.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 15)

ਲੇਖਕ ਵਲੋਂ ਜਪੁਜੀ ਦੀ 14ਵੀਂ ਪਉੜੀ ਦੇ ਲਿਖੇ ਹੋਏ ਮਹਾਤਮ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ ਅਤੇ ਇਸ ਦੇ ਅਰਥ ਲਿਖ ਰਹੇ ਹਾਂ।
ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥ ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ 14॥ (ਪੰਨਾ 3) ਅਰਥ: ਜੇ ਮਨੁੱਖ ਦਾ ਮਨ ਨਾਮ ਵਿੱਚ ਪਤੀਜ ਜਾਏ ਤਾਂ ਜ਼ਿੰਦਗੀ ਦੇ ਸਫ਼ਰ ਵਿੱਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ `ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ {ਦੁਜੈਗੀ} ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿੱਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ। 14.
ਭਾਵ:- ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸ ਨੂੰ ਕੁਰਾਹੇ ਨਹੀਂ ਪਾ ਸਕਦੀਆਂ।
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਬੁਧਵਾਰ ਤੋਂ ਇੱਕ ਹਜ਼ਾਰ ਪਾਠ ਰੋਜ਼ ਲਗਾਤਾਰ ਸਤ ਦਿਨ ਕਰਨਾ, ਜੁੱਧ ਵਿੱਚ ਫਤਹ ਹੋਵੇ, ਸਫਰ ਵਿੱਚ ਕੋਈ ਦੁਖ ਨਾ ਹੋਵੇ, ਜਸ ਹੋਵੇ।”
ਲੇਖਕ ਜਿਸ ਤਰ੍ਹਾਂ ਦੇ ਮਹਾਤਮ ਦੀ ਗੱਲ ਕਰ ਰਿਹਾ ਹੈ, ਉਸ ਦਾ ਇਸ ਪਉੜੀ ਵਿੱਚ ਰੰਚ-ਮਾਤਰ ਵੀ ਜ਼ਿਕਰ ਨਹੀਂ ਹੈ। ਸਾਡੇ ਇਤਿਹਾਸ ਵਿੱਚ ਭਾਵੇਂ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ, ਜਿਸ ਦਾ ਗੁਰਮਤਿ ਦੇ ਸਿਧਾਂਤਾਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਹੈ, ਪਰ ਫਿਰ ਵੀ ਕਿਸੇ ਵੀ ਲੇਖਕ ਨੇ ਆਪਣੀ ਲਿਖਤ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਗੁਰੂ ਸਾਹਿਬ ਜਾਂ ਸਿੰਘਾਂ ਨੇ ਜੁੱਧ ਵਿੱਚ ਫ਼ਤਹਿ ਹਾਸਲ ਕਰਨ ਲਈ ਇਸ ਪਉੜੀ ਦਾ ਤਾਂਤ੍ਰਿਕ ਵਿਧੀ ਨਾਲ ਪਾਠ ਕੀਤੇ ਹੋਣ।
ਇਸ ਦੇ ਉਲਟ ਇਸ ਗੱਲ ਦਾ ਜ਼ਰੂਰ ਵਰਣਨ ਹੈ ਕਿ ਇਹੋ ਜਿਹੀਆਂ ਵਿਧੀਆਂ ਦੇ ਆਸਰੇ ਜੁੱਧ-ਭੂਮੀ ਵਿੱਚ ਕਦਮ ਰੱਖਣ ਵਾਲੇ ਬੁਰੀ ਤਰ੍ਹਾਂ ਹਾਰੇ ਹੀ ਨਹੀਂ ਸਗੋਂ ਆਪਣੀ ਜਾਨ ਵੀ ਗਵਾ ਬੈਠੇ। ਇਸ ਗੱਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ ਹੈ ਕਿ ਖ਼ਾਲਸਾ ਪੰਥ ਨੇ ਜਦ ਤੱਕ ਗੁਰਬਾਣੀ ਦਾ ਆਸਰਾ ਲਈ ਰੱਖਿਆ, ਗਿਣਤੀ ਪੱਖੋਂ ਭਾਵੇਂ ਆਟੇ ਵਿੱਚ ਲੂਣ ਦੇ ਬਰਾਬਰ ਸਨ ਫਿਰ ਵੀ ਵੈਰੀਆਂ ਨੂੰ ਮੈਦਾਨ-ਇ-ਜੰਗ ਵਿਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਜੇਕਰ ਕਿਧਰੇ ਮੈਦਾਨ `ਚੋਂ ਲਾਂਭੇ ਹੋਣਾ ਵੀ ਪਿਆ ਤਾਂ ਇਸ ਹਾਲਤ ਵਿੱਚ ਵੀ ਦੁਸ਼ਮਨ ਜਿੱਤ ਕੇ ਵੀ ਹਾਰਿਆ ਹੋਇਆ ਮਹਿਸੂਸ ਕਰਦਾ ਰਿਹਾ। ਸਿੰਘਾਂ ਨੇ ਕਿਸੇ ਵੀ ਕੀਮਤ `ਤੇ ਉੱਚ ਕਦਰਾਂ-ਕੀਮਤਾਂ ਦਾ ਤਿਆਗ ਨਹੀਂ ਕੀਤਾ।
ਗੁਰਬਾਣੀ ਵਿੱਚ ਜਿਸ ਜੁੱਧ ਵਿੱਚ ਕਾਮਯਾਬ ਹੋਣ ਦੀ ਗੱਲ ਆਖੀ ਹੈ, ਉਹ ਜੁੱਧ ਮਨੁੱਖ ਦਾ ਆਪਣੇ ਮਨ ਨਾਲ ਕਰਨ ਦੀ ਗੱਲ ਹੈ। ਗੁਰਬਾਣੀ ਦੀ ਖੜਗ ਦੀ ਸਹਾਇਤਾ ਨਾਲ ਮਨ ਵਿਚੋਂ ਮੰਦ ਵਾਸ਼ਨਾਵਾਂ ਨੂੰ ਬਾਹਰ ਕੱਢਣ ਨੂੰ ਹੀ ਜੁੱਧ ਜਿਤਨ ਦੀ ਪਰਿਕ੍ਰਿਆ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿਚੋਂ ਇਹ ਗੱਲ ਭਲੀ ਪ੍ਰਕਾਰ ਸਪਸ਼ਟ ਹੁੰਦੀ ਹੈ:-
(ੳ) ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ॥ ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ॥ 1॥ ਰਹਾਉ॥ (ਪੰਨਾ 113) ਅਰਥ: (ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿੱਚ ਵਸਾਂਦਾ ਹੈ। ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ। 1. ਰਹਾਉ।
(ਅ) ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ 3॥ (ਪੰਨਾ 1022) ਅਰਥ: (ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ, ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿੱਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ)।
ਇਸ ਤਰ੍ਹਾਂ ਦੇ ਜੁੱਧ ਵਿੱਚ ਵਿਜਈ ਹੋਣ ਦੀ ਜੁਗਤੀ ਜ਼ਰੂਰ ਦਰਸਾਈ ਗਈ ਹੈ। ਪਰ ਮਨ ਨਾਲ ਜੁੱਧ ਵਿੱਚ ਵੀ ਕਾਮਯਾਬੀ ਕੇਵਲ ਕਿਸੇ ਸ਼ਬਦ ਦੇ ਪਾਠ ਕਰਨ ਨਾਲ ਹੀ ਨਹੀਂ ਸਗੋਂ ਸ਼ਬਦ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਅਤੇ ਉਸ ਅਨੁਸਾਰ ਜੀਵਨ ਬਿਤਾਉਣ ਨਾਲ ਹੀ ਮਿਲਦੀ ਹੈ। ਸਾਡੇ ਇਤਿਹਾਸ ਵਿੱਚ ਇਸ ਗੱਲ ਦਾ ਕਿਧਰੇ ਵੀ ਵਰਣਨ ਨਹੀਂ ਮਿਲਦਾ ਕਿ ਗੁਰੂ ਸਾਹਿਬ ਜਾਂ ਬਾਅਦ ਵਿੱਚ ਸਿੰਘਾਂ ਨੇ ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਇਸ ਪਉੜੀ ਦਾ ਜਾਂ ਕਿਸੇ ਸ਼ਬਦ ਦਾ ਤਾਂਤ੍ਰਿਕ ਵਿਧੀ ਨਾਲ ਪਾਠ ਕੀਤਾ ਹੋਵੇ। ਸਿੰਘ ਬਾਣੀ ਤਾਂ ਜ਼ਰੂਰ ਪੜ੍ਹਦੇ ਸਨ ਪਰ ਆਪਣੇ ਮਨ ਨੂੰ ਬਲਵਾਨ ਬਣਾਉਣ ਲਈ।
ਲੇਖਕ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਸ਼ਰਧਾਲੂ ਗੁਰੂ ਕੇ ਲਾਲਾਂ ਨੇ ਕਦੀ ਵੀ ਅਜਿਹਾ ਸਵਾਲ ਉਠਾਉਣਾ ਤਾਂ ਕਿਧਰੇ ਰਿਹਾ, ਉਨ੍ਹਾਂ ਨੇ ਤਾਂ ਇੰਜ ਸੋਚਣਾ ਵੀ ਪਾਪ ਸਮਝਣਾ ਹੈ। ਇਹ ਹੀ ਕਾਰਨ ਹੈ ਜਿਸ ਕਿਸੇ ਨੂੰ ਵੀ ਗੁਰੂ ਸਾਹਿਬ ਦਾ ਨਾਮ ਲੈ ਕੇ ਜੋ ਕੁੱਝ ਵੀ ਆਖ ਜਾਂ ਲਿਖ ਦਿੱਤਾ, ਸੰਗਤਾਂ ਨੇ ਬਿਨਾਂ ਕਿਸੇ ਤਰ੍ਹਾਂ ਕਿੰਤੂ-ਪਰੰਤੂ ਦੇ ਝੱਟ ਹੀ ਸਵੀਕਾਰ ਕਰ ਲਿਆ। ਚੂੰਕਿ ਇਸ ਤਰ੍ਹਾਂ ਦੇ ਬੋਲ ਗੁਰੂ ਸਾਹਿਬਾਨ ਦੇ ਮੂੰਹੋਂ ਕਢਵਾਉਣ ਵਾਲਿਆਂ ਨੇ ਨਾਲ ਇਹ ਤਾੜਨਾ ਵੀ ਕਰ ਦਿੱਤੀ ਹੋਈ ਹੈ ਕਿ ਇਨ੍ਹਾਂ ਲਿਖਤਾਂ `ਤੇ ਕਿੰਤੂ-ਪਰੰਤੂ ਕਰਨਾ ਗੁਰੂ ਦੀ ਬੇਅਦਵੀ ਹੈ। ਇਸ ਤਾੜਨਾ ਦੀ ਮੌਜੂਦਗੀ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਕਿਵੇਂ ਗੁਸਤਾਖੀ ਕਰ ਸਕਦਾ ਹੈ? ਗੁਰੂ ਦੀ ਬੇਅਦਬੀ ਹੋਣ ਦੇ ਇਸ ਡਰ ਕਾਰਨ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਵੀ ਧਿਆਨ ਨਹੀਂ ਰਿਹਾ ਕਿ ਜੋ ਕੁੱਝ ਗੁਰੂ ਸਾਹਿਬਾਨ ਦੇ ਮੁੱਖੋਂ ਅਖਵਾਇਆ ਗਿਆ ਹੈ, ਇਹ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਹੀ ਉਲਟ ਹੈ।
ਅਸੀ ਇਸ ਗੱਲ ਨੂੰ ਫਿਰ ਦੁਹਰਾ ਰਹੇ ਹਾਂ ਕਿ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਇਸ ਲਈ ਸਿੱਖ ਨੇ ਬਾਣੀ ਵੱਧ ਤੋਂ ਵੱਧ ਪੜ੍ਹਨੀ ਅਤੇ ਵਿਚਾਰਨੀ ਹੈ। ਪਰ ਜੇਕਰ ਅਸੀਂ ਬਾਣੀ ਦੀ ਵਰਤੋਂ ਤੰਤ੍ਰ ਮੰਤ੍ਰ ਵਾਂਗ ਕਰਨ ਲੱਗ ਪਏ ਤਾਂ ਅਸੀਂ ਬਾਣੀ ਤੋਂ ਅਸਲ ਲਾਭ ਉਠਾਉਣ ਦੀ ਬਜਾਏ ਕਰਮ ਕਾਂਡ ਦੀ ਦਲਦਲ ਵਿੱਚ ਹੀ ਖੁੱਭ ਜਾਵਾਂਗੇ। ਜਦੋ ਵੀ ਕਿਸੇ ਧਰਮ ਦੇ ਪੈਰੋਕਾਰ ਆਪਣੇ ਰਹਿਬਰ ਦੇ ਬਚਨਾਂ ਤੋਂ ਜੀਵਨ ਅਗਵਾਈ ਲੈਣ ਦੀ ਥਾਂ ਉਨ੍ਹਾਂ ਨੂੰ ਮੰਤ੍ਰ ਰੂਪ ਵਿੱਚ ਰਟਨ ਕਰ ਕੇ ਸਾਧਾਰਨ ਕਾਰਜ ਦੀ ਸਿੱਧੀ ਦੀ ਵਰਤੋਂ ਕਰਨ ਲੱਗ ਪੈਣ, ਤਾਂ ਉਸ ਧਰਮ ਦੇ ਪੈਰੋਕਾਰ ਰਸਮੀ ਧਰਮ ਕਰਮ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਕੇ ਅਸਲ ਧਰਮ ਤੋਂ ਵਾਂਝੇ ਹੋ ਜਾਂਦੇ ਹਨ।
ਗੁਰਬਾਣੀ ਮਨੁੱਖ ਨੂੰ ਸਚਿਆਰ ਹੋਣ ਦੀ ਜੁਗਤੀ ਦਰਸਾਉਂਦੀ ਹੈ। ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਕੇਵਲ ਪੜ੍ਹਨ, ਸੁਣਨ ਨਾਲ ਅਥਵਾ ਗਿਣਤੀ ਦੇ ਕੇਵਲ ਪਾਠ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ। ਇਹ ਜੀਵਨ-ਜੁਗਤ ਦਾ ਬਾਣੀ ਅਨੁਸਾਰ ਆਪਣਾ ਆਚਰਣ ਬਣਾਉਣ ਨਾਲ ਹੀ ਹਾਸਲ ਹੁੰਦੀ ਹੈ। ਗੁਰਬਾਣੀ ਦੀ ਮਹੱਤਾ ਨੂੰ ਬਾਣੀ ਦੀ ਵਿਚਾਰ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਬਾਣੀ ਦੀ ਵਿਚਾਰ ਰਾਹੀਂ ਹੀ ਪ੍ਰਭੂ ਦੇ ਹੁਕਮ ਨੂੰ ਸਮਝਣ ਦੀ ਸੋਝੀ ਮਿਲਦੀ ਹੈ ਅਤੇ ਹੁਕਮ ਨੂੰ ਸਮਝਿਆਂ ਹੀ ਆਤਮਕ ਸੁਖ ਨੂੰ ਮਾਣ ਸਕੀਦਾ ਹੈ।
ਗੁਰਬਾਣੀ ਮੂਲ ਰੂਪ ਵਿੱਚ ਮਨੁੱਖ ਨੂੰ ਆਤਮਕ ਕਮਜ਼ੋਰੀਆਂ ਤੋਂ ਉੱਪਰ ਉਠਾ ਕੇ ਆਤਮਕ ਬਲ ਪ੍ਰਦਾਨ ਕਰਦੀ ਹੈ। ਇਹ ਆਤਮਕ ਬਲ, ਮਨੁੱਖ ਨੂੰ ਡਾਂਵਾਂਡੋਲ ਨਹੀਂ ਹੋਣ ਦੇਂਦਾ। ਇਸ ਕਾਰਨ ਹੀ ਭਾਂਵੇਂ ਪ੍ਰਸਥਿਤੀ ਕਿਤਨੀ ਵੀ ਭਿਆਨਕ ਕਿਉਂ ਨ ਹੋਵੇ, ਅਜਿਹਾ ਪ੍ਰਾਣੀ ਇਨ੍ਹਾਂ ਤੋਂ ਘਬਰਾਕੇ ਆਪਣੇ ਮਾਨਸਿਕ ਸੰਤੁਲਨ ਨੂੰ ਵਿਗੜਨ ਨਹੀਂ ਦੇਂਦਾ।
ਜਿੱਥੋਂ ਤੱਕ ਲੇਖਕ ਦੇ ਇਹ ਲਿਖਣ ਦਾ ਸਵਾਲ ਹੈ ਕਿ ‘ਸਫਰ ਵਿੱਚ ਕੋਈ ਦੁੱਖ ਨ ਹੋਵੇ’, ਇਸ ਸਬੰਧੀ ਇਤਨੀ ਕੁ ਹੀ ਬੇਨਤੀ ਹੈ ਕਿ ਅਕਾਲ ਪੁਰਖ ਦੇ ਭਾਣੇ ਨੂੰ ਟਾਲਿਆ ਨਹੀਂ ਜਾ ਸਕਦਾ ਹੈ। ਹਾਂ, ਬਾਣੀ ਦੁਆਰਾ ਇਸ ਦੀ ਸੋਝੀ ਹਾਸਲ ਕਰਕੇ ਇਸ ਨੂੰ ਮਿੱਠਾ ਕਰਕੇ ਜ਼ਰੂਰ ਮੰਨ ਸਕੀਦਾ ਹੈ। ਬਾਣੀ ਦਾ ਆਸਰਾ ਲੈਣ ਨਾਲ ਮਨੁੱਖ ਭਾਵੇਂ ਸਫ਼ਰ ਵਿੱਚ ਹੈ ਜਾਂ ਜੀਵਨ ਸਫ਼ਰ ਵਿੱਚ ਉਸ ਨੂੰ ਆਤਮਕ ਦੁੱਖ ਨਹੀਂ ਵਿਆਪਦਾ।
ਜਿਹੜਾ ਪ੍ਰਾਣੀ ਗੁਰਬਾਣੀ ਦਾ ਆਸਰਾ ਲੈ ਕੇ ਸਫਰ ਸ਼ੁਰੂ ਕਰਦਾ ਹੈ ਤਾਂ ਉਹ ਕਿਸੇ ਵੀ ਪਰਿਸਥਿੱਤੀ ਵਿੱਚ ਆਤਮਕ ਕਮਜ਼ੋਰੀ ਨਹੀਂ ਦਿਖਾਉਂਦਾ ਹੈ। ਭਾਵ, ਉਹ ਮਨੁੱਖ ਲੱਬ, ਲੋਭ ਆਦਿ ਦਾ ਸ਼ਿਕਾਰ ਨਹੀਂ ਹੁੰਦਾ। ਆਪਣਾ ਸਫ਼ਰ ਸੁਖਦਾਇਕ ਬਣਾਉਣ ਲਈ, ਦੂਜੇ ਮੁਸਾਫ਼ਿਰਾਂ ਦੇ ਰਸਤੇ ਵਿੱਚ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਨਹੀਂ ਕਰਦਾ। ਲਗਦੀ ਵਾਹੇ ਆਪ ਔਖਾ ਹੋ ਕੇ ਵੀ ਦੂਜਿਆਂ ਨੂੰ ਸੁਖ-ਆਰਾਮ ਪਹੁੰਚਾਉਣ ਦਾ ਜਤਨ ਕਰਦਾ ਹੈ, ਇਤਿਆਦਿਕ। ਗੁਰਬਾਣੀ ਮਨੁੱਖ ਨੂੰ ਇਹੋ ਜਿਹੀਆਂ ਮੁਸ਼ਕਲਾਂ ਤੋਂ ਬਚਾਉਂਦੀ ਹੈ ਨਾ ਕਿ ਅਕਾਲ ਪੁਰਖ ਦੀ ਰਜ਼ਾ ਨੂੰ ਬਦਲਦੀ ਹੈ। ਅਕਾਲ ਪੁਰਖ ਦਾ ਭਾਣਾ ਅਟਲ ਹੈ ਇਸ ਨੂੰ ਕਿਸੇ ਤਰ੍ਹਾਂ ਨਾਲ ਬਦਲਿਆ ਨਹੀਂ ਜਾ ਸਕਦਾ। ਬਾਣੀ ਵਿਚਾਰਨ ਨਾਲ ਮਨੁੱਖ ਨੂੰ ਇਨ੍ਹਾਂ ਗੱਲਾਂ ਦੀ ਸਮਝ ਆਉਂਦੀ ਹੈ ਅਤੇ ਇਹ ਸੋਝੀ ਆਇਆਂ ਹੀ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕੀਦਾ ਹੈ।
ਗੁਰਮਤਿ ਵਿੱਚ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰਨ ਦੀ ਪਰੰਪਰਾ ਹੈ। (ਨੋਟ: ਧਿਆਨ ਰਹੇ ਅਰਦਾਸ ਕਿਸੇ ਅਜਿਹੇ ਕਾਰਜ ਲਈ ਕਰਨ ਦਾ ਵਿਧਾਨ ਨਹੀਂ ਹੈ, ਜੋ ਮਨੁੱਖਤਾ ਨੂੰ ਕਲੰਕਤਾ ਕਰਨ ਵਾਲਾ ਹੋਵੇ।) ਅਰਦਾਸ ਦਾ ਮਨੋਰਥ ਰੱਬੀ ਭਾਣੇ ਨੂੰ ਬਦਲਣ ਦਾ ਤਰਲਾ ਨਹੀਂ ਹੈ; ਅਰਦਾਸ ਤਾਂ ਉਸ ਦੇ ਭਾਣੇ ਨੂੰ ਸਮਝਣ ਦਾ ਜਤਨ ਹੈ। ਹੁਕਮੀ ਬੰਦਾ ਬਣਨ ਲਈ ਪੁੱਟਿਆ ਹੋਇਆ ਪਹਿਲਾ ਕਦਮ ਹੈ।
ਜਿੱਥੋਂ ਤੱਕ ਜਸ ਹੋਣ ਦੀ ਗੱਲ ਦਾ ਸਬੰਧ ਹੈ, ਲੇਖਕ ਨੇ ਸੰਕੇਤ ਨਹੀਂ ਕੀਤਾ ਕਿ ਕਿਸ ਤਰ੍ਹਾਂ ਦਾ ਜਸ ਹੋਵੇਗਾ। ਗੁਰਬਾਣੀ ਮਨੁੱਖ ਨੂੰ ਲੋਕਾਂ ਦੀ ਵਾਹਵਾ ਤੋਂ ਉਪਰ ਉੱਠ ਕੇ, ਮਨੁੱਖੀ ਕਦਰਾਂ-ਕੀਮਤਾਂ ਅਨੁਸਾਰ ਜ਼ਿੰਦਗੀ ਬਸਰ ਕਰਨ ਦੀ ਪ੍ਰੇਰਨਾ ਦੇਂਦੀ ਹੈ।
ਆਲੇ-ਦੁਆਲੇ ਵਲ ਝਾਤੀ ਮਾਰਿਆਂ ਇਹ ਗੱਲ ਉਘੜ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਦੀ ਜੈ ਜੈ ਕਾਰ ਹੋ ਰਹੀ ਹੈ, ਉਹ ਕਿੰਨੇ ਕੁ ਮਨੁੱਖੀ ਕਦਰਾਂ-ਕੀਮਤਾਂ ਦੇ ਧਾਰਨੀ ਹਨ। ‘ਜਿਨ੍ਹਾਂ ਦੇ ਪੱਲੇ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ’ ਦੇ ਅਖਾਣ ਵਾਂਗ ਜਿਨ੍ਹਾਂ ਦੇ ਕੋਲ ਤਾਕਤ, ਪੈਸਾ ਆਦਿ ਹੈ, ਆਮ ਮਨੁੱਖ ਉਨ੍ਹਾਂ ਦੀ ਜੈ ਜੈ ਕਾਰ ਕਰ ਰਿਹਾ ਹੈ। ਇਸ ਗੱਲ ਨੂੰ ਬਿਲਕੁਲ ਹੀ ਨਹੀਂ ਵਿਚਾਰਿਆ ਜਾਂਦਾ ਕਿ ਅਜਿਹੇ ਮਨੁੱਖਾਂ ਨੇ ਇਹ ਤਾਕਤ ਅਤੇ ਪੈਸਾ ਕਿਵੇਂ ਹਾਸਲ ਕੀਤਾ ਹੈ। ਜਦ ਕਦੀ ਅਜਿਹੇ ਪ੍ਰਾਣੀਆਂ ਕੋਲ ਤਾਕਤ ਜਾਂ ਪੈਸਾ ਨਹੀਂ ਹੁੰਦਾ ਤਾਂ ਜੈ ਜੈ ਕਰਨ ਵਾਲੇ ਇੱਕ ਦਮ ਮੂੰਹ ਫੇਰ ਲੈਂਦੇ ਹਨ। ਗੁਰਬਾਣੀ ਪ੍ਰਾਣੀ ਨੂੰ ਅਜਿਹਾ ਜਸ ਖੱਟਣ ਦੀ ਪ੍ਰੇਰਨਾ ਨਹੀਂ ਕਰਦੀ ਸਗੋਂ ਇਸ ਤੋਂ ਉਪਰ ਉਠਾਉਂਦੀ ਹੈ। ਕਈ ਵਾਰ ਮਨੁੱਖ ਜਸ ਖਟਣ ਦੀ ਲਾਲਾਸਾ ਵਿੱਚ ਅਜਿਹਾ ਕਦਮ ਵੀ ਪੁੱਟ ਲੈਂਦਾ ਹੈ, ਜਿਸ ਨਾਲ ਮਨੁੱਖਤਾ ਦਾ ਘਾਣ ਹੁੰਦਾ ਹੈ। ਗੱਲ ਕੀ ਗੁਰਬਾਣੀ ਮਨੁੱਖ ਨੂੰ ਇਹੋ ਜਿਹੀਆਂ ਕਮਜ਼ੋਰੀਆਂ ਤੋਂ ਉਪਰ ਉਠਾ ਕੇ ਸੱਚਾ-ਸੁੱਚਾ ਇਨਸਾਨ ਬਣਾਉਂਦੀ ਹੈ।
ਜੇਕਰ ਅਸੀਂ ਆਲੇ-ਦੁਆਲੇ ਵਲ ਨਿਗਾਹ ਮਾਰ ਕੇ ਦੇਖੀਏ ਤਾਂ ਜ਼ਿਆਦਾਤਰ ਇਹ ਹੀ ਦਿਖਾਈ ਦੇਂਦਾ ਹੈ ਕਿ ਸੱਚ ਉੱਤੇ ਪਹਿਰਾ ਦੇਣ ਵਾਲਿਆਂ ਦੀ ਲੋਕਾਈ ਵਲੋਂ ਕਿੰਨੀ ਕੁ ਜੈ ਜੈਕਾਰ ਹੁੰਦੀ ਹੈ। ਅਸੀਂ ਦੂਜੇ ਖੇਤਰਾਂ ਦੀ ਗੱਲ ਨਾ ਵੀ ਕਰੀਏ ਕੇਵਲ ਧਾਰਮਕ ਖੇਤਰ ਦੀ ਹੀ ਗੱਲ ਕਰੀਏ ਤਾਂ ਇਹੀ ਦਿਖਾਈ ਦੇਂਦਾ ਹੈ ਕਿ ਸੱਚ ਦਾ ਹੋਕਾ ਦੇਣ ਵਾਲਿਆਂ ਦੇ ਪਿੱਛੇ ਕਿੰਨੇ ਕੁ ਲੋਕੀਂ ਤੁਰੇ ਜਾਂ ਤੁਰਦੇ ਹਨ? ਗੁਰਬਾਣੀ ਦੇ ਨਿਮਨ ਲਿਖਤ ਬਚਨ ਇਸ ਪੱਖ ਨੂੰ ਸਾਡੇ ਸਾਹਮਣੇ ਰੱਖਦੇ ਹਨ:-
(ੳ) ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ॥ ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ॥ (ਪੰਨਾ 1091) ਅਰਥ: ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}। ਹੇ ਨਾਨਕ! ਤੂੰ ‘ਨਾਮ’ ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ।
ਇਸ ਲਈ ਲੇਖਕ ਵਲੋਂ ਇਸ ਪਉੜੀ ਦੇ ਸਬੰਧ ਵਿੱਚ ਇਹ ਕਹਿਣਾ ਕਿ ਇਸ ਦਾ ਇੱਕ ਹਜ਼ਾਰ ਪਾਠ ਕਰਨ ਨਾਲ ਜੁੱਧ ਵਿੱਚ ਫਤਹ ਹੋਵੇ, ਸਫਰ ਵਿੱਚ ਕੋਈ ਦੁਖ ਨਾ ਹੋਵੇ, ਜਸ ਹੋਵੇ’ ਲੇਖਕ ਦੀ ਆਪਣੀ ਕਲਪਣਾ ਦੀ ਉਪਜ ਹੈ। ਇਸ ਪਉੜੀ ਵਿੱਚ ਹੀ ਨਹੀਂ ਸਗੋਂ ਗੁਰਬਾਣੀ ਵਿੱਚ ਕਿਧਰੇ ਵੀ ਕੇਵਲ ਬਾਣੀ ਪੜ੍ਹਨ ਦਾ ਅਜਿਹਾ ਮਹਾਤਮ ਨਹੀਂ ਦਰਸਾਇਆ ਗਿਆ ਹੈ।
ਸੋ, ਸਾਨੂੰ ਗੁਰਬਾਣੀ ਵਿਚਾਰ ਸਹਿਤ ਪੜ੍ਹਨ ਦੀ ਲੋੜ ਹੈ ਤਾਂ ਕਿ ਅਸੀਂ ਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਅਪਣਾ ਸਕੀਏ। ਸਾਡਾ ਇਹ ਉਪਰਾਲਾ ਹੀ ਸਹੀ ਅਰਥਾਂ ਵਿੱਚ ਗੁਰਬਾਣੀ ਦਾ ਸੱਚਾ ਸਤਿਕਾਰ ਹੈ। ਇਸ ਤਰ੍ਹਾਂ ਸਤਿਕਾਰ ਨਾਲ ਹੀ ਅਸੀਂ ਬਾਣੀ ਤੋਂ ਸਹੀ ਲਾਭ ਉਠਾ ਸਕਦੇ ਹਾਂ।
ਜਸਬੀਰ ਸਿੰਘ ਵੈਨਕੂਵਰ




.