.

‘ਬਾਬਾ` ਸ਼ਬਦ ਨੂੰ ਸਿਰਫ਼ ਬਾਬੇ ਨਾਨਕ ਦੇ ਨਾਮ ਨਾਲ ਹੀ ਰਹਿਣ ਦਿਓ…।

-ਰਘਬੀਰ ਸਿੰਘ ਮਾਨਾਂਵਾਲੀ

ਅੱਜ ਕਿਸੇ ਇਕਾਂਤ ਵਿਚ ਬੈਠ ਕੇ ਮਨ ਦੀਆਂ ਅੱਖਾਂ ਨਾਲ ਆਪਣੇ ਆਲੇ-ਦੁਆਲੇ ਦੀ ਦੁਨੀਆਂ ਵਿਚ ਝਾਤੀ ਮਾਰਿਆਂ ਮਹਿਸੂਸ ਹੁੰਦਾ ਹੈ ਕਿ ਬਾਬੇ ਨਾਨਕ ਦੇ ਅਵਤਾਰ ਧਾਰਨ ਤੋਂ ਪਹਿਲਾਂ ਵੀ ਅੱਜ ਵਰਗੇ ਹੀ ਹਾਲਾਤ ਬਣੇ ਹੋਏ ਸਨ। ਜਿਵੇਂ ਉਸ ਸਮੇਂ ਦੇ ਹਾਕਮ ਐਸ਼ੋ-ਇਸ਼ਰਤ ਦੇ ਸਭ ਹੱਦ ਬੰਨੇ ਟੱਪ ਕੇ ਰੱਬ ਨੂੰ ਵੀ ਵਿਸਾਰ ਚੁੱਕੇ ਸਨ। ਇਖਲਾਕ ਦਾ ਦੀਵਾਲਾ ਨਿਕਲ ਚੁੱਕਾ ਸੀ। ਧਾਰਮਿਕ ਜੀਵਨ ਅਲੋਪ ਹੋ ਚੁਕਿਆ ਸੀ। ਹਾਕਮ ਜਮਾਤ ਹਕੂਮਤ ਦੇ ਨਸ਼ੇ ਵਿਚ ਝੱਲੀ ਹੋਈ ਫਿਰਦੀ ਸੀ। ਝੋਲੀ ਚੁੱਕ ਮੌਕਾ-ਪ੍ਰਸਤ ਸਮੇਂ ਦੀ ਹਕੂਮਤ ਨਾਲ ਮਿਲ ਕੇ ਲੋਕਾਈ ਦਾ ਖੂਨ ਨਿਚੋੜ ਰਹੇ ਸਨ। ਵੱਡੇ ਲੋਕ ਗਰੀਬਾਂ ਨਾਲ ਧੋਖੇ ਅਤੇ ਠੱਗੀਆਂ ਕਰ ਰਹੇ ਸਨ। ਸਮੇਂ ਦੇ ਹਾਕਮ… ਪਾਪੀ, ਜ਼ਾਲਮ ਅਤੇ ਹਤਿਆਰੇ ਬਣੇ ਹੋਏ ਸਨ। ਧਾੜਵੀਆਂ ਵਲੋਂ ਔਰਤਾਂ `ਤੇ ਜ਼ੁਲਮ ਕੀਤੇ ਜਾ ਰਹੇ ਸਨ। ਉਹਨਾਂ ਨੂੰ ਘਰਾਂ ਚੋਂ ਕੱਢ ਕੇ ਕੈਦ ਕਰਕੇ ਆਪਣੇ ਨਾਲ ਲਿਜਾਇਆ ਜਾਂਦਾ ਸੀ ਤੇ ਉਹਨਾਂ ਨਾਲ ਮਨ ਆਈਆਂ ਕੀਤੀਆਂ ਜਾਂਦੀਆਂ ਸਨ। ਉਹਨਾਂ ਦੀਆਂ ਇੱਜ਼ਤਾਂ ਖੁਆਰ ਕੀਤੀਆਂ ਜਾਂਦੀਆਂ ਸਨ। “ਕਲਿ ਕਾਤੀ, ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ, ਸਚੁ ਚੰਦ੍ਰਮਾ, ਦੀਸੈ ਨਾਹੀ ਕਹਿ ਚੜਿਆ॥ ਅੰਕ 145॥“ ਪੁਜਾਰੀ ਜਮਾਤ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਵਿਚ ਉਲਝਾ ਕੇ ਆਪਣਾ ਸਵਾਰਥ ਸਿੱਧ ਕਰ ਰਹੀ ਸੀ। ਧਾਰਮਿਕ ਆਗੂ ਬੁਰੀ ਤਰ੍ਹਾਂ ਕੁਰਾਹੇ ਪਏ ਹੋਏ ਸਨ। ਸਾਰੇ ਧਰਮਾਂ ਦੇ ਪੁਜਾਰੀ ਆਮ ਲੋਕਾਂ ਨੂੰ ਪਾਪ-ਪੁੰਨ ਅਤੇ ਨਰਕ-ਸਵਰਗ ਦਾ ਡਰਾਵਾ ਦੇ ਕੇ ਆਪਣਾ ਉਲੂ ਸਿੱਧਾ ਕਰ ਰਹੇ ਸਨ। ਧਰਮ ਬਾਰੇ ਸਹੀ ਜਾਣਕਾਰੀ ਨਾ ਹੋਣ ਕਰਕੇ ਸਾਰੀ ਲੋਕਾਈ ਅਗਿਆਨਤਾ ਦੇ ਹਨੇਰੇ ਕਾਰਨ ਦੁੱਖਾਂ-ਪੀੜਾਂ ਵਿਚ ਪਿਸਦੀ ਜਾ ਰਹੀ ਸੀ। ਇਨਸਾਨਾਂ ਦੀ ਜ਼ਿੰਦਗੀ ਪਸ਼ੂਆਂ ਤੋਂ ਵੀ ਭੈੜੀ ਹੋ ਚੁੱਕੀ ਸੀ। “ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨ ਵੇ ਲਾਲੋ॥ਅੰਕ 722॥

ਬਾਬੇ ਨਾਨਕ ਨੇ ਜ਼ੁਲਮਾਂ ਨਾਲ ਪਿਸਦੀ ਜਾ ਰਹੀ ਲੋਕਾਈ ਨੂੰ ਨਵੀਂ ਸੇਧ ਦੇਣ ਲਈ ਆਪਣੇ ਜੀਵਨ ਦੇ 16 ਸਾਲਾਂ ਵਿਚ 35 ਹਜ਼ਾਰ ਮੀਲ ਦਾ ਸਫਰ ਪੈਦਲ ਤੁਰ ਕੇ ਤਹਿ ਕੀਤਾ। ਇਸ ਸਫਰ ਸਮੇਂ ਉਹ ਪੀੜਤ ਲੋਕਾਈ ਦੇ ਦੁੱਖ-ਦਲਿੱਦਰ ਆਪਣੀ ਰੂਹਾਨੀ ਸੂਝ-ਬੂਝ ਅਤੇ ਗਿਆਨ ਨਾਲ ਦੂਰ ਕਰਦੇ ਰਹੇ। ਧਰਮ ਬਾਰੇ ਸਾਰਾ ਗਿਆਨ ਉਹਨਾ ਲੋਕ ਭਾਸ਼ਾ ਵਿਚ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ। ਧਰਮ ਬਾਰੇ ਸਹੀ ਗਿਆਨ ਦੇ ਕੇ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਵਿਦਵਾਨ ਬਣਾ ਦਿਤਾ। ਉਹਨਾਂ ਵਿਚ ਨਵੀਂ ਰੂਹ ਫੂਕੀ…। ਵਿਰੋਧੀਆਂ ਦੇ ਭਰਮਾਂ ਅਤੇ ਵਹਿਮਾਂ ਨੂੰ ਆਪਣੀਆਂ ਦਲੀਲਾਂ ਅਤੇ ਵਿਚਾਰ-ਵਟਾਂਦਰੇ ਨਾਲ ਖੁੰਢਾ ਕੀਤਾ। ਬਾਬੇ ਨਾਨਕ ਨੇ ਅਕਾਲ ਪੁਰਖ ਨੂੰ ਹੀ ਇਸ ਸੰਸਾਰ ਦਾ ਕਰਤਾ ਦੱਸਿਆ। ਲੋਕਾਈ ਨੂੰ ਜਾਗਰੂਕ ਕਰਕੇ ਉਹਨਾਂ ਦੀ ਖੁੰਢੀ ਹੋ ਗਈ ਅਤੇ ਮਰ ਚੁੱਕੀ ਸੋਚ ਨੂੰ ਬਦਲਿਆ। ਵਹਿਮਾਂ-ਭਰਮਾਂ ਨੂੰ ਲੋਟੂ ਜਮਾਤ ਪੁਜਾਰੀਆਂ ਦੀ ਚਾਲ ਦੱਸੀ ਤੇ ਧਰਮ ਦੇ ਅਸਲੀ ਅਰਥ ਸਮਝਾਏ। ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿਚ ਗਿਆਨ ਦੇ ਦੀਵੇ ਜਗ ਪਏ। ਉਹਨਾਂ ਸਦੀਆਂ ਪੁਰਾਣੀ ਪੁਜਾਰੀਆਂ ਦੀ ਗੁਲਾਮੀ ਦੇ ਜੂਲੇ ਨੂੰ ਪਰ੍ਹਾਂ ਵਗਾਹ ਮਾਰਿਆ। ਇਨਕਲਾਬੀ ਮਹਾਂਪੁਰਸ਼ ਬਾਬੇ ਨਾਨਕ ਦੀ ਸੋਚ ਨੇ ਪੀੜ੍ਹਤ ਲੋਕਾਈ ਵਿੱਚ ਧਰਮ ਸਬੰਧੀ ਨਵੀਂ ਕ੍ਰਾਂਤੀ ਲੈ ਆਂਦੀ ਤੇ ਇਕ ਨਵੀਂ ਲਹਿਰ ਪੈਦਾ ਹੋਈ । ਤੇ ਨਵਾਂ ਇਤਿਹਾਸ ਸਿਰਜਿਆ ਗਿਆ। ਬਾਬੇ ਨਾਨਕ ਨੇ ਵਿਗਿਆਨਿਕ ਤੇ ਆਧੁਨਿਕ ਧਰਮ ਸਾਡੀ ਝੋਲੀ ਵਿਚ ਪਾਇਆ। ਜਿਸ ਵਿਚ ਨਾ ਪੁਜਾਰੀਆਂ ਲਈ ਕੋਈ ਥਾਂ ਸੀ ਤੇ ਨਾ ਕਰਮਕਾਂਡਾਂ ਨੂੰ ਮਾਨਤਾ ਸੀ। ਸਿਰਫ ਅਕਾਲਪੁਰਖ ਨੂੰ ਯਾਦ ਕਰਨ ਦਾ ਸਿਧਾਂਤ ਸੀ। ਅਤੇ ਵਿਕਾਰਾਂ ਤੋਂ ਰਹਿਤ ਜੀਵਨ ਜਿਊਣ ਦਾ ਉਪਦੇਸ਼ ਸੀ।

ਹੁਣ ਖੁਲ੍ਹੀਆਂ ਅੱਖਾਂ ਨਾਲ ਵੇਖ ਕੇ ਲਗਦਾ ਹੈ ਕਿ ਅੱਜ ਦਾ ਸਮਾਂ ਵੀ ਉਸ ਸਮੇਂ ਤੋਂ ਵੱਖਰਾ ਨਹੀਂ ਹੈ। ਉਸ ਸਮੇਂ ਹੁੰਦੇ ਜ਼ੁਲਮਾਂ ਵਰਗੇ ਜ਼ੁਲਮ ਅੱਜ ਵੀ ਲੋਕਾਂ `ਤੇ ਹੋ ਰਹੇ ਹਨ। ਅੱਜ ਫਿਰ ਆਧੁਨਿਕ ਪੁਜਾਰੀ ਸਿਆਸੀ ਹਾਕਮਾਂ ਦੀ ਮਿਲੀ ਭੁਗਤ ਨਾਲ ਧਰਮ `ਤੇ ਕਾਬਜ਼ ਹੋ ਗਏ ਹਨ। ਪੁਜਾਰੀ ਅਤੇ ਹਾਕਮ ਦੋਵੇਂ ਮਿਲ ਕੇ ਲੋਕਾਂ ਨੂੰ ਬੇਦਰਦੀ ਨਾਲ ਲੁੱਟ ਰਹੇ ਹਨ। ਆਮ ਆਦਮੀ ਮੁੜ ਤੋਂ ਜ਼ੁਲਮਾਂ ਦਾ ਸ਼ਿਕਾਰ ਹੋ ਰਿਹਾ ਹੈ। “ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁੱਤੇ॥1288॥“

ਅੱਜ ਦੇ ਸਮਾਜ ਵਿਚ ਜ਼ਾਲਮਾਂ ਵੱਲੋਂ ਮਾਸੂਮ ਭੋਲੀਆਂ ਬੱਚੀਆਂ ਅਤੇ ਨੌਜਵਾਨ ਲੜਕੀਆਂ ਨਾਲ ਬਲਾਤਕਾਰ ਕਰਨ ਉਪਰੰਤ ਉਹਨਾਂ ਨੂੰ ਦਰਿੰਦਗੀ ਨਾਲ ਕਤਲ ਕੀਤਾ ਜਾ ਰਿਹਾ ਹੈ। ਬਲਾਤਕਾਰੀ ਮਰਦਾਂ ਦੀਆਂ ਸਤਾਈਆਂ ਲੜਕੀਆਂ ਵਲੋਂ ਦੁੱਖੀ ਹੋ ਕੇ ਖੁਦਕਸ਼ੀਆਂ ਕੀਤੀਆਂ ਜਾ ਰਹੀਆਂ ਹਨ। ਭਰੂਣ ਹੱਤਿਆ ਕਰਕੇ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਅਯਾਸ਼ੀਆਂ ਕਰਨ ਵਾਲੇ ਮਰਦਾਂ ਵਲੋਂ ਬੱਚਿਆਂ ਵਾਲੀਆਂ ਮਾਵਾਂ ਨੂੰ ਤਲਾਕ ਦੇ ਕੇ ਘਰੋਂ ਕੱਢਿਆ ਜਾ ਰਿਹਾ ਹੈ। ਜ਼ੁਲਮ ਕਰਨ ਵਾਲਿਆਂ ਦੀ ਹਾਕਮਾਂ ਨਾਲ ਨੇੜਤਾ ਹੈ ਜਿਸ ਕਰਕੇ ਦੁਖੀਆਂ ਦੀ ਸੁਣਵਾਈ ਨਹੀਂ ਹੋ ਰਹੀ।

ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਵਕਾਰਾਂ ਅਤੇ ਪਦਾਰਥਵਾਦੀ ਰੁੱਚੀਆਂ ਦੀ ਪ੍ਰਧਾਨਤਾ ਹੋਈ ਪਈ ਹੈ। ਫਸਲਾਂ ਉਤੇ ਜ਼ਹਰੀਲੀਆਂ ਦਵਾਈਆਂ ਦੇ ਛਿੜਕਾ ਕਾਰਨ ਕੈਂਸਰ ਵਰਗੀਆਂ ਲਾ-ਇਲਾਜ ਬੀਮਾਰੀਆਂ ਪੈਦਾ ਹੋ ਗਈਆਂ ਹਨ। ਅਜਿਹੀਆਂ ਬੀਮਾਰੀਆਂ ਦੇ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰਥ ਲੋਕ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ। ਪੈਸੇ ਦੇ ਲਾਲਚ ਵਿਚ ਮਿਲਾਵਟਖੋਰ ਖਾਣ ਵਾਲੀਆਂ ਚੀਜ਼ਾਂ ਵਿਚ ਜ਼ਹਿਰੀਲੇ ਪਦਾਰਥ ਮਿਲਾ ਰਹੇ ਹਨ। ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ।

ਸਰਕਾਰ ਅਤੇ ਪੁਲਿਸ ਦੀਆਂ ਲਾਪ੍ਰਵਾਹੀਆਂ ਕਾਰਨ ਲੋਕ ਲਗਾਤਾਰ ਸੜਕ ਹਾਦਸਿਆਂ ਵਿਚ ਮਾਰੇ ਜਾ ਰਹੇ ਹਨ। ਥਾਂ-ਥਾਂ ਸੱਥਰ ਵਿੱਛ ਰਹੇ ਹਨ। ਸੜਕਾਂ ਕਤਲਗਾਹਾਂ ਬਣ ਗਈਆਂ ਹਨ। ਬੱਚੇ ਲਾਵਾਰਿਸ ਹੋ ਰਹੇ ਹਨ। ਔਰਤਾਂ ਵਿਧਵਾ ਹੋ ਰਹੀਆਂ ਹਨ। ਜਾਨ ਤੇ ਮਾਲ ਦਾ ਬੇਹਿਸਾਬਾ ਨੁਕਸਾਨ ਹੋ ਰਿਹਾ ਹੈ।

ਕਸ਼ਮੀਰ ਲੰਮੇ ਸਮੇਂ ਤੋਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਉਥੇ ਤਿੰਨ-ਤਿੰਨ ਮਹੀਨੇ ਦਾ ਕਰਫਿਊ ਲੱਗ ਰਿਹਾ ਹੈ। ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀਆਂ ਬੰਦੂਕਾਂ ਅੱਗ ਉਗਲਦੀਆਂ ਹਨ। ਝੂਠੇ ਪੁਲਿਸ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ। ਕਸ਼ਮੀਰੀ ਮਰਦਾਂ ਦੇ ਸਾਹਮਣੇ ਹੀ ਉਹਨਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਜਾ ਰਿਹਾ ਹੈ। ਲੋਕ ਤਰਾਹ-ਤਰਾਹ ਕਰ ਰਹੇ ਹਨ। ਬੇਕਸੂਰ ਲੋਕ ਜ਼ਬਰ ਅਤੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦੀ ਦਰਦ ਭਰੀ ਵਿਥਿਆ ਸੁਣਕੇ ਰੌਂਘਟੇ ਖੜ੍ਹੇ ਹੁੰਦੇ ਹਨ। ਰੂਹ ਕੰਬ ਉਠਦੀ ਹੈ।

ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜ ਦਿਤਾ ਹੈ । ਦੋ ਡੰਗ ਦੀ ਰੋਟੀ ਵੀ ਚੰਗੀ ਤਰ੍ਹਾਂ ਨਸੀਬ ਨਹੀਂ ਹੋ ਰਹੀ। ਗਰੀਬਾਂ ਨੂੰ ਆਪਣੀਆਂ ਧੀਆਂ ਦੇ ਵਿਆਹ ਕਰਨੇ ਮੁਹਾਲ ਹੋ ਗਏ ਹਨ। ਗਰੀਬ ਕਿਸਾਨ ਧੀਆਂ ਦੇ ਵਿਆਹਾਂ ਲਈ ਕਰਜ਼ੇ ਚੁੱਕ ਕੇ ਕਰਜ਼ਾਈ ਹੋ ਗਏ ਹਨ। ਕਰਜ਼ਾ ਨਾ ਉਤਾਰ ਸਕਣ ਕਾਰਨ ਉਹ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ। ਦਾਜ਼ ਦੇ ਲੋਭੀ ਲੜਕੀਆਂ ਨੂੰ ਮਾਰ ਰਹੇ ਹਨ ਜਾਂ ਜ਼ਿੰਦਾ ਜਲਾ ਰਹੇ ਹਨ। ਗਰੀਬੀ ਕਾਰਨ ਕਈ ਮਾਵਾਂ ਆਪਣੀਆਂ ਮਾਸੂਮ ਧੀਆਂ ਨੂੰ ਜਿਉਂਦਿਆਂ ਹੀ ਕਿਧਰੇ ਝਾੜੀਆਂ ਜਾਂ ਨਹਿਰਾਂ, ਦਰਿਆਵਾਂ ਵਿਚ ਸੁੱਟ ਰਹੀਆਂ ਹਨ। ਧੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਮਰਦਾਂ ਵਲੋਂ ਤਸੀਹੇ ਦਿਤੇ ਜਾ ਰਹੇ ਹਨ।

ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਗ੍ਹ ਰਹੇ ਛੇਵੇਂ ਦਰਿਆ ਵਿਚ ਡੁੱਬਦੀ ਜਾ ਰਹੀ ਹੈ। ਹਰ ਨਸ਼ੇ ਦੀ ਸਮਗਲਿੰਗ ਪੂਰੇ ਜੋਰਾਂ `ਤੇ ਹੈ। ਨਸ਼ੇ ਪੂਰੇ ਕਰਨ ਲਈ ਨਸ਼ੇੜੀ ਨੌਜਵਾਨ ਪੀੜ੍ਹੀ ਸੜਕਾਂ `ਤੇ ਜਾਂਦੀਆਂ ਧੀਆਂ ਭੈਣਾਂ ਤੋਂ ਪਰਸ ਅਤੇ ਗਹਿਣੇ ਲੁੱਟ ਰਹੇ ਹਨ। ਤੇ ਪੈਸੇ ਲਈ ਉਹਨਾਂ ਦਾ ਕਤਲ ਵੀ ਕਰ ਰਹੇ ਹਨ।

ਸਿਆਸੀ ਲੋਕ ਐਸ਼ੋ-ਇਸ਼ਰਤ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮਾਇਆ ਦੇ ਲੋਭੀ ਹਨ। ਪੁੱਠੇ-ਸਿੱਧੇ ਤਰੀਕੇ ਉਹ ਆਪਣੇ ਪਰਿਵਾਰਾਂ ਲਈ ਜਾਇਦਾਦਾਂ ਇਕੱਠੀਆਂ ਕਰ ਰਹੇ ਹਨ। ਪਰ ਜ਼ਾਲਮਾਂ, ਬਲਾਤਕਾਰੀਆਂ ਅਤੇ ਕਾਤਲਾਂ ਨੂੰ ਆਪਣੇ ਸਵਾਰਥ ਲਈ ਪਨਾਹ ਦੇ ਰਹੇ ਹਨ । ਵੋਟਾਂ ਦੀ ਖਾਤਿਰ ਸਿਧਾਂਤਾਂ ਨੂੰ ਛਿੱਕੇ ਟੰਗ ਦਿਤਾ ਗਿਆ ਹੈ। ਭ੍ਰਿਸ਼ਟਾਚਾਰ ਉਹਨਾਂ ਦੇ ਖੂਨ ਵਿਚ ਰੱਚ ਚੁੱਕਿਆ ਹੈ। ਅੱਜ ਕੁਝ ਪੈਸਿਆਂ ਦੀ ਖਾਤਿਰ ਬੰਦੇ ਨੂੰ ਮਾਰ ਸੁੱਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸ਼ਹਿਣਸ਼ੀਲਤਾ ਦੀ ਘਾਟ ਕਰਕੇ ਨਿੱਕੀ ਜਿਹੀ ਗੱਲ `ਤੇ ਲੋਕ ਆਪਸ ਵਿਚ ਲੜਾਈਆਂ ਕਰਦੇ ਇਕ ਦੂਸਰੇ ਨੂੰ ਕਤਲ ਕਰ ਰਹੇ ਹਨ। ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਸਰਕਾਰੀ ਮਹਿਕਮਿਆਂ ਵਿਚ ਸਿਰ ਚੜ੍ਹ ਬੋਲ ਰਿਹਾ ਹੈ। ਗਰੀਬ ਬੰਦਾ ਰਿਸ਼ਵਤ ਨਾ ਦੇ ਸਕਣ ਕਰਕੇ ਸਰਕਾਰੀ ਦਫ਼ਤਰਾਂ ਵਿਚ ਖਜ਼ਲ-ਖੁਆਰ ਹੋ ਰਿਹਾ ਹੈ। ਅਨੇਕਾਂ ਲੋਕ ਬਿਨ੍ਹਾਂ ਕਸੂਰ ਤੋਂ ਹੀ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਸੜ੍ਹ ਰਹੇ ਹਨ। ਉਹ ਲੰਮੇ ਸਮੇਂ ਤੋਂ ਅਦਾਲਤਾਂ ਵਿਚ ਧੱਕੇ ਖਾ ਰਹੇ ਹਨ। ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੈ। ਜ਼ੋਰਾਵਰ ਦਾ ਸੱਤੀ ਵੀਹੀਂ ਸੌ ਹੋ ਰਿਹਾ ਹੈ।

ਹਰ ਰੋਜ਼ ਸਵੇਰ ਵੇਲੇ ਸਭ ਟ਼ੀਵ਼ੀ ਚੈਨਲਾਂ `ਤੇ ਅਣਗਿਣਤ ਆਪੂੰ ਬਣੇ ਸੰਤਾਂ, ਸਾਧਾਂ, ਬਾਬਿਆਂ, ਸਤਿਗੁਰਾਂ, ਹਜ਼ੂਰ ਮਹਾਰਾਜਾਂ , ਸ਼੍ਰੀ ਮਾਨ 108, 1008 ਬ੍ਰਹਮਗਿਆਨੀਆਂ ਦੇ ਦਰਸ਼ਨ ਹੋ ਰਹੇ ਹਨ। ਜੋ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਉਲਝਾ ਰਹੇ ਹਨ। ਹਰ ਸ਼ਹਿਰ ਵਿਚ ਸੜਕਾਂ ਅਤੇ ਚੌਂਕਾਂ ਵਿਚ ਵੱਡੇ-ਵੱਡੇ ਫਲੈਕਸ ਬੋਰਡਾਂ `ਤੇ ਅਨੇਕਾਂ ਅਜਿਹੇ ਵਿਸ਼ੇਸ਼ਣਾਂ ਵਾਲੇ ਸੰਤਾਂ ਦੀਆਂ ਫੋਟੋਆਂ ਵੇਖੀਆਂ ਜਾਂ ਸਕਦੀਆਂ ਹਨ। ਹਰ ਥਾਂ ਨਵੇਂ ਤੋਂ ਨਵਾਂ ਸੰਤ ਹੀ ਨਜ਼ਰ ਆ ਰਿਹਾ ਹੈ। ਹਰ ਪਿੰਡ ਵਿਚ ਤਿੰਨ ਮੀਲ `ਤੇ ਇਕ ਸੰਤ ਜਾਂ ਸਾਧ ਦਾ ਡੇਰਾ ਸਥਾਪਿਤ ਹੋ ਚੁੱਕਿਆ ਹੈ। ਇਸ ਤਰ੍ਹਾਂ ਲਗਦਾ ਹੈ ਕਿ ਭਾਰਤ ਦੀ ਅੱਧੀ ਵੱਸੋਂ ਸਾਧ-ਸੰਤ ਹੀ ਬਣ ਚੁੱਕੀ ਹੈ।

ਜੋਤਸ਼ੀ ਆਪਣੇ ਜੋਤਸ਼ ਦੀਆਂ ਦੁਕਾਨਾਂ ਚਲਾ ਕੇ ਭੋਲੀ ਭਾਲੀ ਤੇ ਦੁਖਿਆਰੀ ਜਨਤਾ ਨੂੰ ਕਰਾਮਾਤੀ ਲੋਕਟ-ਮੁੰਦਰੀਆਂ ਅਤੇ ਨੱਗਾਂ ਆਦਿ ਵਿਚ ਭਗਵਾਨ ਦੀ ਸ਼ਕਤੀ ਹੋਣ ਦਾ ਹੌਕਾ ਦੇ ਕੇ ਵੱਡੀ ਕੀਮਤ `ਤੇ ਵੇਚ ਕੇ ਲੁੱਟ ਰਹੇ ਹਨ। ਉਹ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰਨ ਦੇ ਮਹਿੰਗੇ ਉਪਾਅ ਦੱਸ ਕੇ ਹਜ਼ਾਰਾਂ ਰੁਪਏ ਲੈ ਰਹੇ ਹਨ। ਲੌਕਟਾਂ ਤੇ ਮੁੰਦਰੀਆਂ ਨਾਲ ਸਾਰੇ ਦੁੱਖ ਦੂਰ ਕਰਨ ਦੇ ਫੋਕੇ ਦਾਅਵੇ ਵੀ ਕਰਦੇ ਹਨ।

ਸਾਰੇ ਸੰਤ ਬਾਬੇ ਆਪਣੇ ਸਤਿਸੰਗਾਂ ਵਿਚ ਲੋਕਾਂ ਨੂੰ ਸਿੱਖਿਆ ਦਿੰਦੇ ਅਕਸਰ ਕਹਿੰਦੇ ਹਨ ਕਿ ‘ਭਾਈ ਮਾਇਆ ਨਾਗਣੀ ਹੈ। ਇਹ ਬਿਨ੍ਹਾਂ ਦੰਦਾਂ ਤੋਂ ਜੱਗ ਨੂੰ ਖਾ ਰਹੀ ਹੈ। ਭਾਈ ਮਾਇਆ ਦਾ ਲਾਲਚ ਨਹੀਂ ਕਰਨਾ। ਇਹ ਡੋਬ ਦੇਵੇਗੀ…। ਭਾਈ ਤੂੰ ਮਨ ਦੇ ਮਗਰ ਲੱਗਦਾ ਹੈਂ…ਬ਼ੜਾ ਲੋਭੀ ਹੈਂ… ਮੂਰਖ ਹੈਂ…ਕਾਮੀ ਹੈਂ…ਸਵਾਰਥੀ ਹੈਂ… । ਤੂੰ ਮਾਇਆ ਇਕੱਠੀ ਕਰਨ ਵਿਚ ਲਗਾ ਹੋਇਆਂ ਹੈਂ… ਤੈਨੂੰ ਪਤਾ ਹੈ…? ਤੂੰ ਇਕ ਦਿਨ ਮਰ ਜਾਣਾ ਹੈ…। ਮਰਨ ਤੋਂ ਬਾਅਦ ਤੈਨੂੰ ਸਵਰਗਾਂ `ਚ ਢੋਈ ਨਹੀਂ ਮਿਲਣੀ… ਤੈਨੂੰ ਗੁਰੂ ਨੇ ਲੜ੍ਹ ਨਹੀਂ ਲਾਉਣਾ…। ਕਿਉਂਕਿ ਤੂੰ ਕਿਸੇ ਸਾਧ-ਸੰਤ ਨੂੰ ਆਪਣਾ ਗੁਰੂ ਨਹੀਂ ਧਾਰਿਆ…। ਜੇ ਤੂੰ ਮਾਇਆ ਦੇ ਮੋਹ ਦਾ ਤਿਆਗ ਕਰਕੇ ਕਿਸੇ ਸਾਧ-ਸੰਤ ਦੇ ਚਰਨੀਂ ਲੱਗ ਜਾਵੇ ਤੇ ਤਨ, ਮਨ ਅਤੇ ਧਨ ਉਸ ਸਾਧ ਨੂੰ ਸੌਂਪ ਦੇਵੇਂ ਤਾਂ ਉਹ ਸਾਧ-ਸੰਤ ਹੀ ਤੈਨੂੰ ਪ੍ਰਭੂ ਚਰਨਾਂ ਨਾਲ ਜੋੜ ਸਕਦਾ ਹੈ। ਸਾਧ-ਸੰਤ ਦੇ ਚਰਨੀਂ ਲੱਗਣ ਤੋਂ ਬਿਨ੍ਹਾਂ ਤੈਥੋਂ ਭਵ-ਸਾਗਰ ਨਹੀਂ ਤਰਿਆ ਜਾਣਾ… ਇਸ ਲਈ ਮਾਇਆ ਦਾ ਮੋਹ ਛੱਡ ਦੇ…। ਤੇ ਸਾਦਾ ਜੀਵਨ ਬਤੀਤ ਕਰ…`। ਪਰ ਬਾਣੀ ਅਨੁਸਾਰ “ਅਵਰ ਉਪਦੇਸੇ, ਆਪਿ ਨ ਕਰੈ॥ਅੰਕ 269॥“ ਆਪ ਇਹ ਸਭ ਅਖੌਤੀ ਸਾਧ-ਸੰਤ, ਬ੍ਰਹਮਗਿਆਨੀ, ਹਜ਼ੂਰ ਮਹਾਰਾਜ ਕੀਮਤੀ ਚੋਲੇ ਪਾਉਂਦੇ ਹਨ ਅਤੇ ਮਹਿਲਾਂ ਵਰਗੇ ਡੇਰਿਆਂ ਵਿਚ ਰਹਿੰਦੇ ਹਨ, ਇਹਨਾਂ ਕੋਲ ਮਹਿੰਗੀਆਂ ਵਿਦੇਸ਼ੀ ਕਾਰਾਂ ਹਨ ਅਤੇ ਇਹ ਆਪਣੇ ਡੇਰਿਆਂ ਵਿਚ ਬੈਠਣ ਅਤੇ ਅਰਾਮ ਕਰਨ ਵਾਲੀਆਂ ਥਾਵਾਂ `ਤੇ ਗਰਮੀਆਂ ਦੇ ਮੌਸਮ ਵਿਚ ਏਅਰ ਕੰਡੀਸ਼ਨ ਲਗਾ ਕੇ ਰੱਖਦੇ ਹਨ। ਸਾਰੇ ਡੇਰੇ ਅਤੇ ਉਹਨਾਂ ਦੇ ਸੰਤ ਅਰਬਾਂਪਤੀ ਹਨ । ਜਿਸ ਕੋਲ ਜਿਨਾ ਜ਼ਿਆਦਾ ਧਨ ਹੈ ਉਹ ਓਨਾ ਹੀ ਇਸ ਦੇਸ਼ ਵਿਚ ਸੁੱਰਖਿਅਤ ਮਹਿਸੂਸ ਕਰ ਕੇ ਰਹਿ ਸਕਦਾ ਹੈ । ਉਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ । ਇਹਨਾਂ ਦੇ ਡੇਰਿਆਂ `ਤੇ ਮਾਇਆ ਦੇ ਭੰਡਾਰ ਹਨ ਅਤੇ ਡੇਰਿਆਂ ਦੀਆਂ ਬੇ-ਸ਼ੁਮਾਰ ਜਾਇਦਾਤਾਂ ਹਨ। ਫਾਈਵ ਸਟਾਰ ਹੋਟਲਾਂ ਵਰਗੀਆਂ ਸਹੂਲਤਾਂ ਇਹਨਾਂ ਸੰਤਾਂ ਦੇ ਡੇਰਿਆਂ ਵਿਚ ਮੌਜੂਦ ਹੁੰਦੀਆਂ ਹਨ। ਫਿਰ ਵੀ ਇਹ ਸਾਧ-ਸੰਤ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਹੋਣ ਦਾ ਢੌਂਗ ਰੱਚਦੇ ਹਨ। “ਭੇਖ ਦਿਖਾਵੈ, ਸਚੁ ਨ ਕਮਾਵੈ ॥ਕਹਤੋ ਮਹਲੀ ਨਿਕਟ ਨ ਆਵੈ॥ ਅੰਕ 738॥

ਅੱਜ ਜਦੋਂ ਕਿ ਇਸ ਸਮਾਜ ਵਿਚ ਸਾਰੇ ਲੋਕ ਘਿਨਾਉਣੇ ਜ਼ੁਲਮਾਂ ਦੀ ਪੀੜ ਸਹਿ ਰਹੇ ਹਨ ਤਾਂ ਇਹ ਚਿੱਟੇ ਲੰਮੇ ਚੋਲਿਆਂ ਵਾਲੇ, ਗੋਲ ਪੱਗਾਂ ਵਾਲੇ, ਵੱਖਰੀ ਪਹਿਚਾਣ ਵਾਲੇ ਪਹਿਰਾਵੇ ਵਾਲੇ, ਹੱਥ ਵਿਚ ਕਰਾਮਾਤੀ ਮਾਲਾ ਅਤੇ ਤਪੱਸਵੀ, ਭਜਨ ਬੰਦਗੀ ਕਰਨ ਵਾਲੇ ਇਹ ਕਰਨੀ ਵਾਲੇ ਬਾਬੇ, ਆਪਣੇ ਆਲੀਸ਼ਾਨ ਡੇਰਿਆਂ ਵਿਚ ਏਅਰ ਕੰਡੀਸ਼ਨਿੰਗ ਭੋਰਿਆਂ ਵਿਚ ਤੱਪ ਅਤੇ ਸਿਮਰਨ ਕਰਨ ਦਾ ਢੌਂਗ ਰੱਚ ਕੇ ਅਰਾਮ ਕਰ ਰਹੇ ਹਨ। ਅਜਿਹੇ ਸੰਤ ਬਾਬੇ ਡੇਰੇ ਬਨਾਉਣ ਸਮੇਂ ਖ਼ਾਲੀ ਪਈ ਜ਼ਮੀਨ `ਤੇ ਕਬਜ਼ਾ ਕਰ ਲੈਂਦੇ ਹਨ। ਤੇ ਆਪਣੇ ਮਗਰ ਲਾਈ ਭੋਲੀ-ਭਾਲੀ ਜਨਤਾ ਨੂੰ ‘ਸੇਵਾ ਕਰਨ` ਦੇ ਨਾਮ `ਤੇ ‘ਕਾਰ ਸੇਵਾ` ਦਾ ਫੁਰਮਾਨ ਕਰਕੇ ਬਿਨ੍ਹਾਂ ਕੋਈ ਮਜਦੂਰੀ ਦਿਤਿਆਂ ਲੰਮਾਂ ਸਮਾਂ ਉਹਨਾਂ ਤੋਂ ਮੁਫ਼ਤ ਵਿਚ ਕੰਮ ਕਰਵਾਉਂਦੇ ਹਨ। ਉਹਨਾਂ ਨੂੰ ਇਕ ਤਰ੍ਹਾਂ ਗ਼ੁਲਾਮ ਬਣਾ ਕੇ ਆਪ ਕਰਾਮਾਤੀ ਅਤੇ ਪੁਜੇ ਹੋਏ ਸੰਤ ਕਹਾਉਂਦੇ ਹਨ। ਇਹ ਸੰਤ ਆਪ ਹਮੇਸ਼ਾ ਵਿਹਲੇ ਰਹਿੰਦੇ ਹਨ ਹੱਥੀਂ ਕਾਰ ਨਹੀਂ ਕਰਦੇ । ਅਜਿਹੇ ਵਿਹਲੜ ਵਿਅਕਤੀ ਲਈ ਗੁਰਬਾਣੀ ਦਾ ਫੁਰਮਾਨ ਹੈ:- “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕੁ ਰਾਹੁ ਪਛਾਣਹਿ ਸੇਈ॥ 1245॥ ਸੰਤ ਬਣਨ ਲਈ ਨਾ ਕਿਸੇ ਯੋਗਤਾ ਦੀ ਜਰੂਰਤ ਹੁੰਦੀ ਹੈ ਅਤੇ ਨਾ ਹੀ ਕਿਸੇ ਡਿਗਰੀ ਡਿਪਲੋਮੇ ਦੀ…। ਅੱਜ ਤੱਕ ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਬਣੀ ਜਿਹੜੀ ਇਹਨਾਂ ਨੂੰ ਸੰਤ ਦੀ ਉਪਾਧੀ ਦਿੰਦੀ ਹੋਵੇ। ਇਸ ਲਈ ਕੋਈ ਵੀ ਅਨਪੜ੍ਹ ਜਾਂ ਬੁੱਧੂ ਬੰਦਾ ਸੰਤ ਬਣ ਸਕਦਾ ਹੈ ਅਤੇ ਕਾਮਯਾਬ ਉਹ ਹੀ ਹੋ ਸਕਦੇ ਹਨ, ਜੋ ਸੰਗਤ ਨੂੰ ਮਨਘੜ੍ਹਤ ਕਹਾਣੀਆਂ ਸੁਣਾ ਸਕਦੇ ਹੋਣ ਅਤੇ ਹਰਮੋਨੀਅਮ `ਤੇ ਗਾ ਸਕਦੇ ਹੋਣ ਤੇ ਭੋਲੀਆਂ-ਭਾਲੀਆਂ ਤੇ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਲੋਕਾਂ ਨੂੰ ਭਰਮਾ ਸਕਦੇ ਹੋਣ, ਅਤੇ ਕਰਮਕਾਂਡਾਂ ਵਿਚ ਉਲਝਾ ਸਕਦੇ ਹੋਣ। ਸਵਰਗ-ਨਰਕ, ਪਾਪ-ਪੁੰਨ ਦਾ ਡਰਾਵਾ ਚੰਗੇ ਢੰਗ ਨਾਲ ਦੇ ਕੇ ਲੋਕਾਂ ਨੂੰ ਰੱਬ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਸਕਦੇ ਹੋਣ।

ਆਪਣੇ ਆਪ ਨੂੰ ਮਹਾਂਪੁਰਸ਼, ਦਾਨੀ ਅਤੇ ਲੋਕਾਂ ਦੇ ਹਮਦਰਦ ਬਣਨ ਲਈ ਅਤੇ ਸਭ ਦੇ ਅੱਖੀ ਘੱਟਾ ਪਾਉਣ ਲਈ ਇਹ ਆਪਣੇ ਡੇਰਿਆਂ `ਤੇ ਫਰੀ ਕੀਰਤਨ ਸਿਖਾਉਣ, ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਦੇਣ, ਗਰੀਬ ਕੁੜੀਆਂ ਦੇ ਵਿਆਹ ਕਰਨ ਅਤੇ ਮਹਿੰਗੇ ਸਕੂਲ ਖੋਲ੍ਹਣ ਵਰਗੇ ਦਿਖਾਵੇ ਦੇ ਕਾਰਜ ਵੀ ਕਰਦੇ ਹਨ। ਇਸ ਤਰ੍ਹਾਂ ਸਮਾਜ ਸੇਵਾ ਦਾ ਢੌਂਗ ਰੱਚ ਕੇ ਸਰਕਾਰ ਨੂੰ ਆਮਦਨ ਟੈਕਸ ਵਿਚ ਤਕੜਾ ਚੂਨਾ ਲਗਾਉਂਦੇ ਹਨ।

ਦੇਸ਼ ਭਰ ਦੇ ਸੰਤਾਂ ਦੇ ਡੇਰਿਆਂ `ਤੇ ਅਜ ਕਲ ਕਤਲ ਅਤੇ ਬਦਚਲਣੀਆਂ ਹੋਣ ਦੀਆਂ ਖਬਰਾਂ ਵੀ ਅਖਬਾਰਾਂ ਵਿਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਗੁਰੁ ਅਰਜਨ ਦੇਵ ਪਾਤਸ਼ਾਹ ਹੁਕਮ ਕਰਦੇ ਹਨ “ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥ਅੰਕ 274॥“ ਪਰ ਅਜ ਕਲ ਬਹੁਤ ਸਾਰੇ ਸਾਧ-ਸੰਤ ਤਾਂ ਬਲਾਤਕਾਰੀਆਂ ਦੇ ਨਾਮ ਨਾਲ ਜਾਣੇ ਜਾਣ ਲਗ ਪਏ ਹਨ। ਅਤੇ ਅਜਿਹੇ ਸਾਧਾਂ-ਸੰਤਾਂ `ਤੇ ਅਦਾਲਤ ਵਿਚ ਰੇਪ ਕੇਸ ਵੀ ਚੱਲ ਰਹੇ ਹਨ। ਅਤੇ ਕਈ ਜੇਲ੍ਹਾਂ ਦੀ ਹਵਾ ਵੀ ਛੱਕ ਚੁੱਕੇ ਹਨ। ਪਰ ਫਿਰ ਵੀ ਅੰਧ ਵਿਸਵਾਸ਼ ਵਿਚ ਫਸੀ ਅਤੇ ਗਿਆਨ ਵਿਹੂਣੀ ਸੰਗਤ ਇਹਨਾਂ ਦੇ ਡੇਰਿਆਂ `ਤੇ ਜਾਣ ਤੋਂ ਨਹੀਂ ਹੱਟਦੀ । ਆਰਥਿਕ ਔਕੜਾਂ, ਸ਼ਰੀਰਕ ਕਸ਼ਟਾਂ ਅਤੇ ਪਰਿਵਾਰਕ ਲੋੜਾਂ ਦੀ ਜ਼ਰੂਰਤ ਕਰਕੇ ਲੋਕ ਸਾਧਾਂ ਦੇ ਵੱਸ ਪੈਂਦੇ ਹਨ। ਬਦਚਲਣੀਆਂ ਕਰਨ ਕਰਕੇ ਇਹਨਾਂ ਨੇ ਸਿਆਸੀ ਨੇਤਾਵਾਂ ਨਾਲ ਆਪਣੇ ਨਹੂੰ-ਮਾਸ ਦੇ ਰਿਸ਼ਤੇ ਬਣਾਏ ਹੋਏ ਹਨ। ਸਿਆਸੀ ਲੋਕ ਇਹਨਾਂ ਦੇ ਡੇਰਿਆਂ ਤੇ ਆ ਕੇ ਡੰਡੋਤ ਕਰਦੇ ਹਨ ਅਤੇ ਵੋਟਾਂ ਮੰਗਦੇ ਹਨ। ਕਿਸੇ ਕਿਸਮ ਦਾ ਪੁਲਿਸ ਕੇਸ ਬਣਨ `ਤੇ ਬਾਬੇ, ਸਿਆਸੀ ਨੇਤਾਵਾਂ ਦੀ ਸ਼ਰਨ ਮੰਗਦੇ ਹਨ। ਜਦੋਂ ਸਿਆਸੀ ਲੋਕ ਇਹਨਾਂ ਸਾਧਾਂ-ਸੰਤਾਂ ਨੂੰ ਕੀਮਤੀ ਭੇਟਾਵਾਂ ਅਤੇ ਵੱਡੀ ਗਿਣਤੀ ਵਿਚ ਪੈਸਾ ਭੇਟ ਕਰਦੇ ਹਨ ਤਾਂ ਕੀ ਕਦੀ ਕਿਸੇ ਸਾਧ-ਸੰਤ ਨੇ ਉਹਨਾਂ ਨੂੰ ਪੁਛਿਆ ਹੈ ਕਿ ਇਹ ਪੈਸਾ ਕਿੰਨੇ ਮਾਸੂਮ ਲੋਕਾਂ ਦਾ ਖੂਨ ਚੂਸ ਕੇ ਇਕੱਠਾ ਕੀਤਾ ਸੀ? ਪਰ ਸਾਧ ਸੰਤ ਇਹ ਪਾਪ ਦੀ ਖੱਟੀ ਸਵੀਕਾਰ ਕਰਕੇ ਅਜਿਹੇ ਕਾਰੋਬਾਰ ਵੱਧਣ ਦੀਆਂ ਅਰਦਾਸਾਂ ਅਤੇ ਅਸੀਸਾਂ ਦੇ ਢੇਰ ਲਾ ਦਿੰਦੇ ਹਨ। ਅਤੇ ਉਹਨਾਂ ਨੂੰ ਵੱਡੇ ਦਾਨੀ ਹੋਣ ਦਾ ਖਿਤਾਬ ਵੀ ਬਖਸ਼ਦੇ ਹਨ। ਅਤੇ ਉਹਨਾਂ ਦੀ ਵਿਸ਼ੇਸ਼ ਖਾਤਿਰਦਾਰੀ ਵੀ ਡੇਰੇ ਵਿਚ ਕੀਤੀ ਜਾਂਦੀ ਹੈ। ਅਜਿਹੇ ਭ੍ਰਿਸ਼ਟ ਅਤੇ ਗਰੀਬ ਲੋਕਾਂ ਦਾ ਖੂਨ ਚੂਸਣ ਵਾਲੇ ਸਿਆਸੀ ਨੇਤਾ ਸਾਧਾਂ-ਸੰਤਾਂ ਦੀ ਅਯਾਸੀ ਦਾ ਸੁਆਦ ਵੀ ਮਾਣਦੇ ਹਨ ਅਤੇ ਉਹਨਾਂ ਦੇ ਰਖਵਾਲੇ ਹੋਣ ਦਾ ਦਮ ਵੀ ਭਰਦੇ ਹਨ। ਭਾਵੇਂ ਇਹ ਸਾਧ-ਸੰਤ ਆਪਣੇ ਡੇਰਿਆਂ `ਤੇ ਜਿੰਨੇ ਮਰਜ਼ੀ ਕੁਕਰਮ ਕਰਨ, ਸਿਆਸੀ ਨੇਤਾਵਾਂ ਨਾਲ ਸਬੰਧ ਹੋਣ ਕਰਕੇ ਪੁਲਿਸ ਇਹਨਾਂ ਦੇ ਡੇਰਿਆਂ ਦੇ ਲਾਗੇ ਉੱਚਾ ਸਾਹ ਵੀ ਨਹੀਂ ਭਰ ਸਕਦੀ। ਜੇ ਕਦੀ ਕਿਸੇ ਕੇਸ ਵਿਚ ਪੁਲਿਸ ਇਹਨਾਂ ਸਾਧਾਂ-ਸੰਤਾਂ ਨੂੰ ਫੜ੍ਹ ਹੀ ਲੈਂਦੀ ਹੈ ਤਾਂ ਉਹਨਾਂ ਦੇ ਸ਼ਰਧਾਲੂਆਂ ਦੁਆਰਾ ਅੱਗਾਂ ਲਗਾ ਦਿਤੀਆਂ ਜਾਂਦੀਆਂ ਹਨ। ਪਬਲਿਕ ਜਾਇਦਾਦਾਂ ਦੀ ਭੰਨ ਤੋੜ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦਾ ਪ੍ਰਭਾਵ ਦਿਤਾ ਜਾਂਦਾ ਹੈ ਜਿਵੇਂ ਸਬੰਧਤ ਸਾਧ-ਬਾਬੇ ਦੇ ਡੇਰੇ ਵਿਚ ਬਦਮਾਸ਼ਾਂ ਤੇ ਗੁੰਡਿਆਂ ਦੀ ਫੌਜ ਤਿਆਰ ਕਰਨ ਦੀ ਸਿਖਲਾਈ ਦਿਤੀ ਜਾਂਦੀ ਹੈ। ਅਜਿਹੇ ਕਾਰਜ ਕਿਸੇ ਸਿਰ ਫਿਰੇ ਲੋਕਾਂ ਦੇ ਹੁੰਦੇ ਹਨ। ਲਗਦਾ ਹੈ ਅੱਜ ਦੇ ਸੰਤ-ਬਾਬੇ ਅਤੇ ਮਹਾਂਪੁਰਸ਼ ਲੋਕਾਂ ਨੂੰ ਆਪਣੀ ਅਯਾਸੀ ਲਈ ਅਜਿਹੀ ਸਿੱਖਿਆ ਹੀ ਦਿੰਦੇ ਹਨ। “ਖਸਮ ਛੋਡਿ ਦੂਜੇ ਲਗੇ ਡੁੱਬੇ ਸੇ ਵਣਜਾਰਿਆ॥“ ਬੁੱਧੂ ਲੋਕ ਅਜਿਹੇ ਸੰਤਾਂ ਦੇ ਮਗਰ ਲਗ ਕੇ ਆਪਣਾ ਸਭ ਕੁਝ ਬਰਬਾਦ ਕਰੀ ਜਾ ਰਹੇ ਹਨ।

ਸਾਧਾਂ-ਸੰਤਾਂ ਦੇ ਪੱਕੇ ਚੇਲੇ-ਚਾਟੜੇ, ਜੋ ਆਪਣੀ ਗ੍ਰਿਸਤੀ ਜੀਵਨ ਦੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹੁੰਦੇ ਹਨ ਅਤੇ ਹਰ ਵੇਲੇ ਡੇਰਿਆਂ ਵਿਚ ਹੀ ਰਹਿੰਦੇ ਹਨ। ਡੇਰੇ `ਚ ਆਏ ਲੋਕਾਂ ਕੋਲ ਸਾਧਾਂ-ਸੰਤਾਂ ਦੀਆਂ ਸਿਫ਼ਤਾਂ ਦੇ ਪੁਲ ਬੰਨਦੇ ਆਖਦੇ ਹਨ ਕਿ ਸਾਡੇ ਬਾਬਾ ਜੀ ਬਹੁਤ ਕਰਾਮਾਤੀ ਹਨ। ਤਪੱਸਵੀ ਹਨ। ਨਾਮ ਸਿਮਰਨ ਦੀ ਬਹੁਤ ਕਮਾਈ ਕਰਦੇ ਹਨ। ਤੇ ਨਾਮ ਸਿਮਰਨ ਦੀ ਕਮਾਈ ਨਾਲ ਸੰਗਤ ਦੇ ਦੁੱਖ-ਦਲਿੱਦਰ ਦੂਰ ਕਰਦੇ ਹਨ। ਉਹਨਾਂ ਦਾ ਬੋਲਿਆ ਹਰ ਵਾਕ ਪੂਰਾ ਹੋ ਜਾਂਦਾ ਹੈ। ਉਹ ਬਹੁਤ ਕਰਨੀ ਵਾਲੇ ਹਨ ਅਤੇ ਹੱਥ `ਤੇ ਸਰੋਂ ਜਮਾਅ ਦਿੰਦੇ ਹਨ। ਉਹਨਾਂ ਦੇ ਦਰਸ਼ਨ ਕਰਨ ਨਾਲ ਸਰੀਰ ਦੇ ਸਾਰੇ ਰੋਗ ਕੱਟੇ ਜਾਂਦੇ ਹਨ।

ਅਜ ਜਦੋਂ ਇਹ ਸਾਰੀ ਲੋਕਾਈ ਮੁੜ ਦੁੱਖਾਂ, ਪੀੜਾਂ, ਕਲੇਸ਼ਾਂ, ਪਰਿਵਾਰਿਕ ਸਮੱਸਿਆਵਾਂ, ਚਿੰਤਾਵਾਂ ਅਤੇ ਬੀਮਾਰੀਆਂ ਨਾਲ ਪੀੜ੍ਹਤ ਹੈ, ਅਤੇ ਇਹ ਐਡੀ ਮਹਾਨਤਾ ਵਾਲੇ ਸੰਤ, ਸਤਿਗੁਰ, ਹਜ਼ੂਰ ਮਹਾਰਾਜ ਸਿਰੀ ਸਿਰੀ 108 ਬ੍ਰਹਮਗਿਆਨੀ, ਦੁੱਖ ਨਿਵਾਰਨ ਬਾਬੇ ਚੁਪ-ਚਾਪ ਆਪਣੇ ਡੇਰਿਆਂ ਦੇ ਭੋਰਿਆਂ ਵਿਚ ਕਿਉਂ ਬੈਠੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅਨਿਆਂ ਅਤੇ ਅਤਿਆਚਾਰ ਵਿਰੁੱਧ ਬਹਾਦਰਾਂ ਦੀ ਫੌਜ ਪੈਦਾ ਕੀਤੀ ਸੀ ਤੇ ਅਨੇਕਾਂ ਸੂਰਮਿਆਂ ਨੇ ਸ਼ਹੀਦੀਆਂ ਦਿਤੀਆਂ ਅਤੇ ਗੁਰੂ ਸਾਹਿਬ ਨੇ ਜ਼ੁਲਮ ਨੂੰ ਮਿਟਾਉਣ ਲਈ ਆਪਣਾ ਪਰਿਵਾਰ ਤੱਕ ਵੀ ਵਾਰ ਦਿਤਾ ਸੀ। ਕੀ ਅੱਜ ਦੇ ਇਹ ਸਾਰੇ ਸੰਤ ਉਹ ਝੰਡਾ ਚੁੱਕਣ ਲਈ ਤਿਆਰ ਹਨ? ਨਹੀਂ ਅੱਜ ਦੇ ਸਾਧ-ਸੰਤ ਉਹ ਝੰਡਾ ਚੁੱਕਣ ਲਈ ਤਿਆਰ ਨਹੀਂ ਪਰ ਉਹ ਆਪਣੇ ਵੀਹ ਵਰ੍ਹਿਆਂ ਦੇ ਅਵਾਰਾ ਮੁੰਡੇ ਨੂੰ ਸੰਤ ਦੀ ਗੱਦੀ `ਤੇ ਬ਼ਿਠਾਉਣ ਲਈ ਤਿਆਰ ਹਨ। ਲੋਕਾਈ ਦੁੱਖ ਭੋਗ ਰਹੀ ਹੈ ਤੇ ਇਹ ਬਾਬੇ ਏਅਰ ਕੰਡੀਸ਼ਨ ਭੋਰਿਆਂ ਵਿਚ ਸਿਮਰਨ ਤੇ ਭੰਜਨ-ਬੰਦਗੀ ਕਰ ਰਹੇ ਹਨ। ਮਹਿੰਗੀਆਂ ਵਿਦੇਸ਼ੀ ਕਾਰਾਂ ਦੇ ਝੂਟੇ ਲੈ ਰਹੇ ਹਨ। ਸਾਧਾਂ-ਸੰਤਾਂ ਨੂੰ ਪੁਛਿਆ ਜਾਣਾ ਚਾਹੀਦਾ ਹੈ ਕਿ ਸਿਮਰਨ ਤੇ ਭਜਨ ਬੰਦਗੀ ਕਰਨ ਨਾਲ ਕੀ ਸਰਹੱਦਾਂ `ਤੇ ਜੰਗਾਂ ਰੁਕ ਗਈਆਂ ਸਨ? ਕੀ ਲੋਕਾਂ ਦੇ ਦੁੱਖ, ਕਲੇਸ਼, ਸਮੱਸਿਆਵਾਂ ਅਤੇ ਲਾਇਲਾਜ ਬੀਮਾਰੀਆਂ ਦੂਰ ਹੋ ਗਈਆਂ ਹਨ? ਕੀ ਇਹਨਾਂ ਬਾਬਿਆਂ ਨੇ ਸਿਮਰਨ ਅਤੇ ਤਪੱਸਿਆ ਦੇ ਬੱਲ ਨਾਲ ਦੇਸ਼ ਵਿਚੋਂ ਗਰੀਬੀ ਅਤੇ ਭੁੱਖ-ਮਰੀ ਦੂਰ ਕਰ ਦਿਤੀ ਹੈ?

1947 ਦੇ ਦੰਗਿਆਂ ਦੇ ਸਮੇਂ 10 ਲੱਖ ਲੋਕ ਮਾਰੇ ਗਏ ਸਨ, ਅਤੇ 50 ਲੱਖ ਲੋਕ ਬੇਘਰ ਹੋਏ ਸਨ। ਧੀਆਂ ਭੈਣਾਂ ਦੀਆਂ ਇੱਜ਼ਤਾਂ ਖ਼ਜਲ ਖੁਆਰ ਹੋਈਆਂ ਸਨ। ਇਹ ਦੁਨੀਆਂ ਦਾ ਸਭ ਤੋਂ ਵੱਡਾ ਖੂਨ-ਖਰਾਬਾ ਸੀ ਪਰ ਅਜਿਹੇ ਮੁਸੀਬਤਾਂ ਭਰੇ ਸਮੇਂ ਵਿਚ ਇਹਨਾਂ ਸੰਤਾਂ ਦੀ ਭਜਨ ਬੰਦਗੀ ਅਤੇ ਭੋਰਿਆਂ ਵਿਚ ਵੜ੍ਹ ਕੇ ਜਪਿਆ ਨਾਮ ਸਿਮਰਨ ਕਿਉਂ ਨਹੀਂ ਕੰਮ ਆਇਆ? ਸਮੇਂ-ਸਮੇਂ `ਤੇ ਦੇਸ਼ ਵਿਚ ਜਾਤ ਅਤੇ ਧਰਮ ਦੇ ਅਧਾਰ `ਤੇ ਹੋਏ ਦੰਗੇ ਕਿਉਂ ਨਾ ਰੁਕੇ …? 1984 ਵਿਚ ਸਿੱਖ ਨਸਲਕੁਸ਼ੀ ਸਮੇਂ ਇਹਨਾਂ ਬਾਬਿਆਂ ਨੇ ਕਿਉਂ ਚੁੱਪ ਧਾਰੀ ਰੱਖੀ…? ਜਿਹਨਾਂ ਬਾਬਿਆਂ ਨੂੰ ਨਾਮ ਸਿਮਰਣ ਅਤੇ ਤਪੱਸਿਆ ਦੇ ਅਰਥਾਂ ਦੀ ਸਮਝ ਲਗ ਗਈ ਹੁੰਦੀ ਹੈ, ਉਹ ਬਲਦੀਆਂ ਅੱਗਾਂ ਦੀ ਵੀ ਪਰਵਾਹ ਨਹੀਂ ਕਰਦੇ । ਸ਼ਹੀਦੇ ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸਿਮਰਨ ਕੀਤਾ ਸੀ ਅਤੇ ਆਪਣਾ ਸਭ ਕੁਝ ਛੱਡ ਕੇ ਦੇਸ਼ ਨੂੰ ਅਜ਼ਾਦ ਕਰਾਉਣ ਦੇ ਸੰਘਰਸ਼ ਵਿਚ ਫਾਂਸੀ ਦਾ ਰੱਸਾ ਚੁੰਮਿਆ ਸੀ। ਪਰ ਅਜੋਕੇ ਬਾਬਿਆਂ ਨੇ ਤਾਂ ਲੋਕਾਈ `ਤੇ ਆਈਆਂ ਮੁਸੀਬਤ ਵੇਲੇ ਉੱਚੀ ਸਾਹ ਵੀ ਨਾ ਲਿਆ । ਮੁਸੀਬਤਾਂ ਨਾਲ ਘਿਰੀ ਲੋਕਾਈ ਦੀ ਸਾਰ ਉਹਨਾਂ ਕੀ ਲੈਣੀ ਸੀ। ਕੀ ਇਹਨਾਂ ਸਭਨਾਂ ਬਾਬਿਆਂ ਦਾ ਧਰਮ ਹਰੇਕ ਇਨਸਾਨ ਨੂੰ ਪਰਮਾਤਮਾ ਨਾਲ ਜੋੜ ਕੇ ਭੇਦ-ਭਾਵ, ਜਾਤ-ਪਾਤ ਅਤੇ ਊਚ-ਨੀਚ ਨੂੰ ਖ਼ਤਮ ਕਰਨਾ ਨਹੀਂ ਹੈ? ਕੀ ਇਹ ਬਾਬੇ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਤੋਂ ਨਿਰਲੇਪ ਹਨ…? “ਹਉ ਬਲਿਹਾਰੀ ਸੰਤਨ ਤੇਰੇ, ਜਿਨਿ ਕਾਮੁ, ਕ੍ਰੋਧ, ਲੋਭ ਪੀਠਾ ਜੀਊ॥ਅੰਕ 208॥“

ਅੱਜ ਦੇ ਸਭ ਸਾਧ-ਸੰਤ, ਹਜ਼ੂਰ ਮਹਾਰਾਜ, ਸਤਿਗੁਰ ਅਤੇ ਮਹਾਂਪੁਰਸ਼ ਜੇ ਕਰਾਮਾਤੀ ਹਨ…। ਜੇ ਅਪੱਸਵੀ ਹਨ… । ਜੇ ਛਿਨ ਪਲਾਂ ਵਿਚ ਦੁਖਿਆਰਿਆਂ ਦੇ ਦੁੱਖ-ਦਲਿੱਦਰ ਦੂਰ ਕਰ ਸਕਦੇ ਹਨ ਤਾਂ ਉਹਨਾਂ ਸਭਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕਰਾਮਾਤੀ ਸ਼ਕਤੀਆਂ ਅਤੇ ਤਪੱਸਿਆ ਦੇ ਬਲ ਨਾਲ ਕਸ਼ਮੀਰ ਦੇ ਹਾਲਾਤਾਂ ਨੂੰ ਸੁਖਾਵੇਂ ਕਰ ਦੇਣ। ਤਾਂ ਕਿ ਜ਼ਬਰ ਅਤੇ ਜ਼ੁਲਮ ਸਹਿ ਰਹੇ ਉਥੋਂ ਦੇ ਲੋਕ ਵੀ ਸੁੱਖ ਦਾ ਸਾਹ ਲੈ ਸਕਣ। ਅਨਾਥ ਆਸ਼ਰਮਾਂ ਅਤੇ ਪਿੰਗਲਵਾੜਿਆਂ ਦੇ ਮਾਨਸਿਕ ਰੋਗੀਆਂ ਦੇ ਰੋਗਾਂ ਨੂੰ ਦੂਰ ਕਰਕੇ ਉਹਨਾਂ ਨੂੰ ਆਪਣੀ ਜਿੰਦਗੀ ਆਪਣੀ ਮਰਜ਼ੀ ਨਾਲ ਜਿਊਣ ਜੋਗੇ ਕਰ ਦੇਣ। ਲੱਖਾਂ ਹੀ ਨੇਤਰਹੀਣ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਕਰਾਮਾਤੀ ਸ਼ਕਤੀਆਂ ਨਾਲ ਉਹਨਾਂ ਨੂੰ ਦੇ ਦੇਣ । ਅਤੇ ਸੜਕਾਂ `ਤੇ ਹੁੰਦੇ ਹਰ ਰੋਜ਼ ਸੜਕ ਹਾਦਸਿਆਂ ਵਿਚ ਵੱਡੀ ਪੱਧਰ `ਤੇ ਮਰਨ ਵਾਲੇ ਲੋਕਾਂ ਨੂੰ ਬਚਾਉਣ ਲਈ ਮੰਤਰ ਮਾਰ ਕੇ ਭਲਾਈ ਕਰਨ।

ਸਭ ਹਸਪਤਾਲ ਰੋਗੀਆਂ ਨਾਲ ਭਰੇ ਪਏ ਹਨ। ਸੰਤ ਬਾਬੇ ਉਹਨਾਂ ਹਸਪਤਾਲਾਂ ਵਿਚ ਜਾ ਕੇ ਉਹਨਾਂ ਦੇ ਰੋਗ ਕੱਟਣ ਦਾ ਉਪਰਾਲਾ ਕਰਨ । ਉਹਨਾਂ ਨੂੰ ਅਜਿਹੀਆਂ ਪੁੜੀਆਂ ਦੇਣ ਕਿ ਉਹਨਾਂ ਦੇ ਰੋਗ ਬਿਨ੍ਹਾਂ ਪੈਸਾ ਖਰਚੇ ਦੂਰ ਹੋ ਜਾਣ। ਤਾਂਕਿ ਉਹ ਅਤੇ ਉਹਨਾਂ ਦੇ ਪਰਿਵਾਰ ਰੱਜ ਕੇ ਰੋਟੀ ਖਾ ਸਕਣ ਅਤੇ ਸੁਖ ਭਰੀ ਜਿੰਦਗੀ ਜਿਉ ਸਕਣ।

ਜੇ ਸੰਤ-ਸਾਧਾਂ ਵਿਚ ਕੋਈ ਸ਼ਕਤੀ ਹੈ ਤਾਂ ਇਹ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ…। ਨਸ਼ਿਆਂ ਕਾਰਨ ਘਰਾਂ ਦੇ ਘਰ ਉੱਜੜਣ ਤੋਂ ਬਚਾਉਣ। ਸ਼ਰਾਬ ਅਤੇ ਹੋਰ ਨਸ਼ਿਆਂ ਵਿਚ ਗਰਕ ਹੋ ਕੇ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਜੇ ਸੰਤ-ਬਾਬਿਆਂ ਵਿਚ ਕੋਈ ਸ਼ਕਤੀ ਹੈ ਤਾਂ ਉਹ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਸ਼ਰਾਬ ਅਤੇ ਬਾਕੀ ਨਸ਼ਿਆਂ ਨੂੰ ਖ਼ਤਮ ਕਰਕੇ, ਬਰਬਾਦ ਹੋ ਰਹੀਆਂ ਜਵਾਨੀਆਂ ਅਤੇ ਘਰਾਂ ਨੂੰ ਬਚਾ ਕੇ ਪੁੰਨ ਅਤੇ ਭਲੇ ਦਾ ਕੰਮ ਕਰਨ । ਪੰਜਾਬ ਵਿਚ ਕਈ ਧਾਰਮਿਕ ਥਾਂਵਾਂ `ਤੇ ਸ਼ਰਾਬ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾ ਰਿਹਾ ਹੈ। ਕੀ ਇਹ ਸਾਰੇ ਧਰਮਾਂ ਅਤੇ ਧਰਮ ਗੁਰੂਆਂ ਦਾ ਅਪਮਾਨ ਨਹੀਂ…? ਇਹ ਸਭ ਕੁਝ ਵੇਖ ਕੇ ਵੀ ਬਾਬੇ ਘੂਕ ਸੁੱਤੇ ਪਏ ਹਨ। ਸੰਤ-ਬਾਬੇ ਆਪਣੀਆਂ ਸ਼ਕਤੀਆਂ ਨਾਲ ਕਿਉਂ ਨਹੀਂ ਧਾਰਮਿਕ ਥਾਵਾਂ `ਤੇ ਸ਼਼ਰਾਬ ਦੇ ਵਰਤਾਏ ਜਾ ਰਹੇ ਪ੍ਰਸ਼ਾਦ ਨੂੰ ਬੰਦ ਕਰਾਉਣ ਦਾ ਕੋਈ ਉਪਰਾਲੇ ਕਰਦੇ? ਅਖੌਤੀ ਬਾਬਿਆਂ ਨੂੰ ਚਾਹੀਦਾ ਹੈ ਕਿ ਸਮੇਂ ਸਮੇਂ `ਤੇ ਦੇਸ਼ ਅੰਦਰ ਆਉਣ ਵਾਲੀਆਂ ਹਨੇਰੀਆਂ, ਭੂਚਾਲ, ਮਹਾਂਮਾਰੀਆਂ ਬਾਰੇ ਅਗਾਊਂ ਭਵਿੱਖਬਾਣੀ ਕਰਕੇ ਇਹਨਾਂ ਨੂੰ ਆਪਣੀਆਂ ਸ਼ਕਤੀਆਂ ਨਾਲ ਰੋਕ ਕੇ ਲੋਕਾਈ ਅਤੇ ਦੇਸ਼ ਦੁਨੀਆ ਦਾ ਭਲਾ ਕਰਨ। ਇਹ ਸਾਧ-ਸੰਤ ਅਜਿਹਾ ਕਿਉਂ ਨਹੀਂ ਕਰਦੇ? ਕੀ ਇਹ ਲੋਕ ਭਲਾਈ ਦੇ ਕੰਮ ਨਹੀਂ ਹਨ?

ਬਲਾਤਕਾਰੀਆਂ, ਲੁਟੇਰਿਆਂ, ਕਾਤਲਾਂ ਅਤੇ ਜ਼ੁਲਮ ਕਰਨ ਵਾਲੇ ਜ਼ਲਾਮਾਂ ਨੂੰ, ਜੋ ਪੁਲਿਸ ਦੀ ਪਕੜ ਤੋਂ ਦੂਰ ਹਨ, ਉਹਨਾਂ ਨੂੰ ਇਹ ਬਾਬੇ ਆਪਣੀਆਂ ਸ਼ਕਤੀਆਂ ਨਾਲ ਜੇਲਾਂ ਵੱਲ ਕਿਉਂ ਨਹੀਂ ਤੋਰਦੇ…? ਪੁਲਿਸ ਨੂੰ ਕਈ ਕਤਲਾਂ ਦੇ ਸੁਰਾਗ ਨਹੀਂ ਮਿਲਦੇ… ਇਹ ਬਾਬੇ ਆਪਣੀਆਂ ਕਰਾਮਾਤਾਂ ਰਾਹੀਂ ਉਹਨਾਂ ਕਾਤਲਾਂ ਨੂੰ ਫੜ੍ਹਨ ਵਿਚ ਪੁਲਿਸ ਦੀ ਮਦਦ ਕਰਨ ਦਾ ਉਪਰਾਲਾ ਕਿਉਂ ਨਹੀਂ ਕਰਦੇ? ਆਪਣੀਆਂ ਕਰਾਮਾਤੀ ਸ਼ਕਤੀਆਂ ਰਾਹੀਂ ਇਹ ਅਖੌਤੀ ਸੰਤ-ਬਾਬੇ ਸਰਕਾਰੀ ਮਹਿਕਮਿਆਂ ਵਿਚੋਂ ਰਿਸ਼ਵਤ ਖ਼ਤਮ ਕਿਉਂ ਨਹੀਂ ਕਰ ਦਿੰਦੇ। ਨਸ਼ਿਆਂ ਦੀ ਸਮਲਿੰਗ ਕਿਉਂ ਨਹੀਂ ਰੋਕਦੇ? ਸਿਆਸੀ ਨੇਤਾਵਾਂ ਦੇ ਭ੍ਰਿਸ਼ਟ ਮਨ ਨੂੰ ਕਿਉਂ ਨਹੀਂ ਬਦਲਦੇ …? ਬੇਈਮਾਨ ਲੋਕਾਂ ਦੀ ਸੋਚ ਨੂੰ ਇਮਾਨਦਾਰੀ ਦੀ ਸੋਚ ਵਿਚ ਕਿਉਂ ਨਹੀਂ ਬਦਲਦੇ…? ਅਦਾਲਤਾਂ ਵਿਚ 20-20 ਸਾਲਾਂ ਤੋਂ ਲੋਕ ਇਨਸਾਫ ਲਈ ਭਟਕ ਰਹੇ ਹਨ। ਇਹ ਬਾਬੇ ਆਪਣੀਆਂ ਸ਼ਕਤੀਆਂ ਨਾਲ ਉਹਨਾਂ ਦੇ ਫੈਸਲੇ ਤੁਰੰਤ ਕਰਕੇ ਉਹਨਾਂ ਨੂੰ ਇਨਸਾਫ਼ ਕਿਉਂ ਨਹੀਂ ਦਿਵਾਉਂਦੇ। ਅੱਜ ਦੇ ਬਾਬੇ ਆਪਣੀ ਸ਼ਕਤੀ ਨਾਲ ਵੱਧ ਰਹੀ ਮਹਿੰਗਾਈ ਨੂੰ ਕਿਉਂ ਨਹੀਂ ਰੋਕ ਰਹੇ…। ਭੁੱਖੇ ਪੇਟ ਸੌਂਣ ਵਾਲੇ ਗਰੀਬਾਂ ਨੂੰ ਅੰਨ ਦੇਣ ਅਤੇ ਪਾਟੇ ਕਪੜੇ ਪਾਉਣ ਵਾਲਿਆਂ ਨੂੰ ਨਵੇਂ ਵਸਤਰ ਦੇਣ ਦਾ ਮੰਤਰ ਕਿਉਂ ਨਹੀਂ ਮਾਰ ਰਹੇ? ਅੱਜ ਦੇ ਭਗਵਾਨ ਬਣੇ ਇਹ ਸਾਧ-ਸੰਤ ਮਨੁੱਖਤਾ ਦੀ ਭਲਾਈ ਕਿਉਂ ਨਹੀਂ ਕਰਨਾ ਚਾਹੁੰਦੇ…? ਦੁਨੀਆਂ ਭਰ ਦੇ ਸਭ ਧਰਮਾਂ ਦੇ ਭਗਵਾਨ ਕੀ ਮਨੁੱਖਤਾ ਨਾਲ ਭੇਦ-ਭਾਵ ਕਰਦੇ ਸਨ?

ਜੇ ਇਹਨਾਂ ਬਾਬਿਆਂ ਦੇ ਦਰਸ਼ਨਾਂ ਨਾਲ ਦੁੱਖ ਦਲਿੱਦਰ ਦੂਰ ਹੁੰਦੇ ਹੋਣ ਤਾਂ ਇਹ ਬਾਬੇ ਗਰੀਬਾਂ ਦੀਆਂ ਝੌਪੜੀਆਂ ਅਤੇ ਹਸਪਤਾਲਾਂ ਵਿਚ ਜਾ ਕੇ ਰੋਗੀਆਂ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ ? ਜਿਵੇਂ ਬਾਬੇ ਨਾਨਕ ਨੇ ਆਪ ਗਰੀਬਾਂ ਦੀਆਂ ਝੌਂਪੜੀਆਂ ਵਿਚ ਰਹਿਣ ਨੂੰ ਤਰਜੀਹ ਦਿਤੀ ਸੀ। ਅਸਲ ਵਿਚ ਇਹ ਅੱਜ ਦੇ ਅਖੌਤੀ ‘ਸੰਤ ਜੀ` ਅਤੇ ‘ਬਾਬਾ ਜੀ` ਅੰਦਰੋਂ ਹੋਰ ਹਨ ਅਤੇ ਬਾਹਰੋਂ ਹੋਰ ਹਨ। ਇਹ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ, ਭਾਈ ਮਰਦਾਨਾ ਅਤੇ ਰੰਘਰੇਟੇ ਗੁਰੂ ਕੇ ਬੇਟੇ ਨਾਲੋਂ ਦੂਰੀ ਬਣਾ ਕੇ ਧਨਾਢ ਮਲਕ ਭਾਗੋਆਂ ਦੇ ਸਾਥੀ ਬਣ ਗਏ ਹਨ। ਇਹ ਲਾਲੋ ਦੀ ਕੋਧਰੇ ਦੀ ਰੋਟੀ ਨਾਲੋਂ ਮਲਕ ਭਾਗੋ ਦੇ ਪੂੜਿਆਂ ਨੂੰ ਤਰਜ਼ੀਹ ਦੇ ਰਹੇ ਹਨ। ਕੀ ਵੱਖ-ਵੱਖ ਵਿਸ਼ੇਸ਼ਣਾਂ ਵਾਲੇ ਅੱਜ ਦੇ ਕਰਨੀ ਵਾਲੇ ਬਾਬੇ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਉਪਰੋਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ? ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਅੱਜ ਦੇ ਦੁਨੀਆਂ ਭਰ ਦੇ ਅਤੇ ਖਾਸ ਤੌਰ `ਤੇ ਭਾਰਤ ਅਤੇ ਪੰਜਾਬ ਦੇ ਇਹਨਾ ਸਭ ਸਾਧਾਂ-ਸੰਤਾਂ ਕੋਲ ਕੋਈ ਵੀ ਕਰਾਮਾਤੀ ਸ਼ਕਤੀਆਂ ਨਹੀਂ ਹਨ…। ਨਾ ਹੀ ਇਹ ਅਖੌਤੀ ਸਾਧ-ਸੰਤ ਬਾਬੇ ਕਿਸੇ ਦਾ ਦੁੱਖ-ਦਲਿੱਦਰ ਜਾਂ ਬੀਮਾਰੀਆਂ ਦੂਰ ਕਰ ਸਕਦੇ ਹਨ। ਇਹ ਸਭ ਸਧਾਰਨ ਬੰਦੇ ਤੋਂ ਵੱਧ ਕੁਝ ਵੀ ਨਹੀਂ ਹਨ। ਕਰਾਮਾਤੀ ਸ਼ਕਤੀਆਂ ਜੰਮਣ ਅਤੇ ਮਰਨ ਵਾਲੇ ਦੁਨਿਆਵੀ ਬੰਦੇ ਵਿਚ ਨਹੀਂ ਹੋ ਸਕਦੀਆਂ… ਕਰਾਮਾਤੀ ਸ਼ਕਤੀਆਂ ਤਾਂ ਸਿਰਫ਼ ਸ਼੍ਰਿਸ਼ਟੀ ਦੇ ਸਿਰਜਣਹਾਰ… ਸਦਾ ਥਿਰ ਰਹਿਣ ਵਾਲੇ… ਜਨਮ ਮਰਨ ਤੋਂ ਰਹਿਤ… ‘ਅਕਾਲ ਪੁਰਖ` ਵਿਚ ਹੀ ਹੋ ਸਕਦੀਆਂ ਹਨ । ਕਿਸੇ ਹੋਰ ਵਿਚ ਨਹੀਂ। ਜੇ ਅੱਜ ਸੰਤ-ਸਾਧ ਲੋਕਾਂ ਦੇ ਦੁੱਖਾਂ ਅਤੇ ਸਮਾਜ ਵਿਚਲੇ ਜ਼਼ਲਮਾਂ ਨੂੰ ਸ਼ਕਤੀਆਂ ਨਾਲ ਖਤਮ ਕਰ ਸਕਦੇ ਹਨ ਤਾਂ ਸੱਚ-ਮੁੱਚ ਉਹ ਕਰਾਮਾਤੀ ਅਤੇ ਕਰਨੀ ਵਾਲੇ ਬਾਬੇ ਕਹਾਉਣ ਦੇ ਹੱਕਦਾਰ ਹੋਣਗੇ। ਅਤੇ ਉਹ ਪੂਜਣਯੋਗ ਵੀ ਹੋਣਗੇ…! ਜੇ ਅੱਜ ਦੇ ਸਾਰੇ ਸੰਤ-ਸਾਧ ਅਜਿਹਾ ਕੁਝ ਵੀ ਨਹੀਂ ਕਰ ਸਕਦੇ ਤਾਂ ਸਾਰੇ ਦੇ ਸਾਰੇ ਆਪੂੰ ਬਣੇ ਅਖੌਤੀ, ਢੌਂਗੀ ਸਾਧ-ਸੰਤ ਆਪਣੇ ਕੀਮਤੀ ਲਿਬਾਸ ਉਤਾਰ ਦੇਣ, ਮਹਿਲਾਂ ਵਰਗੇ ਡੇਰਿਆਂ ਨੂੰ ਅਲਵਿੱਦਾ ਕਹਿ ਦੇਣ ਅਤੇ ਐਸ਼ੋ-ਇਸ਼ਰਤ ਦੀਆਂ ਵਸਤੂਆਂ ਦਾ ਤਿਆਗ ਕਰਕੇ, ਬਾਕੀ ਦੁਨੀਆਂ ਵਾਂਗ ਉਹ ਵੀ ਮਜ਼ਦੂਰੀ ਕਰਨੀ ਸ਼ੁਰੂ ਕਰ ਦੇਣ…। ਜਿਵੇਂ ਬਾਬੇ ਨਾਨਕ ਨੇ ਕਿਰਤ ਕਰਕੇ ਆਪਣਾ ਜੀਵਨ ਬਤੀਤ ਕੀਤਾ ਸੀ। ਤਾਂਕਿ ਹਰ ਕੋਈ ਇਹਨਾਂ ਬਾਬਿਆਂ ਨੂੰ ਵਿਹਲੜ ਲੋਟੂ ਬਾਬੇ, ਹੰਕਾਰੀ ਬਾਬੇ, ਬਲਾਤਕਾਰੀ ਬਾਬੇ, ਲੋਭੀ ਬਾਬੇ, ਕਾਤਲ ਬਾਬੇ, ਅਯਾਸ ਬਾਬੇ ਅਤੇ ਪਾਖੰਡੀ ਬਾਬੇ ਨਾ ਆਖ ਸੱਕਣ। ਇਹਨਾਂ ਬਾਬਿਆਂ ਨੂੰ ਬੇਨਤੀ ਹੈ ਕਿ ‘ਬਾਬਾ` ਵਰਗਾ ਪਵਿੱਤਰ ਸ਼਼ਬਦ ਸਿਰਫ ਬਾਬੇ ਨਾਨਕ ਦੇ ਨਾਮ ਨਾਲ ਹੀ ਰਹਿਣ ਦੇਣ। ਅੱਜ ਦੇ ਸਾਧ ਸੰਤ ‘ਬਾਬਾ` ਬਣਨ ਦੇ ਕਾਬਿਲ ਨਹੀਂ ਹਨ! ਕਿਉਂਕਿ ਇਸ ਦੁਨੀਆਂ `ਤੇ ਬਾਬੇ ਨਾਨਕ ਵਰਗਾ ਇਨਕਲਾਬੀ ਅਤੇ ਦੁਨੀਆਂ ਦਾ ਸਭ ਤੋਂ ਸਿਆਣਾ ਮਹਾਂਪੁਰਸ਼ ਕੋਈ ਹੋਰ ਨਹੀਂ ਹੋ ਸਕਦਾ। ਇਹ ਆਪਣੇ ਆਪ ਨੂੰ ਬਾਬੇ ਬਣਨ ਦਾ ਪਾਖੰਡ ਨਾ ਕਰਨ…। ਚੰਗਾ ਹੈ ਕਿ ਇਹ ਸਿਰਫ ਵਧੀਆ ਇਨਸਾਨ ਅਤੇ ਦੁੱਖੀ ਲੋਕਾਂ ਦੇ ਹਮਦਰਦ ਬਣ ਕੇ ਸਮਾਜ ਵਿਚ ਦਸਾਂ ਨਹੂੰਆਂ ਦੀ ਕਿਰਤ ਕਰਕੇ ਆਪਣਾ ਜੀਵਨ ਬਤੀਤ ਕਰਨ।

ਮੋਬਇਲ ਨੰ: 88728-54500

E-Mail [email protected]


.