.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 19)

ਅੰਧਵਿਸ਼ਵਾਸ ਦੀਆਂ ਅਨੇਕਾਂ ਕਿਸਮਾਂ ਵਿਚੋਂ ਹੀ ਇੱਕ ਕਿਸਮ ਤੰਤਰ ਮੰਤਰ ਹੈ। ਇਸ ਦੀਆਂ ਵੀ ਕਈ ਸ਼ਾਖਾਵਾਂ ਹਨ, ਜਿਨ੍ਹਾਂ ਵਿਚੋਂ ਇੱਕ ਸ਼ਾਖਾ ਅਨੁਸਾਰ ਮੰਤ੍ਰ ਨਾਲ ਰੋਗ ਦੂਰ ਕਰਨਾ, ਕਿਸੇ ਨੂੰ ਆਪਣੇ ਵੱਸ ਕਰ ਲੈਣਾ ਅਤੇ ਕਿਸੇ ਨੂੰ ਜਾਨੋਂ ਮਾਰ ਦੇਣਾ ਆਦਿ ਦੀ ਸੰਭਾਵਨਾ ਮੰਨੀ ਜਾਂਦੀ ਹੈ। ਪਰਾਚੀਨ ਸਮੇਂ ਤੋਂ ਹੀ ਹਰੇਕ ਸਮਾਜ ਦਾ ਲਗਭਗ ਹਰੇਕ ਵਰਗ ਅੰਧਵਿਸ਼ਵਾਸ ਦਾ ਧਾਰਨੀ ਰਿਹਾ ਹੈ ਅਤੇ ਅਜੋਕੇ ਜੁਗ ਵਿੱਚ ਵੀ ਜਿਉਂ ਦਾ ਤਿਉਂ ਕਾਇਮ ਹੈ। ਤਾਂਤ੍ਰਿਕਾਂ ਦੇ ਢਹੇ ਚੜ੍ਹੇ ਹੋਏ ਕਈ ਰੋਗੀ ਆਪਣੀ ਜਾਨ ਵੀ ਗਵਾ ਬੈਠਦੇ ਹਨ। ਇੰਡੀਆਂ ਵਿੱਚ ਅਕਸਰ ਤਾਂਤ੍ਰਿਕਾਂ ਹੱਥੋਂ ਆਪਣੀ ਜਾਨ ਗਵਾਉਣ ਵਾਲਿਆਂ ਦੀਆਂ ਮੀਡੀਏ ਵਿੱਚ ਖ਼ਬਰਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਇਸ ਹਫ਼ਤੇ ਹੀ ਇੱਕ ਹਾਂਸ ਕਲਾਂ ਦੀ ਰਹਿਣ ਵਾਲੀ ਔਰਤ (ਬੀਬੀ ਬਲਜੀਤ ਕੌਰ) ਦੇ ਤਾਂਤ੍ਰਿਕਾਂ ਦੇ ਚੱਕਰ ਵਿੱਚ ਪੈ ਕੇ ਆਪਣੇ ਨਵ ਜਨਮੇ ਬੱਚੇ ਨੂੰ ਹਮੇਸ਼ਾਂ ਲਈ ਖੋਹਣ ਦੀ ਦੁਖਦਾਇਕ ਖ਼ਬਰ ਅਖ਼ਬਾਰਾਂ ਵਿੱਚ ਛਪੀ ਹੈ। (ਨੋਟ: ਇਸ ਪਿੰਡ ਵਿੱਚ ਹੀ 14 ਤਾਂਤ੍ਰਿਕ ਹਨ।)
‘ਅਖੌਤੀ ਸ਼ਰਧਾ ਪੂਰਨ’ ਦਾ ਲੇਖਕ, ਜੋ ਗੁਰਬਾਣੀ ਨੂੰ ਮੰਤ੍ਰ ਵਾਂਗ ਹੀ ਤਾਂਤ੍ਰਿਕ ਵਿਧੀ ਰਾਂਹੀ ਪੜ੍ਹਨ ਦੀ ਜੁਗਤੀ ਦਰਸਾਉਂਦਾ ਹੋਇਆ ਇਸ ਦੇ ਗਿਣਤੀ ਦੇ ਪਾਠ ਕਰਨ ਨਾਲ ਤਾਂਤ੍ਰਿਕਾਂ ਵਾਂਗ ਹੀ ਅਸੰਭਵ ਨੂੰ ਸੰਭਵ ਬਣਾਉਣ ਦੀਆਂ ਜੁਗਤੀਆਂ ਦਰਸਾ ਰਿਹਾ ਹੈ। ਜਨ-ਸਾਧਾਰਨ ਦੇ ਦਿਲ-ਦਿਮਾਗ਼ ਵਿੱਚ ਇਹ ਬੈਠਾ ਹੋਇਆ ਹੈ ਕਿ ਇਹ ਤਾਂ ਗੁਰਬਾਣੀ ਨੂੰ ਪੜ੍ਹਨ ਦੀ ਪ੍ਰੇਰਨਾ ਹੀ ਕਰ ਰਿਹਾ ਹੈ। ਅਸੀਂ ਅਜਿਹਾ ਨਹੀਂ ਸੋਚਦੇ ਕਿ ਜੇਕਰ ਅਜਿਹਾ ਸੰਭਵ ਹੁੰਦਾ ਤਾਂ ਗੁਰੂ ਸਾਹਿਬਾਨ ਇਸ ਤਰ੍ਹਾਂ ਦਾ ਕਦਮ ਉਠਾਉਣ ਤੋਂ ਕਦੀ ਵੀ ਸੰਕੋਚ ਨਾ ਕਰਦੇ। ਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਦੀ ਪ੍ਰੇਰਨਾ ਦੇਣ ਵਾਲੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਨਹੀਂ ਰਹੇ ਬਲਕਿ ਤੋੜ ਰਹੇ ਹਨ। ਗੁਰਬਾਣੀ ਨਾਲ ਤਾਂਤ੍ਰਿਕ ਵਿਧੀ ਰਾਂਹੀਂ ਗਿਣਤੀ ਦੇ ਪਾਠ ਕਰਨ ਨਾਲ ਹੀ ਨਹੀਂ ਜੁੜ ਸਕੀਦਾ ਬਲਕਿ ਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਨਾਲ ਹੀ ਸਹੀ ਅਰਥਾਂ ਵਿੱਚ ਇਸ ਨਾਲ ਜੁੜ ਸਕੀਦਾ ਹੈ।
ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਪੁਸਤਕ ਕਰਤਾ ਵਲੋਂ ਜਪੁਜੀ ਦੀ ਅਠਾਰਵੀਂ ਪਉੜੀ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਦੇ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ ਕਰਿ ਜਾਹਿ ਜੋਰ॥
ਅਰਥ:- (ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ, ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਰਥ:- ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥
ਅਰਥ:- ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿੱਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ ਕਹੈ ਵੀਚਾਰੁ॥
ਅਰਥ:- ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। (ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿੱਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ? ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ 18॥ (ਪੰਨਾ 4)
ਅਰਥ:- (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇੱਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)। ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿੱਚ ਹੀ ਰਹਿਣਾ ਠੀਕ ਹੈ; ਤੇਰੀ ਸਿਫ਼ਤਿ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿੱਚ ਰਹੀਏ)।
ਭਾਵ:- ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿੱਚ ਹੀ ਗ੍ਰਸੇ ਚਲੇ ਆ ਰਹੇ ਹਨ।
ਇਸ ਪਉੜੀ ਦੇ ਅਰਥ ਅਤੇ ਭਾਵਾਰਥ ਲਿਖਣ ਉਪਰੰਤ ਲੇਖਕ ਵਲੋਂ ਇਸ ਦੇ ਮਹਾਤਮ ਦੀ ਚਰਚਾ ਕਰ ਰਹੇ ਹਾਂ। ਲੇਖਕ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਛਨਿਛਰਵਾਰ ਤੋਂ ਆਰੰਭ ਕਰਕੇ ਚਾਲੀ ਹਜ਼ਾਰ ਪਾਠ ਦਸਾਂ ਦਿਨਾਂ ਵਿੱਚ ਕਰਨਾ, ਸੰਨ ਆਦਿਕ ਤਾਪ ਦੂਰ ਹੋਵੇ, ਅੱਖਾਂ ਦਾ ਹਨ੍ਹੇਰਾ ਦੂਰ ਹੋਵੇ। ਦੋਂਹ ਵਿਚੋਂ ਜਿਸ ਕਾਰਜ ਨੂੰ ਮੁਖ ਰੱਖ ਪਾਠ ਕਰੇ, ਉਹ ਪੂਰਾ ਹੋਵੇ।”
(ਨੋਟ: ਸੰਨਿਪਾਤ ਇੱਕ ਰੋਗ ਹੈ; ਵਾਤ ਪਿੱਤ, ਕਫ ਸ਼ਰੀਰ ਦੇ ਤਿੰਨ ਧਾਤੁ ਵਿਕਾਰੀ ਹੋ ਕੇ ਉਪਜਿਆ ਰੋਗ ਹੈ। ਇਹ ਇੱਕ ਪ੍ਰਕਾਰ ਦਾ ਭਯੰਕਰ ਤਾਪ ਹੈ। (ਮਹਾਨ ਕੋਸ਼)
ਪੁਸਤਕ ਕਰਤਾ ਜਿਸ ਤਰ੍ਹਾਂ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਦਰਸਾ ਰਿਹਾ ਹੈ, ਪਉੜੀ ਵਿੱਚ ਇਸ ਦਾ ਰੰਚ-ਮਾਤਰ ਵੀ ਵਰਣਨ ਨਹੀਂ ਹੈ। ਲੇਖਕ ਨੇ ਜਿਸ ਤਰ੍ਹਾਂ ਜਪੁ ਜੀ ਦੀਆਂ ਦੂਜੀਆਂ ਪਉੜੀਆਂ ਦੇ ਗਿਣਤੀ ਦੇ ਪਾਠ ਕਰਨ ਦੇ ਮਹਾਤਮ ਦੀ ਕਲਪਣਾ ਕੀਤੀ ਹੋਈ ਹੈ, ਉਸੇ ਤਰ੍ਹਾਂ ਇਸ ਪਉੜੀ ਬਾਰੇ ਵੀ ਕਲਪਣਾ ਕੀਤੀ ਹੈ। ਸਾਡੇ ਜ਼ਿਹਨ ਵਿੱਚ ਇਹ ਕਦੀ ਵੀ ਵਿਚਾਰ ਨਹੀਂ ਆਉਂਦਾ ਕਿ ਲੇਖਕ ਨੂੰ ਇਹ ਕਿਵੇਂ ਭਵਿੱਖ ਬਾਣੀ ਹੋਈ ਕਿ ਇਸ ਪਉੜੀ ਜਾਂ ਸ਼ਬਦ ਦਾ ਇਤਨੀ ਵਾਰ ਪਾਠ ਕਰਨ ਨਾਲ ਇਹ ਕਾਰਜ ਪੂਰਾ ਹੋਵੇਗਾ ਜਾਂ ਅਮਕਾ ਰੋਗ ਦੂਰ ਹੋਵੇਗਾ। ਜੇਕਰ ਕੋਈ ਵੀ ਲੇਖਕ ਕੋਈ ਮਨ-ਘੜਤ ਕਹਾਣੀ ਘੜ ਕੇ ਗੁਰੂ ਸਾਹਿਬਾਨ ਦੇ ਨਾਲ ਜੋੜ ਦੇਂਦਾ ਹੈ ਤਾਂ ਅਸੀਂ ਝੱਟ ਹੀ ਉਸ ਨੂੰ ਸੱਚ ਮੰਨ ਲੈਂਦੇ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਜੋ ਕੁੱਝ ਮਨੁੱਖਤਾ ਨੂੰ ਬਖ਼ਸ਼ਿਆ ਹੈ, ਉਹ ਗੁਰਬਾਣੀ ਦੇ ਰੂਪ ਵਿੱਚ ਜਿਉਂ ਦਾ ਤਿਉਂ ਮੌਜੂਦ ਹੈ।
ਖ਼ੈਰ, ਅਸੀਂ ਸ਼ੁਰੂ ਵਿੱਚ ਸੰਖੇਪ ਵਿੱਚ ਚਰਚਾ ਕਰ ਆਏ ਹਾਂ ਕਿ ਤੰਤ੍ਰ ਮੰਤ੍ਰ ਅੰਧਵਿਸ਼ਵਾਸ ਦਾ ਹੀ ਇੱਕ ਰੂਪ ਹੈ। ਇਸ ਅੰਧਵਿਸ਼ਵਾਸ ਕਾਰਨ ਹੀ ਇਹ ਸਮਝਿਆ ਜਾਂਦਾ ਸੀ ਕਿ ਹਰੇਕ ਤਰ੍ਹਾਂ ਦੇ ਰੋਗਾਂ ਨੂੰ ਮੰਤ੍ਰਾਂ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਸਮਝ ਤਾਂ ਆਉਂਦੀ ਹੈ ਕਿ ਪ੍ਰਾਚੀਨ ਸਮੇਂ ਵਿੱਚ ਮਨੁੱਖ ਨੂੰ ਰੋਗਾਂ ਦੇ ਕਾਰਨਾਂ ਦਾ ਠੀਕ ਪਤਾ ਨਾ ਹੋਣ ਕਾਰਨ ਅਜਿਹਾ ਸੋਚਣ ਲਈ ਮਜਬੂਰ ਸੀ। ਪਰ ਅਜੋਕੇ ਸਮੇਂ ਵਿੱਚ ਬਹੁਤ ਸਾਰੇ ਰੋਗਾਂ ਦੇ ਕਾਰਨਾਂ ਦਾ ਪਤਾ ਲਗ ਚੁਕਾ ਹੈ। ਰੋਗਾਂ ਦੇ ਕੇਵਲ ਕਾਰਨਾਂ ਦਾ ਹੀ ਨਹੀਂ ਸਗੋਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਾਰਥਕ ਇਲਾਜ ਵੀ ਸੰਭਵ ਹੈ। ਪਰੰਤੂ ਫਿਰ ਵੀ ਅਨਪੜ੍ਹ ਹੀ ਨਹੀਂ, ਸਗੋਂ ਪੜ੍ਹੇ ਲਿਖੇ ਵਿਅਕਤੀ ਵੀ ਇਸ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਹੋਏ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣਾਂ ਨੇ ਗੁਰਬਾਣੀ ਦੀ ਹੀ ਮੰਤ੍ਰ ਵਾਂਗ ਵਰਤੋਂ ਸ਼ੁਰੂ ਕਰ ਦਿੱਤੀ ਹੈ।
ਗੁਰਬਾਣੀ ਮਨੁੱਖ ਦੇ ਹਰੇਕ ਤਰ੍ਹਾਂ ਦੇ ਆਤਮਕ ਤਾਪ ਨੂੰ ਦੂਰ ਕਰਨ ਦੇ ਸਮਰੱਥ ਹੈ। ਇਸ ਲਈ ਆਤਮਕ ਤਾਪ ਦੇ ਸੰਤਾਪ ਦਾ ਦੁੱਖ ਭੋਗਣ ਵਾਲਿਆਂ ਨੂੰ ਬਾਣੀ ਵਿੱਚ ਇਸ ਤੋਂ ਛੁਟਕਾਰਾ ਪਾਉਣ ਦੀ ਵਿਧੀ ਸਮਝਾਉਂਦਿਆਂ ਹੋਇਆਂ ਇਉਂ ਪ੍ਰੇਰਨਾ ਦਿੱਤੀ ਗਈ ਹੈ:
ਤਾਪ ਪਾਪ ਸੰਤਾਪ ਬਿਨਾਸੇ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ॥ (ਪੰਨਾ 806) ਅਰਥ: (ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ। ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਸਾਰੇ ਪਾਪ ਨਾਸ ਹੋ ਗਏ।
ਜਿੱਥੋਂ ਤੱਕ ਲੇਖਕ ਅੱਖਾਂ ਦਾ ਹਨ੍ਹੇਰਾ ਦੂਰ ਹੋਣ ਦੀ ਗੱਲ ਕਰ ਰਿਹਾ ਹੈ, ਲੇਖਕ ਦੀ ਕਲਪਣਾ ਹੀ ਸਮਝਣੀ ਚਾਹੀਦੀ ਹੈ। ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਨੂੰ ਅੱਖਾਂ ਦੇ ਮਾਹਿਰ ਨੂੰ ਦਿਖਾਉਣ ਦੀ ਲੋੜ ਹੈ ਨਾ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਨੂੰ ਅਪਣਾਉਣ ਦੀ। ਗੁਰਬਾਣੀ ਤਾਂ ਸਾਡੇ ਆਤਮਕ ਅੰਧਕਾਰ ਨੂੰ ਦੂਰ ਕਰਦੀ ਹੈ। ਇਹ ਅੰਧਕਾਰ ਵੀ ਬਾਣੀ ਵਿੱਚ ਦਰਸਾਈ ਜੀਵਨ-ਜਾਚ ਨੂੰ ਅਪਣਾਉਣ ਨਾਲ ਹੀ ਮਿਟਦਾ ਹੈ ਨਾ ਕਿ ਗੁਰਬਾਣੀ ਦਾ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ। ਬਾਣੀ `ਚੋਂ ਮਨੁੱਖ ਨੂੰ ਗਿਆਨ ਦਾ ਸੁਰਮਾ ਨਸੀਬ ਹੁੰਦਾ ਹੈ, ਜਿਸ ਦੀ ਬਰਕਤ ਨਾਲ ਹਰੇਕ ਤਰ੍ਹਾਂ ਆਤਮਕ ਅੰਧਕਾਰ ਦੂਰ ਹੋ ਜਾਂਦਾ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਅੱਖਾਂ ਦੇ ਅੰਧਕਾਰ ਅਤੇ ਇਸ ਦੇ ਇਲਾਜ ਦਾ ਸਰੂਪ ਦੇਖਿਆ ਜਾ ਸਕਦਾ ਹੈ:-
(ੳ) ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ॥ (ਪੰਨਾ 124) ਅਰਥ: ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿੱਚ ਪਾਇਆ ਹੈ, ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ—ਹਨੇਰਾ ਦੂਰ ਕਰ ਲਿਆ ਹੈ। ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ।
(ਅ) ਚਿੰਤ ਬਿਸਾਰੀ ਏਕ ਦ੍ਰਿਸਟੇਤਾ॥ ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ॥ (ਪੰਨਾ 254) ਅਰਥ: ਹੇ ਨਾਨਕ! (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਜਿਸ ਦੀਆਂ ਅੱਖਾਂ ਵਿੱਚ ਪੈਂਦਾ ਹੈ, ਉਸ ਨੂੰ (ਹਰ ਥਾਂ) ਇੱਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇੱਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ)।
(ੲ) ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥ (ਪੰਨਾ 610) ਅਰਥ: ਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ।
ਜੇਕਰ ਸਰੀਰਕ ਰੋਗ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਦੂਰ ਹੁੰਦੇ ਤਾਂ ਗੁਰੂ ਸਾਹਿਬਾਨ ਗੁਰਬਾਣੀ ਵਿੱਚ ਆਪ ਹੀ ਇਹੋ ਜਿਹੀਆਂ ਵਿਧੀਆਂ ਦਾ ਵਿਸਤਾਰ ਸਹਿਤ ਵਰਣਨ ਕਰਨ ਤੋਂ ਕਦੀ ਵੀ ਸੰਕੋਚ ਨਾ ਕਰਦੇ। ਇਤਿਹਾਸ ਵਿੱਚ ਭਾਂਵੇਂ ਬਹੁਤ ਕੁੱਝ ਗੁਰਮਤਿ ਦੇ ਆਸ਼ੇ ਤੋਂ ਵਿਰੁੱਧ ਲਿਖਿਆ ਹੋਇਆ ਮਿਲਦਾ ਹੈ ਪਰੰਤੂ ਫਿਰ ਵੀ ਕਿਸੇ ਵੀ ਲੇਖਕ ਨੇ ਇਸ ਤਰ੍ਹਾਂ ਤਾਂਤ੍ਰਿਕ ਵਿਧੀਆਂ ਨਾਲ ਸਰੀਰਕ ਰੋਗਾਂ ਦੇ ਇਲਾਜ ਦਾ ਵਰਣਨ ਨਹੀਂ ਕੀਤਾ ਹੋਇਆ ਹੈ, ਜੋ ਇਸ ਗੱਲ ਦਾ ਹੀ ਲਖਾਇਕ ਹੈ ਕਿ ਇਹੋ ਜਿਹੀਆਂ ਵਿਧੀਆਂ ਸਿੱਖੀ ਜੀਵਨ-ਜੁਗਤ ਦਾ ਅੰਗ ਨਹੀਂ ਸਨ।
ਸੋ, ਗੱਲ ਕੀ ਇਸ ਤਰ੍ਹਾਂ ਤਾਂਤ੍ਰਿਕ ਵਿਧੀ ਨਾਲ ਕਿਸੇ ਸ਼ਬਦ ਦੇ ਗਿਣਤੀ ਦੇ ਪਾਠ ਕਰਨ ਨਾਲ ਸਾਡਾ ਰੋਗਾਂ ਤੋਂ ਛੁਟਕਾਰਾ ਨਹੀਂ ਹੋਵੇਗਾ। ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਯੋਗ ਸਾਧਨ ਅਪਣਾਉਣ ਦੀ ਲੋੜ ਹੈ। ਬਾਣੀ ਨੂੰ ਵੱਧ ਤੋਂ ਵੱਧ ਧਿਆਨ ਨਾਲ ਪੜ੍ਹਨ ਵਿਚਾਰਨ ਦੀ ਲੋੜ ਹੈ ਤਾਂ ਕਿ ਅਸੀਂ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਅਪਣਾ ਸਕੀਏ। ਬਾਣੀ ਸਾਨੂੰ ਵਾਹਿਗੁਰੂ ਦੇ ਹੁਕਮ ਦੀ ਸੋਝੀ ਕਰਾਉਂਦੀ ਹੈ। ਇਸ ਹੁਕਮ ਨੂੰ ਸਮਝ ਕੇ ਹੀ ਅਸੀਂ ਸਰੀਰਕ ਅਤੇ ਆਤਮਕ ਅਰੋਗਤਾ ਦਾ ਅਨੰਦ ਮਾਣ ਸਕਦੇ ਹਾਂ।
ਜਸਬੀਰ ਸਿੰਘ ਵੈਨਕੂਵਰ




.