬਿਤਾਏ ਜਾ ਰਹੇ ਅਜੋਕੇ ਮਨੁੱਖਾ ਜਨਮ ਭਾਵ ਵਰਤਮਾਨ ਨਾਲ।

ਇਨ੍ਹਾਂ ਵਿੱਚੋਂ ਇੱਕ ਪ੍ਰਮਾਣ `ਚ ਗੁਰਦੇਵ ਚੇਤਾ ਕਰਵਾ ਰਹੇ ਹਨ ਕਿ ਐ ਮਨੁੱਖ! ਪਿਛਲੇ ਪ੍ਰਾਪਤ ਹੋਏ ਮਨੁੱਖਾ ਜਨਮ ਸਮੇਂ ਤੂੰ ਆਪਣੀ ਸੰਭਾਲ ਨਹੀਂ ਸੀ ਕੀਤੀ। ਇਸੇ ਤੋਂ ਤੈਨੂੰ ਮੌਜੂਦਾ ਜਨਮ ਮਿਲਣ ਤੋਂ ਪਹਿਲਾਂ ਸੂਕਰ ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ ਭਾਵ ਅਜਿਹੀਆਂ ਬੇਅੰਤ ਜੂਨਾਂ `ਚੋਂ ਤੈਨੁੰ ਗੁਜ਼ਰਨਾ ਪਿਆ ਫ਼ਿਰ ਵੀ ਤੈਨੂੰ ਸ਼ਰਮ ਨਹੀ ਆਈ ਤੇ ਤੂੰ ਹੁਣ ਵੀ. . (ਭ੍ਰਮੇ-ਭੂਤ ਕਾਲ)।

ਇਸ ਸਿਲਸਲੇ `ਚ ਹੀ ਵਰਤੇ ਦੂਜੇ ਗੁਰਬਾਣੀ ਫ਼ੁਰਮਾਨ `ਚ ਗੁਰਦੇਵ ਚੇਤਾਵਣੀ ਦੇ ਰਹੇ ਹਨ ਕਿ ਜੇ ਕਰ ਇਸ ਜਨਮ `ਚ ਵੀ ਤੂੰ ਭਾਗਹੀਨ ਹੀ ਰਹਿ ਗਿਆ ਤਾਂ ਤੈਨੂੰ ਫ਼ਿਰ ਤੋਂ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਆਦਿ ਜੂਨਾਂ ਤੇ ਗਰਭਾਂ `ਚ ਪੈਣਾ ਪਵੇਗਾ (ਪਵਹਿ ਗਰਭ ਜੋਨੀ-ਭਵਿਖਤ ਕਾਲ)।

ਤੀਜੇ ਗੁਰਬਾਣੀ ਪ੍ਰਮਾਣ `ਚ ਪੰਚਮ ਪਾਤਸ਼ਾਹ ਫ਼ੁਰਮਾਅ ਰਹੇ ਹਨ ਕਿ ਮਨੁੱਖਾ ਜਨਮ ਪਾ ਕੇ ਵੀ ਤੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਜੀਵਨ ਤੋਂ ਵਾਂਝਾ ਰਹਿ ਰਿਹਾਂ ਹੈਂ। ਇਸ ਲਈ ਤੂੰ ਮਨੂਖਾ ਜੂਨ `ਚ ਹੁੰਦਾ ਹੋਇਆ ਵੀ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” ਭਾਵ ਕੁਤਿਆਂ, ਸੂਰਾਂ, ਗਧਿਆਂ, ਕਾਂਵਾਂ ਤੇ ਸਪਾਂ ਆਦਿ ਵਾਲੀਆਂ ਜੂਨਾਂ ਹੀ ਭੁਗਤਾਅ ਰਿਹਾ ਹੈਂ (ਧ੍ਰਿਗੰਤ ਜਨਮ ਭ੍ਰਸਟਣਹ-ਵਰਤਮਾਨ ਕਾਲ)।

ਇਸ ਤਰ੍ਹਾਂ ਇਹ ਤਿੰਨੇ ਪੰਕਤੀਆਂ ਆਹਮਣੇ ਸਾਹਮਣੇ ਰਖ ਕੇ ਦੇਖੋ (੧) ਸੂਕਰ ਕੂਕਰ ਜੋਨਿ ਭ੍ਰਮੇ (ਭੁਮਣ ਕਰ ਚੁੱਕਾ ਹੈ-ਭੁਗਤਾਅ ਚੁੱਕਾ ਹੈ ਤਾਂ ਵੀ ‘ਤਊ ਲਾਜ ਨ ਆਈ’ (੨) ਸੇ ਕੂਕਰ ਸੂਕਰ ਗਰਧਭ ਪਵਹਿ (ਪੈਣ ਗੇ) ਗਰਭ ਜੋਨੀ (੩) ਧ੍ਰਿਗੰਤ ਜਨਮ ਭ੍ਰਸਟਣਹ (ਉਨ੍ਹਾਂ ਦੇ ਜਨਮ ਲਈ ਧ੍ਰਿਗਾਕਾਰ ਹੈ ਕਿਉਂਕਿ ਮਨੁੱਖਾ ਜਨਮ ਪਾ ਕੇ ਵੀ ਜਨਮ ਦੇ ਅਸਲ ਰਸਤੇ ਤੋਂ ਭਟਕੇ ਹੋਏ ਹਨ ਅਥਵਾ ਕੁਰਾਹੇ ਪਏ ਹੋਏ ਹਨ)

“ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ” - ਇਸ ਤਰ੍ਹਾਂ ਗੱਲ ਚੱਲ ਰਹੀ ਹੈ ‘ਧੰਦਿਆਂ’ ਸਬੰਧੀ। ਇਸ ਲਈ ਇਹ ਸਪਸ਼ਟ ਕਰਣ ਲਈ ਕਿ ‘ਧੰਦੇ’ ਤਾਂ ਹਰੇਕ ਜੂਨ `ਚ ਹਰੇਕ ਜੀਵ ਨੇ ਕਰਣੇ ਹੀ ਹਨ। ਇਥੋਂ ਤੱਕ ਕਿ ਮਨੁੱਖਾਂ ਵਿੱਚੋਂ ਵੀ ‘ਮਨਮੁਖ’ ਨੇ ਵੀ ਅਤੇ ‘ਗੁਰਮੁਖ’ ਨੇ ਵੀ ‘ਧੰਦਾ’ ਤਾਂ ਕਰਣਾ ਹੀ ਹੈ। ਫ਼ਿਰ ਵੀ ਜਿਹੜੇ ‘ਗੁਰਮੁਖ’ ਜਨ ਗੁਰੂ (ਗੁਰਬਾਣੀ) ਦੀ ਆਗਿਆ `ਚ ਰਹਿਕੇ ‘ਧੰਦੇ’ ਕਰਦੇ ਹਨ; ਉਹ ਆਪਣੇ ਜੀਵਨ ਦੀ ਸੰਭਾਲ ਕਰਣ `ਚ ਸਫ਼ਲ ਹੁੰਦੇ ਹਨ। ਉਪ੍ਰੰਤ ਅਜਿਹੇ ‘ਗੁਰਮੁਖਾਂ’ ਦੇ ‘ਧੰਦਿਆਂ’ ਸਬੰਧੀ ਕੁੱਝ ਗੁਰਬਾਣੀ ਫ਼ੁਰਮਾਣ ਜਿਵੇਂ

“ਸਭਨਾ ਕਾ ਦਾਤਾ ਏਕੁ ਹੈ, ਸਿਰਿ ਧੰਧੈ ਲਾਇ॥ ਨਾਨਕ ਨਾਮੇ ਲਾਇ ਸਵਾਰਿਅਨੁ, ਸਬਦੇ ਲਏ ਮਿਲਾਇ” (ਪੰ: ੪੨੭) ਅਥਵਾ

“ਜਿਨਿ ਜਗਤੁ ਉਪਾਇਆ ਧੰਧੈ ਲਾਇਆ, ਤਿਸੈ ਵਿਟਹੁ ਕੁਰਬਾਣੁ ਜੀਉ॥ ਤਾ ਕੀ ਸੇਵ ਕਰੀਜੈ ਲਾਹਾ ਲੀਜੈ, ਹਰਿ ਦਰਗਹ ਪਾਈਐ ਮਾਣੁ ਜੀਉ” (ਪੰ: ੪੩੮) ਇਸੇ ਤਰ੍ਹਾਂ

ਅਹਿਨਿਸਿ ਨਾਮੁ ਤਿਸੈ ਕਾ ਲੀਜੈ, ਹਰਿ ਊਤਮੁ ਪੁਰਖੁ ਪਰਧਾਨੁ ਜੀਉ॥ ਜਿਨਿ ਜਗਤੁ ਉਪਾਇਆ ਧੰਧੈ ਲਾਇਆ, ਹਉ ਤਿਸੈ ਵਿਟਹੁ ਕੁਰਬਾਨੁ ਜੀਉ” (ਪੰ: ੪੩੯)

“ਆਪਿ ਉਪਾਏ ਧੰਧੈ ਲਾਏ” -ਇਸ ਤਰ੍ਹਾਂ ਕਰਤਾਰ ਨੇ ਜਿਵੇਂ ਹਰੇਕ ਜੂਨ ਸਮੇਂ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ” (ਪੰ: ੧੦) ਭਾਵ ਹਰੇਕ ਜੂਨ ਦੀ ਲੋੜ ਮੁਤਾਬਕ ਜੀਵ ਨੂੰ ‘ਰਿਜ਼ਕ’ ਅਪੜਾਉਂਦਾ ਹੈ। ਪ੍ਰ੍ਰਭੂ ਜਿਵੇਂ ਕਿਸੇ ਜੀਵ ਨੂੰ ‘ਰਿਜ਼ਕ’ ਵਲੋਂ ਤੋਟ ਨਹੀਂ ਆਉਣ ਦਿੰਦਾ, ਉਸੇ ਤਰ੍ਰਾਂ ਕੀੜੇ, ਚੀਂਟੀ ਤੋਂ ਵੀ ਨਿਗੁਣੇ ਤੇ ਛੋਟੇ ਤੋਂ ਛੋਟੇ ਜੀਵਾਂ ਤੋਂ ਲੈ ਕੇ ਹਰੇਕ ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵ ਨੂੰ ਵੀ ‘ਧੰਦੇ’ `ਚ ਲਗਾਈ ਰਖਦਾ ਹੈ ਤੇ ਉਸ ਨੇ ਲਗਾਇਆ ਵੀ ਹੋਇਆ ਹੈ। ਇਸ ਲਈ ‘ਰਿਜ਼ਕ’ ਹੈ ਜਾਂ ‘ਧੰਦਾ’ ਗੁਰਬਾਣੀ ਦਾ ਫ਼ੈਸਲਾ ਹੈ ਕਿ “ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ॥ ਨਾਨਕ ਨਾਮੁ ਧਿਆਇ ਸਚਿ ਰਾਤੇ, ਜੋ ਤਿਸੁ ਭਾਵੈ ਸੁ ਕਾਰ ਕਰਾਵਣਿਅ” (ਪੰ: ੧੧੨)। ਸਪਸ਼ਟ ਹੈ ਮਨੁੱਖਾ ਜੂਨ ਹੋਵੇ ਜਾਂ ਅਰਬਾਂ ਖਰਬਾਂ ਦੂਸਰੀਆਂ ਜੂਨੀਆਂ `ਚੋਂ ਕੋਈ ਵੀ, ਸਾਰਿਆਂ ਨੂੰ ‘ਧੰਦੇ’ `ਚ ਕਰਤੇ ਨੇ ਆਪ ਲਗਾਇਆ ਹੋਇਆ ਹੈ। ਇਸ ਤਰ੍ਹਾਂ ‘ਧੰਦਿਆਂ’ ਦੇ ਨਾਲ ਨਾਲ ਗਰਭ ਕਾਲ ਤੋਂ ਲੈ ਕੇ ਜਨਮ, ਜੁਆਨੀ, ਬੁਢਾਪੇ ਤੋਂ ਅੰਤ ਕਾਲ ਤੱਕ, ਹਰੇਕ ਜੀਵ ਨੂੰ ‘ਰਿਜ਼ਕ’ ਵੀ ਪ੍ਰਭੂ ਆਪ ਹੀ ਅਪੜਾਉਂਦਾ ਤੇ ਨਾਲ ਹੀ ਨਾਲ “ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ” (ਪੰ: ੭੧) ਉਨ੍ਹਾਂ ਦੀ ਸੰਭਾਲ ਵੀ ਆਪ ਹੀ ਕਰਦਾ ਹੈ।

ਜਦਕਿ ਮਨੁੱਖਾ ਜੂਨ ਸਮੇਂ ‘ਧੰਦਿਆਂ’ ਸਬੰਧੀ, ਵੀ ਮਸਲਾ ‘ਰਿਜ਼ਕ’ ਤੇ ‘ਮੋਹ’ ਵਾਲਾ ਹੀ ਹੈ। ਚੂੰਕਿ ‘ਗੁਰਮੁਖ’ ਤੇ ‘ਮਨਮੁਖ’ ਦੋਨਾਂ ਦੇ ‘ਧੰਦਿਆਂ ਤੇ ‘ਰਿਜ਼ਕ’ `ਚ ਵੀ ਫ਼ਰਕ ਹੁੰਦਾ ਹੈ। ਇਸ ਲਈ ਮਨੁੱਖਾ ਜੂਨ ਸਮੇਂ ‘ਗੁਰਮੁਖ’ ਤਾਂ ਨਹੀਂ ਪਰ ‘ਮਨਮੁਖ’ ਹਮੇਸ਼ਾਂ ‘ਧੰਦੇ’ ਪੱਖੋਂ ਵੀ ਬੇਸਬਰਾ ਤੇ ਬੇਵਿਸ਼ਵਾਸਾ ਹੀ ਰਹਿੰਦਾ ਹੈ। ਉਹ ‘ਰਿਜ਼ਕ’ ਦੇ ਨਾਲ ਜੀਵਨ ਭਰ, ‘ਧੰਦੇ’ ਦੇ ਵਿਸ਼ੇ `ਤੇ ਵੀ ਦਾਤੇ ਨੂੰ ਵਿਸਾਰ ਕੇ ਅਪਹੁੱਦਰੇਪਣ, ਮਨਮਤਾਂ, ਹੂੜਮੱਤਾਂ, ਦੁਰਮੱਤਾਂ, ਹਉਮੈ ਆਦਿ ਵਿਕਾਰਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਬਲਕਿ ਕਈ ਵਾਰੀ ਤਾਂ ਵਿਕਾਰਾਂ `ਚ ਡੁਬਿਆ ‘ਮਨਮੁਖ’ ਅਗਿਆਨਤਾ ਵੱਸ ਆਪਣੇ ‘ਧੰਦਿਆਂ’ ਲਈ ਕੁਕਰਮਾਂ, ਜੁਰਮਾਂ, ਵੱਡੇ ਵੱਡੇ ਗੁਣਾਹਾਂ ਦੀ ਹੱਦ ਤੱਕ ਵੀ ਚਲਾ ਜਾਂਦਾ ਹੈ। ਇਸ ਤਰ੍ਹਾਂ “ਤੇ ਭਾਗਹੀਣ ਜਮ ਪਾਸਿ” (ਪੰ: ੧੦) ਅਨੁਸਾਰ ‘ਮਨਮੁਖ’ ਬੰਦਾ ‘ਧੰਦਿਆਂ ਰਸਤੇ ਵੀ ਜੀਵਨ ਭਰ ਅਉਗੁਣਾਂ ਦੀ ਪੰਡ ਹੀ ਢੋਂਦਾ ਰਹਿੰਦਾ ਹੈ।

ਇਸ ਤਰ੍ਹਾਂ ‘ਗੁਰਮੁਖ’ ਆਪਣੇ ‘ਧੰਦੇ’ ਵਿੱਚੋਂ ਹੀ ਪ੍ਰਭੂ ਦੇ ਦਿਦਾਰੇ ਤੇ ਦਰਸ਼ਨ ਤੱਕ ਵੀ ਕਰ ਲੈਂਦਾ ਹੈ। ਜਦਕਿ ‘ਮਨਮੁਖ’ ਆਪਣੇ ‘ਧੰਦੇ’ ਤੇ ‘ਧੰਦਿਆਂ’ `ਚ ਖੱਚਤ ਰਹਿ ਕੇ ਹੀ “ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ” (ਪੰ: ੪੬੪) ਅਨੁਸਾਰ, ਉਸ ਦੁਨੀਆਂਦਾਰ ਨੂੰ ਇਹ ਵੀ ਚੇਤਾ ਨਹੀਂ ਹੁੰਦਾ ਕਿ ਅਚਾਨਕ ਕਿਸ ਸਮੇਂ ਉਸ ਨੂੰ ਪ੍ਰਭੂ ਵੱਲੋਂ ਸਰੀਰ ਤਿਆਗਣ ਲਈ ਬੁਲਾਵਾ ਵੀ ਆ ਜਾਂਦਾ ਹੈ। ਇਸ ਤਰ੍ਹਾਂ ‘ਗੁਰਮੁਖ’ ਹੋਵੇ ਜਾਂ ‘ਮਨਮੁਖ’ ਇਹ ਸਾਰੀ ਖੇਡ “ਅਖੀ ਦੇਖੈ ਜਿਹਵਾ ਬੋਲੈ, ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ, ਦਿਤਾ ਪੈਨੈੑ ਖਾਇ” ਭਾਵ ‘ਸਰੀਰ’ ਵਿਚਲੇ ‘ਮਨ’ ਦੀ ਵਿਰੋਧੀ ਤਿਆਰੀ ਅਨੁਸਾਰ ‘ਮਨ’ ਦੇ ਅਧੀਨ ਚੱਲ ਰਹੇ ਇਨ੍ਹਾਂ ਕਰਮ ਤੇ ਗਿਆਨ ਇੰਦ੍ਰਿਆਂ ਦੀ ਕੁਵਰਤੋਂ ਜਾਂ ਸੁਵਰਤੋਂ ਦੀ ਹੀ ਹੈ।

ਹਰਿ ਕੇ ਨਾਮ ਬਿਨਾ ਜਗੁ ਧੰਧਾ- ਇਸ ਸਾਰੇ ਤੋਂ ਇਲਾਵਾ “ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ” ਭਾਵ ਪ੍ਰਭੂ ਨੇ ਆਪ ਜਗਤ ਨੂੰ ਪੈਦਾ ਕਰਕੇ ਸਾਰੇ ਜੀਵਾਂ ਨੂੰ ‘ਧੰਦਿਆਂ’ `ਚ ਵੀ ਆਪ ਹੀ ਲਗਾਇਆ ਹੋਇਆ ਹੈ। ਫ਼ਿਰ ਵੀ ਗੁਰਬਾਣੀ `ਚ ਇਨ੍ਹਾਂ ‘ਧੰਦਿਆਂ’ ਪੱਖੋ ‘ਮਨਮੁਖ’ ਤੇ ‘ਗੁਰਮੁਖ’ ਦੇ ਜੀਵਨ ਦੇ ‘ਧੰਦਿਆਂ’ ਵਾਲੇ ਫ਼ਰਕ ਨੂੰ ਵੀ ਪੂਰੀ ਤਰ੍ਹਾਂ ਉਘਾੜਿਆ ਗਿਆ ਹੈ। ਇਸ ਲਈ ਮਨੁੱਖਾ ਜੀਵਨ ਦੇ ‘ਧੰਦਿਆਂ’ ਵਾਲੇ ਇਸ ਵਿਸ਼ੇ ਨੂੰ ਵੀ ਇਥੇ ਅਸੀਂ ਵੱਖ ਵੱਖ ਤਿੰਨ ਹਿਸਿਆਂ `ਚ ਲਵਾਂਗੇ।

(੧) ਪਹਿਲਾ ਜਦੋਂ ਗੁਰਦੇਵ ‘ਮਨਮੁਖ’ ਦੇ ਧੰਦਿਆਂ ਦਾ ਜ਼ਿਕਰ ਕਰਦੇ ਹਨ ਤਾਂ ਸਪਸ਼ਟ ਕਰਦੇ ਹਨ ਕਿ “ਹਉਮੈ ਵਿਚਿ ਸਭੁ ਜਗੁ ਬਉਰਾਨਾ॥ ਦੂਜੈ ਭਾਇ ਭਰਮਿ ਭੁਲਾਨਾ॥ ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ॥ ਧੰਧਾ ਕਰਤਿਆ ਅਨਦਿਨੁ ਵਿਹਾਨਾ” (ਪੰ: ੧੫੯) ਭਾਵ ਧੰਦਿਆ `ਚ ਤਾਂ ‘ਮਨਮੁਖ’ ਵੀ ਲਗਾ ਹੈ। ਜਦਕਿ ਹਉਮੈ ਕਾਰਨ ‘ਮਨਮੁਖ’ ਸੰਸਾਰ ਅੰਦਰ ‘ਧੰਦਿਆਂ’ `ਚ ਪਾਗ਼ਲ (ਬਉਰਾਨਾ) ਹੀ ਹੋਇਆ ਰਹਿ ਕੇ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ। ਦੂਜੇ ਲਫ਼ਜ਼ਾਂ `ਚ ਅਜਿਹੇ ‘ਮਨਮੁਖ’ ਕੁਰਾਹੇ ਪਏ ਹੀ ਆਪਣਾ ਜੀਵਨ ਬਿਰਥਾ ਕਰ ਕੇ ਜਾਂਦੇ ਹਨ। ਕਰਤੇ ਦਾ ਰਾਹ ਛੱਡ ਕੇ ਅਥਵਾ ਕਰਤੇ ਨੂੰ ਵਿਸਾਰ ਕੇ ਉਹ ਜਿਤਨੇ ਵੀ ਕਰਮ ਕਰਦੇ ਹਨ ਚਾਹੇ ਧਾਰਮਿਕ ਹੋਣ ਜਾਂ ਅਧਾਰਮਿਕ, ਫ਼ਿਰ ਵੀ ਉਹ ਭਰਮ ਇਹੀ ਪਾਲਦੇ ਹਨ ਕਿ ਉਹ ਜੋ ਕੁੱਝ ਵੀ ਕਰ ਰਹੇ ਹਨ, ਬਿਲਕੁਲ ਠੀਕ ਹੀ ਕਰ ਰਹੇ ਹਨ।

ਇਸ ਤਰ੍ਹਾਂ ਆਪਣੀ ਅਮੋੜ ਤੇ ਹੱਠੀ ਸੋਚਣੀ ਕਾਰਨ, ਉਹ ਜੀਵਨ ਦੇ ਸੱਚ ਸਮਝਣ ਨੂੰ ਵੀ ਤਿਆਰ ਨਹੀਂ ਹੁੰਦੇ। ਇਸੇ ਤਰ੍ਹਾਂ ਉਨ੍ਹਾ ਦਾ ਸਾਰਾ ਜੀਵਨ ਹੀ ਬਤੀਤ ਹੋ ਜਾਂਦਾ ਹੈ। ਆਪਣੇ ਵੱਲੋਂ ਤਾਂ “ਬਹੁ ਚਿੰਤਾ ਚਿਤਵੈ” ਬਹੁਤ ਸਿਆਣੇ ਬਣ ਕੇ ਚਲਦੇ ਹਨ ਪਰ ਚੂੰਕਿ ਮਨੁੱਖਾ ਜਨਮ ਦੀ ਸਚਾਈ ਵੀ ਉਨ੍ਹਾਂ ਨੂੰ ਪਤਾ ਨਹੀਂ ਹੁੰਦੀ। ਇਸ ਲਈ ਅਜਿਹੇ ਲੋਕ ਅਗਿਆਨਤਾ ਦਾ ਹਨੇਰਾ ਹੀ ਢੋਅ ਰਹੇ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਜੀਵਨ ਪੱਖੋ ਕੁਰਾਹੇ ਪਏ ਹੋਇਆਂ ਦਾ ਇੱਕ-ਇੱਕ ਦਿਨ ਤੇ ਰਾਤ ਕਰਕੇ ਸਾਰਾ ਜੀਵਨ ਅਜ਼ਾਈਂ ਹੀ ਖ਼ਤਮ ਹੋ ਜਾਂਦਾ ਹੈ।

ਇਸ ਵਿਸ਼ੇ `ਤੇ ਇੱਕ ਹੋਰ ਗੁਰਬਾਣੀ ਪ੍ਰਮਾਣ ਜਿਵੇਂ “ਹਰਿ ਕੇ ਨਾਮ ਬਿਨਾ ਜਗੁ ਧੰਧਾ॥ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ” (ਪ: ੩੫੮) ਕਰਣਹਾਰ ਕਰਤੇ ਨੂੰ ਵਿਸਾਰ ਕੇ ‘ਮਨਮੁਖ’ ਜੋ ਕੁੱਝ ਵੀ ਕਰਦਾ ਹੈ ਉਹ ‘ਧੰਦਾ’ ਹੀ ਕਰਦਾ ਹੈ ਅਤੇ ਉਸਦੇ ‘ਧੰਦੇ’ ਵੀ ਅਜਿਹੇ ਹੁੰਦੇ ਹਨ ਕਿ ਜੇ ਕਰ ਭੋਲੇ ਭਾਵ ਉਨ੍ਹਾਂ ਅਗਿਆਨੀਆਂ ਨੂੰ ਸਮਝਾਉਣ ਦਾ ਯਤਣ ਵੀ ਕਰੋ ਤਾਂ ਵੀ ਉਹ ਅਗਿਆਨੀ, ਅਗਿਆਨਤਾ `ਚ ਹੀ ਡੁੱਬੇ ਰਹਿੰਦੇ ਹਨ ਭਾਵ ਜੀਵਨ ਦੇ ਸਚ ਨੂੰ ਸਮਝਦੇ ਹੀ ਨਹੀਂ।

(੨) ਦੂਜਾ ਜਦੋਂ ਗੁਰਦੇਵ ‘ਗੁਰਮੁਖ’ ਦੇ ਧੰਦਿਆਂ ਦੀ ਗੱਲ ਕਰਦੇ ਹਨ ਤਾਂ ਜੀਵਨ ਦੇ ਉਸ ਦੂਜੇ ਪੱਖ ਦੀ ਗੱਲ ਕਰਦੇ ਹਨ। ਫ਼ੁਰਮਾਉਂਦੇ ਹਨ “ਮੁਈ ਪਰੀਤਿ, ਪਿਆਰੁ ਗਇਆ, ਮੁਆ ਵੈਰੁ ਵਿਰੋਧੁ॥ ਧੰਧਾ ਥਕਾ, ਹਉ ਮੁਈ, ਮਮਤਾ ਮਾਇਆ ਕ੍ਰੋਧੁ॥ ਕਰਮਿ ਮਿਲੈ ਸਚੁ ਪਾਈਐ, ਗੁਰਮੁਖਿ ਸਦਾ ਨਿਰੋਧੁ” (ਪੰ: ੧੯)

ਅਰਥ ਹਨ ਕਿ ‘ਗੁਰਮੁਖ’ ਆਪਣੇ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ। ਪ੍ਰਭੂ ਦੀ ਆਪਣੀ ਕ੍ਰਿਪਾ ਨਾਲ ਹੀ ‘ਗੁਰਮੁਖ’ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਉਸ ਅੰਦਰੋਂ ਦੁਨੀਆਵੀ ਪ੍ਰੀਤ ਆਪਣੇ ਆਪ ਮੁੱਕ ਜਾਂਦੀ ਹੈ। ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਵੀ ਖ਼ਤਮ ਹੋ ਜਾਂਦਾ ਹੈ। ਉਸ ਦਾ ਕਿਸੇ ਨਾਲ ਵੈਰ ਵਿਰੋਧ ਵੀ ਨਹੀਂ ਰਹਿ ਜਾਂਦਾ। ਉਸ ਦੀ ਮਾਇਆ ਵਾਲੀ ਦੌੜਭੱਜ ਮੁੱਕ ਜਾਂਦੀ ਹੈ; ਹਉਮੈ ਮਰ ਜਾਂਦੀ ਹੈ। ਉਸ ਦੇ ਜੀਵਨ ਅੰਦਰੋਂ ਮਾਇਆ ਵਾਲੀ ‘ਮਮਤਾ’ ਖ਼ਤਮ ਹੋ ਜਾਂਦੀ ਹੈ ਤੇ ਉਸਦਾ ਕ੍ਰੋਧ ਵੀ ਮਰ ਜਾਂਦਾ ਹੈ.

(੩) ਤੀਜਾ ਜਦੋਂ ਗੁਰਦੇਵ ਕਿਸੇ ‘ਮਨਮੁਖ’ ਤੇ ‘ਗੁਰਮੁਖ’ ਦੇ ਜੀਵਨ ਨੂੰ ਆਹਮਣੇ ਸਾਹਮਣੇ ਰਖ ਕੇ ਦੋਨਾਂ ਦੇ ਵਿਚਕਾਰ ਫ਼ਰਕ ਨੂੰ ਉਘਾੜਦੇ ਹਨ। ਸਪਸ਼ਟ ਕਰਦੇ ਹਨ ਕਿ ਜੇ ਕੋਈ ‘ਮਨਮੁਖ’ ਵੀ ਚਾਹਵੇ ਤਾਂ ਇਸ ਦਾ ਲਾਭ ਲੈ ਕੇ ੳੇੁਹ ਵੀ ‘ਗੁਰਮੁਖ’ ਵਾਲੇ ਜੀਵਨ ਵਾਲਾ ਅਨੰਦ ਮਾਨ ਸਕਦਾ ਹੈ। ਇਸ ਸਬੰਧ `ਚ ਗੁਰਬਾਣੀ ਫ਼ੁਰਮਾਨ:-

(ੳ) “ਪਰ ਘਰਿ ਚੀਤੁ ਮਨਮੁਖਿ ਡੋਲਾਇ॥ ਗਲਿ ਜੇਵਰੀ ਧੰਧੈ ਲਪਟਾਇ॥ ਗੁਰਮੁਖਿ ਛੂਟਸਿ ਹਰਿ ਗੁਣ ਗਾਇ” (ਪੰ: ੨੨੬)

(ਅ) “ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ, ਅਗੈ ਲਈਅਹਿ ਖੋਹਿ, ਦਯੁ ਵਿਸਾਰਿ ਵਿਗੁਚਣਾ, ਪ੍ਰਭ ਬਿਨੁ ਅਵਰੁ ਨ ਕੋਇ॥ ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਇ” (ਪੰ: ੧੩੩)

ਇਸ ਤਰ੍ਹਾਂ “ਦੁਬਿਧਾ ਲਾਗੇ ਪਚਿ ਮੁਏ, ਅੰਤਰਿ ਤ੍ਰਿਸਨਾ ਅਗਿ॥ ਗੁਰਿ ਰਾਖੇ ਸੇ ਉਬਰੇ, ਹੋਰਿ ਮੁਠੀ ਧੰਧੈ ਠਗਿ” (ਪੰ: ੧੯)

ਅਰਥ ਹਨ ਕਿ ਜਦੋਂ ਤੱਕ ਕਿਸੇ ਵੀ ਮਨੁੱਖ ਦਾ ਜੀਵਨ ਦੁਬਿਧਾ ਤੇ ਦੁਚਿੱਤੀ `ਚ ਫ਼ਸਿਆ ਹੁੰਦਾ ਹੈ, ਮਨੁੱਖ ਦੇ ਜੀਵਨ `ਚ ਟਿਕਾਅ ਨਹੀਂ ਆਉਂਦਾ। ਜੀਵਨ ਉਖੜਿਆ ਰਹਿੰਦਾ ਹੈ ਤੇ ਮਨੁੱਖ ਖੱਜਲ ਖੁਆਰ ਹੀ ਹੁੰਦਾ ਹੈ। ਅਜਿਹੇ ਲੋਕਾਂ ਦੇ ਜੀਵਨ ਅੰਦਰ ਤ੍ਰਿਸ਼ਨਾ ਦੀ ਅੱਗ ਹੀ ਭੜਕੀ ਰਹਿੰਦੀ ਹੈ।

ਇਸ ਦੇ ਉਲਟ ਜਿਨ੍ਹਾਂ ਦੀ ਗੁਰੂ ਬਹੁੜੀ ਕਰ ਦਿੰਦਾ ਹੈ ਭਾਵ ਜੋ ਗੁਰੂ (ਗੁਰਬਾਣੀ) ਗਿਆਨ ਦੀ ਸ਼ਰਨ `ਚ ਆ ਕੇ ਆਪਣੇ ਜੀਵਨ ਦੀ ਕਮਾਈ ਕਰ ਲੈਂਦੇ ਹਨ ਉਹ ਤਾਂ ਸੰਭਲ ਜਾਂਦੇ ਹਨ। ਜਦਕਿ ਦੂਜੇ ਜੋ ਅਜਿਹਾ ਨਹੀਂ ਕਰਦੇ ਉਨ੍ਹਾਂ ਦੇ ਜੀਵਨ ਤੱਬਾਹ ਹੋ ਜਾਂਦੇ ਹਨ, ਬਿਰਥਾ ਹੋ ਜਾਂਦੇ ਹਨ। ਭਾਵ ਮਨੁੱਖਾ ਜਨਮ ਮਿਲਣ ਤੋਂ ਬਾਅਦ ਵੀ ਮੁੜ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਦੇ ਹਨ।

“ਤਿਸਨਾ ਅੰਦਰਿ ਅਗਨਿ ਹੈ” - ਵਿਸ਼ੇ ਅਨੁਸਾਰ ਹੁਣ ਇਹ ਵੀ ਦੇਖਣਾ ਹੈ ਕਿ ਸਾਡੇ ਸਰੀਰ ਅੰਦਰੋ ‘ਮੋਹ’ ਤੇ ‘ਧੰਦਿਆਂ’ ਕਾਰਨ ਜਦੋਂ ਸਾਡੇ ਗਿਆਨ ਤੇ ਕਰਮ ਇੰਦ੍ਰਿਆਂ ਭਾਵ ਅਖਾਂ, ਕੰਨ, ਜਿਹਵਾ ਆਦਿ ਦੇ ਕੁਰਾਹੇ ਪੈਣ ਦੀ ਗੁਰਦੇਵ ਗੱਲ ਕਰ ਰਹੇ ਹਨ ਤਾਂ ਆਪ ਨੇ ਇਹ ਵੀ ਫ਼ੁਰਮਾਇਆ ਹੈ “ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ॥ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ…” (ਪੰ: ੧੩੮)।

ਸੁਆਲ ਪੈਦਾ ਹੁੰਦਾ ਹੈ “ਅਖੀ ਦੇਖੈ ਜਿਹਵਾ ਬੋਲੈ, ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ, ਦਿਤਾ ਪੈਨੈੑ ਖਾਇ” ਅਨੁਸਾਰ ਜਦੋਂ ਸਾਰੀ ਗੱਲ ਹੀ ‘ਮਨ’ ਤੇ ‘ਮਨ’ ਦੇ ਅਧੀਨ ਚਲਣ ਵਾਲੇ ਗਿਆਨ ਤੇ ਕਰਮ ਇੰਦ੍ਰਿਆਂ ਦੀ ‘ਕੁਵਰਤੋਂ’ ਜਾਂ ‘ਸੁਵਰਤੋਂ’ ਬਾਰੇ ਚੱਲ ਰਹੀ ਹੈ। ਇਸ ਤਰ੍ਹਾਂ ਵਿਸ਼ੇ ਨਾਲ ਸੰਬੰਧਤ ਪਉੜੀ ਦੇ ਪਹਿਲੇ ਹਿੱਸੇ `ਚ ਗੁਰਦੇਵ ਨੇ ਜਦੋਂ “ਧੰਧੈ ਲਾਇਆ” ਅਤੇ “ਮੋਹ ਠਗਉਲੀ” ਭਾਵ ‘ਧੰਦੇ’ ਤੇ ‘ਮੋਹ’ ਦੇ ਵਿਸ਼ੇ ਦੀ ਗੱਲ ਕੀਤੀ ਤਾਂ ਆਪ ਨੇ ਉਚੇਚੇ ਉਸ ਦੇ ਨਾਲ ਹੀ “ਤਿਸਨਾ ਅੰਦਰਿ ਅਗਨਿ ਹੈ” ਭਾਵ ‘ਤ੍ਰਿਸ਼ਨਾ’ ਵਾਲੀ ਗੱਲ ਵੀ ਜੋੜੀ ਹੈ ਤਾਂ ਕਿਉਂ? ਸਪਸ਼ਟ ਹੈ ਪ੍ਰਭੂ ਵੱਲੋਂ ਜੀਵ ਨੂੰ ਬਖ਼ਸ਼ੀ ਹੋਈ ‘ਮੋਹ’ ਵਾਲੀ ਦਾਤ ਨੂੰ ‘ਮਨਮੁਖ’ ਜਦੋਂ ਅਗਿਆਨਤਾ ਵੱਸ ‘ਮਮਤਾ’ ਦੀ ਸੀਮਾਂ ਤੱਕ ਲੈ ਜਾਂਦਾ ਹੈ ਤਾਂ ਉਸ ਦੇ ਜੀਵਨ ਦੇ ਕੁਰਾਹੇ ਪੈਣ ਦਾ ਮੂਲ ਕਾਰਨ ਹੀ ਉਸ ਦੇ ‘ਮਨ’ ਅੰਦਰ ਪੈਦਾ ਹੋ ਚੁੱਕੀ ‘ਹਉਮੈ’ ਅਥਵਾ ਉਸ ਦੀ ਪ੍ਰਭੂ ਨਾਲੋਂ ‘ਬਣ ਚੁੱਕੀ ਵਿੱਥ’ ਭਾਵ ਮਨੁੱਖ ਦੀ ਪ੍ਰਭੂ ਨਾਲੋਂ ਆਪਣੀ ‘ਵੱਖਰੀ ਹੋਂਦ’ ਦਾ ਕਾਇਮ ਹੋ ਜਾਣਾ ਹੀ ਹੁੰਦਾ ਹੈ।

ਉਪ੍ਰੰਤ ਇਸੇ ‘ਮਮਤਾ’ ਅਤੇ ‘ਹਉਮੈ’ ਦੇ ਮਿਲਾਪ ਤੋਂ ਹੀ ‘ਮਨਮੁਖ’ ਦੇ ਜੀਵਨ ਅੰਦਰ ਮਾਇਕ ਪਦਾਰਥਾਂ ਲਈ ਜੋ ਹੋੜ ਲੱਗ ਜਾਂਦੀ ਹੈ ਉਸੇ ਨੂੰ ਹੀ “ਤਿਸਨਾ ਅੰਦਰਿ ਅਗਨਿ ਹੈ” ਭਾਵ ‘ਤ੍ਰਿਸ਼ਨਾ ਦੀ ਅੱਗ’ ਕਿਹਾ ਹੈ। ਇਸੇ ‘ਤ੍ਰਿਸ਼ਨਾ ਦੀ ਅੱਗ’ ਬਾਰੇ “ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਪੰ: ੯੩੪) ਵਾਲਾ ਗੁਰਬਾਣੀ ਪ੍ਰਮਾਣ ਅਸੀਂ ਹੱਥਲੇ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਵੀ ਦੇ ਚੁੱਕੇ ਹਾਂ। ਦਰਅਸਲ ਮਨੁੱਖ ਦੇ ਜੀਵਨ ਅੰਦਰ ਅਚਣਚੇਤ ‘ਤ੍ਰਿਸ਼ਨਾ’ ਦਾ ਵਾਧਾ ਹੀ ਇਸ ਤਰ੍ਹਾਂ ਹੁੰਦਾ ਜਾਂਦਾ ਹੈ ਕਿ ਕੁਰਾਹੇ ਪੈ ਚੁੱਕੇ ‘ਇੰਦ੍ਰਿਆਂ’ ਅਤੇ ਆਪਣੇ ‘ਮਨ’ `ਤੇ ਮਨੁੱਖ ਦਾ ਕਾਬੂ ਹੀ ਨਹੀਂ ਰਹਿੰਦਾ। ਉਸ ਵੱਕਤ ਇਸ ਦੀ ਹਾਲਤ “ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ” (ਪੰ: ੧੩੮) ਵਾਲੀ ਬਣ ਚੁੱਕੀ ਹੁੰਦੀ ਹੈ। ਮਨੁੱਖ ਜਿਤਨੀ ਦੌੜ ਇਸ ‘ਤ੍ਰਿਸ਼ਨਾ’ ਤੋਂ ਬਚਣ ਲਈ ਲਗਾਉਂਦਾ ਹੈ ਉਤਨੀਆਂ ਹੀ ਇਸ ਦੀਆਂ ਆਸ਼ਾਵਾਂ ਤੇ ਮਨਸਾਵਾਂ ਤੇ ਪਦਾਰਥਾਂ ਦੀ ਭੁਖ ਹੋਰ ਵਧਦੀ ਜਾਂਦੀ ਹੈ ਤੇ ਅੰਤ ਭੁਖਾ ਦਾ ਭੁਖਾ ਹੀ ਰਹਿੰਦਾ ਹੈ।

ਮਨੁੱਖਾ ਜੀਵਨ ਨੂੰ ਅਜ਼ਾਈਂ, ਬਰਬਾਦ, ਬਿਰਥਾ, ਅਸਫ਼ਲ ਤੇ ਤੱਬਾਹ ਕਰਣ ਵਾਲੇ ਇਸ ‘ਤ੍ਰਿਸ਼ਨਾ’ ਵਾਲੇ ਵਿਸ਼ੇ ਨੂੰ ਗੁਰਬਾਣੀ `ਚ ਇੱਕ ਵਾਰੀ ਨਹੀਂ ਬਲਕਿ ਅਨੰਤ ਵਾਰੀ ਲੈ ਕੇ ਮਨੁੱਖ ਨੂੰ ਇਸ ਪੱਖੋਂ ਸੁਚੇਤ ਕੀਤਾ ਹੈ। ਮਨੁੱਖਾ ਜੀਵਨ ਅੰਦਰ “ਏਹ ਮਾਇਆ, ਜਿਤੁ ਹਰਿ ਵਿਸਰੈ (ਪੰ: ੯੨੧) ਅਨੁਸਾਰ ਮਨੁੱਖਾ ਜਨਮ ਲੈਣ ਤੋਂ ਬਾਅਦ ਵੀ “ਮਾਇਆ ਜਾਲੁ ਪਸਾਰਿਆ, ਭੀਤਰਿ ਚੋਗ ਬਣਾਇ॥ ਤ੍ਰਿਸਨਾ ਪੰਖੀ ਫਾਸਿਆ, ਨਿਕਸੁ ਨ ਪਾਏ ਮਾਇ” ਕਿਉਂਕਿ “ਜਿਨਿ ਕੀਤਾ ਤਿਸਹਿ ਨ ਜਾਣਈ, ਫਿਰਿ ਫਿਰਿ ਆਵੈ ਜਾਇ” (ਪੰ: ੫੦) ਮਨੁੱਖ ਪ੍ਰਭੂ ਨੂੰ ਵਿਸਾਰਣ ਕਰਕੇ ਹੀ ਆਪਣਾ ਜਨਮ ਅਜ਼ਾਈਂ ਕਰਕੇ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਪੈਂਦਾ ਹੈ। ਉਸ ਦਾ ਮੂਲ ਕਾਰਨ ਇੱਕੋ ਹੀ ਹੁੰਦਾ ਹੈ “ਨਾਨਕ ਮੁਠੇ ਜਾਹਿ” ਕਿਉਂਕਿ “ਨਾਹਿ ਮਨਿ ਸੋਇ” (ਪੰ: ੧੪੪) ਇਸ ਲਈ ਆਤਮਕ ਮੌਤੇ ਮਰਿਆ ਰਹਿ ਕੇ ਹੀ ਇੱਕ ਦਿਨ ਸੰਸਾਰ ਤੋਂ ਵੀ ਚਲਾ ਜਾਂਦਾ ਹੈ। ਯਯਯਯਯ

ਸ਼ਬਦ ਗੁਰੂ (ਗੁਰਬਾਣੀ ਦੀ ਆਗਿਆ `ਚ ਨਾ ਚੱਲਣ ਵਾਲੇ ਇਸ ‘ਮਨ’ ਦੀ ਹਾਲਤ “ਸਾਧੋ ਇਹੁ ‘ਮਨੁ’ ਗਹਿਓ ਨ ਜਾਈ॥ `ਚੰਚਲ ਤ੍ਰਿਸਨਾ ਸੰਗਿ ਬਸਤੁ ਹੈ’ ਯਾ ਤੇ ਥਿਰੁ ਨ ਰਹਾਈ” (ਪੰ: ੨੧੯)। ਉਪ੍ਰੰਤ ਗੁਰਬਾਣੀ `ਚ ਤਾਂ ਇਸ ਬਾਰੇ ਇਥੋਂ ਤੱਕ ਵੀ ਸਪਸ਼ਟ ਕੀਤਾ ਹੈ ਕਿ “ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ॥ ੧ ॥ ਰਹਾਉ॥ ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ॥ ਪਰੈ ਪਰੈ ਹੀ ਕਉ ਲੁਝੀ ਹੇ” (ਪੰ: ੨੧੩) ਹੋਰ ਤਾਂ ਹੋਰ ‘ਮਨਮੁਖ’ ਦਾ ਸੁਭਾਅ ਹੀ ਅਜਿਹਾ ਬਣ ਚੁੱਕਾ ਹੁੰਦਾ ਹੈ ਕਿ “ਵਡੇ ਵਡੇ ਰਾਜਨ ਅਰੁ ਭੂਮਨ, ਤਾ ਕੀ ਤ੍ਰਿਸਨ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ॥ ੧ ॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ, ਬਿਨੁ ਹਰਿ ਕਹਾ ਅਘਾਈ” (ਪੰ: ੬੭੨) ਭਾਵ ਅਜਿਹੇ ‘ਮਨਮੁਖ’ ਕੋਲ ਜੇ ਕਰ ਮਾਇਕ ਪਦਾਰਥਾਂ ਦੇ ਭੰਡਾਰ ਤੇ ਸੰਸਾਰਿਕ ਪ੍ਰਪਤੀਆਂ ਦੀ ਹੋੜ ਵੀ ਹੋ ਜਾਵੇ ਤਾਂ ਵੀ ਉਹ ਭੁਖਾ ਦਾ ਭੁਖਾ ਹੀ ਰਹਿੰਦਾ ਹੈ, ਰਜਦਾ ਨਹੀਂ। ਇਹ ਤਾਂ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਅਗਨੀ ਦਾ ਈਂਧਨ ਨਾਲ ਕਦੇ ਰੱਜ ਨਹੀਂ ਹੁੰਦਾ, ਜਿਤਨਾ ਈਂਧਨ ਪਾਂਦੇ ਜਾਵੋ ਅਗਨੀ ਹੋਰ ਤੇ ਹੋਰ ਮਚਦੀ ਹੈ “ਬਿਨੁ ਹਰਿ ਕਹਾ ਅਘਾਈ” ਕਿਉਂਕਿ ‘ਮਨਮੁਖ’ ਜੀਵਨ ਦੀ ਇਸੇ ਸਚਾਈ ਤੋਂ ਦੁਰੇਡੇ ਬੈਠਾ ਹੁੰਦਾ ਹੈ।

ਇਸੇ ਤਰ੍ਹਾਂ ‘ਮਨਮੁਖ’ ਵੀ ਜੀਵਨ ਪੱਖੋਂ, ਜਦੋਂ ਤੱਕ ਗੁਰੂ (ਗੁਰਬਾਣੀ) ਦੀ ਸ਼ਰਨ `ਚ ਆ ਕੇ ਜੀਵਨ ਦੀ ਕਮਾਈ ਹੀ ਨਾ ਕਰੇ, ਮਾਇਕ ਪਦਾਰਥਾਂ ਲਈ ਇਸ ਦੀ ‘ਤ੍ਰਿਸ਼ਨਾ’ ਵਾਲੀ ਅੱਗ ਵੀ ਹੋਰ ਤੇ ਹੋਰ ਹੀ ਭੜਕਦੀ ਹੈ। ਇਸ ਤਰ੍ਹਾਂ ਉਸ ‘ਮਨਮੁਖ’ ਦੇ ਜੀਵਨ ਨੂੰ ਵਿਕਾਰਾਂ `ਚ ਹੀ ਡੋਬਦੀ ਜਾਂਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ “ਅਖੀ ਦੇਖੈ ਜਿਹਵਾ ਬੋਲੈ, ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ, ਦਿਤਾ ਪੈਨੈੑ ਖਾਇ” (ਪੰ: ੧੩੮) ਭਾਵ ਅਜਿਹੇ ਮਨਮੁਖ ਦੇ ਸਾਰੇ ਗਿਆਨ ਤੇ ਕਰਮ ਇੰਦ੍ਰੇ ਇਸ ਦੇ ‘ਮਨ’ ਅਧੀਨ ਕੰਮ ਤਾਂ ਲਗਾਤਾਰ ਕਰ ਰਹੇ ਹੁੰਦੇ ਹਨ। ਫ਼ਿਰ ਵੀ “ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ” ਜਿਸ ਪ੍ਰਭੂ ਨੇ ਸਰੀਰ ਤੇ ਸਰੀਰ ਅੰਦਰ ਗਿਆਨ ਤੇ ਕਰਮ ਇੰਦ੍ਰਿਆਂ ਤੇ ਜ਼ਿੰਦਗੀ ਸਮੇਤ ਸਭਕੁਝ ਬਖ਼ਸ਼ਿਆ ਹੁੰਦਾ ਹੈ, ਉਸ ਪ੍ਰਭੂ ਨੂੰ ਵਿਸਾਰਣ ਕਰਕੇ ਅਗਿਆਨਤਾ ਦੇ ਹਨੇਰੇ `ਚ ਹੀ ਠੋਕਰਾਂ ਖਾ ਰਿਹਾ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ‘ਮਨਮੁਖ’ ਦੇ ਜੀਵਨ `ਤੇ ਹਉਮੈ, ਮਮਤਾ, ਤ੍ਰਿਸ਼ਨਾ ਆਦਿ ਰਸਤੇ ਵਿਕਾਰ ਲਗਾਤਾਰ ਤੇ ਹਰ ਸਮੇਂ ਆਪਣੇ ਹਮਲੇ ਕਰ ਰਹੇ ਹੁੰਦੇ ਹਨ।

“ਵੇਖਹਿ ਕੀਤਾ ਆਪਣਾ” -ਇਸ ਤਰ੍ਹਾਂ ਹਰੇਕ ਜੀਵ ਲਈ ‘ਧੰਦਾ’ ਤੇ ‘ਰਿਜ਼ਕ’, ਉਪ੍ਰੰਤ ਉਨ੍ਹਾਂ ਪ੍ਰਤੀ ‘ਮੋਹ’ ਤੋਂ ‘ਮਮਤਾ’ ਤੇ ਉਸੇ ਤੋਂ ਮਨੁੱਖ ਅੰਦਰ ‘ਤ੍ਰਿਸ਼ਨਾ’ ਵਾਲੀ ਅੱਗ। ਇਸ ਵਿਸ਼ੇ `ਤੇ ਗੁਰਬਾਣੀ ਵਿੱਚੋਂ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ। ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ “ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥ ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ” (ਪੰ: ੭੧) ਅਤੇ “ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ” (ਪੰ: ੪੬੭) ਭਾਵ ਮਨੁੱਖ ਸਮੇਤ ਅਰਬਾਂ-ਖਰਬਾਂ ਜੂਨੀਆਂ `ਚ ਵਿਚਰ ਰਹੇ ਸਾਰੇ ਜੀਵਾਂ ਦੀ ਸੰਭਾਲ ਵੀ ਪ੍ਰਭੂ ਆਪ ਹੀ ਕਰਦਾ ਹੈ।

ਜੇ ਐਸਾ ਨਾ ਹੋਵੇ ਤਾਂ ਜੀਵ ਦੀ ਆਪਣੀ ਕੋਈ ਪਾਇਆਂ ਹੈ ਹੀ ਨਹੀਂ। ਇਨ੍ਹਾਂ ਵਿੱਚੋਂ ਜੇਕਰ ਕੇਵਲ ਮਨੁੱਖ ਬਾਰੇ ਹੀ ਲੈ ਲਵੋ ਤਾਂ ਦੇਖ ਚੁੱਕੇ ਹਾਂ ਕਿ ਮੂਲ਼ ਰੂਪ `ਚ “ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ” (ਪੰ: ੧੩੮) ਅਥਵਾ “ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ ਕੋਈ ਕਿਛੁ ਕਰਹਿ ਦਿਖਾ ਸਿਆਣੀਐ” (ਪੰ: ੧੩੮)। ਭਾਵ ‘ਧੰਦਾ’ ਤੇ ‘ਰਿਜ਼ਕ’ ਅਥਵਾ ‘ਮੋਹ’, ‘ਮਮਤਾ’ ਤੇ ‘ਤ੍ਰਿਸ਼ਨਾ’ ਆਦਿ ਤਾਂ ਫ਼ਿਰ ਵੀ ਬਾਅਦ ਦੀਆਂ ਬਾਤਾਂ ਹਨ। ਉਸ ਵੱਲੋਂ ਜੀਵ ਨੂੰ ਬਖ਼ਸ਼ੇ ਹੋਏ ਜੀਵਨ ਤੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਸਮੇਤ, ਜੀਵਨ ਭਰ ਜੀਵਾਂ ਦੀ ਸੰਭਾਲ ਵੀ ਪ੍ਰਭੂ ਆਪ ਹੀ ਕਰਦਾ ਹੈ; ਨਹੀਂ ਤਾਂ ਮਨੁੱਖ ਸਮੇਤ ਕਿਸੇ ਵੀ ਜੀਵ ਦਾ ਆਪਣਾ ਕੋਈ ਵਜੂਦ ਹੈ ਹੀ ਨਹੀਂ।

ਕੇਵਲ ਅਕਾਲਪੁਰਖ ਆਪ ਹੀ ਸਰਵ ਸਮ੍ਰਥ ਹੈ। ਪ੍ਰਭੂ ਚਾਹੇ ਤਾਂ “ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ॥ ਜੇਤੇ ਜੀਅ ਜੀਵਹਿ ਲੈ ਸਾਹਾ, ਜੀਵਾਲੇ ਤਾ ਕਿ ਅਸਾਹ॥ ਨਾਨਕ ਜਿਉ ਜਿਉ ਸਚੇ ਭਾਵੇ, ਤਿਉ ਤਿਉ ਸੇਇ ਗਿਰਾਹ” (ਪੰ: ੧੪੪) ਅਰਥ ਹਨ ਕਿ ਇਹ ਕੇਵਲ ਪ੍ਰਭੂ ਦੇ ਆਪਣੇ ਵੱਸ `ਚ ਹੀ ਹੈ ਕਿ ਉਹ ਚਾਹੇ ਤਾਂ ਕੱਖਾਂ `ਚ ਰੁਲਦੇ ਮਨੁੱਖ ਨੂੰ ਵੀ ਬਾਦਸ਼ਾਹ ਬਣਾ ਦੇਵੇ ਤੇ ਜੇ ਚਾਹੇ ਤਾਂ ਫ਼ੌਜਾਂ-ਲਸ਼ਕਰਾਂ ਦੇ ਮਾਲਿਕ ਨੂੰ ਵੀ ਕੱਖੋਂ ਹੌਲਾ ਕਰ ਦੇਵੇ। ਇੱੌਥੋਂ ਤੱਕ ਕਿ ਅਰਬਾਂ-ਕਰਬਾਂ ਜੂਨੀਆਂ ਦੇ ਜੀਵਨ ਲਈ ਉਨ੍ਹਾਂ ਨੂੰ ਸੁਆਸਾਂ ਦੀ ਪੂੰਜੀ ਬਖ਼ਸ਼ਣ ਵਾਲਾ ਵੀ ਉਹ ਆਪ ਹੈ ਤੇ ਇਹ ਵੀ ਪ੍ਰਭੂ ਦੀ ਆਪਣੀ ਹੀ ਸਮ੍ਰਥਾ ਹੈ ਕਿ ਜੇ ਕਰ ਉਹ ਚਾਹਵੇ ਤਾਂ ਜੀਵਾਂ ਨੂੰ ਬਿਨਾ ਸੁਆਸਾਂ ਦੇ ਵੀ ਜ਼ਿੰਦਾ ਰਖ ਸਕਦਾ ਹੈ।

“ਕੁਲੁ ਉਧਾਰੇ ਆਪਣਾ, ਧਨੁ ਜਣੇਦੀ ਮਾਇਆ” -ਇਸ ਤਰ੍ਹਾਂ ਸਬੰਧਤ ਪਉੜੀ ਦਾ ਬਾਕੀ ਹਿੱਸਾ ਹੈ ਕਿ “ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ॥ ਕੁਲੁ ਉਧਾਰੇ ਆਪਣਾ, ਧਨੁ ਜਣੇਦੀ ਮਾਇਆ॥ ਸੋਭਾ ਸੁਰਤਿ ਸੁਹਾਵਣੀ, ਜਿਨਿ ਹਰਿ ਸੇਤੀ ਚਿਤੁ ਲਾਇਆ॥ ੨॥ (ਪੰ: ੧੩੮)। ਦੇਖਣਾ ਇਹ ਹੈ ਕਿ ਇਸੇ ਪਉੜੀ ਦੇ ਪਹਿਲੇ ਹਿੱਸੇ ਜੋ ਇਹ ਗੱਲ ਕਹੀ ਸੀ ਕਿ “ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ” ਜਿਸ `ਤੇ ਕਿ ਹੁਣ ਤੱਕ ਖੁੱਲ ਕੇ ਵਿਚਾਰ ਵੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਅਗਲੀ ਗੱਲ ਇਹ ਵੀ ਕਿ ਪ੍ਰਭੂ ਦਾ ਮਾਇਆ, ਮੋਹ ਤੇ ਤ੍ਰਿਸ਼ਨਾ ਦੀ ਅੱਗ ਵਾਲਾ ਇਹ ਸਾਰਾ ਵਲੇਵਾਂ ਵੀ ਆਪਣੇ ਆਪ ਹੀ ਟੁੱਟ ਤੇ ਮੁੱਕ ਜਾਂਦਾ ਹੈ ਜਦੋਂ ਮਨੁੱਖ “ਗੁਰੂ ਗਿਆਨ” ਦੀ ਸ਼ਰਣ `ਚ ਆ ਜਾਂਦਾ ਹੈ। ਉਦੋਂ ਜਦੋਂ ਉਹੀ ਮਨੁੱਖ ਆਪਣਾ ‘ਮਨਮੁਖਤਾ’ ਵਾਲਾ ਜੀਵਨ ਤਿਆਗ ਕੇ ‘ਗੁਰਮੁਖ ਜੀਵਨ’ ਦਾ ਰਾਹੀ ਬਣ ਜਾਂਦਾ ਹੈ।

ਇਸ ਲਈ ਵਿਸ਼ੇ `ਤੇ ਵਿਚਾਰ ਕਰਦੇ ਗੁਰਮੱਤ ਦਾ ਇਹ ਪੱਖ ਵੀ ਸੰਗਤਾਂ ਸਾਹਮਣੇ ਰਖ ਚੁੱਕੇ ਹਾਂ ਕਿ ਪ੍ਰਭੂ ਦੀ ਸਿਫ਼ਤ ਸਲਾਹ ਜੋ ਗੁਰੂ (ਗੁਰਬਾਣੀ) ਦੀ ਸਿੱਖਿਆ `ਤੇ ਚੱਲ ਕੇ ਹੀ ਕੀਤੀ ਜਾ ਸਕਦੀ ਹੈ। ਇਹ ਪ੍ਰਭੂ ਦੀ ਸਿਫ਼ਤ ਸਲਾਹ ਹੀ ਮਨੁੱਖਾ ਜੀਵਨ `ਚੋਂ ਅਉਗੁਣਾਂ ਦਾ ਨਾਸ ਕਰਕੇ ਉਸ ਦੇ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰ ਸਕਦੀ ਹੈ। ਇਸ ਲਈ ਇਸ ਤਰ੍ਹਾਂ ਕੋਈ ‘ਮਨਮੁਖ’ ਵੀ ਜਦੋਂ ਪ੍ਰਭੂ ਦੀ ਸਿਫ਼ਤ ਸਲਾਹ ਦੇ ਸੁਖ `ਚ ਟਿੱਕ ਕੇ ਤ੍ਰਿਪਤ ਹੋ ਜਾਂਦਾ ਹੈ ਤਾਂ ੳੇੁਹ ਵੀ ‘ਮਨਮੁਖ’ ਨਾ ਰਹਿ ਕੇ ‘ਗੁਰਮੁਖ’ ਜੀਵਨ ਵਾਲਾ ਅਨੰਦ ਮਾਣ ਸਕਦਾ ਹੈ।

ਇਸ ਤਰ੍ਹਾਂ ਜਿਸ ਮਨੁੱਖ ਨੇ ਵੀ ਪ੍ਰਭੂ ਨਾਲ ਚਿੱਤ ਜੋੜਿਆ ਹੈ, ਉਸ ਦੀ ਆਪਣੀ ਸੂਝ ਵੀ ਸੋਹਣੀ ਹੋ ਜਾਂਦੀ ਹੈ ਤੇ ਉਸ ਦੇ ਜੀਵਨ ਅੰਦਰ ਪ੍ਰਗਟ ਹੋ ਜਾਣ ਵਾਲੇ ਇਲਾਈ ਗੁਣਾਂ ਕਾਰਨ, ਸ਼ੰਸਾਰ ਵੀ ਉਸ ਦੀ ਸ਼ੋਭਾ ਕਰਦਾ ਹੈ। ਦੂਜੇ ਲਫ਼ਜ਼ਾਂ `ਚ ਅਜਿਹੇ ‘ਮਨਮੁਖ’ ਦੇ ਜੀਵਨ ਅੰਦਰ ਵੀ ਇਲਾਹੀ ਗੁਣ ਉਪਜ ਆਉਂਦੇ ਹਨ ਜੋ ਉਸ ਦੇ ਜੀਵਨ ਨੂੰ ਵੀ ਟਿਕਾਅ ਤੇ ਪ੍ਰਭੂ ਪਿਆਰ ਵਾਲਾ ਬਣਾ ਦਿੰਦੇ ਹਨ ਅਤੇ ਅਜਿਹੇ ‘ਗੁਰਮੁਖ’ ਦੀ ਦੂਜਿਆਂ `ਚ ਵੀ ਸ਼ੋਭਾ ਫ਼ੈਲਦੀ ਹੈ।

ਇਤਨਾ ਹੀ ਨਹੀਂ, ਅਜਿਹੇ ‘ਗੁਰਮੁਖ’ “ਮੰਨੈ ਪਾਵਹਿ ਮੋਖੁ ਦੁਆਰੁ” ਭਾਵ ਆਪਣੇ ਜਨਮ ਨੂੰ ਤਾਂ ਸਫ਼ਲਾ ਕਰਦੇ ਹੀ ਹਨ। ਇਸ ਤੋਂ ਵਧ ਉਹ ਆਪਣੇ ਨਾਲ ਨਾਲ “ਮੰਨੈ ਪਰਵਾਰੈ ਸਾਧਾਰੁ” ਅਥਵਾ “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ” ਅਨੁਸਾਰ ਜਿਹੜੇ ਅਜਿਹੇ ‘ਗੁਰਮੁਖਾਂ’ ਦੇ ਸੰਪਰਕ `ਚ ਵੀ ਆਉਂਦੇ ਹਨ ਉਨ੍ਹਾਂ ਦੇ ਜੀਵਨ ਵੀ ਸਫ਼ਲ ਹੋ ਜਾਂਦੇ ਹਨ। ਇਥੋਂ ਤੱਕ ਕਿ ਅਜਿਹੇ ‘ਗੁਰਮੁਖ’ ਨੂੰ ਜਨਮ ਦੇਣ ਵਾਲੀ ਮਾਤਾ ਵੀ ਧੰਨਤਾ ਦੇ ਯੋਗ ਹੋ ਜਾਂਦੀ ਹੈ ਭਾਵ ਜਦੋਂ ਕਿਸੇ ਮਨੁੱਖ ਦਾ ਜੀਵਨ ਇਲਾਹੀ ਗੁਣਾਂ ਨਾਲ ਭਰਪੁਰ ਹੋ ਜਾਂਦਾ ਹੈ ਤਾਂ ਉਸ ਨੂੰ ਜਨਮ ਦੇਣ ਵਾਲੀ ਮਾਤਾ ਦੀ ਵੀ ਸੰਸਾਰ ਆਪ ਮੁਹਾਰੇ ਉਪਮਾ ਕਰਦਾ ਤੇ ਉਸ ਨੂੰ ਵੀ ਧੰਨਤਾ ਯੋਗ ਆਖਦਾ ਹੈ, ਜਿਸ ਮਾਤਾ ਨੇ ਕਿ ਅਜਿਹੇ ਜੀਊੜੇ ਤੇ ‘ਗੁਰਮੁਖ’ ਪਿਆਰੇ ਨੂੰ ਜਨਮ ਦਿੱਤਾ ਸੀ।

“ਅਖੀ ਕੁਦਰਤਿ ਕੰਨੀ ਬਾਣੀ” - ਹੁਣ ਤੱਕ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਇਸ ਗੁਰਮੱਤ ਪਾਠ ਨੰ: ੨੧੭ “ਅਖੀ ਦੇਖੈ ਜਿਹਵਾ ਬੋਲੈ’ ਦੇ ਤਿੰਨ ਭਾਗਾਂ `ਚ ਵਿਚਰੇ ਹਾਂ ਉਸ ਦਾ ਮੂਲ ਇੱਕੋ ਹੀ ਹੈ। ਉਹ ਇਹ ਕਿ ਜਨਮ ਸਮੇਂ ਪ੍ਰਭੂ ਨੇ ਸਾਨੂੰ ਜੋ ਮਨੁੱਖਾ ਸਰੀਰ ਬਖ਼ਸ਼ਿਆ ਹੁੰਦਾ ਹੈ ਇਸ ਸਰੀਰ `ਚ ਸਾਨੂੰ ਖਾਸ ਤੌਰ ਤੇ ਪ੍ਰਭੂ ‘ਮਨ’ ਵੀ ਬਖ਼ਸ਼ਦਾ ਹੈ ਜੋ ਦੂਜੀਆਂ ਜੂਨੀਆਂ `ਚ ਕਿਸੇ ਨੂੰ ਨਹੀਂ ਮਿਲਦਾ। ਉਪ੍ਰੰਤ ਦੂਜੀਆਂ ਜੂਨੀਆਂ ਦੇ ਉਲਟ ਮਨੁੱਖਾ ਜੂਨ ਸਮੇਂ ਸਾਡੇ ਪੰਜ ਗਿਆਨ ਤੇ ਪੰਜ ਕਰਮ ਇੰਦ੍ਰੇ ਵੀ ਇਸ ‘ਮਨ’ ਦੇ ਅਧੀਨ ਹੀ ਹੁੰਦੇ ਹਨ। ਚੂੰਕਿ ਬਾਕੀ ਜੂਨੀਆਂ ਤਾਂ ਕੇਵਲ ਪਿਛਲੇ ਜੂਨ ਸਮੇਂ ਕੀਤੇ ਚੰਗੇ ਜਾਂ ਮਾੜੇ ਕਰਮਾ ਦਾ ਲੇਖਾ ਜੋਖਾ ਤੇ ਸਜ਼ਾਵਾਂ ਲਈ ਕੋਠੜੀਆਂ ਹੀ ਹੁੰਦੀਆਂ ਹਨ ਜਿੱਥੇ ਕਿ ਜੀਵ ਆਪਣੀ ਮਰਜ਼ੀ ਨਾਲ ਸਜੇ-ਖਬੇ ਵੀ ਨਹੀ ਹੋ ਸਕਦਾ, ਬਲਕਿ ਉਸ ਸਮੇਂ ਤਾਂ ਉਸ ਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ।

ਜਦਕਿ ਉਸ ਦੇ ਉਲਟ ਮਨੁਖਾ ਜਨਮ ਬਾ-ਮਕਸਦ ਹੁੰਦਾ ਹੈ, ਬੇ-ਮਕਸਦ ਨਹੀਂ ਹੁੰਦਾ। ਇਸੇ ਕਾਰਨ ਇਥੇ ‘ਮਨ’ ਤੇ ‘ਮਨ’ ਦੇ ਅਧੀਨ “ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ” ਦਾ ਵੀ ਇਸ ਸਰੀਰ ਲਈ ਖਾਸ ਮਕਸਦ ਹੁੰਦਾ ਹੈ। ਇਸ ਲਈ ਜੇ ਕਰ ਮਨੁੱਖ, ਗੁਰਬਾਣੀ ਗੁਰੂ ਵਾਲੇ ਗਿਆਨ `ਚ ਵਿਚਰ ਕੇ ਇਸ ਵਿਚਲੇ ‘ਮਨ’ ਤੇ ਉਸ ਅਧੀਨ ਚੱਲ ਰਹੇ ਕਰਮ ਤੇ ਗਿਆਨ ਇੰਦ੍ਰਆਂ ਦੀ ਬਾ-ਮਕਸਦ ਵਰਤੋਂ ਕਰਦਾ ਹੈ ਤਾਂ ਉਹ ਆਪਣੇ ਜਨਮ ਨੂੰ ‘ਸਫ਼ਲ’ ਕਰ ਲੈਂਦਾ ਹੈ। ਜੀਉਂਦੇ ਜੀਅ ਤ੍ਰਿਸ਼ਨਾ, ਚਿੰਤਾ, ਆਸਾ, ਮਨਸਾ ਤੇ ਵਿਕਾਰ ਰਹਿਤ ਰਹਿ ਕੇ ਸੰਤੋਖੀ, ਮਾਨਸਿਕ ਟਿਕਾਅ ਵਾਲਾ ਤੇ ਕਰਤੇ `ਚ ਅਭੇਦ ਹੋ ਕੇ ਜੀਵਨ ਬਤੀਤ ਕਰਦਾ ਹੈ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਅਜਿਹੇ ‘ਗੁਰਮੁਖ’ ਦੀ ਅਵਸਥਾ “ਪੁਨਰਪਿ ਜਨਮਿ ਨ ਆਈਐ” (ਪੰ: ੩੮੩) ਵਾਲੀ ਹੀ ਹੁੰਦੀ ਹੈ।

ਦੂਜੇ ਪਾਸੇ, ਜੇਕਰ ਉਹੀ ਮਨੁੱਖ ਆਪਣੇ ਸਰੀਰ, ਸਰੀਰ ਵਿਚਲੇ ‘ਮਨ’ ਤੇ ‘ਮਨ’ ਦੇ ਅਧੀਨ ਵਰਤੇ ਜਾ ਰਹੇ ਕੰਨ, ਅਖਾਂ, ਜਿਹਬਾ ਆਦਿ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਵੀ ਜੀਵਨ ਦੇ ਸੱਚ ਵਾਲੇ ਪਾਸਿਓਂ ਬੇ-ਮਕਸਦ ਹੀ ਮੁਕਾਅ ਦਿੰਦਾ ਹੈ ਤਾਂ ਉੇਸੇ ਨੂੰ ਹੀ ‘ਮਨਮੁਖ’ ਕਿਹਾੇ ਜਾਂਦਾ ਹੈ। ਇਸ ਤਰ੍ਹਾਂ ਅਜਿਹੇ ‘ਮਨਮੁਖ’ ਸਰੀਰ ਤਿਆਗਣ ਬਾਅਦ ਵੀ, ਫ਼ਿਰ ਤੋਂ “ਜਿਤੁ ਘਟਿ ਸਚੁ ਨ ਪਾਇ, ਸੁ ਭੰਨਿ ਘੜਾਈਐ” (ਪ: ੧੪੬) ਅਥਵਾ ਤੇ ਭਾਗਹੀਣ ਜਮ ਪਾਸਿ” (ਪੰ: ੧੦) ਭਾਵ ਜਨਮ ਮਰਨ ਤੇ ਗਰਭਾਂ-ਜੂਨਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਲਈ ਇਸ ਸਾਰੇ ਵਿਸ਼ੇ ਨੂੰ ਬੇਸ਼ਕ ਫ਼ਿਰ ਤੋਂ ਇੱਕ ਵਾਰੀ ਪਰ ਅਤੀ ਸੰਖੇਪ `ਚ ਇਸ ਤਰ੍ਹਾਂ ਤਿੰਨ ਭਾਗਾਂ `ਚ ਲੈਣਾ ਚਾਹਾਂਗੇ:-

(੧) ਪਹਿਲਾ ਇਹ ਕਿ ਪ੍ਰਭੂ ਦੀਆਂ ਘੜੀਆਂ ਮਨੁੱਖਾ ਜੂਨ ਸਮੇਤ ਅਰਬਾਂ-ਖਰਬਾਂ ਤੇ ਅਨੰਤ ਜੂਨੀਆਂ ਵਿਚਕਾਰ ਬਹੁਤ ਸਾਰੀਆਂ ਸਾਂਝੀਆਂ ਕੜੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਵੀ ਮਨੁੱਖਾ ਜੂਨ ਵਿਸ਼ੇਸ਼ ਹੈ। ਉਨ੍ਹਾਂ ਬੇਅੰਤ ਸਾਂਝਾਂ ਤੋਂ ਇਲਾਵਾ ਵੀ ਪ੍ਰਭੂ ਵੱਲੋਂ ਇਸ ਜੂਨ `ਚ ਜੀਵ ਨੂੰ ਅਨੇਕਾਂ ਹੋਰ ਵਾਧੇ ਪ੍ਰਾਪਤ ਹੁੰਦੇ ਹਨ।

(੨) ਦੂਜਾ ਇਹ ਕਿ ਇਨ੍ਹਾਂ ਅਨੇਕਾਂ ਵਾਧਿਆਂ ਤੋਂ ਇਲਾਵਾ ਵੀ ਜੀਵ ਨੂੰ ਮਨੁੱਖਾ ਜੂਨ `ਚ ‘ਮਨ’ ਵਾਲਾ ਵਾਧਾ ਵਿਸ਼ੇਸ਼ ਮਿਲਦਾ ਹੈ। ਜੀਵ ਨੂੰ ਇਹ ‘ਮਨ’ ਹੋਰ ਕਿਸੇ ਜੂਨ `ਚ ਨਹੀਂ ਮਿਲਦਾ। ਉਪ੍ਰੰਤ ਮਨੁੱਖਾ ਜੂਨ ਸਮੇਂ ਮਨੁੱਖ ਕੋਲ ਇਹ ‘ਮਨ’ ਹੀ ਹੁੰਦਾ ਹੈ ਜੋ ਮਨੁੱਖਾ ਜੀਵਨ ਦੀ ਰਹਿਣੀ ਨੂੰ ਦੋ ਵਿਰੋਧੀ ਦਿਸ਼ਾਵਾਂ ਵੱਲ ਮੋੜ ਦਿੰਦਾ ਹੈ। ਇਹ ਦੋ ਵਿਰੋਧੀ ਦਿਸ਼ਾਵਾਂ ਹਨ ‘ਗੁਰਮੁਖ’ ਤੇ ‘ਮਨਮੁਖ’ ਜੀਵਨ। ਇਸੇ ਨੂੰ ਗੁਰਬਾਣੀ `ਚ ਹੀ ‘ਸਫ਼ਲ’ ਤੇ ‘ਅਸਫ਼ਲ’, ‘ਵਡਭਾਗੀ’ ਤੇ ‘ਅਭਾਗਾ’, ਸਚਿਆਰਾ ਤੇ ਕੁੜਿਆਰ ਜੀਵਨ ਆਦਿ ਵੀ ਕਿਹਾ ਹੈ।

ਜੀਵਨ ਦੇ ਇਹ ਦੋ ਵਿਰੋਧੀ ਪੱਖ ਕੇਵਲ ਮਨੁੱਖਾ ਜੂਨ ਸਮੇਂ ਹੀ ਹੁੰਦੇ ਹਨ। ਇਸ ਦੇ ਬਾਵਜੂਦ ਮਨੁੱਖ ਇੱਕ ਸਮੇਂ, ਜੀਵਨ ਦੀਆਂ ਇਨ੍ਹਾਂ ਦੋ ਵਿਰੋਧੀ ਦਿਸ਼ਾਵਾਂ `ਚੋਂ ਕਿਸੇ ਇੱਕ ਦਿਸ਼ਾ ਨੂੰ ਹੀ ਚੱਲ ਸਕਦਾ ਹੈ। ਮਨੁੱਖ ਇਕੋ ਸਮੇਂ ਇਕੱਠਾ ਇਨ੍ਹਾਂ ਦੋਨਾਂ ਦਿਸ਼ਾਵਾਂ ਨੂੰ ਨਹੀਂ ਚੱਲ ਸਕਦਾ। ਫ਼ਿਰ ਵੀ ਕੋਈ ਵੀ ‘ਮਨਮੁਖ’ ਸਾਧਸੰਗਤ ਆ ਕੇ ਅਤੇ ਗੁਰੂ ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਕਮਾਈ ਕਰਕੇ ‘ਗੁਰਮੁਖ’ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ।

(੩) ਤੀਜਾ ਇਹ ਕਿ ਇਨ੍ਹਾਂ ਤੋਂ ਇਲਾਵਾ, ਮਨੁੱਖ ਜੂਨ ਸਮੇਤ ਅਰਬਾਂ-ਖਰਬਾਂ ਜੂਨੀਆਂ ਵਿਚਕਾਰ ਅਨੇਕਾਂ ਸਾਂਝੀਆਂ ਕੜੀਆਂ ਚੋਂ ਬਹੁਤਾ ਕਰਕੇ ਇੱਕ ਸਾਂਝੀ ਕੜੀ ‘ਗਿਆਨ ਤੇ ਕਰਮ ਇੰਦ੍ਰਿਆਂ ਵਾਲੀ ਵੀ ਹੁੰਦੀ ਹੈ। ਫ਼ਿਰ ਵੀ ਮਨੁੱਖਾ ਜੂਨ ਸਮੇਂ ‘ਮਨ’ ਵਾਲੀ ਦੇਣ ਹੀ ਹੁੰਦੀ ਹੈ ਜਿਸ ਤੋਂ ਮਨੁੱਖ ਦੇ ‘ਗਿਆਨ ਤੇ ਕਰਮ ਇੰਦ੍ਰੇ’ ਵੀ ਦੋ ਵੱਖ-ਵੱਖ ਵਿਰੋਧੀ ਦਿਸ਼ਾਵਾਂ ਨੂੰ ਚਲਦੇ ਹਨ। ਬੱਸ ਇਸੇ ਤੋਂ ਮਨੁੱਖਾ ਜਨਮ ‘ਸਫ਼ਲ’ ਵੀ ਹੁੰਦਾ ਹੈ ਤੇ ‘ਅਸਫ਼ਲ’ ਵੀ।

ਜੀਵਨ ਰਹਿਣੀ ਕਰਕੇ ਹੀ ਮਨੁੱਖ ‘ਗੁਰਮੁਖ’ ਵੀ ਹੁੰਦਾ ਹੈ ਤੇ ‘ਮਨਮੁਖ’ ਵੀ; ਜਦਕਿ ਇਕੋ ਸਮੇਂ ਕੋਈ ਮਨੁੱਖ ਵੀ ਅਜਿਹਾ ਨਹੀਂ ਹੁੰਦਾ ਜੋ ‘ਗੁਰਮੁਖ’ ਵੀ ਹੋਵੇ ਤੇ ‘ਮਨਮੁਖ’ ਵੀ। ਇਹ ਵੱਖਰੀ ਗੱਲ ਹੈ ਜੋ ਮਨੁੱਖ ਅੱਜ ‘ਮਨਮੁਖ’ ਹੈ, ਉਹੀ ਮਨੁੱਖ ਕੱਲ ਨੂੰ ਸਤਸੰਗਤ ਤੇ ਗੁਰੂ ਗਿਆਨ ਦੀ ਰੋਸ਼ਨੀ `ਚ ਆ ਕੇ ‘ਗੁਰਮੁਖ’ ਜੀਵਨ ਹੋ ਜਾਵੇ। ਸਿੱਖ ਇਤਿਹਾਸ ਵਿੱਚੋਂ ਇਸ ਸਬੰਧ `ਚ ਬੇਅੰਤ ਮਿਸਾਲਾਂ ਵੀ ਦਿੱਤੀਆਂ ਜਾ ਸਕਦੀਆਂ ਹਨ।

ਇਸ ਤਰ੍ਹਾਂ ਮਨੁੱਖਾ ਜਨਮ ਸਮੇਂ, ਸਰੀਰ ਵਿਚਲੇ ‘ਮਨ’ ਤੇ ‘ਮਨ’ ਅਧੀਨ ਚੱਲ ਰਹੇ ਜਿਹਬਾ, ਕੰਨ, ਅਖਾਂ ਆਦਿ ‘ਗਿਆਨ ਤੇ ਕਰਮ ਇੰਦ੍ਰਿਅ’ ਦੀ ਸੁਵਰਤੋਂ ਕਾਰਨ, ਜੀਵਨ ਨੂੰ ‘ਗੁਰਮੁਖ’ ਬਨਾਉਣ ਸੰਬਧੀ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਇਸ ਤਰ੍ਹਾਂ ਹਨ।

“ਹਉ ਮੁਆ, ਮੈ ਮਾਰਿਆ, ਪਉਣੁ ਵਹੈ ਦਰੀਆਉ॥ ਤ੍ਰਿਸਨਾ ਥਕੀ ਨਾਨਕਾ, ਜਾ ਮਨੁ ਰਤਾ ਨਾਇ॥ ਲੋਇਣ ਰਤੇ ਲੋਇਣੀ, ਕੰਨੀ ਸੁਰਤਿ ਸਮਾਇ॥ ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ॥ ਅੰਦਰੁ ਮੁਸਕਿ ਝਕੋਲਿਆ, ਕੀਮਤਿ ਕਹੀ ਨ ਜਾਇ” (ਪੰ: ੧੦੯੧)

ਅਰਥ ਹਨ-ਜਿਨਾਂ ਚਿਰ ਮਨੁੱਖ ‘ਹਉਮੈ’ ਦਾ ਮਾਰਿਆ ਰਹਿੰਦਾ ਹੈ ਉਸ ਅੰਦਰ ‘ਤ੍ਰਿਸ਼ਨਾ’ ਦਾ ਦਰਿਆ ਵਹਿੰਦਾ ਰਹਿੰਦਾ ਹੈ। ਪਰ ਜਦੋਂ ਇਸ ਦਾ ‘ਮਨ’ ‘ਨਾਮ’ ਭਾਵ ਪ੍ਰਭੂ ਦੀ ਸਿਫ਼ਤ ਸਲਾਹ `ਚ ਰੰਗਿਆ ਜਾਂਦਾ ਹੈ ਤਾਂ ਇਸ ਅੰਦਰੋਂ ‘ਤ੍ਰਿਸ਼ਨਾ’ ਮੁੱਕ ਜਾਂਦੀ ਹੈ। ਇਸ ਦੀਆਂ ਅੱਖਾਂ ਆਪਣੇ ਆਪ `ਚ ਪ੍ਰਭੂ ਰਚਨਾਂ ਦੇ ਰੰਗ `ਚ ਵਿਸਮਾਦਤ ਹੋ ਜਾਂਦੀਆਂ ਹਨ। ਕੰਨਾਂ ਨੂੰ ਦੂਸਰਿਆਂ ਦੀ ਨਿੰਦਾ-ਚੁਗਲੀ ਤੇ ਆਪਣੀ ਸ਼ੋਭਾ-ਉਸਤਤ ਆਦਿ ਸੁਣਨ ਦੀ ਤਾਂਘ ਨਹੀਂ ਰਹਿੰਦੀ। ਜੀਭ ਵੀ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਰਸਾਇਣ ਰਸ ਮਾਨਣ ਦੀ ਆਦੀ ਹੋ ਜਾਂਦੀ ਹੈ ਤੇ ਉਹ ਵੀ ਪ੍ਰਭੂ ਪਿਆਰ ਵਾਲੇ ਲਾਲ ਰੰਗ `ਚ ਰੰਗੀ ਜਾਂਦੀ ਹੈ। ਅਜਿਹੇ ‘ਗੁਰਮੁਖ’ ਦੇ ਜੀਵਨ ਅੰਦਰੋਂ ਇਲਾਹੀ ਗੁਣਾਂ ਦੀ ਖੂਸ਼ਬੂ ਉਛਲ ਉਛਲ ਕੇ ਬਾਹਰ ਆਉਂਦੀ ਹੈ। ਅਜਿਹੇ ਸੁਲਝੇ ਤੇ ਪ੍ਰਭੂ ਰੰਗ `ਚ ਰੰਗੇ ਹੋਏ ਜੀਵਨ ਦਾ ਮੁੱਲ ਨਹੀਂ ਪੈ ਸਕਦਾ।

ਇਸੇ ਤਰ੍ਹਾਂ ਇੱਕ ਪ੍ਰਮਾਣ ਹੋਰ: “ਅਖੀ ਕੁਦਰਤਿ, ਕੰਨੀ ਬਾਣੀ, ਮੁਖਿ ਆਖਣੁ ਸਚੁ ਨਾਮੁ॥ ਪਤਿ ਕਾ ਧਨੁ ਪੂਰਾ ਹੋਆ, ਲਾਗਾ ਸਹਜਿ ਧਿਆਨੁ” (ਪੰ: ੧੧੬੮).

ਅਰਥ ਹਨ- ਜਿਹੜਾ ਮਨੁੱਖ ਹਉਮੈ ਦਾ ਨਿਵਾਰਣ ਕਰੇਗਾ ਉਸ ਦਾ ਜੀਵਨ ਇਨਾਂ ਉੱਚਾ ਹੋ ਜਾਵੇਗਾ ਕਿ ਉਸ ਨੂੰ ਸੁਭਾਅ ਕਰਕੇ ਹੀ ਆਪਣੀਆਂ ਅਖਾਂ ਨਾਲ ਕੁਦਰਤ `ਚ ਵੱਸ ਰਹੇ ਅਕਾਲਪੁਰਖ ਦੇ ਦਰਸ਼ਨ ਹੋਣਗੇ। ਉਸ ਦੇ ਕੰਨਾਂ `ਚ “ਅਨਹਤਾ ਸਬਦ ਵਾਜੰਤ ਭੇਰੀ" (ਪੰ: ੧੩) ਪ੍ਰਭੂ ਦੀ ਰਚਨਾ `ਚ ਹਰ ਸਮੇਂ ਵੱਜ ਰਿਹਾ ਅਨਹਦ ਨਾਦ ਹੀ ਗੂੰਜੇਗਾ। ਉਸ ਦੇ ਮੂੰਹ `ਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਹੀ ਹੋਣਗੇ। ਉਸ ਨੂੰ ਲੋਕ ਭਾਵ ਇਸ ਜਨਮ `ਚ ਵੀ ਸ਼ਾਤਮਈ, ਟਿਕਾਅ ਤੇ ਸੰਤੋਖ ਵਾਲਾ ਚਿੰਤਾ, ਤ੍ਰਿਸ਼ਨਾ ਭਟਕਣਾ ਰਹਿਤ, ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਪ੍ਰਾਪਤ ਹੋਵੇਗਾ ਤੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ ਦੇ ਨਿਆਂ `ਚ “ਪੁਨਰਪਿ ਜਨਮਿ ਨ ਆਈਐ” (ਪੰ: ੩੮੩) ਵਾਲੀ ਜੀਵਨ ਦੀ ਉੱਚਤਮ ਅਵਸਥਾ ਨੂੰ ਪ੍ਰਾਪਤ ਹੋਵੇਗਾ।

“ਹਾਥ ਪਾਉ ਕਰਿ ਕਾਮੁ ਸਭੁ” -ਇਸੇ ਤਰ੍ਹਾਂ “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ” (ਪ: ੧੩੭੬) ਭਾਵ ਮਨੁੱਖਾ ਜਨਮ ਸਮੇਂ, ਮਨੁੱਖ ਨੂੰ ਜੋ ਹੱਥ, ਪੈਰ ਆਦਿ ‘ਗਿਆਨ ਤੇ ਕਰਮ ਇੰਦ੍ਰੇ’ ਉਹ ਇਸ ਲਈ ਮਿਲਦੇ ਹਨ ਕਿ ਮਨੁੱਖ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਆਪਣੇ ਮਨ ਅਧੀਨ ਇਨ੍ਹਾਂ ‘ਗਿਆਨ ਤੇ ਕਰਮ ਇੰਦ੍ਰਿਆਂ’ ਦੀ ਸੁਵਰਤੋਂ ਕਰੇ। ਇਸ ਲਈ ਮਨੁਖਾ ਜਨਮ ਸਮੇਂ ਮਨੁੱਖ ਦੇ ‘ਗਿਆਨ ਤੇ ਕਰਮ ਇੰਦ੍ਰੇ’ ਕੇਵਲ ਜ਼ਿੰਦਗੀ ਨੂੰ ਧੱਕਾ ਦੇਣ ਲਈ ਨਹੀਂ ਹੁੰਦੇ ਬਲਕਿ ਇਨ੍ਹਾਂ ਦਾ ਵੀ ਖ਼ਾਸ ਮਕਸਦ ਹੁੰਦਾ ਹੈ ਤੇ ਉਹ ਮਕਸਦ ਹੁੰਦਾ ਹੈ ਇਨ੍ਹਾਂ ‘ਗਿਆਨ ਤੇ ਕਰਮ ਇੰਦ੍ਰਿਆਂ’ ਦੀ ਸੁਵਰਤੋਂ ਕਰਕੇ ਜੀਵਨ ਮੁਕਤ ਹੋਣਾ ਅਤੇ ਮਨੁੱਖਾ ਜਨਮ ਨੂੰ ਸਫ਼ਲ ਕਰਣਾ।

ਇਸ ਤਰ੍ਹਾਂ ਸਪਸ਼ਟ ਹੋਇਆ ਕਿ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਅਥਵਾ “ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩) ਮਨੁੱਖਾ ਜਨਮ ਨੂੰ ਬਿਰਥਾ ਕਰਕੇ ਮੁੜ ਜਨਮਾਂ ਦੇ ਗੇੜ `ਚ ਪੈਣਾ ਜਾਂ ਜਨਮ-ਮਰਨ ਦੇ ਗੇੜ `ਚੋਂ ਸੁਰਖਰੂ ਹੋਣਾ ਇਹ ਸਾਰਾ ਮਸਲਾ ਹੀ ਗੁਰੂ ਗੁਰਬਾਣੀ ਦੀ ਆਗਿਆ-ਅਦੇਸ਼ਾਂ ਅਨੁਸਾਰ ਇਸ ਸਰੀਰ ਅੰਦਰਲੇ ‘ਮਨ’ ਦੀ ਤਿਆਰੀ ਉਪ੍ਰੰਤ ‘ਮਨ’ ਅਧੀਨ, ਸਰੀਰ ਅੰਦਰਲੇ ਕੰਨ, ਅਖਾਂ, ਜਿਹਬਾ, ਹੱਥਾਂ ਆਦਿ ਗਿਆਨ ਤੇ ਕਰਮ ਇੰਦ੍ਰਿਆਂ ਦੀ ਸੁਵਰਤੋਂ ਜਾਂ ਫ਼ਿਰ ਇਸ ਦੇ ਉਲਟ ਇਨ੍ਹਾਂ ਦੀ ਕੁਵਰਤੋਂ ਦਾ ਹੀ ਹੈ। #217IIIs011.02s011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 217-III

“ਅਖੀ ਦੇਖੈ ਜਿਹਵਾ ਬੋਲੈ…” (ਭਾਗ ਤੀਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.