.

ਆਓ ਦੂਰੀਆਂ ਵਧਾਈਏ….(ਇੱਕ ਵਿਅੰਗ)
(ਡਾ ਗੁਰਮੀਤ ਸਿੰਘ ‘ਬਰਸਾਲ’ਕੈਲੇਫੋਰਨੀਆਂ)

ਅਸੀਂ ਕਿਸੇ ਨਾਲ ਏਕਤਾ ਨਹੀਂ ਕਰਨੀ । ਕਿਓਂ ਕਰੀਏ ? ਏਕਤਾ ਤਾਂ ਸਿਰਫ ਉਸ ਨਾਲ ਹੀ ਹੁੰਦੀ ਹੈ ਜੋ ਸਿਧਾਂਤਿਕ ਤੌਰ ਤੇ ਤੁਹਾਡੇ ਨਾਲ ਸਹਿਮਤ ਹੋਵੇ । ਸਾਡੇ ਨਾਲ ਤੇ ਕੋਈ ਸਹਿਮਤ ਹੀ ਨਹੀਂ । ਇਹ ਅਗਲੇ ਦਾ ਹੀ ਕਸੂਰ ਹੈ ਸਾਡਾ ਥੋੜਾ । ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਹਾਂ । ਅਸੀਂ ਸਿਰਫ ਉਸ ਨਾਲ ਏਕਤਾ ਕਰਾਂਗੇ ਜੋ ਸਾਡੇ ਨਾਲ 100% ਸਹਿਮਤ ਹੋਵੇ । ਨਾਂ ਨੌ ਮਣ ਤੇਲ ਹੋਊ ਨਾਂ ਰਾਧਾ ਨੱਚੂ । ਸਿੱਖ ਛੇਤੀ ਕਿਤੇ ਏਕਤਾ ਥੋੜਾ ਕਰਦਾ ਹੈ । ਜੋ ਕਰਦੇ ਹਨ ਓਹ ਥਿੜਕੇ ਹੋਏ ਹਨ । ਕਿਤੇ ਨਾ ਕਿਤੇ ਧੋਖਾ ਖਾਣਗੇ ।
ਗੁਰੂ ਜੀ ਬਾਣੀ ਅੰਦਰ ਕੀ ਕਹਿੰਦੇ ਹਨ , ਲੋਕ ਆਪੋ-ਆਪਣੇ ਅਰਥ ਕਰੀ ਜਾਂਦੇ ਹਨ । ਪਰ ਸਾਨੂੰ ਜੋ ਅਰਥ ਸਮਝ ਆਏ ਹਨ , ਉਹ ਸਭ ਤੋਂ ਦਰੁੱਸਤ ਹਨ । ਅਸੀਂ ਉਹਨਾ ਅਰਥਾਂ ਮੁਤਾਬਕ ਹੀ ਆਪਣੀ ਜਿੰਦਗੀ ਬਣਾਈ ਹੈ ।
ਸੁਣਿਆਂ ਹੈ ਦੂਜੇ ਮਜ਼ਹਬਾਂ ਵਿੱਚ ਏਕਤਾ ਬਹੁਤ ਹੈ । ਹਿੰਦੂਆਂ ਦੀ ਹੀ ਗੱਲ ਲੈ ਲਵੋ । ਹਰ ਇਕ ਦਾ ਦੇਵਤਾ ਵੱਖਰਾ ਹੈ । 33 ਕਰੋੜ ਵਿਸ਼ਵਾਸ ਹਨ । ਰਾਮ,ਪਰਸ ਰਾਮ ਨਾਲ ਸਿਧਾਂਤਕ ਯੁੱਧ ਕਰਦਾ ਹੈ ਦੋਹਾਂ ਦੇ ਚੇਲੇ ਫਿਰ ਵੀ ਹਿੰਦੂ ਹਨ । ਕੋਈ ਸ਼ਿਵਜੀ ਨੂੰ ਪੂਜੇ ਜਾਂ ਕ੍ਰਿਸ਼ਨ ਨੂੰ,ਦਰਖਤ ਨੂੰ ਪੂਜੇ ਜਾਂ ਜਾਨਵਰ ਨੂੰ,ਅੱਗ ਨੂੰ ਪੂਜੇ ਜਾਂ ਪਾਣੀ ਨੂੰ ,ਜੀਵਤ ਨੂੰ ਪੂਜੇ ਜਾਂ ਪੱਥਰ ਨੂੰ ਸ਼ਭ ਵਿੱਚ ਏਕਤਾ ਹੈ । ਜਦੋਂ ਵੀ ਇਸਾਈਆਂ ਨੂੰ ਮਾਰਨਾ ਹੋਵੇ ਜਾਂ ਮੁਸਲਮਾਨਾਂ ਜਾਂ ਸਿਖਾਂ ਨੂੰ , ਨਾਅਰਾ ਕੋਈ ਵੀ ਲੱਗੇ ਝੱਟ ਇਕੱਠੇ ਹੋ ਜਾਂਦੇ ਹਨ । ਪਰ ਅਸੀਂ ਤਾਂ ਲੰਗਰ ਵੀ ਇਕੱਠੇ ਨਹੀਂ ਖਾਂਦੇ ਤੱਪੜਾਂ ਜਾਂ ਕੁਰਸੀਆਂ ਦੀ ਕੰਧ ਖਿਚ ਲਈਦੀ ਹੈ ।
ਕਈ ਆਖਦੇ ਹਨ ਕਿ ਘੱਟੋ-ਘੱਟ ਕਿਸੇ ਇੱਕ ਮੁੱਦੇ ਤੇ ਹੀ ਇਕੱਠੇ ਹੋਕੇ ਦਿਖਾਵੋ ਪਰ ਕਿਓਂ ਹੋਈਏ ਜਦ ਕਿ ਅਸੀਂ ਜਾਣਦੇ ਹਾਂ ਕਿ ਅੱਗੇ ਚੱਲਕੇ ਸਾਡੇ ਵਿਚਾਰ ਟਕਰਾਵਣਗੇ ਹੀ ਤਾਂ ਹੁਣੇ ਹੀ ਕਿਓਂ ਨਾ ਅਲੱਗ ਰਹੀਏ ਨਾਲੇ ਜੇ ਕਿਤੇ ਵਕਤੀ ਏਕਤਾ ਕਰਦੇ ਕਰਦੇ ਇੱਕ ਦੂਜੇ ਨੂੰ ਸਮਝਦੇ-ਸਮਝਾਉਂਦੇ ਇੱਕ-ਦੂਜੇ ਦੇ ਨੇੜੇ ਹੁੰਦੇ ਹੁੰਦੇ ਅਸਲੀ ਏਕਤਾ ਕਰ ਬੈਠੇ ਤਾਂ ਸਾਨੂੰ ਗੈਰ ਸਿੱਖ ਮਿਹਣੇ ਦੇਣਗੇ ।
ਕਈ ਆਖਦੇ ਹਨ ਕਿ ਘੱਟ ਵਖਰੇਵਿਆਂ ਵਾਲੇ ਹੀ ਇਕੱਠੇ ਹੋਕੇ ਦਿਖਾਓ ਅਸੀ ਜਾਣਦੇ ਹਾਂ ਓਹ ਅਜਿਹਾ ਸਿਰਫ ਇਸ ਲਈ ਕਹਿੰਦੇ ਹਨ ਕਿ ਇਕੱਠੇ ਦੇਖਕੇ ਵਿਰੋਧੀ ਘਟਣ ਲਗ ਜਾਂਦੇ ਹਨ । ਸਾਨੂੰ ਕੀ ? ਅਸੀਂ ਕਿਓਂ ਸੁਣੀਏ ਕਿਸੇ ਦੀ । ਜੇ ਏਕਤਾ ਦੌਰਾਨ ਉਹਨਾ ਸਾਨੂੰ ਏਕਤਾ ਕਮੇਟੀ ਵਿੱਚ ਹੀ ਨਾਂ ਲਿਆ । ਜੇ ਲੈ ਵੀ ਲਿਆ ਤਾਂ ਸਾਡਾ ਨਾ ਸੁਪਰੀਮ ਕੌਂਸਲ ਵਿੱਚ ਨਾਂ ਆਇਆ । ਜੇ ਸੁਪਰੀਮ ਕੌਂਸਲ ਵਿੱਚ ਵੀ ਲੈ ਲਿਆ ਤਾਂ ਜੇ ਪਰਧਾਨ ਕਿਸੇ ਹੋਰ ਨੂੰ ਬਣਾ ਦਿੱਤਾ ਤਾਂ ਅਜਿਹੀ ਏਕਤਾ ਕਿਸ ਕੰਮ । ਫਿਰ ਏਕਤਾ ਦਾ ਰਿਸਕ ਕਿਓਂ ਲਿਆ ਜਾਵੇ । ਆਪੋ ਆਪਣੀ ਡਫਲੀ ਹੀ ਠੀਕ ਰਹੇਗੀ ।
ਸਾਡਾ ਵਿਸ਼ਵਾਸ ਹੈ ਕਿ ਲੋਕ ਮੂਰਖ ਹਨ । ਜੋ ਗੱਲ ਸਾਨੂੰ ਸਮਝ ਆ ਗਈ ਹੈ ਉਹ ਉਹਨਾਂ ਨੂੰ ਸਮਝ ਕਿਓਂ ਨਹੀਂ ਆਉਂਦੀ । ਇਹ ਵੱਖਰੀ ਗੱਲ ਹੈ ਕਿ ਸਾਨੂੰ ਵੀ ਹੁਣੇ ਹੀ ਸਮਝ ਲੱਗੀ ਹੈ । ਪਰ ਸਾਨੂੰ ਜਾਪਦਾ ਹੈ ਕਿ ਉਹ ਜਾਣ ਬੁਝ ਕਿ ਨਹੀਂ ਸਮਝ ਰਹੇ । ਭਾਵੇਂ ਅਸੀਂ ਜਾਣਦੇ ਹਾਂ ਕਿ ਪਰਾਇਮਰੀ ਸਕੂਲ ਦੇ ਵਿਦਿਆਰਥੀ, ਯੂਨੀਵਰਸਟੀ ਦਾ ਸਿਲੇਬਸ ਨਹੀਂ ਸਮਝ ਸਕਦੇ ਉਹ ਹੌਲੀ-ਹੌਲੀ ਵੱਡੀ ਪੜ੍ਹਾਈ ਵੀ ਕਰ ਸਕਦੇ ਹਨ । ਜੇਕਰ ਅਸੀਂ ਉਹਨਾ ਨੂੰ ਦੱਸਾਂਗੇ ਹੀ ਨਹੀਂ ਕਿ ਸਾਡੀ ਪੜ੍ਹਾਈ ਕਿਹੋ ਜਿਹੀ ਹੈ ਤਾਂ ਉਹ ਸਾਡੀ ਵਿਦਵਤਾ ਦਾ ਲੋਹਾ ਕਦੋਂ ਮੰਨਣਗੇ । ਭਾਵੇਂ ਅਸੀਂ ਜਾਣਦੇ ਹਾਂ ਕਿ ਹਰ ਗਰੁੱਪ ਵਿੱਚ ਅਜਿਹੇ ਵੀ ਹੁੰਦੇ ਹਨ ਜੋ ਦੂਸਰੇ ਦੀ ਗੱਲ ਸਮਝ ਰਹੇ ਹੁੰਦੇ ਹਨ । ਕਦਮ-ਦਰ-ਕਦਮ ਏਕਤਾ ਅਜਿਹੇ ਵੀਰਾਂ ਨੂੰ ਹੋਰ ਨੇੜੇ ਕਰ ਸਿਧਾਂਤਕ ਏਕਤਾ ਦਾ ਰਾਹ ਪੱਧਰਾ ਕਰ ਸਕਦੀ ਹੈ । ਪਰ ਅਸੀਂ ਕਿਓਂ ਵਿਸ਼ਵਾਸ ਕਰੀਏ ਕਿਓਂ ਅਜਿਹੀ ਏਕਤਾ ਦੇ ਚਾਹਵਾਨਾਂ ਨੂੰ ਨੇੜੇ ਹੋਣ ਦੇਈਏ ਕਿਓਂਕਿ ਅਸੀਂ ਜਾਣਦੇ ਹਾਂ ਜਿਵੇਂ ਕਈ ਲੜਨ ਲਈ ਬਹਾਨੇ ਦੀ ਤਲਾਸ਼ ਵਿੱਚ ਹੁੰਦੇ ਹਨ ਉਵੇਂ ਹੀ ਕਈ ਸ਼ੁਹਿਰਦ ਸੋਚ ਵਾਲੇ ਇਕੱਠੇ ਹੋਣ ਲਈ ਬਹਾਨੇ ਦੀ ਤਲਾਸ਼ ਵਿੱਚ ਰਹਿੰਦੇ ਹਨ । ਕਿਓਂ ਅਗਲੇ ਨੂੰ ਅਜਿਹੇ ਬਹਾਨੇ ਦੇਈਏ ।
ਅਸੀਂ ਵਿਰੋਧੀਆਂ ਨੂੰ ਕੋਸ-ਕੋਸ ਕੇ ਆਪਣੇ ਹੀ ਵਿਰੁਧ ਉਹਨਾ ਨੂੰ ਇਕੱਠੇ ਹੋਣ ਦਾ ਆਪ ਹੀ ਇਂਤਜਾਮ ਕਰਾਂਗੇ । ਉਹ ਨਿਰੇ ਹੀ ਝੂਠੇ ਸਹੀ ਪਰ ਰਾਜਨੀਤਿਕ, ਧਾਰਮਿਕ ਜਾਂ ਹੋਰ ਸਮਾਜਿਕ ਸੰਗਠਨਾ ਤੇ ਉਹਨਾ ਦੀ ਹੀ ਪਕੜ ਕਿਓਂ ਤੇ ਕਿਵੇਂ ਹੈ, ਇਹ ਸਮਝ ਕਿ ਅਸੀਂ ਕੀ ਲੈਣਾ । ਅਸੀਂ ਵਿਰੋਧੀਆਂ ਦੀ ਏਕਤਾ ਤੋਂ ਹੀ ਸਬਕ ਕਿਓਂ ਸਿੱਖੀਏ । ਕਈ ਆਖਦੇ ਹਨ ਕਿ ਜਾਗਰੁਕਤਾ ਜਲਦੀ ਦੇਣੇ ਨਹੀਂ ਆਊਂਦੀ, ਲੰਬੀ ਵਿਓਂਤ ਬਣਾਕੇ ਲੰਬੀ ਰੇਸ ਦੇ ਘੋੜੇ ਬਣਨਾ ਪੈਣਾ । ਹੋ ਸਕਦਾ ਭਲੇ ਕੰਮ ਲਈ ਨਵੇਂ ਯੁੱਗ ਦਾ ਨਵਾਂ ਅਤੇ ਸਭ ਤੋਂ ਤਾਕਤਵਰ ਹਥਿਆਰ ‘ਨੀਤੀ’ ਵੀ ਵਰਤਣਾ ਪਵੇ ਆਖਿਰ ਜਿੱਤ ਸੱਚ ਦੀ ਹੀ ਹੋਣੀ ਹੈ ,ਪਰ ਅਸੀਂ ਸੱਚ ਦੀ ਜਿੱਤ ਲਈ ਆਪਣੀ ਜਿੱਦ ਕਿਓਂ ਛੱਡੀਏ । ਆਓ ਏਕਤਾ ਲਈ ਹਾੜ੍ਹੇ ਕੱਢਣ ਵਾਲਿਆਂ ਵਾਂਗ ਥੱਕ ਕੇ ਬੈਠਣ ਨਾਲੋਂ ਕੋਈ ਦੂਰੀਆਂ ਵਧਾਓਣ ਦਾ ਨੁਸਖਾ ਸੋਚੀਏ ਸ਼ਾਇਦ ਵਿਰੋਧੀਆਂ ਨੂੰ ਹੀ ਚੰਗਾ ਲੱਗੇ ।




.