.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 23)

ਦਲਬੀਰ ਸਿੰਘ ਐੱਮ. ਐੱਸ. ਸੀ.

ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ।।
ਕੁਫਰਗੋਅ ਕੁਫਰਾਣੈ ਪਇਆ ਦਝਸੀ।। (ਗੁਰੂ ਗ੍ਰੰਥ ਸਾਹਿਬ, ਅੰਕ ੧੪੨)

੧੫ ਨਵੰਬਰ ੨੦੦੯ ਨੂੰ ਫ਼ਰੀਦਾਬਾਦ ਵਿਖੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਹੇਠ ਲਿਖਿਆ ਦੇਵੀ-ਉਸਤਤ ਸਿਖਾਉਣ ਵਾਲੀਆਂ ਪੰਕਤੀਆਂ ਦਾ ਕੀਰਤਨ ਸ਼ੁਰੂ ਕੀਤਾ ਤਾਂ ਸੂਝਵਾਨ ਗੁਰਸਿਖ ਸੰਗਤਾਂ ਤੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ ਕੀਰਤਨ ਕਰਣ ਲਈ ਆਖਿਆ ਪਰ ਮਨਪ੍ਰੀਤ ਸਿੰਘ ਨੇ ਜ਼ਿਦ ਕਰਕੇ ਕੱਚੀ ਬਾਣੀ ਦਾ ਕੀਰਤਨ ਜਾਰੀ ਰਖਿਆ ਜਿਸ ਕਰਕੇ ਰੌਲਾ ਪਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਨਿਰਾਦਰ ਹੋਇਆ::

ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।। ਸੈਫ ਸਰੋਹੀ ਸੈਥੀ ਯਹੈ ਹਮਾਰੇ ਪੀਰ।। ੩।।

ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ।। ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।। ੪।।

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ।। ਤੁਹੀ ਨਿਸਾਨੀ ਜੀਤ ਕੀ ਆਜ ਤੁਹੀ ਜਗਬੀਰ।। ੫।।

ਇਹ ਪੰਕਤੀਆਂ ਬਚਿਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੇ ਪੰਨਾ ੭੧੭ ਤੇ ਸ੍ਰੀ ਸਸਤ੍ਰ ਨਾਮ ਮਾਲਾ ਸਿਰਲੇਖ ਹੇਠ ਦਰਜ ਹਨ। ਇਨ੍ਹਾਂ ਪੰਕਤੀਆਂ ਦੇ ਸਹੀ ਅਰਥ ਸਮਝਣ ਲਈ ਸਸਤ੍ਰ ਨਾਮ ਮਾਲਾ ਦੀ ਸੰਖੇਪ ਪੜਚੋਲ ਜ਼ਰੂਰੀ ਹੈ। ਇਸ ਰਚਨਾ ਦੀ ਸ਼ੁਰੂਆਤ ਇਉਂ ਹੈ:: ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ।। ਸ੍ਰੀ ਭਗਉਤੀ ਜੀ ਸਹਾਇ।।

ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ।। ਪਾਤਿਸਾਹੀ ੧੦।। (ਪੰਨਾ ੭੧੭)

ਇਹ ਰਚਨਾ ਬਚਿਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ (ਕੁਲ ਪੰਨੇ ੧੪੨੮) ਵਿੱਚ ਪੰਨਾ ੭੧੭ ਤੋਂ ਪੰਨਾ ੮੦੮ ਤਕ ਦਰਜ ਹੈ। ਇਸ ਰਚਨਾ ਅਤੇ ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਨੂੰ ਸਮਝਣ ਲਈ ਹੇਠ ਲਿਖੇ ਨੁਕਤੇ ਧਿਆਨ ਨਾਲ ਵੀਚਾਰਨ ਦੀ ਲੋੜ ਹੈ:

(੧) ਮੰਗਲਾਚਰਨ:: “ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ” ਵਿੱਚ “ਸ੍ਰੀ” ਅੱਖਰ ਜੋੜਨਾ ਸਿਖ-ਸਿਧਾਂਤ ਨਹੀ। ਜ਼ਰਾ ਸੋਚੋ, ਕੀ ਫ਼ਤਿਹ “ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। “ ਬੁਲਾਉਣ ਲਗਿਆਂ ਸ੍ਰੀ ਅੱਖਰ ਜੋੜਨਾ ਗ਼ਲਤ ਨਹੀ? ਕੀ ਐਸੀ ਗ਼ਲਤੀ/ਭੁਲ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੋਵੇਗੀ? ਸ਼ਕ ਪੈਂਦਾ ਹੈ ਕਿ ਲਿਖਾਰੀ ਅਭੁਲ ਗੁਰੂ ਸਾਹਿਬ ਹਨ ਜਾਂ ਨਹੀ।

(੨) ਦੂਜਾ ਮੰਗਲਾਚਰਨ:: ਸ੍ਰੀ ਭਗਉਤੀ ਜੀ ਸਹਾਇ।। :: ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲਾਚਰਨ ਕਿਤੇ ਨਹੀ ਲਿਖਿਆ ਪਰ ਦਸਮ ਗ੍ਰੰਥ ਦੇ ਅਨੇਕਾਂ ਪੰਨਿਆਂ ਤੇ ਲਿਖਿਆ ਹੈ। ਪ੍ਰਕਰਣ ਅਨੁਸਾਰ ਭਗਉਤੀ ਦੇ ਅਰਥ (ਭਾਈ ਕਾਨ੍ਹ ਸਿੰਘ ਰਚਿਤ ਮਹਾਨ ਕੋਸ਼) ਦੇਵੀ ਦੁਰਗਾ ਹੀ ਹਨ ਜਿਸਦੇ ਹੋਰ ਨਾਂ ਭਗਵਤੀ, ਸ਼ਿਵਾ, ਜਗਮਾਤ, ਜਗਮਾਇ, ਜਗਦੰਬਾ, ਕਾਲ, ਕਾਲੀ, ਮਹਾਕਾਲੀ … ਮਾਰਕੰਡੇਯ ਪੁਰਾਣ ਵਿਚੋਂ ਲੈ ਕੇ ਲਿਖੇ ਹਨ। ਇਸੇ “ਸਸਤ੍ਰ ਨਾਮ ਮਾਲਾ” ਦੇ ਪਹਿਲੇ ਅਧਿਆਇ ਦਾ ਸਮਾਪਤੀ-ਸੰਕੇਤ ਪੰਨਾ ੭੧੮ ਤੇ ਇਉਂ ਲਿਖਿਆ ਹੈ:: ਇਤਿ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮਸਤੁ ਸੁਭਮਸਤੁ।।

ਸਪਸ਼ਟ ਹੈ ਕਿ ਇਹ ਰਚਨਾ “ਸ੍ਰੀ ਭਗਉਤੀ ਉਸਤਤ” ਹੈ। ਹੋਰ ਸਬੂਤ, ਇਸੇ ਰਚਨਾ ਦੇ ਛੰਦ ਨੰਬਰ ੩੨ ਤੇ ੩੬ ਪੜੋ ਜੀ:

ਸਿੰਘ (ਸ਼ੇਰ) ਸਬਦ ਭਾਖੋ ਪ੍ਰਥਮ ਬਾਹਨ (ਸਵਾਰੀ) ਬਹੁਰ ਉਚਾਰਿ।। ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ।। ੩੨।। ਪੰ: ੭੧੯

ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ।। ਸਿਰੀ ਭਵਾਨੀ ਭੈ ਹਰਨ ਸਭ ਕੋ ਕਰੋ ਕਲਯਾਨ।। ੩੬।। (ਪੰਨਾ ੭੧੯)

ਭਾਵ, ਸ਼ੇਰ ਦੀ ਸਵਾਰੀ ਕਰਣ ਵਾਲੀ ਦੇਵੀ ਜਗਮਾਤਾ, ਭਗਵਤੀ, ਭਵਾਨੀ ਦੇ ਸਾਰੇ ਨਾਮ ਸਭ ਦਾ ਭੈ ਦੂਰ ਕਰਕੇ ਕਲਯਾਨ ਕਰਨ।

ੴ ਦੇ ਉਪਾਸਕ ਨੂੰ ਦੇਵੀ ਭਗਉਤੀ ਤੋਂ ਸਹਾਇਤਾ ਮੰਗਣ ਦੀ ਕੀ ਲੋੜ ਹੈ? ਕੀ ੴ ਵਾਹਿਗੁਰੂ ਜੀ ਸਰਬ-ਸਮਰਥ ਨਹੀ?

(੩) ਸਿਰਲੇਖ “ਪਾਤਿਸਾਹੀ ੧੦”:: ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ-ਬਾਣੀ ਛੇ ਗੁਰੂ ਸਹਿਬਾਨ ਦੀ ਅੰਕਿਤ ਹੈ ਅਤੇ ਹਰ ਗੁਰੂ-ਹਸਤੀ ਨੇ ‘ਮਹਲਾ` (ਅਰਥ ਹੈ ‘ਸਰੀਰ`) ਪਦ ਲਿਖਿਆ ਜਿਵੇਂ ਕਿ ਮਹਲਾ ੧, ਮਹਲਾ ੨. . ਮਹਲਾ ੯, ਪਰ ਕਿਤੇ ਵੀ ਪਾਤਸਾਹੀ ਪਦ ਨਹੀ ਵਰਤਿਆ। ਕੀ ਇਹ ਗੁਰ-ਮਰਯਾਦਾ ਦੇ ਉਲਟ ਨਹੀ? ਕੀ ਦਸਮ ਨਾਨਕ ਸਾਹਿਬ ਨੇ ਇਹ ਮਰਯਾਦਾ ਤੋੜੀ ਹੋਵੇਗੀ? ਹਰਗਿਜ਼ ਨਹੀਂ। ਗੁਰੂ-ਨਿੰਦਕਾਂ ਨੇ ਕੱਚੀਆਂ ਕਵੀ ਰਚਨਾਂਵਾਂ ਨੂੰ ਦਸਮ ਨਾਨਕ ਸਾਹਿਬ ਦੀ ਰਚਨਾ ਸਾਬਤ ਕਰਣ ਲਈ ਅਤੇ ਸਿਖਾਂ ਨੂੰ ਗੁਮਰਾਹ ਕਰਣ ਲਈ ਪਾਤਸਾਹੀ ੧੦ ਲਿਖ ਦਿੱਤਾ। ਜ਼ਰਾ ਧਿਆਨ ਨਾਲ ਇਸੇ ਗ੍ਰੰਥ ਦੇ ਪੰਨਾ ੧੫੫ ਤੇ ਪੜੋ ਜੀ:::: ।। ਪਾਤਸਾਹੀ ੧੦।। ਅਥ ਚੌਬੀਸ ਅਵਤਾਰ।। ਚਉਪਈ।। ਅਬ ਚਉਬੀਸ ਉਚਰੋਂ ਅਵਤਾਰਾ।। ਜਿਹ ਬਿਧ ਤਿਨ ਕਾ ਲਖਾ ਅਪਾਰਾ।। ਸੁਨੀਅਹੁ ਸੰਤ ਸਭੈ ਚਿਤ ਲਾਈ।। ਬਰਨਤ ‘ਸਯਾਮ` ਜਥਾ ਮਤ ਭਾਈ।। ੧।।

ਕਵੀ ਸਯਾਮ ਦੀ ਕਵੀ ਛਾਪ ਸਪਸ਼ਟ ਦਸ ਰਹੀ ਹੈ ਕਿ ਪਾਤਸਾਹੀ ੧੦ ਲਿਖ ਕੇ ਸਿਖਾਂ ਨੂੰ ਧੋਖਾ ਦਿੱਤਾ ਗਿਆ ਹੈ। ਅਸੀ ਕਿਵੇਂ ਮੰਨ ਲਈਏ ਕਿ ਸਸਤ੍ਰ ਨਾਮ ਮਾਲਾ ਦਸਮ ਨਾਨਕ ਸਾਹਿਬ ਜੀ ਦੀ ਰਚਨਾ ਹੈ? ਪੰਨਾ ੬੬੯ ਤੇ ਵੀ ਪਾਤਸਾਹੀ ੧੦ ਦਾ ਭੁਲੇਖਾ ਪਾਇਆ ਹੈ। ਇਸੇ ਤਰ੍ਹਾਂ ਕਬਯੋ ਬਾਚ ਬੇਨਤੀ।। ਚੋਪਈ।। ਹਮਰੀ ਕਰੋ ਹਾਥ ਦੈ ਰਛਾ।। ਦੇ ਸ਼ੁਰੂ ਵਿੱਚ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਪਾਤਸਾਹੀ ੧੦ ਲਿਖ ਦਿੱਤਾ ਹੈ ਜੋ ਕਿ ਦਸਮ ਗ੍ਰੰਥ ਵਿੱਚ ਨਹੀ ਲਿਖਿਆ ਹੋਇਆ।

(੪) ਹੁਣ ਭਾਈ ਮਨਪ੍ਰੀਤ ਸਿੰਘ ਦੇ ਗਾਇਨ ਕੀਤੇ ਸਸਤ੍ਰ ਨਾਮ ਮਾਲਾ ਦੇ ਉਪਰ-ਲਿਖੇ ਦੋਹਿਰਾ ਨੰਬਰ ੩, ੪, ੫ ਨੂੰ ਵੀਚਾਰੀਏ:: ਪਦ ਅਰਥ:: ਅਸ = ਦਾਤ੍ਰੀ ਵਰਗਾ ਵਿੰਗਾ ਸਸਤ੍ਰ:: ਤੁਪਕ = ਬੰਦੂਕ:: ਸੈਫ = ਭਾਰੀ ਤਲਵਾਰ:: ਸਰੋਹੀ = ਨਾਗਨੀ ਬਰਛੀ:: ਸੈਥੀ = ਬਰਛੀ:: ਪੀਰ = ਗੁਰੂ:: ਨਾਮ ਤਿਹਾਰੋ = ਦੇਵੀ! ਤੇਰਾ ਨਾਮ:: ਕਾਲ = ਕਾਲੀ = ਖੋਪੜੀਆਂ ਦੀ ਮਾਲਾ ਪਾਉਣ ਵਾਲੀ ਦੇਵੀ, ਵੇਖੋ ਦੇਵੀ ਦੀਆਂ ਤਸਵੀਰਾਂ ਮਾਰਕੰਡੇ ਪੁਰਾਣ ਵਿਚ): ਫਿਰ ਪੜੋ ਪੰਨਾ ੮੧੦ ਤੇ ਦੇਵੀ ਉਸਤਤ, ਮੁੰਡ ਕੀ ਮਾਲ…)

ਅਰਥ:: ਦੇਵੀ ਨੇ ਅਪਣੇ ਅੱਠ ਹੱਥਾਂ ਵਿੱਚ ਦਾਤ੍ਰੀ ਵਰਗਾ ਵਿਂਗਾ ਸਸਤ੍ਰ, ਕਿਰਪਾਨ, ਖੰਡਾ, ਦੁ-ਧਾਰੀ ਸਿੱਧੀ ਕਿਰਪਾਨ, ਬੰਦੂਕ, ਤੀਰ ਕਮਾਨ, ਵਖ ਵਖ ਤਰ੍ਹਾਂ ਦੀਆਂ ਬਰਛੀਆਂ ਆਦਿਕ ਸਸਤ੍ਰ ਫੜੇ ਹਨ, ਇਹੀ ਸਾਡੇ ਗੁਰੂ ਹਨ। ਹੇ ਦੇਵੀ ਕਾਲੀ! ਤੂੰ ਹੀ ਕਾਲ ਹੈਂ, ਤੇਰੇ ਹੱਥਾਂ ਵਿੱਚ ਫੜੇ ਸ਼ਸਤ੍ਰ ਤੇਰਾ ਹੀ ਪ੍ਰਤੀਕ, ਨਿਸ਼ਾਨੀਆਂ ਹਨ। ਬੀਰਤਾ ਦੀ ਪ੍ਰਤੀਕ ਦੇਵੀ! ਤੇਰੀ ਅਤੇ ਸਸਤ੍ਰਾਂ ਦੀ ਪੂਜਾ ਕਰਣ ਵਾਲਾ (ਪੰਨਾ ੮੧੦: ਤੁਹੀ ਅਸਟ ਅਸਟਹਾਥ ਮੈ ਅਸਤ੍ਰ ਧਾਰੇ) ਤੇਰਾ ਨਾਮ ਜਪਣ ਵਾਲਾ ਭਵ-ਸਾਗਰ ਤੋਂ ਪਾਰ ਹੋ ਜਾਵੇਗਾ।

ਅਖੋਤੀ ਦਸਮ ਗ੍ਰੰਥ ਦੀਆਂ ਇਨ੍ਹਾਂ ਪੰਕਤੀਆਂ ਨੂੰ ਸੁਣ ਕੇ ਅਤੇ ਹੁਣ ਇਹ ਪੜ੍ਹ ਕੇ ਕੁੱਝ ਸਵਾਲ ਪੈਦਾ ਹੁੰਦੇ ਹਨ::

੧) ਕੀ ਸਬਦ-ਗੁਰੂ ਦਾ ਪੱਲਾ ਛੱਡ ਦਈਏ, ਸ਼ਸਤ੍ਰਾਂ ਨੂੰ ਗੁਰੂ ਜਾਂ ਪੀਰ ਮੰਨ ਲਈਏ ਤੇ ਭੁਲ ਜਾਈਏ ਗੁਰੂ-ਹੁਕਮ?

:: ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।। (ਗੁਰੂ ਗ੍ਰੰਥ ਸਾਹਿਬ, ਅੰਕ ੬੩੫)

੨) ਕੀ ਗੁਰਸਿਖ ‘ਦਿਸਦੀਆਂ-ਵਸਤਾਂ` ਪੂਜਣ ਤੇ ਭੁੱਲ ਜਾਣ ਗੁਰਬਾਣੀ? :: ਦ੍ਰਿਸਟਮਾਨ ਹੈ ਸਗਲ ਮਿਥੇਨਾ।। (ਅੰਕ ੧੦੮੩)

੩) ਕੀ ਗੁਰਸਿਖ ਦੇਵੀ-ਪੂਜਕ ਬਣ ਜਾਣ ਤੇ ਭੁਲ ਜਾਣ ਗੁਰ-ਫ਼ੁਰਮਾਨ? :: ਕੋਟਿ ਸਕਤਿ ਸਿਵ ਆਗਿਆਕਾਰ।। (ਅੰਕ ੧੧੫੬) ਅਰਥਾਤ, ਕਰੋੜਾਂ ਦੇਵੀਆਂ (ਸ਼ਕਤਿ) ਅਤੇ ਸ਼ਿਵ ਵਰਗੇ ਦੇਵਤੇ ੴ ਵਾਹਿਗੁਰੂ ਦੇ ਹੁਕਮ ਮੰਨਣ ਵਾਲੇ ਸੇਵਕ ਹਨ।

:: ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਗੁਰੂ ਗ੍ਰੰਥ ਸਾਹਿਬ, ਅੰਕ ੮੭੪)

ਹੇ ਦੇਵੀ ਭਵਾਨੀ! ਤੂੰ ਸਿਰਫ਼ ਕਹਿਣ ਨੂੰ ਹੀ ਆਦਿ, ਸਭ ਤੋਂ ਮੁਢਲੀ, ਸ਼ਕਤੀ ਹੈਂ ਪਰ ਮੁਕਤੀ ਦੇਣ ਵੇਲੇ ਤੂੰ ਕਿਥੇ ਛੁਪ ਜਾਂਦੀ ਹੈਂ? ਭਾਵ, ਮੁਕਤੀ ਦੇਣਾ ਤੇਰੇ ਵਸ ਦੀ ਗਲ ਨਹੀ। ਫਿਰ ਤਾਂ ਭਾਈ ਮਨਪ੍ਰੀਤ ਸਿੰਘ ਸਾਨੂੰ ਗ਼ਲਤ, ਗੁਰਮਤਿ-ਵਿਰੋਧੀ ਕਚੀ ਬਾਣੀ ਸੁਣਾ ਗਏ ਕਿ ਹੇ ਦੇਵੀ ਕਾਲੀ! ਤੇਰਾ ਨਾਮ ਜਪਣ ਵਾਲਾ ਭਵ-ਸਾਗਰ ਤੋਂ ਪਾਰ ਹੋ ਜਾਵੇਗਾ! ! ਕਿਉਂ ਭਾਈ ਜੀ, ਕੀ ਆਖਦੇ ਹੋ? ?

੪) ਪੜੋ ਚੰਡੀ ਚਰਿਤ੍ਰ, ਅਖੌਤੀ ਦਸਮ ਗ੍ਰੰਥ ਪੰਨਾ ੯੦ ਤੇ ਸਮਝੋ “ਕਾਲੀ ਕੌਣ ਹੈ? “:: ਦੈਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ।। ਕਾਲੀ ਪ੍ਰਤੱਛ ਭਈ ਤਿਹਤੇ… (ਦੁਰਗਾ ਦੇ ਮੱਥੇ ਚੋਂ ਨਿਕਲਦੀ ਕਾਲੀ ਦੇਵੀ, ਵੇਖੋ ਮਾਰਕੰਡੇ ਪੁਰਾਣ, ਗੀਤਾ ਪ੍ਰੈਸ, ਗੋਰਖਪੁਰ, ਉੱਤਰ ਪ੍ਰਦੇਸ਼ ਦਾ ਛਪਿਆ; ਇਸੇ ਵਿੱਚ ਪੜੋ ਦੁਰਗਾ ਦੇ ੭੦੦ ਸ਼ਲੋਕਾਂ ਵਾਲੀ ਕਥਾ = ਚੰਡੀ ਦੀ ਵਾਰ)

੫) ਪੜੋ ਤੇ ਸਮਝੋ, ਪੰਨਾ ੮੦੯:: ਅਥ ਪਾਖਯਾਨ ਚਰਿਤ੍ਰ ਲਿਖਯਤੇ।। (ਚੰਡੀ ਚਰਿਤ੍ਰੇ, ਪਹਿਲਾ ਤ੍ਰਿਯਾ ਚਰਿਤ੍ਰ)

ਤੁਹੀ ਬਿਸਵਮਾਤਾ (ਜਗਮਾਤ, ਜਗਦੰਬਾ) ਸਦਾ ਜੈ ਬਿਰਾਜੈ।। …।। ੨।। …ਤੁਹੀ ਜਾਲਪਾ ਕਾਲਕਾ ਕੈ ਬਖਾਨੀ।। ……।। ੬।।

੬) ਪੜੋ ਜੀ ਪੰਨਾ ੮੧੦:: ਤੁਹੀ ਅਸਟ ਅਸਟਹਾਥ ਮੈ ਅਸਤ੍ਰ ਧਾਰੇ।। ੧੧।। (ਸ਼ਸਤ੍ਰ ਨਾਮ ਮਾਲਾ ਨਾਮਕ ਰਚਨਾ ਦਾ ਆਧਾਰ)

ਅਰਥਾਤ, ਹੇ ਦੇਵੀ ਕਾਲਕਾ (ਚੰਡੀ, ਭਗਉਤੀ, ਜਗਮਾਤ) ! ਤੂ ਆਪਣੇ ਅੱਠ ਹੱਥਾਂ ਵਿੱਚ ਅੱਠ ਸ਼ਸਤਰ ਪਕੜੇ ਹੋਏ ਹਨ।

੭) ਕਾਲ ਤੁਹੀ ਕਾਲੀ ਤੁਹੀ …ਪੰਕਤੀ ਬਾਰ-ਬਾਰ ਗਾਈ ਜਾ ਰਹੀ ਸੀ। ਪੰਨਾ ੮੧੦ ਤੇ ਕਾਲ ਦਾ ਸਰੂਪ (ਵੇਖੋ ਮਾਰਕੰਡ ਪੁਰਾਣ) ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ।। ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।। ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਿਆਰੋ। ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ। ਅਰਥਾਤ, ਗਲੇ ਵਿੱਚ ਖੋਪੜੀਆਂ ਦੀ ਮਾਲਾ, ਅਲਫ਼ ਨੰਗੀ, ਹੱਥ ਵਿੱਚ ਵਿਂਗਾ ਸ਼ਸਤ੍ਰ, ਮੱਥੇ ਤੇ ਦੀਵੇ ਵਾਂਗ ਚਮਕਦੀਆਂ ਲਾਲ ਅੰਗਾਰੇ ਵਾਂਙ ਡਰਾਉਣੀਆਂ ਅੱਖਾਂ, ਖਿਲਰੇ ਵਾਲ, ਖੂਨ ਨਾਲ ਲਿਬੜੇ ਦੰਦ, ਮੂੰਹ ਚੋਂ ਨਿਕਲਦੀ ਅੱਗ, ਹੱਥ ਵਿੱਚ ਕਟਿਆ ਸਿਰ; ਐਸਾ ਹੈ ਕਾਲ ਜੋ ਤੁਹਾਡਾ ਪਾਲਣਹਾਰ ਹੈ। ਤਾਂ ਦਸੋ ਜੀ, ਮੂਲ ਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਵਿੱਚ ਦਰਸਾਏ ਕਰਤਾ ਤੇ ਪਾਲਣਹਾਰ ਨੂੰ ਖੋਪੜੀਆਂ ਵਾਲੀ ਦੇਵੀ ਕਿਸੇ ਸਿਖ ਨੇ ਮੰਨਿਆ ਹੈ?

ਪੂਰੇ ਦਸਮ ਗ੍ਰੰਥ ਵਿੱਚ ਇਹ ਸੰਪੂਰਣ ਮੂਲ-ਮੰਤਰ ਕਿਸੇ ਇੱਕ ਵੀ ਪੰਨੇ ਤੇ ਨਹੀ ਲਿਖਿਆ। ਕੀ ਫਿਰ ਵੀ ਇਸ ਗ੍ਰੰਥ ਨੂੰ ਗੁਰੂ-ਰਚਿਤ ਮੰਨ ਲਈਏ? ਭਾਈ ਮਨਪ੍ਰੀਤ ਸਿੰਘ ਜੀ! ਜੇ ਸੰਗਤਾਂ ਅਤੇ ਪ੍ਰਬੰਧਕਾਂ ਦੀ ਬੇਨਤੀ ਅਤੇ ਹੇਠ ਲਿਖੇ ਗੁਰੂ-ਹੁਕਮ ਨੂੰ ਮੰਨ ਕੇ

ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰਿ।। ਜਿਨਿ ਪੀਤੀ ਤਿਸੁ ਮੋਖ ਦੁਆਰ।। (ਗੁਰੂ ਗ੍ਰੰਥ ਸਾਹਿਬ, ਅੰਕ ੧੨੭੫)

ਸਾਚੀ ਬਾਣੀ ਗਾਇਨ ਕਰਦੇ ਤਾਂ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਮੁਕਤੀ ਮਿਲ ਜਾਣੀ ਸੀ। ਪਰ ਆਪ ਜੀ “ਹਉਮੈ ਦੀਰਘ ਰੋਗ” ਦੇ ਸ਼ਿਕਾਰ ਹੋ ਗਏ ਜਿਸ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਹੋਇਆ ਅਤੇ ਪ੍ਰੋਗ੍ਰਾਮ ਵਿੱਚ ਖਲਬਲੀ ਤੇ ਰੌਲਾ ਮਚਿਆ।

ਸਾਡੀ ਦੁਬਿਧਾ:: ਅਜ ਅਸੀ ਦੋ-ਰਾਹੇ ਤੇ ਖੜੇ ਹਾਂ; ਇੱਕ ਰਸਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ੴ ਤਕ ਲੈ ਜਾਂਦਾ ਹੈ ਅਤੇ ਦੂਜਾ, ਹੋਰ ਗ੍ਰੰਥਾਂ ਦਾ, ਸਾਨੂੰ ਦੇਵੀ-ਦੇਵਤਿਆਂ ਵਲ ਲੈ ਜਾਂਦਾ ਹੈ। ਸਚੇ ਮਾਰਗ ਤੇ ਚਲ ਕੇ, ਪੂਰੇ ਗੁਰੂ ਦਾ ਉਪਦੇਸ ਮੰਨਿਆਂ, ਸਾਡਾ ਜਨਮ ਸਫ਼ਲਾ ਹੁੰਦਾ ਹੈ ਅਤੇ ਕੁਫ਼ਰ (ਝੂਠ) ਦੇ ਰਾਹ ਤੇ ਚਲਿਆਂ ਅਸੀ ਸੜਾਂਗੇ ਭਾਵ ਦੁਖੀ ਹੋਵਾਂਗੇ। ਸਚ ਦੇ ਰਾਹ ਤੇ ਚਲੀਏ ਜਾਂ ਝੂਠ ਦੇ, ਇਹ ਫ਼ੈਸਲਾ ਹਰ ਮਨੁਖ ਨੇ ਨਿਜੀ ਤੌਰ ਤੇ ਲੈਣਾ ਹੈ।

ਵਾਹਿਗੁਰੂ ਜੀ! ਕੀਰਤਨੀਏ ਵੀਰਾਂ ਤੇ ਭੈਣਾਂ ਨੂੰ ਸੁਮਤਿ ਬਖ਼ਸ਼ੋ ਤਾਂ ਜੁ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮ:: ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ਕਹਿਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ।। ……ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।। … ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।। … (ਰਾਮਕਲੀ ਮਹਲਾ ੩, ਅਨੰਦੁ) ਮੰਨ ਕੇ ਸਭ ਕੀਰਤਨੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦਾ ਹੀ ਕੀਰਤਨ ਕਰਨ। ਕੇਵਲ ਇਸ ਤਰ੍ਹਾਂ ਹੀ ਕੀਰਤਨੀਏ ਤੇ ਸੰਗਤ ਸਚੇ ਸਿਖ ਬਣ ਕੇ ਜੀਵਨ-ਮੁਕਤ ਹੋ ਸਕਦੇ ਹਨ।




.