.

ਵਿਸਾਖੀ 1469,

ਵਿਸਾਖੀ 1699 ਅਤੇ

ਅਕਤੂਬਰ 1708

ਪ੍ਰਿੰ: ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਸਿੱਖ ਇਤਿਹਾਸ ਦੇ ਇਹ ਤਿੰਨ ਮਹਤਵ ਪੂਰਨ ਦਿਹਾੜੇ ਹਨ, ਜਿਨ੍ਹਾਂ `ਤੇ ਸਿੱਖ ਧਰਮ ਦੀ ਬੁਨਿਆਦ ਖੜੀ ਹੈ। ਇਸ ਲਈ ਕੁੱਝ ਇਤਿਹਾਸਕ ਤੱਥ ਸਾਹਮਣੇ ਆਉਣੇ ਅਤਿ ਜ਼ਰੂਰੀ ਹਨ।

ਲੋੜ ਕਿਉਂ? -ਮੰਨਿਆ-ਪ੍ਰਮੰਨਿਆ ਸੱਚ ਹੈ, ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸ ਦੇ ਇਤਿਹਾਸ, ਰਹਿਣੀ, ਸਾਹਿਤ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਖ਼ਤਮ ਜਾਵੇਗੀ। ਇਥੇ ਤਾਂ ਹੋਰ ਵੀ ਅਨਰਥ ਹੈ ਕਿ ਇਥੇ ਵਿਸਾਖੀ 1469 ਤੋਂ ਵਿਸਾਖੀ 1699 ਤੱਕ 230 ਸਾਲਾਂ ਦਾ ਪੂਰਾ ਇਤਿਹਾਸ ਮਿਟਾ ਕੇ, ਸਿਧਾ ਪ੍ਰਚਾਰ ਹੀ ਇਹੀ ਹੋ ਰਿਹਾ ਹੈ ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਵਿਸਾਖੀ 1699 ਤੀਕ ਕੁੱਝ ਹੋਇਆ ਹੀ ਨਹੀਂ ਸੀ। ਮੱਨਿਆਂ ਜਾ ਰਿਹਾ ਹੈ-ਸਿੱਖ ਕੇਸਾਧਾਰੀ ਹੋਏ, ਕਕਾਰ ਧਾਰੀ ਹੋਏ, ਖੰਡੇ ਦੀ ਪਾਹੁਲ ਵਾਲੀ ਮਰਿਆਦਾ ਚਲੀ, ਨਿਤਨੇਮੀ ਹੋਏ ਭਾਵ ਸਭ ਵਿਸਾਖੀ 1699 ਤੋਂ ਹੀ, ਉਪ੍ਰੰਤ ਗੁਰਬਾਣੀ ਗੁਰੂ ਵਾਲੀ ਗੱਲ ਵੀ ਕੇਵਲ ਸੰਨ 1708 ਤੋਂ ਹੀ ਹੈ। ਹੋਰ ਤਾਂ ਹੋਰ! ਅਸਾਂ ਸੰਸਾਰ ਤੱਲ `ਤੇ ਸ਼ਤਾਬਦੀਆਂ ਮਨਾ ਕੇ ਪ੍ਰਚਾਇਆ, ਕਿ ਸੰਨ 1999 “ਸਿੱਖਾਂ ਦਾ ਤਿੰਨ ਸੌ ਸਾਲਾ ‘ਜਨਮ ਦਿਨ’ ਸੀ”। ਇਸੇ ਗ਼ਲਤ ਪ੍ਰਚਾਰ ਦਾ ਸਿੱਟਾ, ਅੱਜ ਸਿੱਖ ਆਪਣੀ ਜਨਮ-ਭੂਮੀ `ਚ ਹੀ ਆਪਣੀ ਹੋਂਦ ਗੁਆਈ ਬੈਠਾ ਹੈ। ਲਗਭਗ 98% ਸਿੱਖ ਬੱਚੇ-ਬੱਚੀਆਂ ਆਪਣਾ ਸਰੂਪ ਤੱਕ ਤਿਆਗ ਚੁੱਕੇ ਹਨ। ਪੰਜਾਬ, ਜਿਸ ਨੇ ਸੰਸਾਰ ਤੱਲ `ਤੇ ਸਿੱਖ ਧਰਮ ਦਾ ਮਾਡਲ ਬਨਣਾ ਸੀ ਉਥੇ ਸ਼ਰਾਬ, ਨਸ਼ੇ, ਲਿੰਗ ਭੇਦ, ਡੇਰੇ-ਗੁਰੂ ਡੰਮ, ਮੜ੍ਹੀ-ਕਬਰ ਪੂਜਾ ਆਦਿ, ਹੜ ਆਇਆ ਪਿਆ ਹੈ।

ਵਿਸਾਖੀ ਸੰਨ 1469- ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਹਾੜਾ ਹੈ। ਆਪ ਜਮਾਂਦਰੂ ਗੁਰੂ ਹਨ। ਆਪ ਨੇ ਪ੍ਰਭੂ ਵਲੋਂ ਨਿਯਤ ਇਕੋ ਇੱਕ ਇਲਾਹੀ, ਰੱਬੀ, ਸਦੀਵੀ, ਸੱਚ ਧਰਮ ਨੂੰ; ਮਨੁੱਖ ਮਾਤ੍ਰ ਦੇ ਭਲੇ ਲਈ ਗੁਰਬਾਣੀ ਦੇ ਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ। ਇਸ ਦੇ ਲਈ ਆਪ ਨੇ ਦੇਸ਼, ਵਿਦੇਸ਼- (ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਆਦਿ) ਤੱਕ ਪੁੱਜ ਕੇ ਸੰਸਾਰ ਤੱਲ `ਤੇ ਇਸ ਸੱਚ ਧਰਮ ਲਈ ਸੇਧ ਦਿੱਤੀ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਪਾਖੰਡਾਂ-ਕਰਮਕਾਂਡਾ, ਲੋਕਾਈ ਦੀ ਹੋ ਰਹੀ ਲੁੱਟ-ਖੋਹ ਤੇ ਸ਼ੋਸ਼ਣ ਤੋਂ ਸੁਚੇਤ ਕੀਤਾ। ਧਾਰਮਿਕ ਆਗੂਆਂ ਰਾਹੀਂ ਇਸ ‘ਉੱਤਮ’ ਕੰਮ ਲਈ ਵਰਤੇ ਜਾ ਰਹੇ ਜੋਗੀ, ਸਨਿਆਸੀ, ਬੈਰਾਗੀ, ਸੰਤ, ਸਾਧ, ਭਗਤ ਆਦਿ ਧਾਰਮਿਕ ਭੇਖਾਂ ਦੀ ਕਲਈ ਖੋਲੀ। ਮਨੁੱਖ ਨੂੰ ਇਲਾਹੀ (ਕੇਸਾਧਾਰੀ) ਸਰੂਪ `ਚ ਪ੍ਰਗਟ ਕੀਤਾ। ਇਸ ਦੇ ਨਾਲ ਕੇਸਾਂ ਦੀ ਸੰਭਾਲ-ਸਫ਼ਾਈ ਲਈ ਨਿੱਤ ਕੰਘੇ (ਲਕੜੀ ਦਾ) ਵਾਲਾ ਨਿਯਮ ਦਿੱਤਾ। ਸਨਾਤਨੀ ਪ੍ਰਵਾਰ `ਚ ਪ੍ਰਕਾਸ਼ ਹੋਣ ਦੇ ਬਾਵਜੂਦ, ਬ੍ਰਾਹਮਣੀ ਕਰਮਕਾਂਡਾ ਚੋਂ ਕੱਢਣ ਲਈ ਜੰਜੂ ਪਾਉਣ ਤੋਂ ਵੀ ਇਨਕਾਰ ਕੀਤਾ। ਚੂੰਕਿ ਬ੍ਰਾਹਮਣ ਦੇ ਸਾਰੇ ਸੰਸਕਾਰਾਂ, ਬਿਨਾ ਸਿਲਾਈ ਧੋਤੀ ਨਾਲ ਜ਼ਰੂਰੀ ਹਨ। ਇਸ ਵਿਰੁਧ ਸਿਖਾਂ ਨੂੰ ਸਿਲਾਈਆਂ ਨਾਲ ਭਰਪੂਰ ਰੇਬਦਾਰ ਕਛਿਹਰੇ ਵਾਲਾ ਨਿਯਮ ਬਖਸ਼ਿਆ ਤਾਕਿ ਸਿੱਖ ਬ੍ਰਾਹਮਣੀ ਕਰਮਕਾਂਡਾ ਦੇ ਜਾਲ `ਚ ਨਾ ਫਸੇ। ਸਿੱਟਾ ਇਹ, ਸੰਪੂਰਣ ਕੇਸਾਧਾਰੀ ਸਰੂਪ, ਕੰਘੇ, ਕਛਿਹਰੇ, ਨਿਤਨੇਮ {ਬਾਣੀ ਜਪੁ, ਸ਼ਾਮਾਂ ਨੂੰ ਸੋਦਰ (ਇਕ ਸ਼ਬਦ), ਸੌਣ ਸਮੇਂ ਸੋਹਿਲਾ (ਇਕ ਸ਼ਬਦ)} ਤੇ ਗੁਰਬਾਣੀ ਗੁਰੂ ਵਾਲੇ ਨਿਯਮ ਪਹਿਲੇ ਜਾਮੇ ਤੋਂ ਹੀ ਸਿੱਖੀ ਜੀਵਨ ਦਾ ਅੰਗ ਬਣਾਏ। ਸਿੱਖੀ `ਚ ਪ੍ਰਵੇਸ਼ ਲਈ `ਚਰਣ ਪਾਹੁਲ’ ਵਾਲਾ ਨਿਯਮ ਵੀ ਪਹਿਲੇ ਜਾਮੇ ਤੋਂ ਹੀ ਲਾਗੂ ਕੀਤਾ। ਇਸੇ ਨਿਯਮ ਨੂੰ ਵਿਸਾਖੀ 1699 ਦੇ ਦਿਨ ਦਸਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ ਅੰਮ੍ਰਿਤ ਛਕਣ) `ਚ ਬਦਲਿਆ

ਉਪ੍ਰੰਤ ਪੰਜਵੇਂ ਤੇ ਛੇਵੇਂ ਜਾਮੇ ਸਮੇਂ- ਪਾਤਸ਼ਾਹ ਦਾ ਤੱਤੀਆਂ ਤੱਵੀਆਂ `ਤੇ ਬੈਠਣਾ, ਉਬਲਦੀਆਂ ਦੇਗ਼ਾਂ `ਚ ਉਬਲਨਾ; ਇਸ ਤਰਾਂ ਆਪ ਦੀ ਤਸੀਹੇ ਭਰਪੂਰ ਸ਼ਹੀਦੀ ਗੁਰਬਾਣੀ ਦੀ ਵਿਸ਼ੁਧਤਾ (ਪੀਰੀ) ਨੂੰ ਕਾਇਮ ਰਖਣ ਲਈ ਹੀ ਸੀ। ਇਹ ਵਿਰੋਧੀਆਂ ਵਲੋਂ ਜ਼ੁਲਮ ਦਾ ਸ਼ਿਖਰ ਸੀ ਤੇ ਨਾਲ ਹੀ ਗੁਰਦੇਵ ਵਲੋਂ ਕੌਮ ਨੂੰ ਚੇਤਾਵਨੀ ਸੀ ਕਿ ਕੌਮ ਨੇ ਗੁਰਬਾਣੀ-ਗੁਰੂ ਦੀ ਵਿਸ਼ੁਧਤਾ ਨੂੰ ਕਾਇਮ ਰਖਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਲਈ ਵੀ ਸਦਾ ਤਿਆਰ ਰਹਿਣਾ ਹੈ। ਇਸੇ ਲੜੀ `ਚ ਛੇਵੇਂ ਜਾਮੇ ਸਮੇਂ ਹਕੂਮਤ ਨਾਲ ਚਾਰ ਜੰਗਾਂ, ਕੌਮ ਨੂੰ ਸ਼ਸਤ੍ਰਧਾਰੀ (ਕ੍ਰਿਪਾਨ ਧਾਰੀ) ਵੀ ਕਰ ਦਿੱਤਾ। ਜੰਗਾਂ ਕੇਵਲ ਆਪਣੇ ਬਚਾਅ, ਇਲਾਹੀ ਨਿਸ਼ਾਨੇ ਵੱਲ ਵਧਣ ਤੇ ਸੱਚ ਧਰਮ ਦੀ ਰਾਖੀ ਲਈ ਸਨ। ਇਹੀ ਸੀ ਕੌਮ ਦਾ ਪੀਰੀ ਦੀ ਰਾਖੀ ਲਈ ਮੀਰੀ ਵੱਲ ਵਧਣਾ।

ਵਿਸਾਖੀ 1699- ਇਹ ਬਹੁਤ ਵੱਡਾ ਮੀਲ ਪੱਥਰ ਹੈ, ਸਿੱਖ ਇਤਿਹਾਸ ਦਾ। “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: 1412) ਅਨੁਸਾਰ ਸਿੱਖਾਂ ਦੀ ਜੋ ਤਿਆਰੀ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ, ਉਸੇ ਦਾ ਨਤੀਜਾ 1699 ਨੂੰ ਜਦੋਂ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਪੰਥ ਦਾ ਇਮਤਿਹਾਨ ਲਿਆ ਤਾਂ ਪੰਥ ਵੀ ਗੁਰੂ ਦੇ ਯਕੀਨ `ਤੇ 100% ਪੂਰਾ ਉਤਰਿਆ। “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: 966) ਪਹਿਲੇ ਪਾਤਸ਼ਾਹ ਨੇ ਦੂਜੇ; ਦੂਜੇ ਨੇ ਤੀਜੇ ਤੇ ਦਰਜਾ ਬਦਰਜਾ-ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਜਦੋਂ ਦਸਮੇਸ਼ ਜੀ ਨੇ ਗੁਰਬਾਣੀ ‘ਜੁਗਤ’ ਵਰਤਾਉਣ’ ਵਾਲੀ ਜ਼ਿਮੇਵਾਰੀ ‘ਪੰਜਾਂ’ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਪੰਜਾਂ ਅੱਗੇ ਮੱਥਾ ਟੇਕ ਦਿੱਤਾ। ਉਸ ਸਮੇਂ ਸੰਗਤਾਂ ਲਈ ਇਹ ਨਵੀਂ ਰੀਤ ਨਹੀਂ ਸੀ, ਜਿਵੇਂ ਕਿ ਅੱਜ ਪ੍ਰਚਾਰ ਹੋ ਰਿਹਾ ਹੈ।

“ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” (ਭਾ: ਗੁ: ) ਇਹ ਵੀ ਗ਼ਲਤ ਹੈ ਕਿ ਦਸਮੇਸ਼ ਜੀ ਨੇ ਕਿਸੇ ਨਵੇਂ ਪੰਥ ਨੂੰ ਚਲਾਇਆ। ਪੰਥ ਤਾਂ ਪਹਿਲੇ ਜਾਮੇ ਤੋਂ ਹੀ ਚਲਾਇਆ ਜਾ ਚੁੱਕਾ ਸੀ। ਇਸੇ ਕਰਕੇ ਪਹਿਲੇ ਪੰਜਾਂ ਲਈ ‘ਖੰਡੇ ਦੀ ਪਾਹੁਲ’ ਦਾ ਬਾਟਾ ਕਿਸੇ ਪੰਜਾਂ ਨੇ ਨਹੀਂ, ਦਸਮੇਸ਼ ਜੀ ਨੇ ਇਕਲਿਆਂ ਤਿਆਰ ਕੀਤਾ ਤੇ ਛੱਕਾਇਆ ਵੀ ਇਕਲਿਆਂ ਹੀ। ਉਦੋਂ ਤਾਂ ਕੇਵਲ `ਚਰਨ ਪਾਹੁਲ’ ਵਾਲੇ ਪਹਿਲੇ ਜਾਮੇਂ ਤੋਂ ਹੀ ਚਲਦੇ ਆ ਰਹੇ ਢੰਗ ਨੂੰ ਹੀ ‘ਖੰਡੇ ਦੀ ਪਾਹੁਲ’ `ਚ ਬਦਲਿਆ ਸੀ। ਉਪ੍ਰੰਤ ਦਸਮੇਸ਼ ਜੀ ਨੇ ਪੰਜਾਂ ਤੋਂ ਪਾਹੁਲ ਲਈ ਪਰ ਕਿਉਂ? ਕਿਉਂਕਿ ਜਦੋਂ ਪਾਤਸ਼ਾਹ ਨੇ `ਚਰਣ ਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਕੌਮ ਨੂੰ ਨਵੇਂ ਸਿਰਿਓਂ ‘ਪਾਹੁਲ’ ਲੈਣ ਲਈ ਹੁਕਮ ਕੀਤਾ ਜਿਸ ਦਾ ਆਰੰਭ ਵੀ ਆਪਣੇ, ਅਪਣੇ ਆਪ ਤੋਂ ਕੀਤਾ। ਵਿਸਾਖੀ 1699 ਨੂੰ ਹੀ ਨਾਵਾਂ ਨਾਲ ਸਿੰਘ-ਕੌਰ ਜੋੜ ਕੇ ਪੰਥ ਨੂੰ ਪ੍ਰਵਾਰਕ ਰੂਪ ਬਖਸ਼ਿਆ। ਗੋਬਿੰਦ ਰਾਇ ਤੋਂ ਗੋਬਿੰਦ ਸਿੰਘ- ਭਾਵ ਇਸ ਦਾ ਆਰੰਭ ਵੀ ਪਾਤਸ਼ਾਹ ਨੇ ਆਪਣੇ ਆਪ ਤੋਂ ਹੀ ਕੀਤਾ ਤੇ ਕੌਮ ਨੂੰ ਜਾਤਾਂ-ਗੋਤਾਂ ਵਾਲੇ ਕੋੜ੍ਹ `ਚੋਂ ਕਢਿਆ ਪਰ ਅੱਜ ਅਸੀਂ ਕਿੱਥੇ ਖੜੇ ਹਾਂ?

ਚੂੰਕਿ ਵਿਸਾਖੀ 1699 ਤੱਕ ਪੰਥ ‘ਸੰਪੂਰਣ ਕੇਸਾਧਾਰੀ’ ‘ਕੰਘਾ- ‘ਕਛਿਹਾਰਧਾਰੀ’ ‘ਨਿੱਤਨੇਮੀ’ ਤਾਂ ਪਹਿਲੇ ਜਾਮੇ ਤੋਂ ਚਲਦਾ ਹੀ ਆ ਰਿਹਾ ਸੀ। ਇਹੀ ਕਾਰਨ ਸੀ, ਕੇਵਲ ਢੰਗ ਬਦਲਣ `ਤੇ ਹੀ ਪਹਿਲੀਆਂ ਪੰਕਤਾ `ਚ 80, 000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਨਹੀ ਤਾਂ, ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਤੇ ਅਚਾਨਕ ਕੇਸਾਧਾਰੀ, ਕਕਾਰਧਾਰੀ ਹੋ ਜਾਣਾ ਸੰਭਵ ਹੀ ਨਹੀਂ ਸੀ। ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ ਤੋਂ ਧਰਤੀ ਨੂੰ ‘ਕੇਸਗੜ੍ਹ’ ਦਾ ਨਾਮ ਮਿਲਿਆ। ਇਸੇ ਤਰ੍ਹਾਂ ਸਿਰਾਂ ਦੀ ਮੰਗ ਸਮੇਂ ਵੀ ਨਿੱਤਨੇਮੀ ਜਾਂ ਕੇਸਾਧਾਰੀ ਹੋਣਾ ਸ਼ਰਤ ਨਹੀਂ ਸੀ; ਫਿਰ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਤੇ ਨਿੱਤਨੇਮੀ ਵੀ ਸਨ। ਕੌਮ ਦਾ ਪਹਿਲਾਂ ਤੋਂ ਸ਼ਸਤ੍ਰਧਾਰੀ ਹੋਣ ਦਾ ਇੱਕ ਹੋਰ ਵੱਡਾ ਸਬੂਤ ਹੈ ਛੇਵੇਂ ਜਾਮੇਂ ਸਮੇਂ ਹਕੂਮਤ ਨਾਲ ਚਾਰ ਜੰਗਾ ਤੇ ਵਿਸਾਖੀ 1699 ਤੱਕ ਦੱਸਵੇਂ ਪਾਤਸ਼ਾਹ ਦੀ ਕਮਾਨ ਹੇਠ ਲਗਭਗ 12-13 ਜੰਗਾਂ ਤੇ ਸਾਰੀਆਂ `ਚ ਜਿੱਤ। ਇਸੇ ਤਰ੍ਹਾਂ ਸਿਰ ਮੰਗਣ ਸਮੇਂ ਭੱਗਦੜ ਦੀਆਂ ਗੱਲਾਂ ਵੀ ਸਿੱਖੀ ਜੀਵਨ ਬਾਰੇ ਅਗਿਆਨਤਾ, ਕਪੋਲ ਕਲਪਣਾ ਤੇ ਨਿਰਮੂਲ ਹਨ।

6 ਅਕਤੂਬਰ ਸੰਨ 1708-ਉਹ ਮੁਬਾਰਕ ਦਿਨ ਜਦੋਂ ਗੁਰਦੇਵ ਨੇ ਪੰਜਾਂ ਨੂੰ ਤਾਬਿਆ ਖੜਾ ਕਰਕੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੌਪੀ ਤੇ ਸੰਪੂਰਣਤਾ ਦਾ ਐਲਾਨ ਕੀਤਾ। ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਪਹਿਲੇ ਜਾਮੇ ਤੋਂ ਹੀ ਦਿੱਤੀ ਜੲ ਰਹੀ ਸੀ। ਪੰਜਾਂ ਨੂੰ ਤਾਬਿਆ ਖੜਾ ਕਰਣਾ, ਚੇਤਾਵਣੀ ਸੀ ਕਿ ਪੰਥ ਨੇ ਪੱਕੇ ਤੌਰ ਤੇ, ਗੁਰਬਾਣੀ ਦੀ ਤਾਬਿਆ ਰਹਿ ਕੇ, ਪੰਜਾਂ ਦੇ ਰੂਪ `ਚ ਪੰਥ ਦੀ ਅਗਵਾਈ ਕਰਣੀ ਹੈ ਨਾ ਕਿ ਆਪਹੁਦਰੇਪਣ `ਚ। ਉਸ ਸਮੇਂ ਦਸਮੇਸ਼ ਜੀ ਦਾ ਉਨ੍ਹਾਂ ਪੰਜਾਂ ਲਈ ਇਤਿਹਾਸਕ ਆਦੇਸ਼ ਸੀ “ਪੂਜਾ ਅਕਾਲਪੁਰਖ ਕੀ” “ਪਰਚਾ ਸ਼ਬਦ ਕਾ” “ਦੀਦਾਰ ਖਾਲਸੇ ਕਾ”। ਪੰਥ ਨੂੰ ਮੌਜੂਦਾ ਅਧੋਗਤੀ `ਚੋਂ ਕਢਣ ਲਈ ਸਾਨੂੰ ਕਲਗੀਧਰ ਜੀ ਦੇ ਇਨ੍ਹਾਂ ਆਦੇਸ਼ਾਂ ਵੱਲ ਵੀ ਧਿਆਣ ਦੇਣ ਦੀ ਲੋੜ ਹੈ। #052sGs4.6s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਹੋਰ ਵੇਰਵਿਆਂ ਲਈ ਗੁਰਮੱਤ ਪਾਠ 102 “ਚਰਨ ਪਾਹੁਲ ਤੋਂ ਖੰਡੇ ਦੀ ਪਾਹੁਲ” ਡੀਲਕਸ ਕਵਰ `ਚ ਵੰਡਣ ਲਈ ਪ੍ਰਾਪਤ ਹੈ ਜੀ।




.