.

ਗੁਰਬਾਣੀ ਦੇ ਸ਼ਬਦਾਂ ਦੇ ਅਰਥ, ਕਿਸ਼ਤ ਛੇਵੀਂ

ਨਿਰਗੁਣ ਨਿਰਾਕਾਰੁ ਨਾਮ/ਬ੍ਰਹਮ, ਅਤੇ ਨਿਰਾਕਾਰੁ ਨਾਮੁ ਦੇ ਭਿੰਨ ਭਿੰਨ ਆਕਾਰ ਵਾਲੇ ਸਰਗੁਣ ਸਰੂਪ

ਗੁਰੂ ਨਾਨਕ ਸਾਹਿਬ ਨੇ ਨਾਮ ਧਰਮ ਦਾ ਉਪਦੇਸ਼ ਦਿੱਤਾ॥

ਨਾਮ = ਨਾਮੁ, ਨਾਮੁ ਜੋਤਿ, ਨਾਇ, ਨਾਉ, ਨਾਮਹੁ, ਨਾਮੈ, ਨਾਮਿ, ਨਾਮੋ = ਨਿਰਗੁਣ ਬ੍ਰਹਮ, ਅਕਾਲ ਪੁਰਖ, ਵਾਹਿਗੁਰੂ

ਨਾਮੁ ਜੋਤਿ = ੧-ਏਕੰਕਾਰ ਪਾਰਬ੍ਰਹਮ, ਪਰਮਾਤਮਾ, ਜੋਤਿ ਰੁਪ ਹੈ। ਜੋਤਿ ਦਾ ਅਰਥ ਹੈ ਪਰਮ ਨਿਰਮਲ ਚੇਤਨਾਂ, ‘supreme pure consciousness’। ਨਾਮੁ ਦਾ ਮੁਢ ਤੋਂ ਹੀ ਹੋਂਦ ਵਾਲਾ ਸਰੂਪ, ਸੁੰਨ (ਖ਼ਲਾ void, ਹੈ), ਸੁੰਨ ਵਿੱਚ ਨਾਮੁ ਨਿਰਮਲ ਪਰਮਚੇਤਨਾ ਪਹਿਲਾਂ ਭੀ ਸੀ ਹੁਣ ਭੀ ਹੈ ਅਤੇ ਅੱਗੇ ਨੂੰ ਭੀ ਰਹੇਗੀ।

ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ੧੦੩੭/੧੦

ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥

(ਉਸ ਪਰੇ ਤੋਂ ਪਰੇ, ਨਾਮੁ ਜੋਤਿ ਨੇ, ਸੁੰਨ (ਖ਼ਲਾ) ਵਿੱਚ ਆਪਣਾ ਆਪਾ ਅਤੇ ਆਪਣੀ ਕਲਾ, (ਸੱਤਿਆ, ਹੁਕਮ ਸੱਤਾ) ਆਪ ਹੀ ਧਾਰੀ ਹੋਈ ਹੈ। ਨੋਟ= ‘ਨਾਮੁ ਜੋਤਿ ਚਉਥੀ ਸੁੰਨ ਵਿੱਚ ਹੈ। ਗੁਰਬਾਣੀ ਚਉਥੀ ਸੁੰਨ ਨੂੰ ਅਨਹਤ ਸੁੰਨ ਵੀ ਕਹਿੰਦੀ ਹੈ’। ਨਾਮੁ ਜੋਤਿ ਨਿਰੋਲ ਆਪ ਹੀ ਆਪ ਹੈ। ਉਹ ਅਪਰ ਤੇ ਅਪਾਰ ਨਾਮੁ ਰੂਪ ਅਕਾਲ ਪੁਰਖ ਅਪਣੇ ਸਹਾਰੇ ਆਪ ਹੀ ਹੈ। ਉਸ ਨੇ ਆਪ ਹੀ ਕੁਦਰਤਿ/ਸੰਸਾਰ ਨੂੰ ਆਪਣੇ ਹੁਕਮ ਨਾਲ ਸਿਰਜਿਆ। ਉਹ ਆਪ ਹੀ ਕੁਦਰਤਿ ਕਰ ਕੇ ਵੇਖਦਾ ਹੈ, ਉਸ ਨੇ ਚਉਥੀ ਸੁੰਨ ਤੋਂ ਤ੍ਰਿਭਨ ਦੀ ਸੁੰਨ ਉਪਾਈ।)

‘ਨਾਮੁ’, ਨਿਰਾਕਾਰ ਹੈ, ਅਬਿਨਾਸੀ, ਅਕਾਲ ਪੁਰਖ ਹੈ, ਸਦਾ ਕਾਇਮ ਰਹਿਨ ਵਾਲੀ ਹੋਂਦ, ਹਸਤੀ ਹੈ। ਨਾਮੁ, ਨਿਰਗੁਣ ਬ੍ਰਹਮ ਹੈ, ਨਿਰਮਲ ਹੈ ਅਤੇ ਹਮੇਸ਼ਾ ਨਿਰਮਲ ਰਹਿੰਦਾ ਹੈ। ਨਾਮ, ਨਿਰਗੁਣ ਬ੍ਰਹਮ ਵਿੱਚ ਸੰਸਾਰ ਦੀ ਅਵਗੁਣਾਂ/ਵਿਕਾਰਾਂ/ਪਾਪਾਂ ਦੀ ਕਾਲਖ/ਮੈਲ ਨਹੀਂ। ਨਾਮੁ, ਤ੍ਰੈਗੁਣ, ਸੰਸਾਰ ਤੋਂ ਉਪਰਲੇ ਤਲ ਤੇ ਹੈ। ਨਾਮ ਨੇ ਆਪਣੀ ਹੁਕਮ ਸੱਤਾ ਨਾਲ ਆਪਣਾ ਆਤਮ ਪਸਾਰਾ ਅਨਹਤ ਸਬਦੁ, ਓਅੰਕਾਰ ਧੁਨ ਉਚਾਰ ਕੇ ਕੀਤਾ।

ਨਾਮੁ ਨਿਰਗੁਣ ਬ੍ਰਹਮ ਦਾ ਦੂਜਾ ਸਰੂਪੁ, ਉਸ ਦਾ ਸਰਗੁਣ ਸਰੂਪ ਹੈ। ਸਰਗੁਣ ਸਰੂਪ, ਨਿਰਗੁਣ ਦੀ ਛਾਇਆ ਹੈ। ਸਰਗੁਣ ਸਰੂਪ, ਭਾਂਤ ਭਾਂਤ ਦੇ ਰੰਗਾਂ, ਰੂਪਾਂ, ਜੀਵ, ਜੰਤਾਂ, ਖੰਡਾਂ, ਬ੍ਰਹਮੰਡਾਂ ਵਾਲਾ, ਸਰਗੁਣ ਬ੍ਰਹਮ ਹੈ।

ਨਿਰਾਕਾਰ ਸੂਖਮ, ਨਿਰਗੁਣ ਬ੍ਰਹਮ ਅਸਲ ਪਦਾਰਥ ਹੈ ਤੇ ਸਰਗੁਣ ਉਸ ਦੀ ਛਾਇਆ ਹੈ।

ਛਾਇਆ ਦਾ ਕੋਈ ਅਲੱਗ ਸੁਤੰਤਰ ਵਜੂਦ ਨਹੀਂ ਹੁੰਦਾ। ਨਿਰਗੁਣ ਪਰੇ ਹੋ ਜਾਵੇ ਤਾਂ ਸਰਗੁਣ ਛਾਇਆ ਆਪੇ ਅਲੋਪ ਹੋ ਜਾਂਦੀ ਹੈ।

ਕਾਲ, ਆਗਾਸ time, space , cosmos , ਜੀਵ, ਜੰਤ, ਸੂਰਜ, ਚੰਦ ਅਤੇ ਮਨੁੱਖ ਆਕਾਰ ਵਾਲੇ ਹਨ, ਇਹ ਸਭ ਨਿਰਾਕਾਰ ਸੂਖਮ ਨਿਰਗੁਣ ਬ੍ਰਹਮ ਦੀ ਛਾਇਆ ਹਨ। ਮਨੁੱਖ ਹਉਂ ਦੇ ਭਰਮ ਕਰ ਕੇ, ਛਾਇਆ ਨੂੰ ਅਸਲੀਅਤ (reality) ਸਮਝਦਾ ਹੈ।

ਨਾਨਾ ਰੂਪ ਨਾਨਾ ਜਾ ਕੇ ਰੰਗ॥ ਨਾਨਾ ਭੇਖ ਕਰਹਿ ਇੱਕ ਰੰਗ॥

ਨਾਨਾ ਬਿਧਿ ਕੀਨੋ ਬਿਸਥਾਰੁ॥ ਪ੍ਰਭੁ ਅਬਿਨਾਸੀ ਏਕੰਕਾਰੁ॥

(ਨਿਰਗੁਣ ਨਾਮ ਦੇ ਅਨੇਕਾਂ ਆਕਾਰ ਵਾਲੇ ਰੂਪ, ਰੰਗ ਹਨ। ਉਸਨੇ ਆਪਣੇ ਇੱਕ ਰੂਪ ਤੋਂ ਅਨੇਕਾਂ ਭੇਖੀ ਰੂਪ ਬਨਾਏ ਹਨ। ਉਸ ਨੇ ਬਹੁਤ ਤਰੀਕਿਆਂ ਨਾਲ ਆਪਣਾ ਪਸਾਰਾ ਕੀਤਾ ਹੈ, ਉਹ ਪ੍ਰਭੂ ਆਪ ਅਬਿਨਾਸੀ ਹੈ ਉਹ ਨਾਮੁ ਰੂਪ ਇੱਕੋ ਇੱਕ ਹਸਤੀ ‘ਏਕੰਕਾਰ’ ਹੈ।)

ਨਾਨਾ ਚਲਿਤ ਕਰੇ ਖਿਨ ਮਾਹਿ॥ ਪੂਰਿ ਰਹਿਓ ਪੂਰਨੁ ਸਭ ਠਾਇ॥

ਨਾਨਾ ਬਿਧਿ ਕਰਿ ਬਨਤ ਬਨਾਈ॥ ਅਪਨੀ ਕੀਮਤਿ ਆਪੇ ਪਾਈ॥

(ਉਹ ਇੱਕ ਖਿਨ ਵਿੱਚ ਅੇਨਕਾਂ ਖੇਡਾਂ, ਤਮਾਸ਼ੇ ਕਰਦਾ ਹੈ। ਉਹ ਹਰ ਥਾਂ ਪੂਰਨ ਰੂਪ ਵਿੱਚ ਪਸਰਿਆ ਹੈ ਉਸ ਨੇ ਅਨੇਕਾਂ ਤਰੀਕਿਆਂ ਨਾਲ ਸੰਸਾਰ ਦੀ ਬਣਤਰ ਬਨਾਈ ਹੈ। ਆਪਣੀ ਖੇਡ ਨੂੰ ਉਹ ਆਪ ਹੀ ਜਾਣਦਾ ਹੈ)

ਸਭ ਘਟ ਤਿਸ ਕੇ ਸਭ ਤਿਸ ਕੇ ਠਾਉ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ॥ ੪॥

(ਸਭ ਸਰੀਰ ਉਸਦੇ ਹਨ, ਉਹ ਸਭ ਵਿੱਚ ਵਸਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮੈਂ ਉਸ ਦਾ ਨਾਮ ਜਪ ਜਪ ਕੇ ਜੀਂਵਦਾ ਹਾਂ) ਪੰਨਾ ੨੮੪

ਅਨਿਕ ਰੂਪ ਅਨਿਕ ਰੰਗ ਬ੍ਰਹਮੰਡ॥ ਅਨਿਕ ਬਨਾ ਅਨਿਕ ਫਲ ਮੂਲ॥

ਆਪਹਿ ਸੂਖਮ ਆਪਹਿ ਅਸਥੂਲ॥ ੮॥ ਪੰਨਾ ੧੨੩੬

(ਨਾਮੁ ਰੂਪ ਏਕੰਕਾਰ ਅਕਾਲ ਪੁਰਖ ਆਪ ਹੀ ਸੂਖਮ ਹੈ ਤੇ ਆਪ ਹੀ ਅਸਥੂਲ ਹੈ)

ਭਾਂਤ ਭਾਂਤ ਦੇ ਸਰਗੁਣ ਸਰੂਪ, ਸੰਸਾਰ, ਖੰਡ, ਬ੍ਰਹਮੰਡ, ਮਨੁੱਖ, ਪਸ਼ੂ, ਪੰਛੀ, ਮਛਲੀਆਂ, ਸੂਰਜ, ਚੰਦ, ਆਦਿ, ਨਿਰਗੁਣ ਦੀ ਛਾਇਆ ਹਨ। ਸਰਗੁਣ ਛਾਇਆ ਰੂਪ ਸੰਸਾਰ ਅਤੇ ਜੀਵ ਜੰਤ cosmos ਬ੍ਰਹਮੰਡ ਵਿੱਚ, ਕਾਲ ਦੇ ਗੇੜ ਵਿੱਚ ਘੁੱਮ ਰਹੇ ਹਨ। ਇਹ ਜਨਮ ਮਰਨ ਦਾ ਗੇੜ ਹੈ। ਜਮਨ ਮਰਨ ਝੂਠੀ ਛਾਇਆ ਦੀ ਝੂਠੀ ਖੇਡ ਹੈ। ਇਸ ਝੂਠੀ ਖੇਡ ਵਿੱਚ ਝੂਠੇ ਦੁਖ, ਸੁਖ, ਚਿੰਤਾਵਾਂ, ਡਰ, ਈਰਖਾ, ਧੋਖਾ, ਰੋਗ ਅਤੇ ਜਨਮ ਮਰਨ ਹਨ। ਮਨੁੱਖ, ਆਪਣੀ ਜਿੰਦ ਨੂੰ, ਮੈਂ ਹਾਂ, ਕਹਿੰਦਾ ਹੈ। ‘ਮੈਂ ਹਾਂ’ ਕਹਿਨ ਵਾਲੀ ਜੀਵਨ ਜੋਤਿ/ਜਿੰਦ, ਭਰਮ ਵਾਲੀ ਚੇਤਨਾਂ ਮੈਲੀ ਹੈ, ਇਸ ਨੂੰ ਹਉੱਮੈਂ ਦੀ ਮੈਲ ਲਗੀ ਹੈ। ਮਨੁੱਖ ਦੀ ਮੈਲੀ ਜਿੰਦ ਨੂੰ ਸੁਤੰਤਰ ਵਜੂਦ ਹੋਣ ਦਾ ਭਰਮ ਹੈ। ਜਦ ਤਕ ਮਨੁੱਖ ਨੂੰ ‘ਮੈਂ ਹਾਂ’ ਸੁਤੰਤਰ ਹਸਤੀ ਹੋਣ ਦਾ ਭਰਮ ਹੈ ਉਸ ਲਈ ਸਭ ਦੁੱਖ, ਸੁਖ, ਚਿੰਤਾ, ਫ਼ਿਕਰ, ਜਨਮ, ਮਰਨ, ਸੱਤ ਹੋ ਕੇ ਵਰਤਦੇ ਹਨ।

ਮਨੁੱਖ ਝੂਠੇ ਛਾਇਆ ਰੂਪੀ ਸੰਸਾਰ ਨੂੰ ਸੱਚਾ, ਅਸਲੀਅਤ ਸਮਝ ਕੇ ਆਪਣੇ ਆਪੇ ਨਾਲ, ਮਾਂ, ਬਾਪ, ਅਤੇ ਸੰਸਾਰ ਨਾਲ ਮੋਹ ਪਿਆਰ ਪਾ ਲੈਂਦਾ ਹੈ। ਇਹ ਸੰਸਾਰ ਦੇ ਬੰਧਨ ਹਨ।

ਗੁਰਮਤਿ ਜੁਗਤੀ ਨਾਲ ਗੁਰਸਬਦੁ/ਗੁਰਮੰਤ੍ਰ ਨਾਮ ਦਾ ਜਪ/ਸਿਮਰਨ

ਗੁਰਬਾਣੀ ਉਪਦੇਸ਼ ਹੈ ਹਿਰਦੇ ਵਿੱਚ ਧਿਆਨ ਰੱਖ ਕੇ ਗੁਰਸਬਦ/ਗਰੁਮੰਤ੍ਰੁ ਨਾਮ ‘ਵਾਹਿਗੁਰੂ’ ਦਾ ਕੀਰਤਨ ਹਿਰਦੇ ਵਿੱਚ ਕਰੋ। ਨਾਮ ਜਪ/ਸਿਮਰਨ ਕਰਨ ਨਾਲ ਹਿਰਦੇ ਵਿੱਚ ਨਾਮ ਧੁਨ ਉਪਜਦੀ ਹੈ। ਧੁਨ ਵਿੱਚ ਧਿਆਨ ਰੱਖ ਕੇ ਸਿਮਰਨ ਤੋਂ ਗੁਰਬਾਣੀ ਦੀ ਅਨੁਭਵੀ ਵਿਚਾਰ ਗੁਰੂ ਜੀ ਤੋਂ ਅੰਤਰਗਤ ਪਰਾਪਤ ਹੁੰਦੀ ਹੈ। ਇਸਤੋਂ ਹੀ ਅੰਤਰਗਤ ਆਤਮ ਗਿਆਨ ਤੇ ਪਰਮਾਤਮ ਗਿਆਨ, ਹਿਰਦੇ ਵਿੱਚ ਉਪਜਦਾ ਹੈ। ਨਾਮ ਜਪ/ਸਿਮਰਨ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਹੋ ਸਕਦਾ।

ਜੇ ਮਨੁੱਖ ਸਰੀਰ ਅੰਦਰ, ਵਸਦੇ ਆਪਣੇ ਸੱਚੇ ਆਪੇ, ਨਿਰਗੁਣ ਨਾਮੁ ਨਾਲ ਪ੍ਰੀਤ/ਪਿਆਰ ਪਾ ਲਵੇ ਤੇ ਉਸ ਸੱਚੇ ਨਾਮੁ ਵਿੱਚ ਧਿਆਨ ਸ਼ਕਤੀ ਨਾਲ ਮਿਲ ਜਾਵੇ ਤਾਂ ਉਸ ਦਾ ਵਾਸ ਉਪਰਲੇ ਤਲ ਸੱਚੇ ਨਾਮੁ ਵਿੱਚ ਹੋ ਜਾਂਦਾ ਹੈ ਅਤੇ ਛਾਇਆ ਰੂਪ ਸੰਸਾਰ ਅਤੇ ਸੰਸਾਰ ਦੇ ਦੁਖ, ਸੁਖ, ਰੋਗ, ਚਿੰਤਾ, ਫ਼ਿਕਰ, ਮਰਨ ਜੀਵਨ, ਸਹਜ ਸੁਭਾਇ ਅਲੋਪ ਹੋ ਜਾਂਦੇ ਹਨ। ਨਾਮੁ ਵਿੱਚ ਕੋਈ ਦੁਖ, ਚਿੰਤਾ, ਫ਼ਿਕਰ, ਜਨਮ ਮਰਨ ਨਹੀਂ, ਉਹ ਆਨੰਦ ਸਰੂਪ ਹੈ।

ਨਾਮ ਜਪ/ਸਿਮਰਨ ਭਗਤੀ ਦੀ ਉੱਪਰਲੀ ਅਵਸਥਾ ਚਉਥੇ ਪਦ ਵਿੱਚ, ਗੁਰਮੁਖਿ ‘ਮੈਂ ਹਾਂ’ ਦਾ ਭਰਮ ਗਵਾ ਕੇ ਨਿਰਗੁਣ ਨਾਮੁ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਉਸਦੀ ਝੂਠੀ ਸਰਗੁਣ ਸਰੂਪ ‘ਮੈਂ ਹਾਂ’ ਕਹਿਨ ਵਾਲੀ ਹਸਤੀ ਮਿਟ ਜਾਂਦੀ ਹੈ। ਉਹ ਪਰਮਾਤਮ ਰੂਪ ਹੋ ਜਾਂਦਾ ਹੈ। ਸੰਸਾਰ ਦੇ ਸਭ ਦੁਖ ਨਦਾਰਦ ਹੋ ਜਾਂਦੇ ਹਨ, ਸਦਾ ਆਨੰਦ ਰੂਪ ਨਾਮੁ ਵਿੱਚ ਸਮਾ ਕੇ ਮਨੁੱਖ ਨਾਮੁ ਜੈਸਾ ਹੀ, ਸਦਾ ਆਨੰਦ/ਖੁਸ਼ੀ/ਖੇੜੇ ਵਾਲੀ ਅਵਸਥਾ ਪਰਾਪਤ ਕਰ ਲੈਂਦਾ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ।

ਬ੍ਰਹਮ ਗਿਆਨੀ ਜਾਣਦਾ ਹੈ ਕਿ ਸੰਸਾਰ ਦੀ ਜਨਮ ਮਰਨ ਦੀ ਖੇਡ ਛਾਇਆ ਹੈ। ਉਹ ਛਾਇਆ ਰੂਪ ਸੰਸਾਰ ਨੂੰ ਪਛਾਣਦਾ ਹੈ ਅਤੇ ਸੰਸਾਰ ਦੇ ਦੁੱਖਾਂ, ਸੁਖਾਂ, ਜਨਮ, ਮਰਨ ਨੂੰ ਦੇਖਦਾ ਹੈ ਪਰ ਨਿਰਲੇਪ ਹੈ, ਸੰਸਾਰ ਦੇ ਦੁੱਖ ਦਰਦ ਆਦਿ ਉਸ ਨੂੰ ਨਹੀਂ ਪੋਹੰਦੇ। ਬ੍ਰਹਮ ਗਿਆਨੀ ਸਦਾ ਨਿਰਲੇਪ॥ ੨੭੨/੧੧

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥

ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥

ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥ ੮॥ ੮॥ ੨੭੩

ਬ੍ਰਹਮ ਗਿਆਨੀ ਪਰਉਪਕਾਰੀ ਹੈ ਅਤੇ ਦਇਆਵਾਨ ਹੈ। ਉਹ ਸੰਸਾਰੀ ਜੀਵਾਂ ਦੀ ਤੜਪ ਤੇ ਦੁੱਖਾਂ ਨੂੰ ਸਮਝਦਾ ਹੈ ਅਤੇ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕਰਦਾ ਹੈ।

ਬ੍ਰਹਮ ਗਿਆਨੀ ਗੁਰੂ, ਨਾਮੁ ਉਪਦੇਸ਼ ਦੇ ਕੇ ਅਤੇ ਨਾਮ ਜਪ/ਸਿਮਰਨ ਕਰਾ ਕੇ ਮਨੁੱਖ ਦੇ ਸਭ ਦੁਖ ਦਰਦ, ਦੂਰ ਕਰਦਾ ਹੈ, ਇਥੋਂ ਤੱਕ ਕਿ ਉਹ ਮਨੁੱਖ ਨੂੰ ਜਨਮ ਮਰਨ ਦੇ ਗੇੜ ਵਿੱਚੋਂ ਵੀ ਕੱਢ ਦਿੰਦਾ ਹੈ ਅਤੇ ਆਪਣੇ ਵਰਗਾ ਬਣਾ ਲੈਂਦਾ ਹੈ।

ਬ੍ਰਹਮ ਗਿਆਨੀ ਨਾਮੁ ਰੂਪ ਅਕਾਲ ਪੁਰਖ ਨੂੰ ਜਾਣਦਾ ਪਛਾਣਦਾ ਹੈ ਉਹ ਦੇਖਦਾ ਹੈ ਕਿ ਨਾਮੁ ਆਪਣਾ ਖੇਡ/ਤਮਾਸ਼ਾ ਆਪ ਕਰ ਰਿਹਾ ਹੈ ਅਤੇ ਆਪਣੀ ਖੇਡ ਦੇਖ ਕੇ ਖੁਸ਼ ਹੋ ਰਿਹਾ ਹੈ। ਬ੍ਰਹਮ ਗਿਆਨੀ ਅਕਾਲ ਪੁਰਖ ਤੋਂ ਵੱਖ ਨਹੀਂ।

ਮਨੁੱਖ ਨੂੰ ਨਾਮੁ ਨੇ ਆਪਣੇ ਹੁਕਮ ਨਾਲ ਭਰਮ ਵਾਲੀ, ਜਿੰਦ/ਚੇਤਨਾਂ ਦਿੱਤੀ ਅਤੇ ‘ਮੈਂ ਹਾਂ’, ਵੱਖ ਹਸਤੀ ਹੋਣ ਦਾ ਭਰਮ ਵੀ ਦਿੱਤਾ ਹੈ। ਸੰਸਾਰ ਨਾਲ ਤੇ ਆਪੇ ਨਾਲ ਮੋਹ ਪਿਆਰ ਹਉਂ ਦੇ ਭਰਮ ਕਰ ਕੇ ਹੈ। ਝੂਠੇ ਸੰਸਾਰ ਵਿੱਚ, ਭਾਵਨਾਵਾਂ, feelings and emotions, ਦੁਖ, ਸੁਖ, ਤੇ ਜਨਮ ਮਰਨ ਦਾ ਗੇੜ ਮਨੁੱਖ ਲਈ ਸੱਚਾ ਹੈ ਅਤੇ ਅਸਲੀਅਤ ਹੈ। ਜਿਤਨਾ ਚਿਰ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਹੈ ਉਸ ਨੂੰ ਦੁੱਖ ਦਰਦ ਮਹਿਸੂਸ ਹੁੰਦੇ ਹਨ ਅਤੇ ਡਰ ਚਿੰਤਾਵਾਂ ਵਿਆਪਦੀਆਂ ਹਨ। ਜੋ ਗੁਰਮੁਖਿ ਭਗਤ, ਗੁਰਮਤਿ ਭਗਤੀ ਕਰਕੇ ਤ੍ਰਿਭਵਣ ਤੋਂ ਉਪਰਲੇ ਨਿਰਗੁਣ ਤਲ ਤੇ ਚਲੇ ਜਾਂਦੇ ਹਨ ਉਹ ਸੰਸਾਰ ਵਿੱਚ ਰਹਿੰਦਿਆਂ ਆਨੰਦ ਸਰੂਪ ਹੋ ਜਾਂਦੇ ਹਨ।

ਅਸੀਂ ਅੱਖਰ ਉਪਰਲਾ ਤਲ ਤੇ ਹੇਠਲਾ ਤਲ ਵਰਤੇ ਹਨ ਇਸ ਨੂੰ ਅਸੀਂ ਬ੍ਰਹਮੰਡ ਵਿੱਚ ਇਸਤਰਾਂ ਸਮਝ ਸਕਦੇ ਹਾਂ।

ਆਕਾਸ਼ ਵਿੱਚ ਚੰਦ੍ਰਮਾ ਉਪਰਲੇ ਤਲ ਤੇ ਹੈ, ਹੇਠਾਂ ਤਾਲਾਬ ਵਿੱਚ ਉਸ ਦਾ ਪ੍ਰਤਿ ਬਿੰਬ reflection, ਥੱਲੇ ਦਾ ਤਲ ਹੈ। ਥਲੇ ਦੇ ਤਲ ਵਾਲੇ ਚੰਦ੍ਰਮਾ ਦਾ ਕੋਈ ਸੁਤੰਤਰ ਵਜੂਦ ਨਹੀਂ, ਅਸਲੀ ਚੰਦ੍ਰਮਾਂ ਦਾ ਝੂਠਾ ਸਰੂਪ ਹੈ। ਇਸੇ ਲਈ ਗੁਰਬਾਣੀ ਕਹਿੰਦੀ ਹੈ ਸਰਗੁਣ ਰੂਪ ਸੰਸਾਰ ਕੂੜ ਹੈ।

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ॥ ---------

ਕੂਿੜ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਪੰਨਾ ੪੬੮

ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ॥ ਪੂਰਨ ਪੂਰ ਰਹਿਆ ਦਿਨ ਰਾਤੀ॥

ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ॥ ਪੰਨਾ ੧੦੮੬

(ਨਾਮੁ ਰੂਪ, ੧- ਏਕੰਕਾਰ, ਨਿਰਗੁਣ ਬ੍ਰਹਮ, ਪਰਮਾਤਮਾ ਦਾ ਕੋਈ ਰੂਪ ਰੇਖ ਨਹੀਂ, ਕੇਵਲ ਪਰਮ ਚੇਤਨਾਂ ਹੈ, ਹੋਸ਼ ਵਾਲੀ ਹਸਤੀ ਹੈ, supreme consciousness ਹੈ। ਜਿਹੜਾ ਨਾਮੁ ਜੋਤਿ ਰੂਪ ਅਕਾਲ ਪੁਰਖ, ਦਿਨ ਰਾਤ ਹਰ ਵੇਲੇ, ਸਭ ਥਾਂਈਂ ਮੌਜੂਦ ਹੈ, ਉਸ ਨਾਮੁ/ਪਰਮਾਤਮਾ ਨੂੰ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵਡੇ ਭਾਗਾਂ ਵਾਲਾ ਹੈ ਉਹ ਮਨੁੱਖ ਮੁੜ ਮੁੜ ਜੂਨਾਂ ਵਿੱਚ ਨਹੀਂ ਪੈਂਦਾ।)

ਬੇਦ ਬਾਣੀ ਤੀਜੀ ਸੁੰਨ ਵਿੱਚ ਵਸਦੇ ਕਾਲ ਨੂੰ ‘ਓਂ _ ਬ੍ਰਹਮ’ ਕਹਿੰਦੀ ਹੈ। ਬੇਦ ਬਾਣੀ ਓਂ/ੳਮ ਨੂੰ ਬ੍ਰਹਮ, ਭਗਵਾਨ ਕਹਿੰਦੀ ਹੈ ਅਤੇ ਓਅਂ/ਓਮ ਦੀ ਉਪਾਸ਼ਨਾ/ਸਿਮਰਨ/ਧਿਆਨ ਦਾ ਉਪਦੇਸ਼ ਦਿੰਦੀ ਹੈ।

ਗੁਰਬਾਣੀ ਅਨੁਸਾਰ ਬੇਦ ਮਤ ਦਾ ਪੂਜਨ ਯੋਗ ਅੱਖਰ, ਓਂ/ਓਮ ਮਾਇਆ ਦਾ ਜੰਜਾਲ ਹੈ। ਗੁਰਬਾਣੀ ਅਨੁਸਾਰ ਨਾਮੁ ਰੂਪ ਅਕਾਲ ਪੁਰਖ ਅਬਿਨਾਸੀ ਹਸਤੀ ਹੈ, ਉਸ ਨੇ ਕਾਲ ਓਅਂ/ਓਮ ਨੂੰ ਉਪਾਇਆ। ਓਂ/ਓਮ ਦਾ ਧਿਆਨ/ਜਪ/ਸਿਮਰਨ ਕਰਨ ਵਾਲੇ, ਕਾਲ/ਜਨਮ ਮਰਨ, ਦੇ ਗੇੜ ਵਿੱਚ ਰਹਿੰਦੇ ਹਨ।

ਜੋਗੀ ਦੀ ਸੁੰਨ ਸਮਾਧੀ ਤ੍ਰੈ ਗੁਣੀ ਮਾਇਆ ਦੀ ਸੁੰਨ ਵਿੱਚ ਸਮਾਧੀ ਹੈ ਇਸ ਅਵਸਥਾ ਵਿੱਚ ਜਨਮ ਮਰਨ ਦਾ ਗੇੜ ਹੈ। ਉਹ ਸੰਸਾਰ ਤੋਂ ਉੱਪਰ ਦੀ ਚਉਥੀ ਸੁੰਨ ਨੂੰ ਨਹੀਂ ਜਾਣਦਾ ਜਿੱਥੇ ਨਾਮੁ ਜੋਤਿ ਹੈ ਅਤੇ ਜਿੱਥੇ ਜਨਮ ਮਰਨ ਨਹੀਂ। ਜੋਗੀ ਦੀ ਸਮਾਧੀ ਨਿਰਸੁ ਹੈ, ਓਥੇ ਖੇੜਾ ਆਨੰਦ ਨਹੀਂ, ਓਥੇ ਅਕਾਲ ਪੁਰਖ, ਪੂਰਨ ਬ੍ਰਹਮ, ‘ਨਾਮੁ’ ਦਾ ਗਿਆਨ ਤੇ ਸੋਝੀ ਨਹੀਂ। ਗੁਰਮੁਿਖ ਦੀ ਸਮਾਧੀ ਵਿੱਚ ਨਾਮੁ ਹੈ, ਰੰਗ, ਰਸੁ, ਨਾਦ, ਬਿਨੋਦ, ਕੋਡ ਅਨੰਦ ਹਨ)

ਪਉਣ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸ਼ਟ ਉਪਾਇ ਕਾਇਆ ਗੜ ਰਾਜੇ॥

ਅਗਨਿ ਪਾਨੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥

(ਹਵਾ ਪਾਣੀ ਆਦਿ ਸੰਸਾਰ ਦੇ ਪੰਜ ਤੱਤ ਉਸ ਨੇ ਸੁੰਨ ਤੋਂ ਸਾਜੇ। ਸ੍ਰਿਸ਼ਟੀ ਪੈਦਾ ਕਰ ਕੇ ਸਰੀਰ ਤੇ ਸਰੀਰ ਕਿਲ੍ਹਿਆਂ ਦੇ ਰਾਜੇ, ‘ਜੀਵ’ ਪੈਦਾ ਕੀਤੇ। ਅੱਗ, ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿੱਚ ਜੀਵਾਤਮਾ/ਜੀਵਨਜੋਤਿ ਤੇਰੀ ਪਰਮ ਨਿਰਮਲ ਜੋਤਿ ਨੇ ਆਪਣੀ ਹੁਕਮ ਸੱਤਾ ਨਾਲ ਸਿਰਜੇ। ਜੀਵਾਅਤਮਾ, ਜੀਵਨ ਜੋਤਿ/ਜਿੰਦ ਮੈਲੀ ਹੈ। ਨਾਮੁ ਆਪ ਸਬਦੁ ਧੁਨ, ਅਨਹਦ ਸਬਦੁ ਦੀਆਂ ਸੰਗੀਤਕ ਧੁਨਾਂ ਰੂਪ ਵਿੱਚ ਚਉਥੀ ਸੁੰਨ ਵਿੱਚ ਹੀ ਸਰੀਰ ਵਿੱਚ ਵਸਦਾ ਹੈ।)

ਜਦੋਂ ਸੁੰਨ ਸਮਾਧ ਵਿੱਚ ਵਸਦੀ ਨਾਮੁ ਪਰਮ ਨਿਰਮਲ ਚੇਤਨਾਂ ਆਪਣੇ ਆਪੇ ਵਿੱਚ ਸਥਿਤ ਸੀ ਉਸ ਵੇਲੇ ਕਾਲ, ਆਗਾਸ ਤੇ ਆਵਾਜ਼ time space and sound ਨਹੀਂ ਸੀ। ਉਹ ਨਿਰਗੁਣ ਬ੍ਰਹਮ ਹੈ, ਅਕਾਲ ਪੁਰਖ ਹੈ। ਉਹ ਜਾਗਤਿ ਜੋਤਿ ਹੈ ਰੂਪ ਰੇਖ ਰੰਗ ਤੋਂ ਬਿਨਾਂ ਹੋਂਦ, ਹਸਤੀ ਹੈ। ਉਹ ਪਰਮ ਨਿਰਮਲ ਚੇਤਨਾਂ ਹੈ ਪਰਮ ਜਿੰਦ ਹੈ ਅਸਲੀਅਤ ਹੈ, ਉਹ ਆਨੰਦ ਸਰੂਪ ਹੈ। ਗੁਰਬਾਣੀ ਇਸ ਨੂੰ ਉੱਚੀ ਤੋਂ ਉੱਚੀ, ਸਭ ਤੋਂ ਉਪਰਲੇ ਤਲ ਤੇ, ਚਉਥੇ ਪਦ ਦੀ ਸੁੰਨ ਕਹਿੰਦੀ ਹੈ।

ਜਦੋਂ ਨਿਰਾਕਾਰ ਨਾਮ ਰੂਪ ਅਕਾਲ ਪੁਰਖ ਦੀ ਮਰਜ਼ੀ, ਆਕਾਰ ਵਾਲਾ ਸੰਸਾਰ ਤੇ ਜੀਵ ਜੰਤਾਂ ਦੇ ਰੂਪ ਧਾਰ ਕੇ ਆਪ ਖੇਡਨ ਦੀ ਹੋਈ ਤਾਂ ਉਸ ਨੇਂ ਆਪਣੀ ਹੁਕਮ ਸੱਤਾ ਨਾਲ ਓਅੰਕਾਰ ਧੁਨ ਉਚਾਰ ਕੇ ਆਤਮ ਪਸਾਰਾ ਕੀਤਾ। ਇਸ ਨੂੰ ਗੁਰਬਾਣੀ ਸਬਦੁ ਕਹਿੰਦੀ ਹੈ। ਸਬਦੁ, ਓਅੰਕਾਰ ਧੁਨਿ, ਜਾਂ ਅਨਹਤ/ਅਨਹਦ ਧੁਨਾਂ ਸੰਸਾਰ ਵਿੱਚ ਤਰੰਗਾਂ, ਲਹਿਰਾਂ ਬਨ ਕੇ ਨਾਮ ਦੀ ਅਪਾਰ/ਪਰਮ ਹੁਕਮ ਸ਼ਕਤੀ ਨਾਲ ਨਿਰੰਤਰ ਵਗ ਰਹੀਆ ਹਨ। ਹੁਕਮ, ਨਾਮ ਦੀ ਸਿਰਜਣਹਾਰ ਪਰਮ ਸ਼ਕਤੀ ਹੈ। ਹੁਕਮ ਤੋਂ ਬਾਹਰ ਕੁੱਝ ਨਹੀਂ ਹੁੰਦਾ ਤੇ ਨਾਂ ਹੋ ਸਕਦਾ ਹੈ।

ਕਾਲ, ਆਕਾਰ ਵਾਲੇ ਸੰਸਾਰ, ਅਤੇ ਸੰਸਾਰ ਦੇ ਜੀਵ, ਜੰਤਾਂ, ਮਨੁੱਖ, ਖੰਡਾਂ ਵਰਭੰਡਾਂ ਦੀ ਉਤਪਤੀ ਅਨਹਦ ਧੁਨੀਆਂ ਤੋਂ ਹੁਕਮ ਨਾਲ ਹੋ ਰਹੀ ਹੈ। ਹੁਕਮ, ਨਾਮੁ ਦੀ ਸਿਜਣਹਾਰ, ਪਾਲਨਹਾਰ ਅਤੇ ਮਾਰਨ ਵਾਲੀ ਪਰਮ ਸ਼ਕਤੀ ਹੈ। ਨਿਰਾਕਾਰ ਨਾਮੁ ਜੋਤਿ, ਅਕਾਲ ਪੁਰਖ, ਪਾਰਬ੍ਰਹਮ ਨੇ ਹੁਕਮ ਨਾਲ ਆਕਾਰ ਵਾਲਾ ਸੰਸਾਰ ਅਤੇ ਭਾਂਤ ਭਾਂਤ ਦੇ ਜੀਵ ਜੰਤ ਉਪਾਏ। ਜਿਤਨਾ ਚਿਰ ਕਾਲ ਦਾ ਇੱਕ ਚੱਕਰ ਹੈ, ਉਤਨੀਂ ਦੇਰ ਨਾਮੁ ਦਾ ਪਸਾਰੇ ਵਾਲਾ ਸਰੂਪ ਅਨਹਦ ਸਬਦੁ, ਧੁਨਾਂ ਸੰਸਾਰ ਵਿੱਚ ਪਰ ਸੰਸਾਰ ਤੋਂ ਉੱਪਰਲੇ ਤਲ ਤੇ ਵਗਦੀਆਂ ਰਹਿਨਗੀਆਂ। ਉਤਨੀਂ ਦੇਰ ਉਸ ਦਾ ਛਾਇਆ ਰੂਪ ਸੰਸਾਰ ਅਤੇ ਜੀਵ ਜੰਤ ਵੀ ਕਾਇਮ ਰਹਿਣਗੇ। ਸਬਦੁ ਅਨਹਦ ਧੁਨਾਂ ਕੀਰਤਨੀ ਨਾਮ ਧੁਨਾਂ ਹਨ। ਇਹ ਧੁਨਾਂ ਲਹਿਰਾਂ ਬਣ ਕੇ ਸੰਸਾਰ ਵਿੱਚ ਵਗਦੀਆਂ ਹਨ॥ ਪਸਰਿਓ ਆਪਿ ਹੋਇ ਅਨਤ ਤ੍ਰੰਗ॥ ਪੰਨਾ ੨੭੫॥

ਅਨਹਦ ਧੁਨਾਂ ਵਿੱਚ ਬੇਅੰਤ ਸੰਗੀਤਕ ਧੁਨਾਂ ਹਨ ਜੋ ਮਨੁੱਖ ਨੂੰ ਨਹੀਂ ਸੁਣਦੀਆਂ। ਅਨਹਦੁ ਧੁਨਾਂ ਸੰਸਾਰ ਵਿੱਚ ਭਰਪੂਰ ਹਨ ਅਤੇ ਨਿਰੰਤਰ ਚਲ ਰਹੀਆਂ ਹਨ। ਇਸਨੂੰ ਗੁਰਬਾਣੀ ਸੰਸਾਰ ਤੋਂ ਉਪਰਲੇ ਤਲ ਤੇ ਨਾਮੁ ਦਾ ਬੇਅੰਤ ਰਾਗਾਂ ਵਿੱਚ ਬੇਅੰਤ ਸਾਜ਼ਾਂ ਨਾਲ ਨਿਰੰਤਰ/ਅਖੰਡ ਕੀਰਤਨ ਕਹਿੰਦੀ ਹੈ। ਇਹ ਆਨੰਦ/ਖੇੜਾ ਦੇਨ ਵਾਲੀਆਂ ਧੁਨਾਂ, ਨਾਮੁ ਰੂਪ ਅਕਾਲ ਪੁਰਖ, ਪਰਮਆਤਮਾ ਹੈ, ਪਰਮ ਨਿਰਮਲ ਚੇਤਨਾਂ ਹੈ।

ਗੁਰਬਾਣੀ ਇੱਕ ਏਕੰਕਾਰ, ਨਾਮੁ ਜੋਤਿ ਰੂਪ, ਅਕਾਲ ਪੁਰਖ ਪਾਰਬ੍ਰਹਮ ਦੇ ਰਾਜ ਦਰਬਾਰ ਦੀ ਕਥਾ/ਵਿਚਾਰ ਹੇਠਲੇ ਸ਼ਬਦ ਵਿੱਚ ਸਮਝਾ ਰਹੀ ਹੈ।

ਪੰਨਾ ੧੨੩੫/੧੨੩੬

ਸਾਰਗ ਮਹਲਾ ੫ ਅਸਟਪਦੀ ਘਰੁ ੬

ੴ ਸਤਿਗੁਰ ਪ੍ਰਸਾਦਿ॥

ਅਗਮ ਅਗਾਧਿ ਸੁਨਹੁ ਜਨ ਕਥਾ॥ ਪਾਰਬ੍ਰਹਮ ਕੀ ਅਚਰਜ ਸਭਾ॥ ੧॥ ਰਹਾਉ॥

(ਅਗਮ ਅਗਾਧਿ, ਨਾਮੁ ਰੂਪ, ਇੱਕ ਏਕੰਕਾਰ ਪਰਬ੍ਰਹਮ ਦੀ ਅਸਚਰਜ ਸਭਾ ਦੀ ਕਥਾ ਸੁਣਹੁ)

ਸਦਾ ਸਦਾ ਸਤਿਗੁਰ ਨਮਸਕਾਰ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ॥

ਮਨ ਭੀਤਰਿ ਹੋਵੈ ਪਰਗਾਸੁ॥ ਗਿਆਨ ਅੰਜਨੁ ਅਗਿਆਨ ਬਿਨਾਸੁ॥ ੧॥

(ਮੇਰੀ ਸਦਾ ਸਦਾ ਸਤਿਗੁਰ ਨੂੰ ਨਮਸਕਾਰ ਹੈ, ਗੁਰੂ ਦੀ ਕਿਰਪਾ ਨਾਲ ਮੈਂ ਉਸ ਦੇ ਅਪਾਰ ਗੁਣ ਗੁਰਮੰਤ੍ਰ ਨਾਮ ਵਾਹਿਗੁਰੂ ਦਾ ਜਪ/ਸਿਮਰਨ ਕਰ ਕੇ ਗਾਉਂਦਾ ਹਾਂ। ਮੇਰੇ ਮਨ ਵਿੱਚੋਂ ਅਗਿਆਨ ਦੂਰ ਹੋ ਗਿਆ ਹੈ, ਤੇ ਬ੍ਰਹਮ ਦਾ ਗਿਆਨ ਹੋ ਗਿਆ ਹੈ।)

ਮਿਤਿ ਨਾਹੀ ਜਾ ਕਾ ਬਿਸਥਾਰੁ॥ ਸੋਭਾ ਤਾ ਕੀ ਅਪਰ ਅਪਾਰ॥

ਅਨਿਕ ਰੰਗ ਜਾ ਕੇ ਗਨੇ ਨ ਜਾਹਿ॥ ਸੋਗ ਹਰਖ ਦੁਹਹੂ ਮਹਿ ਨਾਹਿ॥ ੨॥

(ਉਸ ਦੇ ਬਿਸਥਾਰ ਦਾ ਕੋਈ ਅੰਦਾਜ਼ਾ ਨਹੀਂ, ਉਸ ਦੀ ਸੋਭਾ ਬੇਅੰਤ ਹੈ। ਉਸ ਨੇ ਅਨੇਕਾਂ ਸਰਗੁਣ ਰੂਪ ਧਾਰੇ ਹੋਏ ਹਨ। ਉਹ ਖੁਸ਼ੀ ਅਤੇ ਗ਼ਮੀਂ ਦੁਹਾਂ ਤੋਂ ਉੱਪਰ ਹੈ)

ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ॥

ਅਨਿਕ ਪੁਰਖ ਅੰਸਾ ਅਵਤਾਰ॥ ਅਨਿਕ ਇੰਦ੍ਰ ਊਭੇ ਦਰਬਾਰ॥ ੩॥

(ਅਨੇਕਾਂ ਬ੍ਰਹਮੇ ਉਸ ਦੇ ਗੁਣ ਗਾਂਵਦੇ ਹਨ। ਅਨੇਕਾਂ ਸ਼ਿਵ ਬੈਠ ਕੇ ਉਸ ਦਾ ਧਿਆਨ ਧਰਦੇ ਹਨ। ਅਨੇਕਾਂ ਅਵਤਾਰ ਹਨ ਜਿਨ੍ਹਾਂ ਨੂੰ ਉਸਨੇ ਕੁੱਝ ਸ਼ਕਤੀਆਂ ਦਿੱਤੀਆਂ ਹਨ। ਅਨੇਕਾਂ ਇੰਦਰ ਉਸ ਦੇ ਦਰਬਾਰ ਵਿੱਚ ਖੜੇ ਹਨ)

ਅਨਿਕ ਪਵਨ ਪਾਵਕ ਅਰੁ ਨੀਰ॥ ਅਨਿਕ ਰਤਨ ਸਾਗਰ ਦਧਿ ਖੀਰ॥

ਅਨਿਕ ਸੂਰ ਸਸੀਅਰ ਨਖਿਆਤਿ॥ ਅਨਿਕ ਦੇਵੀ ਦੇਵਾ ਬਹੁ ਭਾਂਤਿ॥ ੪॥

(ਹੇ ਸੰਤ ਜਨੋ ਨਾਮੁ ਰੂਪ ਪਰਮਤਮਾ ਦਾ ਦਰਬਾਰ ਅਸਚਰਜ ਹੈ। ਉਸ ਦੇ ਪੈਦਾ ਕੀਤੇ ਅਨੇਕਾਂ ਹਵਾ ਪਾਣੀ ਅਤੇ ਅੱਗ ਹਨ ਅਨੇਕਾਂ ਹੀ ਰਤਨਾਂ ਦੇ ਦਹੀ ਅਤੇ ਦੁਧ ਦੇ ਸਮੁੰਦਰ ਹਨ। ਅਨੇਕਾਂ ਹੀ ਸੂਰਜ, ਚੰਦ੍ਰਮਾ, ਅਤੇ ਤਾਰੇ ਹਨ ਅਤੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਦੇਵਤੇ ਹਨ। ਨੋਟ = ਸੰਸਾਰ ਦੀ ਹਰ ਇੱਕ ਵਸਤੂ ਵਿੱਚ ਚੇਤਨਾਂ ਹੈ, ਗੁਰਬਾਣੀ ਹਵਾ ਪਾਨੀ ਆਦਿ ਨੂੰ ਜੀਵ ਕਹਿੰਦੀ ਹੈ)

ਅਨਿਕ ਬਸੁਧਾ ਅਨਿਕ ਕਾਮਧੇਨ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ॥

ਅਨਿਕ ਅਕਾਸ ਅਨਿਕ ਪਾਤਾਲ॥ ਅਨਿਕ ਮੁਖੀ ਜਪੀਐ ਗੋਪਾਲ॥ ੫॥

(ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਈਆਂ ਹਨ, ਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ, ਅਨੇਕਾਂ ਹੀ ਆਕਾਸ਼ ਤੇ ਪਾਤਾਲ ਹਨ। ਉਸ ਗੋਪਾਲ ਨੂੰ ਅਨੇਕਾਂ ਮੂਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ।)

ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ॥ ਅਨਿਕ ਜੁਗਤਿ ਹੋਵਤ ਬਖਿਆਨ॥

ਅਨਿਕ ਸਰੋਤੇ ਸੁਨਹਿ ਨਿਧਾਨ॥ ਸਰਬ ਜੀਅ ਪੂਰਨ ਭਗਵਾਨ॥ ੬॥

(ਅਨੇਕਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਅਤੇ ਪੁਰਾਣਾ ਰਾਹੀਂ ਅਨੇਕਾਂ ਤਰੀਕਿਆਂ ਨਾਲ ਉਸ ਦੇ ਗੁਣਾ ਦਾ ਉਪਦੇਸ਼ ਹੋ ਰਿਹਾ ਹੈ। ਅਨੇਕਾਂ ਹੀ ਸੁਣਨ ਵਾਲੇ ਉਸ ਗੁਣਾ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਸੁਣ ਰਹੇ ਹਨ ਉਹ ਭਗਵਾਨ ਸਾਰੇ ਹੀ ਜੀਵਾਂ ਵਿੱਚ ਵਿਆਪਕ ਹੈ।

ਅਨਿਕ ਧਰਮ ਅਨਿਕ ਕੁਮੇਰ॥ ਅਨਿਕ ਬਰਨ ਅਨਿਕ ਕਨਿਕ ਸੁਮੇਰ॥

ਅਨਿਕ ਸੇਖ ਨਵਤਨ ਨਾਮੁ ਲੇਹਿ॥ ਪਾਰਬ੍ਰਹਮ ਕਾ ਅੰਤੁ ਨ ਤੇਹਿ॥ ੭॥

(ਅਨੇਕਾਂ ਹੀ ਧਰਮ-ਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ, ਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਹਨ, ਅਨੇਕਾਂ ਹੀ ਉਸ ਦੇ ਬਣਾਏ ਹੋਏ ਸ਼ੇਸ਼ ਨਾਗ ਹਨ ਜੋ ਹਰ ਰੋਜ਼ ਸਦਾ ਉਸ ਦਾ ਨਵਾਂ ਹੀ ਨਾਮ ਲੈਂਦੇ ਹਨ। ਪਦਾ ੩ ਤੋਂ ਪਦਾ ੭ ਤਕ ਜਿਤਨੇ ਵੀ ਜੀਵਾਂ ਦੇ ਨਾਮ ਗੁਰੂ ਜੀ ਨੇ ਲਏ ਹਨ, ਉਹਨਾਂ ਵਿੱਚੋਂ ਕਿਸੇ ਨੇ ਪਾਰਬ੍ਰਹਮ ਦਾ ਅੰਤ ਨਹੀਂ ਲਭਾ ਯਾਨੀਂ ਨਾਮੁ ਰੂਪ ਅਕਾਲ ਪੁਰਖ ਨੂੰ ਨਹੀਂ ਪਾਇਆ।

ਅਨਿਕ ਪੁਰੀਆ ਅਨਿਕ ਤਹ ਖੰਡ॥ ਅਨਿਕ ਰੂਪ ਰੰਗ ਬ੍ਰਹਮੰਡ॥

ਅਨਿਕ ਬਨਾ ਅਨਿਕ ਫਲ ਮੂਲ॥ ਆਪਹਿ ਸੂਖਮ ਆਪਹਿ ਅਸਥੂਲ॥ ੮॥

(ਉਸ ਦੇ ਪੈਦਾ ਕੀਤੇ ਹੋਏ ਅਨੇਕਾਂ ਰੂਪਾਂ ਰੰਗਾਂ ਦੇ ਖੰਡ ਬ੍ਰਹਮੰਡ ਹਨ। ਅਨੇਕਾਂ ਜੰਗਲ ਤੇ ਉਹਨਾਂ ਵਿੱਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ। ਨਾਮੁ ਆਪ ਹੀ ਨਿਰਾਕਾਰ ਅਦ੍ਰਿਸ਼ਟ ਨਿਰਗੁਣ ਬ੍ਰਹਮ ਹੈ, ਅਤੇ ਆਪ ਹੀ ਸਰਗੁਣ ਸਰੂਪ ਵਿੱਚ ਜਗਤ ਤਮਾਸ਼ਾ ਹੈ)

ਅਨਿਕ ਜੁਗਾਦਿ ਦਿਨਸ ਅਰੁ ਰਾਤਿ॥ ਅਨਿਕ ਪਰਲਉ ਅਨਿਕ ਉਤਪਾਤਿ॥

ਅਨਿਕ ਜੀਅ ਜਾ ਕੇ ਗ੍ਰਿਹ ਮਾਹਿ॥ ਰਮਤ ਰਾਮ ਪੂਰਨ ਸ੍ਰਬ ਠਾਂਇ॥ ੯॥

(ਉਸ ਦੇ ਬਣਾਏ ਹੋਏ ਅਨੇਕਾਂ ਹੀ ਜੁਗ ਆਦਿਕ ਹਨ ਅਨੇਕਾਂ ਹੀ ਦਿਨ ਹਨ ਅਤੇ ਅਨੇਕਾਂ ਹੀ ਰਾਤਾਂ ਹਨ।। ਉਹ ਅਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤ-ਉਤਪੱਤੀ ਕਰਦਾ ਹੈ। ਉਸ ਦੇ ਘਰ ਵਿੱਚ ਅਨੇਕਾਂ ਹੀ ਜੀਵ ਹਨ ਉਹ ਸਭ ਥਾਵਾਂ ਵਿੱਚ ਰਮਿਆ ਹੋਇਆ ਹੈ ਵਿਆਪਕ ਹੈ ਮੌਜੂਦ ਹੈ।)

ਅਨਿਕ ਮਾਇਆ ਜਾ ਕੀ ਲਖੀ ਨ ਜਾਇ॥ ਅਨਿਕ ਕਲਾ ਖੇਲੈ ਹਰਿ ਰਾਇ॥

ਅਨਿਕ ਧੁਨਿਤ ਲਲਿਤ ਸੰਗੀਤ॥ ਅਨਿਕ ਗੁਪਤ ਪ੍ਰਗਟੇ ਤਹ ਚੀਤ॥ ੧੦॥

(ਉਸ ਦੀ ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ, ਉਹ ਪ੍ਰਭੂ ਅਨੇਕਾਂ ਕੌਤਕ ਖੇਲ ਕਰ ਰਿਹਾ ਹੈ। ਉਸ ਦੇ ਦਰ ਤੇ ਅਨੇਕਾਂ ਸੁਰੀਲੇ ਰਾਗਾਂ ਦੀ ਧੁਨੀ ਹੋ ਰਹੀ ਹੈ। ਉਹ ਅਨੇਕਾਂ ਥਾਂਈਂ ਗੁਪਤ ਹੈ ਪਰ ਜਿਨ੍ਹਾਂ ਦੇ ਚਿੱਤ ਵਿੱਚ ਵਸਦਾ ਹੈ ਓਥੇ ਪਰਗਟ ਹੋ ਜਾਂਦਾ ਹੈ।)

ਇਸ ਤੋਂ ਅੱਗੇ ਗੁਰੂ ਜੀ ਭਗਤ ਦੀ ਵਿਚਾਰ ਸਮਝਾ ਰਹੇ ਹਨ, ਭਗਤ ਪੂਰੇ ਗੁਰੂ ਤੋਂ ਨਾਮ ਉਪਦੇਸ਼ ਲੈ ਕੇ ਨਾਮ ਜਪ/ਸਿਮਰਨ ਕਰਦਾ ਹੈ ਚਉਥੇ ਪਦ ਦੀ ਅਵਸਥਾ ਵਿੱਚ ਭਗਤ ਉਸ ਦੇ ਗੁਣ ਅੱਠੇ ਪਹਿਰ ਗਾਂਵਦਾ ਹੈ। ਓਥੇ ਅਨੇਕ ਅਨਾਹਦ ਆਨੰਦ ਝੁਨਕਾਰਾਂ ਹਨ ਜੋ ਭਗਤ ਨੂੰ ਸੁਣਦੀਆਂ ਹਨ। ਉਸ ਰਸ ਦਾ ਕੋਈ ਅੰਤ ਨਹੀਂ। ਉਸ ਅਸਥਾਨ ਤੇ ਸਤ ਪੁਰਖ ਨਾਮੁ ਰੂਪ ਅਕਾਲ ਪੁਰਖ ਹੈ।

ਸਭ ਤੇ ਊਚ ਭਗਤ ਜਾ ਕੈ ਸੰਗਿ॥ ਆਠ ਪਹਰ ਗੁਨ ਗਾਵਹਿ ਰੰਗਿ॥

ਅਨਿਕ ਅਨਾਹਦ ਆਨੰਦ ਝੁਨਕਾਰ॥ ਉਆ ਰਸ ਕਾ ਕਛੁ ਅੰਤੁ ਨ ਪਾਰ॥ ੧੧॥

(ਨਾਮੁ ਰੂਪ ਅਕਾਲ ਪੁਰਖ ਸਭ ਤੋਂ ਉੱਚਾ ਹੈ ਗੁਰਮੁਖਿ ਭਗਤ ਉਸ ਦੀ ਸੰਗਤਿ ਕਰ ਰਹੇ ਹਨ, ਅੱਠੇ ਪਹਿਰ ਉਸ ਦੇ ਗੁਣ ਪ੍ਰੇਮ ਨਾਲ ਗਾਂਵਦੇ ਹਨ ਉਸ ਨੂੰ ਸਿਮਰਦੇ ਹਨ। ਓਥੇ ਬੇਅੰਤ ਬਿਨਾਂ ਵਜਾਏ ਸੰਗੀਤ ਦੀਆਂ ਆਨੰਦ ਖੇੜੇ ਦਾ ਰਸੁ ਦੇਨ ਵਾਲੀਆਂ ਧੁਨਾਂ ਹਨ ਉਸ ਰਸ ਆਨੰਦ ਦਾ ਕੋਈ ਅੰਤ ਜਾਂ ਪਾਰਲਾ ਬੱਨਾਂ ਨਹੀਂ ਲੱਭ ਸਕਦਾ ਉਹ ਆਨੰਦ ਅਮੁੱਕ ਹੈ ਹਮੇਸ਼ਾ ਬਣਿਆ ਰਹਿੰਦਾ ਹੈ।)

ਸਤਿ ਪੁਰਖੁ ਸਤਿ ਅਸਥਾਨੁ॥ ਊਚ ਤੇ ਊਚ ਨਿਰਮਲ ਨਿਰਬਾਨੁ॥

ਅਪੁਨਾ ਕੀਆ ਜਾਨਹਿ ਆਪਿ॥ ਆਪੇ ਘਟਿ ਘਟਿ ਰਹਿਓ ਬਿਆਪਿ॥

ਕ੍ਰਿਪਾ ਨਿਧਾਨ ਨਾਨਕ ਦਇਆਲ॥ ਜਿਨਿ ਜਪਿਆ ਨਾਨਕ ਤੇ ਭਏ ਨਿਹਾਲ॥ ੧੨॥ ੧੨੩੫/੩੬

(ਨਾਮੁ ਰੂਪ ਇੱਕ ਏਕੰਕਾਰ ਅਕਾਲ ਪੁਰਖ ਪਰਮਾਤਮਾ ਸਦਾ ਕਾਮਿ ਰਹਿਨ ਵਾਲਾ ਸਤਿ ਪੁਰਖੁ ਹੈ ਉਸ ਦਾ ਸਥਾਨ ਭੀ ਅਟੱਲ ਹੈ। ਉਹ ਉੱਚਿਆਂ ਤੋਂ ਉੱਚਾ ਹੈ ਪਵਿੱਤਰ ਹੈ ਵਾਸ਼ਨਾ ਰਹਿਤ ਹੈ। ਅਕਾਲ ਪੁਰਖ ਆਪਣੀਂ ਉਪਾਈ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ ਹੈ, ਉਹ ਆਪ ਸਭ ਘਟਾਂ ਜੀਵਾਂ ਸਰੀਰਾਂ ਵਿੱਚ ਵਸਦਾ ਹੈ। ਦਇਆ ਦੇ ਖ਼ਜ਼ਾਨੇ ਦਇਆ ਦੇ ਸੋਮੇ ਨਾਮੁ ਰੂਪ ਅਕਾਲ ਪੁਰਖ ਨੂੰ ਜਿਸ ਜਿਸ ਨੇ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਸਿਮਰਿਆ ਹੈ ਉਹ ਪ੍ਰਸੰਨ ਆਨੰਦ ਸਰੂਪ ਹੋ ਗਿਆ ਹੈ, ਗੁਰੂ ਨਾਨਕ ਸਾਹਿਬ ਕਹਿ ਰਹੇ ਹਨ।)

ਗੁਰਬਾਣੀ, ਬ੍ਰਹਮੰਡ ਵਿੱਚ, ਗਿਆਨ ਸਰੂਪ, ਨਾਮੁ ਰੂਪ ਅਕਾਲ ਪੁਰਖ ਦਾ ਸਰੂਪ ਇਸਤਰ੍ਹਾਂ ਦੱਸਦੀ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥

(ਗਿਆਨ ਖੰਡ, ਭਾਵ ਭਗਤ ਦੀ ਸਿਮਰਨ ਤੋਂ ਪਰਾਪਤ ਗਿਆਨ ਅਵਸਥਾ ਵਿੱਚ, ਅਨਹਦੁ ਸਬਦੁ ਦੇ ਸਭ ਰਾਗ, ਧੁਨਾਂ, ਤਮਾਸ਼ੇ, ਕੌਤਕ ਹਨ ਜਿਸ ਵਿੱਚ ਸਦਾ ਦੀ ਖੁਸ਼ੀ ਤੇ ਆਨੰਦ ਹੈ।)

ਨਾਮੁ ਰੂਪ ਇੱਕ ਏਕੰਕਾਰ ਅਕਾਲ ਪੁਰਖ ਦਾ ਸੁਧ ਮਨ ਜਪ/ਸਿਮਰਨ ਕਰਨ ਨਾਲ ਹਉਂਮੈਂ ਦੀ ਮੈਲ ਧੁਲਦੀ ਹੈ, ਮਨ ਨਿਰਮਲ ਹੁੰਦਾ ਹੈ, ਭਰਮ ਭੈ ਜਾਂਦਾ ਹੈ, ਅਤੇ ਚਉਥੇ ਪਦ ਵਿੱਚ ਬ੍ਰਹਮ ਗਿਆਨੀ ਨੂੰ ਅਨੇਕਾਂ ਅਨਹਤ/ਅਨਹਦ ਧੁਨਾਂ ਦਾ ਕੀਰਤਨ ਸੁਣਦਾ ਹੈ। ਅਨਹਦ ਧੁਨਾਂ ਨੂੰ ਸੁਣਨ ਤੋਂ ਹਿਰਦੇ ਵਿੱਚ ਸਦਾ ਦਾ ਆਨੰਦ ਖੁਸ਼ੀ ਖੇੜਾ ਉਪਜਦਾ ਹੈ। ਅਨਹਦ ਸਬਦ, ਨਾਮੁ ਰੂਪ ਅਕਾਲ ਪੁਰਖ ਦਾ ਸੰਸਾਰ ਵਿੱਚ ਆਤਮ ਪਸਾਰੇ ਵਾਲਾ ਸਰੂਪ ਹੈ।

ਹੇਠਾਂ ਅਸੀਂ ਗੁਰਬਾਣੀ ਦੇ ਕੁੱਝ ਹੋਰ ਪਰਮਾਣ ਦਿੱਤੇ ਹਨ ਜਿਨ੍ਹਾਂ ਨੂੰ ਸਮਝ ਕੇ ਅਸੀਂ ਨਾਮੁ ਰੂਪ ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਦਾ ਅਨੁਮਾਨ ਲਗਾ ਸਕਦੇ ਹਾਂ। ਇਹ ਦਰਸ਼ਨ ਗੁਰਸਬਦੁ/ਗੁਰਮੰਤ੍ਰ ਨਾਮ, ਵਾਹਿਗੁਰੂ, ਦਾ ਜਪ/ਸਿਮਰਨ ਕਰ ਕੇ, ਚਉਥੇ ਪਦ ਦੀ ਅਵਸਥਾ ਵਿੱਚ ਗੁਰਮੁਖਿ ਬ੍ਰਹਮ ਗਿਆਨੀ ਨੂੰ ਹੁੰਦੇ ਹਨ। ਇਸ ਅਵਸਥਾ ਵਿੱਚ ਅਭਿਆਸੀ ਦਾ ਮਨ/ਜੀਵਆਤਮਾ ਨਿਰਮਲ ਹੋ ਕੇ ਨਿਰਮਲ ਨਾਮ ਜੋਤਿ ਨਿਰਮਲ ਪਰਮਚੇਤਨਾ ਵਿੱਚ ਅਭੇਦ ਹੋ ਜਾਂਦੀ ਹੈ। ਇਹ ਅਵਸਥਾ ਬ੍ਰਹਮ ਗਿਆਨੀ ਆਪਿ ਨਿਰੰਕਾਰ॥ ਪੰਨਾ ੨੭੪, । ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥ ਪੰਨਾ ੨੭੩। ਵਾਲੀ ਬ੍ਰਹਮ ਗਿਆਨੀ ਦੀ ਅਵਸਥਾ ਹੈ।

ਗੁਰਬਾਣੀ ਇਸ ਤਰ੍ਹਾਂ ਵੀ ਸਮਝਾਂਉਂਦੀ ਹੈ। ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ॥ ਪੰਨਾ ੬੬੭ (ਜਿਨ੍ਹਾਂ ਨੇ ਹਰਿ ਨੂੰ ਜਪਿਆ ਉਹ ਹਰਿ/ਨਾਮ ਵਿੱਚ ਅਭੇਦ ਹੋ ਗਏ, ਉਹਨਾਂ ਨੂੰ

ਚੋਜ ਤਮਾਸ਼ੇ ਕਰਨ ਵਾਲਾ ਚੋਜੀ ਮਿਲ ਗਿਆ)

ਗੁਰਮੁਖਿ ਭਗਤ ਸਿਮਰਨ ਕਰਦਿਆਂ ਹਿਰਦੇ ਵਿੱਚ ਨਾਮ ਦਾ ਕੀਰਤਨ ਕਰਦਾ ਹੈ ਉਸ ਦੇ ਅੰਦਰੋਂ ਭਰਮ ਚਲਾ ਜਾਂਦਾ ਉਹ ਪਰਪੰਚ ਸਸੰਾਰ ਦੀ ਖੇਡ ਨੂੰ ਦੇਖ ਕੇ ਹੈਰਾਨ ਹੈ, ਗੁਰਮੁਖਿ ਨੂੂੰੰ ਨਾਮੁ ਪਰਗਟ ਹੋ ਜਾਂਦਾ ਹੈ।

ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ॥ ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ॥

ਪਰਪੰਚ ਵੇਖ ਰਹਿਆ ਵਿਸਮਾਦੁ॥ ਗੁਰਮੁਖਿ ਪਾਈਐ ਨਾਮ ਪ੍ਰਸਾਦੁ॥ ਪੰਨਾ ੧੧੭੪

ਪਾਠਕਾਂ ਪਾਸ ਬੇਨਤੀ ਹੈ ਕਿ ਉਹ ਹੇਠ ਲਿਖੇ ਸ਼ਬਦਾਂ ਦੇ ਅਰਥ ਆਪ ਕਰਨ।

ਪੰਨਾ ੧੦੩੩

ਮਾਰੂ ਮਹਲਾ ੧ ਦਖਣੀ॥

ਕਾਇਆ ਨਗਰੁ ਨਗਰ ਗੜ ਅੰਦਰਿ॥ ਸਾਚਾ ਵਾਸਾ ਪੁਰਿ ਗਗਨੰਦਰਿ॥

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ॥ ੧॥

ਅੰਦਰਿ ਕੋਟ ਛਜੇ ਹਟਨਾਲੇ॥ ਆਪੇ ਲੇਵੈ ਵਸਤੁ ਸਮਾਲੇ॥

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ॥ ੨॥

ਭੀਤਰਿ ਕੋਟ ਗੁਫਾ ਘਰ ਜਾਈ॥ ਨਉ ਘਰ ਥਾਪੇ ਹੁਕਮਿ ਰਜਾਈ॥

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ॥ ੩॥

ਪਉਣ ਪਾਣੀ ਅਗਨੀ ਇੱਕ ਵਾਸਾ॥ ਆਪੇ ਕੀਤੋ ਖੇਲੁ ਤਮਾਸਾ॥

ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ॥ ੪॥

ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ॥ ੫॥

(ਪਵਣੈ = ਅਨਹਦ ਧੁਨਾਂ = ਨਾਮ ਧੁਨਾਂ)

ਭਾਰ ਅਠਾਰਹ ਮਾਲਣਿ ਤੇਰੀ॥ ਚਉਰੁ ਢੁਲੈ ਪਵਣੈ ਲੈ ਫੇਰੀ॥ ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ॥ ੬॥

ਪੰਖੀ ਪੰਚ ਉਡਰਿ ਨਹੀ ਧਾਵਹਿ॥ ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ॥

ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ॥ ੭॥

ਝਿਲਮਿਲਿ ਝਿਲਕੈ ਚੰਦੁ ਨ ਤਾਰਾ॥ ਸੂਰਜ ਕਿਰਣਿ ਨ ਬਿਜੁਲਿ ਗੈਣਾਰਾ॥

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ॥ ੮॥

ਪਸਰੀ ਕਿਰਣਿ ਜੋਤਿ ਉਜਿਆਲਾ॥ ਕਰਿ ਕਰਿ ਦੇਖੈ ਆਪਿ ਦਇਆਲਾ॥

ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ॥ ੯॥

(ਨਿਰਭਉ ਨਾਮੁ ਦੇ ਘਰਿ ਅਨਹਦ ਰੁਣਝੁਣਕਾਰ ਦੀ ਧੁਨ ਦਾ ਗਾਇਨ ਹੋ ਰਿਹਾ ਹੈ)

ਅਨਹਦੁ ਵਾਜੈ ਭ੍ਰਮੁ ਭਉ ਭਾਜੈ॥ ਸਗਲ ਬਿਆਪਿ ਰਹਿਆ ਪ੍ਰਭੁ ਛਾਜੈ॥

(ਜਦੋਂ ਨਾਮ ਅਭਿਆਸੀ ਨੂੰ ਅਨਹਦ ਧੁਨ ਸੁਣਦੀ ਹੈ ਤਾਂ ਭ੍ਰਮੁ ਦੇ ਭਉ ਦੂਰ ਹੋ ਜਾਂਦੇ ਹਨ, ਸਭ ਥਾਂ ਵਿਆਪਕ ਪ੍ਰਭੂ ਮਿਲ ਜਾਂਦਾ ਹੈ)

ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ॥ ੧੦॥

(ਸਾਰੀ ਜਗਤ ਰਚਨਾਂ ਤੇਰੀ ਹੈ। ਗੁਰਮੁਖਿ ਭਗਤ ਨੇ ਤੇਰਾ ਨਾਮ ਜਪ/ਸਿਮਰਨ ਕਰ ਕੇ ਤੈਨੂੰ ਜਾਣ ਲਿਆ ਹੈ, ਉਹ ਤੇਰੇ ਦਰ ਤੇ ਤੇਰੇ ਗੁਣ ਗਾ ਰਿਹਾ ਹੈ ਨਾਮ ਦਾ ਕੀਰਤਨ ਕਰ ਕੇ ਸੋਭਦਾ ਹੈ)

ਆਦਿ ਨਿਰੰਜਨੁ ਨਿਰਮਲੁ ਸੋਈ॥ ਅਵਰੁ ਨ ਜਾਣਾ ਦੂਜਾ ਕੋਈ॥

ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ॥ ੧੧॥

ਅੰਮ੍ਰਿਤੁ ਪੀਆ ਸਤਿਗੁਰਿ ਦੀਆ॥ ਅਵਰੁ ਨ ਜਾਣਾ ਦੂਆ ਤੀਆ॥

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥ ੧੨॥

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ॥ ਕੋਇ ਨ ਜਾਣੈ ਤੇਰਾ ਚੀਰਾ॥

ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ॥ ੧੩॥

ਕਰਮੁ ਧਰਮੁ ਸਚੁ ਹਾਥਿ ਤੁਮਾਰੈ॥ ਵੇਪਰਵਾਹ ਅਖੁਟ ਭੰਡਾਰੈ॥

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ॥ ੧੪॥

ਆਪੇ ਦੇਖਿ ਦਿਖਾਵੈ ਆਪੇ॥ ਆਪੇ ਥਾਪਿ ਉਥਾਪੇ ਆਪੇ॥

ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ॥ ੧੫॥

ਜੇਤੀ ਹੈ ਤੇਤੀ ਤੁਧੁ ਅੰਦਰਿ॥ ਦੇਖਹਿ ਆਪਿ ਬੈਸਿ ਬਿਜ ਮੰਦਰਿ॥

ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ॥ ੧੬॥ ੧॥ ੧੩॥

ਪੰਨਾ ੪੨

ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ॥

ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ॥ ੩॥

(ਗੁਰਮੁਖਿ ਨਾਮ ਜਪਦੇ ਹਨ ਤੇ ਸਲਾਹੁੰਦੇ ਹਨ ਅਤੇ ਨਾਮ ਨਾਲ ਲਿਵ ਲਾ ਕੇ ਰੱਖਦੇ ਹਨ। ਨਾਮ ਸਿਮਰਨ ਪਰਮ ਪਦ ਦੀ ਅਵਸਥਾ ਵਿੱਚ ਅਨਹਦ ਧੁਨੀ ਵਜਦੀ ਹੈ ਤੇ ਗੁਰਮੁਖਿ ਨੂੰ ਸੁਣਦੀ ਹੈ। ਗੁਰਮੁਖਿ ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦਾ ਹੈ।)

ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ॥

ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ॥

ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ॥ ੪॥ ਪੰਨਾ ੪੨

ਪੰਨਾ ੭੭੦/੧੫

ਸੂਹੀ ਮਹਲਾ ੩॥

ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ॥

ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ॥

ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ॥

ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ॥

ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ॥

(ਪਦ ਅਰਥ: ਗੁਰ ਕਾ ਸਬਦ = ਵਾਹਿਗੁਰੂ = ਗੁਰਮੰਤ੍ਰ ਨਾਮ)

ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ॥ ੧॥

ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ॥

ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ॥

ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ॥

ਜਿਨੑ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ॥

ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ॥

ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ॥ ੨॥

ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ॥

ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ॥

ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ॥

ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮਾੑਲੇ॥

ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ॥

ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ॥ ੩॥

ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ॥

ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ॥

ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ॥

ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ॥

ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ॥

ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ॥ ੪॥ ੪॥ ੫॥

ਪੰਨਾ ੭੮੧/੧੬

ਸੂਹੀ ਮਹਲਾ ੫॥

ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ॥

ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ॥

ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ॥

ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ॥

ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ॥ ੧॥

ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ॥

ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ॥

ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ॥

ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ॥

ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ॥

ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ॥ ੨॥

ਛਾਇਆ ਪ੍ਰਭਿ ਛਤ੍ਰਪਤਿ ਕੀਨੀੑ ਸਗਲੀ ਤਪਤਿ ਬਿਨਾਸੀ ਰਾਮ॥

ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ॥

ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ॥

ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ॥

ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ॥

ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ॥ ੩॥

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ॥

ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ॥

ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ॥

ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ॥

ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ॥

ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ॥ ੪॥ ੪॥ ੭॥

ਪੰਨਾ ੧੧੮੮/੧੬ ਬਸੰਤੁ ਮਹਲਾ ੧॥

ਦਰਸਨ ਕੀ ਪਿਆਸ ਜਿਸੁ ਨਰ ਹੋਇ॥ ਏਕਤੁ ਰਾਚੈ ਪਰਹਰਿ ਦੋਇ॥

ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ॥ ਗੁਰਮੁਖਿ ਬੂਝੈ ਏਕ ਸਮਾਇ॥ ੧॥

ਤੇਰੇ ਦਰਸਨ ਕਉ ਕੇਤੀ ਬਿਲਲਾਇ॥ ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ॥ ੧॥ ਰਹਾਉ॥

ਬੇਦ ਵਖਾਣਿ ਕਹਹਿ ਇਕੁ ਕਹੀਐ॥ ਓਹੁ ਬੇਅੰਤੁ ਅੰਤੁ ਕਿਨਿ ਲਹੀਐ॥

ਏਕੋ ਕਰਤਾ ਜਿਨਿ ਜਗੁ ਕੀਆ॥ ਬਾਝੁ ਕਲਾ ਧਰਿ ਗਗਨੁ ਧਰੀਆ॥ ੨॥

ਏਕੋ ਗਿਆਨੁ ਧਿਆਨੁ ਧੁਨਿ ਬਾਣੀ॥ ਏਕੁ ਨਿਰਾਲਮੁ ਅਕਥ ਕਹਾਣੀ॥

ਏਕੋ ਸਬਦੁ ਸਚਾ ਨੀਸਾਣੁ॥ ਪੂਰੇ ਗੁਰ ਤੇ ਜਾਣੈ ਜਾਣੁ॥ ੩॥

ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥

ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥ ੪॥

ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥

ਤਿਸ ਕਾ ਕੀਆ ਤ੍ਰਿਭਵਣ ਸਾਰੁ॥ ਓਹੁ ਅਗਮੁ ਅਗੋਚਰੁ ਏਕੰਕਾਰੁ॥ ੫॥

ਏਕਾ ਮੂਰਤਿ ਸਾਚਾ ਨਾਉ॥ ਤਿਥੈ ਨਿਬੜੈ ਸਾਚੁ ਨਿਆਉ॥

ਸਾਚੀ ਕਰਣੀ ਪਤਿ ਪਰਵਾਣੁ॥ ਸਾਚੀ ਦਰਗਹ ਪਾਵੈ ਮਾਣੁ॥ ੬॥

ਏਕਾ ਭਗਤਿ ਏਕੋ ਹੈ ਭਾਉ॥ ਬਿਨੁ ਭੈ ਭਗਤੀ ਆਵਉ ਜਾਉ॥

ਗੁਰ ਤੇ ਸਮਝਿ ਰਹੈ ਮਿਹਮਾਣੁ॥ ਹਰਿ ਰਸਿ ਰਾਤਾ ਜਨੁ ਪਰਵਾਣੁ॥ ੭॥

ਇਤ ਉਤ ਦੇਖਉ ਸਹਜੇ ਰਾਵਉ॥ ਤੁਝ ਬਿਨੁ ਠਾਕੁਰ ਕਿਸੈ ਨ ਭਾਵਉ॥

ਨਾਨਕ ਹਉਮੈ ਸਬਦਿ ਜਲਾਇਆ॥ ਸਤਿਗੁਰਿ ਸਾਚਾ ਦਰਸੁ ਦਿਖਾਇਆ॥ ੮॥ ੩॥

ਗੁਰੂ ਨਾਨਕ ਸਾਹਿਬ ਦਾ ਗੁਰੂ, ਇੱਕ ਏਕੰਕਾਰ ਦਾ ਪਸਾਰੇ ਵਾਲਾ ਸਰੂਪ ਸਬਦੁ, ਓਅੰਕਾਰ ਧੁੰਨ ਸੀ। ਗੁਰੂ ਜੀ ਦੀ ਸੁਰਤਿ ਓਅੰਕਾਰ ਧੁੰਨ ਵਿੱਚ ਲੀਨ ਰਹਿੰਦੀ ਸੀ। ਗੁਰੂ ਨਾਨਕ ਸਾਹਿਬ ਆਪ ਪਰਮੇਸਰ ਸਨ।

ਗੁਰਸਿੱਖ ਦਾ ਗੁਰੂ, ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਹੈ ਜੋ ਸਿਖੀ ਵਿੱਚ ਪਰਵੇਸ਼ ਵੇਲੇ ਗੁਰੂ ਜੀ ਸਿੱਖ ਸੇਵਕ ਨੂੰ ਜਪਨ ਲਈ ਦਿੰਦੇ ਹਨ। ਗੁਰਮੁਖਿ, ਗੁਰਮੰਤ੍ਰ ਨਾਮ, ਵਾਹਿਗੁਰੂ ਨੂੰ ਜਪ ਸਿਮਰ ਕੇ ਸਬਦੁ ਇੱਕ ਏਕੰਕਾਰ ਦੇ ਪਸਾਰੇ ਵਾਲੇ ਨਿਰਗੁਣ ਸਰੂਪ, ਅਨਹਦ ਧੁਨਾਂ ਵਿੱਚ ਸਮਾ ਜਾਂਦੇ ਹਨ। ਗੁਰਮੁਖਿ ਨਾਮੁ ਹੁਕਮ ਸਬਦ, ਦੇ ਸੁਮੇਲ, ‘ਅਨਹਦ ਧੁਨਾਂ’ ਵਿੱਚ ਅਭੇਦ ਹੋ ਜਾਂਦੇ ਹਨ। ਫਿਰ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਅਤੇ ਬ੍ਰਹਮ ਗਿਆਨੀ ਸਦ ਜੀਵਤ ਨਹੀਂ ਮਰਤਾ ਵਾਲੀ ਅਵਸਥਾ ਨੂੰ ਪਰਾਪਤ ਕਰ ਲੈਂਦਾ ਹੈ।

ਗੁਰਬਾਣੀ ਦਾ ਪਾਠ ਕਰਨ, ਵਿਚਾਰ ਕਰਨ ਅਤੇ ਗੁਰਬਾਣੀ ਕੀਰਤਨ ਮਨ ਨੂੰ ਨਿਰਮਲ ਕਰਦੇ ਹਨ ਅਤੇ ਆਨੰਦ ਖੇੜਾ ਬਖਸ਼ਦੇ ਹਨ। ਗੁਰਬਾਣੀ ਵਿਚਾਰ ਕਰੀਏ ਤਾਂ ਸਮਝ ਆਉਂਦੀ ਹੈ ਕਿ ਗੁਰਬਾਣੀ ਦਾ ਸਾਰ ਉਪਦੇਸ਼ ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਜਪ/ਸਿਮਰਨ ਹੈ।

ਗੁਰਬਾਣੀ ਉਪਦੇਸ਼ ਹੈ ਹਿਰਦੇ ਵਿੱਚ ਧਿਆਨ ਰੱਖ ਕੇ ਗੁਰਸਬਦ/ਗਰੁਮੰਤ੍ਰੁ ਨਾਮ ‘ਵਾਹਿਗੁਰੂ’ ਦਾ ਕੀਰਤਨ ਹਿਰਦੇ ਵਿੱਚ ਕਰੋ। ਨਾਮ ਜਪ/ਸਿਮਰਨ ਕਰਨ ਨਾਲ ਹਿਰਦੇ ਵਿੱਚ ਨਾਮ ਧੁਨ ਉਪਜਦੀ ਹੈ। ਧੁਨ ਵਿੱਚ ਧਿਆਨ ਰੱਖ ਕੇ ਸਿਮਰਨ ਤੋਂ ਗੁਰਬਾਣੀ ਦੀ ਅਨੁਭਵੀ ਵਿਚਾਰ ਗੁਰੂ ਜੀ ਤੋਂ ਅੰਤਰਗਤ ਪਰਾਪਤ ਹੁੰਦੀ ਹੈ। ਇਸਤੋਂ ਹੀ ਅੰਤਰਗਤ ਆਤਮ ਗਿਆਨ ਤੇ ਪਰਮਾਤਮ ਗਿਆਨ, ਹਿਰਦੇ ਵਿੱਚ ਉਪਜਦਾ ਹੈ। ਨਾਮ ਜਪ/ਸਿਮਰਨ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਹੋ ਸਕਦਾ। ਗੁਰਬਾਣੀ ਉਪਦੇਸ਼ ਤੇ ਅਮਲ ਕਰਨ ਵਾਲੇ ਗਰੁਸਿੱਖ, ਸਿੱਖੀ ਵਿੱਚ ਪਰਵੇਸ਼ ਕਰਨ ਦੇ ਸਮੇਂ ਤੋਂ ਸਿਮਰਨ ਕਰਦੇ ਹਨ। ਗੁਰਸਿੱਖ, ਗੁਰਬਾਣੀ ਦਾ ਪਾਠ, ਕੀਰਤਨ ਵੀ ਕਰਦੇ ਹਨ ਅਤੇ ਸਤ ਸੰਗਤਿ ਵਿੱਚ ਵੀ ਜਾਂਦੇ ਹਨ ਜਿੱਥੇ ਨਾਮੁ ਜਪ/ਸਿਮਰਨ ਕੀਤਾ ਜਾਂਦਾ ਹੈ। ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਜਪ/ਸਿਮਰਨ ਕਰਨ ਲਈ ਪੜ੍ਹਿਆ ਜਾਂ ਅਨਪੜ੍ਹ ਹੋਣਾ ਇੱਕ ਬਰਾਬਰ ਹੈ।

Gurmukh Singh




.