.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 22)

ਦਲਬੀਰ ਸਿੰਘ ਐੱਮ. ਐੱਸ. ਸੀ.

ੴ ਸਤਿਗੁਰ ਪ੍ਰਸਾਦਿ।।

ਸਰਵੋਤਮ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ

(ਲੇਖਕ:: ਸਵਾਮੀ ਰਾਮ ਤੀਰਥ ਜੀ ‘ਦੰਡੀ ਸੰਨਿਆਸੀ` ਦੀ ਹਿੰਦੀ ਪੁਸਤਕ ਵਿਚੋਂ ਧਨਵਾਦ ਸਹਿਤ)

(ਸੰਖੇਪ-ਅਨੁਵਾਦਕ:: ਦਲਬੀਰ ਸਿੰਘ, ੩੧-ਡੀ, ਮਦਨ ਪਾਰਕ, ਪੰਜਾਬੀ ਬਾਗ, ਨਵੀ ਦਿੱਲੀ–੨੬)

ਦੋ ਸ਼ਬਦ:::: ਪਿਆਰੇ ਪਾਠਕ ਜਨੋ! ਮੈਥੋਂ ਅੰਤਰਜਾਮੀ ‘ੴ ਸਤਿਗੁਰਪ੍ਰਸਾਦਿ` ਰੂਪ ਪ੍ਰਭੂ ਜੀ ਨੇ ‘ਸਰਵੋਤਮ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ` ਨਾਮਕ ਪੁਸਤਕ ਲਿਖਵਾਈ। ਭਾਰਤ ਦੇ ਪ੍ਰਾਚੀਨ ਧਰਮ ਗ੍ਰੰਥਾਂ - ਵੇਦ, ਸਿਮ੍ਰਿਤੀਆਂ, ਮਹਾਭਾਰਤ, ਤੰਤ੍ਰ, ਪੁਰਾਣ ਅਤੇ ਸਮਾਰਤ ਸੂਤ੍ਰਾਂ ਦੇ ਅਧਿਐਨ ਨਾਲ ਮੈਨੂੰ ਅਨੁਭਵ ਹੋਇਆ ਕਿ ਇਨ੍ਹਾਂ ਗ੍ਰੰਥਾਂ ਵਿੱਚ ਕਈ ਧਰਮ-ਵਿਰੋਧੀ ਤੱਤ ਹਨ, ਮੈਂ ਉਹਨਾਂ ਤੱਤਾਂ ਦੇ ਕੁੱਝ ਨਮੂਨੇ ਦੇ ਕੇ ਉਹਨਾਂ ਦੀ ਆਲੋਚਨਾ ਵੀ ਕੀਤੀ ਹੈ ਅਤੇ ਪੁਸਤਕ ਦੇ ਅੰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਮਲ ਬਾਣੀ ਦੀਆਂ ਝਲਕੀਆਂ ਵੀ ਦਿਤੀਆਂ ਹਨ। ਗੁਰਬਾਣੀ ਪ੍ਰਾਚੀਨ ਗ੍ਰੰਥਾਂ ਦੇ ਦੋਸ਼ਾਂ ਤੋਂ ਰਹਿਤ ਸਿਧ ਹੁੰਦੀ ਹੈ। ਇਸ ਬਾਣੀ ਜਿਤਨੀ ਉਤਮ ਬਾਣੀ ਮੈਨੂੰ ਹੋਰ ਕਿਧਰੇ ਨਜ਼ਰ ਨਹੀ ਆਈ। ਇਥੇ ਮੈਂ ਪੰਡਿਤ ਰਾਮ ਬਸੰਤ ਸਿੰਘ ਜੀ ਦਾ ਵੀ ਦਿਲੋਂ ਧਨਵਾਦ ਕਰਦਾ ਹਾਂ, ਜੋ ਨਿਰਮਲ-ਸੰਤ-ਅਖਾੜੇ ਵਿੱਚ ਕਥਾ ਕਰਦੇ ਸਨ…। ਐਸੀ “ਸਰਵੋਤਮ ਬਾਣੀ” ਨਾਲ ਮੇਰੀ ਪਹਿਚਾਨ ਕਰਾਣ ਲਈ ਉਹ ਸੰਤ-ਬਿਰਤੀ-ਪੁਰਸ਼ ਮੇਰੇ ਧੰਨ ਬਚਨ ਦਾ ਭਾਗੀ ਹੈ। … ਅੰਤ ਵਿੱਚ ਮੈਂ ਇਸ ਆਸ ਨਾਲ ਇਹ ਪੁਸਤਕ ਆਪ ਜੀ ਨੂੰ ਭੇਂਟ ਕਰ ਰਿਹਾ ਹਾਂ ਕਿ ਸੱਚ ਦੇ ਖੋਜੀ ਸੱਜਨ ਇਸਦਾ ਸਵਾਗਤ ਕਰਣਗੇ। ਆਪ ਸਭ ਦਾ ਸਨੇਹੀ, ਰਾਮ ਤੀਰਥ (ਦੰਡੀ ਸਨਿਆਸੀ)। ਲੁਧਿਆਣਾ, ਹਰਿਦੁਆਰ ੩੧ ਮਾਰਚ ੧੯੭੪।

(ਨੋਟ: ਸੱਚੀ ਗੁਰਬਾਣੀ ਨੇ ਰੁੰਡ-ਮੁੰਡ ਦੰਡੀ ਸੰਨਿਆਸੀ ਨੂੰ ਕੇਸਾਧਾਰੀ, ਦਸਤਾਰਧਾਰੀ ਗੁਰਸਿਖ ਬਣਾ ਦਿੱਤਾ)

:: ਰਿਗ ਵੇਦ:::: ਵ੍ਰਸ਼ਾ ਕਪਾਯਿ! ਰੇਵਤਿ! ਸੁਪੁਤ੍ਰੇ! ਆਦੁ ਸੁਰੱਨਸ਼ੇ! ਘਸਤ ਇੰਦ੍ਰ!

ਉਕਸ਼ਣਾ: ਪ੍ਰਿਯੰ ਕਾਚਿਤਕਰੰ ਹਵਿੰ: ਵਿਸ਼ਵਸਮਾਦਿੰਦ੍ਰ ਉਤਰ:। (ਰਿਗ ਵੇਦ ੧੦/੮੬/੧੩)

ਉਕਸ਼ਣੋ ਹਿ ਮੇ ਪੰਚਦਸ਼ ਸਾਕੰ ਪਚੰਤਿ ਵਿੰਸ਼ਤਿਮ।

ਉਤਾਹਮਦੱਧ ਪੀਵ ਇਦੁਭਾ ਕੁਕਸ਼ੀ ਪ੍ਰਣੰਤਿ ਮੇ, ਵਿਸ਼ਵਸਮਾਦਿੰਦ੍ਰ ਉਤਰ:। (ਰਿਗ ਵੇਦ ੧੦/੮੬/੧੪)

ਅਨੁਵਾਦ:- ਵ੍ਰਸ਼ਾ ਕਪਾਯੀ ਨੇ ਕਿਹਾ, ‘ਹੇ ਧਨਵਾਨ ਸੁੰਦਰ ਪੁਤ੍ਰਾਂ ਅਤੇ ਨੂੰਹਾਂ ਵਾਲੀ ਇੰਦ੍ਰਾਣੀ! ਤੇਰਾ ਪਤੀਦੇਵ ਇੰਦ੍ਰ ਬੈਲਾਂ ਦਾ ਮਾਸ ਜਲਦੀ ਖਾਵੇ ਜੋ ਸੁਖਦਾਯਕ ਹੈ, ਤੇ ਉਸਨੂੰ ਪਸੰਦ ਹੈ ਅਤੇ ਤੂੰ ਇਸ ਮਾਸ ਨੂੰ ਪਕਾ ਦੇ`। ਇੰਦ੍ਰਾਣੀ ਦਾ ਉੱਤਰ ਸੀ: ‘ਤਾਂ ਹੀ ਮੇਰਾ ਪਤੀ ਦੇਵਰਾਜ ਇੰਦ੍ਰ ਸਾਰੇ ਪੁਰਸ਼ਾਂ ਤੋਂ ਤਾਕਤ, ਰੂਪ ਅਤੇ ਅਕਲ ਕਰਕੇ ਉੱਚਾ ਹੈ`। (੧੦/੮੬/੧੩)

ਇੰਦ੍ਰ ਨੇ ਕਿਹਾ: ‘ਮੇਰੀ ਪਤਨੀ ਮੇਰੇ ਲਈ ੧੫-੨੦ ਬੈਲਾਂ ਦਾ ਮਾਸ ਪਕਾਂਦੀ ਹੈ, ਮੈਂ ਉਹ ਖਾਂਦਾ ਹਾਂ, ਤਾਂ ਹੀ ਮੈਂ ਸਾਂਢ ਵਰਗਾ ਭਾਰੀ, ਤਾਕਤਵਰ ਅਤੇ ਦਰਸ਼ਨੀ ਹੋ ਗਿਆ ਹਾਂ। ਮੇਰੀਆਂ ਦੋਨੋ ਕੁਖਾਂ ਮਾਸ ਅਤੇ ਸ਼ਰਾਬ ਨਾਲ ਭਰੀਆਂ ਰਹਿੰਦੀਆਂ ਹਨ`। ਇੰਦ੍ਰਾਣੀ ਦਾ ਉੱਤਰ ਸੀ: ‘ਤਾਂ ਹੀ ਮੇਰਾ ਪਤੀ ਦੇਵਰਾਜ ਇੰਦ੍ਰ ਸਾਰੇ ਪੁਰਸ਼ਾਂ ਤੋਂ ਤਾਕਤ, ਰੂਪ ਅਤੇ ਅਕਲ ਕਰਕੇ ਉੱਚਾ ਹੈ`। (੧੦/੮੬/੧੪) “ਇੰਦ੍ਰ-ਵਿਜਯ ਕਾਵਯ” ਵਿੱਚ ਇਹ ਦੋਂਵੇਂ ਮੰਤਰ ਦੇਵਰਾਜ ਇੰਦਰ ਨੂੰ ਗਊ-ਮਾਸ ਖਾਣ ਵਾਲਾ ਅਤੇ ਸ਼ਰਾਬ ਦਾ ਪ੍ਰੇਮੀ ਦਸਿਆ ਹੈ। …ਇਹ ਇੰਦਰ ਤਾਂ ਕੋਈ ਰਾਖਸ਼ਾਂ ਦਾ ਰਾਜਾ ਹੋ ਸਕਦਾ ਹੈ ਦੇਵਰਾਜ ਇੰਦਰ ਨਹੀ… ਐਸੇ ਕੁ-ਮੰਤਰ ਜਨਤਾ ਨੂੰ ਕੀ ਲਾਭ ਪਹੁੰਚਾ ਸਕਦੇ ਹਨ?

:: ਸਿਮ੍ਰਿਤੀਆਂ::: ਮਨੂ ਸਿਮ੍ਰਿਤੀ, ਅਧਿਆਇ ੩, ਸ਼ਲੋਕ ੧੨, “ਸਵਰਣਾਗ੍ਰੇ…੦” ਅਤੇ ਸ਼ਲੋਕ ੧੩, “ਸ਼ੂਦਰੇਵ ਭਾਰਯਾ…੦” ਇਨ੍ਹਾਂ ਸ਼ਲੋਕਾਂ ਵਿੱਚ ਵਿਆਹ ਦੀ ਮਰਯਾਦਾ ਦੱਸੀ ਹੈ ਕਿ ਬ੍ਰਾਹਮਣ ਨੂੰ ਵੈਸੇ ਤਾਂ ਬ੍ਰਾਹਮਣ ਲੜਕੀ ਨਾਲ ਹੀ ਵਿਆਹ ਕਰਾਣਾ ਚਾਹੀਦਾ ਹੈ ਪਰ ਜੇਕਰ ਕਾਮ-ਤ੍ਰਿਪਤੀ ਨ ਹੋਵੇ ਤਾਂ ਖਤਰਾਣੀ, ਵੈਸ਼ਯਾਣੀ ਜਾਂ ਸ਼ੁਦਰਾਣੀ ਨੂੰ ਵੀ ਵਿਆਹ ਲਿਆਵੇ ਤਾਂ ਕੋਈ ਹਰਜ ਨਹੀ। ਭਾਂਵੇਂ ਬ੍ਰਾਹਮਣ-ਪਤਨੀ ਅਰੋਗ ਹੋਵੇ ਪਰ ਬ੍ਰਾਹਮਣ ਦੇਵਤਾ ਕਾਮ-ਅਗਨੀ ਸ਼ਾਂਤ ਕਰਣ ਲਈ, ਕਿਸੇ ਵਰਣ ਦੀ ਚਾਹੇ, ਕਈ ਪਤਨੀਆਂ ਰਖ ਸਕਦਾ ਹੈ…ਇਨ੍ਹਾਂ ਗ੍ਰੰਥਾਂ ਵਿੱਚ ਘੋਰ ਨਾ-ਇਨਸਾਫ਼ੀ ਨਹੀ ਤਾਂ ਹੋਰ ਕੀ ਹੈ?

ਮਨੂ ਸਿਮ੍ਰਿਤੀ, ਅਧਿਆਇ ੫, ਸ਼ਲੋਕ ੧੫੫, “ਨਾਸਤਿ ਇਸਤ੍ਰੀਣਾਂ……੦”; ਸ਼ਲੋਕ ੧੫੭, ਕਾਮੰਤੂ … ੦”; ਸ਼ਲੋਕ ੧੬੪, “ਵਯਭਿਚਾਰਤਿ…੦” ਇਨ੍ਹਾਂ ਸ਼ਲੋਕਾਂ ਵਿੱਚ ਦਸਿਆ ਗਿਆ ਹੈ ਕਿ ਪਤੀ ਦੇ ਸਿਵਾ ਨਾ ਔਰਤ ਦਾ ਯੱਗ ਹੈ ਨਾ ਹੀ ਉਪਵਾਸ। ਪਰ ਪਤੀ-ਸੇਵਾ ਉਸਨੂੰ ਸਵਰਗਾਂ ਵਿੱਚ ਮਾਣ ਦੇ ਸਕਦੀ ਹੈ। ਜੇ ਪਤੀ ਮਰ ਜਾਵੇ ਤਾਂ ਔਰਤ ਸਿਰਫ ਕੰਦ-ਮੂਲ ਖਾਵੇ, ਸ਼ਰੀਰ ਸੁਕਾ ਲਵੇ ਪਰ ਦੂਜੇ ਪਤੀ ਦਾ ਨਾਂ ਤਕ ਨਾ ਲਵੇ। ਜੋ ਔਰਤ ਦੂਜਾ ਪਤੀ ਕਰਦੀ ਹੈ ਉਹ ਇਸ ਲੋਕ ਵਿੱਚ ਨਿੰਦਾ ਮੁੱਲ ਲੈਂਦੀ ਹੈ ਅਤੇ ਪਰਲੋਕ ਵਿੱਚ ਗਿੱਦੜ ਦੀ ਜੂਨ ਵਿੱਚ ਪੈਂਦੀ ਹੈ। ਸਾਰੀਆਂ ਸਿਮ੍ਰਿਤੀਆਂ ਇਸੇ ਮਤ ਦੀਆਂ ਹਨ। ਆਹ! ਮਰਦ ਨੂੰ ਸਭ ਪਾਸੋਂ ਬੇ-ਲਗਾਮ ਛੱਡ ਦੇਣਾ ਅਤੇ ਔਰਤ ਨੂੰ ਕੁਦਰਤੀ ਹੱਕਾਂ ਤੋਂ ਰੋਕ ਦੇਣਾਂ! ? ?

ਮਨੂ ਸਿਮ੍ਰਿਤੀ, ਅਧਿਆਇ ੧੦, ਸ਼ਲੋਕ ੧੨੩, ‘ਵਿਪ੍ਰ ਸੇਵੈਵ…੦`; ਸ਼ਲੋਕ ੧੨੫, ‘ਉਚਿਸ਼ਟਮਨੰ. . ੦` ਇਨ੍ਹਾਂ ਸ਼ਲੋਕਾਂ ਵਿੱਚ ਸ਼ੂਦਰ ਦਾ ਪਰਮ-ਧਰਮ ਬ੍ਰਾਹਮਣਾਂ ਦੀ ਸੇਵਾ ਕਰਨਾ ਦਸਿਆ ਹੈ ਅਤੇ ਇਸਦੇ ਸਿਵਾ ਸਭ ਕਰਮ ਨਿਹਫਲ ਮੰਨਦੇ ਹਨ। ਇਸ ਸੇਵਾ ਦੇ ਬਦਲੇ ਸ਼ੂਦਰਾਂ ਨੂੰ ਜੂਠਾ ਅੰਨ, ਦਾਣੇ ਦੇ ਛਿਲਕੇ, ਚਾਵਲਾਂ ਦੀ ਪਿੱਛ, ਫਟੇ-ਪੁਰਾਣੇ ਕਪੜੇ, ਟੁਟੇ-ਫੁਟੇ ਬਰਤਨ ਆਦਿ ਮਿਲਣੇ ਚਾਹੀਦੇ ਹਨ। ਔਰਤ ਤੇ ਸ਼ੂਦਰ ਨੂੰ ਵੈਦਿਕ-ਕਰਮ ਜਾਂ ਸਮਾਰਤ-ਕਰਮ ਕਰਣ ਦਾ ਅਧਿਕਾਰ ਨਹੀ।

ਕੀ ਇਹ ਨੀਵੀਆਂ ਜਾਤਾਂ ਅਤੇ ਇਸਤ੍ਰੀ-ਜਾਤ ਉੱਤੇ ਜ਼ੁਲਮ ਨਹੀ?

ਮਨੂ ਸਿਮ੍ਰਿਤੀ, ਅਧਿਆਇ ੫, ਸ਼ਲੋਕ ੧੩, “ਸ਼ਵਾਵਿਧੰ……੦”; ਸ਼ਲੋਕ ੨੭ “ਪ੍ਰੋਕਸ਼ਿਤੰ…੦” ਸ਼ਲੋਕ ੩੨, “ਕ੍ਰੀਤਵਾ…੦”; ਸ਼ਲੋਕ ੩੫, “ਨਿਯੁਕਤਸਤੂ…੦”: ਸ਼ਲੋਕ ੫, ‘ਲਸ਼ੁਨੰ. . ੦` ਇਨ੍ਹਾਂ ਸ਼ਲੋਕਾਂ ਅਨੁਸਾਰ ਸੇਹ, ਗੋਹ ਅਤੇ ਕਛੂਏ ਆਦਿ ਦੇ ਮਾਸ ਨੂੰ ਦੇਵਤਿਆਂ, ਪਿਤਰਾਂ ਜਾਂ ਬ੍ਰਾਹਮਣਾਂ ਨੂੰ ਅਰਪਣ ਕਰਕੇ ਖਾਣ ਵਾਲੇ ਮਹਾਪੁਰਸ਼ਾਂ ਨੂੰ ਸਵਰਗ ਮਿਲੇਗਾ ਪਰ ਮਾਸ ਦੀ ਜਗ੍ਹਾ ਗਾਜਰ, ਪਿਆਜ, ਲ੍ਹਸਨ ਆਦਿ ਸਬਜ਼ੀਆਂ ਖਾਣ ਦੀ ਗ਼ਲਤੀ ਕਰਣ ਵਾਲੇ ਨਰਕ ਦਾ ਕੀੜਾ ਬਣਦੇ ਹਨ। ਖਾਣ-ਪੀਣ ਦਾ ਇਹ ਵਿਧਾਨ ਰਚ ਕੇ ਸਿਮ੍ਰਿਤੀ-ਕਾਰਾਂ ਨੇ ਧਰਮ ਤੇ, ਮਨੁਖਤਾ ਤੇ, ਕੀ ਉਪਕਾਰ ਕੀਤਾ?

:: ਮਹਾਭਾਰਤ:::: ਵਨ ਪਰਵ, ਅਧਿਆਇ ੨੦੭; ਦ੍ਰੋਣ ਪਰਵ ਅਧਿਆਇ ੬੭; ਸ਼ਾਂਤਿ ਪਰਵ ਅਧਿਆਇ ੨੯, ਅਧਿਆਇ ੨੬੫ ਅਤੇ ਅਧਿਆਇ ੨੬੮ ਵਿੱਚ ਰਾਜਾ ਰਂਤੀਦੇਵ ਨੂੰ ਮਹਾ-ਗਊ-ਹਤਿਆਰਾ ਦਸਿਆ ਗਿਆ ਹੈ।

:: ਤੰਤ੍ਰ:::: ਸ਼ੈਵ-ਮਤੀਏ (ਸ਼ਿਵ ਪੂਜਕ) ਅਤੇ ਸ਼ਾਕਤ-ਮਤੀਏ (ਦੇਵੀ ਪੂਜਕ) ਤੰਤ੍ਰਾਂ ਮੁਤਾਬਕ ਤੰਤ੍ਰ-ਵਿਸ਼ਵਾਸੀ ਤਾਂਤ੍ਰਿਕਾਂ ਦਾ ਯਕੀਨ ਹੈ ਕਿ ਸ਼ਿਵ ਅਤੇ ਸ਼ਕਤੀ ਦੋਵੇਂ ਮਾਸ ਤੇ ਸ਼ਰਾਬ ਬਿਨਾ ਪ੍ਰਸੰਨ ਨਹੀ ਹੁੰਦੇ। ਇਸ ਲਈ ਇਨ੍ਹਾਂ ਦੇ ਮੰਦਿਰਾਂ ਵਿੱਚ ਸ਼ਰਾਬ ਤੇ ਮਾਸ ਦਾ ਭੋਗ ਲਗਦਾ ਹੈ। ਉੜੀਸਾ ਵਿੱਚ ਤੰਤ੍ਰਾਂ ਦੇ ਆਧਾਰ ਤੇ ਬਣਾਏ ਜਗੰਨਾਥ, ਭੁਵਨੇਸ਼ਵਰ ਅਤੇ ਕੋਨਾਰਕ ਦੇ ਪ੍ਰਸਿਧ ਮੰਦਿਰ ਹਨ। ਇਨ੍ਹਾਂ ਮੰਦਿਰਾਂ ਦੇ ਉਪਰਲੇ ਤੇ ਨਿਚਲੇ ਹਿੱਸੇ ਵਿੱਚ ਜਵਾਨ ਮਰਦਾਂ-ਔਰਤਾਂ ਦੀਆ ਪੱਥਰ ਦੀਆਂ ਮੂਰਤੀਆਂ ਹਨ ਜੋ ਅਨੇਕਾਂ ਆਸਨਾਂ ਰਾਹੀਂ ਕਾਮ-ਕ੍ਰੀੜਾ ਕਰਦੇ ਦਿਖਾਏ ਗਏ ਹਨ। ਐਸੇ ਧਰਮ-ਸਥਾਨ ਕਿਸ ਤਰ੍ਹਾਂ ਦਾ ਗਿਆਨ ਦੇਣਗੇ? ਕੀ ਕੋਕ ਸ਼ਾਸਤ੍ਰ ਦਾ ਪ੍ਰਤੱਖ ਚਿਤ੍ਰਣ ਮਾਨਵ-ਧਰਮ ਕਿਹਾ ਜਾ ਸਕਦਾ ਹੈ? ਕੀ ਐਸੇ ਰਾਖਸ਼ੀ-ਮੰਦਿਰਾਂ ਵਿੱਚ ਦੇਵਤੇ ਰਹਿ ਸਕਦੇ ਹੋਣਗੇ? ਜਿਨੑਾਂ ਦੇ ਨਾਂ ਤੇ ਇਹ ਮੰਦਿਰ ਬਣਾਏ ਗਏ ਹਨ, ਕੀ ਉਹ ਦੇਵਤੇ ਅਖਵਾਣ ਦੇ ਹਕਦਾਰ ਹੋ ਸਕਦੇ ਹਨ? ਤੰਤ੍ਰਾਂ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਦੇਵੀ ਦੀ ਪੂਜਾ ਮਹਾ-ਮੂਰਖਤਾ ਦੀ ਨਿਸ਼ਾਨੀ ਹੈ। ਮਿਸਾਲ ਵਜੋਂ ਸੋਚੋ, ਮਰਦ-ਪੁਜਾਰੀ ਔਰਤ-ਰੂਪ ਦੇਵੀਆਂ ਨੂੰ ਇਸ਼ਨਾਨ ਕਰਾਂਦੇ ਹਨ ਅਤੇ ਉਨ੍ਹਾਂ ਦਾ ਹਾਰ-ਸ਼ਿੰਗਾਰ ਕਰਦੇ ਹਨ। ਕੀ ਕੋਈ ਜੀਂਦੀ-ਜਾਗਦੀ ਸੂਝਵਾਨ ਔਰਤ ਇਸ ਤਰਾਂ ਜਨਤਾ ਦੇ ਸਾਮ੍ਹਣੇ ਆਵੇਗੀ? ਇਸ ਲਈ ਜੇਕਰ ਇਹ ਦੇਵੀਆਂ ਉਸ ਮੰਦਿਰ ਵਿੱਚ ਹੁੰਦੀਆਂ ਤਾਂ ਆਪਣੇ ਨਾਲ ਇਹ ਦੁਰਾਚਾਰ ਨਾ ਹੋਣ ਦੇਂਦੀਆਂ।

ਇਸੇ ਤਰ੍ਹਾਂ ਨੌ-ਗ੍ਰਹਾਂ ਦੀ ਪੂਜਾ ਨੂੰ ਵੀ ਸਿਰਫ਼ ਤੰਤ੍ਰਾਂ ਨੇ ਹੀ ਗ੍ਰਹ-ਸ਼ਾਂਤੀ ਲਈ ਚਾਲੂ ਕੀਤਾ ਹੈ, ਕਿਉਂਕਿ ਵੈਦਿਕ-ਕਰਮ ਅਤੇ ਸਮਾਰਤ-ਕਰਮ ਵਿੱਚ ਇਨ੍ਹਾਂ ਗ੍ਰਹਾਂ ਦੀ ਪੂਜਾ ਦਾ ਕੋਈ ਵਿਧਾਨ ਨਹੀ। ਇਨ੍ਹਾਂ ਗ੍ਰਹਾਂ ਵਿੱਚ ਕੁੱਝ ਦੇਵਤੇ ਮੰਨੇ ਜਾਂਦੇ ਹਨ ਅਤੇ ਕੁੱਝ ਰਾਖਸ਼। ਸੋਚਣ ਵਾਲੀ ਗਲ ਹੈ ਕਿ ਜਿਸ ਘਰ ਵਿੱਚ ਰਾਹੂ, ਕੇਤੂ, ਸ਼ਨੀ ਵਰਗੇ ਰਾਖਸ਼ਾਂ ਦੀ ਇੰਦਰ, ਬ੍ਰਹਸਪਤਿ, ਅਗਨੀ ਵਰਗੇ ਦੇਵਤਿਆਂ ਨਾਲ ਇਕੱਠੀ ਪੂਜਾ ਹੁੰਦੀ ਹੋਵੇ, ਉਥੇ ਸੁਖ-ਸ਼ਾਂਤੀ ਕਿਵੇਂ ਹੋ ਸਕਦੀ ਹੈ? ਕਿਉਂਕਿ ਦੇਵਤਿਆਂ ਤੇ ਰਾਖਸ਼ਾਂ ਦਾ ਕਦੇ ਮਿਲਾਪ ਹੋ ਨਹੀ ਸਕਦਾ। ਇੱਕ ਪੂਰਬ ਹੈ ਤਾਂ ਦੂਜਾ ਪੱਛਮ, ਇੱਕ ਧਿਰ ਸੁਖ ਦੇਣਾ ਚਾਹੇਗੀ ਤਾਂ ਦੂਜੀ ਧਿਰ ਵਿਰੋਧ ਕਰੇਗੀ।

:: ਪੁਰਾਣ:::: ਵੇਦਾਂ ਵਿੱਚ ਜਿਸਨੂੰ ਬ੍ਰਹਮਾ, ਹਿਰੰਯਗਰਭ, ਸਵੈਯੰ-ਭੂ (ਸੈਭੰ) ਅਤੇ ਪਾਰਬ੍ਰਹਮ ਆਖ ਕੇ ਆਦਰ ਦਿਤਾ ਗਿਆ ਹੈ ਅਤੇ ਜਿਸਨੂੰ ਓੁਂਕਾਰ (?) ਨੇ ਪੂਜਣ-ਯੋਗ ਅਤੇ ਪ੍ਰਾਪਤੀ-ਯੋਗ ਦਸਿਆ ਹੈ ਅਤੇ ਜੋ ਬ੍ਰਹਮ-ਵਿਦਿਆ ਦਾ ਪਹਿਲਾ ਆਚਾਰਯ ਹੈ, ਉਹ ਸ਼ਿਵ-ਪੁਰਾਣ ਰੁਦ੍ਰ-ਸੰਹਿਤਾ ਸਤੀ-ਖੰਡ ੨, ਅਧਿਆਇ ੧੯ ਅਨੁਸਾਰ ਅਤਿ-ਕਾਮੀ ਅਤੇ ਧੋਖੇਬਾਜ਼ ਹੈ। ਕਥਾ ਇਸ ਤਰ੍ਹਾਂ ਲਿਖੀ ਹੈ:: ਸ਼ਿਵ ਤੇ ਸਤੀ ਦੇ ਵਿਆਹ ਸਮੇਂ ਸਤੀ ਦੀ ਸੁੰਦਰਤਾ ਵੇਖ ਕੇ ਬ੍ਰਹਮਾ ਕਾਮ-ਵਸ ਹੋ ਗਿਆ। ਗੁੱਸੇ ਵਿੱਚ ਆ ਕੇ ਸ਼ਿਵ ਉਸ ਨੂੰ ਪਾਰ ਬੁਲਾਣ ਲਗਦੇ ਹਨ। ਅਖੀਰ ਤੇ ਵਿਸ਼ਨੂੰ ਜੀ ਸ਼ਿਵ ਨੂੰ ਬੇਨਤੀ ਕਰਕੇ ਬ੍ਰਹਮਾ ਨੂੰ ਛੁਡਾਂਦੇ ਹਨ।

ਇਸੇ ਤਰ੍ਹਾਂ ਭਾਗਵਤ ਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਕ੍ਰਿਸ਼ਨ ਜੀ ਦੇ ਬਛੜੇ ਚੋਰੀ ਕੀਤੇ ਅਤੇ ਕਈ ਵਾਰੀ ਕ੍ਰਿਸ਼ਨ ਜੀ ਦੀ ਉਸਤਤਿ ਕਰਣ ਆਇਆ। … ਰਾਮਾਇਣ ਦਾ ਲੇਖ ਹੈ ਕਿ ਬ੍ਰਹਮਾ ਕਈ ਵਾਰੀ ਰਾਮਚੰਦਰ ਜੀ ਦਾ ਗੁਣਗਾਨ ਕਰਣ ਆਇਆ। … ਸੋ, ਇਨ੍ਹਾਂ ਗ੍ਰੰਥਾਂ ਅਨੁਸਾਰ ਦੇਵਤਾ ਬ੍ਰਹਮਾ ਮਹਾਕਾਮੀ, ਅਗਿਆਨੀ, ਚੋਰ ਅਤੇ ਸਸਤਾ ਜਿਹਾ ਭੱਟ ਹੈ।

:: ਸ਼ਿਵ ਪੁਰਾਣ::: ਕੋਟਿ ਰੁਦ੍ਰ ਸੰਹਿਤਾ ੪, ਅਧਿਆਇ ੧੨ ਵਿੱਚ ਸ਼ਿਵ ਅਤੇ ਪਾਰਵਤੀ ਦੀ ਐਸੀ ਅਸ਼ਲੀਲ ਕਥਾ ਦਰਜ ਹੈ ਜਿਸਨੂੰ ਦਸਣਾ ਅਤੇ ਸੁਣਨਾ ਔਖਾ ਹੈ। ਬਹੁਤ ਹਿੰਮਤ ਕਰਕੇ ਕਥਾ-ਸੰਖੇਪ ਲਿਖਦਾ ਹਾਂ::

ਦਾਰੂਕ ਨਾਮਕ ਜੰਗਲ…ਸ਼ਿਵ ਬਿਲਕੁਲ ਨੰਗੇ ਘੁੰਮ ਰਹੇ ਹਨ…ਰਿਸ਼ੀ-ਪਤਨੀਆਂ ਦੀ ਪਰਵਾਹ ਨ ਕਰਦੇ ਹੋਏ ਕਾਮ-ਤ੍ਰਿਪਤੀ ਦੇ ਇੱਛੁਕ ਹੋ ਗਏ…ਰਿਸ਼ੀ-ਪਤਨੀਆਂ ਸ਼ਿਵ ਨੂੰ ਕਾਮ-ਅੰਧ ਵੇਖਕੇ ਖੁਦ ਵੀ ਕਾਮੀ ਹੋਈਆਂ ਫਿਰਨ…ਰਿਸ਼ੀ ਵਾਪਸ ਆਏ ਤਾਂ ਇਹ ਮਾੜਾ ਨਜ਼ਾਰਾ ਵੇਖ ਕੇ ਬਹੁਤ ਗੁੱਸੇ ਵਿੱਚ ਆਏ ਅਤੇ ਸ਼ਿਵ ਨੂੰ ਬੇਸ਼ਰਮੀ ਕਾਰਣ ਨਰ-ਅੰਗ ਟੁੱਟਣ ਦਾ ਸਰਾਪ ਦੇ ਦਿੱਤਾ। ਨਰ-ਅੰਗ ਟੁੱਟ ਕੇ ਧਰਤੀ ਤੇ ਡਿੱਗਾ ਅਤੇ ਉਸ ਵਿਚੋਂ ਬੜੀ ਤੇਜ਼ ਅੱਗ ਭੜਕ ਉਠੀ ਅਤੇ ਤ੍ਰਿਲੋਕੀ ਸੜਨ ਲਗੀ। ਸਭ ਪਾਸੇ ਹਾਹਾਕਾਰ ਮਚ ਗਈ। ਦੇਵਤੇ ਤੇ ਰਿਸ਼ੀ-ਜਨ ਬਹੁਤ ਡਰ ਗਏ, ਬ੍ਰਹਮਾ ਜੀ ਕੋਲ ਆਏ ਅਤੇ ਉਨ੍ਹਾਂ ਦੀ ਸਲਾਹ ਮੰਨ ਕੇ ਸ਼ਿਵ ਜੀ ਨੂੰ ਮਿਲੇ। ਅਖੀਰ ਤੇ ਸਾਰੇ ਕੱਠੇ ਹੋ ਕੇ ਪਾਰਵਤੀ ਜੀ ਦੀ ਖੁਸ਼ਾਮਦ ਕਰਣ ਲਗੇ, ਜਿਨੑਾਂ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਸੜਦੇ ਹੋਏ ਨਰ-ਅੰਗ ਨੂੰ ਯੋਨੀ-ਰੂਪ ਹੋ ਕੇ ਸਦਾ ਲਈ ਧਾਰਣ ਕਰ ਲਿਆ। ਇਸੇ ਤੋਂ ਪੱਥਰ ਦੇ ਲਿੰਗ-ਯੋਨੀ ਦੀ ਪੂਜਾ ਸ਼ੁਰੂ ਹੋਈ ਦੱਸੀ ਜਾਂਦੀ ਹੈ, ਅਤੇ ਮੰਦਿਰਾਂ ਵਿੱਚ ਜਾ ਕੇ ਉਸ ਲਿੰਗ-ਯੋਨੀ ਤੇ ਪਾਣੀ ਚੜ੍ਹਾਉਣ ਦਾ ਮਹਾਤਮ ਵੀ ਬਾਦ ਵਿੱਚ ਲਿਖ ਦਿੱਤਾ ਗਿਆ, ਜੋ ਕਿ ਇਸ ਤਰ੍ਹਾਂ ਹੈ: ਪੱਥਰ ਦੀ ਲਿੰਗ-ਯੋਨੀ ਤੇ ਪਾਣੀ ਪਾਉਣ ਨਾਲ ਸ਼ਿਵ ਤੇ ਪਾਰਵਤੀ ਦੇ ਗੁਪਤ-ਅੰਗਾਂ ਦੀ (ਹਰ ਵਕਤ ਭੋਗ ਮੁਦ੍ਰਾ ਵਿੱਚ ਰਹਿਣ ਦੇ ਕਾਰਣ) ਵਧੀ ਹੋਈ ਕਾਮ-ਅਗਨੀ ਸ਼ਾਂਤ ਹੁੰਦੀ ਰਹਿੰਦੀ ਹੈ। ਇਸ ਤੋਂ ਓੁਹ ਭਗਤਾਂ ਨੂੰ ਖ਼ੁਸ਼ ਹੋ ਕੇ ਮਨਪਸੰਦ ਵਰ ਦਿੰਦੇ ਹਨ, ਵਗੈਰਾ ਵਗੈਰਾ. .। ਕੀ ਇਹ ਸਭ ਕੁੱਝ ਪੜ੍ਹ ਕੇ ਵੀ ਸਾਨੂੰ ਇਸ ਤਰ੍ਹਾਂ ਦੀ ਉਪਾਸਨਾ ਕਰਦੇ ਰਹਿਣਾ ਚਾਹੀਦਾ ਹੈ?

ਐਸੀ ਹੀ ਕਾਰਤਿਕ (ਕੱਤਕ) ਮਹਾਤਮ ਦੀ ਕਥਾ ਹੈ:: ਇਸ ਕਥਾ ਵਿੱਚ ਵਿਸ਼ਨੂੰ ਨੂੰ ਮਹਾ-ਨਿਰਲੱਜ ਅਤੇ ਮਹਾ-ਕਾਮੀ ਦਸਿਆ ਗਿਆ ਹੈ। ਪਹਿਲਾਂ ਤਾਂ ਉਹ ਜਾਲੰਧਰ ਨਾਮਕ ਦੈਂਤ ਦੀ ਪਤੀ-ਵ੍ਰਤਾ ਇਸਤ੍ਰੀ ਦਾ ਸਤ-ਭੰਗ ਕਰਦੇ ਦਸੇ ਗਏ ਹਨ, ਫਿਰ ਜਦ ਉਹ ਸੁੰਦਰੀ ਅਪਨੇ ਮ੍ਰਿਤ-ਪਤੀ ਨਾਲ ਸਤੀ ਹੋ ਜਾਂਦੀ ਹੈ ਤਾਂ ਵਿਸਨੂੰ ਨੂੰ ਉਸਦੀ ਬਿਰਹਾ ਵਿੱਚ ਤੜਫ਼ਦੇ, ਵਿਲਕਦੇ ਅਤੇ ਦੁ-ਹੱਥੜ ਪਿੱਟਦੇ-ਰੋਂਦੇ ਦਸਿਆ ਹੈ ਤੇ ਅਖ਼ੀਰ ਵਿੱਚ ਉਸਦੀ ਸ਼ਮਸ਼ਾਨ ਦੀ ਰਾਖ ਵਿੱਚ ਜਾ ਲੇਟਦੇ ਹਨ। ਅਜਕਲ ਜੇ ਕੋਈ ਕਿਸੇ ਪਰਾਈ ਇਸਤ੍ਰੀ ਦੀ ਰਾਖ ਵਿੱਚ ਲੋਕਾਂ ਸਾਮ੍ਹਣੇ ਲੇਟੇ ਤੇ ਚੀਕਾਂ ਮਾਰੇ, ਤਾਂ ਕੀ ਉਸਦੀ ਗੁੰਡਾ-ਗਰਦੀ ਦੇ ਦੋਸ਼ ਵਿੱਚ ਪਕੜ ਕੇ ਡੰਡਾ-ਪਰੇਡ ਨਾ ਹੋਵੇ ਤੇ ਮਾਰ-ਮਾਰ ਕੇ ਉਸ ਵਿੱਚ ਵੜੇ ਇਸ਼ਕ ਦੇ ਭੂਤ ਨੂੰ ਲੋਕੀ ਨਾ ਕੱਢ ਦੇਣ?

:: ਬ੍ਰਹਮਵੈਵਰਤ ਪੁਰਾਣ:::: ਪ੍ਰਕ੍ਰਿਤੀ ਖੰਡ, ਅਧਿਆਇ ੫੪, ਸ਼ਲੋਕ ੪੭, ੪੮, ੪੯ (ਰਾਜਾ ਸੁਯਗ ਦੇ ਯੱਗ):: “ਰਾਜਸੂਯ ਸਹਸ੍ਰੰਚ ……ਮਿਸ਼ਟ ਦ੍ਰਵਯੈ: ਸੁਦੁਰਲਭੈ: “

ਇਨ੍ਹਾਂ ਸ਼ਲੋਕਾਂ ਦੇ ਅਰਥ ਇਉਂ ਹਨ: “ਰਾਜਾ ਸੁਯੱਗ ਨੇ ਰਾਜਸੂਯ ਨਾਮਕ ੧੦੦੦ ਯੱਗ ਨਰਬਦਾ ਨਦੀ ਦੇ ਕੰਡੇ ਤੇ ਕੀਤੇ ਸਨ, ਤਿੰਨ ਲੱਖ (੩, ੦੦, ੦੦੦) ਅਸ਼ਵਮੇਧ ਯੱਗ ਕੀਤੇ ਸਨ; ਅਰਥਾਤ ਤਿੰਨ ਲੱਖ ਘੋੜੇ ਮਾਰੇ ਸਨ। ਤਿੰਨ ਲੱਖ ਨਰ-ਮੇਧ ਯੱਗ ਕੀਤੇ ਅਰਥਾਤ ੩, ੦੦, ੦੦੦ ਮਨੁਖ ਕਤਲ ਕੀਤੇ। ਇਸੇ ਤਰ੍ਹਾਂ ਬੜੀ ਅਦਭੁਤ ਵਿਧੀ ਨਾਲ ਚਾਰ ਲੱਖ ਗਊ-ਮੇਧ ਯੱਗ ਕੀਤੇ ਅਰਥਾਤ ੪੦੦, ੦੦੦ ਗਊਆਂ ਮਾਰੀਆਂ ਸਨ। ਘਿਉ ਵਿੱਚ ਤਲ ਕੇ ਪੰਜ ਲੱਖ (੫, ੦੦, ੦੦੦) ਗਊਆਂ ਦਾ ਮਾਸ, ਹੋਰ ਕਈ ਸੁਆਦਲੇ ਦੁਰਲਭ ਪਦਾਰਥਾਂ ਨਾਲ ਰੋਜ਼ਾਨਾ ਤਿੰਨ ਕਰੋੜ (੩, ੦੦, ੦੦, ੦੦੦) ਬ੍ਰਾਹਮਣਾਂ ਨੂੰ ਭੋਜਨ ਛਕਾਉਂਦਾ ਸੀ”। ਇਉਂ ਲਗਦਾ ਹੈ ਜਿਵੇਂ ਕੋਈ ਅਕਲੋਂ-ਸਖਣਾ, ਅਤਿ-ਝੂਠਾ, ਮਹਾ-ਮੂਰਖ ਵਾਮ-ਪੰਥੀ (ਗਊ-ਮਾਸ ਛਕਣ ਵਾਲਾ) ਕਵੀ ਹੈ ਜੋ ਕਿ ਮਨੁਖ ਦੀਆਂ ਅਸੰਖਾਂ ਪੀੜ੍ਹੀਆਂ ਵਿੱਚ ਹੋਣ ਵਾਲੇ ਯੱਗਾਂ ਨੂੰ ਇੱਕ ਮਨੁਖ ਦੇ ਕੁੱਝ ਸਾਲਾਂ ਵਿੱਚ ਕੀਤੇ ਦੱਸ ਰਿਹਾ ਹੈ।

:: ਗਰੁੜ ਪੁਰਾਣ ਵਿੱਚ ਲਿਖਿਆ ਹੈ::: ਮਰਣ ਪਿਛੋਂ ਜੀਵ ਅਪਣੇ ਕੀਤੇ ਮਾੜੇ ਕਰਮਾਂ ਕਾਰਣ ਨਰਕਾਂ ਵਿੱਚ ਜਾਂਦਾ ਹੈ, ਪਰ ਓਥੇ ਉਸਨੂੰ ਅੰਨ, ਪਾਣੀ, ਛਤਰੀ, ਜੁੱਤੀ ਆਦਿਕ ਸਮਾਨ ਪਿਛੇ ਰਹਿ ਗਏ ਰਿਸ਼ਤੇਦਾਰਾਂ ਦਾ ਦਿੱਤਾ ਬ੍ਰਾਹਮਣਾਂ ਰਾਹੀਂ ਪਹੁੰਚਦਾ ਹੈ। ਨਾ ਸਿਰਫ਼ ਨਰਕ ਵਿੱਚ ਬਲਕਿ ਸਵਰਗ ਵਿੱਚ ਵੀ ਸੁਖ ਦੇ ਸਾਰੇ ਸਾਧਨ ਪਿਛੇ ਰਹੇ ਰਿਸ਼ਤੇਦਾਰਾਂ ਰਾਹੀਂ ਬ੍ਰਾਹਮਣਾਂ ਨੂੰ ਦੇਣ ਨਾਲ ਪਹੁੰਚਦੇ ਹਨ। ਇਸ ਲਈ ਕਿਸੇ ਦੇ ਮਰਣ ਤੋਂ ਬਾਦ ਵਧੀਆ ਕਪੜਾ ਮੰਜੀ/ਪਲੰਘ ਤੇ ਵਿਛਾ ਕੇ ਉਤੇ ਬ੍ਰਾਹਮਣ-ਦੇਵਤਾ ਨੂੰ ਬਿਠਾ ਕੇ ਝੂਟੇ ਦਿਤੇ ਜਾਂਦੇ ਹਨ ਤਾਂਕਿ ਮ੍ਰਿਤ-ਜੀਵ ਨੂੰ ਵੀ ਸਵਰਗ ਵਿੱਚ ਬਿਸਤਰੇ ਸਮੇਤ ਮੰਜੀ ਨਸੀਬ ਹੋਵੇ ਅਤੇ ਧਰਤੀ ਤੇ ਧੱਕੇ ਨਾ ਖਾਣੇ ਪੈਣ। ਪਰ ਇਹ ਸਾਰਾ ਸਾਮਾਨ ਤਾਂ ਬ੍ਰਾਹਮਣ ਦੇ ਘਰ ਵਿੱਚ ਹੀ ਇਸਤੇਮਾਲ ਹੁੰਦਾ ਹੈ। ਪਤਾ ਨਹੀਂ ਨਰਕ-ਸਵਰਗ ਵਿੱਚ ਕਿਹੜਾ ਪਾਰਸਲ ਪਹੁੰਚਦਾ ਹੈ? ਪੁਰਾਣਾਂ ਨੇ ਮਿਰਤਕ ਜੀਵਾਂ ਤੇ ਵੀ ਦਇਆ ਨਹੀ ਕੀਤੀ ਅਤੇ ਬੜੀ ਚਲਾਕੀ ਨਾਲ ਲੁੱਟ-ਖਸੁਟ ਕੀਤੀ; ਅੰਨ੍ਹੀ ਤੇ ਭੋਲੀ ਸ਼ਰਧਾ ਦਾ ਬਹੁਤ ਘਾਣ ਕੀਤਾ।

ਗਰੁੜ ਪੁਰਾਣ ਵਿੱਚ ਇਹ ਵੀ ਲਿਖਿਆ ਹੈ ਕਿ ਮਰਣ ਤੋਂ ਬਾਦ ਜੀਵ ਨੂੰ ਇੱਕ ਵੈਤਰਣੀ ਨਾਮਕ ਨਾਰਕੀ ਨਦੀ ਪਾਰ ਕਰਣੀ ਪੈਂਦੀ ਹੈ। ਇਹ ਖੂਨ ਅਤੇ ਮਿਝ ਦੀ ਭਰੀ ਹੋਈ ਭਿਆਨਕ ਨਦੀ ਹੈ ਅਤੇ ਇਸ ਨੂੰ ਪਾਰ ਕਰਣ ਲਈ ਗਊ ਦੀ ਪੂਛਲ ਫੜਨੀ ਪੈਂਦੀ ਹੈ। ਪਰ ਗਊ ਉਸ ਨੂੰ ਪਾਰ ਕਰਾਂਦੀ ਹੈ ਜਿਸਨੇ ਜੀਂਦੇ ਜੀ ਗਊ ਦਾਨ ਕੀਤੀ ਹੋਵੇ, ਇਸ ਲਈ ਗਊ-ਦਾਨ ਕਰਨੀ ਹਰੇਕ ਲਈ ਜ਼ਰੂਰੀ ਹੈ…। ਪਰ ਇਸ ਡਰਾਉਣੀ ਕਥਾ ਦਾ ਮਹਲ ਜਗ੍ਹਾ ਜਗ੍ਹਾ ਤੋਂ ਤਿੜਕਿਆ ਦਿਸਦਾ ਹੈ, ਜੇ ਕੋਈ ਥੋੜੀ ਜਹੀ ਵੀ ਦਲੀਲ ਵਰਤੇ। ਮੰਨ ਲਓ, ਦਾਨ ਦਿੱਤੀ ਗਊ ਵੈਤਰਨੀ ਪਾਰ ਕਰਾਂਦੀ ਹੈ, ਪਰ ਉਹ ਤਾਂ ਬ੍ਰਾਹਮਣ ਦੇ ਘਰ ਜੀਉਂਦੀ ਦੁੱਧ ਦੇ ਰਹੀ ਹੈ। ਜੇ ਉਹ ਗਊ ਮਿਰਤਕ-ਪ੍ਰਾਣੀ ਦੇ ਨਾਲ ਹੀ ਮਰ ਜਾਂਦੀ ਤਾਂ ਤੇ ਮੰਨ ਸਕਦੇ ਹਾਂ ਕਿ ਉਹ ਮਿਰਤਕ ਨੂੰ ਪਾਰ ਕਰਾਣ ਲਈ ਨਾਲ ਹੀ ਚਲੀ ਗਈ। ਕੋਈ ਪਾਪੀ ਜੀਵ ਤਾਂ ਫਲ ਭੋਗਣ ਲਈ ਵੈਤਰਣੀ ਵਿੱਚ ਧੱਕ ਦਿਤਾ ਜਾਵੇ ਪਰ ਗਊ ਵਿਚਾਰੀ ਨੂੰ ਕਿਸ ਪਾਪ ਦੀ ਸਜ਼ਾ ਦੇਣ ਲਈ ਵੈਤਰਣੀ ਵਿੱਚ ਧੱਕਿਆ? ਐਸੇ ਧਰਮ ਵਿਧਾਨ ਸ਼ਰਧਾਲੂ ਜਨਤਾ ਨੂੰ ਲੁੱਟਣ ਦੇ ਤਰੀਕੇ ਹਨ, ਹੋਰ ਕੁੱਝ ਨਹੀਂ। ਸੋ, ਇਹ ਪਾਪ ਕਰਮ ਹਨ ਅਤੇ ਪੁੰਨ-ਆਤਮਾ ਪ੍ਰਭੂ-ਭਗਤਾਂ ਦੇ ਮਨ ਵਿੱਚ ਭੈ ਪੈਦਾ ਕਰਨ ਕਾਰਣ ਬਖ਼ਸ਼ਣ-ਯੋਗ ਨਹੀ।

ਮਿਰਤਕ ਦੀ ਗਤੀ ਲਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਉਸਦੇ ਰਿਸ਼ਤੇਦਾਰ ਸਿਰ ਮੁਨਾੑ ਕੇ ਭਾਰਤ ਦੇ ਸਾਰੇ ਤੀਰਥਾਂ ਤੇ ਜਾ ਕੇ ਪਿੰਡ-ਦਾਨ, ਸ਼ਰਾਧ ਆਦਿ ਕਰਮ ਕਰਾਣ। ਪਰ ਕੋਣ ਹੈ ਜੋ ਸਾਰੇ ਤੀਰਥਾਂ ਤੇ ਜਾ ਕੇ ਐਸਾ ਕਰ ਸਕਦਾ ਹੈ? ਕਿਉਂਕਿ ਐਸਾ ਕਿਸੇ ਤੋਂ ਹੋ ਹੀ ਨਹੀ ਸਕਦਾ, ਇਸ ਲਈ “ਗਤੀ” ਲਫ਼ਜ਼ ਹੀ ਹਟਾ ਦੇਣਾ ਚਾਹੀਦਾ ਹੈ ਅਤੇ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਸਾਰੀ ਮਨੁਖ-ਜਾਤਿ ਹੀ ਅਵਗਤ ਜਾਵੇਗੀ। ਪਰ ਇਹ ਮੂਰਖ ਬ੍ਰਾਹਮਣਾਂ ਦੀ ਬੇ-ਸਿਰ-ਪੈਰ ਦੀ ਸੋਚਣੀ ਹੈ। ਆਤਮ ਪੁਰਾਣ:: ੧੪ਵੇਂ ਅਧਿਆਇ ਦਾ ਮਤ ਹੈ ਕਿ ਅਧਰਮੀ (ਅਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਨੂੰ ਧਾਰਣ ਵਾਲਾ) ਜੀਵ ਮਰਣ ਤੋਂ ਬਾਦ ਹਮੇਸ਼ਾਂ ਲਈ ਸੋਂ ਜਾਂਦਾ ਹੈ ਅਤੇ ਅਨੰਤ ਸਮੇ ਬਾਦ ਬ੍ਰਹਮਾ ਜਾਂ ਖ਼ੁਦਾ ਹੀ ਉਹਨੂੰ ਜਗਾਉਂਦਾ ਹੈ।

ਇਸ ਲਈ ਉਹ ਪਿਛੇ ਰਹਿ ਗਏ ਰਿਸ਼ਤੇਦਾਰਾਂ ਤੋਂ ਕੋਈ ਚੀਜ਼ ਨਹੀ ਮੰਗਦਾ। … ਪਰ ਮਿਰਤਕ ਦਾ ਸ਼ਰੀਰ, ਮਰਣ ਤੋਂ ਅਨੰਤ ਕਾਲ ਬਾਦ, ਤਾਂ ਮਿੱਟੀ ਵਿੱਚ ਮਿਲ ਚੁੱਕਾ ਹੁੰਦਾ ਹੈ ਅਤੇ ਫਿਰ ਧਾਰਣ ਕਰਣ ਦੀ ਸਮਰੱਥਾ ਹੀ ਨਹੀ ਹੁੰਦੀ, ਕਿਉਂਕਿ ਜੇ ਹੁੰਦੀ ਤਾਂ ਮਰਦਾ ਕਿਉਂ? ਇਥੇ ਹੀ ਬਸ ਨਹੀਂ, ਪੁਰਾਣ ਲਿਖਣ ਵਾਲਿਆਂ ਨੇ ਭੋਲੀ-ਭਾਲੀ ਜਨਤਾ ਨੂੰ ਅਪਣੇ ਵਾਮ-ਮਾਰਗੀ ਵਿਧਾਨਾਂ ਦੇ ਪੰਜੇ ਵਿੱਚ ਪੱਕੇ ਤੌਰ ਤੇ ਰਖਣ ਲਈ ਅਨੇਕਾਂ ਝੂਠੀਆਂ ਕਥਾਵਾਂ ਵੀ ਰਚ ਦਿੱਤੀਆਂ ਅਤੇ ਇਨ੍ਹਾਂ ਦੇ ਨਾਯਕ ਬਣਾਏ ਹਨ ਰਾਜਾ ਦਸ਼ਰਥ ਵਰਗੇ ਧਰਮਾਤਮਾ ਅਤੇ ਰਾਜਾ ਜਨਕ ਜੈਸੇ ਤੱਤ-ਗਿਆਨੀ ਤਾਂ ਕਿ ਕੋਈ ਵੀ ਇਨ੍ਹਾਂ ਕਰਮ-ਕਾਂਡਾਂ ਦੇ ਮਾਮਲੇ ਕਿੰਤੂ-ਪਰੰਤੂ ਨਾ ਕਰ ਸਕੇ। ਮਿਸਾਲ ਵਜੋਂ, ਇੱਕ ਜਗ੍ਹਾ ਲਿਖਿਆ ਹੈ ਕਿ ਰਾਜਾ ਦਸ਼ਰਥ ਨੇ ਸਵਰਗ ਤੋਂ ਆ ਕੇ ਗਯਾ (ਤੀਰਥ) ਪਹੁੰਚ ਕੇ ਸੀਤਾ ਜੀ ਦੇ ਦਾਨ ਕੀਤੇ ਰੇਤ ਦੇ ਲੱਡੂ ਖਾਧੇ ਸਨ। ਭੀਸ਼ਮ ਪਿਤਾਮਹ ਦੇ ਪਿਤਾ ਸ਼ਾਂਤਨੂੰ ਨੇ ਸਵਰਗ ਤੋਂ ਆ ਕੇ ਜੌ-ਆਟੇ ਦੇ ਲੱਡੂ ਖਾਧੇ ਸਨ। ਐਸੀਆਂ ਪੌਰਾਣਕ ਕਥਾਵਾਂ ਵਿੱਚ ਰੱਤੀ ਭਰ ਵੀ ਅਸਲੀਯਤ ਨਹੀ। ਕੀ ਇਹ ਹਾਸੋ-ਹੀਣੀ ਮੂਰਖਤਾ ਵਾਲੀ ਗੱਲ ਨਹੀ, ਕਿ ਕੋਈ ਰਾਜਾ ਜਨਕ ਜਹੇ ਬ੍ਰਹਮ-ਲੀਨ ਜੀਵ ਦੀ ਗਤੀ ਕਰਾਣ ਲਈ ਗਯਾ ਵਰਗੇ ਤੀਰਥਾਂ ਤੇ ਭਟਕਦਾ ਫਿਰੇ? ਪਰ, ਜੇਕਰ ਅਸੀ ਸਭ ਉਪਰਲੀਆਂ ਦਲੀਲਾਂ ਪਾਸੇ ਰਖਕੇ ਮੰਨ ਲਈਏ ਕਿ ਇਨ੍ਹਾਂ ਸਿਮ੍ਰਿਤੀਆਂ ਅਤੇ ਪੁਰਾਣਾਂ ਦੀ ਸਾਰੀ ਬਾਣੀ ਸੱਚ ਹੈ ਤਾਂ ਇਹ ਸਹਜੇ ਹੀ ਮੰਨਣਾ ਪਵੇਗਾ ਕਿ ਇਹ ਬਾਣੀ ਅਪਣੇ ਚੇਲਿਆਂ ਦੇ ਮਿਰਤਕ ਰਿਸ਼ਤੇਦਾਰਾਂ ਦੀ ਗਤੀ ਹੋਵੇ, ਸਹਨ ਨਹੀ ਕਰ ਸਕਦੀ ਕਿਉਂਕਿ ਉਨ੍ਹਾਂ ਦੀ ਗਤੀ ਉਨ੍ਹਾਂ ਦੇ ਕਰਮਾਂ ਦੇ ਅਧੀਨ ਨਹੀ, ਬਲਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਸਤ ਜਾਂ ਹੋਰ ਵੱਧ ਪੀੜ੍ਹੀਆਂ ਦੇ ਵਸ ਵਿੱਚ ਹੈ ਕਿਉਂਕਿ ਮਨੂ ਸਿਮ੍ਰਿਤੀ, ਅਧਿਆਇ ੫, ਸ਼ਲੋਕ ੬੦, “ਸ ਪਿੰਡਤਾਤੂ ……੦” ਅਨੁਸਾਰ ਸ਼ਰੀਰ ਦਾ ਸੰਬੰਧ ਸਤਵੀਂ ਪੀੜੀ ਵਿੱਚ ਜਾ ਕੇ ਖ਼ਤਮ ਹੁੰਦਾ ਹੈ …। ਅਰਥਾਤ, ਸਤ ਪੀੜੀਆਂ ਤਕ ਪਿੰਡ-ਦਾਨ, ਸ਼ਰਾਧ ਆਦਿ ਕਰਮ ਅਪਣੇ ੪੦੦ ਸਾਲ ਪਹਿਲੇ ਮਰ ਚੁੱਕੇ ਵਡੇਰਿਆਂ ਲਈ ਕਰਨੇ ਹੀ ਪੈਣਗੇ ਕਿਉਂਕਿ ਪਿਤਰਾਂ ਦਾ ਰਾਸ਼ਨ-ਕਾਰਡ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਦਾਨ ਤੇ ਚਲਦਾ ਹੈ, ਨਹੀ ਤਾਂ ਓੁਹ ਪਿਤਰ ਭੁੱਖੇ ਮਰਣਗੇ। ਕਿਤਨਾ ਲੰਬਾ ਤੇ ਪੱਕਾ ਜਾਲ ਹੈ ਲੁੱਟ-ਖਸੁੱਟ ਦਾ। ਭਾਵੇਂ ਕੋਈ ਬ੍ਰਹਮ-ਗਿਆਨੀ, ਪ੍ਰਭੂ-ਭਗਤ, ਰਿਸ਼ੀ, ਮੁਨੀ, ਮਹਾਯੋਗੀ ਯਾ ਸੰਨਿਆਸੀ ਮਰੇ, ਉਹਦੇ ਲਈ ਪਾਰਵਣ-ਸ਼ਰਾਧ ਅਤੇ ਨਾਰਾਯਣੀ-ਬਲੀ ਆਦਿਕ ਕਰਮ ਕਰਨੇ ਹੀ ਪੈਣਗੇ; ਨਹੀ ਤਾਂ, ਵੈਤਰਣੀ ਨਦੀ ਉਛਲ ਰਹੀ ਹੈ।

ਇਸ ਪੌਰਾਣਕ ਕਰਮ-ਕਾਂਡ ਨੇ ਜਿਥੇ ਅਗਿਆਨ-ਮਈ ਪਾਖੰਡ-ਵਾਦ ਨੂੰ (ਬ੍ਰਾਹਮਣ ਨੇ ਨਿਜੀ ਸੁਆਰਥ ਲਈ) ਰਚ ਕੇ ਅਨਰਥ ਕੀਤਾ ਹੈ ਉਥੇ ਬਿਬੇਕੀ ਵਿਚਾਰਾਂ ਨੂੰ ਵੀ ਜਨਤਾ ਤਕ ਪਹੁੰਚਣ ਤੋਂ ਰੋਕਿਆ ਹੈ।

ਮਿਰਤਕ ਸੰਸਕਾਰ (ਸਹੀ ਵਿਧੀ) :::: ਤਾਂ ਫਿਰ ਕੀ ਸਾਨੂੰ ਕੋਈ ਮਿਰਤਕ ਸੰਸਕਾਰ ਹੀ ਨਹੀ ਕਰਣਾ ਚਾਹੀਦਾ? ਅਸੀ ਕੋਈ ਕਰਮ ਧਰਮ ਕਰੀਏ ਉਸਦਾ ਮਿਰਤਕ ਨੂੰ ਕੋਈ ਲਾਭ ਜਾਂ ਨੁਕਸਾਨ ਨਹੀ ਹੋਵੇਗਾ ਪਰ ਇਤਨਾ ਕੁ ਸਰਲ ਕਰਮ ਕਰ ਲਈਏ ਜਿਸ ਨਾਲ ਸਾਡੇ ਤੇ ਕੋਈ ਮਾਇਕ ਬੋਝ ਨ ਪਵੇ ਅਤੇ ਮਿਰਤਕ-ਪ੍ਰਾਣੀ ਦਾ ਵਿਛੋੜਾ ਸਹਣ ਲਈ ਸਾਡੀ ਆਤਮਾ ਬਲਵਾਨ ਬਣ ਜਾਵੇ। ਸੋਖੀ ਜਹੀ ਵਿਧੀ ਇਹ ਹੋ ਸਕਦੀ ਹੈ ਕਿ ਮਿਰਤਕ ਦੇਹ ਨੂੰ ਅਗਨ ਭੇਟ ਕਰਣ ਤੋਂ ਬਾਦ ਰਿਸ਼ਤੇਦਾਰ ਤਿੰਨ ਦਿਨ ਸੁਖਮਨੀ ਸਾਹਿਬ ਬਾਣੀ ਦੇ ਜਿੰਨੇ ਪਾਠ ਹੋ ਸਕਣ, ਕਰਣ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਜ ਪਾਠ ਹੋਵੇ, ਇਹ ਪਾਠ ਅਪਣੀ ਗੈਰ-ਹਾਜ਼ਿਰੀ ਵਿੱਚ ਕਿਸੇ ਹੋਰ ਤੋਂ ਕਰਾਣ ਦਾ ਕੋਈ ਲਾਭ ਨਹੀ। ਤੀਜੇ ਦਿਨ ਅਸਥੀਆਂ/ਅੰਗੀਠਾ (ਜੇ ਜ਼ਰੂਰੀ ਚੁਣਨੀਆਂ ਹੀ ਹਨ) ਨੇੜੇ ਵਗਦੇ ਕਿਸੇ ਜਲ ਵਿੱਚ ਪ੍ਰਵਾਹ ਕਰ ਦਿੱਤੀਆਂ ਜਾਣ। ਚੌਥੇ ਦਿਨ ਅਪਣੀ ਸਮਰਥਾ ਅਨੁਸਾਰ ਅੰਨੑ ਪਕਾ ਕੇ ਅਨਾਥਾਂ, ਰੋਗੀਆਂ/ਲੋੜਵੰਦਾ ਵਿੱਚ ਵੰਡ ਦੇਣਾ ਚਾਹੀਦਾ ਹੈ। ਇਸ ਤੋਂ ਬਾਦ ਮਿਰਤਕ ਨਮਿਤ ਕੋਈ ਕਰਮ ਧਰਮ (ਸ਼ਰਾਧ ਆਦਿਕ) ਕਰਣਾ ਭਾਰੀ ਭੁੱਲ ਹੈ। ਮਿਰਤਕ ਸੰਬੰਧੀ ਦਾਨ ਭੋਜਨ ਲਿਖਣ ਵਾਲੇ ਮਹਾ-ਸ਼ੈਤਾਨ ਮਹਾ-ਨਿਰਦਈ, ਅਸੁਰ ਬ੍ਰਾਹਮਣ ਸਨ। ਇਸ ਲਈ ਦਯਾਲੂ ਲੋਕਾਂ ਨੂੰ ਮਿਰਤਕ ਨਮਿਤ ਕੀਤਾ ਭੰਡਾਰਾ (ਲੰਗਰ) ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਭੈੜੀ ਰੀਤ ਵਾਮ-ਮਾਰਗੀਆਂ ਨੇ ਸ਼ੁਰੂ ਕੀਤੀ ਹੈ।

:: ਸਮਾਰਤ ਸੂਤ੍ਰ:::: ਮਧੂਪਰਕ ਵਿਧੀ: ਪਾਰਸਕਰ, ਗ੍ਰਹ ਸੂਤ੍ਰ, ਕਾਂਡ ੧, ਕੰਡਿਕਾ ੩, ਵਿੱਚ ਕਿਹਾ ਗਿਆ ਹੈ ਕਿ (੧) ਘਰ ਆਇਆ ਗੁਰੂ, (੨) ਦੱਖਣਾ ਲੈ ਕੇ ਯੱਗ ਰਚਾਣ ਵਾਲਾ ਬ੍ਰਾਹਮਣ, (੩) ਵਿਆਹ ਸਮੇ ਵਰ, ਦੂਲ੍ਹਾ, (੪) ਰਾਜਤਿਲਕ ਸਮੇ ਰਾਜਾ, (੫) ਘਰ ਆਇਆ ਮੇਹਮਾਨ, (੬) ਗੁਰੂ-ਕੁਲ ਤੋਂ ਪੜ੍ਹ ਕੇ ਆਇਆ ਬ੍ਰਹਮਚਾਰੀ; ਇਹ ਛੇ ਪ੍ਰਾਣੀ ਮਧੂਪਰਕ ਵਿਧੀ ਨਾਲ ਪੂਜਣ-ਯੋਗ (ਪੂਜਯ) ਹਨ।

ਇਸ ਤੋਂ ਅੱਗੇ ਸੂਤ੍ਰ ੪ ਤੋਂ ੨੫ ਤਕ ਦਸੀ ਵਿਧੀ ਦਾ ਸੰਖੇਪ ਇਉਂ ਹੈ:: ਪੁਜਾਰੀ ਜਾਂ ਮਧੂਪਰਕ ਕਰਣ ਵਾਲਾ ਆਸਨ ਲੈ ਕੇ ਪੂਜਯ ਨੂੰ ਆਖੇ ‘ਤੁਸੀ ਆਰਾਮ ਨਾਲ ਬੈਠੋ, ਮੈ ਤੁਹਾਡੀ ਪੂਜਾ ਕਰਾਂਗਾ`। ਪੂਜਯ ਹੁਕਮ ਦੇਵੇ: ਅੱਛਾ ਪੂਜਾ ਕਰੋ। ਫਿਰ ਪੁਜਾਰੀ ਪੂਜਯ ਦੇ ਬੈਠਣ ਲਈ ਆਸਣ ਵਿਛਾਏ ਤੇ ਇੱਕ ਕੁਸ਼ਾ ਦਾ ਆਸਨ ਪੈਰਾਂ ਲਈ ਵੀ ਦੇਵੇ। ਪੈਰ ਧੋਣ ਲਈ ਪਾਣੀ ਦੇਵੇ। ਕੁੰਗੂ, ਕਸਤੂਰੀ, ਚੰਦਨ ਆਦਿ ਮਿਲਿਆ ਜਲ ਤਨ-ਸ਼ੁੱਧੀ ਲਈ ਦੇਵੇ। ਫਿਰ ਮੂੰਹ-ਸ਼ੁੱਧੀ ਲਈ ਥੋੜਾ ਪਾਣੀ ਦੇਵੇ। ਫਿਰ ਸ਼ਹਦ, ਦਹੀ, ਘਿਉ ਮਿਲਾ ਕੇ ਕਾਂਸੀ ਦੇ ਭਾਂਡੇ ਵਿੱਚ ਕਾਂਸੀ ਦੇ ਢੱਕਨ ਨਾਲ ਹੀ ਢੱਕ ਕੇ ਦੇਵੇ। ਪੂਜਯ ਇਨ੍ਹਾਂ ਚੀਜ਼ਾਂ ਨੂੰ ਲੜੀਵਾਰ ਮੰਤਰ ਉਚਾਰ ਕੇ ਛਕਦਾ ਜਾਵੇ। … ਸ਼ਹਦ ਦੀ ਪ੍ਰਧਾਨਤਾ ਕਰਕੇ ਇਸ ਰੀਤ ਦਾ ਨਾਂ ਮਧੂਪਰਕ ਹੈ।

ਮਧੂਪਰਕ ਪਿਲਾ ਦੇਣ ਤੋਂ ਬਾਦ ਵਿਧੀ ਇਸ ਤਰ੍ਹਾਂ ਹੈ (ਸੂਤ੍ਰ ੨੬, ੨੭ ਤੇ ੨੮ ਦਾ ਭਾਵ-ਅਰਥ) :: ਦਾਤਾ ਪੂਜਯ ਨੂੰ ਆਚਮਨ ਲਈ ਪਾਣੀ ਦੇ ਕੇ ਸ਼ਸਤ੍ਰ ਚੁੱਕ ਕੇ “ਗਊ ਹੈ, ਗਊ ਹੈ” ਤਿੰਨ ਵਾਰ ਆਖੇ। ਪੂਜਯ ਜੇਕਰ ਉਸਨੂੰ ਮਾਰਣਾ ਚਾਹੇ ਤਾਂ “ਮਾਤਾ ਰੁਦ੍ਰਾਣਾਂ” ਵਾਲਾ ਪਾਠ ਬੋਲੇ। ਜੇ ਛੱਡ ਦੇਣਾ ਚਾਹੇ ਤਾਂ ਆਖੇ, “ਮੇਰਾ ਤੇ ਦਾਤਾ ਦਾ ਪਾਪ ਗਿਆ, ਛੱਡ ਦਿਉ, ਘਾਸ ਖਾਏ”।

ਸਮੀਖਿਆ: ਪ੍ਰਚਲਤ ਵਿਆਹ-ਵਿਧੀਆਂ ਵਿੱਚ ਇਨ੍ਹਾਂ ਸੂਤ੍ਰਾਂ ਦੇ ਕੁੱਝ ਹਿੱਸੇ ਛੱਡ ਦਿੱਤੇ ਗਏ ਹਨ ਅਤੇ ਅਖੀਰ ਤੇ ਆਪਣੇ ਵਲੋਂ ਹੀ –” ਤ੍ਰਿਣ ਛਿੰਦਤ” (ਤੀਲਾ ਕੱਟ ਦਿਉ) ਲਿਖ ਦਿੱਤਾ ਹੈ। ਕੀ ਸੂਤ੍ਰਾਂ ਦੇ ਪੂਰੇ ਪਾਠ ਨੂੰ ਛੁਪਾ ਕੇ ਵਿਆਹ-ਵਿਧੀਆਂ ਦੇ ਲੇਖਕਾਂ ਨੇ ਸੰਸਕ੍ਰਿਤ ਨਾ ਜਾਣਨ ਵਾਲੀ ਸ਼ਰਧਾਲੂ ਜਨਤਾ ਨਾਲ ਛਲ ਨਹੀ ਕੀਤਾ? ਅਤੇ ਤੀਲਾ ਕਟਣ ਦੀ ਮਿਥਿਆ ਕਲਪਨਾ ਕਰਕੇ ਸ਼ਾਸਤ੍ਰ-ਵਿਧੀ ਦਾ ਉਲੰਘਨ ਨਹੀ ਕੀਤਾ? ਸੁਆਮੀ ਦਯਾਨੰਦ ਨੇ ਸੰਸਕਾਰ ਵਿਧੀ ਵਿੱਚ ਉਪਰ ਦੇ ਤਿੰਨਾ ਸੂਤ੍ਰਾਂ ਵਿਚੋਂ ਸਿਰਫ਼ “ਗੌ: ਗੌ: ਗੌ: “ ਪਾਠ ਹੀ ਸਵੀਕਾਰ ਕੀਤਾ ਹੈ। ਪਰ ਮੇਰਾ ਵਿਚਾਰ ਹੈ ਕਿ ਉਨ੍ਹਾਂ ਨੂੰ ਮਧੂਪਰਕ ਵਿਧੀ ਨੂੰ ਮੰਨਣਾ ਹੀ ਨਹੀ ਚਾਹੀਦਾ ਸੀ, ਕਿਉਂਕਿ ਹਿੰਦੂ-ਧਰਮ-ਸ਼ਾਸਤ੍ਰਾਂ ਦੇ ਕਿਸੇ ਵੀ ਕਰਮ ਵਿੱਚ ਪਸ਼ੂ-ਹਿੰਸਾ, ਜਾਂ ਮਾਂਸ-ਮਧੂਪਰਕ, ਅਟੁਟ ਅੰਗ ਹਨ।

ਵੇਖੋ, ਅਗਲੇ ਸੂਤ੍ਰ ਕੀ ਆਖਦੇ ਹਨ:: ਸੂਤ੍ਰ ੨੯:: ਪਰ ਮਧੂਪਰਕ ਤਾਂ ਬਿਨਾ ਮਾਂਸ ਦੇ ਹੁੰਦਾ ਹੀ ਨਹੀ।

ਸੂਤ੍ਰ ੩੦:: ਇਸ ਲਈ ਯੱਗ ਅਤੇ ਵਿਆਹ ਵਿੱਚ ਵਧ (ਜੀਵ-ਹਤਿਆ) ਕਰੋ, ਇਹੀ ਗਲ ਆਖੋ।

ਸੂਤ੍ਰ ੩੧:: ਜੇ ਜਜਮਾਨ ਸਾਲ ਵਿੱਚ ਕਈ ਵਾਰ ਸੋਮ ਨਾਲ ਯੱਗ ਕਰੇ ਤਾਂ ਓਹ ਬ੍ਰਾਹਮਣ ਜਿਨ੍ਹਾਂ ਦਾ ਮਧੂਪਰਕ ਕੀਤਾ ਹੋਵੇ, ਯੱਗ ਕਰਾਣ। ਬਿਨਾ ਮਧੂਪਰਕ ਬ੍ਰਾਹਮਣ ਯੱਗ ਨ ਕਰਾਣ, ਐਸੀ ਆਗਿਆ ਹੈ ਵੇਦਾਂ ਦੀ। …

ਪਾਰਸਕਰ, ਕਾਂਡ ੧, ਕੰਡਿਕਾ ੮, ਸੂਤ੍ਰ ੧੦, ਦਾ ਭਾਵ-ਅਰਥ:: ਵਿਆਹ ਸਮੇ ਸਪਤ-ਪਦੀ (ਸੱਤ ਲਾਂਵਾਂ) ਹੋਣ ਤੋਂ ਬਾਦ ਦੁਲਹਨ ਨੂੰ ਬਲਵਾਨ ਪੁਰਸ਼ ਚੁੱਕ ਕੇ ਅਗਨੀ-ਕੁੰਡ ਦੇ ਪੂਰਬ ਜਾਂ ਉੱਤਰ ਵਲ ਤਸਵੀਰਾਂ ਨਾਲ ਸਜੇ ਕਮਰੇ ਵਿੱਚ ਲਾਲ ਬਲਦ ਦੀ ਖੱਲ ਉਤੇ ਬਿਠਾਵੇ। ਉਪਰ-ਲਿਖੇ ਸੂਤ੍ਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪਾਰਸਕਰ ਕੋਈ ਮਹਾ-ਗਊ-ਹਤਿਆਰਾ ਚੰਡਾਲ ਬ੍ਰਾਹਮਣ ਸੀ, ਕਿਉਂਕਿ ਮਧੂਪਰਕ ਦੇ ਸਮੇ ਇਹ ਗਊ ਨੂੰ ਦਾਤਾ ਦੇ ਅੱਗੇ ਕਤਲ ਹੋਣ ਲਈ ਖੜੀ ਵੇਖਣਾ ਚਾਹੁੰਦਾ ਹੈ ਕਿ ਗਊ-ਮਾਸ ਦੇ ਬਗੈਰ ਮਧੂਪਰਕ ਨਹੀ ਹੁੰਦਾ (ਸੂਤ੍ਰ ੨੯)। ਯੱਗ ਅਤੇ ਵਿਆਹ ਵਿੱਚ ਗਊ-ਹਤਿਆ ਜ਼ਰੂਰੀ ਹੈ, ਨਾ ਕਰਨਾ ਉਚਿਤ ਨਹੀ (ਸੂਤ੍ਰ ੩੦) ਅਤੇ ਸੂਤ੍ਰ ੩੧ ਵਿੱਚ ਹੁਕਮ ਦਿੱਤਾ ਹੈ: ਹੇ ਯੱਗ ਕਰਾਣ ਵਾਲੇ ਬ੍ਰਾਹਮਣੋ! ਹਰੇਕ ਸੋਮ ਯੱਗ ਵਿੱਚ ਜਦ ਤਕ ਜਜਮਾਨ ਤੁਹਾਨੂੰ ਦਹੀਂ, ਘਿਓ ਅਤੇ ਸ਼ਹਦ ਮਿਲਾ ਕੇ ਨਾ ਪਿਲਾਏ ਅਤੇ ਗਊ ਨੂੰ ਮਾਰ ਕੇ ਉਸਦਾ ਮਾਸ ਨਾ ਖੁਆਏ, ਤਦ ਤਕ ਤੁਸੀ ਉਸ ਜਜਮਾਨ ਦਾ ਯੱਗ ਨਾ ਕਰਾਣਾ–ਇਹ ਹੈ ਵੇਦ ਦੀ ਆਗਿਆ ਜੋ ਕਿ ਤੁਹਾਨੂੰ ਮੰਨਣੀ ਪਵੇਗੀ। ਅਜ ਦੇ ਸਮੇ ਬ੍ਰਾਹਮਣਾ ਨੇ ਇਸੇ ਪਾਰਸਕਰ ਨੂੰ ਅਪਣਾ ਗੁਰੂ ਮੰਨਿਆ ਹੈ, ਕਿਉਂਕਿ ਉਸਦੇ ਸੂਤ੍ਰਾਂ ਦੇ ਆਧਾਰ ਤੇ ਹੀ ਸਭ ਮੋਜੂਦਾ ਵਿਆਹ -ਰਸਮਾਂ ਮਿਥੀਆਂ ਗਈਆਂ ਹਨ। ਪਿਆਰੇ ਮਿਤਰੋ! ਕੀ ਤੁਸੀ ਏਹੋ ਜਹੇ ਚੰਡਾਲ ਸ਼ਾਸਤ੍ਰਾਂ ਨੂੰ ਮੰਨਣ ਵਾਲੇ ਬਣੇ ਰਹਿਣਾ ਚਾਹੁੰਦੇ ਹੋ?

ਵਿਆਹ ਸੰਸਕਾਰ (ਸਹੀ ਵਿਧੀ) :::: ਮੌਜੂਦਾ ਹਾਲਾਤਾਂ ਵਿੱਚ ਮੇਰੀ ਸਲਾਹ ਹੈ ਕਿ ਲੜਕੀ ਤੇ ਲੜਕੇ, ਦੋਹਾਂ ਦੇ ਰਿਸ਼ਤੇਦਾਰ-ਮਿਤਰ ਗੁਰੂਦੁਆਰੇ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ੍ਹਣੇ ਵਿਆਹ ਦੀ ਅਰਦਾਸ ਕਰਵਾ ਲੈਣ। ਇਹੀ ਸਰਵੋਤਮ ਵਿਆਹ ਸੰਸਕਾਰ ਹੈ, ਕਿਉਂਕਿ ਕਿਸੇ ਵੀ ਗੁਰਦੁਆਰੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਂਸ ਆਦਿ ਦਾ ਪਰਸ਼ਾਦ ਨਹੀ ਚੜ੍ਹਦਾ ਜਾਂ ਭੇਟ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਗੁਰ-ਸ਼ਬਦਾਂ ਵਿੱਚ ਗਊ-ਹਤਿਆ ਆਦਿ ਦਾ ਜ਼ਿਕਰ ਹੈ। ਇਥੇ ਤਾਂ ਤੁਸੀ ਆਤਮ-ਰਸ ਵਿੱਚ ਮਸਤ ਹੋ ਜਾਂਦੇ ਹੋ, ਜਦੋ ਬਾਰ ਬਾਰ ਐਸੇ ਮਹਾਂ-ਵਾਕ ਕੰਨਾਂ ਵਿੱਚ ਪੈਂਦੇ ਹਨ::

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ।। “ ਅਤੇ ਸਾਂਸਾਰਿਕ ਤੇ ਆਧਿਆਤਮਕ ਮੰਡਲਾਂ ਵਿੱਚ ਠੀਕ ਰਾਹ ਦਸਣ ਵਾਲੀਆਂ ਲਾਂਵਾਂ ਦਾ ਅਤੇ ਅਨੰਦੁ ਸਾਹਿਬ ਦਾ ਪਾਵਨ ਪਾਠ ਹੁੰਦਾ ਹੈ।

ਇਕ ਧਰਮ (ਇਕ ਵਿਚਾਰਧਾਰਾ) ਵਾਲਿਆਂ ਦਾ ਆਪਸ ਵਿੱਚ ਵਿਆਹ ਹੋਣਾ ਚਾਹੀਦਾ ਹੈ ਪਰ ਜਾਤ-ਪਾਤ ਦੇ ਆਧਾਰ ਤੇ ਵਿਆਹ ਕਰਨਾ ਠੀਕ ਨਹੀ; ਧਰਮ ਜਾਂ ਪੰਥ ਨੂੰ ਵਧਾਉਣ ਦਾ ਇਹੀ ਇੱਕ ਵੱਡਾ ਸਾਧਨ ਹੈ।

::::: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ:::::

ਪਿੱਛੇ ਅਸੀ ਭਾਰਤ ਦੇ ਪ੍ਰਾਚੀਨ ਧਰਮ-ਗ੍ਰੰਥਾਂ ਵਿੱਚ ਲਿਖੇ ਵਾਮ-ਪੰਥੀ ਵਿਚਾਰਾਂ ਵਲ ਕੁੱਝ ਸੰਕੇਤ ਦਿੱਤੇ ਹਨ ਜਿਨ੍ਹਾਂ ਦਾ ਭਾਵ ਇਨ੍ਹਾਂ ਧਰਮ ਪੁਸਤਕਾਂ ਦਾ ਥੋਥਾ-ਪਨ ਸਿਧ ਕਰਣਾ ਵੀ ਸੀ ਅਤੇ ਇਹ ਦਸਣਾ ਸੀ ਕਿ ਜਿਸ ਸਮਾਜ ਦੀਆਂ ਮਾਰਗ-ਦਰਸ਼ਕ ਐਸੀਆਂ ਪੁਸਤਕਾਂ/ਬਾਣੀਆਂ ਹੋਣਗੀਆਂ, ਉਹ ਸਮਾਜ ਕੇਵਲ ਪਸ਼ੂ-ਸਮਾਜ ਹੀ ਹੋ ਸਕਦਾ ਹੈ, ਮਾਨਵ-ਸਮਾਜ ਨਹੀ; ਦੇਵ-ਸਮਾਜ ਤਾਂ ਬਿਲਕੁਲ ਨਹੀਂ। ਇਸ ਤੋਂ ਪਹਿਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦਸਣ ਲਈ ਕੁੱਝ ਕਿਹਾ ਜਾਏ, ਮੈ ਦਸਣਾ ਜ਼ਰੂਰੀ ਸਮਝਦਾ ਹਾਂ ਕਿ ਚਰਚਾ ਹੋ ਚੁਕੇ ਦੋਸ਼ਾਂ ਨੂੰ ਇਸ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਵਿੱਚ ਜਗ੍ਹਾ ਨਹੀ ਦਿੱਤੀ ਗਈ। ਇਸਦੀ ਬਜਾਏ ਅਧਰਮੀ ਤੱਤਾਂ ਦੀ ਭਰਵੀਂ ਆਲੋਚਨਾ ਕੀਤੀ ਨਜ਼ਰ ਆਉਂਦੀ ਹੈ। ਇਹ ਮਹਾ-ਕਲਿਆਣ-ਕਾਰੀ ਬਾਣੀ ਹੈ ਕਿਉਂਕਿ ਇਸਦਾ ਸਦ-ਉਪਦੇਸ਼ ਮਨੁਖ-ਜਾਤਿ ਦੇ ਹਰ ਵਰਗ ਲਈ ਮਨੁਖਾ ਜੀਵਨ ਦੀ ਸਫ਼ਲ ਪੂਰਣਤਾ ਲਈ ਬਹੁਤ ਹੀ ਸੌਖਾ ਰਾਹ ਦਸਦਾ ਹੈ:: ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। (ਮ: ੫, ਅੰਗ ੫੨੨)

(੧) ਇੱਕ – ਈਸ਼ਵਰ – ਵਾਦ:: ਮੂਲ-ਮੰਤ੍ਰ ਵਿੱਚ ਇਕੋ-ਇਕ ਨਿਰੰਕਾਰ ਪ੍ਰਭੂ ਨਾਲ ਜੋੜਿਆ ਹੈ:

“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਹੀ ਗੁਰਬਾਣੀ ਦਾ ਬੀਜ-ਮੰਤ੍ਰ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਇਸ ਮੰਤ੍ਰ ਨਾਲ ਹੀ ਕੀਤਾ ਗਿਆ ਹੈ। ਸਾਰੀ ਬਾਣੀ ਵਿੱਚ ੩੩ ਵਾਰ ਆਇਆ ਹੈ। ਸੰਖੇਪ ਰੂਪ ੴ ਸਤਿਗੁਰਪ੍ਰਸਾਦਿ।। ਗੁਰੂ ਜੀ ਨੇ ਕੀਤਾ ਹੈ ਜੋ ਪੂਰੇ ਗ੍ਰੰਥ ਵਿੱਚ ੫੨੩ ਵਾਰ ਆਇਆ ਹੈ। ਇਸਦੇ ਹੋਰ ਰੂਪ “ੴਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ।। “ ਅੱਠ ਵਾਰੀ ਅਤੇ “ੴ ਸਤਿਨਾਮੁ ਗੁਰਪ੍ਰਸਾਦਿ।। “ ਦੋ ਵਾਰੀ ਲਿਖੇ ਹਨ। ਇਸ ਮਹਾਨ ਗ੍ਰੰਥ ਨੇ ਕਿਸੇ ਦੇਵੀ-ਦੇਵਤੇ ਨੂੰ ‘ਪ੍ਰਭੂ` ਨਹੀ ਮੰਨਿਆ, ਜੈਸਾ ਕਿ ਪੁਰਾਣਾਂ ਨੇ ਕੀਤਾ ਹੈ। ਹਰੇਕ ਪੁਰਾਣ ਲੇਖਕ ਨੇ ਅਪਣੇ ਹੀ ਦੇਵਤੇ ਨੂੰ ਪਰਮਾਤਮਾ ਦਾ ਰੂਪ ਬਣਾ ਦਿੱਤਾ ਅਤੇ ਦੂਜਿਆਂ ਨੂੰ ਉਸਦੇ ਨੌਕਰ ਆਦਿ। ਇਸ ਤਰ੍ਹਾਂ ਅਨੇਕ-ਈਸਵਰ-ਵਾਦ ਨੇ ਭਾਰਤੀ ਭਾਈ-ਚਾਰੇ ਵਿੱਚ ਭਿਆਨਕ ਫੁੱਟ ਪਾ ਦਿੱਤੀ, ਜਿਸਦੇ ਨਤੀਜੇ-ਵਜੋਂ ਭਾਰਤ ਨੂੰ ਵਿਦੇਸ਼ੀਆਂ ਦੀ ਲੰਬੀ ਗ਼ੁਲਾਮੀ ਸਹਣੀ ਪਈ। ਹੁਣ ਵੀ ਇਹ ਇਸ਼ਟ-ਅਨੇਕਤਾ ਰਾਸ਼ਟਰੀ-ਏਕਤਾ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। …ਪਰ ਗੁਰਬਾਣੀ ਦੇ ਰਚਨਕਾਰਾਂ ਨੇ ੴ ਬ੍ਰਹਮ ਨੂੰ ਹੀ ਸਾਰੇ ਸੰਸਾਰ ਦਾ ਮਾਲਕ ਦਸਿਆ ਅਤੇ ਸ਼ਿਰੋਮਣੀ ਸੱਤਾਧਾਰੀ ਹੋਣ ਦੇ ਕਾਰਣ ਉਸਦੇ ਸਿਮਰਨ ਅਤੇ ਉਪਾਸਨਾ ਦੀ ਪ੍ਰੇਰਣਾ ਦਿੱਤੀ। ਪੁਰਾਣਾਂ ਵਿੱਚ ਲਿਖੀ ਪੱਥਰ-ਪੂਜਾ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਸਰਵ-ਵਿਆਪੀ ਪ੍ਰਭੂ ਦੇ ਧਿਆਉਣ ਦਾ ਗਾਡੀ-ਰਾਹ ਅਰੰਭ ਕੀਤਾ::

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ।। ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।। (ਅੰਗ ੮੭੫)

ਭਾਵ: ਨਾਮਦੇਵ ਮੰਦਿਰ ਅਤੇ ਮਸੀਤ ਦੀ ਕੈਦ ਤੋਂ ਬਾਹਰ ਹਰ ਜਗ੍ਹਾ ਸਮਾਏ ਹੋਏ ਪ੍ਰਭੂ ਦਾ ਪੁਜਾਰੀ ਹੈ। ਹਿੰਦੂਆਂ ਨੂੰ ਅਨੇਕ-ਈਸ਼ਵਰ-ਵਾਦੀ ਹੋਣ ਕਾਰਣ ਅੰਨ੍ਹਾ ਆਖਿਆ::

ਹਿੰਦੂ ਅੰਨਾੑ ਤੁਰਕੂ ਕਾਣਾ, ਦੁਹਾਂ ਤੇ ਗਿਆਨੀ ਸਿਆਣਾ।। (ਅੰਗ ੮੭੫)

ਹਿੰਦੂ ਅੰਨ੍ਹਾ ਇਸਲਈ ਕਿਉਂਕਿ ਉਸਦੇ ਤੀਰਥ, ਵਾਰ, ਦੇਵੀ, ਦੇਵਤੇ, ਧਰਮ-ਗ੍ਰੰਥ, ਭਾਸ਼ਾ (ਬੋਲੀਆਂ) ਤੇ ਪਰਮਾਤਮਾ ਤਕ ਵੀ ਇੱਕ ਨਹੀ, ਅਨੇਕ ਹਨ; ਅਸੁਰ (ਰਾਖਸ਼) ਇਸਦੇ ਆਚਾਰਯਾ (ਗੁਰੂ) ਹਨ ਅਤੇ ਅਸ਼ੁਧ ਧਰਮ-ਗ੍ਰੰਥ ਇਸਦੇ ਪੂਜ ਨੇਤਾ ਹਨ। ਮੁਸਲਮਾਨ ਕਾਣਾ ਇਸ ਲਈ ਕਿ ਉਸਦਾ ਖ਼ੁਦਾ ਕੇਵਲ ਪੱਛਮ ਵਿੱਚ ਹੀ ਰਹਿੰਦਾ ਹੈ ਅਤੇ ਬਾਕੀ ਸਭ ਦਿਸ਼ਾਵਾਂ ਉਸਦੇ ਲਈ ਖ਼ੁਦਾ-ਵਿਹੀਨ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਦੇਵੀ-ਦੇਵਤੇ ਅਤੇ ਅਵਤਾਰ ਉਸ ਪਰਮਾਤਮਾ ਦੇ ਪੈਦਾ ਕੀਤੇ ਦੱਸੇ ਹਨ:

ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ।। (ਅੰਗ ੧੦੩੬)

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ।। (ਵਾਰ ਆਸਾ, ਅੰਗ ੪੬੪)

ਭਾਵ:: ਸ੍ਰੀ ਰਾਮਚੰਦ੍ਰ ਜਹੇ ਰਾਜੇ ਅਨੇਕ ਹਨ ਪਰ ਨਿਰਭਉ ਅਤੇ ਆਕਾਰਹੀਨ ਪ੍ਰਭੂ ਇਕੋ ਹੀ ਹੈ। ਜਿਥੇ ਵੀ ਅਵਤਾਰਾਂ ਦਾ ਜ਼ਿਕਰ ਆਇਆ ਹੈ ਓਥੇ ਉਨ੍ਹਾਂ ਨੂੰ ਪਿਤਾ ਪ੍ਰਭੂ ਦੇ ਗੁਣਗਾਨ ਕਰਣ ਵਾਲੇ ਜਾਂ ਸੇਵਕ ਕਿਹਾ ਗਿਆ ਹੈ::

ਗਾਵਨਿ ਗੋਪੀਆ ਗਾਵਨਿ ਕਾਨੑ ਗਾਵਨਿ ਸੀਤਾ ਰਾਜੇ ਰਾਮ।।

ਨਿਰਭਉ ਨਿਰੰਕਾਰੁ ਸਚੁ ਨਾਮੁ।। ਜਾ ਕਾ ਕੀਆ ਸਗਲ ਜਹਾਨੁ।। (ਵਾਰ ਆਸਾ, ਅੰਗ ੪੬੫)

ਭਾਵ: ਸਾਰੇ ਜਗਤ ਦੇ ਪਿਤਾ, ਜਿਸਦਾ ਨਾਮ ਸਦਾ ਰਹਿਣ ਵਾਲਾ ਹੈ, ਜੋ ਨਿਰਭਉ ਤੇ ਦੇਹ-ਵਿਹੀਨ ਹੈ, ਦਾ ਗੁਣਗਾਨ ਗੋਪੀਆਂ, ਕ੍ਰਿਸ਼ਨ, ਸੀਤਾ ਅਤੇ ਰਾਮ ਆਦਿ ਮਹਾਨ ਕਹੇ ਜਾਂਦੇ ਵਿਅਕਤੀ ਕਰ ਰਹੇ ਹਨ। ਪੁਰਾਣਾਂ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤਿੰਨਾਂ ਦੇਵਤਿਆਂ ਨੂੰ ਸਰਵੋਤਮ ਮੰਨਿਆ ਗਿਆ ਹੈ ਅਤੇ ਪਰਮਾਤਮਾ ਵੀ ਕਿਹਾ ਗਿਆ ਹੈ, ਪਰ ਗੁਰਬਾਣੀ ਇਨ੍ਹਾਂ ਦੀ ਠੀਕ ਜਗ੍ਹਾ ਦਸਦੀ ਹੈ। ਪੜੋ ਜੀ, ਜਪੁ ਬਾਣੀ, ਅੰਗ ੭::

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।।

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।।

ਭਾਵ: ਬ੍ਰਹਮਾ, ਵਿਸ਼ਨੂ, ਮਹਾਦੇਵ ਅਦ੍ਰਿਸ਼ਟ-ਪਰਮਾਤਮਾ ਦੇ ਹੁਕਮ ਵਿੱਚ ਚਲਣ ਵਾਲੇ ਸੇਵਕ ਹਨ।

ਵੈਸ਼ਣਵ ਮਤ ਵਾਲਿਆਂ ਦੇ ਸਭ ਈਸਵਰ ਸ਼ਰੀਰਧਾਰੀ ਹਨ, ਪਰ ਗੁਰਮਤਿ ਅਨੁਸਾਰ ਈਸ਼ਵਰ ਇੱਕ ਤੋਂ ਵਧ ਨਹੀ ਹੈ ਅਤੇ ਨਾ ਹੀ ਕੋਈ ਸ਼ਰੀਰਧਾਰੀ ਬ੍ਰਹਮ ਜਾਂ ਪ੍ਰਭੂ ਹੈ; ਬਿਲਾਵਲ ਮਹਲਾ ੧, ਅੰਗ ੮੩੮,

ਏਕਮ ਏਕੰਕਾਰੁ ਨਿਰਾਲਾ।। ਅਮਰੁ ਅਜੋਨੀ ਜਾਤਿ ਨ ਜਾਲਾ।। ਅਗਮ ਅਗੋਚਰੁ ਰੂਪੁ ਨ ਰੇਖਿਆ।। …

ਇਨ੍ਹਾਂ ਗੁਰਵਾਕਾਂ ਜਾਂ ਹੋਰ ਅਨੰਤ ਸ਼ਬਦਾਂ ਰਾਹੀਂ ਸਿਧ ਕੀਤਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਇਕ-ਈਸ਼ਵਰ-ਵਾਦੀ ਹੈ ਅਤੇ ਉਸੀ ਈਸ਼ਵਰ ਦੇ ਨਾਮ-ਸਿਮਰਨ ਦਾ ਉਪਦੇਸ਼ ਕਰਦਾ ਹੈ:

ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। (ਆਸਾ ਮਹਲਾ ੧, ਅੰਗ ੩੫੦)

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ।।

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।। (ਆਸਾ ਮਹਲਾ ੧, ਅੰਗ ੩੫੮)

ਜਿਥੇ ਇਕ-ਈਸ਼ਵਰ-ਵਾਦ ਮਾਨਵ-ਏਕਤਾ ਤੇ ਸਦਭਾਵਨਾ ਪੈਦਾ ਕਰਦਾ ਹੈ ਉਥੇ ਬਿਬੇਕੀ ਨਜ਼ਰੀਏ ਤੋਂ ਵੀ ਉਚਤਮ ਉਪਾਸਯ (ਸਭ ਤੋਂ ਵੱਡੀ ਪੂਜਣ-ਯੋਗ ਹਸਤੀ) ਹੈ। ਕਿਸੇ ਛਪੜੀ, ਸਰੋਵਰ, ਦਰਿਆ ਜਾਂ ਸਮੁੰਦਰ ਨਾਲੋਂ ਮਹਾਸਾਗਰ ਵਿੱਚ ਪਿਆਸ ਬੁਝਾਣ ਦੀ ਤਾਕਤ ਯਕੀਨਨ ਜ਼ਿਆਦਾ ਹੋਵੇਗੀ। ਇਹ ਮਹਾਨ ਗ੍ਰੰਥ ਕੇਵਲ ‘ਨਿਰਭਉ ਨਿਰੰਕਾਰ` ਦੀ ਪ੍ਰੇਮਾ-ਭਗਤੀ ਦਾ ਉਪਦੇਸ਼ ਦਿੰਦਾ ਹੈ।

(੨) ਗੁਰ-ਮੰਤ੍ਰ ਦੇ ਅਧਿਕਾਰੀ:: ਗੁਰ-ਮੰਤ੍ਰ ਜਪਣ ਜਾਂ ਪ੍ਰਭੂ-ਚਿੰਤਨ ਕਰਣ ਅਤੇ ਉਸ ਨੂੰ ਪ੍ਰਾਪਤ ਕਰਣ ਦਾ ਅਧਿਕਾਰ ਸਭ ਨੂੰ ਇਕੋ-ਜਿਹਾ ਹੈ, ਬਰਾਬਰ ਹੈ। ਪੰਜਵੇਂ ਨਾਨਕ ਸੁਖਮਨੀ ਵਿੱਚ ਆਖਦੇ ਹਨ::

ਬੀਜ ਮੰਤ੍ਰ ਸਰਬ ਕੋ ਗਿਆਨੁ।। ਚਹੁ ਵਰਨਾ ਮਹਿ ਜਪੈ ਕੋਊ ਨਾਮੁ।। (ਅੰਗ ੨੭੪)

ਭਾਵ; ਗੁਰਮਤਿ ਨਾਮ ਜਪਣ ਦੀ ਆਜ਼ਾਦੀ ਸਭ ਨੂੰ ਹੈ, ਲਿੰਗ ਜਾਂ ਜਾਤ-ਪਾਤ ਦੇ ਆਧਾਰ ਤੇ ਕੋਈ ਪੱਖ-ਪਾਤ ਨਹੀ ਕੀਤਾ ਗਿਆ। `ਚਹੁ ਵਰਨਾ ਕਉ ਦੇ ਉਪਦੇਸੁ।। ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ।। ` (੨੭੪)

(੩) ਜਾਤ-ਪਾਤ ਜਾਂ ਊਚ-ਨੀਚ:: ਜਾਤ-ਪਾਤ ਦੇ ਵਿਚਾਰ ਤੇ ਗੁਰਬਾਣੀ ਨੇ ਸਖ਼ਤ ਚੋਟ ਮਾਰੀ ਹੈ ਤੇ

ਇਸ ਤਰ੍ਹਾਂ ਮਾਨਵ-ਜਾਤਿ ਦੇ ਇੱਕ ਹਿੱਸੇ ਤੇ ਹੋ ਰਹੇ ਅਤਿ ਜ਼ੁਲਮ ਨੂੰ ਰੋਕਣ ਦਾ ਜਤਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਅਪਣੇ-ਆਪ ਨੂੰ ਨੀਚ-ਵਰਗ ਦਾ ਸਾਥੀ ਤੇ ਹਮ-ਸਫ਼ਰ ਦਸਿਆ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। (ਅੰਗ ੧੫)

ਅਤੇ ਜਾਤ-ਪਾਤ ਨੂੰ ਜਨਮ ਦੇ ਆਧਾਰ ਤੇ ਨਾ ਮੰਨ ਕੇ ਚੰਗੇ-ਮਾੜੇ ਕਰਮਾਂ ਦੇ ਆਧਾਰ ਤੇ ਮੰਨਿਆ::

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।। ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।। (ਅੰਗ ੧੩੩੦) (੪) ਇਸਤ੍ਰੀ ਜਾਤਿ ਦੀ ਰਖਿਆ:: ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਨੀਵੀਂ ਜਾਤਿ ਨਾਲ ਧਰਮ-ਗ੍ਰੰਥਾਂ ਰਾਹੀ ਕੀਤੀ ਜਾ ਰਹੀ ਨਾ-ਇਨਸਾਫ਼ੀ ਨੂੰ ਰੋਕਿਆ, ਉਸੇ ਤਰ੍ਹਾਂ ਇਸਤ੍ਰੀ ਜਾਤਿ ਦੇ ਹਕ ਵਿੱਚ ਆਵਾਜ਼ ਬੁਲੰਦ ਕੀਤੀ। ਇਥੇ ਪਤੀ ਨੂੰ ਪਰਮੇਸ਼ਵਰ ਅਤੇ ਇਸਤ੍ਰੀ ਨੂੰ ਮੁੱਲ ਖਰੀਦੀ ਦਾਸੀ ਜਾਂ ਭੇਡ ਬਕਰੀ ਨਹੀ ਦਸਿਆ ਬਲਕਿ ਸਾਰੇ ਕੰਮਾਂ ਵਿੱਚ ਬਰਾਬਰ ਹਿੱਸਾ ਲੈਣ ਵਾਲੀ ਮਨੁਖ ਮੰਨਿਆ ਹੈ। ਸਿਮ੍ਰਿਤੀਆਂ ਵਾਲਾ ਧੱਕੇ-ਸ਼ਾਹੀ ਵਿਧਾਨ ਜੋ ਇਸਤ੍ਰੀ ਦੀ ਨਿੰਦਾ ਕਰਦਾ ਅਤੇ ਕੈਦੀਆਂ ਵਾਲੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਕਰਦਾ ਸੀ, ਗੁਰ-ਵਾਕਾਂ ਰਾਹੀ ਝੰਜੋੜਿਆ ਗਿਆ। ਗੁਰੂ ਨਾਨਕ ਸਾਹਿਬ ਨੇ ਇਹ ਦਸ ਕੇ ਕਿ ਜਦ ਸਾਰੀ ਮਨੁਖ-ਜਾਤਿ ਔਰਤ ਤੋਂ ਜਨਮ ਲੈਂਦੀ ਹੈ ਅਤੇ ਜ਼ਿੰਦਗੀ ਦੀ ਗੱਡੀ ਚਲਾਣ ਲਈ ਇਸਤ੍ਰੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ, ਫਿਰ ਇਸਤ੍ਰੀ ਨੂੰ ਬੁਰਾ ਕਿਉਂ ਆਖਦੇ ਹੋ? ਵਾਰ ਆਸਾ, ਅੰਗ ੪੭੩::

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

(੫) ਬਾਹਰੀ ਚਿੰਨ੍ਹ ਅਤੇ ਕਰਮ-ਕਾਂਡਾਂ ਦਾ ਵਿਰੋਧ:: ਮਨੁਖ ਦੇ ਜੀਵਨ ਵਿਚੋਂ ਜਦੋਂ ਧਰਮ ਖ਼ਤਮ ਹੋ ਜਾਂਦਾ ਹੈ ਤਾਂ ਉਹ ਸਿਰਫ਼ ਪਸ਼ੂ ਹੀ ਰਹਿ ਜਾਂਦਾ ਹੈ। ਜੇ ਧਰਮ, ਸਦ-ਵਿਉਹਾਰ ਦੀ ਕਿਰਿਆ ਨਾ ਹੋ ਕੇ ਸਿਰਫ਼ ਬਾਹਰੀ ਚਿੰਨ੍ਹਾਂ ਤਕ ਰਹਿ ਜਾਵੇ ਤਾਂ ਮਹਾਪੁਰਖ ਇਸ ਖਾਲੀ ਜੀਵਨ ਨੂੰ ਕਦੇ ਸੱਚਾ ਨਹੀ ਆਖਦੇ:

ਕਰਤੂਤਿ ਪਸੂ ਕੀ ਮਾਨਸ ਜਾਤਿ।। ਲੋਕ ਪਚਾਰਾ ਕਰੇ ਦਿਨੁ ਰਾਤਿ।। (ਸੁਖਮਨੀ)

ਪੁਰਾਣਾਂ ਅਤੇ ਸਿਮ੍ਰਿਤੀਆਂ ਆਦਿਕ ਗ੍ਰੰਥਾਂ ਵਿੱਚ ਦੱਸੇ ਗਏ ਧਾਰਮਿਕ ਚਿੰਨ੍ਹਾਂ ਅਤੇ ਕਰਮ-ਕਾਂਡਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁਲ ਕੋਈ ਸਤਕਾਰ ਨਹੀ ਕੀਤਾ ਗਿਆ ਬਲਕਿ ਆਲੋਚਨਾ ਕੀਤੀ ਹੈ ਕਿਉਂਕਿ ਬਾਹਰੀ ਚਿੰਨ੍ਹ ਬੇਕਾਰ ਹਨ ਜੇ ਮਨ ਨੇ ਸਦਾਚਾਰ ਨਹੀ ਸਿਖਿਆ। ਕਰਮ-ਕਾਂਡੀ ਬ੍ਰਾਹਮਣਾਂ ਨੂੰ ਕਿਹਾ ਕਿ ਦਿਖਾਵੇ ਦੇ ਕਰਮ ਅਤੇ ਬਾਹਰੀ ਚਿੰਨ੍ਹ ਸਰੀਰ ਤੇ ਸਜਾ ਲੈਣਾ, ਪ੍ਰਭੂ ਪ੍ਰਾਪਤੀ ਕਰਾਣ ਵਾਲੇ ਕਰਮ ਨਹੀ:

ਪੜਿੑ ਪੁਸਤਕ ਸੰਧਿਆ ਬਾਦੰ।। ਸਿਲ ਪੂਜਸਿ ਬਗੁਲ ਸਮਾਧੰ।।

ਮੁਖਿ ਝੂਠੁ ਬਿਭੂਖਨ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।।

ਗਲਿ ਮਾਲਾ ਤਿਲਕ ਲਿਲਾਟੰ।। ਦੁਇ ਧੋਤੀ ਬਸਤ੍ਰ ਕਪਾਟੰ।।

ਜੋ ਜਾਨਸਿ ਬ੍ਰਹਮੰ ਕਰਮੰ।। ਸਭ ਫੋਕਟ ਨਿਸਚੈ ਕਰਮੰ।। (ਸਲੋਕ ਸਹਸਕ੍ਰਿਤੀ, ਅੰਗ ੧੩੫੩)

ਅਰਥ: (ਪੰਡਿਤ ਅਤੇ ਕਿਹਾ-ਜਾਂਦਾ ਧਾਰਮਿਕ ਮਨੁਖ) ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਅਤੇ ਵਾਦ-ਵਿਵਾਦ ਕਰਦਾ ਹੈ, ਬਗੁਲੇ ਦੀ ਤਰ੍ਹਾਂ ਸਮਾਧੀ ਲਾ ਕੇ ਪੱਥਰ ਦੀਆਂ ਮੂਰਤੀਆਂ ਪੂਜਦਾ ਹੈ। ਮੂਹੋਂ ਝੂਠ ਨੂੰ (ਸਚ ਦੀ ਤਰ੍ਹਾਂ) ਬਣਾ ਸੰਵਾਰ ਕੇ ਬੋਲਦਾ ਹੈ ਅਤੇ ਤਿੰਨ ਵਾਰੀ ਦਿਨ ਵਿੱਚ ਤਿੰਨ-ਪਦਾ ਗਾਇਤ੍ਰੀ ਮੰਤ੍ਰ ਉਚਾਰਦਾ ਹੈ। ਗਲੇ ਵਿੱਚ ਮਾਲਾ, ਮਥੇ ਤੇ ਟਿੱਕਾ, ਸਦਾ ਦੋਹਰੀ ਧੋਤੀ ਰਖਦਾ ਹੈ ਅਤੇ ਸੰਧਿਆ ਕਰਣ ਸਮੇ ਸਿਰ ਤੇ ਕਪੜਾ ਰਖ ਲੈਂਦਾ ਹੈ। ਪਰ ਜੇ ਇਹ ਕਰਮ ਕਾਂਡੀ ਪ੍ਰਭੂ ਪ੍ਰਾਪਤੀ ਦੇ ਕਰਮ ਜਾਣਦਾ ਹੁੰਦਾ ਤਾਂ ਇਹ ਸਾਰੇ ਉਪਰ ਦਸੇ ਕਰਮ ਬੇਕਾਰ ਲਗਦੇ, ਇਹ ਗਲ ਪੱਕੀ ਜਾਣੋ।

ਹੁਣ ਯੋਗ ਸਾਧਨਾ ਸੰਬੰਧੀ ਲਉ::: ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। (ਸੂਹੀ ਮ: ੧, ਅੰਗ ੭੩) ਜੋਗ (ਪ੍ਰਭੂ ਮਿਲਾਪ) ਨਾ ਤਾਂ ਗੋਦੜੀ ਲਪੇਟਣ ਵਿੱਚ ਹੈ, ਨਾ ਡੰਡਾ ਧਾਰਨ ਵਿਚ, ਨਾ ਸ਼ਰੀਰ ਤੇ ਭਸਮ ਆਦਿ ਲਗਾਣ ਨਾਲ; ਨਾ ਹੀ ਕੰਨਾਂ ਵਿੱਚ ਮੁੰਦਰਾਂ ਪਾਣ ਨਾਲ ਜਾਂ ਸਿਰ ਨੂੰ ਰੁੰਡ-ਮੁੰਡ ਕਰਾਣ ਨਾਲ, ਨਾ ਹੀ ਸਿੰਗੀ ਆਦਿਕ ਵਾਜੇ ਵਜਾਣ ਨਾਲ। ਜੋਗ ਤਾਂ “ਅੰਜਨ ਮਾਹਿ ਨਿਰੰਜਨ”, ਮਾਇਆ ਵਿੱਚ ਰਹਿ ਕੇ ਪ੍ਰਭੂ ਦੀ ਖੋਜ ਹੈ।

ਇਸ ਲਈ ਗੁਰਮਤਿ ਕਰਮ-ਕਾਂਡ ਦੀ ਥਾਂਵੇਂ ਚੰਗੇ-ਕਰਮ ਅਤੇ ਅਮਲੀ ਜੀਵਨ ਨੂੰ ਸਭ ਤੋਂ ਵਧ ਮਾਨਤਾ ਦਿੰਦੀ ਹੈ:::

ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ।। ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ।।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। (ਸਿਰੀ ਰਾਗੁ ਮਹਲਾ ੧, ਅੰਗ ੬੨)

ਹਠ ਯੋਗ, ਸਿਆਣਪਾਂ ਅਤੇ ਵੇਦ ਵਿਚਾਰ ਆਦਿਕ ਕਰਮ-ਕਾਂਡਾਂ ਨਾਲੋਂ ਸੱਚਾ ਜੀਵਨ ਉਪਰ ਹੈ।

(੬) ਜਨਮ, ਮਰਣ ਅਤੇ ਨਰਕ ਸਵਰਗ:::

ਪੁਰਾਣਾਂ ਅਤੇ ਸਿਮ੍ਰਿਤੀਆਂ ਦੇ ਲਿਖਾਰੀਆਂ ਨੇ ਜਿੱਥੇ ਮਰਣ ਤੋਂ ਬਾਦ ਨਰਕ ਅਤੇ ਸਵਰਗ ਦੀ ਬੇਤੁਕੀ ਕਲਪਨਾ ਕੀਤੀ ਉਥੇ ਕਿਸੇ ਖਾਸ ਸਮੇ ਅਤੇ ਕੁੱਝ ਦਿਨਾਂ ਅਤੇ ਮਹੀਨਿਆਂ ਵਿੱਚ ਪੁੱਤਰ ਅਤੇ ਧੀ ਆਦਿਕ ਦੇ ਜੰਮਣ ਨੂੰ ਸ਼ੁਭ ਜਾਂ ਅਸ਼ੁਭ ਦਸਿਆ ਤੇ ਅਸ਼ੁਭ ਜਨਮ ਨੂੰ ਸੁਯੋਗ ਬਣਾਉਣ ਲਈ ਦਾਨ-ਪੁੰਨ ਰੂਪੀ ਜੁਰਮਾਨਾ ਲਾ ਦਿੱਤਾ। ਇਥੋਂ ਤਕ ਕਿ ਘੋੜੀ, ਗਾਂ, ਮਝ ਆਦਿਕ ਦੇ ਦਸੇ ਗਏ ਅਸ਼ੁਭ ਸਮੇ ਤੇ ਵੱਛਾ ਪੈਦਾ ਹੋਣਾਂ ਉਸਦੇ ਮਾਲਕ ਲਈ ਨੁਕਸਾਨ-ਦੇਯ ਦਸਕੇ ਡਰਾ ਦਿੱਤਾ ਅਤੇ ਜਿਸ ਤਰ੍ਹਾਂ ਮਰਣ ਤੋਂ ਬਾਦ ਸ਼ਰਾਧ, ਪਿੰਡ-ਦਾਨ ਆਦਿਕ ਦਾ ਵਿਧਾਨ ਰਚਿਆ, ਉਸੇ ਤਰ੍ਹਾਂ ਜਨਮ ਨੂੰ ਵੀ ਦਾਨ ਨਾਲ ਜੋੜ ਦਿੱਤਾ। ਪਰ, ਗੁਰਬਾਣੀ ਵਿੱਚ ਜਨਮ ਤੇ ਮਰਣ ਨੂੰ ਪ੍ਰਭੂ ਦੀ ਇੱਛਾ-ਵਿਸ਼ੇਸ਼ ਜਾਂ ਪ੍ਰਭੂ-ਹੁਕਮ ਦਸਿਆ, ਜੋ ਮਨੁਖ ਨੂੰ ਮੰਨਣਾ ਪੈਂਦਾ ਹੈ ਅਤੇ ਖਿੜੇ-ਮੱਥੇ ਮੰਨਣਾ ਚਾਹੀਦਾ ਹੈ। ਕੋਈ ਸਮਾਂ ਸ਼ੁਭ ਜਾਂ ਅਸ਼ੁਭ ਨਹੀ; ਨਾ ਕੋਈ ਸੂਤਕ (ਜੰਮਣ ਵੇਲੇ ਮੈਲਾ) ਨਾ ਕੋਈ ਪਾਤਕ (ਮਰਣ ਵੇਲੇ ਮੈਲਾ) ਆਦਿਕ ਮੰਨਣਾ ਚਾਹੀਦਾ ਹੈ::: ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ।। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕ ਸੰਬਾਹਿ।। ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ।। (ਅੰਗ ੪੭੨)

ਗੁਰ-ਵਾਕਾਂ ਵਿੱਚ ਨਾ ਕਿਸੇ ਵੈਤਰਣੀ ਦਾ ਜ਼ਿਕਰ ਹੈ ਅਤੇ ਨਾ ਹੀ ਕਿਸੇ ਕਲਪਿਤ ਨਰਕ ਸਵਰਗ ਦਾ। ਇਸ ਮਨੁਖਾ ਜੀਵਨ ਦਾ ਸਵਰਗ-ਮਈ ਜਾਂ ਨਰਕ-ਮਈ ਹਾਲਾਤ ਵਿਚੋਂ ਗੁਜ਼ਰਨਾ ਦਸਿਆ ਹੈ। ਸ਼ੁਭ ਅਤੇ ਸੱਚੇ ਕੰਮ, ਜੋ ਨਿਰਮਲ ਹਿਰਦੇ ਨਾਲ ਪ੍ਰਭੂ ਨੂੰ ਅਪਣੇ ਅੰਦਰ ਜਾਣਕੇ, ਦੁਬਿਧਾ ਅਤੇ ਚਿੰਤਾ ਛੱਡ ਕੇ ਆਪਣਾ ਫ਼ਰਜ਼ ਸਮਝ ਕੇ ਸਿਆਣਪ ਨਾਲ ਕੀਤੇ ਜਾਣ, ਸਵਰਗ-ਮਈ ਜੀਵਨ (ਭਿਸ਼ਤ) ਦੇ ਸੂਚਕ ਹਨ, ਪਰ ਇਸਦੇ ਉਲਟ ਭਟਕਣਾ-ਭਰਿਆ ਜੀਵਨ ਨਰਕਾਂ (ਦੋਜ਼ਕ) ਦਾ ਜੀਵਨ ਹੈ::

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ।।

ਹੋਇ ਕਿਰਸਾਣੁ ਈਮਾਨੁ ਜਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ।। (ਸਿਰੀ ਰਾਗੁ ਮ: ੧, ਅੰ: ੨੪)

ਅਰਥ: ਅਮਲ ਰੂਪੀ ਧਰਤੀ ਵਿੱਚ ਸਬਦ ਰੂਪੀ ਬੀਜ ਬੋਏ ਅਤੇ ਸਚ ਰੂਪੀ ਪਾਣੀ ਦੇ ਨਾਲ ਸਿੰਚਾਈ ਕਰੇ। ਜੇ ਇਸ ਤਰ੍ਹਾਂ ਦਾ ਕਿਸਾਨ ਬਣ ਕੇ ਈਮਾਨ, ਧਰਮੀ-ਜੀਵਨ, ਪੈਦਾ ਕਰੇ ਤਾਂ ਹੀ ਸਵਰਗ ਭੋਗ ਰਿਹਾ ਸਮਝੋ; ਪਰ ਇਸਦੇ ਉਲਟ ਚਲਣਾ ਨਰਕ ਦਾ ਜੀਵਨ ਬਤੀਤ ਕਰਣਾ ਹੈ। ਗੁਰਬਾਣੀ ਨੇ ਦਸਿਆ ਕਿ ਮਰਣ ਤੋਂ ਬਾਦ ਕਿਸੇ ਪ੍ਰਾਣੀ ਦੇ ਰਿਸ਼ਤੇਦਾਰਾਂ ਵਲੋਂ ਦਿੱਤੇ ਦਾਨ ਦਾ ਉਸ ਪ੍ਰਾਣੀ ਨੂੰ ਕੋਈ ਲਾਭ ਨਹੀ। ਹਰਿਦੁਆਰ ਵਿੱਚ ਮਰ ਚੁਕੇ ਵਡੇਰਿਆਂ (ਪਿਤਰਾਂ) ਨੂੰ ਪਾਣੀ ਦੇਣ ਦਾ ਗੁਰੂ ਨਾਨਕ ਸਾਹਿਬ ਜੀ ਨੇ ਮਜ਼ਾਕ ਹੀ ਤਾਂ ਉਡਾਇਆ ਸੀ ਅਤੇ ਪਿੰਡ-ਦਾਨ, ਸ਼ਰਾਧ ਆਦਿ ਕਰਮਾਂ ਦਾ ਖੰਡਨ ਕੀਤਾ ਸੀ:

ਜੇ ਮੋਹਾਕਾ ਘਰੁ ਮੁਹੈ ਘਰ ਮੁਹਿ ਪਿਤਰੀ ਦੇਇ।। ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।।

ਵਢੀਅਹਿ ਹਥ ਦਲਾਲ ਕੇ ਮੁਸਫੀ ਇਹ ਕਰੇਇ।। ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।। (ਅੰਗ ੪੭੨)

ਭਾਵ:: ਜੇ ਕੋਈ ਚੋਰ (ਮੋਹਾਕਾ) ਕਿਸੀ ਦੁਸਰੇ ਦੀ ਚੀਜ਼ ਚੁਰਾ ਕੇ ਪਿਤਰਾਂ ਲਈ ਪੰਡਿਤਾਂ ਰਾਹੀਂ ਭੇਜੇ ਅਤੇ ਪਿਤਰ-ਲੋਕ ਵਿੱਚ ਦੁਸਰੇ ਬੰਦੇ ਦੇ ਪਿਤਰ ਵੀ ਮੋਜੂਦ ਹੋਣ ਅਤੇ ਉਹ ਆਪਣੇ ਘਰ ਦੀ ਚੀਜ਼ ਪਛਾਣ ਲੈਣ ਤਾਂ ਨਤੀਜਾ ਇਹ ਹੋਵੇਗਾ ਕਿ ਪਿਤਰ-ਲੋਕ ਵਿੱਚ ਇਹ ਚੋਰੀ ਪਕੜੀ ਜਾਵੇਗੀ ਅਤੇ ਇਨਸਾਫ਼ ਇਹ ਹੋਵੇਗਾ ਕਿ ਉਸ ਚੋਰੀ ਦੀ ਚੀਜ਼ ਪਹੁੰਚਾਣ ਵਾਲੇ ਦਲਾਲ (ਭਾਵ ਪਾਂਡੇ) ਦੇ ਹੱਥ ਕੱਟ ਦਿੱਤੇ ਜਾਣਗੇ (ਇਹ ਇੱਕ ਤਰ੍ਹਾਂ ਨਾਲ ਭਰਮ ਫੈਲਾਣ ਵਾਲੇ ਪੰਡਿਤਾਂ ਨੂੰ ਡਰ-ਭਰੀ ਚੇਤਾਵਨੀ ਵੀ ਦਿੱਤੀ ਹੈ…)।

ਕਿਸੀ ਕਲਪਿਤ ਨਰਕ ਸਵਰਗ ਵਿੱਚ ਜਾ ਕੇ ਦੁਖ ਸੁਖ ਭੋਗਣ ਬਾਰੇ ਗੁਰਬਾਣੀ ਦਾ ਮਤ ਹੈ::

ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।। (ਅੰਗ ੧੫੬)

ਜੀਵ ਅਲਗ ਅਲਗ ਜੂਨਾਂ ਵਿੱਚ ਜਾ ਕੇ ਹੀ ਦੁਖ ਸੁਖ ਭੋਗਦਾ ਹੈ। ਇਹ ਉਤਮ, ਮੱਧਮ, ਜਾਂ ਨੀਚ ਜੂਨਾਂ ਹਰੇਕ ਜੀਵ ਨੂੰ ਅਪਣੇ ਅਪਣੇ ਕਰਮਾਂ ਮੁਤਾਬਕ ਮਿਲਦੀਆਂ ਹਨ; ਕਿਸੇ ਹੋਰ ਦੇ ਕਰਮਾਂ ਕਾਰਣ ਨਹੀ:

(ੳ) ਜੇਹੇ ਕਰਮ ਕਮਾਇ ਤੇਹਾ ਹੋਇਸੀ।। (ਸੂਹੀ ਮਹਲਾ ੧, ਅੰਗ ੭੩੦)

(ਅ) ਜੈਸਾ ਕਰੇ ਸੁ ਤੈਸਾ ਪਾਵੈ।। ਆਪਿ ਬੀਜਿ ਆਪੇ ਹੀ ਖਾਵੈ।। (ਧਨਾਸਰੀ ਮਹਲਾ ੧, ਅੰਗ ੬੬੨)

(ੲ) ਪੁੰਨੀ ਪਾਪੀ ਆਖਣੁ ਨਾਹਿ।। ਕਰਿ ਕਰਿ ਕਰਣਾ ਲਿਖਿ ਲੈ ਜਾਹੁ।।

ਆਪੇ ਬੀਜਿ ਆਪੇ ਹੀ ਖਾਹੁ।। ਨਾਨਕ ਹੁਕਮੀ ਆਵਹੁ ਜਾਹੁ।। (ਜਪੁ, ਅੰਗ ੪)

ਭਾਵ:: ਪੁੰਨ-ਕਰਮੀ ਜਾਂ ਪਾਪੀ ਸਿਰਫ਼ ਕਹਿਣ ਦੀ ਹੀ ਗਲ ਨਹੀ ਬਲਕਿ ਜੀਵ ਜੈਸੇ ਕਰਮ ਕਰੇਗਾ ਉਸੇ ਤਰ੍ਹਾਂ ਦੇ ਸੰਸਕਾਰ ਅਪਣੇ ਵਿੱਚ ਉੱਕਰ ਕੇ ਲੈ ਜਾਵੇਗਾ ਤੇ ਅਪਣੇ ਬੀਜੇ ਦਾ ਫਲ ਆਪ ਹੀ ਖਾਏਗਾ। ਇਸ ਤਰ੍ਹਾਂ ਅਪਣੇ ਬੀਜੇ ਅਨੁਸਾਰ ਰਬ ਦੇ ਹੁਕਮ ਵਿੱਚ ਜਨਮ-ਮਰਣ ਦੇ ਚੱਕਰ ਵਿੱਚ ਪਿਆ ਰਹੇਗਾ।

ਬਾਣੀ ਵਿੱਚ ਦਾਨ ਆਦਿ ਦਾ ਮਹੱਤਵ ਹੈ ਪਰ ਉਹ ਦਾਨ ਜੋ ਪ੍ਰਾਣੀ ਅਪਣੀ ਮੇਹਨਤ ਦੀ ਕਮਾਈ ਵਿਚੋਂ ਲੋੜਵੰਦਾਂ ਨੂੰ ਦੇਂਦਾ ਹੈ:: ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (ਅੰਗ ੧੨੪੫)

ਦਾਨ ਦੇਣ ਸਮੇ ਅਕਲ ਵਰਤਣੀ ਚਾਹੀਦੀ ਹੈ: ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।। (ਅੰਗ ੧੨੪੫)

(੭) ਅਸੁਰੀ ਪੂਜਾ:::: ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਮਧੂਪਰਕ ਵਰਗੀ ਰਾਖਸ਼ੀ ਪੂਜਾ ਦਾ ਵਿਧਾਨ ਕਿਤੇ ਨਹੀ। ਯੱਗ ਅਤੇ ਬਲਿ ਆਦਿਕ ਵਿੱਚ ਕੋਈ ਆਸਥਾ (ਯਕੀਨ) ਨਹੀ। ਇਸੀ ਤਰ੍ਹਾਂ ਸ਼ਿਵ-ਭਗਤੀ ਜਾਂ ਦੇਵੀ-ਭਗਤੀ ਨੂੰ ਨਹੀ ਮੰਨਿਆ; ਪੁਰਾਣਾਂ ਵਿੱਚ ਇਨ੍ਹਾਂ ਦੋਹਾਂ ਨੂੰ ਮਾਸ, ਸ਼ਰਾਬ, ਭੰਗ, ਗਾਂਜਾ, ਚਰਸ, ਧਤੂਰਾ, ਤਮਾਕੂ ਆਦਿ ਰਾਖਸ਼ਾਂ ਦ ੇਆਹਾਰ ਤੇ ਪ੍ਰਸੰਨ ਹੋਣ ਵਾਲੇ ਦਸੇ ਗਏ ਹਨ। ਕਿਸੇ ਗੁਰਦੁਆਰੇ ਵਿੱਚ ਸ਼ਰਾਬ ਆਦਿ ਰਾਖਸ਼ੀ ਭੋਜਨਾਂ ਦਾ ਭੋਗ ਨਹੀ ਲਗਦਾ, ਬਲਕਿ ਮਹਾ-ਪਵਿਤ੍ਰ ਕੜਾਹ-ਪ੍ਰਸਾਦ ਦੀ ਦੇਗ ਚੜ੍ਹਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਖਾਣ ਪੀਣ ਤੇ ਪਹਿਨਣ ਦੇ ਬਾਰੇ ਕਿਹਾ::

ਬਾਬਾ ਹੋਰੁ ਖਾਣਾ ਖੁਸੀ ਖੁਆਰੁ।। ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ………

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।। ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। (ਅੰਗ ੧੬)

ਪਾਖੰਡੀ ਸਾਧੂ ਮਹਾਤਮਾ ਵਲੋਂ ਲੋਕਾਂ ਨੂੰ ਅਪਣੇ ਵਲ ਖਿਚਣ ਲਈ ਕੀਤੇ ਜਾਂਦੇ ਛਲ-ਕਪਟ, ਜੈਸਾ ਕਿ ਅੰਨ ਦਾ ਤਿਆਗ, ਨੰਗੇ ਰਹਿਣਾ, ਸ਼ਮਸ਼ਾਨ ਵਿੱਚ ਰਹਿਣਾ, ਮੌਨ ਧਾਰਣ ਕਰਨਾ, ਨੰਗੇ ਪੈਰ ਚਲਣਾ, ਗੰਦ ਜਾਂ ਜੂਠਾ ਖਾਣਾ. . ਗੁਰੂ ਜੀ ਨੇ ਨਿੰਦਾ ਕੀਤੀ ਹੈ::

ਛੋਡਹਿ ਅੰਨੁ ਕਰਹਿ ਪਾਖੰਡ।। ਨਾ ਸੋਹਾਗਨਿ ਨਾ ਓਹਿ ਰੰਡ।। (ਕਬੀਰ ਸਾਹਿਬ, ਅੰਗ ੮੭੩)

ਅੰਨੁ ਨ ਖਾਇਆ ਸਾਦੁ ਗਵਾਇਆ।। ਬਹੁ ਦੁਖ ਪਾਇਆ ਦੂਜਾ ਭਾਇਆ।। ਬਸਤ੍ਰ ਨ ਪਹਿਰੈ।। ਅਹਨਿਸਿ ਕਹਰੈ।। ਮੋਨਿ ਵਿਗੂਤਾ।। ਕਿਉ ਜਾਗੈ ਗੁਰ ਬਿਨੁ ਸੂਤਾ।। ਪਗ ਉਪੇਤਾਣਾ।। ਅਪਣਾ ਕੀਆ ਕਮਾਣਾ।।

ਅਲੁ ਮਲੁ ਖਾਈ ਸਿਰਿ ਛਾਈ ਪਾਈ।। ਮੂਰਖਿ ਅੰਧੈ ਪਤਿ ਗਵਾਈ।। ਵਿਣੁ ਨਾਵੈ ਕਿਛੁ ਥਾਇ ਨ ਪਾਈ।।

ਰਹੈ ਬੇਬਾਣੀ ਮੜੀ ਮਸਾਣੀ।। ਅੰਧੁ ਨ ਜਾਣੈ ਫਿਰਿ ਪਛੁਤਾਣੀ।। (ਵਾਰ ਆਸਾ, ਅੰਗ ੪੬੭)

(੮) ਸਾਧੂ ਸੰਤਾਂ ਪ੍ਰਤੀ ਨਜ਼ਰੀਆ:::: ਗੁਰਮਤਿ ਨੇ ਕਿਸੇ ਖਾਸ ਜਾਤਿ-ਵਰਣ ਵਿੱਚ ਜਨਮ ਲੈਣ ਵਾਲੇ ਨੂੰ ਉਚਾ ਨਹੀ ਮੰਨਿਆ ਜੇਕਰ ਉਸਦੇ ਕਰਮ ਉਚੇ ਨਹੀ ਹਨ। ਕਿਸੇ ਖਾਸ ਚਿੰਨ੍ਹ ਆਦਿ ਧਾਰਣ ਕਰਣ ਵਾਲੇ ਨੂੰ ਸਾਧੂ ਮਹਾਤਮਾ ਨਹੀ ਮੰਨਿਆ ਜੇਕਰ ਉਸ ਵਿੱਚ ਜ਼ਰੂਰੀ ਲੋੜੀਂਦੇ ਆਤਮਕ ਗੁਣ ਨਹੀ ਹਨ; ਗੁਣਾਂ ਤੋਂ ਕੋਰੇ ਬੰਦੇ ਨੂੰ ਖਰ (ਖੋਤਾ) ਕਿਹਾ ਹੈ::

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ।।

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ।।

ਨਾਨਕ ਤੇ ਨਰ ਅਸਲਿ ‘ਖਰ` ਜਿ ਬਿਨੁ ਗੁਣ ਗਰਬੁ ਕਰੰਤ।। (ਅੰਗ ੧੪੧੬)

ਕਿਸੇ ਖਾਸ ਰੰਗ ਦੇ ਕਪੜੇ, ਕੰਨਾਂ ਵਿੱਚ ਮੁੰਦਰਾਂ, ਹੱਥ ਵਿੱਚ ਡੰਡਾ ਤੇ ਬਗਲੀ ਆਦਿਕ ਕੇਵਲ-ਬਾਹਰੀ-ਚਿੰਨ੍ਹਾਂ ਦੀ ਬਾਣੀ ਵਿੱਚ ਅਹਿਮੀਯਤ ਨਹੀ ਅਤੇ ਨਾ ਹੀ ਸਾਧੂ ਸੰਤਾਂ ਲਈ ਇਹ ਧਾਰਣ ਕਰਣੇ ਜ਼ਰੂਰੀ ਹਨ। ਚਿੰਨ੍ਹਾਂ ਦੀ ਜਗ੍ਹਾ ਆਤਮਕ ਗੁਣਾਂ ਦੀ ਪ੍ਰੇਰਣਾ ਦਿੱਤੀ ਹੈ:: ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ।।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ।। (ਜਪੁ, ਅੰਗ ੬)

ਅਰਥਾਤ, ਹੇ ਜੋਗੀ! ਸੰਤੋਖ ਰੂਪੀ ਮੁੰਦਰਾਂ, ਅਪਣੇ ਪੁਰਸ਼ਾਰਥ ਦੀ ਬਗਲੀ ਅਥਵਾ ਖੱਪਰ, ਪ੍ਰਭੂ ਚਿੰਤਨ ਰੂਪੀ ਭਸਮ, ਸ਼ਰੀਰ ਨੂੰ ਨਾਸ਼ਵਾਨ ਮੰਨਣਾ – ਐਸੀ ਖਿੰਥਾ, ਸ਼ਰੀਰ ਵਿਕਾਰਾਂ ਤੋਂ ਰਹਿਤ, ਡੰਡਾ ਸ਼ਰਧਾ ਦਾ, ਸਾਰੀ ਮਨੁਖਤਾ ਨੂੰ ਅਪਣਾ ਮਿਤ੍ਰ ਮੰਨੋ, ਮਨ ਵਸ ਵਿੱਚ ਕਰੋ ਤਾਂ ਹੀ ਵਿਸ਼ਵ-ਵਿਜੇਤਾ ਬਣ ਸਕਦੇ ਹੋ।

ਐਸੇ ਮਹਾਤਮਾ ਲੋਕਾਂ ਨੂੰ ਪਤਿਤ ਮੰਨਿਆ ਹੈ ਜੋ ਗੁਰੂ ਪੀਰ ਅਖਵਾਂਦੇ ਹਨ ਪਰ ਠੂਠੇ ਚੁੱਕ ਕੇ ਮੰਗਦੇ ਫਿਰਦੇ ਹਨ::

ਗੁਰੁ ਪੀਰ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।। (ਅੰਗ ੧੨੪੫)

ਪਰ ਸਾਧਨਾ-ਸੰਪੰਨ (ਨਾਮ-ਬਾਣੀ ਦੇ ਰਸੀਏ) ਸੰਤਾਂ ਦੀ ਸਾਰੀ ਗੁਰਬਾਣੀ ਵਿੱਚ ਬਹੁਤ ਵਡਿਆਈ ਕੀਤੀ ਹੈ::

ਚਰਨ ਸਾਧ ਕੇ ਧੋਇ ਧੋਇ ਪੀਉ।। ਅਰਪਿ ਸਾਧ ਕਉ ਅਪਨਾ ਜੀਉ।। (ਸੁਖਮਨੀ, ਅੰਗ ੨੮੩)

ਸਾਧ ਕੀ ਸੋਭਾ ਸਾਧ ਬਨਿ ਆਈ।। ਨਾਨਕ ਸਾਧ ਪ੍ਰਭ ਭੇਦੁ ਨ ਭਾਈ।। (ਸੁਖਮਨੀ, ਅੰਗ ੨੭੨)

ਅਤੇ ਸਰਵੋਤਮ-ਸਾਧੂ ਨੂੰ ਬ੍ਰਹਮ-ਗਿਆਨੀ ਦਾ ਨਾਂ ਦਿੱਤਾ ਹੈ, ਜਿਸਨੂੰ ਸ਼ਿਵ ਵਰਗੇ ਦੇਵਤੇ ਲੱਭਦੇ ਹਨ::

ਬ੍ਰਹਮਗਿਆਨੀ ਕਉ ਖੋਜਹਿ ਮਹੇਸੁਰ।। ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ।। (ਸੁਖਮਨੀ, ੨੭੩)

ਗੁਰੂ ਜੀ ਨੇ ਸ੍ਰੇਸ਼ਟ ਕਰਮਾਂ ਵਾਲੇ ਮਨੁਖ ਨੂੰ ਹੀ ਸੱਚਾ ਸਾਧੂ ਮੰਨਿਆ ਹੈ::

ਸਾਧ ਨਾਮ ਤਾ ਕੇ ਨਿਰਮਲ ਕਰਮ।। (ਅੰਗ ੨੯੬)

(੯) ਪ੍ਰਾਰਥਨਾ (ਬੇਨਤੀ) :::: (੧) ਸੁਖਮਨੀ ਸਾਹਿਬ ਪਰਮ-ਸੁਖ ਦੇਣ ਵਾਲੀ ਬਾਣੀ ਹੈ। ਸਵੇਰੇ ਜਪੁ ਜੀ ਸਾਹਿਬ ਨਾਲ ਇਸਦਾ ਪੂਰਾ ਜਾਂ ਕੁੱਝ ਅਸ਼ਟਪਦੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ।

(੨) ਪਸ਼ੂ ਪੰਛੀਆਂ ਵਿੱਚ ਜਨਮ ਪ੍ਰਧਾਨ ਹੈ ਇਸਲਈ ਉਹ ਅਪਣੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀ ਲਿਆ ਸਕਦੇ ਪਰ ਮਨੁਖ-ਜਾਤਿ ਤਾਂ ਕਰਮ ਪ੍ਰਧਾਨ ਹੈ ਇਸਲਈ ਮਨੁਖ ਸਤਿਸੰਗ ਜਾਂ ਕੁਸੰਗ, ਬਿਬੇਕ ਜਾਂ ਮੂਰਖਤਾ ਦਾ ਰਾਹ ਅਪਨਾ ਕੇ ਅਪਣੇ ਜੀਵਨ ਵਿੱਚ ਜਿਤਨੀ ਚਾਹੇ ਤਬਦੀਲੀ ਲਿਆ ਸਕਦਾ ਹੈ। ਗੁਰਮਤਿ ਮਨੁਖ ਨੂੰ ਉਸਦੇ ਚੰਗੇ-ਮਾੜੇ ਕਰਮਾਂ ਨਾਲ ਵੱਡਾ-ਛੋਟਾ ਆਖਦੀ ਹੈ, ਜਨਮ ਕਰਕੇ ਨਹੀ।

(੩) ਗੁਰਬਾਣੀ ਮਰਦ ਜਾਂ ਔਰਤ ਵਿੱਚ ਕੋਈ ਭਿੰਨ-ਭੇਦ ਨਹੀ ਮੰਨਦੀ; ਗੁਰਸਿਖਾਂ ਨੂੰ ਦੋਹਾਂ ਧਿਰਾਂ ਦੀ ਬਰਾਬਰੀ ਦਾ ਸਮਰਥਕ ਹੋਣਾ ਚਾਹੀਦਾ ਹੈ।

(੪) ਕਿਸੇ ਦੇਵੀ-ਦੇਵਤਾ-ਪੂਜਕ ਨੂੰ ਜਾਂ ਧਰਮ ਦੇ ਨਾਂ ਤੇ ਉਦਰ-ਪੂਰਤੀ ਕਰਣ ਵਾਲੇ ਨੂੰ ਬਾਣੀ ਵਿੱਚ ਚੋਰ ਤੇ ਹਰਾਮਖੋਰ ਕਿਹਾ ਗਿਆ ਹੈ। ਧਰਮੀ ਗੁਰਸਿਖਾਂ ਨੂੰ ਐਸੇ ਲੋਕਾਂ ਦਾ ਸੰਗ ਨਹੀ ਕਰਨਾ ਚਾਹੀਦਾ। ਧਰਮ ਦੀ ਕਿਰਤ ਕਰਕੇ, ਨਾਮ-ਬਾਣੀ ਵਿੱਚ ਜੁੜ ਕੇ, ਗ੍ਰਹਸਥ ਵਿੱਚ ਰਹਿ ਕੇ ਪਰਿਵਾਰ-ਪਾਲਣਾ ਕਰਣੀ ਚਾਹੀਦੀ ਹੈ।

(੫) ਗੁਰਮਤਿ ਅਨੁਸਾਰ ਗ੍ਰਹਸਥ “ਉੱਤਮ ਆਸ਼੍ਰਮ” ਮੰਨਿਆ ਗਿਆ ਹੈ। ਸੰਤ-ਜਨਾਂ ਨੂੰ ਗੁਰੂ-ਹੁਕਮਾਂ ਦੇ ਉਲਟ ਨਹੀ ਚਲਣਾ ਚਾਹੀਦਾ, ਪਰ ਉਲਟ ਚਲਣ ਵਾਲੇ ਅਖੌਤੀ-ਨਿਹਕਲੰਕੀਆਂ ਅਤੇ ਦੰਭੀ ਪਖੰਡੀ-ਸੰਤਾਂ ਦਾ ਬਿਲਕੁਲ ਕੋਈ ਆਦਰ-ਸਤਿਕਾਰ ਨਹੀ ਕਰਨਾ ਚਾਹੀਦਾ।

(੬) ਗੁਰੂ-ਸਿਖਿਆ ਹੈ ਕਿ ਨੰਗੇ ਜਾਂ ਭੁੱਖੇ ਰਹਣਾ ਕੋਈ ਧਾਰਮਕ ਰਹਤ ਨਹੀ, ਪਖੰਡ ਹੈ। ਨਾ ਤਾਂ ਅਸੀ ਖੁਦ ਐਸੇ ਪਖੰਡੀ ਬਣੀਏ ਅਤੇ ਨਾ ਹੀ ਐਸੇ ਲੋਕਾਂ ਦਾ ਕੋਈ ਮਾਨ-ਸਤਕਾਰ ਕਰੀਏ।

(੭) ਗੁਰੂ-ਭਗਤ-ਗੁਰਸਿਖਾਂ ਨੂੰ ਤਾਮਸੀ ਭੋਜਨ ਅਰਥਾਤ ਸ਼ਰਾਬ, ਤਮਾਕੂ, ਚਰਸ ਆਦਿਕ ਨਸ਼ੀਲੇ ਪਦਾਰਥਾਂ ਦਾ ਉੱਕਾ ਇਸਤੇਮਾਲ ਨਹੀ ਕਰਨਾ ਚਾਹੀਦਾ; ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਗੁਰੂ-ਸਾਹਿਬਾਨ ਨੇ ਸਾਨੂੰ ਬੇਲੋੜੀਆਂ ਪਰੰਪਰਾਵਾਂ ਦੇ ਪਿਛੇ ਜਾਣ ਵਾਲੇ ਬਣਨ ਦੀ ਬਜਾਏ ਬਿਬੇਕਮਈ ਬਿਰਤੀ ਵਾਲੇ ਕਰਮ-ਯੋਗੀ ਹੋਣ ਦੀ ਪ੍ਰੇਰਣਾ ਦਿੱਤੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀ ਅਪਣੇ ਸ਼ੁਭ-ਚਿੰਤਕ ਮਹਾਪੁਰਖਾਂ ਦੀ ਇੱਛਾ ਤੇ ਪੂਰੇ ਉਤਰਣ ਲਈ ਪੁਰਜ਼ੋਰ ਕੋਸ਼ਿਸ਼ ਤੇ ਸੰਘਰਸ਼ ਕਰੀਏ।

ਅਖੀਰ ਤੇ ਮੈ ਸਿਰਫ਼ ਇਹੀ ਕਹਿਣਾ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ (ਇਕੋ ਇੱਕ ਪੂਰਨ ਸ਼ੁੱਧ ਰੂਪ ਪਥ-ਪ੍ਰਦਰਸ਼ਕ ਧਰਮ-ਗ੍ਰੰਥ ਹੋਣ ਕਾਰਣ) ਸਿਧ ਕਰਕੇ ਮੈਂ ਇਹ ਸੰਖੇਪ ਤੇ ਨਿਮਾਣਾ ਜਿਹਾ ਜਤਨ ਕੀਤਾ ਹੈ, ਕਿਉਂਕਿ ਇਸ ਕਲਿਆਣ-ਕਾਰੀ ਬਾਣੀ ਦੀ ਸੰਪੂਰਣ ਉਤੱਮਤਾ ਸਮਝਾ ਸਕਣਾ ਕਠਿਨ ਹੀ ਨਹੀ, ਬਿਲਕੁਲ ਹੀ ਅਸੰਭਵ ਹੈ। ਆਪ ਜੀ ਤੋਂ ਇਹੀ ਆਸ ਕਰਦਾ ਹਾਂ ਕਿ ਸਦਾ ਨਿਰਦੋਸ਼ ਤੇ ਪਰਮ-ਸ਼ੁਧ ਗੁਰਬਾਣੀ ਦਾ ਰੋਜ਼ਾਨਾ ਨਿਤਨੇਮ ਪਾਠ ਕਰਕੇ ਉਸਤੇ ਅਮਲ ਕਰਕੇ ਜੀਉਣਾ ਸਿਖੋਗੇ।

:::: (ਇਤੀ)::::::: :::::: (ਭਾਈ ਰਾਮ ਤੀਰਥ ਸਿੰਘ)::::::




.