.

ਧੰਨ ਧੰਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ

ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਅਕਾਲਪੁਰਖ, ਸ਼ਬਦ ਗੁਰੂ, ਸਤਿਗੁਰੂ ਗੁਰੂ ਨਾਨਕ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿੰਨ ਭਿੰਨ ਨਹੀਂ, ਇਕੋ ਹੀ ਹਨ ਪਰ ਕਿਵੇਂ? ਲੋੜ ਤਾਂ ਹੈ ਕਿ ਇਸ ਰੱਬੀ ਸੱਚ ਨੂੰ ਪਹਿਚਾਨਣ ਦੀ

ਆਓ ਵਿਚਾਰੀਏ!

# ਜਿਵੇਂ ਫੁਲ ਤੇ ਉਸ ਦੀ ਖੁਸ਼ਬੂ, ਫੁਲ ਦੀ ਸੁੰਦਰਤਾ, ਰੰਗ, ਵਰਤੋਂ ਜਾਂ ਲੋੜ, ਇਕੋ ਹੀ ਫੁਲ ਦੇ ਗੁਣਾਂ ਲਈ ਵੱਖ ਵੱਖ ਸ਼ਬਦਾਵਲੀ ਹੈ। ਫ਼ਿਰ ਵੀ ਸਾਡੇ ਆਪਣੇ ਸਮਝਣ ਤੇ ਪ੍ਰਗਟਾਵੇ ਲਈ ਉਸੇ ਇੱਕੋ ਫੁਲ ਦੇ ਇਹ ਸਾਰੇ ਵੱਖ ਵੱਖ ਰੂਪ, ਗੁਣ ਤੇ ਪ੍ਰਗਟਾਵੇ ਹਨ, ਉਸ ਫੁਲ ਤੋਂ ਭਿੰਨ ਨਹੀਂ ਹਨ। ਜਦਕਿ ਇਹ ਇੱਕ ਸੰਸਾਰਕ ਮਿਸਾਲ ਹੈ ਉਸ ਇਲਾਹੀ ਸੱਚ ਨੂੰ ਕੇਵਲ ਸਮਝਣ ਲਈ।

ਇਸੇ ਤਰ੍ਹਾਂ ਗੁਰਬਾਣੀ ਰਾਹੀਂ ਗੁਰੂ ਤੇ ਸਿੱਖ ਦੇ ਰਿਸ਼ਤੇ ਨਾਲ ਸਬੰਧਤ ‘ਗੁਰੂ ਪਦ’ ਵੀ ‘ਅਕਾਲਪੁਰਖ’ ਤੋਂ ਭਿੰਨ ਜਾਂ ਵੱਖਰਾ ਨਹੀਂ। ਉਹ ‘ਗੁਰੂ’ ਵੀ ‘ਅਕਾਲਪੁਰਖ’ ਦਾ ਹੀ ਨਿਜ ਗੁਣ ਹੈ। ਗੁਰਬਾਣੀ `ਚ ਸਿੱਖ ਲਈ, ਜਿਸ ਗੁਰੂ ਦੀ ਗੱਲ ਕਹੀ ਹੈ, ਉਹ ਗੁਰੂ-ਕਰਤੇ ਅਕਾਲਪੁਰਖ ਦੇ ਹੀ ਸਰਬਵਿਆਪਕ, ਸਦੀਵੀ ਗੁਣ ਦਾ ਪ੍ਰਗਟਾਵਾ ਹੈ। ਗੁਰਬਾਣੀ ਅਨੁਸਾਰ ਉਸ ਗੁਰੂ ਦਾ ਸਬੰਧ ਹੈ ਹੀ ਕੇਵਲ ਮਨੁੱਖਾ ਜੂਨ ਦੀ ਸਫ਼ਲਤਾ ਤੇ ਸੰਭਾਲ ਨਾਲ, ਬਾਕੀ ਜੂਨਾਂ ਨਾਲ ਨਹੀਂ।

# “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਇਲਾਹੀ ਸੱਚ ਅਤੇ ਅਸਲੀਅਤ ਨੂੰ ਸਮਝਣ ਲਈ, ਨਿਸ਼ਚੇ ਕਰਣਾ ਹੈ ਕਿ: ‘ਗੁਰੂ ਨਾਨਕ ਪਾਤਸ਼ਾਹ, ਗੁਰਬਾਣੀ ਤੇ ਇਲਾਹੀ ਗੁਰੂ, ਸਤਿਗੁਰੂ - ਇਕੋ ਹੀ ਸਦੀਵੀ ਸੱਚ ਦੇ ਕੇਵਲ ਵੱਖ-ਵੱਖ ਪ੍ਰਗਟਾਵ, ਰੂਪ ਸ਼ਬਦਾਵਲੀ ਹੈ।

# ਗੁਰਬਾਣੀ ਅਨੁਸਾਰ-ਸਾਰੇ ਸੰਸਾਰ ਦਾ ਗੁਰੂ “ਇਕੋ ਹੈ ਭਿੰਨ ਭਿੰਨ ਨਹੀਂ ਹਨ। ਗੁਰਬਾਣੀ `ਚ ਉਸੇ ਨੂੰ ਹੀ ਸਤਿਗਰੂ, ਸ਼ਬਦ ਗੁਰੂ, ਆਤਮਕ ਸੋਝੀ, ਵਿੇਕ ਬੁਧ ਆਦਿ ਵੀ ਕਿਹਾ ਹੈ। ਉਹ ਗੁਰੂ ਸਦਾ ਥਿੱਰ ਹੈ ਜਨਮ ਮਰਣ `ਚ ਨਹੀਂ ਆਉਂਦਾ। ਗੁਰਬਾਣੀ `ਚ ਸਿੱਖ ਨੂੰ ਉਸੇ ਗੁਰੂ ਦੇ ਲੜ ਲਗਣ ਦੀ ਹੀ ਗੱਲ ਸਮਝਾਈ ਹੈ। ਹਜ਼ਾਰਾਂ ਸਾਲਾਂ ਤੋ ਪ੍ਰਚਲਤ ਗੁਰੂ ਵਾਲੇ ਅਰਥ ਇੱਥੇ ਲਾਗੂ ਨਹੀਂ ਹੁੰਦੇ।

# ਗੁਰਬਾਣੀ ਰਾਹੀਂ ਪ੍ਰਗਟ, ਜੀਵਨ `ਚ ਸਦੀਵੀ ਗੁਰੂ ਦੀ ਪ੍ਰਾਪਤੀ ਤੋਂ ਬਿਨਾ, ਮਨੁੱਖ-ਮਨੁੱਖਾ ਜੀਵਨ ਦੀ ਸਚਾਈ ਨੂੰ ਨਾ ਸਮਝ ਸਕਦਾ ਹੈ ਤੇ ਨਾ ਅਪਨਾ ਸਕਦਾ ਹੈ ਤੇ ਨਾ ਹੀ ਮਾਨ ਸਕਦਾ ਹੈ।

# ਗੁਰਬਾਣੀ ਰਾਹੀਂ ਪ੍ਰਗਟ, ਉਸ ਸਦੀਵੀ ਗੁਰੂ ਦੀ ਤੋਂ ਪ੍ਰਾਪਤੀ ਤੋਂ ਬਿਨਾ ਅਕਾਲਪੁਰਖ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਬੰਦਾ ਫ਼ਿਰ ਤੋਂ ਜਨਮ-ਮਰਨ ਦੇ ਗੇੜ੍ਹ `ਚ ਹੀ ਫ਼ਸਿਆ ਰਹਿੰਦਾ ਹੈ।

# ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਦਸ ਜਾਮੇ, ਅਕਾਲ ਪੁਰਖ ਦੇ ਉਸੇ ਇਲਾਹੀ, ਸਰਬ ਵਿਆਪਕ ਤੇ ਸਦੀਵੀ ਗੁਣ “ਗੁਰੂ” ਦਾ ਹੀ ਸਰੀਰਕ ਪ੍ਰਗਟਾਵਾ ਹਨ। ਉਪ੍ਰ੍ਰੰਤ ਉਨ੍ਹਾਂ ਦੀ ਹੀ ਦੇਣ, ਉਸੇ ਸਦਾ ਥਿਰ ਗੁਰੂ ਭਾਵ ਸਤਿਗੁਰੂ ਦਾ ਹੀ ਪ੍ਰਕਾਸ਼ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”।

# “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) ਅਨੁਸਾਰ ਜੇ ਕਰ ਸੰਸਾਰ `ਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੀ ਨਾ ਹੋਇਆ ਹੁੰਦਾ ਤਾਂ ਅੱਜ ਸੰਸਾਰ ਸਦਾ ਥਿਰ-ਸ਼ਬਦ ਗੁਰੂ, ਸਤਿਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਵੀ ਵਾਂਝਾ ਹੁੰਦਾ।

# ਗੁਰੂ ਸਾਹਿਬਾਨ ਰਾਹੀਂ ਪ੍ਰਗਟ ਗੁਰਬਾਣੀ ਤੇ ਗੁਰਬਾਣੀ ਦਾ ਸਰੂਪ ਇਕੋ ਇੱਕ ਸਦੀਵੀ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਹੀ ਹਨ ਜੋ ਸਿਧੇ ਅਕਾਲ ਪੁਰਖ ਦੇ ਹੀ ਮਿਲਾਵੇ ਹਨ।

# ਇਸ ਦਾ ਪ੍ਰਗਟ ਸਬੂਤ ਹੈ ਕਿ ਸਦੀਆਂ ਪਹਿਲਾਂ ਗੁਰਬਾਣੀ ਅਥਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਰਾਹੀਂ ਪ੍ਰਗਟ ਸੱਚਾਈਆਂ ਸੰਸਾਰ ਤੱਲ `ਤੇ ਅੱਜ ਵੀ ਉੱਤਨੀਆਂ ਹੀ ਸੱਚ ਹਨ, ਜਿੱਤਨੀਆਂ ਕਿ ਸਦੀਆਂ ਪਹਿਲਾਂ ਸਨ।

# ਬੇਅੰਤ ਖੋਜਾਂ ਤੋਂ ਬਾਅਦ ਵਿਗਿਆਨ (ਸਾਇੰਸ) ਜਿਸ ਕਾਢ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਦਾ ਹੈ, ਗੁਰਬਾਣੀ `ਚ ਉਸ ਦੀ ਵਿਆਖਿਆ, ਪਹਿਲਾਂ ਤੋਂ ਹੀ ਕੀਤੀ ਮਿਲਦੀ ਹੈ। ਬਲਕਿ ਗੁਰਬਾਣੀ ਤਾਂ ਉਨ੍ਹਾਂ ਰੱਬੀ ਸੱਚਾਈਆਂ ਨੂੰ ਪ੍ਰਗਟ ਕਰ ਰਹੀ ਹੈ, ਜਿਨ੍ਹਾਂ ਤੱਕ ਸਾਇੰਸ ਦਾ ਪੁੱਜਣਾ ਕਦੇ ਵੀ ਸੰਭਵ ਨਹੀਂ। ਕਾਰਨ, ਗੁਰਬਾਣੀ ਅਕਾਲਪੁਰਖ ਦਾ ਪ੍ਰਗਟਾਵਾ ਹੈ ਜਦਕਿ ਸਾਇੰਸ, ਉਸ ਅਕਾਲਪੁਰਖ, ਕਰਤਾਰ, ਕਰਤੇ, ਕਾਦਿਰ ਦੀ ਬਣਾਈ ਹੋਈ ਬੇਅੰਤ ਕੁੱਦਰਤ `ਚੋਂ ਕੇਵਲ ਇੱਕ ਖੋਜ ਮਾਤ੍ਰ ਹੈ। ਉਹ ਕੁਦਰਤ ਜਿਸ ਦੀ ਕਰਤੇ ਤੋਂ ਬਿਨਾ ਆਪਣੀ ਵੀ ਕੋਈ ਹੋਂਦ ਨਹੀਂ, ਵਿਗਿਆਨ ਦੀ ਤਾਂ ਗੱਲ ਹੀ ਮੁੱਕ ਜਾਂਦੀ ਹੈ।

# ਸੰਸਾਰ ਤੱਲ `ਤੇ ਜਿਨੇਂ ਵੀ ਰਾਜੇ, ਮਹਾਰਾਜੇ, ਬਾਦਸ਼ਾਹ, ਗੱਦੀਦਾਰ ਹੋਏ, ਕਦੇ ਨਹੀਂ ਹੋਇਆ, ਜੋ ਇੱਕ ਦਾ ਕਾਰਜ, ਲਿਆਕਤ, ਸੋਚ ਆਪਣੇ ਤੋਂ ਪਹਿਲੇ ਨਾਲ ਇਕੋ ਲੜੀ `ਚ ਹੋਵੇ ਜਾਂ ਇੱਕ ਨੇ ਜਿੱਥੇ ਕਿਸੇ ਕਾਰਜ ਨੂੰ ਛੱਡਿਆ, ਆਉਣ ਵਾਲੇ ਨੇ ਉਸੇ ਲੜੀ ਨੂੰ ਤੇ ਉਸੇ ਹੀ ਤਰ੍ਹਾਂ ਅਗੇ ਟੋਰਿਆ ਹੋਵੇ। ਇਹ ਵਿਲੱਖਣਤਾ ਕੇਵਲ ਗੁਰੂ ਨਾਨਕ ਦਰ ਤੇ ਹੀ ਹੈ। ਇਸੇ ਲਈ ਜਿਸ `ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਗਈ, ਉਹ ਇਨਸਾਨ ਕਰਣੀ, ਵਿਚਾਰਧਾਰਾ ਤੇ ਹਰੇਕ ਪੱਖੋਂ ਗੁਰੂ ਨਾਨਕ ਹੀ ਸਾਬਤ ਹੋਇਆ, ਉਮਰ ਭਾਵੇਂ ੯੬ ਸਾਲ ਰਹੀ ਹੋਵੇ ਜਾਂ ਪੰਜ ਸਾਲ। ਬਾਕੀ ਨੌਂ ਜਾਮੇ ਇਸੇ ਰੱਬੀ ਸੱਚ ਦਾ ਪ੍ਰਗਟਾਵਾ ਹਨ।

# ਇਸੇ ਕਾਰਨ ਜਿਹੜਾ ਇਲਾਹੀ ਪ੍ਰੋਗਰਾਮ ਗੁਰੂਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਉਲੀਕਿਆ ਤੇ ਅਰੰਭਿਆ, ਦੱਸਵੇਂ ਜਾਮੇ `ਚ ਉਸ ਕਾਰਜ ਨੂੰ ਸੰਪੂਰਣਤਾ ਵੀ ਆਪ ਨੇ ਹੀ ਬਖਸ਼ੀ। ਜਦਕਿ ਸੰਸਾਰਕ ਤੇ ਪ੍ਰਵਾਰਕ ਉਤਾਰ ਚੜ੍ਹਾਵ, ਤੱਤੀਆਂ ਤੱਵੀਆਂ ਤੇ ਸਰਸਾ ਨਦੀ ਵਰਗੀਆਂ ਰੁਕਾਵਟਾਂ ਵੀ ਨਿੱਤ ਆਈਆਂ, ਪਰ ਇਸ ਰੱਬੀ ਤੇ ਇਲਾਹੀ ਪ੍ਰੋਗਰਾਮ `ਚ ਉੱਕਾ ਰੁਕਾਵਟ ਨਾ ਬਣ ਸਕੀਆਂ।

# ਸੰਸਾਰ ਪੱਧਰ ਤੇ ਕਿੱਧਰੇ ਵੀ ਇਸ ਰੱਬੀ ਸੱਚ ਦੀ ਦੂਜੀ ਮਿਸਾਲ ਨਹੀਂ ਮਿਲ ਸਕਦੀ। ਦੁਨੀਆਂ ਭਰ ਦਾ ਇਕੋ-ਇੱਕ ਗ੍ਰੰਥ ਜਿਸ `ਚ ਗੁਰੂ ਸਰੂਪਾਂ ਸਮੇਤ ੩੫ ਲਿਖਾਰੀ ਤੇ ੧੪੩੦ਪੰਨਿਆਂ ਦੇ ਇੰਨੇ ਵੱਡੇ ਆਕਾਰ ਦੇ ਬਾਵਜੂਦ, ਕਿਧਰੇ ਵੀ ਵਿਚਾਰ ਜਾਂ ਸਿਧਾਂਤ ਅੰਤਰ ਨਹੀਂ। ਇਥੇ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨ ਭਰ ਭੰਡਾਰ” (ਪੰਨਾ ੬੪੬) ਦਾ ਅਟੱਲ ਨਿਯਮ ਹੀ ਕੰਮ ਕਰ ਰਿਹਾ ਹੈ। ਉਪ੍ਰੰਤ ਇਸੇ ਰੱਬੀ ਸੱਚ ਦਾ ਸਦੀਵੀ ਪ੍ਰਗਟਾਵਾ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। #10Gs99.11s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।




.