.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 30)

ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਜਪੁ ਜੀ ਦੀ ੨੯ਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥ ਅਰਥ:- (ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿੱਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)
ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੨੯॥ (ਪੰਨਾ ੭) ਅਰਥ:- (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ। ੨੯।
ਭਾਵ:- ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿੱਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿੱਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆਂ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ)। ੨੯।
ਪਰੰਤੂ ਇਸ ਪੁਸਤਕ ਦਾ ਕਰਤਾ ਇਸ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਦਾ ਮਹਾਤਮ ਇਉਂ ਲਿਖਦਾ ਹੈ, “ਇਸ ਪਉੜੀ ਦਾ ਪਾਠ ਵੀਰਵਾਰ ਤੋਂ ਲੈ ਕੇ ਚੌਦਾਂ ਦਿਨਾਂ ਵਿੱਚ ਸੱਤ ਹਜ਼ਾਰ ਪ੍ਰਾਤਹਕਾਲ ਕਰਨਾ, ਸਰਬੱਤ ਰੋਗ ਦੂਰ ਹੋਵਣ। ਜੇਕਰ ਬੁਧਵਾਰ ਸਾਯੰਕਾਲ ਤੋਂ ਜਪੇ ਤਾਂ ਵੈਰੀ ਦਾ ਨੁਕਸਾਨ ਹੋਵੇ।”
ਗੁਰਦੇਵ ਇਸ ਪਉੜੀ ਦੁਆਰਾ ਜੀਵਨ ਦਾ ਜੋ ਸੱਚ ਪ੍ਰਗਟ ਕਰ ਰਹੇ ਹਨ, ਲੇਖਕ ਉਸ ਤੋਂ ਭਿੰਨ ਹੀ ਨਹੀਂ ਸਗੋਂ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਹੀ ਉਲਟ ਮਹਾਤਮ ਲਿਖ ਰਿਹਾ ਹੈ। ਗੁਰਬਾਣੀ ਨੂੰ ਇਸ ਲਈ ਪੜ੍ਹਨਾ ਸੁਣਨਾ ਹੈ ਤਾਂ ਕਿ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝਿਆ ਜਾ ਸਕੇ। ਪਰ ਪੁਸਤਕ ਕਰਤਾ ਗੁਰਬਾਣੀ ਵਿਚਲੀ ਜੀਵਨ-ਜੁਗਤ ਦੀ ਗੱਲ ਤਾਂ ਕਰ ਹੀ ਨਹੀਂ ਰਿਹਾ ਹੈ। ਪੁਸਤਕ ਕਰਤਾ ਗੁਰਬਾਣੀ ਨੂੰ ਕੇਵਲ ਮੰਤਰ ਵਾਂਗ ਖ਼ਾਸ ਵਿਧੀ ਨਾਲ ਪੜ੍ਹ ਕੇ ਮਨ-ਇੱਛਤ ਫਲ ਹਾਸਲ ਕਰਨਾ ਉੱਤੇ ਹੀ ਜ਼ੋਰ ਦੇ ਰਿਹਾ ਹੈ। ਇਸ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਦਾ ਜੋ ਮਹਾਤਮ ਲੇਖਕ ਨੇ ਲਿਖਿਆ ਹੈ, ਇਸ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਦੇਖਣ ਦਾ ਜਤਨ ਕਰਦੇ ਹਾਂ।
ਲੇਖਕ ਲਿਖਦਾ ਹੈ ਕਿ ਇਸ ਪਉੜੀ ਦੇ ਚੌਦਾਂ ਦਿਨਾਂ ਵਿੱਚ ਸੱਤ ਹਜ਼ਾਰ ਪ੍ਰਾਤਹਕਾਲ ਪਾਠ ਕਰਨ ਨਾਲ ਸਰਬੱਤ ਰੋਗ ਦੂਰ ਹੋ ਜਾਣਗੇ। ਲੇਖਕ ਇਸ ਤੋਂ ਪਹਿਲਾਂ ਜਪੁ ਜੀ ਦੀਆਂ ਭਿੰਨ ਭਿੰਨ ਪਉੜੀਆਂ ਦੇ ਮਹਾਤਮ ਦੀ ਚਰਚਾ ਕਰਦਾ ਹੋਇਆ ਕਿਸੇ ਬਾਰੇ ਲਿਖਦਾ ਹੈ ਕਿ ਇਸ ਦਾ ਪਾਠ ਕਰਨ ਨਾਲ ਤਾਪ ਅਤੇ ਅਖਾਂ ਦਾ ਹਨ੍ਹੇਰਾ ਦੂਰ ਹੁੰਦਾ ਹੈ, ਕਿਸੇ ਬਾਰੇ ਲਿਖਦਾ ਹੈ ਕਿ ਪੇਸ਼ਾਬ, ਗੁਦਾ ਅਤੇ ਅਧਰੰਗ ਦਾ ਰੋਗ ਦੂਰ ਹੁੰਦਾ ਹੈ, ਕਿਸੇ ਦੇ ਸਬੰਧ ਵਿੱਚ ਲਿਖਦਾ ਹੈ ਕਿ ਮਿਰਗੀ ਦੀ ਬੀਮਾਰੀ ਦੂਰ ਹੁੰਦੀ ਹੈ ਅਤੇ ਕਿਸੇ ਬਾਰੇ ਲਿਖਦਾ ਹੈ ਕਿ ਇਸ ਦਾ ਪਾਠ ਕਰਨ ਨਾਲ ਸੰਗ੍ਰਹਿਣੀ ਰੋਗ ਮਿਟਦਾ ਹੈ। ਪਰ ਇਸ ਪਉੜੀ ਬਾਰੇ ਲੇਖਕ ਸਰਬੱਤ ਰੋਗ ਦੂਰ ਹੋਣ ਦਾ ਮਹਾਤਮ ਲਿਖ ਰਿਹਾ ਹੈ। ਜੇਕਰ ਇੱਕ ਪਉੜੀ ਦਾ ਚੌਦਾਂ ਦਿਨ ਸੱਤ ਹਜ਼ਾਰ ਪਾਠ ਕਰਨ ਨਾਲ ਸਰਬੱਤ ਰੋਗ ਦੂਰ ਹੋ ਜਾਂਦੇ ਹੋਣ ਤਾਂ ਫਿਰ ਜਪੁ ਜੀ ਦੀਆਂ ਦੂਜੀਆਂ ਪਉੜੀਆਂ ਨੂੰ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਹੈ। ਪੁਸਤਕ ਕਰਤਾ ਇਸ ਤਰ੍ਹਾਂ ਦੀ ਲਿਖਤ ਰਾਂਹੀਂ ਜਪੁ ਜੀ ਦੀਆਂ ਪਉੜੀਆਂ ਵਿੱਚ ਭਿੰਨ ਭੇਦ ਅਤੇ ਭੁਲੇਖਾ ਪੈਦਾ ਕਰ ਰਿਹਾ ਹੈ।
ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਸਮਝਣਾ ਚਾਹੀਏ ਕਿ ਸਰਬੱਤ ਰੋਗ ਕਿਵੇਂ ਦੂਰ ਹੁੰਦੇ ਹਨ, ਤਾਂ ਹਜ਼ੂਰ ਦਾ ਉੱਤਰ ਹੈ:-
ਸਰਬ ਰੋਗ ਕਾ ਅਉਖਦੁ ਨਾਮੁ॥ (ਪੰਨਾ ੨੭੪) ਅਰਥ: ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ।
ਇਹ ਨਾਮ ਰੂਪੀ ਦਵਾਈ ਕੇਵਲ ਪੜ੍ਹਨ ਜਾਂ ਸੁਨਣ ਨਾਲ ਹੀ ਰੋਗ ਨਹੀਂ ਮਿਟਦੇ। ਇਸ ਦਵਾਈ ਨੂੰ ਖਾਣ ਨਾਲ ਰੋਗ ਮਿਟਦੇ ਹਨ। ਇਸ ਦਵਾਈ ਨੂੰ ਖਾਣ ਤੋਂ ਭਾਵ ਹੈ ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣ ਨਾਲ:
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ॥ (ਪੰਨਾ ੬੫੧) ਅਰਥ:-ਹਰੀ ਦਾ ਭਜਨ ਕਰ ਕੇ ਤੇ (ਭਜਨ-ਰੂਪ) ਦਵਾਈ ਖਾਧਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।
ਇਹ ਦਵਾਈ ਸਾਰੇ ਆਤਮਕ ਰੋਗ ਦੂਰ ਕਰਨ ਦੇ ਸਮਰੱਥ ਹੈ। ਧਿਆਨ ਰਹੇ ਗੁਰਬਾਣੀ ਵਿੱਚ ਆਤਮਕ ਰੋਗਾਂ ਨੂੰ ਹੀ ਭਿਆਨਕ ਰੋਗ ਕਿਹਾ ਹੈ। ਗੁਰਬਾਣੀ ਹਰੇਕ ਆਤਮਕ ਰੋਗ ਨੂੰ ਮਿਟਾਉਣ ਦੇ ਸਮਰੱਥ ਹੈ। ਕੋਈ ਵੀ ਪ੍ਰਾਣੀ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਗੁਜ਼ਾਰ ਕੇ, ਇਨ੍ਹਾਂ ਰੋਗਾਂ ਤੋਂ ਆਪਣਾ ਖਹਿੜਾ ਛੁਡਾ ਕੇ ਆਤਮਕ ਆਰੋਗਤਾ ਨੂੰ ਮਾਣ ਸਕਦਾ ਹੈ। ਇਸ ਲਈ ਹੀ ਬਾਣੀ ਵਿੱਚ ਵਾਰ ਵਾਰ ਇਹ ਪ੍ਰੇਰਨਾ ਕੀਤੀ ਗਈ ਹੈ:-
ਲਲਾ ਲਾਵਉ ਅਉਖਧ ਜਾਹੂ॥ ਦੂਖ ਦਰਦ ਤਿਹ ਮਿਟਹਿ ਖਿਨਾਹੂ॥ ਨਾਮ ਅਉਖਧੁ ਜਿਹ ਰਿਦੈ ਹਿਤਾਵੈ॥ ਤਾਹਿ ਰੋਗੁ ਸੁਪਨੈ ਨਹੀ ਆਵੈ॥ ਹਰਿ ਅਉਖਧੁ ਸਭ ਘਟ ਹੈ ਭਾਈ॥ ਗੁਰ ਪੂਰੇ ਬਿਨੁ ਬਿਧਿ ਨ ਬਨਾਈ॥ ਗੁਰਿ ਪੂਰੈ ਸੰਜਮੁ ਕਰਿ ਦੀਆ॥ ਨਾਨਕ ਤਉ ਫਿਰਿ ਦੂਖ ਨ ਥੀਆ॥ (ਪੰਨਾ ੨੫੯)
ਅਰਥ: ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ, ਇੱਕ ਖਿਨ ਵਿੱਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ। ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿੱਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ, ਸੁਪਨੇ ਵਿੱਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।
ਹੇ ਭਾਈ! ਹਰੀ-ਨਾਮ ਰੂਪੀ ਦਵਾਈ ਹਰੇਕ ਹਿਰਦੇ ਵਿੱਚ ਮੌਜੂਦ ਹੈ, ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ। ਹੇ ਨਾਨਕ! ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ) ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ।
ਜਿੱਥੋਂ ਤੱਕ ਪੁਸਤਕ ਕਰਤੇ ਦਾ ਇਸ ਪਉੜੀ ਬਾਰੇ ਇਹ ਲਿਖਣਾ ਹੈ ਕਿ ਇਸ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਨਾਲ ‘ਵੈਰੀ ਦਾ ਨੁਕਸਾਨ ਹੋਵੇ’, ਲੇਖਕ ਇਸ ਗੱਲ ਦਾ ਵੇਰਵਾ ਨਹੀਂ ਦੇ ਰਿਹਾ ਹੈ ਕਿ ਵੈਰੀ ਦਾ ਕਿਹੋ ਜਿਹਾ ਨੁਕਸਾਨ ਹੋਵੇਗਾ। ਵੈਰੀ ਦਾ ਜਾਨੀ ਨੁਕਸਾਨ ਹੋਵੇਗਾ ਕਿ ਮਾਲੀ ਜਾਂ ਫਿਰ ਆਤਮਕ ਨੁਕਸਾਨ ਹੋਵੇਗਾ। ਗੁਰਬਾਣੀ ਦੀ ਜੀਵਨ-ਜੁਗਤ ਤਾਂ ਮਨੁੱਖ ਨੂੰ ਇਸ ਤਰ੍ਹਾਂ ਦੇ ਦੁਜੈਗੀ ਭਾਵ ਦੀ ਸੋਚ ਤੋਂ ਉਪਰ ਉਠਾਉਂਦੀ ਹੈ:-
(ੳ) ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ ੩੮੬) ਅਰਥ: ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ (ਕਦੇ ਮਨ ਵਿੱਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ।
(ਅ) ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ॥ ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ॥ (ਪੰਨਾ ੮੮੩) ਅਰਥ:-ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿੱਚ ਪ੍ਰੀਤ ਜੋੜੇ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ। ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ।)
ਗੁਰਬਾਣੀ ਨੇ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਇਹ ਫ਼ੈਸਲਾ ਸੁਣਾਇਆ ਹੈ ਕਿ:-
ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥ (ਪੰਨਾ ੨੭੮) ਅਰਥ: ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ, ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।
ਸੋ, ਗੱਲ ਕੀ, ਗੁਰਬਾਣੀ ਤਾਂ ਮਨੁੱਖ ਨੂੰ ਇਹ ਦ੍ਰਿੜ ਕਰਾਉਂਦੀ ਹੈ ਕਿ:-
(ੳ) ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾੑ॥ ਇਹੁ ਸੁਖੁ ਨਾਨਕ ਅਨਦਿਨੁ ਚੀਨਾੑ॥ (ਪੰਨਾ ੩੮੬) ਅਰਥ: ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ (ਉਹ ਨਾਮ ਰੂਪੀ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ।
(ਅ) ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ ੧੩੮੧-੮੨) ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿੱਚ ਨਾਹ ਆਉਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ।
ਭਾਈ ਗੁਰਦਾਸ ਗੁਰਸਿੱਖੀ ਦੀ ਇਸ ਰਹਿਣੀ ਦਾ ਵਰਣਨ ਕਰਦਿਆਂ ਲਿਖਦੇ ਹਨ:-
(ੳ) ਬੁਰੇ ਕਰਨ ਬੁਰਿਆਈਆ ਭਲਿਆਈ ਭਲਿਆ॥ ਅਵਗੁਣ ਕੀਤੇ ਗੁਣ ਕਰਨ ਜਗ ਸਾਧੁ ਵਿਰਲਿਆ॥ (ਵਾਰ ੯, ਪਉੜੀ ੨੧) ਅਰਥ:-ਬੁਰੇ ਬੁਰਿਆਈ ਹੀ ਕਰਦੇ ਹਨ, ਭਲੇ ਭਲਿਆਈ ਹੀ ਕਰਦੇ ਹਨ। ਜੋ ਲੋਕ ਅਵਗੁਣ ਕੀਤਿਆਂ ਭੀ ਗੁਣ ਹੀ ਕਰਦੇ ਹਨ, ਅਜਿਹੇ ਸਾਧੂ ਜਗਤ ਵਿਖੇ ਵਿਰਲੇ ਹਨ।
(ਅ) ਗੁਣ ਕੀਤੇ ਗੁਣ ਕਰੇ ਜਗ ਅਵਗੁਣ ਕੀਤੇ ਗੁਣ ਗੁਰੁ ਭਾਏ॥ ਪਰਉਪਕਾਰੀ ਜਗ ਵਿੱਚ ਆਏ॥ (ਵਾਰ ੨੮, ਪਉੜੀ ੧੧) ਅਰਥ:- ਗੁਣ ਕੀਤਿਆਂ ਤਾਂ ਹਰ ਕੋਈ ਸੰਸਾਰ ਵਿੱਚ ਉਪਕਾਰ ਕਰਦਾ ਹੈ, ਪਰ ਅਵਗੁਣ ਕਰਨ ਵਾਲਿਆਂ `ਤੇ ਗੁਣ ਕਰਨਾ ਇੱਕ ਗੁਰੂ ਨੂੰ ਹੀ ਭਾਉਂਦਾ ਹੈ। ਪਰਉਪਕਾਰੀ ਗੁਰੂ ਹੀ ਜਗਤ ਵਿਖੇ ਆਏ ਹਨ।
ਗੁਰਬਾਣੀ ਵਿੱਚ ਜਿੱਥੇ ਦੁਸ਼ਮਨ ਨੂੰ ਮਾਰਨ ਆਦਿ ਦੀ ਗੱਲ ਆਈ ਹੈ, ਉੱਥੇ ਬਾਹਰਲੇ ਦੁਸ਼ਮਨਾਂ ਨੂੰ ਮਾਰਨ ਦੀ ਨਹੀਂ ਸਗੋਂ ਅੰਦਰਲੇ ਦੁਸ਼ਮਨਾਂ ਨੂੰ ਮਾਰਨ ਦੀ ਗੱਲ ਕੀਤੀ ਗਈ ਹੈ। ਉਦਾਹਰਣ ਵਜੋਂ ਨਿਮਨ ਲਿਖਤ ਫ਼ਰਮਾਨ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
ਗੁਰਿ ਪੂਰੈ ਪੂਰੀ ਕੀਤੀ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ॥ (ਪੰਨਾ ੬੩੦) ਅਰਥ:-ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਉਸ ਦੇ ਕਾਮਾਦਿਕ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ ਹੈ।
ਖ਼ਾਲਸਾ ਪੰਥ ਨੇ ਇਨ੍ਹਾਂ ਤਾਂਤ੍ਰਿਕ ਵਿਧੀਆਂ ਦੀ ਓਦੋਂ ਵੀ ਵਰਤੋਂ ਨਹੀਂ ਕੀਤੀ ਜਦੋਂ ਸਮੇਂ ਦੀਆਂ ਹਕੂਮਤਾਂ ਖ਼ਾਲਸਾ ਪੰਥ ਦਾ ਖੁਰਾ-ਖੋਜ ਮਿਟਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਸਨ। ਸੋ, ਸਾਨੂੰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ, ਵਿਚਾਰ ਕੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਲੋੜ ਹੈ।
ਜਸਬੀਰ ਸਿੰਘ ਵੈਨਕੂਵਰ




.