.

ਭਰੂਣ ਹੱਤਿਆ ਹੋਣ ਦੇ ਕੀ ਕਾਰਨ ਹਨ?
-ਰਘਬੀਰ ਸਿੰਘ ਮਾਨਾਂਵਾਲੀ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਮੇਂ ਤੋਂ ਪਹਿਲਾਂ ਭਾਰਤੀ ਸਮਾਜ ਵਿਚ ਔਰਤ ਦੀ ਹਾਲਤ ਬਹੁਤ ਤਰਸਯੋਗ ਸੀ। ਔਰਤ ਦੀ ਘਰ ਵਿਚ ਕੋਈ ਪੁਛ ਪ੍ਰਤੀਤ ਨਹੀਂ ਸੀ ਹੋ ਰਹੀ। ਉਸ `ਤੇ ਪਰਦੇ ਵਿਚ ਰਹਿਣ ਦੀ ਪਾਬੰਦੀ ਸੀ। ਪਤੀ ਦੀ ਮੌਤ ਤੋਂ ਬਾਅਦ ਜਿਉਂਦਿਆਂ ਜੀਅ ਉਸ ਨੂੰ ਮਰਦ ਦੀ ਚਿਖਾ ਵਿਚ ਸੜ੍ਹਨ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ । ਵਿਦੇਸ਼ੀ ਹਮਲਾਵਰ ਔਰਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦੇ ਸਨ । ਉਹਨਾਂ ਦੀ ਬੇਪਤੀ ਕੀਤੀ ਜਾਂਦੀ ਸੀ। ਉਹਨਾਂ ਨੂੰ ਰਖੇਲਾਂ ਬਣਾ ਕੇ ਰੱਖਿਆ ਜਾਂਦਾ ਸੀ। ਅਤੇ ਉਹ ਗੁਲਾਮੀ ਵਰਗਾ ਜੀਵਨ ਜਿਊਂਦੀਆਂ ਸਨ। ਮਰਦ ਨੇ ਔਰਤ ਨੂੰ ਆਪਣੇ ਮਨੋਰੰਜਨ ਦਾ ਸਾਧਨ ਸਮਝਿਆ ਹੋਇਆ ਸੀ। ਔਰਤ ਨੂੰ ਆਦਰ-ਮਾਣ ਦੇਣ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪਰ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਐਸੀ ਦਸ਼ਾ ਤੋਂ ਨਿਜ਼ਾਤ ਦਿਵਾਉਣ ਲਈ, ਉਸ ਦੇ ਹੱਕ ਵਿਚ ਜੋਰਦਾਰ ਢੰਗ ਨਾਲ ਅਵਾਜ਼ ਬੁਲੰਦ ਕੀਤੀ ਅਤੇ ਗੁਰਬਾਣੀ ਵਿਚ ਉਸਨੂੰ ਬਹੁਤ ਉੱਚਾ ਦਰਜ਼ਾ ਦਿਤਾ । ਉਨ੍ਹਾਂ `ਆਸਾ ਦੀ ਵਾਰ` ਵਿਚ ਸਪੱਸ਼ਟ ਹਦਾਇਤ ਕੀਤੀ ਹੈ ਕਿ “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ” ॥ ਔਰਤ ਨੂੰ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਉਸ ਤੋਂ ਰਾਜੇ, ਮਹਾਰਾਜੇ ਜਨਮ ਲੈਂਦੇ ਹਨ। ਪ੍ਰਸਿੱਧ ਟੀਕਾਕਾਰ ਪ੍ਰੋ: ਸਾਹਿਬ ਸਿੰਘ ਜੀ, ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੇ ਉਪਰੋਕਤ ਸ਼ਬਦ, ਜੋ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 473 `ਤੇ ਦਰਜ਼ ਹਨ, ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ, ‘ਇਸਤਰੀ ਤੋਂ ਜਨਮ ਲਈਦਾ ਹੈ; ਇਸਤਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸਬੰਧ ਬਣਦਾ ਹੈ। ਤੇ ਇਸਤਰੀ ਤੋਂ ਹੀ (ਜਗਤ ਦੀ ਉਤਪਤੀ ਦਾ ) ਰਸਤਾ ਚਲਦਾ ਹੈ। ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਦੀ ਹੈ। ਇਸਤਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ (ਜਾਤੀ) ਤੋਂ ਰਾਜੇ (ਭੀ) ਜਨਮ ਲੈਂਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤਰੀ ਤੋਂ ਬਿਨ੍ਹਾਂ ਪੈਦਾ ਨਹੀਂ ਹੋ ਸਕਦਾ। ਹੇ ਨਾਨਕ ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤਰੀ ਤੋਂ ਨਹੀਂ ਜੰਮਿਆ । ( ਭਾਵੇਂ ਮਨੁੱਖ ਹੋਵੇ, ਭਾਵੇਂ ਇਸਤਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ ਓਹੀ ਮੁਖ, ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲਗਦੇ ਹਨ।’
ਸਿੱਖ ਕੌਮ ਲਈ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਹਰ ਸਵੇਰੇ `ਆਸਾ ਦੀ ਵਾਰ` ਦੇ ਕੀਰਤਨ ਵਿਚ ਔਰਤ ਦੀ ਉਸਤਿਤ ਸੁਣਦਿਆਂ ਵੀ ਉਹ ਪੁਤਰ ਮੋਹ ਵਿਚ ਕੰਨਿਆ ਭਰੂਣ ਹੱਤਿਆ ਕਰੀ ਜਾ ਰਹੇ ਹਨ। ਅੱਜ ਪਿਛਾਂਹ ਖਿਚੂ ਲੋਕ ਜਵਾਨ ਹੋਈਆਂ ਲੜਕੀਆਂ ਅਤੇ ਵਿਆਹੀਆਂ ਵਰੀਆਂ ਔਰਤਾਂ `ਤੇ ਜ਼ੁਲਮ ਕਰੀ ਜਾ ਰਹੇ ਹਨ। ਦੋ-ਦੋ ਲੜਕੀਆਂ ਦੀਆਂ ਮਾਵਾਂ ਨਾਲ ਤਲਾਕ, ਇਸ ਕਰਕੇ ਕਰ ਰਹੇ ਹਨ ਕਿ ਉਹਨਾਂ ਦੀ ਕੁੱਖ ਨੇ ਇਕ ਪੁਤਰ ਨੂੰ ਜਨਮ ਕਿਉਂ ਨਹੀਂ ਦਿਤਾ। ਜਦੋਂ ਕਿ ਡਾਕਟਰੀ ਸਾਇੰਸ ਸਾਬਤ ਕਰ ਚੁੱਕੀ ਹੈ ਕਿ ਲੜਕੇ ਜਾਂ ਲੜਕੀ ਦਾ ਜਨਮ ਮਰਦ/ਪਤੀ `ਤੇ ਨਿਰਭਰ ਕਰਦਾ ਹੈ, ਔਰਤ `ਤੇ ਨਹੀਂ। ਫਿਰ ਵੀ ਲੜਕਾ ਨਾ ਪੈਦਾ ਕਰ ਸਕਣ ਦੀ ਸਜ਼ਾ ਔਰਤ ਨੂੰ ਹੀ ਭੋਗਣੀ ਪੈਂਦੀ ਹੈ। ਕਿਉਂਕਿ ਇਹ ਮਰਦ ਪ੍ਰਧਾਨ ਸਮਾਜ ਹੈ, ਇਸ ਲਈ ਔਰਤ `ਤੇ ਹਰ ਜ਼ੁਲਮ ਕਰਨਾ, ਮਰਦ ਆਪਣਾ ਅਧਿਕਾਰ ਸਮਝਦਾ ਹੈ।
ਸਿੱਖ ਧਰਮ ਵਿਚ ਸਾਰੇ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਮੁੱਢ ਤੋਂ ਹੀ ਸਤਿਕਾਰ ਦਿਤਾ ਸੀ। ਗੁਰੂ ਨਾਨਕ ਸਾਹਿਬ ਨੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਦਾ ਸ਼ਬਦ ਉਚਾਰ ਕੇ ਮਰਦਾਂ ਦੀਆਂ ਅੱਖਾਂ ਖੋਹਲ ਦਿਤੀਆਂ। ਗੁਰੂ ਅੰਗਦ ਦੇਵ ਜੀ ਨੇ ਆਪਣੇ ਮਹਿਲ ਬੀਬੀ ਖੀਵੀ ਜੀ ਨੂੰ ਲੰਗਰ ਦੀ ਸੇਵਾ ਬਖਸ਼ ਕੇ ਗੁਰੂ ਘਰ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦੇ ਕੇ ਮਾਣ ਦਿਤਾ। ਗੁਰੂ ਅਮਰਦਾਸ ਜੀ ਨੇ ਇਸਤਰੀਆਂ ਵਿਚ ਘੁੰਡ ਅਤੇ ਸਤੀ ਦੀ ਰਸਮ ਨੂੰ ਦੂਰ ਕੀਤਾ ਅਤੇ ਔਰਤ ਨੂੰ ਮਰਦਾਂ ਦੇ ਬਰਾਬਰ ਅਜ਼ਾਦੀ ਦਵਾਈ । ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਦਾ ਖ਼ਿਤਾਬ ਦੇ ਕੇ ਇਸਤਰੀ ਦੇ ਸਤਿਕਾਰ ਦੀਆਂ ਸਾਰੀਆਂ ਹੱਦ-ਬੰਦੀਆਂ ਅਤੇ ਪਾਬੰਦੀਆਂ ਦੂਰ ਕਰ ਦਿਤੀਆਂ ਸਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇ ਧਰਮ ਦੇ ਠੇਕੇਦਾਰਾਂ ਨੇ ਔਰਤ ਨੂੰ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਚ ਕੀਰਤਨ ਅਤੇ ਸੇਵਾ ਕਰਨ ਦੀ ਆਗਿਆ ਨਾ ਦੇ ਕੇ ਔਰਤ ਦਾ ਅਤੇ ਗੁਰੂਆਂ ਦੀ ਮਹਾਨ ਸੋਚ ਦਾ ਨਿਰਾਦਰ ਕੀਤਾ ਹੈ । ਗੁਰਬਾਣੀ ਵਿਚ ਔਰਤ ਨੂੰ ‘ਘਰ ਕੀ ਗੀਹਿਨ`, ‘ਨੇਕ ਜਨ`਼ ਅਤੇ `ਪਾਰਜਾਤ ਘਰ ਆਂਗਨ ਮੇਰੇ` ਕਹਿ ਕੇ ਸਨਮਾਨਿਆ ਗਿਆ ਹੈ।
ਭਰੂਣ ਹੱਤਿਆ ਕਿਉਂ ਹੋ ਰਹੀ ਹੈ? ਇਹ ਗੰਭੀਰ ਸੋਚ ਅਤੇ ਵਿਚਾਰ ਕਰਨ ਵਾਲਾ ਸਵਾਲ ਹੈ ਅਤੇ ਇਨ੍ਹਾਂ ਦੇ ਕਾਰਨਾਂ ਵੱਲ ਸਾਨੂੰ ਡੂੰਘਾਈ ਨਾਲ ਧਿਆਨ ਦੇਣਾ ਬਣਦਾ ਹੈ। ਅੱਜ ਗਰਭ ਵਿਚਲੇ ਭਰੂਣ ਦੀ ਹੱਤਿਆ ਵੱਡੇ ਪੱਧਰ `ਤੇ ਕੀਤੀ ਜਾ ਰਹੀ ਹੈ। ਪੁਤਰ ਮੋਹ ਵਿਚ ਅੰਨ੍ਹੇ ਲੋਕ ਅਣਜੰਮੀ ਧੀ ਦਾ ਕਤਲ ਮਾਂ ਦੇ ਗਰਭ ਵਿਚ ਹੀ ਕਰੀ ਜਾ ਰਹੇ ਹਨ। ਜਿਸ ਕਰਕੇ ਇਕ ਹਜ਼ਾਰ ਲੜਕਿਆਂ ਪਿੱਛੇ ਸਿਰਫ 873 ਦੇ ਲਗਭਗ ਲੜਕੀਆਂ ਹੀ ਰਹਿ ਗਈਆਂ ਹਨ। ਕੰਨਿਆ ਭਰੂਣ ਹੱਤਿਆ ਕਰਨ ਦੇ ਸਿੱਧੇ ਅਸਿੱਧੇ ਕੀ ਕਾਰਨ ਹਨ? ਇਸ ਘਿਨੌਣੇ ਜ਼ੁਰਮ ਲਈ ਕਿਹੜੇ ਕਾਰਨ ਅਤੇ ਕਿਹੜੇ ਲੋਕ ਜ਼ਿੰਮੇਵਾਰ ਹਨ? ਜਦੋਂ ਤੱਕ ਇਹਨਾਂ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾਂਦਾ ਅਤੇ ਉਹਨਾਂ ਕਾਰਨਾਂ ਨੂੰ ਇਮਾਨਦਾਰੀ ਨਾਲ ਰੋਕਣ ਦਾ ਕੋਈ ਸਾਰਥਕ ਉਪਰਾਲਾ ਨਹੀਂ ਕੀਤਾ ਜਾਂਦ਼ਾ ਉਦੋਂ ਤੱਕ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਿਚ ਸਮਾਜ ਅਤੇ ਕਾਨੂੰਨ ਦੀ ਮਦਦ ਨਹੀਂ ਹੋ ਸਕਦੀ।
ਧਾਰਮਿਕ ਪ੍ਰਚਾਰਕਾਂ ਦੀ ਭੂਮਿਕਾ:- ਇਕ ਮਨਮਤੀ ਰੀਤ ਹੈ ਕਿ ਜਦੋਂ ਕਿਸੇ ਪਰਿਵਾਰ ਵਿਚ ਪੁਤਰ ਪੈਦਾ ਹੁੰਦਾ ਹੈ ਤਾਂ ਇਸ ਖੁਸ਼ੀ ਵਿਚ ਪਰਿਵਾਰ ਵਲੋਂ ਘਰ ਵਿਚ ਅਖੰਡ ਪਾਠ ਸਾਹਿਬ ਰਖਵਾਏ ਜਾਂਦੇ ਹਨ, ਜਿਸ ਨੂੰ ਛਟੀ ਕਰਨਾ ਵੀ ਕਿਹਾ ਜਾਂਦਾ ਹੈ। ਅਖੰਡ ਪਾਠ ਦੇ ਭੋਗ ਉਪਰੰਤ ਪਾਠੀ ਅਤੇ ਪ੍ਰਚਾਰਕ ਕੀਰਤਨ ਅਤੇ ਕਥਾ ਕਰਦਿਆਂ ਘਰ ਵਾਲਿਆਂ ਨੂੰ ਖੁਸ਼ ਕਰਨ ਲਈ ਗੁਰਬਾਣੀ ਵਿਚੋਂ ਮੁੰਡੇ ਬਾਰੇ ਬਾਣੀ ਦੀਆਂ ਤੁਕਾਂ, ਸਾਖੀਆਂ ਅਤੇ ਕਵੀਆਂ ਦੀਆਂ ਕਵਿਤਾਵਾਂ ਦੀਆਂ ਲਾਈਨਾਂ ਉਚੇਚੇ ਤੌਰ `ਤੇ ਜ਼ੋਰ ਲਗਾ-ਲਗਾ ਕੇ ਪੜ੍ਹਦੇ ਅਤੇ ਸੁਣਾਉਂਦੇ ਹਨ। ਉਹ ਪ੍ਰਚਾਰਕ ਮਾਤਾ ਗੰਗਾ ਜੀ ਬਾਰੇ ਦਸਦੇ ਹਨ ਕਿ ਉਹਨਾਂ ਨੇ ਬਾਬਾ ਬੁਢਾ ਜੀ ਤੋਂ ਪੁਤਰ ਦਾ ਵਰ ਲਿਆ ਸੀ ਅਤੇ ਮਾਤਾ ਸੁਲੱਖਣੀ ਜੀ ਨੇ ਇਕ ਪੁਤਰ ਦੀ ਮੰਗ ਕਰਨ ਤੇ ਘੋੜੇ ਦੇ ਹਿੱਲ ਜਾਣ ਕਰਕੇ ਸਤ ਪੁਤਰਾਂ ਦੀ ਦਾਤ ਪ੍ਰਾਪਤ ਕਰ ਲਈ ਸੀ। ਪਰ ਕੋਈ ਵੀ ਪ੍ਰਚਾਰਕ ਬੇਬੇ ਨਾਨਕੀ ਦੀ ਸਾਖੀ ਨਹੀਂ ਸੁਣਾਉਂਦਾ, ਜਿਸ ਦੇ ਘਰ ਨਾ ਕੋਈ ਪੁਤਰ ਸੀ ਨਾ ਹੀ ਧ਼ੀ। ਜਿਸ ਨੂੰ, ਦੁਨੀਆਂ ਦੇ ਸਭ ਤੋਂ ਸਿਆਣੇ ਮਹਾਂਪੁਰਸ਼ ‘ਬਾਬੇ ਨਾਨਕ’ ਨੇ ਵੀ ਪੁਤਰਾਂ ਦਾ ਵਰ ਨਹੀਂ ਸੀ ਦਿਤਾ, ਕਿਉਂਕਿ ਉਹ ਜਾਣਦੇ ਸਨ ਕਿ ਇਹ ਦਾਤ ਤਾਂ ਅਕਾਲ ਪੁਰਖ ਹੀ ਦੇ ਸਕਦਾ ਹੈ, ਕਿਸੇ ਇਨਸਾਨ ਦੇ ਹੱਥ ਵੱਸ ਨਹੀਂ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੁੜੀ ਅਤੇ ਮੁੰਡੇ ਵਿਚ ਕੋਈ ਫਰਕ ਨਹੀਂ ਹੈ। ਅਕਸਰ ਸਟੇਜ਼ਾਂ ਤੋਂ ਗਿਆਨਹੀਣ ਰਾਗੀਆਂ , ਢਾਢੀਆਂ, ਪ੍ਰਚਾਰਕਾਂ, ਕ਼ਥਾ ਵਾਚਕਾਂ ਅਤੇ ਸੰਤ ਬਾਬਿਆਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ ਕਿ ‘ਪੁਤੀ ਗੰਢੁ ਪਵੈ ਸੰਸਾਰਿ॥’ ਗੁਰੂ ਗ੍ਰੰਥ ਸਾਹਿਬ ਦੇ ਅੰਕ 143 `ਤੇ ਦਰਜ਼ ਇਸ ਸ਼ਬਦ ਦੇ ਗਲਤ ਅਰਥਾਂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ। ਜਿਸ ਦਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਪਰ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਗੁਰੂ ਜੀ ਆਖਦੇ ਹਨ ਕਿ ਪੁਤਰਾਂ ਨਾਲ ਹੀ ਦੁਨੀਆਂ ਵਿਚ ਸਾਂਝ ਪੈਂਦੀ ਹੈ। ਜਦ ਕਿ ਇਹ ਪ੍ਰਚਾਰ ਅਸਲੋਂ ਹੀ ਗਲਤ ਹ਼ੈ। ਇਸ ਸ਼ਬਦ ਦੀ ਪਹਿਲੀ ਪੰਗਤੀ ਹੈ ‘ਗੋਰੀ ਸੇਤੀ ਤੁਟੈ ਭਤਾਰੂ॥’ ਇਸ ਦਾ ਅਸਲ ਅਰਥ ਹੈ ਕਿ `ਜੇ ਵਹੁਟੀ ਨਾਲ ਖਸਮ ਨਰਾਜ਼ ਹੋ ਜਾਏ`, ‘ਪੁਤੀ ਗੰਢੁ ਪਵੈ ਸੰਸਾਰਿ॥’ `ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤਰਾਂ ਦੀ ਰਾਹੀਂ ਬਣਦਾ ਹੈ। ` ਗੁਰਬਾਣੀ ਦੀਆਂ ਇਹ ਪੰਗਤੀਆਂ ਲੜਕੇ ਤੇ ਲੜਕੀ ਦੋਹਾਂ ਵਾਸਤੇ ਹਨ। ਸਾਂਝ ਤਾਂ ਲੜਕੇ ਅਤੇ ਲੜਕੀ ਦੋਹਾਂ ਨਾਲ ਹੀ ਪੈਂਦੀ ਹੈ। ਕਿਉਂਕਿ ਕਿਸੇ ਵੀ ਔਰਤ ਤੋਂ ਬਿਨ੍ਹਾਂ ਆਦਮੀ ਅਧੂਰਾ ਹੈ? ਇਕ ਮਰਦ ਦਾ ਵਿਆਹ ਕਿਸੇ ਔਰਤ ਨਾਲ ਹੀ ਹੋ ਸਕਦਾ ਹੈ । ਸਿਰਫ ਪੁਤਰਾਂ ਨਾਲ ਹੀ ਸੰਸਾਰ ਵਿਚ ਗੰਢ ਨਹੀਂ ਪੈਂਦੀ। ਇਤਿਹਾਸਕ ਸਚਾਈ ਹੈ ਕਿ ਜਿੰਨੀ ਪੱਕੀ ਗੰਢ ਬੇਬੇ ਨਾਨਕੀ ਜੀ ਬਿਨ੍ਹਾਂ ਔਲਾਦ ਤੋਂ, ਇਸ ਸੰਸਾਰ ਨਾਲ ਪਾ ਗਏ ਹਨ । ਓਨੀ ਸ਼ਾਇਦ ਕਈ ਪੁਤਰਾਂ ਵਾਲੇ ਵੀ ਨਾ ਪਾ ਸਕੇ। ਸੰਸਾਰ ਨਾਲ ਤਾਂ ਗੰਢ ਚੰਗੇ ਕੰਮਾਂ ਨਾਲ ਪੈਣੀ ਹੈ। ‘ਮੁਇਆ ਗੰਢੁ ਨੇਕੀ ਸਤੁ ਹੋਇ॥’ ਅੱਜ ਅਨੇਕਾਂ ਹੀ ਖਬਰਾਂ ਇਸ ਤਰ੍ਹਾਂ ਦੀਆਂ ਛੱਪਦੀਆਂ ਹਨ ਕਿ ਕਲਯੁੱਗੀ ਪੁਤਰ ਨੇ ਜ਼ਮੀਨ ਜਾਇਦਾਦ ਲਈ ਮਾਪਿਆਂ ਦਾ ਕਤਲ ਕਰ ਦਿਤਾ। ਇਹ ਕਿਹੀ ਗੰਢ ਹੈ! ਜਿਹੜੀ ਮਾਪਿਆਂ ਨੂੰ ਕਤਲ ਕਰਕੇ ਪਾਈ ਜਾ ਰਹੀ ਹੈ।
ਭਾਈ ਗੁਰਦਾਸ ਜੀ ਨੇ ਇਸਤਰੀ ਨੂੰ ਪੁਰ਼ਸ਼ ਦੀ ਅਰਧਾਂਗਨੀ ਦੇ ਰੂਪ ਵਿਚ ਸਵੀਕਾਰ ਕੀਤਾ ਹੈ। ਗੁਰਬਾਣੀ ਦਾ ਇਹ ਵਾਕ “ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝਤ ਬ੍ਰਹਮ ਗਿਆਨੀ”॥ ਇਸੇ ਵਿਚਾਰ ਦਾ ਸੰਕੇਤ ਹੈ। ਅਖੌਤੀ ਪ੍ਰਚਾਰਕ ਪੁਤਰ ਨਾਲ ਸਬੰਧਤ ਤੋਤਕੜੇ ਅਤੇ ਕਵਿਤਾ ਦੀਆਂ ਲਾਈਨਾਂ ਇਸ ਕਰਕੇ ਸੁਣਾਉਂਦੇ ਹਨ ਤਾਂ ਕਿ ਘਰ ਵਾਲੇ ਪੁਤਰ ਦਾ ਮਹੱਤਵ ਸੁਣ ਕੇ ਅਤੇ ਪੁੱਤਰ ਮੋਹ ਵਿਚ ਭਾਵੁਕ ਹੋ ਕੇ ਉਹਨਾਂ (ਪ੍ਰਚਾਰਕਾਂ) ਨੂੰ ਵੱਧ ਤੋਂ ਵੱਧ ਮਾਇਆ ਭੇਟ ਕਰਨ। ਪ੍ਰਚਾਰਕਾਂ ਦਾ ਅਸਲ ਮਨੋਰਥ ਤਾਂ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਤੋਂ ਹੈ। ਗੁਰਬਾਣੀ ਗਿਆਨ ਵੰਡਣ ਤੋਂ ਨਹ਼ੀਂ। ਕੰਨਿਆਂ ਭਰੂਣ ਹੱਤਿਆ ਦੇ ਸੰਦਰਭ ਵਿਚ ਅਜਿਹੇ ਗਿਆਨ ਵਿਹੁਣੇ ਸਿੱਖ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਸੇਵਾਦਾਰਾਂ ਵਲੋਂ ਆਪਣੀ ਚੁਪੀ ਨੂੰ ਤੋੜਦੇ ਹੋਏ ਸਖ਼ਤ ਹਦਾਇਤ ਅਤੇ ਤਾੜਨਾ ਕੀਤੀ ਜਾਵੇ ਕਿ ਲੜਕੀ ਤੇ ਲੜਕੇ ਵਿਚਲੇ ਫਰਕ ਨੂੰ ਦਰਸਾਉਂਦਾ ਅਜਿਹਾ ਪ੍ਰਚਾਰ ਉਹ ਬਿਲਕੁਲ ਨਾ ਕਰਨ। ਅਜਿਹਾ ਗਲਤ ਪ੍ਰਚਾਰ ਕੰਨਿਆ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਦਾ ਹੈ। ਗਲਤ ਪ੍ਰਚਾਰ ਕਰਨ ਵਾਲਿਆਂ ਕਥਾ ਵਾਚਕਾਂ, ਪ੍ਰਚਾਰਕਾਂ ਅਤੇ ਸੰਤ ਬਾਬਿਆਂ `ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਬਹੁਤ ਸਾਰੇ ਸੰਤ-ਬਾਬੇ ਆਪਣੇ ਆਪ ਨੂੰ `ਪੁਤਰਾਂ ਦੇ ਦਾਨੀ` ਬਣੇ ਹੋਏ ਹਨ, ਜੋ ਭੋਲੀ ਭਾਲੀ ਸੰਗਤ ਨੂੰ ਬੁੱਧੂ ਬਣਾਉਣ ਅਤੇ ਲੁੱਟਣ ਤੋਂ ਘੱਟ ਨਹੀਂ ਹੈ। ਸਾਨੂੰ ਸਭ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਪੁਤਰ ਹੀ ਮਿੱਠੜੇ ਮੇਵੇ ਨਹੀਂ ਰਹੇ। ਕਿਉਂਕਿ ਹੁਣ ਤਾਂ ਸੁਰਤ ਸੰਭਾਲਦੇ ਜਵਾਨ ਹੁੰਦੇ ਮੁੰਡੇ ਮਾਪਿਆਂ ਦੇ ਗਲ਼ਾਂ ਵਿਚ ਅੰਗੂਠਾ ਦੇ ਕੇ ਆਪਣੀਆਂ ਫਜ਼ੂਲ ਮੰਗਾਂ ਮਨਵਾਉਂਦੇ ਹਨ। ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ, ਪੈਰ ਪੈਰ `ਤੇ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਦਿੰਦੇ, ਮਾਪਿਆਂ ਨੂੰ ਬਲੈਕਮੇਲ ਕਰ ਰਹੇ ਹਨ। ਜਿਹੜੇ ਮਾਪੇ ਕਦੀ ਪੁਤਰਾਂ ਦੀ ਦਾਤ ਲਈ ਗੁਰਦੁਆਰਿਆਂ ਵਿਚ ਅਰਦਾਸ ਕਰਵਾਉਂਦੇ ਸਨ, ਅਜ ਓਹੀ ਮਾਪੇ ਕਹਿੰਦੇ ਹਨ ਕਿ ਅਜਿਹੀ ਔਲਾਦ ਨਾਲੋਂ ਤਾਂ ਅਸੀਂ ਬੇ-ਔਲਾਦੇ ਹੀ ਚੰਗੇ ਸਾਂ। ਅੱਜ ਲਗਭੱਗ 80% ਸਮਾਜ ਅਰਦਾਸਾਂ ਕਰਕੇ ਲਏ ਪੁਤਰਾਂ ਦੇ ਹੱਥੋਂ ਦੁੱਖ ਭੋਗ ਰਿਹਾ ਹੈ। ਕਿਸੇ ਨੇ ਵੀ ਧੀ ਦੀ ਪ੍ਰਾਪਤੀ ਲਈ ਕਦੀ ਗੁਰਦੁਆਰੇ ਵਿਚ ਜਾ ਕੇ ਅਰਦਾਸ ਨਹੀਂ ਕਰਵਾਈ ਹੋਣੀ। ਇਹ ਵੀ ਅਟੱਲ ਸਚਾਈ ਹੈ ਕਿ ਪੁੱਤਰ ਤਾਂ ਮਾਪਿਆਂ ਦੀਆਂ ਜਾਇਦਾਦਾਂ ਵੰਡਾਉਂਦੇ ਹਨ, ਪਰ ਧੀਆਂ ਹਮੇਸ਼ਾ ਮਾਪਿਆਂ ਦਾ ਦੁੱਖ ਵੰਡਾਉਂਦੀਆਂ ਹਨ।
ਦਾਜ਼-ਦਹੇਜ਼ ਅਤੇ ਵਿਆਹਾਂ `ਤੇ ਹੁੰਦੀ ਫਜ਼ੂਲ ਖਰਚੀ:- ਮਾਪਿਆਂ ਵਲੋਂ ਲੜਕੀ ਨੂੰ ਵਿਆਹ ਸਮੇਂ ਘਰ ਦੀ ਵਰਤੋਂ ਲਈ ਜਰੂਰੀ ਸਮਾਨ ਦਿਤਾ ਜਾਣ ਦਾ ਰਿਵਾਜ ਬਹੁਤ ਸਮਾਂ ਪਹਿਲਾਂ ਪਿਆ ਸੀ। ਤਾਂ ਕਿ ਲੜਕੀ ਸਹੁਰੇ ਘਰ ਜਾ ਕੇ ਆਪਣੇ ਜਰੂਰੀ ਸਮਾਨ ਦੀ ਵਰਤੋਂ ਕਰ ਸਕੇ। ਪਰ ਸਮੇਂ ਦੇ ਬਦਲਣ ਨਾਲ ਇਸ ਰਿਵਾਜ਼ ਦਾ ਰੂਪ ਬਦਲਦਾ ਗਿਆ। ਘਰਦਾ ਜਰੂਰੀ ਸਮਾਨ ਤਾਂ ਹੁਣ ਕੋਈ ਦਿੰਦਾ ਨਹੀਂ, ਸਗੋਂ ਕਿਲੋਂਆਂ ਦੇ ਹਿਸਾਬ ਗਹਿਣੇ (ਸਹੁਰੇ ਘਰ ਦੇ ਸਾਰੇ ਮੈਂਬਰਾਂ ਲਈ), ਮਹਿੰਗੀਆਂ ਕਾਰਾਂ ਅਤੇ ਐਸ਼ੋਇਸ਼ਰਤ ਦੇ ਹੋਰ ਸਮਾਨ ਦੀ ਮੰਗ ਹੋਣ ਲਗ ਪਈ ਹੈ। ਇਸ ਸਮੇਂ ਲੜਕੀ ਦੇ ਵਿਆਹ `ਤੇ ਖਰਚੇ ਦਾ ਹਿਸਾਬ ਲੱਖਾਂ ਰੁਪਏ ਵਿਚ ਪੁੱਜ ਗਿਆ ਹੈ।
ਵਿਆਹ ਸਮੇਂ ਲੜਕੇ ਵਾਲੇ ਲੜਕੀ ਦੇ ਪਰਿਵਾਰ ਅੱਗੇ ਵਿਆਹ ਸਮਾਗਮ, ਮੈਰਿਜ ਪੈਲਸ ਵਿਚ ਕਰਨ ਦੀ ਮੰਗ ਰੱਖਦੇ ਹਨ। ਗਰਮੀਆਂ ਦੀ ਰੁੱਤ ਹੋਵੇ ਤਾਂ ਏਅਰ ਕੰਡੀਸ਼ਨਿੰਗ ਹਾਲ ਬੁਕ ਕਰਨ ਦੀ ਮੰਗ ਕਰਦੇ ਹਨ। ਵਿਆਹ ਵਿਚ ਕਈ ਤਰ੍ਹਾਂ ਦੇ ਮਾਸਾਹਾਰੀ ਭੋਜਨ ਅਤੇ ਕਈ ਤਰ੍ਹਾਂ ਦੀ ਮਹਿੰਗੀ ਸ਼ਰਾਬ ਲਗਾਤਾਰ ਵਰਤਾਉਣ ਦੀ ਹਦਾਇਤ ਵੀ ਕਰਦੇ ਹਨ। ਮੁੰਡੇ ਵਾਲੇ ਕੁੜੀ ਵਾਲਿਆਂ `ਤੇ ਅਹਿਸਾਨ ਜਤਾਉਣ ਵਾਂਗ ਜ਼ੋਰ ਦੇ ਕੇ ਕਹਿੰਦੇ ਹਨ ਕਿ ‘ਅਸੀਂ ਦਾਜ਼ ਤਾਂ ਕੋਈ ਲੈਣਾ ਨਹੀਂ, ਪਰ ਸਾਡੀ ਬਰਾਤ ਦੀ ਸੇਵਾ ਕਰਨ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦ਼ੀ।’ ਤੇ ਬਰਾਤ ਵਿਚ ਉਹ ਅੰਗਲੀਆਂ-ਸੰਗਲੀਆਂ ਰਿਸ਼ਤੇਦਾਰੀਆਂ ਅਤੇ ਮਾੜੀ ਮੋਟੀ ਵਾਕਫੀਅਤ ਵਾਲਿਆਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦੇ ਦਿੰਦੇ ਹਨ। ਵੱਡੀ ਗਿਣਤੀ ਵਿਚ ਬਰਾਤ ਲਿਆਉਣ ਨੂੰ ਉਹ ਸ਼ਾਇਦ ਆਪਣੀ ਸ਼ਾਨ ਸਮਝਦੇ ਹੋਣ। ਕਿਉਂਕਿ ਸਾਰਾ ਖਰਚਾ ਤਾਂ ਲੜਕੀ ਵਾਲਿਆਂ ਦੇ ਸਿਰੋਂ ਹੀ ਹੋਣਾ ਹੁੰਦਾ ਹੈ।
ਵੱਡੇ ਦਰਜ਼ੇ ਵਾਲੇ ਸਿਆਸੀ ਲੀਡਰ, ਬਿਜਨਸਮੈਨ, ਰਿਸ਼ਵਤ ਲੈਣ ਵਾਲੇ ਅਤੇ ਬਲੈਕੀਏ ਕਿਸਮ ਦੇ ਪ੍ਰੀਵਾਰਾਂ ਨੂੰ ਤਾਂ ਵਿਆਹਾਂ `ਤੇ ਫਾਲਤੂ ਖਰਚ ਕਰਨ ਵਿਚ ਕੋਈ ਫਰਕ ਨਹੀਂ ਪੈਂਦ਼ਾ। ਪਰ ਜੋ ਲੋਕ ਦਸਾਂ ਨਹੂੰਆਂ ਦੀ ਕਿਰਤ ਕਮਾਈ ਕਰਦੇ ਹਨ, ਖੇਤੀਬਾੜੀ `ਤੇ ਨਿਰਭਰ ਹਨ ਅਤੇ ਮੱਧ ਸ਼੍ਰੈਣੀ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਲਈ ਤਾਂ ਐਨਾ ਖਰਚਾ ਕਰਨਾ ਕਠਨ ਹੋ ਜਾਂਦਾ ਹੈ। ਫਿਰ ਲੜਕੇ ਵਾਲਿਆਂ ਵਲੋਂ ਦਾਜ਼ ਦੇ ਬਹਾਨੇ ਲੜਕੀ ਵਾਲਿਆਂ ਨੂੰ ਫਜ਼ੂਲ ਰਸਮਾਂ ਰਿਵਾਜਾਂ ਵਿਚ ਵਿਚਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਪਹਿਲਾਂ ਰੋਕਾਂ, ਫਿਰ ਠਾਕਾ, ਫਿਰ ਮੰਗਣੀ, ਫਿਰ ਰਿੰਗ ਸੈਰਾਮਨੀ ਅਤੇ ਫਿਰ ਚੁੰਨੀ ਚੜ੍ਹਾਉਣੀ ਆਦਿ। ਅਜਿਹੀਆਂ ਫਜ਼ੂਲ ਦੀਆਂ ਰਸਮਾਂ `ਤੇ ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਦੇ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਵਿਆਹਾਂ `ਤੇ ਹੁੰਦੀ ਅਜਿਹੀ ਫਜ਼ੂਲ ਖਰਚੀ ਵੇਖ ਕੇ ਗਰੀਬ ਅਤੇ ਲਾਚਾਰ ਮੱਧ ਵਰਗੀ ਪ੍ਰੀਵਾਰ ਅਸਲੋਂ ਹੀ ਘਬਰਾ ਜਾਂਦੇ ਹਨ। ਅਜੋਕੇ ਸਮੇਂ ਵਿਚ ਵਿਆਹ `ਤੇ ਹੋਣ ਵਾਲਾ ਬੇਹਿਸਾਬਾ ਲੱਖਾਂ ਰੁਪਏ ਦਾ ਖਰਚਾ ਅਤੇ ਦਾਜ਼ ਲੈਣ ਦਾ ਲਾਲਚ ਵੀ ਕੰਨਿਆ ਭਰੂਣ ਹੱਤਿਆ ਦਾ ਵੱਡਾ ਕਾਰਨ ਬਣਦਾ ਹੈ। ਜਿਸ ਪ੍ਰਵਾਰ ਦੀਆਂ ਪਹਿਲਾਂ ਹੀ ਦੋ ਲੜਕੀਆਂ ਹੁੰਦੀਆਂ ਹਨ, ਉਹ ਦਾਜ਼ ਦੇਣ ਦੀ ਭਾਰੀ ਰਕਮ ਤੋਂ ਡਰਦਾ ਇਹ ਗੁਨਾਹ ਕਰ ਬੈਠਦਾ ਹੈ। ਵਿਆਹਾਂ ਵਿਚ ਹੋ ਰਹੀਆਂ ਫਜ਼ੂਲ ਦੀਆਂ ਰਸਮਾਂ ਅਤੇ ਬਰਾਤਾਂ ਦਾ ਲਾਮ-ਲਸ਼ਕਰ ਬੰਦ ਕਰਨ ਲਈ ਸਰਕਾਰ ਵਲੋਂ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਲੜਕੀ ਦੇ ਵਿਆਹ ਵਿਚ ਕੀਤੇ ਖਰਚੇ ਦੇ ਕਾਰਨ ਕਈ ਕਰਜ਼ਾਈ ਹੋਏ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਲੜਕੀ ਨਾਲ ਸਹੁਰੇ ਪਰਿਵਾਰ ਵਲੋਂ ਦਾਜ਼ ਘੱਟ ਲਿਆਉਣ ਕਰਕੇ ਤਾਹਨੇ ਮਿਹਣੇ ਅਤੇ ਬੋਲ-ਕੁ-ਬੋਲ ਸੁਣਾਏ ਜਾਂਦੇ ਹਨ। ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਪਰੋਂ ਜੇ ਲੜਕੀ ਪੈਦਾ ਹੋ ਜਾਏ ਤਾਂ ਉਸ ਦੀਆਂ ਮੁਸੀਬਤਾਂ ਹੋਰ ਵੀ ਵੱਧ ਜਾਂਦੀਆਂ ਹਨ। ਸਹੁਰੇ ਘਰ ਵਿਚ ਲੜਕੀ ਨੂੰ ਦੁੱਖੀ ਹੁੰਦੀ ਵੇਖਣਾ ਜਾਂ ਲੜਕੇ ਵਾਲਿਆਂ ਵਲੋਂ ਲੜਕੀ ਵਾਲਿਆਂ ਉਤੇ ਫਜ਼ੂਲ ਦਾ ਰੋਅਬ ਪਾਉਣ ਦਾ ਕਾਰਨ ਵੀ ਲੜਕੀਆਂ ਦੀ ਘੱਟ ਰਹੀ ਗਿਣਤੀ ਦਾ ਇੱਕ ਮੁਖ ਕਾਰਨ ਹੈ।
ਬਲਾਤਕਾਰ ਅਤੇ ਛੇੜ-ਛਾੜ ਦੀਆਂ ਵਾਪਰਦੀਆਂ ਘਟਨਾਵਾਂ:- ਹਰ ਰੋਜ਼ ਟ਼ੀ ਵ਼ੀ ਚੈਨਲਾਂ ਅਤੇ ਅਖਬਾਰਾਂ ਦੀਆਂ ਸੁਰਖ਼ੀਆਂ ਵਿਚ ਬਲਾਤਕਾਰ ਤੇ ਲੜਕੀਆਂ ਨਾਲ ਛੇੜ-ਛਾੜ ਦੀਆਂ ਘਟਨਾਵਾਂ ਵੇਖਣ ਅਤੇ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਦਿਲ ਦਹਿਲ ਜਾਂਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਬਲਾਤਕਾਰ ਦੀਆਂ ਘਟਨਾਵਾਂ ਕਰਕੇ ਦੁਨੀਆਂ ਭਰ ਵਿਚ ਬਦਨਾਮ ਹੋ ਚੁੱਕੀ ਹੈ। ਮਾਸੂਮ ਲੜਕੀਆਂ ਨਾਲ ਬਲਾਤਕਾਰ ਕਰਕੇ, ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿਤਾ ਜਾਂਦਾ ਹੈ। ਇਸ ਤੋਂ ਵੱਡਾ ਜ਼ੁਲਮ ਦੁਨੀਆਂ ਵਿਚ ਹੋਰ ਕਿਹੜਾ ਹੋ ਸਕਦਾ ਹੈ?
ਗ੍ਰਹਿ ਮੰਤਰਾਲੇ ਦੇ ਕੌਮੀ ਅਪਰਾਧ ਰੀਕਾਰਡ ਬਿਊਰੋ ਵਲੋਂ ਔਰਤਾਂ ਵਿਰੁੱਧ 2006 ਤੱਕ ਹੋਏ ਜ਼ੁਰਮਾਂ ਦੇ ਜਾਰੀ ਕੀਤੇ ਅੰਕੜੇ ਦਸਦੇ ਹਨ ਕਿ 1971 ਤੋਂ ਹੁਣ ਤੱਕ ਬਲਾਤਕਾਰ ਦੇ ਕੇਸਾਂ ਦਾ ਜ਼ੁਰਮ ਇਕ ਦਿਨ `ਚ 700 ਫੀਸਦੀ ਵਧਿਆ ਹੈ। ਵੱਡੇ ਸ਼ਹਿਰਾਂ ਚੋਂ ਦਿੱਲੀ ਵਿਚ ਔਰਤਾਂ ਵਿਰੁੱਧ ਸਭ ਤੋਂ ਵੱਧ 4134 ਜ਼ੁਰਮ ਦਰਜ਼ ਹੋਏ, ਹੈਦਰਾਬਾਦ ਵਿਚ 1755 ਕੇਸ ਦਰਜ਼ ਹੋਏ। ਸੂਬਿਆਂ `ਚੋਂ ਆਂਧਰਾ ਪ੍ਰਦੇਸ਼ ਦਾ ਪਹਿਲਾ ਨੰਬਰ ਹੈ, ਜਿਥੇ 21484 ਕੇਸ ਔਰਤਾਂ ਨਾਲ ਹੋਏ ਜ਼ੁਰਮਾਂ ਸਬੰਧੀ ਦਰਜ਼ ਹੋਏ। ਮੱਧ ਪ੍ਰਦੇਸ਼ ਵਿਚ 2900 ਬਲਾਤਕਾਰ ਦੇ ਕੇਸ ਦਰਜ਼ ਹੋਏ। ਮੁੰਬਈ ਵਿਚ 456 ਕੇਸ ਔਰਤਾਂ ਨਾਲ ਛੇੜ-ਛਾੜ ਦੇ ਦਰਜ਼ ਕੀਤੇ ਗਏ। ਰੇਲਵੇ ਪੁਲਿਸ ਨੇ ਵੀ ਛੇੜ-ਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ 1068 ਅਜਿਹੇ ਕੇਸ ਦਰਜ਼ ਕੀਤੇ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਵਿਚ ਔਸਤਨ ਲਗਭਗ ਹਰ ਰੋਜ਼ ਇਕ ਔਰਤ ਦੇ ਬਲਾਤਕਾਰ ਦੀ ਰਿਪੋਰਟ ਹੈ। ਹਰ ਦੂਜੇ ਦਿਨ ਇਕ ਔਰਤ ਦਾ ਕਤਲ ਕਰ ਦਿਤਾ ਜਾਂਦਾ ਹੈ। ਹਰ 24 ਘੰਟੇ ਵਿਚ ਦੋ ਔਰਤਾਂ ਨੂੰ ਅਗਵਾਹ ਕਰ ਲਿਆ ਜਾਂਦਾ ਹੈ। ਪੰਜਾਬ ਪੁਲਿਸ ਦੀ ਜਨਵਰੀ 2009 ਤੋਂ ਜੁਲਾਈ 2009 ਦੇ ਅੰਤ ਤੱਕ (ਲਗਭਗ 7 ਮਹੀਨੇ ਵਿਚ) 257 ਕੇਸ ਬਲਾਤਕਾਰ ਦੇ ਵਾਪਰੇ ਹਨ। 334 ਔਰਤਾਂ ਨੂੰ ਅਗਵਾਹ ਕੀਤਾ ਗਿਆ। 200 ਔਰਤਾਂ ਨਾਲ ਛੇੜ-ਛਾੜ ਦੇ ਮਾਮਲੇ ਸਾਹਮਣੇ ਆਏ ਹਨ। 115 ਤੋਂ ਵੱਧ ਔਰਤਾਂ ਦਾ ਕਤਲ ਕਰ ਦਿਤਾ ਗਿਆ ਹੈ। ਹਰ ਦੂਜੇ ਦਿਨ ਇਕ ਔਰਤ ਆਤਮ ਹੱਤਿਆ ਕਰ ਲੈਂਦੀ ਹੈ। ਔਸਤਨ ਹਰ ਮਹੀਨੇ ਦਾਜ਼ ਨਾਲ ਪੀੜ੍ਹਤ ਇਕ ਔਰਤ ਦੇ ਮਰਨ ਦੀ ਖਬਰ ਹੈ। ਜਨਵਰੀ ਤੋਂ ਮਈ 2009 ਤੱਕ 11 ਕੇਸ ਕੰਨਿਆ ਭਰੂਣ ਹੱਤਿਆ ਦੇ ਵਾਪਰੇ ਹਨ।
ਉਪਰੋਕਤ ਕਿਸਮ ਦੀਆਂ ਖਬਰਾਂ ਸੁਣਨ ਤੋਂ ਬਾਅਦ ਧੀਆਂ ਦੇ ਮਾਪੇ ਕਾਲਜਾ ਹੱਥ ਵਿਚ ਫੜ੍ਹ ਲੈਂਦੇ ਹਨ। ਉਹਨਾਂ ਦੇ ਦਿਲ ਦਹਿਲ ਜਾਂਦੇ ਹਨ। ਉਹਨਾਂ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਉਹ ਸੂਲੀ `ਤੇ ਟੰਗੇ ਮਹਿਸੂਸ ਕਰਦੇ ਹਨ। ਕਿਉਂਕਿ ਸਾਡੇ ਦੇਸ਼ ਵਿਚ ਆਮ ਨਾਗਰਿਕ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਕਾਨੂੰਨ ਗਰੀਬਾਂ ਤੇ ਰਾਜ ਕਰਦਾ ਹੈ ਪਰ ਪੁਲਿਸ ਅਫਸਰ, ਸਿਆਸੀ ਨੇਤਾ ਅਤੇ ਅਮੀਰ ਲੋਕ ਕਾਨੂੰਨ `ਤੇ ਵੀ ਰਾਜ ਕਰਦੇ ਹਨ। ਇਸ ਸਬੰਧ ਵਿਚ ਹਰਿਆਣੇ ਦੇ ਰੁਚਿਕਾ ਕਾਂਡ ਦੀ ਮਿਸਾਲ ਤਾਜ਼ਾ ਹੈ। ਆਮ ਤੌਰ `ਤੇ ਦੋਸ਼ੀ ਪੁਲਿਸ ਨੂੰ ਖਰੀਦ ਲੈਂਦੇ ਹਨ ਤੇ ਅਜਿਹੀਆਂ ਘਟਨਾਵਾਂ ਦੇ ਕੇਸ ਦਰਜ਼ ਕਰਨ ਵਿਚ ਫਿਰ ਪੁਲਿਸ ਵਲੋਂ ਢਿੱਲ ਮੱਠ ਕੀਤੀ ਜਾਂਦੀ ਹੈ। ਗਰੀਬ ਲੋਕਾਂ ਨਾਲ ਪੁਲਿਸ ਕੋਝਾ ਮਜ਼ਾਕ ਕਰਕੇ ਉਹਨਾਂ ਨੂੰ ਜਲੀਲ ਕਰਦੀ ਹੈ। ਧੀਆਂ ਦੀ ਇਜ਼ਤ ਸ਼ਰੇਆਮ ਨੀਲਾਮ ਹੁੰਦੀ ਵੇਖ ਕੇ ਮਾਪੇ ਲਹੂ ਦੇ ਹੰਝੂ ਸੁੱਟਦੇ ਹਨ। ਕਈ ਮਾਪੇ ਇਹ ਬੇਇਜ਼ਤੀ ਨਾ ਸਹਾਰਦੇ ਖੁਦਕਸ਼ੀ ਕਰ ਲੈਂਦੇ ਹਨ। ਸਿਆਸੀ ਦਖ਼ਲ ਅੰਦਾਜ਼ੀ ਇਨਸਾਫ ਦੇ ਰਾਹ ਵਿਚ ਰੋੜਾ ਬਣਦੀ ਹੈ। ਗਰੀਬ ਲੋਕ ਆਪਣੀ ਬੇਵਸੀ `ਤੇ ਕੰਧਾਂ ਵਿਚ ਸਿਰ ਮਾਰ ਕੇ ਰਹਿ ਜਾਂਦੇ ਹਨ। ਇਹ ਸਚਾਈ ਹੈ ਕਿ ਸਮਾਜ ਵਿਚ ਵਾਪਰਦੇ ਅਜਿਹੇ ਕੁਕਰਮ ਰਾਜਸੀ ਸ਼ਰਨ ਤੇ ਪੁਲਿਸ ਦੀ ਮਿਲੀ ਭੁਗਤ ਤੋਂ ਬਿਨ੍ਹਾਂ ਨਹੀਂ ਵਾਪਰ ਸਕਦੇ। ਜਿਨ੍ਹਾਂ ਦੀ ਰਾਜਸੀ ਲੋਕਾਂ ਅਤੇ ਪੁਲਿਸ ਵਾਲਿਆਂ ਤੱਕ ਕੋਈ ਪਹੁੰਚ ਨਹੀਂ ਹੁੰਦੀ ਉਹਨਾਂ `ਤੇ ਹੀ ਸਗੋਂ ਉਲਟੇ ਕੇਸ ਦਰਜ਼ ਕਰਕੇ, ਉਹਨਾਂ ਨੂੰ ਥਾਣਿਆਂ `ਚ ਡੱਕ ਦਿਤਾ ਜਾਂਦਾ ਹੈ। ਦੋਸ਼ੀਆਂ `ਤੇ ਕਾਰਵਾਈ ਕਰਵਾਉਣ ਲਈ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪੀੜ੍ਹਤ ਧੀਆਂ ਵਾਲਿਆਂ ਦੇ ਪੱਲੇ ਬਦਨਾਮੀ ਅਤੇ ਖੱਜਲ ਖੁਆਰੀ ਤੋਂ ਬਿਨ੍ਹਾਂ ਕੁਝ ਨਹੀਂ ਪੈਂਦ਼ਾ। ਸਮਾਜ ਵਿਚ ਪੈਦਾ ਹੋਈ ਅਜਿਹੀ ਤ੍ਰਾਸਦੀ ਵੇਖ ਕੇ ਲੋਕ ਭਰੂਣ ਹੱਤਿਆ ਕਰਨ ਦਾ ਗੁਨਾਹ ਕਰ ਲੈਂਦੇ ਹਨ। ਆਪਣੀ ਇਜ਼ਤ ਤਾਰ-ਤਾਰ ਹੁੰਦੀ ਵੇਖਣ ਦੀ ਬਜਾਏ, ਉਹ ਧੀ ਤੋਂ ਵਿਰਵੇਂ ਰਹਿਣ ਨੂੰ ਤਰਜ਼ੀਹ ਦਿੰਦੇ ਹਨ। ਮਾਣਯੋਗ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਕਿਸੇ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕਰ ਦੇਣ ਵਾਲੇ ਜ਼ੁਲਮੀ ਨੂੰ ਕਿਸੇ ਵੀ ਤਰ੍ਹਾਂ ਫਾਂਸੀ ਤੋਂ ਘੱਟ ਸਜ਼ਾ ਨਾ ਦੇਵੇ। ਅਤੇ ਅਜਿਹੇ ਕੇਸਾਂ ਦੀ ਸੁਣਵਾਈ 6 ਮਹੀਨੇ ਵਿਚ ਹੀ ਪੂਰੀ ਕਰਕੇ ਸਜ਼ਾ ਦੇ ਦੇਣੀ ਲਾਜ਼ਮੀ ਕੀਤੀ ਜਾਵੇ।
ਹੁਣ ਤਾਂ ਧਾਰਮਿਕ ਵਿਅਕਤੀਆਂ (ਗ੍ਰੰਥੀ ਅਤੇ ਸੰਤ-ਬਾਬਿਆਂ) ਅਤੇ ਅਧਿਆਪਕ ਵਰਗ ਦਾ ਕਿਰਦਾਰ ਵੀ ਬਹੁਤ ਗਿਰ ਚੁਕਿਆ ਹੈ ਅਤੇ ਉਹ ਅਜਿਹੇ ਜ਼ੁਰਮ ਕਰਨ ਤੋਂ ਕੰਨੀ ਨਹੀਂ ਕਤਰਾਉਂਦ਼ੇ। ਬਹੁਤ ਸਾਰੇ ਸੰਤ ਬਾਬਿਆਂ `ਤੇ ਬਲਾਤਕਾਰੀ ਹੋਣ ਦਾ ਫਤਵਾ ਲੱਗ ਚੁਕਾ ਹੈ ਅਤੇ ਉਹਨਾਂ `ਤੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਫਿਰ ਵੀ ਲੋਕ ਇਹਨਾਂ ਡੇਰਿਆਂ ਨਾਲ ਜੁੜੇ ਹੋਏ ਹਨ। ਸੰਤ-ਬਾਬਿਆਂ , ਚਰਿਤਰਹੀਣ ਅਧਿਆਪਕਾਂ ਅਤੇ ਪੁਲਿਸ ਵਾਲਿਆਂ `ਤੇ ਬਿਨ੍ਹਾਂ ਕਿਸੇ ਰਾਜਸੀ ਦਬਾਅ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਥੇ ਪ੍ਰਸਿੱਧ ਲੇਖਕਾ ਅੰਮ੍ਰਿਤਾ ਪ੍ਰੀਤਮ ਦੇ ਵਿਚਾਰ ਬਹੁਤ ਤਰਕਸੰਗਤ ਹਨ ਕਿ ‘ਔਰਤ ਆਟੇ ਦੀ ਤੌਣ ਹੁੰਦੀ ਹੈ, ਜਿਸ ਨੂੰ ਅੰਦਰ ਚੂਹੇ ਖਾਂਦੇ ਹਨ ਤੇ ਬਾਹਰ ਕਾਂ ਅਤੇ ਕੁੱਤ਼ੇ।’
ਸਾਡਾ ਸਭਿਆਚਾਰਕ ਪ੍ਰਦੂਸ਼ਣ:- ਅਸੀਂ ਇਹ ਸਿਫਤਾਂ ਕਰਦੇ ਨਹੀਂ ਥੱਕਦੇ ਕਿ ਸਾਡਾ ਸਭਿਆਚਾਰ ਬਹੁਤ ਅਮੀਰ ਹੈ। ਪਰ ਹਕੀਕਤ ਤਾਂ ਇਹ ਹੈ ਕਿ ਸਾਡਾ ਸਭਿਆਚਾਰ ਅੰਦਰੋਂ-ਅੰਦਰੀਂ ਜਾਤਾਂ ਨੇ ਜਕੜਿਆ ਹੋਇਆ ਹੈ। ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਦੇ ਕਿ ਸਾਡੀ ਧੀ/ਪੁੱਤਰ ਕਿਸੇ ਦੂਸਰੀ ਜਾਤੀ ਵਿਚ ਵਿਆਹ ਕਰਵਾਏ। ਜੇ ਧੀ/ਪੁਤਰ ਇਸ ਸਬੰਧੀ ਪਹਿਲ ਕਦਮੀਂ ਕਰ ਲੈਂਦੇ ਹਨ ਤਾਂ ਅਸੀਂ ਇਸ ਨੂੰ ਆਪਣੀ ਬੇਇਜ਼ਤੀ ਜਾਂ ਨੱਕ ਕੱਟ ਜਾਣਾ ਸਮਝਦੇ ਹਾਂ ਅਤੇ ਆਪਣੀ ਧੀ ਨੂੰ ਮਾਰ ਦੇਣ ਤੱਕ ਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਦੇ । ਇਸ ਸਮਾਜ ਵਿਚ ਅਜਿਹੀਆਂ ਅੰਤਰਜਾਤੀ ਵਿਆਹ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁਕੀਆਂ ਹਨ। ਵਿਦੇਸ਼ ਦੇ ਵਿਕਸਤ ਮੁਲਕਾਂ ਵਿਚ ਭਾਰਤੀ ਮੂਲ ਦੇ ਲੋਕਾਂ ਵਲੋਂ ਵੀ ਅੰਤਰਜਾਤੀ ਵਿਆਹ ਨੂੰ ਸਹਿਣ ਨਹੀਂ ਕੀਤਾ ਜਾਂਦਾ। ਕਿਸੇ ਵਿਅਕਤੀ ਦੀ ਇੱਛਾ-ਸ਼ਕਤੀ ਨੂੰ ਕਾਬੂ ਕਰਕੇ ਨਹੀਂ ਰੱਖਿਆ ਜਾ ਸਕਦਾ। ਅਤੇ ਲੜਕੀਆਂ ਅਜ਼ਾਦ ਹਸਤੀ ਵਜੋਂ ਆਪਣਾ ਵਰ ਆਪ ਚੁਣ ਲੈਣ ਦੀ ਹਿੰਮਤ ਕਰ ਲੈਂਦੀਆਂ ਹਨ। ਅੱਜ ਸਮਾਜ ਦੇ ਠੇਕੇਦਾਰਾਂ ਵਲੋਂ ਲੜਕੀ ਨੂੰ ਆਪਣਾ ਵਰ ਆਪ ਚੁਣਨ ਦਾ ਅਧਿਕਾਰ ਵੀ ਨਹੀਂ ਦਿਤਾ ਜਾਂਦਾ। ਅਗਰ ਲੜਕੀਆਂ ਆਪਣਾ ਵਰ ਆਪ ਚੁਣਦੀਆਂ ਹਨ ਤਾਂ ਉਹਨਾਂ ਨਾਲ ਪ੍ਰੀਵਾਰਿਕ ਸਾਂਝਾਂ ਤੋੜ ਲਈਆਂ ਜਾਂਦੀਆਂ ਹਨ। ਆਪਸੀ ਮੇਲ ਜੋਲ ਬੰਦ ਕਰ ਦਿਤਾ ਜਾਂਦਾ ਹੈ। ਜਦ ਕਿ ਲੜਕਾ ਵਿਆਹ ਤੋਂ ਪਹਿਲਾਂ ਕਈ-ਕਈ ਲੜਕੀਆਂ ਵੇਖ ਕੇ ਛੱਡਦਾ ਜਾਂਦਾ ਹੈ ਅਤੇ ਜਿਹੜੀ ਲੜਕੀ ਉਸ ਨੂੰ ਸਭ ਤੋਂ ਸੋਹਣੀ ਲਗੇ ਉਸ ਨਾਲ ਹੀ ਵਿਆਹ ਲਈ ਹਾਮੀ ਭਰ ਦਿੰਦਾ ਹੈ। ਅਜਿਹਾ ਕਿੳ਼ੁਂ? ਪਿੱਛਲੇ ਕੁਝ ਸਮੇਂ ਤੋਂ ਲੜਕੀਆਂ ਦੁਆਰਾ ਆਪਣੀ ਮਰਜ਼ੀ ਨਾਲ ਵਿਆਹ ਕਰਨ ਕਰਕੇ ਮਾਪਿਆਂ ਅਤੇ ਭਰਾਵਾਂ ਵਲੋਂ ਅਣਖ ਦੀ ਖਾਤਿਰ ਅਜਿਹੀਆਂ ਲੜਕੀਆਂ ਨੂੰ ਮਾਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਲੜਕੀ ਦਾ ਆਪੇ ਵਰ ਚੁਣਨ ਦਾ ਅਧਿਕਾਰ ਵੀ ਅਸੀਂ ਨਹੀਂ ਦਿੰਦੇ। ਇਸ ਨੂੰ ਅਣਖ ਦੀ ਖਾਤਿਰ ਨਹੀਂ ਕਿਹਾ ਜਾ ਸਕਦਾ, ਸਗੋਂ ਔਰਤ ਦੀ ਮਰਜ਼ੀ `ਤੇ ਵਿਚਾਰਾਂ ਨੂੰ ਕੈਦ ਕਰੀ ਰੱਖਣ ਅਤੇ ਮਰਦਾਨਗੀ ਦਾ ਰੰਗੜਊਪੁਣਾ ਵਿਖਾਉਣ ਲਈ ਕੀਤਾ ਜਾ ਰਿਹਾ ਹੈ । ਆਪਣੀ ਮਰਜ਼ੀ ਨਾਲ ਲੜਕੀਆਂ ਦੇ ਵਿਆਹ ਕਰਵਾਉਣ ਅਤੇ ਫਿਰ ਅਣਖ ਦੀ ਖਾਤਿਰ ਕਤਲ ਹੁੰਦੇ ਵੇਖ ਕੇ ਵੀ ਲੋਕ ਕੰਨਿਆ ਭਰੂਣ ਹੱਤਿਆ ਕਰਨ ਵਰਗੇ ਕਦਮ ਚੁਕ ਲੈਂਦੇ ਹਨ। ਅਜਿਹੇ ਕਤਲ਼ਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਤੁਰੰਤ ਬਣਨਾ ਚਾਹੀਦਾ ਹੈ।
ਲੋਹੜੀ ਅਤੇ ਰੱਖੜੀ ਦਾ ਅਖੌਤੀ ਤਿਉਹਾਰ:- ਲੋਹੜੀ ਅਤੇ ਰੱਖੜੀ ਦੇ ਤਿਉਹਾਰ ਨੂੰ ਵੀ ਸਭਿਆਚਾਰ ਦਾ ਹਿੱਸਾ ਸਮਝਿਆ ਜਾਂਦਾ ਹੈ। ਪਰ ਸੱਚ ਤਾਂ ਇਹ ਹੈ ਕਿ ਇਹ ਦੋਵੇਂ ਤਿਉਹਾਰ ਔਰਤ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ ਅਤੇ ਦੁੱਖੀ ਕਰਦੇ ਹਨ। ਜਿਹਨਾਂ ਦੇ ਘਰੀਂ ਲੜਕੇ ਪੈਦਾ ਹੋਏ ਹੋਣ, ਉਹਨਾਂ ਦੇ ਘਰੀਂ ਲੋਹੜੀ ਦੇ ਤਿਉਹਾਰ ਸਮੇਂ ਲੱਖਾਂ ਰੁਪਏ ਖਰਚੇ ਜਾਂਦੇ ਹਨ, ਪਰ ਜਿਹਨਾਂ ਦੇ ਘਰੀਂ ਲੜਕੀ ਪੈਦਾ ਹੋਈ ਹੋਵੇ, ਉਹਨਾਂ ਦੇ ਘਰੀਂ ਉਸ ਦਿਨ ਸੋਗ ਪਏ ਹੁੰਦੇ ਹਨ। ਲੜਕੀ ਨੂੰ ਜਨਮ ਦੇਣ ਵਾਲੀ ਮਾਂ ਨੂੰ ਉਸ ਦਿਨ ਤਾਹਨੇ ਮਿਹਣੇ ਸੁਣਨ ਨੂੰ ਮਿਲਦੇ ਹਨ, ਉਸ ਦਿਨ ਉਸ ਦੀ ਮਾਨਸਿਕ ਹਾਲਤ ਨੂੰ ਪੜ੍ਹਿਆਂ ਪਤਾ ਲਗਦਾ ਹੈ ਕਿ ਲੋਹੜੀ ਵਾਲੇ ਦਿਨ ਉਸ ਨੂੰ ਕਿੰਨਾ ਜ਼ਲੀਲ ਹੋਣਾ ਪੈਂਦਾ ਹੈ। ਹੁਣ ਕੁਝ ਪਰਿਵਾਰਾਂ ਵਿਚ ਲੜਕੀਆਂ ਦੀ ਲੋਹੜੀ ਮਨਾਉਣ ਦਾ ਰੁਝਾਨ ਪੈਦਾ ਹੋਇਆ ਹੈ, ਜੋ ਇਕ ਸੁਲਾਹਣਯੋਗ ਉਦਮ ਹੈ। ਇਸ ਦੀ ਭਰਪੂਰ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਰੱਖੜੀ ਦੇ ਤਿਉਹਾਰ `ਤੇ ਭਰਾਵਾਂ ਤੋਂ ਸੱਖਣੀਆਂ ਭੈਣਾਂ ਅਜਿਹੇ ਦ੍ਰਿਸ਼ ਵੇਖ ਕੇ ਆਪਣੇ ਆਪ ਵਿਚ ਹੀਣ-ਭਾਵਨਾ ਮਹਿਸੂਸ ਕਰਦੀਆਂ ਹਨ। ਇਹ ਤਿਉਹਾਰ ਪੈਸਿਆਂ ਅਤੇ ਮਹਿੰਗੇ ਤੋਹਫਿਆਂ ਵਿਚ ਡੁਬਿਆ ਪਿਆ ਹੈ। ਇਸ ਤਿਉਹਾਰ `ਤੇ ਭੈਣ-ਭਰਾ ਦਾ ਪਿਆਰ ਨਹੀਂ, ਸਗੋਂ ਇਹ ਦੇਖਿਆ ਜਾਂਦਾ ਹੈ ਕਿ ਭਰਾ ਇਸ ਦਿਨ ਕਿੰਨਾ ਮਹਿੰਗਾ ਤੋਹਫਾ ਭੈਣ ਨੂੰ ਦੇ ਰਿਹਾ ਹੈ। ਅਸਲ ਵਿਚ ਭਰਾ ਤਾਂ ਸਾਰੀ ਜਿੰਦਗੀ ਲੋੜ ਪੈਣ `ਤੇ ਆਪਣੀਆਂ ਭੈਣਾਂ ਦੀ ਸਹਾਇਤਾ ਕਰਦੇ ਹਨ ਅਤੇ ਉਹਨਾ ਦੇ ਕਾਰਜਾਂ ਵਿਚ ਹਿੰਮਤ ਅਨੁਸਾਰ ਯੋਗਦਾਨ ਪਾਉਂਦੇ ਰਹਿੰਦੇ ਹਨ, ਫਿਰ ਵੀ ਰੱਖੜੀ ਦੇ ਤਿਉਹਾਰ `ਤੇ ਹੀ ਅਜਿਹਾ ਕਿਉਂ ਹੁੰਦਾ ਹੈ? ਇਸ ਤਿਉਹਾਰ ਸਮੇਂ ਭੈਣ ਵਲੋਂ ਭਰਾ ਨੂੰ ਆਪਣੀ ਰੱਖਿਆ ਕਰਨ ਦਾ ਵਾਦਾ ਵੀ ਯਾਦ ਕਰਾਇਆ ਜਾਂਦਾ ਹੈ । ਹੈਰਾਨੀ ਦੀ ਗੱਲ ਹੈ ਕਿ ਜਿਸ ਵਿਅਕਤੀ ਨਾਲ ਭੈਣ ਦਾ ਰਿਸ਼ਤਾ ਜੋੜਿਆ ਜਾਂਦਾ ਹੈ , ਕੀ ਉਹ ਰੱਖਿਆ ਕਰਨ ਦੇ ਸਮਰਥ ਨਹੀਂ ਹੈ? ਜਿਹਨਾਂ ਕੋਮਲ ਹੱਥਾਂ ਨੇ ਭਰਾ ਦੇ ਗੁੱਟ `ਤੇ ਰੱਖਿਆ ਕਰਨ ਦਾ ਧਾਗਾ ਬੰਨਿਆ ਹੁੰਦਾ ਹੈ। ਓਹੀ ਹੱਥ ਭੈਣ ਦੁਆਰਾ ਆਪਣਾ ਵਰ ਆਪ ਚੁਣਨ ਕਰਕੇ ਕਤਲ ਕਰਨ ਲਈ ਉਠਦੇ ਹਨ। ਇਹ ਕੇਹੀ ਰੱਖਿਆ ਹੈ? ਤੇ ਕੈਸਾ ਭਰਾ ਦਾ ਆਪਣੀ ਭੈਣ ਲਈ ਮੋਹ ਹੈ? ਜੇ ਅਜਿਹਾ ਹੀ ਕਰਨਾ ਹੈ, ਫਿਰ ਇਹਨਾਂ ਤਿਉਹਾਰਾਂ ਨੂੰ ਦਿਖਾਵੇ ਦੇ ਤੌਰ `ਤੇ ਕਿਉਂ ਮਨਾਉਣਾ ਹੈ? ਇਹਨਾਂ ਦੋਹਾਂ ਤਿਉਹਾਰਾਂ ਸਮੇਂ ਮਿਲੀ ਮਾਨਸਿਕ ਪੀੜ ਚੋਂ ਜਨਮੀ ਲੜਕਾ ਪ੍ਰਾਪਤ ਕਰਨ ਦੀ ਇੱਛਾ ਨਾਲ ਹੀ ਕੰਨਿਆ ਭਰੂਣ ਹੱਤਿਆ ਦਾ ਰੁਝਾਨ ਪੈਦਾ ਹੋ ਜਾਂਦਾ ਹੈ। ਭਰਾਵਾਂ ਤੋਂ ਸੱਖਣੀਆਂ ਭੈਣਾਂ ਚਾਹੁੰਦੀਆਂ ਹਨ ਕਿ ਉਹਨਾਂ ਦੀ ਕੁਖੋਂ ਵੀ ਲੜਕਾ ਹੀ ਪੈਦਾ ਹੋਵੇ। ਜੋ ਦੁੱਖ ਅਤੇ ਜ਼ਲੀਲਤਾ ਅਜਿਹੇ ਤਿਉਹਾਰਾਂ ਤੇ ਉਹ ਸਹਾਰ ਰਹੀਆਂ ਹਨ, ਕਲ ਨੂੰ ਉਹਨਾਂ ਦੀਆਂ ਲੜਕੀਆਂ ਨੂੰ ਨਾ ਸਹਾਰਨਾ ਪਵੇ। ਉਹ ਤਿਉਹਾਰ ਜੋ ਸਮਾਜ ਵਿਚ ਵੱਡਾ ਵਿਤਕਰਾ ਪਾਉਣ ਅਤੇ ਮਾਨਸਿਕ ਪ੍ਰੇਸ਼ਾਨੀ ਦੇਣ ਦਾ ਕਾਰਨ ਬਣਨ, ਨੂੰ ਮਨਾਉਣ ਦੀ ਪੂਰਨ ਮਨਾਹੀ ਹੋਣੀ ਚਾਹੀਦੀ ਹੈ। ਦੁਨੀਆਂ ਦੇ ਬਾਕੀ ਦੇਸ਼ ਲੋਹੜੀ ਜਾਂ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੇ, ਕੀ ਉਥੇ ਭੈਣ ਭਰਾ ਦਾ ਪਿਆਰ ਨਹੀਂ ਹੈ? ਸਗੋਂ ਉਥੇ ਭੈਣਾਂ-ਭਰਾਵਾਂ ਦਾ ਆਪਸ ਵਿਚ ਬਹੁਤ ਪਿਆਰ ਵੇਖਣ ਨੂੰ ਮਿਲਦਾ ਹੈ। ਅੱਜ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹ ਰਹੀਆਂ ਲੜਕੀਆਂ ਨੂੰ ਅਜਿਹੇ ਤਿਉਹਾਰ ਕਦੀ ਨਾ ਮਨਾਉਣ ਦਾ ਦ੍ਰਿੜ ਮਨ ਨਾਲ ਸੰਕਲਪ ਕਰਨਾ ਚਾਹੀਦਾ ਹੈ। ਤਾਂ ਕਿ ਕੰਨਿਆ ਭਰੂਣ ਹੱਤਿਆ ਨੂੰ ਠੱਲ੍ਹ ਪਾਈ ਜਾ ਸਕੇ।
ਉਪਰੋਕਤ ਕਾਰਨਾਂ ਦੇ ਸੰਦਰਭ ਵਿਚ ਸਾਨੂੰ ਸਭ ਨੂੰ ਸੁਚੇਤ ਹੋਣਾ ਚਾਹੀਦਾ ਹੈ। ਭਰੂਣ ਹੱਤਿਆ ਦੇ ਲਈ ਜਿੰਮੇਵਾਰ ਕਾਰਨਾਂ ਅਤੇ ਵਿਅਕਤੀਆਂ ਪ੍ਰਤੀ ਸਾਨੂੰ ਸਖ਼ਤੀ ਵਰਤਣੀ ਚਾਹੀਦੀ ਹੈ । ਇਹ ਮਸਲਾ ਕਿਸੇ ਧਰਮ ਨਾਲ ਸਬੰਧਤ ਨਹੀਂ ਹੈ, ਸਗੋਂ ਹੱਤਿਆ ਦਾ ਹੈ ਤੇ ਇਸ ਨੂੰ ਹੱਤਿਆ ਕਰਨ ਦੇ ਜ਼ੁਰਮ ਵਜ਼ੋਂ ਹੀ ਲੈਣਾ ਚਾਹੀਦਾ ਹੈ।
ਔਰਤਾਂ ਤੋਂ ਬਿਨ੍ਹਾਂ ਇਸ ਸਮਾਜ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਪੂਜਣਯੋਗ ਅਤੇ ਸਨਮਾਨਯੋਗ ਹੈ। ਘਰ ਵਿਚ ਅਤੇ ਘਰ ਤੋਂ ਬਾਹਰ ਹਰ ਹਾਲ ਵਿਚ ਔਰਤ ਦਾ ਸਨਮਾਨ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਇਸ਼ਤਿਹਾਰਾਂ ਵਿਚ ਔਰਤ ਨੂੰ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕਰਨ ਦੀ ਪਾਬੰਦੀ ਹੋਣੀ ਚਾਹੀਦੀ ਹੈ। ਨੰਗੇਜ਼ ਆਧੁਨਿਕਤਾ ਨਹੀਂ ਹੈ ਸਗੋਂ ਔਰਤ ਲਈ ਸ਼ੋਸ਼ਣ ਦਾ ਕਾਰਨ ਬਣਦਾ ਹੈ। ਔਰਤਾਂ ਨੂੰ ਆਪਣੀ ਰਾਖੀ ਆਪ ਕਰਨ ਦੇ ਸਮਰਥ ਹੋਣਾ ਚਾਹੀਦਾ ਹੈ। ਔਰਤ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ, ਕਿ ਉਹ ਹੁਣ ਅਬਲਾ ਨਹੀਂ, ਸ਼ਕਤੀ ਹੈ। ਇਸਤਰੀਆਂ ਨੂੰ ਹਾਰ-ਸ਼ਿੰਗਾਰ, ਫੈਸ਼ਨ ਪ੍ਰਸਤੀ, ਲਿੰਬਾ-ਪੋਚੀ, ਅਤੇ ਵਿਖਾਵੇ ਦੀ ਕੋਮਲ ਵਸਤੂ ਬਣਨ ਦੀ ਥਾਂ ਉਸ ਨੂੰ ਸਾਦੀ ਰਹਿਣੀ, ਉੱਚੀ ਸੋਚਣੀ ਅਤੇ ਸਰੀਰਕ ਤੇ ਮਾਨਸਿਕ ਸ਼ਕਤੀ ਦੀ ਚੇਤਨ ਸੂਰਤ ਬਣਨਾ ਪਵੇਗਾ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ,
ਤਹਿਸੀਲ ਫਗਵਾੜਾ ਜਿਲਾ ਕਪੂਰਥਲਾ
ਮੋਬਾਇਲ 88728-54500




.