.

‘ਨਾਨਕਸ਼ਾਹੀ’ ਸ਼ਬਦ-ਰੂਪ ਦੀ ਵਿਆਖਿਆ

‘ਨਾਨਕਸ਼ਾਹੀ’ ਇੱਕ ਮਿਸ਼ਰਤ ਵਿਆਕਰਣਕ ਸੰਰਚਨਾ ਹੈ ਜਿਸ ਵਿੱਚ ਆਉਂਦੇ ‘ਨਾਨਕ’ ਦਾ ਭਾਵ ਸਿੱਖ ਮੱਤ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੈ ਅਤੇ ‘ਸ਼ਾਹੀ’ ਦਾ ਨਿਕਾਸ ‘ਸ਼ਾਹ’ ਤੋਂ ਬਣਦਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਤਾਂ ਕੁੱਝ ਸਮੇਂ ਤੋਂ ਖੂਬ ਚਰਚਾ ਵਿੱਚ ਹੈ। ਪਰੰਤੂ ਸਮੇਂ-ਸਮੇਂ ‘ਨਾਨਕਸ਼ਾਹੀ’ ਸ਼ਬਦ-ਰੂਪ ਅਤੇ ਇਸ ਦੀ ਵਰਤੋਂ ਸਬੰਧੀ ਵੀ ਵਿਵਾਦ ਉਠਦਾ ਹੀ ਰਹਿੰਦਾ ਹੈ।

ਕੁਝ ਵਰਗਾਂ ਵੱਲੋਂ ‘ਨਾਨਕਸ਼ਾਹੀ’ ਸ਼ਬਦ-ਰੂਪ ਵਿੱਚ ‘ਨਾਨਕ’ ਪਦ ਦੇ ਨਾਲ ‘ਸ਼ਾਹੀ’ ਦੀ ਵਰਤੋਂ ਉਤੇ ਕਿੰਤੂ ਕੀਤਾ ਜਾਂਦਾ ਹੈ। ਇਸ ਕਿੰਤੂ ਦਾ ਅਧਾਰ ਮੁੱਖ ਤੌਰ ਤੇ ਇਸ ਗੱਲ ਤੇ ਟਿਕਿਆ ਹੋਇਆ ਹੈ ਕਿ ‘ਸ਼ਾਹ’ ਪਦ ਦਾ ਮੂਲ ਫਾਰਸੀ ਭਾਸ਼ਾ ਹੈ (ਜੋ ਕਿ ਅਸੀਂ ਅੱਗੇ ਜਾ ਕੇ ਵੇਖਾਂਗੇ ਕਿ ਸਹੀ ਨਹੀਂ) ਅਤੇ ਇਸ ਦੀ ਵਰਤੋਂ ਦਾ ਪਿਛੋਕੜ ਇਸਲਾਮੀ ਧਾਰਮਿਕ ਜੀਵਨ ਨਾਲ ਜੁੜਿਆ ਹੋਇਆ ਹੈ। ਇਹਨਾਂ ਵਰਗਾਂ ਵੱਲੋਂ ‘ਸ਼ਾਹ’ ਦੇ ਜੋ ਅਰਥ ਧਿਆਨ ਅਧੀਨ ਰੱਖੇ ਗਏ ਹਨ ਉਹ ਹਨ ‘ਸ਼ਾਸਕ’ ਜਿਸ ਨੂੰ ਰਾਜਾ ਵੀ ਕਿਹਾ ਜਾਂਦਾ ਹੈ ਅਤੇ ਤਾਸ਼ ਅਤੇ ਸ਼ਤਰੰਜ ਵਰਗੀਆਂ ਖੇਡਾਂ ਵਿੱਚ ਵਰਤਿਆ ਜਾਣ ਵਾਲਾ ਕਿਰਦਾਰ (ਰਾਜਾ ਜਾਂ ਕਿੰਗ)। ਇਹਨਾਂ ਵਰਗਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀ ਰੂਹਾਨੀ ਸ਼ਖਸ਼ੀਅਤ ਦੇ ਨਾਮ ਨਾਲ ਅਜਿਹੇ ਦੁਨਿਆਵੀ ਰੁਤਬੇ ਜਾਂ ਖੇਡ ਦੇ ਕਿਰਦਾਰ ਨੂੰ ਦਰਸਾਉਣ ਵਾਲੇ ਵਿਸ਼ੇਸ਼ਣੀ ਪਿਛੇਤਰ ਲਗਾਉਣਾ ਵਾਜਬ ਨਹੀਂ ਭਾਸਦਾ। ਉਹਨਾਂ ਅਨੁਸਾਰ ‘ਸ਼ਾਹ’ ਸ਼ਬਦ ਦਾ ਪਿਛੋਕੜ ਇਸਲਾਮੀ ਹੋਣ ਕਰਕੇ ਵੀ ਇਸ ਨੂੰ ਸਿੱਖ ਧਰਮ ਦੇ ਮੋਢੀ ਅਤੇ ਪਹਿਲੇ ਗੁਰੂ ਸਾਹਿਬ ਦੇ ਨਾਮ ਨਾਲ ਜੋੜਨਾ ਉਚਿਤ ਨਹੀਂ। ਵਿਆਕਰਣਕ ਪੱਖੋਂ ‘ਨਾਨਕਸ਼ਾਹੀ’ ਦੀ ਸਿੱਧੀ ਵਿਆਖਿਆ ਤਾਂ ਆਮ ਕਰਕੇ “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਸਿੱਖ ਮੱਤ ਨਾਲ ਸਬੰਧ ਰੱਖਣ ਵਾਲਾ” ਤੋਂ ਕੀਤੀ ਜਾਂਦੀ ਹੈ ਅਤੇ, ਇਹਨਾਂ ਵਰਗਾਂ ਅਨੁਸਾਰ, ‘ਸ਼ਾਹ’ ਦੇ ਉਪਰੋਕਤ ਅਰਥ ਇਸ ਵਿਆਖਿਆ ਲਈ ਢੁੱਕਵੇਂ ਨਹੀਂ ਹਨ।

ਭਾਸ਼ਾ-ਵਿਗਿਆਨਕ ਦ੍ਰਿਸ਼ਟੀ ਤੋਂ ਘੋਖ ਕਰਨ ਉਪਰੰਤ ਉਪਰੋਕਤ ਦਲੀਲਾਂ ਵਿੱਚ ਕੋਈ ਤਰਕ ਨਹੀਂ ਲਭਦਾ। ਕਿਸੇ ਇੱਕ ਸ਼ਬਦ ਦੀ ਵਰਤੋਂ ਵੇਲੇ ਸਦਾ ਹੀ ਉਸਦੀ ਮੁਢੱਲੀ ਭਾਸ਼ਾ ਜਾਂ ਉਸਦੀ ਨਿਰੁਕਤੀ ਦੇ ਅਧਾਰ ਤੇ ਉਸਰਦੇ ਅਤੇ ਉਸਦੀ ਵਰਤੋਂ ਦੇ ਸਮੀਪੀ ਸੰਦਰਭ ਵਿੱਚੋਂ ਨਿਕਲਦੇ ਅਰਥਾਂ ਵਿੱਚ ਕਾਫੀ ਵੱਡਾ ਅੰਤਰ ਹੋ ਸਕਦਾ ਹੈ। ਉਦਾਹਰਣ ਦੇ ਤੌਰ ਤੇ ਫਾਰਸੀ ਵਿੱਚ ‘ਬਾਬਾ’ ਪਿਤਾ ਨੂੰ ਕਿਹਾ ਜਾਂਦਾ ਹੈ ਪਰੰਤੂ ਪੰਜਾਬੀ ਵਿੱਚ ਇਹ ਸ਼ਬਦ ਦਾਦਾ, ਨਾਨਾ, ਤਾਇਆ ਜਾਂ ਫਿਰ ਵਡੇਰੀ ਉਮਰ ਦੇ ਪੁਰਸ਼ ਲਈ ਵਰਤਿਆ ਜਾਂਦਾ ਹੈ। ਫਾਰਸੀ ਵਿੱਚ ‘ਬਜ਼ੁਰਗ’ ਤੋਂ ਮਤਲਬ ਹੈ ਅਕਾਰ, ਉਮਰ ਜਾਂ ਰੁਤਬੇ ਵਿੱਚ ‘ਵੱਡਾ’ ਅਤੇ ਪੰਜਾਬੀ ਵਿੱਚ ਅਸੀਂ ਇਹ ਸ਼ਬਦ ‘ਬਿਰਧ ਸ਼ਖਸ’ ਲਈ ਵਰਤਦੇ ਹਾਂ। ‘ਹੌਸਲਾ’ ਫਾਰਸੀ ਵਿੱਚ ਧੀਰਜ ਦੇ ਅਰਥ ਦਿੰਦਾ ਹੈ ਜਦ ਕਿ ਪੰਜਾਬੀ ਵਿੱਚ ਇਸ ਦੇ ਅਰਥ ਦਲੇਰੀ ਤੋਂ ਹੋ ਗਏ ਹਨ। ਇਸੇ ਤਰ੍ਹਾਂ ਫਾਰਸੀ ਵਿੱਚ ‘ਤਰਸ’ ਡਰ ਤੋਂ ਹੈ ਪਰੰਤੂ ਪੰਜਾਬੀ ਵਿੱਚ ਇਸ ਦਾ ਭਾਵ ਦਇਆ ਤੋਂ ਲਿਆ ਜਾਂਦਾ ਹੈ। ਫਾਰਸੀ ਵਿੱਚ ਅੰਗਰੇਜ਼ੀ ਸ਼ਬਦ ‘ਮਸ਼ੀਨ’ ਸਫਰ ਕਰਨ ਵਾਲੇ ਵਾਹਨ ‘ਕਾਰ’ ਦੇ ਅਰਥ ਦਿੰਦਾ ਹੈ। ਪੰਜਾਬੀ ਵਿੱਚ ਅਨੇਕਾਂ ਹੀ ਫਾਰਸੀ ਮੂਲ ਦੇ ਸ਼ਬਦ ਮੌਜੂਦ ਹਨ ਪਰੰਤੂ ਇਹਨਾਂ ਵਿੱਚੋਂ ਬਹੁਤ ਥੋੜੇ ਅਜਿਹੇ ਸ਼ਬਦ ਹੋਣਗੇ ਜੋ ਆਪਣੇ ਮੂਲ ਅਰਥਾਂ ਅਨੁਸਾਰ ਪੰਜਾਬੀ ਵਿੱਚ ਪਰਯੋਗ ਵਿੱਚ ਲਿਆਂਦੇ ਜਾਂਦੇ ਹੋਣ। ਇਹ ਵਰਤਾਰਾ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਇਕੋ ਜਿਹੇ ਢੰਗ ਨਾਲ ਦ੍ਰਿਸ਼ਟਮਾਨ ਹੁੰਦਾ ਹੈ। ਸੰਸਾਰ ਦੀ ਹਰ ਭਾਸ਼ਾ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਨਿਰਸੰਕੋਚ ਆਪਣੇ ਵਿੱਚ ਜਜ਼ਬ ਕਰਦੀ ਰਹਿੰਦੀ ਹੈ ਭਾਵੇਂ ਕਿ ਇਹ ਉਹਨਾਂ ਨੂੰ ਆਪਣੀਆਂ ਪ੍ਰਸਥਿਤੀਆਂ ਅਨੁਸਾਰ ਢਾਲ ਕੇ ਇਸ ਵਿੱਚ ਧੁਨੀਆਤਮਕ, ਵਿਆਕਰਣਕ ਅਤੇ ਅਰਥ ਪੱਧਰ ਤੇ ਵਾਜਬ ਤਬਦੀਲੀਆਂ ਵੀ ਕਰ ਲੈਂਦੀ ਹੈ। ਸਿੱਖ ਇਤਹਾਸ ਅਤੇ ਸਿੱਖ ਜੀਵਨ-ਜਾਚ ਨਾਲ ਸਬੰਧਿਤ ਅਨੇਕਾਂ ਸ਼ਬਦ ਅਜਿਹੇ ਹਨ ਜੋ ਫਾਰਸੀ ਵਿਚੋਂ ਆਏ ਹਨ ਜਿਵੇਂ ਖਾਲਸਾ, ਸ਼ਹੀਦ, ਮੈਦਾਨ, ਸਰਦਾਰ, ਸਿਪਾਹੀ, ਦਸਤਾਰ, ਤੇਗ, ਦਰਬਾਰ, ਬਾਜ਼, ਤੀਰ, ਹੁਕਮ, ਪੰਜਾਬ, ਦੁਆਬਾ ਆਦਿਕ। ਸਿੱਖ ਗੁਰੂ ਸਾਹਿਬਾਨ ਨੇ ਫਾਰਸੀ ਵਿੱਚ ਵੀ ਬਾਣੀ ਰਚੀ ਹੋਈ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਾਰਸੀ ਵਿੱਚ ਰਚਿਆ ਹੋਇਆ ਇਕ-ਇਕ ਸ਼ਬਦ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਅਨੇਕਾਂ ਫਾਰਸੀ ਦੇ ਸ਼ਬਦ ਗੁਰਬਾਣੀ ਵਿੱਚ ਵਰਤੇ ਹੋਏ ਮਿਲਦੇ ਹਨ। ਜ਼ਾਹਿਰ ਹੈ ਕਿ ਗੁਰੂ ਸਾਹਿਬਾਨ ਵੱਲੋਂ ਕਦੀ ਵੀ ਫਾਰਸੀ ਨੂੰ ਇਸਲਾਮੀ ਭਾਸ਼ਾ ਕਹਿਕੇ ਤ੍ਰਿਸਕਾਰਿਆ ਨਹੀਂ ਗਿਆ।

‘ਸ਼ਾਹ’ ਸ਼ਬਦ ਦੀ ਗੱਲ ਕਰਦਿਆਂ ਅਸੀਂ ਵੇਖਦੇ ਹਾਂ ਕਿ ਇਸ ਸ਼ਬਦ ਦੀ ਸ੍ਰੀ ਗ੍ਰੰਥ ਸਾਹਿਬ ਵਿੱਚ ਥਾਂ-ਪੁਰ-ਥਾਂ ਵਰਤੋਂ ਕੀਤੀ ਹੋਈ ਮਿਲਦੀ ਹੈ। ਸ੍ਰੀ ਗ੍ਰੰਥ ਸਾਹਿਬ ਵਿਚੋਂ ਹੀ ਲਈਆਂ ਹੋਈਆਂ ਕੁੱਝ ਕੁ ਪੰਕਤੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ।

ਮੇਰੇ ਸਾਹਾ ਮੈਂ ਹਰਿ ਦਰਸਨ ਸੁਖੁ ਹੋਇ।।

ਸੇਈ ਸਾਹੁ ਸਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੇ।।

ਜਿਸ ਨੋ ਬਖਸੇ ਸਿਫਤਿ ਸਾਲਾਹ।।
ਨਾਨਕ ਪਾਤਸਾਹੀ ਪਤਸਾਹੁ।।

ਸਾਹੁ ਹਮਾਰਾ ਤੂ ਧਣੀ ਜੈਸੀ ਤੂ ਰਾਸਿ ਦੇਹਿ ਤੈਸੀ ਹਮ ਲੇਹਿ।।

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨੁ।।


ਹਰ ਗੁਰਦੁਆਰੇ ਵਿੱਚ ਇੱਕ ਦਿਨ ਵਿੱਚ ਅਨੇਕਾਂ ਵਾਰ ਗ੍ਰੰਥੀ ਸਿੰਘਾਂ ਵੱਲੋਂ ਹੇਠਾਂ ਦਿੱਤੀ ਤੁਕ ਉਚਾਰੀ ਜਾਂਦੀ ਹੈ:

ਸਜੱਣ ਸੱਚਾ ਪਾਤਸਾਹ, ਸਿਰ ਸਾਹਾਂ ਕੇ ਸਾਹ।

ਸਿੱਖ ਗੁਰੂਆਂ ਨੂੰ ਤਾਂ ਸੰਬੋਧਨ ਹੀ ‘ਪਾਤਸਾਹੀ’ ਕਰਕੇ ਕੀਤਾ ਜਾਂਦਾ ਹੈ ਜਿਵੇਂ ਕਿ ਪਹਿਲੀ ਪਾਤਸਾਹੀ, ਛੇਵੀਂ ਪਾਤਸਾਹੀ ਭਾਵੇਂ ਕਿ ਇਥੇ ਇਸ਼ਾਰਾ ਗੁਰੂ ਸਾਹਿਬਾਨ ਨੂੰ ਪਰਾਪਤ ਅਧਿਆਤਮਕ ਖੇਤਰ ਦੇ ਉਚੇ ਰੁਤਬੇ ਵੱਲ ਹੁੰਦਾ ਹੈ।

ਇਕ ਹੋਰ ਮਹੱਤਵਪੂਰਣ ਤੱਥ ਜਿਸ ਦਾ ਉਲੇਖ ਇਥੇ ਕਰਨਾ ਜ਼ਰੂਰੀ ਬਣਦਾ ਹੈ ਉਹ ਇਹ ਹੈ ਕਿ ਪਹਿਲਵੀ ਭਾਸ਼ਾ ਇਰਾਨ ਦੀ ਮੁੱਢਕਦੀਮੀ ਭਾਸ਼ਾ ਹੈ ਜਿਸ ਨੂੰ ਪੁਰਾਣੀ ਫਾਰਸੀ ਵੀ ਕਿਹਾ ਜਾਂਦਾ ਹੈ ਅਤੇ ‘ਸ਼ਾਹ’ ਸ਼ਬਦ ਪਹਿਲਵੀ ਵਿੱਚ ਵੀ ਪਰਚਲਤ ਸੀ। ਇਹ ਉਹ ਸਮਾਂ ਸੀ ਜਦੋਂ ਇਸਲਾਮ ਧਰਮ ਹਾਲੇ ਹੋਂਦ ਵਿੱਚ ਹੀ ਨਹੀਂ ਸੀ ਆਇਆ। ਜੇ. ਟੀ. ਪਲੈਟਸ ਦੇ ਸ਼ਬਦ-ਕੋਸ਼ ਅਨੁਸਾਰ ‘ਸ਼ਾਹ’ ਸ਼ਬਦ ਦਾ ਮੂਲ ਸੰਸਕ੍ਰਿਤ ਭਾਸ਼ਾ ਵਿਚੋਂ ਪਰਾਪਤ ਹੁੰਦਾ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ‘ਸ਼ਾਹ’ ਸ਼ਬਦ ਪਹਿਲਾਂ ਸੰਸਕ੍ਰਿਤ ਵਲੋਂ ਪਹਿਲਵੀ ਵਿੱਚ ਗਿਆ ਅਤੇ ਫਿਰ ਸੱਤਵੀਂ ਸਦੀ ਈਸਵੀ ਵਿੱਚ ਅਰਬਾਂ ਵੱਲੋਂ ਇਰਾਨ ਵਿੱਚ ਰਾਜ ਸਥਾਪਤ ਕਰ ਲੈਣ ਮਗਰੋਂ ਹੀ ਉਹਨਾਂ ਵੱਲੋਂ ਇਥੇ ਇਸਲਾਮ ਮੱਤ ਚਾਲੂ ਕੀਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਵੱਲੋਂ ‘ਸ਼ਾਹ’ ਸ਼ਬਦ ਵੀ ਵਰਤਿਆ ਜਾਣ ਲੱਗਾ। ਇਹੋ ਸਥਿਤੀ ਪੰਜਾਬੀ ਦੇ ਅੱਖਰ ‘ਲਾਲ’ (ਕੀਮਤੀ ਪੱਥਰ) ਦੀ ਹੈ ਜੋ ਅਰਬੀ ਵਿੱਚ ਅਪਣਾਏ ਜਾਣ ਪਿੱਛੋਂ ‘ਲਅਲ’ (ਇਥੇ ਐੜਾ ਅੱਖਰ ਦੀ ਧੁਨੀ ਫਾਰਸੀ ਦੇ ਐਨ ਅੱਖਰ ਦੀ ਹੈ) ਬਣ ਗਿਆ ਅਤੇ ਇਧਰ ਇਹ ਭੁਲੇਖਾ ਉਤਪੰਨ ਹੋ ਗਿਆ ‘ਲਾਲ’ ਸ਼ਬਦ ਅਰਬੀ ਤੋਂ ਇਧਰ ਆਇਆ ਹੈ। ਇਸ ਤਰ੍ਹਾਂ ‘ਸ਼ਾਹ’ ਸ਼ਬਦ ਮੂਲ ਰੂਪ ਵਿੱਚ ਇਸਲਾਮੀ ਨਹੀਂ ਕਿਹਾ ਜਾ ਸਕਦਾ। ਇਸ ਸ਼ਬਦ ਦੀ ਵਰਤੋਂ ਦੀ ਪੰਜਾਬੀ ਦੀ ਆਪਣੀ ਨਿਵੇਕਲੀ ਪਰੰਪਰਾ ਹੈ ਨਾ ਕਿ ਬਾਹਰੋਂ ਆਈ ਹੋਈ ਇਸਲਾਮੀ ਰਵਾਇਤ। ਸ਼ਾਇਦ ਇਸੇ ਕਰਕੇ ਹੀ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੋੜ ਪੈਣ ਤੇ ਭਾਈ ਸੋਮਾ ਜੀ ਪਾਸੋਂ ਦੋ ਪੈਸੇ ਪਰਾਪਤ ਹੋਣ ਤੇ ਉਸ ਨੂੰ ਸ਼ਾਹ ਦੀ ਉਪਾਧੀ ਬਖਸ਼ ਦਿੱਤੀ ਸੀ ਜਿਸ ਨੂੰ ਉਸ ਦੇ ਵੰਸ਼ਜ ਹੁਣ ਤਕ ਸਾਂਭੀ ਬੈਠੇ ਹਨ। ਉਂਜ ਵੀ ਹਰੇਕ ਭਾਸ਼ਾ ਮੁੱਢੋਂ-ਸੁੱਢੋਂ ਧਾਰਮਿਕ ਰੰਗਤ ਤੋਂ ਸੁਤੰਤਰ ਹੁੰਦੀ ਹੈ ਜਾਂ ਇੰਜ ਕਹਿ ਲਵੋ ਕਿ ਹਰੇਕ ਭਾਸ਼ਾ ਧਰਮ-ਨਿਰਪੇਖ ਹੁੰਦੀ ਹੈ। ਵਿਗਿਆਨਕ ਪਹੁੰਚ ਅਨੁਸਾਰ ਹਰੇਕ ਸ਼ਬਦ ਦੇ ਅਰਥ ਉਸਦੀ ਵਰਤੋਂ ਦੇ ਸੰਦਰਭ ਨੂੰ ਸਾਹਮਣੇ ਰੱਖ ਕੇ ਹੀ ਕੱਢੇ ਜਾਣੇ ਚਾਹੀਦੇ ਹਨ। ਇਹੀ ਨਿਯਮ ‘ਸ਼ਾਹ’ ਜਾਂ ‘ਸ਼ਾਹੀ’ ਸ਼ਬਦਾਂ ਦੀ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਹੁੰਦੀ ਵਰਤੋਂ ਤੇ ਲਾਗੂ ਹੁੰਦਾ ਹੈ।

ਸ਼ਬਦ-ਕੋਸ਼ਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ‘ਸ਼ਾਹ’ ਸ਼ਬਦ ਦੇ ਅਨੇਕਾਂ ਅਰਥ ਹਨ ਜਿਹਨਾਂ ਵਿਚੋਂ ਪਰਮੁੱਖ ਤੌਰ ਤੇ ਹੇਠਾਂ ਦਿੱਤੇ ਅਨੁਸਾਰ ਬਣਦੇ ਹਨ:

1. ਰਾਜਾ, ਬਾਦਸ਼ਾਹ, ਸਮਰਾਟ।
ਫਾਰਸੀ ਦੇ ਸ਼ਬਦ-ਕੋਸ਼ਾਂ ਵਿੱਚ ਇਹ ਪਹਿਲੀ ਐਂਟਰੀ ਹੈ।
2. ਸ਼ਾਹੂਕਾਰ -– ਧਨਾਢ ਵਿਉਪਾਰੀ ਜਾਂ ਸੂਦ ਤੇ ਪੈਸੇ ਦੇਣ ਵਾਲਾ।
ਭਾਈ ਮਾਇਆ ਸਿੰਘ ਰਚਿਤ ਪੰਜਾਬੀ ਸ਼ਬਦ-ਕੋਸ਼ ਵਿੱਚ ਇਹ ਪਹਿਲੀ ਐਂਟਰੀ ਹੈ।
ਇਸ ਵਿਆਖਿਆ ਨੂੰ ਸਾਹਮਣੇ ਰੱਖ ਕੇ ਪੰਜਾਬ ਵਿੱਚ ਵਿਅਕਤੀਆਂ ਦੇ ਨਾਮ ਰੱਖੇ ਜਾਣੇ ਅਰੰਭ ਹੋਏ।
ਬਾਦ ਵਿੱਚ ਇਸ ਰੁਝਾਨ ਦੇ ਸਮਾਜਕ ਪਰੰਪਰਾ ਵਿੱਚ ਤਬਦੀਲ ਹੋ ਜਾਣ ਤੇ ਕਈ ਹਿੰਦੂ ਅਤੇ
ਮੁਸਲਮਾਨੀ ਨਾਮ ਬਣਦੇ ਗਏ ਜਿਵੇਂ ਮੱਖਣ ਸ਼ਾਹ, ਭੋਲੇ ਸ਼ਾਹ, ਬੁੱਧੂ ਸ਼ਾਹ, ਕੌਡੇ ਸ਼ਾਹ ਆਦਿਕ।
3. ਰੂਹਾਨੀ ਸ਼ਖਸ਼ੀਅਤਾਂ ਵੱਲੋਂ ਅਪਣਾਇਆ ਗਿਆ ਟਾਈਟਲ।
ਇਸ ਤੋਂ ਪੀਰਾਂ, ਫਕੀਰਾਂ ਅਤੇ ਸੰਤਾਂ ਦੇ ਕਈ ਨਾਮ ਮਿਲਦੇ ਹਨ ਜਿਵੇਂ ਸ਼ਾਹ ਸ਼ਰਫ, ਸ਼ਾਹ ਹੁਸੈਨ, ਸ਼ਾਹ
ਭੀਖ ਆਦਿਕ।

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਦੇਵ ਜਾਂ ਨਾਨਕ ਰਾਇ ਕਹਿਣ ਦੀ ਬਜਾਇ ‘ਨਾਨਕ ਸ਼ਾਹ’ ਕਹਿ ਦੇਣਾ ਉਪੱਰ 2. ਤੇ ਦਰਸਾਈ ਗਈ ਧਰਮ ਨਿਰਪੇਖ ਸਮਾਜਕ ਪਰੰਪਰਾ ਦਾ ਹਿੱਸਾ ਹੈ ਜਿਸ ਅਧੀਨ ਬੁੱਧੂ ਸ਼ਾਹ, ਮੱਖਣ ਸ਼ਾਹ, ਬੁੱਲੇਸ਼ਾਹ ਜਾਂ ਵਾਰਿਸ ਸ਼ਾਹ ਵਰਗੇ ਨਾਮ ਆਉਂਦੇ ਹਨ। ‘ਨਾਨਕਸ਼ਾਹੀ’ ਦੇ ਅਰਥ ਵੀ ਪੰਜਾਬ ਦੀ ਇਸੇ ਸਮਾਜਕ ਪਰੰਪਰਾ ਦੇ ਸੰਦਰਭ ਵਿਚੋਂ ਕੱਢਣੇ ਹੀ ਬਣਦੇ ਹਨ। ਇਥੇ ਵਰਤੇ ਗਏ ‘ਸ਼ਾਹੀ’ ਪਿਛੇਤਰ ਵਿਚੋਂ ਰਾਜੇ-ਮਹਾਂਰਾਜਿਆਂ ਦੀ ਸੰਸਾਰਕ ਸ਼ਾਨੋ-ਸ਼ੌਕਤ ਦੀ ਝਲਕ ਨਹੀਂ ਪੈਂਦੀ। ਸਗੋਂ ਇਸ ਸਥਿਤੀ ਵਿਚੋਂ ਪੰਜਾਬ ਖਿੱਤੇ ਦੀ ਇੱਕ ਮਹੱਤਵਪੂਰਨ ਲੋਕਧਾਰਾਇਕ ਪੱਧਤੀ ਉਭਰ ਕੇ ਸਹਮਣੇ ਆਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਸਮੇਂ ਵਿੱਚ ਹੀ ਸਾਰੇ ਵਰਗਾਂ ਵਿੱਚ ਬਣੀ ਲੋਕਪ੍ਰੀਅਤਾ ਸਦਕਾ ਉਹਨਾਂ ਦੀ ਸ਼ਖਸ਼ੀਅਤ ਸਬੰਧੀ ਹੇਠਾਂ ਦਿੱਤੀ ਕਹਾਵਤ ਪਰਚਲਤ ਹੋ ਗਈ ਸੀ:

ਬਾਬਾ ਨਾਨਕਸ਼ਾਹ ਫਕੀਰ,
ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ।

ਉਪਰੋਕਤ ਤੋਂ ਸਪਸ਼ਟ ਹੁੰਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਦੋਵ੍ਹਾਂ ਵਰਗਾਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਂਝੇ ਤੌਰ ਤੇ ‘ਨਾਨਕਸ਼ਾਹ’ ਵਜੋਂ ਪਿਆਰਦੇ ਸਤਿਕਾਰਦੇ ਸਨ। ਮਾਨਵ-ਵਿਗਿਆਨ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਕਿਸੇ ਵੀ ਸਮਾਜਕ ਵਰਗ ਵਿਚਲੀ ਲੋਕ-ਮਾਨਸਿਕਤਾ ਧਾਰਮਿਕ ਵਲਗਣਾਂ ਅਤੇ ਹੱਦਾਂ-ਬੰਨੇ ਟੱਪ ਕੇ ਸਾਂਝੀ ਲੋਕਧਾਰਾ ਦੀਆਂ ਰੂੜ੍ਹੀਆਂ ਨਾਲ ਜੁੜੇ ਰਹਿਣ ਵੱਲ ਰੁਚਿਤ ਰਹਿੰਦੀ ਹੈ। ਅਜਿਹਾ ਉਹ ਆਪਣੇ ਸਮਾਜਕ ਜੀਵਨ ਵਿੱਚ ਇਕਸੁਰਤਾ ਦੀ ਸਥਾਪਤੀ ਲਈ ਯਤਨਸ਼ੀਲ ਹੋਣ ਵਜੋਂ ਕਰਦੀ ਹੈ। ਪੰਜਾਬ ਖਿੱਤੇ ਦੇ ਸਮਾਜਕ ਜੀਵਨ ਵਿੱਚ ਅਜਿਹਾ ਰੁਝਾਨ ਸਦੀਆਂ ਤੋਂ ਪਰਤੱਖ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਯੁੱਗ ਦੇ ਲੋਕ-ਨਾਇਕ ਸਨ ਅਤੇ ਸਮਾਜ ਵੱਲੋਂ ਉਹਨਾਂ ਨੂੰ ਦਿੱਤੀ ਗਈ ‘ਨਾਨਕਸ਼ਾਹ’ ਦੀ ਉਪਾਧੀ ਇਸੇ ਰੁਝਾਨ ਦੀ ਲਖਾਇਕ ਹੈ।

ਇਸ ਤਰ੍ਹਾਂ ਅਜੋਕੇ ਸੰਦਰਭ ਵਿੱਚ ‘ਨਾਨਕਸ਼ਾਹ’ ਤੋਂ ਬਣੇ ‘ਨਾਨਕਸ਼ਾਹੀ’ ਦਾ ਸ਼ਾਬਦਿਕ ਅਰਥ ਹੋਵੇਗਾ ਨਾਨਕਵਾਲਾ, ਨਾਨਕ ਨਾਲ ਸਬੰਧਿਤ ਜਾਂ ‘ਨਾਨਕਸ਼ਾਹੀਆ’। ਸਿੱਖ ਮੱਤ ਦੇ ਪੱਖੋਂ ਇਸ ਪਦ ਦੇ ਅਰਥ ਇਸ ਪਰਕਾਰ ਨਿਕਲਣਗੇ:

1. ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਰੱਖਣ ਵਾਲਾ।
2 ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਮੱਤ ਭਾਵ ਸਿੱਖ ਧਰਮ ਨਾਲ ਸਬੰਧਿਤ।
3. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੈਰੋਕਾਰ।

ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ਵਿੱਚ ਨਾਨਕਸ਼ਾਹੀ ਦੇ ਇਸ ਤਰ੍ਹਾਂ ਦੇ ਹੀ ਅਰਥ ਕਢੇ ਹਨ -– ਗੁਰੂ ਨਾਨਕ ਦੇਵ ਦਾ ਸਿੱਖ। ਜੇ. ਟੀ. ਪਲੈਟਸ ਨੇ ਵੀ ਨਾਨਕਸ਼ਾਹੀ ਦੀ ਅਜਿਹੀ ਹੀ ਵਿਆਖਿਆ ਸਵੀਕਾਰ ਕਰਦਿਆਂ ਹੋਇਆਂ ਇਸ ਨੂੰ ਨਾਨਕਪੰਥੀ ਦੇ ਸਮਾਨਾਰਥਕ ਕਰਕੇ ਦਰਸਾਇਆ ਹੈ। ਇਸ ਸ਼ਬਦ ਦੇ ਇਹਨਾਂ ਅਰਥਾਂ ਨੂੰ ਲੈ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਯਤਨਾਂ ਨਾਲ ਸੰਨ 1765 ਈਸਵੀ ਵਿੱਚ ਅੰਮ੍ਰਿਤਸਰ ਤੋਂ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ ਗਿਆ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1800 ਈਸਵੀ ਵਿੱਚ ਆਪਣੇ ਰਾਜ ਵਿੱਚ ਲਾਗੂ ਕੀਤਾ। ਸਿੱਖ ਆਗੂਆਂ ਵੱਲੋਂ ਇਸ ਸਿੱਕੇ ਨੂੰ ‘ਨਾਨਕਸ਼ਾਹੀ’ ਦਾ ਲਕਬ ਦੇਣਾ ਇਹੀ ਸੰਕੇਤ ਦਿੰਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਮੱਤ ਦੇ ਬਾਨੀ ਹੋਣ ਵਜੋਂ ਸ਼ਰਧਾਂਜਲੀ ਦੇਣ ਦਾ ਸੁਹਿਰਦ ਯਤਨ ਸੀ। ‘ਨਾਨਕਸ਼ਾਹੀ’ ਸ਼ਬਦ ਦਾ ਪਰਯੋਗ ਛੋਟੇ ਅਕਾਰ ਦੀਆਂ ਪੱਕੀਆਂ ਇੱਟਾਂ ਵਾਸਤੇ ਵੀ ਕੀਤਾ ਜਾਂਦਾ ਹੈ। ਸੰਭਵ ਹੈ ਕਿ ਪਹਿਲਾਂ ਪਹਿਲ ਅਜਿਹੀਆਂ ਇੱਟਾਂ ਸਿੱਖ ਧਰਮ ਨਾਲ ਸਬੰਧਿਤ ਇਮਾਰਤਾਂ ਦੀ ਉਸਾਰੀ ਲਈ ਵਰਤੋਂ ਵਿੱਚ ਆਈਆਂ ਹੋਣ। ਨਿਰਸੰਦੇਹ ਇਥੇ ਵੀ ‘ਨਾਨਕਸ਼ਾਹੀ’ ਦੇ ਅਰਥ ਸਿੱਖ ਮੱਤ ਨਾਲ ਸਬੰਧਿਤ ਹੋਣ ਜਾਂ ਸਿੱਖ ਮੱਤ ਦੇ ਆਗਮਨ ਦੇ ਸਮੇਂ ਵੱਲ ਸੰਕੇਤ ਕਰਦੇ ਹਨ। ਨਾਨਕਸ਼ਾਹੀ ਸੰਮਤ ਦਾ ਸਿੱਧੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਤੋਂ ਸ਼ੁਰੂ ਕਰਨਾ ਵੀ ‘ਨਾਨਕਸ਼ਾਹੀ’ ਦੇ ਇਹਨਾਂ ਅਰਥਾਂ ਦੀ ਮਾਨਤਾ ਦੀ ਪਰੋੜਤਾ ਕਰਦਾ ਹੈ। ਬੰਗਲਾ ਦੇਸ਼ ਵਿੱਚ ਢਾਕਾ ਵਿਖੇ ਨਾਨਕਸ਼ਾਹੀ ਨਾਮ ਵਾਲਾ ਗੁਰਦੁਆਰਾ ਸਥਾਪਤ ਹੋਇਆ ਹੋਣਾ ਇਹ ਦਰਸਾਉਂਦਾ ਹੈ ਕਿ ਇਹ ਧਰਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਨਾਮ ਤੇ ਸਥਾਪਤ ਹੋਏ ਧਰਮ ਨਾਲ ਸਬੰਧਿਤ ਹੈ ਜਦੋਂ ਕਿ ਇਹ ਸਪਸ਼ਟ ਹੀ ਹੈ ਕਿ ਇਸ ਗੁਰਦੁਆਰੇ ਦਾ ਇਹ ਨਾਮ ਸਿੱਖ ਸ਼ਰਧਾਲੂਆਂ ਵੱਲੋਂ ਹੀ ਰੱਖਿਆ ਗਿਆ ਹੋਵੇਗਾ ਨਾ ਕਿ ਇਸਲਾਮ ਜਾਂ ਹਿੰਦੂ ਧਰਮ ਦੇ ਪੈਰੋਕਾਰਾਂ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਨਾਨਕਸ਼ਾਹੀ’ ਨਾਮ ਵਾਲਾ ਵਿਸ਼ੇਸ਼ ਕੈਲੰਡਰ ਲਾਗੂ ਕੀਤਾ ਗਿਆ ਹੈ। ਪਰਤੱਖ ਹੈ ਕਿ ਸ਼ਰਧਾਲੂ ਵਿਦਵਾਨਾਂ ਨੇ ਇਸ ਕੈਲੰਡਰ ਦੇ ਸਿੱਖ ਇਤਹਾਸ ਨਾਲ ਸਬੰਧਿਤ ਹੋਣ ਕਰ ਕੇ ਹੀ ਇਸ ਦਾ ਅਜਿਹਾ ਨਾਮ ਰੱਖਿਆ ਹੈ।

ਆਖਰ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੀ ਵਿਆਕਰਣ ਅਨੁਸਾਰ ਵਿਸ਼ੇਸ਼ਣ ਦੀ ਜਗਹ ਨਾਂਵ ਤੋਂ ਪਹਿਲਾਂ ਬਣਦੀ ਹੈ। ‘ਸ਼ਾਹੀ’ ਨੂੰ ਸਿੱਧੇ ਤੌਰ ਤੇ ‘ਸ਼ਾਹੀ’ (ਰਾਜਾ ਵਾਲੇ ਅਰਥਾਂ) ਤੋਂ ਬਣੇ ਵਿਸ਼ੇਸ਼ਣ ਵਜੋਂ ਪਰਯੋਗ ਕਰਨ ਨਾਲ ਜੋ ਵਾਕਾਂਸ਼ ਬਣਨਗੇ ਉਹ ਇਸ ਤਰ੍ਹਾਂ ਹੋਣਗੇ – ਸ਼ਾਹੀ ਮਹੱਲ, ਸ਼ਾਹੀ ਪੁਸ਼ਾਕ, ਸ਼ਾਹੀ ਸਵਾਰੀ, ਸ਼ਾਹੀ ਠਾਠ, ਸ਼ਾਹੀ ਪਨੀਰ ਆਦਿਕ। ਇਸ ਤਰ੍ਹਾਂ ਦੇ ਵਿਸ਼ੇਸ਼ਣ ਨੂੰ ‘ਨਾਨਕ’ ਨਾਲ ਜੋੜ ਕੇ ‘ਸ਼ਾਹੀ ਨਾਨਕ’ ਬਣੇਗਾ ਨਾ ਕਿ ‘ਨਾਨਕਸ਼ਾਹੀ’। ‘ਨਾਨਕਸ਼ਾਹੀ’ ਇੱਕ ਮਿਸ਼ਰਤ ਰੂਪ ਹੈ ਜਿਸ ਦਾ ਸਰੋਤ ਸੰਯੁਕਤ ਰੂਪ ‘ਨਾਨਕਸ਼ਾਹ’ ਹੈ ਅਤੇ ਇਸ ਨੂੰ ਅੱਗੇ ਵਿਸ਼ੇਸ਼ਣ ਦੇ ਤੌਰ ਤੇ ਕਿਸੇ ਨਾਂਵ-ਰੂਪ ਨਾਲ ਜੋੜ ਸਕਦੇ ਹਾਂ ਭਾਵੇਂ ਇਹ ਇੱਟ, ਸਿੱਕਾ, ਸੰਮਤ, ਕੈਲੰਡਰ ਅਤੇ ਗੁਰਦੁਆਰਾ ਹੈ ਜਾਂ ਕੁੱਝ ਹੋਰ। ਨਿਰਸੰਦੇਹ, ‘ਨਾਨਕਸ਼ਾਹੀ’ ਸ਼ਬਦ-ਰੂਪ ਦੇ ਅਰਥਾਂ ਦਾ ਸਰੋਤ ਹੇਠ ਦਿੱਤੀ ਪੰਕਤੀ ਹੀ ਬਣਦੀ ਹੈ:

“ਬਾਬਾ ਨਾਨਕਸ਼ਾਹ ਫਕੀਰ”

--- 0 ---
ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਫੋਨ: 09317910734




.