.

ਕੰਨਿਆ ਭਰੂਣ ਹੱਤਿਆ
ਸਤਿੰਦਰਜੀਤ ਸਿੰਘ ਗਿੱਲ

ਕੰਨਿਆਂ ਭਰੂਣ ਹੱਤਿਆ ਸਾਡੇ ਸਮਾਜ ਦੇ ਮੱਥੇ ਉੱਪਰ ਇੱਕ ਬਹੁਤ ਹੀ ਬਦਨੁਮਾ ਦਾਗ਼ ਹੈ। ਇਹ ਇੱਕ ਐਸੀ ਕੁਰੀਤੀ ਹੈ ਜੋ ਕੰਡਿਆਂ ਵਾਂਗ ਤਰੱਕੀ ਦੇ ਰਾਹਾਂ ਵਿੱਚ ਵਿਛੀ ਹੋਈ ਹੈ। ਇਹ ਇੱਕ ਐਸੀ ਮਾੜੀ ਅਤੇ ਗਲਤ ਕਿਰਿਆ ਬਣ ਚੁੱਕੀ ਹੈ ਜੋ ਸਮਾਜ ਵਿੱਚੋਂ ਦਿਨ ਪ੍ਰਤੀ ਦਿਨ ਲੜਕੀਆਂ ਦੀ ਹੋਂਦ ਨੂੰ ਖਤਮ ਕਰ ਰਹੀ ਹੈ। ਪੇਂਡੂ ਅਤੇ ਪਛੜੇ ਵਰਗਾਂ ਦੇ ਨਾਲ-ਨਾਲ ਅੱਜ ਦਾ ਸ਼ਹਿਰੀ ਅਤੇ ਪੜ੍ਹਿਆ-ਲਿਖਿਆ ਵਰਗ ਵੀ ਜ਼ਿਆਦਾਤਰ ਇਹੀ ਸੋਚਦਾ ਹੈ ਕਿ ਲੜਕਿਆਂ ਨਾਲ ਹੀ ਵੰਸ਼ ‘ਅੱਗੇ ਵੱਧਦਾ’ ਹੈ ਅਤੇ ‘ਖਾਨਦਾਨ ਦਾ ਨਾਂ’ ਸਿਰਫ਼ ਲੜਕੇ ਹੀ ਰੌਸ਼ਨ ਕਰਦੇ ਹਨ, ਉਹ ਲੜਕੀਆਂ ਨੂੰ ਆਪਣੇ ਮੋਢਿਆਂ ਉੱਪਰ ਬੋਝ ਸਮਝਦੇ ਹਨ। ਸਮਾਜ ਵਿੱਚ ਜਿੱਥੇ ਲੜਕੇ ਦੇ ਪੈਦਾ ਹੋਣ ‘ਤੇ ਵਧਾਈਆਂ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ,ਉੱਥੇ ਹੀ ਲੜਕੀਆਂ ਨੂੰ ਪੈਦਾ ਹੁੰਦੇ ਹੀ ‘ਪੱਥਰ’ ਆਦਿਕ ‘ਵਿਸ਼ੇਸ਼ਣਾਂ’ ਨਾਲ ‘ਸਨਮਾਨਿਤ’ ਕੀਤਾ ਜਾਂਦਾ ਹੈ। ਅਖਬਾਰਾਂ ਵਿੱਚ ਤਕਰੀਬਨ ਹਰ-ਰੋਜ਼ ਐਸੀਆਂ ਖ਼ਬਰਾਂ ਛਪਦੀਆਂ ਹਨ,ਜਿੰਨ੍ਹਾਂ ਨੂੰ ਪੜ੍ਹ ਕੇ ਮਨ ਦੁੱਖ ਨਾਲ ਅਤੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਲੜਕੀਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਲਾ ਅਜੋਕਾ ‘ਮਾਡਰਨ’ ਸਮਾਜ ਆਪਣੀਆਂ ਨਵ-ਜੰਮੀਆਂ ਬੱਚੀਆਂ ਜਾਂ ਫਿਰ ਅਜੇ ਮਸਾਂ ਹੀ ਚੱਲਣ-ਫਿਰਨ ਦੇ ਸਮਰੱਥ ਹੋਈਆਂ ਮਾਸੂਮ ਬੱਚੀਆਂ ਨੂੰ ਸੁੰਨਸਾਨ ਰਾਹਾਂ ਉੱਪਰ ਸਿਸਕ-ਸਿਸਕ ਕੇ ਤਰਸਯੋਗ ਮੌਤ ਮਰਨ ਲਈ ਛੱਡ ਦਿੰਦਾ ਹੈ। ਬੱਚੀਆਂ ਦੇ ਭਰੂਣ ਕਈ ਵਾਰ ਗਲੀਆਂ-ਨਾਲੀਆ ਦਾ ਸ਼ਿਕਾਰ ਬਣਦੇ ਹਨ ‘ਤੇ ਅੰਤ ਨੂੰ ਕੁੱਤਿਆਂ ਦੇ ਮੂੰਹੀਂ ਜਾ ਪੈਂਦੇ ਹਨ। ਸਮਾਜ ਵਿੱਚ ਨਿਤਾ-ਪ੍ਰਤੀ ਘਟ ਰਹੀਆਂ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਕਾਰਨ ਵੀ ਕਿਸੇ ਤੋਂ ਗੁੱਝੇ ਨਹੀਂ ਹਨ। ਕੰਨਿਆਂ ਭਰੂਣ ਹੱਤਿਆਵਾਂ ਦੀ ਗਿਣਤੀ ਵਿੱਚ ਦਿਨੋ-ਦਿਨ ਹੋ ਰਿਹਾ ਵਾਧਾ ਸਿਰਫ਼ ਲੜਕਾ ਪ੍ਰਾਪਤੀ ਦੀ ਲਾਲਸਾ ਦੀ ਹੀ ਦੇਣ ਹੈ। ਲੜਕਾ ਪ੍ਰਾਪਤ ਕਰਨ ਦੀ ਲਾਲਸਾ ਐਨੀ ਵਧ ਚੁੱਕੀ ਹੈ ਕਿ ਅੱਜ ਮਾਂ ਹੀ ਆਪਣੀ ਅਣਜੰਮੀ ਧੀ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਬੈਠੀ ਹੈ, ਔਰਤ ਹੀ ਔਰਤ ਦੀ ਦੁਸ਼ਮਣ ਵਾਲਾ ਕਿਰਦਾਰ ਨਿਭਾ ਰਹੀ ਹੈ। ਇਸ ਸਭ ਦੇ ਲਈ ਕੁਝ ਸਮਾਜਿਕ ਕਾਰਨ ਵੀ ਜ਼ਿੰਮੇਵਾਰ ਹਨ। ਸਮਾਜ ਵਿੱਚ ਲੜਕੀਆ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਸਮਝਿਆ ਜਾਣਾ ਇਸ ‘ਲੜਕਾ-ਪ੍ਰਾਪਤੀ’ ਦੀ ਲਾਲਸਾ ਨੂੰ ਵਧਾਉਣ ਲਈ ਇੱਕ ਬਹੁਤ ਜ਼ਿੰਮੇਵਾਰ ਕਾਰਕ ਹੈ। ਸਾਡੇ ਸਮਾਜ ਵਿੱਚ ਲੜਕੀਆਂ ਦਾ ਨੈਤਿਕ-ਚਰਿੱਤਰ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਅੱਜਕੱਲ੍ਹ ਦੇ ਗਾਇਕਾਂ ਨੇ ਬਹੁਤ ਹੀ ਘਟੀਆ ਸ਼ਬਦਾਵਲੀ ਵਾਲੇ ਗੀਤ ਗਾ ਕੇ ਜਿੱਥੇ ਆਪਣਾ ਨਿੱਜੀ ਲਾਹਾ ਖੱਟਿਆ ਹੈ ਉੱਥੇ ਹੀ ਲੜਕੀਆਂ ਦੇ ਕਿਰਦਾਰ ਉੱਪਰ ਵੀ ਸਵਾਲੀਆ-ਨਿਸ਼ਾਨ ਲਗਾ ਦਿੱਤਾ ਹੈ। ਪੰਜਾਬ ਦੀਆਂ ਗਾਇਕਾਵਾਂ ਇਹ ਭੁੱਲਕੇ ਕਿ ਉਹ ਖੁਦ ਵੀ ਕਿਸੇ ਪਰਿਵਾਰ ਦੀ ਇੱਜ਼ਤ ਹਨ, ਬੜੀ ਬੇਸ਼ਰਮੀ ਨਾਲ ‘ਆਸ਼ਕ-ਮਾਸ਼ੂਕਾਂ’ ਵਾਲੇ ਗੀਤ ਗਾ ਰਹੀਆਂ ਹਨ,ਇਸ ਦੇ ਨਾਲ ਹੀ ਗੀਤ ਦੀ ਵੀਡੀਓ ਪੇਸ਼ਕਾਰੀ ਸਮੇਂ ਤਾਂ ਸ਼ਰਮ ਨੂੰ ਬਿਲਕੁੱਲ ਹੀ ਪੈਰਾਂ ਹੇਠ ਲਿਤਾੜ ਕੇ ‘ਮਾਡਲ’ ਬਣੀਆਂ ਲੜਕੀਆਂ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰ ਰਹੀਆਂ ਹਨ। ਉਹਨਾਂ ਦੇ ਮਾਂ-ਬਾਪ ਇਹ ਸਭ ਦੇਖ ਕੇ ਕੀ ਮਹਿਸੂਸ ਕਰਦੇ ਹਨ ਇਹ ਤਾਂ ਉਹੀ ਦੱਸ ਸਕਦੇ ਹਨ। ਇਹਨਾਂ ‘ਹਰਕਤਾਂ’ ਨੂੰ ‘ਮਾਡਰਨ ਜ਼ਮਾਨੇ’ ਦੇ ਭਰਮ ਦੀ ਚਾਦਰ ਹੇਠ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ।
ਸਾਡੇ ਗੁਰੂ ਸਾਹਿਬਾਨ ਨੇ ਔਰਤ ਨੂੰ ਬਹੁਤ ਹੀ ਸਨਮਾਨਯੋਗ ਦਰਜਾ ਦਿੱਤਾ ਹੈ ਅਤੇ ‘ਕੁੜੀ-ਮਾਰਾਂ’ ਨਾਲ ਕੋਈ ਸਾਂਝ ਨਾ ਰੱਖਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਔਰਤ ਦੇ ਹੱਕ ਵਿੱਚ ਨਾਹਰਾ ਲਾਉਂਦੇ ਹੋਏ ਕਿਹਾ ਹੈ ਕਿ:
“ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ”
ਪਰ ਫਿਰ ਵੀ ਗੁਰੂਆਂ ਦੀ ਇਸ ਧਰਤੀ ਉੱਪਰ ‘ਕੁੜੀ-ਮਾਰਾਂ’ ਦੀ ਕਾਫੀ ਭਰਮਾਰ ਹੈ। ਇਸ ਤੋਂ ਇਲਾਵਾ ਅੱਜ ਦੇ ‘ਸਾਧ-ਬਾਬੇ’ ਗੁਰੂ-ਸਾਹਿਬਾਨ ਦੇ ਉਪਦੇਸ਼ ਨੂੰ ਭੁੱਲ ਕੇ ਬੇਰਾਂ ਵਾਂਗ ਮੁੰਡੇ ਵੰਡ ਰਹੇ ਹਨ। ਉਹਨਾਂ ਦੇ ਇਸ ਮੁੰਡੇ ਵੰਡਣ ਦੇ ਕਾਰੋਬਾਰ ਨੇ ਲੋਕਾਂ ਵਿੱਚ ‘ਮੁੰਡਾ ਹੋਣ’ ਦੀ ਇੱਛਾ ਨੂੰ ਬਲਵਾਨ ਕੀਤਾ ਹੈ।
ਪਤਾ ਨਹੀਂ ਇੱਥੋਂ ਦੇ ਬਾਸ਼ਿੰਦਿਆਂ ਨੂੰ ਕਦੋਂ ਸਮਝ ਪਵੇਗੀ ਕਿ ਅੱਜ ਦੀ ਲੜਕੀ ਜਾਂ ਔਰਤ ‘ਅਬਲਾ’ ਨਹੀਂ ਰਹੀ। ਹੁਣ ਕੁੜੀਆਂ ਪੁਲਾੜ ਵਿੱਚ ਚੰਦਰਮਾਂ ਤੱਕ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਆਈਆਂ ਹਨ ਅਤੇ ਇਹਨਾਂ ਦੇ ਕਦਮਾਂ ਦੀ ਧਮਕ ਹੁਣ ਮਾਊਂਟ ਐਵਰੈਸਟ ਵਰਗੇ ਵਿਸ਼ਾਲ ਪਰਬਤਾਂ ਉੱਪਰ ਵੀ ਸੁਣਾਈ ਦਿੰਦੀ ਹੈ। ਅੱਜ-ਕੱਲ੍ਹ ਜਿੱਥੇ ਲੜਕੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਹੀ ਫੋਕੀਆਂ ਸ਼ੁਹਰਤਾਂ ਦੇ ਝਾਂਸੇ ਵਿੱਚ ਆ ਕੇ ਨਸ਼ਿਆਂ ਅਤੇ ਵਿਹਲੜਪੁਣੇ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਅਤੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਤਬਾਹ ਕਰ ਰਹੇ ਹਨ,ਉੱਥੇ ਹੀ ਲੜਕੀਆਂ ਪੜ੍ਹਾਈ-ਲਿਖਾਈ ਅਤੇ ਜੀਵਨ ਦੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਆਪਣੇ ਅਤੇ ਆਪਣੇ ਮਾਤਾ-ਪਿਤਾ ਲਈ ਖੁਸ਼ੀ ਅਤੇ ਮਾਣ-ਸਨਮਾਨ ਦਾ ਕਾਰਨ ਬਣ ਰਹੀਆਂ ਹਨ।
ਲੜਕੀਆਂ ਦੀ ਇਸ ਤਰੱਕੀ ਦੇ ਬਾਵਜੂਦ ਵੀ ਕੰਨਿਆ ਭਰੂਣ ਹੱਤਿਆ ਵਰਗੀ ਕੁਰੀਤੀ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਸਮਾਜ ਵਿੱਚ ਕੁਝ ਜਾਗਰੂਕਤਾ ਆਈ ਵੀ ਹੈ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਅਜੇ ਤੱਕ ਸੰਤੁਲਨ ਨਹੀਂ ਬਣ ਸਕਿਆ। ਜਿੱਥੇ ਭਾਰਤ ਵਿੱਚ ਲੜਕੇ ਅਤੇ ਲੜਕੀਆਂ ਦਾ ਔਸਤ ਅਨੁਪਾਤ 929:1000 ਹੈ,ਉੱਥੇ ਹੀ ਪੰਜਾਬ ਵਿੱਚ ਇਹ ਅਨੁਪਾਤ 850:1000 ਹੈ ਜੋ ਕਿ ਸਾਲ 2001 ਵਿੱਚ ਇਹੀ ਅਨੁਪਾਤ 798:1000 ਸੀ। ਇਸ ਤਰ੍ਹਾਂ ਪਿਛਲੇ 9-10 ਸਾਲ ਵਿੱਚ ਪੰਜਾਬ ਸਿਰਫ ਲੜਕੀਆਂ ਦੀ ਗਿਣਤੀ ਵਿੱਚ ਔਸਤਨ 52 ਦਾ ਵਾਧਾ ਹੀ ਕਰ ਪਾਇਆ ਹੈ,ਜੇਕਰ ਰਫਤਾਰ ਇਹੀ ਰਹੀ ਤਾਂ ਇਸ ਅਨੁਪਾਤ ਨੂੰ 1:1 (ਜਾਂ 1000:1000) ਕਰਨ ਲਈ ਕਿੰਨਾ ਸਮਾਂ ਹੋਰ ਲੱਗੇਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਮੇਂ ਦੇ ਇਸ ਅੰਤਰਾਲ ਨੂੰ ਘਟਾਉਣ ਲਈ ਲੋਕਾਂ ਵਿੱਚ ਖਾਸ ਤੌਰ ‘ਤੇ ਗਰੀਬ ਅਤੇ ਪਛੜੇ ਵਰਗਾਂ ਵਿੱਚ ਜ਼ਿਆਦਾ ਚੇਤੰਨਤਾ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਪੜ੍ਹੇ-ਲਿਖੇ ਅਤੇ ਸ਼ਹਿਰੀ ਵਰਗਾਂ ਵਿੱਚ ਇਸ ਅਲਾਮਤ ਤੋਂ ਛੁਟਕਾਰਾ ਪਾਉਣ ਲਈ,ਇਸ ਕੁਰੀਤੀ ਦੀ ਮੱਦਦਗਾਰ ਬਣ ਚੁੱਕੀ ਨਿਰਦੋਸ਼ ਸਾਇੰਸ ਦੀ ਨਾਜ਼ਾਇਜ਼ ਵਰਤੋਂ ਉੱਪਰ ਰੋਕ ਲਗਾਉਣੀ ਵੀ ਜ਼ਰੂਰੀ ਹੈ। ਭਾਵੇਂ ਕਿ ਇਸ ਖੇਤਰ ਵਿੱਚ ਸਰਕਾਰਾਂ ਵੱਲੋਂ ਕਾਫੀ ਸਖ਼ਤ ਕਦਮ ਚੁੱਕੇ ਵੀ ਗਏ ਹਨ, ਪਰ ਫਿਰ ਵੀ ਕਈ ਲੋਕ ਪੈਸੇ ਅਤੇ ‘ਰਸੂਖ’ ਦੀ ਵਰਤੋਂ ਨਾਲ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਸ਼ ਕਰਦੇ ਹਨ। ਇਸ ਲਈ ਜ਼ਰੂਰਤ ਹੈ ਕਿ:
• ਲੋਕਾਂ ਨੂੰ, ਸਮਾਜ ਨੂੰ ਇਸ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।
• ਸਕੂਲਾਂ,ਕਾਲਜਾਂ ਅਤੇ ਸਮਾਜ-ਸੇਵੀ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੁਹਿੰਮਾਂ ਚਲਾ ਕੇ ਲੋਕਾਂ ਨੂੰ ਇਸ ਕੁਰੀਤੀ ਕਾਰਨ ਪੈ ਰਹੇ ਅਸੰਤੁਲਨ ਪ੍ਰਤੀ ਸੁਚੇਤ ਕਰਨ ਤਾਂ ਜੋ ਮੁੰਡੇ-ਕੁੜੀਆਂ ਦੀ ਗਿਣਤੀ ਵਿੱਚ ਪੈ ਰਿਹਾ ਇਹ ਪਾੜਾ ਦੂਰ ਕੀਤਾ ਜਾ ਸਕੇ।
• ਖੁੰਭਾਂ ਵਾਂਗ ਉੱਗ ਰਹੇ ਇਹਨਾਂ ਮੁੰਡੇ ਵੰਡਣ ਵਾਲੇ ਸਾਧਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
• ਕੌਮ ਦੇ ਪ੍ਰਚਾਰਕਾਂ,ਰਾਗੀਆਂ-ਢਾਡੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਬਾਣੀ ਵਿੱਚ ਔਰਤਾਂ ਦੇ ਹੱਕ ਲਈ ਕੀਤੇ ਉਪਦੇਸ਼ ਨੂੰ ਵੀ ਵੱਧ ਤੋਂ ਵੱਧ ਲੋਕਾਂ ਵਿੱਚ ਪ੍ਰਚਾਰਨ।
• ਭਰੂਣ ਹੱਤਿਆ ਵਰਗੇ ਦੋਸ਼ਾਂ ਵਿੱਚ ਦੋਸ਼ੀ ਪਾਏ ਗਏ ਵਿਆਕਤੀਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।
• ਲੜਕੀਆਂ ਦੇ ਪਾਲਣ-ਪੋਸ਼ਣ ਵਿੱਚ ਹਰ ਜ਼ਰੂਰਤਮੰਦ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮੱਦਦ ਕੀਤੀ ਜਾਵੇ।
• ਲੜਕੀਆਂ ਨੂੰ ਜੀਵਨ ਖੇਤਰ ਵਿੱਚ ਅੱਗੇ ਵਧਣ ਲਈ ਬਰਾਬਰ ਮੌਕੇ ਮੁਹੱਈਆ ਕਰਵਾਏ ਜਾਣ।
• ਲੜਕੀਆਂ ਨੂੰ ਆਤਮ-ਸੁਰੱਖਿਆ ਲਈ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
• ਲੜਕੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਏ ਜਾਣ ਅਤੇ ਜਿੱਥੋਂ ਤੱਕ ਹੋ ਸਕੇ ਮੁਫ਼ਤ ਸਿੱਖਿਆ ਦਿੱਤੀ ਜਾਵੇ।
• ਸਮਾਜ ਵਿੱਚ ਗਾਇਕਾਂ ਵੱਲੋਂ ਸ਼ਰੇਆਮ,ਬੇ-ਰੋਕ ਪਰੋਸੀ ਜਾ ਰਹੀ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਸੈਂਸਰ ਬੋਰਡ ਬਣਾ ਕਿ ਸਖ਼ਤ ਕਾਨੂੰਨ ਬਣਾਏ ਜਾਣ।
• ਮੀਡੀਏ ਨੂੰ ਵੀ ਉਸਾਰੂ ਭੂਮਿਕਾ ਨਿਭਾਉਣ ਲਈ ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ।
ਉਪਰੋਕਤ ਤੋਂ ਇਲਾਵਾ ਹੋਰ ਵੀ ਸਭ ਲੋੜੀਂਦੇ ਕਦਮ ਉਠਾਏ ਜਾਣ ਤਾਂ ਜੋ ਇੱਕ ਨਰੋਏ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਦੇਸ਼ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ਉੱਪਰ ਦੂਸਰੇ ਦੇਸ਼ਾਂ ਨਾਲ ਕਦਮ ਮਿਲਾ ਕੇ ਚੱਲ ਸਕੇ।




.