.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 27)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਆਖੀ ਗਈ ਹੈ ਕਿ ਗੁਰਬਾਣੀ ਨੂੰ ਕੇਵਲ ਪੜ੍ਹਣ ਸੁਨਣ ਤੱਕ ਹੀ ਸੀਮਤ ਨਹੀਂ ਰੱਖਣਾ ਬਲਕਿ ਇਸ ਨੂੰ ਧਿਆਨ ਨਾਲ ਪੜ੍ਹ ਸੁਣ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣਾ ਹੈ। ਪਰੰਤੂ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਪੁਸਤਕ ਦਾ ਕਰਤਾ ਇਸ ਗੱਲ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰਕੇ, ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਦੁਆਰਾ ਪੜ੍ਹਣ ਦੀ ਪ੍ਰੇਰਨਾ ਕਰਦਾ ਹੋਇਆ, ਮਨੋਕਲਪਿਤ ਮਹਾਤਮ ਦੀ ਹੀ ਚਰਚਾ ਕਰ ਰਿਹਾ ਹੈ। ਲੇਖਕ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਦਰਸਾ ਕੇ, ਸਿੱਖ ਸੰਗਤਾਂ ਨੂੰ ਗੁਰਬਾਣੀ ਵਿਚਲੀ ਜੀਵਨ-ਜੁਗਤ ਨਾਲੋਂ ਤੋੜ ਰਿਹਾ ਹੈ।
ਲੇਖਕ ਵਲੋਂ ਜਪੁਜੀ ਦੀਆਂ ਪੰਚਵੀਂ ਪਉੜੀ ਤੱਕ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਦੇ ਮਹਾਤਮ ਦਾ ਅਸੀਂ ਪਹਿਲਾਂ ਵਰਣਨ ਕਰ ਚੁਕੇ ਹਾਂ। ਪੁਸਤਕ ਕਰਤਾ ਵਲੋਂ ਜਪੁਜੀ ਦੀ ਛਬਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਅਮੁਲ ਗੁਣ ਅਮੁਲ ਵਾਪਾਰ॥ ਅਮੁਲ ਵਾਪਾਰੀਏ ਅਮੁਲ ਭੰਡਾਰ॥ ਅਮੁਲ ਆਵਹਿ ਅਮੁਲ ਲੈ ਜਾਹਿ॥ ਅਮੁਲ ਭਾਇ ਅਮੁਲਾ ਸਮਾਹਿ॥ ਅਰਥ:- (ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ), (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ। ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿੱਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ।
ਅਮੁਲੁ ਧਰਮੁ ਅਮੁਲੁ ਦੀਬਾਣੁ॥ ਅਮੁਲੁ ਤੁਲੁ ਅਮੁਲੁ ਪਰਵਾਣੁ॥ ਅਮੁਲੁ ਬਖਸੀਸ ਅਮੁਲੁ ਨੀਸਾਣੁ॥ ਅਮੁਲੁ ਕਰਮੁ ਅਮੁਲੁ ਫੁਰਮਾਣੁ॥ ਅਰਥ:- ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ। ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ)। ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ)।
ਅਮੁਲੋ ਅਮੁਲੁ ਆਖਿਆ ਨ ਜਾਇ॥ ਆਖਿ ਆਖਿ ਰਹੇ ਲਿਵ ਲਾਇ॥ ਅਰਥ:- ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
ਆਖਹਿ ਵੇਦ ਪਾਠ ਪੁਰਾਣ॥ ਆਖਹਿ ਪੜੇ ਕਰਹਿ ਵਖਿਆਣ॥ ਆਖਹਿ ਬਰਮੇ ਆਖਹਿ ਇੰਦ॥ ਆਖਹਿ ਗੋਪੀ ਤੈ ਗੋਵਿੰਦ॥ ਅਰਥ:- ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਆਖਹਿ ਈਸਰ ਆਖਹਿ ਸਿਧ॥ ਆਖਹਿ ਕੇਤੇ ਕੀਤੇ ਬੁਧ॥ ਆਖਹਿ ਦਾਨਵ ਆਖਹਿ ਦੇਵ॥ ਆਖਹਿ ਸੁਰਿ ਨਰ ਮੁਨਿ ਜਨ ਸੇਵ॥ ਅਰਥ:- ਕਈ ਸ਼ਿਵ ਤੇ ਸਿੱਧ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ਼ ਤੇ ਦੇਵਤੇ, ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਕੇਤੇ ਆਖਹਿ ਆਖਣਿ ਪਾਹਿ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ॥ ਏਤੇ ਕੀਤੇ ਹੋਰਿ ਕਰੇਹਿ॥ ਤਾ ਆਖਿ ਨ ਸਕਹਿ ਕੇਈ ਕੇਇ॥ ਅਰਥ:- ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ, ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿੱਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ), (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।
ਜੇਵਡੁ ਭਾਵੈ ਤੇਵਡੁ ਹੋਇ॥ ਨਾਨਕ ਜਾਣੈ ਸਾਚਾ ਸੋਇ॥ ਜੇ ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥ ੨੬॥ ਅਰਥ:- ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ)। ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ)। ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ) ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ। ੨੬।
ਭਾਵ:- ਜਗਤ ਵਿੱਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ। ਪਰ, ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿੱਚ ਕਿਤਨੀਆਂ ਵਡਿਆਈਆਂ ਹਨ, ਤੇ ਉਹ ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ। ਉਸ ਮਨੁੱਖ ਨੂੰ ਹੋਛਾ ਜਾਣੋ, ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ।
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦੀ ਵਿਧੀ ਦਰਸਾਉਣ ਦੇ ਨਾਲ ਨਾਲ, ਇਸ ਦੇ ਮਹਾਤਮ ਸਬੰਧੀ ਇਉਂ ਲਿਖਦਾ ਹੈ:-
“ਇਸ ਪਉੜੀ ਦਾ ਸੋਮਵਾਰ ਤੋਂ ਲੈਕੇ ਸੌ ਪਾਠ ਰੋਜ਼ ਇਕਵੰਜਾ ਦਿਨ ਅੰਮ੍ਰਿਤ ਵੇਲੇ ਕਰਨਾ, ਬਹੁਤ ਇਜ਼ਤ ਪਾਵੇ। ਜੇਕਰ ਦੁਪਹਿਰ ਸਮੇਂ ਸੂਰਜ ਵਲ ਮੁਖ ਕਰਕੇ ਜਪੇ ਤਾਂ ਸਵਰਗ ਲੋਕ ਦੀ ਪ੍ਰਾਪਤੀ ਹੋਵੇ। ਜੇਕਰ ਸਾਯੰਕਾਲ ਜਪੇ ਤਾਂ ਵੈਰੀ ਦੀ ਹਾਨੀ ਹੋਵੇ।”
ਪੁਸਤਕ ਕਰਤਾ ਜਿਸ ਢੰਗ ਨਾਲ ਇੱਜ਼ਤ ਪਾਉਣ ਦੀ ਜੁਗਤੀ ਦਰਸਾ ਰਿਹਾ ਹੈ, ਇਸ ਤਰ੍ਹਾਂ ਦੀ ਇੱਜ਼ਤ ਮਨੁੱਖ ਨੂੰ ਅਗਿਆਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਵਿਅਕਤੀਆਂ ਵਲੋਂ ਹੀ ਮਿਲਣ ਦੀ ਸੰਭਾਵਨਾ ਹੈ। ਚੂੰਕਿ ਅਜਿਹੇ ਵਿਅਕਤੀ ਕਿਸੇ ਦੇ ਆਚਰਣ ਨੂੰ ਨਹੀਂ ਕੇਵਲ ਉਸ ਦੇ ਬਾਹਰੀ ਕਰਮ ਨੂੰ ਦੇਖ ਕੇ ਹੀ, ਉਸ ਦੀ ਜੈ ਜੈ ਕਾਰ ਕਰਨ ਲੱਗ ਪੈਂਦੇ ਹਨ। ਗੁਰਬਾਣੀ ਵਿੱਚ ਮਨੁੱਖ ਨੂੰ ਨਾ ਤਾਂ ਇਸ ਤਰ੍ਹਾਂ ਦੀ ਜੁਗਤੀ ਨਾਲ ਇੱਜ਼ਤ ਹਾਸਲ ਕਰਨ ਦੀ ਪ੍ਰੇਰਨਾ ਕੀਤੀ ਹੈ ਅਤੇ ਨਾ ਹੀ ਇਹੋ ਜਿਹੀਆਂ ਜੁਗਤੀਆਂ ਅਪਣਾਉਣ ਵਾਲਿਆਂ ਦੇ ਆਦਰ-ਮਾਣ ਦੀ। ਚੂੰਕਿ ਇਸ ਤਰ੍ਹਾਂ ਦੀ ਧਾਰਨਾ ਤਾਂ ਕਲਜੁਗ ਦੇ ਪ੍ਰਭਾਵ ਅਧੀਨ ਵਿਚਰ ਰਹੇ ਪ੍ਰਾਣੀਆਂ ਦੀ ਹੈ:-
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥ (ਪੰਨਾ ੧੨੮੮)
ਅਰਥ: ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ), ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ) — (ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ। ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)। ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ)।
ਗੁਰਬਾਣੀ ਵਿਚਲੀ ਜੀਵਨ-ਜੁਗਤ ਅਪਣਾਉਣ ਨਾਲ ਮਨੁੱਖ ਨੂੰ ਜੋ ਇੱਜ਼ਤ ਮਿਲਦੀ ਹੈ, ਉਹ ਆਮ ਲੋਕਾਂ ਵਲੋਂ ਮਿਲੀ ਵਾਹਵਾ ਦੇ ਆਧਾਰਤ ਨਹੀਂ ਹੁੰਦੀ। ਇਹ ਇੱਜ਼ਤ ਉਸ ਦੇ ਆਪਣੇ ਆਚਰਣ ਅਥਵਾ ਗੁਰਮਤਿ ਅਨੁਸਾਰੀ ਜੀਵਨ-ਜੁਗਤ ਦੇ ਆਧਾਰਤ ਹੁੰਦੀ ਹੈ। ਜੇਕਰ ਅਜਿਹੇ ਮਨੁੱਖ ਦੀ ਲੋਕੀਂ ਵਾਹ ਵਾਹ ਕਰਦਿਆਂ ਹੋਇਆਂ, ਉਸ ਦਾ ਇੱਜ਼ਤ-ਮਾਣ ਕਰਨ, ਤਾਂ ਇਸ ਨੂੰ ਉਹ ਕਰਤੇ ਦੀ ਵਡਿਆਈ ਦੀ ਬਦੌਲਤ ਹੀ ਮੰਨਦਾ ਹੈ। ਜੇਕਰ ਕੋਈ ਆਦਰ-ਮਾਣ ਨਹੀਂ ਕਰਦਾ, ਤਾਂ ਉਸ ਦੇ ਆਤਮ ਸਨਮਾਨ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹ ਆਪਣੀ ਮੰਜ਼ਲ ਵਲ ਵਾਹੋ-ਦਾਹੀ ਤੁਰਿਆ ਹੀ ਜਾਂਦਾ ਹੈ।
ਗੁਰਬਾਣੀ ਵਿਚੋਂ ਸਾਨੂੰ ਇਸ ਗੱਲ ਦਾ ਵੀ ਪਤਾ ਚਲਦਾ ਹੈ ਕਿ ਜ਼ਿਆਦਾਤਰ ਜਨ-ਸਾਧਾਰਨ ਨੇ ਇਸ ਮਾਰਗ ਉੱਤੇ ਤੁਰਨ ਵਾਲਿਆਂ ਨੂੰ ਆਦਰ-ਮਾਣ ਤਾਂ ਕੀ ਦੇਣਾ ਸੀ, ਸਗੋਂ ਉਲਟਾ ਉਨ੍ਹਾਂ ਨੂੰ ਭੂਤਨਾ, ਬਾਵਰਾ, ਬੇਤਾਲਾ ਆਦਿ ਹੀ ਕਿਹਾ ਹੈ। ਪਰ ਆਮ ਲੋਕਾਈ ਵਲੋਂ ਦਿੱਤੇ ਅਜਿਹੇ ਫਤਵਿਆਂ ਤੋਂ ਘਬਰਾ ਕੇ, ਉਹ ਆਪਣੀ ਜਾਤਰਾ ਦੀ ਦਿਸ਼ਾ ਬਦਲ ਨਹੀਂ ਦੇਂਦੇ। ਨਿਮਨ ਲਿਖਤ ਸ਼ਬਦ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
ਜਬ ਹਮ ਏਕੋ ਏਕੁ ਕਰਿ ਜਾਨਿਆ॥ ਤਬ ਲੋਗਹ ਕਾਹੇ ਦੁਖੁ ਮਾਨਿਆ॥ ੧॥ ਹਮ ਅਪਤਹ ਅਪੁਨੀ ਪਤਿ ਖੋਈ॥ ਹਮਰੈ ਖੋਜਿ ਪਰਹੁ ਮਤਿ ਕੋਈ॥ ੧॥ ਰਹਾਉ॥ ਹਮ ਮੰਦੇ ਮੰਦੇ ਮਨ ਮਾਹੀ॥ ਸਾਝ ਪਾਤਿ ਕਾਹੂ ਸਿਉ ਨਾਹੀ॥ ੨॥ ਪਤਿ ਅਪਤਿ ਤਾ ਕੀ ਨਹੀ ਲਾਜ॥ ਤਬ ਜਾਨਹੁਗੇ ਜਬ ਉਘਰੈਗੋ ਪਾਜ॥ ੩॥ ਕਹੁ ਕਬੀਰ ਪਤਿ ਹਰਿ ਪਰਵਾਨੁ॥ ਸਰਬ ਤਿਆਗਿ ਭਜੁ ਕੇਵਲ ਰਾਮੁ॥ ੪॥ (ਪੰਨਾ ੩੨੪)
ਅਰਥ: ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇੱਕ ਪਰਮਾਤਮਾ ਹੀ ਵਿਆਪਕ ਹੈ, ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ। ੧। ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ। (ਤੁਹਾਨੂੰ ਲੋਕਾਂ ਨੂੰ ਜਗਤ ਵਿੱਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ। ੧। ਰਹਾਉ।
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?); ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ। ੨। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿੱਚ ਕੋਈ ਹਾਣਤ ਨਹੀਂ ਸਮਝਦਾ; ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ। ੩। ਹੇ ਕਬੀਰ! ਆਖ— (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ। (ਤਾਂ ਤੇ, ਹੇ ਕਬੀਰ!) ਹੋਰ ਸਭ ਕੁੱਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ। ੪।
ਗੁਰਬਾਣੀ ਵਿਚਲੀ ਜੀਵਨ-ਜੁਗਤ ਇਹ ਦਰਸਾਉਂਦੀ ਹੈ ਕਿ ਮਨੁੱਖ ਦੀ ਅਸਲ ਇੱਜ਼ਤ ਤਾਂ ਵਿਕਾਰਾਂ ਤੋਂ ਰਹਿਤ ਹੋ ਕੇ ਪਵਿੱਤਰਤਾ ਦਾ ਜੀਵਨ ਜਿਊਂਣ ਵਿੱਚ ਹੈ। ਇਸ ਲਈ ਲੇਖਕ ਵਲੋਂ ਇੱਜ਼ਤ ਹਾਸਲ ਕਰਨ ਦੀ ਦ੍ਰਿੜ ਕਰਵਾਈ ਗਈ ਜੁਗਤੀ ਦਾ ਗੁਰਮਤਿ ਦੀ ਰਹਿਣੀ ਨਾਲ ਕੋਈ ਤਾਲ-ਮੇਲ ਨਹੀਂ ਹੈ।
ਜਿਸ ਤਰ੍ਹਾਂ ਪੁਸਤਕ ਕਰਤਾ ਸੁਰਗ ਲੋਕ ਦੀ ਪ੍ਰਾਪਤੀ ਦਾ ਢੰਗ ਦਰਸਾ ਰਿਹਾ ਹੈ, ਇਸ ਤਰ੍ਹਾਂ ਦੇ ਢੰਗ ਦੀ ਤਾਂ ਤਾਂਤ੍ਰਿਕ ਵਿਧੀਆਂ ਦੀ ਕਾਢ ਕੱਢਣ ਵਾਲਿਆਂ ਨੇ ਵੀ ਕਲਪਣਾ ਨਹੀਂ ਕੀਤੀ ਹੈ। ਜਿੱਥੋਂ ਤੱਕ ਸੁਰਗ ਲੋਕ ਦੀ ਪ੍ਰਾਪਤੀ ਦਾ ਸਵਾਲ ਹੈ, ਗੁਰਬਾਣੀ ਤਾਂ ਮਨੁੱਖ ਨੂੰ ਸੁਰਗ ਲੋਕ ਆਦਿ ਦੇ ਭਰਮ ਜਾਲ ਤੋਂ ਬਾਹਰ ਕੱਢਦੀ ਹੈ। ਬਾਣੀ ਤਾਂ ਮਨੁੱਖ ਨੂੰ ਇਹ ਪ੍ਰੇਰਨਾ ਦੇਂਦੀ ਹੈ ਕਿ:- ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥ (ਪੰਨਾ ੩੩੭)
ਅਰਥ: ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿੱਚ ਹੀ ਨਿਵਾਸ ਨਾਹ ਮਿਲ ਜਾਏ। ਜੋ ਕੁੱਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿੱਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ।
ਗੁਰਬਾਣੀ ਦਾ ਸੱਚ ਤਾਂ ਮਨੁੱਖ ਨੂੰ ਇਸ ਭਰਮ ਜਾਲ ਵਿਚੋਂ ਬਾਹਰ ਕੱਢ ਕੇ ਸਚਿਆਰ ਬਣਨ ਦੀ ਜੁਗਤੀ ਇਉਂ ਦ੍ਰਿੜ ਕਰਾਉਂਦਾ ਹੈ:- ਰਮਈਆ ਗੁਨ ਗਾਈਐ॥ ਜਾ ਤੇ ਪਾਈਐ ਪਰਮ ਨਿਧਾਨੁ॥ ੧॥ ਰਹਾਉ॥ (ਪੰਨਾ ੩੩੭)
ਅਰਥ: ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ। ੧। ਰਹਾਉ।
ਪਰੰਤੂ ਅਖੌਤੀ ਸ਼ਰਧਾ ਪੂਰਨ ਗ੍ਰੰਥ ਦਾ ਲੇਖਕ ਗੁਰਬਾਣੀ ਦੀ ਇਸ ਜੀਵਨ-ਜੁਗਤ ਨਾਲੋਂ ਤੋੜ ਕੇ ਫਿਰ ਉਸੇ ਭਰਮ ਜਾਲ ਵਿੱਚ ਫਸਾ ਰਿਹਾ ਹੈ।
ਜਿੱਥੋ ਤੱਕ ਵੈਰੀ ਦੀ ਹਾਨੀ ਦਾ ਸਵਾਲ ਹੈ, ਇਸ ਵਿੱਚ ਵੀ ਲੇਖਕ ਦੀ ਕਲਪਣਾ ਤੋਂ ਵੱਧ ਕੁਛ ਸਚਾਈ ਨਹੀਂ ਹੈ। ਇਸ ਤਰ੍ਹਾਂ ਨਾਲ ਕਦੀ ਵੀ ਕੋਈ ਪ੍ਰਾਣੀ, ਨਾ ਤਾਂ ਆਪਣੇ ਵੈਰੀ ਦਾ ਨੁਕਸਾਨ ਕਰਨ ਵਿੱਚ ਕਾਮਯਾਬ ਹੋਇਆ ਹੈ ਅਤੇ ਨਾ ਹੀ ਹੋਣ ਦੀ ਸੰਭਾਵਨਾ ਹੈ। ਗੁਰਬਾਣੀ ਦਾ ਸੱਚ ਮਨੁੱਖ ਨੂੰ ਇਹੋ ਜਿਹੀ ਸੋਚ ਤੋਂ ਉਪਰ ਉਠਾਂਉਂਦਾ ਹੈ।
ਪੁਸਤਕ ਕਰਤਾ ਜਪੁਜੀ ਦੀ ਇਸ ਪਉੜੀ ਦਾ ਜੋ ਮਹਾਤਮ ਦਰਸਾ ਰਿਹਾ ਹੈ, ਅਜਿਹੇ ਮਹਾਤਮ ਦਾ, ਇਸ ਪਉੜੀ ਵਿੱਚ ਹੀ ਨਹੀਂ, ਗੁਰਬਾਣੀ ਦੇ ਕਿਸੇ ਵੀ ਸ਼ਬਦ ਵਿੱਚ ਨਹੀਂ ਦਰਸਾਇਆ ਗਿਆ ਹੈ। ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਲੇਖਕ ਦੀ ਆਪਣੀ ਕਲਪਣਾ ਤੋਂ ਵੱਧ ਕੁੱਝ ਨਹੀਂ ਹੈ।
ਗੁਰਬਾਣੀ ਨੂੰ ਪੜ੍ਹਣਾ ਹੈ ਪਰ ਕੇਵਲ ਪੜ੍ਹਣ ਲਈ ਨਹੀਂ ਬਲਕਿ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝਣ ਲਈ। ਇਸ ਲਈ ਸਾਨੂੰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਕੇ ਅਤੇ ਵਿਚਾਰ ਕਰਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ ਨਾ ਕਿ ਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹ ਕੇ ਕਥਿਤ ਮਹਾਤਮ ਦੀ ਆਸ ਰੱਖਣ ਦੀ।
ਜਸਬੀਰ ਸਿੰਘ ਵੈਨਕੂਵਰ




.