.

“ਮੀਰੀ, ਪੀਰੀ ਅਤੇ ਅਕਾਲ ਤਖਤ”

ਸਿਧਾਂਤਕ ਪੱਖ

(ਨੋਟ: ਮੀਰੀ ਪੀਰੀ ਅਤੇ ਅਕਾਲ ਤਖਤ ਦੇ ਫਲਸਫੇ ਸੰਬੰਧੀ ਪ੍ਰਸਤੁਤ ਵਿਚਾਰ ਮੁੱਖ ਤੌਰ ਤੇ “ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੁਆਰਾ ਲਿਖਿਤ ‘ਮੀਰੀ ਤੇ ਪੀਰੀ’ (ਟਰੈਕਟ #198) “ਵਿੱਚੋਂ ਧੰਨਵਾਦ ਸਹਿਤ ਲਏ ਗਏ ਅੰਸ਼ਾਂ ਤੇ ਆਧਾਰਿਤ ਹਨ)।

“ਮੀਰੀ ਪੀਰੀ ਦਾ ਸੰਕਲਪ ਸਿੱਖੀ ਦਾ ਆਦਰਸ਼ ਹੈ। ਇਹ ਮਨੁੱਖ ਨੂੰ ਆਤਮਿਕ ਤੇ ਸੰਸਾਰਕ ਪੱਖਾਂ ਤੋਂ ਇੱਕੋ ਜਿਹਾ ਉੱਚਾ ਕਰਕੇ ਉਚੇਰੀ ਇੱਕ-ਸੁਰਤਾ ਕਾਇਮ ਕਰ ਸਕਣ ਦੀ ਵਿਧੀ ਹੈ। ਇਹ ਉਚੇਰੀ ਅਵਸਥਾ ਹੀ ਮੀਰੀ ਪੀਰੀ ਦਾ ਕੇਂਦਰੀ ਬਿੰਦੂ ਹੈ। ਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀ। ਮੀਰੀ ਸੰਸਾਰਕ ਖੇਤਰ ਨਾਲ ਸੰਬੰਧਤ ਹੈ ਅਤੇ ਪੀਰੀ ਅਧਿਆਤਮਕ ਖੇਤਰ ਨਾਲ। ਮੀਰੀ ਸਮਾਜਕ ਜੀਵਨ ਦੇ ਵਿਵਹਾਰਕ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀਰੀ ਅਧਿਆਤਮਕ ਖੇਤਰ ਦੀ। ਮੀਰੀ ਸਰੀਰਕ ਭੁੱਖ ਦੀ ਪੂਰਤੀ ਕਰਦੀ ਹੈ ਅਤੇ ਪੀਰੀ ਆਤਮਿਕ ਭੁੱਖ ਦੀ। ਆਤਮਿਕ ਪੱਖੋਂ ਸੰਤ ਹੋਣਾ ਪੀਰੀ ਹੈ ਅਤੇ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਸਿਪਾਹੀ ਬਣਨਾ ਮੀਰੀ ਹੈ। ਮੀਰੀ ਅਤੇ ਪੀਰੀ ਅਧਿਆਤਮਕਤਾ ਤੇ ਸੰਸਾਰਕਤਾ ਦਾ ਸੰਜੋਗ ਹੈ। ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ। ਇਹ ਬਲਵਾਨ ਆਤਮਾ ਅਤੇ ਬਲਵਾਨ ਸ਼ਰੀਰ ਦਾ ਸਾਵਾਂ-ਪਨ ਹੈ। ਰੁਹਾਨੀ ਅਤੇ ਜਿਸਮਾਨੀ ਸ਼ਕਤੀ ਦਾ ਸਮਤੋਲ ਹੈ। “ਘਰ ਹੀ ਮਾਹਿ ਉਦਾਸ” ਤੇ “ਅੰਜਨ ਮਾਹਿ ਨਿਰੰਜਨਿ” ਹੋ ਕੇ ਵਿਚਰਨ ਦਾ ਨਿਰਾਲਾ ਮਾਰਗ ਹੈ। ਇਹ ਇਲਾਹੀ ਕੀਰਤਨ ਦੀਆਂ ਧੁਨਾਂ ਨਾਲ ਬੀਰ-ਰਸੀ ਵਾਰਾਂ ਦੀਆਂ ਗੁੰਜਾਰਾਂ ਦਾ ਅਲੌਕਿਕ ਸੁਮੇਲ ਹੈ।

ਜਿੱਥੇ ਸਿੱਖੀ ਦੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਪਰਉਪਕਾਰ, ਸਰਬੱਤ ਦਾ ਭਲਾ ਮੰਗਣਾ, ਸਰਬੱਤ ਦੀ ਰਾਖੀ ਕਰਨੀ ਅਤੇ ਸਰਬੱਤ ਦੀ ਦੇਖ ਭਾਲ ਕਰਨੀ ਹੈ। ਉੱਥੇ ਮੱਧਕਾਲ ਵਿੱਚ ਧਰਮ ਅਤੇ ਰਾਜਸੱਤਾ ਨੂੰ ਨਿਜੀ ਸ਼ਕਤੀ ਵਧਾਉਣ ਲਈ ਅਤੇ ਨਿਜੀ ਲਾਭ ਲਈ ਵਰਤਿਆ ਗਿਆ। ਦੂਜਿਆਂ ਦੇ ਧਰਮ ਨੂੰ ਮਿਟਾ ਕੇ ਆਪਣੇ ਧਰਮ ਨੂੰ ਫੈਲਾਉਣ ਲਈ ਵਰਤਿਆ ਜਾਂਦਾ ਰਿਹਾ।

ਤਾਕਤ ਦੇ ਨਸ਼ੇ ਵਿੱਚ ਪਾਗਲ ਹੋਏ ਬਘਿਆੜਾਂ ਅੱਗੇ ਭੇਡਾਂ ਬਕਰੀਆਂ ਬਣਨ ਦੀ ਥਾਂ, ਗੁਰੂ ਸਾਹਿਬਾਂ ਨੇ ਡਟ ਕੇ ਮੁਕਾਬਲਾ ਕਰਨ ਦਾ ਸਬਕ ਸਿਖਾਇਆ। ਜ਼ੁਲਮ ਸਹਿਣ ਨੂੰ ਕਾਇਰਤਾ ਕਰਾਰ ਦਿੱਤਾ। ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਹੋਰ ਵੀ ਲਿਸ਼ਕਾਉਣ ਪੁਸ਼ਕਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਰਚਨਾ ਕੀਤੀ ਤੇ ਅਕਾਲ ਤਖਤ ਤੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਏ। ਜੰਗੀ ਵਾਰਾਂ ਉੱਚੀ ਸੁਰ ਵਿੱਚ ਗਾਵੀਆਂ ਜਾਣ ਲੱਗੀਆਂ, ਤੇ ਜੰਗੀ ਮਸ਼ਕਾਂ ਹੋਣ ਲੱਗੀਆਂ। ਆਪਣੇ ਸਿੱਖਾਂ ਅੰਦਰ ਵੀ ਮੀਰੀ ਤੇ ਪੀਰੀ ਦੇ ਗੁਣ ਭਰੇ।

ਸੰਸਾਰ ਦੇ ਹੋਰ ਧਰਮਾਂ ਦਾ ਦਾਇਰਾ ਜਿੱਥੇ ਸਿਰਫ਼ ਰੁਹਾਨੀਅਤ ਤੱਕ ਹੀ ਸੀਮਿਤ ਹੈ ਉੱਥੇ ਸਿੱਖ ਧਰਮ ਸਮੂਚੇ ਜੀਵਨ ਨੂੰ ਇੱਕ ਇਕਾਈ ਮੰਨ ਕੇ ਇਸ ਦੇ ਹਰ ਪੱਖ ਦੀ ਅਗਵਾਈ ਕਰਦਿਆਂ ਹੋਇਆਂ, ਸਮੁੱਚੇ ਜੀਵਨ ਵੱਲੋਂ ਪਾਈਆਂ ਗਈਆਂ ਵੰਗਾਰਾਂ ਨੂੰ ਨਜਿੱਠਣਾ ਹੈ।

ਸੰਸਾਰ ਵਿੱਚ ਪਹਿਲੀ ਵਾਰ ਗੁਰਮਤਿ ਨੇ ਲਿਖਤੀ ਅਤੇ ਅਮਲੀ ਰੂਪ ਵਿੱਚ ਕੁਦਰਤ ਦੇ ਸਹਿਜੋਗ ਤੇ ਸਹਿ ਵਿਚਰਨ ਦੇ ਕੁਦਰਤੀ ਮਨੁੱਖੀ ਅਸਲੇ ਨੂੰ ਰੂਪਮਾਨ ਕੀਤਾ ਹੈ। ਮਨੁੱਖ ਦਾ ਆਦਰਸ਼ ਸਾਰੇ ਬ੍ਰਹਮੰਡ ਨਾਲ ਇੱਕਸੁਰ ਹੋਣਾ ਹੈ। ਆਤਮਿਕ ਤੇ ਸਰੀਰਕ ਤੌਰ ਤੇ ਇੱਕਸੁਰ ਹੋਇਆ ਮਨੁੱਖ ਹੀ ਕੁਦਰਤ ਨਾਲ ਇੱਕਸੁਰ ਹੋ ਸਕਦਾ ਹੈ। ਇਹ ਉਚੇਰੀ ਇੱਕਸੁਰਤਾ ਦੀ ਸਹਿਜ ਅਵਸਥਾ ਹੀ ਮੀਰੀ ਪੀਰੀ ਦਾ ਕੇਂਦਰੀ ਬਿੰਦੂ ਹੈ

ਗੁਰੂ ਸਾਹਿਬਾਂ ਨੇ ਕਾਦਰ ਦੀ ਕੁਦਰਤ ਨਾਲ ਇੱਕਸੁਰ ਹੋ ਕੇ ਕਾਦਰ ਵਿੱਚ ਲੀਨ ਹੋਣ ਦੇ ਜਿਹੜੇ ਨਿਯਮ ਤੇ ਸਿਧਾਂਤ ਸੰਸਾਰ ਸਾਹਮਣੇ ਰੱਖੇ, ਗੁਰੂ ਸਾਹਿਬਾਂ ਨੇ ਪਹਿਲਾਂ ਆਪ ਉਹਨਾਂ ਤੇ ਤੁਰਕੇ ਦਿਖਾਇਆ, ਫੇਰ ਆਪਣੇ ਸਿੱਖਾਂ ਨੂੰ ਉਹਨਾਂ ਤੇ ਤੁਰਨ ਲਈ ਆਖਿਆ। ਮੀਰੀ ਤੇ ਪੀਰੀ ਦਾ ਸਿਧਾਂਤ, ਸੰਤੁਲਨ ਕਾਇਮ ਕਰਕੇ ਮਨੁੱਖ ਨੂੰ ਕਾਦਰ ਦੀ ਕੁਦਰਤ ਨਾਲ ਜੋੜਦਾ ਹੈ।

ਕਾਦਰ ਦੀ ਕੁਦਰਤ ਨਾਲ ਮਨੁੱਖ ਦੀ ਇੱਕ-ਸੁਰਤਾ ਅਤੇ ਇਕ-ਸਾਰਤਾ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਮਨੁੱਖ ਆਤਮਿਕ ਅਤੇ ਸਰੀਰਕ ਤੌਰ ਤੇ ਇੱਕੋ ਜਿਹਾ ਵਿਕਾਸ ਕਰੇ। ਇਹਨਾਂ ਵਿੱਚ ਸਮਤੋਲ ਰਹਿਣਾ ਜਰੂਰੀ ਹੈ। ਜਦੋਂ ਵੀ ਮਨੁੱਖ ਦਾ ਕਿਸੇ ਇੱਕ ਗੁਣ ਵੱਲ ਬਹੁਤਾ ਉਲਾਰ ਹੋ ਜਾਂਦਾ ਹੈ ਤਾਂ ਉਤਨਾ ਹੀ ਵੱਧ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ। ਜਦੋਂ ਵੀ ਮਨੁੱਖ ਅੰਦਰ ਕੇਵਲ (ਸਰੀਰਕ) ਸੂਰਮਤਾਈ ਦੇ ਗੁਣ ਦਾ ਵਿਕਾਸ ਹੋਇਆ ਤਾਂ ਅੰਤ ਵਿੱਚ ਉਹ ਜ਼ਾਬਰ ਅਤੇ ਅਨਿਆਈ ਹੋ ਨਿਬੜਿਆ। ਇਸੇ ਤਰ੍ਹਾਂ ਜਿਹੜੇ ਨਿਰੇ ਭਜਨ-ਬੰਦਗ਼ੀ ਵਿੱਚ ਲੱਗ ਰਹੇ ਉਹ ਆਖਿਰ ਕਾਇਰ ਅਤੇ ਬੁਜਦਿਲ ਬਣ ਗਏ। ‘ਸੂਰਮੇਂ; ਜ਼ਾਲਮ ਤੇ ਜਾਬਰ ਬਣ ਗਏ, ਅਤੇ ‘ਭਜਨੀਕ; ਡਰਾਕਲ ਤੇ ਨਿਰਬਲ ਬਣ ਗਏ। ਪਹਿਲੀ ਵਾਰ ਗੁਰੂ ਸਾਹਿਬ ਨੇ ਕੁਦਰਤ ਦੇ ਸੂਰਮਤਾ ਅਤੇ ਕੋਮਲਤਾ ਦੇ ਨਿਯਮ ਨੂੰ ਇਕੱਠਿਆਂ ਕਰਕੇ ਇਹਨਾਂ ਦਾ ਸੰਤੁਲਨ ਕਾਇਮ ਕੀਤਾ।

ਪੀਰੀ ਦੇ ਗੁਣਾਂ ਤੋਂ ਸੱਖਣਾ ਮੀਰ ਜ਼ਾਲਮ ਤੇ ਜਾਬਰ ਬਣ ਜਾਂਦਾ ਹੈ। ਪੀਰੀ ਤੋਂ ਬਿਨਾਂ ਸਮਾਜ ਵਿੱਚ ਧੱਕੇਸ਼ਾਹੀ, ਬੇਈਮਾਨੀ, ਅਤੇ ਤਾਨਾਸ਼ਾਹੀ ਦਾ ਬੋਲਬਾਲਾ ਹੋ ਜਾਂਦਾ ਹੈ। ਇੱਕਲੀ ਮੀਰੀ ਸੰਸਾਰਕਤਾ ਅਤੇ ਸਰੀਰਕ ਆਲ ਜੰਜਾਲ ਹੈ। ਆਤਮਕਤਾ ਤੋਂ ਬਿਨਾਂ ਮੀਰੀ ਦੀ ਹੋਂਦ ਅਧੂਰੀ ਹੈ। ਮੀਰੀ ਨੂੰ ਪੀਰੀ ਦੀ ਲੋੜ ਹੈ, ਭਗਤੀ ਦੀ ਲੋੜ ਹੈ, ਅਤੇ ਸੰਤਤਾਈ ਦੀ ਲੋੜ ਹੈ। ਪੀਰ ਨੂੰ ਸ਼ਕਤੀ ਦੀ ਲੋੜ ਹੈ, ਸੰਸਾਰਕਤਾ ਦੀ ਲੋੜ ਹੈ, ਅਤੇ-ਸਿਪਾਹੀ ਪੁਣੇ ਦੀ ਲੋੜ ਹੈ। ਪੀਰੀ ਤੋਂ ਬਿਨਾਂ ਮੀਰੀ

ਖੁਦਗਰਜ਼, ਜ਼ਾਲਮ ਅਤੇ ਬੇਇਨਸਾਫ਼ ਬਣ ਜਾਂਦੀ ਹੈ। ਸ਼ਕਤੀ ਬਿਨਾਂ ਪੀਰੀ ਕਾਇਰ ਤੇ ਬੁਜਦਿਲ ਬਣ ਜਾਂਦੀ ਹੈ ਅਤੇ ਆਪਣੇ ਆਪ ਦੀ ਰੱਖਿਆ ਕਰ ਸਕਣ ਦੇ ਅਸਮਰਥ ਹੋ ਜਾਂਦੀ ਹੈ। ਮਨੁੱਖ ਨੇ ਆਪ ਜਿਉਣਾ ਹੈ ਅਤੇ ਦੂਜਿਆਂ ਨੂੰ ਜਿਉਣ ਦੇਣਾ ਹੈ। ਬਲਕਿ ਦੂਸਰਿਆਂ ਲਈ ਆਪਾ ਨਿਸ਼ਾਵਰ ਕਰਨਾ ਹੈ। ਨਿਸ਼ਕਾਮ ਭਾਵਨਾ ਨਾਲ ਸਰਬੱਤ ਦਾ ਭਲਾ ਸੋਚਣਾ, ਮੰਗਣਾ ਅਤੇ ਕਰਨਾ ਹੈ।

ਗੁਰੂ ਨਾਨਕ ਸਾਹਿਬ ਦੇ ਆਗਮਨ ਤੱਕ ਮੀਰ ਤੇ ਪੀਰ ਦੋਵੇਂ ਲੋਕਾਂ ਤੇ ਰਾਜ ਕਰਦੇ ਆਏ ਸਨ। ਮੀਰ ਤਲਵਾਰ ਦੇ ਜ਼ੋਰ ਨਾਲ ਤੇ ਪੀਰ ਸ਼ਾਸਤਰ ਦੀ ਸ਼ਕਤੀ ਨਾਲ। ਗੁਰੂ ਸਾਹਿਬ ਨੇ ਮੀਰ ਨੂੰ ਵੀ ਮਾਂਜਿਆ ਸੰਵਾਰਿਆ ਅਤੇ ਪੀਰ ਨੂੰ ਵੀ। ਤਖਤ ਤੇ ਬੈਠਣ ਵਾਲੇ ਮੀਰ ਲਈ ਵੀ ਕੁੱਝ ਨਿਯਮ ਬਣਾਏ “ਸਰਬੱਤ ਦੀ ਸੇਵਾ ਕਰਨੀ, ਸਰਬੱਤ ਦੀ ਰਾਖੀ ਕਰਨੀ, ਸਰਬੱਤ ਦਾ ਭਲਾ ਮੰਗਣਾ। ਮੀਰੀ ਅਤੇ ਪੀਰੀ ਨੂੰ ਇਕੱਠਿਆਂ ਕਰਕੇ ਮਨੁੱਖ ਨੂੰ ਮੀਰ ਤੇ ਪੀਰ ਹੋਣਾ ਸਿਖਾਇਆ।

ਮੀਰੀ ਤੇ ਪੀਰੀ ਦਰਿਆ ਦੇ ਦੋ ਕੰਢਿਆਂ ਸਮਾਨ ਹਨ, ਜਿਨ੍ਹਾਂ ਵਿਚਕਾਰ ਜੀਵਨ ਰੌਂ ਨੇ ਵਹਿਣਾ ਹੈ। ਜੀਵਨ ਰੌਂ ਦਾ ਵੇਗ ਨਿਰੰਤਰ ਚੱਲਦਾ ਤਦ ਹੀ ਰੱਖਿਆ ਜਾ ਸਕਦਾ ਹੈ ਜੇ ਕੰਢਿਆਂ ਵਿਚਕਾਰ ਏਕਤਾ ਵੀ ਹੋਵੇ ਅਤੇ ਭਿੰਨਤਾ ਅਰਥਾਤ ਦੂਰੀ ਵੀ। ਦੂਰੀ ਵਧ ਜਾਣ ਨਾਲ ਜੀਵਨ ਰੌਂ ਦੇ ਖਿੰਡ ਜਾਣ ਦਾ ਡਰ ਹੈ ਅਤੇ ਦੋ ਕੰਢਿਆਂ ਵਿਚਕਾਰ ਦੂਰੀ ਨਾ ਰਹਿਣ ਨਾਲ ਭਾਵ ਦੋ ਕੰਢਿਆਂ ਦੇ ਇੱਕ ਹੋ ਜਾਣ ਨਾਲ ਜੀਵਨ ਰੌਂ ਦੇ ਸੁੰਗੜ ਕੇ ਦਮ ਤੋੜ ਦੇਣ ਦਾ ਡਰ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਕੇ ਇਹੋ ਨੁਕਤਾ ਸਪੱਸ਼ਟ ਕੀਤਾ ਹੈ ਕਿ ਸਿੱਖ ਧਰਮ ਵਿੱਚ ਹਲਤਮੁਖੀ ਪ੍ਰਭੁਤਾ ਅਤੇ ਪਲਤਮੁਖੀ ਪ੍ਰਭੁਤਾ ਅੱਡੋ-ਅੱਡਰੀਆਂ ਵੀ ਹਨ ਅਤੇ ਅੰਤਰ-ਸੰਬੰਧਤ ਵੀ। ਆਪ ਜੀ ਨੇ ਇਸੇ ਅਸੂਲ ਮੁਤਾਬਕ ਹਰਿਮੰਦਰ ਸਾਹਿਬ ਦੀ ‘ਪਲਤਮੁਖੀ ਪ੍ਰਭੁਤਾ’ ਤੋਂ ਅੱਡਰਾ ਪਰ ਨਾਲ ਹੀ ਸਾਹਮਣੇ ‘ਅਕਾਲ ਤਖਤ’ ਬਣਾਇਆ ਜਿਹੜਾ ਕਿ ‘ਹਲਤਮੁਖੀ ਪ੍ਰਭੁਤਾ’ (Temporal power) ਦਾ ਰਾਸ਼ਟਰ ਭਵਨ ਹੈ।

ਰੁਹਾਨੀ ਸ਼ਕਤੀ ਦਾ ਪ੍ਰਤੀਕ ਹਰਿਮੰਦਰ ਸਾਹਿਬ ਅਤੇ ਸੰਸਾਰਕ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਦੋਵੇਂ ਆਹਮੋ ਸਾਹਮਣੇ ਹਨ। ਆਤਮਿਕ ਬੰਧਨਾਂ ਦੇ ਮੁਕਤੀ ਦਾਤਾ ਹਰਿਮੰਦਰ ਸਾਹਿਬ ਹਨ ਅਤੇ ਸੰਸਾਰਕ ਬੰਧਨਾ ਦੇ ਮੁਕਤੀ ਦਾਤਾ ਅਕਾਲ ਤਖਤ ਸਾਹਿਬ। ਇੱਕ ਆਤਮਕ ਤੌਰ ਤੇ ਬਲਵਾਨ ਕਰਕੇ ਕਾਦਰ ਨਾਲ ਜੋੜਦਾ ਹੈ ਅਤੇ ਦੂਜਾ ਸਰੀਰਕ ਤੌਰ ਤੇ ਬਲਵਾਨ ਕਰਕੇ ਕਾਦਰ ਦੀ ਭੂਮ-ਰੰਗਾਵਲੀ ਨਾਲ ਜੋੜਦਾ ਹੈ। ਦੋਹਾਂ ਦਾ ਮੂਲ ਆਧਾਰ ਸਰਬੱਤ ਦੀ ਸੇਵਾ ਕਰਨੀ ਹੈ। ਅਕਾਲ ਤਖਤ ਸਾਹਿਬ ਪਿੱਛੇ ਭਗਤੀ ਅਤੇ ਸ਼ਕਤੀ ਦੇ ਸੰਤੁਲਨ ਦਾ ਮਹਾਨ ਫ਼ਲਸਫ਼ਾ ਹੈਸਿਮਰਨ ਅਤੇ ਸੇਵਾ ਦਾ ਫ਼ਲਸਫ਼ਾ ਹੈ। ਇਹ ਖੇਤ ਦੁਆਲੇ ਵਾੜ ਦਾ ਫ਼ਲਸਫ਼ਾ ਹੈ

ਖੇਤ ਤੇ ਬਾਗ ਨੂੰ ਪਸ਼ੂਆਂ ਤੇ ਜਾਨਵਰਾਂ ਦੇ ਉਜਾੜੇ ਤੋਂ ਬਚਾਉਣ ਲਈ ਜਿਵੇਂ ਵਾੜ ਦੀ ਜਰੂਰਤ ਪੈਂਦੀ ਹੈ, ਉਵੇਂ ਜ਼ੁਲਮ ਅਤੇ ਪਾਪ ਕਰਨ ਵਾਲੇ ਜ਼ਾਬਰ ਦੁਸ਼ਟਾਂ ਤੋਂ ਮਨੁੱਖੀ ਸਮਾਜ ਨੂੰ ਬਚਾਉਣਾ ਪੈਂਦਾ ਹੈ।

“ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ ਪਾਸ ਜਿਉਂ ਬਾਗੈ॥ ਸਪ ਲਪੇਟੇ ਚੰਨਣੈ, ਬੂਹੇ ਜੰਦਰਾ, ਕੁਤਾ ਜਾਗੈ॥ (ਵਾਰ ਭਾਈ ਗੁਰਦਾਸ ਜੀ, 26- ਪ 25)।

ਭਗਤੀ ਅਤੇ ਸ਼ਕਤੀ ਦੋਹਾਂ ਦਾ ਨਿਸ਼ਾਨਾ ਇਨਸਾਫ ਪਸੰਦ ਸਮਾਜ ਕਾਇਮ ਕਰਨਾ ਹੈ। ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ਪਰ ਬਰਾਬਰੀ ਨਹੀਂ। ਭਗਤੀ ਪਹਿਲਾਂ ਹੈ ਅਤੇ ਸ਼ਕਤੀ ਮਗ਼ਰੋਂ। ਭਗਤੀ ਨੂੰ ਪ੍ਰਾਥਮਕਤਾ, ਪ੍ਰਮੁੱਖਤਾ ਅਤੇ ਉੱਚਮਤਾ ਹੈ। ਸ਼ਕਤੀ ਨੇ ਅੰਦਰਲੀ ਭਗਤੀ ਅਧੀਨ ਰਹਿਣਾ ਹੈ। ਮਨੁੱਖ ਨੇ ਪਹਿਲਾਂ ਸੰਤ ਬਣਨਾ ਹੈ ਫਿਰ ਸਿਪਾਹੀ ਬਣਨਾ ਹੈ। ਸ਼ਕਤੀ ਹੱਥ ਵਿੱਚ ਦੇਣ ਤੋਂ ਪਹਿਲਾਂ ਸਿੱਖ ਨੂੰ ਭਗਤ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰਮਤਿ ਦੇ ਫੈਸਲੇ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਅਨੁਸਾਰ ਨਾ ਕਿਸੇ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਣਾ ਹੈ।

ਮੀਰੀ ਪੀਰੀ ਦੇ ਇਸ ਰਾਹ ਤੇ ਤੁਰਨ ਵਾਲੇ ਨੇ ਆਪਾ ਵਿਗਸਤ ਕਰਨਾ ਹੈ, ਪਰ ਦੂਜਿਆਂ ਲਈ ਆਪਾ ਨਿਸ਼ਾਵਰ ਕਰ ਦੇਣਾ ਇਸ ਦੀ ਮੰਜ਼ਲ ਹੈ। ਇਸ ਮਾਰਗ ਦੇ ਰਾਹੀ ਬਣਨ ਤੋਂ ਪਹਿਲਾਂ “ਸਿਰੁ ਧਰਿ ਤਲੀ ਗਲੀ ਮੇਰੀ ਆਉ” ਅਤੇ “ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ” ਦੇ ਆਦੇਸ਼ਾਂ ਦੀ ਸ਼ਰਤ ਕਬੂਲਣੀ ਪੈਂਦੀ ਹੈ।

ਸੰਸਾਰ ਦੇ ਮੀਰ ਦੂਜਿਆਂ ਦਾ ਰਾਜ ਭਾਗ, ਧਨ-ਦੌਲਤ, ਅਤੇ ਜ਼ਰ-ਜਮੀਨ ਆਦਿਕ ਖੋਹਣ ਲਈ ਆਪਣੀ ਸ਼ਕਤੀ ਵਰਤਦੇ ਰਹੇ ਹਨ। ਪਰ ਗੁਰੂ ਦੇ ਸਿੱਖਾਂ ਨੇ ਹਮੇਸ਼ਾਂ ਮੀਰੀ ਦੀ ਤਲਵਾਰ ਨੂੰ ਪੀਰੀ ਦੇ ਚਾਨਣ ਵਿੱਚ ਹੀ ਵਰਤਿਆ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਪਹਿਲਾਂ ਸੰਤ, ਪੀਰ ਬਣਨਾ ਸਿਖਾਇਆ ਹੈ ਫੇਰ ਇਸ ਦੇ ਹੱਥ ਵਿੱਚ ਤਲਵਾਰ ਫੜਾਈ। ਗੁਰੂ ਸਾਹਿਬ ਨੇ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿੱਚ ਬਦਲ ਕੇ ਮਨੁੱਖਤਾ ਨੂੰ ਇੱਕ ਨਵੀਂ ਸੇਧ ਦਿੱਤੀ। ਤਲਵਾਰ ਨੂੰ ਕਿਸੇ ਤੇ ਜ਼ੁਲਮ ਕਰਨ ਲਈ ਜਾਂ ਕਿਸੇ ਦਾ ਹੱਕ ਖੋਹਣ ਲਈ ਨਹੀਂ ਸਗੋਂ ਜ਼ਾਲਮ ਅਤੇ ਜਰਵਾਣੇ ਦੇ ਜ਼ੁਲਮ ਨੂੰ ਰੋਕਣ ਲਈ, ਜਰਵਾਣੇ ਦੇ ਹਮਲੇ ਤੋਂ ਬਚਾਓ ਲਈ ਅਤੇ ਮਜ਼ਲੂਮਾਂ ਦਾ ਹੱਕ ਬਹਾਲ ਕਰਨ ਲਈ ਵਰਤਣ ਦਾ ਵਿਧਾਨ ਬਣਾਇਆ।

ਸਾਰੇ ਗੁਰੂ ਸਾਹਿਬਾਨ ਆਪ ਭਗਤੀ ਅਤੇ ਸ਼ਕਤੀ ਦੇ ਨ ਕੇਵਲ ਧਾਰਨੀ ਸਨ ਸਗੋਂ ਸਹਜ ਅਵਸਥਾ ਦੀ ਸਾਕਾਰ ਮੂਰਤ ਵੀ ਸਨ। ਸਭ ਸਤਿਗੁਰਾਂ ਨੇ ਰਾਜ ਜੋਗ ਕਮਾ ਕੇ ਵਿਖਾਇਆ। “ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜ ਜੋਗ ਜਿਨਿ ਮਾਣਿਓ॥ (ਸਵਈਏ ਮਹਲੇ ਪਹਿਲੇ ਕੇ ਪ- 1389)।

(ਇਸ ਵਿਚਾਰ ਨੂੰ ਵਿਸਥਾਰ ਨਾਲ ਪੜ੍ਹਨ ਲਈ ‘ਸਿੱਖ ਮਿਸ਼ਨਰੀ ਕਾਲਜ ਲੁਧਿਆਣਾ’ ਦਾ “ਮੀਰੀ ਤੇ ਪੀਰੀ” ਟਰੈਕਟ # 198 ਪੜ੍ਹਿਆ ਜਾ ਸਕਦਾ ਹੈ)।

ਅਕਾਲ ਤਖਤ ਦੀ ਅਜੋਕੀ ਵਿਵਸਥਾ ਨੇ ਗੁਰੂ ਸਾਹਿਬਾਂ ਦੁਆਰਾ ਦਰਸਾਏ ਗਏ ‘ਮੀਰੀ ਪੀਰੀ’ ਦੇ ਸੰਕਲਪ ਨੂੰ ਇਸ ਕਦਰ ਢਾਹ ਲਗਾਈ ਹੈ ਕਿ ਕਈ ਅਜੋਕੇ ਵਿਦਵਾਨ ਅਕਾਲ ਤਖਤ ਦਾ ਨਾਮ ਵੀ ਸੁਣਨਾ ਪਸੰਦ ਨਹੀਂ ਕਰਦੇ। ਉਨ੍ਹਾਂਦੀ ਇਸ ਤਰ੍ਹਾਂ ਦੀ ਸੋਚ ਅਤੇ ਰਵਈਏ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ। ਇਹ ਸਾਰਾ ਦੋਸ਼ ਅਜੋਕੀ ਅਕਾਲ ਤਖਤ ਵਿਵਸਥਾ ਦਾ ਹੈ। ਅਕਾਲ ਤਖਤ ਦੀ ਅਜੋਕੀ ਵਿਗੜੀ ਵਿਵਸਥਾ ਦੇ ਕਾਰਣ ਇਹ ਵਿਦਵਾਨ ਅਕਾਲ ਤਖਤ/ ‘ਮੀਰੀ … ‘ਦੇ ਸੰਕਲਪ ਨੂੰ “ਅੱਕ ਦਾ ਬੂਟਾ” ਦੱਸਦੇ ਹੋਏ ਇਸ ਤੋਂ ਅੰਬਾਂ ਦੀ ਆਸ ਨਾ ਰੱਖਣ ਦੀ ਗੱਲ ਕਰਨ ਲੱਗ ਪਏ ਹਨ। ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬੁਨਿਆਦੀ ਤੌਰ ਤੇ ਮੀਰੀ ਪੀਰੀ/ ਅਕਾਲ ਤਖਤ ਦਾ ਸੰਕਲਪ “ਅੱਕ ਦਾ ਪੌਦਾ” ਨਹੀਂ ਇਹ ਸਿੱਖੀ ਦੀ ਨੁਹਾਰ ਨੂੰ ਸਵਾਰਨ ਅਤੇ ਸਜਾਉਣ ਦਾ ਪ੍ਰੇਰਣਾ ਦਾਇਕ ਅਤੇ ਸੰਸਾਰਕ ਮਸਲਿਆਂ ਬਾਰੇ ਸੇਧ ਦੇਣ ਦਾ ਕੇਂਦਰ ਹੈ। ਅੱਜ ਜੇ ਵਕਤ ਦੀ ਮਾਰ ਕਾਰਣ ਸਿਆਸਤ ਦੀ ਕੌੜੀ ਵੇਲ ਨੇ ਇਸ ਤੇ ਆਪਣਾ ਘਰ ਪਾ ਕੇ ਇਸ ਦੀ ਅਸਲੀਅਤ ਨੂੰ ਢਕ ਲਿਆ ਹੈ ਅਤੇ ਇਸ ਨੂੰ ਕੌੜੇ ਫ਼ਲ ਲੱਗ ਰਹੇ ਹਨ ਤਾਂ ਇਸ ਕੌੜੀ ਵੇਲ ਤੋਂ ਛੁਟਕਾਰਾ ਪਾਉਣ ਬਾਰੇ ਸੋਚਣ ਦੀ ਜਰੂਰਤ ਹੈ। ਮੀਰੀ …/ਅਕਾਲ ਤਖਤ ਤੋਂ ਛੁਟਕਾਰਾ ਪਾਉਣ ਦੀ ਨਹੀਂ। ਅੱਜ ਗੁਰੂ ਸਾਹਿਬ ਸਰੀਰਕ ਤੌਰ ਤੇ ਸੰਸਾਰ ਤੇ ਮੌਜੂਦ ਨਹੀਂ ਹਨ। ਪਰ ਸਿੱਖਾਂ ਦੀਆਂ ਸੰਸਾਰਕ ਸਮੱਸਿਆਵਾਂ ਅਤੇ ਮਸਲੇ ਉਸੇ ਤਰ੍ਹਾਂ ਹੀ ਮੌਜੂਦ ਹਨ। ਅੱਜ ਸਾਡੇ ਕੋਲ ਗੁਰੂ ਸਾਹਿਬਾਂ ਦਾ ਫਲਸਫਾ ਵੀ ਮੌਜੂਦ ਹੈ ਅਤੇ ਸਾਂਝੀ ਸੇਧ ਦੇਣ ਦਾ ਕੇਂਦਰ ਅਕਾਲ ਤਖਤ ਵੀ। ਜਰੂਰਤ ਹੈ ਗੁਰੂ ਸਾਹਿਬਾਂ ਦੇ ਫਲਸਫੇ ਨੂੰ ਸਹੀ ਢੰਗ ਨਾਲ ਪ੍ਰਚਾਰਨ ਦੀ ਅਤੇ ਸਿੱਖਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਇੱਕ ਥਾਂ (ਅਕਾਲ ਤਖਤ) ਤੇ ਇਕੱਠੇ ਹੋ ਕੇ ਵਿਚਾਰਾਂ ਕਰਕੇ, ਫੈਸਲੇ ਲਾਗੂ ਕਰਨ ਦੀ। ਇਹ ਕਿਸ ਤਰ੍ਹਾਂ ਹੋਵੇ ਇਸ ਦੇ ਉਪਾਉ ਬਾਰੇ ਸੋਚਣ ਦੀ ਜਰੂਰਤ ਹੈ। ਵੰਡੀਆਂ ਪਾ ਕੇ ਵਿਰੋਧੀਆਂ (ਜਿਹੜੇ ਪਹਿਲਾਂ ਹੀ ਆਕਾਲ ਤਖਤ ਢਇਆ ਹੋਇਆ ਦੇਖਣਾ ਲੋਚਦੇ ਹਨ) ਦੇ ਹੱਥ ਮਜਬੂਤ ਕਰਨ ਦੀ ਅਤੇ ਉਨ੍ਹਾਂ ਦਾ ਕੰਮ ਹੋਰ ਵੀ ਸੌਖਾ ਕਰਨ ਦੀ ਨਹੀਂ। ਯਾਦ ਰਹੇ ਕਿ ਖਰਾਬੀ ਅਕਾਲ ਤਖਤ ਦੇ ਸੰਕਲਪ ਵਿੱਚ ਨਹੀਂ ਇਸ ਦੀ ਅਜੋਕੀ ਵਿਵਸਥਾ ਵਿੱਚ ਹੈ। ਸੋ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਜਰੂਰਤ ਹੈ।

ਜਸਬੀਰ ਸਿੰਘ (ਕੈਲਗਰੀ)




.