.

ਇੱਜ਼ਤ ਦਾ ਸਵਾਲ


ਪਿੰਡ ਦੇ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਹੀ ਵਿਦਿਅਕ ਮਹਿਕਮੇ ਨੂੰ ਬਿਨੈ-ਪੱਤਰ ਦਿਤਾ ਹੋਇਆ ਸੀ ਕਿ ਉਨ੍ਹਾਂ ਦੇ ਸਕੂਲ ਨੂੰ ਅੱਠਵੀਂ ਜਮਾਤ ਦੇ ਇਮਤਿਹਾਨਾਂ ਲਈ ਸੈਂਟਰ ਦਾ ਦਰਜਾ ਦਿੱਤਾ ਜਾਵੇ। ਹਰੇਕ ਸਾਲ ਹੀ ਵਿਦਿਅਕ ਮਹਿਕਮਾ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੀ ਅਰਜ਼ੀ ਨੂੰ ਅਣਗੌਲ਼ਿਆਂ ਕਰ ਦਿੰਦਾ। ਅਖ਼ੀਰ ਪ੍ਰਬੰਧਕਾਂ ਨੇ ਉਹ ਰਾਹ ਲੱਭ ਹੀ ਲਿਆ ਜਿਸ ਰਾਹੀਂ ਉਨ੍ਹਾਂ ਨੂੰ ਵੱਡੇ ਅਫ਼ਸਰਾਂ ਤਾਈਂ ਪਹੁੰਚ ਕਰਨੀ ਪੈਣੀ ਸੀ। ਬੱਸ ਫ਼ਿਰ ਕੀ ਸੀ ਭਾਰਤ ਵਿੱਚ ਜਿਵੇਂ ਅਜਿਹੀਆਂ ਮੰਨਜ਼ੂਰੀਆਂ ਮਿਲਦੀਆਂ ਹਨ, ਉਹੋ ਢੰਗ ਤਰੀਕੇ ਵਰਤ ਕੇ ਇਨ੍ਹਾਂ ਨੇ ਵੀ ਅੱਠਵੀਂ ਦਾ ਸੈਂਟਰ ਮੰਨਜ਼ੂਰ ਕਰਵਾ ਹੀ ਲਿਆ।
ਸਕੂਲ ਵਿੱਚ ਉਚੇਚਾ ਜਲਸਾ ਕਰਵਾ ਕੇ ਜਸ਼ਨ ਮਨਾਇਆ ਗਿਆ। ਇਸ ਸਾਲ ਪਹਿਲੀ ਵਾਰੀ ਬੱਚਿਆਂ ਨੂੰ ਅੱਠਵੀਂ ਦੇ ਪਰਚੇ ਪਾਉਣ ਲਈ ਕਿਸੇ ਹੋਰ ਸੈਂਟਰ ਵਿੱਚ ਨਹੀਂ ਸੀ ਜਾਣਾ ਪੈਣਾ।
ਜਗਮੀਤ ਉਸ ਵੇਲੇ ਬੀ. ਏ. ਭਾਗ ਦੋ ਦਾ ਵਿਦਿਆਰਥੀ ਸੀ। ਉਨ੍ਹਾਂ ਦੇ ਦੂਰ ਦੇ ਇੱਕ ਅਧਿਆਪਕ ਰਿਸ਼ਤੇਦਾਰ ਦੀ ਉਨ੍ਹਾਂ ਨੂੰ ਚਿੱਠੀ ਮਿਲੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਅੱਠਵੀਂ ਦੇ ਇਮਤਿਹਾਨਾਂ ਦੀ ਨਿਗਰਾਨੀ ਕਰਨ ਵਾਸਤੇ ਸੁਪਰਡੈਂਟ ਬਣ ਕੇ ਉਨ੍ਹਾਂ ਦੇ ਪਿੰਡ ਆ ਰਿਹਾ ਸੀ ਤੇ ਉਹਨੇ ਲਿਖਿਆ ਸੀ ਕਿ ਇਮਤਿਹਾਨਾਂ ਦੇ ਦੌਰਾਨ ਉਹ ਜਗਮੀਤ ਹੋਰਾਂ ਦੇ ਘਰ ਹੀ ਠਹਿਰੇਗਾ ਕਿਉਂਕਿ ਉਹਦਾ ਆਪਣਾ ਪਿੰਡ ਕਾਫ਼ੀ ਦੂਰ ਸੀ ਜਿਥੋਂ ਰੋਜ਼ ਆਉਣਾ ਜਾਣਾ ਉਸ ਲਈ ਮੁਸ਼ਕਿਲ ਸੀ। ਚਿੱਠੀ ਤੋਂ ਦੋ ਕੁ ਦਿਨਾਂ ਬਾਅਦ ਹੀ ਲਾਗਲੇ ਪਿੰਡ ਦੇ ਇੱਕ ਵਿਅਕਤੀ ਪਾਸ ਉਸ ਨੇ ਜਗਮੀਤ ਹੋਰਾਂ ਨੂੰ ਸੁਨੇਹਾ ਵੀ ਭੇਜ ਦਿਤਾ।
ਇਹ ਗੱਲ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫ਼ੈਲ ਗਈ ਕਿ ਜਗਮੀਤ ਹੋਰਾਂ ਦਾ ਰਿਸ਼ਤੇਦਾਰ ਅੱਠਵੀਂ ਦੇ ਇਮਤਿਹਾਨਾਂ ਦਾ ਸੁਪਰਡੈਂਟ ਬਣ ਕੇ ਆ ਰਿਹਾ ਸੀ। ਬਸ ਫਿਰ ਕੀ ਸੀ, ਉਨ੍ਹਾਂ ਦਾ ਘਰ ਲੋਕਾਂ ਲਈ ਇਉਂ ਹੋ ਗਿਆ ਜਿਵੇਂ ਗੁੱਗੇ ਪੀਰ ਦੀ ਮਾੜੀ ਹੋਵੇ। ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਬੱਚਿਆਂ ਨੇ ਅੱਠਵੀਂ ਦੇ ਇਮਤਿਹਾਨ ਵਿੱਚ ਬੈਠਣਾ ਸੀ ਉਹ ਵਹੀਰਾਂ ਘੱਤ ਕੇ ਉਨ੍ਹਾਂ ਦੇ ਪਾਸ ਸਿਫ਼ਾਰਸ਼ਾਂ ਕਰਨ ਲਈ ਆਉਣ ਲੱਗੇ। ਕਈ ਲੋਕ ਤਾਂ ਢੀਠ ਹੋ ਕੇ ਉਨ੍ਹਾਂ ਤੋਂ ਇਹ ਵੀ ਪੁੱਛਣ ਕਿ ਸੁਪਰਡੈਂਟ ਸਾਹਿਬ ਕਿਹੜੀ ਸ਼ਰਾਬ ਪੀਣ ਦੇ ਸ਼ੌਕੀਨ ਸਨ ਤਾਂ ਕਿ ਉਹ ਉਹੀ ਸ਼ਰਾਬ ਪੇਸ਼ ਕਰਨ।
ਜਗਮੀਤ ਹੋਰਾਂ ਦੀ ਮੁਸ਼ਕਿਲ ਇਹ ਸੀ ਕਿ ਆਉਣ ਵਾਲੇ ਸਾਰੇ ਲੋਕ ਹੀ ਜਾਣ-ਪਛਾਣ ਵਾਲੇ ਸਨ।
ਇਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਸ਼ਾਮ ਨੂੰ ਮੂੰਹ-ਹਨ੍ਹੇਰੇ ਜਿਹੇ ਸਕੂਲ ਦਾ ਹੈੱਡਮਾਸਟਰ ਜਗਮੀਤ ਹੋਰਾਂ ਦੇ ਪਰਿਵਾਰ ਦੇ ਇੱਕ ਬਹੁਤ ਹੀ ਕਰੀਬੀ ਮਿੱਤਰ ਨੂੰ ਲੈ ਕੇ ਆ ਗਿਆ। ਮਿੱਤਰ ਨੇ ਜਗਮੀਤ ਦੇ ਬਾਪ ਨੂੰ ਸੰਬੋਧਨ ਹੁੰਦਿਆਂ ਕਿਹਾ, “ਤਾਇਆ ਜੀ, ਹੈੱਡਮਾਸਟਰ ਸਾਹਿਬ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨ ਆਏ ਐ”
“ਹਾਂ ਜੀ, ਧੰਨਭਾਗ ਜੀ, ਸਾਡੇ ਲੈਕ ਦੱਸੋ ਜੀ ਸੇਵਾ” ਜਗਮੀਤ ਦੇ ਦੋ ਕੁ ਜਮਾਤਾਂ ਪੜ੍ਹੇ ਬਾਪ ਨੇ ਬੜੀ ਹਲੀਮੀ ਨਾਲ ਕਿਹਾ।
“ਬਜ਼ੁਰਗੋ, ਇਲਾਕੇ ਦੀ ਇੱਜ਼ਤ ਦਾ ਸਵਾਲ ਲੈ ਕੇ ਆਇਆਂ ਤੁਹਾਡੇ ਕੋਲ, ਤੁਹਾਨੂੰ ਤਾਂ ਪਤਾ ਈ ਐ ਕਿ ਆਪਣਾ ਸੈਂਟਰ ਨਵਾਂ ਨਵਾਂ ਈ ਬਣਿਐ ਅਜੇ, ਜੇ ਪਹਿਲੇ ਸਾਲ ਈ ਨਤੀਜੇ ਚੰਗੇ ਨਾ ਨਿਕਲੇ ਤਾਂ ਆਪਣੇ ਸੈਂਟਰ ਦੀ ਹੇਠੀ ਹੋਊ, ਸੈਂਟਰ ਦੀ ਕਾਹਨੂੰ, ਸਾਰੇ ਇਲਾਕੇ ਦੀ ਹੋਊ ਜੀ। ਬੱਸ, ਤੁਹਾਨੂੰ ਬੇਨਤੀ ਕਰਨ ਆਇਆਂ ਜੀ ਕਿ ਆਪ ਜੀ ਸੁਪਰਡੈਂਟ ਸਾਹਿਬ ਨੂੰ ਸਿਫਾਰਿਸ਼ ਕਰ ਦਿਉ ਕਿ ਉਹ ਨਿਆਣਿਆਂ `ਤੇ ਬਹੁਤੀ ਸਖ਼ਤੀ ਨਾ ਕਰਨ” ਏਨਾ ਕਹਿ ਕੇ ਹੈੱਡਮਾਸਟਰ ਜਗਮੀਤ ਦੇ ਪਿਤਾ ਜੀ ਵਲ ਇਉਂ ਦੇਖਣ ਲੱਗਾ ਜਿਵੇਂ ਕੋਈ ਮੰਗਤਾ ਭੀਖ ਦਾ ਸਵਾਲ ਪਾ ਕੇ ਦੇਖ ਰਿਹਾ ਹੋਵੇ।
ਜਗਮੀਤ ਦੇ ਬਾਪ ਨੇ ਪੁੱਛਿਆ, “ਕੀ ਗੱਲ ਹੈਡਮਾਸਟਰ ਸ੍ਹਾਬ, ਨਿਆਣਿਆਂ ਨੁੰ ਪੜ੍ਹਾਇਆ ਨਈਂ ਚੰਗੀ ਤਰ੍ਹਾਂ?”
ਹੈਡਮਾਸਟਰ ਨੇ ਛਿੱਥੇ ਜਿਹੇ ਪੈਂਦਿਆਂ ਆਖਿਆ, “ਨਹੀਂ ਜੀ, ਐਸੀ ਤਾਂ ਕੋਈ ਗੱਲ ਨਈਂ, ਇਹੋ ਜਿਹਾ ਪ੍ਰਬੰਧ ਸਾਰੇ ਈ ਸੈਂਟਰਾਂ ਵਾਲੇ ਕਰਦੇ ਐ ਜੀ”
“ਨਕਲਾਂ ਮਾਰ ਮਾਰ ਕੇ ਪਾਸ ਹੋਣ ਵਾਲੇ ਨਿਆਣੇ ਆਪਣਾ ਤੇ ਆਪਣੇ ਦੇਸ਼ ਦਾ ਕੀ ਭਵਿੱਖ ਸੁਆਰਨ ਗੇ ਹੈੱਡਮਾਸਟਰ ਸ੍ਹਾਬ?” ਜਗਮੀਤ ਦੇ ਬਾਪ ਨੇ ਹਉਕਾ ਭਰ ਕੇ ਕਿਹਾ।
“ਦੇਸ਼ ਦਾ ਭਵਿੱਖ ਤਾਂ ਬਜ਼ੁਰਗੋ ਬਾਅਦ `ਚ ਦੇਖਿਆ ਜਾਊ, ਅਜੇ ਤਾਂ ਇਲਾਕੇ ਦੀ ਇੱਜ਼ਤ ਦਾ ਸਵਾਲ ਐ” ਇੰਨਾ ਕਹਿ ਕੇ ਉਹਨੇ ਜਗਮੀਤ ਦੇ ਬਾਪ ਦੇ ਗੋਡੀਂ ਹੱਥ ਲਾਇਆ ਅਤੇ ਜਾਣ ਦੀ ਆਗਿਆ ਲਈ।
ਬਿਜਲੀ ਦੀ ਮੱਧਮ ਜਿਹੀ ਰੌਸ਼ਨੀ ਵਿੱਚ ਹੈੱਡਮਾਸਟਰ ਦਾ ਚਿਹਰਾ ਜਗਮੀਤ ਨੂੰ ਤਣਾਅ-ਮੁਕਤ ਜਾਪਿਆ ਜਿਵੇਂ ਉਹ ਆਪਣੀ ਸਾਰੀ ਜ਼ਿੰਮੇਵਾਰੀ ਉਸ ਦੇ ਬਾਪ ਦੇ ਸਿਰ ਸੁੱਟ ਕੇ ਸੁਰਖ਼ੁਰੂ ਹੋ ਗਿਆ ਹੋਵੇ।

ਨਿਰਮਲ ਸਿੰਘ ਕੰਧਾਲਵੀ




.