.

“ਸੁਲਤਾਨੁ ਪੂਛੈ ਸੁਨੁ ਬੇ ਨਾਮਾ”

ਅੱਜ ਗੁਰਮਤਿ ਵਿੱਚ ਬ੍ਰਹਮਣੀ ਸੋਚ ਕਿੰਨੀਂ ਜਿਆਦਾ ਵੜ ਚੁੱਕੀ ਹੈ, ਇਹ ਤਾਂ ਆਪਾਂ ਸਭ ਨੂੰ ਪਤਾ ਹੀ ਹੈ। ਇਸ ਦੇ ਸੁਧਾਰ ਹਿੱਤ ਕਈ ਵਿਦਵਾਨ ਆਪਣਾ ਯੋਗਦਾਨ ਵੀ ਪਾ ਰਹੇ ਹਨ। ਪਰ ਤ੍ਰਾਸਦੀ ਇਹ ਹੈ ਕਿ ਕਈ ਵਿਦਵਾਨ ਗੁਰਮਤਿ ਨੂੰ ਇਸ ਦੇ ਸਹੀ ਰੂਪ ਵਿੱਚ ਪ੍ਰਸਤੁਤ ਕਰਨ ਦਾ ਇਰਾਦਾ ਤਾਂ ਰੱਖਦੇ ਹਨ, ਇਰਾਦਾ ਤਾਂ ਨੇਕ ਹੈ ਪਰ ਜੇ ਕਿਤੇ ਉਨ੍ਹਾਂਨੂੰ ਗੁਰਬਾਣੀ ਵਿੱਚ ਕੋਈ ਇੱਕ ਲਫ਼ਜ਼ ਵੀ ਬ੍ਰਹਮਣੀ ਗ੍ਰੰਥਾਂ ਵਾਲਾ ਨਜ਼ਰ ਆ ਜਾਂਦਾ ਹੈ ਤਾਂ ਉਸ ਦੇ ਭਾਵਾਰਥਾਂ ਨੂੰ ਸਮਝਣ ਦੀ ਬਜਾਇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਟਿਆ ਹੋਇਆ ਦੇਖਣਾ ਲੋਚਦੇ ਹਨ। ਗੁਰਬਾਣੀ ਵਿੱਚੋਂ ਕੁੱਝ ਮਿਟਾਇਆ ਜਾਣਾ ਤਾਂ ਸੰਭਵ ਨਹੀਂ, ਪਰ ਗੁਰਬਾਣੀ ਵਿੱਚ ਆਏ ਇਸ ਤਰ੍ਹਾਂ ਦੇ ਲਫ਼ਜ਼ਾਂ ਦੇ ਅਰਥ ਹੀ ਆਪਣੇ ਹਿਸਾਬ ਦੇ ਕਰਨ ਦਾ ਚਲਨ ਚੱਲ ਪਿਆ ਹੈ। ਇਸ ਤਰ੍ਹਾਂ ਕਰਨ ਨਾਲ ਗੁਰਮਤਿ/ ਗੁਰਬਾਣੀ ਸੰਬੰਧੀ ਭੁਲੇਖੇ ਘਟਣ ਦੀ ਬਜਾਇ ਹੋਰ ਵੀ ਵਧ ਰਹੇ ਹਨ। ਪ੍ਰੋ: ਸਾਹਿਬ ਸਿੰਘ ਜੀ ਨੇ ਪੁਰਾਤਨ ਬ੍ਰਹਮਣੀ ਸੋਚ ਆਧਾਰਿਤ ਹੋ ਰਹੀਆਂ ਵਿਆਖਿਆਵਾਂ ਨੂੰ ਰੱਦ ਕਰਕੇ ਇਸ ਦੇ ਅਸਲੀ ਰੂਪ ਵਿੱਚ ਅਰਥਾਉਣ ਦੀ ਅਣਥੱਕ ਮਿਹਨਤ ਕੀਤੀ ਹੈ। ਪਰ ਕਈ ਵਿਦਵਾਨਾਂ ਨੂੰ ਉਨ੍ਹਾਂ ਦੀ ਇਸ ਨਿਸ਼ਕਾਮ ਕੀਤੀ ਗਈ ਮਿਹਨਤ ਤੇ ਵੀ ਛੱਕ ਹੈ। ਇਸ ਸੰਬੰਧ ਵਿੱਚ ਨਵੀਂ ਸੋਚ ਰੱਖਣ ਵਾਲੇ ਇੱਕ ਵਿਦਵਾਨ ਸੱਜਣ ਜੀ ਦੁਆਰਾ ਕੀਤੀ ਗਈ ਵਿਆਖਿਆ ਅਤੇ ਉਸ ਵਿਆਖਿਆ ਤੋਂ ਪੈਦਾ ਹੋਏ ਕੁੱਝ ਸਵਾਲ ਪ੍ਰਸਤੁਤ ਹਨ।

ਇਹ ਪ੍ਰਸਤੁਤ ਲੇਖ ਇੱਕ ਵਿਦਵਾਨ ਸੱਜਣ ਜੀ ਦੁਆਰਾ ਨਾਮਦੇਵ ਜੀ ਦੇ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ’ ਸ਼ਬਦ ਦੇ ਕੀਤੇ ਗਏ ਅਰਥਾਂ ਦੇ ਸੰਬੰਧ ਵਿੱਚ ਹੈ। ਇਸ ਸ਼ਬਦ ਬਾਰੇ ਆਪਣੇ ਵਿਚਾਰ ਦੇਣ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਕਈ ਵਾਰੀਂ ਸ਼ਬਦ ਦੇ ਅਰਥਾਂ ਦੀ ਬਜਾਏ ਭਾਵਾਰਥ ਸਮਝਣੇ ਪੈਂਦੇ ਹਨ। ਪਰ ਇਸ ਦੇ ਬਾਵਜੂਦ ਹਰ ਲਫ਼ਜ਼ ਦਾ ਲਿਖੇ ਜਾਣ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਇਸ ਲਈ ਹਰ ਸ਼ਬਦ ਦੇ ਅਰਥ ਕਰਨ ਲੱਗੇ ਇਸ ਦੇ ਅਰਥ ਇਸ ਦੇ ਅਸਲੀ ਰੂਪ ਵਿੱਚ ਕਰਨੇ ਬਣਦੇ ਹਨ। ਉਸ ਤੋਂ ਬਾਅਦ ਉਨ੍ਹਾਂ ਅਰਥਾਂ ਤੋਂ ਕੀ ਭਾਵਾਰਥ ਬਣਦੇ ਹਨ ਉਹ ਸਮਝਣੇ ਸਮਝਾਉਣੇ ਚਾਹੀਦੇ ਹਨ। ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ (ਜੋ ਕਿ ਕਈ ਸੱਜਣਾਂ ਨੂੰ ਗੁਰਮਤਿ ਵਿਰੋਧੀ ਲੱਗਦੇ ਹਨ)। ਪ੍ਰੋ: ਸਾਹਿਬ ਨੇ ਅਰਥ ਉਹੀ ਲਿਖੇ ਹਨ ਜੋ ਸ਼ਬਦ ਦੇ ਬਣਦੇ ਹਨ। ਪਰ ਉਨ੍ਹਾਂ ਅਰਥਾਂ ਦੇ ਨਾਲ ਉਨ੍ਹਾਂਨੇ ਭਾਵਾਰਥ ਵੀ ਲਿਖ ਦਿੱਤੇ ਹਨ। ਜੋ ਕਿ ਆਮ ਤੌਰ ਤੇ ਕਈ ਸੱਜਣੋਂ ਵੱਲੋਂ ਜਾਣ-ਬੁਝ ਕੇ ਜਾਂ ਅਨਜਾਣੇ ਹੀ ਪੇਸ਼ ਨਹੀਂ ਕੀਤੇ ਜਾਂਦੇ। ਇਸ ਸ਼ਬਦ ਦੇ ਸੰਬੰਧ ਵਿੱਚ ਪ੍ਰੋ: ਸਾਹਿਬ ਲਿਖਦੇ ਹਨ:-

“ਬੰਦ ਨੰ: 14, 15, 16 ਵਿੱਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇੱਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਵੇ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਜ ਨਾਮਦੇਵ ਜੀ ਪ੍ਰਮਾਤਮਾ ਦੇ ਕਿਸੇ ਖਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਰਾਗ ਦੇ ਅਖੀਰਲੇ ਸ਼ਬਦ ਵਿੱਚ ਵੇਖੋ, ਪਰਮਾਤਮਾ ਨੂੰ “ਅਬਦਾਲੀ” ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ “ਕਲੰਦਰ, ਅਬਦਾਲੀ” ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿੱਚ ਯਾਦ ਕਰਦੇ ਹਨ”।

ਕਈ ਵਿਦਵਾਨ ਸੱਜਣ ਅੱਜ-ਕਲ੍ਹ ਗੁਰਬਾਣੀ ਦੇ ਅਰਥ ਕਰਨ ਦੀ ਬਜਾਏ ਭਾਵਾਰਥ ਹੀ ਪੇਸ਼ ਕਰ ਦਿੰਦੇ ਹਨ। ਜਾਂ ਫਿਰ ਸ਼ਬਦਾਂ ਦੇ ਅਰਥ ਹੀ ਆਪਣੀ ਮਰਜੀ ਦੇ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਆਮ ਤੌਰ ਤੇ ਗੁਰਬਾਣੀ ਦਾ ਅਸਲੀ ਸੁਨੇਹਾ ਨਾ ਹੋ ਕੇ ਉਨ੍ਹਾਂ ਸੱਜਣਾਂ ਦੇ ਆਪਣੇ ਵਿਚਾਰ ਜਿਆਦਾ ਹੁੰਦੇ ਹਨ। ਇਸ ਤਰ੍ਹਾਂ ਕਰਨਾ ਪਾਠਕਾਂ/ਸ਼ਰੋਤਿਆਂ ਨਾਲ ਵੀ, ਆਪਣੇ ਆਪ ਨਾਲ ਵੀ ਅਤੇ ਗੁਰੂ ਨਾਲ ਵੀ ਧੋਖਾ ਹੈ। ਇਸੇ ਤਰ੍ਹਾਂ ਦੇ ਆਪਣੇ ਹੀ ਸੋਚ ਅਨੁਸਾਰ ਕੀਤੇ ਹੋਏ ਅਰਥਾਂ /ਭਾਵਾਰਥਾਂ ਨਾਲ ਪੇਸ਼ ਹੈ ਨਾਮਦੇਵ ਜੀ ਦਾ ਸ਼ਬਦ। (ਹੇਠਾਂ ਮੇਰੇ ਵਿਚਾਰ ਨੀਲੇ ਰੰਗ ਵਿੱਚ ਲਿਖੇ ਗਏ ਹਨ)।

“ਸੁਲਤਾਨੁ ਪੂਛੈ ਸੁਨੁ ਬੇਨਾਮਾ॥

ਦੇਖਉ ਰਾਮ ਤੁਮ੍ਹਾਰੇ ਕਾਮਾ॥ 1॥

ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ 1॥ ਰਹਾਉ॥”

ਪਦ ਅਰਥ-

ਸੁਲਤਾਨ- ਪ੍ਰਭੂ, ਵਾਹਿਗੁਰੂ (? ? ?)

ਪੂਛੈ- ਪੁੱਛਿਆ ਜਾਣਾ (? ? ?) (ਨੋਟ- ਅਰਥ ਬਣਦੇ ਹਨ ‘ਪੁੱਛਦਾ ਹੈ’ ਵਰਤਮਾਨ ਕਾਲ)

ਸੁਨ- ਸੁਣੋ

ਬੇਨਾਮਾ- ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁੱਟਿਆ ਹੋਇਆ ਮਨੁੱਖ (? ? ?)

ਦੇਖਉ- ਨਜ਼ਰਸਾਨੀ ਕਰਨੀ, ਦੇਖਣਾ (? ? ?) (ਅਸਲ ਵਿੱਚ ਅਰਥ ਬਣੇ ਹਨ- (ਦੇਖਉਂ), ‘ਮੈਂ ਦੇਖਾਂ’ ਅਰਥਾਤ ਮੈਂ ਦੇਖਣਾ ਚਾਹੁੰਦਾ ਹਾਂ)

ਨਾਮਾ- (ਫ਼ਾ) ਹੁਕਮ, ਰਜ਼ਾ

ਨਾਮਾ ਸੁਲਤਾਨੇ ਬਾਧਿਲਾ- ਪ੍ਰਭੂ ਦੀ ਰਜ਼ਾ ਅੰਦਰ ਆਪਣੇ ਆਪ ਨੂੰ ਬੰਨ੍ਹ ਲੈਣਾ

ਅਰਥ: ਉਸ ਦੀ ਰਜ਼ਾ (ਹੁਕਮ) ਨਾਲੋਂ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ, ਨਜ਼ਰਸਾਨੀ ਕਰ ਰਿਹਾ ਹੈ। ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ।

ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ (ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈ। ਰਜ਼ਾ ਵਿੱਚ ਆਉਣ ਵਾਲਿਆਂ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ। ਇਹ ਉਸ ਦਾ ਸੁਭਾਉ ਹੈ।

ਨੋਟ: ਇਹ ਠੀਕ ਹੈ ਕਿ ਗੁਰਬਾਣੀ ਵਿੱਚ ‘ਸੁਲਤਾਨ’ ਪਰਮਾਤਮਾ ਲਈ ਵੀ ਆਇਆ ਹੈ ਪਰ ਇੱਥੇ? ? ? ‘ਸੁਲਤਾਨ ਪੂਛੈ ਸੁਨੁ. .’ ਅਰਥਾਤ ਸੁਲਤਾਨ ਕੁੱਝ ਪੁੱਛ ਰਿਹਾ ਹੈ।

ਪਹਿਲੇ ਬੰਦ ਵਿੱਚ ਲਫ਼ਜ਼ ਹਨ ਸੁਲਤਾਨ, ਪੂਛੈ ਸੁਨੁ, ਬੇਨਾਮਾ। ਇੱਥੇ ਇਹ ਬੰਦ ਮੁਕੰਮਲ ਹੈ। ਮੁਕੰਮਲ ਹੋਣ ਦੀ ਨਿਸ਼ਾਨੀ ਹੈ ਅਖੀਰ ਵਿੱਚ ‘॥’ ਲੱਗੇ ਹੋਏ ਹਨ। ਜੇ ਬੰਦ ਮੁਕੰਮਲ ਹੈ ਤਾਂ ਇਸ ਬੰਦ ਦੇ ਵੀ ਆਪਣੇ ਵੱਖਰੇ ਅਰਥ ਮੁਕੰਮਲ ਹੋਣੇ ਚਾਹੀਦੇ ਹਨ। ਪਰ ਅਰਥ ਕਰਨ ਲੱਗਿਆਂ ਦੂਸਰੇ ਬੰਦ ਦੇ ਅੱਖਰਾਂ ਨੂੰ ਪਹਿਲੇ ਬੰਦ ਨਾਲ ਮਿਲਾਏ ਬਗੈਰ ਇੱਥੇ ਅਰਥ ਨਹੀਂ ਬਣ ਰਹੇ।

ਨਿੱਤ ਦੀ ਕਰਨੀ ‘ਤੁਮ੍ਹਾਰੇ ਕਾਮਾ’ ਦੂਸਰੇ ਬੰਦ ਵਿੱਚੋਂ ਲਏ ਬਗੈਰ ਪਹਿਲੇ ਬੰਦ ਦੇ ਅਰਥ ਨਹੀਂ ਬਣ ਰਹੇ। (ਦੇਖਉ) ‘ਨਜ਼ਰਸਾਨੀ’ ਲਫ਼ਜ਼ ਤੀਸਰੇ ‘ਰਹਾਉ’ ਵਾਲੇ ਬੰਦ ਵਿੱਚ ਆਇਆ ਹੈ ਇਸ ਨੂੰ ਪਹਿਲੀ ਲਾਇਨ ਵਿੱਚ ਅਰਥਾਏ ਬਿਨਾ ਅਰਥ ਨਹੀਂ ਬਣ ਰਹੇ।

ਲਫ਼ਜ਼ ‘ਪੂਛੈ’ ਅਤੇ ‘ਸੁਨੁ’ ਪਹਿਲੇ ਬੰਦ ਵਿੱਚ ਆਏ ਹਨ, ਪਰ ਇਨ੍ਹਾਂ ਦੇ ਅਰਥ ਦੂਸਰੇ ਬੰਦ ਤੋਂ ਵੀ ਬਾਅਦ ਵੱਖਰੀ ਲਾਇਨ ਬਣਾ ਕੇ ਲਿਖੇ ਗਏ ਹਨ।

“ਇਹ ਸੁਣੋ ਇਹ ਤਾਂ ਕਹਿੰਦੇ ਹੋ” ਇਹ ਲਫ਼ਜ਼ ਕੌਣ, ਕਿਸ ਨੂੰ ਕਹਿ ਰਿਹਾ ਹੈ? ? ?

‘ਇਕ ਦਿਨ …’ ਇਹ ਅਰਥ ਆਪਣੇ ਆਪ ਕਿੱਥੋਂ ਆ ਗਏ? ? ?

‘ਦੇਖਉ ਤੇਰਾ ਹਰਿ ਬੀਠੁਲਾ’ ਦੇ ਅਰਥ- ‘ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ’ ? ? ?

‘ਨਾਮਾ’ ਦਾ ਅਰਥ ‘ਜਦੋਂ ਕੋਈ ਵੀ? ? ?

ਇਨ੍ਹਾਂ ਉਪਰਲੀਆਂ ਤੁਕਾਂ ਵਿੱਚ ਅਰਥ ਆਏ ਹਨ - “ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ ਪੁੱਛਿਆ ਜਾਣਾ ਹੈ” “………. . ? ? ?”

ਇਸ ਅਧੂਰੀ ਜਿਹੀ ਗੱਲ ਤੋਂ ਅੱਗੇ ਕੀ ਹੈ? ਇਸ ਗੱਲ ਦਾ ਕਿਤੇ ਕੁੱਝ ਅਤਾ ਪਤਾ ਨਹੀਂ ਲੱਗ ਰਿਹਾ।

“ਬਿਸਮਿਲਿ ਗਊ ਦੇਹੁ ਜੀਵਾਇ॥

ਨਾਤਰੁ ਗਰਦਨਿ ਮਾਰਉ ਠਾਇ॥ 2॥

ਬਾਦਿਸਾਹ ਐਸੀ ਕਿਉ ਹੋਇ॥

ਬਿਸਮਿਲਿ ਕੀਆ ਨਾ ਜੀਵੈ ਕੋਏ॥ 3॥

ਮੇਰਾ ਕੀਆ ਕਛੂ ਨ ਹੋਇ॥

ਕਰਿ ਹੈ ਰਾਮੁ ਹੋਇ ਹੈ ਸੋਇ॥ 4॥”

ਬਿਸਮਿਲਿ- ਘਾਇਲ, ਜ਼ਖਮੀਂ, ਬੇਕਾਰ, ਤੜਫਣ ਵਾਲਾ, ਅੱਧ ਮੋਇਆ, ਕੋਹਿਆ ਹੋਇਆ (? ? ?) (ਨੋਟ: ਬਿਸਮਿਲ ਦਾ ਅਰਥ ਹੈ- ਖੁਦਾ ਦੇ ਨਾਮ ਤੇ)

ਗਰਦਨ- ਖ਼ਤਮ ਕਰ ਦੇਣਾ (? ? ?)

ਕਿਉ ਹੋਇ- ਕਿਵੇਂ ਹੋ ਸਕਦਾ ਹੈ?

ਬਿਸਮਿਲ- ਅੱਧ-ਮੋਇਆ, ਕੋਹਿਆ ਹੋਇਆ (? ? ?)

ਗਊ- ਗੁਰਮਤਿ ਦੀ ਗਊ ਕਾਮਧੇਨ ‘ਨਾਮ’ ਰੂਪੀ ਹੈ/‘ਖਿਮਾ, ਧੀਰਜ’ (? ? ?)

(ਉਸ ਨਾਮ (ਸੱਚ) ਰੂਪ ਬਾਦਸ਼ਾਹ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਹੈ ਕਿ ਆਤਮਿਕ ਗਿਆਨ ਸਿਮਰਨ ਦੀ ਚਾਹਤ ਰੂਪੀ ਗਊ ਜੋ ਕੋਹੀ ਹੋਈ ਹੈ, ‘ਦੇਹੁ ਜੀਵਾਇ’ ਭਾਵ ਬਖਸ਼ਿਸ਼ ਕਰਕੇ ਮੇਰੇ ਅੰਦਰ ਸਿਮਰਨ ਰੂਪੀ ਚਾਹਤ ਪੈਦਾ ਹੋ ਜਾਵੇ)। (? ? ?)

ਅਰਥ: ਹੇ ਵਾਹਿਗੁਰੂ! ਖਿਮਾ ਅਤੇ ਧੀਰਜ ਦੀ ਆਤਮਕ ਗਿਆਨ ਰੂਪੀ ਗਊ ਜੀਵਾਲ ਦੇਹ, ਭਾਵ ਮੇਰੇ ਅੰਦਰ ਆਤਮਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ॥ ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ॥ ਹੇ ਵਾਹਿਗੁਰੂ! ਐਸਾ ਹੋਣਾ ਕਿਵੇਂ॥ ਕਿਉਂਕਿ ਕੋਹੀ ਹੋਈ ਖਿਮਾਂ ਅਤੇ ਧੀਰਜ ਰੂਪੀ ਗਊ ਜੀ ਨਹੀਂ ਸਕਦੀ॥ ਇਹ ਮੇਰੇ ਕੀਤਿਆਂ ਤਾਂ ਕੁੱਝ ਹੋ ਨਹੀਂ ਸਕਦਾ, ਸੋ ਜੋ ਤੂੰ ਕਰੇਂ ਉਹੀ ਹੋ ਸਕਦਾ ਹੈ।

ਫਿਰ ਜਿਹੜਾ ਮਨੁੱਖ ਫਿਰ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ”

ਨੋਟ- ‘ਠਾਇ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ (? ? ?)

ਜੇ ਗਰਦਨ ਦਾ ਅਰਥ- ਖਤਮ ਕਰ ਦੇਣਾ’ ਹੈ ਤਾਂ ‘ਮਾਰਉ’ ਦਾ ਕੀ ਅਰਥ ਹੈ? ? ?

ਇੱਥੇ ਹੀ ਇੱਕ ਬੰਦ ਵਿੱਚ ‘ਗਊ’ ਦੇ ਅਰਥ ਕੀਤੇ ਗਏ ਹਨ ‘ਖਿਮਾ, ਧੀਰਜ’ ਰੂਪੀ ਗਊ। ਅਪਣੇ ਆਪ ਹੀ ਅਗੇ ਅਰਥ ਬਣ ਗਏ ‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ’ ? ? ?

‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ’ ਇਹ ਗੱਲ ਕੌਣ ਕਹਿ ਰਿਹਾ ਹੈ? ਇੱਕ ਕਰਮਕਾਂਡੀ ਵਿਅਕਤੀ? ਉਸ ਨੂੰ ਇਹ ਤਾਂ ਸੋਝੀ ਹੈ ਕਿ ਕਰਮਕਾਂਡੀ ਵਿਚਾਰਧਾਰਾ ਉਸ ਨੂੰ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ, ਪਰ ਇਨ੍ਹਾਂ ਕਰਮਕਾਂਡਾਂ ਤੋਂ ਹਟਣ ਲਈ ਸ਼ਾਇਦ ਵਾਹਿਗੁਰੂ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈ।

ਅਰਥ ਕਰਨ ਲੱਗਿਆਂ ਸ਼ੁਰੂ ਵਿੱਚ ਲਫ਼ਜ਼ ਹਨ “ਹੇ ਵਾਹਿਗੁਰੂ …” ਇਸ ਦਾ ਮਤਲਬ ਸਾਫ਼ ਹੈ ਕਿ ਜਿਸ ਦੇ ਬਾਰੇ’ ਚ ਗੱਲ ਕੀਤੀ ਜਾ ਰਹੀ ਹੈ ਉਹ ਪਹਿਲਾਂ ਹੀ ਵਾਹਿਗੁਰੂ ਦੀ ਰਜ਼ਾ ਵਿੱਚ ਹੈ। ਤਾਂ ਫੇਰ ਕੋਹੀ ਹੋਈ ਖਿਮਾ ਧੀਰਜ ਦਾ ਕੀ ਮਤਲਬ ਰਹਿ ਜਾਂਦਾ ਹੈ? ਬੰਦ ਦੇ ਅਖੀਰ ਵਿੱਚ ਅਰਥ ਲਿਖੇ ਹਨ “. . ਜਿਹੜਾ ਮਨੁੱਖ ਫਿਰ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ” ਨੋਟ: “ਜਿਹੜਾ ਮਨੁੱਖ ਪਹਿਲਾਂ ਹੀ ਰਜ਼ਾ ਵਿੱਚ ਹੈ ਉਸ ਬਾਰੇ ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ “… ‘ਫਿਰ’ …ਰਜ਼ਾ ਵਿੱਚ ਆ ਜਾਂਦਾ ਹੈ” ?

(ਜਿਹੜਾ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ ਤਾਂ):-

“ਬਾਦਿਸ਼ਾਹੁ ਚੜ੍ਹਿਓ ਅਹੰਕਾਰਿ॥ ਗਜ ਹਸਤੀ ਦੀਨੋਂ ਚਮਕਾਰਿ॥ 5॥”

ਬਾਦਿਸਾਹ- ਨਾਮ ਰੂਪੀ ਬਾਦਸ਼ਾਹ (? ? ?)

ਚੜ੍ਹਿਓ ਅਹੰਕਾਰਿ- ਚੜ੍ਹਿਆ ਹੋਇਆ ਅਹੰਕਾਰ, ਅੰਧਕਾਰ

ਗਜ- ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ (? ? ?) (ਨੋਟ: ਇੱਥੇ ਗਜ ਅਰਥ ਦੱਸੇ ਗਏ ਹਨ ਜਾਂ ਜਿਸ ਦੇ ਸਿਮਰਨ ਨਾਲ ਮਨ ਦੀ ਤ੍ਰਿਸ਼ਨਾ ਮਿਟਦੀ ਹੈ ਬਾਰੇ ਦੱਸਿਆ ਗਿਆ ਹੈ? ? ?)

ਹਸਤੀ- ਫਾ: ਵਜੂਦ, ਵਜੂਦ ਹੋਣਾ, ਮੌਜੂਦਗੀ, ਹੋਂਦ

(ਨੋਟ: ਮਹਨ ਕੋਸ਼ ਅਨੁਸਾਰ ਫਾ: ‘ਹਸਤੀ’ ਦਾ ਅਰਥ ਹੈ ‘ਹਾਥੀ’। ‘ਹੋਂਦ, ਅਸਿ੍ਤਤਵ (ਅਸਤਿਤਵ) ਲਈ ਵੱਖਰਾ ਲਫ਼ਜ਼ ਹੈ “ਹਸ੍ਤੀ” )।

ਦੀਨੋ- ਬੀਤਿਆ ਹੋਇਆ ਕਾਲ ਭਾਵ ਖ਼ਤਮ ਹੋ ਜਾਣਾ (? ? ?)

ਚਮਕਾਰਿ- ਅਗਿਆਨਤਾ ਰੂਪੀ ਹਨੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ

ਅਰਥ: (ਜੋ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਆ ਜਾਂਦਾ ਹੈ)

ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ॥ ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।

ਨੋਟ: ਇੱਥੇ ਪਹਿਲੇ ਬੰਦ ਵਿੱਚ ਲਫ਼ਜ਼ ਆਇਆ ਹੈ ‘ਬਾਦਿਸਾਹ’ (ਜਿਸ ਦੇ ਅਰਥ ਕੀਤੇ ਗਏ ਹਨ- ‘ਵਾਹਿਗੁਰੂ’ ) ਦੂਸਰੇ ਬੰਦ ਵਿੱਚ ਲਫ਼ਜ਼ ਹੈ `ਚਮਕਾਰਿ’ (ਗਿਆਨ ਦਾ ਪ੍ਰਕਾਸ਼)। ਦੋ ਬੰਦਾਂ ਨੂੰ ਮਿਲਾ ਕੇ ਅਰਥ ਕਰ ਦਿੱਤੇ ਗਏ ਹਨ ‘ਉਸ ਨੂੰ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹੁਣ ਪਹਿਲੇ ਬੰਦ’ ਚੋਂ `ਚੜ੍ਹਿਓ ਅਹੰਕਾਰਿ’ ਲਫ਼ਜ਼ ਲੈ ਕੇ ਅਤੇ ਦੂਸਰੇ ਬੰਦ ਵਿੱਚੋਂ ‘ਦੀਨੋਂ’ (ਜਿਸ ਦੇ ਅਰਥ ‘ਖ਼ਤਮ ਹੋ ਜਾਂਦਾ ਹੈ’ ਕਰ ਲਏ ਗਏ ਹਨ) ਮਿਲਾ ਕੇ ਅਰਥ ਕਰ ਦਿੱਤੇ ਗਏ ਹਨ- ਚੜ੍ਹਿਆ ਹੋਇਆ ਹੰਕਾਰ ਖਤਮ ਹੋ ਜਾਂਦਾ ਹੈ (? ? ?)

ਗਜ ਦਾ ਅਰਥ ਕੀਤਾ ਗਿਆ ਹੈ- ‘ਮਨ’ ਰੂਪੀ ਗਜ ਦੀ ਤ੍ਰਿਸ਼ਨਾ ਜਿਸ ਦੇ ਸਿਮਰਨ ਨਾਲ ਮਿਟਦੀ ਹੈ ‘ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ॥ (219)’। ਨੋਟ: ਤੁਕ ਦੇ ਅਰਥ ਬਣਦੇ ਹਨ- ਜਿਸ (ਪ੍ਰਭੂ) ਦੇ ਸਿਮਰਨ ਕਰਨ ਨਾਲ ਹਾਥੀ ਦਾ ਤ੍ਰਾਸ (ਡਰ) ਮਿਟ ਜਾਂਦਾ ਹੈ।

ਅਰਥਾਂ ਵਿੱਚ ‘ਗਜ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ।

ਦਿੱਤੇ ਗਏ ਪਦ ਅਰਥਾਂ ਨਾਲ ਅਰਥ ਬਣਦੇ ਹਨ- ‘ਕਰਤਾਰ ਨੂੰ ਹੰਕਾਰ (ਅੰਧਕਾਰ) ਚੜ੍ਹਿਆ॥ ਮਨ ਦੇ ਗਿਆਨ ਦੇ ਪ੍ਰਕਾਸ਼ ਦਾ ਵਜੂਦ, ਬੀਤੇ ਕਾਲ ਦੀ ਤਰ੍ਹਾਂ ਖਤਮ ਹੋ ਗਿਆ॥

ਦਿੱਤੀ ਗਈ ਉਦਾਹਰਣ ਵਿੱਚ ਨਾਮ ਸਿਮਰਨ ਨਾਲ ਹਾਥੀ ਦੇ ‘ਤ੍ਰਾਸ’ (ਡਰ, ਭੈ) ਮਿਟਣ ਦੀ ਗੱਲ ਕੀਤੀ ਗਈ ਹੈ। ਵਿਆਖਿਆਕਾਰ ਜੀ ਨੂੰ ‘ਤ੍ਰਾਸ’ ਅਤੇ ‘ਤ੍ਰਿਸਨਾ’ ਦਾ ਫ਼ਰਕ ਵੀ ਸਮਝਣ ਦੀ ਜਰੂਰਤ ਹੈ।

ਵਿਆਖਿਆ ਵਿੱਚ ‘ਹਸਤੀ’ - ਵਜੂਦ, ਹੋਂਦ; ਕਿਤੇ ਨਜ਼ਰ ਨਹੀਂ ਆ ਰਹੇ

“ਰੁਦਨ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀਨ ਭਜਹਿ ਖੁਦਾਇ॥ 6॥”

ਪਦ ਅਰਥ-

ਰੁਦਨ- ਰੋਣਾ, ਅਗਿਆਨਤਾ ਦਾ ਰੋਣਾ (? ? ?)

ਕਰੈ- ਕਰਨਾ

ਛੋਡਿ- ਛੱਡਣਾ

ਕੀਨ- ਕਪਟ, ਈਰਖਾ, ਝਗੜਾ (? ? ?)

ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ (? ? ?)

ਮਾਈ- ਮਤਿ (ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥ (476) (? ? ?)

ਅਰਥ: ਫਿਰ ਜਿਸ ਮਨੁੱਖ ਦਾ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੰਕਾਰ ਖ਼ਤਮ ਹੋ ਜਾਂਦਾ ਹੈ, ਉਸ ਵਾਹਿਗੁਰੂ ਦੇ -

‘ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ, ਅਤੇ ਖ਼ੁਦਾ/ ਰਾਮ ਦੀ ਬੰਦਗ਼ੀ ਕਰਨ ਵਿੱਚ ਕਪਟ ਨਹੀਂ ਕਰਦਾ’।

(ਕਪਟ ਕਿਉਂ ਨਹੀਂ ਕਰਦਾ? ਉਹ ਇਸ ਕਾਰਨ ਕਿ ਬੰਦਗੀ ਕਰਨ ਵਾਲਾ ਸੱਚਾ ਮਨੁੱਖ ਸਰਵ- ਵਿਆਪਕ ‘ਰਾਮ’ ਜਾਂ ‘ਖ਼ੁਦਾ’ ਦੇ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਕਰਦਾ)।

ਨੋਟ: ਕੀਤੇ ਗਏ ਪਦ ਅਰਥਾਂ ਨਾਲ ਤੁਕ ਦੇ ਅਰਥ ਕੁੱਝ ਇਸ ਤਰ੍ਹਾਂ ਬਣਦੇ ਹਨ- (ਰੁਦਨ ਕਰੈ ਨਾਮੇ ਕੀ ਮਾਈ॥) ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥ (ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗੀ ਕਰੇ॥

‘ਛੋਡਿ’ ਲਫ਼ਜ਼ ਦੂਸਰੇ ਬੰਦ ਵਿੱਚ ਆਇਆ ਹੈ, ਪਰ ਵਿਆਖਿਆ ਕਰਤਾ ਦੁਆਰਾ, ਇਸ ਨੂੰ ਪਹਿਲੇ ਬੰਦ ਵਿੱਚ ਮਿਲਾ ਕੇ ਅਰਥਾਇਆ ਗਿਆ ਹੈ।

ਤੁਕ ਵਿੱਚ ‘ਮਾਇ’ ਆਇਆ ਹੈ ‘ਮਾਈ’ ਨਹੀਂ। ਜੇ ਮਾਇ/ਮਾਈ ਦਾ ਅਰਥ ‘ਮੱਤ’ ਮੰਨੀਏ ਤਾਂ ਦਿੱਤੀ ਗਈ ਉਦਾਹਰਣ ‘ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥’ ਦੇ ਅਰਥ ਬਣਦੇ ਹਨ- ‘ਮੇਰੀ ਮਤਿ ਮਾਰੀ ਗਈ ਹੈ ਹੁਣ ਮੈਂ ਬਹੁਤ ਸੌਖਾ ਹਾਂ’।

ਸਵਾਲ- ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ? ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਨਾ ਮੰਨਣ ਵਾਲੇ ਦਸਮ ਗੰਥ ਦੇ ਹਾਮੀਆਂ ਨੂੰ ਅਗਿਆਨੀ ਸਮਝਦੇ ਹਨ। ਦਸਮ ਗ੍ਰੰਥ ਦੇ ਹਾਮੀਆਂ ਨੂੰ ਪੁੱਛ ਕੇ ਦੇਖੋ ਕੀ ਉਹ ਅਗਿਆਨਤਾ ਦਾ ਰੋਣਾ ਰੋਂਦੇ ਹਨ? ਦਸਮ ਗ੍ਰੰਥ ਦੇ ਹਾਮੀ, ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਅਗਿਆਨੀ ਸਮਝਦੇ ਹਨ। ਦੱਸੋ ਦੋਨਾਂ’ ਚੋਂ ਕੌਣ ਅਗਿਆਨਤਾ ਦਾ ਰੋਣਾ ਰੋਂਦਾ ਹੈ? ? ? ਕੀ ਸੰਸਾਰ ਤੇ ਕੋਈ ਐਸਾ ਵਿਅਕਤੀ ਹੈ, ਜਿਹੜਾ ਕਹਿ ਸਕਦਾ ਹੋਵੇ ਕਿ “ਮੈਂ ਅਗਿਆਨਤਾ ਦਾ ਰੋਣਾ ਛੱਡ ਦਿੱਤਾ ਹੈ, ਹੁਣ ਮੈਨੂੰ ਸੰਪੂਰਣ ਗਿਆਨ ਹਾਸਲ ਹੋ ਚੁੱਕਾ ਹੈ? ? ?

“ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥

ਪਿੰਡ ਪੜੈ ਤਉ ਹਰਿ ਗੁਨ ਗਾਇ॥ 7॥”

ਪਦ ਅਰਥ-

ਪੂੰਗੜਾ- ਪੂਜਾਰੀ (? ? ?)

ਮਾਇ= ਅਗਿਆਨਤਾ (? ? ?)

ਪਿੰਡੁ- ਸਰੀਰ, ਅੰਦਰ, ਅੰਦਰੋਂ (? ? ?)

ਪੜੈ- ਸੋਝੀ (ਪ੍ਰਾਪਤ ਹੋ ਜਾਂਦੀ ਹੈ) (? ? ?)

ਅਰਥ: (ਕਪਟ ਕਿਉਂ ਨਹੀਂ ਕਰਦੇ? ਉਹ ਇਸ ਕਰਕੇ ਕਿ ਆਤਮਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ):-

‘ਅਗਿਆਨਤਾ ਦਾ ਰੋਣਾ ਪ੍ਰਭਾਵ ਛੱਡ ਦਿੰਦੇ ਹਨ। ਉਨ੍ਹਾਂ ਅੰਦਰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ। ਅਤੇ ਉਹ ਹਰੀ ਦੇ ਗੁਣ ਗਾਇਨ ਭਾਵ ਸਿਮਰਨ ਕਰਦੇ ਹਨ। ਇਸ ਤਰ੍ਹਾਂ ਉਹ ਅਗਿਆਨ ਰੂਪੀ ਮੱਤ ਆਤਮਿਕ ਗਿਆਨ ਦੀ ਸੂਝ ਨਾਲ ਗੁਰਮਤਿ ਵਿੱਚ ਬਦਲ ਜਾਂਦੀ ਹੈ। ਫਿਰ ਧਰਮ ਦੇ ਨਾਮ ਤੇ ਕੋਈ ਆਪਸੀ ਲੜਾਈ ਨਹੀਂ ਰਹਿ ਜਾਂਦੀ।

ਨੋਟ: ਕੀਤੇ ਗਏ ਪਦ ਅਰਥਾਂ ਅਨੁਸਾਰ ਤੁਕ ਦੇ ਅਰਥਾਂ ਦਾ ਕੋਈ ਮੇਲ ਨਜ਼ਰ ਨਹੀਂ ਆ ਰਿਹਾ।

ਕੀਤੇ ਗਏ ਪਦ ਅਰਥਾਂ ਅਨੁਸਾਰ ਤੁਕਾਂ ਦੇ ਅਰਥ ਕਰੀਏ ਤਾਂ ਅਰਥ ਕੁੱਝ ਇਸ ਤਰ੍ਹਾਂ ਬਣਦੇ ਹਨ- ਨਾ ਮੈਂ ਤੇਰਾ ਪੁਜਾਰੀ ਹਾਂ ਨਾ ਤੂੰ ਮੇਰੀ ਅਗਿਆਨਤਾ। ਸਰੀਰ ਨੂੰ ਅੰਦਰੋਂ ਸੋਝੀ ਪਰਾਪਤ ਹੋਣ ਤੇ ਪ੍ਰਭੂ ਦੇ ਗੁਣ ਗਾਉਂਦਾ ਹੈ। (ਕੌਣ, ਕਿਸ ਦਾ ਪੁਜਾਰੀ ਨਹੀਂ? ? ?)

ਪਿੱਛਲੇ ਬੰਦ ਵਿੱਚ ਮਾਇ ਦੇ ਅਰਥ ਲਿਖੇ ਹਨ ‘ਮਤਿ’ ਇਸ ਬੰਦ ਵਿੱਚ ਅਰਥ ਲਿਖੇ ਹਨ ‘ਅਗਿਆਨਤਾ’। ਉਦਾਹਰਣ ਲਈ ਤੁਕ ਇੱਕੋ ਹੀ ਪੇਸ਼ ਕੀਤੀ ਗਈ ਹੈ ‘ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥’ ‘ਅਗਿਆਨਤਾ’ ਮਾਰੀ ਜਾਣ ਵਿੱਚ ਅਤੇ ‘ਮੱਤ’ ਮਾਰੀ ਜਾਣ ਵਿੱਚ ਵਿਆਖਿਆਕਾਰ ਜੀ ਨੂੰ ਕੋਈ ਫ਼ਰਕ ਮਹਿਸੂਸ ਨਹੀਂ ਹੁੰਦਾ।

‘ਕਰੈ ਗਜਿੰਦ ਸੁੰਡ ਕੀ ਚੋਟ॥ ਨਾਮਾ ਉਬਰੈ ਹਰਿ ਕੀ ਓਟ॥ 8॥’

ਪਦ ਅਰਥ:

ਗਜਿੰਦੁ- ਦੁਖ ਤਕਲੀਫ਼ ਸਦਮਾ (ਫ਼ਾਰਸੀ ਦੇ ਸ਼ਬਦ ਗਜੰਦ (ਗਜ਼ੰਦ) ਤੋਂ ਗਜਿੰਦ ਹੈ) (? ? ?)
ਅਰਥ:- ਜਿਵੇਂ ਕਾਮਗ੍ਰਸਤ ਹਾਥੀ ਮਹਾਵਤ ਦੇ ਵੱਸ ਹੋ ਕੇ ਆਪਣੀ ਸੁੰਡ ਉਪਰ ਸਾਰੀ ਜ਼ਿਦਗ਼ੀ ਚੋਟਾਂ ਖਾਂਦਾ ਹੈ, ਇਸੇ ਤਰ੍ਹਾਂ ਰਜ਼ਾ ਨਾਲੋਂ ਟੁੱਟਿਆ ਹੋਇਆ (ਬੇਨਾਮਾ) ਮਨੁੱਖ ਵਿਕਾਰਾਂ ਦੀਆਂ ਚੋਟਾਂ ਆਪਣੇ ਸਾਰੇ ਜੀਵਨ ਅੰਦਰ ਖਾਂਦਾ ਰਹਿੰਦਾ ਹੈ। ਉਸ ਖੁਦਾ ਦੀ ਰਜ਼ਾ ਵਿੱਚ ਚੱਲਣ ਵਾਲਾ ਮਨੁੱਖ ਹਮੇਸ਼ਾਂ ਉਸ ਹਰੀ ਦਾ ਓਟ ਆਸਰਾ ਲੈਂਦਾ ਹੈ, ਅਤੇ ਕਰਮਕਾਂਡਾਂ ਤੋਂ ਉੱਪਰ ਉੱਠ ਜਾਂਦਾ ਹੈ। ਉਸ ਨੂੰ ਵਿਕਾਰਾਂ ਰੂਪੀ ਚੋਟਾਂ ਆਪਣੇ ਜੀਵਨ ਅੰਦਰ ਸਹਾਰਨੀਆਂ ਨਹੀਂ ਪੈਂਦੀਆਂ।

ਨੋਟ: ਗਜਿੰਦ ਅਤੇ ਗਜ਼ੰਦ ਦੋਨੋ ਵਖਰੇ ਵੱਖਰੇ ਲਫ਼ਜ਼ ਹਨ।

ਮਹਾਨ ਕੋਸ਼ ਅਨੁਸਾਰ- ਗਜ਼ੰਦ ਦਾ ਅਰਥ ਹੈ (ਫਾ: ) ‘ਦੁਖ, ਤਕਲੀਫ਼। ਗਜਿੰਦ/ਗਜੇਂਦ੍ਰ ਦਾ ਅਰਥ ਹੈ ਵੱਡਾ ਹਾਥੀ।

ਨੋਟ: ‘ਕਰੈ’ ਦਾ ਅਰਥ ‘ਖਾਂਦਾ ਹੈ’ ? ? ?

ਸੁੰਡ ਕੀ ਚੋਟ ਦਾ ਅਰਥ- ਸੁੰਡ ਤੇ ਚੋਟ? ? ? ਆਮ ਤੌਰ ਤੇ ਹਾਥੀ ਮੱਥੇ/ਸਿਰ ਵਿੱਚ ਅੰਕੁਸ਼ ਦੀ ਚੋਟ ਖਾਂਦਾ ਤਾਂ ਸੁਣੀਦਾ ਹੈ, ਸੁੰਡ ਤੇ ਚੋਟ ਖਾਂਦਾ ਕਦੇ ਨਹੀਂ ਸੁਣਿਆ।

‘ਰਜ਼ਾ ਤੋਂ ਟੁੱਟਿਆ ਹੋਇਆ ਬੇਨਾਮਾ’ ਅਰਥ ਕਿੱਥੋਂ ਲਿਆ ਗਿਆ? (ਵਿਆਖਿਆਕਾਰ ਜੀ ਦੇ ਅਰਥਾਂ ਅਨੁਸਾਰ ਹੀ) ਜਿਸ ਤਰ੍ਹਾਂ ਦੂਸਰੇ ਬੰਦ ਵਿੱਚ ‘ਨਾਮਾ’ ਲਫ਼ਜ਼ ਆਇਆ ਹੈ ਉਸੇ ਤਰ੍ਹਾਂ ਪਹਿਲੇ ਬੰਦ ਵਿੱਚ ‘ਬੇਨਾਮਾ’ ਸ਼ਬਦ ਵੀ ਆਉਣਾ ਚਾਹੀਦਾ ਸੀ (? ? ?)

‘ਕਾਜੀ ਮੁਲਾਂ ਕਰਹਿ ਸਲਾਮੁ॥ ਇਨਿ ਹਿੰਦੂ ਮੇਰਾ ਮਲਿਆ ਮਾਨੁ॥ 9॥’

ਪਦ ਅਰਥ-

ਮੇਰਾ- ਮੈਂ, ਆਪਣੇ ਆਪ (? ? ?)

ਮਲਿਆ- ਸਮਝ ਲਿਆ (? ? ?)

‘ਮੇਰਾ’ ਮਲਿਆ ਮਾਨੁ- ਆਪਣੇ ਆਪ ਨੂੰ ਬਰਾਬਰ ਸਮਝ ਲੈਣਾ (? ? ?)

ਅਰਥ:- ਮੁਸਲਮਾਨ ਧਾਰਮਿਕ ਆਗੂਆਂ ਦੀ ਇਹ ਪ੍ਰੇਰਨਾ ਹੈ ਕਿ ਖ਼ੁਦਾ ਮੱਕੇ ਅੰਦਰ ਹੈ; ਮੱਕੇ ਨੂੰ ਹੀ ਸਿਜਦਾ ਕਰੋ। ਕਿਉਂਕਿ ਖ਼ੁਦਾ ਉੱਥੇ ਰਹਿੰਦਾ ਹੈ। ਹਿੰਦੂ ਨੇ ਖ਼ੁਦ ਨੂੰ ਹੀ ਖੁਦਾ ਦੇ ਬਰਾਬਰ ਸਮਝ ਲਿਆ ਹੈ। ਭਾਵ ਆਪ ਹੀ ਖੁਦਾ ਬਣ ਬੈਠਾ ਹੈ।

ਨੋਟ: ਇਹੀ ਇਨ੍ਹਾਂ ਦੀ ਆਪਸੀ ਲੜਾਈ ਹੈ।

ਨੋਟ: ‘ਕਰਹਿ ਸਲਾਮ’ ਦਾ ਅਰਥ- ‘…ਪ੍ਰੇਰਨਾ ਹੈ ਕਿ ਮੱਕੇ ਨੂੰ ਸਿਜਦਾ ਕਰੋ’ ? ? ?

ਮੇਰਾ ਦਾ ਅਰਥ- ਆਪਣੇ ਆਪ ਨੂੰ

“ਮੱਕੇ ਨੂੰ” ਕਿਸ ਲਫ਼ਜ਼ ਦੇ ਅਰਥ ਹਨ? ? ?

‘ਮਾਨੁ’ ਦਾ ਅਰਥ- (? ? ?)

‘ਬਾਦਿਸਾਹ ਬੇਨਤੀ ਸੁਨੇਹੁ॥ ਨਾਮੇ ਸਰ ਭਰਿ ਸੋਨਾ ਲੇਹੁ॥ 10॥’

ਪਦ ਅਰਥ:

ਬੇਨਤੀ- ਅਰਦਾਸ, ਸਿਜਦਾ

ਸੁਨੇਹੁ- ਸੁਣ ਲੈਣਾ, ਪ੍ਰਵਾਨ ਕਰ ਲੈਣਾ (? ? ?)

ਨਾਮੇ- ਨਾਮ ਦੀ ਬਖਸ਼ਿਸ਼ ਨਾਲ

ਸਰ- …. . (ਅਰਥ? ? ?)

ਸੋਨਾ- ਫਾ: ਸੌਨ = ਨਿਗਰਾਨੀ, ਸੁਰੱਖਿਆ, ਵਾਹਿਗੁਰੂ ਦੀ ਰਜ਼ਾ (? ? ?)

ਭਰਿ- ਜੰਗ (? ? ?)

ਸੋਨਾ- (ਸੌਨ) ਨਿਗਰਾਨੀ, ਸੁਰੱਖਿਆ (ਭਾਵ ਵਾਹਿਗੁਰੂ ਦੀ ਨਿਗਰਾਨੀ ਥੱਲੇ) (? ? ?)

(ਨੋਟ: ਮਹਾਨ ਕੋਸ਼ ਅਨੁਸਾਰ, ਸੋਨਾ/ ਸੌਨ ਦਾ ਅਰਥ ਨਿਗਰਾਨੀ, ਸੁਰੱਖਿਆ ਨਹੀਂ ਹੈ)।

ਅਰਥ- (ਅਸਲੀਅਤ ਇਹ ਹੈ ਕਿ):-

‘ਜੋ ਮਨੁੱਖ ਉਸ ਬਾਦਸ਼ਾਹ ਸੁਲਤਾਨ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਕੇ ਨਾਮ ਸਿਮਰਨ ਕਰਦਾ ਹੈ, ਉਸ ਦੀ ਅਰਦਾਸ ਬਿਨਤੀ ਭਾਵ ਸਿੱਜਦਾ ਪ੍ਰਵਾਣ ਹੁੰਦਾ ਹੈ॥ ਉਹ ਧਰਮ ਦੇ ਨਾਮ ਉੱਪਰ ਜੋ ਜੰਗ ਝਗੜਾ ਹੈ ਉਸ ਉੱਤੇ ਨਾਮ ਦੀ ਬਖਸ਼ਿਸ਼ ਨਾਲ ਫ਼ਤਹਿ ਪਾ ਲੈਂਦਾ ਹੈ, ਭਾਵ ਉਸ ਤੋਂ ਮੁਕਤ ਹੋ ਜਾਂਦਾ ਹੈ। ਅੰਤ ਵਿੱਚ ਜਿੱਤ ਸੱਚ ਦੀ ਹੀ ਹੋਣੀ ਹੈ॥

ਨੋਟ: ‘ਨਾਮੇ’ ਲਫ਼ਜ਼ ਦੂਸਰੇ ਬੰਦ ਵਿੱਚ ਆਇਆ ਹੈ ਇਸ ਦੇ ਅਰਥ ਪਹਿਲੇ ਬੰਦ ਵਿੱਚ ਕਰ ਦਿੱਤੇ ਗਏ ਹਨ। ‘ਬੇਨਤੀ’ ਲਫ਼ਜ਼ ਪਹਿਲੇ ਬੰਦ ਵਿੱਚ ਆਇਆ ਹੈ, ਇਸ ਦੇ ਅਰਥ ਦੂਸਰੇ ਬੰਦ ਵਿੱਚ ਕਰ ਦਿੱਤੇ ਗਏ ਹਨ।

‘ਸੁਨੇਹੁ’ ਪਹਿਲੇ ਬੰਦ ਵਿੱਚ ਆਇਆ ਹੈ, ਇਸ ਦੇ ਅਰਥ ਦੂਸਰੇ ਬੰਦ ਵਿੱਚ ਜੋੜ ਦਿੱਤੇ ਗਏ ਹਨ।

‘ਜੋ ਮਨੁੱਖ’ ਅਰਥ ਕਿੱਥੋਂ ਆ ਗਏ? ? ?

ਤੁਕ ਵਿੱਚ ਆਏ ਲਫ਼ਜ਼ ‘ਸਰ’ ਦੇ ਅਰਥ ਕਿਤੇ ਵੀ ਨਜ਼ਰ ਨਹੀਂ ਆ ਰਹੇ।

‘ਸੋਨਾ’ ਲਫ਼ਜ਼’ ਫ਼ਾ: ਦੇ ‘ਸੌਨ’ ਤੋਂ ਨਹੀਂ ਹੈ। ਅਤੇ ਨਾ ਹੀ ਮਹਾਨ ਕੋਸ਼ ਅਨੁਸਾਰ ‘ਸੌਨ’ ਦਾ ਅਰਥ ‘ਨਿਗਰਾਨੀ, ਰਜ਼ਾ’. . ਹੈ।

ਨੋਟ ਕਰੋ- ਨੌਵੇਂ ਬੰਦ ਵਿੱਚ ‘ਸਿਜਦਾ ਕਰਨ’ ਨੂੰ ਗ਼ਲਤ ਕਰਾਰ ਦਿੱਤਾ ਗਿਆ ਹੈ। ਇੱਥੇ ਦਸਵੇਂ ਬੰਦ ਵਿੱਚ ‘ਸਿਜਦਾ ਕਰਨ’ ਨੂੰ ਪ੍ਰਵਾਣ ਮੰਨਿਆ ਗਿਆ ਹੈ। ਯਾਦ ਰਹੇ ਕਿ “ਅਸਲੀਅਤ ਇਹ ਹੈ ਕਿ” ਲਿਖਣ ਤੋਂ ਜਾਹਰ ਹੈ ਕਿ ਇਸ ਦਸਵੇਂ ਬੰਦ ਨੂੰ ਨੌਵੇਂ ਤੋਂ ਅਗੇ ਜਾਰੀ ਰੱਖਿਆ ਗਿਆ ਹੈ।

ਮਾਲ ਲੇਉ ਤਉ ਦੋਜਕਿ ਪਰਉ॥ ਦੀਨ ਛੋਡਿ ਦੁਨੀਆ ਕਉ ਭਰਉ॥ 11॥’

ਪਦ ਅਰਥ-

ਮਾਲੁ- ਸਮਾਨਤਾ (ਬਰਾਬਰਤਾ), ਤੁਲਣਾ

ਮਾਲ ਲੇਉ- ਬਰਾਬਰਤਾ ਕਰਨੀ (? ? ?)

ਪਰਉ- ਪੈਣਾ, ਹੱਕਦਾਰ (? ? ?)

ਦੁਨੀਆ- ਦੁਨਯਾ, ਸੰਸਾਰ, ਨੇੜੇ ਦੀ ਚੀਜ, ਕਮੀਨਾ, ਨਾਲਾਇਕੀ, ਮੂਰਖਤਾ (? ? ?)

ਅਰਥ- ਜੇਕਰ ਉਸ ਵਾਹਿਗੁਰੂ ਦੀ ਬਰਾਬਰਤਾ ਕਰਨ ਵਾਲਾ ਨਾਲਾਇਕ ਹੈ, ਦੋਜ਼ਖ਼ ਦਾ ਹੱਕਦਾਰ ਹੈ॥ ਤਾਂ ਦੀਨ ਛੱਡਣਾ ਵੀ ਤਾਂ ਮੂਰਖਤਾ ਹੈ। ਦੀਨ ਛੱਡਣ ਵਾਲਾ ਵੀ ਤਾਂ ਬਰਾਬਰ ਦਾ ਦੇਣਦਾਰ ਹੈ। ਭਾਵ ਜਵਾਬ ਦੇਹ ਹੈ। ਸੱਚ ਤਾਂ ਦੋਹਾਂ ਦੇ ਪੱਲੇ ਨਹੀਂ॥

ਨੋਟ: ‘ਲੇਉ’ ਦਾ ਅਰਥ- ‘ਕਰਨਾ’ ? ? ?

‘ਦੋਜਕ ਪਰਉ’ ਦਾ ਅਰਥ- ‘ਨਲਾਇਕ ਹੈ’ ? ? ?

‘ਦੁਨੀਆ’ ਦਾ ਅਰਥ- ‘ਮੂਰਖਤਾ’ ? ? ?

‘ਪਾਵਹੁ ਬੇੜੀ ਹਾਥਹੁ ਤਾਲ॥ ਨਾਮਾ ਗਾਵੈ ਗੁਨ ਗੋਪਾਲ॥ 12॥’

ਪਦ ਅਰਥ-

ਪਾਵਹੁ- ਪਾਉਣੀ, ਜਿਸ ਤਰ੍ਹਾਂ ਦਰਿਆ ਨੂੰ ਪਾਰ ਕਰਨ ਲਈ ਕੋਈ ਬੇੜੀ ਸਮੁੰਦਰ ਵਿੱਚ ਪਾਉਂਦਾ ਹੈ (? ? ?)

ਹਾਥਹੁ- ਡੁੰਘਿਆਈ ਨਾਪਣਾ (? ? ?)

ਤਾਲ- ਭਵਸਾਗਰ, ਸਮੁੰਦਰ

ਨਾਮਾ ਗਾਵੈ- ਨਾਮ ਸਿਮਰਨ ਕਰਨਾ।

ਗੁਨ- ਗੁਣ

ਅਰਥ- ਜੇਕਰ ਇਸ ‘ਆਤਮਕ ਗਿਆਨ’ ਰੂਪੀ ਸਮੁੰਦਰ ਦੀ ਡੁੰਘਾਈ ਮਾਪਣਾ ਚਾਹੁੰਦੇ ਹੋ ਭਾਵ ਜਾਨਣਾ ਚਾਹੁੰਦੇ ਹੋ॥ ਪਾਲਕ ਅਤੇ ਰੱਖਿਅਕ ਦੇ ਨਾਮ ਸਿਮਰਨ ਰੂਪੀ ਬੇੜੀ ਨੂੰ ਆਤਮਿਕ ਗਿਆਨ ਰੂਪੀ ਸਮੁੰਦਰ ਵਿੱਚ ਪਾਵੋ। ਤਾਂ ਹੀ ਇਹ ਆਤਮਿਕ ਗਿਆਨ ਰੂਪੀ ਸੱਚ ਜਾਣਿਆ ਜਾ ਸਕਦਾ ਹੈ॥

ਨੋਟ: (ਪ੍ਰੋ: ਸਾਹਿਬ ਸਿੰਘ ਮੁਤਾਬਕ) ‘ਹਾਥ’ ਦਾ ਅਰਥ ‘ਡੁੰਘਾਈ ਦੀ ਸਮਝ’ ਹੈ ‘ਹਾਥਹੁ’ ਦਾ ਨਹੀਂ। ‘ਹਾਥਹੁ’ ਦਾ ਅਰਥ ਹੈ ‘ਹੱਥਾਂ ਨਾਲ ਜਾਂ ‘ਹੱਥਾਂ ਵਿੱਚ’।

‘ਆਤਮਕ ਗਿਆਨ’ ਰੂਪੀ ਸਮੁੰਦਰ ਦੀ ਡੁੰਘਾਈ ਨਾਪਣ ਦਾ ਕੀ ਭਾਵ ਹੋਇਆ? ਕੀ ਮਨੁੱਖ ਨੂੰ ਇਹ ਆਤਮਿਕ ਗਿਆਨ ਦੀ ਡੁੰਘਾਈ ਹਰ ਰੋਜ ਨਾਪਣੀ ਚਾਹੀਦੀ ਹੈ ਕਿ ਅੱਜ ਕਿੰਨੀਂ ਹੋ ਗਈ ਹੈ? ਜਾਂ ਫੇਰ ਸਮੇਂ ਸਮੇਂ ਤੇ ਨਾਪਦੇ ਰਹਿਣੀ ਚਾਹੀਦੀ ਹੈ?

‘ਬੇੜੀ’ ਲਫ਼ਜ਼ ਪਹਿਲੇ ਬੰਦ ਵਿੱਚ ਆਇਆ ਹੈ ਅਰਥ ਦੂਸਰੇ ਬੰਦ ਵਿੱਚ ਜੋੜ ਦਿੱਤੇ ਗਏ ਹਨ।

ਨਾਮਾ ਦਾ ਅਰਥ ਜੇ ਨਾਮ ਸਿਮਰਨਾ ਹੈ। ਤਾਂ ‘ਗਾਵੈ’ ਦਾ ਅਰਥ? ? ? ‘ਗੁਨ’ ਅਤੇ ‘ਗੋਪਾਲ’ ਦੇ ਕੀ ਅਰਥ? ? ?

‘ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ॥ 13॥’

ਅਰਥ- ਜਿਸ ਤਰ੍ਹਾਂ ਗੰਗਾ ਜਮਨਾ ਉਲਟ ਵਹਿਣ ਲੱਗ ਪੈਣ ਇਸ ਤਰ੍ਹਾਂ ਕਰਮਕਾਂਡਾਂ ਨਾਲੋਂ ਟੁੱਟ ਕੇ ਉਸ ਦੀ ਰਜ਼ਾ ਅੰਦਰ ਉਸ ਵਾਹਿਗੁਰੂ ਦਾ ਨਾਮ ਸਿਮਰਨ ਸਦਾ ਹੀ ਕਰਦਾ ਰਹੇ। ਤਦ ਹੀ ਇਸ ਆਤਮਿਕ ਗਿਆਨ ਨੂੰ ਮਾਣਿਆ ਜਾ ਸਕਦਾ ਹੈ।

ਨੋਟ- ਗੰਗਾ ਜਮਨਾ ਦਾ ਉਲਟਾ ਵਹਿਣ ਤੋਂ ਕੀ ਭਾਵ ਹੋਇਆ? ਕੀ ਗੰਗਾ ਜਮਨਾ ਕਦੇ ਉਲਟੀਆਂ ਵਹਿੰਦੀਆਂ ਹਨ? “ਜਿਸ ਤਰ੍ਹਾਂ ਗੰਗਾ ਜਮੁਨਾ ਉਲਟੀਆਂ ਵਹਿਣ ਲੱਗ ਪੈਣ, ਇਸ ਤਰ੍ਹਾਂ ਕਰਮ-ਕਾਂਡਾਂ ਤੋਂ ਪਲਟਣਾ ਹੈ”, ਤਾਂ ਕੀ ਹੁਣ ਗੰਗਾ ਜਮਨਾ ਸਿੱਧੀਆਂ ਵਹਿੰਦੀਆਂ ਹਨ ਇਸ ਵਿੱਚ ਕੋਈ ਖਰਾਬੀ ਵਾਲੀ ਗੱਲ ਹੈ? ਇਸ ਵਿੱਚ ਵਾਹਿਗੁਰੂ ਦੀ ਰਜ਼ਾ ਤੋਂ ਉਲਟ ਕੋਈ ਕੰਮ ਹੋ ਰਿਹਾ ਹੈ?

‘ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਨੀ॥ 14॥’

ਪਦ ਅਰਥ-

ਸਾਤ- ਤੇਜ (Fast) (???)

ਸੁਣੀ- ਸੁਝਣਾ (? ? ?)

ਅਰਥ- ਜੀਵਣ ਦਾ ਸਮਾਂ ਬਹੁਤ ਸੀਮਿਤ ਹੈ, ਤੇਜ ਹੈ ਅਤੇ ਜਦੋਂ ਅੰਤ ਸਮੇਂ ਇਹ ਸੋਚਣਾ ਕਿ॥ ਅਜੇ ਤ੍ਰਿਲੋਕੀ ਦੇ ਮਾਲਕ ਦੀ ਬਖਸ਼ਿਸ਼ ਦੀ ਸਮਝ ਹੀ ਨਹੀਂ ਪਈ ਤਾਂ ਉਸ ਵੇਲੇ ਸਮਾਂ ਬੀਤ ਚੁੱਕਾ ਹੋਣਾ। ਫਿਰ ਜੀਵਨ ਦੇ ਲਕਸ਼ ਦੀ ਪ੍ਰਾਪਤੀ ਨਹੀਂ ਹੋਣੀ।

ਨੋਟ: ਸੁਣੀ ਦਾ ਅਰਥ ‘ਸੁਝਣਾ, ਸੋਚਣਾ, ? ? ?

ਬੀਤੀ ਲਫ਼ਜ਼ ਬੰਦ ਦੇ ਪਹਿਲੇ ਹਿੱਸੇ ਵਿੱਚ ਆਇਆ ਹੈ ਪਰ ਇਸ ਦੇ ਅਰਥ ਬੰਦ ਦੇ ਦੂਸਰੇ ਹਿੱਸੇ ਵਿੱਚ ਕਰ ਦਿੱਤੇ ਗਏ ਹਨ।

ਅਜਹੁ ਨ ਆਇਓ’ ਦਾ ਅਰਥ ‘ਅਜੇ. . ਬਖਸ਼ਿਸ਼ ਦੀ ਸਮਝ ਹੀ ਨਹੀਂ ਪਈ’ ? ? ?

ਨੋਟ:- ਮਹਾਨ ਕੋਸ਼ ਵਿੱਚ ‘ਸਾਤ’ ਦਾ ਅਰਥ ਸੱਤ (7) ਲਿਖਿਆ ਹੈ। ਅਤੇ ਨਾਲ ਇਸੇ ਪ੍ਰਸਤੁਤ ਸ਼ਬਦ ਵਿੱਚੋਂ ਉਦਾਹਰਣ ਦਿੱਤੀ ਹੈ “ਸਾਤ ਘੜੀ ਜਬ ਬੀਤੀ ਸੁਨੀ॥ (ਭੈਰਉ ਨਾਮਦੇਵ)”। ਇਹ ਅਰਥ ਛੱਡ ਕੇ ਮਹਾਨ ਕੋਸ਼ ਵਿੱਚ ਲਿਖੇ ਅਰਥ #4 ਵਾਲੇ ‘ਸ਼ਾਤ’ = ਤਿੱਖਾ, ਤੇਜ਼” ਅਰਥ ਵਰਤੇ ਗਏ ਹਨ। ਪਰ ਸਾਡੇ ਵਿਆਖਿਆਕਾਰ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ‘ਸ਼ਾਤ’ ਦਾ ਅਰਥ ‘ਰਫ਼ਤਾਰ ਵਾਲਾ ਤੇਜ’ ਨਹੀਂ ਬਲਕਿ `ਚਾਕੂ ਦੀ ਧਾਰ ਵਾਲਾ (ਤਿੱਖਾ) ਤੇਜ’ ਹੈ। ਸ਼ਾਤ ਦੇ ਅਰਥ ਹਨ- ਤਿੱਖਾ, ਤਿੱਖਾ ਕੀਤਾ ਹੋਇਆ, ਤੇਜ਼, ਪਤਲਾ, ਦੁਬਲਾ, ਕਮਜੋਰ।

ਨੋਟ: ਸਾਤ ਦਾ ਅਰਥ ‘ਸੱਤ’ ਨੂੰ ਬਦਲ ਕੇ `ਤੇਜ (ਰਫ਼ਤਾਰ ਵਾਲਾ) ਅਰਥ ਕਰਕੇ ਕਿੰਨੀ ਖੂਬੀ ਨਾਲ ਤੁਕ ਦੇ ਅਰਥ ਕਰ ਦਿੱਤੇ ਗਏ ਹਨ। ਇਸ ਤੋਂ ਸਾਰੀ ਵਿਆਖਿਆ ਵਿੱਚ ਵਰਤੀ ਗਈ ਇਮਾਨਦਾਰੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

‘ਪਾਖੰਤਣ ਬਾਜ ਬਜਾਇਲਾ॥ ਗਰੁੜ ਚੜ੍ਹੇ ਗੋਬਿੰਦ ਆਇਲਾ॥ 15॥’

ਪਾ- (ਫਾਰਸੀ) ਹੇਠਾਂ, ਨੀਵਾਂ ਭਾਵ ਨੀਵੇਂ ਪੱਧਰ ਦੀ ਗੱਲ। (? ? ?).

ਖੰਤਣ- ਸੁੰਨਤ ਕਰਨਾ, ਫਾਰਸੀ ਖਤਨ ਤੋਂ ਖੰਤਨ ਹੈ (? ? ?)

ਬਾਜ- ਬਗ਼ੈਰ (? ? ?)

ਬਜਾ- (ਫ਼ਾਰਸੀ) ਗ਼ਲਤੀ, ਭੁੱਲ, ਦੋਸ਼, ਪਾਪ (? ? ?)

ਇਲਾ- (ਫ਼ਾਰਸੀ) ਨਹੀਂ ਤਾਂ, ਇਸ ਤੋਂ ਬਿਨਾ, ਪ੍ਰੰਤੂ, ਸਿਵਾਏ (? ? ?)

ਗਰੁੜ- ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ॥ (171)

ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ॥ (1260)

(ਨੋਟ- ਮੁੱਖ ਵਿੱਚ ਲੀਠਾ (ਚੱਟਿਆ), ਅਤੇ ‘ਮੁਖ ਪਾਇਆ’ ਦਾ ਜ਼ਿਕਰ ਹੈ। ਪ੍ਰਕਾਸ਼ ਹੋਣ ਦਾ ਨਹੀਂ)

ਚੜ੍ਹੇ- ਪ੍ਰਕਾਸ਼ ਹੋਣਾ (? ? ?)

ਗਰੁੜ ਚੜ੍ਹੇ – ਗਿਆਨ ਦਾ ਪ੍ਰਕਾਸ਼ ਹੋਣਾ (? ? ?)

ਗਰੁੜ ਚੜ੍ਹੇ ਆਇਲਾ- ਆਤਮਿਕ ਗਿਆਨ ਤੋਂ ਬਿਨਾ ਗੁਰਮਤਿ ਦਾ ਪ੍ਰਕਾਸ਼ ਨਹੀਂ ਹੁੰਦਾ (? ? ?) (ਨੋਟ: ਗੁਰਮਤਿ ਨਾਲ ਆਤਮਿਕ ਗਿਆਨ ਹੋਣਾ ਹੈ ਕਿ ਆਤਮਿਕ ਗਿਆਨ ਨਾਲ ਗੁਰਮਤਿ ਦਾ ਪ੍ਰਕਾਸ਼ ਹੋਣਾ ਹੈ? ? ?

ਅਰਥ- (ਇਹ ਭੁੱਲ ਹੈ) -

‘ਹੇਠਲੇ ਪੱਧਰ ਭਾਵ ਛੋਟੇ ਲੈਵਲ ਦੀ ਗੱਲ ਹੈ ਸੁੰਨਤ ਕਰਨ ਤੋਂ ਬਗ਼ੈਰ ਆਤਮਿਕ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ॥ (ਮੁਸਲਮਾਨ ਇਹ ਸਮਝਦਾ ਹੈ ਕਿ ਸੁੰਨਤ ਕਰਨਾ ਹੀ ਆਤਮਕ ਗਿਆਨ ਦੇ ਮਾਰਗ ਦੀ ਪ੍ਰਾਪਤੀ ਹੈ)।

ਨੋਟ- ਮੁਸਲਮਾਨ ਵੀਚਾਰਧਾਰਾ ਅਨੁਸਾਰ ਆਤਮਿਕ ਗਿਆਨ ਦੀ ਸੂਝ ਲਈ ਸੁੰਨਤ ਕਰਨੀ ਪੈਂਦੀ ਹੈ, ਨਹੀਂ ਤਾਂ ਪ੍ਰਵਾਣ ਨਹੀਂ। ਇਸ ਵੀਚਾਰਧਾਰਾ ਨੂੰ ਭਗਤ ਨਾਮਦੇਵ ਜੀ ਗੁਰਮਤਿ ਵੀਚਾਰਧਾਰਾ ਅਨੁਸਾਰ ਰੱਦ ਕਰਦੇ ਹਨ। ਭਗਤ ਜੀ ਕਹਿੰਦੇ ਹਨ ਕਿ ਨਿਰੀ ਸੁੰਨਤ ਕਰਨ ਨਾਲ ਸੱਚ ਨਹੀਂ ਜਾਣਿਆ ਜਾ ਸਕਦਾ।

ਨੋਟ:

‘ਪਾਖੰਤਣ, ਬਾਜ, ਬਜਾਇਲਾ’ ਇਨ੍ਹਾਂ ਵਿੱਚੋਂ ਕਿਸੇ ਲਫ਼ਜ਼ ਦਾ ਅਰਥ ਕਿਸੇ ਸ਼ਬਦ ਕੋਸ਼ ਅਨੁਸਾਰ ਠੀਕ ਨਹੀਂ ਲਿਖਿਆ ਗਿਆ।

‘ਪਾ’ ਦਾ ਅਰਥ ‘ਪੈਰ’ ਹੈ, ਸੁੰਨਤ ਪੈਰਾਂ ਦੀ ਨਹੀਂ ਹੁੰਦੀ। ਜੇ ਪੈਰ ਨੀਵੇਂ ਥਾਂ ਹੋਣ ਕਰਕੇ ਇਸ ਨੂੰ ਨੀਵੇਂ ਪਧਰ ਦੀ ਗੱਲ ਮੰਨੀਏ ਤਾਂ ‘ਸੁੰਨਤ’ ਨੀਵੇਂ ਪੱਧਰ ਦੀ ਗੱਲ ਨਹੀਂ, ਇਸ ਨੂੰ ਕਰਮਕਾਂਡ ਕਿਹਾ ਜਾ ਸਕਦਾ ਹੈ।

ਮਹਾਨ ਕੋਸ਼ ਅਨੁਸਾਰ ‘ਖੰਤਣ’ ਦਾ ਅਰਥ ਸੁੰਨਤ ਨਹੀਂ। ਨਾ ਹੀ ‘ਖੰਤਣ’ ‘ਖਤਨਾ’ ਤੋਂ ਬਣਿਆ ਹੈ। ਨਾ ਹੀ ‘ਖੰਤਣ’ ਕੋਈ ਲਫ਼ਜ਼ ਹੀ ਹੈ।

“ਪਾਖੰਤਣ ਬਾਜ ਬਜਾਇਲਾ॥” ਅਤੇ “ਗੁਰੜ ਚੜ੍ਹੇ ਆਇਲਾ॥” ਦੋਨੋਂ ਵੱਖ ਵੱਖ ਮੁਕੰਮਲ ਬੰਦ ਹਨ ਕਿਉਂਕਿ ਦੋਨਾਂ ਦੇ ਅੱਗੇ “॥” ਡੰਡੇ ਲੱਗੇ ਹੋਏ ਹਨ। ਪਰ ਅਰਥ ਕਰਨ ਲੱਗੇ ਦੋਨਾਂ ਬੰਦਾਂ ਨੂੰ ਮਿਲਾਏ ਬਗੈਰ ਅਰਥ ਨਹੀਂ ਕੀਤੇ ਗਏ/ ਨਹੀਂ ਕੀਤੇ ਜਾ ਸਕਦੇ।

ਮਹਾਨ ਕੋਸ਼ ਅਨੁਸਾਰ ‘ਬਜਾ’ ਦਾ ਅਰਥ ਗ਼ਲਤੀ, ਭੁੱਲ, ਦੋਸ਼, ਪਾਪ ਨਹੀਂ ਬਲਕਿ ਥਾਂ ਸਿਰ, ਠਿਕਾਣੇ ਪੁਰ, ਠੀਕ, ਵਾਜਿਬ, ਉਚਿਤ ਹੈ। (ਜਾਣੀ ਕਿ ਬਿਲਕੁਲ ਉਲਟ ਅਰਥ ਕੀਤੇ ਗਏ ਹਨ)।

ਗਰੁੜ ਚੜ੍ਹੇ ਗੋਬਿੰਦ ਆਇਲਾ ਦਾ ਅਰਥ- ‘ਆਤਮਿਕ ਗਿਆਨ’ ਦਾ ਪ੍ਰਕਾਸ਼? ? ?

ਬਾਜ- ਬਗੈਰ? ? ? ਨੋਟ ਕਰੋ ‘ਬਾਝ’ ਨਹੀਂ ‘ਬਾਜ’ ਲਫ਼ਜ਼ ਹੈ।

‘ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜ੍ਹੇ ਆਏ ਗੋਪਾਲ॥ 16॥’

ਪਰਤਿਪਾਲ- ਬਖਸ਼ਿਸ਼

ਗਰੁੜ ਚੜ੍ਹੇ- ਆਤਮਿਕ ਗਿਆਨ ਦਾ ਪ੍ਰਕਾਸ਼

ਅਰਥ- (ਜਦੋਂ ਕਿ ਸੱਚ ਇਹ ਹੈ ਕਿ ਜੋ ਉਸ ਖ਼ੁਦਾ ਦੀ ਬੰਦਗ਼ੀ ਕਰਦਾ ਹੈ),

‘ਖ਼ੁਦਾ ਉਸ ਬੰਦਗ਼ੀ ਕਰਨ ਵਾਲੇ ਉੱਪਰ ਆਪਣੀ ਬਖਸ਼ਿਸ਼ ਕਰਦਾ ਹੈ ਤਾਂ ਬੰਦਗ਼ੀ ਕਰਨ ਵਾਲੇ ਨੂੰ ਆਤਮਿਕ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਭਾਵ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੁੰਦੀ ਹੈ। ਸੁੰਨਤ ਕਰਨ ਨਾਲ ਜਾਂ ਗਾਇਤ੍ਰੀ ਮੰਤਰ ਪੜ੍ਹਨ ਨਾਲ ਨਹੀਂ।

ਨੋਟ: “ਕੀ” ਦਾ ਅਰਥ, ‘ਕੀਤੀ” ਜਾਂ ਕਿ ‘ਕਰਦਾ ਹੈ’ ? ? ?

‘ਆਏ’ ਦਾ ਅਰਥ- ‘ਹੁੰਦਾ ਹੈ’ (? ? ?)

‘ਕਹਹਿ ਧਰਣਿ ਇਕੋਡੀ ਕਰਉ॥ ਕਹਹਿ ਤਲੇ ਕਰਿ ਊਪਰਿ ਧਰਉ॥ 17॥’

ਅਰਥ- ਗੱਲਾਂ ਨਾਲ ਧਰਤੀ ਪੁੱਠੀ ਕਰਿ ਦਿੰਦੇ ਹਨ। ਗੱਲਾਂ ਨਾਲ ਹੇਠਲਾ ਪਾਸਾ ਉੱਪਰ ਅਤੇ ਉੱਪਰਲਾ ਹੇਠਾਂ ਕਰ ਦਿੰਦੇ ਹੋ, ਭਾਵ ਧਰਤੀ ਪੁੱਠੀ, ਸਿੱਧੀ ਕਰ ਦਿੰਦੇ ਹੋ। ਭਗਤ ਜੀ ਕਹਿੰਦੇ ਹਨ ਕਿ ਨਿਰੀਆਂ ਗੱਲਾਂ ਨਾਲ ਹੀ ਸੱਚ ਨਹੀਂ ਮਾਣਿਆ ਜਾ ਸਕਦਾ।

ਨੋਟ: ‘ਤ’ ਦਾ ਅਰਥ? ? ?

ਕਹਹਿ ਤ’ ਦਾ ਅਰਥ- ਕਹੇਂ ਤਾਂ, ਹੈ ਜਾਂ ‘ਗੱਲਾਂ ਨਾਲ’ ? ? ?

‘ਸੱਚ ਨਹੀਂ ਮਾਣਿਆ ਜਾ ਸਕਦਾ’ ਅਰਥ/ਭਾਵਾਰਥ ਕਿੱਥੋਂ ਆ ਗਏ? ? ?

‘ਧਰਤੀ ਟੇਢੀ ਜਾਂ ਉਪਰ ਥੱਲੇ ਕਰਨ’ ਅਤੇ ‘ਸੱਚ ਨਹੀਂ ਮਾਣਿਆ ਜਾ ਸਕਦਾ’ ਦਾ ਆਪਸ ਵਿੱਚ ਕੀ ਮੇਲ? ? ?

‘ਕਹਹਿ ਤ ਮੁਈ ਗਊ ਦੇਉ ਜੀਆਇ॥ ਸਭੁ ਕੋਈ ਦੇਖੈ ਪਤਿਆਇ॥ 18॥’

ਅਰਥ- ਗੱਲਾਂ ਨਾਲ ਤਾਂ ਖਿਮਾ ਅਤੇ ਧੀਰਜ ਰੂਪੀ ਗਊ ਜੀਵਾਲ ਦਿੰਦੇ ਹੋ ਪਰ ਨਿਰਾ ਗੱਲਾਂ ਨਾਲ ਉਹ ਖ਼ੁਦਾ ਨਹੀਂ ਪਤੀਜਦਾ ਉਹ ਤਾਂ ਸਭ ਕੁੱਝ ਦੇਖਕੇ ਪਤੀਜਦਾ (ਪ੍ਰਸੰਨ) ਹੁੰਦਾ ਹੈ।

ਨੋਟ: ‘ਕਹਹਿ ਤ’ ਦਾ ਅਰਥ- ‘ਜੇ ਕਹੇਂ ਤਾਂ’ ਬਣਦਾ ਹੈ, ਜਾਂ ‘ਗੱਲਾਂ ਨਾਲ ਹੀ’ ? ? ?

ਯਾਦ ਰਹੇ ਕਿ ਇਸੇ ਸ਼ਬਦ ਦੇ ਚੌਥੇ ਬੰਦ ਵਿੱਚ ਅਰਥ ਆਏ ਹਨ ‘ਕਿਉਂਕਿ ਕੋਹੀ ਹੋਈ ਖਿਮਾਂ ਅਤੇ ਧੀਰਜ ਰੂਪੀ ਗਊ ਜੀ ਨਹੀਂ ਸਕਦੀ॥ ਇਹ ਮੇਰੇ ਕੀਤਿਆਂ ਤਾਂ ਕੁੱਝ ਹੋ ਨਹੀਂ ਸਕਦਾ, ਜੋ ਤੂੰ ਕਰੇਂ ਉਹੀ ਹੁੰਦਾ ਹੈ। ਇਸ ਲਈ ਇੱਥੇ ‘ਗੱਲਾਂ ਨਾਲ ਹੀ’ ਅਰਥ ਕਿਸ ਤਰ੍ਹਾਂ ਕੀਤੇ ਜਾ ਸਕਦੇ। ਇਕ ਪਾਸੇ ਕਹਿਣ ਵਾਲਾ ਕਹਿ ਰਿਹਾ ਹੈ ‘ਮੇਰੇ ਕੀਤਿਆਂ ਕੁੱਝ ਨਹੀਂ ਹੋ ਸਕਦਾ’ ਦੂਜੇ ਪਾਸੇ ਕਿਹਾ ਜਾ ਰਿਹਾ ਹੈ ‘ਗੱਲਾਂ ਨਾਲ ਹੀ ਖਿਮਾ ਅਤੇ ਧੀਰਜ ਰੂਪੀ ਗਊ ਜੀਵਾਲ ਦਿੰਦੇ ਹੋ’। ਦੋਨੋਂ ਆਪਾ ਵਿਰੋਧੀ ਗੱਲਾਂ ਕਿਵੇਂ? ? ?

‘ਸਭ ਕੋਈ’ ਦਾ ਅਰਥ ‘ਸਭ ਕੁਝ’ ? ? ? ਵੈਸੇ ਵਿਆਕਰਣ ਦੇ ਹਿਸਾਬ ਨਾਮ ‘ਦੇਉ’ ਦਾ ਅਰਥ ਬਣਦਾ ਹੈ (ਦੇਉਂ) ‘ਮੈਂ…ਦੇਵਾਂ’।

‘ਗੱਲਾਂ ਨਾਲ ਤਾਂ ….’ ਇਹ ਗੱਲ ਕੌਣ ਕਹਿ ਰਿਹਾ ਹੈ? ? ?

ਨੋਟ- ‘ਗਊ’ ਦੇ ਅਰਥ ਲਈ ਬੰਦ ਨੰ: 19 ਤੇ ਨੋਟ ਦੇਖੋ।

‘ਨਾਮਾ ਪ੍ਰਣਵੈ ਸੇਲ ਮਸੇਲ॥ ਗਊ ਦੁਹਾਈ ਬਛਰਾ ਮੇਲਿ॥ 19॥’

ਪਦ ਅਰਥ-

ਨਾਮਾ- ਹੁਕਮ, ਰਜ਼ਾ (? ? ?)

ਪ੍ਰਣਵੈ- ਝੁਕਦਾ ਹੈ, ਸਿਜਦਾ ਕਰਨਾ

ਸੇਲ- ਸੇਲੀ ਤੋਂ ਹੈ (ਸੇਲੀ ਗੁੱਤ ਵਾਂਗ ਤਿੰਨ ਲੜੀਆਂ ਵਾਲੀ ਗੁੰਦਵੀਂ ਰੱਸੀ ਹੈ। ਸੇਲੀ ਨੂੰ ਮੁਸਲਮਾਨ ਤਿਆਗ ਅਤੇ ਵੈਰਾਗ ਦਾ ਚਿਨ੍ਹੰ ਸਮਝਦੇ ਹਨ। ਜਿਵੇਂ ਅੱਜ ਵੀ ਅਰਬ ਮੁਲਕਾਂ ਦੇ ਮੁਸਲਮਾਨ ਸਿਰ ਉੱਤੇ ਕਪੜਾ ਰੱਖਕੇ ਉੱਪਰ ਸੇਲੀ ਬੰਨ੍ਹਦੇ ਹਨ। (? ? ?)

ਮਸੇਲ- ਜਿਸ ਗੱਲ ਵਿੱਚ ਸੱਚਾਈ ਨਾ ਹੋਵੇ। (? ? ?) (ਇਹ ਅਰਥ ਕਿੱਥੋਂ ਆਏ? ? ?)

ਨਾਮਾ ਪ੍ਰਣਵੈ ਸੇਲ ਮਸੇਲ- ਸਿਰ ਉੱਪਰ ਇੱਕ ਤਿਆਗ ਅਤੇ ਵੈਰਾਗ ਰੂਪ ਚਿੰਨ੍ਹ ਧਾਰਨ ਕਰ ਲੈਣੇ ਪਰ ਅੰਦਰ ਸੱਚ ਨਾ ਹੋਣਾ ਨਿਰਾ ਵਿਖਾਵੇ ਦੇ ਤੌਰ ਤੇ ਧਾਰਨ ਕਰ ਲੈਣ ਨੂੰ ਹੀ ਸੱਚ ਸਮਝਣਾ।

ਦੁਹਾਈ- ਦੁਹਾਈ ਪਾਉਣੀ (? ? ?)

ਬਛਰਾ- ਗਾਂ ਦਾ ਦੁਧ ਚੁੰਘਣ ਵਾਲਾ ਬਛੜਾ

ਅਰਥ- ਇੱਕ ਸੇਲੀ ਰੂਪੀ ਚਿੰਨ੍ਹ ਧਾਰਨ ਕਰ ਲੈਣ ਨੂੰ ਹੀ ਵੈਰਾਗ, ਤਿਆਗ ਅਤੇ ਉਸ ਪ੍ਰਭੂ ਦੀ ਰਜ਼ਾ ਸਮਝਦਾ ਹੈ। ਦੂਸਰਾ, ਵੱਛੇ ਵਾਂਗ ਗਾਇਤ੍ਰੀ ਦੀ ਦੁਹਾਈ ਹੀ ਪਾਈ ਜਾਂਦਾ ਹੈ ਕਿ ਗਾਇਤ੍ਰੀ ਮੰਤਰ ਹੀ ‘ਮੇਲਿ’ ਆਤਮਿਕ ਗਿਆਨ ਦੀ (ਪ੍ਰਾਪਤੀ) ਦਾ ਸਾਧਨ ਹੈ।

ਨੋਟ:

‘ਪ੍ਰਣਵੈ’ ਅਰਥ ਕੀਤੇ ਗਏ ਹਨ ‘ਝੁਕਣਾ, ਸਿਜਦਾ ਕਰਨਾ’। ਪਰ ਤੁਕ ਦੇ ਅਰਥ ਕਰਨ ਲੱਗਿਆਂ ਇਹ ਲਫ਼ਜ਼ ਕਿੱਥੇ ਗਿਆ? ? ?

‘ਰਜ਼ਾ ਸਮਝਦਾ ਹੈ’ ਅਰਥ ਕਿੱਥੋਂ ਆਏ? ? ?

ਕੀਤੇ ਗਏ ਪਦ ਅਰਥਾਂ ਅਨੁਸਾਰ ‘ਨਾਮਾ ਪ੍ਰਣਵੈ ਸੇਲ ਮਸੇਲ’ ਦੇ ਅਰਥ ਬਣਦੇ ਹਨ ‘ਨਾਮ ਸਿਮਰਨ ਵਾਲਾ ਸੇਲੀ ਰੂਪੀ ਚਿੰਨ੍ਹ ਧਾਰਣ ਕਰਨ ਵਾਲੇ ਅੱਗੇ ਝੁਕਦਾ ਹੈ’।

ਦੂਸਰੇ ਬੰਦ ਵਿੱਚ ‘ਮੇਲਿ’ ਲਫ਼ਜ਼ ਕਿਤੇ ਫਿਟ ਨਹੀਂ ਹੁੰਦਾ ਜ਼ਬਰਦਸਤੀ ਫਿਟ ਕੀਤਾ ਗਿਆ ਹੈ।

ਨੋਟ- ਮਹਾਨ ਕੋਸ਼ ਅਨੁਸਾਰ, ਸੇਲਮ- ਸਲਮ, ਬਨ੍ਹਣਾ। ਅਤੇ ਸੇਲ- ਖੁਰ, ਪਿਛਲੇ ਪੈਰ ਹੈ।

ਸੇਲੀ ਲਫ਼ਜ਼ ਸੇਲ ਤੋਂ ਨਹੀਂ ਬਣਿਆ। ‘ਸੇਲ’ ਅਤੇ ‘ਸੇਲੀ’ ਦੋਨਾਂ ਦੇ ਅਰਥ ਵੱਖਰੇ ਵੱਖਰੇ ਹਨ। ਮਸੇਲ ਦਾ ਅਰਥ ‘ਜਿਸ ਵਿੱਚ ਸੱਚਾਈ ਨਹੀਂ’ ਮਹਾਨ ਕੋਸ਼ ਵਿੱਚ ਇਹ ਅਰਥ ਨਹੀਂ ਲਿਖੇ ਹੋਏ।

ਖਾਸ ਨੋਟ- ‘ਬਛਰਾ’ ਦਾ ਅਰਥ ਗਾਂ ਦਾ ਦੁਧ ਚੁੰਘਣ ਵਾਲਾ ਬਛੜਾ। ਯਾਦ ਰਹੇ ਕਿ ਇਸੇ ਸ਼ਬਦ ਦੇ ‘॥ 2॥’ ਬੰਦ ‘ਬਿਸਮਿਲ ਗਊ ਦੇਹੁ ਜੀਵਾਇ॥’ ਵਿੱਚ ‘ਗਊ’ ਦਾ ਅਰਥ ਸਮਝਾਉਣ ਲਈ ਵਿਆਖਿਆਕਾਰ ਸੱਜਣ ਜੀ ਨੇ ਗੁਰਬਾਣੀ ਵਿੱਚੋਂ ਉਦਾਹਰਣ ਪੇਸ਼ ਕੀਤੀ ਹੈ “ਖਿਮਾ ਧੀਰਜ ਕਰਿ ਗਊ ਲਵੇਰੀ ਸਹਜੇ ‘ਬਛਰਾ’ ਖੀਰੁ ਪੀਏ॥” ਇੱਥੋਂ ਗਊ ਦੇ ਅਰਥ ‘ਖਿਮਾ ਅਤੇ ਧੀਰਜ’ ਲੈ ਲਏ ਗਏ ਹਨ। ਪਰ ਇਸੇ ਤੁਕ ਵਿੱਚ ਲਫ਼ਜ ‘ਬਛਰਾ’ ਵੀ ਆਇਆ ਹੈ। ਜੋ ਕਿ ‘ਮਨ’ ਦੀ ਸਹਜ ਅਵਸਥਾ ਲਈ ਆਇਆ ਹੈ। ਜੇ ਗਊ ਦੇ ਅਰਥ ਖਿਮਾ ਧੀਰਜ ਮੰਨੇ ਜਾ ਰਹੇ ਹਨ ਤਾਂ ‘ਬਛਰਾ’ ਦਾ ਅਰਥ ‘ਮਨ’ ਕਿਉਂ ਨਹੀਂ ਲਿਆ ਗਿਆ/ਲਿਆ ਜਾ ਸਕਦਾ? ? ?

‘ਦੂਧਹਿ ਦੁਹਿ ਜਬ ਮਟੁਕੀ ਭਰੀ॥ ਲੇ ਬਾਦਿਸਾਹ ਕੇ ਆਗੇ ਧਰੀ॥ 20॥’

ਅਰਥ- ਸੱਚ ਇਹ ਹੈ ਕਿ ਜਦੋਂ ਮਨੁੱਖ ਦੀ ਹਿਰਦੇ ਰੂਪੀ ਕਟੋਰੀ ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲੇ ਨਾਮ ਰੂਪੀ ਦੁੱਧ (ਸੱਚ) ਨਾਲ ਭਰ ਜਾਵੇ ਤਾਂ ਫ਼ਿਰ ਉਹ ਮਨੁੱਖ ਵਾਹਿਗੁਰੂ ਕਰਤਾਰ, ਖੁਦਾ ਅੱਗੇ ਉਹ ਆਪਾ ਭੇਟ ਕਰੇ।

ਨੋਟ: ਜਦੋਂ ਹਿਰਦੇ ਰੂਪੀ ਕਟੋਰੀ ਨਾਮ ਰੂਪੀ ਸੱਚ ਨਾਲ ਭਰ ਜਾਵੇ ‘ਤਾਂ ਫ਼ੇਰ’ ਮਨੁੱਖ ਵਾਹਿਗੁਰੂ ਅੱਗੇ ਆਪਾ ਭੇਟ ਕਰੇ (? ? ?) ਕਿਵੇਂ ਪਤਾ ਲੱਗੇ ਕਿ ਹੁਣ ਕਟੋਰੀ ਭਰ ਗਈ ਹੈ? ? ?

ਨਾਮ ਰੂਪੀ ਸੱਚ ਨਾਲ ਕਟੋਰੀ ਭਰਨ ਦਾ ਇੰਤਜ਼ਾਰ ਕਰੇ, ਫੇਰ ਆਪਾ ਭੇਟ ਕਰੇ (? ? ?)

‘ਭਰੀ’ ਦਾ ਅਰਥ- (ਭਰ ਗਈ) ਭੂਤਕਾਲ ਹੈ ਜਾਂ (ਜਦੋਂ) ਭਰ ਜਾਵੇ (ਭਵਿੱਖਤ ਕਾਲ)? ? ?

ਇਸੇ ਤਰ੍ਹਾਂ ਲਫ਼ਜ਼ ‘ਧਰੀ’ ਭੂਤ ਕਾਲ ਹੈ ਜਾਂ ਭਵਿੱਖਤ ਕਾਲ? ? ?

19 ਵੇਂ ਬੰਦ ਵਿੱਚ ਲਫ਼ਜ਼ ਹੈ ‘ਦੁਹਾਈ’, ਮਹਾਨ ਕੋਸ਼ ਅਨੁਸਾਰ ‘ਦੁਹਾਈ’ ਦਾ ਅਰਥ ਹੈ ‘ਦੁਧ ਚੋਣ ਦੀ ਕ੍ਰਿਆ’। 20 ਵੇਂ ਬੰਦ ਵਿੱਚ ਲਫ਼ਜ਼ ਹੈ ਦੂਧਹਿ ਦੁਹਿ ਜਬ ਮਟਕੀ ਭਰੀ”। ਸੋ ਕੋਈ ਕਾਰਣ ਨਹੀਂ ਬਣਦਾ ਕਿ 19 ਵੇਂ ਬੰਦ ਵਿੱਚ ‘ਦੁਹਾਈ’ ਦਾ ਅਰਥ ਦੁਧ ਚੋਣ ਦੀ ਕ੍ਰਿਆ ਨਾ ਮੰਨ ਕੇ ‘ਦੁਹਾਈ ਪਾਉਣੀ’ ਅਰਥ ਕੀਤੇ ਜਾਣ। ਇਸ ਬੰਦ ਦੇ ਸ਼ੁਰੂ ਵਿੱਚ “ਸੱਚ ਇਹ ਹੈ ਕਿ” ਲਿਖੇ ਜਾਣ ਤੋਂ ਵੀ ਸਾਫ ਜਾਹਰ ਹੈ ਕਿ 19 ਵੇਂ ਬੰਦ ਵਾਲੀ ਵਿਚਾਰ ਨੂੰ ਇੱਥੇ ਜਾਰੀ ਰੱਖਿਆ ਗਿਆ ਹੈ।

‘ਬਾਦਿਸਾਹੁ ਮਹਲ ਮਹਿ ਜਾਇ॥ ਅਉਘਟ ਕੀ ਘਟ ਲਾਗੀ ਆਇ॥ 21॥’

ਪਦ ਅਰਥ-

ਮਹਲ- ਲੀਨ ਹੋ ਜਾਣਾ (? ? ?)

ਮਹਿ- ਵਿੱਚ, ਅੰਦਰ

ਅਉਘਟ- ਗਹਰੀ (? ? ?)

ਘਟ- ਪਾਣ (? ? ?)

ਅਰਥ- ਉਸ ਖੁਦਾ ਅੱਗੇ ਆਪਾ ਸਮਰਪਣ ਕਰਨ ਵਾਲੇ ਉਸ ਖੁਦਾ ਵਿੱਚ ਲੀਨ ਭਾਵ ਉਸ ਨੂੰ ਸਮਰਪਤ ਹੋ ਜਾਂਦੇ ਹਨ। ਅਤੇ ਸੱਚ ਨਾਮ ਉਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਜਾਂਦਾ ਹੈ, ਅਤੇ ਨਾਮ ਦੀ ਸੱਚੀ ਗਹਿਰੀ, ਨਾ ਲਹਿਣ ਵਾਲੀ ਪਾਣ (ਰੰਗਤ) ਉਨ੍ਹਾਂਨੂੰ ਚੜ੍ਹ ਜਾਂਦੀ ਹੈ।

ਜਦ ਕਰਤਾਰ ਦਾ ਨਾਮ ਹੀ ਹਿਰਦੇ ਰੂਪੀ ਘਰ ਵਿੱਚ ਆ ਗਿਆ ਤਾਂ ਬਾਕੀ ਕੀ ਨਹੀਂ ਆਇਆ (ਬਾਕੀ ਕੁੱਝ ਰਹਿ ਹੀ ਨਹੀਂ ਜਾਂਦਾ)। ਇਸੇ ਵਿੱਚ ਹੀ ਸਾਰੀ ਪਰਾਪਤੀ ਹੈ, ਸੱਚਾਈ ਹੈ।

ਨੋਟ- ‘ਆਪਾ ਸਮਰਪਤ ਕਰਨ ਵਾਲੇ’ ਇਹ ਅਰਥ ਕਿੱਥੋਂ ਆ ਗਏ? ? ?

‘ਬਾਦਿਸਾਹ’ ਮਹਲ ਮਹਿ ਜਾਇ ਹੈ ਜਾਂ ‘ਆਪਾ ਸਮਰਪਣ ਕਰਨ ਵਾਲੇ’ ਮਹਲ ਮਹਿ ਜਾਇ? ? ?

‘ਆਪਾ ‘ਸਮਰਪਤ’ ਕਰਨ ਵਾਲੇ ‘ਸਮਰਪਤ’ ਹੋ ਜਾਂਦੇ ਹਨ’ ਦਾ ਕੀ ਮਤਲਬ ਬਣਦਾ ਹੈ? ? ?

‘ਸੱਚਾ ਨਾਮ ਉਨ੍ਹਾਂਦੇ ਹਿਰਦੇ ਵਿੱਚ ਆ ਜਾਂਦਾ ਹੈ’ ਅਰਥ ਕਿੱਥੋਂ ਆਏ? ? ?

‘ਕਾਜੀ ਮੁਲਾਂ ਬਿਨਤੀ ਫੁਰਮਾਇ॥ ਬਖਸੀ ਹਿੰਦੂ ਮੈ ਤੇਰੀ ਗਾਇ॥ 22॥’

ਪਦ ਅਰਥ-

ਫੁਰਮਾਇ- ਬਖਸ਼ਿਆ, ਮੁਬਾਰਕ “ਤੁਝੈ ਕਿਨ੍ਹਿ ਫੁਰਮਾਈ ‘ਗਾਇ’॥” (1375) ਤੈਨੂੰ ਕਿਸਨੇ ਇਹ ‘ਗਿਆਨ’ ਬਖਸ਼ਿਆ? ? ?

ਬਿਨਤੀ- ਸਿਜਦਾ? ? ?

ਬਖਸੀ- ਬਖਸ਼ੀ, ਮੁਬਾਰਕ? ? ?

ਤੇਰੀ ਗਾਇ- ਤੇਰੀ ਗਾਇਤ੍ਰੀ, ਤੇਰੀ ਗਾਂ? ? ?

ਅਰਥ- ਇਸ ਕਰਕੇ ਕਾਜੀ ਅਤੇ ਮੁੱਲਾਂ ਤੈਨੂੰ ਤੇਰਾ ਸਿੱਜਦਾ ਮੁਬਾਰਕ ਅਤੇ ਹਿੰਦੂ ਤੈਨੂੰ ਤੇਰੀ ਗਾਇਤ੍ਰੀ ਮੁਬਾਰਕ। (ਨਾਮਦੇਵ ਜੀ ਕਹਿੰਦੇ ਹਨ ਕਿ ਮੇਰੇ ਤੇਰੀ ਗਾਇਤ੍ਰੀ ਕਿਤੇ ਫਿਟ ਨਹੀਂ ਬਹਿੰਦੀ)

ਨੋਟ: ਫੁਰਮਾਉਣ ਦਾ ਅਰਥ ਤਾਂ ਹੁਕਮ ਕਰਨਾ ਹੁੰਦਾ ਹੈ, ਇਸ ਦੇ ਅਰਥ ‘ਬਖਸ਼ਿਆ, ਮੁਬਾਰਕ’ ਕਿਹੜੇ ਕੋਸ਼ ਮੁਤਾਬਕ ਹੋ ਗਏ? ? ?

1375 ਪੰਨੇ ਵਾਲੀ ਉਦਾਹਰਣ ਵਿੱਚ ਕਿੱਥੇ ਸਾਬਤ ਹੁੰਦਾ ਹੈ ਕਿ ‘ਫੁਰਮਾਇ’ ਦਾ ਅਰਥ ਬਖਸ਼ਿਆ, ਮੁਬਾਰਕ ਹੁੰਦਾ ਹੈ। ਪੂਰੀ ਤੁਕ ਦੇ ਅਰਥ ਹਨ:- ਖੁਦਾ ਕਹਿੰਦਾ ਹੈ, ਤੈਨੂੰ ਕਿਸ ਨੇ ਫੁਰਮਾਇਆ (ਕਹਿਆ) ਕਿ ਮੇਰੇ ਨਾਮ ਤੇ ਗਾਂ ਦੀ ਕੁਰਬਾਨੀ ਦੇਣ ਤੇ ਤੇਰੇ ਗੁਨਾਹ ਬਖਸ਼ੇ ਜਾਣਗੇ?

22 ਵੇਂ ਬੰਦ ਵਿੱਚ ਗਾਇ ਦਾ ਅਰਥ ਗਇਤ੍ਰੀ ਕਰ ਦਿੱਤਾ ਗਿਆ ਹੈ ਅਤੇ ਆਪਣੀ ਮਰਜੀ ਨਾਲ ਹੀ 1375 ਪੰਨੇ ਵਾਲੀ ਤੁਕ ਵਿੱਚ ‘ਗਾਇ’ ਦਾ ਅਰਥ ‘ਗਿਆਨ’ ਕਰ ਦਿੱਤਾ ਗਿਆ ਹੈ।

‘ਮੇਰੇ ਤੇਰੀ ਗਾਇਤ੍ਰੀ ਕਿਤੇ ਫਿਟ ਨਹੀਂ ਬੈਠਦੀ’ ਅਰਥ ਕਿਵੇਂ ਬਣ ਗਏ? ? ?

‘ਫ਼ੁਰਮਾਇ’ ਦਾ ਅਰਥ ਸਮਝਾਣ ਲੱਗਿਆਂ ‘ਗਾਇ’ ਦਾ ਅਰਥ ‘ਗਿਆਨ’ ਲਿਖ ਦਿੱਤਾ ਗਿਆ ਹੈ ਅਤੇ `ਤੇਰੀ ਗਾਇ’ ਦਾ ਅਰਥ ਸਮਝਾਉਣ ਲੱਗਿਆਂ ਇਸੇ ਹੀ ‘ਗਾਇ’ ਦਾ ਅਰਥ ‘ਗਾਇਤ੍ਰੀ, ਗਾਂ’ ਕਰ ਲਿਆ ਗਿਆ ਹੈ।

(ਵਿਆਖਿਆਕਾਰ ਦੀ ਵਿਆਖਿਆ ਅਨੁਸਾਰ) ਇਸ ਤੁਕ ਵਿੱਚ ਵੀ ਅਤੇ ਹੁਣ ਤੱਕ ਦੀ ਵਿਚਾਰ ਵਿੱਚ ਕਿਤੇ ‘ਨਾਮਦੇਵ’ ਦਾ ਕਿਤੇ ਨਾਮ ਨਹੀਂ ਆਇਆ ਤਾਂ ‘ਨਾਮਦੇਵ ਨੇ’ ਕਿਸ ਨੂੰ ਅਤੇ ਕਿਉਂ ਕਹਿ ਦੱਤਾ ਕਿ ਮੇਰੇ ਤੇਰੀ ਗਾਇਤ੍ਰੀ ਫਿੱਟ ਨਹੀਂ ਬੈਠਦੀ?

‘ਨਾਮਾ ਕਹੈ ਸੁਨਹੁ ਬਾਦਿਸਾਹ॥ ਇਹੁ ਕਿਛੁ ਪਤੀਆ ਮੁਝੈ ਦਿਖਾਇ॥ 23॥’

ਪਦ ਅਰਥ-

ਨਾਮਾ ਕਹੈ- ਸਿਮਰਨ ਕਰੇ (? ? ?)

ਸੁਨਹੁ- ਸੁਣੋ

ਬਾਦਿਸਾਹ- ਕਰਤਾਰ, ਵਾਹਿਗੁਰੂ (? ? ?)

ਮੁਝੈ ਦਿਖਾਇ- ਮੈਨੂੰ ਬਖਸ਼ਿਆ ਹੈ (? ? ?)

ਅਰਥ- ਉਸ ਕਰਤਾਰ ਦਾ ਨਾਮ ਸਿਮਰਨ ਕਰਿਆ ਕਰੋ॥ ਮੇਰਾ ਸਾਰਾ ਭਰੋਸਾ ਕਰਤਾਰ ਦੇ ਨਾਮ ਸਿਮਰਨ ਅਤੇ ਉਸ ਦੀ ਰਜ਼ਾ ਵਿੱਚ ਰਹਿਣ ਉੱਪਰ ਹੈ; ਤੁਹਾਡੇ ਸਿੱਜਦੇ ਜਾਂ ਤੁਹਾਡੀ ਗਾਇਤ੍ਰੀ ਉੱਪਰ ਨਹੀਂ।

ਨੋਟ- ਤੁਕ ਵਿੱਚ ਲਫ਼ਜ਼ ਅਇਆ ਹੈ ‘ਸੁਨਹੁ’ (ਸੁਣੋਂ) ਤੁਕ ਵਿੱਚ ਇਸ ਦੇ ਅਰਥ ਕਿਥੇ ਗਏ? ? ?

ਜੇ ‘ਸੁਣਨ’ ਕਿਹਾ ਗਿਆ ਹੈ ਤਾਂ ਜਰੂਰੀ ਕਹਿਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ। ਉਹ ਕਹਿਣ ਵਾਲਾ ਕੌਣ ਹੈ? ? ?

“ਮੇਰਾ ਸਾਰਾ ਭਰੋਸਾ ਨਾਮ ਸਿਮਰਨ ਅਤੇ ਉਸ ਦੀ ਰਜ਼ਾ ਵਿੱਚ ਹੈ’ ਇਹ ਗੱਲ ਕਹਿਣ ਵਾਲਾ ਕੌਣ ਹੈ? ? ?

ਪਦ ਅਰਥਾਂ ਦੇ ਅਨੁਸਾਰ ਬੰਦ ਦੇ ਅਰਥ ਬਣਦੇ ਹਨ- (ਨਾਮਾ ਕਹੈ) ਸਿਮਰਨ ਕਰਿਆ ਕਰੋ, (ਸੁਨਹੁ) ਸੁਣੋ, (ਬਾਦਿਸਾਹ) ਵਾਹਿਗੁਰੂ। ਅਰਥਾਤ- ਵਾਹਿਗੁਰੂ! ਨਾਮ ਸਿਮਰਨ ਕਰਿਆ ਕਰੋ (? ? ?)

‘ਮੁਝੈ ਦਿਖਾਇ- ਮੈਨੂੰ ਬਖਸ਼ਿਆ ਹੈ’ ਕਿੱਥੇ ਫਿੱਟ ਹੁੰਦਾ ਹੈ? ? ?

‘ਇਹੁ ਕਿਛੁ’ ਦਾ ਅਰਥ- ਮੇਰਾ ਸਾਰਾ (? ? ?)

‘ਮੁਝੇ ਦਿਖਾਇ’ ਦਾ ਅਰਥ- ਕਰਤਾਰ ਦੇ ਨਾਮ ਸਿਮਰਨ ਅਤੇ ਕਰਤਾਰ ਦੀ ਰਜ਼ਾ ਵਿੱਚ ਰਹਿਣ ਉਪਰ ਹੈ, ਤੁਹਾਡੇ ਸਿਜਦੇ ਜਾਂ ਤੁਹਾਡੀ ਗਾਇਤ੍ਰੀ ਉਪਰ ਨਹੀਂ, ਅਰਥ ਕਿੱਥੋਂ ਆਏ (? ? ?)

‘ਇਸ ਪਤੀਆ ਕਾ ਇਹੈ ਪਰਵਾਨੁ॥ ਸਾਚੀ ਸੀਲਿ ਚਾਲਹੁ ਸੁਲਿਤਾਨ॥ 24॥’

ਅਰਥ- ਇਸ ਭਰੋਸੇ ਦਾ ਇਹ ਨਤੀਜਾ ਹੈ ਕਿ ਉਸ ਸੱਚੇ ਸੁਲਤਾਨ (ਵਾਹਿਗੁਰੂ) ਦੀ ਰਜ਼ਾ ਅੰਦਰ ਚੱਲਣਾ ਹੀ ਪਵਿੱਤਰ ਧਰਮ ਹੈ।

‘ਨਾਮਦੇਉ ਸਭ ਰਹਿਆ ਸਮਾਇ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਇ॥ 25॥’

ਨਾਮਦੇਵ ਦਾ ਸਵਾਮੀ ਸਰਬਵਿਆਪਕ ਹੈ। ਸਾਰੇ ਹਿੰਦੂ ਅਤੇ ਤਮਾਮ ਲੋਕਾਂ ਨੂੰ ਪ੍ਰੇਰਨਾ ਹੈ ਕਿ ਸਰਬ-ਵਿਆਪਕ ਪ੍ਰਭੂ ਦੀ ਪ੍ਰਾਪਤੀ ਲਈ ਨਾਮ (ਸੱਚ) ਦੇ ਰਸਤੇ ਤੇ ਚੱਲਣਾ ਕਰਨ।

ਨੋਟ- ਪਰਮਾਤਮਾ ਨੂੰ ਮਿਲਣ ਦਾ ਰਸਤਾ ਇੱਕ ਹੀ ਹੈ ਕਿਉਂਕਿ ਪਰਮਾਤਮਾ ਇੱਕ ਹੈ। ਜਦੋਂ ਪਰਮਾਤਮਾ ਇੱਕ ਹੈ ਤਾਂ ਉਸ ਨੂੰ ਮਿਲਣ ਦਾ ਰਸਤਾ ਵੀ ਇੱਕ ਹੀ ਹੈ।

‘ਜਉ’ ਅਬਕੀ ਬਾਰ ਨ ਜੀਵੈ ਗਾਇ॥ ਨਾਮਦੇਵ ਕਾ ਪਤੀਆ ਜਾਇ॥ 26॥

ਅਬਕੀ- ਸਦਾ ਰਹਿਣ ਵਾਲਾ ਕਰਤਾਰ (? ? ?) (ਨੋਟ: ‘ਅਬਕੀ’ ਅਤੇ ‘ਅਬਦੀ’ ਦੋਨੋਂ ਵੱਖਰੇ ਵੱਖਰੇ ਸ਼ਬਦ ਹਨ। ‘ਅਬਕੀ’ ਦਾ ਅਰਥ ‘ਅਬਦੀ’ ‘ਸਦਾ ਰਹਿਣ ਵਾਲਾ ਪਰਮਾਤਮਾ’ ਨਹੀਂ ਕੀਤੇ ਜਾ ਸਕਦਾ)।

ਬਾਰ ਨ- ਸਿਫ਼ਤ ਸਲਾਹ ਕਰਨ ਤੋਂ ਬਗ਼ੈਰ (? ? ?)

ਜੀਵੈ- ਉਤਪੰਨ ਹੋਣਾ (? ? ?)

ਪਤੀਆ- ਭਰੋਸਾ

ਗਾਇ- ਗਿਆਨ (? ? ?)

ਤ- (ਫ਼ਾ) ਕਦੇ ਨਹੀ (? ? ?)

ਅਰਥ- ਉਸ ਸਦਾ ਰਹਿਣ ਵਾਲੇ ਅਕਾਲ ਪੁਰਖ ਦੀ ਵਡਿਆਈ ਭਾਵ ਸਿਮਰਨ ਕਰਨ ਤੋਂ ਬਗੈਰ ਆਤਮਿਕ ਗਿਆਨ ਉਤਪੰਨ ਨਹੀਂ ਹੋ ਸਕਦਾ। ਨਾਮਦੇਵ ਦਾ ਇਹ ਭਰੋਸਾ ਕਦੇ ਵੀ ਨਹੀਂ ਜਾ ਸਕਦਾ।

ਨੋਟ: ਗਾਇ’ ਦਾ ਅਰਥ ‘ਗਿਆਨ’ ਪਤਾ ਨਹੀਂ ਕਿਸ ਡਿਕਸ਼ਨਰੀ ਅਨੁਸਾਰ ਹੈ। ਪਰ ਮਹਾਨ ਕੋਸ਼ ਅਨੁਸਾਰ ‘ਗਾਇ’ ਦਾ ਅਰਥ 3- ‘ਗਾਇਨ’ (ਅਰਥਾਤ ਗਾਇਨ ਕਰਨਾ, ਗਾਉਣਾ) ਹੈ। ਸ਼ਾਇਦ ਵਿਆਖਿਆਕਾਰ ਜੀ ‘ਗਾਇਨ’ ਨੂੰ ‘ਗਿਆਨ’ ਸਮਝ ਗਏ ਲੱਗਦੇ ਹਨ।

ਤੁਕ ਹੈ ‘ਤ ਨਾਮਦੇਵ ਕਾ ਪਤੀਆ ਜਾਇ’ ਅਰਥ ਕੀਤੇ ਗਏ ਹਨ ‘ਭਰੋਸਾ ਕਦੇ ਵੀ ਨਹੀਂ ਜਾ ਸਕਦਾ। ‘ਜਾਇ’ ਦਾ ਅਰਥ ‘ਨਹੀਂ’ ਜਾ ਸਕਦਾ? ? ?

ਪਹਿਲੇ ਬੰਦ ਵਿੱਚ ਲਫ਼ਜ਼ ਆਇਆ ਹੈ ‘ਜਉ’ ਅਰਥਾਤ ਕੋਈ ਸ਼ਰਤ ਹੈ। ਦੂਸਰੇ ਬੰਦ ਵਿੱਚ ਸ਼ਰਤ ਪੂਰੀ ਨਾ ਹੋਣ ਤੇ ਕੀ ਹੋਣਾ ਸੀ ਉਸ ਦਾ ਜ਼ਿਕਰ ਹੈ। ਪਰ ਅਰਥ ਵਿੱਚ ‘ਜਉ’ ਦੇ ਅਰਥ ਕਿਤੇ ਨਹੀਂ ਲਿਖੇ ਗਏ, ਅਤੇ ‘ਤ’ ਦੇ ਅਰਥ ‘ਕਦੇ ਨਹੀਂ’ ਕਰਨ ਨਾਲ ‘ਜਉ’ ਵਾਲੀ ਸ਼ਰਤ ਪੂਰੀ ਨਹੀਂ ਹੁੰਦੀ।

ਮਹਾਨ ਕੋਸ਼ ਅਨੁਸਾਰ ‘ਤ’ ਦਾ ਅਰਥ ਹੈ ਤੋ, ਤਾਂ, ਤਬ, ਤਦ ਅਤੇ ‘ਤ’ ਫ਼ਾ: ਦਾ ਅਰਥ ਹੈ ‘ਤੈਨੂੰ, ਤੇਰਾ’।

‘ਨਾਮੇ ਕੀ ਕੀਰਤਿ ਰਹੀ ਸੰਸਾਰਿ॥ ਭਗਤ ਜਨਾਂ ਲੇ ਉਧਰਿਆ ਪਾਰਿ॥ 27॥’

ਅਰਥ- ਨਾਮ ਦੀ ਵਡਿਆਈ ਹਮੇਸ਼ਾਂ ਹੀ ਸੰਸਾਰ ਅੰਦਰ ਰਹਿੰਦੀ ਹੈ। ਭਗਤ ਜਨ ਨਾਮ ਦੀ ਵਡਿਆਈ ਦਾ, ਭਾਵ ਸਿਮਰਨ ਦਾ ਆਸਰਾ ਲੈ ਕੇ ਪਾਰ ਲੰਘ ਜਾਂਦੇ ਹਨ।

‘ਸਗਲ ਕਲੇਸ ਨਿੰਦਕ ਭਇਆ ਖੇਦੁ॥ ਨਾਮੇ ਨਾਰਾਇਨ ਨਹੀ ਭੇਦੁ॥ 28॥ 10॥’

ਅਰਥ- ਧਰਮ ਦੇ ਨਾਮ ਤੇ ਸਾਰੇ ਝਗੜੇ ਗੁਣਾਂ ਨੂੰ ਅਉਗਣ ਕਹਿਣ ਦੇ ਹੀ ਹਨ ਅਤੇ ਇਨ੍ਹਾਂ ਨਾਲ ਹੀ ਦੁਖਾਂ ਦੀ ਉੱਤਪਤੀ ਹੈ। ਸੱਚ ਨਾਲੋਂ ਟੁੱਟ ਕੇ ਆਪਣੇ ਆਪਣੇ ਆਮਾਰਗ ਨੂੰ ਮਾਰਗ ਦਰਸਾਉਣਾ, ਅਸਲ ਸੱਚ ਤੋਂ ਮੁਨਕਰ ਹੋਣ ਦੇ ਬਰਾਬਰ ਹੈ, ਅਤੇ ਕਲੇਸ਼ ਨੂੰ ਜਨਮ ਦਿੰਦਾ ਹੈ। ਜਦੋਂ ਕਿ ਸੱਚ ਇਹ ਹੈ ਕਿ ਉਸ ਨਾਰਾਇਣ ਦੇ ਨਾਮ ਦੀ ਬਖਸ਼ਿਸ਼ ਤੋਂ ਬਗੈਰ ਇਹ ਭੇਦ ਨਹੀਂ ਜਾਣਿਆ ਜਾ ਸਕਦਾ। ਭਾਵ ਸੱਚੇ ਨਾਲ ਜੁੜਨ ਤੋਂ ਬਗੈਰ ਇਹ ਜੋ ਧਰਮ ਦੇ ਨਾਮ ਤੇ ਲੜਾਈ ਝਗੜਾ ਹੈ ਖਤਮ ਨਹੀਂ ਹੋ ਸਕਦਾ।

ਜਸਬੀਰ ਸਿੰਘ (ਕੈਲਗਰੀ)




.