.

ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ – ਰਹੱਸ
ਰਾਮ ਸਿੰਘ, ਗ੍ਰੇਵਜੈਂਡ

ਇਹ ਸੱਚੇ ਸੌਦੇ ਵਾਲੇ ਸਾਧੂ ਐਸੇ ਹੀ ਦਿਮਾਗੀ ਬੰਦੇ ਸਨ ਜੋ ਰੱਬ ਜੀ ਦੀ ਭਾਲ ਵਿੱਚ ਕੁਰਾਹੇ ਪੈ ਗਏ ਸਨ। ਪਰ ਇਨ੍ਹਾਂ ਦੀ ਖੁਸ਼-ਕਿਸਮਤੀ ਕਿ ਇਹ ਵਿਸ਼ਵ-ਪਿਆਰ ਦੇ ਪੁੰਜ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲ ਪਏ। ਗੁਰੂ ਜੀ ਨੇ ਇਨ੍ਹਾਂ ਨੂੰ ਆਦਰ ਨਾਲ ਬੁਲਾਇਆ ਤੇ ਪੁੱਛਿਆ ਕਿ ਉਹ ਉਸ ਜੰਗਲ ਵਿੱਚ ਉਸ ਤਰ੍ਹਾਂ ਦੇ ਕਈ ਨਾਟਕੀ ਰੂਪ ਧਾਰ ਕੇ ਕਿਵੇਂ ਵਿਚਰ ਰਹੇ ਸਨ? ਉਨ੍ਹਾਂ ਨੇ ਪ੍ਰਮਾਤਮਾ ਦੀ ਖੋਜ ਵਿੱਚ ਵਿਚਰਨ ਬਾਰੇ ਦੱਸਿਆ। ਇਸ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀ ਰੱਬ ਜੀ ਦੀ ਭਾਲ ਵਿੱਚ ਜੰਗਲ ਵਿਚ, ਇਸ ਤਰ੍ਹਾਂ ਫਿਰ ਰਹੇ ਹੋ ਜਿਵੇਂ ਉਹ ਇਸ ਜੰਗਲ ਵਿੱਚ ਕਿਤੇ ਗੁਆਚਿਆ ਹੋਇਆ ਹੋਵੇ ਤੇ ਇਸ ਤਰ੍ਹਾਂ ਦੇ ਕਸ਼ਟ (ਧੂਣੀਆਂ ਤਪਾ ਕੇ, ਪੁੱਠੇ ਲੱਟਕ ਕੇ, ਜਲਧਾਰਾ, ਜੋਗ ਆਸਣ ਆਦਿ ਔਖੇ ਤੋਂ ਔਖੇ ਢੰਗ ਅਪਣਾ ਕੇ, ਆਪਣੇ ਆਪ ਨੂੰ ਸਜਾ ਦੇ ਕੇ) ਆਪਣੀ ਐਸੀ ਦੁਰਦਸ਼ਾ ਕਰਕੇ ਉਸ ਨੂੰ ਲੱਭਣ ਦੀ ਕੋਸ਼ਿਸ ਕਰ ਰਹੇ ਹੋ। ਤੁਸੀ ਸਮਝਦੇ ਹੋ ਕਿ ਰੱਬ ਬਹੁਤ ਜਿੱਦੀ ਹੈ, ਉਸ ਨੂੰ ਇਸ ਤਰ੍ਹਾਂ ਦੇ ਕਸ਼ਟ ਉਠਾ ਕੇ ਹੀ ਮਨਾਇਆ ਜਾ ਸਕਦਾ ਹੈ ਰੱਬ ਦੇ ਬੰਦਿਉ ਉਹ ਭਾਵ ਪ੍ਰਮਤਮਾ ਤਾਂ ਬੜਾ ਦਿਆਲੂ ਕਿਰਪਾਲੂ ਹੈ, ਉਹ ਕਦ ਚਾਹੇਗਾ ਕਿ ਉਸ ਦੇ ਬੱਚੇ ਉਸ ਦਾ ਨਿੱਘ ਮਾਨਣ ਲਈ ਇਸ ਤਰ੍ਹਾਂ ਦੇ ਕਸ਼ਟ ਝੱਲਣ ਤੇ ਉਸ ਨੂੰ ਲੱਭਣ ਲਈ ਥਾਂ ਥਾਂ ਤੇ ਟੱਕਰਾਂ ਮਾਰਦੇ ਫਿਰਨ। ਤੁਸੀ ਬਹੁਤ ਬਿਖੜੇ ਰਾਹੈ ਪੈ ਗਏ ਹੋ। ਪਰ ਇਸ ਬਾਰੇ ਗੱਲ ਕਰਨ ਤੋਂ ਪਹਿਲਾ, ਇਹ ਦੱਸੋ ਕਿ ਇਥੇ ਤੁਹਾਡਾ ਰੋਜ਼ੀ ਭਾਵ ਖਾਣ ਪੀਣ ਦਾ ਕੀ ਪ੍ਰਬੰਧ ਹੈ? ਤਾਂ ਉਨ੍ਹਾਂ ਨੇ ਦੱਸਿਆ ਕਿ ਰੋਜ਼ੀ ਦਾ ਤਾ ਕੋਈ ਪ੍ਰਬੰਧ ਨਹੀ, ਜੋ ਮਿਲ ਜਾਏ ਖਾ ਲਈਦਾ ਹੈ। ਇਸ ਵੇਲੇ ਕਈ ਦਿਨਾਂ ਤੋਂ ਭੁੱਖੇ ਹਾਂ ਗੁਰੂ ਜੀ ਦਾ ਪਿਆਰ ਭਰਿਆ ਦਿਲ ਕਿਵੇਂ ਸਹਾਰ ਸਕਦਾ ਸੀ ਉਹ ਇਸ ਤਰ੍ਹਾਂ ਭੁੱਖੇ ਰਹਿ ਕੇ ਰੱਬ ਜੀ ਦੀ ਭਗਤੀ (ਭਾਵੇਂ ਉਹ ਗਲਤ ਤਰੀਕਾ ਹੀ ਅਪਣਾ ਰਹੇ ਸਨ, ਪਰ ਸਨ ਰੱਬ ਜੀ ਦੀ ਭਾਲ ਵਿਚ) ਕਰਨ। ਗੁਰੂ ਜੀ ਪਾਸ ਜੋ 20 ਰੁਪਏ ਖਰਾ ਸੌਦਾ ਕਰਨ ਲਈ ਸਨ, ਉਹ ਉਨ੍ਹਾਂ ਨੇ ਸਾਧੂਆਂ ਅੱਗੇ ਰੱਖ ਦਿੱਤੇ। ਪੈਸੇ (ਮਇਆ) ਦੇਖ ਕੇ ਉਨ੍ਹਾਂ ਨੇ ਅੱਖਾ ਮੀਟ ਲਈਆ ਤੇ ਕਿਹਾ, ਜਿਸ ਨਾਗਣ ਮਾਇਆ ਤੋਂ ਭੱਜ ਕੇ ਘਰ ਘਾਟ ਛੱਡ ਕੇ ਅਸੀ ਆਏ ਹਾਂ ਉਹ ਸਾਡੇ ਅੱਗੇ ਰੱਖ ਦਿੱਤੀ ਹੈ, ਅਸੀ ਤਾਂ ਇਸ ਨੂੰ ਹੱਥ ਨਹੀ ਲਾ ਸਕਦੇ। ਗੁਰੂ ਜੀ ਮੁਸਕਰਾ ਪਏ। ਪਰ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖਾਣੇ ਦਾ ਪ੍ਰਬੰਧ ਕਰਕੇ ਹੋਰ ਗੱਲਾਂ ਫਿਰ ਕਰਾਂਗੇ। ਆਮ ਕਹਾਵਤ ਹੈ, ਪੇਟ ਨਾ ਪਇਆ ਰੋਟਿਆਂ ਸਭੇ ਗੱਲਾ ਖੋਟਿਆਂ। ’ ਗੁਰੂ ਜੀ ਨੇ ਆਪਣੇ ਸਾਥੀ ਨੂੰ ਪੈਸੇ ਦੇ ਕੇ ਰਾਸ਼ਨ (ਰਸਦ) ਲਿਆਉਣ ਲਈ ਕਿਹਾ ਤੇ ਰਸਦ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਨੇ ਰੋਟੀ ਤਿਆਰ ਕੀਤੀ ਤੇ ਸਭ ਨੇ ਖਾਧੀ। ਰੋਟੀ ਖਾ ਕੇ ਸਭ ਪ੍ਰਸੰਨ ਹੋ ਗਏ।
ਇਸ ਪਰ ਗੁਰੂ ਜੀ ਨੇ ਕਿਹਾ ਕਿ ਆਪ ਸਾਧੂ ਜਨਾਂ ਦੇ ਜੋ ਰੱਬ ਜੀ ਬਾਰੇ ਤੇ ਮਾਇਆ ਬਾਰੇ ਖਿਆਲ ਬਣੇ ਹੋਏ ਹਨ ਇਹ ਡੂੰਘੀ ਵਿਚਾਰ ਦੇ ਮਥਾਜ ਹਨ। ਕਿਉਂਕਿ ਧਰਮ ਦੇ ਖੇਤਰ ਵਿੱਚ ਇਹ ਦੋਨੋਂ ਵਿਸ਼ੇ ਬਹੁਤ ਮਹੱਤਤਾ ਰੱਖਦੇ ਹਨ। ਰੱਬ ਜੀ ਤੋਂ ਬਿਨਾਂ ਧਰਮ ਦੀ ਹੋਂਦ ਹੀ ਨਹੀ ਰਹਿ ਸਕਦੀ ਤੇ ਮਾਇਆ ਭਾਵ ਰੁਪਏ ਪੈਸੇ ਤੋਂ ਬਿਨਾਂ ਇਨਸਾਨੀ ਜੀਵਨ, ਜਿਸ ਨੇ ਧਰਮ ਦੀ ਹੋਂਦ ਬਰਕਰਾਰ ਰੱਖਣੀ ਹੈ, ਰੱਬ ਜੀ ਨਾਲ ਪਿਆਰ ਦੀ ਪੀਂਘ ਪਾ ਕੇ, ਉਹ ਪੰਜ ਭੂਤਕ ਸਰੀਰ ਦੀ ਹੋਂਦ ਹੀ ਨਹੀ ਰਹਿ ਸਕਦੀ। ਸੋ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਸਮਝਣਾ ਬਹੁਤ ਜਰੂਰੀ ਹੈ। ਸੋ ਗੁਰੂ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੱਬ ਜੀ ਬਾਰੇ ਗੱਲ ਕਰਨੀ ਸੀ, ਪਰ ਮਾਇਆ ਬਾਰੇ ਗੱਲ ਕਰਨੀ ਪਹਿਲਾਂ ਜ਼ਰੂਰੀ ਜਾਪਦੀ ਹੈ, ਕਿਉਂਕਿ ਤੁਸੀ ਧੰਨ ਦੌਲਤ ਵਾਲੀ ਮਾਇਆ ਨੂੰ ਰੱਬ ਜੀ ਦੀ ਭਾਲ ਵਿੱਚ ਰੁਕਾਵਟ ਸਮਝਦੇ ਤੇ ਆਖਦੇ ਹੋ ਤੇ ਅਸਲੀ ਮਾਇਆ ਨੂੰ ਨਾ ਸਮਝਦੇ ਹੋ ਤੇ ਨਾਂ ਹੀ ਸਮਝਣ ਦੀ ਕੋਸ਼ਿਸ ਕੀਤੀ ਹੈ। ਸਾਧੂ ਜਨੋ ਇਹ ਧੰਨ ਦੋਲਤ ਤਾਂ ਮਾਇਆ ਦਾ ਇੱਕ ਛੋਟਾ ਜਿਹਾ ਚਮਤਕਾਰ ਹੈ। ਪਰ ਇਸ ਤੋਂ ਬਿਨਾਂ ਤਾਂ ਦੁਨੀਆ ਦਾ ਕੋਈ ਵੀ ਕੰਮ ਨਹੀ ਚਲ ਸਕਦਾ। ਆਪਣਾ ਸਰੀਰ ਹੀ ਲੈ ਲਵੋ। ਇਹ ਪਦਾਰਥਾਂ ਦਾ ਬਣਿਆ ਹੋਇਆ ਹੈ ਤੇ ਇਸ ਨੂੰ ਠੀਕ ਰਹਿਣ ਲਈ ਪਦਾਰਥਾਂ ਦੀ ਲੋੜ ਹੈ। ਜਿਸ ਦਿਨ ਇਹ ਪਦਾਰਥਾਂ ਨਾਲੋਂ ਟੁੱਟ ਗਿਆ, ਉਸ ਦਿਨ ਇਹ ਵੀ ਹੌਲੀ ਹੌਲੀ ਟੁੱਟ ਜਾਵੇਗਾ। ਭਾਵ ਖਤਮ ਹੋ ਜਾਵੇਗਾ। ਜਿਵੇ ਬੰਦਾ ਹਵਾ ਤੋਂ ਬਿਨਾਂ ਇੱਕ ਛਿਨ ਵੀ ਨਹੀ ਰਹਿ ਸਕਦਾ ਤੇ ਪਾਣੀ ਤੋਂ ਬਿਨਾਂ ਕੁੱਝ ਦਿਨ ਰਹਿ ਸਕੇਗਾ, ਉਸ ਤਰ੍ਹਾਂ ਅੰਨ (ਪਦਾਰਥ) ਜਿਸ ਨੇ ਇਸ ਨੂੰ ਗਰਮਾਇਸ਼ ਤੇ ਤਾਕਤ ਦੇਣੀ ਹੈ ਉਸ ਤੋਂ ਬਿਨਾਂ, ਇਹ ਵੱਧ ਤੌਂ ਵੱਧ ਤਿੰਨ ਚਾਰ ਮਹੀਨੇ ਰਹਿ ਸਕੇਗਾ ਤੇ ਤਿਹ ਤਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ, ਜੇ ਨਹੀ ਤਾਂ ਧਿਆਨ ਨਾਲ ਸੁਣ ਲਵੋ ਕਿ ਬਿਨਾਂ ਧੰਨ ਦੌਲਤ ਤੋਂ ਅੰਨ ਨਾ ਤਾਂ ਪੈਦਾ ਹੀ ਕੀਤਾ ਜਾ ਸਕਦਾ ਹੈ, ਜੇ ਕੋਈ ਇਸ ਨੂੰ ਆਪ ਪੈਦਾ ਕਰਕੇ ਵਰਤਣਾ ਚਾਹੁੰਦਾ ਹੈ ਤੇ ਨਾ ਹੀ ਵਰਤਣਾ ਚਾਹੁੰਦਾ ਹੈ ਤੇ ਨਾ ਹੀ ਵਰਤਣ ਭਾਵ ਖਾਣ ਲਈ ਬਿਨਾਂ ਧੰਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾ ਖਰੀਦਿਆ ਜਾ ਸਕਦਾ ਹੈ।
ਤੁਸੀ ਘਰ- ਬਰ ਤਾਂ ਛੱਡ ਆਏ ਹੋ ਪਰ ਖੁਰਾਕ ਤੇ ਭੋਜਨ ਸੰਬੰਧੀ ਤੁਹਾਡੀ ਭੁਖ ਤਾਂ ਨਹੀ ਮਿਟੀ ਜਾ ਮਰੀ। ਭੁੱਖ ਮਿਟਾਉਣ, ਜੀਊਣ ਤੇ ਉਸ ਤੋਂ ਉਪਰ, ਰੱਬ ਜੀ ਦੇ ਦਰਸ਼ਨ ਕਰਨ ਲਈ ਸਰੀਰ ਨੂੰ ਠੀਕ ਰੱਖਣ ਲਈ ਆਖਰ ਇਧਰ ਉਧਰ ਦੇਖਦੇ ਹੀ ਰਹਿੰਦੇ ਹੋ ਕਿ ਕਿਸੇ ਪਾਸਿਉਂ ਖਾਣਾ ਮਿਲੇ ਜਾਂ ਗ੍ਰਹਿਸਤੀ ਦੇ ਬੂਹਿਆਂ ਤੇ ਅਲਖ ਜਾਗਉਂਦੇ ਹੋ। ਹੁਣ ਹੀ ਤੁਸੀ 6/7 ਦਿਨਾਂ ਬਾਅਦ ਖਾਣਾ ਖਾਧਾ ਹੈ ਤੇ ਤੁਹਾਡੇ ਸਾਹਮਣੇ ਇਹ ਖਾਣਾ 20 ਰੁਪਿਆਂ ਦਾ ਆਇਆ ਹੈ। ਸੋ ਤੁਸੀ ਇਸ ਧੰਨ ਦੌਲਤ ਵਾਲੀ ਮਾਇਆ ਦੀ ਠੀਕ ਵਰਤੋ ਤੋਂ ਵੀ ਕਿਉਂ ਇਨਕਾਰੀ ਹੋ। ਕੀ ਤਾਹਨੂੰ ਖੁਰਾਕ ਤੇ ਕੱਪੜੇ ਅਦਿ ਲਈ ਗ੍ਰਹਿਸਤੀਆਂ ਦੇ ਬੂਹਿਆਂ ਤੇ ਨਹੀ ਭਟਕਣਾ ਪੈਂਦਾ? ਜਾਂ ਗ੍ਰਹਿਸਤੀ ਲੋਕ, ਜਿਸ ਗ੍ਰਹਿਸਤ ਨੂੰ ਤੁਸੀ ਤਿਆਗਿਆ ਹੈ ਕਿ ਤੁਹਾਨੂੰ ਤੁਹਾਡੇ ਸਰਾਪਾਂ ਤੋਂ ਡਰਦੇ ਰੋਟੀ ਕੱਪੜਾ ਅਦਿ ਆ ਕੇ ਨਹੀ ਦੇ ਜਾਂਦੇ? ਤੇ ਰੋਟੀ ਕੱਪੜੇ ਆਦਿ ਤੇ ਧੰਨ ਖਰਚ ਹੋਣ ਬਾਰੇ ਤੁਸੀ ਦੇਖ ਹੀ ਲਿਆ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਧੰਨ ਤੇ ਧਰਮ ਜੀਵਨ ਦੇ ਦੋ ਪੈਰ ਹਨ। ਜੇ ਧਰਮ ਸੱਜਾ ਪੈਰ ਹੈ ਤਾਂ ਧੰਨ ਖੱਬਾ ਪੈਰ ਹੈ। ਸੁਚੱਜਾ ਜੀਵਨ ਦੋਹਾਂ ਪੈਰਾਂ ਦੀ ਠੀਕ ਚਾਲ ਭਾਵ ਵਰਤੋ ਨਾਲ ਹੀ ਜੀਵਿਆ ਜਾ ਸਕਦਾ ਹੈ। ਤੁਸੀ ਧਰਮੀ ਕਹਾਉਣ ਵਾਲੇ ਲੋਕਾਂ ਨੇ ਧੰਨ ਦੌਲਤ ਵਾਲੀ ਮਾਇਆ ਨੂੰ ਨਾਗਣੀ ਆਖ ਕੇ, ਇਸ ਤੋਂ ਬਚਣ ਤੇ ਗਰੀਬੀ ਨੂੰ ਬੰਦੇ ਦੀ ਕਿਸਮਤ ਨਾਲ ਜੋੜ ਕੇ ਐਸਾ ਹੋਕਾ ਦਿੱਤਾ ਹੈ ਜਿਸ ਨੇ ਗਰੀਬਾਂ, ਕਿਰਤੀਆਂ ਨੂੰ ਕੋਈ ਉੱਦਮ ਤੇ ਠੀਕ ਪ੍ਰਸਾਰ ਕਰਨ ਤੋਂ ਹਟਾ ਕੇ ਉਨ੍ਹਾਂ ਦੇ ਗਲਾਂ ਵਿੱਚ ਸਦਾ ਲਈ ਗਰੀਬੀ ਦਾ ਤੌਲ ਪਾ ਦਿੱਤਾ ਹੈ। ਦੂਸਰੇ ਪਾਸੇ ਹੁਕਮਰਾਨ ਟੋਲੇ ਨੂੰ ਇਨ੍ਹਾਂ ਗਰੀਬਾਂ ਦੀ ਸਾਰ ਲੈਣ ਤੇ ਇਨ੍ਹਾਂ ਦੀ ਹਾਲਤ ਸੁਧਾਰਨ ਪੱਖੋਂ ਗੂੜ੍ਹੀ ਨੀਂਦੇ ਸੁਵਾ ਕੇ ਆਪਣੀ ਐਸ਼ ਉਡਾਉਣ ਵਿੱਚ ਲਾ ਦਿੱਤਾ ਹੈ। ਇਸ ਸਭ ਭੁਖਮਰੀ ਤੇ ਗਰੀਬਾਂ ਦਾ ਹਾਕਮ ਟੋਲੇ ਤੇ ਤੁਹਾਡੇ ਰਾਹੀ ਚੂਸੇ ਜਾ ਰਹੇ ਖੁਨ ਦੇ ਜ਼ੁਰਮ ਦੇ ਤੁਸੀ ਜ਼ਿੰਮੇਵਾਰ ਤੇ ਕਸੂਰਵਾਰ ਹੋ। ਇਨ੍ਹਾਂ ਵਿਚਾਰਾ ਨੇ ਉਸ ਸਾਧ ਟੋਲੇ ਦੇ ਕੰਨ ਖੋਲ੍ਹ ਦਿੱਤੇ ਤੇ ਉਹ ਗੁਰੂ ਜੀ ਅੱਗੇ ਸ਼ਰਮਸਾਰ ਹੋਏ ਦੋਸ਼ੀਆਂ ਦੀ ਤਰ੍ਹਾਂ ਸਭ ਕੁੱਝ ਸੁਣੀ ਜਾ ਰਹੇ ਸਨ। ਉਨ੍ਹਾਂ ਦੀ ਖਮੋਸ਼ੀ ਦੱਸ ਰਹੀ ਸੀ ਕਿ ਉਹ ਪਹਿਲੀ ਵਾਰ ਇਸ ਅੰਮ੍ਰਿਤ ਬਚਨ ਸੁਣ ਰਹੇ ਸਨ ਤੇ ਉਹ ਹੋਰ ਬਹੁਤ ਕੁੱਝ ਇਸ ਹੀ ਵੇਗ ਵਿੱਚ ਸੁਣੀ ਜਾਣਾ ਚਾਹੁੰਦੇ ਸਨ। ਸੋ ਗੁਰੂ ਜੀ ਨੇ ਉਨ੍ਹਾਂ ਨੂੰ ਅਸਲੀ ਮਾਇਆ ਜਿਹੜੀ ਬਹੁ ਪ੍ਰਕਾਰੀ ਹੋ ਕੇ ਬੰਦੇ ਨੂੰ ਬਿਆਪਦੀ ਤੇ ਬੰਦੇ ਦਾ ਸ਼ਿਕਾਰ ਕਰਦੀ ਹੈ, ਬਾਰੇ ਸਮਝਇਆ। ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਦਿ ਰਾਹੀ ਜੋ ਬੰਦੇ ਦੀ ਗਿਆਤ ਤੋਂ ਬਿਨਾਂ ਹੀ ਚੋਰ ਵਾਂਗ ਵਾਰ ਕਰ ਜਾਦੀ ਹੈ ਤੇ ਤਰ੍ਹਾਂ ਤਰ੍ਹਾਂ ਦੀਆ ਤ੍ਰਿਸ਼ਨਾਵਾਂਦੇ ਰੂਪ ਵਿੱਚ ਉਪਜਦੀ ਰਹਿੰਦੀ ਹੈ। ਉਸ ਬਾਰੇ ਖੋਲ ਕੇ ਦੱਸਿਆ। ਇਥੇ ਬਹੁਤ ਵਿਸਥਾਰ ਦੀ ਲੋੜ ਨਹੀ ਪਰ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਗਿਆਨ ਦੀ ਪ੍ਰਪਤੀ ਬੜੀ ਨੇੜੇ ਹੀ ਨਜਰ ਆਉਂਦੀ ਹੈ। ਜਿਸ ਬਾਰੇ ਹੋਰ ਬਹੁਤ ਤੇ ਖਾਸ ਕਰਕੇ ਰੱਬ ਜੀ ਬਾਰੇ ਜਿਸ ਦੀ ਭਾਲ ਵਿੱਚ ਉਹ ਘਰੋ ਨਿਕਲੇ ਸਨ, ਇਸ ਤਰ੍ਹਾਂ ਸੁਣਨ ਲਈ ਉਤਾਵਲੇ ਸਨ ਜਿਵੇ ਬਿਸਤਰੇ ਤੇ ਪੈਣ ਲੱਗੇ ਬੱਚੇ ਆਪਣੇ ਮਾਪਿਆਂ ਤੋਂ ਕੋਈ ਨਾ ਕੋਈ ਕਹਾਣੀ ਸੁਣਨਾ ਚਾਹਿਆ ਕਰਦੇ ਹਨ।
ਉਸ ਤੋਂ ਪਹਿਲਾ ਇਹ ਜਾਨਣਾ ਵੀ ਜਰੂਰੀ ਹੈ ਜੋ ਉਨ੍ਹਾਂ ਜੈਸੇ ਸਾਧੂ ਜਨਾ ਦੀ ਸਿੱਖਿਆ ਦਾ ਅਸਰ ਸਾਰੇ ਦੇਸ ਦੀ ਆਰਥਕ ਹਾਲਤ ਤੇ ਹੋਇਆ। ਜਿਵੇ ਉਪਰ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਿੱਖਿਆ ਨੇ ਲੋਕਾ ਨੂੰ ਉੱਦਮ ਤੇ ਪੁਰਸ਼ਾਰਥ ਕਰਨ ਤੋ ਹਟਾ ਦਿੱਤਾ, ਠੀਕ ਹੀ ਲੋਕੀ ਉੱਦਮ ਤੇ ਪ੍ਰਸਾਰਥ ਕਰਨ ਦੀ ਥਾਂ ਆਪਣੀ ਕਿਸਮਤ ਨੂੰ ਕੋਸਣ ਲੱਗ ਪਏ ਤੇ ਜੋ ਥੋੜਾ ਬਹੁਤ ਉਹ ਕਮਾਉਦੇ, ਉਸ ਵਿਚੋਂ ਕੁੱਝ ਤਾਂ ਹਾਕਮ ਟੋਲਾ ਟੈਕਸ ਰਾਹੀ ਲੈ ਜਾਦਾ ਤੇ ਬਹੁਤਾ ਹਿੱਸਾ ਇਨ੍ਹਾਂ ਘਰ੍ਹਾਂ ਤੇ ਦੌੜੇ ਅਖੌਤੀ ਧਰਮੀਆਂ, ਸਾਧੂ ਜਨਾਂ ਦੇ ਸਰਾਪ ਤੋਂ ਡਰਦੇ ਇਨ੍ਹਾਂ ਦਾ ਨਗਨ ਢੱਕਣ ਤੇ ਭੋਜਨ ਵਾਸਤੇ ਦੇ ਦਿੱਤਾ ਜਾਦਾ ਤੇ ਆਪ ਉਹ ਵਿਚਾਰੇ ਰੁੱਖੀ ਸੁੱਖੀ ਖਾ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਸਵਰਗ ਦੇ ਲਾਰਿਆਂ ਵਿੱਚ ਗੁਜ਼ਾਰਾ ਕਰਦੇ। ਜੇ ਦੇਖਿਆ ਜਾਵੇ ਤਾਂ ਹਿੰਦੁਸਤਾਨ ਨੂੰ ਗਰੀਬ ਬਨਾਉਣ ਵਾਲੇ ਇਹ ਉਸ ਵੇਲੇ ਦੇ ਘਰਾਂ ਤੋਂ ਦੌੜੇ ਸਾਧੂ ਸਨ ਜਿਨ੍ਹਾਂ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਉਦਮ ਅਦਿ ਕਰਨ ਤੋਂ ਹਟਾ ਦਿੱਤਾ। ਉਸ ਦੀ ਸਜ਼ਾ ਸਾਰਾ ਦੇਸ਼ ਅੱਜ ਤੱਕ ਭੁਗਤ ਰਿਹਾ ਹੈ। ਐਸੇ ਲੋਕਾਂ ਨੂੰ ਜੇ ਕਿਹਾ ਜਾਵੇ ਕਿ ਇਹ ਲੋਕਾਂ ਦੇ ਤੇ ਦੇਸ਼ ਦੀ ਆਰਥਕ ਜੀਵਨ ਦੇ ਕਾਤਲ ਹਨ ਤਾਂ ਕੋਈ ਗਲਤ ਨਹੀ ਦੂਸਰਾ ਪਾਸੇ ਹਾਕਮ ਟੋਲਾ, ਜਿਸ ਦਾ ਵਤੀਰਾ ਲੋਕਾਂ ਪ੍ਰਤੀ ਮਾ ਪਿੳ ਵਾਲਾ ਹੋਣਾ ਚਾਹੀਦਾ ਹੈ, ਉਹ ਧਰਮ ਦੇ ਤਲ ਤੋਂ ਹੇਠਾਂ ਡਿੱਗ ਕੇ ਲੋਕਾਂ ਨੂੰ ਇਕੋ ਰੱਬ ਦੇ ਬੰਦੇ ਨਾ ਸਮਝਦਾ ਹੋਇਆ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਦੇਣ ਤੇ ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਦਾ ਖੁਨ ਚੂਸ ਰਿਹਾ ਸੀ ਤੇ ਪੈਰ ਪੈਰ ਤੇ ਛਾਪੇ ਮਾਰ ਰਿਹਾ ਸੀ, ਪਰ ਉਪਰੋ ਬੁਰਕਾ, ਧਰਮ ਦਾ ਪਾਇਆ ਹੋਇਆ ਸੀ ਤਾਂ ਫਿਰ ਜੋ ਸਾਧੂ ਜਨਾਂ ਨੂੰ ਆਰਥਕ ਜੀਵਨ ਦੇ ਕਾਤਲ ਕਿਹਾ ਜਾਵੇ ਤਾਂ ਇਨ੍ਹਾਂ ਹਾਕਮ ਟੋਲਿਆਂ ਨੂੰ ਧਰ ਦੇ ਕਾਤਲ ਕਿਹਾ ਜਾ ਸਕਦਾ ਹੈ। ਕਿਉ? ਕਿੳਂਕਿ ਇਹ ਧਰਮ ਦੇ ਕਾਤਲ ਸਿਰਫ ਪਦਾਰਥ ਵਿਚੋਂ ਸ਼ਾਂਤੀ ਲੱਭਣਾ ਚਾਹੁੰਦੇ ਸਨ ਤੇ ਹੁਣ ਹਨ। ਪਰ ਧ੍ਰਮ ਤੋਂ ਟੁੱਟ ਕੇ ਸ਼ਾਂਤੀ ਤਾਂਮਿਲ ਨਹੀ ਸਕਦੀ। ਜੇ ਦੇਖਿਆ ਜਾਵੇ ਸੱਜਰੀ ਮਿਸਾਲ ਵਲ ਤਾਂ ਅੱਜ ਦੇ ਪਦਾਰਥਾਂ ਨਾਲ ਰੱਜਿਆ ਮਨੁੱਖ ਪਦਾਰਥਾਂ ਵਿਚੋ ਸ਼ਾਂਤੀ ਨਾ ਮਿਲਣ ਕਰਕੇ ‘ਹਿਪੀਆਂ’ ਦੀ ਸ਼ਕਲ ਵਿੱਚ ਕਈ ਕਈ ਤਰੀਕਿਆਂ ਨਾਲ, ਜਾਂ ਨਸ਼ਿਆਂ ਵਿੱਚ ਪਰਿਵਰਤਤ ਹੋ ਕੇ ਜਾਂ ਕਿਸੇ ਕਹੋਤੀ ਰਿਸ਼ੀ ਮੁਨੀ ਆਦਿ ਦੇ ਚੇਲੇ ਬਣ ਕੇ, ਸ਼ਾਂਤੀ ਲੱਭਣਾ ਚਾਹੁੰਦਾ ਹੈ।
ਇਸ ਸੰਦਰਭ ਵਿੱਚ ਜੇ ਅੱਜ ਕਲ ਦੇ ਕਹੌਤੀ ਧਰਮੀਆਂ (ਸਾਧ, ਸੰਤ ਡੇਰੇਦਾਰਾ ਆਦਿ) ਤੇ ਟੋਲੇ ਨੂੰ ਪਰਖਿਆ ਜਾਵੇ ਤਾਂ ਕਿਤਨਾ ਕੁ ਫਰਕ ਨਜ਼ਰ ਆ ਸਕਦਾ ਹੈ। ਇਸ ਤੋਂ ਪਹਿਲਾਂ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਉੱਦਮ ਕਰਨ, ਧਰਮ ਦੀ ਕਿਰਤ ਕਰਨ ਆਦਿ ਦਾ ਸਬਕ ਦਿੱਤਾ ਤੇ ਉਸ ਦਾ ਕੀ ਸਿੱਟਾ ਨਿਕਲਿਆ, ਜਾਨਣਾ ਵੀ ਜ਼ਰੂਰੀ ਹੈ। ਗੁਰੂ ਜੀ ਦੇ ਸਮੇਂ ਤੋਂ ਲੈ ਕੇ ਸਿੱਖ ਭਾਵੇ ਪੰਜਾਬ ਵਿਚ, ਭਾਵੇ ਪੱਛਮੀ ਪੰਜਾਬ ਦੀਆਂ ਬਾਰਾਂ ਵਿਚ, ਭਾਵੇ ਤਰਾਈ ਦੇ ਜੰਗਲਾ ਵਿਚ, ਬੀਕਾਨੇਰ ਦੇ ਮਾਰੂਥਲਾਂ ਵਿਚ, ਜਾ ਦੂਸਰੇ ਸੂਬਿਆਂ ਜਾ ਵਿਦੇਸ਼ਾਂ ਵਿੱਚ ਜਿੱਥੇ ਵੀ ਵਿਚਰੇ ਜਾ ਵਿਚਰ ਰਹੇ ਹਨ, ਆਰਥਿਕ ਪੱਖੋਂ ਆਪਣੇ ਪੈਰਾਂ ਤੇ ਖੜ੍ਹੇ ਹਨ ਤੇ ਹਰ ਤਰ੍ਹਾਂ ਖੁਸ਼ਹਾਲ ਹਨ ਅਤੇ ਗੁਰੂ ਹੁਕਮ ਅਨੁਸਾਰ ਕਿਸੇ ਦੇ ਮੋਢੇ ਦਾ ਭਾਰ ਨਹੀ ਨਾਲ ਨਾਲ ਧਰਮ ਦਾ ਪੱਖ ਵੀ ਨਹੀ ਛੱਡਿਆ, ਜਿੱਥੇ ਵੀ ਵਿਚਰੇ ਉੱਥੇ ਹੀ ਗੁਰੂ ਘਰ ਦੀ ਸਥਾਪਨਾ ਕੀਤੀ ਤੇ ਗੁਰੂ ਹੁਕਮਾਂ ਨੂੰ ਕਮਾਉਣ ਦੀ ਕੋਸ਼ਿਸ ਕੀਤੀ, ਭਾਵੇਂ ਇਸ ਪੱਖ ਤੇ ਚੰਗੀ ਤਰ੍ਹਾਂ ਗੁਰੂ ਦੇ ਹੁਕਮਾਂ ਤੇ ਪਹਿਰਾ ਨਹੀ ਦਿੱਤਾ ਗਿਆ। ਕਿਉਂ? ਇਸ ਦਾ ਉੱਤਰ ਲੱਭਣਾ ਕੋਈ ਔਖਾ ਨਹੀ। ਸਿੱਖ ਜਗਤ ਦੀ ਇਸ ਖੁਸ਼ਹਾਲੀ ਨੇ ਸਿੱਖਾਂ ਵਿੱਚ ਵੀ ਪੁਰਾਣੇ ਸਿੱਧ ਮੰਡਲੀ ਵਰਗੀ, ਪਰ ਉਨ੍ਹਾਂ ਤੋਂ ਕੁੱਝ ਭਿੰਨ ਤਰੀਕੇ ਦੀ ਕਹੌਤੀ ਧਰਮੀਆਂ (ਕੁਝ ਕੁ ਗੁਰਮੁਖਾਂ ਨੂੰ ਛੱਡ ਕੇ) ਦੀ ਸ਼੍ਰੇਣੀ (ਸਾਧ, ਸੰਤ, ਡੇਰੇਦਾਰਾ ਆਦਿ) ਪੈਦਾ ਕਰ ਦਿੱਤੀ। ਜਿਨ੍ਹਾਂ ਨੇ ਨਾਹਰਾ ਉਹਨਾਂ ਸਿੱਧਾਂ ਜੋਗਿਆਂ ਵਾਲਾ ਹੀ ਲਾਇਆ ਜਾ ਰੱਖਿਆ ‘ਅਸੀ ਮਾਇਆ ਨੂੰ ਹੱਥ ਨਹੀ ਲਾਉਂਦੇ’ ਪਰ ਆਪਣਾ ਲੁਕਵਾਂ ਮਨੋਰਥ ਮਾਇਆਂ ਇਕੱਤਰ ਕਰਨੀ ਰੱਖਿਆ ਹੋਇਆ ਹੈ। ਉਨ੍ਹਾਂ ਜੋਗੀਆਂ ਸਿੱਧਾਂ ਨੇ ਜੋ ਕਿਹਾ ਸੀ ਕਿ ਅਸੀ ਪੈਸੇ ਵਾਲੀ ਮਾਇਆ ਨੂੰ ਹੱਥ ਨਹੀ ਲਾਉਂਦੇ ਤਾਂ ਉਨ੍ਹਾਂ ਨੇ ਸੱਚੀ ਹੀ ਮਾਇਆ ਨੂੰ ਹੱਥ ਲਾਉਣਾ ਬੰਦ ਕਰ ਦਿੱਤਾ ਸੀ, ਭਾਵੇਂ ਉਨ੍ਹਾਂ ਦੀ ਸਿੱਖਿਆ ਨੇ ਦੇਸ਼ ਨੂੰ ਗਰੀਬੀ ਦੇ ਖੱਡੇ ਵਿੱਚ ਹੀ ਧੱਕ ਦਿੱਤਾ। ਪਰ ਅਜੋਕੇ ਕਹੌਤੀ ਮਾਇਆ ਨੂੰ ਹੱਥ ਨਾ ਲਾਉਣ ਵਾਲਿਆਂ ਨੂੰ ਗੁਰੂ ਜੀ ਦੀ ਸਿੱਖਿਆ ਤੇ ਚੱਲਣ ਵਾਲਾ, ਪੈਸੇ ਪੱਖੋਂ ਉੱਦਮ ਰਾਹੀ ਅਮੀਰ ਬਣਿਆ ਸਿੱਖ ਮਿਲ ਗਿਆ ਹੈ ਪਰ ਇਹ ਸਿੱਖ ਵੀ ਸਿੱਖੀ ਅਸਲਾ ਤੋਂ ਅਨਜਾਣ ਕਿਉਂਕਿ ਜ਼ਿੰਮੇਵਾਰ ਸੰਸਥਾ ਨੇ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ) ਗੁਰਮਿਤ ਦਾ ਸਹੀ ਪ੍ਰਚਾਰ ਖਾਸ ਕਰਕੇ ਪਿੰਡਾਂ ਵਿੱਚ ਤਾਂ ਕੀਤਾ ਹੀ ਨਹੀ, ਇਨ੍ਹਾਂ ਖੁੰਭਾਂ ਵਾਂਗ ਨਿਕਲ ਰਹੇ ਸਾਧਾਂ ਸੰਤਾਂ ਦੇ ਪਿੱਛੇ ਉਸੇ ਤਰ੍ਹਾਂ ਲੱਗ ਰਹੇ ਹਨ ਜਿਵੇਂ ਉਸ ਵੇਲੇ ਦੇ ਲੋਕ ਸਿੱਧਾਂ ਜੋਗੀ ਸਾਧ ਜਨਾਂ ਦੇ ਸਰਾਪ ਆਦਿ ਤੋਂ ਡਰ ਕੇ ਉਨ੍ਹਾਂ ਮਗਰ ਆਪਣੀ ਕਮਾਈ ਨੂੰ ਲੁਟਾਉਣ ਲਗੇ ਹੋਏ ਸਨ। ਜਿੱਥੇ ਉਨ੍ਹਾਂ ਸਾਧੂਜਨਾਂ ਨੇ ਲੋਕਾਂ ਨੂੰ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਕੇ ਲੋਕਾਂ ਨੂੰ ਨਿਢਾਲ ਕਰ ਰਖਿਆ ਸੀ, ਇਥੇ ਇਨ੍ਹਾਂ ਅਜੋਕੇ ਸਾਧੂ ਜਨਾਂ ਨੇ ਖਾਲਸਾ ਪੰਥ ਦੀ ਇੱਕ ਸਾਂਝੀ ਰਹਿਤ ਮਰਿਆਦਾ ਨਾਲੋਂ ਜੁਦੀਆਂ ਜੁਦੀਆਂ ਮਰਿਯਾਦਾਵਾਂ ਬਣਾ ਕੇ ਕੇਂਦਰ ਨਾਲੋ ਤੋੜ ਕੇ ਆਪਣੇ ਆਪਣੇ ਮਗਰ ਲਾ ਲਿਆ ਹੈ ਤੇ ਫੁੱਟ ਦੇ ਬੀਜ ਬੀਜ ਕੇ ਬਹੁਗਿਣਤੀ ਨੂੰ ਗੁਰਮਤਿ ਦੀ ਪੱਟੜੀ ਤੋਂ ਲਾਹੁਣ ਦਾ ਕਾਰਨ ਬਣ ਰਹੇ ਹਨ ਜੋ ਬੜਾ ਦੁਖਦਾਇਕ ਹੈ।
ਦੂਸਰੇ ਜੋ ਇਹ ਅਜੋਕੇ ਸਾਧੂਜਨ ਕਹਿੰਦੇ ਹਨ ਕਿ ਅਸੀਂ ਮਾਇਆ ਨਾਗਣੀ ਨੂੰ ਹੱਥ ਨਹੀ ਲਾਉਂਦੇ ਤਾਂ ਫਿਰ ਇਨ੍ਹਾਂ ਦੇ ਵੱਡੇ ਵੱਡੇ ਡੇਰੇ ਕਿੱਦਾਂ ਤੇ ਕਿਸ ਚੀਜ਼ ਨਾਲ ਬਣ ਰਹੇ ਹਨ, ਭਾਈ ਭਤੀਜਿਆਂ ਦੇ ਨਾਂ ਜਾਇਦਾਦਾਂ ਕਿੱਦਾ ਲਗ ਰਹੀਆਂ ਹਨ, ਹਵਾਈ ਜਹਾਜ਼ ਦੇ ਟਿਕਟ ਕਿਸ ਚੀਜ਼ ਨਾਲ ਮਿਲਦੇ ਹਨ-ਆਲੀਸ਼ਾਨ ਡੇਰਿਆਂ ਦੇ ਅੱਗੇ ਕਈ ਕਈ ਨਵੀਆਂ ਨਕੋਰ ਕਾਰਾਂ ਕਿੱਦਾਂ ਖੜੀਆਂ ਹਨ। ਇਨ੍ਹਾਂ ਦੇ ਸਰੀਰ ਕਿਸ ਚੀਜ਼ ਨਾਲ ਰਿਸ਼ਟ ਪੁਸ਼ਟ ਹਨ? ਇਥੇ ਰਾਜਾ ਭਰਬਰੀ ਦੀ ਮਿਸਾਲ ਦੇਣੀ ਬਹੁਤ ਢੁੱਕਵੀਂ ਹੋਵੇਗੀ। ਉਹ ਜਦ ਪਦਾਰਥਾਂ ਨਾਲ ਰੱਜ ਕੇ ਪਰ ਮਨ ਦੀ ਸ਼ਾਂਤੀ ਨੂੰ ਹੱਥੋਂ ਖੋਹ ਕੇ ਜਦ ਸ਼ਾਂਤੀ ਦੀ ਭਾਲ ਵਿੱਚ ਨਿਕਲਿਆ ਤੇ ਸਿੱਧ ਜੋਗੀ ਬਣਿਆ ਤਾਂ ਉਸ ਨੇ ਜੋਗੀ ਬਣਨ ਤੋਂ ਪਹਿਲਾਂ ਸਿੱਧਾਂ ਜੋਗਿਆਂ ਨੂੰ ਇੱਕ ਸਵਾਲ ਪੁਛਿਆਂ, ‘ਤੁਸੀਂ ਆਪਣੇ ਘਰ ਬਾਰ ਤਾਂ ਛੱਡ ਦਿੱਤੇ ਪਰ ਡੇਰੇ ਬਣਾ ਲਏ, ਘਰ ਦੇ ਬਿਸਤਰੇ ਛੱਡੇ ਹੋਰਨਾਂ ਦੇ ਦਿੱਤੇ ਬਿਸਤਰਿਆਂ ਤੇ ਸੌਣ ਲੱਗ ਪਏ ਹੋ, ਇਸਤਰੀਆਂ ਛੱਡੀਆਂ ਪਰ ਚੇਲੀਆਂ ਬਣਾ ਲਈਆਂ, ਆਪਣੇ ਬੱਚੇ ਛੱਡੇ ਪਰ ਚੇਲੇ ਚੇਲੀਆਂ ਬਣਾ ਲਏ। ਤੁਸੀਂ ਦੱਸੋ ਫਰਕ ਕੀ ਪਿਆ? ਆਂਖਰ ਉਸ ਨੂੰ ਇਹ ਕਹਿਣਾ ਪਿਆ ਕਿ ਇਸ ਤਰ੍ਹਾਂ ਆਪਣਾ ਸਭ ਕੁੱਝ ਦਿਖਾਵੇ ਲਈ ਭਾਵੇਂ ਛੱਡ ਦਿਉ ਪਰ ਤ੍ਰਿਸ਼ਨਾ ਤਾਂ ਨਹੀ ਮਰਦੀ, ਇਹ ਚੀਜ਼ਾਂ ਤਾਂ ਆਖਰ ਲੋੜੀਂਦੀਆਂ ਹੀ ਹਨ ਨਾ? ਉਸ ਨੂੰ ਸਵਾਲ ਵਿੱਚ ਵੀ ਕਹਿਣਾ ਚਾਹੀਦਾ ਸੀ ਕਿ ਤੁਸੀਂ ਕੰਮ ਕਾਰ ਛੱਡ ਕੇ ਰੋਟੀ ਅਦਿ ਲਈ ਕਮਾਈ ਕਰਨੀ ਤਾਂ ਛੱਡ ਦਿੱਤੀ ਪਰ ਹੋਰਨਾਂ ਦੀਆਂ ਰੋਟੀਆਂ ਖਾਣ ਲੱਗ ਪਏ ਤੇ ਹੋਰਨਾਂ ਦੇ ਮੋਢਿਆਂ ਦਾ ਭਾਰ ਬਣ ਗਏ। ਖੈਰ ਸਿੱਖੀ ਵਿੱਚ ਪੈਦਾ ਹੋਏ ਉਨ੍ਹਾਂ ਸਿੱਧਾਂ ਜੋਗਿਆਂ ਦੀ ਸ਼੍ਰੇਣੀ ਵਰਗੇ ਸਾਧ-ਸੰਤ (ਕੁਝ ਕੁ ਨੂੰ ਛੱਡ ਕੇ) ਕੀ ਉਨ੍ਹਾਂ ਨਾਲੋਂ ਘੱਟ ਹਨ। ਨਹੀ ਵੱਧ ਉਨ੍ਹਾਂ ਨਾਲੋ ਬਹੁਤ ਅੱਗੇ ਹਨ। ਉਨ੍ਹਾਂ ਵਿਚਾਰਿਆਂ ਨੂੰ ਗੁਰੂ ਜੀ ਤੋਂ ਪਹਿਲਾਂ ਕੋਈ ਖਾਸ ਤੇ ਢੁਕਵੀ ਸਿੱਖਿਆ ਹੀ ਨਹੀ ਸੀ ਮਿਲੀ ਹੋਈ। ਗੁਰੂ ਜੀ ਨੇ ਤਾਂ ਇੱਕ ਸਿੱਖ ਨੂੰ ਹੀ ਨਹੀ, ਹਰ ਇੱਕ ਸਿੱਖ ਨੂੰ ਸੰਤ ਸਿਪਾਹੀ ਬਣਾਇਆ ਸੀ ਤੇ ਗ੍ਰਹਿਸਤੀ ਹੁੰਦੇ ਹੋਏ ਸੰਤ ਸਿਪਾਹੀ ਦਾ ਹਰ ਰੋਲ ਅਦਾ ਕਰਨਾ ਦੱਸਿਆ ਸੀ। ਪਰ ਇਹ ਅੱਜ ਦੇ ਘਰ ਦੌੜੇ ਸਿੱਧ ਜੋਗੀ ਗੁਰੂ ਜੀ ਦੀ ਸਿੱਖਿਆ ਬਾਰੇ ਜਾਣਦੇ ਹੋਏ ਵੀ ਕੋਈ ਹੱਥੀ ਕੰਮ ਨਹੀ ਕਰਦੇ, ਕੁੱਝ ਕੁ ਨੂੰ ਛੱਡਕੇ ਨਾ ਸਾਰੇ ਗ੍ਰਹਿਸਤੀ ਹਨ। ਗੁਰਮਤਿ ਅਨੁਸਾਰ ਹਰ ਸੰਤ ਸਿਪਾਹੀ ਨੇ ਆਪਣੀ ਸੇਵਾ ਨਹੀ ਕਰਵਾਉਣੀ, ਸਗੋ ਹੋਰਨਾਂ ਦੀ ਔਖੇ ਹੋ ਕੇ ਵੀ ਸੇਵਾ ਕੀਰਨੀ ਹੈ, ਜਿਵੇ ਦਸ ਗੁਰੂ ਸਾਹਿਬਾਨ ਨੇ ਉਨ੍ਹਾਂ ਦੀ ਸਿੱਖਿਆਤੇ ਚਲਦੇ ਹੋਏ ਭਾਈ ਲਾਲੋ ਜੀ ਤੋਂ ਲੈ ਕੇ ਅੱਜ ਤੱਕ ਬੜੀ ਉੱਚੀ ਅਵਸਥਾਂ ਵਾਲੇ ਸਿੱਖ ਭਾਈ ਸਾਹਿਬ, ਜਾਂ ਬਾਬਾ ਜੀ ਰਹਿੰਦੇ ਹੋਏ ਕਰਦੇ ਆ ਰਹੇ ਹਨ। ਪਰ ਇਹ ਭੱਦਰ ਪੁਰਸ਼ ਆਪਣੀ ਸੇਵਾ ਕਰਵਾਉਂਦੇ ਹਨ ਤੇ ਜਿਵੇਂ ਲੋਕੀਂ ਉਨ੍ਹਾਂ ਸਿੱਧਾਂ ਜੋਗੀਆਂ ਨੂੰ ਉਨ੍ਹਾਂ ਦੇ ਸਰਾਪ ਤੋਂ ਡਰਦੇ ਚੰਗਾ ਖਾਣ ਪੀਣ ਤੇ ਪਹਿਨਣ ਨੂੰ ਦਿੰਦੇ ਸਨ ਇਹ ਅਜੋਕੇ ਸਾਧੂ ਜਨਾਂ ਨੂੰ ਇਨ੍ਹਾਂ ਦੇ ਸਿੱਖ ਸੇਵਕ ਦਿੰਦੇ ਹਨ। ਗੁਰਮਿਤ ਦਾ ਗਿਆਨ ਨਾ ਹੋਣ ਕਰਕੇ ਅੱਜ ਕਲ੍ਹ ਸਿੱਖਾ ਵਿੱਚ ਲੁੱਟਣ ਵਾਲਿਆਂ ਨਾਲੋਂ ਲੁਟਾਉਣ ਵਾਲੇ ਜ਼ਿਆਦਾ ਹਨ ਜੋ ਬਹੁਤ ਦੁਖਦਾਈ ਹੈ। ਕਿੱਥੇ ਗਈ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੇ ਦੇ ਕੇ ਦਿੱਤੀ ਸਿੱਖਿਆ ਤੇ ਭਾਈ ਲਾਲੋ, ਬਾਬਾ ਦੀਪ ਸਿੰਘ (ਤੇ ਹੋਰ ਅਨੇਕਾਂ ਸਿੰਘਾਂ) ਵਲੋਂ ਸਿੱਖੀ ਕਮਾ ਕੇ ਖਾਲਸਾ ਪੰਥ ਸਾਹਮਣੇ ਪੈਦਾ ਕੀਤੀਆਂ ਮਿਸਾਲਾਂ? ਇਹ ਰੋਣਾ ਤਾਂ ਬਹੁਤ ਲੰਬਾ ਹੈ ਸਿੱਖੀ ਦੀ ਸ਼ਾਨਦਾਰ ਇਮਾਰਤ ਨੂੰ ਇਹ ਬਹੁਤ ਬੜਾ ਘੁਣ ਲੱਗਾ ਹੋਇਆ ਹੈ, ਗੁਰੂ ਜੀ ਹੀ ਕੁੱਝ ਵਰਤਾਰਾ ਵਰਤਾ ਕੇ ਇਸ ਤੋਂ ਬਚਾ ਸਕਦੇ ਹਨ।
ਮੁੜ ਗੁਰੂ ਸਾਹਿਬ ਦੀ ਉਨ੍ਹਾਂ ਸਿੱਧਾਂ ਜੋਗਿਆਂ ਨਾਲ ਗੱਲਬਾਤ ਵੱਲ ਆਈਏ। ਗੁਰੂ ਜੀ ਨੇ ਉਨ੍ਹਾਂ ਨੂੰ ਮਾਇਆ ਦੇ ਅਸਲੀ ਅਰਥ ਸਮਝਾਉਣ ਤੋਂ ਉਪਰੰਤ ਜੋ ਰੱਬ ਜੀ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਉਹ ਹੋਰ ਵੀ ਰਹੱਸਮਈ ਹੈ। ਜਿਵੇਂ ਪਿੱਛੇ ਦੱਸਿਆ ਕਿ ਉਹ ਤਾ ਗੁਰੂ ਜੀ ਪਾਸੋਂ ਇਸ ਤਰ੍ਹਾਂ ਧਿਆਨ ਨਾਲ ਸੁਣ ਰਹੇ ਸਨ ਜਿਵੇ ਸੌਣ ਵੇਲੇ ਬੱਚੇ ਆਪਣੇ ਬਜ਼ੁਰਗਾਂ ਤੋਂ ਕਹਾਣੀ ਸੁਣ ਰਹੇ ਹੋਣ। ਸੋ ਗੁਰੂ ਜੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਿਸ ਰੱਬ ਜੀ ਬਾਰੇ ਤੁਸੀ ਭਾਲ ਕਰ ਰਹੇ ਹੋ, ਉਹ ਰੱਬ ਹੈ ਕਿਥੇ? ਉਹ ਸਾਰੇ ਇੱਕ ਦੂਜੇ ਵਲ ਦੇਖਣ ਲਗ ਪਏ। ਗੁਰੂ ਜੀ ਨੇ ਉਨ੍ਹਾਂ ਅੱਗੇ ਇੱਕ ਘੁੰਡੀ ਰੱਖ ਦਿੱਤੀ, ਜਿਸ ਨੇ ਉਨ੍ਹਾਂ ਨੂੰ ਚਕ੍ਰਿਤ ਕਰ ਦਿੱਤਾ। ਪਰ ਆਖਰ ਸੋਚ ਕੇ ਉਨ੍ਹਾਂ ਨੇ ਦੱਸਿਆ ਕਿ ਵੈਦਾਂ, ਗੀਤਾ ਤੇ ਉਪਨਿਸ਼ਦਾ ਆਦਿ ਧਰਮ ਗ੍ਰੰਥਾਂ ਵਿਚੋਂ ਇਹ ਹੀ ਸੁਣਿਆ ਹੈ ਕਿ ਰੱਬ ਸਾਰੇ ਹੀ ਰਹਿੰਦਾ ਹੈ। ਗੁਰੂ ਸਾਹਿਬ ਨੇ ਪੁੱਛਿਆ, ਕੀ ਸੱਚ ਕਹਿੰਦੇ ਹੋ ਕਿ ਰੱਬ ਸਾਰੇ ਹੀ ਰਹਿੰਦਾ ਹੈ ਤਾਂ ਕੀ ਉਹ ਸਿਰਫ ਇਸ ਜੰਗਲ ਵਿੱਚ ਹੀ ਰਹਿੰਦਾ ਹੈ ਜਾ ਹੋਰ ਜੰਗਲਾਂ ਵਿੱਚ ਵੀ? ਤਦ ੳਨ੍ਹਾਂ ਨੇ ਕਿਹਾ ਕਿ ਜਿਹੜਾ ਰੱਬ ਸਾਰੇ ਹੀ ਰਹਿੰਦਾ ਹੈ ਉਹ ਤਾਂ ਸਾਰੇ ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਵਿੱਚ ਵੀ ਰਹਿੰਦਾ ਹੈ ਤਾਂ ਗੁਰੁ ਜੀ ਨੇ ਪੁੱਛਿਆ, ਕੀ ਉਹ ਰੱਬ ਤੁਹਾਡੇ ਘਰਾਂ, ਪਿੰਡਾਂ, ਸਹਿਰਾਂ ਆਦਿ ਵਿੱਚ ਵੀ ਰਹਿੰਦਾ ਹੈ? ਉਨ੍ਹਾਂ ਨੇ ਕਿਹਾ, ਹਾ ਜੀ ਜਿਹੜਾ ਰੱਬ ਸਾਰੇ ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਵਿੱਚ ਰਹਿੰਦਾ ਹੈ ਉਹ ਤਾਂ ਫਿਰ ਘਰਾਂ, ਪਿੰਡਾਂ, ਸਹਿਰਾਂ ਆਦਿ ਵਿੱਚ ਸਾਰੇ ਹੀ ਰਹਿੰਦਾ ਹੈ।
ਗੁਰੂ ਜੀ ਜਦ ਉਨ੍ਹਾਂ ਨੂੰ ਠੀਕ ਨੁਕਤੇ ਤੇ ਲੈ ਆਂਦਾ ਤਾਂ ਉਹ ਉਨ੍ਹਾਂ ਨੂੰ ਪੁੱਛਣ ਲੱਗੇ, ‘ਕਿ ਉਹ ਐਸਾ ਰੱਬ ਤੁਹਾਡੇ ਮਾਪਿਆਂ, ਪਤਨੀਆਂ ਤੇ ਬੱਚਿਆਂ ਵਿੱਚ ਵੀ ਰਹਿੰਦਾ ਹੈ? ਉਨ੍ਹਾਂ ਕਿਹਾ ਜੀ ਜਿਹੜਾ ਰੱਬ ਸਾਰੇ ਹੀ ਰਹਿੰਦਾ ਹੈ ਉਹ ਤਾਂ ਫਿਰ ਸਭ ਵਿੱਚ ਹੀ ਰਹਿੰਦਾ ਹੈ। ਇਸ ਤੇ ਗੁਰੂ ਜੀ ਨੇ ਕਿਹਾ ਕਿ ਤਦ ਤਾਂ ਫਿਰ ਗੱਲ ਬਣ ਗਈ। ਜਿਸ ਬੁੱਢੇ ਮਾਂ-ਪਿਉ ਨੂੰ ਤੁਸੀ ਪਿੱਠ ਦਿਖਾ ਕੇ ਆ ਗਏ ਹੋ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ, ਕਿ ਵੱਡੇ ਹੋ ਕੇ ਸਾਡੇ ਮੁੰਡੇ ਖੱਟ ਕਾਮ ਕੇ ਬੁਢਾਪੇ ਵਿੱਚ ਸਾਡੀ ਸੇਵਾ ਕਰਨਗੇ, ਕੀ ਉਹ ਤੁਹਾਡੇ ਲਈ ਅਰਦਾਸ ਕਰਨਗੇ ਕਿ ਸਾਡੇ ਪੁੱਤਰਾਂ ਨੂੰ ਰੱਬ ਮਿਲ ਜਾਵੇ, ਕਿ ਉਹ ਨੌਜਵਾਨ ਲੜਕੀ ਜਿਸ ਨੂੰ ਕਿਸੇ ਨੇ ਪਾਲ ਪੋਸ ਕੇ ਤੁਹਾਡੇ ਲੜ ਲਾਇਆ, ਕਿ ਉਹ ਸੁਹਾਗ ਮਾਣੇਗੀ, ਪਰ ਤੁਸੀ ਉਸ ਨੂੰ ਧੋਖਾ ਦੇ ਕੇ ਵਿਲਕਦੀ ਛੱਡ ਆਏ ਹੋ, ਕੀ ਉਹ ਤੁਹਾਡੇ ਲਈ ਅਰਦਾਸ ਕਰ ਸਕਦੀ ਹੈ ਕਿ ਮੇਰੇ ਪਤੀ ਨੂੰ ਰੱਬ ਮਿਲ ਜਾਵੇ ਤੇ ਉਨ੍ਹਾਂ ਮਾਸੂਮ ਬੱਚਿਆਂ, ਜਿਨਾਂ ਦੇ ਦਿਲਾ ਵਿੱਚ ਰੱਬ ਵਸਦਾ ਹੈ ਤੇ ਜਿਨ੍ਹਾਂ ਨੂੰ ਤੁਸੀ ਸਿੱਖਿਆ ਦੇ ਕੇ ਦੇਸ਼ ਦੇ ਸੇਵਾਦਾਰ ਬਨਾਉਣਾ ਸੀ, ਨੂੰ ਜਿਉਂਦੇ ਜੀਅ ਯਤੀਮ ਬਣਾ ਕੇ ਛੱਡ ਆਏ ਹੋ ਕੀ ਉਹ ਰੱਬ ਰੂਪ ਮਾਸੂਮ ਬੱਚੇ ਤੁਹਾਡੇ ਲਈ ਇਹ ਅਰਦਾਸ ਕਰ ਸਕਦੇ ਹਨ ਕਿ ਤੁਹਾਨੂੰ ਰੱਬ ਮਿਲ ਜਾਵੇ? ਇਹ ਕੀ ਬੋਲ ਸਨ। ਇਹ ਤਾਂ ਭਾਈ ਗੁਰਦਾਸ ਜੀ ਅਨੁਸਾਰ ਧੁੰਦ ਮਿਟਾ ਕੇ ਚਾਨਣ ਕਰ ਗਏ। ਇਨ੍ਹਾਂ ਨੇ ਸਾਧੂ ਜਨਾਂ ਦੇ ਮਨਾ ਦੇ ਅੰਧਕਾਰ ਥੱਲੇ ਗਿਆਨ ਦਾ ਦੀਵਾ ਜਗਾ ਦਿੱਤਾ ਅਤੇ ਉਹ ਇੱਕ ਜ਼ੁਬਾਨ ਕਹਿ ਉੱਠੇ, ‘ਬਾਬਾ ਜੀ ਤੁਸੀ ਤਾਂ ਸਾਡੀ ਜਨਮਾਂ-ਜਨਮਾਂਨਤਰਾਂ ਦੀ ਸੁੱਤੀ ਹੋਈ ਆਤਮਾ ਜਗਾ ਦਿੱਤੀ ਹੈ,’ ਇਹ ਕਹਿੰਦੇ ਹੀ ਉਹ ਗੁਰੂ ਜੀ ਦੇ ਪੈਰਾਂ ਤੇ ਢਹਿ ਪਏ। ਪਰ ਉਨ੍ਹਾਂ ਦਾ ਅਗਲਾ ਸਵਾਲ ਬੜਾ ਬੇਵਸੀ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਆਪ ਜੀ ਨੇ ਸਾਡੀ ਸੁੱਤੀ ਹੋਈ ਆਤਮਾ ਤਾਂ ਜਗਾ ਦਿੱਤੀ ਹੈ ਪਰ ਅਸੀ ਹੁਣ ਜਾਈਏ ਤਾਂ ਕਿਥੇ ਜਾਈਏ।
ਇਸ ਪਰ ਗੁਰੂ ਜੀ ਨੇ ਕਿਹਾ ਕਿ ਤੁਹਾਡੀ ਹਾਲਤ ਬੜੀ ਤਰਸਯੋਗ ਹੈ, ਤੇ ਉਸ ਵਿਚਾਰੀ ਬਜ਼ੁਰਗ ਮਾਈ ਵਰਗੀ ਹੈ ਜਿਸ ਦੀ ਕੱਪੜੇ ਸੀਉਂਦੀ ਦੀ ਸੂਈ ਥੱਲੇ ਡਿਗ ਪਈ ਪਰ ਉਥੇ ਘਰ ਵਿੱਚ ਰੌਸ਼ਨੀ ਥੋੜ੍ਹੀ ਸੀ ਤੇ ਉਸ ਨੂੰ ਉਥੋਂ ਨਾ ਲੱਭੀ। ਆਖਰ ਉਹ ਬਾਹਰ ਗਲੀ ਵਿੱਚ ਜਿੱਥੇ ਸਾਂਝੇ ਥਾਂ ਤੇ ਮਿਸ਼ਾਲ ਜਗਾ ਕੇ ਰੌਸ਼ਨੀ ਕੀਤੀ ਹੋਈ ਸੀ, ਚਲੇ ਗਈ ਤੇ ਸੂਈ ਟੋਲਣ ਲੱਗ ਪਈ। ਕਿਸੇ ਰਾਹੀ ਨੇ ਪੁੱਛਿਆ, ਮਾਈ ਜੀ ਕੀ ਲੱਭ ਰਹੇ ਹੋ? ਮੈ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾ। ਮਾਈ ਜੀ ਨੇ ਕਿਹਾ ਕਿ ਸੂਈ ਗਵਾਚ ਗਈ ਹੈ। ਉਸ ਰਾਹੀ ਨੇ ਪੁੱਛਿਆ, ਕਿਥੇ ਕੁ ਕਰਕੇ ਗੁਆਚੀ ਹੈ? ਤਾਂ ਮਾਈ ਜੀ ਨੇ ਕਿਹਾ ਕਿ ਸੂਈ ਤਾਂ ਘਰ ਗੁਆਚੀ ਹੈ। ਤਾਂ ਰਾਹੀ ਨੇ ਕਿਹਾ ਕਿ ਤਦ ਫਿਰ ਇੱਥੇ ਕਿਉਂ ਲੱਭ ਰਹੇ ਹੋ? ਉਸ ਨੇ ਕਿਹਾ ਕਿ ਘਰ ਵਿੱਚ ਰੋਸਨੀ ਨਹੀ ਸੀ, ਇਸ ਕਰਕੇ ਇਥੇ ਰੌਸਨੀ ਵਿੱਚ ਲੱਭਣ ਲੱਗ ਪਈ। ਰਾਹੀ ਨੇ ਕਿਹਾ, ਮਾਈ ਜੀ ਆਪਣੇ ਘਰ ਵਿੱਚ ਰੌਸਨੀ ਕਰੋ ਤੇ ਸੂਈ ਲੱਭੋ। ਇਸੇ ਸੰਬੰਧ ਵਿੱਚ ਗੁਰੂ ਜੀ ਨੇ ਇੱਕ ਹੋਰ ਮਿਸਾਲ ਦਿੱਤੀ ਤੇ ਕਿਹਾ ਕਿ ਅਮ੍ਰਿਤ ਤਾਂ ਆਪਣੇ ਅੰਦਰ ਭਰਿਆ ਪਿਆ ਹੈ, ਮਨਮੁਖਾਂ ਨੁੰ ਉਸ ਦਾ ਸਵਾਦਨਹੀ ਆ ਰਿਹਾ, ਜਿਵੇ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਜਿਸ ਦੀ ਉਸ ਨੂੰ ਮਹਿਕ ਤਾਂ ਆ ਰਹਿ ਹੈ, ਪਰ ਉਹ ਸਮਝਦਾ ਹੈ ਕਿ ਇਹ ਮਹਿਕ ਕਿਤੇ ਬਾਹਰੋ ਆ ਰਹੀ ਹੈ, ਜਿਸ ਜਰਕੇ ਉਹ ਸਾਰੀ ਸਾਰੀ ਰਾਤ ਪੌਦਿਆਂ, ਬੂਟਿਆਂ ਆਦਿ ਨੂੰ ਸੁੰਘਦਾ ਫਿਰਦਾ ਰਹਿਦਾ ਹੈ। ਪਰ ਉਹ ਭਰਮ ਵਿੱਚ ਇਧਰ ਉਧਰ ਭਟਕਦਾ ਰਹਿੰਦਾ ਹੈ। ਸੋ ਸਾਧੂ ਜਨੋਂ ਤੁਹਾਡਾ ਵੀ ਮਾਈ ਜੀ ਤੇ ਹਿਰਨ ਵਾਲਾ ਹੀ ਹਾਲ ਹੈ। ਤਦ ਉਨ੍ਹਾਂ ਨੇ ਗੁਰੂ ਜੀ ਨੂੰ ਕਿਹਾ ਕਿ ਹੁਣ ਸਾਡੀ ਨਿਸ਼ਾ ਹੋ ਗਈ ਹੈ। ਪਰ ਸਾਨੂੰ ਦੱਸੋ ਹੁਣ ਅਸੀ ਜਾਈਏ ਤਾਂ ਕਿਥੇ ਜਾਈਏ? ਗੁਰੂ ਜੀ ਨੇ ਗ੍ਰਹਿਸਤ ਮਾਰਗ ਨੁੰ ਸਭ ਤੋਂ ਪ੍ਰਧਾਨ ਸਮਝਦੇ ਸਨ, ਗੁਰੂ ਜੀ ਨੇ ਕਿਹਾ ਕਿ ਹੋਰ ਕਿਤੇ ਨਹੀ, ਮੁੜ ਕੇ ਘਰਾਂ ਨੂੰ ਜਾਉ। ਇਸ ਤੇ ਉਹ ਨਿਆਣਿਆਂ ਵਾਂਗ! ਪੁੱਛਣ ਲੱਗੇ, ਕਿ ਘਰਾਂ ਵਿੱਚ ਅਸੀ ਭਗਤੀ ਕਰ ਸਕਦੇ ਹਾਂ? ਉਨ੍ਹਾਂ ਨੂੰ ਹਾਲੇ ਤੱਕ ਵੀ ਪਤਾ ਨਹੀ ਲੱਗਾ ਕਿ ਇੱਕ ਗ੍ਰਹਿਸਤ ਜੀਵਨ ਦੀ ਸਿੱਖਿਆ ਦੇਣ ਵਾਲਾ ਤੇ ਪ੍ਰਮਾਤਮਾ ਨੂੰ ਹਰ ਥਾਂ, ਜ਼ੱਰੇ-ਜ਼ੱਰੇ ਘਰ ਘਰ, ਇੱਕ ਕੀੜੀ ਤੋਂ ਲੈ ਕੇ ਹਰ ਛੋਟੇ ਵੱਡੇ ਜਾਨਵਰ ਤੇ ਇਨਸਾਨ ਵਿੱਚ ਵਸਣ ਵਾਲਾ ਦਰਸਾਉਣ ਵਾਲਾ ਨੋਜਵਾਨ ਘਰ ਵਿੱਚ ਬੈਠ ਕੇ ਪ੍ਰਮਤਮਾਂ ਦੇ ਨਾਮ ਦੀ ਖੁਮਾਰੀ ਦਾ ਆਨੰਦ ਮਾਣ ਕਰਕੇ ਹੀ ਇਹ ਸਿੱਖਿਆ ਉਨ੍ਹਾਂ ਨੂੰ ਦੇ ਰਿਹਾ ਹੈ ਕਿ ਘਰਾਂ ਨੂੰ ਮੁੜ ਜਾਉ।
ਖੈਰ ਗੁਰੂ ਜੀ ਨੇ ਕਿਹਾ ਕਿ ਇੱਥੇ ਵਿਹਲੇ ਰਹਿ ਕੇ ਕਈ ਤਰ੍ਹਾਂ ਦੇ ਕਸ਼ਟ, ਰੱਬ ਜੀ ਨੂੰ ਲੱਭਣ ਲਈ ਉਠਾਉਂਦੇ ਹੋਏ ਹੋਰਨਾਂ ਦੇ ਹੱਥਾਂ ਵੱਲ ਤੱਕਣ ਤੇ ਹੋਰਨਾ ਦੇ ਮੋਢਿਆਂ ਦਾ ਭਾਰ ਬਣਨ ਦੀ ਥਾਂ, ਘਰ ਬੈਠ ਵਿੱਚ ਰਹਿ ਕੇ ਦਸਾਂ ਨਹੁੰਆਂ ਦੀ ਕਿਰਤ ਕਰਕੇ, ਬਾਲ ਬੱਚਿਆਂ ਦਾ ਪਾਲਣ ਪੋਸਣ ਕਰਕੇ ਉਨ੍ਹਾਂ ਦੀ ਖੁਸ਼ੀ ਲੈ ਕੇ ਘਰ ਵਾਲੀ ਦੀ ਦੇਖਭਾਲ ਕਰਕੇ ਤੇ ਉਸ ਦੀ ਖੁਸ਼ੀ ਲੈ ਕੇ ਤੇ ਮਾਤਾ ਪਿਤਾ ਦੀ ਸੇਵਾ ਕਰਕੇ ਤੇ ਉਨ੍ਹਾਂ ਦੀ ਖੁਸ਼ੀ ਤੇ ਅਸੀਸਾਂ ਲੈ ਕੇ ਭਾਵੇਂ ਥੋੜੀ ਹੀ ਭਗਤੀ ਜਾ ਦਾਤੇ ਦਾ ਸਿਮਰਨ ਕਰੋ। ਉਹ ਹੀ ਦਾਤੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਵੇਗਾ। ਤੇ ਲੇਖੇ ਲੱਗ ਜਾਵੇਗਾ। ਇਥੇ ਗੁਰੂ ਸਾਹਿਬ ਨੇ ਮਾਰੂ ਰਾਗ `ਚ 1012/13 ਪੰਨੇ ਤੇ ਗੁਰੂ ਸਾਹਿਬ ਜੀ ਦੀ ਜੋ ਅਸ਼ਟਪਦੀ ਹੈ ਉਸ ਰਾਹੀ ਸਿੱਖਿਆ ਦਿੱਤੀ ਕਿ ਜੋ ਉਹ ਸਭ ਨਿਸਫਲ ਸਨ ਤੇ ਅੰਤ ਧੰਨੁ ਗਿਰਹੀ ਸੰਨਿਆਸੀ ਜੋਗੀ, ਦੀ ਉਤੇ ਦਿੱਤੀ ਵਿਆਖਿਆ, ਅਨੁਸਾਰ ਵਿਆਖਿਆ ਕਰਕੇ, ਗ੍ਰਹਿਸਤੀ ਹੁੰਦੇ ਹੋਏ ਦਸਾਂ ਨਹੁੰਆਂ ਦੀ ਕਿਰਤ ਕਰਕੇ ਵੰਡ ਛਕਣ ਤੇ ਹੋਰਨਾਂ ਦੇ ਦੁਖ ਸੁਖ ਦੀ ਸਾਝ ਰਾਹੀ ਪ੍ਰਮਤਾਮਾ ਦੀ ਯਾਦ ਵਿੱਚ ਜੀਵਨ ਬਤੀਤ ਕਰਕੇ ਗ੍ਰਹਿਸਤੀ ਦੇ ਜੀਵਨ ਨੂੰ ਧੰਨ ਧੰਨ ਕਿਹਾ। ਪਰ ਉਨ੍ਹਾਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਯਾਦ ਰੱਖੋ ਮਾਂ ਬਾਪ ਨੂੰ ਰੋਲ ਕੇ, ਬੱਚਿਆ ਨੂੰ ਰੁਆ ਕੇ ਤੇ ਘਰਵਾਲੀ ਨੁੰ ਖੁਆਰ ਕਰਕੇ ਤੇ ਜੰਗਲਾਂ, ਪਹਾੜਾਂ ਆਦਿ ਦੀ ਖਾਕ ਛਾਣ ਕੇ ਤੁਸੀ ਰੱਬ ਨੂੰ ਭਾਲਦੇ ਹੋ, ਇੰਝ ਰੱਬ ਦੇ ਬੂਹੇ ਤੁਹਾਡੇ ਲਈ ਸਦਾ ਵਾਸਤੇ ਬੰਦ ਹਨ, ਉਹ ਕਦੇ ਵੀ ਨਹੀਂ ਖੁੱਲ੍ਹ ਸਕਦੇ। ਅੱਜਕਲ ਆਏ ਦਿਨ ਹੋ ਰਹੇ ਬੜੇ ਤੋਂ ਬੜੇ ਘੁਟਾਲਿਆਂ ਨੂੰ ਮੁਖ ਰੱਖ ਕੇ ਇਹ ਲੇਖ (ਸੱਚਾ ਸੌਦਾ-) ਛਪਣ ਲਈ ਭੇਜਿਆ ਜਾ ਰਿਹਾ ਹੈ।




.