.

“ਸੁਲਤਾਨ ਪੂਛੈ ਸੁਨੁ ਬੇ ਨਾਮਾ”

(ਸ: ਬਲਦੇਵ ਸਿੰਘ ਜੀ ਟੋਰਾਂਟੋ ਨਾਲ ਵਿਚਾਰ ਚਰਚਾ –2)

ਮੇਰੇ ਲੇਖ ਸੰਬੰਧੀ ਸ: ਬਲਦੇਵ ਸਿੰਘ ਜੀ ਟਰੋਂਟੋ ਦੇ ਆਏ ਜਵਾਬ ਦੇ ਸੰਬੰਧ ਵਿੱਚ, ਹੋਰ ਸਾਰੀਆਂ ਗੱਲਾਂ ਛੱਡ ਕੇ ਮੈਂ ਸਿਰਫ ਗੁਰਮਤਿ ਸੰਬੰਧੀ ਪਏ ਭੁਲੇਖਿਆਂ ਵਾਲੇ ਵਿਸ਼ੇ ਤੇ ਹੀ ਇੱਥੇ ਗੱਲ ਕਰ ਰਿਹਾ ਹਾਂ।

ਆਪ ਨੇ ਲਿਖਿਆ ਹੈ-

ਜਦੋਂ ਇਸ ਸ਼ਬਦ ਦੀ ਪ੍ਰਚੱਲਤ ਵਿਆਖਿਆ ਪੜ੍ਹੀਦੀ ਹੈ। ਇਸ ਤਰ੍ਹਾਂ ਸ਼ੁਰੂ ਹੈ-

“ਅਰਥ- (ਮੁਹੰਮਦ-ਬਿਨ-ਤੁਗਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ”। “ਜਰਾ ਆਪ ਹੀ ਸੋਚੋ ਮਹੰਮਦ-ਬਿਨ-ਤੁਗਲਕ ਕਿੱਥੋਂ ਆ ਗਿਆ ਇੱਥੇ? ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਮਹੰਮਦ-ਬਿਨ-ਤੁਗਲਕ ਸ਼ਬਦ ਜੇਕਰ ਦਿਖਾ ਦਿਉ ਤਾਂ ਵੀਰ ਜੀ ਆਪ ਦਾ ਲੋਹਾ ਮੰਨ ਲਵਾਂਗਾ”।

ਵੀਰ ਜੀ! ਮੁਹੰਮਦ-ਬਿਨ-ਤੁਗਲਕ ਵਕਤ ਦਾ ਬਾਦਸ਼ਾਹ ਸੀ। ਭਾਵਾਰਥ ਜਾਂ ਜਿਹੜੀ ਗੱਲ ਆਪਣੇ ਵੱਲੋਂ ਸਮਝਾਉਣ ਲਈ ਕਹੀ ਗਈ ਹੈ ਉਸ ਨੂੰ ਪ੍ਰੋ: ਸਾਹਿਬ ਸਿੰਘ ਜੀ ਨੇ ਬਰੈਕਟਾਂ ‘ () ‘ ਵਿੱਚ ਲਿਖਿਆ ਹੈ ਜਾਂ ਵੱਖਰੇ ਨੋਟ ਲਿਖ ਕੇ ਸਮਝਾਇਆ ਹੈ। ਆਪ ਜੀ ਦੇ ਕੀਤੇ ਅਰਥਾਂ ਵਿੱਚ ਵੀ ਬਹੁਤ ਸਾਰੇ ਐਸੇ ਲਫ਼ਜ਼ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਇੱਕ ਵਾਰੀ ਵੀ ਲਿਖੇ ਨਹੀਂ ਮਿਲਣਗੇ। ਕਹੋਗੇ ਤਾਂ ਹਵਾਲੇ ਦੇ ਦਿੱਤੇ ਜਾਣਗੇ।

ਤੁਸੀਂ ਲਿਖਿਆ ਹੈ-

“ਪੂਛੈ- ਪੁੱਛਿਆ ਜਾਣਾ’। ਨੋਟ ਕਰੋ ਇੱਥੇ ‘ਪੁੱਛਦਾ ਹੈ’ ਕਿਹੜੇ ਨਿਯਮ ਤਹਿਤ ਭਵਿੱਖਤ ਨੂੰ ਵਰਤਮਾਨ ਕਾਲ ਬਣਾ ਰਹੇ ਹੋ? ਤੁਹਾਨੂੰ ਛਿਛੇ ਦੇ ਲੱਗੀਆਂ ਦਲਾਈਆਂ ਕਿਉਂ ਨਹੀਂ ਨਜ਼ਰ ਆਈਆਂ। ਲਾਵ ਕਿਸ ਨਜ਼ਰ ਨਾਲ ਦਿੱਸ ਪਈ?

ਵੀਰ ਜੀ! ‘ਛਿਛੇ’ ਦੇ ਮੈਨੂੰ ਵੀ ਦੁਲਾਈਆਂ ਹੀ ਨਜ਼ਰ ਆ ਰਹੀਆਂ ਹਨ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ‘ਦੁਲਾਈਆਂ’ ਲੱਗਣ ਨਾਲ ‘ਭਵਿੱਖਤਕਾਲ’ ਬਣਦਾ ਹੈ। ਜ਼ਰਾ ਆਪ ਜੀ ਦੇ ਕੀਤੇ ਅਰਥਾਂ ਵਾਲੀ ਇੱਕ ਤੁਕ ਤੇ ਵਿਚਾਰ ਕਰ ਲਈਏ-

‘ਬਿਸਮਿਲਿ ਕੀਆ ਨ ‘ਜੀਵੈ’ ਕੋਇ॥’ ਇੱਥੇ ‘ਜੀਵੈ’ ਦੇ ‘ਵ’ ਨੂੰ ‘ਦੁਲਾਈਆਂ’ ਹਨ ਇਸ ਲਈ ਆਪ ਜੀ ਦੀ ਵਿਆਕਰਣ ਅਨੁਸਾਰ ਅਰਥ ਬਣਨੇ ਚਾਹੀਦੇ ਹਨ- ‘… ਜੀ ਨਹੀਂ ‘ਸਕੇਗੀ’। ਪਰ ਇਹ ਕੀ? ਆਪ ਜੀ ਨੇ ਅਰਥ ਕੀਤੇ ਹਨ- “…. ਜੀ ਨਹੀਂ ਸਕਦੀ”।

ਤੁਸੀਂ ਲਿਖਿਆ ਹੈ-

ਜਦੋਂ ਫਾਰਸੀ ਦੇ ਵਿਆਕਰਣ ਨਿਯਮ ਅਨੁਸਾਰ ਨਾਮਾ ਦੇ ਅੱਗੇ ਬੇ ਲੱਗੇਗਾ ਤਾਂ ਬੇਨਾਮਾ ਦੇ ਅਰਥ ਰਜ਼ਾ ਤੋਂ ਟੁੱਟਿਆ ਹੋਇਆ ਕਿਵੇਂ ਨਹੀਂ ਬਣਦੇ। ਤੁਸੀਂ ਕਿਹੜੇ ਨਿਯਮ ਤਹਿਤ ਸਵਾਲੀਆ ਚਿੰਨ ਲਗਾਇਆ ਹੈ। ਬੇ: ਬਗੈਰ, ਬਿਨਾ, ਸਿਵਾ; (ਨਾਹ ਦੇ ਅਰਥਾਂ ਵਿੱਚ ਆਉਂਦਾ ਹੈ)। ਇਹ ਹੂ ਬਹੂ ਕੋਸ਼ ਦਾ ਉਤਾਰਾ ਪਾਠਕਾਂ ਸਾਮ੍ਹਣੇ ਰੱਖਿਆ ਹੈ। ਪਾਠਕ ਆਪ ਨਿਰਣਾ ਕਰਨ।

ਵੀਰ ਜੀ! ਮੈਂ ਵੀ ਮਹਾਨ ਕੋਸ਼ ਦਾ ਹੂ-ਬ-ਹੂ ਹਵਾਲਾ ਪੇਸ਼ ਕਰ ਰਿਹਾ ਹਾਂ- “ਬੇ_ ਵ੍ਯ-ਬਿਨਾ, ਬਗੈਰ, ….’ 2- ਸੰਬੋਧਨ- ਹੇ! ਅਬੇ! “ਸੁਲਤਾਨੁ ਪੂਛੈ ਸੁਨੁ ਬੇ! ਨਾਮਾ” ਭੈਰਉ ਨਾਮਦੇਵ”। ਨਿਰਣਾ ਪਾਠਕਾਂ ਹੱਥ ਹੈ।

ਤੁਸੀਂ ਲਿਖਿਆ ਹੈ-

“ਵੀਰ ਜਸਬੀਰ ਸਿੰਘ ਜੀ! ਇੱਥੇ ਰਾਗ ਦੇ ਆਧਾਰਤ ਰਾਗ ਦੀਆਂ ਬੰਦਸ਼ਾਂ ਅਨੁਸਾਰ ‘ਟੇਕ’ ਨੂੰ ਬਾਰ ਬਾਰ ਸ਼ਬਦ ਦੇ ਅਖੀਰ ਤੱਕ ਦੁਹਰਾਇਆ ਜਾਂਦਾ ਹੈ ਅਤੇ ਜਾ ਸਕਦਾ ਹੈ। ਅਤੇ ਅਖੀਰਲੇ ਬੰਦ ਨੂੰ ਸ਼ੁਰੂ ਵਿੱਚ ਵੀ ਗਾਇਆ ਜਾ ਸਕਦਾ ਹੈ”।

ਵੀਰ ਜੀ! ਸ਼ਬਦ ਦੀ ਵਿਆਖਿਆ ਅਤੇ ਸ਼ਬਦ ਨੂੰ ‘ਗਾਉਣਾ’ ਇਨ੍ਹਾਂ ਦੋ ਗੱਲਾਂ ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ ਜੀ। ਜੇ ਤੁਸੀਂ ਵਿਆਖਿਆ ਵਿੱਚ ਵੀ ਇਹ ਕਾਨੂੰਨ ਲਾਗੂ ਮੰਨਦੇ ਹੋ ਤਾਂ ਤੁਸੀਂ ਹਰ ਬੰਦ ਨਾਲ ‘ਰਹਾਉ (ਟੇਕ) ‘ ਦੀ ਤੁਕ ਨੂੰ ਅਖੀਰ ਤੱਕ ਬਾਰ ਬਾਰ ਕਿਉਂ ਨਹੀਂ ਦੁਹਰਾਇਆ? ਆਪਣੀ ਮਰਜੀ ਨਾਲ ਹੀ ਜਿੱਥੇ ਜੀ ਕੀਤਾ ਅਰਥ ਕਰ ਦਿੱਤੇ (ਇਕ ਵਾਰੀਂ ਵੀ ਦੁਹਰਾਏ ਨਹੀਂ)। ਸਿਰਫ ਰਹਾਉ/ ਟੇਕ ਦੀ ਤੁਕ ਹੀ ਨਹੀਂ ਬਲਕਿ ਸਾਰੇ ਸ਼ਬਦ ਹੀ ਵਿਆਖਿਆ ਵਿੱਚ ਇਹੀ ਤਰੀਕਾ ਅਪਨਾਇਆ ਗਿਆ ਹੈ ਕਿ ਜਿੱਥੇ ਜੀ ਕੀਤਾ ਕਿਸੇ ਵੀ ਤੁਕ ਦੇ ਅਰਥ ਕਿਸੇ ਹੋਰ ਤੁਕ ਨਾਲ ਜੋੜ ਕੇ ਅਰਥ ਕਰ ਦਿੱਤੇ ਗਏ ਹਨ। ਆਪ ਜੀ ਨੇ ਵਿਆਖਿਆ ਵਿੱਚ ਲਿਖਿਆ ਹੈ- ‘ਬੇਨਾਮਾ’ ਸਾਰੇ ਸ਼ਬਦ ਦਾ ਆਧਾਰ ਹੈ। ਪਰ ਵੀਰ ਜੀ! ‘ਬੇਨਾਮਾ’ ਸ਼ਬਦ ਤਾਂ ਟੇਕ (ਰਹਾਉ) ਵਾਲੀ ਤੁਕ ਵਿੱਚ ਕਿਤੇ ਹੈ ਹੀ ਨਹੀਂ।

ਤੁਸੀਂ ਲਿਖਿਆ ਹੈ- “ਇੱਥੇ ਆਪ ਹੀ ਮੰਨ ਰਹੇ ਹੋ ਕਿ ਗੁਰਬਾਣੀ ਵਿੱਚ ‘ਸੁਲਤਾਨ’ ਪਰਮਾਤਮਾ ਲਈ ਵੀ ਆਇਆ ਹੈ। ਫਿਰ ਇਸ ਸ਼ਬਦ ਅੰਦਰ ਸੁਲਤਾਨ ਦੇ ਅਰਥ ਪਰਮਾਤਮਾ ਕਿਉਂ ਨਹੀਂ ਹੋ ਸਕਦੇ?”

ਵੀਰ ਜੀ! ਉਹ ਇਸ ਲਈ ਕਿ ਇਸ ਤੁਕ ਵਿੱਚ ਲਫ਼ਜ਼ ਆਏ ਹਨ ‘. . ਪੂਛੈ, ਸੁਨੁ, …”। ਪਰਮਾਤਮਾ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ‘ਸੁਣ ਮੈਂ ਤੈਨੂੰ ਪੁੱਛਦਾ ਹਾਂ’।

ਤੁਸੀਂ ਲਿਖਿਆ ਹੈ-

“ਵੀਰ ਜਸਬੀਰ ਸਿੰਘ ਜੀ ਤੁਹਾਡੇ ਆਪਣੇ ਮੁਤਾਬਕ ਬੇਨਾਮਾ ਤੇ ਬੰਦ ਮੁਕੰਮਲ ਹੈ। ਗੁਰਮਤਿ ਦੀ ਨਿਗਾ ਦੇ ਚਸ਼ਮੇ ਲਾ ਕਰ ਤੱਕੋ “ਦੇਖੋ ਰਾਮ ਤੁਮ੍ਹਾਰੇ ਕਾਮਾ॥ 1॥” ‘ਕਾਮਾ’ ਤੋਂ ਬਾਅਦ ਜਾ ਕੇ ਇੱਕ ਹਿੰਸਾ ਪਾਇਆ ਗਿਆ ਹੈ ਇੱਥੇ ਜਾ ਕੇ ਇਹ ਪਹਿਲਾ ਬੰਦ ਖ਼ਤਮ ਹੁੰਦਾ ਹੈ”।

ਵੀਰ ਜੀ! ਮਿਹਰਬਾਨੀ ਕਰਕੇ ਦੇਖੋ ‘ਬੇ ਨਾਮਾ (/ ਬੇਨਾਮਾ) ‘ ਤੋਂ ਬਾਅਦ ਆਪ ਜੀ ਨੂੰ ਦੋ ਡੰਡੇ ‘॥’ ਨਜ਼ਰ ਆ ਜਾਣਗੇ। ਇਨ੍ਹਾਂ ‘॥’ ਦਾ ਵੀ ਕੋਈ ਮਤਲਬ ਹੈ ਕਿ ਨਹੀਂ? (ਅਸਲ ਵਿੱਚ ਮੈਂ `ਚਰਣ’ ਨੂੰ ‘ਬੰਦ’ ਲਿਖ ਦਿੱਤਾ ਸੀ, ਇਸ ਗ਼ਲਤੀ ਦੀ ਮੁਆਫ਼ੀ ਚਾਹੁੰਦਾ ਹਾਂ)

ਵੀਰ ਜੀ! `ਚਰਣ’ ਦੀ ਬਜਾਇ ‘ਬੰਦ’ ਲਿਖਿਆ ਗਿਆ ਹੈ ਪਰ ਇਸ ਨਾਲ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ। ਚਰਣ ਵੀ ਆਪਣੇ ਆਪ ਵਿੱਚ ਮੁਕੰਮਲ ਹੁੰਦਾ ਹੈ। “ਸੁਲਤਾਨੁ ਪੂਛੈ ਸੁਨੁ ਬੇ ਨਾਮਾ” ਇੱਕ ਪੂਰਾ ਚਰਣ ਹੈ।

ਮੈਂ ਲਿਖਿਆ ਸੀ-

“ਲਫ਼ਜ਼ ‘ਪੂਛੈ’ ਅਤੇ ‘ਸੁਨ’ ਪਹਿਲੇ ਬੰਦ ਵਿੱਚ ਆਏ ਹਨ, ਪਰ ਇਨ੍ਹਾਂ ਦੇ ਅਰਥ ਦੂਸਰੇ ਬੰਦ ਤੋਂ ਵੀ ਬਾਅਦ ਵੱਖਰੀ ਲਾਇਨ ਬਣਾ ਕੇ ਲਿਖੇ ਗਏ ਹਨ”।

ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ- “… ਰਾਗ ਦੇ ਅਧਾਰਿਤ ਰਾਗ ਦੀਆਂ ਬੰਦਸ਼ਾਂ ਅਨੁਸਾਰ ‘ਟੇਕ’ ਨੂੰ ਬਾਰ ਬਾਰ ਸ਼ਬਦ ਦੇ ਅਖੀਰ ਤੱਕ ਦੁਹਰਾਇਆ ਜਾਂਦਾ ਹੈ ਅਤੇ ਜਾ ਸਕਦਾ ਹੈ। ਅਤੇ ਅਖੀਰਲੇ ਬੰਦ ਨੂੰ ਸ਼ੁਰੂ ਵਿੱਚ ਵੀ ਗਾਇਆ ਜਾ ਸਕਦਾ ਹੈ।

ਵੀਰ ਜੀ! ਆਪ ਜੀ ਦੇ ਮੁਤਾਬਕ ਵੀ “…. ਦੇਖਉ ਰਾਮ ਤੁਮਾਰੇ ਕਾਮਾ॥ 1॥ (ਅਰਥ- ‘…ਨਜ਼ਰਸਾਨੀ ਕਰ ਰਿਹਾ ਹੈ” ) ਤੇ ਪਹਿਲਾ ਬੰਦ ਸਮਾਪਤ ਹੋ ਗਿਆ ਹੈ। ਪਰ ਇਸ ਬੰਦ ਦੇ ਸਮਾਪਤ ਹੋਣ ਤੋਂ ਮਗ਼ਰੋਂ ‘(ਸੁਨੁ) ਸੁਣੋਂ ਅਤੇ (ਪੂਛੈ) ਪੁਛਿਆ ਜਾਣਾ ਹੈ’ ਇਹ ਤੀਸਰੀ ਵੱਖਰੀ ਲਾਇਨ ਕਿਵੇਂ ਬਣ ਗਈ? ਇਹ ਤਾਂ ਕੋਈ ਰਹਾਉ/ ਟੇਕ ਵਾਲੀ ਤੁਕ ਨਹੀਂ, ਜਿਹੜੀ ਜਿੱਥੇ ਮਰਜੀ ਦੁਹਰਾਈ ਜਾਣ ਦਾ ਨਿਯਮ ਹੋਵੇ।

ਮੇਰਾ ਸਵਾਲ ਸੀ-

“ਇਹ ਸੁਣੋਂ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ” ਇਹ ਲਫ਼ਜ਼ ਕੌਣ ਕਿਸ ਨੂੰ ਕਹਿ ਰਿਹਾ ਹੈ?”

ਮੇਰੇ ਇਸ ਸਵਾਲ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ “ਵੀਰ ਜੀ ਸੁਣੋ ਸ਼ਬਦ ਉਹਨਾਂ ਲਈ ਵਰਤਿਆ ਹੈ ਜਿਨ੍ਹਾਂ ਨਾਲ ਇਹ ਵਾਰਤਾਲਾਪ ਹੋ ਰਹੀ ਹੈ ‘ਨਾਮ ਦੇਵ ਜੀ’ ਹੋਰਾਂ ਦੀ, ਕਾਜੀ, ਮੁੱਲਾਂ’ ਅਤੇ ‘ਹਿੰਦੂ’ ਨਾਲ। ਜਿਹੜੇ ਇਸ ਵਾਰਤਾਲਾਪ ਦੇ ਪਾਤਰ ਹਨ”।

ਆਪ ਜੀ ਮੁਤਾਬਕ ਇਹ ਲਫ਼ਜ਼, ਨਾਮਦੇਵ ਜੀ ਕਹਿ ਰਹੇ ਹਨ ਅਤੇ ਕਾਜੀ, ਮੁੱਲਾਂ ਅਤੇ ਹਿੰਦੂਆਂ ਨੂੰ ਕਹਿ ਰਹੇ ਹਨ- ਇਹ ਸੁਣੋਂ ਇਹ ਤਾਂ ਕਹਿੰਦੇ ਹੋ …. .”।

ਵੀਰ ਜੀ! ਜ਼ਰਾ ਆਪਣੀ ਇਸ ਲਿਖਤ ਤੇ ਗ਼ੌਰ ਕਰੋ। ਸ਼ਾਇਦ ਆਪ ਜੀ ਨੂੰ ਅਹਿਸਾਸ ਹੀ ਨਹੀਂ ਹੈ ਕਿ ਇਹ ਗੱਲ ਕਿੱਧਰ ਨੂੰ ਚਲੀ ਗਈ ਹੈ। ਇਸ ਵਾਰਤਾਲਾਪ ਤੋਂ ਲੱਗਦਾ ਹੈ ਕਿ ‘ਕਾਜੀ ਮੁਲਾਂ ਅਤੇ ਹਿੰਦੂ ਤਾਂ ਕਹਿ ਰਹੇ ਹਨ “ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ” ਪਰ ਨਾਮਦੇਵ ਜੀ ਨੂੰ ਇਸ ਗੱਲ ਨਾਲ ਇੱਤਫ਼ਾਕ ਨਹੀਂ ਲੱਗਦਾ ਜਿਹੜਾ ਉਹ ਅੱਗੋਂ ਕਹਿ ਰਹੇ ਹਨ “ਇਹ ਸੁਣੋਂ ਇਹ ਤਾਂ ਕਹਿੰਦੇ ਹੋ ……”।

ਮੇਰਾ ਸਵਾਲ ਸੀ-

“ਇਹ ਸੁਣੋਂ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ” ਇਸ ਅਧੂਰੀ ਜਿਹੀ ਗੱਲ ਤੋਂ ਅੱਗੇ ਕੀ ਹੈ? ਇਸ ਗੱਲ ਦਾ ਕੁੱਝ ਅਤਾ ਪਤਾ ਨਹੀਂ ਲੱਗ ਰਿਹਾ”।

ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ- “ਵੀਰ ਜਸਬੀਰ ਸਿੰਘ ਜੀ ਆਪ ਨੂੰ ਇਹ ਗੱਲ ਅਧੂਰੀ ਹੀ ਲੱਗੇਗੀ ਕਿ ਆਪ “ਸੁਲਤਾਨ” ਪੂਰੇ ਹਰੀ ਨੂੰ ਮੁਹੰਮਦ-ਬਿਨ-ਤੁਗਲਕ ਦਰਸਾਏ ਗਏ ਅਧੂਰੇ ਅਰਥਾਂ ਵਿੱਚ ਜਿਆਦਾ ਯਕੀਨ ਰੱਖਦੇ ਹੋ …”।

ਵੀਰ ਜੀ! ਮੇਰੇ ਯਕੀਨ ਦੀ ਗੱਲ ਛੱਡੋ। ਜੇ ‘ਸੁਲਤਾਨ’ ਦਾ ਅਰਥ ਪ੍ਰਭੂ, ਵਾਹਿਗੁਰੂ, ਮੰਨ ਲਈਏ ਤਾਂ ਕੀ ਇਸ ਗੱਲ ਦਾ ਜਵਾਬ ਮਿਲਦਾ ਹੈ ਕਿ ਇਸ ਅਧੂਰੀ ਜਿਹੀ ਲਾਇਨ ਤੋਂ ਅੱਗੇ ਕੀ ਹੈ? ? ?

ਮੇਰਾ ਸਵਾਲ ਸੀ-

“ਇੱਥੇ ਹੀ ਇੱਕ ਬੰਦ ਵਿੱਚ ‘ਗਊ’ ਦੇ ਅਰਥ ਕੀਤੇ ਗਏ ਹਨ- ਖਿਮਾਂ, ਧੀਰਜ ਰੂਪੀ ਗਊ’। ਆਪਣੇ ਆਪ ਹੀ ਅਗੇ ਅਰਥ ਬਣ ਗਏ ‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ’।

ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ “ਵੀਰ ਮੇਰੇ ਇੱਥੇ ਤੁਹਾਨੂੰ ਇਸ ਸ਼ਬਦ ਅੰਦਰ ਚੱਲ ਰਹੀ ‘ਵਾਰਤਕ’ ਬਾਰੇ ਸੂਝ ਹੀ ਨਹੀਂ ਤਾਂ ਮੇਰਾ ਕੀ ਦੋਸ਼ ਹੈ ਉੱਪਰ ਤੁਹਾਨੂੰ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਤੋਂ ਪਹਿਲਾਂ ‘ਨਹੀਂ ਤਾਂ’ ਸ਼ਬਦ ਜੇਕਰ ਨਹੀਂ ਨਜ਼ਰ ਆਇਆ ਤਾਂ ਮੇਰਾ ਕੀ ਕਸੂਰ ਹੈ”।

ਵੀਰ ਜੀ! ਇੱਕ ਤਾਂ ‘ਵਾਰਤਕ’ ਲਫ਼ਜ਼ ਆਪ ਜੀ ਨੂੰ ਪਤਾ ਨਹੀਂ ਕਿੱਥੋਂ ਤੁਰੁਪ ਦਾ ਪੱਤਾ ਲੱਭਾ ਹੋਇਆ ਹੈ, ਜਿਹੜਾ ਹਰ ਸਵਾਲ ਦੇ ਜਵਾਬ ਵਿੱਚ ਫਿੱਟ ਹੋ ਜਾਂਦਾ ਹੈ। ਤੁਕ ਇੱਕ ਵਾਰੀਂ ਫੇਰ ਤੋਂ ਪੜ੍ਹੋ- “ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ ਗਰਦਨਿ ਮਾਰਉ ਠਾਇ॥ 2॥” ਤੁਸੀਂ ਅਰਥ ਲਿਖੇ ਹਨ- “ਹੇ ਵਾਹਿਗੁਰੂ ਖਿਮਾ ਅਤੇ ਧੀਰਜ ਦੀ ਆਤਮਿਕ ਗਿਆਨ ਰੂਪੀ ਗਊ ਜੀਵਾਲ ਦੇਹੁ, ਭਾਵ ਮੇਰੇ ਅੰਦਰ ਆਤਮਿਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ, ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਿਕ ਤੌਰ ਤੇ ਖ਼ਤਮ ਕਰ ਦੇਵੇਗੀ”।

ਤੁਕ ਵਿੱਚ ‘ਗਊ’ ਲਫ਼ਜ਼ ਇੱਕੋ ਵਾਰੀਂ ਹੀ ਆਇਆ ਹੈ। ਇਸ ਇੱਕ ਵਾਰੀ ਆਏ ਲਫ਼ਜ਼ ਦੇ ਦੋ ਵਾਰੀਂ, ਅਤੇ ਉਹ ਵੀ ਆਪਸ ਵਿੱਚ ਉਲਟ ਅਰਥ, 1- ਖਿਮਾਂ ਅਤੇ ਧੀਰਜ ਰੂਪੀ ਗਊ ਅਤੇ 2- ਕਰਮਕਾਂਡੀ ਵਿਚਾਰਧਾਰਾ ਰੂਪੀ ਗਊ ਕਿਸ ਤਰ੍ਹਾਂ ਬਣ ਗਏ? ਕੀ ਕਾਵਿ ਤੋਂ ਵਾਰਤਿਕ ਅਰਥ ਕਰਨ ਦਾ ਮਤਲਬ ਹੁੰਦਾ ਹੈ ਕਿ ਜੋ ਮਰਜੀ ਅਰਥ ਅਤੇ ਜਿੱਥੇ ਮਰਜੀ ਫਿੱਟ ਕਰ ਦਿਉ?

ਮੈਂ ਲਿਖਿਆ ਸੀ-

“ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਿਕ ਤੌਰ ਤੇ ਖ਼ਤਮ ਕਰ ਦੇਵੇਗੀ, ਇਹ ਗੱਲ ਕੌਣ ਕਹਿ ਰਿਹਾ ਹੈ? ਇੱਕ ਕਰਮਕਾਂਡੀ ਵਿਆਕਤੀ? ਉਸ ਨੂੰ ਇਹ ਤਾਂ ਸੋਝੀ ਹੈ ਕਿ ਕਰਮਕਾਂਡੀ ਵੀਚਾਰਧਾਰਾ ਉਸ ਨੂੰ ਖ਼ਤਮ ਕਰ ਦੇਵੇਗੀ ਪਰ ਇਨ੍ਹਾਂ ਕਰਮਕਾਂਡਾਂ ਤੋਂ ਹਟਣ ਲਈ ਸ਼ਾਇਦ ਵਾਹਿਗੁਰੂ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈ।

ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ- “. . ਜਿਹੜਾ ਸ਼ਬਦ ਹਿੰਦੂ ਹੈ ਇਸ ਸ਼ਬਦ ਅੰਦਰ ਉਹ ਕਰਮਕਾਂਡੀ ਨਹੀਂ ਤਾਂ ਹੋਰ ਕੌਣ ਹੈ?”

ਵੀਰ ਜੀ! ਤੁਹਾਡਾ ਇਹ ‘ਹਿੰਦੂ’ ਪਾਤਰ/ਕਰੈਕਟਰ ਕੁੱਝ ਭੁਲੇਖਾ-ਪਾਊ ਜਿਹਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਇਹ ਕਰਮਕਾਂਡ ਵੀ ਕਰੀ ਜਾ ਰਿਹਾ ਹੈ ਅਤੇ ਨਾਲ ਹੀ ਦੂਜੇ ਪਾਸੇ ਅਰਦਾਸ ਵੀ ਕਰੀ ਜਾ ਰਿਹਾ ਹੈ ਕਿ ਹੇ ਵਾਹਿਗੁਰੂ! ਮੇਰੇ ਅੰਦਰ ਆਤਮਿਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ, ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਿਕ ਤੌਰ ਤੇ ਖ਼ਤਮ ਕਰ ਦੇਵੇਗੀ”। ਇਹ ਦੋਵੇਂ ਗੱਲਾਂ ਇਕੱਠੀਆਂ ਕਿਸ ਤਰ੍ਹਾਂ? ਜਿਹੜਾ ਬੰਦਾ /ਪਾਤਰ ਪ੍ਰਭੂ ਅੱਗੇ ਅਰਦਾਸ ਕਰ ਕੇ ਕਹਿ ਰਿਹਾ ਹੈ ਕਿ ‘ਹੇ ਵਾਹਿਗੁਰੂ! ਮੇਰੇ ਅੰਦਰ ਆਤਮਿਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ, ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਿਕ ਤੌਰ ਤੇ ਖ਼ਤਮ ਕਰ ਦੇਵੇਗੀ” ਉਹ ‘ਬੇਨਾਮਾ, ਰਜ਼ਾ ਤੋਂ ਟੁੱਟਿਆ ਹੋਇਆ, ਕਰਮ ਕਾਂਡੀ’ ਕਿਸ ਤਰ੍ਹਾਂ ਹੋ ਸਕਦਾ ਹੈ?

ਤੁਸੀਂ ਲਿਖਿਆ ਹੈ-

“ਪ੍ਰਚੱਲਤ ਵਿਆਖਿਆ ਨੇ ਨਾਮਦੇਵ ਨੂੰ ਹਿੰਦੂ ਸਾਬਤ ਕਰ ਦਿੱਤਾ ਹੈ”।

ਵੀਰ ਜੀ! ਆਪਣੀ ਵਿਚਾਰ ਚਰਚਾ ‘ਆਪ ਜੀ ਦੇ ਲੇਖ’ “ਸੁਲਤਾਨ ਪੁਛੈ ਸੁਨੁ ਬੇ ਨਾਮਾ” ਸ਼ਬਦ ਬਾਰੇ ਚੱਲ ਰਹੀ ਹੈ। ਕਿਸੇ ਹੋਰ ਨੇ ਇਸ ਸ਼ਬਦ ਦੇ ਕੀ ਅਰਥ ਕੀਤੇ ਹਨ। ਕਿਸੇ ਨੇ ਕਿਸੇ ਨੂੰ ਕੀ ਸਾਬਤ ਕਰ ਦਿੱਤਾ ਹੈ, ਇਸ ਦਾ ਆਪ ਜੀ ਦੀ ਕੀਤੀ ਵਿਆਖਿਆ ਨਾਲ ਕੀ ਸੰਬੰਧ ਹੈ?

“ਬਾਦਿਸਾਹੁ ਚੜ੍ਹਿਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥ 5॥”

ਤੁਸੀਂ ਅਰਥ ਕੀਤੇ ਹਨ- ‘ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ’।

ਕੋਈ ਲਫ਼ਜ਼ ਪਹਿਲੇ ਚਰਣ ਵਿੱਚੋਂ ਅਤੇ ਕੋਈ ਦੂਸਰੇ ਚਰਣ ਵਿੱਚੋਂ ਲੈ ਕੇ ਜੋੜ ਤੋੜ ਕਰਕੇ ਅਰਥ ਕਰ ਦਿੱਤੇ ਗਏ ਹਨ। (ਲਾਂਬਾ ਸੋਚ)

ਵੀਰ ਜੀ! ਕਾਵਿ ਨੂੰ ਵਾਰਤਿਕ ਵਿੱਚ ਅਰਥਾਉਣ ਦਾ ਮਤਲਬ ਇਹ ਨਹੀਂ ਕਿ ਕੁੱਝ ਵੀ, ਕਿਤੇ ਵੀ ਫਿਟ ਕਰ ਦਿਉ। ਕਾਵਿ ਦਾ ਮਤਲਬ ਇਹ ਤਾਂ ਹੋ ਸਕਦਾ ਹੈ ਕਿ ਕਾਵਿਕ ਬਣਤਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਾਂ ਕਾਵਿ ਨੂੰ ਸੁਹੱਪਣ ਦੇਣ ਲਈ ਜਾਂ ਕਿਸੇ ਵੀ ਕਾਰਣ ਕਰਕੇ, ਆਮ ਪ੍ਰਚੱਲਤ ਲਫ਼ਜ਼ ਵਰਤਣ ਦੀ ਬਜਾਇ ਕੁੱਝ ਵੱਖਰੇ (ਪਰ ਉਨ੍ਹਾਂ ਹੀ ਅਰਥਾਂ /ਭਾਵਾਰਥਾਂ ਵਾਲੇ) ਲਫ਼ਜ਼ ਵਰਤ ਲਏ ਜਾਣ। ਪਰ ਇਹ ਨਹੀਂ ਕਿ ਕਾਵਿ (ਕਵਿਤਾ) ਵਿੱਚ ਇੱਕ ਪੰਗਤੀ ਵਿੱਚ ਵਰਤੇ ਜਾਣ ਵਾਲੇ ਲਫ਼ਜ਼ ਕਿਸੇ ਦੂਸਰੀ ਪੰਗਤੀ ਵਿੱਚ ਲਿਖ ਦਿੱਤੇ ਜਾਣ।

ਇੱਥੇ ਕਿਤੇ ਨੇੜੇ ਤੇੜੇ ਵੀ ‘ਗਿਆਨ’ ਹੋਣ ਦੀ ਗੱਲ ਨਹੀਂ ਹੈ। ਇਸ ਤੋਂ ਪਹਿਲੇ ਬੰਦਾਂ ਵਿੱਚ ‘ਬਿਸਮਿਲ ਗਊ ਦਿਹੁ ਜੀਵਾਇ, ‘ਬਾਦਿਸਾਹ ਐਸੀ ਕਿਉ ਹੋਇ’ ‘ਮੇਰਾ ਕੀਆ ਕਛੂ ਨ ਹੋਇ’ ਆਦਿ ਦੀ ਗੱਲ ਹੈ। ਆਪਣੇ ਆਪ ਹੀ ਤੁਸੀਂ ਅਰਥ ਕਿਸ ਤਰ੍ਹਾਂ ਕਰ ਸਕਦੇ ਹੋ ‘ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ?

‘ਗਿਆਨ ਦਾ ਪ੍ਰਕਾਸ਼’ ਤਾਂ ਕੋਈ ਗੱਲ ਬਣਦੀ ਵੀ ਹੈ, ਪਰ “ਗਿਆਨ ਦੀ ਹੋਂਦ ਦਾ ਪ੍ਰਕਾਸ਼” ਦਾ ਕੀ ਮਤਲਬ ਹੋਇਆ? ‘ਹਸਤੀ’ ਲਫ਼ਜ਼ ਦੇ ਅਰਥ ਕਿਤੇ ਫਿੱਟ ਨਹੀਂ ਸੀ ਹੋ ਰਿਹੇ, ਇਸ ਨੂੰ ਕਿਸੇ ਤਰੀਕੇ ਨਾਲ ਤਾਂ ਫਿੱਟ ਕਰਨਾ ਹੀ ਸੀ। ਇਸ ਲਈ ਬਣ ਗਿਆ ‘ਗਿਆਨ ਦੀ ਹੋਂਦ (ਵਜੂਦ) ਦਾ ਪ੍ਰਕਾਸ਼’। ‘ਬਾਦਸਾਹ’ ਜਿਸ ਦੇ ਅਰਥ ਤੁਸੀਂ ‘ਵਾਹਿਗੁਰੂ’ ਕੀਤੇ ਹਨ ਤੁਕ ਦੇ ਪਹਿਲੇ ਹਿੱਸੇ ਵਿੱਚ ਆਇਆ ਹੈ ਇਸ ਨੂੰ ਦੂਸਰੇ ਹਿੱਸੇ ਵਿੱਚ ਅਰਥਾ ਦਿੱਤਾ ਗਿਆ ਹੈ। (ਲਾਂਬਾ ਸੋਚ)

‘ਚੜ੍ਹਿਓ ਅਹੰਕਾਰ’ ਦੇ ਅਰਥ ਤੁਸੀਂ ਲਿਖੇ ਹਨ- `ਚੜ੍ਹਿਆ ਹੋਇਆ ਅਹੰਕਾਰ, ਅੰਧਕਾਰ। ਵੀਰ ਜੀ! ਕੀ ‘ਅਹੰਕਾਰ’ ਅਤੇ ‘ਅੰਧਕਾਰ’ ਦੋਨੋਂ ਸਮਾਨ ਅਰਥਕ ਸ਼ਬਦ ਹਨ?

ਤੁਕ ਹੈ “ਬਾਦਿਸਾਹੁ ਚੜ੍ਹਿਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥ 5॥” ਤੁਸੀਂ ‘ਗਜ’ ਦੇ ਪਦ ਅਰਥ ਲਿਖੇ ਹਨ- “ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਨਾਲ ਮਿਟਦੀ ਹੈ”। ਅਤੇ ਬੰਦ ਦੇ ਅਰਥ ਲਿਖੇ ਹਨ “ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ॥ ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ”।

ਮੇਰਾ ਸਵਾਲ ਸੀ-

“ਅਰਥਾਂ ਵਿੱਚ ‘ਗਜ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ”। ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ- “ਕੀ ਸਿਮਰਨ ਨਾਲ ਮਨ ਰੂਪੀ ਗਜ (ਹਾਥੀ) ਹੰਕਾਰੀ ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ?”

ਵੀਰ ਜੀ! ਦੱਸਣ ਦੀ ਖੇਚਲ ਕਰੋਗੇ ਕਿ ਤੁਹਾਡੇ ਕੀਤੇ ਅਰਥਾਂ ਵਿੱਚ ‘ਗਜ/ਮਨ’ ਦੇ ਅਰਥ ਕਿੱਥੇ ਫਿੱਟ ਕੀਤੇ ਗਏ ਹਨ? (ਲਾਂਬਾ ਸੋਚ)

ਤੁਸੀਂ ਲਿਖਿਆ ਹੈ-

“ਵੀਰ ਜਸਬੀਰ ਸਿੰਘ ਜੀ ਤੁਹਾਨੂੰ ਇਨਾ ਹੀ ਨਹੀਂ ਪਤਾ ਕਿ ਕਾਵਿਕ ਭਾਸ਼ਾ ਨੂੰ ਅਰਥਾਉਣ ਵੇਲੇ ਰਾਗ ਦੀ ਬੰਦਸ਼ ਅਤੇ ਸ਼ਬਦ ਦੇ ਸਿਧਾਂਤ ਨੂੰ ਮੁਖ ਰੱਖਕੇ ਕੇਵਲ ਤੇ ਕੇਵਲ ਨਿਰਾ ਇੱਕ ਬੰਦ ਤੋਂ ਦੂਜੇ ਬੰਦ ਤੱਕ ਹੀ ਸੀਮਿਤ ਨਾ ਰਹਿਕੇ ਸਮੁੱਚੇ ਸ਼ਬਦ ਦੇ ਅਖੀਰ ਤੱਕ ਵੀ ਜਾਇਆ ਜਾ ਸਕਦਾ ਹੈ”।

ਵੀਰ ਜੀ! ਇਹ ਜਿਹੜੀ ਥਿਉਰੀ ਤੁਸੀਂ ਬਾਰ ਬਾਰ ਦੱਸ ਰਹੇ ਹੋ ਇਹ ਆਮ ਤੌਰ ਤੇ ‘ਰਹਾਉ’ ਵਾਲੀ ਤੁਕ ਤੇ ਅਤੇ ਉਹ ਵੀ ਗਾਉਣ ਵੇਲੇ ਲਾਗੂ ਹੁੰਦੀ ਹੈ। ਹਾਂ ਅਰਥਾਉਣ ਵੇਲੇ ਕਿਸੇ ਤੁਕ ਜਾਂ ਲਫ਼ਜ਼ ਦਾ ਹਵਾਲਾ ਕਿਤੇ ਦੂਸਰੇ ਥਾਂ ਦਿੱਤਾ ਜਾ ਸਕਦਾ ਹੈ, ਪਰ ਜਿੱਥੇ ਇਹ ਤੁਕ ਲਿਖੀ ਗਈ ਹੈ ਉੱਥੇ ਉਸ ਦੇ ਅਰਥ ਕਰਨੇ ਜਰੂਰੀ ਹਨ। ਪਰ ਤੁਸੀਂ ਕੀ ਕਰ ਰਹੇ ਹੋ; ਕਿਸੇ ਵੀ ਤੁਕ, ਜਾਂ ਸ਼ਬਦ ਨੂੰ ਜਿੱਥੇ ਲਿਖਿਆ ਗਿਆ ਹੈ ਜੇ ਉਹ ਉੱਥੇ ਫਿਟ ਨਹੀਂ ਬੈਠਦਾ ਤਾਂ ਉਥੇ ਅਰਥਾਉਣ ਦੀ ਬਜਾਇ ਕਿਤੇ ਦੂਸਰੇ ਥਾਂ ਜਿੱਥੇ ਫਿੱਟ ਹੁੰਦਾ ਹੈ ਉੱਥੇ ਫਿੱਟ ਕਰ ਦਿੰਦੇ ਹੋ। (ਲਾਂਬਾ ਸੋਚ)

ਅੱਗੇ ਮੇਰੀ ਲਿਖਤ ਦਾ ਹਵਾਲਾ ਦੇ ਕੇ ਤੁਸੀਂ ਲਿਖਿਆ ਹੈ-

“ਹਸਤੀ- ਫਾ: ਵਜੂਦ, ਵਜੂਦ ਹੋਣਾ, ਮੌਜੂਦਗੀ, ਹੋਂਦ”।

“. . ਕੀ ਹੋਂਦ ਸ਼ਬਦ ਦੇ ਅਰਥ ਦਾ ਤੁਹਾਨੂੰ ਪਤਾ ਨਹੀਂ। ਵੀਰ ਮੇਰੇ ਵਜੂਦ ਦਾ ਹੀ ਗੁਰਮੁਖੀ ਵਿੱਚ ਅਰਥ ਹੋਂਦ ਹੈ”।

ਵੀਰ ਜੀ! ਜ਼ਰਾ ਗ਼ੋਰ ਕਰੋ, ਗ਼ੈਰ ਜੁਮੇਦਾਰਾਨਾ ਅਪਰੋਚ ਕਿਸ ਦੀ ਹੈ। ਮੈਂ ਲਿਖਿਆ ਸੀ- “ਨੋਟ- ਮਹਾਨ ਕੋਸ਼ ਅਨੁਸਾਰ ਫਾ: ‘ਹਸਤੀ ਦਾ ਅਰਥ ਹੈ ‘ਹਾਥੀ’। ‘ਹੋਂਦ, ਅਸਤਿਤਵ ਲਈ ਵੱਖਰਾ ਲਫ਼ਜ਼ ਹੈ ‘ਹਸ੍ਤੀ’।

ਮੈਂ ਮਹਾਨ ਕੋਸ਼ ਦਾ ਜੋ ਹਵਾਲਾ ਦਿੱਤਾ ਹੈ ਉਸ ਅਨੁਸਾਰ ‘ਹਸ੍ਤੀ’ ਦਾ ਅਰਥ ਅਸਤਿਤਵ, ਹੋਂਦ ਹੈ, ‘ਹਸਤੀ’ ਦਾ ਨਹੀਂ। ਅਤੇ ਵਿਚਾਰ ਅਧੀਨ ਸ਼ਬਦ ਵਿੱਚ ਲਫ਼ਜ਼ ‘ਹਸਤੀ’ ਹੈ ‘ਹਸ੍ਤੀ’ ਨਹੀਂ। ਇੱਕ ਵਾਰੀਂ ਫ਼ੇਰ ਤੋਂ ਸੌਖੇ ਲਫ਼ਜ਼ਾਂ ਵਿੱਚ ਲਿਖ ਦਿਆਂ-

ਹਸਤੀ-ਸੰ: ਹਾਥੀ

ਹਸ੍ਤੀ- ਫਾ: ਹੋਂਦ, ਅਸਤਿਤਵ (ਅਤੇ ਤੁਕ ਵਿੱਚ ਲਫ਼ਜ਼ ‘ਹਸ੍ਤੀ’ ਨਹੀਂ ਹੈ)

ਤੁਸੀਂ ਮੇਰੀ ਲਿਖਤ ਦਾ ਹਵਾਲਾ ਦਿੱਤਾ ਹੈ-

“ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ॥ (219) ਤੁਕ ਦੇ ਅਰਥ ਬਣਦੇ ਹਨ- ਜਿਸ (ਪ੍ਰਭੂ) ਦੇ ਸਿਮਰਨ ਕਰਨ ਨਾਲ ਹਾਥੀ ਦਾ ਤ੍ਰਾਸ (ਡਰ) ਮਿਟ ਜਾਂਦਾ ਹੈ”। (ਨੋਟ- ਅਰਥ ਕਰਨ ਲੱਗਿਆਂ ਮੇਰੇ ਕੋਲੋਂ ਥੋੜ੍ਹੀ ਗਲਤੀ ਹੋ ਗਈ ਸੀ, ਠੀਕ ਅਰਥ ਹਨ- ਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ)।

ਅਗੇ ਤੁਸੀਂ ਮੇਰੇ ਉੱਪਰ ਦਿੱਤੇ ਅਰਥਾਂ ਦਾ ਹਵਾਲਾ ਦੇ ਕੇ ਲਿਖਿਆ ਹੈ- “. . ਇੰਜ ਮਹਿਸੂਸ ਹੁੰਦਾ ਹੈ ਤੁਹਾਨੂੰ ਸ਼ਾਇਦ ਅਜੇ ਤੱਕ ਪਤਾ ਨਹੀਂ ਕਿ ਗੁਰਬਾਣੀ ਬੰਦਿਆਂ ਦੇ ਸਮਝਾਉਣ ਲਈ ਲਿਖੀ ਗਈ ਹੈ ਨਾ ਕਿ ਪਸੂਆਂ ਨੂੰ…”

ਵੀਰ ਜੀ! ਇਸ ਨੁਕਤੇ ਤੇ ਵਿਸਥਾਰ ਨਾਲ ਗੱਲ ਕਰਨ ਲੱਗਿਆਂ ਵਿਸ਼ਾ ਬਹੁਤ ਲੰਬਾ ਹੋ ਜਾਏਗਾ, ਹੁਣ ਕੇਵਲ ਏਨਾ ਦੱਸ ਦਿਆਂ ਕਿ ਕਿਸੇ ਵੀ ਸ਼ਬਦ ਦੇ ਅਰਥ ਉਹੀ ਰਹਿੰਦੇ ਹਨ ਜੋ ਉਸ ਦੇ ਅਸਲ ਵਿੱਚ ਹਨ। ਪਰ ਭਾਵਰਥ ਵਿਸ਼ੇ ਮੁਤਾਬਕ ਬਦਲ ਸਕਦੇ ਹਨ। ਗਜ ਦਾ ਅਰਥ ਹਾਥੀ ਹੈ ਅਤੇ ਹਾਥੀ ਹੀ ਰਹੇਗਾ ਪਰ ਵਿਸ਼ੇ ਮੁਤਾਬਕ ਇਸ ਦੇ ਭਾਵਾਰਥ ਬਦਲ ਸਕਦੇ ਹਨ। ਮਿਸਾਲ ਦੇ ਤੌਰ ਤੇ ਜੇ ਇਹ ਸੋਚ ਕੇ ਕਿ ਹਵਾ, ਪਾਣੀ, ਅੱਗ ਆਦਿ ਪ੍ਰਭੂ ਦੇ ਗੁਣ ਕਿਸ ਤਰ੍ਹਾਂ ਗਾ ਸਕਦੇ ਹਨ, ਇਸ ਲਈ “ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ. .॥” ਦੇ ਅਰਥ ਕਰਨ ਲੱਗਿਆਂ ਪਉਣ, ਪਾਣੀ ਅਤੇ ਬੈਸੰਤਰ ਦੇ ਕੋਈ ਇਨਸਾਨੀ ਅਰਥ ਘੜ ਲੈਣੇ ਚਾਹੀਦੇ ਹਨ ਤਾਂ ਮਹਾਨ ਕੋਸ਼ ਤੋਂ ਵੀ ਵੱਡਾ ਇੱਕ ਹੋਰ ਨਵਾਂ ਹੀ ਕੋਸ਼ ਤਿਆਰ ਕਰਨਾ ਪਵੇਗਾ। ਜਿਸ ਦਾ ਅਸਲੀ ਅਰਥਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਸਿਰਫ ਗੁਰਬਾਣੀ ਨੂੰ ਆਪਣੀ ਹੀ ਸੋਚ ਮੁਤਾਬਕ ਅਰਥਾਉਣ ਵਾਲੇ ਅਰਥ ਹੋਣਗੇ।

ਅੱਗੇ ਤੁਸੀਂ ਲਿਖਿਆ ਹੈ-

‘ਤ੍ਰਾਸ’ ‘ਤ੍ਰਿਸਨਾ’ ਦੀ ਹੀ ਉਪਜ ਹੈ। ਪੜ੍ਹ ਕੇ ਕੁੱਝ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ। ਹੈਰਾਨੀ ਇਸ ਗੱਲ ਦੀ ਕਿ ਆਪ ਜੀ ਵਰਗਾ ਵਿਦਵਾਨ ਇਹ ਗੱਲ ਕਹਿ ਰਿਹਾ ਹੈ। ਅਤੇ ਖੁਸ਼ੀ ਇਸ ਗੱਲ ਦੀ ਕਿ ਕੁੱਝ ਨਵਾਂ ਸਿੱਖਣ ਨੂੰ ਮਿਲਿਆ। ਪਰ ਵੀਰ ਜੀ! ਆਪਣੀ ਇਸ ਲਿਖਤ ਤੇ ਇੱਕ ਵਾਰੀਂ ਫ਼ੇਰ ਸੋਚ ਵਿਚਾਰ ਕਰ ਲੈਂਦੇ ਤਾਂ ਚੰਗਾ ਸੀ। ਜਦੋਂ ਅਚਾਨਕ ਕੋਈ ਭਿਆਨਕ ਗੱਲ ਸਾਮ੍ਹਣੇ ਆਉਂਦੀ ਹੈ ਤਾਂ ਬੰਦਾ ਇਕਦਮ ਤ੍ਰਸਤ ਹੋ ਜਾਂਦਾ ਹੈ, ਇਸ ਦੇ ਲਈ ਸ਼ਬਦ ਤ੍ਰਾਸ ਹੈ। ਅਤੇ ਤ੍ਰਿਸ਼ਨਾ ਹੁੰਦੀ ਹੈ ਕਿਸੇ ਚੀਜ ਦੀ ਪਿਆਸ ਜਾਂ ਕਿਸੇ ਚੀਜ ਦੀ ਇੱਛਾ ਕਰਨੀ। ਇਨ੍ਹਾਂ ਦੋਨਾਂ ਸ਼ਬਦਾਂ ‘ਤ੍ਰਾਸ’ ਅਤੇ ‘ਤ੍ਰਿਸ਼ਨਾ’ (ਡਰਨਾ ਅਤੇ ਇੱਛਾ ਜਾਂ ਪਿਆਸ) ਦਾ ਆਪਸ ਵਿੱਚ ਕੋਈ ਮੇਲ ਨਜ਼ਰ ਨਹੀਂ ਆ ਰਿਹਾ।

ਰੁਦਨ- ਰੋਣਾ, ਅਗਿਆਨਤਾ ਦਾ ਰੋਣਾ (? ? ?) ਦਾ ਹਵਾਲਾ ਦੇ ਕੇ ਤੁਸੀਂ ਲਿਖਿਆ ਹੈ-

“ਵੀਰ ਮੇਰੇ ਕੀ ਰੁਦਨ ਦਾ ਅਰਥ ਰੋਣਾ ਨਹੀਂ ਹੁੰਦਾ? …. ਭਾਵ ਅਰਥ ਵਾਰਤਕ ਵਿੱਚ ਅਰਥਾਉਣ ਵੇਲੇ ਅਗਿਆਨਤਾ ਦਾ ਰੋਣਾ ਅਰਥ ਕਿਉਂ ਨਹੀਂ ਹੋ ਸਕਦੇ?”

ਵੀਰ ਜੀ! ਰੁਦਨ ਦਾ ਅਰਥ ਰੋਣਾ ਹੁੰਦਾ ਹੈ, ਠੀਕ ਹੈ। ਪਰ ਮੈਂ “(? ? ?) “ ਚਿੰਨ ‘ਅਗਿਆਨਤਾ’ ਸ਼ਬਦ ਲਈ ਲਗਾਏ ਹਨ। ਜਿਹੜੇ ਤੁਸੀਂ ਭਾਵਾਰਥ ‘ਅਗਿਆਨਤਾ ਦਾ ਰੋਣਾ ਲਿਖੇ ਹਨ, ਉਹ ਠੀਕ ਨਹੀਂ ਬੈਠਦੇ। ਮੈਂ ਪਹਿਲਾਂ ਵੀ ਲਿਖਿਆ ਸੀ ਕਿ ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ?

ਵੀਰ ਜੀ! ਅਗਿਆਨਤਾ ਦਾ ਰੋਣਾ ਕੋਈ ਵੀ ਨਹੀਂ ਰੋਂਦਾ। ਇਹ ਇਨਸਾਨੀ ਫ਼ਿਤਰਤ ਹੈ ਕਿ ਹਰ ਇਨਸਾਨ ਆਪਣੇ ਆਪ ਨੂੰ ਸਭ ਤੋਂ ਵੱਧ ਗਿਆਨ-ਵਾਨ ਸਮਝਦਾ ਹੈ। ਬਲਕਿ ਜਿਹੜੇ ਕਰਮ-ਕਾਂਡਾਂ ਵਿੱਚ ਜਿੰਨੇ ਜਿਆਦਾ ਫ਼ਸੇ ਹੋਏ ਹਨ ਉਹ ਓਨੇ ਹੀ ਜਿਆਦਾ ਆਪਣੇ ਆਪ ਨੂੰ ਗਿਆਨ-ਵਾਨ ਸਮਝਦੇ ਹਨ। ਕੋਈ ਵੀ ਇਨਸਾਨ ਦੂਸਰੇ ਨੂੰ ਤਾਂ ਅਗਿਆਨੀ ਸਮਝ ਸਕਦਾ ਹੈ ਆਪਣੇ ਆਪ ਨੂੰ ਕਦੇ ਵੀ ਨਹੀਂ ਸਮਝਦਾ। ਜਦੋਂ ਕੋਈ ਵਿਅਕਤੀ ਕਰਮ-ਕਾਂਡਾਂ ਵਿੱਚ ਫਸਿਆ ਹੈ ਉਸ ਵਕਤ ਉਸ ਨੂੰ ਅਹਿਸਾਸ ਹੀ ਨਹੀਂ ਕਿ ਉਹ ਕਰਮਕਾਂਡਾਂ ਵਿੱਚ ਪਿਆ ਹੋਇਆ ਹੈ। ਜੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਤਾਂ ਕਰਮਕਾਂਡਾਂ ਦਾ ਰੋਣਾ ਰੋਣ ਦਾ ਕੋਈ ਮਤਲਬ ਹੀ ਨਹੀਂ। ਇਸ ਲਈ ਆਪ ਜੀ ਦੇ ਕੀਤੇ ਅਰਥ ਕਿ ‘ਮੈਂ ਅਗਿਆਨਤਾ ਦਾ ਰੋਣਾ ਛੱਡ ਦਿੱਤਾ ਹੈ’ ਵਾਲੀ ਗੱਲ ਠੀਕ ਨਹੀਂ ਬੈਠਦੀ। ਅਤੇ ਇਸੇ ਲਈ ਮੈਂ ਇਹ ਸਵਾਲ ਕੀਤਾ ਸੀ ਕਿ ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ।

ਅੱਗੇ ਤੁਸੀਂ ਮੇਰੀ ਲਿਖਤ ਦਾ ਹਵਾਲਾ ਦਿੱਤਾ ਹੈ-

“ਨੋਟ- ਕੀਤੇ ਗਏ ਪਦ ਅਰਥਾਂ ਨਾਲ ਤੁਕ ਦੇ ਅਰਥ ਕੁੱਝ ਇਸ ਤਰ੍ਹਾਂ ਬਣਦੇ ਹਨ- (ਰੁਦਨ ਕਰੈ ਨਾਮੇ ਕੀ ਮਾਈ॥) ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥ (ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗ਼ੀ ਕਰੇ॥) ਅਤੇ ਤੁਸੀਂ ਲਿਖਿਆ ਹੈ- ਇੱਥੇ ਫਿਰ ਜਸਬੀਰ ਸਿੰਘ ਜੀ ਆਪ ਦੇ ਕੀਤੇ ਹੋਏ ਅਰਥ ਗੁਰਬਾਣੀ ਸੱਚ ਨੂੰ ਤਿਲਾਂਜਲੀ ਦੇ ਰਹੇ ਹਨ। ਕੀ ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ? ਜਾਂ ਜੋ ਤੁਸੀਂ ਅੱਗੇ ਇਹ ਅਰਥ ਕੀਤੇ ਹਨ ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ ਈਰਖਾ ਦੀ ਬੰਦਗ਼ੀ ਕਰੇ”।

ਵੀਰ ਜੀ! ਆਪ ਜੀ ਦੇ ਕੀਤੇ ਪਦ ਅਰਥ ਵੀ ਪੇਸ਼ ਕਰ ਰਿਹਾ ਹਾਂ। ਆਪ ਵੀ ਦੇਖ ਲਵੋ ਅਤੇ ਪਾਠਕ ਵੀ ਦੇਖ ਲੈਣਗੇ ਕਿ ਤੁਹਾਡੇ ਕੀਤੇ ਪਦ ਅਰਥਾਂ ਨਾਲ ਤੁਕਾਂ ਦੇ ਅਰਥ ਕੁੱਝ ਇਸੇ ਤਰ੍ਹਾਂ ਬਣਦੇ ਹਨ ਕਿ ਨਹੀਂ-

ਰੁਦਨ- ਰੋਣਾ, ਅਗਿਆਨਤਾ ਦਾ ਰੋਣਾ

ਕਰੈ- ਕਰਨਾ

ਛੋਡਿ- ਛੱਡਣਾ

ਕੀਨ- ਕਪਟ ਕਰਨਾ, ਈਰਖਾ

ਕਪਟ – ਈਰਖਾ, ਝਗੜਾ

ਰਾਮ- ਵਾਹਿਗੁਰੂ

ਭਜਹਿ- ਬੰਦਗ਼ੀ ਕਰਨਾ

ਖੁਦਾਇ- ਵਾਹਿਗੁਰੂ

ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ (ਮੂਈ ਮੇਰੀ ਮਾਈ ਹਉ ਖਰਾ ਸੁਖਾਲਾ॥)

ਮਾਈ- ਮਤਿ

ਸੋ ਉਪਰ ਜਿਹੜੇ ਅਰਥ ਮੈਂ ਲਿਖੇ ਹਨ ਆਪ ਜੀ ਦੇ ਪਦ ਅਰਥਾਂ ਅਨੁਸਾਰ ਹਨ। ਅਤੇ ਇਹ ਦੱਸਣ ਲਈ ਅਰਥ ਕੀਤੇ ਗਏ ਹਨ ਕਿ ਆਪ ਜੀ ਦੇ ਕੀਤੇ ਪਦ ਅਰਥਾਂ ਨਾਲ ਤੁਕ ਦੇ ਅਰਥ ਕੁੱਝ ਇਸ ਤਰ੍ਹਾਂ ਬਣਨਗੇ। ਸੋ ਇਹ ਇੱਕ ਤਰ੍ਹਾਂ ਨਾਲ ਆਪ ਜੀ ਦੇ ਹੀ ਅਰਥ ਹਨ। ਇਹ ਮੇਰੀ ਲਾਂਬਾ ਸੋਚ ਨਹੀਂ ਬਲਕਿ ਜਿਹੜੇ ਅਰਥ ਤੁਸੀਂ ਕਰਦੇ ਹੋ, ਕੋਈ ਲਫਜ ਕਿੱਥੋਂ ਲਿਆ ਕੋਈ ਕਿੱਥੋਂ ਅਤੇ ਆਪਣੇ ਹੀ ਅਰਥ ਘੜ ਕੇ ਕਿਤੇ ਦੇ ਕਿਤੇ ਅਰਥ ਕਰ ਦਿੰਦੇ ਹੋ ਇਹ ਹੈ ਲਾਂਬਾ ਸੋਚ। (ਪਾਠਕਾਂ ਅਗੇ ਬੇਨਤੀ- ਮੈਨੂੰ ਇਸ ‘ਲਾਂਬਾ ਸੋਚ’ ਬਾਰੇ ਪਤਾ ਨਹੀਂ ਕੀ ਹੈ। ਪਿਛਲੇ ਦਿਨੀਂ ਸਿੱਖ ਮਾਰਗ ਤੇ ਇਸ ਦੀ ਕਾਫ਼ੀ ਚਰਚਾ ਵੀ ਹੋਈ ਸੀ। ਪਰ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਬਣ ਸਕਿਆ। ਸ: ਬਲਦੇਵ ਸਿੰਘ ਜੀ ਦੇ ਲਿਖੇ ਮੁਤਾਬਕ ਹੀ ਮੈਂ ਇਹ ਲਫ਼ਜ਼ ਵਰਤ ਰਿਹਾ ਹਾਂ)।

ਅੱਗੇ ਤੁਸੀਂ ਮੇਰੀ ਲਿਖਤ ਦਾ ਹਵਾਲਾ ਦਿੱਤਾ ਹੈ-

“ਤੁਕ ਵਿੱਚ ‘ਮਾਇ’ ਆਇਆ ਹੈ ‘ਮਾਈ’ ਨਹੀਂ। ਜੇ ਮਾਇ/ ਮਾਈ ਦਾ ਅਰਥ ‘ਮੱਤ’ ਮੰਨੀਏ ਤਾਂ ਦਿੱਤੀ ਗਈ ਉਦਾਹਰਣ ‘ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥’ ਦੇ ਅਰਥ ਬਣਦੇ ਹਨ- ‘ਮੇਰੀ ਮੱਤ ਮਾਰੀ ਗਈ ਹੈ ਹੁਣ ਮੈਂ ਬਹੁਤ ਸੌਖਾ ਹਾਂ”।

ਇਹ ਹਵਾਲਾ ਦੇ ਕੇ ਆਪ ਜੀ ਨੇ ਲਿਖਿਆ ਹੈ- “ਇੱਥੇ ਫਿਰ ਜਸਬੀਰ ਸਿੰਘ ਜੀ ਆਪ ਉੱਪਰ ਲਾਂਬਾ ਸੋਚ ਹੀ ਭਾਰੀ ਹੈ। ਇਹਨਾਂ ਨੂੰ ਇਹ ਹੀ ਨਹੀਂ ਪਤਾ ਮੱਤ ਸ਼ਬਦ ਵਾਰਤਕ ਬੋਲਣ, ਲਿਖਣ, ਚੰਗੀ ਅਤੇ ਮਾੜੀ, ਦੋਹਾਂ ਨਾਲ ਹੀ ਸੰਬੰਧਤ ਸ਼ਬਦ ਹੈ। ਉਸਨੇ ਚੰਗੀ ਮੱਤ ਅਪਣਾਈ ਹੈ। ਉਸ ਨੇ ਮਾੜੀ ਮੱਤ ਅਪਣਾਈ ਹੈ। ਇੱਥੇ ਵੀ ਇਹ ਅਰਥ ਦਾਸ ਵੱਲੋਂ ਨਹੀਂ ਕੀਤੇ ਗਏ ਇਹਨਾਂ ਦੀ ਆਪਣੀ ਵੱਲੋਂ ਕੀਤੀ ਹੋਈ ਕੱਟ ਵੱਢ ਲਾਂਬਾ ਸੋਚ ਦੀ ਉੱਪਜ ਹੈ”।

ਵੀਰ ਜੀ! ਇਸ ਉੱਪਰ ਦਿੱਤੀ ਉਦਾਹਰਣ ਵਾਲੀ ਤੁਕ ਦੇ ਅਰਥ ਆਪ ਜੀ ਵੱਲੋ ਕੀਤੇ ਗਏ ਪਦ ਅਰਥਾਂ ਦੇ ਆਧਾਰ ਤੇ, ਇਹ ਦੱਸਣ ਲਈ ਕੀਤੇ ਗਏ ਹਨ ਕਿ ਆਪ ਜੀ ਦੇ ਪਦ ਅਰਥਾਂ ਅਨੁਸਾਰ ਅਰਥ ਕੁੱਝ ਇਸ ਤਰ੍ਹਾਂ ਬਣਨਗੇ। ਮੈਂ ਤਾਂ ਚੰਗੀ ਮਾੜੀ ਮੱਤ ਦੀ ਗੱਲ ਹੀ ਨਹੀਂ ਕੀਤੀ। ਆਪ ਜੀ ਦੇ ਕੀਤੇ ਪਦ ਅਰਥਾਂ ਨਾਲ ਤੁਕ ਦੇ ਜੋ ਅਰਥ ਬਣਦੇ ਹਨ ਮੈਂ ਤਾਂ ਉਹੀ ਪੇਸ਼ ਕੀਤੇ ਹਨ। ਪਾਠਕ ਵੀ ਦੇਖ ਲੈਣ ਕਿ ਕੀ ਅਰਥ ਕਰਨ ਲੱਗੇ ਮੈਂ ਕੋਈ ਕਟ-ਵਢ ਕੀਤੀ ਹੈ? ਅਤੇ ਇਹ ਵੀ ਦੇਖ ਲੈਣ ਕਿ ਅਰਥ ਕਰਨ ਲੱਗੇ ਕਟ-ਵਢ ਤੁਸੀਂ ਕਰਦੇ ਹੋ ਕਿ ਮੈਂ।

ਦਸਮ ਗ੍ਰੰਥ ਬਾਰੇ ਮੇਰੇ ਵੱਲੋਂ ਦਿੱਤੀ ਗਈ ਮਿਸਾਲ ਦਾ ਹਵਾਲਾ ਦੇ ਕੇ ਆਪ ਜੀ ਨੇ ਲਿਖਿਆ ਹੈ-

“ਇਹ ਦੋਹਾਂ ਧਿਰਾਂ ਨੂੰ ਆਪਣੀ ਤੱਕੜੀ ਦੇ ਇਕੋ ਛਾਬੇ ਅੰਦਰ ਰੱਖਕੇ ਹੀ ਤੋਲ ਰਹੇ ਹਨ”।

ਵੀਰ ਜੀ! ਗ਼ਲਤ ਬਿਆਨੀ ਨਾ ਕਰੋ। ਮੈਂ ਦੋਨਾਂ ਧਿਰਾਂ ਨੂੰ ਇੱਕ ਦੂਜੇ ਦੇ ਬਿਲਕੁਲ ਉਲਟ ਦਰਸਾਇਆ ਹੈ, ਬਰਾਬਰ ਨਹੀਂ। ਤੁਸੀਂ ਜਾਣ ਬੁੱਝ ਕੇ ਪਾਠਕਾਂ ਨੂੰ ਮੇਰੇ ਪ੍ਰਤੀ ਗੁਮਰਾਹ ਕਰਨ ਲਈ ਇਸ ਤਰ੍ਹਾਂ ਦੀ ਗ਼ਲਤ ਬਿਆਨੀ ਕਰ ਕਹੇ ਹੋ।

ਤੁਸੀਂ ਲਿਖਿਆ ਹੈ-

“ਅੱਗੇ ਲਿਖਦੇ ਹਨ ਕੀ ਸੰਸਾਰ ਤੇ ਕੋਈ ਐਸਾ ਵਿਅਕਤੀ ਹੈ, ਜਿਹੜਾ ਇਹ ਕਹਿ ਸਕਦਾ ਹੋਵੇ “ਮੈਂ ਅਗਿਆਨਤਾ ਦਾ ਰੋਣਾ ਛੱਡ ਦਿੱਤਾ ਹੈ ਹੁਣ ਮੈਨੂੰ ਸੰਪੂਰਨ ਗਿਆਨ ਹੋ ਚੁੱਕਾ ਹੈ”। ਇੱਥੇ ਫਿਰ ਸਿੱਖ ਮਾਰਗ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਦਾਸ ਦੀ ਲਿਖਤ ਅੰਦਰ ਕਿਤੇ ਨਹੀਂ ਲਿਖਿਆ ਗਿਆ ਕਿ ਮੈਨੂੰ ਸੰਪੂਰਨ ਗਿਆਨ ਹੋ ਚੁੱਕਾ ਹੈ”।

ਵੀਰ ਜੀ! ਮੈਂ ਕਿਤੇ ਨਹੀਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸੰਪੂਰਨ ਗਿਆਨ-ਵਾਨ ਹੋਣ ਬਾਰੇ ਲਿਖਿਆ ਹੈ। ਤੁਸੀਂ ਜੋ ਅਰਥ ਕੀਤੇ ਹਨ- “ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ…”। ਉਸ ਬਾਰੇ ਮੈਂ ਆਪਣੇ ਵਿਚਾਰ ਦਿੱਤੇ ਹਨ।

ਅੱਗੇ ਤੁਸੀਂ ਲਿਖਿਆ ਹੈ-

“ਇਸ ਸੋਚ ਦੇ ਨਤੀਜੇ ਜਸਬੀਰ ਸਿੰਘ ਜੀ ਆਪ ਦੇ ਅਤੇ ਸਿੱਖ ਮਾਰਗ ਦੇ ਪਾਠਕਾਂ ਅਤੇ ਸਿੱਖ ਮਾਰਗ ਦੇ ਸਾਹਮਣੇ ਹਨ ਕਿਵੇਂ ਇਸ ਲਾਂਬਾ ਸੋਚ ਦੀ ਗੈਰ ਜੁੰਮੇਦਾਰਾਨਾ ਹਰਕਤ ਨੇ ਸਿੱਖਾਂ ਦੇ ਢਿੱਡ ਵਿੱਚ ਕ੍ਰਿਪਾਨਾਂ ਸਿਰਾਂ ਵਿੱਚ ਗੰਡਾਸੇ ਮਰਵਾਏ ਹਨ”।

ਵੀਰ ਜੀ! ਅਜੇ ਆਪਣੀ ਵਿਚਾਰ ਚਰਚਾ ਦੀ ਛੁਰੂਆਤ ਹੈ। ਕਿਸੇ ਦੇ ਠੀਕ ਜਾਂ ਗ਼ਲਤ ਹੋਣ ਬਾਰੇ ਵੀ ਕੋਈ ਨਤੀਜਾ ਸਾਮ੍ਹਣੇ ਨਹੀਂ ਆਇਆ ਕਿ ਸਿੱਖ ਕੌਮ ਨੂੰ ਕਿਸ ਦੀ ਵਜਹ ਨਾਲ ਮਾੜੇ ਨਤੀਜੇ ਭੁਗਤਣੇ ਪੈ ਰਹੇ ਹਨ। ਇਸ ਲਈ ਬੇਨਤੀ ਹੈ ਕਿ ਪਹਿਲਾਂ ਹੀ ਆਪਣੀ ਲਿਖਤ ਨੂੰ ਸਹੀ ਅਤੇ ਮੇਰੀ ਲਿਖਤ ਨੂੰ ਗੁਰਮਤਿ ਵਿਰੋਧੀ ਸਮਝਦੇ ਹੋਏ/ ਕਰਾਰ ਦਿੰਦੇ ਹੋਏ ਇਸ ਤਰ੍ਹਾਂ ਦੀਆਂ ਭੜਕਾਊ ਗੱਲਾਂ ਕਰਨ ਤੋਂ ਗੁਰੇਜ ਕਰੋ ਜੀ। ਸਿਰਫ਼ ਅਤੇ ਸਿਰਫ਼ ਗੁਰਬਾਣੀ ਅਰਥਾਂ ਸੰਬੰਧੀ ਭੁਲੇਖਿਆਂ ਬਾਰੇ ਹੀ ਗੱਲ ਕੀਤੀ ਜਾਵੇ। ਮੇਰੀ ਗ਼ੈਰ ਜਿਮੇਦਾਰਾਨਾ ਸੋਚ, ਲਾਂਬਾ ਸੋਚ …. ਵਰਗੀਆਂ ਗੱਲਾਂ ਨਾ ਕੀਤੀਆਂ ਜਾਣ ਇਸ ਨਾਲ ਸਿੱਖ ਮਾਰਗ ਦਾ ਮਹੌਲ ਹੀ ਖਰਾਬ ਹੋਵੇਗਾ ਕਿਸੇ ਦੇ ਹੱਥ ਪੱਲੇ ਕੁੱਝ ਨਹੀਂ ਆਉਣਾ। ਇਹ ਪਏ ਹੋਏ ਭੁਲੇਖੇ ਆਉਣ ਵਾਲੀਆਂ ਪੀੜੀਆਂ ਵਿੱਚ ਗੁਰਮਤਿ /ਸਿੱਖੀ ਵੱਲੋਂ ਬੇ-ਰੁਖੀ ਪੈਦਾ ਕਰ ਰਹੇ ਹਨ। ਇਸ ਵਿਸ਼ੇ ਨੂੰ ਆਪਾਂ ਗੰਭੀਰ ਮਸਲਾ ਸਮਝ ਕੇ ਹਲ ਕਰਨ ਦੀ ਕੋਸ਼ਿਸ਼ ਕਰੀਏ। ਇਸ ਲਈ ਇੱਕ ਵਾਰੀਂ ਫੇਰ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਿਰਫ ਗੁਰਬਾਣੀ ਸੰਬੰਧੀ ਹੀ ਵਿਚਾਰ ਦਿੱਤੇ ਜਾਣ। ਹੋਰ ਕਿਸੇ ਕਿਸਮ ਦੇ ਕਮੈਂਟਸ ਨਾ ਦਿੱਤੇ ਜਾਣ ਜੀ।

ਅੱਗੇ ਤੁਸੀਂ ਲਿਖਿਆ ਹੈ-

“ਬਾਕੀ ਦਾਸ ਕੋਲ ਇਤਨਾ ਬਰਬਾਦ ਕਰਨ ਵਾਸਤੇ ਸਮਾਂ ਨਹੀਂ ਹੈ ਕਿ ਬੇਮਤਲਬੀਆਂ ਗੱਲਾਂ ਵਿੱਚ ਉਲਝੇ ਜੇਕਰ ਜਸਬੀਰ ਸਿੰਘ ਜੀ ਜਾਂ ਕਿਸੇ ਹੋਰ ਵੀਰ ਨੂੰ ਕਿਸੇ ਦੀ ਕੀਤੀ ਵਿਆਖਿਆ ਨਹੀਂ ਚੰਗੀ ਲੱਗਦੀ ਤਾਂ ਨਾ ਅਪਨਾਉਣ ਪਰ ਕੱਟ ਵੱਢਕੇ ਪੇਸ਼ ਕਰਨਾ ਕੋਈ ਦਿਆਨਤਦਾਰੀ ਨਹੀਂ ਹੈ”।

ਵੀਰ ਜੀ! ਆਪ ਜੀ ਕੋਲ ਸਮਾਂ ਹੈ ਜਾਂ ਨਹੀਂ ਇਸ ਬਾਰੇ ਤਾਂ ਕਿਸੇ ਦਾ ਕੋਈ ਦਖ਼ਲ ਨਹੀਂ ਹੋ ਸਕਦਾ। ਪਰ ਇਹ ਗੁਰਮਤਿ ਵਿਚਾਰ ਹੈ, ਬੇਮਤਲਬੀਆਂ ਗੱਲਾਂ ਨਹੀਂ। ਇਹ ਵੀ ਨਹੀਂ ਕਿ ਜੇ ਕਿਸੇ ਨੂੰ ਕੋਈ ਵਿਆਖਿਆ ਨਹੀਂ ਚੰਗੀ ਲੱਗਦੀ ਤਾਂ ਨਾ ਅਪਣਾ ਕੇ ਡਿਊਟੀ ਖਤਮ ਹੋ ਗਈ। ਵੀਰ ਜੀ! ਇੱਥੇ ਚੰਗੀ ਮਾੜੀ ਲੱਗਣ ਦਾ ਸਵਾਲ ਨਹੀਂ, ਠੀਕ ਗ਼ਲਤ ਲੱਗਣ ਦਾ ਮਤਲਬ ਹੈ। ਇਹ ਕੋਈ ਐਵੇਂ ਛੱਡ ਦੇਣ ਵਾਲਾ ਵੀ ਮਸਲਾ ਨਹੀਂ ਬਲਕਿ ਬਹੁਤ ਹੀ ਗੰਭੀਰ ਮਸਲਾ ਹੈ। ਗੁਰਮਤਿ ਸੰਬੰਧੀ ਪਏ ਅਤੇ ਅੱਗੋਂ ਪੈ ਰਹੇ ਭੁਲੇਖੇ ਨਿਸਚਿੱਤ ਰੂਪ ਵਿੱਚ ਜਿੱਥੋਂ ਤੱਕ ਹੋ ਸਕੇ ਦੂਰ ਹੋਣੇ ਬਹੁਤ ਜਰੂਰੀ ਹਨ। ਆਪ ਜੀ ਮੁਤਾਬਕ ਜਿਹੜੀਆਂ ਆਪ ਜੀ ਦੀਆਂ ਗੱਲਾਂ ਮੈਂ ਕੱਟ-ਵੱਢਕੇ ਪੇਸ਼ ਕੀਤੀਆਂ ਹਨ ਉਨ੍ਹਾਂ ਬਾਰੇ ਸਪੱਸ਼ਟੀਕਰਣ ਦੇ ਦਿੱਤੇ ਗਏ ਹਨ ਫੇਰ ਵੀ ਜੇ ਆਪ ਜੀ ਦੀ ਤਸੱਲੀ ਨਹੀਂ ਹੋਈ ਤਾਂ ਆਪਣੇ ਵਿਚਾਰਾਂ ਸਮੇਤ ਦੁਬਾਰਾ ਲਿਖ ਦਿਉ ਫੇਰ ਤੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ।

(ਆਪ ਜੀ ਵੱਲੋਂ 28 ਵਿੱਚੋਂ ਛੇ ਬੰਦਾਂ ਦੇ ਵਿਚਾਰ ਆਏ ਹਨ, ਜਿਨ੍ਹਾਂ ਬਾਰੇ ਮੈਂ ਆਪਣਾ ਸਪੱਸ਼ਟੀਕਰਣ ਦੇ ਦਿੱਤਾ ਹੈ ਜੀ) ਭੁੱਲ ਚੁੱਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)




.