.

ਸਾਡੀ ਮੌਤ ਦਾ ਦਿਨ ਕਿੰਨਾਂ ਕੁ ਦੂਰ?
ਗੁਰਚਰਨ ਪੱਖੋਕਲਾਂ

ਖੁਦਾ ਜਾਂ ਕੁਦਰਤ ਵਿੱਚੋਂ ਜਦ ਮਨੁੱਖ ਉਪਜਦਾ ਹੈ ਤਦ ਹੀ ਉਸਦੀ ਮੌਤ ਵੀ ਇੱਕ ਦਿਨ ਲਈ ਨਿਸਚਿਤ ਹੋ ਜਾਂਦੀ ਹੈ ਪਰ ਮਨੁੱਖ ਸਾਰੀ ਜਿੰਦਗੀ ਇਸ ਤੋਂ ਮੂੰਹ ਲੁਕਾਉਂਦਾ ਰਹਿ ਕੇ ਜਿੰਦਗੀ ਬਰਬਾਦ ਕਰ ਬੈਠਦਾ ਹੈ। ਜਿਸ ਵੀ ਮਨੁੱਖ ਨੇ ਇਸ ਸੰਸਾਰ ਤੇ ਜਿੰਦਗੀ ਮਾਨਣੀ ਹੋਵੇ ਤਦ ਸਭ ਤੋਂ ਪਹਿਲਾਂ ਮੌਤ ਕਬੂਲਣੀ ਪੈਂਦੀ ਹੈ ਗੁਰਬਾਣੀ ਕਹਿੰਦੀ ਹੈ, ਪਹਿਲਾਂ ਮਰਣੁ ਕਬੂਲ ਕਰ ਜੀਵਨ ਕੀ ਛੱਡ ਆਸ ਹੋਇ ਸਬਨਾਂ ਕੀ ਰੇਣੁਕਾ ਤਬ ਆਉ ਹਮਾਰੈ ਪਾਸ। ਜਿਹੜਾ ਮਨੁੱਖ ਮੌਤ ਕਬੂਲ ਕਰ ਲੈਂਦਾ ਹੈ ਉਸਨੂੰ ਹੀ ਜਿੰਦਗੀ ਜਿਉਣ ਦਾ ਪਰਮ ਅਨੰਦ ਹਾਸਲ ਹੋ ਜਾਂਦਾ ਹੈ। ਸਾਡੇ ਗੁਰੂਆ ਨੇ ਕਿਹਾ ਹੈ ਜਿਸ ਮਰਨੈ ਤੇ ਜੱਗ ਡਰੈ ਮੇਰੇ ਮਨ ਅਨੰਦ ਮਰਨੈ ਤੇ ਹੀ ਪਾਈਐ ਪੂਰਨ ਪਰਮ ਅਨੰਦ। ਸੰਤ ਪੁਰਸ ਹਮੇਸਾਂ ਮੌਤ ਦੇ ਡਰ ਨੂੰ ਕਦੇ ਨਹੀਂ ਮੰਨਦੇ ਅਤੇ ਹਮੇਸਾਂ ਅਨੰਦ ਵਿੱਚ ਰਹਿੰਦਿਆਂ ਰੱਬੀ ਭਾਣੇ ਵਿੱਚ ਜਿੰਦਗੀ ਗੁਜਾਰਦੇ ਹਨ ਅਤੇ ਮੌਤ ਨੂੰ ਪਰਮ ਅਨੰਦ ਦੀ ਸੀਥਤੀ ਮੰਨਦੇ ਹਨ। ਜਿੰਦਗੀ ਹਰ ਸਮੇਂ ਸੰਘਰਸ ਵਿੱਚ ਹੀ ਬਤੀਤ ਕਰਨੀਂ ਪੈਦੀ ਹੈ ਅਤੇ ਮੌਤ ਤੋਂ ਬਾਅਦ ਸੰਘਰਸ ਖਤਮ ਹੋ ਜਾਂਦਾ ਹੈ।
ਸਾਡੀ ਧਰਤੀ ਉੱਪਰ 700 ਕਰੋੜ ਦੀ ਮਨੁੱਖੀ ਅਬਾਦੀ ਮੰਨੀ ਜਾਂਦੀ ਹੈ। ਸੰਸਾਰ ਵਿੱਚ ਰਹਿਣ ਦਾ ਸਮਾਂ ਔਸਤ ਰੂਪ ਵਿੱਚ 70 ਸਾਲ ਹੈ। ਜੇ ਕੋਈ 100 ਸਾਲ ਉਮਰ ਭੋਗਦਾ ਹੈ ਤਾਂ ਬਹੁਤ ਸਾਰੇ ਬਚਪਨ ਜਵਾਨੀ ਵਿੱਚ ਹੀ ਤੁਰ ਜਾਂਦੇ ਹਨ ਸੋ ਇਸ ਤਰਾਂ ਔਸਤ ਉਮਰ 70 ਸਾਲ ਮਾਹਿਰਾਂ ਦੇ ਕਹੇ ਅਨੁਸਾਰ ਠੀਕ ਹੀ ਹੈ। 700 ਕਰੋੜ ਦੀ ਅਬਾਦੀ ਨੇ 70 ਸਾਲਾਂ ਵਿੱਚ ਮਰ ਜਾਣਾਂ ਹੈ ਜਿਸ ਦਾ ਭਾਵ ਇੱਕ ਸਾਲ ਵਿੱਚ ਦਸ ਕਰੋੜ ਲੋਕ ਔਸਤ ਰੂਪ ਵਿੱਚ ਹਰ ਸਾਲ ਮਰ ਜਾਣਗੇ। ਦਸ ਕਰੋੜ ਦਾ ਮਤਲਬ ਸਲਾਨਾ 1000 ਲੱਖ 365 ਦਿਨਾਂ ਵਿੱਚ ਅਤੇ ਇਸ ਦਾ ਮਤਲਬ ਇੱਕ ਦਿਨ ਵਿੱਚ ਲੱਗਭਗ ਢਾਈ ਲੱਖ ਰੋਜਾਨਾ ਦੀ ਮੌਤ ਨਿਸਚਿਤ ਹੈ। ਕੁਦਰਤ ਨੇ ਆਪਣੀ ਚਾਲ ਹਮੇਸਾਂ ਚਲਦੇ ਰਹਿਣਾਂ ਹੈ। ਪੰਜਵਾ ਹਿੱਸ਼ਾ ਸੰਸਾਰ ਦੀ ਅਬਾਦੀ ਵਾਲੇ ਹਿੰਦੋਸਤਾਨ ਦੇ ਹਿੱਸੇ ਰੋਜਾਨਾ 50000 ਵਿਅਕਤੀ ਮੌਤ ਦਾ ਸਿਕਾਰ ਹੁੰਦੇ ਹਨ। ਛੇ ਲੱਖ ਪਿੰਡਾਂ ਸਹਿਰਾਂ ਵਾਲੇ ਹਿੰਦੋਸਤਾਨ ਦੇ ਹਰ ਇੱਕ ਦੇ ਹਿੱਸੇ ਬਾਰਵੇਂ ਦਿਨ ਇੱਕ ਮੌਤ ਹੋਣੀ ਨਿਸਚਿਤ ਹੈ। ਵੱਧ ਅਬਾਦੀ ਵਾਲਿਆਂ ਨਗਰਾਂ ਵਿੱਚ ਵੱਧ ਅਤੇ ਘੱਟ ਅਬਾਦੀ ਵਾਲਿਆ ਨੂੰ ਔਸਤ ਰੂਪ ਵਿੱਚ ਮੌਤਾਂ ਦੀ ਗਿਣਤੀ ਘੱਟ ਜਾਂ ਵੱਧ ਹੋ ਜਾਂਦੀ ਹੈ। ਕੁਦਰਤ ਵੱਲੋਂ ਰੋਜਾਨਾਂ ਢਾਈ ਲੱਖ ਮੌਤਾਂ ਦਾ ਪਤਾ ਵੀ ਨਹੀਂ ਚਲਦਾ ਕਿਉਕਿ ਕੁਦਰਤ ਦੀ ਦਿੱਤੀ ਮੌਤ ਦਾ ਕੋਈ ਵਿਖਾਵਾ ਜਾਂ ਖੜਾਕ ਨਹੀਂ ਹੁੰਦਾ। ਜਦ ਮਨੁੱਖੀ ਰਾਜਸੱਤਾ ਮੌਤਾਂ ਦਾ ਕਾਰਨ ਬਣੀ ਹੈ ਤਦ ਹੀ ਸੰਸਾਰ ਨੂੰ ਮੌਤ ਸੁਣਾਈ ਦਿੰਦੀ ਹੈ ਕਿਉਕਿ ਮਨੁੱਖ ਮੌਤ ਦਾ ਕਾਰਨ ਬਣਨ ਵੇਲੇ ਸਵਾਰਥ ਅਧੀਨ ਬਹੁਤ ਸਾਰਾ ਖੜਾਕ ਪੈਦਾ ਕਰਦਾ ਹੈ।
ਅਸੀਂ ਕਿੰਨੀ ਕੁ ਜਿੰਦਗੀ ਜਿਉਂ ਲਈ ਹੈ ਕਿੰਨੀ ਕੁ ਬਾਕੀ ਹੈ ਦਾ ਹਿਸਾਬ ਖੁਦ ਲਾ ਸਕਦੇ ਹਾਂ ਪਰ ਇਹ ਨਿਸਚਿਤ ਫਿਰ ਵੀ ਕੁਦਰਤ ਦੇ ਹੱਥਾਂ ਵਿੱਚ ਹੀ ਹੈ ਜੇ ਕੁਦਰਤ ਸਾਡੇ ਉੱਪਰ ਮਿਹਰਬਾਨ ਰਹੇ ਤਦ ਭਾਵੇਂ ਸੈਂਕੜਾਂ ਪੂਰਾ ਕਰ ਦੇਵੇ ਜੇ ਨਾਂ ਚਾਹੇ ਤਦ ਗੁਰੂ ਨਾਨਕ ਜੀ ਦੇ ਕਹੇ ਅਨੁਸਾਰ ਅਗਲੇ ਸਾਹ ਦਾ ਵੀ ਭਰੋਸਾ ਨਹੀਂ। ਜਦ ਜਿੰਦਗੀ ਦਾ ਰਹਿਣਾਂ ਸਾਡੇ ਹੱਥ ਹੀ ਨਹੀਂ ਫਿਰ ਝੂਠ ਦੀ ਜਿੰਦਗੀ ਕਿਉਂ? ਕਿਸੇ ਨਾਲ ਧੋਖਾ ਕਿਉਂ? ਪਰਾਏ ਹੱਕ ਖਾਣ ਦੀ ਚਾਹਤ ਕਿਉਂ? ਸਮਾਜ ਭਲਾਈ ਛੱਡਕੇ ਨਿੱਜ ਪ੍ਰਸਤੀ ਕਿਉਂ? ਇੱਕ ਰੱਬੀ ਫਕੀਰ ਨੂੰ ਇੱਕ ਸਰਧਾਲੂ ਨੇ ਪੁੱਛਿਆ ਕਿ ਫਕੀਰ ਜਦ ਤਹਾਨੂੰ ਸੋਹਣੇ ਚੇਹਰੇ ਮੱਥਾ ਟੇਕਦੇ ਹਨ ਤੁਹਾਡੇ ਮਨ ਵਿੱਚ ਬੁਰੇ ਖਿਆਲ ਨਹੀਂ ਉਠਦੇ ਤਦ ਫਕੀਰ ਨੇ ਜਵਾਬ ਦੇਣ ਦੀ ਥਾਂ ਕਿਹਾ ਕਿ ਨੌਜਵਾਨ ਤੇਰੀ ਜਿੰਦਗੀ ਦੇ ਸਿਰਫ ਸੱਤ ਦਿਨ ਹਨ ਜੋ ਮਰਜੀ ਖਾ ਪੀ ਲੈ ਅਤੇ ਦੇਖਲੈ। ਫਕੀਰ ਦੇ ਉਪਰ ਯਕੀਨ ਸੀ ਉਸ ਨੌਜਵਾਨ ਅਤੇ ਸ਼ਭ ਨੂੰ। ਨੌਜਵਾਨ ਫਕੀਰ ਦੇ ਆਖੇ ਬਚਨ ਤੋਂ ਫਿਕਰ ਵਿੱਚ ਪੈ ਗਿਆ ਅਤੇ ਉਸਨੂੰ ਹਰ ਪਲ ਹਰ ਪਾਸੇ ਮੌਤ ਦਿਖਾਈ ਦੇਣ ਲੱਗੀ। ਖਾਣਾਂ ਪੀਣਾਂ ਛੱਡ ਗਿਆ ਦੁਨੀਆਂ ਛੱਡ ਕੇ ਮੰਜਾਂ ਮੱਲ ਬੈਠਾ। ਫਕੀਰ ਕੋਲ ਵੀ ਨਾਂ ਗਿਆ ਸੱਤਵੇਂ ਦਿਨ ਫਕੀਰ ਨੇ ਕਿਹਾ ਕਿ ਉਸ ਨੌਜਵਾਨ ਨੁੰ ਲਿਆਉ ਜੋ ਰੋਜਾਨਾ ਆਉਂਦਾ ਸੀ ਕਿਉਂ ਨਹੀਂ ਆਇਆ। ਨੌਜਵਾਨ ਬਿਮਾਰ ਮੰਜੇ ਉਪਰ ਪਾਕੇ ਲਿਆਂਦਾ ਗਿਆ ਤਦ ਫਕੀਰ ਨੇ ਪੁੱਛਿਆ ਕਿ ਕੀ ਤੈਨੂੰ ਤੇਰੇ ਪ੍ਰਸਨ ਦਾ ਜਵਾਬ ਮਿਲ ਗਿਆ ਹੈ। ਇਹਨਾਂ ਸੱਤ ਦਿਨਾਂ ਵਿੱਚ ਕਿੰਨੇ ਸੁਆਦੀ ਭੋਜਨ ਖਾਦੇ ਹਨ, ਕਿੰਨਾਂ ਕੁ ਹੁਸਨ ਸੁਹੱਪਣ ਦੇਖਿਆ ਹੈ। ਨੌਜਵਾਨ ਨੇ ਕਿਹਾ ਫਕੀਰ ਮੈਨੂੰ ਮੇਰੀ ਮੌਤ ਹੀ ਯਾਦ ਆ ਰਹੀ ਹੈ ਸੱਤ ਦਿਨਾਂ ਤੋਂ। ਮੈਨੂੰ ਹੁਸਨ ਅਤੇ ਸਵਾਦ ਭੁੱਲ ਗਏ ਹਨ ਪਰ ਮੌਤ ਯਾਦ ਹੈ। ਫਕੀਰ ਨੇ ਕਿਹਾ ਕਿ ਇਹ ਹੀ ਤੇਰੇ ਪ੍ਰਸਨ ਦਾ ਜਵਾਬ ਹੈ ਜੋ ਮਨੁੱਖ ਮੌਤ ਯਾਦ ਰੱਖਦਾ ਹੈ ਉਸ ਵਿੱਚੋਂ ਬੁਰੇ ਵਿਚਾਰ ਉੱਡ ਜਾਂਦੇ ਹਨ। ਜਿੰਦਗੀ ਸਿਰਫ ਉਹ ਹੀ ਹੈ ਜੋ ਮੌਤ ਨੂੰ ਯਾਦ ਰੱਖਕੇ ਜੀਵੀ ਜਾਂਦੀ ਹੈ। ਐ ਨੌਜਵਾਨ ਮੈਂ ਹਮੇਸਾਂ ਮੌਤ ਯਾਦ ਰੱਖਦਾ ਹਾਂ ਅਤੇ ਮੈਨੂੰ ਸੁਹੱਪਣ ਨਹੀ ਦਿਖਾਈ ਦਿੰਦਾਂ। ਦੁਨੀਆਂ ਦਾ ਜੋ ਵੀ ਮਨੁੱਖ ਰੱਬ ਦਾ ਰੂਪ ਸਚਾਈ ਮੌਤ ਨੂੰ ਯਾਦ ਰੱਖਦਾ ਹੈ ਉਸ ਅੰਦਰ ਕਦੇ ਬੁਰੇ ਵਿਚਾਰ ਜਨਮ ਨਹੀਂ ਲੈਦੇ। ਜੋ ਮੌਤ ਯਾਦ ਰੱਖਦਾ ਹੈ ਉਹ ਹੀ ਵਿਕਾਰਾਂ ਰਹਿਤ ਜਿੰਦਗੀ ਜਿਉਂ ਸਕਦਾ ਹੈ। ਕਾਸ ਅੱਜ ਦਾ ਪਦਾਰਥਵਾਦੀ ਮਨੁੱਖ ਵੀ ਮੌਤ ਦੀ ਸਚਾਈ ਨੂੰ ਸਮਝ ਸਕੇ।
ਮੋਬਾ: 9417727245




.