.

ਗੁਰ ਕੀ ਸੇਵਾ ਸਬਦੁ ਵੀਚਾਰੁ

ਸੇਵਾ ਨੁੰ ਹਰ ਧਰਮ ਨੇ ਕਿਸੇ ਨ ਕਿਸੇ ਰੂਪ ਵਿੱਚ ਅਪਨਾਇਆ ਤੇ ਪ੍ਰਚਾਰਿਆ ਹੈ। ਆਮ ਤੌਰ ਤੇ ਕਿਸੇ ਇੱਕ ਜਾਂ ਬਹੁਤੇ ਲੋਕਾਂ ਦੀ ਭਲਾਈ ਦੇ ਕਰਮ ਨੂੰ ਸੇਵਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਬਿਨਾ ਗੁਰ ਗਿਆਨ ਦੇ ਕੀਤੀ ਸੇਵਾ ਅਹੰਕਾਰ ਦਾ ਕਾਰਨ ਬਣ ਜਾਂਦੀ ਹੈ। ਸੇਵਾ ਨੂੰ ਕਿਸੇ ਦੂਸਰੇ ਦੀ ਭਲਾਈ ਜਾਂ ਖੁਸ਼ੀ ਸਮਝ ਕੇ ਕਰਨ ਨਾਲ ਮਨ ਵਿੱਚ ਹੰਕਾਰ ਪੈਦਾ ਹੋ ਜਾਣਾ ਸੁਭਾਵਕ ਹੀ ਹੈ ਪਰ ਸੇਵਾ ਨੂੰ ਗੁਰਮਤਿ ਅਨੁਸਾਰ ਆਪਣੇ (ਮਨ ਵਿਚੋਂ ਹੰਕਾਰ ਨੂੰ ਤਿਆਗਣ) ਲਈ ਸਮਝ ਕੇ ਕਰਨਾ ਅਸਲ ਵਿੱਚ ਆਪਣੀ ਸੇਵਾ ਆਪ ਹੀ ਕਰਨਾ ਹੈ। ਜਿੱਥੇ ਸੇਵਾ ਨਾਲ ਦੂਜੇ ਦੀ ਭਲਾਈ ਤਾਂ ਅਵੱਸ਼ ਹੈ, ਉਥੇ ਪਹਿਲਾਂ ਭਲਾਈ, ਸੇਵਾ ਕਰਨ ਵਾਲੇ ਸੇਵਕ ਦੀ ਹੈ। ਗੁਰਦੁਆਰੇ ਵਿੱਚ ਗੁਰੂ ਦੀ ਸੇਵਾ ਕਰਨ ਤੋਂ ਭਾਵ ਆਪਣੇ ਹੀ ਮਨ ਨੂੰ ਸ਼ੁਧ ਕਰਨਾ ਹੁੰਦਾ ਹੈ। ਸ਼ਬਦ ਗੁਰੂ ਨੂੰ ਕਿਸੇ ਦੀ ਭਲਾਈ ਜਾਂ ਸੇਵਾ ਦੀ ਕੋਈ ਜ਼ਰੂਰਤ ਨਹੀ। ਇਹ ਕਦੇ ਸ਼ਾਇਦ ਵਿਚਾਰਿਆ ਨਾ ਹੋਵੇ ਕਿ ਗੁਰਦੁਆਰਿਆਂ ਵਿੱਚ ਅਨਿਕ ਭਾਂਤ ਦੀਆਂ ਸੇਵਾਵਾਂ ਕਰਨ ਵਿੱਚ ਕਿਸਦੀ ਭਲਾਈ ਹੈ? ਸ਼ਬਦ ਗੁਰੂ ਦੀ, ਜਾਂ ਸੇਵਕ ਦੀ? ਗੁਰੂ ਨੂੰ ਇਹਨਾ ਦੀ ਕੋਈ ਲੋੜ ਨਹੀ, ਲੋੜ ਸੇਵਕ ਨੂੰ ਆਪਣੇ ਮਨ ਦਾ ਗੁਮਾਨ ਦੂਰ ਕਰਨ ਲਈ ਹੈ। ਇਹੀ ਸੇਵਾ ਦਾ ਮੁੱਖ ਭਾਵ ਹੈ। ਗੁਰੂ ਸੁਚੇਤ ਕਰਦਾ ਹੈ: ੧. ਹਉਮੈ ਨਾਵੈ ਨਾਲਿ ਵਿਰੋਧੁ ਹੈ ਦੋਇ ਨ ਵਸਹਿ ਇੱਕ ਠਾਇ।। ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ।। (੫੬੦)।

੨. ਵਿਚਿ ਹਉਮੈ ਸੇਵਾ ਥਾਇ ਨ ਪਾਏ।। ਜਨਮਿ ਮਰੈ ਫਿਰਿ ਆਵੈ ਜਾਏ।। (੧੦੭੦)।

੩. ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ।। ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ।। (੨੭)।

ਇਹ ਗਲ ਭਾਵੇਂ ਅਸਚਰਜ ਜੇਹੀ ਹੀ ਲਗਦੀ ਹੋਵੇ, ਪਰ ਹੈ ਹਕੀਕਤ, ਕਿ ਅਜ ਸੇਵਾ ਦੀ ਭਾਵਨਾ (ਹੰਕਾਰ ਨੂੰ ਤਿਆਗਣਾ) ਮਨ ਵਿਚੋਂ ਖੰਭ ਲਾ ਕੇ ਉੱਡ ਗਈ ਤੇ ਪਿਛੇ ਦੇਖਾ ਦੇਖੀ ਦੀ ਹਉਮੈ ਭਰਪੂਰ (ਸੇਵਾ ਦੀ) ਫੋਕੀ ਰਸਮ ਪੱਲੇ ਰਹਿ ਗਈ। ਸਤਿਗੁਰ ਦਾ ਬਚਨ ਹੈ ਕਿ ਹਉਮੈ ਵਿੱਚ ਕੀਤੀ ਸੇਵਾ ਬਿਰਥੀ ਚਲੀ ਜਾਂਦੀ ਹੈ। ਜਿਸ ਸੇਵਾ ਨੇ ਹਉਮੈ ਨੂੰ ਦੂਰ ਕਰਨਾ ਸੀ ਉਹੀ, ਗੁਰ ਗਿਆਨ ਬਿਨਾ, ਹਉਮੈ (ਨੂੰ ਵਧਾਉਣ) ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਲੋੜ ਹੈ ਕਿ ਪਹਿਲਾਂ ਸੇਵਾ ਨੂੰ ਗੁਰਮਤਿ ਦੁਆਰਾ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਗੁਰ ਫੁਰਮਾਨ ਹੈ: ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।। (੬੩੮)। ਭਾਵ: ਗੁਰੂ ਦੀ ਸੇਵਾ ਬੜੀ ਸ੍ਰੇਸ਼ਟ ਹੈ ਜੋ ਪਰਮਾਤਮਾ ਦੇ ਨਾਮ (ਹੁਕਮ) ਵਿੱਚ ਜੋੜ ਦਿੰਦੀ ਹੈ। ਸਭ ਨਾਲੋਂ ਵਡ੍ਹੀ ਸੇਵਾ ਗੁਰੁ ਦੀ ਸੇਵਾ ਹੈ ਜੋ ਪਰਮਾਤਮਾ ਨਾਲ ਜੋੜ ਦਿੰਦੀ ਹੈ ਤੇ ਪਰਮਾਤਮਾ ਨਾਲ ਉਹੀ ਜੁੜ ਸਕਦਾ ਹੈ ਜੋ ਹਉਮੈ ਰਹਿਤ ਹੋ ਜਾਵੇ। ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ।। ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚੋਂ ਖੋਇ।। ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ।। (੬੦)। ਭਾਵ: ਗੁਰੂ ਦੀ ਦੱਸੀ ਹੋਈ ਸੇਵਾ ਜਾਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਤੇ ਅਨੰਦ ਪ੍ਰਾਪਤ ਹੁੰਦਾ ਹੈ। ਜਿਸ ਮਨੁੱਖ ਦੇ ਮਨ ਅੰਦਰ ਗੁਰੂ ਦਾ ਸਬਦ (ਉਪਦੇਸ਼) ਵਸ ਜਾਂਦਾ ਹੈ ਉਸਦੀ ਹਉਮੈ ਦੂਰ (ਤੇ ਸੇਵਾ ਕਬੂਲ) ਹੋ ਜਾਂਦੀ ਹੈ। ਗੁਰੂ ਦੇ ਉਪਦੇਸ਼ ਦੁਆਰਾ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਉਸਦੇ ਮਨ ਨੂੰ ਸਦਾ (ਆਤਮਕ ਗੁਣਾਂ ਦਾ) ਲਾਭ ਹੁੰਦਾ ਹੈ। ਆਮ ਤੌਰ ਤੇ ਕਿਸੇ ਵਿਅਕਤੀ ਦੀ ਕੀਤੀ ਸੇਵਾ ਦਾ ਫਲ ਪਹਿਲਾਂ ਉਸ ਵਿਅਕਤੀ ਨੂੰ ਮਿਲਦਾ ਹੈ ਤੇ ਫੇਰ ਸੇਵਾ ਕਰਨ ਵਾਲੇ ਸੇਵਕ ਨੂੰ ਬਸ਼ਰਤੇ ਕਿ ਸੇਵਾ ਨਿਸ਼ਕਾਮ ਤੇ ਹਉਮੈ ਰਹਿਤ ਹੋਈ ਹੋਵੇ ਪਰ ਗੁਰੂ ਦੀ ਸੇਵਾ ਕੀਤਿਆਂ ਫਲ ਕੇਵਲ ਸੇਵਕ ਨੂੰ ਹੀ ਮਿਲਨਾ ਹੈ ਕਿਉਂਕਿ ਅਸਲ ਵਿੱਚ ਇਹ ਗੁਰੂ ਦੀ ਸੇਵਾ ਨਹੀ ਬਲਿਕੇ ਸੇਵਕ ਦੀ ਖੁਦ ਆਪਣੀ ਹੀ ਸੇਵਾ ਹੈ। ਆਪਣੇ ਮਨ ਨੂੰ ਸਾਧਣਾ ਆਪਣੀ ਸੇਵਾ ਆਪ ਹੀ ਕਰਨੀ ਹੈ। ਇਸ ਵਿੱਚ ਗੁਰੂ ਨੂੰ ਕੋਈ ਲਾਭ ਨਹੀ ਕੇਵਲ ਸੇਵਕ ਨੂੰ ਹੀ ਲਾਭ ਹੈ। ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਿਗੁਰ ਪੂਛਉ ਜਾਇ।। ਸਤਿਗੁਰ ਕਾ ਭਾਣਾ ਮਨਿ ਲਈ ਵਿਚਹੁ ਆਪੁ ਗਵਾਇ।। ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ।। ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ।। (੩੪)। ਭਾਵ: ਮੈ ਆਪਣੇ ਗੁਰੂ ਕੋਲੋਂ ਪੁਛਿਆ ਕਿ ਮੈ ਕਿਸਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ ਤਾਂ ਗੁਰੂ ਦਾ ਆਦੇਸ਼ ਹੈ ਕਿ ਆਪਣੀ ਮਤ ਨੂੰ ਛਡ ਕੇ ਗੁਰੂ ਦੇ ਹੁਕਮ (ਸਬਦ) ਵਿੱਚ ਚਲਣਾ ਹੈ। ਏਸੇ ਸੇਵਾ ਤੇ ਚਾਕਰੀ ਦੁਆਰਾ ਨਾਮ ਮਨ ਵਿੱਚ ਆ ਵਸਦਾ ਹੈ। ਨਾਮ ਤੋਂ ਹੀ ਸੁਖ ਪ੍ਰਾਪਤ ਹੁੰਦਾ ਹੈ ਤੇ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। ਗੁਰੂ ਦੀ ਸੇਵਾ ਨਾਲ ਫਲ ਸੇਵਕ ਨੂੰ ਹੀ ਪ੍ਰਾਪਤ ਹੋਣਾ ਹੈ ਤੇ ਗੁਰੂ ਦੇ ਸਬਦ ਦੁਆਰਾ ਉਸਨੇ ਆਪਣੀ ਸੇਵਾ ਆਪ ਹੀ ਕਰਨੀ ਹੈ। ਸੇਵਾ ਨੂੰ ਕਿਸੇ ਦੂਸਰੇ ਦੀ ਸੇਵਾ ਸਮਝ ਕੇ ਕਰਨ ਨਾਲ, ਮਨ ਅੰਦਰ, ਉਸਦੇ ਫਲ ਦੀ ਆਸ ਤੇ ਹਉਮੈ ਪੈਦਾ ਹੋ ਸਕਦੀ ਹੈ ਜਿਸ ਨਾਲ ਕੀਤੀ ਸੇਵਾ ਵਿਅਰਥ ਚਲੀ ਜਾਵੇਗੀ। ਗੁਰੂ ਇਸ ਗਲ ਤੋਂ ਸੁਚੇਤ ਕਰਦਾ ਹੈ: ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।। (੨੮੬)। ਭਾਵ: ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਹਿਸ਼ ਨਹੀ ਰਖਦਾ, ਉਸਨੂੰ ਪ੍ਰਭੂ ਮਿਲਾਪ ਹਾਸਲ ਹੋ ਜਾਂਦਾ ਹੈ। ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ।। ਸਗਲ ਮਨੋਰਥ ਪੁਨਿਆ ਅਮਰਾ ਪਦੁ ਪਾਈ।। ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਨਾਈ।। (੩੧੮) ਭਾਵ: ਹੇ ਭਾਈ, ਗੁਰੂ ਅਕਾਲ ਪਰੁਖ ਦੀ ਸੇਵਾ ਕਰ ਕੋਈ (ਮਾਇਆ ਦੇ ਫਲ ਦੀ) ਭੁਖ ਨਹੀ ਰਹਿ ਜਾਏਗੀ। ਸਾਰੇ (ਆਤਮਕ) ਮਨੋਰਥ ਪੂਰੇ ਹੋ ਜਾਂਦੇ ਹਨ ਤੇ ਉਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਹੇ ਪ੍ਰਭੂ ਤੇਰੇ ਬਰਾਬਰ ਦਾ ਤੂੰ ਹੀ ਹੈ। ਹੇ ਨਾਨਕ ਉਸ ਪ੍ਰਭੂ ਦੀ ਸਰਨ ਪਉ। ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ।। … …. ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਇ।। … … ਗੁਰ ਸੇਵਾ ਤੇ ਸਭ ਕੁਲ ਉਧਾਰੇ।। … …. (੪੨੩)। ਭਾਵ ਇਹ ਕਿ ਗੁਰੂ ਦੀ ਸੇਵਾ ਨਾਲ ਮਨ ਨਿਸ਼ਕਾਮ ਹੋ ਜਾਂਦਾ ਹੈ, ਗੁਰੂ ਸੇਵਾ ਸਾਰੇ ਤਪਾਂ ਤੋਂ ਸ੍ਰੇਸ਼ਟ ਤਪ ਹੈ, ਗੁਰ ਸੇਵਾ ਨਾਲ ਆਪਣਾ ਤੇ ਹੋਰਨਾ ਦਾ ਭਲਾ ਹੈ। ਇਸੇ ਲਈ ਗੁਰੁ ਨੇ ਕਿਸੇ ਵਿਅਕਤੀ ਦੀ ਸੇਵਾ ਨਾਲੋਂ ਪਹਿਲ ਗੁਰੂ ਦੀ ਸੇਵਾ ਨੂੰ ਦਿੱਤੀ ਹੈ। ਦੂਜੀ ਸੇਵਾ ਜੀਵਨੁ ਬਿਰਥਾ।। ਕਛੂ ਨ ਹੋਈ ਹੈ ਪੂਰਨ ਅਰਥਾ।। ਮਾਣਸ ਸੇਵਾ ਖਰੀ ਦੁਹੇਲੀ।। ਸਾਧ ਕੀ ਸੇਵਾ ਸਦਾ ਸੁਹੇਲੀ।। (੧੧੮੨)। ਭਾਵ: ਪਰਮਾਤਮਾ ਨੂੰ ਛਡ ਕੇ ਕਿਸੇ ਹੋਰ ਦੀ ਸੇਵਾ ਵਿੱਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਤੇ ਲੋੜ ਵੀ ਕੋਈ ਪੂਰੀ ਨਹੀ ਹੁੰਦੀ। ਹੇ ਭਾਈ, ਵਿਅਕਤੀ ਦੀ ਸੇਵਾ ਬੜੀ ਦੁਖਦਾਈ ਹੁੰਦੀ ਹੈ ਪਰ ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ। ਇਸਦਾ ਇਹ ਭਾਵ ਨਹੀ ਕਿ ਕਿਸੇ ਲੋੜਵੰਦ ਦੀ ਸੇਵਾ ਹੀ ਨਾ ਕੀਤੀ ਜਾਵੇ ਪਰ ਜਦੋਂ ਗੁਰੂ ਦੇ ਗਿਆਨ ਬਿਨਾ ਇਹ ਸੇਵਾ ਕੀਤੀ ਜਾਂਦੀ ਹੈ ਤਾਂ ਉਹ ਹਉਮੈ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਜਦੋਂ ਪਹਿਲਾਂ ਗੁਰੂ ਦੀ ਸੇਵਾ ਦੁਆਰਾ ਮਨ ਹਉਮੈ ਰਹਿਤ ਹੋ ਜਾਵੇ, ਤਾਂ ਫਿਰ ਕਿਸੇ ਦੂਸਰੇ ਵਿਅਕਤੀ ਦੀ ਸੇਵਾ ਬਿਨਾ ਫਲ ਦੀ ਉਡੀਕ ਤੇ ਹਉਮੈ ਤੋਂ ਬਚ ਕੇ ਕੀਤੀ ਜਾ ਸਕਦੀ ਹੈ। ਪਹਿਲਾਂ ਗੁਰੂ ਸਬਦ ਦੁਆਰਾ ਆਪਣੇ ਮਨ ਦੀ ਸਾਧਨਾ ਆਪ (ਆਪਣੀ ਸੇਵਾ ਆਪ) ਕਰਨੀ ਹੈ ਫਿਰ ਕਿਸੇ ਦੂਸਰੇ ਦੀ ਕੀਤੀ ਸੇਵਾ ਦੋਨਾਂ ਲਈ ਹੀ ਸੁਖਦਾਇਕ ਬਣ ਜਾਂਦੀ ਹੈ। ਗੁਰ ਗਿਆਨ (ਗੁਰੂ ਦੀ ਸੇਵਾ) ਤੋਂ ਪਹਿਲਾਂ ਸੇਵਾ ਦੇ ਕੀਤੇ ਯਤਨਾਂ ਦਾ ਸਿੱਟਾ ਧਰਮ ਅਸਥਾਨਾ ਤੇ ਹੋ ਰਹੇ ਝਗੜਿਆਂ ਤੋਂ ਵੇਖਿਆ ਜਾ ਸਕਦਾ ਹੈ। ਗੁਰੂ ਦੀ ਸੇਵਾ ਨੂੰ ਜਿੱਥੇ ਉਤਮ ਕਿਹਾ ਹੈ ਉਥੇ ਇਸਨੂੰ ਔਖੀ ਵੀ ਕਿਹਾ ਗਿਆ ਹੈ। ਉਤਮ ਫਲ ਲਈ ਔਖੀਆਂ ਘਾਟੀਆਂ ਚੜਨੀਆਂ ਹੀ ਪੈਂਦੀਆਂ ਹਨ। ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ।। ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵਹਿ ਸਭ ਥਾਇ।। (੨੭)। ਭਾਵ: ਗੁਰੂ ਦੀ ਸੇਵਾ ਬੜੀ ਔਖੀ ਹੈ ਕਿਉਂਕਿ ਆਪਾ-ਭਾਵ ਮਿਟਾਉਣਾ (ਸਿਰ ਦੇਣਾ) ਪੈਂਦਾ ਹੈ। ਜਦ ਕੋਈ ਜੀਵ ਗੁਰੂ ਦੇ ਸਬਦ ਨਾਲ ਜੁੜਦਾ ਹੈ (ਗੁਰੂ ਦੇ ਉਪਦੇਸ਼ ਤੇ ਚਲਦਾ ਹੈ) ਤਾਂ ਉਸਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਤੇ ਉਸਦੀ ਸੇਵਾ ਕਬੂਲ ਹੋ ਜਾਂਦੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ।। ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤੁ ਪਿਆਰੁ।। (੧੪੨੨)। ਭਾਵ: ਹੇ ਭਾਈ ਗੁਰੂ ਦੀ ਦੱਸੀ ਸੇਵਾ ਬਹੁਤ ਔਖੀ ਹੈ (ਕਿਉਂਕਿ ਇਸ ਵਿੱਚ ਆਪਾ ਵਾਰਨਾ ਪੈਂਦਾ ਹੈ) ਪਰ ਇਸਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ (ਭਾਵ ਜੋ ਮਨੁੱਖ ਇਸ ਸੇਵਾ ਲਈ ਉਦਮ ਕਰਦਾ ਹੈ) ਉਸਦੇ ਅੰਦਰ ਆਪਣਾ ਪਿਆਰ ਪੈਦਾ ਕਰ ਦਿੰਦਾ ਹੈ। ਗੁਰੂ ਦੀ ਸੇਵਾ ਔਖੀ ਇਸ ਲਈ ਹੈ ਕਿਉਂਕਿ ਉਹ ਨਿਰ-ਆਕਾਰ (ਸ਼ਬਦ) ਹੈ ਤੇ ਬਾਹਰਲੇ ਕਿਸੇ ਕਰਮ ਨਾਲ ਉਸਦੀ ਸੇਵਾ ਨਹੀ ਕੀਤੀ ਜਾ ਸਕਦੀ। ਉਸਦੀ ਸੇਵਾ ਕਰਨ ਲਈ ਇਕੋ ਹੀ ਰਾਹ ਹੈ: ਗੁਰ ਕੀ ਸੇਵਾ ਸਬਦੁ ਵੀਚਾਰੁ।। ਹਉਮੈ ਮਾਰੇ ਕਰਣੀ ਸਾਰੁ।। (੨੨੩)। ਭਾਵ: ਗੁਰੂ ਦੇ ਸਬਦ ਨੂੰ ਆਪਣੀ ਵੀਚਾਰ ਬਣਾਕੇ ਹਉਮੈ ਨੂੰ ਅੰਦਰੋਂ ਮਾਰ ਮੁਕਾਣਾ ਹੀ ਸ੍ਰੇਸ਼ਟ ਕਰਣੀ ਹੈ। ਕਿਸੇ ਆਕਾਰ ਵਾਲੀ ਚੀਜ਼ ਨੂੰ ਮਾਰ ਮੁਕਾਣਾ ਹੋਵੇ ਤਾਂ ਝੱਟ ਉਸ ਦਾ ਬਿਸਮਿੱਲਾ ਪੜ੍ਹਿਆ ਜਾ ਸਕਦਾ ਹੈ ਪਰ ਜੋ ਦਿਸਦਾ ਹੀ ਨਹੀ ਉਸਨੂੰ ਕਿਵੇਂ ਮਾਰਿਆ ਜਾਵੇ? ਦੂਸਰੀ ਗਲ ਇਹ ਕਿ ਗੁਰੂ ਦੀ ਬਾਣੀ ਨੂੰ ਪੜ੍ਹ ਬੁਝ ਕੇ ਮਨ ਵਸਾਉਣ ਦਾ ਕੰਮ ਤਾਂ ਮੁਸ਼ਕਿਲ ਹੀ ਨਹੀ ਬਲਿਕੇ ਅਸੰਭਵ ਹੀ ਲਗਦਾ ਹੈ। ਪਰ ਵਾਰੇ ਜਾਈਏ ਸੇਵਕਾਂ ਦੇ ਜਿਨ੍ਹਾ ਨੇ ਇਹਨਾ ਮੁਸ਼ਕਿਲਾਂ ਦਾ ਹੱਲ ਝੱਟ ਲਭ ਲਿਆ। ਸ਼ਬਦ ਗੁਰੂ ਨੂੰ ਦੇਹ ਬਣਾ ਕੇ ਉਸਦੀ ਪੂਜਾ ਤੇ ਸੇਵਾ ਕਰਨ ਦੀਆਂ ਰਸਮਾ ਦੀ ਕਾਢ ਕੱਢ ਕੇ ਗੁਰੂ ਦੀ ਸੇਵਾ ਨੂੰ ਕਿਨਾ ਸੌਖਾ ਬਣਾ ਦਿੱਤਾ। ਇਸ ਤੋਂ ਵੀ ਸੌਖੀ ਗਲ ਹੋਰ ਹੈ ਕਿ ਕਿਸੇ ਅਖੌਤੀ ਸੰਤ ਨੂੰ ਗੁਰੂ ਬਣਾ ਕੇ ਉਸਦੀਆਂ ਸਰੀਰਕ ਤੇ ਮਾਇਕੀ ਲੋੜਾਂ ਨੂੰ ਪੂਰਾ ਕਰਨਾ ਹੀ ਉਤਮ ਸੇਵਾ ਸਮਝੀ ਜਾਂਦੀ ਹੈ। ਬਾਹਰਲੀ ਸੇਵਾ ਦਾ ਪ੍ਰਗਟਾਵਾ ਹੋਣ ਕਰਕੇ, ਸੇਵਾ ਹਉਮੈ ਦਾ ਕਾਰਨ ਬਣ ਜਾਂਦੀ ਹੈ। ਦੂਸਰੇ ਨੂੰ ਵਖਾ ਕੇ ਸੇਵਾ ਕਰਨ ਦਾ ਤਾਂ ਮਜ਼ਾ ਹੀ ਕੁਛ ਹੋਰ ਹੈ ਪਰ ਗੁਰੂ ਦੀ (ਅੰਦਰੂਨੀ) ਸੇਵਾ ਦਾ ਕੋਈ ਪ੍ਰਗਟਾਵਾ (ਜਾਂ ਦ੍ਹਾਵਾ) ਨਹੀ ਹੋ ਸਕਦਾ। ਗੁਰੂ ਦੀਆਂ ਜਾਂ ਗੁਰੂ ਬਣਾਏ ਅਖੌਤੀ ਸੰਤ ਦੀਆਂ ਇਹ ਬਾਹਰਲੀਆਂ ਸੇਵਾਵਾਂ ਤਾਂ ਹਰ ਕੋਈ ਆਸਾਨੀ ਨਾਲ ਕਰ ਸਕਦਾ ਤੇ ਕਰ ਰਿਹਾ ਹੈ ਪਰ ਗੁਰੂ ਤਾਂ ਇਸਨੂੰ ਇੱਕ ਮਤਲਬੀ ਵਾਪਾਰ ਕਹਿੰਦਾ ਹੈ। ਗੁਰੂ ਦੀ ਦੱਸੀ ਅਸਲੀ ਸੇਵਾ ਤਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਕਰਦਾ ਹੈ। ਮੇਰੇ ਠਾਕੁਰ ਰਖ ਲੇਵਹੁ ਕਿਰਪਾ ਧਾਰੀ।। ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰ ਸਗਲੇ ਬਿਉਹਾਰੀ।। ਰਹਾਉ।। (੪੯੫)। ਭਾਵ: ਹੇ ਪ੍ਰਭੂ ਕਿਰਪਾ ਕਰਕੇ ਮੈਨੂੰ (ਦੁਰਮਤਿ) ਤੋਂ ਬਚਾਈ ਰੱਖ। ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਹੀ ਤੇਰਾ ਸੇਵਕ ਹੈ, ਬਾਕੀ ਸਾਰੇ ਮਤਲਬੀ (ਵਾਪਾਰੀ) ਹੀ ਹਨ। ਬਹੁ ਬਿਧਿ ਮਾਇਆ ਮੋਹ ਹਿਰਾਨੋ।। ਕੋਟਿ ਮਧੇ ਕੋਊ ਵਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ।। ਰਹਾਉ।। (੧੨੬੯)। ਭਾਵ: ਹੇ ਭਾਈ, ਮਨੁੱਖ ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿੱਚ ਠਗਿਆ ਜਾਂਦਾ ਹੈ। ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਸੇਵਕ ਮੁੱਢ ਤੋਂ ਹੀ ਭਗਤ ਹੁੰਦਾ ਹੈ (ਭਾਵ ਜੋ ਮੁੱਢ ਤੋਂ ਹੀ ਤੇਰੇ ਹੁਕਮ ਵਿੱਚ ਚਲਦਾ ਹੈ)। ਹੁਣ ਸਹਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਸੇਵਾ ਦੀ ਇਸ ਔਖੀ ਘਾਟੀ ਤੇ ਕੋਈ ਵਿਰਲਾ ਹੀ ਚੜ ਸਕਦਾ ਹੈ। ਸਭ ਨਾਲੋਂ ਉਤਮ ਤੇ ਮੁੱਢਲਾ ਕਰਮ ਗੁਰਬਾਣੀ ਨੂੰ ਪੜ੍ਹ, ਸੁਣ ਤੇ ਬੁੱਝ ਕੇ ਮਨ ਵਸਾਉਣਾ ਹੀ ਗੁਰੂ ਦੀ ਸੇਵਾ ਹੈ ਜਿਸ ਦੁਆਰਾ ਆਤਮਕ ਗੁਣਾਂ ਦੀ ਪ੍ਰਾਪਤੀ ਤੇ ਮਨ ਨਿਰਮਲ ਹੁੰਦਾ ਹੈ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ।। (੧੨੭)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.