.

ਸਾਬਕਾ ‘ਜਥੇਦਾਰ’ ਦਾ ਖਿਆਲੀ ਅਕਾਲ-ਤਖਤ

ਸਿਖ ਸਭਿਆਚਾਰ ਵਿੱਚ ਪਿਛਲੇ ਅੱਠ ਕੁ ਦਹਾਕਿਆਂ ਤੋਂ ਸਵੀਕ੍ਰਿਤ ‘ਅਕਾਲ-ਤਖਤ’ ਨਾਮੀ ਵਿਵਸਥਾ ਬਾਰੇ ਵਿਚਾਰ ਕਰਦੇ ਹੋਏ ਅਸੀਂ ਵੇਖਦੇ ਹਾਂ ਕਿ ਕਿਧਰੇ ਵੀ ਸੂਤਰ ਰੂਪ ਵਿੱਚ ਕੋਈ ਅਜਿਹੀ ਵਿਆਖਿਆ ਨਹੀਂ ਮਿਲਦੀ ਜਿਸ ਨੂੰ ਇਸ ਵਿਵਸਥਾ ਦੇ ਪਿੱਛੇ ਕੰਮ ਕਰਦੇ ਕਿਸੇ ਹਾਂ-ਪੱਖੀ ਸਿਧਾਂਤ ਦੇ ਤੌਰ ਤੇ ਮਾਨਤਾ ਦਿੱਤੀ ਜਾ ਸਕੇ। ਪਰੰਤੂ ਪਿਛਲੇ ਲਗ-ਭਗ ਅੱਸੀ ਸਾਲ ਦੇ ਇਸ ਸਮੇਂ ਵਿੱਚ ਇਸ ਵਿਵਸਥਾ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਆ ਰਿਹਾ ਹੈ ਕਿ ਇਹ ਸਿਖ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਘਰ ਕਰ ਗਈ ਹੋਈ ਹੈ।

ਸਿਖ ਇਤਹਾਸ ਦੇ ਅਧਿਐਨ ਤੋਂ ਇਹ ਭਲੀ-ਭਾਂਤ ਸਾਬਤ ਹੋ ਜਾਂਦਾ ਹੈ ਕਿ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਅਤੇ ਕੁੱਝ ਕੁ ਗਜ਼ਾਂ ਦੀ ਦੂਰੀ ਤੇ 1606 ਈਸਵੀ ਵਿੱਚ ਇੱਕ ਸਾਦੇ ਜਿਹੇ ਥੜ੍ਹੇ ਦੇ ਰੂਪ ਵਿੱਚ ਤਖਤ ਤਾਂ ਉਸਾਰਿਆ ਸੀ ਪਰੰਤੂ ਉਸਦਾ ਨਾਮ ‘ਅਕਾਲ’ ਤਖਤ ਨਹੀਂ ਰੱਖਿਆ ਸੀ। ਉਸ ਤਖਤ ਦਾ ਮਕਸਦ ਸਿਖ ਮੱਤ ਵਿੱਚ ਮੀਰੀ ਦਾ ਪੱਖ ਉਜਾਗਰ ਕਰਨ ਹਿਤ ਛੇਵੇਂ ਗੁਰੂ ਜੀ ਵੱਲੋਂ ਅਪਣਾਈ ਬਾਦਸ਼ਾਹੀ ਰਹਿਤ-ਬਹਿਤ ਦੇ ਇੱਕ ਅੰਸ਼ ਵਜੋਂ ਇਸ ਦੀ ਹੋਣ ਵਾਲੀ ਭੂਮਿਕਾ ਸੀ। ਬਾਦ ਵਿੱਚ ਇਹ ਤਖਤ ਅਲੋਪ ਹੋ ਗਿਆ ਜਿਸ ਦਾ ਸਬੂਤ ਇਸ ਤਖਤ ਦੀ ਜਗਹ ਤੇ ਸਤਾਰ੍ਹਵੀਂ ਸਦੀ ਈਸਵੀ ਤੋਂ ਹੀ ‘ਅਕਾਲ ਬੁੰਗਾ’ ਨਾਮੀ ਰਿਹਾਇਸ਼ਗਾਹ ਦਾ ਮੌਜੂਦ ਹੋਣਾ ਹੈ। ਸਮਾਂ ਪਾ ਕੇ ਅਕਾਲ ਬੁੰਗੇ ਨੂੰ ਇੱਕ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ। 1925 ਈਸਵੀ ਵਿੱਚ ਪਾਸ ਹੋਏ ਸਿਖ ਗੁਰਦੁਆਰਾਜ਼ ਐਕਟ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਨੂੰ ਕਲਮਬੰਦ ਕਰਨ ਵੇਲੇ ਗੁਰਦੁਆਰਾ ਅਕਾਲ ਬੁੰਗਾ ਨੂੰ ਚੋਰੀ-ਛਿਪੇ ‘ਗੁਰਦੁਆਰਾ ਅਕਾਲ ਤਖਤ’ ਦਾ ਨਾਮ ਦੇ ਦਿੱਤਾ ਗਿਆ। ਉਧਰ ਅਣਅਧਿਕਾਰਤ ਤੌਰ ਤੇ ਗੁਰਦੁਆਰਾ ਅਕਾਲ ਤਖਤ (ਪਹਿਲਾ ਨਾਮ ਗੁਰਦੁਆਰਾ ਅਕਾਲ ਬੁੰਗਾ) ਦੇ ਗ੍ਰੰਥੀ ਨੂੰ ਪਦਵੀ ਕਾਰਣ (ex-officio) ‘ਜਥੇਦਾਰ’ ਦੀ ਪਦਵੀ ਨਾਲ ਨਿਵਾਜ ਦਿੱਤਾ ਗਿਆ ਹੈ ਜਦ ਕਿ ਸਿਖ ਸਭਿਆਚਾਰ ਵਿੱਚ ਕਦੀ ਵੀ ਕੋਈ ਅਜਿਹਾ ਅਹੁਦਾ ਹੋਂਦ ਵਿੱਚ ਨਹੀਂ ਰਿਹਾ ਅਤੇ ਪਰਚਾਰਿਆ ਇਹ ਗਿਆ ਹੈ ਕਿ ‘ਜਥੇਦਾਰ’ ਦਾ ਇਹ ਅਹੁਦਾ ਸਿਖ ਕੌਮ ਲਈ ‘ਸਰਵਉੱਚ’ ਹੈ। 1926 ਈਸਵੀ ਤੋਂ ਲੈ ਕੇ ਇਹ ‘ਜਥੇਦਾਰ’ ਗੁਰਦੁਆਰਾ ‘ਅਕਾਲ ਤਖਤ’ ਤੋਂ ਵੀ ਬਾਹਰੀ ਇੱਕ ਗੁਪਤ ਏਜੰਸੀ ਵਰਗੀ ਐਸੀ ਵਿਵਸਥਾ ਦੇ ਮੁੱਖੀ ਦੇ ਤੌਰ ਤੇ ਕੰਮ ਕਰਦਾ ਆ ਰਿਹਾ ਲਗਦਾ ਹੈ ਜਿਸ ਨੂੰ ਨਾਮ ਤਾਂ ‘ਅਕਾਲ ਤਖਤ’ ਦਾ ਦਿੱਤਾ ਹੋਇਆ ਹੈ ਪਰੰਤੂ ਜਿਸ ਦਾ ਮੁੱਖ ਮਕਸਦ ਗੁਰਮੱਤ ਨੂੰ ਢਾ ਲਾਉਣੀ, ਸਿੱਖ ਮੱਤ ਵਿੱਚ ਮਨਮੱਤ ਦੀ ਸਥਾਪਤੀ ਕਰਨੀ, ਦਰਬਾਰ ਸਾਹਿਬ ਦੀ ਮਹੱਤਤਾ ਨੂੰ ਘਟਾਉਣਾ, ਗੁਰਦੁਆਰਾ ਪ੍ਰਬੰਧ ਲਈ ਅਯੋਗ ਮਾਡਲ ਪੇਸ਼ ਕਰਨਾ, ਸਿੱਖ ਭਾਈਚਾਰੇ ਵਿੱਚ ਅਰਾਜਕਤਾ ਫੈਲਾਉਣੀ ਆਦਿਕ ਤੋਂ ਹੈ। ਇਸ ਤਰ੍ਹਾਂ ਕਥਿਤ ‘ਅਕਾਲ ਤਖਤ’ ਸਿੱਖ ਕੌਮ ਉਤੇ 1926 ਈਸਵੀ ਤੋਂ ਲੈ ਕੇ ਧੋਖੇ ਨਾਲ ਥੋਪੀ ਗਈ ਇੱਕ ਗੈਰ ਕਾਨੂੰਨੀ ਅਤੇ ਨੁਕਸਾਨਦੇਹ ਵਿਵਸਥਾ ਹੈ। ਉਪਰੋਕਤ ਕਾਰਨਾਂ ਕਰਕੇ ‘ਅਕਾਲ-ਤਖਤ’ ਨਾਮ ਹੇਠ ਚੱਲ ਰਹੀ ਇਸ ਵਿਵਸਥਾ ਨੂੰ ‘ਅਖੌਤੀ’ ਅਕਾਲ-ਤਖਤ ਹੀ ਕਿਹਾ ਜਾ ਸਕਦਾ ਹੈ।

ਇਹ ਸਹੀ ਹੈ ਕਿ ਬਹੁਤ ਸਾਰੇ ਪਾਠਕਾਂ ਨੂੰ ਪਹਿਲਾਂ-ਪਹਿਲ ਕਥਿਤ ‘ਅਕਾਲ ਤਖਤ’ ਲਈ ‘ਅਖੌਤੀ’ ਸ਼ਬਦ ਤੋਂ ਕੁੱਝ ਔਖਿਆਈ ਮਹਿਸੂਸ ਹੁੰਦੀ ਹੋਵੇਗੀ ਪਰੰਤੂ ਸਚਾਈ ਦੇ ਸਾਹਮਣੇ ਆ ਜਾਣ ਤੇ ਉਹਨਾਂ ਦੇ ਦਿਲਾਂ ਵਿੱਚੋਂ ਨਰਾਜ਼ਗੀ ਦੂਰ ਹੋ ਜਾਣ ਦੀ ਪੂਰੀ ਸੰਭਾਵਨਾਂ ਹੈ। ਦੂਸਰਾ, ਕਿਸੇ ਨੂੰ ਡੂੰਘੀ ਨੀਂਦ ਵਿੱਚੋਂ ਜਗਾਉਣ ਦੀ ਲੋੜ ਪੈ ਜਾਵੇ ਤਾਂ ਹਲੂਣਾ ਤਾਂ ਦੇਣਾ ਹੀ ਪੈਂਦਾ ਹੈ। ਇਹ ਕਿੱਡੀ ਵੱਡੀ ਅਸੰਗਤੀ ਹੈ ਕਿ ਜੇਕਰ ਇਹ ਕਹੋ ਕਿ ਛੇਵੇਂ ਗੁਰੂ ਜੀ ਦੇ ਤਖਤ ਦੇ ਦਰਸ਼ਨ ਕਰਵਾਓ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ‘ਅਕਾਲ ਤਖਤ’ ਬਿਲਡਿੰਗ ਨਹੀਂ ਸਿਧਾਂਤ ਹੈ (ਹਾਲਾਂਕਿ ਤਖਤ ਬਿਲਡਿੰਗ ਨਹੀਂ ਹੁੰਦਾ ਅਤੇ ਤਖਤ ਤਾਂ ਬਿਲਡਿੰਗ ਦੇ ਅੰਦਰਵਾਰ ਵੀ ਮੌਜੂਦ ਹੋ ਸਕਦਾ ਹੈ) ਅਤੇ ਉਧਰ ਗੁਰਦੁਆਰਾ ਅਕਾਲ ਬੁੰਗਾ ਦੀ ਵੱਖੀ ਵਿੱਚ ਸਥਿਤ ‘ਸਕੱਤਰੇਤ’ ਕਰਕੇ ਜਾਣੇ ਜਾਂਦੇ ਦਫਤਰੀ ਕਮਰਿਆਂ ਵਿੱਚ ਸਥਾਪਿਤ ਮਨਮੱਤੀ, ਅਨੈਤਿਕ ਅਤੇ ਗੈਰਕਾਨੂੰਨੀ ‘ਅਕਾਲ ਤਖਤ’ ਵਿਵਸਥਾ ਨੂੰ ‘ਅਖੌਤੀ’ ਕਹਿ ਦੇਣ ਨਾਲ ਬਿਲਡਿੰਗ ਯਾਦ ਆ ਜਾਂਦੀ ਹੈ। ਇਸ ਲੇਖਕ ਵੱਲੋਂ ਸਿੱਖ ਮੱਤ ਲਈ ਇਸ ਖਤਰਨਾਕ ਵਿਵਸਥਾ ਦੀ ਨਿਸ਼ਾਨਦੇਹੀ ਕਰਦੇ ਹੋਏ ‘ਅਖੌਤੀ’ ਸ਼ਬਦ ਵਰਤੇ ਜਾਣ ਤੇ ਕੁੱਝ ਧਿਰਾਂ ਵੱਲੋਂ ਇਤਰਾਜ਼ ਤਾਂ ਪਰਗਟ ਕੀਤੇ ਹੀ ਗਏ ਹਨ ਪਰੰਤੂ ਉਹਨਾਂ ਵਿੱਚੋਂ ਕੁੱਝ ਕੁ ਵੱਲੋਂ ਇਹ ਪਰਚਾਰਿਆ ਜਾ ਰਿਹਾ ਹੈ ਕਿ ਇਸ ਸੰਦਰਭ ਵਿੱਚ ‘ਅਖੌਤੀ’ ਸ਼ਬਦ ਦੀ ਵਰਤੋਂ ਕਰਨ ਨਾਲ 1984 ਈਸਵੀ ਵਾਲੇ ਸਾਕੇ ਦਾ ਦੁਹਰਾਓ ਹੋ ਗਿਆ ਹੈ। ਮਤਲਬ, ਹੁਣ ਅਖੌਤੀ ਅਕਾਲ-ਤਖਤ ਇੱਕ ਸਿਧਾਂਤ ਨਹੀਂ ਬਿਲਡਿੰਗ ਨਜ਼ਰ ਆਉਣ ਲੱਗ ਪਿਆ ਹੈ।

ਪਿਛੇ ਜਿਹੇ ਇਸ ਲੇਖਕ ਦੇ ਸਿਖਮਾਰਗ ਵੈਬਸਾਈਟ ਤੇ ਆਏ ਤਿੰਨ ਲੇਖਾਂ ( ‘ਅਕਾਲ ਤਖਤ ਦੀ ਸਥਿਤੀ’, ‘ਅਖੌਤੀ ਅਕਾਲ-ਤਖਤ ਦੀ ਵਕਾਲਤ ਬਾਰੇ’ ਅਤੇ ‘ਅਖੌਤੀ ਅਕਾਲ-ਤਖਤ ਅਤੇ ਸਿਧਾਂਤ ਦਾ ਮੁੱਦਾ’ ) ਵਿੱਚ ਉਪਰੋਕਤ ਸਥਿਤੀ ਨੂੰ ਵਿਧੀਵਤ ਢੰਗ ਨਾਲ ਬਿਆਨਿਆਂ ਗਿਆ ਹੈ। ਇਹਨਾਂ ਲੇਖਾਂ ਵਿੱਚ ਸ਼ਾਮਲ ਇਸ ਲੇਖਕ ਦੇ ‘ਅਕਾਲ ਤਖਤ’ ਦੇ ਵਿਸ਼ੇ ਸਬੰਧੀ ਕਰਾਂਤੀਕਾਰੀ ਵਿਚਾਰਾਂ ਨੂੰ ਲੈਕੇ ਇਸੇ ਵੈਬਸਾਈਟ ਤੇ ਇੱਕ ਮਹੀਨੇ ਤੋਂ ਵੀ ਪਹਿਲਾਂ ਦੀ ਸ਼ੁਰੂ ਹੋਈ ਤਿੱਖੀ ਵਿਚਾਰ-ਚਰਚਾ ਹਾਲੇ ਵੀ ਜਾਰੀ ਹੈ। ਉਂਜ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਸਿਖ ਭਾਈਚਾਰਾ ਸਿਖ ਸਭਿਆਚਾਰ ਵਿੱਚ ਉਭਰੀ ਇਸ ਨਵੀਂ ਸਥਿਤੀ ਵਿੱਚ ਡੂੰਘੀ ਦਿਲਚਸਪੀ ਲੈ ਰਿਹਾ ਹੈ। ਸ਼ਾਇਦ ਇਹਨਾਂ ਕਾਰਨਾ ਕਰਕੇ ਹੀ ਸੀ ਕਿ ਹਫਤਾ ਕੁ ਪਹਿਲਾਂ ਸ. ਦਰਸ਼ਨ ਸਿੰਘ ਖਾਲਸਾ ਸਾਬਕਾ ‘ਜਥੇਦਾਰ’ ਜੀ ਨੇ ਵੀ ਇਸ ਵਿਸ਼ੇ ਸਬੰਧੀ ਆਪਣੀ ਲਿਖਤ “ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ ਅਤੇ ਅਕਾਲ ਤਖਤ ਦਾ ਜਥੇਦਾਰ ਦਾ ਫਰਕ ਸਮਝਣ ਦੀ ਲੋੜ ਹੈ” ਰਾਹੀਂ ਆਪਣੇ ਕੁੱਝ ਵਿਚਾਰ ਪਰਗਟ ਕੀਤੇ ਹਨ ਜੋ ਖਾਲਸਾਨਿਊਜ਼ ਵੈਬਸਾਈਟ ਤੇ ਪਾਈ ਗਈ ਹੈ (ਹੋ ਸਕਦਾ ਹੈ ਇਹ ਲਿਖਤ ਹੋਰਨਾਂ ਥਾਵਾਂ ਤੇ ਵੀ ਪ੍ਰਕਾਸ਼ਿਤ ਹੋਈ ਹੋਵੇ, ਇਸ ਲੇਖਕ ਨੂੰ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਨਹੀਂ)।

ਅੱਜ ਸਿਖ ਜਗਤ ਵਿੱਚ ਸ਼ਾਮਲ ਹਰ ਸ਼ਖਸ ਸ਼ਾਬਕਾ ‘ਜਥੇਦਾਰ’ ਜੀ ਤੋਂ ਇਹ ਪੂਰੀ ਉਮੀਦ ਕਰੇਗਾ ਕਿ ਉਹ ਇਸ ਭਖਦੇ ਵਿਸ਼ੇ ਦੇ ਸਬੰਧ ਵਿੱਚ ਆਪਣੇ ਵਿਚਾਰ ਪਰਗਟ ਕਰਦੇ ਹੋਏ ਸੱਚ ਦਾ ਰਸਤਾ ਹੀ ਅਖਤਿਆਰ ਕਰਨਗੇ। ਇਹ ਇਸ ਕਰਕੇ ਨਹੀਂ ਕਿ ਉਹਨਾਂ ਨੇ ਕਿਸੇ ਸਮੇਂ ‘ਜਥੇਦਾਰ’ ਦਾ ਅਹੁਦਾ ਸੰਭਾਲੀ ਰੱਖਿਆ ਹੈ ਪਰੰਤੂ ਇਸ ਕਰਕੇ ਕਿ ਉਹ ਇੱਕ ਸੁਹਿਰਦ ਸਿੱਖ ਕਰਕੇ ਜਾਣੇ ਜਾਂਦੇ ਹਨ। ਉਹ ਪ੍ਰਸਿੱਧ ਕੀਰਤਨੀਏਂ ਹਨ ਅਤੇ ਇਸ ਖੇਤਰ ਵਿੱਚ ਉਹ ਤਕਰੀਬਨ ਅੱਧੀ ਸਦੀ ਤਜਰਬਾ ਰੱਖਦੇ ਹਨ। ਉਹ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਜਗਹਾਂ ਤੇ ਜਾ ਕੇ ਕੀਰਤਨ ਦੀ ਪੇਸ਼ਕਾਰੀ ਕਰਦੇ ਹਨ। ਕੀਰਤਨ ਦੇ ਨਾਲ-ਨਾਲ ਉਹ ਗੁਰਬਾਣੀ ਦੀ ਵਿਆਖਿਆ ਵੀ ਕਰਦੇ ਰਹਿੰਦੇ ਹਨ। ਗੁਰਬਾਣੀ ਨਾਲ ਸਬੰਧਤ ਵਿਸ਼ਿਆਂ ਤੇ ਉਹਨਾਂ ਦੀਆਂ ਲਿਖਤਾਂ ਵੀ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਉਹਨਾਂ ਕੋਲ ਬਾਣੀ ਦੇ ਪਾਠ (text) ਅਤੇ ਵੱਖ-ਵੱਖ ਸ਼ਬਦਾਂ ਦੇ ਭਾਵਾਰਥ ਬਾਰੇ ਚੰਗੀ ਜਾਣਕਾਰੀ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਵਿਚਾਰ-ਅਧੀਨ ਆਪਣੀ ਲਿਖਤ ਵਿੱਚ ਵਿਸ਼ੇ ਸਬੰਧੀ ਵਿਚਾਰ ਪਰਗਟ ਕਰਦਿਆਂ ਸਾਬਕਾ ‘ਜਥੇਦਾਰ’ ਜੀ ਨੇ ਆਪਣੀ ਸਾਰੀ ਗੱਲ ਗੁਰਬਾਣੀ ਦੇ ਹਵਾਲੇ ਨਾਲ ਕਰਨ ਦਾ ਖੂਬ ਵਿਖਾਵਾ ਕੀਤਾ ਹੈ। ਆਪਣੀ ਲਿਖਤ ਦੇ ਪਹਿਲੇ ਹਿੱਸੇ ਵਿੱਚ ਉਹਨਾਂ ਨੇ ਤਿੰਨ ਸਥਿਤੀਆਂ ‘ਅਕਾਲ ਤਖਤ’, ‘ਅਕਾਲ ਤਖਤ ਦੀ ਇਮਾਰਤ’ ਅਤੇ ‘ਅਕਾਲ ਤਖਤ ਦਾ ਸੇਵਾਦਾਰ’ ਦੀ ਵਿਆਖਿਆ ਦੇਣ ਦਾ ਯਤਨ ਕੀਤਾ ਹੈ। ਇਹਨਾਂ ਤਿੰਨਾਂ ਸਥਿਤੀਆਂ ਵਿੱਚ ‘ਅਕਾਲ ਤਖਤ’ ਸ਼ਬਦ-ਜੋੜ ਸ਼ਾਮਲ ਹੈ। ਪਰੰਤੂ ਸਾਬਕਾ ‘ਜਥੇਦਾਰ’ ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ ਤੇ ਵੀ ਸ਼ਬਦ-ਜੋੜ ‘ਅਕਾਲ ਤਖਤ’ ਵਰਤਿਆ ਹੋਇਆ ਨਹੀਂ ਮਿਲਦਾ। ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ ਤੇ ਸ਼ਬਦ ‘ਅਕਾਲ’ ਦੀ ਵਰਤੋਂ ਹੋਈ ਵੀ ਨਹੀਂ ਮਿਲਦੀ। ਸ੍ਰੀ ਗ੍ਰੰਥ ਜੀ ਵਿੱਚ ਇਕੱਲੇ ਤੌਰ ਤੇ ਸ਼ਬਦ ‘ਤਖਤ’ ਦੀ ਵਰਤੋਂ (ਪੰਜਾਹ ਤੋਂ ਵੱਧ ਥਾਵਾਂ ਤੇ) ਤਾਂ ਮਿਲਦੀ ਹੈ ਪ੍ਰੰਤੂ ਸ਼ਬਦ ਜੋੜ ‘ਅਕਾਲ ਤਖਤ’ ਦੀ ਵਰਤੋਂ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਨਹੀਂ ਮਿਲਦੀ। ਇੱਥੋਂ ਤਕ ਕਿ ਸ੍ਰੀ ਗ੍ਰੰਥ ਜੀ ਵਿਚਲੀ ਸਮੁੱਚੀ ਰਚਨਾਂ ਵਿੱਚ ‘ਅਕਾਲ ਤਖਤ’ ਦੇ ਕਿਸੇ ਪਰਿਆਇਵਾਚੀ ਸ਼ਬਦ (synonym) ਦੀ ਵਰਤੋਂ ਵੀ ਸ਼ਾਮਲ ਨਹੀਂ।

ਉਪਰੋਕਤ ਤੋਂ ਸਹਿਜੇ ਹੀ ਇਹ ਸਿੱਟਾ ਕਢਿੱਆ ਜਾ ਸਕਦਾ ਹੈ ਕਿ ਜੇਕਰ ਸ੍ਰੀ ਗ੍ਰੰਥ ਜੀ ਵਿੱਚ ‘ਅਕਾਲ ਤਖਤ’ ਸ਼ਬਦ-ਜੋੜ ਦੀ ਵਰਤੋਂ ਹੀ ਨਹੀਂ ਹੋਈ ਤਾਂ ‘ਅਕਾਲ ਤਖਤ’ ਨਾਮ ਦਾ ਕੋਈ ਸਿਧਾਂਤ ਵੀ ਸ੍ਰੀ ਗ੍ਰੰਥ ਜੀ ਵਿੱਚ ਦਰਜ ਹੋਇਆ ਨਹੀਂ ਹੋ ਸਕਦਾ। ਜਿਸ ਵਿਚਾਰ ਨੂੰ ਸਾਬਕਾ ‘ਜਥੇਦਾਰ’ ਜੀ ਨੇ ਸ੍ਰੀ ਗੁਰੂ ਗ੍ਰੰਥ ਜੀ ਵਿਚ, ਉਹਨਾਂ ਮੁਤਾਬਿਕ, ਦਰਜ ‘ਅਕਾਲ ਤਖਤ’ ਦਾ ਸਿਧਾਂਤ ਕਹਿਕੇ ਪੇਸ਼ ਕੀਤਾ ਹੈ ਉਹ ਹੇਠ ਦਿੱਤੇ ਅਨੁਸਾਰ ਹੈ:

“ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ,

ਅਤੇ

ਸ਼ਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ II 2 II 3 II 5 II

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ II ਗੁਰੂ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ II 5 II

ਉਪਰੋਕਤ ਵਿੱਚੋਂ ਗੁਰਬਾਣੀ ਦੀ ਪਹਿਲੀ ਟੂਕ ਵਿੱਚ ਸ੍ਰੀ ਗੁਰੂ ਨਾਨਕ ਜੀ ਰਚਿਤ ‘ਜਪੁ’ ਦੇ ਅਰੰਭ ਵਿੱਚ ‘ਮੂਲ ਮੰਤਰ’ ਕਰ ਕੇ ਜਾਣੇ ਜਾਂਦੇ ਹਿੱਸੇ ਵਿੱਚ ਪਰਮਾਤਮਾਂ ਦੇ ਦਰਸਾਏ ਗਏ ਗੁਣਾਂ ਵਿੱਚੋਂ ਕੁੱਝ ਕੁ ਨੂੰ ਦੁਹਰਾ ਦਿੱਤਾ ਗਿਆ ਹੈ ਅਤੇ ਗੁਰਬਾਣੀ ਦੀਆਂ ਅਗਲੀਆਂ ਦੋ ਟੂਕਾਂ ਵਿੱਚ ਬਾਣੀ ਦੀ ਮਹਿਮਾਂ ਬਿਆਨੀ ਗਈ ਹੈ। ਇਹਨਾਂ ਤਿੰਨੇਂ ਟੂਕਾਂ ਵਿੱਚ ‘ਅਕਾਲ ਤਖਤ’ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਗਈ। ਪਹਿਲੀ ਟੂਕ ਵਿਚਲਾ ‘ਅਕਾਲ’ ਸ਼ਬਦ ‘ਅਕਾਲ ਮੂਰਤਿ’ ਸ਼ਬਦ-ਜੋੜ ਦੇ ਹਿੱਸੇ ਵਜੋਂ ਆਇਆ ਹੈ ਅਤੇ ਇਸ ਦਾ ਕਿਸੇ ਤਖਤ ਨਾਲ ਕੋਈ ਸਬੰਧ ਨਹੀਂ ਬਣਦਾ (ਭਾਵੇਂ ਕਿ ਇਸ ਸ਼ਬਦ ਕਰਕੇ ਹੀ ਇੱਥੇ ‘ਅਕਾਲ ਤਖਤ’ ਦੇ ਸਿਧਾਂਤ ਨੂੰ ਅੱਗੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ)। ਇਹਨਾਂ ਤਿੰਨਾਂ ਟੂਕਾਂ ਦਾ ਅੱਡਰਾ-ਅੱਡਰਾ ਭਾਵ-ਅਰਥ ਕਰ ਕੇ ਆਪਸ ਵਿੱਚ ਜੋੜ ਲਿਆ ਜਾਵੇ ਤਾਂ ਬਣ ਰਹੇ ਸਮੁੱਚੇ ਬਿਆਨ ਵਿੱਚ ਸਿਧਾਂਤ ਦੇ ਪੰਜਾਂ ਅੰਸ਼ਾਂ -- ਹੋਂਦ, ਰਚਨਾ, ਮਕਸਦ, ਭੂਮਿਕਾ ਜਾਂ ਨਿਯਮ -- ਵਿੱਚੋਂ ਕੋਈ ਇੱਕ ਵੀ ਨਜ਼ਰੀਂ ਨਹੀਂ ਪੈਂਦਾ (ਇਹਨਾਂ ਪੰਜ ਅੰਸ਼ਾਂ ਦੀ ਵਿਆਖਿਆ ਲਈ ਵੇਖੋ ਲੇਖਕ ਦਾ ਲੇਖ ‘ਅਖੌਤੀ ਅਕਾਲ-ਤਖਤ ਅਤੇ ਸਿਧਾਂਤ ਦਾ ਮੁੱਦਾ’ )। ਇਸ ਤਰ੍ਹਾਂ ਉਪਰੋਕਤ ਟੂਕਾਂ ਦੇ ਭਾਵ-ਅਰਥ ਨੂੰ ‘ਅਕਾਲ ਤਖਤ’ ਦੇ ਸਿਧਾਂਤ ਦੇ ਤੌਰ ਤੇ ਕਦਾਚਿਤ ਮਾਨਤਾ ਨਹੀਂ ਦਿੱਤੀ ਜਾ ਸਕਦੀ। ਸਾਬਕਾ ਜਥੇਦਾਰ ਜੀ ਇਹ ਦਾਵਾ ਕਰਦੇ ਹਨ ਕਿ ਉਹਨਾਂ ਵੱਲੋਂ ਦਿੱਤਾ ਗਿਆ ‘ਸਿਧਾਂਤ’ (ਉਪਰੋਕਤ ਤਿੰਨ ਟੂਕਾਂ ਦਾ ਭਾਵ-ਅਰਥ) ‘ਸਿਖ ਦੇ ਜੀਵਨ ਦੇ ਹਰ ਪਹਿਲੂ ਵਿੱਚ ਅਗਵਾਈ ਕਰਦਾ ਹੈ’। ਇਸ ਪੱਖੋਂ ਵਿਚਾਰਿਆ ਜਾਵੇ ਤਾਂ ਗੁਰਬਾਣੀ ਦੀ ਹਰ ਸਤਰ ਦਾ ਭਾਵ-ਅਰਥ ਸਿੱਖਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਅਗਵਾਈ ਕਰਦਾ ਹੈ। ਇਸ ਤਰ੍ਹਾਂ ਤਾਂ ਸਮੁੱਚਾ ਸ੍ਰੀ ਗ੍ਰੰਥ ਜੀ ਹੀ ‘ਅਕਾਲ ਤਖਤ’ ਦਾ ਸਿਧਾਂਤ ਹੋ ਗਿਆ। ਇਸ ਸਥਿਤੀ ਵਿੱਚ ਕਿਸੇ ਵੱਖਰੇ ‘ਅਕਾਲ ਤਖਤ’ ਦੇ ਸੰਕਲਪ ਦੀ ਤਾਂ ਉੱਕਾ ਹੀ ਲੋੜ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ‘ਅਕਾਲ ਤਖਤ’ ਦੀ ਕਲਪਨਾ ਕਰਨਾਂ ਕੇਵਲ ਮਿਰਗ-ਤਰਿਸ਼ਨਾ (mirage) ਹੈ, ਇੱਕ ਭਰਾਂਤੀ ਹੈ ਅਤੇ ਮੁੰਗੇਰੀ ਲਾਲ ਦੇ ਸੁਫਨੇ ਦੀ ਨਿਆਈਂ ਹੈ।

ਆਪਣੀ ਲਿਖਤ ਦੀ ਅਗਲੀ ਸਤਰ ਵਿੱਚ ਹੀ ਸਾਬਕਾ ‘ਜਥੇਦਾਰ’ ਜੀ ਦਾਵਾ ਪੇਸ਼ ਕਰ ਦਿੰਦੇ ਹਨ ਕਿ ਉਹਨਾਂ ਵੱਲੋਂ ਇੱਥੇ ਪੇਸ਼ ਕੀਤਾ ਗਿਆ ‘ਸਿਧਾਂਤ’ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਸ਼ਖਸੀ ਰੂਪ ਵਿੱਚ ( ‘ਦੇਹ ਕਰਕੇ’ ) ਵੀ ਮੌਜੂਦ ਸੀ ਅਤੇ ਇਹ ਦਰਬਾਰ ਸਾਹਿਬ ਵਿੱਚ ਭਾਵ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ‘ਪ੍ਰਕਾਸ਼ ਹੋ ਚੁੱਕਾ ਸੀ’। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਸਥਿਤੀ ਦੇ ਹੁੰਦਿਆਂ ਸ੍ਰੀ ਗੁਰੁ ਹਰਗੋਬਿੰਦ ਜੀ ਨੂੰ ਕੀ ਲੋੜ ਪੈ ਗਈ ਸੀ ਕਿ ਉਹਨਾਂ ਨੇ ਉਸੇ ‘ਸਿਧਾਂਤ’ ਦੇ ਪ੍ਰਗਟਾਵੇ ਹਿਤ ਦਰਬਾਰ ਸਾਹਿਬ ਦੀ ਬਰਾਬਰੀ ਤੇ ਅਤੇ ਸ੍ਰੀ ਆਦਿ ਗ੍ਰੰਥ ਦੇ ਐਨ ਸਾਹਮਣੇ ਇੱਕ ਹੋਰ ‘ਅਸਥਾਨ’ ਬਣਾ ਦਿੱਤਾ ਉਹ ਵੀ ਇੱਕ ਥੜ੍ਹੇ ਦੇ ਰੂਪ ਵਿਚ? ਕੀ ਛੇਵੇਂ ਗੁਰੂ ਜੀ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਕਾਰਗੁਜ਼ਾਰੀ (ਦੇਹ ਕਰਕੇ) ਅਤੇ ਦਰਬਾਰ ਸਾਹਿਬ ਵਿੱਚ ਸ੍ਰੀ ਆਦਿ ਗ੍ਰੰਥ ਰਾਹੀਂ ‘ਪ੍ਰਕਾਸ਼ ਹੋਏ’ ਸਿਧਾਂਤ ਨਾਲ ਸੰਤੁਸ਼ਟ ਨਹੀਂ ਸਨ?

ਦੂਸਰੇ ਪਾਸੇ ਸਾਬਕਾ ‘ਜਥੇਦਾਰ’ ਜੀ ਸ੍ਰੀ ਗ੍ਰੰਥ ਜੀ ਦੀ ਇੱਕ ਹੋਰ ਸਤਰ ਪੇਸ਼ ਕਰ ਦਿੰਦੇ ਹਨ: “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ”। ਉਹ ਦਾਵਾ ਕਰਦੇ ਹਨ ਇਸ ਸਤਰ ਵਿਚਲਾ ‘ਸਿਧਾਂਤ’ (ਭਾਵ ਇਸ ਸਤਰ ਦਾ ਭਾਵ-ਅਰਥ) ‘ਅਕਾਲ ਤਖਤ’ ਹੈ। ਪਹਿਲਾਂ ਤਾਂ ਇਥੇ ਬੜੀ ਹੀ ਅਜੀਬ ਸਥਿਤੀ ਇਹ ਪੈਦਾ ਹੋ ਜਾਂਦੀ ਹੈ ਕਿ ਉਪਰੋਕਤ ਸਤਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਹੈ ਅਤੇ ਛੇਵੇਂ ਗੁਰੂ ਜੀ ਦੇ ਵਕਤ ਇਹ ਸਤਰ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਹੀ ਨਹੀਂ ਸੀ। ਫਿਰ ਇਸ ਸਤਰ ਵਿਚਲਾ ਭਾਵ-ਅਰਥ ਛੇਵੇਂ ਗੁਰੂ ਜੀ ਦਾ ਰਚਿਆ ਹੋਇਆ (ਭਾਵੇਂ ਪ੍ਰਤੀਕਾਤਮਿਕ ਰੂਪ ਵਿੱਚ ਹੀ ਹੋਵੇ) ‘ਅਕਾਲ ਤਖਤ’ ਕਿਵੇਂ ਹੋ ਗਿਆ? ਇਥੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਨੌਵੇਂ ਗੁਰੂ ਜੀ ਦੀ ਉਪਰੋਕਤ ਸਤਰ ਵਿਚਲਾ ਭਾਵ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕਿਸੇ ਹੋਰ ਪੰਕਤੀ ਵਿੱਚ ਵੀ ਮੌਜੂਦ ਹੋ ਸਕਦਾ ਹੈ। ਇਸ ਦਲੀਲ ਦਾ ਉੱਤਰ ਇਹ ਹੋਵੇਗਾ ਕਿ ਫਿਰ ਸਾਬਕਾ ‘ਜਥੇਦਾਰ’ ਜੀ ਨੂੰ ਇਸੇ ਹੋਰ ਪੰਕਤੀ ਦਾ ਹਵਾਲਾ ਦੇਣਾ ਚਾਹੀਦਾ ਸੀ ਨਾ ਕਿ ਉਸ ਪੰਕਤੀ ਦਾ ਜਿਹੜੀ ਛੇਵੇਂ ਗੁਰੂ ਜੀ ਦੇ ਵਕਤ ਹਾਲੇ ਉਚਾਰੀ ਹੀ ਨਹੀਂ ਗਈ ਸੀ। ਉਪਰੋਕਤ ਗਲਤੀ ਦੇ ਨਾਲ-ਨਾਲ ਸਾਬਕਾ ‘ਜਥੇਦਾਰ’ ਜੀ ਇਹ ਵੀ ਖਿਆਲ ਨਹੀਂ ਕਰ ਰਹੇ ਕਿ ਛੇਵੇਂ ਗੁਰੂ ਜੀ ਦੇ ਸਮੇਂ ਹਾਲੇ ਸ੍ਰੀ ਆਦਿ ਗ੍ਰੰਥ ਨੂੰ ਗਿਆਰ੍ਹਵੇਂ ਗੁਰੂ ਜੀ ਦੇ ਤੌਰ ਤੇ ਗੁਰਗੱਦੀ ਨਹੀਂ ਸੀ ਮਿਲੀ ਹੋਈ ਨਹੀਂ ਤਾਂ ਉਹ ਇੱਥੇ ਸ੍ਰੀ ਆਦਿ ਗ੍ਰੰਥ ਲਈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸ਼ਬਦਾਂ ਦਾ ਪਰਯੋਗ ਨਾਂ ਕਰਦੇ।

ਸਾਬਕਾ ‘ਜਥੇਦਾਰ’ ਜੀ ਦੇ ਬਿਆਨਾਂ ਵਿਚਲੀ ਇੱਕ ਹੋਰ ਗੰਭੀਰ ਅਸੰਗਤੀ ਜੋ ਸਪਸ਼ਟ ਰੂਪ ਵਿੱਚ ਨਜ਼ਰੀਂ ਆਉਂਦੀ ਹੈ ਉਹ ਇਹ ਹੈ ਕਿ ਪਹਿਲਾਂ ਉਹ ਗੁਰਬਾਣੀ ਵਿੱਚੋਂ ਤਿੰਨ ਟੂਕਾਂ ਦੀ ਚੋਣ ਕਰਦੇ ਹਨ ਅਤੇ ਉਹਨਾਂ ਦੇ ਭਾਵ-ਅਰਥ ਦੀ ਤਰਤੀਬ ਨੂੰ ( ‘ਅਕਾਲ ਤਖਤ’ ਦਾ) ‘ਸਿਧਾਂਤ’ ਕਹਿ ਦਿੰਦੇ ਹਨ ਅਤੇ ਫਿਰ ਉਹ ਗੁਰਬਾਣੀ ਵਿੱਚੋਂ ਇੱਕ ਸਤਰ ( “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ) ਨੂੰ ਲੈ ਕੇ ਇਸਦੇ ਭਾਵ-ਅਰਥ ਨੂੰ ਸਿੱਧਾ ਹੀ ‘ਅਕਾਲ ਤਖਤ’ ਕਹਿ ਦਿੰਦੇ ਹਨ। ਨਾਲ ਹੀ ਉਹ ਦਾਵਾ ਕਰਦੇ ਹਨ ਕਿ ਛੇਵੇਂ ਗੁਰੂ ਜੀ ਦੁਆਰਾ ਬਣਾਏ ਗਏ ‘ਅਸਥਾਨ’ ਦਾ ਮਕਸਦ ਇਹ ਸੀ ਕਿ ਇਸ ਇੱਕ ਸਤਰ ਵਿਚਲੇ ਭਾਵ-ਅਰਥ ਨੂੰ ਲੁਕਾਈ ਦੇ ਜੀਵਨ ਵਰਤਾਰੇ (ਹੁਣ ‘ਸਿਖ’ ਦੀ ਜਗਹ ਤੇ ‘ਲੁਕਾਈ’ ਸ਼ਬਦ ਦਾ ਪਰਯੋਗ ਕੀਤਾ ਜਾ ਰਿਹਾ ਹੈ) ਵਿੱਚ “ਸਮਝਾਇਆ, ਫੈਲਾਇਆ ਅਤੇ ਅਪਣਾਇਆ ਜਾ ਸਕੇ”। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਾਹਮਣੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰੀ ਹੋਈ ਪੰਕਤੀ ਰੱਖ ਕੇ ਉਸ ਦੇ ਭਾਵ-ਅਰਥ ਨੂੰ ਛੇਵੇਂ ਗੁਰੂ ਜੀ ਦਾ ਤਖਤ ਬਣਾ ਦੇਣਾ ਜਾਂ ਇਸ ਨੂੰ ਤਖਤ ਦੇ ਉਤਪਤੀ-ਕਾਂਡ (genesis) ਦੇ ਰੂਪ ਵਿੱਚ ਪੇਸ਼ ਕਰ ਦੇਣਾ ਇੱਕ ਅਟਕਲਪੱਚੂ ਤੋਂ ਵੱਧ ਕੁੱਝ ਵੀ ਨਹੀਂ। ਸਾਬਕਾ ‘ਜਥੇਦਾਰ’ ਜੀ ਇਸ ਗੱਲ ਦਾ ਲੁਕੋ ਰੱਖ ਗਏ ਹਨ ਕਿ ‘ਅਸਥਾਨ’ ਤੋਂ ਉਹਨਾਂ ਦਾ ਕੀ ਭਾਵ ਹੈ, ਤਖਤ ਭਾਵ ਥੜ੍ਹਾ (pedestal) ਜਾਂ ਕਿ ਕੋਈ ਇਮਾਰਤ। ਉਹਨਾਂ ਨੇ ਅਜਿਹਾ ਕਿਉਂ ਕੀਤਾ ਹੈ ਇਹ ਉਹ ਹੀ ਜਾਨਣ ਪਰੰਤੂ ਜੇਕਰ ਉਹਨਾਂ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਹੈ ਤਾਂ ਇਹ ਸਿਖ ਕੌਮ ਨਾਲ ਸਰਾਸਰ ਧੋਖਾ ਹੈ।

ਅਗਲੀ ਸਤਰ ਵਿੱਚ ਹੀ ਸਾਬਕਾ ‘ਜਥੇਦਾਰ’ ਜੀ “ਗੁਰੂ ਨਾਨਕ ਤੋਂ ਅਰੰਭ ਹੋਇਆ ਮੀਰੀ ਪੀਰੀ ਦਾ ਅਕਾਲ ਤਖਤ” ਹੋਣ ਦਾ ਇੱਕ ਨਵਾਂ ਸੰਕਲਪ ਪੇਸ਼ ਕਰ ਦਿੰਦੇ ਹਨ। ਇਸ ਸੰਕਲਪ ਦਾ ਪ੍ਰਗਟਾਵਾ ਉਹ ਸ੍ਰੀ ਗ੍ਰੰਥ ਜੀ ਵਿੱਚੋਂ ਦਿੱਤੇ ਨੌਂ ਹਵਾਲਿਆਂ ਰਾਹੀਂ ਕਰਦੇ ਹਨ। ਇਹਨਾਂ ਸਾਰੇ ਹਵਾਲਿਆਂ ਵਿੱਚ ਉਹਨਾਂ ਦਾ ਫੋਕਸ ਰਾਜ, ਤਖਤ, ਕੋਟੁ, ਹੁਕਮ, ਨੇਜਾ, ਦਲ, ਜੁਧ, ਦਰਬਾਰ, ਸਾਹਾ, ਪਾਤਿਸਾਹੁ, ਚਉਰ, ਛਤੁ, ਫੁਰਮਾਨੁ, ਨਿਆਉ ਵਰਗੇ ਸ਼ਬਦਾਂ ਤੇ ਹੈ ਜੋ ਦੁਨਿਆਵੀ ਰਾਜ-ਭਾਗ ਦੀ ਵਿਵਸਥਾ ਨਾਲ ਸਬੰਧਿਤ ਹਨ। ਭਾਵ ਸਾਬਕਾ ‘ਜਥੇਦਾਰ’ ਜੀ ਇਹਨਾਂ ਹਵਾਲਿਆਂ ਵਿੱਚ ਸ਼ਾਮਲ ਕੀਤੇ ਗਏ ਦੁਨਿਆਵੀ ਰਾਜ-ਭਾਗ ਦੀ ਵਿਵਸਥਾ ਦੇ ਅੰਸ਼ਾਂ ਨੂੰ ਮੀਰੀ ਦੇ ਸੰਕਲਪ ਦੇ ਪ੍ਰਗਟਾਵੇ ਦੇ ਤੌਰ ਤੇ ਪੇਸ਼ ਕਰ ਰਹੇ ਹਨ। ਪਰੰਤੂ ਸਾਬਕਾ ‘ਜਥੇਦਾਰ’ ਜੀ ਭੁੱਲ ਰਹੇ ਹਨ ਕਿ ਇੱਥੇ ਇਹ ਸਾਰੇ ਅੰਸ਼ ਕਾਵਿਕ ਅਲੰਕਾਰਾਂ (figures of speech) ਦੇ ਤੌਰ ਤੇ ਵਰਤੇ ਗਏ ਹਨ ਅਤੇ ਇਹਨਾਂ ਸਾਰੇ ਅਲੰਕਾਰਾਂ ਦੀ ਇੱਥੇ ਕੀਤੀ ਗਈ ਵਰਤੋਂ ਦਾ ਮਕਸਦ ਕੇਵਲ ਅਤੇ ਕੇਵਲ ਗੁਰੂ ਸਾਹਿਬਾਨ ਦੀ ਅਧਿਆਤਮਿਕ ਖੇਤਰ ਵਿਚਲੀ ਵਡਿੱਤਣ ਨੂੰ ਪ੍ਰਗਟਾਉਣਾ ਹੈ। ਸ੍ਰੀ ਗ੍ਰੰਥ ਜੀ ਵਿਚਲੀ ਰਚਨਾ ਵਿੱਚ ਵਰਤੇ ਹੋਏ ਰੂਪਕਾਂ (metaphors ) ਅਤੇ ਤਸ਼ਬੀਹਾਂ (similes) ਨੂੰ ਸ੍ਰੀ ਗ੍ਰੰਥ ਜੀ ਵਿੱਚ ਮੀਰੀ ਦਾ ਅੰਸ਼ ਹੋਣ ਦੇ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ ਜਿਸ ਤਰ੍ਹਾਂ ਕਿਸੇ ਲੇਖਕ ਨੂੰ ‘ਸਾਹਿਤ ਦਾ ਸੂਰਜ’ ਦਾ ਖਿਤਾਬ ਮਿਲ ਜਾਣ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਉਸ ਦੀ ਸਾਹਿਤਕ ਰਚਨਾਂ ਵਿੱਚ ‘ਗਰਮ-ਖਿਆਲੀ’ ਤੱਤਾਂ ਦੀ ਭਰਮਾਰ ਹੈ। ਜੇਕਰ ਸਾਬਕਾ ‘ਜਥੇਦਾਰ’ ਜੀ ਨੇ ਸ੍ਰੀ ਗ੍ਰੰਥ ਜੀ ਵਿੱਚੋਂ ਮੀਰੀ ਦੇ ਸੰਕਲਪ ਦੀ ਕੋਈ ਉਦਾਹਰਣ ਦੇਣੀ ਹੀ ਸੀ ਤਾਂ ਇਸ ਮਕਸਦ ਲਈ ਹੇਠ ਦਿੱਤੀਆਂ ਸਤਰਾਂ ਹੀ ਕਾਫੀ ਸਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ II ਸਿਰੁ ਧਰਿ ਤਲੀ ਗਲੀ ਮੇਰੀ ਆਉ II

ਇਤੁ ਮਾਰਗਿ ਪੈਰੁ ਧਰੀਜੈ II ਸਿਰੁ ਦੀਜੈ ਕਾਣਿ ਨ ਕੀਜੈ II (ਗੁਰੂ ਨਾਨਕ ਦੇਵ)

ਅਤ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤII

ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤੁII ( ਭਗਤ ਕਬੀਰ)

ਦੂਸਰੇ ਪਾਸੇ ਸਾਬਕਾ ‘ਜਥੇਦਾਰ’ ਜੀ ਨੂੰ ਚਾਹੀਦਾ ਸੀ ਕਿ ਉਹ ਸ੍ਰੀ ਗ੍ਰੰਥ ਜੀ ਵਿੱਚ ਸਮਾਏ ਹੋਏ ‘ਪੀਰੀ’ ਦੇ ਅੰਸ਼ ਨੂੰ ਵੱਖਰੇ ਤੌਰ ਤੇ ਦਰਸਾਕੇ ਅਤੇ ਉਸ ਨੂੰ ਸ੍ਰੀ ਗ੍ਰੰਥ ਜੀ ਰਾਹੀਂ ਪਰਗਟ ਹੁੰਦੇ ‘ਮੀਰੀ’ ਦੇ ਅੰਸ਼ ਨਾਲ ਜੋੜ ਕੇ ‘ਮੀਰੀ-ਪੀਰੀ’ ਦਾ ਇੱਕ ਸੰਗਟਿਤ (composite) ਸੰਕਲਪ ਪ੍ਰੀਭਾਸ਼ਿਤ ਕਰਦੇ। ਪਰੰਤੂ ਉਹਨਾਂ ਨੇ ਅਜਿਹਾ ਤਾਂ ਕੀਤਾ ਨਹੀਂ ਅਤੇ ਉਂਜ ਹੀ “ਮੀਰੀ ਪੀਰੀ ਦਾ ਅਕਾਲ ਤਖਤ” ਦਾ ਸ਼ੋਸ਼ਾ ਛੱਡ ਕੇ ਪਾਸੇ ਹੋ ਗਏ ਹਨ।

ਇਸ ਤੋਂ ਅੱਗੇ ਸਾਬਕਾ ‘ਜਥੇਦਾਰ’ ਜੀ ਸ਼ਬਦ ‘ਦਾ’ ਅਤੇ ‘ਦੀ’ ਦੀ ਵਰਤੋਂ ਵਿੱਚ ਉਲਝ ਗਏ ਹਨ। ਉਹ ਕਹਿੰਦੇ ਹਨ ਕਿ ‘ਅਕਾਲ ਤਖਤ’ ਸ਼ਬਦ-ਜੋੜ ਵਿੱਚ ‘ਦਾ’ ਸ਼ਬਦ ਮੌਜੂਦ ਨਹੀਂ। ਪਰੰਤੂ ਉਹ ਇਸ ਵਿਆਕਰਣਕ ਸਥਿਤੀ ਦੀ ਵਿਆਖਿਆ ਨਹੀਂ ਕਰਦੇ। ਮੋਟੇ ਤੌਰ ਤੇ ‘ਅਕਾਲ’ ਸ਼ਬਦ ਦੇ ਪਰਚਲਤ ਅਰਥ ਵੇਖਣੇ ਹੋਣ ਤਾਂ ਦੋ ਹੀ ਬਣਦੇ ਹਨ, ਇੱਕ ਨਾਂਵ-ਰੂਪ ‘ਪਰਮਾਤਮਾ’ ਅਤੇ ਦੂਸਰਾ ਵਿਸ਼ੇਸ਼ਣ-ਰੂਪ ‘ਸਦੀਵੀ’ ( ‘ਅਕਾਲ’ ਸ਼ਬਦ ਦੇ ਦੋ ਹੋਰ ਘਟ ਪਰਚਲਤ ਨਾਂਵ-ਰੂਪ ਵੀ ਹਨ ਜੋ ਇਸੇ ਪੈਰੇ ਵਿੱਚ ਹੇਠਾਂ ਦਿੱਤੇ ਗਏ ਹਨ)। ਗੁਰਬਾਣੀ ਵਿੱਚ ‘ਅਕਾਲ’ ਸ਼ਬਦ ਕੇਵਲ ਤਿੰਨ ਸਥਿਤੀਆਂ ਵਿੱਚ ਵਰਤਿਆ ਗਿਆ ਹੈ, ਵਿਸ਼ੇਸ਼ਣ-ਰੂਪ ਨੂੰ ‘ਮੂਰਤਿ’ ਨਾਲ ਜੋੜ ਕੇ ‘ਅਕਾਲ ਮੂਰਤਿ’ ਬਣਾਉਣਾ, ਵਿਸ਼ੇਸ਼ਣ-ਰੂਪ ਨੂੰ ਹੀ ‘ਪੁਰਖ’ ਨਾਲ ਜੋੜ ਕੇ ‘ਅਕਾਲ ਪੁਰਖ’ ਬਣਾਉਣਾ ਅਤੇ ਨਾਂਵ-ਰੂਪ ਨਾਲ ‘ਕਾਲ-ਅਕਾਲ’ ਦਾ ਜੁੱਟ ਬਣਾ ਕੇ ਇੱਕ ਵਾਰ ‘ਕਾਲ’ (ਸੀਮਤ ਸਮਾਂ) ਦੇ ਉਲਟ ‘ਅਕਾਲ’ ਨੂੰ ‘ਦੀਰਘ ਆਯੂ’ ਦੇ ਅਰਥ ਦੇਣੇ ( “ਸਿਮਰੈ ਕਾਲੁ ਅਕਾਲੁ ਸੁਚਿ ਸੋਚਾ II-- ਮਹਲਾ ਪੰਜਵਾਂ ) ਅਤੇ ਦੂਸਰੀ ਵਾਰ ‘ਕਾਲ’ (ਸਮੇਂ ਭਾਵ ਆਯੂ) ਦੇ ਉਲਟ ‘ਅਕਾਲ’ ਨੂੰ ‘ਮੌਤ’ ਦੇ ਅਰਥ ਦੇਣੇ ( “ਕਾਲੁ ਅਕਾਲ ਖਸਮ ਕਾ ਕੀਨਾ ਇਹੁ ਪਰਪੰਚੁ ਬਧਾਵਨੁIIਭਗਤ ਕਬੀਰ )। ਗੁਰਬਾਣੀ ਵਿੱਚ ‘ਕਾਲ-ਅਕਾਲ’ ਜੁੱਟ ਉੱਪਰ ਦੱਸੇ ਅਨੁਸਾਰ ਕੇਵਲ ਦੋ ਵਾਰ ਹੀ ਵਰਤਿਆ ਗਿਆ ਹੈ।

ਇਸ ਤਰ੍ਹਾਂ ਗੁਰਬਾਣੀ ਵਿੱਚ ਆਏ ‘ਅਕਾਲ ਮੂਰਤਿ’ ਅਤੇ ‘ਅਕਾਲ ਪੁਰਖ’ ਸ਼ਬਦ-ਜੋੜਾਂ ਵਿੱਚ ‘ਅਕਾਲ’ ਸ਼ਬਦ ਵਿਸ਼ੇਸ਼ਣ-ਰੂਪ ਵਿੱਚ ਹੀ ਵਰਤਿਆ ਗਿਆ ਹੈ ਅਤੇ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਨਾਂਵ-ਰੂਪ ‘ਅਕਾਲ’ ਸ਼ਬਦ ‘ਪਰਮਾਤਮਾਂ’ ਵਾਸਤੇ ਇੱਕ ਵਾਰ ਵੀ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ‘ਅਕਾਲ’ ਸ਼ਬਦ ਦੇ ‘ਪਰਮਾਤਮਾਂ’ ਵਾਲੇ ਅਰਥ ਲੈਕੇ ਬਣਾਇਆ ਗਿਆ ‘ਅਕਾਲ ਤਖਤ’ ਸ਼ਬਦ-ਜੋੜ ਗੁਰਬਾਣੀ ਅਧਾਰਿਤ ਨਹੀਂ ਕਿਹਾ ਜਾ ਸਕਦਾ। ਫਿਰ ਵੀ ਜੇਕਰ ਕੋਈ ‘ਅਕਾਲ ਤਖਤ’ ਸ਼ਬਦ-ਜੋੜ ਵਿਚਲੇ ‘ਅਕਾਲ’ ਸ਼ਬਦ ਨੂੰ ਨਾਂਵ-ਰੂਪ ‘ਪਰਮਾਤਮਾਂ’ ਦੇ ਅਰਥ ਦੇਣਾਂ ਚਾਹੁੰਦਾ ਹੈ ਤਾਂ ਉਸ ਹਾਲਤ ਵਿੱਚ ‘ਅਕਾਲ ਤਖਤ’ ਦਾ ਅਰਥ ‘ਪਰਮਾਤਮਾਂ ਦਾ ਤਖਤ’ ਬਣ ਜਾਵੇਗਾ। ਪੰਜਾਬੀ ਵਿਚੇ ਅਜਿਹੇ (ਨਾਂਵ-ਰੂਪ + ਨਾਂਵ-ਰੂਪ) ਸ਼ਬਦ-ਜੋੜ ਆਮ ਵਰਤੇ ਜਾਂਦੇ ਹਨ ਜਿਹਨਾਂ ਵਿੱਚ ‘ਦਾ/ਦੀ’ ਸ਼ਬਦ ਦੀ ਵਰਤੋਂ ਆਪਣੇ ਆਪ ਹੀ ਲੁੱਕਵੇਂ ਢੰਗ ਨਾਲ ਹੋ ਰਹੀ ਹੁੰਦੀ ਹੈ ਜਿਵੇਂ ‘ਸਾਉਣ ਮਹੀਨਾ’ (ਸਾਉਣ ਦਾ ਮਹੀਨਾ), ‘ਗੁਰੂ ਕਿਰਪਾ’ (ਗੁਰੂ ਦੀ ਕਿਰਪਾ), ‘ਆਥਣ ਵੇਲਾ’ (ਆਥਣ ਦਾ ਵੇਲਾ) ਆਦਿਕ। ਜੇਕਰ ‘ਅਕਾਲ ਤਖਤ’ ਸ਼ਬਦ-ਜੋੜ ਵਿੱਚ ‘ਅਕਾਲ’ ਸ਼ਬਦ ਦੀ ਵਿਸ਼ੇਸ਼ਣ-ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਸ਼ਬਦ-ਜੋੜ ਦਾ ਅਰਥ ਬਣਦਾ ਹੈ ‘ਸਦੀਵੀ ਤਖਤ’। ਪਰੰਤੂ ਸਾਬਕਾ ‘ਜਥੇਦਾਰ’ ਜੀ ਇਹ ਬਿਲਕੁਲ ਸਪਸ਼ਟ ਨਹੀਂ ਕਰਦੇ ਕਿ ਉਹ ‘ਅਕਾਲ ਤਖਤ’ ਦਾ ਅਰਥ ‘ਪਰਮਾਤਮਾਂ ਦਾ ਤਖਤ’ ਤੋਂ ਕੱਢ ਰਹੇ ਹਨ ਜਾਂ ਕਿ ‘ਸਦੀਵੀ ਤਖਤ’ ਤੋਂ। ਉਹ ਸਿੱਧਾ ਹੀ ਕਹਿ ਰਹੇ ਹਨ ਕਿ ‘ਅਕਾਲ ਤਖਤ’, ‘ਅਕਾਲ ਤਖਤ ਦੀ ਇਮਾਰਤ’ ਅਤੇ ‘ਅਕਾਲ ਤਖਤ ਦਾ ਸੇਵਾਦਾਰ’ -- ਇਹ ਤਿੰਨੋਂ ਭਿੰਨ ਹਨ। ਅਸਲ ਵਿੱਚ ਉਹ ‘ਅਕਾਲ ਤਖਤ’ ਦੇ ਦੋਵਾਂ ਅਰਥਾਂ ( ‘ਪਰਮਾਤਮਾਂ ਦਾ ਤਖਤ’ ਅਤੇ ‘ਸਦੀਵੀ ਤਖਤ’ ) ਦੀ ਆਪਣੀ ਸਹੂਲਤ ਅਨੁਸਾਰ ਵਰਤੋਂ ਵੀ ਕਰ ਰਹੇ ਹਨ ਅਤੇ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਸਵੀਕਾਰ ਵੀ ਨਹੀਂ ਕਰ ਰਹੇ। ਇਹ ਤੱਥ ਇੱਕ ਬੁੱਧੀਜੀਵੀ ਵਿਆਖਿਆਕਾਰ ਵਜੋਂ ਉਹਨਾਂ ਦੀ ਸੁਹਿਰਦਤਾ ਉੱਤੇ ਪ੍ਰਸ਼ਨ-ਚਿੰਨ ਲਗਾਉਂਦਾ ਹੈ।

ਪਹਿਲਾਂ ਤਾਂ ਜਿਵੇਂ ਅਸੀਂ ਉੱਪਰ ਵੇਖ ਆਏ ਹਾਂ ਕਿ ਸਾਬਕਾ ‘ਜਥੇਦਾਰ’ ਜੀ ਨੇ ‘ਅਕਾਲ ਤਖਤ’ ਦਾ ਸਿਧਾਂਤ ਤਾਂ ਕੋਈ ਦਿੱਤਾ ਹੀ ਨਹੀਂ। ਫਿਰ ਤਾਂ ਉਹਨਾਂ ਵੱਲੋਂ ਚਿਤਵੇ ਸੰਕਲਪਾਂ ‘ਅਕਾਲ ਤਖਤ ਦੀ ਇਮਾਰਤ’ ਅਤੇ ‘ਅਕਾਲ ਤਖਤ ਦਾ ਸੇਵਾਦਾਰ’ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਦੂਸਰਾ, ਜੇਕਰ ਉਹ ਆਪਣੇ ਖਿਆਲੀ ‘ਅਕਾਲ ਤਖਤ’ ਨਾਲ ਚਿਪਕੇ ਹੀ ਰਹਿਣਾ ਚਾਹੁੰਦੇ ਹਨ ਤਾਂ ਉਹਨਾਂ ਦੀ ‘ਅਕਾਲ ਤਖਤ ਦੀ ਇਮਾਰਤ’ ਨੂੰ ਅਸੀਂ ਸਿਧਾਂਤ-ਰਹਿਤ ਇਮਾਰਤ ਅਤੇ ਉਹਨਾਂ ਦੇ ‘ਅਕਾਲ ਤਖਤ ਦਾ ਸੇਵਾਦਾਰ’ ਨੂੰ ਅਸੀਂ ਸਿਧਾਂਤ-ਰਹਿਤ ਸੇਵਾਦਾਰ ਹੀ ਕਹਿ ਸਕਾਂਗੇ।

ਸਾਬਕਾ ‘ਜਥੇਦਾਰ’ ਜੀ ਆਪਣੀ ਲਿਖਤ ਦੇ ਪਹਿਲੇ ਹਿੱਸੇ ਦੇ ਅੰਤ ਤੇ ਆਪਣਾ ‘ਹੁਕਮਨਾਮਾ’ ਵੀ ਸੁਣਾ ਗਏ ਹਨ:

“ਅਕਾਲ ਤਖਤ ਇੱਕ ਪਵਿੱਤਰ ਸਿਧਾਂਤ ਹੈ ਜੋ ਮਰਦਾ ਜਾਂ ਬਦਲਦਾ ਨਹੀ।”

ਪਰੰਤੂ ਜਿਵੇਂ ਕਿ ਉੱਪਰ ਸਾਬਤ ਕੀਤਾ ਜਾ ਚੁੱਕਾ ਹੈ ਕਿ ਸਾਬਕਾ ‘ਜਥੇਦਾਰ’ ਜੀ ਦਾ ‘ਅਕਾਲ ਤਖਤ’ ਕੇਵਲ ਖਿਆਲੀ ਪੁਲਾਓ ਹੈ, ਇਸ ਦੀ ਕੋਈ ਹੋਂਦ ਨਹੀਂ, ਇਸ ਦਾ ਕੋਈ ਸਿਧਾਂਤ ਨਹੀਂ। ਸੋ ਇਸ ਦੀ ਪਵਿੱਤਰਤਾ ਅਤੇ ਇਸ ਦੇ ਮਰਨ ਜਾਂ ਬਦਲਣ ਦੀ ਸਥਿਤੀ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਪਰਤੱਖ ਹੈ ‘ਅਕਾਲ ਤਖਤ’ ਦੀ ਸਥਿਤੀ ਦੇ ਸਬੰਧ ਵਿੱਚ ਸਾਬਕਾ ‘ਜਥੇਦਾਰ’ ਜੀ ਖੁਦ ਹੀ ਵੱਡੇ ਭੰਬਲਭੂਸਿਆਂ ਦਾ ਸ਼ਿਕਾਰ ਹੋਏ ਹੋਏ ਹਨ ਅਤੇ ਉਹਨਾਂ ਦੇ ਉਪਰੋਕਤ ਸਾਰੇ ਬਿਆਨ ਪਾਠਕਾਂ ਨੂੰ ਵਿਸ਼ੇ ਸਬੰਧੀ ਕੋਈ ਸਪਸ਼ਟ ਅਤੇ ਠੋਸ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦੇ। ਸਗੋਂ ਇਹ ਬਿਆਨ ਪਾਠਕਾਂ ਨੂੰ ਗੁਮਰਾਹ ਕਰਨ ਦਾ ਵਸੀਲਾ ਜ਼ਰੂਰ ਬਣਨਗੇ।

ਆਪਣੀ ਲਿਖਤ ਦੇ ਦੂਸਰੇ ਭਾਗ ਵਿੱਚ ਸਾਬਕਾ ‘ਜਥੇਦਾਰ’ ਜੀ ਨੇ ਆਪਣੀ ਹੱਡ-ਬੀਤੀ ਦਾ ਰੋਣਾ ਰੋਇਆ ਹੈ। ਉਹਨਾਂ ਵੱਲੋਂ ਪੇਸ਼ ਕੀਤੇ ਗਏ ਮੂਹਰਲੇ ਪੱਤਰ ( ‘ਕਵਰਿੰਗ ਲੈਟਰ’ ) ਨੂੰ ਧਿਆਨ ਨਾਲ ਘੋਖਿਆ ਜਾਵੇ ਤਾਂ ਬੜੀ ਹੀ ਹਾਸੋਹੀਣੀ ਸਥਿਤੀ ਸਾਹਮਣੇ ਆਉਂਦੀ ਹੈ। ਉਹ ਕਹਿਣਾ ਚਾਹੁਂਦੇ ਹਨ ਕਿ ਉਹ ‘ਪਰਮਾਤਮਾਂ ਦੇ ਤਖਤ’ ਤੇ ਪੇਸ਼ ਤਾਂ ਹੋ ਗਏ ਸਨ ਪਰੰਤੂ ‘ਜਥੇਦਾਰ’ ਉਥੇ ਹਾਜ਼ਰ ਨਹੀਂ ਸੀ (ਉਹਨਾਂ ਦਾ ਪੱਤਰ ਵੀ ਪਰਮਾਤਮਾਂ ਨੂੰ ਹੀ ਸੰਬੋਧਿਤ ਹੈ)। ਇੱਕ ਪਾਸੇ ਤਾਂ ਉਹ ਕਹਿ ਰਹੇ ਹਨ ਕਿ ਉਹ ਤਖਤ ਜਿਥੇ ਉਹ ਪੇਸ਼ ਹੋਏ ਸਨ ‘ਪਰਮਾਤਮਾਂ ਦਾ ਤਖਤ’ ਸੀ ਫਿਰ ਤਾਂ ਉਹਨਾਂ ਨੂੰ ਤਖਤ ਤੇ ਬੈਠਾ ਹੋਇਆ ਪਰਮਾਤਮਾਂ ਹੀ ਮਿਲ ਗਿਆ ਹੋਣਾ ਹੈ। ਉਸੇ ‘ਤਖਤ’ ਉਤੇ ‘ਜਥੇਦਾਰ’ ਦੇ ਰੂਪ ਵਿੱਚ ਦੂਸਰੀ ਹਸਤੀ ਕਿਵੇਂ ਆ ਕੇ ਬੈਠ ਸਕਦੀ ਸੀ? ਜੇਕਰ ਪਰਮਾਤਮਾਂ ਉਥੋਂ ਗੈਰਹਾਜ਼ਰ ਸੀ ਤਾਂ ‘ਜਥੇਦਾਰ’ ਤੇ ਕਾਹਦਾ ਗੁੱਸਾ, ਉਸ ਨੂੰ ਵੀ ਤਾਂ ‘ਫਰਲੋ’ ਮਾਰਨ ਦਾ ਹੱਕ ਮਿਲ ਹੀ ਜਾਂਦਾ ਹੈ, ਜਾਂ ਹੋ ਸਕਦਾ ਹੈ ਅਚਾਨਕ ਹੀ ਉਸ ਨੂੰ ਬਦੇਸ਼ ਜਾਣਾ ਪੈ ਗਿਆ ਹੋਵੇ। ਨਾਂਲੇ ‘ਜਥੇਦਾਰ’ ਤਾਂ ਆਪਣੇ ‘ਸਕਤਰੇਤ’ ਵਿਚਲੇ ‘ਤਖਤ’ ਉਤੇ ਬੈਠਿਆ ਕਰਦਾ ਹੈ। ਸਾਬਕਾ ‘ਜਥੇਦਾਰ’ ਹੋਣ ਦੇ ਨਾਤੇ ਉਹਨਾਂ ਨੂੰ ਠੀਕ ਐਡਰੈਸ ਤੇ ਹੀ ਜਾਣਾ ਚਾਹੀਦਾ ਸੀ ਕਿਉਂਕਿ ਉਹ ਆਪ ਵੀ ਕਿਸੇ ਵੇਲੇ ਉਥੇ ਹੀ ਕਾਰਜਸ਼ੀਲ ਰਹੇ ਹਨ। ਦੂਸਰੀ ਗਲਤੀ ਉਹਨਾਂ ਕੋਲੋਂ ਇਹ ਹੋ ਗਈ ਕਿ ਉਹ ਭੁੱਲ ਗਏ ਕਿ ‘ਪਰਮਾਤਮਾਂ’ ਤਾਂ ਕਿਸੇ ਦੁਨਿਆਵੀ ਤਖਤ ਉੱਤੇ ਬੈਠਦਾ ਹੀ ਨਹੀਂ। ਪਰਮਾਤਮਾਂ ਦੇ ਨਿਰੰਕਾਰ ਹੋਣ ਕਰਕੇ ਉਸ ਨੂੰ ਕਿਸੇ ਤਖਤ ਦੀ ਉਂਜ ਹੀ ਲੋੜ ਨਹੀਂ, ਨਾਂ ਦੇਵ-ਲੋਕ ਵਿੱਚ ਅਤੇ ਨਾਂ ਮਾਤ-ਲੋਕ ਵਿਚ। ‘ਜਥੇਦਾਰ’ ਨੂੰ ਤਾਂ ‘ਸਕਤਰੇਤ’ ਵਿੱਚ ਹੀ ਤਖਤ ਮਿਲਿਆ ਹੋਇਆ ਹੈ ਅਤੇ ਉਸ ਨੂੰ ਕਿਸੇ ਐਸੀ ‘ਇਮਾਰਤ’ ਵਿੱਚ ਜਾ ਕੇ ਬੈਠਣ ਦੀ ਲੋੜ ਨਹੀਂ ਜਿੱਥੇ ਉਸ ਦੇ ਵਾਸਤੇ ਕੋਈ ਵਿਸ਼ੇਸ਼ ਤਖਤ ਨਹੀਂ ਬਣਾਇਆ ਗਿਆ ਹੋਇਆ। ਸਾਬਕਾ ‘ਜਥੇਦਾਰ’ ਜੀ ਨੂੰ ਤਾਂ ਚੰਗਾ-ਭਲਾ ਪਤਾ ਸੀ ਕਿ ਜਿਸ ‘ਇਮਾਰਤ’ ਵਿੱਚ ਉਹ ਹਾਜ਼ਰ ਹੋਏ ਸਨ ਤਖਤ ਤਾਂ ਉਥੇ ਉਂਜ ਵੀ ਕੋਈ ਹੈ ਨਹੀਂ ਸੀ। ‘ਜਥੇਦਾਰ’ ਹੁੰਦਿਆਂ ਉਹ ਆਪ ਵੀ ਕਿਹੜਾ ਕਦੀ ਉੱਥੇ ਜਾਕੇ ਬੈਠੇ ਸਨ। ਜੇਕਰ ਉਸ ਦਿਨ ਭੁਲੇਖੇ ਨਾਲ ‘ਜਥੇਦਾਰ’ ਇਸ ਇਮਾਰਤ ਵੱਲ ਚੱਕਰ ਲਾ ਲੈਂਦਾ ਤਾਂ ਸਾਬਕਾ ‘ਜਥੇਦਾਰ’ ਜੀ ਦੀ ਫਾਈਲ ਦੀ ਕਾਪੀ ਤਾਂ ਉਸ ਨੂੰ ਸਵੀਕਾਰ ਕਰਨੀ ਹੀ ਪੈਣੀ ਸੀ, ਫਿਰ ਵੀ ‘ਅਹੁਦੇ’ ਦਾ ਲਿਹਾਜ ਤਾਂ ਹੁੰਦਾ ਹੀ ਹੈ। ਚਲੋ ਕੋਈ ਗੱਲ ਨਹੀਂ, ‘ਜਥੇਦਾਰ’ ਤਾਂ ਕਿਸੇ ਹਵਾਈ ਜਹਾਜ ਵਿੱਚ ਵੀ ਟੱਕਰ ਸਕਦਾ ਹੈ, ਉਥੇ ਹੀ ਉਸ ਨੂੰ ਫਾਈਲ ਦੀ ਕਾਪੀ ਸੌਂਪੀ ਜਾ ਸਕਦੀ ਹੈ। ਨਾਲੇ ਜਹਾਜ ਵਿੱਚ ਕਿਸੇ ਨੇ ਕਿਰਪਾਨ ਵੀ ਨਹੀਂ ਪਹਿਨੀ ਹੋਈ ਹੁੰਦੀ। ਖੈਰ, ਜਿਹੜੇ ਐਡਰੈਸ ਤੇ ਸਾਬਕਾ ‘ਜਥੇਦਾਰ’ ਜੀ ਪਹੁੰਚ ਗਏ ਸਨ ਉਹ ਅਸਲ ਵਿੱਚ ਗੁਰਦੁਆਰਾ ਅਕਾਲ ਬੁੰਗਾ ਹੈ। ਹੁਣ ਗੁਰਦੁਆਰੇ ਤਾਂ ਥਾਂ-ਥਾਂ ਤੇ ਬਣੇ ਹੋਏ ਹਨ, ਪਰਮਾਤਮਾਂ ਵਿਚਾਰਾ ਵੀ ਕਿੱਥੇ-ਕਿੱਥੇ ਜਾਵੇ। ਪਰਮਾਤਮਾਂ ਤਾਂ ਇੱਕ ਸੁਹਿਰਦ ਸਿੱਖ ਵਾਂਗ ਉਂਜ ਵੀ ‘ਗੁਰਦੁਆਰਿਆਂ’ ਵਿੱਚ ਜਾਣ ਤੋਂ ਡਰਦਾ ਹੈ –- ਹੁਣ ਦੇਸ਼-ਵਿਦੇਸ਼ ਦਾ ਲਗ-ਭਗ ਹਰੇਕ ਗੁਰਦੁਆਰਾ ਅਖੌਤੀ ਅਕਾਲ-ਤਖਤ ਦੀ ਤਰਜ਼ ਤੇ ਹੀ ਜੁ ਚੱਲ ਰਿਹਾ ਹੈ। ਸ਼ੁਕਰ ਹੈ ਕਿ ਹੁਣ ਗੁਰਦੁਆਰੇ ਵਿੱਚ ਬਿਰਾਜਮਾਨ ਹੋਣ ਦੀ ਜ਼ਿੰਮੇਵਾਰੀ ਸ੍ਰੀ ਗ੍ਰੰਥ ਜੀ ਨੂੰ ਮਿਲੀ ਹੋਈ ਹੈ। ਜੇਕਰ ਸਾਬਕਾ ‘ਜਥੇਦਾਰ’ ਜੀ ਨੇ ਆਪਣੀ ਫਾਈਲ ਗੁਰਦੁਆਰੇ ਵਿੱਚ ਹੀ ਭੇਂਟ ਕਰਨੀ ਸੀ ਤਾਂ ਉਹ ਦਿੱਲੀ ਦੇ ਕਿਸੇ ਗੁਰਦੁਆਰੇ ਵਿੱਚ ਵੀ ਭੇਂਟ ਕਰ ਸਕਦੇ ਸਨ ਜਾਂ ਕੈਨੇਡਾ/ਅਮਰੀਕਾ ਦੇ ਕਿਸੇ ਗੁਰਦੁਆਰੇ ਵਿੱਚ ਵੀ। ‘ਭੋਲੀ-ਭਾਲੀ ਸਿੱਖੀ’ ਨੂੰ ਤਾਂ ਉਥੋਂ ਵੀ ਸੂਚਨਾ ਮਿਲ ਜਾਣੀ ਸੀ। ਅੱਜ ਦਾ ਯੁਗ ਤਾਂ ਸੂਚਨਾ-ਤਕਨੌਲੌਜੀ ਦਾ ਯੁਗ ਹੈ। ਨਾਲੇ ਸਾਬਕਾ ‘ਜਥੇਦਾਰ’ ਜੀ ਨੇ ਤਾਂ ਆਪਣੀ ਵੈਬਸਾਈਟ ਵੀ ਖੋਲ੍ਹੀ ਹੋਈ ਹੈ। ਹੁਣ ਨਾਂ ਤਾਂ ਉਹਨਾਂ ਦੀ ਫਾਈਲ ਪਰਮਾਤਮਾਂ ਕੋਲ ਪਹੁੰਚੀ ਨਾਂ ਹੀ ਇਸ ਦੀ ਕਾਪੀ ‘ਜਥੇਦਾਰ’ ਕੋਲ। ਚਲੋ ਪਰਮਾਤਮਾਂ ਤਾਂ ਫਿਰ ਵੀ ਅੰਤਰਯਾਮੀ ਹੈ, ‘ਜਥੇਦਾਰ’ ਨੂੰ ਫਾਈਲ ਦੀ ਕਾਪੀ ਈ-ਮੇਲ ਰਾਹੀਂ ਵੀ ਭੇਜੀ ਜਾ ਸਕਦੀ ਹੈ, ਪਰੰਤੂ ‘ਭੋਲੀ-ਭਾਲੀ ਸਿੱਖੀ’ ਬੜੀ ਭੁਲੱਕੜ ਹੈ, ਉਸ ਨੂੰ ਵਾਰ-ਵਾਰ ਯਾਦ ਕਰਵਾਉਣਾਂ ਪੈਂਦਾ ਹੈ। ਇਹ ਕਾਰਜ ਸਾਬਕਾ ‘ਜਥੇਦਾਰ’ ਜੀ ਦੀ ਇਸ ਵਿਚਾਰ-ਅਧੀਨ ਲਿਖਤ ਨੇ ਭਲੀ-ਭਾਂਤ ਸਿਰੇ ਚਾੜ੍ਹਿਆ ਹੈ। ਭਲਾ ਹੋਵੇ ਸੂਚਨਾ-ਤਕਨੌਲੌਜੀ ਦਾ ਵਿਕਾਸ ਕਰਨ ਵਾਲਿਆਂ ਦਾ।

ਹੁਣ ਸਾਬਕਾ ‘ਜਥੇਦਾਰ’ ਜੀ ਦੀ ਸੇਵਾ ਵਿੱਚ ਨਿਮਾਣਾ ਜਿਹਾ ਸੁਝਾਓ ਇਹ ਹੈ ਕਿ ਉਹ ਇਹ ਗਲਤਬਿਆਨੀ ਕਰਨੀ ਛੱਡ ਦੇਣ ਕਿ ਜਿੱਥੇ ਉਹ ਹਾਜ਼ਰ ਹੋਏ ਸਨ ਉਹ ਕੋਈ ‘ਅਕਾਲ ਤਖਤ ਦੀ ਇਮਾਰਤ’ ਹੈ ਜਾਂ ਕਿ ਇਸ ‘ਅਸਥਾਨ’ ਦਾ ਸ੍ਰੀ ਗ੍ਰੰਥ ਜੀ ਨਾਲ ਕੋਈ ਇਤਹਾਸਿਕ ਸਬੰਧ ਹੈ। ਇਹ ਅਸੀਂ ਉੱਪਰ ਉਹਨਾਂ ਦੀ ਲਿਖਤ ਦੇ ਪਹਿਲੇ ਭਾਗ ਨਾਲ ਸਬੰਧਿਤ ਵਿਆਖਿਆ ਵਿੱਚ ਸਾਬਤ ਹੁੰਦਾ ਵੇਖ ਹੀ ਆਏ ਹਾਂ। “ਅਕਾਲ ਤਖਤ ਕਿਥੇ ਹੈ?” ਇਸ ਸਵਾਲ ਦਾ ਉੱਤਰ ਉਹਨਾਂ ਨੂੰ ਇਸ ਵਿਆਖਿਆ ਵਿੱਚੋਂ ਭਲੀ-ਭਾਂਤ ਮਿਲ ਗਿਆ ਹੋਣਾ ਹੈ ਕਿ ਕੋਈ ਕਲਪਿਤ ਹੋਂਦ (phenomenon) ਤਾਂ ਕੇਵਲ ਖਿਆਲਾਂ ਵਿੱਚ ਹੀ ਮੌਜੂਦ ਹੋਇਆ ਕਰਦੀ ਹੈ। ਭਾਵੇਂ ਸਾਬਕਾ ‘ਜਥੇਦਾਰ’ ਜੀ ‘ਜਥੇਦਾਰ’ ਦੇ ਸਾਹਮਣੇ ਪੇਸ਼ ਹੁੰਦੇ ਜਾਂ ਕਿ ਉਹ ਇਮਾਰਤ ਵਿੱਚ ਪੇਸ਼ ਹੋ ਕੇ ਗਏ ਸਨ, ਇਸ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਦੂਸਰੇ ਪਾਸੇ, ਉਹਨਾਂ ਦੀ ਸਿੱਖ ਜਗਤ ਵਿਚਲੀ ‘ਸਾਖ’ ਹਾਲੇ ਕਾਫੀ ਹੱਦ ਤਕ ਬਰਕਰਾਰ ਹੈ। ਇਸ ਲਈ ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣੇ ‘ਸਪਸ਼ਟੀਕਰਨ’ ਦੀ ਚਿੰਤਾ ਛੱਡ ਕੇ ਸਿੱਖ ਜਗਤ ਨੂੰ ਅਖੌਤੀ ਅਕਾਲ-ਤਖਤ ਤੋਂ ਛੁਟਕਾਰਾ ਦੁਆਉਣ ਦੀ ਮੁਹਿੰਮ ਵਿੱਚ ਅੱਗੇ ਆਉਣ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘਟੋ-ਘਟ ਕਿਸੇ ਖਿਆਲੀ ‘ਅਕਾਲ ਤਖਤ’ ਦੇ ਨਾਮ ਤੇ ‘ਭੋਲੀ-ਭਾਲੀ ਸਿੱਖੀ’ ਨੂੰ ਵੀ ਅਤੇ ‘ਜਾਗਰੂਕ ਸੰਗਤਾਂ’ ਨੂੰ ਵੀ ਗੁਮਰਾਹ ਕਰਨ ਦਾ ਯਤਨ ਨਾ ਕਰਨ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਸੰਪਰਕ ਲਈ ਫੋਨ: 09317910734, 0172-5077510

ਈ-ਮੇਲ ਐਡਰੈਸ: [email protected]




.