.

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ

(ਭਾਗ ਦੂਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਨੂੰ ਇਸ ਦੇ ਪਹਿਲੇ ਭਾਗ ਨਾਲ ਜੋੜ ਕੇ ਪੜਿਆ ਜਾਵੇ ਜੀ)

ਸਾਂਝੀਆਂ ਕੜੀਆਂ ਅਤੇ ਪੰਥਕ ਬਿਖਰਾਵ- ਦਰਅਸਲ ਇਸ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਅਸਾਂ ਕੁੱਝ ਅਜਿਹੀਆਂ ਸਾਂਝੀਆਂ ਕੜੀਆਂ ਵੱਲ ਇਸ਼ਾਰਾ ਕੀਤਾ ਹੈ ਜਿਨ੍ਹਾਂ ਦਾ ਸਬੰਧ ਸਮੂਚੇ ਮਨੁੱਖ ਮਾਤ੍ਰ ਨਾਲ ਹੈ। ਸ਼ੱਕ ਨਹੀਂ ਜਿਸ ਵਿਸਤਾਰ ਤੇ ਚੇਤਾਵਣੀਆਂ ਸਹਿਤ ਗੁਰਦੇਵ ਨੇ ਗੁਰਬਾਣੀ `ਚ ਇਨ੍ਹਾਂ ਸਾਂਝੀਆਂ ਕੜੀਆਂ ਨੂੰ ਲਿਆ ਹੈ ਸਚਮੁੱਚ ਜੇ ਕਰ ਅੱਜ ਵੀ ਇਨ੍ਹਾਂ ਸਾਂਝੀਆਂ ਕੜੀਆਂ ਬਾਰੇ ਪੰਥ ਸੁਚੇਤ ਹੋ ਜਾਵੇ ਤਾਂ ਪੰਥ `ਚ ਆ ਚੁੱਕੇ ਤੇ ਦਿਨੋ ਦਿਨ ਵੱਧ ਰਹੇ ਬਿਖਰਾਵ ਨੂੰ ਖ਼ਤਮ ਹੁੰਦੇ ਵੀ ਦੇਰ ਨਹੀਂ ਲਗੇਗੀ।

“ਸਾਧਸੰਗਿ ਮੇਰੀ ਜਲਨਿ ਬੁਝਾਈ” - ਬੇਸ਼ੱਕ ਸਾਡੇ ਹੱਥਲੇ ਗੁਰਮੱਤ ਪਾਠ ਦਾ ਮੁੱਖ ਵਿਸ਼ਾ ‘ਸਤਸੰਗਤ’ ਨਹੀਂ ਫ਼ਿਰ ਵੀ ਦੋ ਪੱਖਾਂ ਨੂੰ ਨਜ਼ਰੋਂ ਉਹਲੇ ਨਹੀਂ ਕੀਤਾ ਜਾ ਸਕਦਾ।

(੧) ਪਹਿਲਾ-ਸਮੂਚੇ ਮਨੁੱਖ ਮਾਤ੍ਰ ਵਿਚਕਾਰ ਜੋ ਸਾਂਝੀਆਂ ਕੜੀਆਂ ਵਾਲਾ ਵਿਸ਼ਾ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਦਾ ਸਬੰਧ ਹੀ ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਧਰਮ, ਦੇਸ਼, ਜਾਤ-ਪਾਤ, ਬੱਚਾ-ਬਿਰਧ, ਅਮੀਰ-ਗ਼ਰੀਬ, ਬਾਦਸ਼ਾਹ-ਰੰਕ ਭਾਵ ਕਿ ਸੰਪੂਰਣ ਮਨੁੱਖ ਸਮਾਜ ਨਾਲ ਹੈ।

(੨) ਦੂਜਾ- ਗੁਰਬਾਣੀ ਅੰਦਰ ਜਿਸ ਨੂੰ ਸਾਧਸੰਗਤ ਜਾਂ ਸਾਧਸੰਗ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਹੈ ਉਸ ਦਾ ਆਧਾਰ ਹੀ ਇਕੋ ਇੱਕ ਜਨਮ-ਮਰਣ ਤੋਂ ਰਹਿਤ ਤੇ ਰੂਪ-ਰੇਖ-ਰੰਗ ਤੋਂ ਨਿਆਰੇ ਅਕਾਲਪੁਰਖ ਨਾਲ ਹੈ। ਉਹ ਕਾਦਿਰ-ਕਰਤਾ ਜੋ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (ਪੰ: ੯੭) ਭਾਵ ਸਾਰੇ ਸੰਸਾਰ ਦਾ ਸਾਂਝਾ ਹੈ ਅਤੇ ਜੋ ਹਰੇਕ ਜੀਵ ਹੀ ਨਹੀਂ ਬਲਕਿ ਜਿਸ ਦਾ ਵਜੂਦ ਰਚਨਾ ਦੇ ਜ਼ਰੇ ਜ਼ਰੇ ਅੰਦਰ ਹੈ। ਜਦਕਿ ਉਸ ਕਰਤੇ ਨੂੰ ਵਿਸਾਰ ਕੇ ਸੰਸਾਰ ਭਰ ਦੇ ਕਿਸੇ ਵੱਡੇ ਤੋਂ ਵੱਡੇ ਇਕੱਠ ਨੂੰ ਵੀ ਗੁਰਦੇਵ ਨੇ ਸਤਸੰਗ ਜਾਂ ਸਾਧਸੰਗ ਪ੍ਰਵਾਨ ਨਹੀਂ ਕੀਤਾ। ਸੰਸਾਰ ਦੇ ਲੋਕਾਂ ਦੀ ਬੋਲੀ `ਚ ਫ਼ਿਰ ਚਾਹੇ ਉਹ ਇਕੱਠ ਧਾਰਮਿਕ ਤੇ ਸਤਸੰਗ ਹੀ ਕਿਉਂ ਨਾ ਹੋਵੇ।

ਉਪ੍ਰੰਤ ਅਜਿਹੇ ਕੇਵਲ ਤੇ ਕੇਵਲ ਪ੍ਰਭੂ ਆਧਾਰਤ ਸਤਿਸੰਗਤ ਲਈ ਹੀ ਫ਼ੁਰਮਾਨ ਹੈ “ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ” (ਪੰ: ੨੦੪) ਅਤੇ ਗੁਰਬਾਣੀ `ਚ ਅਜਿਹੇ ਹਜ਼ਾਰਹਾਂ ਫ਼ੁਰਮਾਨ ਹਨ ਅਤੇ ਮਨੁੱਖ ਮਾਤ੍ਰ ਲਈ ਅਜਿਹੇ ਸਤਸੰਗਾਂ ਦੀ ਲੋੜ ਤੇ ਹੀ ਜ਼ੋਰ ਦਿੱਤਾ ਗਿਆ ਹੈ। ਤਾਂ ਫ਼ਿਰ ਵਿਚਾਰਨ ਦਾ ਵਿਸ਼ਾ ਹੈ ਕਿ ਗੁਰਦੇਵ ਵੱਲੋਂ ਗੁਰਬਾਣੀ `ਚ ਇਨ੍ਹਾਂ ਦੋਨਾਂ ਪੱਖਾਂ ਦੇ ਸੁਮੇਲ ਦਾ ਮੁੱਖ ਉਦੇਸ਼ ਕੀ ਹੈ? ਇੱਕ ਮਨੁੱਖ ਮਾਤ੍ਰ ਵਿਚਕਾਰ ਜੋ ਸਾਂਝੀਆਂ ਕੜੀਆਂ ਤੇ ਦੂਜਾ ਗੁਰਬਾਣੀ ਅਨੁਸਾਰ ਸਤਸੰਗ।

ਦਰਅਸਲ ਇਹ ਰਸਤਾ ਹੈ “ਮਨੁੱਖ ਮਨੁੱਖ ਵਿਚਕਾਰ ਸਾਂਝੀਆਂ ਕੜੀਆਂ ਤੇ ਉਨਾਂ ਕੜੀਆਂ ਰਸਤੇ ਮਨੁੱਖ-ਮਾਤ੍ਰ ਦੀ ਸੰਭਾਲ, ਨਾ ਕਿ ਕੁੱਝ ਗਿਣਤੀ ਜਾਂ ਸਮੁਦਾਯ ਨਾਲ ਸਭੰਧਤ ਲੋਕਾਂ ਦੀ ਸੰਭਾਲ।

ਸਪਸ਼ਟ ਹੈ ਕਿ ਗੁਰਦੇਵ ਰਾਹੀਂ ਪ੍ਰਗਟ ਸੱਚ ਧਰਮ ਅਥਵਾ ਸਿੱਖ ਧਰਮ ਦਾ ਆਧਾਰ ਹੀ ਗੁਰਬਾਣੀ ਦੇ ਇਨ੍ਹਾਂ ਦੋਨਾਂ ਮੁੱਖ ਪੱਖਾਂ ਦਾ ਸੁਮੇਲ ਹੈ। ਦੂਜੇ ਲਫ਼ਜ਼ਾਂ `ਚ ਗੁਰਬਾਣੀ ਦੇ ਇਨ੍ਹਾਂ ਦੋਨਾਂ ਪੱਖਾਂ `ਚ ਕਿਸੇ ਇੱਕ ਪੱਖ ਨੂੰ ਵੀ ਵਿਸਾਰ ਕੇ ਜਾਂ ਇਨ੍ਹਾਂ ਦੇ ਸੁਮੇਲ ਨੂੰ ਤੋੜ ਕੇ ਤਿਆਰ ਹੋਏ ਜੀਵਨ ਨੂੰ ਗੁਰਦੇਵ ਨੇ ਗੁਰਮੱਤ ਜੀਵਨ ਪ੍ਰਵਾਨ ਨਹੀਂ ਕੀਤਾ।

ਉਪ੍ਰੰਤ ਇਹ ਵੀ ਸਮਝਣਾ ਹੈ ਕਿ ਜੇਕਰ ਇਨ੍ਹਾਂ ਦੋਨਾਂ ਪੱਖਾਂ `ਚੋ ਕਿਸੇ ਇੱਕ ਪੱਖ ਅੰਦਰੋਂ ਵੀ ਗੁਰਬਾਣੀ ਵਾਲੀ ਕਸਵੱਟੀ ਕਾਇਮ ਨਾ ਰਵੇ। ਉਪ੍ਰੰਤ ਜੇਕਰ ਉਸ `ਚ ਉਸ ਦੇ ਬਦਲੇ ਮਨੁੱਖ ਦਾ ਆਪਹੁੱਦਰਾਪਣ, ਹਉਮੈ, ਹੂੜਮੱਤ ਆਦਿ ਆ ਜਾਵੇ ਤਾਂ ਯਕੀਨਣ ਉਹ ਪ੍ਰਚਾਰ-ਪ੍ਰਸਾਰ, ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸੱਚ ਧਰਮ ਅਥਵਾ ਸਿੱਖ ਧਰਮ ਦਾ ਪ੍ਰਚਾਰ ਨਹੀਂ ਬਲਕਿ ਕੁੱਝ ਹੋਰ ਹੀ ਹੋਵੇਗਾ। ਫ਼ਿਰ ਬੇਸ਼ੱਕ ਆਪਣਾ ਮਤਲਬ ਪੂਰਾ ਕਰਣ ਲਈ ਜਾਂ ਆਪਣਾ ਦਿਲ ਖੁਸ਼ ਕਰਣ ਲਈ ਜਾਂ ਕਿਸੇ ਵੀ ਕਾਰਣ, ਅਸੀਂ ਉਸ ਨੂੰ ਗੁਰਮੱਤ ਪ੍ਰਚਾਰ, ਸਿੱਖ ਧਰਮ ਦਾ ਪ੍ਰਚਾਰ, ਕੀਰਤਨ ਦਰਬਾਰ, ਗੁਰਮੱਤ ਸਮਾਗਮ ਜਾਂ ਕੁੱਝ ਵੀ ਨਾਮ ਦਿੰਦੇ ਰਵੀਏ। ਦਰਅਸਲ ਗੁਰਬਾਣੀ ਦੀ ਕਸਵੱਟੀ `ਤੇ ਉਹ ਗੁਰਮੱਤ ਪ੍ਰਚਾਰ, ਸਿੱਖ ਧਰਮ ਦਾ ਪ੍ਰਚਾਰ, ਗੁਰਮੱਤ ਸਮਾਗਮ, ਕੀਰਤਨ ਦਰਬਾਰ ਆਦਿ ਨਹੀਂ ਹਨ ਬਲਕਿ ਮਨਮੱਤ ਦਾ ਪ੍ਰਚਾਰ ਹੀ ਰਹਿ ਜਾਣਗੇ, ਜਿਹਾ ਕਿ ਅੱਜ ਬਹੁਤਾ ਕਰਕੇ ਹੋ ਹੀ ਰਿਹਾ ਹੈ।

ਸਪਸ਼ਟ ਹੈ ਕਿ ਅੱਜ ਬਿਨਾ ਵਿਤਕਰਾ ਸਮੂਚੇ ਮਨੁੱਖ ਸਮਾਜ ਨਾਲ ਸਬੰਧਤ, ਗੁਰਬਾਣੀ ਦਾ ਮੂਲ ਉਹ ਸਾਂਝੀਆਂ ਕੜੀਆਂ ਤਾਂ ਕੌਮ ਨੂੰ ਪੂਰੀ ਤਰ੍ਹਾਂ ਵਿਸਰ ਹੀ ਚੁੱਕੀਆਂ ਹਨ। ਉਪ੍ਰੰਤ ਉਨ੍ਹਾਂ ਹੀ ਸਾਂਝੀਆਂ ਕੜੀਆਂ ਦਾ ਮੂਲ਼ ਸਤਿਸੰਗਤ ਨੂੰ ਅੱਜ ਗੁਰਬਾਣੀ ਕਸਵੱਟੀ ਤੇ ਸਤਿਸੰਗਤ ਅਥਵਾ ਸਾਧਸੰਗ ਵੀ ਅਸਾਂ ਨਹੀਂ ਰਹਿਣ ਦਿੱਤਾ। ਜਦਕਿ ਇਸ ਬਾਰੇ ਵੇਰਵਾ ਅਸੀਂ ਗੁਰਮੱਤ ਪਾਠ ਨੰ: ੨੦੧ “ਸਤਸੰਗਤਿ ਕੈਸੀ ਜਾਣੀਐ?” `ਚ ਦੇ ਵੀ ਚੁੱਕੇ ਹਾਂ।

ਕਿਉਂਕਿ ਗੁਰਬਾਣੀ `ਚ ਕਿਸੇ ਇੱਕ ਥਾਵੇਂ ਤੇ ਇਸ਼ਾਰੇ ਮਾਤ੍ਰ ਵੀ ਸਤਿਸੰਗਤ ਜਾਂ ਸਾਧਸੰਗ ਦੀ ਪ੍ਰੀਭਾਸ਼ਾ ਨਹੀਂ ਮਿਲੇਗੀ ਜਿੱਥੇ ਗੱਲ ਕਰਤੇ ਨੂੰ ਵਿਸਾਰ ਕੇ ਜਾਂ ਉਸ ਤੋਂ ਬਿਨਾ ਕਿਸੇ ਇਕੱਠ ਲਈ ਕੀਤੀ ਹੋਵੇ। ਗੁਰਦੇਵ ਤਾਂ ਇਥੋਂ ਤੱਕ ਫ਼ੁਰਮਾਉਂਦੇ ਹਨ “ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ॥ ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ” (ਪੰ: ੭੦੮) ਸਪਸ਼ਟ ਕਰਦੇ ਹਨ ਕਿ ਮਨ ਦੇ ਜਿਸ ਟਿਕਾਅ ਤੇ ਸ਼ਾਂਤੀ ਪਿਛੇ ਮਨੁੱਖ ਜੀਵਨ ਭਰ ਦੌੜਦਾ ਹੈ ਉਹ ਸਾਰੇ ਸੁੱਖਾਂ ਤੇ ਮਨ ਦੇ ਟਿਕਾਅ ਦਾ ਸਿਰਾ, ਸੰਸਾਰਕ ਸੁਖ ਨਹੀਂ ਬਲਕਿ ਸਾਧਸੰਗਤ ਹੈ ਪਰ ਉਹ ਸਾਧਸੰਗਤ ਵੀ ਕਦੋਂ ਹੈ? ਉੱਤਰ ਹੋਵੇਗਾ ਕਿ ਉਹ ਵੀ ਉਦੋਂ ਜਦੋਂ ਉਸ ਦਾ ਆਧਾਰ ਹੀ “ਪ੍ਰਭ ਦਰਸਨੰ” ਹੈ, ਉਸ ਤੋਂ ਬਿਨਾ ਨਹੀਂ।

ਬਿਖਰਾਵ ਬਾਅਦ `ਚ, ਪਹਿਲਾਂ ਸਾਂਝੀਆਂ ਕੜੀਆਂ- ਇਸੇ ਲਈ ਹੱਥਲੇ ਗੁਰਮੱਤ ਪਾਠ `ਚ ਅਸੀਂ ਪੰਥਕ ਬਿਖਰਾਵ ਵਾਲਾ ਵਿਸ਼ਾ ਬਾਅਦ `ਚ ਲੈ ਰਹੇ ਜਦਕਿ ਪਹਿਲਾਂ ਕੁੱਝ ਸਾਂਝੀਆਂ ਕੜੀਆਂ ਵਾਲਾ ਵਿਸ਼ਾ ਹੀ ਲੈ ਰਹੇ ਹਾਂ। ਕੁੱਝ ਵੀ ਕਿਉਂ? ਉਹ ਵੀ ਇਸ ਲਈ ਕਿ ਵਿਸ਼ਾ ਸਮਝ `ਚ ਆ ਸਕੇ। ਨਹੀਂ ਤਾਂ ਜਿਵੇਂ ਪ੍ਰਭੂ ਸਰਵ ਵਿਆਪਕ ਹੈ, ਉਸੇ ਤਰ੍ਹਾਂ ਉਸ ਪ੍ਰਭੂ ਦਾ ਪ੍ਰਗਟਾਵਾ ਭਾਵ ਗੁਰਬਾਣੀ ਜੀਵਨ ਸੇਧ ਤੇ ਆਦੇਸ਼ ਵੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ ਹਨ, ਨਾ ਕਿ ਕੁੱਝ ਲੋਕਾਂ ਲਈ। ਇਸ ਲਈ ਜਦੋਂ ਵੀ ਸਾਡੇ ਵੱਲੋਂ ਕੀਤੇ ਗੁਰਮੱਤ ਪ੍ਰਚਾਰ ਦੇ ਕਿਸੇ ਵੀ ਵਿਸ਼ੇ ਦੀ ਸੀੰਾ ਸੰਕੋਚਵੀਂ ਤੇ ਕੁੱਝ ਲੋਕਾਂ ਜਾਂ ਸਮੁਦਾਯ ਲਈ ਹੋਵੇਗੀ, ਤਾਂ ਸਾਡੀ ਉਹ ਦੇਣ ਵੀ ਗੁਰਬਾਣੀ ਵਾਲੇ ਸੱਚ ਨਾਲ ਇਨਸਾਫ਼ ਨਹੀਂ ਹੋਵੇਗੀ।

ਲੋੜ ਹੈ ਤਾਂ ਨੇਕਦਿਲ਼ੀ ਤੇ ਇਮਾਨਦਾਰੀ ਨਾਲ ਇਸ ਪੱਖੋਂ ਪੰਥਕ ਸੰਭਾਲ ਵੱਲ ਟੁਰਣ ਦੀ। ਉਸ ਤੋਂ ਬਿਨਾ ਸਾਡੀ ਸਾਰੀ ਦੌੜ ਇਸ ਤਰ੍ਹਾਂ ਹੀ ਰਵੇਗੀ ਜਿਵੇਂ ਹਵਾ `ਚ ਤੀਰ ਚਲਾਉਣੇ। ਬਲਕਿ ਇਸ ਤਰ੍ਹਾਂ ਤਾਂ ਉਨ੍ਹਾਂ ਹੀ ਤੀਰਾਂ ਨਾਲ ਆਪਣਿਆਂ ਨੂੰ ਵੀ ਵਿਣਦੇ ਜਾਣਾ। ਠੀਕ ਅੱਜ ਸਾਡੀ ਹਾਲਤ, ਇਹੀ ਬਣੀ ਪਈ ਹੈ। ਜਿਤਣੇ ਵੱਧ ਕੌਮ ਨੂੰ ਸੰਭਾਲਣ ਦੇ ਜਤਣ ਹੁੰਦੇ ਹਨ, ਜਿਤਨਾ ਵੱਧ ਅੱਜ ਗੁਰਮੱਤ ਪ੍ਰਚਾਰ ਦਾ ਸ਼ੋਰ ਹੋ ਰਿਹਾ ਹੈ, ਉਤਨਾ ਹੀ ਪੰਥਕ ਬਿਖਰਾਵ ਵੀ ਵਧਦਾ ਜਾ ਰਿਹਾ ਹੈ। ਦੂਜਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਦਾਅਵੇਦਾਰ ਖ਼ੁਦ ਸਿੱਖ ਹੀ ਸਿੱਖ ਤੋਂ ਦੂਰ ਜਾਂਦਾ ਜਾ ਰਿਹਾ ਹੈ। ਲੋੜ ਹੈ ਤਾਂ ਗੁਰਬਾਣੀ ਆਧਾਰਤ ਮਨੁੱਖ ਮਾਤ੍ਰ ਵਿਚਕਾਰਲੇ ਸਾਂਝੀਆਂ ਕੜੀਆਂ ਵਾਲੇ ਮੂਲ ਵਿਸ਼ੇ ਨੂੰ ਸਮਝਣ ਤੇ ਸੰਭਾਲਣ ਦੀ।

ਅਜੋਕੇ ਪੰਥਕ ਹਾਲਾਤ ਤੇ ਸਾਂਝੀਆਂ ਕੜੀਆਂ- ਸੰਸਾਰ ਭਰ ਦੇ ਮਨੁੱਖਾਂ ਵਿਚਕਾਰ ਉਹ ਸਾਂਝੀਆਂ ਕੜੀਆਂ ਕੀ ਹੁੰਦੀਆਂ ਹਨ? ਜਿਨ੍ਹਾਂ ਕੜੀਆਂ ਨੂੰ ਸੱਚ ਧਰਮ ਦੀ ਗੱਲ ਕਰਣ ਤੋਂ ਪਹਿਲਾਂ ਖ਼ੁਦ ਗੁਰਦੇਵ ਨੇ ਸਿੱਖ ਅਥਵਾ ਸੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਮੁੱਖ ਰਖਿਆ? ਇਤਨਾ ਹੀ ਨਹੀਂ ਬਲਕਿ ਉਨ੍ਹਾਂ ਵਿਚੋਂ ਹਰੇਕ ਕੜੀ ਦਾ ਆਧਾਰ ਤੇ ਸਮਾਧਾਨ ਵੀ ਗੁਰਬਾਣੀ ਵਿਚੋਂ ਮਿਲ ਜਾਂਦਾ ਹੈ, ਤਾਂ ਕਿਉਂ? ਕਿਉਂਕਿ ਗੁਰਦੇਵ ਨੇ ਆਪਣੇ ਦੱਸਾਂ ਜਾਮਿਆਂ `ਚ ਸੱਚ ਧਰਮ ਦਾ ਆਧਾਰ, ਉਨ੍ਹਾਂ ਸਾਂਝੀਆਂ ਕੜੀਆਂ ਤੇ ਨਾਲ ਨਾਲ ਉਨ੍ਹਾਂ ਦੇ ਸਮਾਧਾਨ ਨੂੰ ਹੀ ਬਨਾਇਆ ਹੈ। ਇਸੇ ਕਾਰਨ ਸੰਪੂਰਣ ਗੁਰਬਾਣੀ ਰਚਨਾ, ਉਨ੍ਹਾਂ ਸਾਂਝੀਆਂ ਕੜੀਆਂ ਨਾਲ ਹੀ ਓਤ-ਪ੍ਰੋਤ ਹੈ। ਇਸ ਤੋਂ ਬਾਅਦ, ਚੂੰਕਿ ਸਮੂਚੇ ਮਨੁੱਖ ਸਮਾਜ ਦੀ ਅਸਲੀਅਤ ਤੇ ਉਸ ਦੀ ਲੋੜ ਵੀ ਉਹੀ ਕੜੀਆਂ ਹਨ, ਇਹੀ ਕਾਰਨ ਹੈ ਕਿ ਇਨ੍ਹਾਂ ਬਾਰੇ ਲਾਪਰਵਾਹੀ, ਕਿਸੇ ਵੀ ਅੱਛੇ ਤੋਂ ਅੱਛੇ, ਸਦਗੁਣਾਂ ਨਾਲ ਭਰਪੂਰ ਧਰਮ ਜਾਂ ਸਮੁਦਾਯ ਨੂੰ ਵੀ ਰਸਾਤਲ `ਚ ਪਹੁੰਚਾਉਣ ਦਾ ਕਾਰਨ ਬਣ ਸਕਦੀ ਹੈ।

ਸਾਂਝੀਆਂ ਕੜੀਆਂ ਤੇ ਪੰਥਕ ਲਾਪਰਵਾਹੀ-ਅਕਾਲਪੁਰਖ ਮੇਹਰ ਕਰੇ, ਨਹੀਂ ਤਾਂ ਪੰਥਕ ਪੱਧਰ `ਤੇ ਇਸੇ ਪਾਸਿਓਂ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਅੱਜ ‘ਸਿੱਖ ਧਰਮ’ ਵੀ ਉਸੇ ਗਿਣਤੀ `ਚ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਨਿੱਤ ਲਗਾਤਾਰ ਢਹਿੰਦੀਆਂ ਕਲਾ `ਚ ਹੀ ਜਾ ਰਿਹਾ ਹੈ। ਅੱਜ ਪੰਥਕ ਬਿਖਰਾਵ ਹੱਦੋਂ ਵੱਧ ਹੈ ਅਤੇ ਨਿਤ ਵਧਦਾ ਜਾ ਰਿਹਾ ਹੈ। ਇਸ `ਤੇ ਕਿਸੇ ਦਾ ਵੱਸ ਵੀ ਨਹੀਂ ਚੱਲ ਰਿਹਾ। ਇਸ ਲਈ ਦੌਰਾਅ ਦੇਵੀਏ ਕਿ ਜ਼ਰੂਰੀ ਇਹੀ ਹੈ ਕਿ ਅਸੀਂ ਪਹਿਲਾਂ ਮਨੁੱਖ ਸਮਾਜ ਦੀਆਂ ਕੁੱਝ ਸਾਂਝੀਆਂ ਕੜੀਆਂ `ਤੇ ਹੀ ਨਜ਼ਰ ਮਾਰੀਏ। ਉਨ੍ਹਾਂ ਸਾਂਝੀਆਂ ਕੜੀਆਂ `ਤੇ, ਜਿਨ੍ਹਾਂ ਨੂੰ ਖ਼ੁਦ ਗੁਰੂ ਸਾਹਿਬਾਨ ਤੇ ਉਸ ਸਮੇਂ ਦੇ ਯੋਗ ਤੇ ਸੁਲਝੇ ਪ੍ਰਚਾਰਕਾਂ ਨੇ ਬੜੀ ਮਜ਼ਬੂਤੀ ਤੇ ਦੂਰ ਦਰਸ਼ਤਾ ਨਾਲ ਲਿਆ। ਇਤਨਾ ਹੀ ਨਹੀਂ ਬਲਕਿ ਗੁਰਬਾਣੀ ਸਿਖਿਆ-ਆਦੇਸ਼ਾਂ ਦੌਰਾਨ ਕੌਮ ਨੂੰ ਤਾੜਣਾ ਸਹਿਤ ਸੇਧ ਵੀ ਦਿੱਤੀ ਤਾ ਕਿ ਕੌਮ, ਸਮੂਚੇ ਮਨੁੱਖ ਸਮਾਜ ਦੀਆਂ ਇਨ੍ਹਾਂ ਸਾਂਝੀਆਂ ਕੜੀਆਂ ਵੱਲੋਂ ਕਦੇ ਵੀ ਲਾਪਰਵਾਹ ਨਾ ਹੋਵੇ।

ਜਦਕਿ ਦੂਜੇ ਪਾਸੇ, ਅੱਜ ਕੌਮ ਉਨ੍ਹਾਂ ਸਾਂਝੀਆਂ ਕੜੀਆਂ ਨੂੰ ਹੀ, ਪੂਰੀ ਤਰ੍ਹਾਂ ਵਿਸਾਰ ਚੁੱਕੀ ਹੈ। ਸਬੰਧਤ ਗੁਰਬਾਣੀ ਪ੍ਰਮਾਣਾ, ਪੰਕਤੀਆਂ ਤੇ ਸ਼ਬਦਾਂ ਨੂੰ ਸਾਜ਼ਾਂ ਨਾਲ ਝੂਮ ਝੂਮ ਕੇ ਪੜ੍ਹ ਰਹੀ ਹੈ, ਕਥਾ-ਵਿਆਖਿਆ ਸਮੇਂ ਖੁੱਲ ਕੇ ਵਰਤ ਰਹੀ ਹੈ, ਫ਼ਿਰ ਵੀ ਖ਼ੁਦ ਪ੍ਰਚਾਰਕਾਂ ਤੇ ਪ੍ਰਬੰਧਕਾਂ `ਚ ਵੀ ਉਨ੍ਹਾਂ `ਤੇ ਅਮਲ ਨਾਮ ਦੀ ਕੋਈ ਚੀਜ਼ ਜਹੀਂ। ਇਸ ਦਾ ਮੁੱਖ ਕਾਰਨ ਇੱਕੋ ਹੀ ਹੈ, ਇੱਕ ਪਾਸੇ ਪੰਥ ਦਾ ਗੁਰਬਾਣੀ ਜੀਵਨ ਤੇ ਸੋਝੀ ਪੱਖੋਂ ਵਧਿਆ ਹੋਇਆ ਫ਼ਾਸਲਾ। ਦੂਜਾ, ਵਿਗੜਿਆ ਹੋਇਆ ਤੇ ਪੂਰੀ ਤਰ੍ਹਾਂ ਅਯੋਗ ਹੱਥਾਂ `ਚ ਜਾ ਚੁੱਕਾ ਸਮੂਚਾ ਗੁਰਮੱਤ ਪ੍ਰਚਾਰ ਤੇ ਪ੍ਰਬੰਧ। ਅਜਿਹੇ ਹਾਲਾਤ `ਚ ਗੁਰਬਾਣੀ ਦੀ ਲਗਭਗ ਸਮੂਚੀ ਵਰਤੋਂ ਹੀ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ “ਲੋਗੁ ਜਾਨੈ ਇਹੁ ਗੀਤੁ ਹੈ”। ਇਹ ਤਾਂ ਇਉਂ ਹੋ ਚੁੱਕਾ ਜਿਵੇਂ ਕਿ ਬਹੁਤਿਆਂ ਨੂੰ ਅੱਜ ਇਹ ਚੇਤਾ ਹੀ ਨਹੀਂ ਰਿਹਾ ਕਿ ਗੁਰਬਾਣੀ ਕੇਵਲ ਗੀਤ ਨਹੀਂ ਬਲਕਿ “ਇਹੁ ਤਉ ਬ੍ਰਹਮ ਬੀਚਾਰ” (ਪੰ੩੩੫) ਵੀ ਹੈ।

ਇਹੀ ਕਾਰਨ ਹੈ ਕਿ ਬਹੁਤਾ ਕਰਕੇ ਅੱਜ ਇਸ ਪੱਖੋਂ ਪੰਥਕ ਹਾਲਤ ਇਸ ਤਰ੍ਹਾਂ ਬਣੀ ਪਈ ਹੈ ਜਿਵੇਂ “ਅਵਰ ਉਪਦੇਸੈ ਆਪਿ ਨ ਬੂਝੈ” (ਪੰ: ੩੭੨) ਅਥਵਾ “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ” (ਪੰ: ੨੬੯)। ੳੇੁਸੇ ਦਾ ਨਤੀਜਾ ਹੈ ਕਿ ਅੱਜ ਪੰਥਕ ਬਿਖਰਾਵ ਦਿਨੋ ਦਿਨ ਵੱਧ ਰਿਹਾ ਹੈ। ਇਸੇ ਲਈ ਜੇ ਕਰ ਇਸ ਵੱਧ ਰਹੇ ਪੰਥਕ ਬਿਖਰਾਵ ਦਾ ਕੁੱਝ ਵੇਰਵਾ ਦੇਣਾ ਵੀ ਹੈ, ਤਾਂ ਉਸ ਦਾ ਲਾਭ ਵੀ ਪਹਿਲਾਂ ਸਾਂਝੀਆਂ ਕੜੀਆਂ ਬਾਰੇ ਕੁੱਝ ਸਮਝਣ ਤੋਂ ਬਾਅਦ ਹੀ ਹੋੇਵੇਗਾ, ਉਸ ਤੋਂ ਪਹਿਲਾਂ ਨਹੀਂ ਹੋਵੇਗਾ।

ਤਾਂ ਤੇ ਬੇਸ਼ੱਕ ਸਾਰੀਆਂ ਤਾਂ ਸੰਭਵ ਹੀ ਨਹੀਂ -------

ਫ਼ਿਰ ਵੀ ਕੁੱਝ ਸਾਂਝੀਆਂ ਕੜੀਆਂ ਲੋੜੀਂਦੇ ਵੇਰਵੇ ਸਹਿਤ:-

(੧) “ਸਭੁ ਕੋ ਪੂਰਾ ਆਪੇ ਹੋਵੈ” - ਆਪਣੇ ਆਪ `ਚ ਇਹ ਵਿਸ਼ਾ ਹੈ ਨਿਜੀ ਭੱਲ, ਗ਼ਰੂਰ, ਹਊਮੈ ਤੇ ਸਵੈਮਾਨ ਆਦਿ ਦਾ ਹੈ। ਇਸੇ ਨੂੰ ਅੰਗ੍ਰੇਜ਼ੀ `ਚ Eago, Self Respect, proud ਆਦਿ ਵੀ ਕਿਹਾ ਹੈ। ਇਹ ਕਮੀ ਸੰਸਾਰ ਭਰ ਦੇ ਲਗਭਗ ਹਰੇਕ ਇਨਸਾਨ ਅੰਦਰ ਪਾਈ ਜਾਂਦੀ ਹੈ। ਇਸ ਬਾਰੇ ਪੰਜਾਬੀ ਦਾ ਆਖਾਣ “ਆਪਣੀ ਅਕਲ ਤੇ ਦੂਜੇ ਦਾ ਧੰਨ ਸਭ ਨੂੰ ਵੱਡਾ ਨਜ਼ਰ ਆਉਂਦਾ ਹੈ”। ਵਿਰਲਿਆਂ ਨੂੰ ਛੱਡ ਕੇ ਜਿਨ੍ਹਾਂ `ਤੇ ਕਿ ਗੁਰਬਾਣੀ ਦਾ ਰੰਗ ਚੜ੍ਹ ਚੁੱਕਾ ਹੋਵੇ, ਨਹੀਂ ਤਾਂ ਸੰਸਾਰ ਭਰ ਦੇ ਲਗਭਗ ਸਾਰੇ ਲੋਕਾਂ `ਤੇ ਇਹ ਅਖਾਣ ਇਕੋ ਜਿਹਾ ਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਇਸ ਦਾ ਅਰਥ ਹੈ:-

ਸੰਸਾਰ ਭਰ `ਚ ਜੇਕਰ ਕੋਈ ਮਨੁੱਖ ਭੁੱਖ ਦੇ ਹੱਥੋਂ ਮਰ ਵੀ ਰਿਹਾ ਹੈ ਤਾਂ ਵੀ ਦੂਸਰੇ ਕਹਿੰਦੇ ਹਨ “ਇਹ ਤਾਂ ਏਂਵੈ ਹੀ ਬਣ ਰਿਹਾ ਹੈ, ਇਸ ਕੋਲ ਤਾਂ ਪਤਾ ਨਹੀਂ ਕਿਨਾਂ ਧੰਨ ਅੰਦਰ ਦੱਬਿਆ ਪਿਆ ਹੈ” ਇਸੇ ਤਰ੍ਹਾਂ ਇਹ ਵੀ ਮੰਣਿਆਂ ਪ੍ਰਮੰਣਿਆ ਸੱਚ ਹੈ ਕਿ “ਕੋਈ ਪਾਗ਼ਲ ਵੀ, ਜਿਸ ਨੂੰ, ਉਸ ਦੇ ਪ੍ਰਵਾਰ ਵਾਲੇ ਵੀ, ਪ੍ਰਵਾਰਕ ਮਜਬੂਰੀ ਕਾਰਨ, ਕਿਸੇ ਪਾਗ਼ਲ ਖਾਣੇ ਹੀ ਕਿਉਂ ਨਾ ਦਾਖ਼ਲ ਕਰਵਾ ਚੁੱਕੇ ਹੋਣ। ਉਹ ਮਨੁੱਖ ਵੀ ਆਪਣੇ ਆਪ ਨੂੰ ਪਾਗ਼ਲ ਨਹੀਂ ਅਖਵਾਉਂਦਾ”। ਕਿਉਂਕਿ ਇਸ ਤਰ੍ਹਾਂ ਉਸ ਦੇ ਸਵੈਮਾਨ (Self Respest) `ਤੇ ਵੀ ਕੁਦਰਤੀ ਤੌਰ `ਤੇ ਸੱਟ ਆਂਉਂਦੀ ਹੈ।

ਇਹ ਮਨੁੱਖ ਦਾ ਸਵੈਮਾਨ (Self Respest) ਹੀ ਹੈ ਜਿਸ ਤੋਂ ਸੰਸਾਰ ਭਰ ਦਾ ਕੋਈ ਵੀ ਮਨੁੱਖ, ਦੂਜੇ ਵੱਲੋਂ ਆਪਣੇ ਲਈ ਟੋਕਾ-ਟੋਕੀ ਤੇ ਕਿਉਂ-ਕਿੰਤੂ ਨੂੰ ਬ੍ਰਦਾਸ਼ਤ ਨਹੀਂ ਕਰਦਾ। ਇਸ ਤੋਂ ਬਾਅਦ, ਭਾਵੇਂ ਉਹ ਚੰਗੀ ਤਰ੍ਹਾਂ ਜਾਣਦਾ ਵੀ ਹੋਵੇ ਕਿ ਉਸ ਦੇ ਜੀਵਨ ਅੰਦਰ ਅਮੁੱਕੀ ਕਮੀ ਹੈ।

ਇਸ ਦਾ ਨਤੀਜਾ ਹੁੰਦਾ ਹੈ ਕਿ ਬਹੁਤੀ ਵਾਰੀ ਕਿਸੇ ਦੂਜੇ ਦੀ ਗ਼ਲਤੀ ਨੂੰ ਸੁਧਾਰਦੇ ਸੁਧਾਰਦੇ, ਟੋਕਣ ਤੇ ਕਿਉਂ-ਕਿੰਤੂ ਕਰਣ ਵਾਲਾ ਮਨੁੱਖ ਖ਼ੁਦ ਹੀ ਬੁਰਾ ਬਣ ਜਾਂਦਾ ਹੈ। ਬਲਕਿ ਕਈ ਵਾਰੀ ਤਾਂ ਬੇਲੋੜੀਆਂ ਦੁਸ਼ਮਣੀਆਂ ਵੀ ਸਹੇੜ ਲੈਂਦਾ ਹੈ ਜਦਕਿ ਦੂਜੇ ਨੂੰ ਵੀ ਸੁਧਾਰ ਨਹੀਂ ਪਾਉਂਦਾ।

ਇਸੇ ਸੱਚ ਦਾ ਇੱਕ ਪਹਿਲੂ ਹੋਰ ਵੀ ਹੈ-ਬੇਸ਼ੱਕ ਕਿਸੇ ਵੱਕਤ ਇਹ ਟੋਕਾ-ਟਾਕੀ ਕਿਸੇ ਵੱਲੋਂ, ਕਿਸੇ ਦੀ ਭਲਾਈ ਲਈ ਹੀ ਅਰੰਭ ਹੋਈ ਹੋਵੇ। ਫ਼ਿਰ ਵੀ ਕਿਸੇ ਸਮੇਂ ਕਿਸੇ ਦੂਜੇ ਲਈ ਮਾਮੂਲੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਤੋਂ ਅਰੰਭ ਹੋਇਆ ਮਨੁੱਖ ਦਾ ਆਪਣਾ ਸੁਭਾਅ ਹੀ ਇਤਨਾ ਭਿਅੰਕਰ ਰੂਪ ਧਾਰਨ ਕਰ ਲੈਂਦਾ ਹੈ ਕਿ ਉਹ ਹਰ ਸਮੇਂ ਦੂਜਿਆਂ ਨੂੰ ਟੋਕਾ-ਟਾਕੀ ਤੇ ਉਨ੍ਹਾਂ `ਤੇ ਕਿਉਂ-ਕਿੰਤੂ ਕਰਣ `ਚ ਹੀ ਆਪਣੀ ਵਡਿਆਈ ਸਨਝਣ ਲੱਗ ਜਾਂਦਾ ਹੈ। ਇਸ ਤਰ੍ਹਾਂ ਲਾਭ ਨਾਲੋ, ਸਾਰੇ ਪਾਸਿਓਂ ਨੁਕਸਾਨ ਦਾ ਖ਼ਤਰਾ ਵਧੇਰੇ ਹੀ ਹੁੰਦਾ ਹੈ। ਫ਼ਿਰ ਬੇਸ਼ੱਕ ਇਹ ਨੁਕਸਾਨ ਨਿਜੀ ਹੋਵੇ, ਪੰਥਕ, ਦੇਸ਼ ਜਾਂ ਸੰਸਾਰ ਪੱਧਰ ਦਾ।

(ਇਸ ਵਿਸ਼ੇ ਨੂੰ ਜੇ ਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਮਨੁੱਖ ਸਮਾਜ ਦੀ ਇਹੀ ਕਮਜ਼ੋਰੀ ਜਿਸ ਨੂੰ ਗੁਰੂ ਪਾਤਸ਼ਾਹ ਨੇ ਪੂਰੀ ਤਰ੍ਹਾਂ ਨਕਾਰਿਆ ਹੈ, ਇਸ ਦੀ ਭਿਅੰਕਰਤਾ ਨੂੰ ਸਪਸ਼ਟ ਕੀਤਾ ਹੈ ਤੇ ਪੰਥ ਨੂੰ ਇਸ ਪੱਖੋਂ ਸੁਚੇਤ ਕੀਤਾ, ਖ਼ੁਦ ਪੰਥ ਦੇ ਆਪਣੇ ਅੰਦਰ ਹੀ ਭਿਂਅੰਕਰ ਰੂਪ ਧਾਰਨ ਕਰ ਚੁੱਕੀ। ਇਥੇ ਤਾਂ ਅੱਜ ਲਗਭਗ ਹਰੇਕ ਸਿੱਖ ਆਪਣੇ ਆਪ ਨੂੰ ਦੂਜੇ ਤੋਂ ਵੱਧ, ਞਡਾ ਤੇ ਸਿਆਣਾ ਸਿੱਖ ਬਲਕਿ ਪੂਰਨ ਸਿੱਖ ਤੱਕ ਮੰਨ ਰਿਹਾ ਹੈ ਜਦਕਿ ਦੂਜਿਆਂ ਨੂੰ ਆਪਣੇ ਮੁਕਾਬਲੇ….)

ਇਸ ਤਰ੍ਹਾਂ ਗੱਲ ਦਾ ਸਿਰਾ ਚਾਹੇ ਕੋਈ ਵੀ ਹੋਵੇ ਪਰ ਅਸਲੀਅਤ ਇਹੀ ਹੈ ਇਸ ਦਾ ਆਧਾਰ ਹਰੇਕ ਮਨੁੱਖ ਦੀ ਇੱਕੋ ਕਮਜ਼ੋਰੀ ਹੁੰਦੀ ਹੈ ਕਿ ਕੋਈ ਵੀ ਮਨੁੱਖ ਆਪਣੇ `ਤੇ ਨਿਜੀ ਟੋਕਾ ਟਾਕੀ ਤੇ ਕਿਉਂ-ਕਿੰਤੂ ਨੂੰ ਕਦੇ ਬ੍ਰਦਾਸ਼ਤ ਨਹੀਂ ਕਰਦਾ। ਇਹ ਮਾਨੋ ਉਸ ਦੇ ਨਿਜੀ ਭੱਲ, ਗ਼ਰੂਰ, ਹਊਮੈ ਤੇ ਸਵੈਮਾਨ ਆਦਿ (Eago, Self Respect, proud) ਆਦਿ `ਤੇ ਚੋਟ ਦਿੰਦੀ ਹੈ। ਇਸੇ ਨੂੰ ਗੁਰਬਾਣੀ `ਚ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਆਦਿ ਕਹਿਕੇ ਅਨੇਕਾਂ ਢੰਗਾਂ ਨਾਲ ਅਤੇ ਬਹੁਤ ਵਾਰੀ ਸਪਸ਼ਟ ਕੀਤਾ ਤੇ ਉਘਾੜਿਆ ਵੀ ਹੈ।

“ਫਰੀਦਾ ਜੇ ਤੂ ਅਕਲਿ ਲਤੀਫੁ” - ਗੁਰਬਾਣੀ `ਚ ਮਨੁੱਖ ਦੀ ਇਸੇ ਕਮਜ਼ੋਰੀ ਨੂੰ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ “ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਂਵਾਂ ਕਰਿ ਦੇਖੁ” (ਪੰ: ੧੩੭੮) ਭਾਵ ਐ ਮਨੁੱਖ! ਬੇਸ਼ੱਕ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਸਮਝਦਾ ਤੇ ਮੰਣਦਾ ਹੈਂ ਪਰ ਜੇ ਤੂੰ ਸਚਮੁਚ ਹੀ ਤੁੰ ਸਿਆਣਾ ਹੈ ਤਾਂ ਇਹ ਵੀ ਚੇਤੇ ਰੱਖ! ਕਿ ਮਨੁੱਖਾ ਜਨਮ ਦੀ ਸਿਆਨਫ਼ ਇੱਕੋ ਹੀ ਹੈ ਤੇ ਉਹ ਸਿਆਨਫ਼ਾਂ ਬਹੁਤੀਆਂ ਨਹੀਂ ਹਨ।

ਇਹ ਸਿਆਨਫ਼ ਹੈ ਕਿ ਇਸ ਅਮੁੱਲੇ ਤੇ ਦੁਰਲਭ ਜਨਮ ਨੂੰ ਅਗਿਆਨਤਾ `ਚ ਡੁੱਬੋ ਕੇ ਅਜ਼ਾਈਂ ਨਾ ਗੁਆ। ਇਸ ਤਰ੍ਹਾਂ ਤਾਂ ਹਲਤ ਤੇ ਪਲਤ, ਇਹ ਲੋਕ ਤੇ ਪ੍ਰਲੋਕ, ਦੋਵੇਂ ਪਾਸਿਓਂ ਨੁਕਸਾਨ ਤੇਰਾ ਆਪਣਾ ਹੀ ਹੋ ਰਿਹਾ ਹੈ। ਇਸੇ ਕਾਰਨ ਤੂੰ ਇਸ ਜਨਮ ਨੂੰ ਤਾਂ ਅਉਗੁਣਾ-ਵਿਕਾਰਾਂ ਨਾਲ ਗੰਦਾ ਕਰ ਹੀ ਰਿਹਾਂ ਹੈਂ। ਬਲਕਿ ਇਸ ਦੇ ਨਾਲ ਨਾਲ ਇਸ ਅਮੁਲੇ ਜਨਮ ਨੂੰ ਸਫ਼ਲ ਕਰਣ ਦੀ ਬਜਾਏ ਫ਼ਿਰ ਤੋਂ ਆਪਣੇ ਬਾਰ ਬਾਰ ਦੇ ਜਨਮਾਂ-ਜੂਨਾਂ-ਗਰਭਾਂ ਦੇ ਗੇੜ੍ਹ ਨੂੰ ਹੀ ਸੱਦਾ ਦੇ ਰਿਹਾਂ ਹੈ। ਦਰਅਸਲ ਇਸੇ ਕਰਣੀ ਲਈ ਫ਼ਰੀਦ ਸਾਹਿਬ ਇਥੇ ਲਫ਼ਜ਼ ਵਰਤ ਰਹੇ ਹਨ “ਕਾਲੇ ਲਿਖੁ ਨ ਲੇਖ”।

ਇਸੇ ਵਿਸ਼ੇ ਨੂੰ ਗੁਰਬਾਣੀ `ਚ ਅਨੇਕਾਂ ਵਾਰੀ ਇਸ ਤਰ੍ਹਾਂ ਵੀ ਸਮਝਾਇਆ ਹੈ ਕਿ ਮਨੁੱਖ ਚਾਹੇ ਜੀਵਨ ਦੇ ਕਿਤਨੇ ਵੀ ਉਲਟੇ ਰਾਹ ਚੱਲ ਰਿਹਾ ਹੋਵੇ ਫ਼ਿਰ ਵੀ ਉਹ ਓਦੋਂ ਤੱਕ ਇਸ ਸਚਾਈ ਨੂੰ ਨਹੀਂ ਮੰਣਦਾ ਜਦੋਂ ਤੱਕ ਉਹ ਖ਼ੁਦ ਹੀ ਕਿਸੇ ਪੱਜ, ਜੀਵਨ ਦੇ ਉਸ ਗ਼ਲ਼ਤ ਰਾਹ ਨੂੰ ਤਿਅਗ ਕੇ, ਚੰਗੇ ਤੇ ਗੁਣਵਾਣ ਜੀਵਨ `ਚ ਨਹੀਂ ਬਦਲ ਜਾਂਦਾ। ਮਨੁੱਖਾ ਜੀਵਨ ਦੀ ਇਸੇ ਘਾਟ ਦਾ ਨਤੀਜਾ ਹੁੰਦਾ ਹੈ ਕਿ ਮਨੁੱਖ ਇਸ ਦੁਰਲਭ ਜਨਮ ਨੂੰ ਪ੍ਰਾਪਤ ਕਰਕੇ ਵੀ “ਕੂੜੁ ਡੋਬੇ ਪੂਰੁ” (ਪੰ: ੪੬੮) ਅਨੁਸਾਰ ਫ਼ਿਰ ਤੋਂ ਜਨਮਾਂ ਦੇ ਗੇੜ੍ਹ `ਚ ਹੀ ਫ਼ਸਿਆ ਰਹਿ ਜਾਂਦਾ ਹੈ। ਗੁਰਬਾਣੀ `ਚ ਮਨੁੱਖ ਸਮਾਜ ਅੰਦਰ ਪਸਰ ਰਹੀ ਇਸ ਸਾਂਝੀ ਘਾਟ, ਕਿ ਮਨੁੱਖ ਚਾਹੇ ਕਿਸੇ ਵੀ ਸੁਭਾਅ ਦਾ ਹੋਵੇ ਪਰ ਆਪਣੇ `ਤੇ ਕੋਈ ਵੀ ਮਨੁੱਖ, ਕਿਸੇ ਵੱਲੋਂ ਟੋਕਾ-ਟਾਕੀ ਤੇ ਕਿਉਂ-ਕਿੰਤੂ ਨੂੰ ਬ੍ਰਦਾਸ਼ਤ ਨਹੀਂ ਕਰਦਾ। ਇਸੇ ਸੱਚ ਨੂੰ ਗੁਰਬਾਣੀ `ਚ ਗੁਰਦੇਵ ਨੇ ਅਨੇਕਾਂ ਵਾਰੀ ਤੇ ਕਈ ਢੰਗਾਂ ਨਾਲ, ਖੁੱਲ ਕੇ ਬਿਆਣਿਆ ਹੈ ਜਿਵੇਂ ਉਪਰ ਦਿੱਤੇ ਜਾ ਚੁੱਕੇ ਗੁਰਬਾਣੀ ਪ੍ਰਮਾਣ (੧) “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) (੨) “ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ” (ਪੰ: ੧੩੭੮)।

ਸਮਾਧਾਨ ਤੇ ਇਲਾਜ- ਸੁਆਲ ਪੈਦਾ ਹੁੰਦਾ ਹੈ ਕਿ ਗੁਰਦੇਵ ਨੇ ਮਨੁੱਖ ਸਮਾਜ ਅੰਦਰ ਪਸਰ ਰਹੀ ਇਸ ਭਿਅੰਕਰ ਬਿਮਾਰੀ ਤੇ ਕਮਜ਼ੋਰੀ ਨੂੰ ਕੇਵਲ ਉਘਾੜਿਆ ਹੀ ਨਹੀਂ ਬਲਕਿ ਨਾਲ ਨਾਲ ਇਸ ਦੀ ਭਿਅੰਕਰਤਾ ਨੂੰ ਵੀ ਸਪਸ਼ਟ ਕੀਤਾ ਹੈ। ਦੂਜੇ ਪਾਸੇ ਜਿਵੇਂ ਕਿ ਇਹ ਬਿਮਾਰੀ ਕੁੱਝ ਲੋਕਾਂ ਤੱਕ ਸੀਮਤ ਨਹੀਂ, ਪੂਰੇ ਮਨੁੱਖ ਸਮਾਜ ਅੰਦਰ ਹੈ। ਇਸ ਲਈ ਇਸ ਦੇ ਇਲਾਜ ਨੂੰ ਵੀ ਕੇਵਲ ਕੁੱਝ ਲੋਕਾਂ ਤੱਕ ਸੀਮਿਤ ਨਹੀਂ ਰਖਿਆ। ਗੁਰਬਾਣੀ ਦੇ ਅਮੋਘ ਬਾਣਾਂ ਤੇ ਇਲਾਹੀ ਸੱਚ ਰਾਹੀਂ, ਪੂਰੇ ਸਮਾਜ ਦਾ ਇਲਾਜ ਵੀ ਇੱਕ ਸਾਰ ਤੇ ਇਕੱਠਾ ਹੀ ਕੀਤਾ ਹੈ।

ਇਹ ਵੱਖਰੀ ਗੱਲ ਹੈ ਕਿ ਇਸ ਇਲਾਜ ਦਾ ਫ਼ਾਇਦਾ ਉਹੀ ਲਵੇਗਾ ਜਿਹੜਾ ਉਸ ਗੁਰਬਾਣੀ ਰੂਪੀ ਅਉਖਦ ਨੂੰ ਵਰਤੇਗਾ। ਤਾਂ ਫ਼ਿਰ ਉਹ ਕਿਹੜਾ ਤਰੀਕਾ ਹੈ ਕਿ ਇਸ ਸਾਂਝੀ ਤੇ ਸੰਪੂਰਣ ਮਨੁੱਖ ਸਮਾਜ ਅੰਦਰ ਫੈਲੀ ਹੋਈ ਇਸ ਭਿਅੰਕਰ ਬਿਮਾਰੀ ਦਾ ਇਲਾਜ, ਚਾਹੁਣ ਵਾਲੇ ਲੋਕ, ਆਸਾਨੀ ਨਾਲ ਤੇ ਬਿਨਾਂ ਵਿਤਕਰਾ ਕਰ ਵੀ ਸਕਣ ਤੇ ਹੋ ਵੀ ਸੱਕੇ। ਇਥੋਂ ਤੱਕ ਕਿ ਜਿੱਥੇ ਇਸ ਇਲਾਜ ਦੀ ਪਹੁੰਚ ਸਾਰਿਆ ਤੱਕ ਹੋਵੇ, ਉਥੇ ਉਸ ਦੇ ਨਾਲ ਇਸ ਬਿਮਾਰੀ ਦੇ ਕੀਟਾਣੂ (grems) ਜੋ ਕਿ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ ਆਦਿ (Eago, Self Respect, proud etc.) ਵੀ ਮਨੁੱਖ ਅੰਦਰੋਂ ਆਪਣੇ ਆਪ ਹੀ ਮਰ ਜਾਣ।

ਹਰੇਕ ਤੱਕ ਪਹੁੰਚ ਕਿਵੇਂ? ਚੂੰਕਿ ਇਹ ਬਿਮਾਰੀ ਹਰੇਕ ਮਨੁੱਖ ਦੀ ਹੈ ਤੇ ਇਲਾਜ ਵੀ ਸਾਰਿਆਂ ਦਾ ਹੀ ਜ਼ਰੂਰੀ ਹੈ। ਤਾਂ ਫ਼ਿਰ ਉਹ ਕਿਹੜਾ ਤਰੀਕਾ ਹੈ ਕਿ ਇਲਾਜ ਪੱਖੋਂ ਸਾਰਿਆਂ ਤੱਕ ਪਹੁੰਚ ਵੀ ਸੌਖੀ ਹੋਵੇ। ਸਾਨੂੰ ਇਸ ਦੀ ਪਹਿਚਾਣ ਵੀ ਆਪਣੇ ਇਤਿਹਾਸ `ਚੋਂ ਹੀ ਕਰਣੀ ਪਵੇਗੀ। ਦੇਖਣਾ ਹੈ ਕਿ ਪਾਤਸ਼ਾਹ ਨੇ ਆਖ਼ਿਰ ਉਹ ਕਿਹੜਾ ਢੰਗ ਵਰਤਿਆ ਜਿਸ ਤੋਂ ਸੰਸਾਰ `ਚ ਸਾਰਿਆਂ ਤੱਕ ਪਹੁੰਚ ਵੀ ਹੁੰਦੀ ਗਈ। ਕਿਸੇ ਦੇ ਸਵੈਮਾਨ `ਤੇ ਸੱਟ ਵੀ ਨਾ ਮਾਰੀ ਤੇ ਕਿਸੇ ਨੂੰ ਟੋਕਣਾ ਤੇ ਕਿਸੇ ਨਾਲ ਕਿਉਂ ਕਿੰਤੂ ਵੀ ਨਾ ਕਰਣਾ ਪਿਆ ਪਰ ਇਲਾਜ ਵੀ ਹੁੰਦਾ ਗਿਆ। ਕੁੱਝ ਇਤਿਹਾਸਕ ਝਲਕੀਆਂ:-

(ੳ) ਭੂਮੀਆਂ ਖ਼ੁਦ ਚੱਲ ਕੇ ਪਾਤਸ਼ਾਹ ਦੇ ਚਰਨਾਂ `ਚ ਆਪਣੇ ਇਲਾਜ ਲਈ ਪੁੱਜਾ। ਦੂਜੇ ਪਾਸੇ, ਗੁਰੂ ਪਾਤਸ਼ਾਹ ਨੇ ਤਾਂ ਉਸ ਨੂੰ ਨਹੀਂ ਸੀ ਕਿਹਾ ਕਿ ਭੂਮੀਆਂ ਤੂੰ ਤਾਂ ਨਾਮੀ ਚੋਰ ਹੈਂ ਤੇ ਤੂੰ ਆਪਣੀ ਇਹ ਗੰਦੀ ਆਦਤ ਛੱਡ ਦੇ…. ਫ਼ਿਰ ਵੀ ਗੁਰਦੇਵ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਉਹ ਕੇਵਲ ਭੁਮੀਆ ਚੋਰ ਤਾਂ ਦੂਰ, ਬਲਕਿ ਰਾਜ ਪਾਟ ਦਾ ਸੁਲਝਿਆ ਆਗੂ ਤੇ ਗੁਰੂ ਦਾ ਪਿਆਰਾ ਸਿੱਖ ਬਣ ਗਿਆ।

(ਅ) ਸੱਜਨ ਨੂੰ ਗੁਰਦੇਵ ਨੇ ਉਸ ਦੇ ਸਵੈਮਾਨ ਤੇ ਸਿੱਧੀ ਸੱਟ ਤਾਂ ਨਹੀਂ ਸੀ ਮਾਰੀ। ਉਹ ਤਾਂ ਬਲਕਿ ਸੱਜਣ ਸ਼ਾਹ ਤੇ ਸੱਜਣ ਖਾਂ ਵੀ ਅਖਵਾ ਰਿਹਾ ਸੀ; ਜਦਕਿ ਇਤਿਹਾਸ ਗਵਾਹ ਹੈ ਕਿ ਉਸ ਨੂੰ ਕਦੇ ਵੀ ਗੁਰਦੇਵ ਨੇ ਨਹੀਂ ਸੀ ਕਿਹਾ ਕਿ ‘ਤੂੰ ਸੱਜਨ ਨਹੀਂ’ ਬਲਕਿ ‘ਤੂੰ ਤਾਂ ਠੱਗ ਤੇ ਕਾਤਿਲ ਹੈਂ” … ਫ਼ਿਰ ਵੀ ਗੁਰਦੇਵ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਉਹ ਕੇਵਲ ਸੱਜਨ ਹੀ ਨਹੀਂ ਬਲਕਿ ਸੱਜਨ ਪ੍ਰਚਾਰਕ ਹੋ ਨਿਬੜਿਆ।

(ੲ) ਭਾਈ ਅੱਦਲੀ ਜੀ, ਬਿਧੀ ਚੰਦ ਨੂੰ ਕਹਿਣ ਤਾਂ ਨਹੀਂ ਸਨ ਗਏ ਕਿ ‘ਬਿਧੀ ਚੰਦ ਤੂੰ ਡਾਕੂ ਹੈ ਜਾਂ ‘ਬਿਧੀ ਚੰਦ ਤੂੰ ਧਾੜਵੀ ਹੈ’। ਨਾ ਹੀ ਭਾਈ ਸਾਹਿਬ ਨੇ ਖ਼ੁਦ ਜਾ ਕੇ ਬਿਧੀ ਚੰਦ ਦੇ ਸਵੈਮਾਨ `ਤੇ ਇਸ ਤਰ੍ਹਾਂ ਕੋਈ ਸੱਟ ਹੀ ਮਾਰੀ ਸੀ।

ਬਲਕਿ ਬਿਧੀ ਚੰਦ ਖੁੱਦ ਆਪਣੇ ਅੰਦਰ ਦੀ ਉਸ ਭਿਅੰਕਰ ਬਿਮਾਰੀ ਦੇ ਇਲਾਜ ਲਈ ਭਾਈ ਅੱਦਲੀ ਜੀ ਦੀ ਸੇਵਾ `ਚ ਪੇਸ਼ ਹੋਇਆ। ਇਹ ਬੇਨਤੀ ਤਾਂ ਬਿਧੀ ਚੰਦ ਨੇ ਕੀਤੀ ਸੀ ਕਿ ਭਾਈ ਸਾਹਿਬ! ਮੈਨੂੰ ਵੀ ਉਸ ਗੁਰੂ ਸਾਹਿਬ ਦੇ ਚਰਨਾਂ `ਚ ਲੈ ਚੱਲੋ। ਇਹੀ ਵੀ ਬਿਧੀ ਚੰਦ ਨੇ ਹੀ ਕਿਹਾ ਸੀ ਕਿ ਮੈਂ ਹੀ ਧਾੜਵੀ ਸਾਂ ਪਰ ਹੁਣ ਗੁਰੂ ਸਾਹਿਬ ਦਾ ਸਿੱਖ ਸੱਜਨਾਂ ਚਾਹੁੰਦਾ ਹਾਂ ਆਦਿ …. . ।

(ਸ) ਭਾਈ ਮੰਝ ਜਿਸ ਦਾ ਪਹਿਲਾ ਨਾਮ ਤੀਰਥਾ ਸੀ। ਇਹ ਸਖੀ ਸਰਵਰੀਆਂ ਦਾ ਅਗੂ ਸੀ ਤੇ ਕਈ ਪਿੰਡਾਂ ਦਾ ਸਪੰਚ ਵੀ ਸੀ। ਆਪਣੇ ਘਰ ਅੰਦਰ ਇਸ ਨੇ ਸੁਲਤਾਨ ਦੀ ਕੱਬਰ ਵੀ ਬਣਾਈ ਹੋਈ ਸੀ। ਹਰ ਵੀਰ ਵਾਰ ਕੱਬਰ ਤੇ ਰੋਟ ਚੜ੍ਹਾਉਂਦਾ ਤੇ ਹਰ ਸਾਲ ਜੱਥਾ ਲੈ ਕੇ ਨਿਗਾਹੇ ਜਾਂਦਾ ਸੀ।

ਗੁਰਦੇਵ ਨੇ ਤਰਨ ਤਾਰਨ ਸਾਹਿਬ ਵਸਾਇਆ। ਇਸ ਸਾਲ ਨਿਗਾਹੇ ਜਾਂਦਿਆਂ ਰਸਤੇ `ਚ ਤਰਨ ਤਾਰਨ ਸਾਹਿਬ ਸੀ। ਗੁਰਬਾਣੀ ਵਾਲੇ ਸੱਚ ਦੀਆਂ ਧੁਨਾਂ ਕੰਨਾਂ `ਚ ਪਈਆਂ ਤੇ ਖਿਚਿਆ ਗਿਆ। ਆਪ ਗੁਰਦੇਵ ਦੇ ਚਰਨਾਂ `ਚ ਹਾਜ਼ਿਰ ਹੋਇਆ ਤੇ ਬੇਨਤੀ ਕੀਤੀ ਕਿ ਪਾਤਸ਼ਾਹ! ਮੈਨੂੰ ਵੀ ਸਿੱਖੀ ਦਾ ਦਾਨ ਬਖ਼ਸ਼ੋ।

ਗੁਰਦੇਵ ਦਾ ਤਾਂ ਕੇਵਲ ਇਤਨਾ ਹੀ ਲਫ਼ਜ਼ ਸੀ ਕਿ “ਭਾਈ ਮੰਝ ਤੈਨਂੂੰ ਗੁਰੂ ਦੀ ਸਿੱਖੀ ਨਹੀਂ ਮਿਲ ਸਕਦੀ ਕਿਉਂਕਿ ਤੇਰੇ ਅੰਦਰ ਕਿਸੇ ਹੋਰ ਦੀ ਸਿੱਖੀ ਟਿੱਕੀ ਹੋਈ ਹੈ। ਇਸ ਲਈ ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀਂ ਟਿੱਕ ਸਕਦੀ” ਗੁਰਦੇਵ ਨੇ ਤਾਂ ਇਸ ਤੋਂ ਇਲਾਵਾ ਉਸ ਨੂੰ ਹੋਰ ਕੁੱਝ ਨਹੀਂ ਸੀ ਕਿਹਾ ਤੇ ਨਾ ਹੀ ਉਸ ਦੇ ਸਵੈਮਾਨ `ਤੇ ਸੱਟ ਮਾਰੀ ਜਾਂ ਕਿਉਂ ਕਿੰਤੂ ਕੀਤਾ ਸੀ। ਇਹ ਗੁਰੂ ਕੀ ਸੰਗਤ `ਚ ਹਾਜ਼ਰੀ ਹੀ ਸੀ ਜਿਸ ਨੇ ਭਾਈ ਮੰਝ ਦਾ ਜੀਵਨ ਬਦਲ ਦਿੱਤਾ। ਗੁਰਦੇਵ ਨੇ ਤਾਂ ਉਸ ਨੂੰ ਅਜਿਹਾ ਕੁੱਝ ਨਹੀਂ ਸੀ ਕਿਹਾ ਕਿ ਤੂੰ ਇਹ ਕਰ ਤੇ ਇਹ ਨਾ ਕਰ।

ਦੂਜੇ ਪਾਸੇ ਜਥੇ ਦਾ ਆਗੂ ਹੁੰਦੇ ਹੋਏ ਵੀ ਉਸ ਨੇ ਆਪ ਨਿਗਾਹੇ ਜਾਣਾ ਬੰਦ ਕਰ ਦਿੱਤਾ। ਘਰ ਵਿਚੋਂ ਪੀਰ ਦੀ ਕੱਬਰ ਵੀ ਤੋੜ ਦਿੱਤੀ। ਅਨੇਕਾਂ ਉਸ ਦੇ ਨਾਲ ਹੋ ਗਏ ਪਰ ਵਿਰੋਧੀਆਂ ਨੇ ਉਸ ਨੂੰ ਸਰਪੰਚੀ ਤੋਂ ਵੀ ਹਟਾਅ ਦਿੱਤਾ। ਇਹ ਦਸਣ ਲਈ ਕਿ ਉਸ `ਤੇ ਪੀਰ ਦੀ ਕ੍ਰੋਪੀ ਹੋ ਰਹੀ ਹੈ, ਜਨੂੰਨੀਆਂ ਨੇ ਉਸ ਦੇ ਮਾਲ ਡੰਗਰ ਨੂੰ ਵੀ, ਜ਼ਹਿਰ ਅਦਿ ਦੇ ਕੇ ਮਾਰ ਦਿੱਤੇ।

ਭਾਈ ਮੱਝ ਨੇ ਇਸ ਦੀ ਰੱਤਾ ਪ੍ਰਵਾਹ ਨਾਂ ਕੀਤੀ ਬਲਕਿ ਆਪਣੇ ਪਿੰਡ ਤੱਕ ਦਾ ਤਿਆਗ ਕਰਕੇ ਅਨੇਕਾਂ ਸਾਥੀਆਂ ਸਮੇਤ ਗੁਰੂ ਚਰਨਾਂ `ਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਲਗਾਤਾਰ ੧੨ ਸਾਲ ਗੁਰਬਾਣੀ ਅਭਿਆਸ ਤੇ ਘਾਲ ਕਮਾਈ ਕੀਤੀ ਤਾਂ ਜਾ ਕੇ ਗੁਰੂ ਚਰਨਾਂ `ਚ ਪ੍ਰਵਾਣ ਹੋਇਆ।

ਪਰ ਇਸ ਸਾਰੇ ਲਈ ਗੁਰਦੇਵ ਨੇ ਤਾਂ ਉਸ ਨੂੰ ਅਜਿਹੀਆਂ ਹਿਦਾਇਤਾਂ ਤਾਂ ਨਹੀਂ ਸਨ ਦਿੱਤੀਆਂ ਤੇ ਨਾ ਹੀ ਉਸ ਦੇ ਸਵੈਮਾਨ `ਤੇ ਹੀ ਸੱਟ ਮਾਰੀ ਸੀ। ਇਹ ਤਾਂ ਪ੍ਰਭਾਵ ਸੀ ਗੁਰੂ ਕੀਆਂ ਸੰਗਤਾਂ ਅਤੇ ਗੁਰਬਾਣੀ ਸਤਸੰਗ ਦਾ ਜਿਸ ਤੋੰ ਭਾਈ ਮੰਝ ਦਾ ਸਾਰਾ ਜੀਵਨ ਹੀ ਬਦਲ ਗਿਆ।

ਇਹ ਤਾਂ ਕੇਵਲ ਕੁੱਝ ਮਿਸਾਲ਼ਾਂ ਹਨ ਜਦਕਿ ਅਜਿਹੀਆਂ ਜੀਵਨੀਆਂ ਤੇ ਮਿਸਾਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਜਦੋਂ ਵੀ ਕਿਸੇ ਦੇ ਹਿਰਦੇ `ਚ ਗੁਰਬਾਣੀ ਦੇ ਅਮੋਘ ਬਾਣ ਲੱਗੇ ਤਾਂ ਉਨ੍ਹਾਂ ਬੇਅੰਤ ਲੋਕਾਂ ਦੇ ਜੀਵਨ ਬਦਲਦੇ ਗਏ। ਨਾ ਹੀ ਗੁਰਦੇਵ ਨੇ ਜਾਂ ਉਨ੍ਹਾਂ ਰਾਹੀਂ ਸਥਾਪਿਤ ਪ੍ਰਚਾਰਕਾਂ ਨੇ ਕਿਸੇ ਨਾਲ ਨਿਜੀ ਟੋਕਾ-ਟਾਕੀ ਕੀਤੀ, ਨਾ ਕਿਸੇ ਨੂੰ ਕਿਉਂ-ਕਿੰਤੂ ਕਿਹਾ ਤੇ ਨਾ ਹੀ ਕਿਸੇ ਦੀ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ (Eago, Self Respect, proud etc.) ਆਦਿ `ਤੇ ਸੱਟ ਹੀ ਮਾਰੀ। ਜਦਕਿ ਗੁਰਬਾਣੀ ਵਾਲਾ ਅੰਮ੍ਰਿਤ ਵੀ ਕਿਸੇ ਨੂੰ ਬਦੋ ਬਦੀ ਨਹੀਂ ਪਿਲਾਇਆ ਗਿਆ ਕਿ ਉਹ ਜ਼ਰੂਰ ਠੀਕ ਹੀ ਹੋ ਜਾਵੇ, ਫ਼ਿਰ ਵੀ ਇਹ ਸਭਕੁਝ ਹੋਇਆ ਤਾਂ ਕਿਸ ਤਰ੍ਹਾਂ?

ਇਥੇ ਸੁਆਲ ਇਹ ਹੈ ਕਿ ਉਪਰ ਦਿੱਤੀਆਂ ਕੁੱਝ ਮਿਸਾਲਾਂ ਅਨੁਸਾਰ, ਇੱਕ ਇੱਕ ਕਰਕੇ ਉਹ ਸਾਰੇ ਸੱਜਨ ਆਪਣੇ-ਆਪਣੇ ਇਲਾਜ ਲਈ ਗੁਰਬਾਣੀ ਦੇ ਚਰਨਾਂ `ਚ ਖ਼ੁਦ ਹਾਜ਼ਿਰ ਹੋਏ ਤਾਂ ਕਿਵੇਂ? ਨਿਜੀ ਟੋਕਾ-ਟਾਕੀ ਕਾਰਨ, ਉਨ੍ਹਾਂ ਦੇ ਸਵੈਮਾਨ ਤੇ ਸੱਟ ਮਾਰ ਕੇ ਜਾਂ ਫ਼ਿਰ ਗੁਰਦੇਵ ਦਾ ਕਾਇਮ ਕੀਤਾ ਕਿਹੜਾ ਢੰਗ ਸੀ ਜਿਸ ਦੀ ਵਰਤੋਂ ਨਾਲ ਲਖਾਂ-ਕਰੋੜਾਂ ਦੇ ਜੀਵਨ ਪਲਟੇ ਤੇ ਉਨ੍ਹਾਂ ਦਾ ਇਲਾਜ ਹੋਇਆ ਤੇ ਜਿਸ ਤੋਂ ਉਨ੍ਹਾਂ ਦੇ ਬੁਝੇ ਹੋਏ ਜੀਵਨ ਵੀ ਚਮਕ ਉੱਠੇ। ਉਹ ਢੰਗ ਸੀ ਕੇਵਲ ਤੇ ਕੇਵਲ, ਗੁਰਬਾਣੀ ਆਧਾਰਤ, ਕਰਤੇ ਨਾਲ ਜੋੜਣ ਵਾਲੇ ਸਤਿਸੰਗ ਦਾ।

“ਸਤਸੰਗਤਿ ਕੈਸੀ ਜਾਣੀਐ…” - ਦਰਅਸਲ ਨੇਕਦਿਲੀ ਤੇ ਇਮਾਨਦਾਰੀ ਨਾਲ ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਇਸ ਬਿਮਾਰੀ ਦਾ ਇਲਾਜ ਵੀ ਸਹਿਜੇ ਹੀ ਗੁਰਬਾਣੀ ਵਿਚੋਂ ਹੀ ਮਿਲੇਗਾ। ਜ਼ਰੂਰਤ ਹੈ ਜੇ ਕਰ ਤਨੋ ਮਨੋ ਅਸੀੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ ਤਾਂ ਸਾਨੂੰ ਅੱਗੇ ਵੱਧ ਕੇ ਗੁਰਬਾਣੀ ਵਾਲੀ ਅਚੂਕ ਅਉਖਧ ਰਾਹੀਂ ਪਹਿਲਾਂ ਆਪਣੇ-ਆਪਣੇ ਜੀਵਨ ਨੂੰ ਇਸ ਬਿਮਾਰੀ ਦੇ ਕੀਟਾਣੂਆਂ ਤੋਂ ਪਾਕ-ਸਾਫ਼ ਕਰਣਾ ਹੋਵੇਗਾ ਤੇ ਫ਼ਿਰ ਦੂਜਿਆਂ ਦੇ ਜੀਵਨਾਂ ਵਿਚੋਂ।

ਦਰਅਸਲ ਗੁਰਦੇਵ ਨੇ ਇਸ ਧਰਮ ਨੂੰ ਨਿਜੀ ਟੋਕਾ-ਟਾਕੀ, ਕਿਸੇ ਨਾਲ ਕਿਉਂ ਕਿੰਤੂ ਜਾਂ ਕਿਸੇ ਦੀ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ ਆਦਿ (Eago, Self Respect, proud etc.) ਤੇ ਹਮਲੇ ਕਰਣ ਲਈ ਕਾਇਮ ਨਹੀਂ ਕੀਤਾ। ਬਲਕਿ ਹਰੇਕ ਗੱਲ ਨੂੰ ਹਰੇਕ ਤੱਲ਼ ਤੇ ਸੰਗਤੀ ਢੰਗ ਨਾਲ ਤੇ ਉਹ ਵੀ ਕੇਵਲ ਤੇ ਕੇਵਲ ਇੱਕ ਅਕਾਲਪੁਰਖ ਦੇ ਨਿਰਮਲ ਭਉ, ਸਤਿਕਾਰ ਤੇ ਗੁਰਬਾਣੀ ਆਦੇਸ਼ਾਂ ਦੇ ਦਾਇਰੇ `ਚ ਰਹਿ ਕੇ ਕਰਣ ਵਾਲਾ ਦਿੱਤਾ ਹੈ। ਅਜਿਹੀ ਸਤਿਸੰਗਤ ਜਿਸ ਸਤਿਸੰਗਤ ਦੀ ਪੱਧਰ ਵੀ ਪ੍ਰਭੂ ਨਿਰੋਲ ਮਿਲਾਵਾ ਹੀ ਹੋਵੇ ਫ਼ੁਰਮਾਨ ਹੈ “ਮਹਾ ਪਵਿਤ੍ਰ ਸਾਧ ਕਾ ਸੰਗੁ॥ ਜਿਸੁ ਭੇਟਤ ਲਾਗੈ ਪ੍ਰਭ ਰੰਗੁ” (ਪੰ: ੩੯੨) ਜਦਕਿ ਦੂਜੇ ਪਾਸੇ ਤਾਂ ਇਹ ਨਿਜੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਵਾਲੇ ਕਿਟਾਣੂ ਸਾਡੇ ਸਾਰਿਆਂ ਅੰਦਰ ਇਸ ਤਰ੍ਹਾਂ ਧੱਸ ਚੁੱਕੇ ਹਨ, ਜਿਵੇਂ ‘ਗੁਰੂ ਕੀ ਸੰਗਤ’ ਅੱਜ ਸਾਡੇ ਜੀਵਨ ਦੀ ਵਰਤੋਂ ਦਾ ਹਿੱਸਾ ਹੀ ਨਾ ਰਹੀ ਹੋਵੇ ਬਲਕਿ ਵੱਡੇ ਵੱਡੇ ਕੀਰਤਨ ਦਰਬਾਰਾਂ ਤੇ ਗੁਰਬਾਣੀ ਦੇ ਗਾਇਣ ਤੱਕ ਹੀ ਸੀਮਤ ਹੋ ਚੁੱਕੁ ਹੋਣ।

“ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਜੇਕਰ ਅਸਾਂ ਅੱਜ ਵੀ ਇਸ ਬਿਮਾਰੀ ਤੋਂ ਬਚਣਾ ਹੈ ਤਾਂ ਚੇਤੇ ਰਹੇ! ਨਿਆਂ ਕਰਣ ਵਾਲਾ, ਪ੍ਰਭੂ ਆਪ ਹੈ ਜੋ “ਘਟ ਘਟ ਅੰਤਰਿ ਸਰਬ ਨਿਰੰਤਰਿ” (ਪੰ: ੪੯੬) ਅਨੁਸਾਰ ਸਭ ਦੇ ਹਿਰਦੇ ਘਰ ਅੰਦਰ, ਹਰ ਸਮੇਂ ਵੱਸ ਰਿਹਾ ਹੈ। ਇਸ ਲਈ ਕੋਈ ਕੀ ਕਰਦਾ ਹੇ ਤੇ ਕੀ ਨਹੀਂ ਕਰਦਾ, ਇਸ ਦਾ ਹਿਸਾਬ ਲਗਾਉਣਾ ਸਾਡਾ ਕੰਮ ਨਹੀਂ। ਸਾਡਾ ਕੰਮ ਕੇਵਲ ਗੁਰਬਾਣੀ ਦੇ ਨਿਰਮਲ ਆਸ਼ੇ ਅਨੁਸਾਰ ਆਪਣੀ-ਆਪਣੀ ਕਰਣੀ-ਰਹਿਣੀ-ਸੋਚਣੀ ਦੀ ਸੰਭਾਲ ਕਰਣਾ ਹੀ ਹੈ, ਇਸ ਤੋਂ ਵੱਧ ਕੁੱਝ ਨਹੀਂ। ਲੋੜ ਹੈ ਤਾਂ ਸਾਨੂੰ ਆਪਣੀ ਨਿਜੀ, ਪ੍ਰਵਾਰਕ, ਪੰਥਕ, ਪ੍ਰਚਾਰਕ, ਪ੍ਰਬੰਧਕੀ, ਸਮਾਜਕ, ਦੇਸ਼ ਪੱਧਰ ਭਾਵ ਕਿਸੇ ਵੀ ਪੱਧਰ `ਤੇ; ਆਪਣੀ ਕਰਣੀ-ਰਹਿਣੀ-ਸੋਚਣੀ ਰਾਹੀਂ ਗੁਰਬਾਣੀ ਜੀਵਨ ਦੇ ਸੱਚ ਦੇ ਆਧਾਰ ਤੱਕ ਸੀਮਤ ਹੋਣਾ।

ਯਕੀਨਣ ਇਸ ਤੋਂ ਵੱਧ ਸਾਡੀ ਜ਼ਿਮੇਵਾਰੀ ਨਹੀਂ ਤੇ ਨਾ ਹੀ ਅਸੀਂ ਆਪ ਹੀ ਸਾਰਿਆਂ ਦੇ ਠੇਕੇਦਾਰ ਬਣੀਏ। ਇਹ ਨਹੀਂ ਕਿ ਅਸੀਂ ਆਪ ਹੀ ਹਰ ਸਮੇਂ ਦੂਜਿਆਂ ਨੂੰ ਟੋਕਾ-ਟਾਕੀ ਤੇ ਦੂਜਿਆਂ `ਤੇ ਕਿਉਂ ਕਿੰਤੁ ਕਰਦੇ ਰਵੀਏ ਕਿ ‘ਤੂੰ ਇਹ ਨਹੀਂ ਕਰਦਾ ਤੇ ਤੂੰ ਉਹ ਨਹੀਂ ਕਰਦਾ’। ਇਸ ਤਰ੍ਹਾਂ ਦੂਜੇ ਪਾਸੇ, ਆਪਣੇ ਆਪ ਨੂੰ ਪਾਕ ਦਾਮਣ ਹੀ ਨਾ ਸਮਝੀਏ ਕਿ ਅਸੀਂ ਹੀ ਸਾਰਿਆਂ ਤੋਂ ਉੱਤਮ ਹਾਂ ਤੇ ਬਾਕੀ ਸਾਰੇ ਗ਼ਲਤ। ਇਸ ਲਈ ਜਦੋਂ ਤੱਕ ਆਪਣੇ-ਆਪਣੇ ਜੀਵਨ ਨੂੰ ਇਸ ਬਿਮਾਰੀ ਦੇ ਕਿਟਾਣੂਆਂ ਨੂੰ ਸਾਫ਼ ਨਹੀਂ ਕਰਾਂਗੇ, ਉਤਨੀ ਦੇਰ, ਸਿੱਖ ਅਖਵਾ ਕੇ ਵੀ ਅਸੀਂ ਇਸ ਸਾਂਝੀ ਕੜੀ ਦੇ ਵਾਰਿਸ ਕਿਵੇਂ ਸਾਬਿਤ ਹੋਵਾਂਗੇ?

ਜਦਕਿ ਸਾਰਿਆਂ ਦੀ ਸੰਭਾਲ ਤੇ ਸਾਰਿਆਂ ਦੀ ਕਰਣੀ ਦਾ ਨਿਆਂ ਕਰਣਾ, ਇਹ ਕੇਵਲ ਕੰਮ ਗੁਰੂ ਤੇ ਅਕਾਲਪੁਰਖ ਦਾ ਹੈ ਤੇ ਉਹ ਕਰ ਵੀ ਰਿਹਾ ਹੈ। ਇਸ ਤਰ੍ਹਾਂ ਉਹ ਸਾਡਾ ਵਿਸ਼ਾ ਉੱਕਾ ਨਹੀਂ। ਲੋੜ ਹੋਵੇ ਤਾਂ ਸਾਡੀ ਸੀਮਾ ਕਿਸੇ ਨੂੰ ਕੇਵਲ ਕਿਸੇ ਅਜਿਹੀ ਘਾਟ ਤੋਂ ਚੇਤਨ ਕਰਨਾ ਹੀ ਹੈ ਤੇ ਸਾਫ਼ ਸੁਥਰੀ ਜ਼ਿੰਦਗੀ ਲਈ ਉਤਸਾਹਿਤ ਕਰਣਾ ਹੈ ਨਾ ਕਿ ਉਸ ਦਾ ਠੇਕੇਦਾਰ ਵੀ ਬਣ ਜਾਣਾ। ਚੇਤੇ ਰਹੇ! ਗੁਰਬਾਣੀ ਦਾ ਫ਼ੈਸਲਾ ਹੈ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ” (ਪੰ: ੪੬੩) ਇਸ ਲਈ ਅੰਤ ਸਾਰਾ ਇਨਸਾਫ਼ ਤਾਂ ਉਸ ਪ੍ਰਭੂ ਦਾ ਆਪਣੇ ਆਪ ਤੇ ਹਰ ਸਮੇਂ ਚਲਦਾ ਰਹਿਣਾ ਹੈ। ਸਾਡਾ ਕੰਮ ਤਾਂ ਕੇਵਲ ਪ੍ਰਭੂ ਚਰਨਾਂ ਦਾ ਅਰਦਾਸੀਆ ਰਹਿ ਕੇ ਆਪਣੀ ਸੰਭਾਲ ਕਰਣਾ ਹੈ। ਉਪ੍ਰੰਤ ਦੂਜਿਆਂ ਦੀ ਸੰਭਾਲ ਕਰਣੀ ਹੈ ਤਾਂ ਉਹ ਵੀ “ਆਪਿ ਜਪੈ ਅਵਰਹ ਨਾਮੁ ਜਪਾਵੈ” (ਪੰ: ੧੨੦੬) ਅਨੁਸਾਰ ਕੇਵਲ ਸੰਗਤੀ ਤੌਰ `ਤੇ। ਇਸ ਦੇ ਉਲਟ ਨਿਜੀ ਟੋਕਾ ਟਾਕੀ ਤੇ ਕਿਉਂ ਕਿੰਤੂ ਦੇ ਢੰਗ ਨਾਲ ਨਹੀਂ।

ਮਿਸਾਲ ਵੱਜੋ-ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਇੱਕ ਜਮਾਤ ਅੰਦਰ ਮੰਨ ਲੌ ਸੌ ਵਿਦਿਆਰਥੀ ਹਨ। ਸਾਰਿਆਂ ਦੀ ਪੜ੍ਹਾਈ ਇਕੋ ਜਿਹੀ ਹੋ ਰਹੀ ਹੁੰਦੀ ਹੈ। ਫ਼ਿਰ ਵੀ ਕੋਈ ਸੌ ਵਿਚੋਂ ਸੌ ਨੰਬਰ ਲੈ ਰਿਹਾ ਹੁੰਦਾ ਹੈ। ਦੂਜੇ ਉਹ ਵੀ ਹੁੰਦੇ ਹਨ ਜੋ ਸੌ ਵਿਚੋਂ ਦਸ ਨੰਬਰ ਵੀ ਪ੍ਰਾਪਤ ਨਹੀਂ ਕਰ ਸਕਦੇ। ਜਿਸ ਤਰ੍ਹਾਂ ਦੀ ਕਿਸੇ ਦੀ ਤਿਆਰੀ ਹੁੰਦੀ ਹੈ, ਨਤੀਜਾ ਵੀ ਹਰ ਕਿਸੇ ਦਾ ਆਪਣੇ ਆਪ ਉਹੋ ਜਿਹਾ ਹੀ ਆਉਂਦਾ ਹੈ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਨਂਬਰ ਘੱਟ ਨਹੀਂ ਆਉਂਦੇ ਤੇ ਨਾ ਕਹਿਣ ਨਾਲ ਕਿਸੇ ਦੇ ਨੰਬਰ ਵੱਧ ਨਹੀਂ ਜਾਂਦੇ।

ਠੀਕ ਇਥੇ ਵੀ ਗੁਰਦੇਵ ਨੇ ਸਿੱਖ ਦੇ ਜੀਵਨ ਨੂੰ ਗੁਰਬਾਣੀ ਆਧਾਰ `ਤੇ ਸੰਗਤੀ ਘੜਿਆ ਹੈ ਅਤੇ ਸਾਡੀ ਤਿਆਰੀ ਵੀ ਸੰਗਤੀ ਹੀ ਹੋਣੀ ਹੈ। ਕਦੇ ਵੀ ਤੇ ਕਿਸੇ ਤਰ੍ਹਾਂ ਵੀ ਸਾਰਿਆਂ ਦੇ ਜੀਵਨ ਦਿੱਕੋ ਜਿਹੇ ਨਹੀਂ ਹੋ ਜਾਣੇ। ਸਾਰਿਆਂ ਦੇ ਜੀਵਨ `ਚ ਅੰਤਰ ਰਹਿਣਾ ਹੀ ਰਹਿਣਾ ਹੈ, ਜਿਸ ਨੂੰ ਸਿਵਾਇ ਗੁਰੂ ਤੇ ਅਕਾਲਪੁਰਖ ਦੇ ਕੋਈ ਵੀ ਨਹੀਂ ਬਦਲ ਸਕਦਾ।

ਫ਼ਿਰ ਵੀ ਜੇ ਅੱਜ ਵੀ ਅਸੀਂ ਗੁਰੂ ਕੇ ਅਖਵਾਉਣ ਵਾਲੇ ਸਾਰੇ ਹੀ ਇਮਾਨਦਾਰੀ ਨਾਲ ਆਪਣੇ ਜੀਵਨ ਨੂੰ ਨਿਰੋਲ ਗੁਰਬਾਣੀ ਦੀ ਆਗਿਆ `ਚ ਰਹਿੰਦੇ ਹੋਏ ਸੰਗਤੀ ਤਿਆਰ ਕਰੀਏ ਤਾਂ ਮਸਲਾ ਹੱਲ ਹੋ ਸਕਦਾ ਹੈ। ਪਹਿਲਾਂ ਤਾਂ ਸਾਰਾ ਪੰਥ ਮੁੜ ਕੇ ਘਟੋ ਘੱਟ ਇਸ ਪੱਖੋਂ ਇੱਕ ਮੁੱਠ ਹੋ ਸਕਦਾ ਹੈ, ਫ਼ਿਰ ਸਹਿਜੇ ਹੀ ਸੰਸਾਰ ਭਰ ਨੂੰ ਵੀ ਆਪਣੀ ਗਲਵਕੜੀ `ਚ ਲੈ ਸਕਦਾ ਹੈ।

ਨਹੀਂ ਤਾਂ ਇਸ ਸਾਰੇ ਦੇ ਉਲਟ ਅੱਜ ਸੰਸਾਰ ਨੂੰ ਤਾਂ ਅਸਾਂ ਆਪਣੇ ਨੇੜੇ ਕੀ ਲਿਆਉਣਾ ਹੈ। ਇੱਕ ਤਾਂ ਇਹ ਸਾਂਝੀ ਕੜੀ ਹੈ ਕਿ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਜਿਸ ਦਾ ਸਬੰਧ ਸੰਪੂਰਣ ਮਾਨਵਤਾ ਨਾਲ ਹੈ। ਜਦਕਿ ਨਿਜੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਦੀ ਗਹਿਰੀ ਪੱਕੜ ਆ ਚੁੱਕਾ ਜਦੋਂ ਇੱਕ ਪ੍ਰਵਾਰ ਵੀ ਇਕੱਠਾ ਨਹੀਂ ਚੱਲ ਸਕਦਾ ਤਾਂ ਅਜੋਕੇ ਹਾਲਾਤ `ਚ ਸੰਸਾਰ ਨੂੰ ਅਸੀਂ ਆਪਣੇ ਨੇੜੇ ਕਿਵੇਂ ਲਿਆ ਸਕਦੇ ਹਾਂ? ਸੰਸਾਰ ਤਾਂ ਬਹੁਤ ਵੱਡੀ ਗੱਲ ਹੈ ਇਥੇ ਤਾਂ ਸਾਰਾ ਪੰਥ ਹੀ ਜਿਵੇਂ ਇੱਕ-ਇੱਕ ਸਿੱਖ ਅਖਵਾਉਣ ਵਾਲਾ ਹੀ, ਵੱਡਾ ਤੇ ਪੂਰਨ ਸਿੱਖ ਬਣਿਆ ਬੈਠਾ ਹੈ। ਗੁਰੂ ਕੀਆਂ ਸੰਗਤਾਂ ਵਾਲੀ ਜੜ੍ਹ, ਜਿਸ ਵਿਚੋਂ ਭਾਈ ਬਿਧੀ ਚੰਦ, ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਵਰਗੇ ਕਿਰਦਾਰ ਪੈਦਾ ਹੋਣੇ ਸਨ, ਅਜਿਹੀਆਂ ਗੁਰੂ ਕੀਆਂ ਸੰਗਤਾਂ ਦੀ ਅੱਜ ਹੋਦ ਹੀ ਮੁੱਕੀ ਪਈ ਹੈ।

“ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ” (ਪੰ: ੪੬੯) ਅਤੇ “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਆਦਿ ਵਾਲੀਆਂ ਬੇਅੰਤ ਗੁਰਬਾਣੀ ਦੀਆਂ ਪੰਕਤੀਆਂ ਸਾਡੇ ਕੇਵਲ ਪੜ੍ਹਣ, ਗਾਇਣ ਤੇ ਪ੍ਰਮਾਣਾ ਤੱਕ ਸੀਮਤ ਰਹਿ ਚੁੱਕੀਆਂ ਹਨ। ਸਾਡੇ ਜੀਵਨ ਤੇ ਅਮਲ ਦੀ ਸੀਮਾਂ ਤੋਂ ਬਹੁਤ ਪਿੱਛੇ ਰਹਿ ਚੁੱਕੀਆਂ ਹਨ। ਗੁਰਬਾਣੀ ਸੇਧ ਦੇ ਉਲਟ, ਪੰਥਕ ਪੱਧਰ `ਤੇ ਤਾਂ ਅੱਜ ਅਸੀਂ ਸਾਰੇ ਹੀ ਕਰਤੇ, ਨਿਆਂ ਕਰਣ ਵਾਲੇ ਬਲਕਿ ਗੁਰੂ ਤੱਕ ਆਪ ਬਣੇ ਬੈਠੇ ਹਾਂ।

ਜਿਸ ਪੰਥ ਅੰਦਰ ਹਰੇਕ ਗੱਲ ਹੀ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਭਾਵ ਇੱਕ ਅਕਾਲਪੁਰਖ ਕਰਤੇ ਦੇ ਂਭਯ `ਚ ਰਹਿ ਕੇ ਹੋਣੀ ਤੇ ਪ੍ਰਚਾਰੀ ਜਾਣੀ ਸੀ, ਉਸ ਪੰਥ ਅੰਦਰ ਨਿਜੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਸ਼ਿਖ਼ਰਾਂ `ਤੇ ਪੁੱਜੀ ਪਈ ਹੈ। ਇਸ ਲਈ ਲੋੜ ਹੈ ਤਾਂ ਪਹਿਲਾਂ ਇਸ ਬਿਮਾਰੀ ਦੇ ਕੀਟਾਣੁਆਂ ਤੋਂ ਆਪਣੇ-ਆਪਣੇ ਜੀਵਨ ਨੂੰ ਪਾਕ-ਸਾਫ਼ ਕਰਣਾ। ਉਪ੍ਰੰਤ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਦੇ ਆਧਾਰ `ਤੇ ਹੀ ਸੰਸਾਰ ਭਰ ਨੂੰ ਆਪਣੀ ਸ਼ਾਝ `ਚ ਲੈਣਾ। #215-IIs11.02s11# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 215-II

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ (ਭਾਗ ਦੂਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808 web site- www.gurbaniguru.org

 




.