.

ਗੁਰਸਿੱਖੀ ਦੀ ਨਿਸ਼ਾਨੀ

ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਚਿਆਰ ਬਣਨ ਦਾ ਢੰਗ ਇਕੋ ਸੀ, ਇਕੋ ਹੈ ਅਤੇ ਇਕੋ ਰਹੇਗਾ। ਇਸ ਜੀਵਨ-ਜਾਚ ਵਿੱਚ ਸਮੇਂ ਨਾਲ ਕਿਸੇ ਤਰ੍ਹਾਂ ਦਾ ਵੀ ਪਰਿਵਰਤਨ ਨਹੀਂ ਆਉਂਦਾ। ਤਾਂਹੀਓ, ਗੁਰਬਾਣੀ ਵਿੱਚ ਪੁਰਾਣ ਸਾਹਿਤ ਦੀ ਇਸ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿ (ਕਥਿਤ) ਸਤਜੁਗ, ਤ੍ਰੇਤੇ, ਦੁਆਪਰ ਅਤੇ ਕਲਜੁਗ ਵਿੱਚ ਰੱਬ ਨਾਲ ਜੁੜਨ ਦੇ ਭਿੰਨ ਭਿੰਨ ਢੰਗ ਹਨ।
ਜਪੁਜੀ ਦੀ ਪਹਿਲੀ ਪਉੜੀ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਚਿਆਰ ਬਣਨ ਦੀਆਂ ਪ੍ਰਚਲਤ ਧਾਰਨਾ ਨੂੰ ਨਕਾਰਦਿਆਂ ਹੋਇਆਂ ਫਿਰ ਇਹ ਸਵਾਲ ਉਠਾਇਆ ਹੈ ਕਿ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’। ਅਗਲੀ ਹੀ ਪੰਗਤੀ ਵਿੱਚ ਇਸ ਦਾ ਉੱਤਰ ਦੇਂਦਿਆਂ ਕਿਹਾ ਕਿ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’। ਭਾਵ ਹੁਕਮੀ ਦੀ ਰਜ਼ਾ ਵਿੱਚ ਰਹਿਣ ਨਾਲ ਹੀ ਸਚਿਆਰ ਬਣਿਆ ਜਾ ਸਕਦਾ ਹੈ ਅਤੇ ਗੁਰਬਾਣੀ ਅਨੁਸਾਰ ਸਚਿਆਰ ਹੋਣ ਦਾ ਸਦਾ ਇਹ ਹੀ ਤਰੀਕਾ ਸੀ, ਹੈ ਅਤੇ ਰਹੇਗਾ। ਗੁਰਮਤਿ ਦੀ ਇਸ ਜੀਵਨ-ਜੁਗਤ ਅਨੁਸਾਰ ਸਿੱਖ ਦੀ ਪ੍ਰਭਾਸ਼ਾ ਵਿੱਚ ਸਮੇਂ ਨਾਲ ਕੋਈ ਪਰਿਵਰਤਨ ਨਹੀਂ ਆਇਆ। ਸਿੱਖ ਦੀ ਪ੍ਰੀਭਾਸ਼ਾ ਹਮੇਸ਼ਾਂ ਹੀ ਗੁਰਬਾਣੀ ਦੇ ਇਸ ਫ਼ਰਮਾਨ ਵਾਲੀ ਹੀ ਰਹੇਗੀ: ‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥’ (ਪੰਨਾ ੬੦੧) ਅਰਥ:-ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ।
ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਭਾਈ ਗੁਰਦਾਸ ਜੀ ਨੇ ਸਿੱਖੀ ਦੇ ਉਘੜਵੇਂ ਲੱਛਣਾਂ ਦੀ ਚਰਚਾ ਕਰਦਿਆਂ ਲਿਖਿਆ ਹੈ:-
(ੳ) ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ। ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੈ ਨੇੜਿ ਨ ਜਾਵੈ। ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ। ਹਉ ਤਿਸੁ ਘੋਲਿ ਘੁਮਾਇਆ ਪਰਨਿੰਦਾ ਸੁਣਿ ਆਪੁ ਹਟਾਵੈ। ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ। ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜੈ ਹੀ ਖਾਵੈ। ਗੁਰਮਖਿ ਸੋਈ ਸਹਜਿ ਸਮਾਵੈ। (ਵਾਰ ੧੨, ਪਉੜੀ ੪)
(ਅ) ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦ੍ਰਿੜਾਏ। ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ। ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। ਸਾਧ ਸੰਗਤਿ ਮਿਲਿ ਗਾਂਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ। ਸਬਦੁ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ। ਆਸਾ ਵਿਚਿ ਨਿਰਾਸੁ ਵਲਾਏ। (ਵਾਰ ੨੮, ਪਉੜੀ ੧੫) ਅਰਥ: ਪਹਿਰ ਰਾਤ ਰਹਿੰਦੀ ਜਾਗਣਾ ਕਰੇ, ਨਾਮ, ਦਾਨ, ਇਸ਼ਨਾਨ ਦਾ ਅਭਿਆਸ ਕਰੇ। ਕੋਮਲ ਵਾਕ ਬੋਲੇ, ਨਿੰਮ੍ਰੀ ਭੁਤ ਹੋ ਕੇ ਭਲਾ ਮਨਾਵੇ, ਭਾਵ, ਅਹਿਸਾਨ ਨ ਕਰੇ, ਲੈਣ ਵਾਲੇ ਦਾ ਅਹਿਸਾਨ ਜਾਵੇ। ਸਵਣਾ, ਖਾਣਾ, ਬੋਲਣਾ ਥੋੜਾ ਥੋੜਾ ਕਰੇ ਅਰ ਗੁਰੂ ਦੀ ਸਿਖਿਆ ਕਰੇ। ਕਮਾਈ ਦਸਾਂ ਨੌਹਾਂ ਦੀ ਕਰਕੇ ਖਾਵੇ, ਭਲੇ ਕੰਮ ਕਰੇ, ਦਸਵੰਧ ਆਦਿਕ ਦਾਨ ਕਰੇ ਪਰ ਵੱਡਾ ਦਾਨੀ ਬਣਕੇ ਆਪਣਾ ਆਪ ਨਾ ਗਿਣਾਵੇ। ਜਿੱਥੇ ਸਾਧ ਸੰਗਤਿ ਮਿਲਕੇ ਕਥਾ ਕੀਰਤਨ ਕਰਨ ਰਾਤ ਦਿਨ ਨਿਤ ਤੁਰ ਜਾਵੇ ਭਾਵ ਰਾਤ ਹੋਵੇ ਤਾਂ ਆਲਸ ਕਰਕੇ ਘੁਰਾੜੇ ਨਾ ਮਾਰੇ, ਉੱਥੇ ਜਾਕੇ ਕੀ ਕਰੇ? ਸ਼ਬਦ ਦੀ ਸੁਰਤ ਵਿਖੇ ਪ੍ਰੇਮ ਕਰੇ ਅਰ ਸਤਿਗੁਰੂ ਦੇ ਪ੍ਰੇਮ ਵਿਖੇ ਮਨ ਨੂੰ ਪ੍ਰੇਰੇ। ਆਸਾ ਵਿੱਚ ਨਿਰਾਸ ਹੋ ਕੇ ਰਹੇ, ਭਾਵ, ਸਾਧ ਸੰਗਤਿ ਵਿਖੇ ਦੁੱਧ, ਪੁੱਤ, ਧਨ ਦੀ ਆਸਾ ਨਾ ਕਰੇ, ਕੇਵਲ ਗੁਰੂ ਦੇ ਪ੍ਰੇਮ ਕਰਕੇ ਨਿਸ਼ਕਾਮ ਭਗਤੀ ਕਰੇ)।
ਕੁੱਝ ਵਿਦਵਾਨਾਂ ਵਲੋਂ ਗੁਰੂ ਗੋਬਿਦ ਸਿੰਘ ਜੀ ਵਲੋਂ ਖੰਡੇ ਦੀ ਪਾਹੁਲ ਦੀ ਬਖ਼ਸ਼ਿਸ਼ ਸਮੇਂ ਪੰਜ ਕਕਾਰਾਂ ਦੀ ਰਹਿਤ ਉੱਤੇ ਹੀ ਇਤਨਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਗੁਰਮਤਿ ਦੀ ਜੀਵਨ-ਜੁਗਤ, ਜਿਸ ਦਾ ਇਹ ਕਕਾਰ ਪ੍ਰਤੀਕ ਹਨ, ਅਲੋਪ ਹੀ ਹੋ ਗਈ ਹੈ। ਆਮ ਤੌਰ `ਤੇ ਅਜਿਹੇ ਵਿਦਵਾਨ ਆਪਣੀ ਇਸ ਗੱਲ ਨੂੰ ਪ੍ਰਮਾਣਤ ਕਰਨ ਲਈ ਨਿਮਨ ਲਿਖਤ ਸ਼ੇਅਰ ਦਾ ਹਵਾਲਾ ਦੇਂਦੇ ਹਨ: ਨਿਸ਼ਾਨਿ ਸਿਖੀ ਈਂ ਪੰਜ ਹਰਫ਼ਿ ਕਾਫ਼। ਹਰਗ਼ਿਜ਼ ਨ ਬਾਸ਼ਦ ਈਂ ਪੰਜ ਮੁਆਫ਼। ਕੜਾ ਕਾਰਦੋ ਕੱਛ ਕੰਘਾ ਬਿਦਾਂ। ਬਿਲਾ ਕੇਸ ਹੇਚ ‘ਅਸਤ ਜੁਮਲਾ ਨਿਸ਼ਾ।’
ਕੁੱਝ ਵਿਦਵਾਨਾਂ ਅਨੁਸਾਰ ਇਹ ਸ਼ੇਅਰ (ਅਖੌਤੀ) ਦਸਮ ਗ੍ਰੰਥ ਵਿੱਚ ਹੈ ਅਤੇ ਕੁੱਝ ਕੁ ਇਸ ਨੂੰ ਭਾਈ ਨੰਦ ਲਾਲ ਜੀ ਦੀ ਲਿਖਤ ਮੰਨਦੇ ਹਨ। ਪਰੰਤੂ ਇਹ ਸ਼ੇਅਰ ਨਾ ਤਾਂ ਕਿਸੇ ਦਸਮ ਗ੍ਰੰਥ ਦੀ ਪੋਥੀ ਵਿੱਚ ਹੈ, ਨਾ ਹੀ ਇਹ ਭਾਈ ਨੰਦ ਲਾਲ ਜੀ ਦੇ ਰਹਿਤਨਾਮਿਆਂ ਵਿੱਚ ਹੈ ਅਤੇ ਨਾ ਹੀ ਕਿਸੇ ਹੋਰ ਰਹਿਤਨਾਮੇ ਵਿੱਚ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਲਿਖਿਆ ਹੈ ਕਿ “ਇਕ ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਇਆ ਸ਼ੇਅਰ ਸੀ ਜੋ ਕਿ ਮਹਾਰਾਜਾ ਜੀਂਦ ਪਾਸ ਪਈ ਦਸਮ ਗ੍ਰੰਥ ਦੀ ਬੀੜ ਵਿੱਚ ਹੱਦ ਦੇ ਤੌਰ ਤੇ ਰੱਖਿਆ ਹੋਇਆ ਸੀ। ਪਿੱਛੋਂ ਇਹ ਕਿਧਰੇ ਡਿਗ ਪਿਆ ਜਾਂ ਕਿਸੇ ਕੱਢ ਲਿਆ।” ਨੋਟ: ਸਾਡਾ ਇਹ ਲਿਖਣ ਦਾ ਹਰਗ਼ਿਜ਼ ਭਾਵ ਨਹੀਂ ਹੈ ਕਿ ਪੰਜ ਕਕਾਰ ਖ਼ਾਲਸੇ ਦੀ ਰਹਿਤ ਦਾ ਅਤੁੱਟ ਅੰਗ ਨਹੀਂ ਹਨ। ਅਸੀਂ ਕੇਵਲ ਇਸ ਪਹਿਲੂ ਦਾ ਹੀ ਵਿਸ਼ੇਸ਼ ਤੌਰ ਤੇ ਵਰਣਨ ਕਰ ਰਹੇ ਹਾਂ ਕਿ ਕੇਵਲ ਕਕਾਰਾਂ ਦੀ ਰਹਿਤ ਹੀ ਸਿੱਖੀ ਦਾ ਮੁੱਖ ਅੰਗ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜੀਵਨ-ਜੁਗਤ ਮਨੁੱਖਤਾ ਨੂੰ ਬਖ਼ਸਿਸ਼ ਕੀਤੀ ਹੈ, ਇਹ ਕਕਾਰ ਉਸ ਜੀਵਨ-ਜਾਚ ਦਾ ਹੀ ਲਖਾਇਕ ਹਨ।
ਕਕਾਰਾਂ ਨੂੰ ਹੀ ਸਿੱਖੀ ਦੀ ਰਹਿਤ ਦਾ ਮੁੱਖ ਅੰਗ ਮੰਨਣ ਵਾਲੇ ਸੱਜਣ ਰਹਿਤਨਾਮਿਆਂ ਵਿੱਚ ਸਿੱਖੀ ਰਹਿਤ ਦੇ ਹੋਰ ਪਹਿਲੂਆਂ ਦੀ ਚਰਚਾ ਨਹੀਂ ਕਰਦੇ। ਜੇਕਰ ਕਿਧਰੇ ਕਰਦੇ ਵੀ ਹਨ ਤਾਂ ਰਹਿਤਨਾਮਿਆਂ ਦੀ ਕੇਵਲ ਉਨ੍ਹਾਂ ਤੁਕਾਂ ਦੀ, ਜਿਸ ਵਿੱਚ ਕੇਵਲ ਬਾਹਰਲੀ ਰਹਿਤ ਦਾ ਹੀ ਵਰਣਨ ਹੈ। ਜੇਕਰ ਸਾਨੂੰ ਖ਼ਾਲਸੇ ਸਬੰਧੀ ਇਹ ਲਿਖਿਆ ਮਿਲਦਾ ਹੈ ਕਿ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਤਾਂ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ‘ਰਹਿਣੀ ਰਹੈ ਸੋਈ ਸਿਖ ਮੇਰਾ’। ਜੇ ਦਸ਼ਮੇਸ਼ ਪਾਤਸ਼ਾਹ ਨੇ ਇਹ ਕਿਹਾ ਹੈ ਕਿ “ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ।” ਤਾਂ ਨਾਲ ਇਹ ਤਾੜਨਾ ਭਰੀ ਚੇਤਾਵਨੀ ਦੀ ਕੀਤੀ ਹੈ “ਜਬ ਇਹ ਗਹੈ ਬਿਪ੍ਰਨ ਕੀ ਰੀਤ। ਮੈਂ ਨ ਕਰੋਂ ਇਨ ਕੀ ਪ੍ਰਤੀਤ।
ਗੁਰਸਿੱਖ ਦੀ ਰਹਿਣੀ ਦਾ ਆਧਾਰ ਤਾਂ ਗੁਰਬਾਣੀ ਵਿਚਲੀ ਜੀਵਨ-ਜਾਚ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਤਰ੍ਹਾਂ ਦੇ ਭੇਖ ਦੀ ਨਿਖੇਧੀ ਕੀਤੀ ਹੋਈ ਹੈ। ਜੇਕਰ ਗੁਰਦੇਵ ਜੰਝੂ ਪਹਿਰਨ ਵਾਲੇ ਬਾਰੇ ਇਹ ਕਹਿੰਦੇ ਹਨ, ‘ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥’ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਆਪਣੇ ਸਿੱਖਾਂ ਨੂੰ ਦੈਵੀ ਗੁਣਾਂ ਤੋਂ ਸੱਖਣੇ ਕੇਵਲ ਕਕਾਰਾਂ ਦੇ ਧਾਰਨੀ ਨੂੰ ਸਵੀਕਾਰ ਕਰ ਲੈਣ। ਰਹਿਤਨਾਮਿਆਂ ਵਿੱਚ ਇਸ ਸਬੰਧ ਵਿੱਚ ਇਉਂ ਲਿਖਿਆ ਮਿਲਦਾ ਹੈ: ਪਾਹੁਲ ਪੀਇ ਕੁਕਰਮ ਕਮਾਵਤ। ਤਿਨ ਸੋ ਵਰਤਣ ਨਾਹਿੰ ਮਿਲਾਵੈ। ਰਹਿ ਨਿਰਲੇਪ ਪਰਮ ਸੁਖ ਪਾਵੈ। (ਭਾਈ ਦੇਸਾ ਸਿੰਘ)
ਜੇਕਰ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿੱਚ ਇਹ ਲਿਖਿਆ ਹੈ ਕਿ, “ਪ੍ਰਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੇ। ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ। ਪਾਂਚ ਸਿੰਘ ਅੰਮ੍ਰਿਤ ਦੇਵੈਂ। ਤਾਂ ਕੋ ਸਿਰ ਧਰਿ ਛਕਿ ਲੇਵੈਂ।” ਕਿਤੇ ਕੋਈ ਪ੍ਰਾਣੀ ਇਸ ਲਿਖਤ ਤੋਂ ਇਹ ਭਾਵ ਹੀ ਨਾ ਲੈ ਲਵੇ ਕਿ ਕੇਵਲ ਖੰਡੇ ਦੀ ਪਾਹੁਲ ਛੱਕ ਕੇ ਹੀ ਖ਼ਾਲਸਈ ਰਹਿਤ ਦਾ ਪੂਰਨ ਧਾਰਨੀ ਬਣ ਜਾਈਦਾ ਹੈ, ਭਾਈ ਸਾਹਿਬ ਨੇ ਇਸ ਤੋਂ ਅਗਲੀਆਂ ਪੰਗਤੀਆਂ ਵਿੱਚ ਲਿਖਿਆ ਹੈ:
ਪੁਨ ਮਿਲਿ ਪਾਂਚਹੁ ਰਹਤ ਜੁ ਭਾਖਹਿਂ। ਤਾਂ ਕੋ ਮਨ ਮੈਂ ਦ੍ਰਿੜ ਕਰਿ ਰਾਖਹਿ। ਕੁੜੀ ਮਾਰ ਆਦਿਕ ਹੈਂ ਜੇਤੇ। ਮਨ ਤੇ ਦੂਰ ਤਿਆਗੇ ਤੇਤੇ। ਬਾਣੀ ਮਾਹਿ ਨੇਹੁ ਨਿਤ ਕਰਨੋ। ਚੁਗਲੀ ਨਿੰਦਾ ਅਰ ਪਰਹਰਨੋ। ਪ੍ਰਥਮ ਰਹਤ ਏਹੀ ਹੈ ਕਹੀ। ਪਾਹੁਲ ਮੈਂ ਜੋ ਸਿੰਘਨ ਕਹੀ। (ਭਾਈ ਦੇਸਾ ਸਿੰਘ)
ਇਸ ਲਈ ਕੇਵਲ ਕਕਾਰਾਂ ਦੇ ਧਾਰਨੀ ਹੋਣ ਨਾਲ ਹੀ ਗੁਰੂ ਵਾਲਾ ਨਹੀਂ ਬਣ ਜਾਈਦਾ; ਗੁਰੂ ਵਾਲਾ ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਉਣ ਨਾਲ ਹੀ ਬਣ ਸਕੀਦਾ ਹੈ। ਕੇਵਲ ਕਕਾਰਾਂ ਨੂੰ ਹੀ ਸਿੱਖੀ ਦੀ ਮੁੱਖ ਨਿਸ਼ਾਨੀ ਸਮਝ ਕੇ ਬਾਕੀ ਗੁਣਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਧਾਰਨਾ ਨੇ ਸਿੱਖੀ ਵਿੱਚ ਪਾਖੰਡ ਨੂੰ ਨਿਊਤਾ ਦਿੱਤਾ ਹੈ। ਇਸ ਤਰ੍ਹਾਂ ਦੀ ਧਾਰਨਾ ਕਾਰਨ ਹੀ ਇਹ ਆਮ ਦੇਖਣ/ਸੁਣਨ ਨੂੰ ਮਿਲਦਾ ਹੈ ਕਿ ਖੰਡੇ ਦੀ ਪਾਹੁਲ ਲੈਣ ਵਾਲੇ ਸੱਜਣ ਇਹ ਤਾਂ ਅਕਸਰ ਪੁੱਛਦੇ ਹਨ “ਕਿ ਮੇਰੀ ਪੱਗ ਤੇ ਕੱਛ ਉਤਰ ਗਈ ਹੈ, ਮੈਂ ਤਨਖਾਹੀਆਂ ਹਾਂ, ਮੇਰੀ ਭੁੱਲ ਬਖ਼ਸ਼ੋ। ਪਰ ਕਦੇ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਝੂਠ ਬੋਲਿਆ ਹੈ, ਦਗਾ ਕੀਤਾ ਹੈ, ਬਚਨ ਕਰਕੇ ਨਹੀਂ ਪਾਲਿਆ, ਪਰ-ਧਨ ਪਰ ਇਸਤ੍ਰੀ ਵਲ ਮਨ ਲਲਚਾਇਆ ਹੈ, ਆਦਿਕ। ਇਸ ਤੋਂ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਸੱਚੀ ਸਿੱਖੀ ਦਿਨੋ ਦਿਨ ਅਲੋਪ ਹੋ ਰਹੀ ਹੈ ਅਤੇ ਦਿਖਾਵੇ ਦੀ ਸਿੱਖੀ ਫੈਲ ਰਹੀ ਹੈ।” (ਗੁਰੁਮਤਿ ਮਾਰਤੰਡ-ਭਾਈ ਕਾਨ੍ਹ ਸਿੰਘ ਨਾਭਾ)
ਇਸ ਲਈ ਸਾਨੂੰ ਰਹਿਤਨਾਮਿਆਂ ਵਿੱਚ ਗੁਰਮਤਿ ਦੀ ਰਹਿਣੀ ਦੇ ਜਿਹੜੇ ਅੰਗ ਦਰਸਾਏ ਹਨ ਉਨ੍ਹਾਂ ਉੱਤੇ ਵੀ ਵਿਸ਼ੇਸ਼ ਤੌਰ `ਤੇ ਜ਼ੋਰ ਦੇਣ ਦੀ ਲੋੜ ਹੈ। ਰਹਿਤਨਾਮਿਆਂ ਵਿੱਚ ਕੇਵਲ ਖੰਡੇ ਦੀ ਪਾਹੁਲ ਜਾਂ ਕਕਾਰਾਂ ਦੀ ਗੱਲ ਹੀ ਨਹੀਂ ਮਿਲਦੀ, ਗੁਰਮਤਿ ਦੀ ਜੀਵਨ-ਜੁਗਤ ਨਾਲ ਜੁੜੇ ਹੋਰ ਪਹਿਲੂਆਂ ਦਾ ਵਰਣਨ ਵੀ ਮਿਲਦਾ ਹੈ। ਰਹਿਤਨਾਮਿਆਂ ਵਿਚੋਂ ਹੀ ਸੰਖੇਪ ਵਿੱਚ ਰਹਿਤ ਦੇ ਕੁੱਝ ਹੋਰ ਪਹਿਲੂਆਂ ਵਲ ਪਾਠਕਾਂ ਦਾ ਧਿਆਨ ਦਵਾਇਆ ਜਾ ਰਿਹਾ ਹੈ: “ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ. . ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ ਕਿਰਤ ਕਰਿ ਖਾਇ. . ਅਰੁ ਜੋ ਕੋਈ ਭੁੱਖਾ ਨੰਗਾ ਅਰਥੀ ਪ੍ਰਾਪਤਿ ਹੋਇ, ਤਾਂ ਉਸ ਨਾਲਿ ਆਪਣੀ ਵੰਡ ਵਿਚੋਂ, ਜੋ ਕਿਛੁ ਸਾਹਿਬ ਦਿਤਾ ਹੋਇ ਸੋ ਵੰਡਿ ਖਾਇ, ਵੰਡਿ ਪਹਰੇ। ਅਰ ਕੰਮ ਕਿਸੇ ਕਾ ਜਾਨੇ ਜੋ ਮੁਝ ਤੇ ਹੋਤਾ ਹੈ ਤਾਂ ਜਾਣੈ ਜੋ ਗੁਰੂ ਕ੍ਰਿਪਾਲ ਹੋਇਆ ਹੈ, ਤਾਂ ਢਿੱਲ ਨ ਕਰੈ। ਅਪਣਾ ਕੰਮੁ ਛੋਡਿ ਕਰਿ ਉਸ ਪ੍ਰਾਨੀ ਕੇ ਕੰਮਿ ਕਉ ਉਠਿ ਖੜਾ ਹੋਇ, ਜਾਣਿ ਨ ਦੇਇ। ਗੁਰੂ ਕਾ ਰੀਝਾਵਣਾ ਇਸੀ ਬਾਤ ਮੇਂ ਹੈ।” (ਪਰੇਮ ਸੁਮਾਰਗ)
ਹਮਾਰੇ ਕੋ ਭੇਖ ਬਰਣ ਪਿਆਰਾ ਨਹੀਂ, ਰਹਣੀ ਪਿਆਰੀ ਹੈ। (ਭਾਈ ਦਯਾ ਸਿੰਘ)
ਖਾਲਸਾ ਸੋਈ ਜੋ ਨਿੰਦਾ ਤਿਆਗੈ। … ਖਾਲਸਾ ਸੋਈ ਜੋ ਪੰਚ ਕਉ ਮਾਰੈ। ਖਾਲਸਾ ਸੋਈ ਭਰਮ ਕੋ ਸਾੜੈ। ਖਾਲਸਾ ਸੋਈ ਮਾਨ ਜੋ ਤਿਆਗੈ। ਖਾਲਸਾ ਸੋਈ ਪਰਤ੍ਰਿਆ ਤੇ ਭਾਗੈ। ਖਾਲਸਾ ਸੋਈ ਪਰਦ੍ਰਿਸਟਿ ਕਉ ਤਿਆਗੈ। (ਭਾਈ ਨੰਦ ਲਾਲ ਜੀ)
ਗੁਰਮਤਿ ਦੀ ਰਹਿਣੀ ਦੇ ਇਨ੍ਹਾਂ ਪੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਕਕਾਰਾਂ ਨੂੰ ਹੀ ਖ਼ਾਲਸੇ ਦੀ ਪੂਰਨ ਰਹਿਤ ਮੰਨਣ ਨਾਲ ਸਿੱਖੀ ਦੇ ਅਕਸ ਨੂੰ ਬਹੁਤ ਹੀ ਨੁਕਸਾਨ ਪਹੁੰਚਿਆ ਹੈ। ਜੇਕਰ ਅਸੀਂ ਸਿੱਖੀ ਦੇ ਪੁਰਾਤਨ ਗੌਰਵਮਈ ਸ਼ਾਨਾਂ ਮੱਤੇ ਇਤਿਹਾਸ ਨੂੰ ਬਰਕਰਾਰ ਰੱਖਣਾ ਹੈ ਤਾਂ ਸਿੱਖੀ ਦੀ ਨਿਸ਼ਾਨੀ ਦੇ ਸਮੁੱਚੇ ਰੂਪ ਨੂੰ ਉਭਾਰਨ ਦੀ ਲੋੜ ਹੈ; ਨਾ ਕਿ ਕੇਵਲ ਪੰਜ ਕਕਾਰਾਂ ਦੀ ਰਹਿਤ ਨੂੰ ਹੀ। ਇਸ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਹੈ ਕਿ ਕਕਾਰ ਖ਼ਾਲਸੇ ਦੀ ਰਹਿਤ ਦਾ ਇੱਕ ਅਨਿਖੜਵਾਂ ਅੰਗ ਹਨ; ਇਨ੍ਹਾਂ ਤੋਂ ਬਿਨਾਂ ਖ਼ਾਲਸੇ ਦੀ ਕਲਪਣਾ ਨਹੀਂ ਕੀਤੀ ਜਾ ਸਕਦੀ। ਪਰੰਤੂ ਇਸ ਦਾ ਇਹ ਹਰਗ਼ਿਜ਼ ਭਾਵ ਨਹੀਂ ਹੈ ਕਿ ਕੇਵਲ ਕਕਾਰਾਂ ਦੀ ਰਹਿਤ ਹੀ ਸੰਪੂਰਨ ਰੂਪ ਵਿੱਚ ਖ਼ਾਲਸੇ ਦੀ ਰਹਿਤ ਜਾਂ ਇਸ ਦੀ ਨਿਸ਼ਾਨੀ ਹੈ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਫ਼ਰਮਾਨ ਹਮੇਸ਼ਾਂ ਹੀ ਧਿਆਨ ਵਿੱਚ ਰੱਖਣ ਦੀ ਲੋੜ ਹੈ:
ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥ (ਪੰਨਾ ੨੬੯) ਅਰਥ: ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁੱਝ ਹੋਰ ਹੈ; ਮਨ ਵਿੱਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। (ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।
ਇਸ ਗੱਲ ਦਾ ਵਰਣਨ ਵੀ ਅਢੁੱਕਵਾਂ ਨਹੀਂ ਹੋਵੇਗਾ ਕਿ ਜੇਕਰ ਕੋਈ ਪ੍ਰਾਣੀ ਗੁਰਮਤਿ ਦੀ ਇਸ ਜੀਵਨ-ਜੁਗਤ ਦਾ ਧਾਰਨੀ ਹੈ ਤਾਂ ਉਸ ਨੂੰ ਤਨ ਦੀ ਰਹਿਤ ਰੱਖਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਚਾਹਟ ਨਹੀਂ ਹੋਵੇਗੀ। ਜੇ ਸੱਚ-ਮੁੱਚ ਕਿਸੇ ਦੇ ਅੰਦਰ ਸਿੱਖੀ ਹੈ ਤਾਂ ਬਾਹਰ ਵੀ ਜ਼ਰੂਰ ਪ੍ਰਗਟ ਹੋਵੇਗੀ ਹੀ। “ਧਾਰਮਿਕ ਵਲਵਲੇ ਜਦੋਂ ਜ਼ਾਹਿਰਾ ਰੂਪ ਧਾਰਦੇ ਹਨ ਤਾਂ ਉਹ ਧਰਮ ਦੇ ਚਿੰਨ, ਰਸਮਾਂ ਤੇ ਰਿਵਾਜ ਬਣ ਜਾਂਦੇ ਹਨ। ਜਿਕੁਰ ਬੀਜ ਬੀਜ ਦੇਵੀਏ ਤਾਂ ਪਤ੍ਰ, ਫੁਲ ਟਾਹਣ ਆਪੇ ਹੀ ਨਿਕਲ ਆਂਵਦੇ ਹਨ, ਇਕੁਰ ਹੀ ਧਾਰਮਿਕ ਜੀਵਨ ਦੇ ਵਲਵਲੇ ਆਪਣੇ ਆਪ ਚਿੰਨ੍ਹ ਤੇ ਰਸਮਾਂ ਦਾ ਰੂਪ ਧਾਰ ਲੈਂਦੇ ਹਨ।” (ਭਾਈ ਜੋਧ ਸਿੰਘ – ਗੁਰਮਤਿ ਨਿਰਣਯ) ਸੋ ਗੱਲ ਕੀ, ਕਕਾਰ ਸਿੱਖੀ ਦੀ ਰਹਿਤ ਦਾ ਇੱਕ ਅੰਗ ਹਨ ਨਾ ਕਿ ਪੂਰੀ ਰਹਿਤ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਮਤਿ ਦੀ ਰਹਿਣੀ ਵਿੱਚ ਦੈਵੀ ਗੁਣਾਂ ਨੂੰ ਹੀ ਅਨਿਖੜਵਾਂ ਅੰਗ ਮੰਨਿਆ ਗਿਆ ਹੈ। ਖ਼ਾਲਸੇ ਦੇ ਜਿਹੜੇ ਗੁਣ ਦਰਸਾਏ ਹਨ, ਇਹ ਉਹੀ ਹਨ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਦੇ ਦਰਸਾਏ ਗਏ ਹਨ।
ਅੰਤ ਵਿੱਚ ਪਾਠਕਾਂ ਦਾ ਧਿਆਨ ਡਾਕਟਰ ਦਰਸ਼ਨ ਸਿੰਘ ਦੇ ਨਿਮਨ ਲਿਖਤ ਸ਼ਬਦਾਂ ਵਲ ਦੁਆ ਰਹੇ ਹਾਂ, “ਗੁਣਾਂ ਨਾਲ ਹੀ ਮਨੁੱਖੀ ਕਿਰਦਾਰ ਪਰਿਭਾਸ਼ਤ ਹੁੰਦਾ ਹੈ ਤੇ ਗੁਣਾਂ ਨਾਲ ਹੀ ਉਸ ਦੀ ਪਛਾਣ ਬਣਦੀ ਹੈ। ਸਿੱਖ ਦੀ ਪਛਾਣ ਵੀ ਗੁਣਾਂ ਨਾਲ ਹੀ ਹੋਈ ਹੈ। ਇਤਿਹਾਸ ਵਿੱਚ ਉਹ ਖ਼ਾਲਸ ਹੋ ਕੇ ਵਿਚਰਿਆ ਹੈ ਤਾਂ ਹੀ ਖ਼ਾਲਸਾ ਅਖਵਾਇਆ ਹੈ।” (ਖ਼ਾਲਸਾ, ਅਰਥ ਤੇ ਰੰਗ `ਚੋਂ)
ਜਸਬੀਰ ਸਿੰਘ ਵੈਨਕੂਵਰ




.