.

‘ਪ੍ਰੋ: ਸਾਹਿਬ ਸਿੰਘ ਜੀ ਦੇ ਵਿਆਕਰਣ ਆਧਾਰਿਤ ਅਰਥਾਂ ਬਾਰੇ’

(ਤੱਤ ਗੁਰਮਤਿ ਪਰਿਵਾਰ ਦੇ ਲੇਖ: ‘ਗੁਰੂ ਪਦ ਬਾਰੇ ਸੰਵਾਦ’

“ਜਸਬੀਰ ਸਿੰਘ ਕੈਲਗਰੀ ਦੇ ਵਿਚਾਰ ਬਾਰੇ ‘ਪਰਿਵਾਰ ਦਾ ਸਪੱਸ਼ਟੀਕਰਨ”

ਦੇ ਸੰਬੰਧ ਵਿੱਚ)

(ਨੋਟ:- ਇਹ ਲੇਖ ਮੁੱਖ ਤੌਰ ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਵਿਆਕਰਣ ਆਧਾਰਿਤ ਅਰਥਾਂ ਅਤੇ ਹੋਰ ਵਿਦਵਾਨਾਂ ਦੇ ਕੀਤੇ ਅਰਥਾਂ ਦੇ ਸੰਬੰਧ ਵਿੱਚ ਮੇਰੇ ਵੱਲੋਂ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਜਵਾਬ ਦੇ ਰੂਪ ਵਿੱਚ ਹੈ। ‘ਗੁਰੂ ਪਦ’ ਬਾਰੇ ਵਿਚਾਰ ਨਹੀਂ)।

ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ: “ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਦਰਪਣ ਸਲਾਹੁਣਯੋਗ ਕੰਮ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਵਿੱਚ ਕੁੱਝ ਵੀ ਗ਼ਲਤ ਨਹੀਂ ਹੈ। ਜਾਂ ਇਹ ਗੁਰਬਾਣੀ ਦੇ ਕੀਤੇ ਪੂਰੀ ਤਰ੍ਹਾਂ ਸਹੀ ਅਰਥ ਹਨ। …ਪਰ ਇਸ ਟੀਕੇ ਵਿਚਲੇ ਅਰਥ ਕਈ ਥਾਂ ਮੂਲ ਗੁਰਮਤਿ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ। ਜਿਸ ਕਾਰਨ ਗੁਰਬਾਣੀ ਵਿੱਚ ਆਪਾ ਵਿਰੋਧ ਹੋਣ ਦਾ ਭੁਲੇਖਾ ਲਗਦਾ ਹੈ। ਇਸ ਕਾਰਨ ਇਸ ਟੀਕੇ ਵਿੱਚ ਖਾਮੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ”।

ਤੱਤ ਗੁਰਮਤਿ ਪਰਿਵਾਰ ਵਾਲੇ ਇੱਕ ਪਾਸੇ ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਦੀ ਤਾਰੀਫ਼ ਕਰਦੇ ਹਨ ਅਤੇ ਦੂਸਰੇ ਪਾਸੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲੀਆਂ ਘਾੜਤਾਂ ਘੜ ਰਹੇ ਹਨ। ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਕੁੱਝ ਗ਼ਲਤੀਆਂ ਲੱਗਦੀਆਂ ਹਨ ਤਾਂ ਉਹ ਕੇਵਲ ਗ਼ਲਤੀਆਂ ਦੇ ਸੁਧਾਰ ਦੀ ਹੀ ਗੱਲ ਕਿਉਂ ਨਹੀਂ ਕਰਦੇ? ਕੀ ਉਹ ਕੋਈ ਐਸਾ ਟੀਕਾ ਦੱਸ ਸਕਦੇ ਹਨ ਜਿਸ ਵਿੱਚ ਕੋਈ ਗ਼ਲਤੀ ਨਾ ਹੋਵੇ? ਕੀ ਉਨ੍ਹਾਂਦੇ ਆਪਣੇ ਕੀਤੇ ਅਰਥ ਠੀਕ ਹੁੰਦੇ ਹਨ? ਪੇਸ਼ ਹਨ ਕੁੱਝ ਕੁ ਉਦਾਹਰਣਾਂ ਜਿਨ੍ਹਾਂ ਦੇ ਅਰਥ ਇਨ੍ਹਾਂਨੇ ਕੀਤੇ ਸਨ। ਪਰ ਇਨ੍ਹਾਂ ਅਰਥਾਂ ਬਾਰੇ ਕੀਤੇ ਗਏ ਮੇਰੇ ਤਰਕਾਂ ਦਾ ਇਨ੍ਹਾਂਨੇ ਅੱਜ ਤੱਕ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ।

1- “ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (ਪੰਨਾ-1389)।

ਅਰਥ (ਤੱ: ਗੁ: ਪ: ) – “ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ

ਤਰਕ- ਪਰਮਾਤਮਾ ਤਾਂ ਇੱਕ ਹੈ, ਨਾਨਕ ਪਾਤਸ਼ਾਹ ਦੇ ‘ਗੁਰੂ’ (ਪ੍ਰਭੂ) ਦੇ ਗੁਣ ਗਾਉਣ ਦਾ ਕੀ ਮਤਲਬ ਹੋਇਆ? ਨਾਨਕ ਪਾਤਿਸ਼ਾਹ ਦਾ ਗੁਰੂ (ਪ੍ਰਭੂ) ਕੋਈ ਵੱਖਰਾ ਹੈ?

…. ਮੈਂ. . ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ ਗ੍ਰਿਹਸਥੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ

ਕੀਤੇ ਗਏ ਅਰਥਾਂ ਅਨੁਸਾਰ ਕਵੀ ਕਲ ਉਸ ਦੇ ਗੁਣ ਗਾਉਂਦਾ ਹੈ ਜਿਸ ਨੇ ਰਾਜ ਜੋਗ ਮਾਣਿਆ। ਕੀ ਪ੍ਰਭੂ ਨੇ ਰਾਜ ਜੋਗ ਮਾਣਿਆ?

2- “ਗੁਰੁ ਜਗਤ ਫਿਰਣਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)।

ਅਰਥ (ਪ੍ਰੋ: ਸਾਹਿਬ ਸਿੰਘ): ‘ਫਿਰਣਸੀਹ= ਫੇਰੂ ਦਾ ਪੁੱਤਰ’। ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ। (ਨੋਟ: ਤ: ਗੁ: ਪ: ਵੱਲੋਂ ਇਸ ਤੁਕ ਦੇ ਅਰਥ ਨਹੀਂ ਕੀਤੇ ਗਏ। ਅਰਥਾਤ, ਅਰਥ ਨਹੀਂ ਕਰ ਸਕੇ)।

3- “ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (ਪੰਨਾ-1393)।

ਅਰਥ (ਤੱ: ਗੁ: ਪ: ) - “ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ”।

ਨੋਟ- ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ। ਕੀ ਇਸ ਲਾਇਨ ਦਾ ਕੋਈ ਮਤਲਬ ਬਣਦਾ ਹੈ? ਕੀ ਭਗਤਾਂ ਨੂੰ ਨਾਮ ਦੇਣ ਨਾਲ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ?

ਜੇ “ਅਮਰਦਾਸ” ਦਾ ਅਰਥ “ਹੇ ਅਮਰਦਾਸ” ਕਰੀਏ ਤਾਂ “ਗੁਰ ਕਉ ਫੁਰਿਆ” ਦਾ ਅਰਥ “ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ” ਕਿਸੇ ਤਰ੍ਹਾਂ ਵੀ ਬਣਦਾ ਹੈ? ‘ਗੁਰੂ ਨੂੰ’ ਫੁਰਿਆ ਅਰਥ ਬਣਦਾ ਹੈ।

4- “ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)।

ਅਰਥ (ਤ: ਗੁ: ਪ: ) - “ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ ਤੋਂ ਕੁੱਝ ਪਾਪ ਬਿਨਾਸ (ਘਟ) ਜਾਂਦੇ ਹਨ। ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ”।

ਤਰਕ:- “ਗੁਰੁ ਅਮਰਦਾਸ ਪਰਸੀਐ” ਦਾ ਅਰਥ “ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ” ਕੀ ਕਿਸੇ ਵੀ ਹਿਸਾਬ ਨਾਲ ਇਹ ਅਰਥ ਬਣਦੇ ਹਨ? ਜੇ ਇੱਥੇ ਗੁਰੂ (ਪਰਮਾਤਮਾ) ਨੂੰ ਪਰਸਣ ਦੀ ਗੱਲ ਕੀਤੀ ਮੰਨ ਲਈਏ ਤਾਂ ‘ਗੁਰੁ’ ਅਤੇ ‘ਪਰਸੀਐ’ ਦੇ ਵਿੱਚ ਵਿਚਾਲੇ ‘ਅਮਰਦਾਸ’ ਪਦ ਲਿਖਣ ਦਾ ਕੀ ਮਤਲਬ ਹੋਇਆ? “ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ” ਅਰਥ ਕਿਸ ਤਰ੍ਹਾਂ ਬਣ ਸਕਦੇ ਹਨ?

ਸਵਾਲ- ਅਮਰਦਾਸ ਦੇ ਗੁਰੂ ਨੂੰ ਪਰਸਣ ਬਾਰੇ ਕਿਉਂ ਕਿਹਾ ਗਿਆ ਹੈ? ਆਪਣਾ ਗੁਰੂ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਕੀ (ਗੁਰੂ) ਅਮਰਦਾਸ ਜੀ ਦਾ ‘ਪ੍ਰਭੂ ਗੁਰੂ’ ਕੋਈ ਵੱਖਰਾ ਹੈ?

5- “ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)।

ਅਰਥ (ਤ: ਗੁ: ਪ: ) - “ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈ”।

ਤਰਕ: ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਜੀ ਦਾ ‘ਪਰਮਾਤਮਾ ਗੁਰੂ’ ਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ ਪਰਮਾਤਮਾ ਨੂੰ ਉਚੇਚੇ ਤੌਰ ਤੇ ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ?

“ਹਰਿਦਾਸ ਠਾਕੁਰ ਦਾ ਪੁੱਤਰ, ਰਾਮਦਾਸ” ਕਹਿਣ ਤੋਂ ਤਾਂ ਲੱਗਦਾ ਹੈ ਖਾਸ ਤੌਰ ਤੇ ਬੰਸਾਵਲੀ ਦੇ ਕੇ ਭੁਲੇਖਾ ਦੂਰ ਕੀਤਾ ਗਿਆ ਹੈ ਤਾਂ ਕਿ ਭੁਲੇਖਾ ਨਾ ਰਹਿ ਜਾਵੇ ਕਿ ਕਿਸ ‘ਪਰਮਾਤਮਾ’ ਬਾਰੇ ਗੱਲ ਕੀਤੀ ਗਈ ਹੈ।

ਸੋ ਇਹ ਹੈ ਨਵੇਂ ਟੀਕੇ ਦੀ ਰੂਪ ਰੇਖਾ ਜਿਹੜਾ ਤੱਤ ਗੁਰਮਤਿ ਵਾਲੇ ਪ੍ਰੋ: ਸਾਹਿਬ ਸਿੰਘ ਦਾ ਟੀਕਾ ਰੱਦ ਕਰਕੇ ਨਵਾਂ ਟੀਕਾ ਤਿਆਰ ਕਰਨ ਦੀਆਂ ਘਾੜਤਾਂ ਘੜ ਰਹੇ ਹਨ।

ਪ੍ਰੋ: ਸਾਹਿਬ ਸਿੰਘ ਨੇ ਜਿੰਨੀਂ ਵੀ ਵਿਆਖਿਆ ਕੀਤੀ ਹੈ ਵਿਆਕਰਣ ਦੇ ਆਧਾਰ ਤੇ ਹੀ ਕੀਤੀ ਹੈ। ਜੇ ਉਨ੍ਹਾਂਦੀ ਵਿਆਕਰਣ ਖੋਜ ਵਿੱਚ ਤ: ਗੁ: ਪ: ਵਾਲਿਆਂ ਨੂੰ ਕੁੱਝ ਗ਼ਲਤੀਆਂ ਲੱਗਦੀਆਂ ਹਨ ਤਾਂ ਉਹ ਗ਼ਲਤੀਆਂ ਦੱਸਣੀਆਂ ਬਲਦੀਆਂ ਹਨ। ਜਦਕਿ ਇਨ੍ਹਾਂ ਨੇ ਵਿਆਕਰਣ ਦੀ ਅੱਜ ਤੱਕ ਇੱਕ ਵੀ ਗ਼ਲਤੀ ਨਹੀਂ ਦੱਸੀ। ਹਮੇਸ਼ਾਂ ਪ੍ਰੋ: ਸਾਹਿਬ ਸਿੰਘ ਦੇ ‘ਵਿਆਕਰਣ ਆਧਾਰਿਤ ਅਰਥ’ ਗ਼ਲਤ ਕਹਿਕੇ ਉਨ੍ਹਾਂ ਅਰਥਾਂ ਦੀ ਤੁਲਣਾ ਕਿਸੇ ਹੋਰ ਵਿਦਵਾਨ ਦੇ ਭਾਵਾਰਥਾਂ ਨਾਲ ਕਰ ਦਿੱਤੀ ਜਾਂਦੀ ਹੈ। ਅਸਲ ਵਖਰੇਵਾਂ ਭਾਵਾਰਥਾਂ ਦਾ ਹੀ ਹੈ ਅਤੇ ਇਹ ਹਮੇਸ਼ਾਂ ਹੀ ਰਹੇਗਾ, ਕਿਉਂਕਿ ਭਾਵਾਰਥ ਹਰ ਇੱਕ ਦੇ ਆਪਣੀ ਸੋਚ ਮੁਤਾਬਕ ਹੁੰਦੇ ਹਨ, ਕਿਸੇ ਇੱਕ ਦੇ ਭਾਵਾਰਥ ਦੂਸਰੇ ਨਾਲ ਕਦੇ ਵੀ ਨਹੀਂ ਮਿਲ ਸਕਦੇ।

ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ: “ਇਕ ਮਿਸਾਲ ਵਜੋਂ ਅਸੀਂ ਭਗਤ ਬਾਣੀ ਦੇ ਉਹ ਤਿੰਨ ਕੁ ਵਾਕ ਦਿੱਤੇ ਸਨ, ਜਿਸ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਗ਼ਲਤ ਪ੍ਰਚੱਲਤ ਸਾਖੀਆਂ ਦੇ ਆਧਾਰ ਤੇ ਕਰਾਮਾਤੀ ਹੀ ਕੀਤੇ ਹਨ, ਜੋ ਮੂਲ ਗੁਰਮਤਿ ਸਿਧਾਂਤ ਦੇ ਉਲਟ ਹੈ।

ਕੈਲਗਰੀ ਵੀਰ ਜੀ ਨੇ ਉਨ੍ਹਾਂ ਵਿੱਚ ਦੋ ਗੁਰਵਾਕਾਂ ਬਾਰੇ ਤਾਂ ਕੋਈ ਵਿਚਾਰ ਨਹੀਂ ਦਿੱਤੇ ਪਰ ਇੱਕ ਵਾਕ ‘ਜਿਉ ਜਿਉ ਨਾਮਾ ਹਰਿ ਗੁਣ ਉਚਰੈ’ ਦੇ ਅਰਥਾਂ ਨੂੰ ਸਹੀ ਸਾਬਤ ਕਰਨ ਦਾ ਯਤਨ ਕੀਤਾ”।

ਨੋਟ: ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਜੋ ਤਿੰਨ ਉਦਾਹਰਣਾਂ ਪੇਸ਼ ਕੀਤੀਆਂ ਸਨ ਉਨ੍ਹਾਂ ਦਾ ਚਲਦੇ ਵਿਸ਼ੇ ਨਾਲ ਕੋਈ ਸੰਬੰਧ ਨਹੀਂ ਸੀ। ਇਸ ਲਈ ਉਨ੍ਹਾਂ ਤੁਕਾਂ ਬਾਰੇ ਵਿਚਾਰ ਨਹੀਂ ਸੀ ਦਿੱਤੇ ਗਏ।

ਇਕ ਸ਼ਬਦ ਦੇ ਅਰਥਾਂ ਬਾਰੇ ਵੀ ਮੈਂ ਸਿਰਫ਼ ਇਸ ਲਈ ਆਪਣੇ ਵਿਚਾਰ ਦਿੱਤੇ ਸਨ, ਇਹ ਦੱਸਣ ਲਈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਸ਼ਬਦਾਂ ਦੇ ਅਰਥ ਕਰਕੇ ਨਾਲ ਭਾਵਅਰਥ ਵੀ ਦੇ ਦਿੱਤੇ ਸਨ, ਜਿਨ੍ਹਾਂਨੂੰ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਜਾਣ ਬੁਝ ਕੇ ਨਜ਼ਰਅੰਦਾਜ ਕਰ ਦਿੱਤਾ ਸੀ। ਪੇਸ਼ ਹਨ ਪ੍ਰੋ: ਸਾਹਿਬ ਸਿੰਘ ਜੀ ਦੇ ਲਿਖੇ ਭਾਵਾਰਥ:

ਭਾਵ (ਪ੍ਰੋ: ਸਾਹਿਬ ਸਿੰਘ):-ਸਿਮਰਨ ਦੀ ਬਰਕਤ-ਨਿਰਭੈਤਾ। ਉਚੀ ਜ਼ਾਤ ਵਾਲਿਆਂ ਵੱਲੋਂ ਸ਼ੂਦਰ- ਅਖਵਾਂਦਿਆਂ ਉਤੇ ਹੋ ਰਹੀਆਂ ਵਧੀਕੀਆਂ ਦੇ ਵਿਰੁਧ ਪ੍ਰਭੂ ਅੱਗੇ ਰੋਸ।

ਜਿਉਂ ਜਿਉਂ ਇਹ ਰੋਸ ਸ਼ੁਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉਚ-ਜਾਤੀਏ ਦੀ ਆਕੜ ਘਟਦੀ ਹੈ”।

(ਸੋ ਇੱਥੇ ਤੁਕ “ਦੇਹੁਰਾ ਫਿਰੈ” ਦੇ ਭਾਵਾਰਥ ਦਿੱਤੇ ਹਨ ਕਿ ਉਚ ਜਨਮਜਾਤੀਏ ਅਖਵਾਉਣ ਵਾਲਿਆਂ ਦੀ ਆਕੜ ਘਟਦੀ ਹੈ)”।

ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਪ੍ਰੋ: ਸਾਹਿਬ ਸਿੰਘ ਦੇ ਭਾਵਾਰਥਾਂ ਵਿੱਚ ਕਿਹੜੀ ਗੱਲ ਗੁਰਮਤਿ ਦੇ ਮੁਢਲੇ ਅਸੂਲਾਂ ਦੇ ਖਿਲਾਫ ਲੱਗਦੀ ਹੈ?

ਸ਼ਾਇਦ ਉਨ੍ਹਾਂਨੂੰ ਇਹ ਗੱਲ ਗੁਰਮਤਿ ਦੇ ਉਲਟ ਲੱਗਦੀ ਹੈ ਕਿ ਨਾਮਦੇਵ ਜੀ ਨੇ ਨੀਵੀਂ ਜ਼ਾਤ ਦਾ ਹੋਣ ਬਾਰੇ ਪ੍ਰਭੂ ਅੱਗੇ ਰੋਸ ਪ੍ਰਗਟ ਕੀਤਾ।

ਪਰ ਪ੍ਰੋ: ਸਾਹਿਬ ਸਿੰਘ ਦੇ ਭਾਵਾਰਥ ਪੜ੍ਹਕੇ ਦੇਖੋ ਉਨ੍ਹਾਂਨੇ ਲਿਖਿਆ ਹੈ- ਸ਼ੂਦਰ ਅਖਵਾਂਦਿਆਂ ਉਤੇ ਹੋ ਰਹੀਆਂ ਵਧੀਕੀਆਂ ਦੇ ਵਿਰੁਧ ਪ੍ਰਭੂ ਅੱਗੇ ਰੋਸ। ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ:-

“ਜਰਵਾਣਾ ਕਮਜ਼ੋਰ ਨੂੰ ਮਾਰਦਾ ਭੀ ਹੈ ਤੇ ਰੋਣ ਭੀ ਨਹੀਂ ਦੇਂਦਾ। ਨਾਮਦੇਵ ਜੀ ਆਪਣੇ ਕ੍ਰੋੜਾਂ ਭਰਾਵਾਂ ਉੱਤੇ ਬ੍ਰਹਮਣਾਂ ਵੱਲੋਂ ਹੋ ਰਹੀ ਅੱਤ ਦੇ ਵਿਰੁੱਧ ਪੁਕਾਰ ਕਰਦੇ ਹਨ। ਇਸ ਪੁਕਾਰ ਦਾ ਅਰਥ ਸਿਰਫ਼ ਇਹ ਕੱਢਿਆ ਗਿਆ ਹੈ ਕਿ ‘ਜਨਮ ਥੀਂ” ਜਾਤੀ ਮੰਨਣੀ ਅਗਿਆਨਤਾ ਹੈ”।

“ਭਗਤਿ ਕਰਤ ਨਾਮਾ ਪਕਰਿ ਉਠਾਇਆ” ਸ਼ਬਦ ਬਾਰੇ ਹੋਰ ਵਿਚਾਰ ਅੱਗੇ ਦਿੱਤੀ ਗਈ ਹੈ।

2-ਦੂਸਰਾ ਨੁਕਤਾ, ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਨੂੰ ਹੀ ਅੰਤਮ ਮੰਨਣਾ ਅਤੇ ਇਨ੍ਹਾਂ (ਤੱਤ ਗੁਰਮਤਿ ਪਰਿਵਾਰ ਵਾਲਿਆਂ) ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਨੂੰ ਰੱਦ ਕਰਨ ਦਾ ਮੇਰੇ ਵੱਲੋਂ ਇਲਜ਼ਾਮ ਲਗਾਇਆ ਜਾਣਾ।

ਇਸ ਨੁਕਤੇ ਵਿੱਚ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ‘ਜਿਉ ਜਿਉ ਨਾਮਾ ਹਰਿ ਹਰਿ ਹੁਣ ਉਚਰੈ॥” ਸ਼ਬਦ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਗ਼ਲਤ ਸਾਬਤ ਕਰਨ ਲਈ ਸ: ਬਲਦੇਵ ਸਿੰਘ ਜੀ ਟਰੋਂਟੋ ਵਾਲਿਆਂ ਦੇ ਕੀਤੇ ਅਰਥ ਪੇਸ਼ ਕੀਤੇ ਹਨ।

ਪੇਸ਼ ਹਨ ਸ: ਬਲਦੇਵ ਸਿੰਘ ਜੀ ਟਰੋਂਟੋ ਦੇ ਕੀਤੇ ਅਰਥ ਅਤੇ ਉਨ੍ਹਾਂ ਬਾਰੇ ਮੇਰੇ ਵਿਚਾਰ:-

ਪੂਰਾ ਸ਼ਬਦ ਇਸ ਤਰ੍ਹਾਂ ਹੈ:-

ਹਸਤ ਖੇਲਤ ਤੇਰੇ ਦੇਹੁਰੇ ਆਇਆ॥ ਭਗਤਿ ਕਰਤ ਨਾਮਾ ਪਕਰਿ ਉਠਾਇਆ॥ 1॥ ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ॥ 1॥ ਰਹਾਉ॥ ਲੈ ਕਮਲੀ ਚਲਿਓ ਪਲਟਾਇ॥ ਦੇਹੁਰੈ ਪਾਛੈ ਬੈਠਾ ਜਾਇ॥ 2॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ ਭਗਤ ਜਨਾ ਕਉ ਦੇਹੁਰਾ ਫ਼ਿਰੈ॥ 3॥ 6॥” (ਪੰਨਾ-1164)

ਪਦ ਅਰਥ (ਸ: ਬਲਦੇਵ ਸਿੰਘ ਜੀ) :-

ਤੇਰੇ ਦੇਹੁਰੇ= ਅਕਾਲ ਪੁਰਖ ਨੂੰ ਸੰਬੋਧਨ।

ਭਗਤਿ- ਪ੍ਰਭੂ ਦੀ ਬੰਦਗ਼ੀ ਕਰਨ ਨਾਲ (ਭਗਤ ਦੇ ‘ਤ’ ਨੂੰ ‘ਿ ‘ਹੈ)। (ਨੋਟ:-ਵਿਆਕਰਣ ਦਾ

ਧਿਆਨ ਰੱਖਿਆ ਗਿਆ ਹੈ)।

ਕਰਤ- ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਟੋਆ, ਗਰਤ, ਚਿੱਕੜ।

ਕਮਲੀ- ਸੰ: ਦੀਵਾਨੀ, ਸਿਰੜੀ, ਦ੍ਰਿੜ ਵਿਸ਼ਵਾਸ਼ ਕਰਨਾ।

ਲੈ ਕਮਲੀ- ਦ੍ਰਿੜ ਵਿਸ਼ਵਾਸ਼ ਕਰਕੇ ਚੱਲਣ ਵਾਲਾ। (ਨੋਟ: ਮੈਨੂੰ ਸੰਸਕ੍ਰਿਤ ਦੀ ਡਿਕਸ਼ਨਰੀ ਵਿੱਚ

‘ਕਮਲੀ’ ਦਾ ਅਰਥ ‘ਦੀਵਾਨੀ, ਸਿਰੜੀ, ਦ੍ਰਿੜ ਵਿਸ਼ਵਾਸ਼ ਨਹੀਂ ਲੱਭਿਆ)।

ਦੇਹੁਰੈ- ਦੇਹੁਰੇ ਦਾ ਬਹੁ ਬਚਨ। (ਨੋਟ: ਵਿਆਕਰਣ ਦਾ ਧਿਆਨ ਰੱਖਿਆ ਗਿਆ ਹੈ ਪਰ ਮੇਰੇ

ਵਿਚਾਰ ਅਨੁਸਾਰ ‘ਦੇਹੁਰੈ’ ਸ਼ਬਦ ‘ਦੇਹੁਰੇ’ ਦਾ ਬਹੁਵਚਨ ਨਹੀਂ ਹੈ)।

ਪਾਛੈ ਬੈਠਾ ਜਾਇ- ਪਿੱਠ ਕਰਕੇ ਬੈਠਣਾ, (ਕਰਮਕਾਂਡਾਂ ਵੱਲ ਪਿੱਠ ਕਰਨੀ)।

ਨਾਮਾ- ਇੱਥੇ ਨਾਮਦੇਵ ਜੀ ਦੇ ਨਾਮ ਤੋਂ ਨਹੀਂ ਭਾਵ ਲੈਣਾ; ‘ਨਾਮ ਸਿਮਰਨ’ ਦੀ ਗੱਲ ਹੈ।

ਭਗਤ ਜਨਾ ਕਉ ਦੇਹੁਰਾ- ਭਗਤ ਬਹੁਵਚਨ, ਇੱਥੇ ਕਰਮਕਾਂਡੀ ਮੰਦਰ ਦੀ ਗੱਲ ਨਹੀਂ ਭਗਤ

ਜਨਾਂ ਦਾ ਮਨ-ਮੰਦਰ ਭਾਵ ਅੰਦਰ ਦੀ ਗੱਲ।

ਫਿਰੈ- ਬਦਲਾਉ ਆਉਣਾ, ਵਿਚਾਰਧਾਰਾ ਬਦਲ ਜਾਣੀ। ਵਿਚਾਰਧਾਰਾ ਦਾ ਬਦਲਣਾ ਹੀ ਦੇਹੁਰਾ

ਫਿਰਨਾ ਹੈ। ਮਾੜੀ ਤੋਂ ਚੰਗੀ ਅਤੇ ਚੰਗੀ ਤੋਂ ਮਾੜੀ ਵੀਚਾਰਧਾਰਾ ਵਿੱਚ ਬਦਲ ਜਾਣਾ ਹੀ

ਫਿਰਨਾ ਹੈ।

ਸ਼ਬਦ ਦੇ ਅਰਥ (ਸ: ਬਲਦੇਵ ਸਿੰਘ ਜੀ ਟਰੋਂਟੋ):-

ਹਸਤ ਖੇਲਤ ਤੇਰੇ ਦੇਹੁਰੇ ਆਇਆ॥’

“ਹੇ ਵਾਹਿਗੁਰੂ! ਜਦੋਂ ਮੈਂ ਨਾਮਦੇਵ ਤੇਰੇ ਦੇਹੁਰੇ ਆਇਆ ਤਾਂ ਮੇਰੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਰਹੀ”।

ਸਵਾਲ: ਹਸਦਾ ਖੇਡਦਾ ਤੇਰੇ ਦੇਹੁਰੇ ਆਇਆ? ਜਾਂ, ਤੇਰੇ ਦੇਹੁਰੇ ਆਉਣ ਨਾਲ ਖੁਸ਼ੀ ਦੀ ਹੱਦ ਨਾ ਰਹੀ?

‘ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ॥ ਰਹਾਉ॥’

“ਮੇਰੀ ਜ਼ਾਤ ਹੀਨੜੀ ਹੈ ਅਤੇ ਤੂੰ ਜਾਦਮਰਾਇਆ, ਪਾਰਬ੍ਰਹਮ ਕਰਤਾਰ ਹੈਂ। ਤੂੰ ਇਹ ਪੁੱਛਿਆ ਹੀ ਨਹੀਂ ਕਿ ਤੇਰਾ ਛੀਂਬੇ ਦੇ ਘਰ ਦਾ ਜਨਮ ਹੈ, ਤੇ ਤੂੰ ਮੇਰੇ ਦਰ ਤੇ ਕਿਉਂ ਅਤੇ ਕੀ ਲੈਣ ਆਇਆ ਹੈਂ?”

ਤਰਕ: ਛੀਪੇ ਕੈ ਜਨਮਿ ਕਾਹੇ ਕਉ ਆਇਆ ਦੇ ਅਰਥ “ਤੂੰ ਮੇਰੇ ਦਰ ਤੇ ਕਿਉਂ ਅਤੇ ਕੀ ਲੈਣ ਆਇਆ ਹੈਂ” (?)।

‘ਭਗਤਿ ਕਰਤ ਨਾਮਾ ਪਕਰਿ ਉਠਾਇਆ॥ 1॥’

ਜਦੋਂ ਮੈਂ ਤੇਰੀ ਬੰਦਗੀ ਕੀਤੀ ਤਾਂ ਤੂੰ ਮੈਨੂੰ ਜ਼ਾਤ ਪਾਤ ਦੀ ਗਰਤ (ਖੱਡ) ਵਿੱਚੋਂ ਬਾਂਹ ਪਕਰਿ ਉਠਾ ਲਿਆ”।

ਨੋਟ ਕਰੋ: ਜਦੋਂ ਬੰਦਗੀ ਕੀਤੀ ਤਾਂ, ਗਰਤ (ਖੱਡ) ਵਿੱਚੋਂ ਕੱਢ ਲਿਆ। ਜਾਣੀ ਕਿ ਨਾਮਦੇਵ ਵੀ ਅਤੇ ਕਰਤਾਰ ਵੀ ਦੋਨੋਂ ਹੀ ਮੰਨਦੇ ਹਨ ਕਿ ਨਾਮਦੇਵ ਸੱਚ-ਮੁਚ ਨੀਵੀਂ ਜਾਤ ਦਾ ਸੀ। ਅਤੇ ‘ਭਗਤੀ ਕਰਨ ਨਾਲ’ ਕਰਤਾਰ ਨੇ ‘ਜਾਤ-ਪਾਤ’ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ।

ਪਹਿਲੀ ਪੰਗਤੀ ਦੇ ਅਰਥ ਕੀਤੇ ਹਨ: ਤੂੰ ਮੇਰੀ ਜਾਤ-ਪਾਤ ਪੁੱਛੀ ਹੀ ਨਹੀਂ। ਇਸ ਪੰਗਤੀ ਦੇ ਅਰਥ ਕੀਤੇ ਹਨ ਜਾਤ-ਪਾਤ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ।

‘ਲੈ ਕਮਲੀ ਚਲਿਓ ਪਲਟਾਇ’॥

ਜੋ ਵੀ ਕੋਈ ਤੇਰੇ ਤੇ ਦ੍ਰਿੜ ਵਿਸ਼ਵਾਸ਼ ਕਰਕੇ ਚਲਦਾ ਹੈ”।

ਨੋਟ ਕਰੋ: ਇਸ ਤੁਕ ਵਿੱਚ ਪਲਟਾਇ’ ਆਇਆ ਹੈ ਪਰ ਅਰਥ ਅਗਲੀ ਪੰਗਤੀ ਵਿੱਚ ਜੋੜ ਦਿੱਤੇ ਗਏ ਹਨ।

ਗੱਲ ਤਾਂ ਨਾਮਦੇਵ ਦੇ ਦੇਹੁਰੇ ਜਾਣ ਦੀ ਚੱਲ ਰਹੀ ਸੀ, ਜੋ ਵੀ” ਲਫ਼ਜ਼ ਕਿੱਥੋਂ ਆ ਗਿਆ?

‘ਚਲਿਓ’ ਦਾ ਅਰਥ `ਚਲਦਾ ਹੈ’ (?), ਅਰਥ ਹੋਣਾ ਚਾਹੀਦਾ ਹੈ: `ਚੱਲ ਪਿਆ’। (ਵਿਆਕਰਣ? ? ?)

‘ਦੇਹੁਰੈ ਪਾਛੈ ਬੈਠਾ ਜਾਇ॥ 2॥’

‘ਉਸ ਦੇ’ ਜੀਵਨ ਅੰਦਰ ਅਜਿਹਾ ਪਲਟਾ’ ਭਾਵ ਬਦਲਾਉ ਆ ਜਾਂਦਾ ਹੈ, ਅਤੇ ਉਹ ਕਰਮਕਾਂਡੀ ਮੰਦਰਾਂ ਵੱਲ ਪਿੱਠ ਕਰ ਬੈਠਦੇ ਹਨ’। (ਉਹ ਕਰਮਕਾਂਡੀ ਮੰਦਰ ਹੀ ਹਨ ਜਿੱਥੇ ਜ਼ਾਤ-ਪਾਤ ਵੇਖੀ ਜਾਂਦੀ ਹੈ”।

(ਨੋਟ ਕਰੋ: ਉਸਦੇ’ - ਇਕਵਚਨ ਹੈ)। ‘ਬੈਠਾ ਜਾਇ’ ਦਾ ਅਰਥ ‘ਕਰ ਬੈਠਦੇ ਹਨ’। ਕੀ ਬੈਠਾ’ ਬਹੁਵਚਨ ਹੈ?

ਉਸ ਦੇ’ … ਇੱਕ ਵਚਨ ਤੋਂ ਆਪਣੇ ਆਪ ਹੀ ਅੱਧੀ ਤੁਕ ਤੋਂ ਬਾਅਦ ਬਹੁ ਵਚਨ ਬਣ ਗਿਆ ‘ਬੈਠਦੇ ਹਨ’। (ਵਿਆਕਰਣ? ? ?)

ਸਵਾਲ: ਕੀ ਇਸ ‘ਪਲਟਾ ਆਉਣ’ ਤੋਂ ਪਹਿਲਾਂ ਨਾਮਦੇਵ ਕਰਮਕਾਂਡੀ ਮੰਦਰਾਂ ਵਿੱਚ ਜਾਇਆ ਕਰਦੇ ਸਨ, ਜਿਹੜੀ ਹੁਣ ਕਰਮਕਾਂਡੀ ਮੰਦਰਾਂ ਵੱਲ ਪਿੱਠ ਕਰ ਬੈਠੇ?

ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ ਭਗਤ ਜਨਾਂ ਕਉ ਦੇਹੁਰਾ ਫਿਰੈ॥ 3॥ 6॥’

“ਜਿਉਂ ਜਿਉਂ ਬੰਦਗ਼ੀ ਕਰਨ ਵਾਲੇ ਪੁਰਖ ਹਰੀ ਦਾ ਨਾਮ ‘ਸਿਮਰਦੇ ਹਨ’, ਉਨ੍ਹਾਂ ਦੀ ਮਨ ਰੂਪੀ ਵੀਚਾਰਧਾਰਾ ‘ਫਿਰੈ’ ਭਾਵ ਬਦਲ ਜਾਂਦੀ ਹੈ। ਵਾਹਿਗੁਰੂ ਦੇ ਸਿਮਰਨ ਦੀ ਬਖਸ਼ਿਸ਼ ਨਾਲ ਉਹ ਆਪਣੇ ਆਪ ਨੂੰ ਕਰਮਕਾਂਡਾਂ ਵੱਲੋਂ ਮੋੜ, ਤੇਰੇ ਦਰ ਨਾਲ ਜੁੜ ਜਾਂਦੇ ਹਨ”।

ਨੋਟ ਕਰੋ: ਨਾਮਾ ਤਾਂ ਕਿਸੇ ਕਰਮ-ਕਾਂਡ’ ਕਰਕੇ (ਉੱਚੀ-) ਨੀਵੀਂ ਜਾਤ ਦਾ ਨਹੀਂ ਸੀ। ਅਤੇ ਨਾ ਉਹ ਜਾਤ-ਪਾਤ ਨੂੰ ਮੰਨਦਾ ਸੀ। ਉੱਚੀ ਨੀਵੀਂ ਜਾਤ ਦੇ ਕਰਮ-ਕਾਂਡ ਤਾਂ ਬ੍ਰਹਮਣ ਦੇ ਬਣਾਏ ਹੋਏ ਹਨ। ਕਰਮ-ਕਾਂਡ ਬ੍ਰਹਮਣ ਦੇ ਹਟਣੇ ਚਾਹੀਦੇ ਹਨ, ਕਿ ਨਾਮਦੇਵ ਦੇ ਜਿਹੜਾ ਪਹਿਲਾਂ ਹੀ ਇਨ੍ਹਾਂ ਨੂੰ ਨਹੀਂ ਮੰਨਦਾ? (ਨੋਟ ਕਰੋ- “ਫਿਰੈ ਦਾ ਅਰਥ-ਮਾੜੀ ਤੋਂ ਚੰਗੀ ਅਤੇ ਚੰਗੀ ਤੋਂ ਮਾੜੀ ਵੀਚਾਰਧਾਰਾ ਵਿੱਚ ਬਦਲ ਜਾਣਾ”। ? - ਇਸ ਸ਼ਬਦ ਮੁਤਾਬਕ, ਨਾਮਦੇਵ ਦੀ ਪਹਿਲਾਂ ਮੱਤ ਚੰਗੀ ਸੀ ਜਾਂ ਮਾੜੀ?)

ਸਵਾਲ- ਨੀਵੀਂ ਜਾਤ ਦਾ ਹੋਣ ਕਰਕੇ ਭਗਤ ਨਾਮਦੇਵ ਕੀ ਕਰਮ-ਕਾਂਡ ਕਰਿਆ ਕਰਦੇ ਸਨ?

ਨੋਟ:- ਲਫ਼ਜ਼ ਹੈ ‘ਉਚਰੈ’। ਯਾਦ ਰਹੇ ਕਿ ਵਿਅਕਰਣ ਅਨੁਸਾਰ ‘ਉਚਰੈ’ ਇੱਕ ਵਚਨ ਹੈ। ਇਸ ਦਾ ਬਹੁਵਚਨ ਹੈ ਉਚਰਹਿ’।

ਵੈਸੇ ਇੱਥੇ ਸਾਫ਼ ਲਿਖਿਆ ਹੈ ਕਿ ‘ਜਿਉ ਜਿਉ ‘ਨਾਮਾ’ ਹਰਿ ਗੁਣ ਉਚਰੈ॥ ਅਰਥਾਤ ਜਿਉਂ ਜਿਉਂ ਨਾਮਾ ਹਰਿ (ਪ੍ਰਭੂ) ਦੇ ਗੁਣ ਗਾਉਂਦਾ ਹੈ। ਪਰ ਬਲਦੇਵ ਸਿੱੰਘ ਜੀ ਨੇ ਨਾਮਾ’ ਦਾ ਪਦ ਅਰਥ ਕੀਤਾ ਹੈ ਨਾਮ ਸਿਮਰਨਾ’।

ਤੁਕ ਹੈ ‘ਜਿਉ ਜਿਉ ਨਾਮਾ ਹਰਿ ਗੁਣ ਉਚਰੈ’। ਜੇ ‘ਨਾਮਾ’ ਦਾ ਅਰਥ (ਨਾਮਦੇਵ ਨਹੀਂ) ‘ਨਾਮ ਸਿਮਰਨਾ’ ਮੰਨੀਏ ਤਾਂ ਤੁਕ ਵਿੱਚ ਨਾਮ ਸਿਮਰਨ ਵਾਲਾ/ ਉਚਰਨ ਵਾਲਾ (ਉਚਰੈ) ਕਿਸ ਬਾਰੇ ਕਿਹਾ ਗਿਆ ਹੈ? (ਨੋਟ- ‘ਬੰਦਗ਼ੀ ਕਰਨ ਵਾਲੇ’ ਆਪਣੇ ਆਪ ਹੀ ਅਰਥ ਘੜ ਲਏ ਗਏ ਹਨ)।

ਤੁਕ ਵਿੱਚ ਲਫ਼ਜ਼ ਕਉ’ ਆਇਆ ਹੈ, ਕੋ’ ਨਹੀਂ। ਕਉ ਦਾ ਅਰਥ ਹੁੰਦਾ ਹੈ ‘ਦੀ ਖਾਤਰ’।

ਜਿਹੜਾ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਲਿਖਿਆ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਨਾਮਦੇਵ ਦੇ ਆਪਣੇ ਵਿਚਾਰਾਂ ਦੇ ਵੀ ਖਿਲਾਫ ਹਨ। ਉਨ੍ਹਾਂ ਬਾਰੇ ਵੀ ਪ੍ਰੋ: ਸਾਹਿਬ ਸਿੰਘ ਜੀ ਨੇ ਵਿਸਥਾਰ ਨਾਲ ਨਾਮਦੇਵ ਦੀ ਬਾਣੀ ਦੀਆਂ ਉਦਾਹਰਣਾਂ ਦੇ ਕੇ ਸਾਰੀ ਗੱਲ ਸਾਫ ਕਰ ਦਿੱਤੀ ਹੈ। ਜੋ ਕਿ ਮੈਂ ਆਪਣੇ ਪਿਛਲੇ ਲੇਖ ਵਿੱਚ ਦੇ ਚੁੱਕਾ ਹਾਂ।

ਨੋਟ: ਬਾਕੀ ਦੇ ਦੋ ਸ਼ਬਦ ਜਿਨ੍ਹਾਂ ਬਾਰੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਗਿਲਾ ਹੈ ਕਿ ਉਨ੍ਹਾਂ ਬਾਰੇ ਮੈਂ ਆਪਣੇ ਵਿਚਾਰ ਨਹੀਂ ਦਿੱਤੇ। ਤੱਤ ਗੁਰਮਤਿ ਪਰਿਵਾਰ ਵਾਲੇ ਆਪਣੇ ਅਰਥ ਪੇਸ਼ ਕਰ ਦੇਣ, ਉਨ੍ਹਾਂ ਤੇ ਵੀ ਇਸੇ ਤਰ੍ਹਾਂ ਵਿਚਾਰ ਦੇ ਦਿੱਤੇ ਜਾਣਗੇ।

ਨੁਕਤਾ 2-ਗੁਰਬਾਣੀ ਵਿਆਕਰਣ ਬਾਰੇ- ਤੱਤ ਗੁਰਮਤਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ “ਪੇਸ਼ ਕੀਤੀਆਂ ਗਈਆਂ ਉਦਾਹਰਣਾਂ ਵਿੱਚ ‘ਨਾਨਕ’ ਪਦ ਕਵਿ-ਛਾਪ ਵਜੋਂ ਆਇਆ ਹੈ”।

“ਆਪਣੇ ਪਹਿਲਾਂ ਬਣੇ ਵਿਚਾਰਾਂ ਕਾਰਨ ਜਿੱਥੇ ਨਾਨਕ ਲਫ਼ਜ਼ ਨਾਲ ਪ੍ਰਸੰਗ ਅਨੁਸਾਰ ਪਹਿਲਾਂ ਜਾਂ ਬਾਅਦ ਵਿੱਚ ਗੁਰ, ਜਗਤ ਗੁਰ, ਸਤਿਗੁਰ, ਆਦਿ ਲਫ਼ਜ਼ ਆ ਜਾਂਦਾ ਹੈ ਅਸੀਂ ਉੱਥੇ ਉਸ ਨੂੰ ਨਾਨਕ ਨਾਲ ਵਿਸ਼ੇਸ਼ਣ ਵਜੋਂ ਅਰਥਾ ਦੇਂਦੇ ਹਾਂ। ਅਗਰ ਇਹ ਲਫ਼ਜ਼ ਅੱਗੇ ਜਾਂ ਪਿੱਛੇ ਨਾ ਲੱਗੇ ਹੋਣ ਤਾਂ ਅਸੀਂ ‘ਨਾਨਕ’ ਨੂੰ ਕਵਿ ਛਾਪ ਮੰਨ ਲੈਂਦੇ ਹਾਂ। ਕੀ ਇਹ ਪਹੁੰਚ ਠੀਕ ਹੈ?

ਤਰਕ- ਸਵਾਲ ਇਹ ਨਹੀਂ ਕਿ ‘ਨਾਨਕ’ ਪਦ ਕਵਿ ਛਾਪ ਵਜੋਂ ਆਇਆ ਹੈ ਜਾਂ ਨਹੀਂ। ਤੱਤ ਗੁਰਮਤਿ ਪਰਿਵਾਰ ਵਾਲਿਆਂ ਦੇ ਕੀਤੇ ਅਰਥਾਂ ਨੂੰ ਮੈਂ ਗ਼ਲਤ ਸਾਬਤ ਕੀਤਾ ਸੀ ਉਨ੍ਹਾਂ ਬਾਰੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਸਪੱਸ਼ਟੀਕਰਣ ਦੇਣਾ ਬਣਦਾ ਸੀ। ਜੋ ਕਿ ਉਨ੍ਹਾਂਨੇ ਨਹੀਂ ਦਿੱਤਾ।

ਅਗੇ ਤੱਤ ਗੁਰਮਤਿ ਵਾਲੇ ਲਿਖਦੇ ਹਨ-

“ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਆਪਣੇ ਪਹਿਲਾਂ ਬਣੇ ਵਿਚਾਰਾਂ ਦੇ ਆਧਾਰ ਤੇ ‘ਖੋਜੀ ਵਿਆਕਰਣ ਤੋਂ ਉਲਟ ਕੀਤੇ (ਆਪਾ ਵਿਰੋਧੀ) ਅਰਥਾਂ ਦੀ ਇੱਕ ਮਿਸਾਲ ਹੋਰ ਸਾਂਝੀ ਕਰਦੇ ਹਾਂ”। ਅੱਗੇ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖਤ ਦਾ ਹਵਾਲਾ ਦਿੱਤਾ ਗਿਆ ਹੈ:

ਪ੍ਰੋ: ਸਾਹਿਬ ਸਿੰਘ:- “….’ਭਗਤ ਰਾਮਾਨੰਦ’ ਦੇ ਵਾਕ ਦੀ ਇਸ ਤੁਕ ਦੇ ਅਰਥ ਗ਼ਲਤ ਕੀਤੇ ਜਾਂਦੇ ਹਨ। ਰਾਮਾਨੰਦ ਸੁਆਮੀ ਦੇ ਇੱਥੇ ਵਿਆਕਰਣ ਅਨੁਸਾਰ ਅਰਥ ਬਣਦੇ ਹਨ ‘ਰਾਮਾਨੰਦ ਦਾ ਸੁਆਮੀ’ (ਪਰਮਾਤਮਾ)”।

ਤ: ਗੁ: ਪ:- “ਇਹ ਜਵਾਬ ਬਹੁਤ ਹੱਦ ਤੱਕ ਸਹੀ ਹੈ”। ਪਰ ਜਦੋਂ ਪ੍ਰੋ: ਸਾਹਿਬ ਸਿੰਘ ਜੀ ਨੇ ਸੱਤੇ ਬਲਵੰਡ ਦੀ ਵਾਰ ਦੇ ਅਰਥ ਕੀਤੇ ਤਾਂ ਉਸ ਸਮੇਂ ਇਸ ਤੁਕ ‘ਤਖਤਿ ਬੈਠਾ ਅਰਜਨ ਗੁਰੂ” ਵਿੱਚ ‘ਅਰਜਨ ਗੁਰੂ’ ਦੇ ਅਰਥ ‘ਗੁਰੂ ਅਰਜਨ ਸਾਹਿਬ’ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਧਾਰਨਾ ਪਹਿਲਾਂ ਬਣੀ ਹੋਈ ਸੀ। ਜਦਕਿ ‘ਰਾਮਾਨੰਦ ਸੁਆਮੀ’ ਵਾਂਗੂੰ ਇਥੇ ਵੀ ਵਿਆਕਰਣ ਦੇ ਨਿਯਮ ਅਨੁਸਾਰ ਅਰਥ ‘ਅਰਜਨ ਦਾ ਗੁਰੂ’ (ਪਰਮਾਤਮਾ) ਹੀ ਕਰਨੇ ਚਾਹੀਦੇ ਸੀ। ਜੇ ਹੁਣ ਕੋਈ ਇਸ ਗ਼ਲਤੀ ਵੱਲ ਇਸ਼ਾਰਾ ਕਰਦਾ ਹੋਇਆ ਸੁਧਾਰ ਦਾ ਸੁਝਾਅ ਵੀ ਦੇ ਦੇਂਦਾ ਹੈ ਤਾਂ ਸਾਡੇ ਕਈ ਸਤਿਕਾਰਯੋਗ ਗੁਰਸਿੱਖ ਉਸ ਨੂੰ ਪ੍ਰੋ: ਸਾਹਿਬ ਸਿੰਘ ਜੀ ਦਾ ਨਿੰਦਕ ਮੰਨਣਾ ਅਤੇ ਪ੍ਰਚਾਰਣਾ ਸ਼ੁਰੂ ਕਰ ਦੇਂਦੇ ਹਨ”।

ਤਰਕ- ਤੱਤ ਗੁਰਮਤਿ ਪਰਿਵਾਰ ਵਾਲੇ ਵਿਆਕਰਣ ਦੇ ਨਿਯਮਾਂ ਦੀ ਗੱਲ ਕਰਦੇ ਹਨ। ਪਰ ਕੀ ਉਨ੍ਹਾਂਨੇ ਵਿਆਕਰਣ ਦੇ ਨਿਯਮਾਂ ਦੇ ਆਧਾਰ ਤੇ ਇਨ੍ਹਾਂ ਤੁਕਾਂ ਦੇ ਅਰਥ ਪਰਖ ਲਏ ਹਨ? ਜੇ ਪਰਖ ਲਏ ਹਨ ਤਾਂ ਦੱਸਣ ਕਿ ਵਿਆਕਰਣ ਦੇ ਆਧਾਰ ਤੇ ਕਿਸ ਤਰ੍ਹਾਂ ਪ੍ਰੋ: ਸਾਹਿਬ ਦੇ ਅਰਥ ਗ਼ਲਤ ਹਨ? ਜਾਂ ਉਨ੍ਹਾਂਨੂੰ ਸਿਰਫ਼ ਤੁਕਾਂ ਦੇਖਣ ਨੂੰ ਇੱਕੋ ਜਿਹੀਆਂ ਲੱਗਦੀਆਂ ਹਨ ਇਸ ਆਧਾਰ ਤੇ ਪ੍ਰੋ: ਸਾਹਿਬ ਦੀ ਬਣ ਚੁੱਕੀ ਧਾਰਣਾ ਦੀ ਗੱਲ ਕਰ ਰਹੇ ਹਨ?

ਦੋਨੋਂ ਤੁਕਾਂ ਓਪਰੀ ਨਜ਼ਰੇ ਦੇਖਿਆਂ ਬੇਸ਼ਕ ਇੱਕੋ ਜਿਹੀਆਂ ਹੀ ਲੱਗਦੀਆਂ ਹਨ ਪਰ ਵਿਆਕਰਣਕ ਨਿਯਮਾਂ ਅਨੁਸਾਰ ਦੋਨਾਂ ਤੁਕਾਂ ਦਾ ਜੋ ਫ਼ਰਕ ਹੈ ਦੇਖੋ:-

ਪੇਸ਼ ਹਨ ਦੋਨੋਂ ਤੁਕਾਂ:

ਰਾਮਾਨੰਦ ਸੁਆਮੀ ਰਮਤ ਬ੍ਰਹਮ॥” ਅਤੇ

“ਤਖਤਿ ਬੈਠਾ ਅਰਜਨ ਗੁਰੂ॥”

ਸਭ ਤੋਂ ਪਹਿਲਾਂ ਵਿਆਕਰਣ ਦਾ ਇਹ ਨਿਯਮ ਦੱਸਣਾ ਜਰੂਰੀ ਹੈ ਕਿ-

“ਕਿਸੇ ਵਾਕ ਵਿੱਚ ‘ਨਾਂਵ’ ਅਤੇ ‘ਕ੍ਰਿਆ’ ਦੇ ਆਪੋ ਵਿੱਚ ਦੇ ਸੰਬੰਧ ਦਾ ਨਾਂ ‘ਕਾਰਕ’ ਹੈ”। (ਪ੍ਰੋ: ਸਾਹਿਬ ਸਿੰਘ)।

ਮਹਾਨ ਕੋਸ਼:- “ਕਾਰਕ:- ਸੰਗਿਆ, ਵਿਆਕਰਣ ਅਨੁਸਾਰ ਸੰਗਿਆ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ ਜਿਸ ਨਾਲ ਉਸ ਦਾ ਕ੍ਰਿਆ ਨਾਲ ਸੰਬੰਧ ਪ੍ਰਗਟ ਹੋਵੇ”।

ਪਹਿਲੀ ਤੁਕ ਰਾਮਾਨੰਦ ਸੁਆਮੀ ਰਮਤ ਬ੍ਰਹਮ॥”

ਇਹ ਤੁਕ ਸੰਬੰਧ ਕਾਰਕ ਦਰਸਾਉਂਦੀ ਹੈ।

ਸੰਬੰਧ ਕਾਰਕ ਦੀ ਪਰਿਭਾਸ਼ਾ:- ਸੰਗਿਆ ਦੇ ਜਿਸ ਰੂਪ ਨਾਲ ਕਿਸੇ ਵਸਤੂ, ਦਾ ਦੂਸਰੀ ਵਸਤੂ ਨਾਲ ਸੰਬੰਧ ਪ੍ਰਗਟ ਹੋਵੇ, ਉਸ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ। ਸੰਗਿਆ ਨਾਲ ਦਾ, ਦੇ, ਦੀ, ਆਦਿ ਲਗਾਇਆਂ ਉੱਤਰ ਮਿਲਣ ਤੇ ਇਹ ‘ਸੰਬੰਧ ਕਾਰਕ’ ਹੁੰਦੀ ਹੈ।

ਇੱਥੇ ‘ਰਾਮਾਨੰਦ’ ਸੰਗਿਆ ਦਾ ਸੰਬੰਧ ‘ਸੁਆਮੀ ਦੇ ਰਮੇ ਹੋਣ ਦੀ ਕ੍ਰਿਆ ਦੁਆਰਾ ਦਰਸਾਇਆ ਗਿਆ ਹੈ। ਰਾਮਾਨੰਦ ‘ਦਾ’ ਸੁਆਮੀ ਰਮਿਆ ਹੋਇਆ।

ਦੂਸਰੀ ਤੁਕ-

‘ਤਖਤ (ਤਖਤਿ) ਬੈਠਾ ਅਰਜਨ ਗੁਰੂ’। ਤੱਤ ਗੁਰਮਤਿ ਵਾਲਿਆਂ ਨੂੰ ਸ਼ਾਇਦ ‘ਤਖਤ’ ਅਤੇ ‘ਤਖਤਿ’ ਦੇ ਫ਼ਰਕ ਦਾ ਵੀ ਨਹੀਂ ਪਤਾ, ਇਸੇ ਲਈ ‘ਤਖਤਿ’ ਨੂੰ ‘ਤਖਤ’ ਲਿਖਿਆ ਹੈ ਅਤੇ ਇਸੇ ਲਈ ਇਨ੍ਹਾਂ ਨੂੰ ‘ਰਾਮਾਨੰਦ ਸੁਆਮੀ’ ਅਤੇ ‘ਅਰਜਨ ਗੁਰੂ’ ਵਾਲੀਆਂ ਦੋਨੋਂ ਤੁਕਾਂ ਇੱਕ ਸਮਾਨ ਹੀ ਲੱਗਦੀਆਂ ਹਨ। ਦੂਸਰੀ ਤੁਕ:-

“ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥”

ਵਿਆਕਰਣ ਅਨੁਸਾਰ ਇਹ ਤੁਕ ‘ਅਧਿਕਰਣ ਕਾਰਕ ਇੱਕ ਵਚਨ’ ਹੈ।

ਅਧਿਕਰਣ ਕਾਰਕ ਦੀ ਪਰਿਭਾਸ਼ਾ (ਪ੍ਰੋ: ਸਾਹਿਬ ਸਿੰਘ):- “ਅਧਿ’ ਦਾ ਅਰਥ ਹੈ ‘ਉਤੇ’ ‘ਵਿੱਚ’। ਜਿਸ ਨੂੰ ਕੋਈ ਨਵਾਂ ਅਧਿਕਾਰ ਦਿੱਤਾ ਜਾਏ, ਭਾਵ, ਜਿਸ ਦੇ ‘ਉਤੇ’ ਜਾਂ ‘ਵਿੱਚ’ ਕੋਈ ਹੋਰ ਨਵੀਂ ਚੀਜ਼ ਰੱਖੀ ਜਾਵੇ, ਉਸ ਨਾਂਵ ਨੂੰ ਏਸ ਕਾਰਕ ਵਿੱਚ ਵਰਤੀਦਾ ਹੈ”।

(ਇਕ ਹੋਰ ਲੇਖਕ ਦੀ ਵਿਆਕਰਣ ਅਨੁਸਾਰ ਪਰਿਭਾਸ਼ਾ): “ਸੰਗਿਆ ਦੇ ਜਿਸ ਰੂਪ ਨਾਲ ਕਿਰਿਆ ਦੇ ਆਧਾਰ ਦਾ ਬੋਧ ਹੋਵੇ, ਜਿਸ ਨਾਲ ਇਹ ਬੋਧ ਹੋਵੇ ਕਿ ਕੀਤੇ ਗਏ ਕੰਮ ਦਾ ਆਧਾਰ, ਸਥਾਨ, ਜਾਂ ਸਮਾਂ ਕੀ ਹੈ, ਉਸ ਨੂੰ ‘ਅਧਿਕਰਣ ਕਾਰਕ’ ਕਹਿੰਦੇ ਹਨ। ਸੰਗਿਆ ਦੇ ਨਾਲ ‘ਵਿੱਚ, ਤੇ, ਉਤੇ, ਕਦੋਂ’ ਆਦਿ ਲਗਾਉਣ ਤੇ ਜਵਾਬ ਮਿਲਣ ਨਾਲ ਇਸ ਕਾਰਕ ਦਾ ਪਤਾ ਲੱਗਦਾ ਹੈ।

ਇਹ ਸੀ ਦੋਨਾਂ ਤੁਕਾਂ ਦੇ ਵਿਆਕਰਣਕ ਨਿਯਮਾਂ ਤੇ ਆਧਾਰਿਤ ਤੁਕਾਂ ਬਾਰੇ ਵਿਚਾਰ। ਹੁਣ ਦੇਖੋ, “ਰਾਮਾਨੰਦ…ਸੁਆਮੀ” ਅਤੇ “ਅਰਜਨ …ਗੁਰੂ” ਬਾਰੇ ਵਿਚਾਰ:-

ਰਾਮਾਨੰਦ ਸੁਆਮੀ ਰਮਤ ਬ੍ਰਹਮ॥” ਇਸ ਤੁਕ ਵਿੱਚ ‘ਰਾਮਾਨੰਦ’ ਅਤੇ ‘ਸੁਆਮੀ’ ਆਪਸ ਵਿੱਚ ਕਿਸੇ “ਰਮੇ ਹੋਣ” ਦੀ ਕ੍ਰਿਆ ਦੇ ਜ਼ਰੀਏ ਸੰਬੰਧ ਰੱਖਦੇ ਹਨ। ਸੰਬੰਧ ਕਾਰਕ ਹੋਣ ਕਰਕੇ ਦੋਨਾਂ ਦੇ ਵਿਚਾਲੇ ‘ਦਾ, ਦੇ, ਦੀ’ ਆਦਿ ਚਿਹਨ ਆਏਗਾ।

“ਤਖਤਿ ਬੈਠਾ ਅਰਜਨ ਗੁਰੂ॥” ਤੁਕ ਵਿੱਚ ‘ਅਰਜਨ’ ਅਤੇ ‘ਗੁਰੂ’ ਦਾ ਆਪਸ ਵਿੱਚ ਸੰਬੰਧ ਦਰਸਾਉਣ ਵਾਲੀ ਕਿਸੇ ਕ੍ਰਿਆ ਦਾ ਜ਼ਿਕਰ ਨਹੀਂ ਹੈ। ( ‘ਅਰਜਨ’ ਦੇ ‘ਤਖਤ ਤੇ ਬੈਠਣ ਦੀ ਕ੍ਰਿਆ’ ਹੈ, ਅਰਜਨ ਅਤੇ ਗੁਰੂ ਦੀ ਕ੍ਰਿਆ ਨਹੀਂ ਹੈ)। ਇਸ ਲਈ ਅਰਜਨ ਅਤੇ ਗੁਰੂ ਦੇ ਵਿਚਾਲੇ ਕੋਈ ਕਾਰਕ ਚਿਨ੍ਹ ਨਹੀਂ ਲਗਾਇਆ ਜਾ ਸਕਦਾ।

ਇਹ ਹਨ ਵਿਆਕਰਣ ਦੇ ਆਧਾਰ ਤੇ ਅਰਥਾਂ ਸੰਬੰਧੀ ਵਿਚਾਰ। ਉਮੀਦ ਹੈ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਫ਼ਰਕ ਪਤਾ ਲੱਗ ਗਿਆ ਹੋਵੇਗਾ। ਅਤੇ ਨਾਲ ਹੀ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਰਾਮਾਨੰਦ ‘ਦਾ’ ਸੁਆਮੀ ਅਤੇ ‘ਅਰਜਨ ਗੁਰੂ’ ਅਰਥ ਕਿਉਂ ਕੀਤੇ ਹਨ। ਇਸ ਵਿਚਾਰ ਵਿੱਚ ਜੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਕੋਈ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਦੱਸਣ। ਜੇ ਨਹੀਂ ਦੱਸਦੇ ਤਾਂ ਸਾਫ਼ ਜਾਹਰ ਹੈ ਕਿ ਤੱਤ ਗੁਰਮਤਿ ਪਰਿਵਾਰ ਵਾਲੇ ਬਿਨਾ ਵਜਹ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਨੂੰ ਰੱਦ ਕਰਨ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਅਤੇ ਇਨ੍ਹਾਂ ਤੇ ਪ੍ਰੋ: ਸਾਹਿਬ ਸਿੰਘ ਜੀ ਦੀ ਨਿੰਦਾ ਕਰਨ ਦਾ ਦੋਸ਼ ਬੇ-ਬੁਨਿਆਦ ਨਹੀਂ ਹੈ।

ਹੁਣ ਪੇਸ਼ ਹਨ ਇਸੇ ‘ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥’ (968) ਤੁਕ ਦੇ ਤੱਤ ਗੁਰਮਤਿ ਪਰਿਵਾਰ ਵੱਲੋਂ ਕੀਤੇ ਗਏ ਅਰਥ ਅਤੇ ਉਨ੍ਹਾਂ ਬਾਰੇ ਮੇਰੇ ਵਿਚਾਰ:

ਅਰਥ (ਤ: ਗੁ: ਪ: ) - ਇਸ ਦੁਨੀਆ ਰੂਪੀ ਤਖਤ ਉਪਰ ਅਰਜਨ ਪਾਤਸ਼ਾਹ ਜੀ (ਵੱਲੋਂ ਪ੍ਰਚਾਰੇ) ਦਾ ਗੁਰੂ (ਪ੍ਰਭੂ) ਬਿਰਾਜਮਾਨ ਹੈ। ਉਸ ਪ੍ਰਭੂ ਦਾ ਹੁਕਮ ਰੂਪੀ ਚੰਦੋਆ (ਸ੍ਰਿਸ਼ਟੀ ਉਪਰ) ਚਮਕ ਰਿਹਾ ਹੈ।

ਵਿਚਾਰ- ਪਾਠਕ ਪਹਿਲਾਂ ਤਾਂ ਇਨ੍ਹਾਂ ਅਰਥਾਂ ਨੂੰ ਪੜ੍ਹ ਕੇ ਦੇਖਣ, ਸਾਫ਼ ਨਜ਼ਰ ਆ ਰਿਹਾ ਹੈ ਕਿ ਅਸਲੀ ਅਰਥਾਂ ਨੂੰ ਜ਼ਬਰਦਸਤੀ ਬਦਲਣ ਦੇ ਚੱਕਰ ਵਿੱਚ ਕਿੰਨਾਂ ਸੰਘਰਸ਼ ਕੀਤਾ ਗਿਆ ਹੈ। ਅਤੇ ਅਰਥਾਂ ਨੂੰ ਆਪਣੇ ਹੀ ਢੰਗ ਦਾ ਮੋੜ ਦੇਣ ਦੇ ਚੱਕਰ ਵਿੱਚ ਕਿੰਨੇ ਹੀ ਲਫ਼ਜ਼ ਆਪਣੇ ਕੋਲੋਂ ਜੋੜਨੇ ਪਏ ਹਨ।

ਜਿੱਥੇ ਵੀ ਕਿਸੇ ਗੁਰੂ ਸਾਹਿਬ ਨਾਲ ‘ਗੁਰ’ ਪਦ ਆ ਜਾਂਦਾ ਹੈ, ਤੱਤ ਗੁਰਮਤਿ ਪਰਿਵਾਰ ਵਾਲੇ ਇਸ ਦੇ ਅਰਥ ‘ਪ੍ਰਚਾਰੇ ਦਾ ਗੁਰੂ ‘ਪਰਮਾਤਮਾ’ ਪਤਾ ਨਹੀਂ ਕਿਸ ਤਰ੍ਹਾਂ ਕਰ ਲੈਂਦੇ ਹਨ?

ਤੁਕ ਦੇ ਅਰਥ ਕਰਨ ਲੱਗਿਆਂ ਲਿਖਦੇ ਹਨ:

‘ਦੁਨੀਆਂ ਤੇ ਅਰਜਨ ਪਾਤਸ਼ਾਹ ਦੇ ਪ੍ਰਚਾਰੇ ਦਾ ਗੁਰੂ (ਪ੍ਰਭੂ) ਬਿਰਾਜਮਾਨ ਹੈ। ਸ੍ਰਿਸ਼ਟੀ ਤੇ ਪ੍ਰਭੂ ਦਾ ਹੁਕਮ ਚਮਕ ਰਿਹਾ ਹੈ’।

ਤਰਕ:- ‘ਅਰਜਨ ਪਾਤਸ਼ਾਹ ਦੇ ਪ੍ਰਚਾਰੇ ਦੇ’ ਪ੍ਰਭੂ ਦਾ ਹੁਕਮ ਚੱਲਣ ਦਾ ਕੀ ਮਤਲਬ ਹੋਇਆ?

ਕੀ ਅਰਜਨ ਪਾਤਸ਼ਾਹ ਦੁਆਰਾ ਪ੍ਰਚਾਰਿਆ ਪਰਮਾਤਮਾ ਕੋਈ ਵੱਖਰਾ ਹੈ? ਅਨ-ਪੁਰਖ ਦਾ ਪਰਮਾਤਮਾ ਕਹਿਣਾ ਕਿੱਥੋਂ ਤੱਕ ਠੀਕ ਹੈ?

3- ਗੁਰਮਤਿ ਦੇ ਮੂਲ ਸਿਧਾਂਤ ਬਾਰੇ ਗੱਲ ਕਰਦੇ ਹੋਏ, ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ:-

“ਗੁਰਬਾਣੀ ਸੰਬੰਧੀ ਕਿਸੇ ਭੁਲੇਖੇ ਦੇ ਵਕਤ ‘ਮਹਲਾ 1’ ਦੀ ਬਾਣੀ ਨਾਲ ਪਰਖ ਕਰਨੀ ਚਾਹੀਦੀ ਹੈ, ਭੱਟਾਂ ਦੇ ਸਵਈਏ ਆਦਿ ਦੀ ਨਹੀਂ”।

ਇਸ ਸੰਬੰਧ ਵਿੱਚ ਮੈਂ ਪਹਿਲਾਂ ਵੀ ਜਵਾਬ ਦੇ ਚੁੱਕਾ ਹਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਸਾਰ ਅਤੇ ਇੱਕ ਵਿਚਾਰਧਾਰਾ ਹੈ ਤਾਂ ਕਸਵੱਟੀ ਸਿਰਫ਼ ‘ਮਹਲਾ 1” ਦੀ ਬਾਣੀ ਹੀ ਕਿਉਂ ਰੱਖੀ ਜਾਵੇ? ਸਾਰੀ ਹੀ ਬਾਣੀ ਕਿਉਂ ਨਹੀਂ? ਇਸ ਸਵਾਲ ਦੇ ਜਵਾਬ ਵਿੱਚ ਚਰਨਜੀਤ ਸਿੰਘ ਬਰੈਂਪਟਨ ਵੀ ਆਪਣੇ ਵਿਚਾਰ ਦੇ ਚੁੱਕੇ ਹਨ ਕਿ ਤੱਤ ਗੁਰਮਤਿ ਵਾਲਿਆਂ ਦੇ ਦੋਨੋਂ ਵਿਚਾਰ ਆਪਸ ਵਿੱਚ ਕੱਟਦੇ ਹਨ। ਇੱਕ ਪਾਸੇ ਤੱਤ ਗੁਰਮਤਿ ਪਰਿਵਾਰ ਵਾਲੇ ਕਹਿੰਦੇ ਹਨ ਕਿ ਸਾਰੀ ਬਾਣੀ ਦੀ ਵਿਚਾਰਧਾਰਾ ਇੱਕ ਸਾਰ ਹੈ। ਅਤੇ ਦੂਸਰੇ ਪਾਸੇ ਕਹਿੰਦੇ ਹਨ ਕਿ ਕਿਸੇ ਭੁਲੇਖੇ ਦੇ ਵਕਤ ਕਸਵੱਟੀ ਕੇਵਲ ਮਹਲਾ –1 ਦੀ ਬਾਣੀ ਹੀ ਹੋਣੀ ਚਾਹੀਦੀ ਹੈ।

ਅੱਗੇ ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ: “ਪਰਿਵਾਰ ਤਾਂ ਵਾਰ-ਵਾਰ ਬੇਨਤੀ ਕਰ ਰਿਹਾ ਹੈ ਕਿ ਇੱਕ ਟੀਮ ਬਣਾ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ ਦੁਬਾਰਾ ਕੀਤਾ ਜਾਵੇ ਤਾਂ ਕਿ ਭੁਲੇਖੇ ਦੂਰ ਹੋ ਸਕਣ”।

ਤੱਤ ਗੁਰਮਤਿ ਪਰਿਵਾਰ ਵਾਲੇ ਇਹ ਗੱਲ ਤਾਂ ਮੰਨਦੇ ਹਨ ਕਿ ਗੁਰਬਾਣੀ ਵਿੱਚ ਵਰਤੀਆਂ ਗਈਆਂ ਲਗਾਂ ਮਾਤਰਾਂ ਕਿਸੇ ਨਿਯਮ ਅਧੀਨ (ਵਿਆਕਰਣ ਅਨੁਸਾਰ) ਵਰਤੀਆਂ ਗਈਆਂ ਹਨ। ਪ੍ਰੋ: ਸਾਹਿਬ ਸਿੰਘ ਜੀ ਦੀ ਵਿਆਕਰਣ ਦੀ ਖੋਜ ਅਤੇ ਮਿਹਨਤ ਸ਼ਲਾਂਘਾਯੋਗ ਹੈ। ਪਰ ਅੱਜ ਤਕਰੀਬਨ ਡੇਢ-ਦੋ ਸਾਲ ਬੀਤ ਜਾਣ ਤੇ ਵੀ ਉਹ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਪ੍ਰੋ: ਸਾਹਿਬ ਦੀ ਖੋਜੀ ਹੋਈ ਵਿਆਕਰਣ ਵਿੱਚ ਕੀ ਕਮੀਆਂ ਹਨ? ਅਤੇ ਉਨ੍ਹਾਂ ਕਮੀਆਂ ਵਿੱਚ ਸੁਧਾਰ ਲਿਆਉਣ ਲਈ ਉਨ੍ਹਾਂਨੇ ਕੀ ਯੋਗਦਾਨ ਪਾਇਆ ਹੈ?

ਰਹੀ ਗੱਲ “ਟੀਮ” ਬਣਾਕੇ ਟੀਕਾ ਲਿਖਣ ਦੀ; ਕੀ ਤੱਤ ਗੁਰਮਤਿ ਪਰਿਵਾਰ ਵਾਲੇ ਦੱਸਣਗੇ ਕਿ ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣਗੇ ਜਾਂ ਕੁਝਕੁ ਵਿਦਵਾਨਾਂ (ਜਿਹੜੇ ਟੀਮ ਵਿੱਚ ਰੱਖੇ ਜਾਣਗੇ) ਉਨ੍ਹਾਂਦੀ ਬਣ ਚੁੱਕੀ ਸੋਚ ਮੁਤਾਬਕ? ਗੁਰਬਾਣੀ ਦੇ ‘ਅਰਥ’ ਵੀ ਹੋਣਗੇ ਜਾਂ ਕੇਵਲ ‘ਭਾਵਾਰਥ’ ਹੀ ਕੀਤੇ ਜਾਣਗੇ? ਕਈ ਵਿਦਵਾਨ ਜਿਹੜੇ ਟੀਮ ਵਿੱਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂਦੇ ਵਿਚਾਰ ਜੇ ਉਸ ਨਵੇਂ ਟੀਕੇ ਨਾਲ ਮੇਲ ਨਹੀਂ ਖਾਣਗੇ ਤਾਂ ਕੀ ਵਿਵਾਦ ਖੜੇ ਨਹੀਂ ਹੋਣਗੇ? ਤੱਤ ਗੁਰਮਤਿ ਪਰਿਵਾਰ ਵਾਲਿਆਂ ਦੇ ਕੀਤੇ ਅਰਥ ਮੈਂ ਗ਼ਲਤ ਸਾਬਤ ਕਰ ਚੁੱਕਾ ਹਾਂ, ਜਿਨ੍ਹਾਂ ਬਾਰੇ ਅੱਜ ਤੱਕ ਇਨ੍ਹਾਂ ਦਾ ਸਪੱਸ਼ਟੀਕਰਣ ਨਹੀਂ ਆ ਸਕਿਆ। ਕਿਸ ਆਧਾਰ ਤੇ ਪ੍ਰੋ: ਸਾਹਿਬ ਸਿੰਘ ਦਾ ਟੀਕਾ ਰੱਦ ਕਰਕੇ ਨਵਾਂ ਟੀਕਾ ਤਿਆਰ ਕਰਨ ਦੀ ਗੱਲ ਕਰ ਰਹੇ ਹਨ?

ਸ: ਬਲਦੇਵ ਸਿੰਘ ਟਰੋਂਟੋ ਵਾਲਿਆਂ ਦੇ ਕੀਤੇ ਅਰਥਾਂ ਬਾਰੇ ਮੈਂ ਇਸੇ ਲਿਖਤ ਵਿੱਚ ਆਪਣੇ ਵਿਚਾਰ ਦੇ ਦਿੱਤੇ ਹਨ। ਤੱਤ ਗੁਰਮਤਿ ਪਰਿਵਾਰ ਵਾਲਿਆਂ ਦੇ ਕੀਤੇ ਅਰਥਾਂ ਬਾਰੇ ਵੀ ਮੈਂ ਆਪਣੇ ਵਿਚਾਰ ਦੇ ਚੁੱਕਾ ਹਾਂ। ਕੁਝਕੁ ਹੋਰ ਵਿਦਵਾਨ ਜਿਨ੍ਹਾਂਨੂੰ ਤੱਤ ਗੁਰਮਤਿ ਪਰਿਵਾਰ ਵਾਲੇ ਨਵਾਂ ਟੀਕਾ ਲਿਖਣ ਵਾਲੀ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਸ਼ਾਇਦ ਪਸੰਦ ਕਰਨਗੇ ਉਨ੍ਹਾਂ ਦੁਆਰਾ ਕੀਤੇ ਅਰਥਾਂ ਦੀਆਂ ਮਿਸਾਲਾਂ ਪੇਸ਼ ਕਰ ਰਿਹਾ ਹਾਂ: (ਲੇਖ ਲੰਬਾ ਹੋਣ ਦੇ ਡਰੋਂ ਬਹੁਤ ਹੀ ਸੰਖੇਪਤਾ ੋਂ ਕੰਮ ਲਿਆ ਗਿਆ ਹੈ)।

(1) - ਤਪਾ ਨ ਹੋਵੈ ਅੰਦਰਹੁ ਲੋਭੀ…………….” (ਪੰਨਾ-315)

ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ ਵਿਦਵਾਨ ਸੱਜਣ ਜੀ ਲਿਖਦੇ ਹਨ:

“ਸਾਂਝਾ ਲੰਗਰ ਵਰਤਾ ਕੇ ਸਤਿਗੁਰੂ ਅਮਰਦਾਸ ਜੀ ਨੇ ਜਾਤ ਪਾਤ ਖਤਮ ਕਰਨ ਵਾਸਤੇ ਭਰਪੂਰ ਉਪਰਾਲੇ ਕੀਤੇ। ਇਹਨਾਂ ਜਾਤ ਦੇ ਹੰਕਾਰੀ ਲੋਕਾਂ ਨੂੰ ਭੀ ਲੰਗਰ ਛਕਣ ਲਈ ਸੱਦਾ ਦਿੱਤਾ। ਪਰ ਇਹ ਨਾ ਆਏ। ਗੁਰੂ ਜੀ ਨੇ ਆਖਰੀ ਅਪੀਲ ਵਿੱਚ ਇਹ ਭੀ ਐਲਾਨ ਕਰ ਦਿੱਤਾ ਕਿ ਜੋ ਵਿਅਕਤੀ ਪੰਗਤ ਵਿੱਚ ਬੈਠਕੇ ਸਾਂਝਾ ਲੰਗਰ ਛਕੇਗਾ ਉਸਨੂੰ ਨਕਦੀ ਰੁਪੈ ਪੈਸੇ ਭੀ ਦਿੱਤੇ ਜਾਣਗੇ। ਇਸ ਤਪੇ ਦਾ ਮਨ ਲਾਲਚ ਵਿੱਚ ਆ ਗਿਆ। ਆਪਣੇ ਬੇਟੇ ਨੂੰ ਪਿਛਵਾੜਿਓਂ ਲੰਗਰ ਛਕਣ ਲਈ ਅੰਦਰ ਭੇਜ ਦਿੱਤਾ। ਸਤਿਗੁਰੂ ਨੇ ਗੋਇੰਦਵਾਲ ਦੇ ਮੁਖੀ ਵਿਅਕਤੀਆਂ ਨੂੰ ਇਕੱਠੇ ਕਰਕੇ, ਸਾਰੀ ਵਾਰਤਾ ਸੁਣਾਈ। ਪੁੱਛਿਆ ਕਿ ਤੁਸੀਂ ਦੱਸੋ ਕਿ ਇਹ ਤਪਾ ਧਰਮੀਂ ਹੈ? ਜਿੰਨੇ ਇਹ ਰੋਹਬ ਦਿਖਾ ਰਿਹਾ ਹੈ, ਇਸ ਵਿੱਚ ਕੋਈ ਗੁਣ ਹੈ? ਹੇ ਭਾਈ! ਇਨਸਾਫ਼ ਪਸੰਦ (ਧਰਮੀ ਸਖਸ਼ੀਅਤ) ਸਤਿਗੁਰੂ ਜੀ ਨੇ (ਗੁਰੂ ਅਮਰਦਾਸ ਜੀ ਵੱਲ ਸੰਕੇਤ ਹੈ) ਸੇਵਕਾਂ (ਸਿੱਖਾਂ) ਨੂੰ ਹੁਕਮ ਦਿੱਤਾ ਕਿ ਏਸ ਪਖੰਡੀ ਤਪੇ ਨੂੰ ਉਥੇ ਸੁੱਟਣਾ ਜਿੱਥੇ ਮਹਾਂ ਪਾਪੀਆਂ ਤੇ ਕਾਤਲਾਂ ਨੂੰ ਸੁਟਿਆ ਜਾਂਦਾ ਹੈ।

ਜਮਕੰਕਰ ਕੋਈ ਹੋਰ ਨਹੀਂ ਸਨ ਪਿੰਡ ਗੋਇੰਦਵਾਲ ਵਾਸੀ ਅਤੇ ਸਿੱਖ ਸਨ।

…. ਧਰਮਰਾਜ, ਸਤਿਗੁਰੂ ਖੁਦ। ਸਜਾ ਦਾ ਭਾਗੀਦਾਰ ਤਪਾ। ਧਰਮ ਦੀ ਮੂਰਤ ਗੁਰੂ ਦਾ ਹੁਕਮ ਲਾਗੂ ਕਰਵਾਉਣ ਵਾਲੇ ਸੇਵਕ ਸਿੱਖ”। (ਅਰਥ/ ਭਾਵਾਰਥ ਕਰਤਾ:- ਸ: ਇੰਦਰ ਸਿੰਘ ਘੱਗਾ)।

ਇਸ ਉਪਰਲੀ ਵਿਆਖਿਆ ਦੇ ਸੰਬੰਧ ਵਿੱਚ ਮੈਂ ਕੁੱਝ ਸਵਾਲ ਪੁੱਛੇ ਸਨ:-

ਕੀ ਗੁਰੂ ਸਾਹਿਬ ਅਪੀਲਾਂ ਕਰ-ਕਰਕੇ ਲੰਗਰ ਛਕਣ ਲਈ ਸੰਗਤਾਂ ਇਕੱਠੀਆਂ ਕਰਿਆ ਕਰਦੇ ਸੀ?

ਤਪੇ ਸਮੇਤ ਜਾਤ ਅਭਿਮਾਨੀਆਂ ਨੂੰ ਤਾਂ ਗੁਰੂ ਸਾਹਿਬ ਨੇ ਆਪ ਅਪੀਲਾਂ ਕਰ-ਕਰਕੇ ਲੰਗਰ ਵਿੱਚ ਆਉਣ ਦਾ ਸੱਦਾ ਦਿੱਤਾ ਸੀ। ਪਰ ਉਹ ਫੇਰ ਵੀ ਨਾ ਆਏ ਤਾਂ ਉਨ੍ਹਾਂਨੂੰ ਨਕਦੀ ਰਪੈ ਪੈਸੇ ਦੇਣ ਦਾ ਲਾਲਚ ਦਿੱਤਾ ਗਿਆ। ਜਦੋਂ ਤਪਾ ਲਾਲਚ ਵਿੱਚ ਆ ਗਿਆ ਤਾਂ ਗੁਰੂ ਸਾਹਿਬ ਨੇ ਕਾਰਵਾਈ ਕਰਕੇ ਜਿੱਥੇ ਮਹਾਂ ਹਤਿਆਰਿਆਂ ਨੂੰ ਸੁੱਟੀਦਾ ਹੈ ਉੱਥੇ ਸੁੱਟਣ ਦਾ ਹੁਕਮ ਦੇ ਦਿੱਤਾ। ਸਵਾਲ- ਗੁਰੂ ਸਾਹਿਬ ਦਾ ਜਾਤ ਅਭਿਮਾਨੀਆਂ ਨੂੰ ਅਪੀਲਾਂ ਕਰਕੇ ਅਤੇ ਨਗਦੀ ਰੁਪੈ ਪੈਸੇ ਦਾ ਲਾਲਚ ਦੇ ਕੇ ਪਹਿਲਾਂ ਲੰਗਰ ਵਿੱਚ ਸੱਦਣਾ ਅਤੇ ਫ਼ੇਰ ਉਨ੍ਹਾਂ ਦੇ ਆਉਣ ਤੇ ਤਪੇ ਨੂੰ ਦੁਰਕਾਰਨਾ ਅਤੇ ਸਿੱਖਾਂ {ਜਮਕੰਕਰਾਂ (?)} ਦੁਆਰਾ ਸਜਾ ਦੇਣ ਦਾ ਕੀ ਮਤਲਬ ਹੋਇਆ?

ਕੀ ਗੁਰੂ ਸਾਹਿਬ ਨਿੰਦਕਾਂ ਨੂੰ ਆਪਣੇ ਸਿੱਖਾਂ ਦੁਆਰਾ ਆਪ ਸਖ਼ਤ ਸਜ਼ਾ ਦਿਵਾਇਆ ਕਰਦੇ ਸੀ। ਅਤੇ ਇਸ ਸਜ਼ਾ ਨੂੰ “ਪਰਮੇਸ਼ਰ ਨੂੰ ਇਸੇ ਤਰ੍ਹਾਂ ਭਾਉਂਦਾ ਹੈ” ਕਹਿ ਦਿੱਤਾ ਜਾਂਦਾ ਸੀ?

ਕੀ ਗੁਰੂ ਸਾਹਿਬ ਨੇ ਕੋਈ ਐਸੀ ਥਾਂ ਬਣਾਈ ਹੋਈ ਸੀ ਜਿੱਥੇ ਮਹਾਂ ਹਤਿਆਰਿਆਂ ਨੂੰ ਸੁਟਿਆ ਜਾਂਦਾ ਸੀ?

ਕੀ ਗੁਰੂ ਸਾਹਿਬ ਸਿੱਖ ਸੰਗਤਾਂ ਨੂੰ “ਜਮਕੰਕਰ” (ਯਮ ਦੇ ਦਾਸ) ਕਹਿਕੇ ਸੰਬੋਧਨ ਕਰ ਸਕਦੇ ਸੀ?

ਇਕ ਹੋਰ ਉਦਾਹਰਣ ਦੇ ਕੁੱਝ ਅੰਸ਼:

(2) - ਦੇਖ ਫਰੀਦਾ ਜੁ ਥੀਆ ਦਾੜੀ ਹੋਈ ਭੂਰ॥ ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ॥ 9॥” (ਪੰਨਾ- 1378)

ਅਰਥ:- “… ‘ਦਾੜੀ’ ਹੋਈ ਭੂਰ ਦਾ ਸਾਨੂੰ ਕੀ ਉਪਦੇਸ਼ ਮਿਲਦਾ ਹੈ। ਚਿੱਟੀ ਦਾੜ੍ਹੀ ਦਾਨੇਪਨ ਦੀ ਨਿਸ਼ਾਨੀ ਹੈ। . .’ਦਾੜ੍ਹੀ ਹੋਈ ਭੂਰ’ ਸਿਆਣਪ ਆਉਣ ਦੀ ਨਿਸ਼ਾਨੀ ਹੈ। ਚਿੱਟੀ ਦਾੜ੍ਹੀ ਭਰੋਸਗੀ, ਇਤਬਾਰ, ਜ਼ਿੰਦਗ਼ੀ ਦਾ ਲੰਬਾ ਤਜਰਬਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ।

ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ਦੇਖ ਫਰੀਦਾ ਜੁ ਥੀਆ’ ਭਾਵ ਇੱਕ ਤਬਦੀਲੀ ਆ ਗਈ ਹੈ- ‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ। … ਗੁਰ ਗਿਆਨ ਦੁਆਰਾ ਆਤਮਕ ਸੂਝ ਆਉਂਦਿਆਂ ਹੀ ਮਨੁੱਖ ਵਿਕਾਰਾਂ ਵੱਲੋਂ ਪਾਸਾ ਵੱਟ ਜਾਂਦਾ ਹੈ। …… ਮੰਨ ਲਓ ਕਿਸੇ ਆਦਮੀਂ ਨੇ ਦਿੱਲੀ ਤੋਂ ਅੰਮ੍ਰਿਤਸਰ ਵੱਲ ਨੂੰ ਜਾਣਾ ਹੈ। ਉਹ ਜਿਵੇਂ ਜਿਵੇਂ ਦਿੱਲੀ ਵੱਲੋਂ ਅੰਮ੍ਰਿਤਸਰ ਵੱਲ ਨੂੰ ਜਾਏਗਾ ਤਿਵੇਂ ਤਿਵੇਂ ਦਿੱਲੀ ਦੂਰ ਹੁੰਦੀ ਜਾਏਗੀ ਤੇ ਅੰਮ੍ਰਿਤਸਰ ਨੇੜੇ ਆਉਂਦਾ ਜਾਏਗਾ। ਏਸੇ ਤਰ੍ਹਾਂ ਹੀ ਦਾੜੀ ਹੋਈ ਭੂਰ, ਸ਼ੁਭ ਗੁਣਾਂ ਵਾਲੀ ਅਕਲ ਜਨਮ ਲੈਂਦੀ ਹੈ ਤਾਂ ਵਿਕਾਰਾਂ ਵੱਲੋਂ ਦੂਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਦੂਰੀ ਨੂੰ ਸ਼ੇਖ ਫਰੀਦ ਜੀ ਆਖਦੇ ਹਨ- ਅਗਹੁ ਨੇੜਾ ਆਇਆ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ ਆਇਆ ਹੈ ਤੇ ਵਿਕਾਰਾਂ ਵਾਲੀ ਸੋਚ ਹੁਣ ਦੂਰ ਹੁੰਦੀ ਜਾ ਰਹੀ ਹੈ। ‘ਪਿੱਛਾ ਰਹਿਆ ਦੂਰਿ’ ਵਿਕਾਰੀ, ਈਰਖਾਲੀ, ਨਿੰਦਿਆ, ਕ੍ਰੋਧ ਤੇ ਚੁਗਲੀ ਵਾਲੀ ਸੋਚ ਨੂੰ ਹਮੇਸ਼ਾਂ ਲਈ ਤਿਆਗ ਪੱਤਰ ਦੇ ਦਿੱਤਾ ਹੈ”। (ਅਰਥ/ਭਾਵਾਰਥ ਕਰਤਾ- ਪ੍ਰੋ: ਗੁਰਬਚਨ ਸਿੰਘ ਥਾਈਲੈਂਡ)।

ਇਸ ਵਿਆਖਿਆ ਦੇ ਸੰਬੰਧ ਵਿੱਚ ਮੈਂ ਕੁੱਝ ਸਵਾਲ ਪੁੱਛੇ ਸਨ:

ਕੀ ਫਰੀਦ ਜੀ ਨੂੰ ਦਾੜੀ ਦਾ (ਚਿੱਟਾ) ਰੰਗ ਦੇਖ ਕੇ ਅਹਿਸਾਸ ਹੋ ਗਿਆ ਕਿ ਹੁਣ ਉਸ ਨੂੰ ਆਤਮਕ ਸੂਝ ਆ ਗਈ ਹੈ?

“ਜਿਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਜਿਉਂ ਜਿਉਂ ਦਿੱਲੀ ਤੋਂ ਦੂਰ ਹੁੰਦੀ ਜਾਂਦੀ ਹੈ ਅੰਮ੍ਰਿਤਸਰ ਨੇੜੇ ਆਉਂਦਾ ਜਾਂਦਾ ਹੈ। ਉਸੇ ਤਰ੍ਹ੍ਹਾਂ “ਦਾੜੀ ਹੋਈ ਭੂਰਿ” ਸ਼ੁਭ ਗੁਣਾਂ ਵਾਲੀ ਅਕਲ ਜਨਮ ਲੈਂਦੀ ਹੈ।

ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਮੁਸਾਫ਼ਿਰ ਨੇਂ ਕੋਈ ਉਚੇਚ ਨਹੀਂ ਕਰਨਾ ਬੱਸ ਆਰਾਮ ਨਾਲ ਆਪਣੀ ਸੀਟ ਤੇ ਬੈਠ ਜਾਣਾ ਹੈ। ਬੱਸ ਨੇਂ ਦਿੱਲੀ ਤੋਂ ਅੰਮ੍ਰਿਤਸਰ ਆਪੇ ਪੁਚਾ ਹੀ ਦੇਣਾ ਹੈ। ਕੀ ਉਸੇ ਤਰ੍ਹਾਂ ਮਨੁੱਖ ਨੂੰ ਵੀ ਕੋਈ ਉਚੇਚ ਕਰਨ ਦੀ ਜਰੂਰਤ ਨਹੀਂ (ਆਪਣੀ ਮੌਜ ਮਸਤੀ ਦੀ ਜ਼ਿੰਦਗੀ ਬਸਰ ਕਰੇ) ਜਿਵੇਂ ਜਿਵੇਂ ਦਾੜ੍ਹੀ ਚਿੱਟੀ ਹੁੰਦੀ ਜਾਏਗੀ (ਉਮਰ ਵਧਦੀ ਜਾਂਦੀ ਹੈ) ਵਿਕਾਰੀ ਗੁਣ ਆਪੇ ਛੁੱਟਦੇ ਜਾਂਦੇ ਹਨ ਅਤੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ? ਅਰਥਾਤ ਕੀ ਸ਼ੁਭ ਗੁਣਾਂ ਦਾ ਆਉਣਾ ਬੱਸ ਦੇ ਸਫ਼ਰ ਸਮਾਨ ਹੈ, ਕਿ ਉਮਰ ਦੇ ਵਧਣ ਨਾਲ (ਦਾੜ੍ਹੀ ਚਿੱਟੀ ਆਉਣ ਨਾਲ) ਸ਼ੁਭ ਗੁਣ ਆਪੇ ਆ ਹੀ ਜਾਣੇ ਹਨ?

ਸ਼ੁਭ ਗੁਣ ਗੁਰੂ ਦੇ ਗਿਆਨ ਨਾਲ ਆਉਣੇ ਹਨ ਕਿ ਦਾੜ੍ਹੀ ਚਿੱਟੀ ਹੋਣ (ਉਮਰ ਵਧਣ) ਨਾਲ?

ਇਹ ਉਨ੍ਹਾਂ ਕੁੱਝ ਕੁ ਵਿਦਵਾਨਾਂ ਦੀਆਂ ਵਿਆਖਿਆਵਾਂ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂਨੂੰ ਸ਼ਾਇਦ ਤੱਤ ਗੁਰਮਤਿ ਪਰਿਵਾਰ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਨਵੇਂ ਸਿਰੇ ਟੀਕਾ/ ਅਰਥ /ਭਾਵਾਰਥ ਕਰਨ ਲਈ ਆਪਣੀ ਟੀਮ ਵਿੱਚ ਰੱਖਣਾ ਚਾਹੁੰਦੇ ਹੋਣਗੇ। (ਵੀਰ ਭੁਪਿੰਦਰ ਸਿੰਘ ਜੀ ਦੀ ਵਿਆਖਿਆ ਦਾ ਨਮੂੰਨਾਂ ਵੀ ਮੈਂ ਪੇਸ਼ ਕਰਨਾ ਚਾਹੁੰਦਾ ਸੀ, ਲੇਖ ਲੰਬਾ ਹੋ ਜਾਣ ਕਾਰਣ ਨਹੀਂ ਕੀਤਾ ਗਿਆ)।

ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ: “ਅੰਤ ਵਿੱਚ ‘ਪਰਿਵਾਰ’ ਫੇਰ ਬੇਨਤੀ ਕਰਦਾ ਹੈ ਕਿ ਜਾਗਰੂਕ ਪੰਥ ਨੂੰ ਇੱਕ ਟੀਮ ਬਣਾ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ ਦੁਬਾਰਾ ਕਰਨਾ ਚਾਹੀਦਾ ਹੈ”।

ਕੀ ਇਸ ਗੱਲ ਦਾ ਸਾਫ਼ ਮਤਲਬ ਇਹ ਨਹੀਂ ਨਿਕਲਦਾ ਕਿ ਤੱਤ ਗੁਰਮਤਿ ਪਰਿਵਾਰ ਵਾਲੇ ਪ੍ਰੋ: ਸਾਹਿਬ ਸਿੰਘ ਜੀ ਦਾ ਟੀਕਾ ਰੱਦ ਕਰਨ ਦੀ ਸਲਾਹ ਦੇ ਰਹੇ ਹਨ? ਕੀ ਇਸ ਦਾ ਸਾਫ਼ ਮਤਲਬ ਇਹ ਨਹੀਂ ਨਿਕਲਦਾ ਕਿ ਕਿਸੇ ਮਜਬੂਰੀ ਕਾਰਣ ਹੀ ਇਹ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਦੀ ਪ੍ਰਸ਼ੰਸਾ ਕਰਦੇ ਹਨ ਅਸਲ ਵਿੱਚ ਸਾਰਾ ਟੀਕਾ ਹੀ ਇਨ੍ਹਾਂ ਨੂੰ ਮਾਫਕ ਨਹੀਂ ਹੈ?

ਤੱਤ ਗੁਰਮਤਿ ਪਰਿਵਾਰ ਵਾਲਿਆਂ ਅੱਗੇ ਬੇਨਤੀ:- ਜਿੰਨੀਂ ਦੇਰ ਉਹ ਪ੍ਰੋ: ਸਾਹਿਬ ਸਿੰਘ ਦੀ ਖੋਜੀ ਵਿਆਕਰਣ ਨੂੰ ਗ਼ਲਤ ਸਾਬਤ ਨਹੀਂ ਕਰਦੇ ਓਨੀਂ ਦੇਰ ਉਨ੍ਹਾਂਦੇ ਟੀਕੇ ਦੇ ਖਿਲਾਫ਼ ਗ਼ਲਤ ਪ੍ਰਚਾਰ ਬੰਦ ਕਰਨ।

ਜਸਬੀਰ ਸਿੰਘ (ਕੈਲਗਰੀ)




.