.

ਜਨਵਰੀ ਮਹੀਨੇ ਦੀ ਵਿਚਾਰ-ਚਰਚਾ

ਜਨਵਰੀ 2011 ਦੇ ਮਹੀਨੇ ਵਿੱਚ ਸਿੱਖ-ਮਾਰਗ ਵੈਬਸਾਈਟ ਉਤੇ ਇੱਕ ਵਿਸ਼ੇਸ਼ ਵਿਸ਼ੇ ਨੂੰ ਲੈ ਕੇ ਵਿਚਾਰ-ਚਰਚਾ ਕਰਵਾਈ ਗਈ। ਵਿਚਾਰ-ਚਰਚਾ ਲਈ ਜਿਸ ਵਿਸ਼ੇ ਦੀ ਚੋਣ ਕੀਤੀ ਗਈ ਉਹ ਇਸ ਪਰਕਾਰ ਸੀ:
“ਕੀ ਗੁਰੂ ਗ੍ਰੰਥ ਸਾਹਿਬ ਜੀ, ੴ ਤੋਂ ਲੈ ਕੇ ਮੁੰਦਾਵਣੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ?”
ਜਿਵੇਂ ਕਿ ਇੱਕ ਸਧਾਰਨ ਸਿੱਖ ਨੂੰ ਵੀ ਪਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਹਨ। ਜੇਕਰ ਉਪਰੋਕਤ ਸਵਾਲ ਪਹਿਲੇ ਗੁਰੂ ਜੀ ਦੇ ਸਬੰਧ ਵਿੱਚ ਕੀਤਾ ਜਾਵੇ ਤਾਂ ਇਹ ਇਸ ਪਰਕਾਰ ਹੋਵੇਗਾ:
“ਕੀ ਸ੍ਰੀ ਗੁਰੂ ਨਾਨਕ ਦੇਵ ਜੀ ਸਿਰ ਤੋਂ ਲੈ ਕੇ ਪੈਰਾਂ ਤਕ ਸੰਪੂਰਨ ਗਿਆਨ ਦੇ ਗੁਰੂ ਸਨ?”
ਜ਼ਾਹਰ ਹੈ ਕਿ ਇਹ ਸਵਾਲ ਉਚਿਤ ਨਹੀਂ। ਇਸ ਲਈ ਗਿਆਰ੍ਹਵੇਂ ਗੁਰੂ ਜੀ ਬਾਰੇ ਕੀਤਾ ਗਿਆ ਉਪਰੋਕਤ ਸਵਾਲ ਵੀ ਉਚਿਤ ਨਹੀਂ ਗਿਣਿਆਂ ਜਾ ਸਕਦਾ। ਪਰੰਤੂ ਅਜਿਹੇ ਸਵਾਲਾਂ ਦਾ ਉਤਪੰਨ ਹੋਣਾ ਸੁਭਾਵਕ ਹੀ ਹੈ ਕਿਉਂਕਿ ਅਸੀਂ ਇਹ ਦਾਵਾ ਤਾਂ ਆਮ ਹੀ ਕਰ ਲੈਂਦੇ ਹਾਂ ਕਿ ਸਿੱਖ ਮੱਤ ਸੰਸਾਰ ਦਾ ਸਭ ਤੋਂ ਆਧੁਨਿਕ ਮੱਤ ਹੈ ਅਤੇ ਇਹ ਕਿ ਗ੍ਰੰਥ ਸਾਹਿਬ ਸਾਰੀ ਮਾਨਵਤਾ ਦੇ ‘ਗੁਰੂ’ ਹਨ ਭਾਵੇ ਕਿ ਸਮਰੱਥ ਗੁਰੂਆਂ ਦੇ ਸਿੱਖ ਹੋ ਕੇ ਵੀ ਅਸੀਂ ਹਾਲੇ ਤਕ ਅਜੋਕੇ ਸੰਸਾਰ ਦੇ ਸਾਹਮਣੇ ਸਿੱਖੀ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਸਫਲ ਨਹੀਂ ਹੋ ਸਕੇ। ਇਸ ਅਸਫਲਤਾ ਦਾ ਇੱਕ ਪਹਿਲੂ ਇਹ ਹੈ ਕਿ ਅਸੀਂ ਹਾਲੇ ਤਕ ਆਪਣੀ ਧਾਰਮਿਕ ਪੁਸਤਕ ਅਤੇ ਆਪਣੇ ਅੱਜ ਦੇ ਗੁਰੂ (ਭਾਵ ਗਿਆਰ੍ਹਵੇਂ ਗੁਰੂ) ਸਾਹਿਬ ਵਿਚਕਾਰਲੇ ਅੰਤਰ ਬਾਰੇ ਸਪਸ਼ਟ ਨਹੀਂ। ਸੰਸਾਰ ਦੇ ਸਾਰੇ ਧਰਮਾਂ ਦਾ ਆਪਣਾ-ਆਪਣਾ ਧਾਰਮਿਕ ਗ੍ਰੰਥ
(scripture) ਹੈ ਅਤੇ ਨਾਲ ਹੀ ਕੋਈ ਧਾਰਮਿਕ ਰਹਿਬਰ (ਸ਼ਖਸੀ ਜਾਂ ਸੰਸਥਾ ਰੂਪ ਵਿਚ) ਵੀ ਮੌਜੂਦ ਹੈ। ਸਿੱਖ ਮੱਤ ਦੀ ਇਹ ਵਿਲੱਖਣਤਾ ਹੀ ਸਮਝੋ ਕਿ ਇਥੇ ਧਾਰਮਿਕ ਪੁਸਤਕ ਅਤੇ ਗੁਰੂ ਸਾਹਿਬ ਇੱਕ ਜਗਹ ਤੇ ਹੀ ਪਰਾਪਤ ਹਨ -- ਬਾਣੀ ਦੇ ਭਾਸ਼ਾਈ ਅਤੇ ਪੁਸਤਕ ਰੂਪ ਵਿੱਚ ਧਾਰਮਿਕ ਗ੍ਰੰਥ ਅਤੇ ਬਾਣੀ ਦੇ ਫਲਸਫੇ ਅਤੇ ਉਪਦੇਸ਼ ਦੇ ਰੂਪ ਵਿੱਚ ਗਿਆਰ੍ਹਵੇਂ ਗੁਰੂ ਸਾਹਿਬ। ਇੱਕ ਸਿੱਖ ਲਈ ਇਸ ਸਥਿਤੀ ਨੂੰ ਸਮਝਣਾਂ ਕੇਵਲ ਜ਼ਰੂਰੀ ਹੀ ਨਹੀਂ ਸਗੋਂ ਸਿੱਖੀ ਨੂੰ ਸੰਸਾਰ ਦੇ ਸਾਹਮਣੇ ਇੱਕ ਆਧੁਨਿਕ ਮੱਤ ਦੇ ਰੂਪ ਵਿੱਚ ਪੇਸ਼ ਕਰਨ ਦੇ ਰਸਤੇ ਵੱਲ ਇਹ ਪਹਿਲਾ ਕਦਮ ਬਣਦਾ ਹੈ।
ਉਂਜ ਗ੍ਰੰਥ ਸਾਹਿਬ ਦੇ ‘ਗੁਰੂ’ ਰੂਪ ਬਾਰੇ ਤਾਂ ਕੋਈ ਵਿਚਾਰ-ਚਰਚਾ ਹੋ ਵੀ ਨਹੀਂ ਸਕਦੀ। ਜਦੋਂ ਵੀ ਇਹ ਕਿਹਾ ਜਾਂਦਾ ਹੈ ‘ਗੁਰੂ’ ਗ੍ਰੰਥ ਸਾਹਿਬ ਬਾਰੇ ਚਰਚਾ ਜਾਂ ‘ਗੁਰੂ’ ਗ੍ਰੰਥ ਸਾਹਿਬ ਬਾਰੇ ਸੈਮੀਨਾਰ/ਕਾਨਫਰੰਸ, ਤਾਂ ਇਹ ਇੱਕ ਬੱਜਰ ਕੁਤਾਹੀ ਹੀ ਹੁੰਦੀ ਹੈ। ਕੀ ਸਾਨੂੰ ਗੁਰਬਾਣੀ ਦੇ ਫਲਸਫੇ/ਉਪਦੇਸ਼ ਬਾਰੇ ਕੋਈ ਸ਼ਕ ਹੈ ਕਿ ਚਰਚਾ ਜਾਂ ਸੈਮੀਨਾਰ/ਕਾਨਫਰੰਸ ਦੀ ਲੋੜ ਪੈ ਗਈ? ਜੇ ਕਰ ਗ੍ਰੰਥ ਸਾਹਿਬ ਬਾਰੇ ਕੋਈ ਵਿਚਾਰ-ਚਰਚਾ ਹੋਣੀ ਹੀ ਹੈ ਤਾਂ ਇਹ ਕੇਵਲ ਇਸ ਦੇ ਪੁਸਤਕ ਰੂਪ ਬਾਰੇ ਹੀ ਹੋ ਸਕਦੀ ਹੈ। ਅਜਿਹੀ ਚਰਚਾ ਵੇਲੇ ਸਾਨੂੰ ਕੇਵਲ ‘ਸ੍ਰੀ ਗ੍ਰੰਥ ਸਾਹਿਬ’ ਲਿਖਣਾ ਜਾਂ ਬੋਲਣਾ ਚਾਹੀਦਾ ਹੈ ਅਤੇ ‘ਗੁਰੂ’ ਸ਼ਬਦ ਦਾ ਪਰਯੋਗ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਅਧਿਐਨ, ਟੀਕਾ, ਵਿਆਖਿਆ, ਸ਼ਬਦਾਰਥ, ਅਨੁਵਾਦ, ਲਿਪੀਅੰਤਰ, ਅਰਥ-ਨਿਰਨਾ ਅਤੇ ਸੰਪਾਦਨ ‘ਪੁਸਤਕ’ ਰੂਪ ਦਾ ਹੋਵੇਗਾ ‘ਗੁਰੂ’ ਰੂਪ ਦਾ ਨਹੀਂ। ‘ਗੁਰੂ’ ਸ਼ਬਦ ਦਾ ਪਰਯੋਗ ਕੇਵਲ ਗੁਰਬਾਣੀ ਦੇ ਫਲਸਫੇ ਅਤੇ ਉਪਦੇਸ਼ ਨੂੰ ਆਪਣੀ ਜੀਵਨ-ਜਾਚ ਦਾ ਅਧਾਰ ਬਣਾਉਣ ਵੇਲੇ/ਵਾਸਤੇ ਹੀ ਕਰਨਾ ਚਾਹੀਦਾ ਹੈ। ਇਹੀ ਇੱਕ ਵੱਡਾ ਕਾਰਨ ਹੈ ਕਿ ਸਾਨੂੰ ਬਾਣੀ ਦੇ ਪੁਸਤਕ ਰੂਪ ਅਤੇ ਗੁਰੂ ਰੂਪ ਵਿਚਲੇ ਅੰਤਰ ਬਾਰੇ ਸੁਚੇਤ ਹੋਣ ਦੀ ਲੋੜ ਹੈ। ਬੜੀ ਹੈਰਾਨੀ ਹੁੰਦੀ ਹੈ ਜਦੋਂ ਵੱਡੇ-ਵੱਡੇ ਵਿਦਵਾਨਾਂ ਦੇ ਮੂਹੋਂ ਸੁਣਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਈਸਵੀ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ‘ਗੁਰੂ’ ਗ੍ਰੰਥ ਸਾਹਿਬ ਦਾ ਪਰਕਾਸ਼ ਕੀਤਾ ਗਿਆ ਜਦੋਂ ਕਿ ਹਕੀਕਤ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗ੍ਰੰਥ ਸਾਹਿਬ ਨੂੰ ਗਿਆਰ੍ਹਵੇਂ ਗੁਰੂ ਦੇ ਤੌਰ ਤੇ ਗੁਰਗੱਦੀ 1708 ਈਸਵੀ ਵਿੱਚ ਦਿੱਤੀ ਗਈ ਸੀ ਅਤੇ 1604 ਈਸਵੀ ਵਿੱਚ ਦਰਬਾਰ ਸਾਹਿਬ ਵਿਖੇ ਕੇਵਲ ਪੁਸਤਕ ਰੂਪ (ਪੋਥੀ ਸਾਹਿਬ) ਦਾ ਹੀ ਪਰਕਾਸ਼ ਕੀਤਾ ਗਿਆ ਸੀ। ਗ੍ਰੰਥ ਸਾਹਿਬ ਨੂੰ ਪੁਸਤਕ ਕਹਿ ਦੇਣ ਨਾਲ ਉਸ ਦੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ। ਗ੍ਰੰਥ ਸਾਹਿਬ ਅਜਿਹਾ ਲਾਸਾਨੀ ਸੰਕਲਨ ਹੈ ਜਿਸ ਦਾ ਪੁਸਤਕ ਦੇ ਤੌਰ ਤੇ ਰੁਤਬਾ ਬਹੁਤ ਉਚਾ ਹੈ। ਇਸ ਰੁਤਬੇ ਦੇ ਮਹੱਤਵ ਦੀ ਹਰ ਜਾਗਰੂਕ ਅਤੇ ਸੁਹਿਰਦ ਸਿੱਖ ਨੂੰ ਸਮਝ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਖੁਦ ਪੋਥੀ ਸਾਹਿਬ ਨੂੰ ਆਪਣੇ ਸੀਸ ਤੇ ਸ਼ੁਸ਼ੋਭਿਤ ਕਰ ਕੇ ਦਰਬਾਰ ਸਾਹਿਬ ਤਕ ਲੈ ਕੇ ਗਏ ਸਨ ਅਤੇ ਰਾਤ ਸਮੇਂ ਉਹ ਇਸ ਪੁਸਤਕ ਰੂਪ ਸਾਹਵੇਂ ਭੋਇਂ ਤੇ ਹੀ ਆਪਣਾਂ ਆਸਣ ਲਗਾਇਆ ਕਰਦੇ ਸਨ। ਅਸੀਂ ਵੀ ਉਹੋ ਜਿਹਾ ਸਤਿਕਾਰ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਨੂੰ ਕਿਆਸ ਕਰਦੇ ਹੋਏ ਪਰਗਟ ਕਰ ਸਕਦੇ ਹਾਂ। ਗ੍ਰੰਥ ਸਾਹਿਬ ਦੇ ਪੁਸਤਕ ਰੂਪ ਨੂੰ ‘ਗੁਰੂ’ ਰੂਪ ਕਹਿੰਦੇ ਹੋਏ ਜਿਸ ਕਰਮ-ਕਾਂਡ ਨੂੰ ਅਸੀਂ ਅਪਣਾਇਆ ਹੋਇਆ ਹੈ ਉਹ ਮੂਰਤੀ-ਪੂਜਾ ਦੀ ਨਿਆਂਈਂ ਹੈ ਜਿਸ ਦੀ ਸਿੱਖ ਮੱਤ ਵਿੱਚ ਸਖਤ ਮਨਾਹੀ ਹੈ।
ਹੁਣ ਜਨਵਰੀ ਵਿੱਚ ਹੋਈ ਵਿਸ਼ੇਸ਼ ਵਿਚਾਰ-ਚਰਚਾ ਵੱਲ ਮੁੜਦੇ ਹਾਂ। ਸਾਰੀ ਵਿਚਾਰ-ਚਰਚਾ ਸ੍ਰੀ ਗ੍ਰੰਥ ਸਾਹਿਬ (ਗ੍ਰੰਥ ਸਾਹਿਬ ਦੇ ਪੁਸਤਕ ਰੂਪ) ਬਾਰੇ ਸੀ ਨਾ ਕਿ ਗੁਰੂ ਰੂਪ ਬਾਰੇ। ਬਾਣੀ ਦੀ ਚੋਣ, ਬਾਣੀ ਦੀ ਤਰਤੀਬ, ਪੁਨਰ-ਸੰਪਾਦਨਾ ਅਤੇ ਬਾਣੀ ਦੀ ਭਾਸ਼ਾ, ਲਿਪੀ ਅਤੇ ਵਿਆਕਰਨ ਦੇ ਵਿਸ਼ੇ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਨਾਲ ਹੀ ਸਬੰਧਤ ਹਨ। ਪਰੰਤੂ ਸਾਰੇ ਵਿਦਵਾਨ ਪੁਸਤਕ ਰੂਪ ਲਈ ‘ਗੁਰੂ’ ਸ਼ਬਦ ਦਾ ਪਰਯੋਗ ਕਰਦੇ ਰਹੇ ਹਨ। ਦੂਸਰੇ ਪਾਸੇ ਕਿਸੇ ਵਿਦਵਾਨ ਨੇ ਸ੍ਰੀ ਗ੍ਰੰਥ ਸਾਹਿਬ ਦੇ ਅਜੋਕੇ ਰੂਪ ਭਾਵ ਛਾਪੇ ਵਾਲੀ ਬੀੜ ਦੇ ਹੋਂਦ ਵਿੱਚ ਆਉਣ ਦੇ ਪਿਛੋਕੜ ਵਿੱਚ ਜਾਣ ਦੀ ਖੇਚਲ ਨਹੀਂ ਕੀਤੀ। ਇਸ ਪਿਛੋਕੜ ਦੀ ਜਾਣਕਾਰੀ ਨੂੰ ਸਾਹਮਣੇ ਰੱਖੇ ਬਗੈਰ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਰਚਨਾਂ ਸਬੰਧੀ ਕੋਈ ਚਰਚਾ ਸੰਪੂਰਨ ਨਹੀਂ ਕਹੀ ਜਾ ਸਕਦੀ। ਜਿਵੇਂ ਕਿ ਸਿੱਖ-ਮਾਰਗ ਵੈਬਸਾਈਟ ਤੇ ਪਹਿਲਾਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਆਦਿ ਗ੍ਰੰਥ (ਪੋਥੀ ਸਾਹਿਬ) ਧੀਰ ਮੱਲ ਜੀ ਦੇ ਵੰਸ਼ਜਾਂ ਭਾਵ ਕਰਤਾਰਪੁਰ (ਜਲੰਧਰ ਨੇੜਲੇ) ਦੇ ਸੋਢੀ ਪਰਿਵਾਰ ਦੇ ਹੱਥੀਂ ਆਉਣ ਪਿੱਛੋਂ ਅਲੋਪ ਹੋ ਗਈ ਸੀ ਅਤੇ ਅੱਜ ਸਿੱਖ ਕੌਮ ਕੋਲ ਨਾ ਤਾਂ ਮੌਲਿਕ ਆਦਿ ਗ੍ਰੰਥ ਮੌਜੂਦ ਹੈ ਨਾਂ ਹੀ ਇਸਦਾ ਕੋਈ ਹੂਬਹੂ ਉਤਾਰਾ (ਇਹ ਗਲਤ ਪਰਚਾਰ ਕੀਤਾ ਜਾਂਦਾ ਹੈ ਕਿ ਕਿਸੇ ਸਮੇਂ ਆਦਿ ਗ੍ਰੰਥ ਦੇ ਕੋਈ ਉਤਾਰੇ ਹੋਏ ਸਨ)। ਭਾਈ ਬੰਨੋਂ ਵਾਲੀ ਬੀੜ ਆਦਿ ਗ੍ਰੰਥ ਦਾ ਉਤਾਰਾ ਤਾਂ ਸੀ ਪਰ ਇਸ ਵਿੱਚ ਦੋ ਸ਼ਬਦ ਵਾਧੂ ਸਨ -– ਇੱਕ ਸੂਰਦਾਸ (ਪਹਿਲਾ) ਦਾ ਸ਼ਬਦ “ਛਾਡਿ ਮਨ ਹਰਿ ਬੇਮੁਖਨ ਕੋ ਸੰਗ” ਅਤੇ ਦੂਸਰਾ ਮੀਰਾਬਾਈ ਦਾ ਸ਼ਬਦ “ਮਨ ਹਮਾਰਾ ਬਾਧਿਓ ਮਾਈ”। ਬਾਦ ਵਿੱਚ ਭਾਈ ਬੰਨੋਂ ਵਾਲੀ ਬੀੜ ਵੀ ਅਲੋਪ ਹੋ ਗਈ ਪਰੰਤੂ ਉਦੋਂ ਤਕ ਇਸ ਦੇ ਕਈ ਉਤਾਰੇ ਅਤੇ ਉਹਨਾਂ ਦੇ ਅੱਗੇ ਹੋਰ ਉਤਾਰੇ ਪਰਚਲਤ ਹੋ ਚੁੱਕੇ ਸਨ ਜਿਹਨਾਂ ਵਿੱਚ ਆਦਿ ਗ੍ਰੰਥ ਨਾਲੋਂ ਬਹੁਤ ਜ਼ਿਆਦਾ ਫਰਕ ਪਾ ਦਿੱਤਾ ਗਿਆ ਹੋਇਆ ਸੀ। ਇਹੋ ਜਿਹਾ ਹੀ ਭਾਈ ਬੰਨੋਂ ਵਾਲੀ ਬੀੜ ਦਾ ਇੱਕ ਅਤਿ ਵਿਗੜਿਆ ਹੋਇਆ ਉਤਾਰੇ ਦਾ ਉਤਾਰਾ ਧੀਰ ਮੱਲ ਜੀ ਦੇ ਵੰਸ਼ਜਾਂ ਵੱਲੋਂ ਕਰਤਾਰਪੁਰ (ਜਲੰਧਰ ਨੇੜਲੇ) ਵਿਖੇ ਰੱਖ ਲਿਆ ਗਿਆ ਜਿਸ ਨੂੰ ਉਹ ਅੱਜ ਤੀਕਣ ਆਦਿ ਗ੍ਰੰਥ ਦਾ ਨਾਮ ਦਿੰਦੇ ਆ ਰਹੇ ਹਨ। ਦਮਦਮੀ ਬੀੜ ਜੋ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਈ ਸੀ (ਬੀੜ ਤਿਆਰ ਕਰਵਾਉਣ ਦਾ ਸਮਾਂ ਅਤੇ ਸਥਾਨ ਸਪਸ਼ਟ ਨਹੀਂ) ਉਹ ਅਠਾਰ੍ਹਵੀਂ ਸਦੀ ਦੇ ਦੂਸਰੇ ਅੱਧ ਵਿੱਚ ਵਾਪਰੇ ਵੱਡੇ ਘੱਲੂਘਾਰੇ ਸਮੇਂ ਸਿੱਖਾਂ ਦੇ ਹੱਥੋਂ ਨਿਕਲ ਗਈ। ਇਸ ਬੀੜ ਦਾ ਵੀ ਕੋਈ ਹੂਬਹੂ ਉਤਾਰਾ ਉਪਲਭਧ ਨਹੀਂ। ਸੋ ਸਪਸ਼ਟ ਹੈ ਕਿ ਅਠਾਰ੍ਹਵੀਂ ਸਦੀ ਈਸਵੀ ਦੇ ਪਿਛਲੇਰੇ ਹਿੱਸੇ ਤੋਂ ਲੈ ਕੇ ਸਿੱਖ ਕੌਮ ਕੋਲ ਨਾਂ ਤਾਂ ਆਦਿ ਗ੍ਰੰਥ ਦੀ ਬੀੜ (ਪੋਥੀ ਸਾਹਿਬ) ਹੀ ਰਹੀ, ਨਾ ਦਮਦਮੀ ਬੀੜ ਅਤੇ ਨਾ ਭਾਈ ਬੰਨੋਂ ਵਾਲੀ ਬੀੜ; ਅਤੇ ਨਾ ਹੀ ਇਹਨਾਂ ਤਿੰਨਾਂ ਬੀੜਾਂ ਵਿਚੋਂ ਕਿਸੇ ਦਾ ਕੋਈ ਹੂਬਹੂ ਉਤਾਰਾ ਹੀ ਉਪਲਭਧ ਹੈ।
ਅਜਿਹੀਆਂ ਇਤਹਾਸਿਕ ਪ੍ਰਸਥਿਤੀਆਂ ਦੇ ਪਿਛੋਕੜ ਵਿੱਚ ਉਨ੍ਹੀਵੀਂ ਸਦੀ ਦੌਰਾਨ ਲਿਖਾਰੀਆਂ ਨੇ ਕੁੱਝ ਬੀੜਾਂ ਤਿਆਰ ਕੀਤੀਆਂ ਪਰੰਤੂ ਇਹਨਾਂ ਬੀੜਾਂ ਲਈ ਲਿਖਾਰੀਆਂ ਨੂੰ ਮਜਬੂਰੀ ਵੱਸ ਭਾਈ ਬੰਨੋਂ ਵਾਲੀ ਬੀੜ ਦੇ ਉਤਾਰਿਆਂ (ਕਰਤਾਰਪੁਰੀ ਬੀੜ ਸਮੇਤ) ਤੇ ਹੀ ਨਿਰਭਰ ਹੋਣਾ ਪਿਆ। ਇਸ ਪ੍ਰੀਕਿਰਿਆ ਰਾਹੀਂ ਸ੍ਰੀ ਗ੍ਰੰਥ ਸਾਹਿਬ ਵਿੱਚ ਰਾਗਮਾਲਾ (ਜੋ ਕਰਤਾਰਪੁਰੀ ਬੀੜ ਵਿੱਚ ਵੀ ਦਰਜ ਹੈ) ਦੀ ਮੌਜੂਦਗੀ ਸਮੇਤ ਕਈ ਭੁੱਲਾਂ-ਤਰੁੱਟੀਆਂ ਸ਼ਾਮਲ ਹੋ ਗਈਆਂ ਹਨ। ਉਘੇ ਵਿਦਵਾਨ ਪਿਆਰ ਸਿੰਘ ਨੇ ਬੀੜਾਂ ਦੇ ਵਿਸ਼ੇ ਤੇ ਡੂੰਘੀ ਖੋਜ ਕਰ ਕੇ ਹੋਰਨਾਂ ਤੱਥਾਂ ਦੇ ਨਾਲ-ਨਾਲ ਇਹਨਾਂ ਭੁੱਲਾਂ-ਤਰੁੱਟੀਆਂ ਦਾ ਆਪਣੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਵਿਚਾਰ-ਅਧੀਨ ਚਰਚਾ ਦੌਰਾਨ ਸ. ਸਰਵਜੀਤ ਸਿੰਘ ਵੱਲੋਂ 09 ਜਨਵਰੀ ਦੇ ਪੱਤਰ ਵਿੱਚ ਇਹਨਾਂ ਭੁੱਲਾਂ-ਤਰੁੱਟੀਆਂ ਵਿਚੋਂ ਕੁੱਝ ਕੁ ਵੱਲ ਧਿਆਨ ਦੁਆਇਆ ਗਿਆ ਹੈ। ਹੁਣ ਇਹਨਾਂ ਭੁੱਲਾਂ-ਤਰੁੱਟੀਆਂ ਨੂੰ ਦੂਰ ਕਰਕੇ ਹੀ ਸ੍ਰੀ ਗ੍ਰੰਥ ਸਾਹਿਬ ਦੇ ਸੰਸਾਰ ਦਾ ਸ੍ਰੇਸ਼ਟ ਧਾਰਮਿਕ ਗ੍ਰੰਥ ਹੋਣ ਦਾ ਦਾਵਾ ਕੀਤਾ ਜਾ ਸਕਦਾ ਹੈ ਨਾ ਕਿ ਫੋਕੀ ‘ਧੰਨ-ਧੰਨ’ ਕਰ ਕੇ। ਜੇਕਰ ਉਨ੍ਹੀਵੀਂ ਸਦੀ ਦੇ ਲਿਖਾਰੀਆਂ ਵੱਲੋਂ ਵਿਅਕਤੀਗਤ ਤੌਰ ਤੇ ਸੋਧ-ਸੁਧਾਈਆਂ ਕਰਦੇ ਹੋਏ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਸੁਰਜੀਤ ਕਰ ਕੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰਨ ਸਮੇਂ ਗ੍ਰੰਥ ਸਾਹਿਬ ਦੇ ‘ਗੁਰੂ’ ਰੂਪ ਦਾ ਕੋਈ ਨਿਰਾਦਰ ਨਹੀਂ ਹੋਇਆ ਤਾਂ ਅੱਜ ਸਿੱਖ ਕੌਮ ਇਸ ਵਿੱਚ ਅਨਜਾਣੇ ਵਿੱਚ ਰਹਿ ਗਈਆਂ ਭੁੱਲਾਂ-ਤਰੁੱਟੀਆਂ ਨੂੰ ਦੂਰ ਕਰਕੇ ਇੱਕ ਮਾਡਲ ਅਤੇ ਪ੍ਰਮਾਣਿਕ ਬੀੜ ਕਿਉਂ ਨਹੀਂ ਤਿਆਰ ਕਰ ਸਕਦੀ? ਇਸ ਕਾਰਜ ਰਾਹੀਂ ਸ੍ਰੀ ਗ੍ਰੰਥ ਸਾਹਿਬ ਦੀ ਪੁਨਰ-ਸੰਪਾਦਨਾ ਨਹੀਂ ਹੋ ਰਹੀ ਹੋਵੇਗੀ ਸਗੋਂ ਗ੍ਰੰਥ ਸਾਹਿਬ ਦੇ ਗੁਰੂ ਰੂਪ ਭਾਵ ਗੁਰਬਾਣੀ ਦੇ ਫਲਸਫੇ ਅਤੇ ਉਪਦੇਸ਼ ਨੂੰ ਪੂਰੀ ਮਾਨਤਾ ਦਿੰਦਿਆਂ ਹੋਇਆਂ ਸੁਹਿਰਦਤਾ ਨਾਲ ਕੀਤੇ ਇਸ ਸੋਧ-ਕਾਰਜ ਰਾਹੀਂ ਗੁਰੂ ਘਰ ਦੀ ਸੇਵਾ ਹੀ ਨਿਭਾਈ ਜਾ ਰਹੀ ਹੋਵੇਗੀ।
ਉਪਰੋਕਤ ਸਵਾਲ ਦਾ ਇੱਕ ਹਿੱਸਾ ਹੈ “ਸੰਪੂਰਨ ਗਿਆਨ ਦੇ ਗੁਰੂ”। ਕੀ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਬਾਰੇ ਇਹੋ ਜਿਹਾ ਸਵਾਲ ਸਾਹਮਣੇ ਰੱਖ ਕੇ ਅਸੀਂ ਉਸ ਦਾ ਇਮਤਿਹਾਨ ਨਹੀਂ ਲੈ ਰਹੇ? ਜੇ ਕਰ ਅਸੀਂ ਇਹ ਸਵਾਲ ਗੁਰੂ ਰੂਪ ਬਾਰੇ ਕਰਦੇ ਹਾਂ ਤਾਂ ਇਹ ਹੋਰ ਵੀ ਗੰਭੀਰ ਸਥਿਤੀ ਬਣ ਜਾਂਦੀ ਹੈ। ਕਿਸੇ ਵੀ ਗੁਰੂ ਸਾਹਿਬ ਨੇ ਕਦੀ ਇਹ ਦਾਵਾ ਨਹੀਂ ਕੀਤਾ ਕਿ ਉਹ ਜੋ ਗਿਆਨ ਦੇ ਚੱਲੇ ਹਨ ਉਹ ਇਸ ਸੰਸਾਰ ਲਈ ਅੰਤਿਮ ਹੈ। ਤਾਂ ਅਸੀਂ ਇਹ ਕਿਉਂ ਕਹਿਣਾ ਚਾਹੁੰਦੇ ਹਾਂ ਕਿ ਸ੍ਰੀ ਗ੍ਰੰਥ ਸਾਹਿਬ ਸੰਪੂਰਨ ਗਿਆਨ ਦੇ ‘ਗੁਰੂ’ ਹਨ। ਗਿਆਨ ਤਾਂ ਇੱਕ ਐਸੀ ਚੀਜ਼ ਹੈ ਜੋ ਕਦੇ ਸੰਪੂਰਨ ਹੁੰਦੀ ਹੀ ਨਹੀਂ, ਇਸ ਦਾ ਘੇਰਾ ਹਰ ਪਲ ਵਿਸਤਰਤ ਹੁੰਦਾ ਰਹਿੰਦਾ ਹੈ। ਗਿਆਨ ਸਦਾ ਤੱਥ-ਅਧਾਰਿਤ ਹੁੰਦਾ ਹੈ ਅਤੇ ਸਮਾਂ ਬੀਤਣ ਨਾਲ ਤੱਥ ਬਦਲਦੇ ਰਹਿੰਦੇ ਹਨ, ਕੁੱਝ ਕੁ ਦਾ ਨਕਾਰਣ ਹੁੰਦਾ ਰਹਿੰਦਾ ਹੈ ਅਤੇ ਕੁੱਝ ਕੁ ਦਾ ਆਗਮਨ ਹੋ ਜਾਂਦਾ ਹੈ। ਬ੍ਰਹਮੰਡ ਦੇ ਨਿਯਮਾਂ ਦੀ ਵਿਆਖਿਆ ਵੀ ਬਦਲਦੀ ਰਹਿੰਦੀ ਹੈ। ਇੱਥੋਂ ਤਕ ਕਿ ਨੈਤਿਕਤਾ ਅਤੇ ਅਧਿਆਤਮਕਤਾ ਦੇ ਪੈਮਾਨੇ ਵੀ ਤਬਦੀਲ ਹੁੰਦੇ ਰਹਿੰਦੇ ਹਨ। ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਂ ਅਜਿਹੇ ਤੱਥਾਂ, ਨਿਯਮਾਂ ਅਤੇ ਪੈਮਾਨਿਆਂ ਦੀ ਮੁਥਾਜ ਨਹੀਂ। ਬਾਣੀ ਦਾ ਸੰਕਲਨ ਕੋਈ ਇਨਸਾਈਕਲੋਪੀਡੀਆ ਤਿਆਰ ਕਰਨ ਦੇ ਮਨਸ਼ੇ ਨਾਲ ਨਹੀਂ ਸੀ ਕੀਤਾ ਗਿਆ। ਇਸ ਦਾ ਮਕਸਦ ਮਨੁੱਖੀ ਜੀਵਨ-ਜਾਚ ਅਤੇ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਮਾਨਵਵਾਦ ਦਾ ਫਲਸਫਾ ਦੇਣਾਂ ਸੀ ਜੋ ਨਾ ਕੇਵਲ ਪੂਰਨ ਤੌਰ ਤੇ ਤਰਕ ਤੇ ਅਧਾਰਿਤ ਹੈ ਸਗੋਂ ਯੂਰਪ ਵਿੱਚ ਪਰਚਲਤ ਹੋਣ ਤੋਂ ਤਿੰਨ ਸੌ ਸਾਲ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰੀਭਾਸ਼ਤ ਕਰ ਦਿੱਤਾ ਗਿਆ ਸੀ। ਇਸ ਫਲਸਫੇ ਦੇ ਤਿੰਨੇਂ ਅੰਗ -- ਮਨੁੱਖੀ ਹਿਤ, ਮਨੁੱਖੀ ਕਦਰਾਂ-ਕੀਮਤਾਂ ਅਤੇ ਮਨੁੱਖੀ ਵਕਾਰ -- ਸਮਾਂ ਬੀਤਣ ਨਾਲ ਵੀ ਅਟੱਲ ਹੀ ਰਹਿਣਗੇ। ਸਿੱਖ ਸ਼ਰਧਾਲੂਆਂ ਵੱਲੋਂ ਇਹ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੱਡੇ ਸਾਇੰਸਦਾਨ ਸਨ ਅਤੇ ਜੋ ਲੱਭਤਾਂ ਵਿਗਿਆਨ ਅੱਜ ਦੇ ਰਹੀ ਹੈ ਉਹ ਗੁਰੂ ਨਾਨਕ ਦੇਵ ਪਹਿਲਾਂ ਹੀ ਦੇ ਚੁੱਕੇ ਹਨ। ਇਸ ਸਬੰਧ ਵਿੱਚ ਸੰਸਾਰ ਦੇ ਲੋਕਾਂ ਵੱਲੋਂ ਸਾਨੂੰ ਇਹ ਸਵਾਲ ਹੋ ਸਕਦਾ ਹੈ ਕਿ ਕੀ ਗ੍ਰੰਥ ਸਾਹਿਬ ਵਿੱਚ ਰੇਲ ਗੱਡੀ, ਹਵਾਈ ਜਹਾਜ਼, ਰੇਡੀਓ/ਟੀਵੀ, ਫੋਨ ਆਦਿਕ ਬਣਾਉਣ ਦਾ ਗਿਆਨ ਸ਼ਾਮਿਲ ਹੈ? ਜਾਂ ਕੀ ਇਸ ਵਿੱਚ ਭੌਤਿਕ ਵਿਗਿਆਨ ਜਾਂ ਰਸਾਇਣ-ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਦਾ ਵਰਨਣ ਹੈ? ਸਚਾਈ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਸਾਇੰਸਦਾਨ ਨਹੀਂ ਸਨ ਪਰੰਤੂ ਜੀਵਨ-ਜਾਚ ਨਿਰਧਾਰਤ ਕਰਨ ਸਬੰਧੀ ਉਹਨਾਂ ਦੀ ਪਹੁੰਚ ਪੂਰੀ ਤਰ੍ਹਾਂ ਵਿਗਿਆਨਕ ਸੀ ਅਤੇ ਇਹਯੋ ਹੀ ਉਹਨਾਂ ਦੀ ਵਡਿਆਈ ਸੀ।
ਜੇ ਕਰ ਵਿਚਾਰ-ਚਰਚਾ ਦੇ ਵਿਸ਼ੇ ਵਿੱਚ “ੴ ਤੋਂ ਮੁੰਦਾਵਣੀ ਤਕ” ਸ਼ਬਦਾਂ ਰਾਹੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰਾਗਮਾਲਾ ਗੁਰਬਾਣੀ ਦਾ ਹਿੱਸਾ ਹੈ ਕਿ ਨਹੀਂ, ਇਸ ਪਹਿਲੂ ਤੇ ਪਹਿਲਾਂ ਵੀ ਕਾਫੀ ਚਰਚਾ ਹੁੰਦੀ ਰਹੀ ਹੈ ਅਤੇ ਬਹੁ-ਮੱਤ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦਾ। ਪਰੰਤੂ ਬੀੜਾਂ ਰਾਗਮਾਲਾ ਤੋਂ ਬਗੈਰ ਛਾਪੀਆਂ ਜਾਣ, ਕਿਸੇ ਵੱਲੋਂ ਅਜਿਹਾ ਜ਼ੋਰ ਦੇ ਕੇ ਨਹੀਂ ਕਿਹਾ ਜਾ ਰਿਹਾ, ਇਸ ਵਿਚਾਰ-ਚਰਚਾ ਦੌਰਾਨ ਵੀ ਅਜਿਹਾ ਵੇਖਣ ਵਿੱਚ ਨਹੀਂ ਆਇਆ।
ਸ੍ਰੀ ਗ੍ਰੰਥ ਸਾਹਿਬ ਦਾ ਇੱਕ ਹੋਰ ਪਹਿਲੂ ਜੋ ਵਿਚਾਰ-ਚਰਚਾ ਦੌਰਾਨ ਉਭਰਨਾ ਚਾਹੀਦਾ ਸੀ ਉਹ ਗੁਰਬਾਣੀ ਅਧਿਐਨ ਨਾਲ ਸਬੰਧਿਤ ਹੈ। ਵਿਦਵਾਨ ਪਿਆਰ ਸਿੰਘ ਨੂੰ ਤਾਂ ਗੁਰਬਾਣੀ ਸਬੰਧੀ ਸੁਹਿਰਦਤਾ ਨਾਲ ਖੋਜ ਕਰਨ ਬਦਲੇ ਸ੍ਰੀ ਅਕਾਲ ਤਖਤ ਤੋਂ ਸਜ਼ਾ ਨਾਲ ਨਿਵਾਜਿਆ ਗਿਆ ਅਤੇ ਉਹਨਾਂ ਦੇ ਇਸ ਖੋਜ-ਕਾਰਜ ਦੇ ਅਧਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਵੱਲੋਂ ਛਾਪੀ ਗਈ ਪੁਸਤਕ ਨੂੰ ਜ਼ਬਤ ਕਰਵਾ ਦਿੱਤਾ ਗਿਆ। ਪਰੰਤੂ ਇਸ ਸਥਿਤੀ ਦੇ ਸਨਮੁਖ ਹੁਣ ਕੋਈ ਵੀ ਸੁਹਿਰਦ ਵਿਦਵਾਨ ਗੁਰਬਾਣੀ ਸਬੰਧੀ ਗੰਭੀਰ ਖੋਜ-ਕਾਰਜ ਹੱਥ ਵਿੱਚ ਲੈਣ ਦਾ ਹੀਆ ਨਹੀਂ ਕਰ ਰਿਹਾ ਅਤੇ ਅਜਿਹੇ ਖੋਜ-ਕਾਰਜ ਵਿੱਚ ਪੂਰੀ ਤਰ੍ਹਾਂ ਖੜੋਤ ਆ ਚੁੱਕੀ ਹੈ। ਵੇਖਣ ਨੂੰ ਯੂਨੀਵਰਸਟੀਆਂ ਵਿੱਚ ਗੁਰਬਾਣੀ ਅਧਿਐਨ ਦੇ ਵਿਭਾਗ ਖੁਲ੍ਹੇ ਹੋਏ ਹਨ ਅਤੇ ਪੰਜਾਬ ਵਿੱਚ ਗ੍ਰੰਥ ਸਾਹਿਬ ਦੇ ਨਾਮ ਤੇ ਇੱਕ ਯੂਨੀਵਰਸਟੀ ਵੀ ਸਥਾਪਤ ਹੋ ਚੁੱਕੀ ਹੈ। ਬਦੇਸ਼ਾਂ ਵਿੱਚ ਵੀ ਗੁਰਬਾਣੀ/ਸਿੱਖੀ ਅਧਿਐਨ ਦੇ ਕਈ ਇਦਾਰੇ/ਵਿਭਾਗ ਖੁਲ੍ਹੇ ਹੋਏ ਹਨ। ਪਰੰਤੂ ਇਸ ਖੇਤਰ ਵਿੱਚ ਡੂੰਘਾ ਖੋਜ-ਕਾਰਜ ਨਹੀਂ ਹੋ ਰਿਹਾ। ਹੁਣੇ ਜਿਹੇ ਇਹ ਖਬਰ ਆਈ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਸੰਤਾਲੀ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਗ੍ਰੰਥ ਸਾਹਿਬ ਅਧਿਐਨ ਕੇਂਦਰ ਖੋਲ੍ਹਿਆ ਜਾ ਰਿਹਾ ਹੈ। ਹੁਣ ਜੇਕਰ ਕੋਈ ਪੁੱਛੇ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਜੋ ਆਪੇ ਖੋਜ ਕਰਵਾ ਕੇ ਅਤੇ ਸਬੰਧਤ ਖੋਜ-ਪ੍ਰਬੰਧ ਦੀਆਂ ਆਪਣੀ ਪ੍ਰੈਸ ਰਾਹੀਂ ਪੰਜ ਸੌ ਕਾਪੀਆਂ ਛਪਵਾ ਕੇ ਪਿਆਰ ਸਿੰਘ ਦੀ ਪੁਸਤਕ ਨੂੰ ਰਿਲੀਜ਼ ਨਾ ਕਰਵਾ ਸਕੀ ਅਤੇ ਆਪਣੇ ਉਚਕੋਟੀ ਦੇ ਵਿਦਵਾਨ ਅਧਿਆਪਕ ਅਤੇ ਲੇਖਕ ਦਾ ਨਿਰਾਦਰ ਹੁੰਦਾ ਵੇਖਦੀ ਰਹੀ, ਉਹ ਨਵੇਂ ਬਣਨ ਜਾ ਰਹੇ ਕੇਂਦਰ ਰਾਹੀਂ ਗ੍ਰੰਥ ਸਾਹਿਬ ਸਬੰਧੀ ਕਿੰਨਾਂ ਕੁ ਅਤੇ ਕਿਹੋ ਜਿਹਾ ਅਧਿਐਨ ਅਤੇ ਖੋਜ-ਕਾਰਜ ਕਰਵਾ ਸਕੇਗੀ, ਇਸ ਦਾ ਉਸ ਯੂਨੀਵਰਸਟੀ ਕੋਲ ਕੀ ਜੁਆਬ ਹੈ? ਇਸ ਯੂਨੀਵਰਸਟੀ ਨੂੰ ਗ੍ਰੰਥ ਸਾਹਿਬ ਸਬੰਧੀ ਅਧਿਐਨ ਦਾ ਨਵਾਂ ਕੇਂਦਰ ਸਥਾਪਤ ਕਰਨ ਦਾ ਹੱਕ ਤਾਂ ਹੀ ਜਾਂਦਾ ਹੈ ਜੇਕਰ ਉਹ ਪਹਿਲਾਂ ਆਪਣੇ ਵੱਲੋਂ 1992 ਵਿੱਚ ਛਾਪੀ ਪਿਆਰ ਸਿੰਘ ਰਚਿਤ ਖੋਜ-ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਨੂੰ ਰਿਲੀਜ਼ ਕਰਵਾ ਲਵੇ।
ਆਖਰ ਵਿੱਚ ਵਿਚਾਰ-ਚਰਚਾ ਦੇ ਅੰਤ ਤੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਵੱਲੋਂ ਦਿੱਤੇ ਗਏ ਵਿਚਾਰਾਂ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ। ਉਹ ਕਹਿੰਦੇ ਹਨ, “ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ, ਗੁਰੂ ਨਾਨਕ ਦੇਵ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿੰਨ ਭਿੰਨ ਨਹੀਂ, ਇਕੋ ਹੀ ਹਨ। “ਭਾਵ ਉਹ ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ, ਗੁਰੂ ਨਾਨਕ ਦੇਵ ਅਤੇ ਸ੍ਰੀ ਗ੍ਰੰਥ ਸਾਹਿਬ ਸ਼ਬਦ-ਰੂਪਾਂ ਨੂੰ ਇੱਕ ਦੂਜੇ ਦੇ ਪਰਿਆਇਵਾਚੀ
(synonyms) ਦੇ ਤੌਰ ਤੇ ਲੈਂਦੇ ਹਨ। ਹੁਣ ਅਸੀਂ ਇਹਨਾਂ ਸਾਰੇ ਸ਼ਬਦ-ਰੂਪਾਂ ਦੇ ਅਰਥ ਵੇਖਦੇ ਹਾਂ:
ਅਕਾਲ ਪੁਰਖ = ਪਰਮਾਤਮਾਂ ਸਤਿਗੁਰੂ = ਪਰਮਾਤਮਾਂ
ਸ਼ਬਦ ਗੁਰੂ = ਉਹ ਭਾਸ਼ਾਈ ਰਚਨਾਂ ਜਿਸ ਵਿੱਚ ਉਸ ਇੱਕ ਪਰਮਾਤਮਾਂ ਦੀ ਸਿਫਤ-ਸਰਾਹਨਾਂ ਕੀਤੀ ਗਈ ਹੋਵੇ ( ‘ਗੁਰਬਾਣੀ’ ਅਤੇ ‘ਧੁਰ ਕੀ ਬਾਣੀ’ ਦੇ ਅਰਥ ਵੀ ਇਹੀ ਹਨ)
ਗੁਰੂ ਨਾਨਕ ਦੇਵ = ਸਿੱਖ ਮੱਤ ਦੇ ਪਹਿਲੇ ਗੁਰੂ ਸਾਹਿਬ
ਗ੍ਰੰਥ ਸਾਹਿਬ = ਸਿੱਖ ਮੱਤ ਦਾ ਧਾਰਮਿਕ ਗ੍ਰੰਥ (ਪੁਸਤਕ ਰੂਪ ਵਿਚ)
= ਸਿੱਖ ਮੱਤ ਦੇ ਗਿਆਰ੍ਹਵੇਂ ਗੁਰੂ ਸਾਹਿਬ (ਗੁਰਬਾਣੀ ਦੇ ਫਲਸਫੇ ਅਤੇ ਉਪਦੇਸ਼ ਦੇ ਰੂਪ ਵਿਚ)
ਉਪਰੋਕਤ ਤੋਂ ਸਪਸ਼ਟ ਹੈ ਕਿ ਉਪੱਰ ਦਿੱਤੇ ਸਾਰੇ ਸ਼ਬਦ-ਰੂਪ ਇੱਕ ਦੂਜੇ ਦੇ ਪਰਿਆਇਵਾਚੀ ਨਹੀਂ। (‘ਅਕਾਲ ਪੁਰਖ’ ਅਤੇ ‘ਸਤਿਗੁਰੂ’ ਦੇ ਵੀ ਸ਼ਾਬਦਿਕ ਅਰਥ ਅਲੱਗ ਹਨ ਭਾਵੇਂ ਕਿ ਇਥੇ ਅਸੀਂ ਵਰਤੋਂ ਨੂੰ ਲੈ ਕੇ ਉਹਨਾਂ ਨੂੰ ਆਪਸ ਵਿੱਚ ਸਮਾਨਾਰਥਕ ਮੰਨ ਸਕਦੇ ਹਾਂ ਅਤੇ ‘ਗ੍ਰੰਥ ਸਾਹਿਬ’ ਦੇ ਦੋ ਅਲੱਗ ਅਰਥ ਨਿਕਲਦੇ ਹਨ।) ਉਹਨਾਂ ਵੱਲੋਂ ਦਿੱਤੀ ਗਈ ਫੁੱਲ ਦੀ ਉਦਾਹਰਣ ਤਰਕਸੰਗਤ ਨਹੀਂ ਹੈ ਕਿਉਂਕਿ ਫੁੱਲ ਦਾ ਕੋਈ ਇੱਕ ਅੰਗ
(component) ਜਾਂ ਪਹਿਲੂ ਪੂਰਾ ਫੁੱਲ ਨਹੀਂ ਬਣ ਜਾਂਦਾ ਜਿਵੇਂ ਕੇਵਲ ਹੱਥ ਜਾਂ ਨੱਕ ਪੂਰਾ ਸ਼ਰੀਰ ਨਹੀਂ ਬਣ ਜਾਂਦਾ। ਦੂਸਰਾ, ਉਪਰੋਕਤ ਦਿੱਤੇ ਸ਼ਬਦ-ਰੂਪ ਅੱਡ-ਅੱਡ ਵਜੂਦਾਂ (entities) ਨੂੰ ਦਰਸਾਉਂਦੇ ਹਨ, ਕਿਸੇ ਇੱਕ ਨੂੰ ਨਹੀਂ। ਇਹ ਸਮਝ ਵਿੱਚ ਨਹੀਂ ਆਉਂਦਾ ਕਿ ਪ੍ਰਿੰਸੀਪਲ ਸਾਹਿਬ ਵੱਲੋਂ ਦਿੱਤੀ ਗਈ ਇਸ ਵਿਆਖਿਆ ਦਾ ਗ੍ਰੰਥ ਸਹਿਬ ਸਬੰਧੀ ਵਿਚਾਰ-ਅਧੀਨ ਵਿਸ਼ੇ ਨਾਲ ਕੀ ਸਬੰਧ ਬਣਦਾ ਹੈ। ਕੇਵਲ ‘ਧੰਨ-ਧੰਨ’ ਕਰ ਦੇਣਾ ਹੀ ਵਿਚਾਰ-ਚਰਚਾ ਨਹੀਂ ਬਣ ਜਾਂਦੀ ਜਦੋਂ ਕਿ ਚਰਚਾ ਦੌਰਾਨ ਭਾਵੁਕਤਾ ਅਧੀਨ ਦਿੱਤੀਆਂ ਤਰਕਹੀਣ ਦਲੀਲਾਂ ਨਾਲ ਪਾਠਕਾਂ ਲਈ ਭੰਬਲਭੂਸਾ ਜ਼ਰੂਰ ਪੈਦਾ ਹੋ ਜਾਂਦਾ ਹੈ।
ਸਿੱਖ-ਮਾਰਗ ਵੈਬਸਾਈਟ ਦੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਨੇ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੇ ਨਾਜ਼ੁਕ ਵਿਸ਼ੇ ਉਤੇ ਖੁੱਲ੍ਹੀ ਵਿਚਾਰ-ਚਰਚਾ ਕਰਵਾਉਣ ਦਾ ਹੌਸਲਾ ਵਿਖਾਇਆ ਹੈ। ਉਹਨਾਂ ਦੀ ਲਗਨ, ਸੁਹਿਰਦਤਾ, ਮਿਹਨਤ ਅਤੇ ਨਿਰਪੱਖਤਾ ਦੀ ਭਾਵਨਾਂ ਦੀ ਜਿਤਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਵਿਚਾਰ-ਚਰਚਾ ਦੀ ਸਮਾਪਤੀ ਤੇ ਸੰਪਾਦਕੀ ਟਿੱਪਣੀ ਵਿੱਚ ਇਹ ਕਿਹਾ ਗਿਆ ਹੈ ਕਿ ਚਰਚਾ ਠੀਕ ਤਰ੍ਹਾਂ ਨਹੀਂ ਹੋ ਸਕੀ। ਕੁੱਝ ਪੱਤਰਾਂ ਵਿੱਚ ਵੀ ਅਜਿਹੇ ਵਿਚਾਰ ਆਏ ਹਨ। ਪਰੰਤੂ ਵਿਚਾਰ-ਚਰਚਾ ਕਦੀ ਵਿਅਰਥ ਨਹੀਂ ਜਾਂਦੀ। ਵਿਚਾਰ-ਚਰਚਾ ਕਰਵਾਉਣ ਅਤੇ ਇਸ ਵਿੱਚ ਹਿੱਸਾ ਲੈਣ ਨਾਲ ਹੀ ਪਰਪੱਕ ਅਤੇ ਵਧੇਰੇ ਲਾਹੇਵੰਦ ਸੰਵਾਦ ਦਾ ਮੁੱਢ ਬੱਝਦਾ ਹੈ। ਆਸ ਹੈ ਕਿ ਸਿੱਖ-ਮਾਰਗ ਵੈਬਸਾਈਟ ਦੇ ਪ੍ਰਬੰਧਕ ਵਿਚਾਰ-ਚਰਚਾ ਦੀ ਲੜੀ ਨੂੰ ਅੱਗੇ ਵੱਲ ਨੂੰ ਤੋਰੀ ਰੱਖਣਗੇ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
ਫੋਨ: 09317910734
.