.

“ਅਖੀ ਬਾਝਹੁ ਵੇਖਣਾ

ਵਿਣੁ ਕੰਨਾ ਸੁਨਣਾ…”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਾਝ ਕੀ ਵਾਰ ਮ: ੧ ਪੰਨਾ ੧੩੯ ਦੀ ਤੀਜੀ ਪਉੜੀ ਨਾਲ ਇੱਕ ਸਲੋਕ ਦਰਜ ਹੋਇਆ ਹੈ ਜੋ ਇਸ ਤਰ੍ਹਾਂ ਹੈ “ਸਲੋਕ ਮ: ੨॥ ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ, ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ, ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ॥ ੧॥” ਇਸ ਸਲੋਕ ਦੇ ਅੱਖਰੀਂ ਅਰਥਾਂ ਵੱਲ਼ ਧਿਆਨ ਪੈਂਦੇ ਹੀ ਸਾਧਾਰਨ ਮਨੁੱਖ ਹੈਰਾਨ ਹੋ ਕੇ ਪੁਛਦਾ ਹੈ ਕਿ ਆਖਿਰ ਇਸ ਸਲੋਕ `ਚ ਗੁਰਦੇਵ ਫ਼ੁਰਮਾਅ ਕੀ ਰਹੇ ਹਨ? ਜਦਕਿ ਬਿਨਾ ਅਖਾਂ ਦੇ ਨਾ ਤਾਂ ਕੋਈ ਮਨੁੱਖ ਦੇਖ ਹੀ ਨਹੀਂ ਸਕਦਾ ਹੈ ਤੇ ਨਾ ਬਿਨਾ ਕੰਨਾ ਦੇ ਸੁਣ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਟੁਰ ਵੀ ਤਾਂ ਹੀ ਸਕਦਾ ਹੈ ਜੇ ਉਹ ਆਪਣੇ ਪੈਰਾਂ ਦਾ ਇਸਤੇਮਾਲ ਕਰੇ ਤੇ ਬੋਲੇਗਾ ਵੀ ਜੀਭ ਦੀ ਮਦਦ ਨਾਲ ਹੀ, ਜੀਭ ਤੋਂ ਬਿਨਾ ਨਹੀਂ। ਇਸ ਸਾਰੇ ਦੇ ਬਾਵਜੂਦ ਇਥੇ ਸਲੋਕ ਅੰਦਰ ਤਾਂ ਗੁਰੂ ਸਾਹਿਬ ਇਸ ਸਾਰੇ ਦੇ ਉਲਟ ਹਿਦਾਇਤ ਕਰ ਰਹੇ ਹਨ ਕਿ ਐ ਭਾਈ! ਦੇਖਣ ਲਈ ਤੂੰ ਅਖਾਂ ਦਾ ਇਸਤੇਮਾਲ ਨਹੀਂ ਕਰਨਾ, ਸੁਨਣ ਲਈ ਤੂੰ ਕਨਾਂ ਦੀ ਵਰਤੋਂ ਨਹੀਂ ਕਰਣੀ, ਚਲਣਾ ਹੈ ਤਾਂ ਪੈਰਾਂ ਨੂੰ ਨਾ ਵਰਤ ਤੇ ਬੋਲ ਵੀ ਜ਼ਰੂਰ, ਪਰ ਜੀਭਾ ਦੀ ਵਰਤੋਂ ਕਰਕੇ ਨਹੀਂ, ਜੀਭ ਤੋਂ ਬਿਨਾ ਹੀ ਬੋਲ।

ਦੇਖਿਆ ਜਾਵੇ ਤਾਂ ਗੁਰਬਾਣੀ ਦੀ ਮਾੜੀ ਜਹੀ ਸੋਝੀ ਰਖਣ ਵਾਲਾ ਮਨੁੱਖ ਵੀ ਜਾਣਦਾ ਹੈ ਕਿ ਦਰਅਸਲ ਇਸ ਸਲੋਕ ਰਾਹੀਂ ਗੁਰੂ ਸਾਹਿਬ, ਗੁਰਬਾਣੀ ਦਾ ਜੋ ਅਮੁੱਲ਼ਾ ਸਿਧਾਂਤ ਪ੍ਰਗਟ ਕਰ ਰਹੇ ਹਨ ਉਸ ਨੂੰ ਸਮਝਣ ਲਈ ਇਸ ਸਲੋਕ ਦੀ ਆਖ਼ਰੀ ਪੰਕਤੀ “…. ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ” (ਪੰ: ੧੩੯) ਨੂੰ ਸਮਝਣਾ ਅਤਿ ਜ਼ਰੂਰੀ ਹੈ। ਇਸ ਪੰਕਤੀ ਅੰਦਰ ਗੁਰਦੇਵ ਰਾਹੀਂ ਦਿੱਤੇ ਫ਼ੈਸਲੇ ਨੂੰ ਹੀ ਗੁਰਬਾਣੀ ਸੇਧ `ਚ ਸਮਝਣ ਦੀ ਲੋੜ ਹੈ ਅਤੇ ਉਸ ਤੋਂ ਬਿਨਾ ਜਗਿਆਸੂ ਨੂੰ ਇਸ ਸਲੋਕ ਦਾ ਅਸਲ ਵਿਸ਼ਾ ਸਮਝ `ਚ ਆ ਵੀ ਨਹੀਂ ਸਕਦਾ।

ਵਿਸ਼ੇ ਨੂੰ ਸਮਝਣ ਲਈ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਇਸ ਸਲੋਕ ਦੇ ਦਿੱਤੇ ਗਏ ਅਰਥਾਂ ਨੂੰ ਵੀ ਸਮਝਣ ਦੀ ਵਿਸ਼ੇਸ਼ ਲੋੜ ਹੈ, ਜਿਸ ਤੋਂ ਵਿਸ਼ਾ ਆਪਣੇ ਆਪ ਕਾਫ਼ੀ ਹੱਦ ਤੱਕ ਖੁੱਲ ਜਾਵੇਗਾ। ਆਪ ਜੀ ਰਾਹੀਂ ਕੀਤੇ ਹੋਏ ਸਲੋਕ ਦੇ ਅਰਥ ਇਸ ਤਰ੍ਹਾਂ ਹਨ “—ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), —ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ)॥ ੧॥”

ਉਂਝ ਇਹ ਵਿਸ਼ਾ ਤੇ ਸਬੰਧਤ ਗੁਰਮੱਤ ਸਿਧਾਂਤ ਨੂੰ ਸਮਝਾਉਣ ਦਾ ਇਹ ਢੰਗ ਗੁਰਬਾਣੀ `ਚ ਇਥੇ ਪਹਿਲੀ ਵਾਰੀ ਨਹੀਂ ਵਰਤਿਆ ਗਿਆ ਬਲਕਿ ਭਿੰਨ ਭਿੰਨ ਤਰੀਕਿਆਂ ਨਾਲ ਅਨੇਕਾਂ ਵਾਰੀ ਵਰਤਿਆ ਗਿਆ ਹੈ। ਹੋਰ ਤਾਂ ਹੋਰ, ਇਸੇ ਪਉੜੀ ਦੇ ਨਾਲ ਲਗਦੇ ਦੂਜੇ ਮਹਲੇ ਸਲੋਕ `ਚ ਹੀ ਇਸ ਸਾਰੇ ਦਾ ਸਮਾਧਾਨ ਵੀ ਗੁਰਦੇਵ ਨੇ ਆਪਣੇ ਆਪ ਹੀ ਕਰ ਦਿੱਤਾ ਹੈ ਲੋੜ ਹੈ ਤਾਂ ਕੁੱਝ ਗਹਿਰਾਈ ਤੋਂ ਵਿਸ਼ੇ ਨੂੰ ਪਹਿਚਾਨਣ ਦੀ।

ਸਬੰਧਤ ਸਲੋਕ ਹੈ “ਮ: ੨॥ ਦਿਸੈ ਸੁਣੀਐ ਜਾਣੀਐ, ਸਾਉ ਨ ਪਾਇਆ ਜਾਇ॥ ਰੁਹਲਾ ਟੁੰਡਾ ਅੰਧੁਲਾ, ਕਿਉ ਗਲਿ ਲਗੈ ਧਾਇ॥ ਭੈ ਕੇ ਚਰਣ, ਕਰ ਭਾਵ ਕੇ, ਲੋਇਣ ਸੁਰਤਿ ਕਰੇਇ॥ ਨਾਨਕੁ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਇ॥ ੨॥ (ਪੰ: ੧੩੯) ਉਪ੍ਰੰਤ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਅਨੁਸਾਰ ਹੀ ਇਸ ਸਲੋਕ ਦੇ ਅਰਥਾਂ ਨੂੰ ਵੀ ਲੈਣਾ ਚਾਹਾਂਗੇ, ਅਰਥ ਹਨ “… (ਪਰਮਾਤਮਾ ਕੁਦਰਤਿ ਵਿੱਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿੱਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ। (ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?

ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ, ਤਾਂ ਨਾਨਕ ਆਖਦਾ ਹੈ ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ। ੨।”

ਸਬੰਧਤ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਪਹਿਲਾਂ ਸਾਨੂੰ, ਬੇਸ਼ਕ ਅਤੀ ਸੰਖੇਪ ਰੂਪ `ਚ ਪਰ ਗੁਰਮੱਤ ਦੇ ਭਿੰਨ ਭਿੰਨ ਤਿੰਨ ਪੱਖਾਂ `ਤੇ ਵਿਚਾਰ ਕਰਣੀ ਅਤਿ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਪਹਿਚਾਣੇ ਬਿਨਾ, ਅਸਲ ਵਿਸ਼ੇ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਇਸ ਤਰ੍ਹਾਂ ਵਾਰੀ ਵਾਰੀ ਇਹ ਤਿੰਨ ਵਿਸ਼ੇ ਹਨ (੧) ਮਨੁੱਖਾ ਜਨਮ ਵਿਸ਼ੇਸ਼ ਹੈ (੨) ਮਨ ਦਾ ਵਜੂਦ (੩) ਗੁਰਮੁਖ ਤੇ ਮਨਮੁਖ। ਇਸ ਲਈ ਪਹਿਲਾਂ:-

(੧) ਕੁੱਝ ਮਨੁੱਖਾ ਜਨਮ ਬਾਰੇ- ਦੇਖਣ ਦੀ ਗੱਲ ਇਹ ਹੈ ਕਿ ਗੁਰਬਾਣੀ ਅਨੁਸਾਰ ਵੀ ਕਰਤਾਰ ਦੀ ਅਨੰਤ, ਅਪਾਰ ਤੇ ਬੇਅੰਤ ਰਚਨਾ ਵਿੱਚ ਜੋ ਅਰਬਾਂ-ਖਰਬਾਂ ਜੂਨੀਆਂ ਹਨ ਉਨ੍ਹਾਂ ਸਾਰੀਆਂ ਜੂਨੀਆਂ ਵਿਚਕਾਰ ਬਹੁਤੇਰੇ ਪੱਖਾਂ ਤੋਂ ਇਕੋ ਜਹੀਆਂ ਜ਼ਰੂਰਤਾਂ ਤੇ ਸਮਾਨਤਾ ਹੈ। ਜਿਵੇਂ ਹਰੇਕ ਜੂਨੀ `ਚ ਪ੍ਰਭੂ ਦਾ ਨੂਰ, ਉਪ੍ਰੰਤ ਪੰਜ ਤੱਤਾ ਤੋਂ ਉਤਪਤੀ, ਹਰੇਕ ਕੋਲ ਸੁਆਸਾਂ ਦੀ ਪੂੰਜੀ, ਸੁਰਤ ਤੇ ਮੱਤ, ਸਰੀਰਾਂ ਦੇ ਵਾਧੇ ਲਈ ਉਨ੍ਹਾਂ ਦੇ ਆਹਰ (ਧੰਦੇ) ਤੇ ਉਨ੍ਹਾਂ ਦੀਆਂ ਭਿੰਨ ਭਿੰਨ ਲੋੜਾਂ ਅਨੁਸਾਰ ਰਿਜ਼ਕਾਂ ਵਾਲਾ ਵਖ੍ਰੇਵਾਂ ਜਿਵੇਂ “ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ ਆਗੈ ਕਰਿ ਧਰਿਆ…. . ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ” (ਪੰ: ੧੦)। ਉਪ੍ਰੰਤ ਉਨ੍ਹਾਂ ਸਾਰੀਆਂ ਜੀਵਨੀਆਂ ਅੰਦਰ ਉਨ੍ਹਾਂ ਦੇ ਸਰੀਰਕ ਵਾਧਿਆ ਲਈ ਭੁਖ, ਤੇਹ, ਥਕਾਵਟ, ਆਰਾਮ ਤੇ ਨੀਂਦ ਆਦਿ ਦੀ ਲੋੜ। ਇਸ ਤੋਂ ਬਾਅਦ ਹਰੇਕ ਜੂਨ `ਚ ਤੇ ਉਨ੍ਹਾਂ ਦੇ ਸਰੀਰਾਂ ਮੁਤਾਬਕ ਉਨ੍ਹਾਂ ਦੀ ਪਾਚਨ ਸ਼ਕਤੀ ਅਤੇ ਸਾਰੇ ਸਰੀਰਾਂ `ਚ ਜੀਵਨ ਦੇ ਦੋਵੇਂ ਪੱਖ ਭਾਵ ਦੁਖ, ਸੁਖ ਤੇ ਬਿਮਾਰੀਆਂ ਦੇ ਨਾਲ ਨਾਲ ਸੁਖ-ਸਹੂਲਤਾਂ ਵੀ ਅਤੇ ਔਖਿਆਈਆਂ ਵੀ ਅਤੇ ਹੋਰ ਬਹੁਤ ਪ੍ਰਕਾਰ ਦੀਆਂ ਸਾਂਝਾਂ। ਇਸੇ ਤਰ੍ਹਾਂ ਹਰੇਕ ਜੂਨੀ `ਚ ਉਸ ਦੀ ਉਤਪਤੀ ਉਪ੍ਰੰਤ ਬਚਪਨ-ਜੁਆਨੀ ਬੁਢਾਪਾ ਤੇ ਅੰਤ ਭਾਵ ਉਸ ਦੀ ਮੌਤ ਆਦਿ ਤੋਂ ਇਲਾਵਾ ਲਗਭਗ ਹਰੇਕ ਜੂਨੀ ਅਨੁਸਾਰ ਉਸ `ਚ ਗਿਆਨ ਤੇ ਕਰਮ ਇੰਦਰੇ ਵੀ।

ਇਸ ਸਾਰੇ ਦੇ ਬਾਵਜੂਦ ਗੁਰਬਾਣੀ ਅਨੁਸਾਰ ਹੀ ਇਨ੍ਹਾਂ ਅਰਬਾਂ, ਖਰਬਾਂ ਤੇ ਬੇਅੰਤ-ਅਨੰਤ ਜੂਨੀਆਂ ਵਿੱਚੋਂ ਵੀ ਮਨੁੱਖਾ ਜਨਮ (ਜੂਨੀ) ਹੀ ਵਿਸ਼ੇਸ਼ ਹੈ ਅਤੇ ਉਹ ਵੀ ਬੇਅੰਤ ਪੱਖਾਂ ਤੋਂ। ਇਸ ਜੂਨੀ ਲਈ ਹੀ ਤਾਂ ਗੁਰਬਾਣੀ `ਚ ਇਥੋਂ ਤੱਕ ਇਥੋਂ ਤੱਕ ਫ਼ੁਰਮਾਨ ਹੈ ਕਿ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪)।

ਬਲਕਿ ਮਨੁੱਖਾ ਜੂਨੀ ਲਈ ਇਥੋਂ ਤੱਕ ਵੀ ਫ਼ੁਰਮਾਇਆ ਹੈ ਕਿ ਕਰਤਾਰ ਨੇ ਜੋ ਅਰਬਾਂ-ਖਰਬਾਂ ਜੂਨੀਆਂ ਰਚੀਆਂ ਹਨ, ਉਨ੍ਹਾਂ ਸਾਰੀਆਂ ਜੂਨੀਆਂ ਵਿਚੋਂ ਵੀ ਪ੍ਰਭੂ ਨੂੰ ਆਪਣੇ ਆਪ `ਚ ਸਭ ਤੋਂ ਪਿਆਰਾ ਸਰੂਪ ਮਨੁੱਖ ਨੂੰ ਹੀ ਬਖ਼ਸ਼ਿਆ ਹੈ। ਇਸੇ ਲਈ ਗੁਰਦੇਵ ਨੇ ਗੁਰਬਾਣੀ `ਚ ਮਨੁੱਖਾ ਸਰੀਰ ਨੂੰ ਹੀ, ਉਸ ਰੂਪ, ਰੰਗ, ਰੇਖ ਤੋਂ ਨਿਆਰੇ ਪ੍ਰਭੂ ਦਾ ਆਪਣਾ ਸਰੂਪ ਤੱਕ ਕਹਿ ਕੇ ਵੀ ਬਿਆਣਿਆ ਹੈ ਜਿਵੇਂ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ……” (ਪੰ: ੫੬੭)।

ਇਸੇ ਲਈ ਕੇਵਲ ਮਨੁੱਖਾ ਜੂਨ ਲਈ ਗੁਰਬਾਣੀ `ਚ ਅਜਿਹੇ ਫ਼ੁਰਮਾਨ ਵੀ ਹਨ ਜਿਵੇਂ “ਅਨਿਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਅਥਵਾ “ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ” (ਪੰ: ੨੧੯) ਆਦਿ ਇਸ ਤਰ੍ਹਾਂ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਉੱਤਮਤਾ ਪ੍ਰਤੀ ਗੁਰਬਾਣੀ ਵਿਚੋਂ ਕੇਵਲ ਕੁੱਝ ਹੀ ਨਹੀਂ, ਬਲਕਿ ਸੈਂਕੜੇ ਪ੍ਰਮਾਣ ਦਿੱਤੇ ਜਾ ਸਕਦੇ ਹਨ, ਇਥੇ ਤਾਂ ਇਹ ਕੇਵਲ ਇੱਕ ਇਸ਼ਾਰਾ ਮਾਤ੍ਰ ਹੀ ਹਨ।

(੨) ਮਨ ਦਾ ਵਜੂਦ-ਇਸੇ ਤਰ੍ਹਾਂ ਗੁਰਬਾਣੀ `ਚ ਹੀ ਜਿਵੇਂ ਅਰਬਾਂ-ਖਰਬਾਂ ਤੇ ਅਨੰਤ ਜੂਨੀਆਂ ੋਿਵੱਚੋਂ ਮਨੁੱਖਾ ਜੂਨੀ ਦੀ ਉੱਤਮਤਾ ਤੇ ਵਿਸ਼ੇਸ਼ਤਾ ਦੀ ਗੱਲ ਕੀਤੀ ਤੇ ਸਮਝਾਈ ਗਈ ਹੈ ਉਥੇ ਨਾਲ ਹੀ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਦੂਜੀਆਂ ਜੂਨੀਆਂ ਦੇ ਮੁਕਾਬਲੇ ਹੋਰ ਬੇਅੰਤ ਵਾਧਿਆਂ ਤੋਂ ਇਲਾਵਾ ਮਨੁਖਾ ਜੂਨੀ `ਚ ਜੀਵ ਨੂੰ ਇੱਕ ਖਾਸ ਵਾਧਾ ਵੀ ਮਿਲਿਆਂ ਹੈ ਤੇ ਇਹ ਵਾਧਾ ਹੈ ‘ਮਨ’ ਵਾਲਾ, ਜਿਹੜਾ ਕਿ ਕਿਸੇ ਹੋਰ ਇੱਕ ਵੀ ਜੂਨੀ `ਚ ਕਿਸੇ ਨੂੰ ਪ੍ਰਾਪਤ ਨਹੀਂ। ਇਹ ਵੀ ਧਿਆਨ ਰਹੇ ਕਿ ਸਾਡੇ ਬਹੁਤੇ ਸੱਜਨ, ਮਨੁੱਖਾ ਸਰੀਰ ਅੰਦਰ ‘ਮਨ’ ਤੇ ਦਿਲ ਨੂੰ ਇੱਕੋ ਹੀ ਅਰਥ `ਚ ਲੈ ਲੈਂਦੇ ਹਨ ਜੋ ਗੁਰਮੱਤ ਅਨੁਸਾਰ ਠੀਕ ਨਹੀਂ। ਦਰਅਸਲ ਦਿਲ ਤਾਂ ਮਨੁੱਖਾ ਸਰੀਰ `ਚ ਇੱਕ ਮਾਸ ਦਾ ਟੁਕੜਾ ਹੀ ਹੈ ਜੋ ਸਰੀਰ ਦੇ ਬਾਕੀ ਅੰਗਾਂ ਵਾੰਗ ਹੀ ਸਾਡੇ ਸਰੀਰ ਦਾ ਇੱਕ ਅੰਗ ਹੈ ਤੇ ਜਿਸ ਦੀ ਡਾਕਟਰੀ ਚੀਰ-ਫਾੜ ਤੇ ਇਲਾਜ ਵੀ ਹੋ ਸਕਦਾ ਹੈ ਤੇ ਹੁੰਦਾ ਵੀ ਹੈ।

ਇਸ ਤੋਂ ਬਾਅਦ ‘ਮਨ’ ਜੋ ਗੁਰਮੱਤ ਤੇ ਗੁਰਬਾਣੀ ਅੰਦਰ ਵਿਸ਼ੇਸ਼ ਵਿਸ਼ਾ ਵੀ ਹੈ ਇਹ ਮਨੁੱਖਾ ਸਰੀਰ ਵਿਚਲਾ ਦਿਲ ਨਹੀਂ ਬਲਕਿ ਵਿਚਾਰਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਲਈ ਗੁਰਦੇਵ ਬਾਣੀ ਜਪੁ `ਚ ਤਾਂ ਇਥੋਂ ਤੱਕ ਹਿਦਾਇਤ ਕੀਤੀ ਹੈ ਕਿ “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ”। ਉਪ੍ਰੰਤ ‘ਮਨ’ ਗੁਰਬਾਣੀ ਵਿਚਲਾ ਉਹ ਵਿਸ਼ਾ ਹੈ ਜੋ ਗੁਰਬਾਣੀ ਦੇ ਅਰੰਭ ਤੋਂ ਲੈ ਕੇ ਸਮਾਪਤੀ ਭਾਵ “ਤਨੁ ਮਨੁ ਥੀਵੈ ਹਰਿਆ” ਤੱਕ ਨਿਰੰਤਰ ਚੱਲ਼ ਰਿਹਾ ਹੈ ਅਤੇ ਉਹ ਵੀ ਇਸ ਦੇ ਅਨੇਕਾਂ ਪੱਖਾਂ ਤੋਂ। ਮਨੁੱਖਾ ਸਰੀਰ ਅੰਦਰ ਇਹ ਮਨ ਹੀ ਹੁੰਦਾ ਹੈ ਜੋ ਮਨੁੱਖਾ ਜੀਵਨ ਦੇ ਸਫ਼ਲ ਹੋਣ ਨਾਲ ਨਾਲ ਇਸ ‘ਮਨ’ ਦੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਵੀ ਮੁੱਕ ਜਾਂਦੀ ਹ। ੈ ਜਦਕਿ ਦੂਜੇ ਪਾਸੇ ਅਸਫ਼ਲ ਤੇ ਮਨਮਤੀ ਜੀਵਨ ਲਈ ਜਨਮ-ਮਰਨ ਦੇ ਗੇੜ ਦਾ ਕਾਰਨ ਵੀ ਇਹ ‘ਮਨ’ ਤੇ ਇਸ ਦੀ ਹੋਂਦ ਹੀ ਬਣਦੀ ਹੈ। ਕਿਉਂਕਿ ਅਸਫ਼ਲ ਜੀਵਨ ਅੰਦਰੋ ਸਰੀਰ ਦੇ ਬਿਨਸਨ ਬਾਅਦ ਵੀ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ” (ਪੰ: ੬੫੧) ਅਨੁਸਾਰ ਇਸ ਦੀ ਹੋਂਦ ਖਤਮ ਨਹੀਂ ਹੁੰਦੀ। ਇਹ ਹੋਂਦ ਉਦੋਂ ਤੱ ਖ਼ਤਮ ਨਹੀਂ ਹੁੰਦੀ, ਜਦੋਂ ਤੱਕ ਕਿ ਫ਼ਿਰ ਕਿਸੇ ਸਫ਼ਲ ਮਨੁੱਖਾ ਸਮੇਂ “ਸੰਤਸੰਗਿ ਹਰਿ ਸਿਮਰਣਾ, ਮਲੁ ਜਨਮ ਜਨਮ ਕੀ ਕਾਟਿ” (ਪੰ: ੪੮) ਅਨੁਸਾਰ ਪ੍ਰਭੂ `ਚ ਅਭੇਦ ਹੋ ਕੇ ਇਸ ‘ਮਨ’ ਵਾਲੀ ਵੱਖਰੀ ਤੇ ਆਪਣੀ ਹੋਂਦ ਖ਼ਤਮ ਹੀ ਨਾ ਹੋ ਜਾਵੇ।

“ਗੁਰਮੁਖਿ ਲਾਧਾ, ਮਨਮੁਖਿ ਗਵਾਇਆ” -ਮਨੁੱਖਾ ਜਨਮ ਅੰਦਰ ਇਹ ‘ਮਨ’ ਵਾਲੀ ਪ੍ਰਭੂ ਦੀ ਦਾਤ ਹੀ ਹੁੰਦੀ ਹੈ ਜੋ ਮਨੁੱਖਾ ਜਨਮ ਨੂੰ ਦੋ ਵਿਰੋਧੀ ਰਹਿਣੀਆਂ `ਚ ਵੰਡ ੰਿਦੰਦੀ ਹੈ। ਮਨੁੱਖਾ ਜਨਮ ਦੀਆਂ ਇਹ ਦੋ ਵਿਰੋਧੀ ਰਹਿਣੀਆਂ ਹਨ ਗੁਰਮੁਖ ਜੀਵਨ ਅਤੇ ਮਨਮੁਖ ਜੀਵਨ। ਗੁਰਮੁਖ ਨੂੰ ਹੀ ਗੁਰਬਾਣੀ `ਚ ਸਨਮੁਖ, ਸਚਿਆਰਾ, ਜੀਵਨ-ਮੁਕਤ, ਭਗਉਤੀ, ਅਪਰਸ, ਰਾਮਦਾਸ ਆਦਿ ਭਿੰਨ ਭਿੰਨ ਵਿਸ਼ੇਸ਼ਨਾ ਨਾਲ ਵੀ ਬਿਆਣਿਆ ਹੈ ਜਦਕਿ ਮਨਮੁਖ ਲਈ ਬੇਮੁਖ, ਬਿਰਥਾ ਜਨਮ ਆਦਿ ਵਿਸ਼ੇਸ਼ਨ ਵੀ ਵਰਤੇ ਹਨ। ਦਰਅਸਲ ਮਨੁੱਖਾ ਜੀਵਨ ਦੌਰਾਨ ਇਸ ਮਨ ਲਈ ਹੀ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਵਾਲੀ ਗੱਲ ਵੀ ਕੀਤੀ ਗਈ ਹੈ; ਭਾਵ ਮਨੁੱਖ ਜਿਹੋ ਜਿਹੇ ਵਾਤਾਵਰਣ `ਚ ਰਹਿੰਦਾ ਹੈ ਤਾਂ ਇਸ ਦੇ ‘ਮਨ’ `ਤੇ ਉਹੋ ਜਿਹਾ ਹੀ ਰੰਗ ਚੜ੍ਹ ਜਾਂਦਾ ਹੈ। ਇਸ ਲਈ ਇਸੇ ਤੋਂ ਹੀ ਮਨੁੱਖ ਦੇ ਜੀਵਨ ਦੀ ਚੰਗੀ ਅਥਵਾ ਮਾੜੀ ਤਿਆਰੀ ਤੇ ਘਾੜਤ ਵੀ ਹੁੰਦੀ ਹੈ। ਇਸੇ ਤੋਂ “ਗੁਰਮੁਖਿ ਲਾਧਾ, ਮਨਮੁਖਿ ਗਵਾਇਆ” (ਪੰ: ੧੧) ਅਨੁਸਾਰ ਮਨੁੱਖਾ ਜੀਵਨ ਦੇ ਦੋ ਵਿਰੋਧੀ ਰੂਪ ਉਘੜਦੇ ਹਨ ਸਫ਼ਲ ਜੀਵਨ ਅਤੇ ਅਸਫ਼ਲ ਜੀਵਨ।

ਇਸੇ ਲਈ ਮੂਲ ਰੂਪ `ਚ ਗੁਰਬਾਣੀ `ਚ ਮਨੁੱਖ ਨੂੰ ਆਦਿ ਤੋਂ ਅੰਤ ਤੱਕ ਇੱਕੋ ਹੀ ਹਿਦਾਇਤ ਕੀਤੀ ਗਈ ਹੈ ਕਿ ਮਨੁੱਖਾ ਜੀਵਨ ਪਾਉਣ ਤੋਂ ਬਾਅਦ ਜੀਵ ਨੇ ਸਤਿਸੰਗਤ `ਚ ਆ ਕੇ ਇਸ ‘ਮਨ’ ਦੀ ਤਿਆਰੀ ਗੁਰਬਾਣੀ-ਗੁਰੂ ਦੀ ਆਗਿਆ `ਚ ਰਹਿ ਕੇ ਕਰਣੀ ਹੈ ਤਾ ਕਿ ਬੇਅੰਤ ਜੂਨਾਂ ਭੋਗਣ ਤੋਂ ਬਾਅਦ, ਪ੍ਰਭੂ ਦੀ ਵਿਸ਼ੇਸ਼ ਬਖ਼ਸ਼ਿਸ਼ ਸਦਕਾ ਪ੍ਰਾਪਤ ਹੋਇਆ ਇਹ ਮਨੁੱਖਾ ਜਨਮ ਵੀ ਕਿਧਰੇ “ਮਨਮੁਖਿ ਗਵਾਇਆ” (ਪੰ: ੧੧) ਅਨੁਸਾਰ ਬਿਰਥਾ ਹੀ ਨਾ ਚਲਾ ਜਾਵੇ।

ਇਸ ਦੇ ਨਾਲ ਨਾਲ ਇਹ ਵੀ ਨਿਸ਼ਚੇ ਕਰਣਾ ਹੈ ਕਿ ਗੁਰਬਾਣੀ `ਚ ਜੀਵਨ ਦੀ ਸਫ਼ਲਤਾ ਲਈ “ਸਤਿਸੰਗਤ `ਚ ਆ ਕੇ” ੇ ਤੌਂ ਭਾਵ ਵੀ ਹਰੇਕ ਸੰਗਤ ਨੂੰ ਇਥੇ ਵੀ ਸਤਸੰਗ ਜਾਂ ਸਤਿਸੰਗਤ ਨਹੀਂ ਮੰਨਿਆ ਗਿਆ। ਬਲਕਿ ਗੁਰਬਾਣੀ ਅਨੁਸਾਰ ਸਤਿਸੰਗਤ ਦੀ ਪ੍ਰੀਭਾਸ਼ਾ ਵੀ ਵਿਸ਼ੇਸ਼ ਤੇ ਇੱਕੋ ਹੀ ਹੈ ਤੇ ਇਹ ਦੋ ਨਹੀਂ ਹਨ। ਗੁਰਬਾਣੀ ਅਨੁਸਾਰ ਸਤਿਸੰਗਤ ਦੀ ਪ੍ਰੀਭਾਸ਼ਾ ਹੈ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ, ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨) ਭਾਵ ਅਜਿਹਾ ਇਕੱਠ ਜਿੱਥੇ ਕੇਵਲ ਇਕੋ ਕਰਤੇ ਦੀਆਂ ਬਾਤਾਂ ਤੇ ਸਿਫ਼ਤਾਂ ਹੋ ਰਹੀਆਂ ਹੋਣ ਅਤੇ ਉਹ ਵੀ “ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” ਭਾਵ ਗੁਰੂ ਗੁਰਬਾਣੀ ਦੀ ਸੇਧ ਤੇ ਆਦੇਸ਼ਾਂ ਅਨੁਸਾਰ। ਫ਼ਿਰ ਭਾਵੇਂ ਇਹ ਇਕੱਠ ਵੱਡਾ ਹੋਵੇ ਜਾਂ “ਇਕ ਸਿੱਖ ਦੋਇ ਸਾਧਸੰਗ” (ਭਾ: ਗੁ: ) ਅਨੁਸਾਰ ਦੋ ਸਰੀਰਾਂ ਤੱਕ ਹੀ ਸੀਮਤ ਕਿਉਂ ਨਾ ਹੋਵੇ ਉਹ ਸਤਸੰਗ ਅਥਵਾ ਸਤਿਸੰਗਤ ਹੀ ਹੁੰਦੀ ਹੈ।

ਇਸ ਤਰ੍ਹਾਂ ਗੁਰਬਾਣੀ-ਗੁਰੂ ਦੀ ਆਗਿਆ `ਚ ਚਲਣ ਵਾਲਾ ਜੀਵ ਹੀ ਜੀਉਂਦੇ ਜੀਅ ਵਿਕਾਰਾਂ, ਅਉਗੁਣਾਂ, ਜੁਰਮਾਂ, ਚਿੰਤਾਂਵਾਂ, ਤ੍ਰਿਸ਼ਨਾਵਾਂ, ਹਉਮੈ ਅਤੇ ਜ਼ਿੰਦਗੀ ਦੇ ਬੇਅੰਤ ਵਿਗਾੜਾਂ ਤੋਂ ਬਚਿਆ ਰਹਿੰਦਾ ਹੈ। ਅਜਿਹਾ ਮਨੁੱਖ ਉੱਤਮ ਤੇ ਸੰਤੋਖੀ ਜੀਵਨ ਬਤੀਤ ਕਰਦਾ ਹੈ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਇਸ ਨੂੰ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ `ਚ ਨਹੀਂ ਪੈਣਾ ਪੈਂਦਾ ਤੇ ਸਦਾ ਲਈ ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ।

“ਮਨ ਹਰਿ ਜੀ ਤੇਰੈ ਨਾਲਿ ਹੈ” -ਇਸ ਤਰ੍ਹਾਂ ਮਨੁੱਖਾ ਜਨਮ ਵਿਚਕਾਰ ਇਕੱਲਾ ‘ਮਨ’ ਹੀ ਅਜਿਹਾ ਧੁਰਾ ਹੈ ਜੋ ਮਨੁੱਖ ਨੂੰ ਮਿਲਦਾ ਹੀ ਇਸ ਲਈ ਹੈ ਕਿ ਮਨੁੱਖ ਸਾਧਸੰਗਤ `ਚ ਆ ਕੇ ਤੇ ਗੁਰੂ ਦੀ ਆਗਿਆ `ਚ ਜੀਵਨ ਦੀ ਘਾੜਤ ਕਰਕੇ ਆਪਣਾ ਲੋਕ ਭਾਵ ਇਹ ਜਨਮ ਤੇ ਪ੍ਰਲੋਕ ਦੋਵੇਂ ਸਫ਼ਲ ਕਰ ਸਕੇ। ਫ਼ੁਰਮਾਨ ਹੈ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ: ੪੪੧) ਭਾਵ ਐ ਮਨ! ਅਕਾਲਪੁਰਖ ਨੇ ਤਾਂ ਤੇਰੀ ਉਤਪਤੀ ਹੀ ਇਸ ਲਈ ਕੀਤੀ ਹੈ ਤਾ ਕਿ ਜਦੋਂ ਤੂੰ ਗੁਰੂ-ਗੁਰਬਾਣੀ ਦੀ ਮੱਤ ਅਨੁਸਾਰ ਚਲੇਂਗਾ ਤਾਂ ਤੇਰੇ ਅੰਦਰ ਖਿੜਾਅ ਤੇ ਟਿਕਾਅ ਆਵੇਗਾ। ਸੰਸਾਰ `ਚ ਤੇਰੀ ਹੋਂਦ ਦੀ ਅਸਲੀਅਤ ਪ੍ਰਗਟ ਹੋਵੇਗੀ ਅਤੇ ਇਹੀ ਇਕੋ-ਇੱਕ ਸਾਧਨ ਤੇ ਰਸਤਾ ਹੈ ਜਿਸ ਤੋਂ ਜੀਵ ਆਪਣੇ ਅਸਲੇ ਪ੍ਰਭੂ `ਚ ਜੀਉਂਦੇ ਜੀਅ ਅਭੇਦ ਹੋ ਸਕਦਾ ਹੈ। ਸਰੀਰ ਤਿਆਗਣ ਬਾਅਦ ਵੀ ਉਸ ਨੂੰ ਬਾਰ ਬਾਰ ਵਾਲੇ ਜਨਮ ਦੇ ਮਰਨ ਦੇ ਗੇੜਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

ਦਰਅਸਲ ਮਨੁੱਖਾ ਜੀਵਨ ਅੰਦਰਲੀ ‘ਮਨ’ ਵਾਲੀ ਇਸੇ ਅਸਲੀਅਤ ਨੂੰ ਸਮਝਾਉਣ ਲਈ ਗੁਰਬਾਣੀ `ਚ ਬੇਅੰਤ ਪ੍ਰਮਾਣ ਮੌਜੂਦ ਹਨ। ਬਲਕਿ ਮਨੁੱਖਾ ਸਰੀਰ ਅੰਦਰਲੇ ਇਸ ‘ਮਨ’ ਬਾਰੇ ਤਾਂ ਕਬੀਰ ਸਾਹਿਬ ਨੇ ਇਥੋਂ ਤੱਕ ਵੀ ਫ਼ੁਰਮਾਇਆ ਹੈ “ਖਟ ਨੇਮ ਕਰਿ ਕੋਠੜੀ ਬਾਂਧੀ, ਬਸਤੁ ਅਨੂਪੁ ਬੀਚ ਪਾਈ॥ ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ, ਕਰਤੇ ਬਾਰ ਨ ਲਾਈ” (ਪੰ: ੩੩੯) ਇਥੇ ਖਟ ਦੇ ਅਰਥ ਹਨ ਛੇ ਭਾਵ ਸਾਡੇ ਸਰੀਰ ਵਿਚਲੇ ਪੰਜ ਤਤ ਤੇ ਇਸ ਨਾਲ ਛੇਵਾਂ ‘ਮਨ’ ਨੂੰ ਹੀ ਕਿਹਾ ਹੈ। ਪੰਕਤੀ ਦੇ ਅਰਥ ਹਨ “ਛੇ ਚੱਕਰ ਬਣਾ ਕੇ ਪ੍ਰਭੂ ਨੇ ਸਾਡਾ ਇਹ ਮਨੁੱਖਾ ਸਰੀਰ-ਰੂਪ ਨਿੱਕਾ ਜਿਹਾ ਘਰ (ਕੋਠੜੀ) ਰਚ ਦਿੱਤਾ ਹੈ ਤੇ ਇਸ ਘਰ ਭਾਵ ਸਾਡੇ ਸਰੀਰ ਅੰਦਰ ਆਪਣੀ ਆਤਮਕ ਜੋਤ-ਰੂਪ ਅਚਰਜ ਵਸਤ ਰੱਖ ਦਿੱਤੀ ਹੈ। ਉਪ੍ਰੰਤ ਇਸ ਘਰ ਦਾ ਜੰਦਰਾ-ਕੁੰਜੀ ਪ੍ਰਭੂ ਨੇ ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ ਕਰਤਾ ਇਸ ਖੇਡ ਨੂੰ ਬਣਾਉਂਦਿਆਂ ਚਿਰ ਵੀ ਨਹੀਂ ਲਗਾਉਂਦਾ” ਇਸ ਤਰ੍ਹਾਂ ਕਬੀਰ ਸਾਹਿਬ ਨੇ ਸਰੀਰ ਦੇ ਪੰਜ ਤਤਾਂ ਦੇ ਨਾਲ ਨਾਲ ‘ਮਨ’ ਨੂੰ ਵੀ ਉਸੇ ਲੜੀ `ਚ (ਪ੍ਰਭੂ ਦੇ ਨੂਰ ਤੋਂ ਅੱਡ) ਅਤੇ ਛੇਵਾਂ ਨੰਬਰ ਦੇ ਕੇ ਜੋੜਿਆ ਹੈ।

“ਇਹੁ ਮਨੁ ਪੰਚ ਤਤੁ ਤੇ ਜਨਮਾ” - ਇਸ ਦੇ ਉਲਟ ਬਹੁਤੇਰੇ ਸ਼ਬਦ ਅਜਿਹੇ ਵੀ ਹਨ ਜੋ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਮਨੁੱਖਾ ਜੀਵਨ ਅੰਦਰਲਾ ਇਹੀ ‘ਮਨ’ ਜਦੋਂ ਸਰੀਰ ਵਿੱਚਲੇ ਗਿਆਨ ਤੇ ਕਰਮ ਇੰਦਰਿਆਂ ਦੇ ਵੱਸ ਹੋ ਕੇ ਜੀਵ ਨੂੰ ਜੀਵਨ ਦੇ ਉਲਟੇ ਰਾਹ ਟੋਰ ਦਿੰਦਾ ਹੈ ਭਾਵ ਮੋਹ ਮਾਇਆ, ਰਸਾਂ-ਕਸਾਂ ਤੇ ਵਿਕਾਰਾਂ ਆਦਿ ਦੀ ਪੱਕੜ `ਚ ਲੈ ਆਉਂਦਾ ਹੈ ਤਾਂ ਉਹੀ ਮਨੁੱਖ “ਗੁਰਮਤੀ ਰੰਗੁ ਮਾਣੁ” ਦੇ ਉਲਟ “ਇਹੁ ਮਨੁ ਕਰਮਾ, ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ” (ਪੰ: ੪੧੫)। ਜਿਸ ਦੇ ਅਰਥ ਹਨ: “ਮਾਇਕ ਪਦਾਰਥਾਂ ਦੀ ਪੱਕੜ `ਚ ਘੜਿਆ ਤੇ ਆ ਚੁੱਕਾ ਇਹ ‘ਮਨ’ ਸੰਸਾਰਕ ਦੌੜ `ਚ ਲਗਾ ਰਹਿ ਕੇ ਜੀਵ ਨੂੰ ਜਨਮ ਮਰਨ ਦੇ ਗੇੜ `ਚ ਹੀ ਲਈ ਫਿਰਦਾ ਹੈ। ਮਾਇਆ-ਵੇੜ੍ਹਿਆ ਇਹ ‘ਮਨ’ ਲਾਲਚੀ ਬਣ ਜਾਂਦਾ ਤੇ ਮੂਰਖ ਹੋ ਜਾਂਦਾ ਹੈ। ਇਸ ਦੇ ਉਲਟ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ “ਗੁਰਮੁਖਿ ਨਾਮੁ ਜਪੈ ਮਨੁ ਰੂੜਾ” ਅਨੁਸਾਰ ਉਸ ਦਾ ‘ਮਨ’ ਸੁੰਦਰ ਘਾੜਤ ਵਾਲਾ ਬਣ ਜਾਂਦਾ ਹੈ”।

ਇਹੀ ਕਾਰਨ ਹੈ ਕਿ ਗੁਰਬਾਣੀ ਅਨੁਸਾਰ ਸੰਸਾਰ ਪੱਧਰ `ਤੇ ਵੱਡੇ ਵੱਡੇ ਅਖਵਾਉਣ ਵਾਲੇ ਤੇ ਪੂਜੇ ਜਾਂਦੇ “ਸਨਕਾਦਿਕ ਨਾਰਦ ਮੁਨਿ ਸੇਖਾ” ਵਰਗੇ ਵੀ ਆਪਣੇ ਸਰੀਰ ਅੰਦਰੋਂ ਜਦੋਂ ਇਸ ਮਨ ਦੀ ਪਹਿਚਾਣ ਨਾ ਕਰ ਸਕੇ ਤਾਂ ਜੀਵਨ ਦੀ ਅਸਲੀਅਤ ਤੋਂ ਖੁੰਜ ਕੇ ਇਸ ‘ਮਨ’ ਦੇ ਪਿਛੇ ਹੀ ਲਗ ਟੁਰੇ। ਨਤੀਜਾ ਇਹ ਹੋਇਆ ਕਿ ਉਹ ਵੀ ਮੋਹ ਮਾਇਆ `ਚ ਫ਼ਸੇ ਰਹੇ। ਫ਼ੁਰਮਾਨ ਹੈ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥ ੩ ॥” (ਪੰ: ੩੩੦) ਤਾਂ ਤੇ ਕਬੀਰ ਸਾਹਿਬ ਇਸ ਮਨ ਦੇ ਲਈ ਹੀ, ਇਸ ਤੋਂ ਅੱਗੇ ਫ਼ੁਰਮਾਉਂਦੇ ਹਨ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” (ਉਹੀ ਪੰ: ੩੩੦)।

ਇਸੇ ਤੋਂ ਮਨੁੱਖ ਨੂੰ ਗੁਰਬਾਣੀ `ਚ ਇਸ ‘ਮਨ’ ਲਈ ਬਾਰ ਬਾਰ ਚੇਤਾਵਣੀ ਤੇ ਸੇਧ ਹੈ ਜਿਵੇਂ “ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ॥ ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ” (ਪੰ: ੬੮੬) ਅਰਥ ਹਨ ਕਿ ਮਨੁੱਖਾ ਸਰੀਰ ਅੰਦਰ ਜੋ ਇਹ ‘ਮਨ’ ਵਾਲੀ ਦਾਤ ਹੈ, ਦਰਅਸਲ ਉਸ ‘ਮਨ’ ਦਾ ਵਜੂਦ ਹੀ ਪ੍ਰਭੂ ਮਿਲਾਪ ਲਈ ਹੈ। ਇਸ ਲਈ ਜਦੋਂ ਜੀਵ “ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ” ਭਾਵ ਸਮਰਪਣ ਭਾਵਨਾ ਨਾਲ ਗੁਰੂ ਗੁਰਬਾਣੀ ਦੀ ਆਗਿਆ-ਆਦੇਸ਼ਾਂ `ਚ ਜੀਵਨ ਦੀ ਘਾੜਤ ਕਰ ਲੈਂਦਾ ਹੈ ਤਾਂ ਮਨੁੱਖਾ ਸਰੀਰ ਅੰਦਰਲਾ ਇਹੀ ‘ਮਨ’, ਜੀਵ ਲਈ ਪ੍ਰਭੂ ਮਿਲਾਪ ਦਾ ਸਾਧਨ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ `ਚ ਮਨੁੱਖਾ ‘ਮਨ’ ਦੇ ਇਨ੍ਹਾਂ ਦੋਨਾਂ ਪੱਖਾਂ ਨੂੰ ਪਹਿਚਾਨਣ ਤੇ ਸਮਝਣ ਲਈ ਬੇਅੰਤ ਫ਼ੁਰਮਾਣ ਹਨ, ਲੋੜ ਹੈ ਤਾਂ ਇਸ ਵਿਸ਼ੇ ਨੂੰ ਗੁਰਬਾਣੀ ਵਿੱਚੋਂ ਗਹਿਰਾਈ ਨਾਲ ਘੋਖਣ ਤੇ ਸਮਝਣ ਦੀ।

(੩) ਗੁਰਮੁਖ ਤੇ ਮਨਮੁਖ- ੳੇੁਪ੍ਰੰਤ ਇਸ ਵਿਸ਼ੇ ਨੂੰ ਸਮਝਣ ਲਈ ਹੀ ਇਸ ਦਾ ਤੀਸਰਾ ਪੱਖ ਹੈ ਗੁਰਮੁਖ ਤੇ ਮਨਮੁਖ। ਦਰਅਸਲ ਪਹਿਲੀ ਗੱਲ ਇਹ ਕਿ ਜੇਕਰ ਇਹ ਵਿਸ਼ਾ ਲਾਗੂ ਹੁੰਦਾ ਹੈ ਤਾਂ ਉਹ ਕੇਵਲ ਮਨੁੱਖਾ ਜੂਨੀ `ਤੇ ਅਤੇ ਕਿਸੇ ਹੋਰ ਜੂਨੀ `ਤੇ ਨਹੀਂ। ਇਸ ਤੋਂ ਬਾਅਦ ਇਸ ਵਿਸ਼ੇ ਦਾ ਮੁਖ ਧੁਰਾ ਵੀ ਹੈ ਤਾਂ ਮਨੁੱਖਾ ਜੂਨੀ ਸਮੇਂ ਸਰੀਰਾਂ ਅੰਦਰ ‘ਮਨ’ ਦੀ ਹੋਂਦ। ਜਦਕਿ ਇਹ ਵੀ ਚੇਤੇ ਰਖਣਾ ਹੈ ਕਿ ਮਨੁੱਖਾ ਜੂਨ ਤੋਂ ਇਲਾਵਾ ਇਹ ‘ਮਨ’ ਕਿਸੇ ਹੋਰ ਜੂਨ `ਚ ਕਿਸੇ ਨੂੰ ਪ੍ਰਾਪਤ ਵੀ ਨਹੀਂ।

ਇਹ ਵੀ ਦੇਖ ਚੁੱਕੇ ਹਾਂ ਕਿ ਗਿਆਨ ਤੇ ਕਰਮ ਇੰਦਰੇ ਜੋ ਪ੍ਰਭੂ ਵੱਲੋਂ ਹਰੇਕ ਜੀਵ ਨੂੰ ਅਤੇ ਹਰੇਕ ਜੂਨ `ਚ ਪ੍ਰਾਪਤ ਹਨ; ਇਸ ਦੇ ਬਾਵਜੂਦ ਬਾਕੀ ਜੂਨਾ `ਚ ‘ਮਨ’ ਦੀ ਅਣਹੋਂਦ ਕਾਰਨ ਇਹ ਗਿਆਨ ਤੇ ਕਰਮ ਇੰਦ੍ਰੇ, ਜੀਵ-ਜੀਵ ਅਨੁਸਾਰ ਕੇਵਲ ਇੱਕ ਪਾਸੜ ਅਤੇ ਪ੍ਰਭੂ ਵੱਲੋਂ ਨੀਯਤ ਵਰਤੋਂ ਤੱਕ ਹੀ ਸੀਮਤ ਹੁੰਦੇ ਹਨ। ਉਥੇ ਇਨ੍ਹਾਂ ਦੀ ਉਤਨੀ ਹੀ ਵਰਤੋਂ ਸੰਭਵ ਹੁੰਦੀ ਹੈ ਜਿਤਨੀ ਕਿਸੇ ਜੂਨੀ ਲਈ ਪ੍ਰਭੂ ਨੇ ਕਿਸੇ ਜੀਵ ਲਈ ਨੀਯਤ ਕੀਤੀ ਹੋਈ ਹੈ। ਬੱਸ ਇਥੇ ਆ ਕੇ ਮਨੁੱਖਾ ਜੂਨ ਤੇ ਬਾਕੀ ਜੂਨੀਆਂ ਵਿਚਕਾਰ ਸਾਰੀ ਤੇ ਵੱਡੇ ਫ਼ਰਕ ਵਾਲੀ ਵੰਡ ਸਪਸ਼ਟ ਹੋ ਜਾਂਦੀ ਹੈ।

ਦੂਜੇ ਲਫ਼ਜ਼ਾਂ `ਚ ਮਨੁੱਖਾ ਜੂਨ ਸਮੇਂ ਸਾਡੇ ਇਹੀ ਗਿਆਨ ਤੇ ਕਰਮ ਇੰਦਰੇ ਦੋ ਵਿਰੋਧੀ ਦਿਸ਼ਾਵਾਂ `ਚੋ ਕਿਸੇ ਇੱਕ `ਚ ਹੀ ਵਰਤੇ ਜਾ ਸਕਦੇ ਹਨ ਜਦਕਿ ਦੋਵੇਂ ਪਾਸੇ ਉਨ੍ਹਾਂ ਦਾ ਧੁਰਾ ਇਹ ‘ਮਨ’ ਹੀ ਹੁੰਦਾ ਹੈ। ਇਸ ਤਰ੍ਹਾਂ ਸਾਧਸੰਗਤ ਤੇ ਗੁਰੂ-ਗੁਰਬਾਣੀ ਦੀ ਆਗਿਆ `ਚ ਚੱਲਦੇ ਜੇਕਰਂ ਪ੍ਰਭੂ ਦੀ ਬਖ਼ਸ਼ਿਸ਼ ਵੀ ਹੋ ਜਾਵੇ ਤਾਂ ਹਉਮੈ-ਵਿਕਾਰਾਂ ਤੋਂ ਰਹਿਤ ਹੋ ਕੇ ਇਸ ‘ਮਨ’ ਦੀ ਵਰਤੋਂ ਵੀ ਸੁਯੋਗ ਹੋ ਜਾਂਦੀ ਹੈ। ਉਸ ਸਮੇਂ ਸਾਡੇ ਇਹੀ ਗਿਆਨ ਤੇ ਕਰਮ ਇੰਦਰੇ ਹੀ ਮਨੁੱਖ ਦਾ ਲੋਕ ਭਾਵ ਮੌਜੂਦਾ ਜਨਮ ਤੇ ਪ੍ਰਲੋਕ ਦੋਨਾਂ ਨੂੰ ਸੁਧਾਰਣ ਦਾ ਸਾਧਨ ਬਣ ਜਾਂਦੇ ਹਨ। ਮਨੁੱਖਾ ਜਨਮ ਸਫ਼ਲ, ਵਡਭਾਗੀ ਤੇ ਸਚਿਆਰਾ ਹੋ ਨਿਪਟਦਾ ਹੈ। ਜੀਵ ਨੂੰ ਜਨਮ-ਮਰਨ ਦੇ ਗੇੜ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ।

ਇਸ ਦੇ ਉਲਟ ਜਦੋਂ ਹਉਮੈ ਅਧੀਨ ਭਾਵ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਕਾਇਮ ਰਖ ਕੇ, ਮਨੁੱਖ ਬੇਸ਼ੱਕ ਬੜੇ ਬੜੇ ਮੰਨੇ ਜਾਂਦੇ ਧਰਮ ਕਰਮ ਵੀ ਕਰਦਾ ਫ਼ਿਰੇ ਤਾਂ ਵੀ ਮਨੁਮੁਖ ਰਹਿਕੇ, ਆਪਣਾ ਮਨੁੱਖਾ ਜਨਮ ਨਿਸ਼ਫਲ, ਬਿਅਰਥ ਤੇ ਅਜ਼ਾਈਂ ਹੀ ਗੁਅ ਜਾਂਦਾ ਹੈ। ਅਜਿਹਾ ਮਨੁੱਖ ਜੀਉਂਦੇ ਜੀਅ ਵੀ ਸੁਭਾਅ ਕਰਕੇ ਜੂਨਾਂ-ਜਨਮਾਂ `ਚ ਭਟਕਦਾ ਰਹਿੰਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ ਤੋਂ ਨਿਖੜਿਆ ਰਹਿ ਕੇ ਜਨਮਾਂ, ਜਨਮਾਤ੍ਰਾਂ ਅਤੇ ਭਿੰਨ ਭਿੰਨ ਗਰਭਾਂ ਨੂੰ ਭੋਗਦਾ ਹੈ। ਇਸ ਤਰ੍ਹਾਂ ਇਹ ਉਦੋਂ ਤੱਕ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ `ਚ ਪਿਆ ਰਹਿੰਦਾ ਹੈ ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ” (ਪੰ: ੯੨੦) ਅਨੁਸਾਰ ਕਰਤੇ ਪ੍ਰਭੂ `ਚ ਅਭੇਦ ਹੋ ਕੇ ਇਸ ਦਾ ਜੀਵਨ ਸਫ਼ਲਾ ਹੀ ਨਾ ਹੋ ਜਾਵੇ।

ਦਰਅਸਲ ਇਸ ਸਾਰੇ ਦਾ ਮੂਲ ਸ੍ਰੋਤ ਹੀ ਸਾਡੇ ਸਰੀਰ ਅੰਦਰ ਸਾਡਾ ‘ਮਨ’ ਹੁੰਦਾ ਹੈ। ਸਾਧਸੰਗਤ ਤੇ ਗੁਰੂ-ਗੁਰਬਾਣੀ ਦੀ ਆਗਿਆ `ਚ ਆ ਕੇ ਹੀ ਸਾਡੇ ਇਸ ਤਰ੍ਹਾਂ ਘੜੇ ਜਾ ਚੁੱਕੇ ‘ਮਨ’ ਰਾਹੀਂ ਸਾਡੇ ਗਿਆਨ ਤੇ ਕਰਮ ਇੰਦ੍ਰਆਂ ਦੀ ਸੁਵਰਤੋਂ ਹੋਣੀ ਹੈ। ਉਹ ਸੁਵਰਤੋਂ, ਜਿਸ ਮਕਸਦ ਤੇ ਜਨਮ ਦੀ ਸਫ਼ਲਤਾ ਲਈ, ਮਨੁੱਖਾ ਜਨਮ ਸਮੇਂ, ਇਹ ਗਿਆਨ ਤੇ ਕਰਮ ਇੰਦਰੇ ਸਾਨੂੰ ਪ੍ਰਾਪਤ ਹੋਏ ਹੁੰਦੇ ਹਨ।

ਇਸ ਦੇ ਉਲਟ ਜਦੋਂ ਇਸ ‘ਮਨ’ ਦੀ ਤਿਆਰੀ ਗੁਰੂ ਗੁਰਬਾਣੀ ਦੀ ਆਗਿਆ `ਚ ਨਹੀਂ ਹੁੰਦੀ ਤਾਂ ਇਸ ਦੀ ਸੁਵਰਤੋਂ ਵੀ ਸੰਭਵ ਨਹੀਂ ਹੁੰਦੀ। ਅਜਿਹੀ ਅਵਸਥਾ `ਚ ਸਾਡੇ ਇਹੀ ਗਿਆਨ ਤੇ ਕਰਮ ਇੰਦਰੇ ਹੀ ਸਾਧਨ ਬਣਦੇ ਹਨ ਸਾਨੂੰ ਫ਼ਿਰ ਤੋਂ ਜਨਮਾਂ ਦੇ ਗੇੜ `ਚ ਫ਼ਸਾਉਣ ਦਾ; ਫ਼ਿਰ ਭਾਵੇਂ ਸੰਸਾਰਕ ਪੱਧਰ `ਤੇ ਮਨੁੱਖ ਵੱਡਾ ਧਰਮੀ ਬਣਕੇ ਹੀ ਕਿਉਂ ਨਾ ਜੀਅ ਰਿਹਾ ਹੋਵੇ ਜਾਂ ਵੱਡਾ ਗੁਣਹਗਾਰ, ਜ਼ਾਲਿਮ, ਕਾਤਿਲ ਪਰ ਜਨਮ ਮਰਨ ਦੇ ਗੇੜ ਤੋਂ ਦੋਵੇਂ ਨਹੀਂ ਬੱਚ ਸਕਦੇ। ਫ਼ਰਕ ਹੁੰਦਾ ਹੈ ਕੀਤੇ ਕਰਮਾਂ ਅਨੁਸਾਰ ਸੌਖੇ ਜਾਂ ਅਉਖੇ ਅਥਵਾ ਦੁਖਾਂ ਜਾਂ ਸੁਖਾਂ ਨਾਲ ਭਰੇ ਹੋਏ ਜੀਵਨਾਂ ਤੇ ਜੂਨਾਂ ਤੇ ਜਨਮਾਂ ਵਿਚਕਾਰ।

ਇਸ ਸਚਾਇ ਨੂੰ ਸਮਝਣ ਤੇ ਪਹਿਚਾਨਣ ਲਈ ਵੀ ਗੁਰਬਾਣੀ `ਚ ਅਨੇਕਾਂ ਪ੍ਰਮਾਣ ਮੌਜੂਦ ਹਨ ਜਿਵੇਂ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ….” (ਪੰ: ੨੭੮) ਭਾਵ ਕਰੋੜਾਂ ਧਰਮ, ਤਪ ਕਰਮ ਕਰਕੇ ਵੀ, ਜੇ ਕਰ ਉਹ ਸਾਰੇ ਕਰਮ ਹਉਮੈ ਅਧੀਨ ਹੀ ਕੀਤੇ ਹਨ ਤਾਂ ਜੀਵ ਜਨਮ-ਮਰਨ ਵਾਲੇ ਬਾਰ ਬਾਰ ਦੇ ਗੇੜ ਤੋਂ ਨਹੀਂ ਬੱਚ ਸਕਦਾ ਫ਼ਰਕ ਹੁੰਦਾ ਹੈ ਭਿੰਨ ਭਿੰਨ ਜੂਨਾਂ ਤੇ ਜੀਵਨਾ ਸਮੇਂ ਦੁਖਾਂ-ਸੁਖਾਂ ਤੇ ਅਉਖੀਆਂ-ਸੌਖੀਆਂ (ਨਰਕ ਸੁਰਗ) ਜੀਵਨ ਰਹਿਣੀਆ ਵਿਚਕਾਰ।

ਇਸੇ ਤਰ੍ਹਾਂ ਇਸ ਵਿਸ਼ੇ ਨੂੰ ਬਾਣੀ ਆਸਾ ਦੀ ਵਾਰ `ਚ ਵੀ ਅਸੀਂ ਰੋਜ਼ਾਨਾ ਪੜਦੇ ਹਾਂ। ਉਥੇ ਸਲੋਕ ਹੈ “ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ, ਕਰਮੁ ਸਚਾ ਨੀਸਾਣੁ” (ਪੰ: ੪੬੭) ਭਾਵ ਇਸ ਤਰ੍ਹਾਂ ਅਜਿਹੇ ਕੀਤੇ ਹੋਏ ਲਖਾਂ ਪੁੰਨ ਤੇ ਹੋਰ ਬੇਅੰਤ ਧਾਰਮਕ ਕਰਮ ਵੀ “ਲਿਖਿਆ ਆਵਣ ਜਾਣੁ” ਮਨੁੱਖ ਨੂੰ ਜਨਮਾਂ ਦੇ ਗੇੜ ਤੋਂ ਨਹੀਂ ਬਚਾ ਸਕਦੇ।

ਇਹ ਮਨੁੱਖ ਨੂੰ ਜਨਮਾਂ ਦੇ ਗੇੜ ਤੋਂ ਕਿਉਂ ਨਹੀਂ ਬਚਾ ਸਕਦੇ? ਇਸ ਦਾ ਕਾਰਨ ਵੀ ਗੁਰਦੇਵ ਨੇ ਨਾਲ ਹੀ ਸਪਸ਼ਟ ਵੀ ਕਰ ਦਿੱਤਾ ਹੈ “ਨਾਨਕ ਮਤੀ ਮਿਥਿਆ” ਭਾਵ ਕਾਰਨ ਸੀ ਕਿ ਮਨੁੱਖ ਨੇ ਇਹ ਸਾਰੇ ਕਰਮ ਆਪਣੀ ਮੈਂ-ਹਉਮੈ ਵਾਲੀ ਪ੍ਰਵਰਿਤੀ ਤੇ ਬਿਰਤੀ ਨੂੰ ਤਿਆਗ ਕੇ ਨਹੀਂ ਸਨ ਕੀਤੇ। ਜਦਕਿ ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣਕੇ ਅਤੇ ਮੈਂ-ਹਉਮੈ ਦਾ ਤਿਆਗ ਕਰਕੇ ਭਾਵ ਸਮਰਪਣ ਭਾਵਨਾ ਨਾਲ ਬਿਤਾਇਆ ਜੀਵਨ ਹੀ “ਕਰਮੁ ਸਚਾ ਨੀਸਾਣੁ” ਹੁੰਦਾ ਹੈ; ਭਾਵ ਕੇਵਲ ਇਸਤਰ੍ਹਾ ਹੀ ਜੀਉਂਦੇ ਜੀਅ ਕਰਤੇ ਨਾਲ ਇੱਕ-ਮਿੱਕ ਹੋਇਆ ਜਾ ਸਕਦਾ ਹੈ। ਉਥੇ ਤਾਂ ਨਿਤਾਂਤ “ਜਬ ਹਮ ਹੋਤੇ, ਤਬ ਤੂ ਨਾਹੀ, ਅਬ ਤੂਹੀ ਮੈ ਨਾਹੀ” (ਪੰ: ੫੬੭) ਅਨੁਸਾਰ ਸਮਰਪਣ ਦੀ ਭਾਵਣਾ ਦੀ ਲੋੜ ਹੁੰਦੀ ਹੈ ਜਿਸ ਤੋਂ ਬਿਨਾ ਜੀਵਨ ਦੀ ਸਫ਼ਲਤਾ ਸੰਭਵ ਨਹੀਂ।

ਮਨੁੱਖਾ ਜੀਵਨ ਦੇ ਦੋ ਵਿਰੋਧੀ ਰਾਹ? -ਬੱਸ ਇਹੀ ਹਨ ਮਨੁੱਖਾਂ ਜੀਵਨ ਦੇ ਦੋ ਵਿਰੋਧੀ ਰਾਹ-ਗੁਰਮੁਖ ਤੇ ਮਨਮੁਖ ਜੀਵਨ। ਇਸ ਸਚਾਈ ਨੂੰ ਇਤਿਹਾਸ ਦੇ ਝਰੋਖੇ ਵਿਚੋਂ ਵੀ ਸਹਿਜੇ ਹੀ ਪਹਿਚਾਣਿਆ ਤੇ ਦੇਖਿਆ ਜਾ ਸਕਦਾ ਹੈ। ਮਿਸਾਲ ਵੱਜੋਂ ਉਹੀ ਸੱਜਨ ਜਦੋਂ ਆਪਣੇ ਇਨ੍ਹਾਂ ਹੀ ਗਿਆਨ ਤੇ ਕਰਮ ਇੰਦ੍ਰਿਆਂ ਦੀ ਵਰਤੋਂ ਆਪਣੇ ਅਗਿਆਨਤਾ `ਚ ਸਿਮਟੇ ਹੋਏ ‘ਮਨ’ ਨਾਲ ਕਰ ਰਿਹਾ ਸੀ ਤਾਂ ਉਦੋਂ ਉਹ ਸੱਜਨ ਠਗ ਤੇ ਸੱਜਨ ਕਾਤਿਲ ਸੀ। ਇਸ ਦੇ ਉਲਟ ਪਾਤਸ਼ਾਹ ਦੀ ਬਖ਼ਸ਼ਿਸ਼ ਸਦਕਾ ਜਦੋਂ ਉਹੀ ਸੱਜਨ, ਆਪਣੇ ਉਨ੍ਹਾਂ ਹੀ ਗਿਆਨ ਤੇ ਕਰਮ ਇੰਦ੍ਰਿਆਂ ਦੀ ਵਰਤੋਂ ਆਪਣੇ ਉਸੇ ਹੀ ‘ਮਨ’ ਦੀ ਵਰਤੋਂ ਗੁਰੂ ਗਿਆਨ ਦੀ ਪਾਣ ਚੜ੍ਹਣ ਤੋਂ ਬਾਅਦ ਕਰਦਾ ਹੈ ਤਾਂ ਸੱਜਨ ਠਗ ਤੇ ਸੱਜਨ ਕਾਤਿਲ ਨਹੀਂ ਬਲਕਿ ਪੂਜਣ ਜੋਗ ਸਜਨ ਪ੍ਰਚਾਰਕ ਤੇ ਪਾਤਸ਼ਾਹ ਦਾ ਅਨਿੰਨ ਸਿੱਖ ਹੋ ਨਿਬੜਦਾ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚੋਂ ਕੌਡਾ ਭੀਲ ਤੇ ਲਖਾਂ ਮਰਜੀਵੜੇ ਪਹਿਚਾਣੇ ਜਾ ਸਕਦੇ ਜਿਨ੍ਹਾਂ ਦੇ ਸੁਭਾਅ ਭਾਵ ‘ਮਨ’ ਜਦੋਂ ਗੁਰੁ ਤੇ ਸਾਧਸੰਗਤ ਦੀ ਬਖ਼ਿਸ਼ਸ਼ ਸਦਕਾ ਉੱਤਮ ਅਵਸਥਾ ਨੂੰ ਪ੍ਰਾਪਤ ਹੋ ਗਏ ਤਾਂ ਉਥੇ ਕੀ ਹੋਇਆ? ਉਨ੍ਹਾਂ ਦੇ ਸਰੀਰ ਤਾਂ ਨਹੀਂ ਸਨ ਬਦਲੇ ਬਲਕਿ ਉਨ੍ਹਾਂ ਦੇ ‘ਮਨਾਂ’ ਦੀ ਹੋ ਚੁੱਕੀ ਤਿਆਰੀ ਕਾਰਨ, ਉਨ੍ਹਾਂ ਦੇ ਸਰੀਰਾਂ ਵਿਚਲੇ ਗਿਆਨ ਤੇ ਕਰਮ ਇੰਦ੍ਰਿਆਂ ਦੀ ਵਰਤੋਂ ਦਾ ਰੁਖ ਹੀ ਬਦਲਿਆ ਸੀ, ਹੋਰ ਕੁੱਝ ਨਹੀਂ। ਇਹੀ ਵੱਡਾ ਇਨਕਲਾਬ ਸੀ ਗੁਰਮੱਤ ਤੇ ਗੁਰਬਾਣੀ ਜੀਵਨ ਨੇ ਜੋ ਕੇਵਲ ਕੁੱਝ ਹੀ ਸਦੀਆਂ ਦੌਰਾਨ ਮਨੁੱਖ ਸਮਾਜ ਅੰਦਰ ਲੈ ਆਂਦਾ।

ਦੋਵੇਂ ਪਾਸੇ ਫ਼ਰਕ ਹੈ ਤਾਂ ਮਨ ਦੀ ਤਿਆਰੀ ਦਾ। ਇੱਕ ਪਾਸੇ ਉੋਨ੍ਹਾਂ ਦੇ ‘ਮਨ’ ਵਿਕਾਰਾਂ, ਮੋਹ ਮਾਇਆ, ਤ੍ਰਿਸ਼ਨਾ ਭਟਕਣਾ `ਚ ਡੁਬੇ ਹੋਏ ਅਗਿਆਨੀ ਸਨ ਜਦਕਿ ਦੂਜੇ ਪਾਸੇ ਉਨ੍ਹਾਂ ਦੇ ਉਹੀ ‘ਮਨ’ ਜਦੋਂ ਗੁਰੂ ਦੇ ਗਿਆਨ ਦਾ ਨਿਘ ਮਾਨ ਲੈਂਦੇ ਹਨ ਤਾਂ ਉਨ੍ਹਾਂ ਦੇ ਜੀਵਨ ਬਦਲ ਜਾਂਦੇ ਹਨ। ਇਸੇ ਜੀਵਨ ਦੀ ਤਬਦੀਲੀ ਸਦਕਾ ਉਹੀ ਬੰਦਾ ਬੈਰਾਗੀ ਤੋਂ ਬੰਦਾ ਸਿੰਘ ਬਹਾਦੁਰ ਹੋ ਨਿਬੜਦਾ ਹੈ। ਕਲ ਤੱਕ ਲੋਕਾਈ ਨੂੰ ਦੁਖੀ ਕਰਣ ਵਾਲਾ, ਤੰਤ੍ਰਾਂ ਮੰਤ੍ਰਾਂ ਦਾ ਸ਼ੈਦਾਈ ਤੇ ਵਰਾਂ-ਸਰਾਪਾਂ ਦੀ ਆੜ `ਚ ਲੋਕਾਈ ਨਾਲ ਕੀਤੇ ਜਾ ਰਹੇ ਧੋਖੇ-ਠਗੀ `ਚ ਚੱਲ ਰਿਹਾ ਉਸ ਦਾ ਜੀਵਨ ਤੇ ਉਸ ਦੇ ਸਰੀਰ ਅੰਦਰਲੇ ਗਿਆਨ ਤੇ ਕਰਮ ਇੰਦਰੇ, ਇੱਕ ਦੰਮ ਉਸ ਦੇ ਜੀਵਨ ਦਾ ਰੁਖ ਹੀ ਬਦਲ ਦਿੰਦੇ ਹਨ। ਉਹੀ ਬੰਦਾ ਬੈਰਾਗੀ, ਗੁਰੂ ਦੀ ਬਖ਼ਸ਼ਿਸ਼ ਹਾਸਲ ਕਰਣ ਤੋਂ ਬਾਅਦ ਜੀਵਨ `ਚ ਸੱਚ ਦੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਲੈਂਦਾ ਹੈ। ਖਾਲਸਾ ਸਲਤਨਤ ਕਾਇਮ ਕਰ ਲੈਂਦਾ ਹੈ ਵੱਡੇ ਤੋਂ ਵੱਡੇ ਤਸੀਹੇ ਵੀ ਹਸਦੇ ਮੱਥੇ ਸਹਾਰ ਲੈਂਦਾ ਹੈ ਪਰ ਉਫ਼ ਤੱਕ ਨਹੀਂ ਕਰਦਾ।

“ਸਭੁ ਪਰਵਾਰੁ ਚੜਾਇਆ ਬੇੜੇ” - ਸੰਦਰਭ ਅਨੁਸਾਰ ਇਥੇ ਦੇਖਣ ਦੀ ਗੱਲ ਤਾਂ ਕੇਵਲ ਇਹ ਹੈ ਕਿ ਆਖਿਰ ਸੱਜਨ ਠੱਗ ਸੀ, ਕੌਡਾ ਭੀਲ, ਬੰਦਾ ਬੈਰਾਗੀ ਜਾਂ ਬੇਅੰਤ ਹੋਰ ਅਜਿਹੀਆਂ ਜਿੰਦੜੀਆਂ, ਉਥੇ ਸਾਰਿਆਂ ਦੇ ਜੀਵਨ `ਚ ਤਬਦੀਲੀਆਂ ਆਈਆਂ ਤਾਂ ਉਹ ਕੀ ਸਨ? ਉਹ ਤਬਦੀਲੀਆਂ ਸਨ ਗੁਰੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨਹੀਂ ਕੇਵਲ ਉਨ੍ਹਾਂ ਦੇ ‘ਮਨਾਂ’ ਦੇ ਸੁਭਾਅ ਹੀ ਬਦਲ ਗਏ ਸਨ। ਉਹ ਮਨ ਜੋ ਪਹਿਲਾਂ ਅਗਿਆਨਤਾ ਤੇ ਮਨਮਤਾ ਆਦਿ `ਚ ਫ਼ਸੇ ਹੋਏ ਸਨ, ਜਦੋਂ ਗੁਰਮੱਤ ਅਨੁਸਾਰੀ ਹੋ ਗਏ ਤਾਂ ਉਨ੍ਹਾਂ ਦੇ ਸਰੀਰਾਂ ਅੰਦਰੋਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਵਰਤੋਂ ਹੀ ਮਨਮੁਖੀ ਤੋਂ ਬਦਲ ਕੇ ਗੁਰਮੁਖੀ ਹੋ ਗਈ।

ਉਨ੍ਹਾਂ ਦੇ ਕੰਨ, ਅੱਖਾਂ, ਸਰੀਰ, ਹੱਥ, ਪੈਰ, ਇਹ ਸਾਰੇ ਇੰਦਰੇ ਜੀਵਨ ਦੇ ਉਲਟੇ ਰਾਹ ਨੂੰ ਤਿਆਗ ਕੇ ਜੀਵਨ ਦੇ ਸਿਧੇ ਰਾਹ `ਤੇ ਚੱਲ਼ ਪਏ। ਬੱਸ ਇਹੀ ਹੈ ਮੂਲ ਵਿਸ਼ਾ ਸਾਡੇ ਹੱਥਲ਼ੇ ਗੁਰਮੱਤ ਪਾਠ ਦਾ। ਇਥੇ ਵਿਸ਼ਾ ਇਹ ਨਹੀਂ ਕਿ ਮਨੁੱਖ ਨੇ, ਅਕਾਲਪੁਰਖ ਵੱਲੋਂ ਬਖ਼ਸ਼ੀਆਂ ਹੋਈਆ ਇਹ ਦਾਤਾਂ ਭਾਵ ਅਖਾਂ, ਕੰਨ, ਹੱਥ, ਪੈਰ ਆਦਿ ਵਰਤਣੇ ਨਹੀਂ ਹਨ। ਬਲਕਿ ਇਥੇ ਗੁਰਮੱਤ ਦੀ ਸੇਧ ਤਾਂ ਇਹ ਹੈ ਕਿ ਮਨੁੱਖਾ ਜੂਨ ਮਿਲਣ ਤੋਂ ਬਾਅਦ ਮਨੁੱਖ ਨੇ ਆਪਣੇ ਜੀਵਨ ਨੂੰ ਸਾਧਸੰਗਤ `ਚ ਲਿਆ ਕੇ ਗੁਰੂ-ਗੁਰਬਾਣੀ ਦੀ ਅਗਿਆ `ਚ ਇਹ ਗਿਆਨ ਤੇ ਕਰਮ ਇੰਦਰੇ ਵਰਤਣੇ ਹਨ। ਜੀਵਨ ਦਾ ਇਹੀ ਇੱਕ ਰਸਤਾ ਹੈ ਜਿਥੋਂ ਇਸ ਮਨੁੱਖ ਦੇ ਗਿਆਨ ਤੇ ਕਰਮ ਇੰਦਰੇ ਗੁਰੂ-ਗੁਰਬਾਣੀ ਦੇ ਆਦੇਸ਼ਾਂ ਅਨੁਸਾਰ ਚੱਲ ਕੇ ਜਨਮ ਨੂੰ ਸਫ਼ਲਾ ਕਰਣ ਦਾ ਕਾਰਨ ਬਣ ਜਾਂਦੇ ਹਨ।

ਜੀਵਨ ਦਾ ਇਹੀ ਇੱਕ ਢੰਗ ਹੈ ਜਿਥੋਂ ਮਨੁੱਖਾ ਜਨਮ ਦਾ ਅਸਲ ਮਕਸਦ ਪੂਰਾ ਹੋ ਸਕਦਾ ਹੈ। ਮਨੁੱਖ ਦਾ ਲੋਕ ਭਾਵ ਇਹ ਜਨਮ ਵੀ ਤੇ ਪ੍ਰਲੋਕ ਭਾਵ ਸਰੀਰ ਤਿਆਗਣ ਬਾਅਦ ਵੀ ਜੀਵ ਆਪਣੇ ਅਸਲੇ ਪ੍ਰਭੁ `ਚ ਹੀ ਅਭੇਦ ਹੋ ਜਾਂਦਾ ਹੈ। ਇਸ ਨੂੰ ਬਾਰ ਦੇ ਬਾਰ ਦੇ ਜਨਮ-ਮਰਨ ਦੇ ਗੇੜ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਂਦਾ ਹੈ। ਕਬੀਰ ਸਾਹਿਬ ਮਨੁੱਖਾ ਜੀਵਨ ਦੀ ਇਸੇ ਖੇਡ ਨੂੰ ਉਜਾਗਰ ਕਰਦੇ ਹੋਏ ਬੜੇ ਯਕੀਣ ਨਾਲ ਫ਼ੁਰਮਾਉਂਦੇ ਹਨ “ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜਾਇਆ ਬੇੜੇ” (ਪੰ੩੩੭) ਕਿ ਹੇ ਅਕਾਲਪੁਰਖ ਮੈਂ ਆਪਣੇ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਤੋਂ ਆਪਣੀ ਪਕੜ ਤਿਆਗ ਕੇ ਇਹ ਸਾਰੇ ਤੇਰੇ ਹਵਾਲੇ ਕਰ ਦਿੱਤੇ ਹਨ। ਭਾਵ ਮੇਰੇ ਜੀਵਨ ਅੰਦਰੋਂ ਹੁਣ ਹਉਮੈ ਦਾ ਨਿਵਾਰਣ ਤੇ ਵਿਨਾਸ ਹੋ ਗਿਆ ਹੈ ਤੇ ਹੁਣ ਮੇਰਾ ਇਹ ਜੀਵਨ ਤੇਰੀ ਹੀ ਸੰਭਾਲ `ਚ ਹੈ ਜਿਸ ਦੀ ਬਹੁੜੀ ਵੀ ਤੂੰ ਆਪ ਹੀ ਕਰਣੀ ਹੈ। ਚੇਤੇ ਰਹੇ! ਇਥੇ “ਸਭੁ ਪਰਵਾਰੁ” ਦੇ ਅਰਥ ਹਨ ਸਰੀਰ ਅੰਦਰਲੇ ਗਿਆਨ ਤੇ ਕਰਮ ਇੰਦਰੇ ਜੋ ‘ਮਨ’ ਦੀ ਹਉਮੈ ਨੂੰ ਤਿਆਗਣ ਤੋਂ ਬਿਨਾ ਜੀਵਨ ਦੇ ਅਸਲ ਰਾਹ `ਤੇ ਚੱਲ ਹੀ ਨਹੀਂ ਸਕਦੇ।

“ਅੰਧੁਲੈ ਭਾਰੁ ਉਠਾਇਆ” - ਗੁਰਬਾਣੀ `ਚ ਹੀ ਇਸੇ ਵਿਸ਼ੇ ਨੂੰ ਹੋਰ ਵੀ ਬਹੁਤ ਢੰਗਾਂ ਨਾਲ ਅਤੇ ਬੇਅੰਤ ਵਾਰੀ ਲਿਆ ਗਿਆ ਹੈ। ਬਾਣੀ ਅਨੰਦ ਸਾਹਿਬ `ਚ ਤਾਂ ਤੀਜੇ ਪਾਤਸ਼ਾਹ, ਮਨੁੱਖਾ ਸਰੀਰ ਵਿਚਲੇ ਇਨ੍ਹਾਂ ਹੀ ਗਿਆਨ ਤੇ ਕਰਮ ਇੰਦ੍ਰਿਆਂ ਦਾ ਨਾਮ ਲੈ ਲੈ ਕੇ ਹੋਰ ਵੀ ਸਪਸ਼ਟ ਲਫ਼ਜ਼ਾਂ `ਚ ਪੱਕਾ ਕਰਦੇ ਹਨ ਕਿ ਐ ਮਨੁੱਖ! ਇਹ ਜੋ ਤੇਰੇ ਕੰਨ, ਅੱਖਾਂ ਬਲਕਿ ਸੰਪੂਰਣ ਮਨੁੱਖਾ ਸਰੀਰ ਤੱਕ ਜੋ ਕੁੱਝ ਵੀ ਤੈਨੂੰ ਪ੍ਰਭੂ ਵੱਲੋਂ ਮਿਲਿਆ ਹੈ ਇਨ੍ਹਾਂ ਵਿੱਚੋਂ ਉਸ ਪ੍ਰਭੂ ਦੀ ਹਰੇਕ ਦਾਤ ਪਿਛੇ ਜੀਵਨ ਦੀ ਸਫ਼ਲਤਾ ਵਾਲਾ ਮਕਸਦ ਵੀ ਹੈ, ਇਹ ਬਿਨਾ ਮਕਸਦ ਤੇ ਮਨਮਤੀ ਢੰਗਾਂ ਨਾਲ ਵਰਤਣ ਲਈ ਨਹੀਂ ਹਨ। ਇਸ ਲਈ ਜੀਵਨ ਦੀ ਇਸ ਸਚਾਈ ਤੋਂ ਲਾਪਰਵਾਹ ਰਹਿ ਕੇ ਤੂੰ ਅਗਿਆਨਤਾ ਵੱਸ ਇਸ ਅਮੁਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਨਾ ਕਰ।

ਗੁਰਦੇਵ ਨੇ ਉਥੇ ਅਨੰਦ ਸਾਹਿਬ ਵਿੱਚ ਵੀ ਇਸ ਵਿਸ਼ੇ ਦਾ ਅਰੰਭ ਹੀ ‘ਮਨ’ ਤੇ ਉਸ ਦੀ ਵਰਤੋਂ ਤੋਂ ਕੀਤਾ ਹੈ ਜਿਵੇਂ “ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ……” (ਪਉ: ੨) ਅਤੇ ਇਸ ਦੇ ਨਾਲ ਹੀ ਇਸ ‘ਮਨ’ ਨੂੰ ਸੁਚੇਤ ਵੀ ਕੀਤਾ ਹੈ ਜਿਵੇਂ “ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ॥ ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ….” (ਪਉ: ੧੦) ਹੋਰ ਇਹ ਵੀ ਸਪਸ਼ਟ ਕਰਕੇ ਨਾਲ ਹੀ ਸਮਝਾਇਆ ਹੈ ਕਿ ਮਨੁੱਖ ਨੇ ਇਸ ‘ਮਨ’ ਨੂੰ ਵਰਤਣਾ ਕਿਵੇਂ ਹੈ ਫ਼ੁਰਮਾਨ ਹੈ “ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ….” (ਪਉ: ੧੧)।

ਦਰਅਸਲ ਮਨੁੱਖ ਦੇ ਸਰੀਰ ਅੰਦਰਲੇ ਗਿਆਨ ਤੇ ਕਰਮ ਇੰਦਰਿਆਂ ਨੇ ਆਖਿਰ ਚਲਣਾ ਤਾਂ ‘ਮਨ’ ਦੇ ਅਧੀਨ ਹੋ ਕੇ ਹੀ ਹੈ। ਇਸੇ ਲਈ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਬੇਅੰਤ ਫ਼ੁਰਮਾਨ ਹਨ ਕਿ ਸਭ ਤੋਂ ਪਹਿਲਾਂ ਮਨੁੱਖ ਦੇ ਜੀਵਨ ਦੀ ਤਿਆਰੀ, ਸਾਧ ਸੰਗਤ `ਚ ਆ ਕੇ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆਂਵਾਂ `ਚ ‘ਮਨ’ ਤੋਂ ਹੀ ਸ਼ੁਰੂ ਹੋਵੇਗੀ ਤਾਂ ਹੀ ਸਰੀਰ ਸਮੇਤ ਬਾਕੀ ਸਾਰੇ ਗਿਆਨ ਤੇ ਕਰਮ ਇੰਦਰੇ ਆਪਣੇ ਆਪ ਜੀਵਨ ਦੇ ਠੀਕ ਰਾਹ `ਤੇ ਚਲ ਪੈਣਗੇ, ਉਂਝ ਨਹੀਂ।

ਗੁਰੂ ਦੇ ਗਿਆਨ ਦਾ ਅਨੁਸਾਰੀ ਹੋ ਕੇ ਇਨ੍ਹਾਂ ਇੰਦ੍ਰਿਆਂ ਨੇ ਚਲਣਾ ਕਿਵੇਂ ਹੈ? ਬਾਣੀ ਅਨੰਦ ਸਾਹਿਬ `ਚ ਹੀ ਇਸ ਬਾਰੇ ਵੀ ਗੁਰਦੇਵ ਦੇ ਸਪਸ਼ਟ ਫ਼ੁਰਮਾਨ ਹਨ: ਜਿਵੇਂ:

“ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ…” (ਪਉ: ੩੨)

“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ…” (ਪਉ: ੩੩) “ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ….” (ਪਉ: ੩੫) “ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ……… ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ…” (ਪਉ: ੩੬)

“ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ ਸਾਚੈ ਸੁਨਣੈ ਨ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ …” (ਪਉ: ੩੭)

ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਵੀ ਅਨੇਕਾਂ ਥਾਵੇਂ ਜੀਵਨ ਦੇ ਇਸ ਸੱਚ ਨੂੰ ਪ੍ਰਗਟਾਇਆਂ ਹੈ ਜਿਵੇਂ “ਜਿਨਿ ਕਨ ਕੀਤੇ ਅਖੀ ਨਾਕੁ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ” (ਪੰ: ੬੬੧)। ਇਤਨਾ ਹੀ ਨਹੀਂ ਬਲਕਿ ਗੁਰਬਾਣੀ `ਚ ਅਗਿਆਨਤਾ ਦੀਆਂ ਠੋਕਰਾਂ ਖਾ ਰਹੇ ਜੀਵਨ ਤੇ ਅਜਿਹੇ ਮਨੁੱਖ ਰਾਹੀਂ ਵਰਤੇ ਜਾ ਰਹੇ ਇਨ੍ਹਾਂ ਗਿਆਨ ਤੇ ਕਰਮ ਇੰਦਰਿਆਂ ਲਈ ਵੀ ਬਹੁਤ ਵਾਰੀ ਫ਼ੁਰਮਾਇਆ ਹੈ ਜਿਵੇਂ “ਅੰਧੁਲੈ ਭਾਰੁ ਉਠਾਇਆ, ਡੂਗਰ ਵਾਟ ਬਹੁਤੁ॥ ਅਖੀ ਲੋੜੀ ਨਾ ਲਹਾ, ਹਉ ਚੜਿ ਲੰਘਾ ਕਿਤੁ” (ਪੰ: ੭੨੯) ਭਾਵ ਐ ਭਾਈ! ਜੀਵਨ ਰਾਹ ਬਹੁਤ ਕਠਨ ਤੇ ਟੇਡਾ-ਮੇਢਾ ਹੈ ਕਿਉਂਕਿ ਇਸ ਅੰਦਰ ਮੌਹ ਮਾਇਆ ਤੇ ਵਿਕਾਰਾਂ ਦੀਆਂ ਬੇਅੰਤ ਛਲਾਂ ਹਨ, ਗੁਰੂ ਗਿਆਨ ਤੇ ਜੀਵਨ ਤੋਂ ਬਿਨਾ ਇਨ੍ਹਾਂ ਤੋਂ ਬਚਣਾ ਸੰਭਵ ਹੀ ਨਹੀਂ ਬਲਕਿ ਉਥੇ ਤਾਂ ਇਨ੍ਹਾਂ ਤੋਂ ਬਚਣ ਲਈ ਕੇਵਲ ਅਕਾਲਪੁਰਖ ਦੇ ਚਰਨਾਂ `ਚ ਅਰਦਾਸੀਆ ਬਣ ਕੇ ਹੀ ਚਲਣਾ ਪਵੇਗਾ।

ਫ਼ੁਰਮਾਨ ਹੈ “ਸੁਨਿ ਅੰਧਾ ਕੈਸੇ ਮਾਰਗੁ ਪਾਵੈ॥ ਕਰੁ ਗਹਿ ਲੇਹੁ ਓੜਿ ਨਿਬਹਾਵੈ॥ ਕਹਾ ਬੁਝਾਰਤਿ ਬੂਝੈ ਡੋਰਾ॥ ਨਿਸਿ ਕਹੀਐ ਤਉ ਸਮਝੈ ਭੋਰਾ॥ ਕਹਾ ਬਿਸਨਪਦ ਗਾਵੈ ਗੁੰਗ॥ ਜਤਨ ਕਰੈ ਤਉ ਭੀ ਸੁਰ ਭੰਗ॥ ਕਹ ਪਿੰਗੁਲ ਪਰਬਤ ਪਰ ਭਵਨ॥ ਨਹੀ ਹੋਤ ਊਹਾ ਉਸੁ ਗਵਨ” ਇਸ ਲਈ “ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ॥ ਨਾਨਕ ਤੁਮਰੀ ਕਿਰਪਾ ਤਰੈ” (ਪੰ: ੨੬੭) ਭਾਵ ਅਗਿਆਨਤਾ ਦੀ ਘੂਕ ਨੀਂਦ `ਚ ਸੁਤਾ ਹੋਇਆ ਮਨੁੱਖ ਜਦੋਂ ਤੱਕ ਮੈਨ, ਮੇਰਾ ਤੇ ਹਉਮੈ ਦਾ ਤਿਆਗ ਕਰਕੇ ਪ੍ਰਭੁ ਦੇ ਚਰਨਾਂ `ਚ ਅਰਦਾਸੀਆ ਨਹੀਂ ਬਣਦਾ ਉਦੋਂ ਤੱਕ ਮਨਮੁਖ ਤੋਂ ਗੁਰਮੁਖ ਦੇ ਜੀਵਨ ਦਾ ਪਾਂਧੀ ਨਹੀਂ ਬਣ ਸਕਦਾ।

ਇਸੇ ਤਰ੍ਹਾਂ ਇੱਕ ਹੋਰ ਫ਼ੁਰਮਾਨ “ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ॥ ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ॥ ੧ ॥ ਮਨ ਏਕੁ ਨ ਚੇਤਸਿ ਮੂੜ ਮਨਾ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ ੧ ॥ ਰਹਾਉ॥ ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ” ਇਸ ਲਈ “ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ” (ਪੰ: ੧੨) ਨਹੀਂ ਤਾਂ “ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ” (ਪੰ: ੪੬੫) ਭਾਵ ਅਗਿਆਨਤਾ `ਚ ਫ਼ਸੀ ਹੋਈ ਮਾਨਵਤਾ ਆਪਣੇ ਜਨਮਾ ਨੂੰ ਵਿਕਾਰਾਂ, ਚਿਤਾਂਵਾਂ, ਆਸ਼ਾਞਾਂ-ਤ੍ਰਿਸ਼ਨਾਵਾਂ ਆਦਿ `ਚ ਫ਼ਸੇ ਰਹਿ ਕੇ ਆਪਣੇ ਪ੍ਰਾਪਤ ਜਨਮਾਂ ਨੂੰ ਵੀ ਅਉਖਾ ਕਰਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਜਨਮ ਮਰਨ ਦੇ ਗੇੜਾਂ `ਚ ਫ਼ਸੇ ਰਹਿੰਦੇ ਹਨ; ਮੁਸੈ” ਭਾਵ ਉਨ੍ਹਾਂ ਦੇ ਜੀਵਨ ਠੱਗੇ ਜਾਂਦੇ ਹਨ ਬਰਬਾਦ ਹੋ ਜਾਂਦੇ ਹਨ, ਅਜ਼ਾਈ ਤੇ ਬਿਰਥਾ ਚਲੇ ਜਾਂਦੇ ਹਨ।

“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” ਇਸ ਤਰ੍ਹਾਂ ਜਿਉਂ ਜਿਉਂ ਸਾਡਾ ਪਿਆਰ ਸਤਿਕਰ ਤੇ ਵਿਸ਼ਵਾਸ ਗੁਰਬਾਣੀ `ਚ ਵਧਦਾ ਜਾਵੇਗਾ ਇਹ ਵਿਸ਼ਾ ਹੋਰ ਵੀ ਸਪਸ਼ਟ ਹੁੰਦਾ ਜਾਵੇਗਾ ਕਿ ਆਖਿਰ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ…” ਆਦਿ ਦੇ ਅਰਥ ਹਨ ਕਿ ਬੇਅੰਤ ਜੂਨੀਆਂ ਵਿੱਚੋਂ ਕੱਢ ਕੇ ਪ੍ਰਭੂ ਨੇ ਸਾਨੂੰ ਜੋ ਇਹ ਮਨੁੱਖਾ ਜਨਮ ਬਖਸ਼ਿਆ ਹੈ। ਉਪ੍ਰੰਤ ਸਾਡੇ ਸਰੀਰ ਅੰਦਰ ਪ੍ਰਭੂ ਨੇ ਜੋ ਸਾਨੂੰ ਗਿਆਨ ਤੇ ਕਰਮ ਇੰਦਰੇ ਬਖ਼ਸ਼ੇ ਹਨ। ਅਨੰਤ ਜੂਨੀਆਂ ਦੇ ਉਲਟ ਇਸ ਦੁਲਭ ਜਨਮ ਦੀ ਸਫ਼ਲਤਾ ਲਈ ਇਨ੍ਹਾਂ ਇੰਦ੍ਰਿਆਂ ਦਾ ਇੱਕ ਖਾਸ ਮਕਸਦ ਹੈ ਜਿਸ ਨੂੰ ਸਮਝੇ ਤੇ ਪਹਿਚਾਣੇ ਬਿਨਾ ਇਹ ਗਿਆਨ ਤੇ ਕਰਮ ਇੰਦਰੇ ਵੀ ਉਸੇ ਤਰ੍ਹਾਂ ਵਰਤੇ ਜਾ ਰਹੇ ਹੁੰਦੇ ਹਨ ਜਿਵੇਂ ਦੂਜੀਆਂ ਜੂਨੀਆਂ `ਚ।

ਫ਼ਰਕ ਰਹਿੰਦਾ ਹੈ ਤਾਂ ਕੇਵਲ ਇਤਨਾ ਕਿ ਬਾਕੀ ਜੂਨੀਆਂ ਤਾਂ ਕੇਵਲ ਮਾਤ੍ਰ ਪਿਛਲੇ ਅਸਫ਼ਲ ਰਹਿ ਚੁੱਕੇ ਮਨੁੱਖਾ ਜਨਮ ਸਮੇਂ ਕੀਤੇ ਕਰਮਾ ਦਾ ਕੇਵਲ ਲੇਖਾ ਜੋਖਾ ਹੀ ਹੁੰਦੀਆਂ ਹਨ ਤੇ ਉਥੇ ਕੁੱਝ ਵੱਧ-ਘਟ ਨਹੀਂ ਹੋ ਸਕਦਾ ਜਦਕਿ ਮਨੁੱਖਾ ਜਨਮ ਵਿਸ਼ੇਸ਼ ਤੇ ਜਨਮ ਮਰਨ ਦੇ ਗੇੜ `ਚੋਂ ਨਿਕਲਣ ਦਾ ਸਮਾਂ ਹੈ ਜਿਸ ਨੂੰ ਗੁਰਬਾਣੀ-ਗੁਰੂ ਦੇ ਗਿਆਨ ਤੇ ਸਾਧਸੰਗਤ ਨਾਲ ਮਿਲ ਕੇ ਸੰਭਾਲਿਆ ਜਾ ਸਕਦਾ ਹੈ। ਇਥੇ ਉਹ ਗਿਆਨ ਤੇ ਕਰਮ ਇੰਦਰੇ ਵੀ ਗੁਰਬਾਣੀ-ਗੁਰੂ ਦੇ ਗਿਆਨ ਤੇ ਸਿਖਿਆ ਦੀ ਰੋਸ਼ਨੀ `ਚ “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” (ਬਾਣੀ ਜਪੁ) ਅਨੁਸਾਰ ‘ਮਨ’ ਦੀ ਤਿਆਰੀ ਅਤੇ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਜੀਵਨ ਨੂੰ ਸਫ਼ਲ ਕਰਣ ਦਾ ਸਾਧਨ ਬਣ ਜਾਂਦੇ ਹਨ। #216s11.02.11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 216

“ਅਖੀ ਬਾਝਹੁ ਵੇਖਣਾ

ਵਿਣੁ ਕੰਨਾ ਸੁਨਣਾ…”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.